.

ਪ੍ਰਿੰ: ਗੁਰਬਚਨ ਸਿੰਘ ਪੰਨਵਾਂ , ਥਾਈਲੈਂਡ ਵਾਲੇ

ਤਾਏ ਨੇ ਸ਼ਹਿਰੀ ਸਿੱਖੀ ਦੇਖੀ

ਤਾਇਆ ਹਰੀ ਸਿੰਘ ਦੀ ਸਾਰੀ ਜ਼ਿੰਦਗੀ ਕਿਰਸਾਨੀ ਕਰਦਿਆਂ ਤੇ ਗੁਰਬਾਣੀ ਪੜ੍ਹਦਿਆਂ ਲੰਘੀ ਹੈ। ਤਾਏ ਨੇ ਪਿੰਡ ਦੇ ਮਿਸਤਰੀ ਸਿੰਘ ਪਾਸੋਂ ਗੁਰਬਾਣੀ ਪਾਠ ਸਿੱਖਿਆ ਸੀ। ਗੁਰਬਾਣੀ ਪੜ੍ਹਨ ਦਾ ਨੇਮ ਉਨ੍ਹਾਂ ਨੇ ਸਾਰੀ ਜ਼ਿੰਦਗੀ ਨਿਭਾਇਆ ਸੀ। ਤਾਏ ਨੂੰ ਲਗ-ਪਗ ਸਾਰੀ ਗੁਰਬਾਣੀ ਕੰਠ ਹੋ ਚੁੱਕੀ ਸੀ। ਅੱਜ ਕਲ੍ਹ ਦੇ ਪਾਠੀਆਂ ਵਾਂਗ ਉਹ ਪਾਠ ਨਹੀਂ ਕਰਦੇ ਸਨ। ਇਨ੍ਹਾਂ ਦਾ ਪੂਰਾ ਜੱਥਾ ਹੁੰਦਾ ਸੀ ਅਖੰਡ ਪਾਠ ਦੀਆਂ ਰੌਲ਼ਾਂ ਲਉਣ ਲਈ। ਇਨ੍ਹਾਂ ਸਾਰਿਆਂ ਪਾਠੀਆਂ ਨੂੰ ਬਹੁਤੀ ਗੁਰਬਾਣੀ ਕੰਠ ਹੁੰਦੀ ਸੀ। ਬਹੁਤਾ ਪਾਠ ਬਿਨਾ ਸਪੀਕਰ ਤੋਂ ਹੀ ਕੀਤਾ ਜਾਂਦਾ ਸੀ। ਲੋਕ ਬਹੁਤ ਮੁਹੱਬਤ ਨਾਲ ਸੇਵਾ ਕਰਦੇ `ਤੇ ਨਿੱਠ ਕੇ ਗੁਰਬਾਣੀ ਦਾ ਪਾਠ ਸੁਣਦੇ ਸਨ। ਲੋਕਾਂ ਵਿੱਚ ਇਸ ਜੱਥੇ ਦਾ ਬਹੁਤ ਵੱਡਾ ਸਤਕਾਰ ਸੀ। ਸਤਵੀਂ ਵਿੱਚ ਪੜ੍ਹਦਿਆਂ ਛਿੰਦੇ ਨੂੰ ਵੀ ਪਾਠ ਕਰਨ ਦੀ ਚੇਟਕ ਲੱਗ ਗਈ ਸੀ। ਛਿੰਦਾ ਵੀ ਗਾਹੇ-ਬ-ਗਾਹੇ ਇਸ ਜੱਥੇ ਵਿੱਚ ਰੌਲ਼ ਲਉਣ ਚਲਿਆ ਜਾਂਦਾ ਸੀ। ਤਾਏ ਦੀ ਅਵਾਜ਼ ਏੰਨੀ ਮਿੱਠੀ ਸੀ ਕਿ ਲੋਕ ਹੱਲ਼ ਥੰਮ੍ਹ ਕੇ ਪਾਠ ਸੁਣਦੇ ਸਨ ਖਾਸ ਤੌਰ `ਤੇ ਜਦੋਂ ਕਬੀਰ ਸਾਹਿਬ ਤੇ ਫ਼ਰੀਦ ਸਾਹਿਬ ਦੇ ਸਲੋਕਾਂ ਦਾ ਪਾਠ ਹੁੰਦਾ ਸੀ। ਤਾਏ ਦੀ ਜੇਬ ਵਿਚੋਂ ਮਿਸਰੀ, ਇਲਾਚੀ ਤੇ ਕੋਈ ਨਾ ਕੋਈ ਬਦਾਮ ਦੀ ਗਿਰੀ ਅਕਸਰ ਮਿਲ ਜਾਂਦੀ ਸੀ।
ਤਾਏ ਨੂੰ ਅਖ਼ਬਾਰ ਪੜ੍ਹਨ ਦਾ ਵੀ ਸ਼ੌਕ ਸੀ। ਜੱਥੇਦਾਰ ਦੇ ਘਰੋਂ ਪੁਰਾਣੀਆਂ ਅਕਾਲੀ ਅਖ਼ਬਾਰਾਂ ਲਿਆ ਕਿ ਵਿਹਲੇ ਸਮੇਂ ਸਾਰੀ ਅਖ਼ਬਾਰ ਪੜ੍ਹਦਿਆਂ ਲੰਘਾ ਦੇਂਦੇ ਸਨ। ਇੰਜ ਤਾਏ ਨੂੰ ਆਪਣੇ ਆਲੇ ਦੁਆਲੇ ਰਾਜਨੀਤੀ ਤੇ ਧਰਮ ਸਬੰਧੀ ਮੁੱਢਲੇ ਤੌਰ `ਤੇ ਪੂਰਾ ਗਿਆਨ ਸੀ। ਤਾਏ ਦੇ ਕੋਲ਼ ਸਲਾਭ੍ਹੇ ਤੇ ਫਟੀ ਜਿਲਦ ਵਾਲੇ ਗੁਰਮਤ ਮਾਰਤੰਡ ਦੀਆਂ ਵੀ ਦੋ ਪੋਥੀਆਂ ਸਨ। ਜੱਥੇਦਾਰ ਦੇ ਘਰੋਂ ਪੁਰਾਣੇ ਗੁਰਦੁਆਰਾ ਗਜ਼ਟ ਵੀ ਲਿਆ ਕੇ ਪੜ੍ਹਦੇ ਸਨ। ਭਗਤ ਮਾਲਾ ਤੇ ਬਾਲੇ ਵਾਲੀ ਜਨਮ ਸਾਖੀ ਉਨ੍ਹਾਂ ਦੇ ਕੋਲ ਸੀ। ਜਦੋਂ ਭਗਤ ਮਾਲਾ ਤੇ ਜਨਮ ਸਾਖੀਆਂ ਵਾਲੀਆਂ ਕਹਾਣੀਆਂ ਪੜ੍ਹਦੇ ਸਨ ਤਾਂ ਕਹਿ ਦੇਂਦੇ ਸਨ, “ਭਈ ਆ ਗੱਲਾਂ ਮੰਨਣ ਵਿੱਚ ਨਹੀਂ ਆਉਂਦੀਆਂ”। ਭਗਤ ਨਾਮ ਦੇਵ ਤੇ ਭਗਤ ਕਬੀਰ ਸਾਹਿਬ ਦੀਆਂ ਜੀਵਨ ਸਾਖੀਆਂ ਵਾਲ਼ੀਆਂ ਪੁਸਤਕਾਂ ਪੜ੍ਹਦੇ ਸਨ ਪਰ ਨਾਲ ਉਨ੍ਹਾਂ ਵਿਚਲੀਆਂ ਕਰਾਮਾਤ ਵਾਲੀਆਂ ਕਹਾਣੀਆਂ ਨੂੰ ਰਦ ਵੀ ਕਰ ਦੇਂਦੇ ਸਨ।
ਪਿੰਡ ਦੀ ਸਤਕਾਰ ਯੋਗ ਹਸਤੀ, ਮਿਸਤਰੀ ਸਿੰਘ ਜਦੋਂ ਚੜ੍ਹਾਈ ਕਰ ਗਏ ਤਾਂ ਪਿੰਡ ਦਿਆ ਲੋਕਾਂ ਦੀਆਂ ਸਾਰੀਆਂ ਧਾਰਮਕ ਰਸਮਾਂ ਬਿਨਾ ਕਿਸੇ ਲਾਲਚੇ ਦੇ ਤਾਏ ਹੁਰੀਂ ਨਿਭਾਉਂਣ ਲੱਗ ਗਏ। ਜੰਮਣੇ ਮਰਣੇ `ਤੇ ਹਰੇਕ ਘਰ ਜਾਣ ਨੂੰ ਉਹ ਆਪਣਾ ਨੈਤਿਕ ਫ਼ਰਜ਼ ਸਮਝਦੇ ਸਨ। ਨਫ਼ਰਤ, ਈਰਖਾ, ਚੁਗਲ਼ੀ ਨਿੰਦਿਆ ਤਾਂ ਕਦੇ ਉਹਨਾਂ ਦੇ ਨੇੜੇ ਨਹੀਂ ਆ ਸਕਦੀ ਸੀ। ਹਰੇਕ ਨਾਲ ਪਿਆਰ ਕਰਨਾ `ਤੇ ਹਰੇਕ ਨੂੰ ਬੁਲਾਅ ਕੇ ਲੰਘਣਾ ਉਨ੍ਹਾਂ ਦੇ ਸੁਭਾਅ ਦਾ ਗੂੜਾ ਅੰਗ ਸੀ। ਮੁੱਕਦੀ ਗੱਲ ਤਾਏ ਨੇ ਬਹੁਤ ਹੀ ਸਹਿਜ ਵਿੱਚ ਆਪਣਾ ਜੀਵਨ ਜੀਵਿਆ।
ਤਾਏ ਨੂੰ ਓੜਕਾਂ ਦਾ ਚਾਅ ਸੀ ਕਿ ਮੇਰਾ ਭਤੀਜਾ ਛਿੰਦਾ ਨੌਕਰੀ ਕਰਨ ਲਈ ਸ਼ਹਿਰ ਚੱਲਿਆ ਗਿਆ ਹੈ। ਤਾਏ ਦਾ ਆਪਣੇ ਭਤੀਜੇ ਨਾਲ ਬਹੁਤ ਸਨੇਹ ਸੀ। ਰਾਤ ਨੂੰ ਪਿੜ੍ਹਾਂ ਵਿੱਚ ਇਕੱਠਿਆਂ ਸੌਣ ਲਈ ਚਲੇ ਜਾਣਾ ਤੇ ਛੋਟੀਆਂ ਛੋਟੀਆਂ ਢਾਡੀ ਕਵਿਸ਼ਰਾਂ ਤੋਂ ਸੁਣੀਆਂ ਹੋਈਆਂ ਸਾਖੀਆਂ ਨੂੰ ਤਾਏ ਨੇ ਸਣਾਉਣਾ ਸ਼ੁਰੂ ਕਰਨਾ ਤੇ ਓਦੋਂ ਤਕ ਸੁਣਾਈ ਜਾਣੀਆਂ ਜਦੋਂ ਤੱਕ ਅੱਗੋਂ ਹੁੰਗਾਰਾ ਆਉਣਾ ਬੰਦ ਨਾ ਹੋ ਜਾਏ। ਤਾਏ ਨੇ ਦੇਖਣਾ ਕੇ ਛਿੰਦਾ ਸੌਂ ਗਿਆ ਹੈ ਤਾਂ ਤਾਏ ਨੇ ਸੋਹਿਲੇ ਦਾ ਪਾਠ ਕਰਕੇ ਸਾਰੇ ਨਗਰ ਖੇੜੇ ਤੇ ਮਾਲ ਮਨੁੱਖਾਂ ਦੀ ਸੁਖ ਮੰਗਣੀ ਹੁੰਦੀ ਸੀ ਜੋ ਉਹਨਾਂ ਦਾ ਨੇਮ ਸੀ। ਦੋ ਚਾਰ ਵਾਰ ਵਾਗੁਰੂ ਵਾਗੁਰੂ ਕਹਿ ਕੇ ਤਾਇਆ ਨੇ ਵੀ ਸੌ ਜਾਣਾ ਹੁੰਦਾ ਸੀ।
ਛਿੰਦੇ ਨੇ ਸ਼ਹਿਰੋਂ ਜਦੋਂ ਵੀ ਪਿੰਡ ਆਉਣਾ ਤਾਂ ਤਾਏ ਨਾਲ ਲੰਬੀਆਂ ਵਿਚਾਰਾਂ ਕਰਨੀਆਂ। ਸ਼ਹਿਰ ਨੂੰ ਜਾਣ ਲੱਗਿਆਂ ਛਿੰਦੇ ਨੇ ਕਹਿਣਾ “ਤਾਇਆ ਮੇਰਾ ਸ਼ਹਿਰ ਵੀ ਜ਼ਰੂਰ ਆਣ ਕੇ ਦੇਖੀਂ”। ਇੰਜ ਕਈ ਸਾਲ ਲੰਘ ਗਏ ਸਨ ਤਾਏ ਨੂੰ ਇਹ ਗੱਲ ਸੁਣਦਿਆਂ ਸੁਣਦਿਆਂ ਕਿ ਤਾਏ ਨੇ ਸ਼ਹਿਰ ਦੇਖਣਾ ਹੈ। ਉਂਝ ਤਾਏ ਹੁਰੀਂ ਸ਼ਹਿਰ ਅਕਸਰ ਆਇਆ ਜਾਇਆ ਕਰਦੇ ਸਨ ਪਰ ਦੋ ਚਾਰ ਰਾਤਾਂ ਰਹਿਣ ਦਾ ਕਦੇ ਸਬੱਬ ਨਹੀਂ ਬਣਿਆ ਸੀ। ਉਂਝ ਤਰਨ ਤਾਰਨ ਚੌਦੇਂ ਦੀ ਰਾਤ ਨੂੰ ਤਾਏ ਨਾਲ ਸ਼ਹਿਰ ਰਹਿਣ ਦਾ ਮੌਕਾ ਅਕਸਰ ਕਦੇ ਨਾ ਕਦੇ ਬਣਦਾ ਹੀ ਰਹਿੰਦਾ ਸੀ। ਸ਼ਹਿਰ ਵਿੱਚ ਰਹਿੰਦਿਆਂ ਛਿੰਦੇ ਨੇ ਲੰਬੀ ਆਸ ਉਪਰੰਤ ਪੰਜ ਸੱਤ ਸਾਲ ਪੁਰਾਣੀ ਕਾਰ ਲੈ ਲਈ ਸੀ। ਛਿੰਦਾ ਕਾਰ `ਤੇ ਪਿੰਡ ਆਇਆ ਤੇ ਨਾਲ ਹੀ ਆਉਣ ਲੱਗਾ ਤਾਏ ਨੂੰ ਵੀ ਬਿਠਾ ਲਿਆਇਆ। ਤਾਏ ਨੂੰ ਛਿੰਦੇ ਦਾ ਸ਼ਹਿਰ ਦੇਖਣ ਦਾ ਬੜਾ ਚਾਅ ਚੜ੍ਹਿਆ ਹੋਇਆ ਸੀ। ਤਾਇਆ ਕਾਰ ਵਿੱਚ ਬੈਠਾ ਹੋਇਆ ਧੰਨ ਕਲਗੀਆਂ ਵਾਲਾ ਧੰਨ ਕਲਗੀਆਂ ਵਾਲਾ ਕਹੀ ਜਾਂਦਾ ਸੀ। ਸਾਢੇ ਕੁ ਤਿੰਨਾਂ ਘੰਟਿਆਂ ਉਪਰੰਤ ਛਿੰਦਾ ਤਾਏ ਸਮੇਤ ਸ਼ਹਿਰ ਆ ਗਿਆ।
ਤਾਏ ਨੂੰ ਹੈ `ਤੇ ਬਹੁਤ ਔਖ ਸੀ ਸ਼ਹਿਰ ਵਿੱਚ ਰਹਿਣਾ ਦਾ ਪਰ ਭਤੀਜ ਦਾ ਕਹਿਆ ਵੀ ਨਹੀਂ ਮੋੜ ਸਕਦਾ ਸੀ। ਛਿੰਦੇ ਦੀ ਭਾਵਨਾ ਸੀ ਕਿ ਤਾਏ ਨੂੰ ਸ਼ਹਿਰ ਦੇ ਵੱਡੇ ਗੁਰਦੁਆਰੇ ਦਿਖਾਏ ਜਾਣ, ਖੇਤੀਬਾੜੀ ਯੂਨੀਵਰਸਟੀ ਦਿਖਾਈ ਜਾਏ। ਗੱਲਾਂ ਬਾਤਾਂ ਕਰਦਿਆਂ ਰਾਤ ਨੂੰ ਤਾਇਆ ਸੌਂ ਗਇਆ। ਚਾਰ ਕੁ ਵਜੇ ਸਨ ਕਿ ਤਾਇਆ ਉਬੜਵਾਹੇ ਉੱਠਿਆ `ਤੇ ਬੈਠ ਗਿਆ। ਤਾਏ ਨੂੰ ਅਜੀਬ ਗਰੀਬ ਜੇਹੀਆਂ ਅਵਾਜ਼ਾ ਸੁਣਾਈ ਦੇਣ ਲੱਗੀਆਂ। ਕੋਲ ਸੁੱਤੇ ਛਿੰਦੇ ਦੀ ਅੱਖ ਵੀ ਖੁਲ੍ਹ ਗਈ। ਛਿੰਦਾ ਪੁੱਛਦਾ, “ਤਾਇਆ ਕੀ ਗੱਲ ਹੋਈ ਕਿਤੇ ਤੈਨੂੰ ਪਿੰਡ ਮੋਟਰ ਛੱਡਣ ਦਾ ਖ਼ਿਆਲ ਤਾਂ ਨਹੀਂ ਆ ਗਿਆ”। ਤਾਇਆ ਕਹਿੰਦਾ, “ਛਿੰਦਿਆ ਮੋਟਰ ਵਾਲੀ ਗੱਲ `ਤੇ ਕੋਈ ਨਹੀਂ ਹੈ ਆ ਅਜੀਬ ਜੇਹੀਆਂ ਅਵਾਜ਼ਾਂ ਕਿੱਥੋਂ ਆ ਰਹੀਆਂ ਹਨ”। ਛਿੰਦਾ ਕਹਿੰਦਾ, “ਤਾਇਆ ਕਲ਼੍ਹ ਸਾਡੇ ਗਵਾਂਢੀ ਸੱਦਾ ਦੇ ਕੇ ਗਏ ਸੀ ਸਵੇਰੇ ਸਾਡੇ ਘਰ ਨਾਮ ਸਿਮਰਣ ਦੀ ਵਰਖਾ ਹੋਣੀ ਹੈ, ਅੰਮ੍ਰਿਤ ਵੇਲੇ ਦੀ ਸੰਭਾਲ਼ ਕਰਨੀ ਹੈ ਤੁਸੀਂ ਵੀ ਆਉਣਾ ਹੈ”। ਛਿੰਦਾ ਕਹਿੰਦਾ ਤਾਇਆ, “ਇਹ ਦੋ ਘਰ ਛੱਡ ਕੇ ਏੱਥੇ ਨਾਮ ਸਿਮਰਣ ਦੀ ਵਰਖਾ ਹੋ ਰਹੀ ਹੈ ਤੇ ਨਾਮ ਹੀ ਅੰਮ੍ਰਿਤ ਵੇਲੇ ਦੀ ਸੰਭਾਲ਼ ਕੀਤੀ ਜਾ ਰਹੀ ਹੈ”। ਤਾਇਆ ਕਹਿੰਦਾ, “ਐਡਾ ਔਖਾ ਨਾਮ ਸਿਮਰਣ ਤਾਂ ਕਦੇ ਮੈਂ ਪਹਿਲਾਂ ਸੁਣਿਆਂ ਨਹੀਂ ਆਂ। ਛਿੰਦਿਆ ਇਹ ਤਾਂ ਹੋਰ ਹੀ ਕਿਸਮ ਦੀਆਂ ਅਵਾਜ਼ਾਂ ਹਨ”। ਜਦ ਧਿਆਨ ਨਾਲ ਸੁਣਿਆਂ ਤਾਂ ਨਾਮ ਸਿਮਰਣ ਵਾਲ਼ਿਆਂ ਦੀਆਂ ਅਵਾਜ਼ਾਂ ਵਾਕਿਆ ਹੀ ਬੜੀਆਂ ਭਿਆਨਕ ਸਨ। ਨਾਮ ਸਿਮਰਣ ਵਾਲੇ ਕੇਵਲ ਗਲ਼ੇ ਦੇ ਵਿਚੋਂ ਦੀ ਰਗੜ ਰਗੜ ਕੇ ਅਵਾਜ਼ਾਂ ਬਹੁਤ ਹੀ ਅਜੀਬ ਜੇਹੇ ਤਰੀਕੇ ਨਾਲ ਕੱਢ ਰਹੇ ਸੀ ਪਰ ਵਾਹਿਗੁਰੂ ਉਹਨਾਂ ਦੀ ਅਵਾਜ਼ ਵਿੱਚ ਹੀ ਗਵਾਚ ਗਿਆ ਲਗਦਾ ਸੀ। ਸੱਚੀ ਗੱਲ ਹੈ ਜਿਸ ਤਰ੍ਹਾਂ ਉਹ ਨਾਮ ਸਿਮਰ ਰਹੇ ਸੀ ਜੇ ਹੂ-ਬ-ਹੂ ਲਿਖ ਦਿੱਤਾ ਜਾਏ ਤਾਂ ਧਰਮ ਦੇ ਨਾਂ `ਤੇ ਬਹੁਤ ਵੱਡਾ ਤੂਫ਼ਾਨ ਖੜਾ ਹੋ ਸਕਦਾ ਹੈ। ਸਰਕਾਰੀ ਏਜੰਸੀਆਂ ਦੇ ਬੰਦੇ ਤਥਾ ਨਾਸਤਕ ਵਰਗੀਆਂ ਉਪਾਧੀਆਂ ਨਾਲ ਬੇ-ਲੋੜਾ ਸਨਮਾਨ ਹੋਣਾ ਸ਼ੁਰੂ ਹੋ ਜਾਣਾ ਹੈ।
ਵਾਹਗੁਰੂ ਸ਼ਬਦ ਨੂੰ ਦੋ ਭਾਗਾਂ ਵਿੱਚ ਬੋਲਿਆ ਜਾ ਰਿਹਾ ਸੀ। ਸਿਰਫ ਗਲ਼ੇ ਨੂੰ ਘਰੋੜ ਘਰੋੜ ਕੇ ਉੱਚੀ ਆਵਾਜ਼ ਦਾ ਅੜਾਹਟ ਸੁਣਾਈ ਦੇਂਦਾ ਸੀ ਇਸ ਤੋਂ ਚੰਗੀਆਂ ਅਵਾਜ਼ਾਂ ਤਾਂ ਜਨਵਰਾਂ ਪਸ਼ੂਆਂ ਦੀਆਂ ਵੀ ਹੋ ਸਕਦੀਆਂ ਸਨ। ਕੋਇਲ ਨੂੰ ਤਾਂ ਲੋਕ ਬੜੇ ਪਿਆਰ ਨਾਲ ਸੁਣਦੇ ਹਨ। ਮਨੁੱਖੀ ਜਾਮੇ ਵਿੱਚ ਹੁੰਦੇ ਹੋਏ ਧਰਮੀ ਮਨੁੱਖ ਤੜਕੇ ਚਾਰ ਵਜੇ ਨਾਮ ਸਿਮਰਣ ਦੇ ਨਾਂ `ਤੇ ਗੜੈਂ ਗੜੈ ਦੀ ਅਵਾਜ਼ ਹੀ ਸੁਣਾਈ ਦੇ ਰਹੀ ਸੀ। ਫਿਰ ਕੁੱਝ ਤੇਜ਼ੀ ਨਾਲ ਨਾਮ ਜੱਪਿਆ ਜਾ ਰਿਹਾ ਸੀ। ਏਦਾਂ ਨਾਮ ਜਪਦਾ ਸੁਣ ਕੇ ਤਾਏ ਨੂੰ ਅਚਵੀ ਜੇਹੀ ਲੱਗ ਗਈ ਸੀ। ਤਾਇਆ ਪੁੱਛਦਾ, “ਏਨ੍ਹਾਂ ਘਰ ਕੋਈ ਪੜ੍ਹਿਆ ਲਿਖਿਆ ਮਨੁੱਖ ਨਹੀਂ ਹੈ ਜਿਹੜਾ ਇਹਨਾਂ ਨੂੰ ਕੋਈ ਗੁਰਬਾਣੀ ਸਮਝਾ ਸਕੇ”। ਅਜੇ ਗੱਲਾਂ ਬਾਤਾਂ ਕਰ ਹੀ ਰਹੇ ਸੀ ਨਾਮ ਅਭਿਆਸੀਆਂ ਦੀਆਂ ਅਵਾਜ਼ਾਂ ਵਿੱਚ ਇੱਕ ਦਮ ਤੇਜ਼ੀ ਆ ਗਈ। ਤਾਏ ਕੋਲੋਂ ਰਹਿਆ ਨਾ ਗਿਆ, ਤਾਇਆ ਕਹਿੰਦਾ, “ਵਾਹਗੁਰੂ ਸ਼ਬਦ ਤਾਂ ਅਸਾਂ ਜ਼ਰੂਰ ਸੁਣਿਆ ਸੀ ਆ ਹੁਰਰ ਹੁਰਰ ਕੀ ਚੀਜ਼ ਹੈ”। ਛਿੰਦਾ ਕਹਿੰਦਾ, “ਤਾਇਆ ਏਦਾਂ ਦੀਆਂ ਸ਼ੀਹਰ ਵਿੱਚ ਬਹੁਤ ਜੱਥੇਬੰਦੀਆਂ ਬਣੀਆਂ ਹੋਈਆਂ ਹਨ ਜਿਹੜੀਆਂ ਘਰ ਘਰ ਜਾ ਕੇ ਨਾਮ ਜਪਾਉਂਦੀਆਂ ਹਨ”। ਤਾਇਆ ਕਹਿੰਦਾ, “ਹਨੇਰ ਸਾਂਈ ਦਾ ਇਹ ਤੇ ਫਿਰ ਗੁਰਦੁਆਰੇ ਜਾਂਦੇ ਹੀ ਨਹੀਂ ਹੋਣੇ”। ਛਿੰਦੇ ਨੇ ਦੱਸਿਆ ਕਿ ਤਾਇਆਂ, “ਇਹਨਾਂ ਲੋਕਾਂ ਨੇ ਨਾਮ ਸਿਮਰਣ ਵਾਲੇ ਧੰਧੇ ਵਿਚੋਂ ਬੜਾ ਕੁੱਝ ਬਣਾ ਲਿਆ ਹੈ। ਤਾਇਆ ਇਹ ਲੰਬੀਆਂ ਕਹਾਣੀਆਂ ਹਨ। ਕਿਸੇ ਨੇ ਨਿੱਤ ਨੇਮ ਦੀ, ਕਿਸੇ ਨੇ ਸਰਬ ਰੋਗ ਕਾ ਅਉਖਧ ਨਾਮ ਦੀ ਤੇ ਕਿਸੇ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਬਣਾਈ ਹੋਈ ਹੈ। ਇਨ੍ਹਾਂ ਸਾਰਿਆਂ ਪਾਸ ਸੁਸਾਇਟੀ ਦੇ ਨਾਮ ਮੋਟਰ ਗੱਡੀਆਂ ਸੰਗਤਾਂ ਵਲੋਂ ਮਿਲੀਆਂ ਹੋਈਆਂ ਹਨ ਜਿਹੜੀਆਂ ਸਭ ਇਨ੍ਹਾਂ ਦੇ ਪਰਵਾਰਾਂ ਦੀ ਸੇਵਾ ਵਿੱਚ ਲੱਗੀਆਂ ਹੋਈਆਂ ਹਨ। ਇਨ੍ਹਾਂ ਨੇ ਮਾੜੀ ਮੋਟੀ ਆਪਣੀ ਪਹਿਚਾਨ ਵੀ ਬਣਾਈ ਹੋਈ ਹੈ। ਕਈ ਜੱਥੇਬੰਦੀਆਂ ਦਰਵਾਜ਼ੇ ਅਤੇ ਬੱਤੀਆਂ ਬੰਦ ਕਰਕੇ ਵੀ ਨਾਮ ਜਪਾਉਂਦੇ ਹਨ”। ਛਿੰਦੇ ਨੇ ਦੱਸਿਆ, “ਕਿ ਤਾਇਆ ਇਹ ਸੁਸਾਇਟੀਆਂ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਜ਼ਰੂਰ ਕਰਦੀਆਂ ਹਨ ਪਰ ਇਨ੍ਹਾਂ ਨੇ ਕਦੇ ਸ਼ਬਦ ਦੀ ਵਿਚਾਰ ਨਹੀਂ ਕੀਤੀ। ਜੇ ਇਨ੍ਹਾਂ ਨੇ ਕੋਈ ਵਿਚਾਰ ਕੀਤੀ ਹੈ ਤਾਂ ਉਸ ਸਾਰੀ ਮੂੰਹ ਜ਼ਬਾਨੀ ਆਪਣੇ ਕੋਲੋਂ ਹੀ “ਕਹੀ ਕੀ ਈਟ ਕਹੀਂ ਕਾ ਰੋੜਾ ਭਾਨਵੱਤੀ ਨੇ ਕੁੰਨਬਾ ਜੋੜਾ” ਦੇ ਅਖਾਣ ਅਨੁਸਾਰ ਕਿਤੋ ਲੱਤ ਫੜ ਲਈ ਤੇ ਕਿਤੋਂ ਬਾਂਹ ਫੜ ਲਈ ਜ਼ਿਆਦਾ ਇਹ ਬਿੱਪਰ ਮੱਤ ਨੂੰ ਹੀ ਤਰਜੀਹ ਦੇਂਦੇ ਹਨ”। ਛਿੰਦਾ ਕਹਿੰਦਾ, “ਤਾਇਆ ਇਹ ਸਵੇਰੇ ਸਵੇਰੇ ਪੂਰੀਆਂ ਦਸਤਾਰਾਂ ਵੀ ਨਹੀਂ ਬੰਨ੍ਹਦੇ ਛੋਟੀਆਂ ਪਟਕੀਆਂ ਬੰਨ੍ਹੀਆਂ ਹੁੰਦੀਆਂ ਹਨ ਜਿਦਾਂ ਉਂਗਲ਼ `ਤੇ ਪੱਟੀ ਕੀਤੀ ਹੁੰਦੀ ਹੈ”।
ਛਿੰਦੇ ਨੇ ਤਾਏ ਨੂੰ ਇੱਕ ਹੋਰ ਗੱਲ ਦੱਸੀ ਕੇ “ਤਾਇਆ! ਇਸ ਸ਼ਹਿਰ ਵਿੱਚ ਆਸਾ ਕੀ ਵਾਰ ਦੀ ਕੋਈ ਸੁਸਾਇਟੀ ਨਹੀਂ ਹੈ ਕਿਉਂਕਿ ਇਹ ਬਾਣੀ ਸਮਾਜਕ ਬੁਰਾਈਆਂ ਤੇ ਧਰਮ ਦੇ ਕੀਤੇ ਜਾਂਦੇ ਕਰਮ ਕਾਂਡਾ ਦੇ ਚੜ੍ਹਵੇ ਉਧੇੜ੍ਹਦੀ ਹੈ”।
ਛਿੰਦਾ ਜ਼ਿਆਦਾ ਵਿਸਥਾਰ ਵਿੱਚ ਤਾਂ ਨਹੀਂ ਗਿਆ ਪਰ ਪੇਤਲੀ ਜੇਹਾ ਜਾਣਕਾਰੀ ਤਾਏ ਨੂੰ ਜ਼ਰੂਰ ਦੇਣ ਦਾ ਯਤਨ ਕੀਤਾ। ਛਿੰਦਾ ਕਹਿੰਦਾ, “ਤਾਇਆ ਭਾਈ ਗੁਰਦਾਸ ਜੀ ਦੀ ਇੱਕ ਪਉੜੀ ਹਰੀਚੰਦ ਤੇ ਤਾਰਾ ਰਾਣੀ ਵਾਲੀ ਪਉੜੀ ਦੇ ਕੇਵਲ ਅੱਖਰੀਂ ਅਰਥ ਹੀ ਕਰਦੇ ਹਨ ਕਿ ਸਾਧ ਸੰਗਤ ਵਿੱਚ ਕੀਤੀ ਹੋਈ ਅਰਦਾਸ ਨਾਲ ਰਾਣੀ ਦੀ ਪੁਰਾਣੀ ਖੜਾਂਵ ਜੁੜ ਗਈ ਸੀ। ਇਸ ਨਾਲ ਆਮ ਸੰਗਤ ਵਿੱਚ ਇਹ ਪ੍ਰਭਾਵ ਬਣਾਉਂਦੇ ਹਨ ਕਿ ਸਾਡੇ ਦੁਆਰਾ ਕੀਤੀ ਹੋਈ ਅਰਦਾਸ ਨਾਲ ਪਰਵਾਰ ਵਲੋਂ ਮੂੰਹ ਮੰਗੀਆਂ ਦਾਤਾਂ ਮਿਲ ਜਾਂਦੀਆਂ ਹਨ”। ਏੱਥੇ ਸਾਰਾ ਦਾਰੋ ਮਦਾਰ ਧਰਮ ਦੇ ਨਾਂ `ਤੇ ਅਰਦਾਸ ਉੱਤੇ ਆਣ ਕੇ ਟਿਕਿਆ ਹੋਇਆ ਹੈ। ਭਾਈ ਗੁਰਦਾਸ ਜੀ ਵਾਲੀ ਪਉੜੀ ਵਿਚਲਾ ਇਹ ਤੱਥ ਨਹੀਂ ਦਸਦੇ ਕਿ ਪੁਰਾਣੇ ਸਮੇਂ ਵਿੱਚ ਮਾਤਾਵਾਂ ਭੈਣਾਂ ਨੂੰ ਆਮ ਸੰਗਤ ਵਿੱਚ ਆਉਣ ਦੀ ਮਨਾਹੀ ਹੁੰਦੀ ਸੀ। ਜਿਸ ਕਰਕੇ ਰਾਣੀ ਨੂੰ ਰਾਜੇ ਤੋਂ ਚੋਰੀ ਆਉਣਾ ਪੈਂਦਾ ਸੀ। ਭਾਈ ਗੁਰਦਾਸ ਜੀ ਨੇ ਪੁਰਾਣਕ ਮਿੱਥਹਾਸ ਦੀ ਘਟਨਾ ਦਾ ਜ਼ਿਕਰ ਕੀਤਾ ਹੈ ਕੋਈ ਪ੍ਰੋੜਤਾ ਨਹੀਂ ਕੀਤੀ ਅਜੇਹੀਆਂ ਸਾਖੀਆਂ ਨੂੰ ਆਮ ਲੋਕ ਪੜ੍ਹਦੇ ਸੁਣਦੇ ਸਨ। ਏਸੇ ਤਰ੍ਹਾਂ ਅੱਜ ਵੀ ਸਾਡੇ ਵੱਡੇ ਇਤਿਹਾਸਕ ਅਸਥਾਨਾਂ `ਤੇ ਮਾਤਾਵਾਂ ਭੈਣਾਂ ਨੂੰ ਕੀਰਤਨ ਕਰਨ ਦੀ ਮਨਾਹੀ ਹੈ।
ਸਾਡੀ ਆਪਸੀ ਗੱਲ ਸੁਣਦਿਆਂ ਤਾਏ ਦੀ ਨੂੰਹ ਨੇ ਚਾਹ ਦੇ ਕੱਪ ਲਿਆ ਅੱਗੇ ਰੱਖੇ। ਤਾਏ ਦੀ ਨੂੰਹ ਨੇ ਵੀ ਗਵਾਂਢੀਆਂ ਵਲੋਂ ਸੱਦੇ `ਤੇ ਨਾਮ ਜਪਣ ਜਾਣਾ ਚਾਹੁੰਦੀ ਸੀ ਨੱਕ ਨਮੂਜ ਖਾਤਰ ਪਰ ਉਹ ਗਈ ਨਹੀਂ ਸੀ। ਚਾਹ ਪੀਣ ਉਪਰੰਤ ਤਾਏ ਨੇ ਕਹਿਆ, “ਚੱਲ ਛਿੰਦਿਆ ਜ਼ਰਾ ਬਾਹਰ ਦੀ ਹਵਾ ਲੈ ਆਈਏ”। ਛਿੰਦੇ ਦੇ ਘਰ ਦੇ ਨੇੜੇ ਹੀ ਇੱਕ ਪਾਰਕ ਬਣਿਆ ਹੋਇਆ ਹੈ। ਤਾਏ ਨਾਲ ਪਾਰਕ ਵਿੱਚ ਆ ਗਏ। ਤਾਇਆ ਕੀ ਦੇਖਦਾ ਹੈ ਬਹੁਤ ਸਾਰੇ ਨੌਜਵਾਨ ਬੱਚੇ ਬੱਚੀਆਂ ਸੜਕ ਦੇ ਦੋਹੀਂ ਪਾਸੀਂ ਆਪਣੇ ਦੋਹਾਂ ਹੱਥਾਂ ਵਿੱਚ ਮੁਬਾਇਲ ਫੜੀ ਇੱਕ ਦੂਜੇ ਨੂੰ ਚੀਕਾਂ ਮਾਰ ਮਾਰ ਕੇ ਬੁਲਾ ਰਹੇ ਸਨ। ਨਿਆਣੇ ਦੁੜੰਗੇ ਮਾਰਦੇ ਕਦੇ ਕਿਸੇ ਢਾਣੀ ਵਿੱਚ ਚਲੇ ਜਾਂਦੇ ਸਨ ਕਦੇ ਕਿਸੇ ਨਾਲ ਮੂੰਹ ਨਾਲ ਮੂੰਹ ਜੋੜ ਕੇ ਬੇਖ਼ੌਫ਼ ਹੱਥਾਂ ਦੀਆਂ ਉਂਗਲ਼ਾਂ, ਗੱਲਾਂ ਵਾਲੀ ਗੁਥਲ਼ੀ (ਮੁਬਾਇਲ) ਉੱਤੇ ਚਲਾ ਰਹੇ ਸਨ। ਤਾਇਆ ਆਖਦਾ, “ਛਿੰਦਿਆ ਇਹ ਨਿਆਣੇ ਸਕੂਲੇ ਚੱਲੇ ਆ” ਅੱਗੋਂ ਛਿੰਦਾ ਕਹਿੰਦਾ, “ਕਾਹਨੂੰ ਤਾਇਆ ਇਹਨਾਂ ਦੇ ਮਾਪੇ ਅੰਦਰ ਬੈਠੇ ਰੱਬ ਜੀ ਨੂੰ ਲੱਭ ਰਹੇ ਹਨ ਤੇ ਨਿਆਣੇ ਬਾਹਰ ਫੰਨ ਕਰ ਰਹੇ ਹਨ”। ਪਾਰਕ ਵਿੱਚ ਅੱਜ ਰੌਣਕ ਘੱਟ ਸੀ ਕਿਉਂਕਿ ਆਂਢ-ਗੁਆਂਢ ਜ਼ਿਆਦਾਤਰ ਏਸੇ ਘਰ ਵਿੱਚ ਆਏ ਹੋਏ ਸਨ। ਆਈਆਂ ਸੰਗਤਾਂ ਲਈ ਸਵੇਰੇ ਬੜੀ ਸ਼ਰਧਾ ਨਾਲ ਪੂਰੀਆਂ ਤਲ਼ੀਆਂ ਜਾ ਰਹੀਆਂ ਸਨ ਛੋਲਿਆਂ ਦੀ ਮਹਿਕ ਦੂਰ ਦੂਰ ਤੱਕ ਆ ਰਹੀ ਸੀ। ਲੰਗਰ ਦਾ ਸਾਰ ਕੰਮ ਠੇਕੇ `ਤੇ ਚੱਲ ਰਿਹਾ ਸੀ।
ਸਿਮਰਣ ਵਾਲੇ ਘਰ ਵਿੱਚ ਬੜੀ ਸ਼ਰਧਾ ਨਾਲ ਦੋ ਕੁ ਸ਼ਬਦਾਂ ਦਾ ਕੀਰਤਨ ਹੋਇਆ ਤੇ ਅਖੀਰ ਅਰਦਾਸ ਮੁੱਖ ਵਾਕ ਲਿਆ ਗਿਆ। ਦੇਖਦਿਆਂ ਦੇਖਦਿਆਂ ਸੰਗਤਾਂ ਨੇ ਲੰਗਰ ਛੱਕਿਆ `ਤੇ ਸਿਹਤ ਲਈ ਹਾਨੀਕਾਰਕ ਫੋਮ ਦੀਆਂ ਪਲੇਟਾਂ ਲਿਬੜੀਆਂ ਹੋਈਆਂ ਨਾਮ ਜੱਪਣ ਵਾਲੇ ਵੀਰ ਬਿਨਾਂ ਕਿਸੇ ਲਫਾਫੇ ਵਿੱਚ ਪਉਣ ਦੀ ਬਜਾਏ ਬਾਹਰ ਹੀ ਖਿਲਾਰੀ ਜਾ ਰਹੇ ਹਨ। ਮਿੰਟਾਂ ਵਿੱਚ ਸੜਕ ਦਾ ਆਲਾ ਦੁਆਲਾ ਏਦਾਂ ਬਣ ਗਿਆ ਜਿਵੇਂ ਸਜਰੀ ਸਜਰੀ ਨਾਰਵੇ ਦੇ ਓਸਲੋ ਸ਼ਹਿਰ ਵਿੱਚ ਬਰਫ ਡਿੱਗੀ ਹੋਵੇ। ਤਾਇਆ ਸਾਰਾ ਨਜ਼ਾਰਾ ਦੇਖ ਕੇ ਕਹਿੰਦਾ, “ਛਿੰਦਿਆ ਆ ਜਿਹੜੀ ਨਾਮ ਸਿਮਰਣ ਆਏ ਵੀਰ ਆਪਣੀਆਂ ਪਲੇਟਾਂ ਵੀ ਸਹੀ ਨਹੀਂ ਰੱਖ ਸਕੇ ਇਹ ਬਾਕੀ ਦੀ ਸੇਵਾ ਕੀ ਕਰਨਗੇ”?
ਤਾਏ ਨੇ ਏਦਾਂ ਦਾ ਨਾਮ ਸਿਮਰਣਾ ਪਹਿਲੀ ਵਾਰ ਦੇਖਿਆ ਸੀ। ਤਾਇਆ ਛਿੰਦੇ ਨੂੰ ਕਹਿੰਦਾ, “ਛਿੰਦਿਆ ਅਸੀਂ ਤਾਂ ਏਹੀ ਸਮਝਦੇ ਸੀ ਕਿ ਤੁਰਦੇ ਫਿਰਦੇ ਵਾਹਗੁਰੂ ਆਖ ਲਓ ਏਨਾਂ ਹੀ ਬਹੁਤ ਹੈ। ਹੱਲ਼ ਜੋਣ ਲੱਗੇ ਗੁਰੂ ਨੂੰ ਯਾਦ ਕਰ ਲਓ, ਖੇਤ ਵਿੱਚ ਬੀਅ ਦਾ ਛੱਟਾ ਦੇਣ ਲੱਗੇ ਕਰਤਾ ਪੁਰਖ ਨੂੰ ਧਿਆ ਲਓ, ਨਹਾਉਣ ਲੱਗਿਆਂ ਵਾਹਗੁਰੂ ਆਖ ਲਓ। ਛਿੰਦਿਆ ਸਾਨੂੰ ਤਾਂ ਏਹੀ ਸਮਝ ਆਉਂਦੀ ਕਿ ਕੋਈ ਵੀ ਕੰਮ ਕਰਨ ਲੱਗੇ ਆਂ ਤਾਂ ਰਬ ਜੀ ਨੂੰ ਯਾਦ ਕਰ ਲਓ ਏਹੀ ਸਾਡਾ ਨਾਮ ਸਿਮਰਣ ਹੈ”।
ਦੂਸਰਾ ਛਿੰਦਿਆ ਪੂਰਾ ਜੋਤਰਾ ਸਵੇਰੇ ਲਗਾਉਣਾ ਹੋਵੇ ਤਾਂ ਹਾਲ਼ੀ ਦੀ ਤਾਂ ਓਦਾਂ ਹੀ ਭੈਂਅ ਬੋਲ ਜਾਂਦੀ ਹੈ। ਛਿੰਦਿਆ ਹੁਣ ਭਾਂਵੇ ਮਸ਼ੀਨੀ ਯੁੱਗ ਹੋਣ ਕਰਕੇ ਕਈ ਸੁਖ ਆ ਗਏ ਹਨ ਪਰ ਫਿਰ ਵੀ ਸਾਡੇ ਪਿੰਡਾਂ ਵਾਲਿਆਂ ਪਾਸ ਆ ਵਿਹਲ ਨਹੀਂ ਹੈਗਾ ਕਿ ਅਸੀਂ ਕਿਸੇ ਦੇ ਘਰ ਜਾ ਕੇ ਵਾਗੁਰੂ ਵਾਗੁਰੂ ਕਹਿਣ ਦੀ ਬਜਾਏ ਗਲ਼ੇ ਨੂੰ ਰਗੜ ਰਗੜ ਕੇ ਭਿਆਨਕ ਅਵਾਜ਼ਾਂ ਕੱਢੀਏ ਛਿੰਦਿਆ ਮਹਾਰਾਜ ਦੀ ਬਾਣੀ ਵਿੱਚ ਬੜਾ ਸੋਹਣਾ ਲਿਖਿਆ ਹੋਇਆ ਹੈ ਕਿ---
ਨਾ ਤੂ ਆਵਹਿ ਵਸਿ ਬਹੁਤੁ ਘਿਣਾਵਣੇ।।
ਨਾ ਤੂ ਆਵਹਿ ਵਸਿ ਬੇਦ ਪੜਾਵਣੇ।।
ਪੰਨਾ ੯੬੨
ਛਿੰਦਿਆ ਸਾਨੂੰ ਤਾਂ ਏੰਨੀ ਕੁ ਹੀ ਸਮਝ ਆਉਂਦੀ ਹੈ ਭਈ ਗੁਰੂ ਨਾਨਕ ਸਾਹਿਬ ਜੀ ਨੇ ਤੇ ਸਾਨੂੰ ਕਿਰਤ ਕਰਨ ਨੂੰ ਆਖਿਆ ਹੈ। ਕਿਸੇ ਦਾ ਬੁਰਾ ਨਹੀਂ ਚਿਤਵਨਾ ਲਗਦੇ ਚਾਰੇ ਲੋੜਵੰਦ ਦੀ ਸਹਾਇਤਾ ਕਰਨੀ ਏਹੋ ਹੀ ਨਾਮ ਜਪਣਾ ਹੈ। “ਛਿੰਦਿਆ ਆ ਜਿਹੜਾ ਅੱਜ ਮੈਂ ਨਾਮ ਜਪਦਾ ਸੁਣਿਆ ਹੈ ਅਸੀਂ ਪਿੰਡਾਂ ਵਾਲੇ ਨਹੀਂਓ ਕਰ ਸਕਦੇ। ਊਂ ਤਾਂ ਅਸੀਂ ਅਜੇ ਇਸ ਤਕੜੇ ਪਾਖੰਡ ਤੋਂ ਬਚੇ ਹੋਏ ਆ ਪਰ ਪਤਾ ਨਹੀਂ ਹੌਲ਼ੀ ਹੌਲ਼ੀ ਪਿੰਡਾਂ ਵਾਲੇ ਵੀ ਦੇਖਾ ਦੇਖੀ ਏਦਾਂ ਕਰਨ ਲੱਗ ਪੈਣ”।
ਤਾਇਆ ਆਪਣੀ ਗੱਲ ਜਾਰੀ ਰੱਖਦਿਆਂ ਕਹਿੰਦਾ “ਛਿੰਦਿਆ ਚਾਹੀਦਾ ਤਾਂ ਇਹ ਸੀ ਕਿ ਗੁਰੂ ਗ੍ਰੰਥ ਸਾਹਿਬ ਦੇ ਰੱਬੀ ਗਿਆਨ ਨੂੰ ਸਮਝਾਇਆ ਜਾਂਦਾ ਪਰ ਆ ਤਾਂ ਜਗ੍ਹੋਂ ਤਰ੍ਹਵੀਂ ਕਿ ਗੁਰੂ ਗ੍ਰੰਥ ਸਾਹਿਬ ਜੀ ਦੇ ਕੋਲ ਬੈਠ ਕੇ ਉਸ ਦੀ ਬਾਣੀ ਦਾ ਕੇਵਲ ਇੱਕ ਵਾਕ ਹੀ ਲਿਆ ਜਾਏ ਪਰ ਬਾਕੀ ਦਾ ਸਮਾਂ ਆਪਣੀਆਂ ਜਭਲ਼ੀਆਂ ਜਾਂ ਕੇਵਲ ਇੱਕ ਸ਼ਬਦ ਨੂੰ ਹੀ ਵਾਰ ਵਾਰ ਬੋਲੀ ਜਾਣਾ ਇਹ ਸਿੱਖ ਸਿਧਾਂਤ ਨਹੀਂ ਹੈ”। ਛਿੰਦਿਆ ਨਿਰਮਲ ਕਰਮ ਕਰਨ ਨੂੰ ਹੀ ਨਾਮ ਜਪਣਾ ਕਿਹਾ ਗਿਆ ਹੈ—
ਸਰਬ ਧਰਮ ਮਹਿ ਸ੍ਰੇਸਟ ਧਰਮੁ।। ਹਰਿ ਕੋ ਨਾਮੁ ਜਪਿ ਨਿਰਮਲ ਕਰਮੁ।।
ਸਗਲ ਕ੍ਰਿਆ ਮਹਿ ਊਤਮ ਕਿਰਿਆ।। ਸਾਧ ਸੰਗਿ ਦੁਰਮਤਿ ਮਲੁ ਹਿਰਿਆ।।
ਪੰਨਾ ੨੬੬

ਤਾਏ ਨੇ ਗੱਲ ਮਕਾਉਂਦਿਆਂ ਕਿਹਾ, ਕਿ ਛਿੰਦਿਆ ਸਿੱਖ ਧਰਮ ਕੋਈ ਦੂਜੇ ਮੱਤਾਂ ਦਾ ਪਿੱਛਲਗ ਨਹੀਂ ਹੈ ਇਸ ਦੀਆਂ ਆਪਣੀਆਂ ਸ਼ਾਨਾਂ ਮੱਤੀ ਰਵਾਇਤਾਂ ਤੇ ਪ੍ਰੰਪਰਾਵਾਂ ਹਨ। ਤਾਏ ਨੇ ਸ਼ਹਿਰੀ ਸਿੱਖੀ ਦੇਖ ਕੇ ਕਿਹਾ, ਕਿ “ਇਹ ਤਾਂ ਭਈ ਜੱਗੋਂ ਤਰ੍ਹਵੀਂ ਕਰ ਰਹੇ ਹਨ, ਜਿਸ ਤਰ੍ਹਾਂ ਇਹ ਲੋਕ ਕਰਦੇ ਹਨ ਅਸੀਂ ਪਿੰਡਾਂ ਵਾਲੇ ਲੋਕ ਨਹੀਂ ਕਰ ਸਕਦੇ”। ਤਾਏ ਨੇ ਪੁੱਛਿਆ, ਕਿ “ਏਨੀ ਤੜਕੇ ਉੱਠ ਕੇ ਇਹ ਸਾਰਾ ਦਿਨ ਕੰਮ ਕਿਦਾਂ ਕਰਦੇ ਨੇ ਅੱਗੋਂ ਛਿੰਦੇ ਨੇ ਦੱਸਿਆ ਕਿ ਤਾਇਆ ਇਹ ਜਿਹੜੀ ਸਵੇਰੇ ਉੱਠੇ ਹਨ ਇਹਨਾਂ ਵਿਚੋਂ ਬਹੁਤਿਆਂ ਦੀਆਂ ਦੁਕਾਨਾਂ ਹਨ ਜਾਂ ਚੰਗੀਆਂ ਨੌਕਰੀਆਂ ਕਰ ਰਹੇ ਹਨ ਏੱਥੋਂ ਜਾ ਕੇ ਸਾਰਿਆਂ ਨੇ ਸੌਂ ਜਾਣਾ ਹੈ ਇਹਨਾਂ ਨੇ ਨੌਂ ਦਸ ਵਜੇ ਉੱਠ ਕੇ ਆਪੋ ਆਪਣੇ ਕਾਰੋਬਾਰ ਕਰਨ ਚੱਲੇ ਜਾਣਾ ਹੈ”। ਤਾਏ ਨੇ ਕਿਹਾ, ਕਿ, “ਛਿੰਦਿਆ ਇਹ ਫਿਰ ਇਹਨਾਂ ਦੇ ਜੀਵਨ ਦੀ ਨਿੱਜੀ ਸ਼ੈਲੀ ਤਾਂ ਹੋ ਸਕਦੀ ਹੈ ਪਰ ਸਮੁੱਚੇ ਪੰਥ ਦੀ ਸ਼ੈਲੀ ਨਹੀਂ ਹੋ ਸਕਦੀ”। ਜਦੋਂ ਛਿੰਦੇ ਨੇ ਇਹ ਦੱਸਿਆ, ਕਿ “ਤਾਇਆ ਤੈਨੂੰ ਹੋਰ ਦੱਸਾਂ ਇਹ ਨਾਮ ਸਿਮਰਣ ਵਾਲੇ ਧਿਆਨ ਲਗਾਉਣ ਦੀਆਂ ਕਈ ਜੁਗਤੀਆਂ ਵੀ ਦਸਦੇ ਹਨ। ਨਾਮ ਸਿਮਰਣ ਵਾਲਿਆਂ ਦੀਆਂ ਵੀ ਕਈ ਰੰਗ-ਬ-ਰੰਗੀਆਂ ਸੁਸਾਇਟੀਆਂ ਹਨ ਤੇ ਹਰੇਕ ਆਪਣੀ ਆਪਣੀ ਵਿਧੀ ਨੂੰ ਗੁਰਮਤ ਦਸਦਾ ਹੈ”।
ਤਾਇਆ ਕਹਿੰਦਾ, “ਛਿੰਦਿਆ ਸੱਚੀ ਗੱਲ ਤੇ ਇਹ ਆ ਕਿ ਇਹਨਾਂ ਨੂੰ ਗੁਰਮਤ ਸਬੰਧੀ ਗਿਆਨ ਨਹੀਓਂ ਹੈਗਾ। ਇਹ ਧਰਮ ਦੇ ਨਾਂ `ਤੇ ਹਨੇਰਾ ਹੀ ਢੋਅ ਰਹੇ ਹਨ। ਤਾਏ ਨੇ ਗੱਲ ਮਕਾਉਂਦਿਆਂ ਕਹਿਆ—
ਗਾਏ ਸੁਨੇ ਆਂਖੇ ਮੀਚੈ ਪਾਈਐ ਨ ਪਰਮਪਦੁ
ਗੁਰ ਉਪਦੇਸੁ ਗਹਿ ਜਉ ਲਉ ਨ ਕਮਾਈਐ।। ੪੩੯।।
.