.

ਰੱਬੀ ਮਿਲਨ ਦੀ ਬਾਣੀ
ਸਲੋਕ ਮ: ੯
ਦੀ ਵਿਚਾਰ

ਵੀਰ ਭੁਪਿੰਦਰ ਸਿੰਘ

ਸਤਾਈਵਾਂ ਸਲੋਕ

ਜਉ ਸੁਖ ਕਉ ਚਾਹੈ ਸਦਾ ਸਰਨਿ ਰਾਮ ਕੀ ਲੇਹ ॥
ਕਹੁ ਨਾਨਕ ਸੁਨਿ ਰੇ ਮਨਾ ਦੁਰਲਭ ਮਾਨੁਖ ਦੇਹ ॥27॥

ਇੱਥੇ ਧਿਆਨ ਦੇਣ ਜੋਗ ਗਲ ਇਹ ਹੈ ਕਿ ‘ਜਉ’ ਦਾ ਸ਼ਬਦ ਜੋੜ ‘ੳ’ ਦੇ ਨਾਲ ਹੈ। ਜੇ ਇਹ ‘ਜੋ’ ਹੁੰਦਾ ਤਾਂ ਇਸ ਦਾ ਅਰਥ ਹੋਣਾ ਸੀ ਕਿ ਕੋਈ ਵੀ ਮਨੁੱਖ। ਪਰ ‘ਜਉ’ ਦਾ ਅਰਥ ਹੈ ਕਿ ‘ਜੇਕਰ ਜਾਂ ਅਗਰ’। ‘ਚਾਹੈ’ ਦੇ ‘ਹ’ ਨਾਲ ਦੋ ਲਾਵਾਂ ਹਨ, ਇਸਦਾ ਭਾਵ ਹੈ ਜੇ ਚਾਹੁੰਦਾ ਹੈਂ।
ਐ ਮੇਰੇ ਮਨ ਜੇ ਤੂੰ ਸੁੱਖ ਚਾਹੁੰਦਾ ਹੈਂ ਤਾਂ ‘ਸਰਨਿ ਰਾਮ ਕੀ ਲੇਹ’ ਭਾਵ ਕਿ ਤੂੰ ਸਦਾ ਰੱਬ ਨੂੰ ਹਾਜ਼ਰ ਨਾਜ਼ਰ ਸਮਝ। ਜੇ ਹਰ ਥਾਂ ਰੱਬ ਨੂੰ ਹਾਜ਼ਰ-ਨਾਜ਼ਰ ਸਮਝੇਂਗਾ ਤਾਂ ਤੂੰ ਰੱਬ ਦੀ ਸ਼ਰਨ ਵਿਚ ਹੈਂ। ਅਸੀਂ ਸਮਝਦੇ ਹਾਂ ਕਿ ਮੰਦਰ, ਮਸਜ਼ਿਦ, ਗੁਰਦੁਆਰਾ ਆਦਿ ਧਾਰਮਕ ਸਥਾਨ ਰੱਬ ਦੀ ਸ਼ਰਨ ਹੈ। ਇਸੇ ਲਈ ਅਸੀਂ ਧਾਰਮਕ ਸਥਾਨਾਂ ਤੋਂ ਬਾਹਰ ਨਿਕਲਕੇ ਮਾੜੇ ਕੰਮ ਕਰਦੇ ਹਾਂ। ਰੱਬ ਜੀ ਸਿਰਫ ਧਾਰਮਕ ਸਥਾਨਾਂ ਤੇ ਹੀ ਨਹੀਂ ਬਲਕਿ ਸਭ ਜਗ੍ਹਾ ਹਨ। ‘ਵਸੀ ਰਬੁ ਹਿਆਲੀਐ’ ਤੇਰੇ ਨਾਲ ਵੀ ਹਨ, ਚਾਰੇ ਪਾਸੇ, ਹਰ ਥਾਂ ਤੇ ਹਨ। ਇਸ ਲਈ ਇਹ ਭੁਲੇਖਾ ਲਾਹ ਦੇ ਕਿ ਰੱਬ ਦੂਰ ਹੈ। ਜੇ ਇਹ ਸਮਝ ਪੈ ਜਾਏ ਕਿ ਰੱਬ ਹਾਜ਼ਰ-ਨਾਜ਼ਰ ਹਨ, ਤੇਰੇ ਕੋਲੋਂ ਗਲਤ ਕੰਮ ਨਹੀਂ ਹੋਵੇਗਾ। ਤੂੰ ਕਿਸੇ ਦਾ ਮਾੜਾ ਕਰ ਨਹੀਂ ਸਕੇਂਗਾ। ਰੱਬ ਨੂੰ ਹਾਜ਼ਰ ਨਾਜ਼ਰ ਸਮਝ ਲਿਆ ਤਾਂ ਸਦਾ ਲਈ ਰੱਬ ਦੀ ਸ਼ਰਣ ਵਿਚ ਹੈਂ। ਤੂੰ ਸਦੀਵੀ ਸੁੱਖ ਮਾਣ ਸਕੇਂਗਾ। ‘ਆਜੁ ਮਿਲਾਵਾ ਸੇਖ ਫਰੀਦ’ ਅੱਜ ਹੀ ਰੱਬੀ ਇਕਮਿਕਤਾ ਦੀ ਅਵਸਥਾ ਮਾਣ ਸਕੇਂਗਾ।
ਅੱਗੇ ਕਹਿੰਦੇ ਹਨ ‘ਦੁਰਲਭ ਮਾਨੁਖ ਦੇਹ’। ਪੰਜਾਂ ਤੱਤਾਂ ਭਾਵ ਸਦਗੁਣੀ ਤੱਤਾਂ ਦੇ ਨਾਲ ਜਿਹੜਾ ਅਸੀਂ ਅੰਤਰ ਆਤਮੇ ਦਾ ਜੀਵਨ ਬਣਾਉਂਦੇ ਹਾਂ ਉਸਨੂੰ ਦੁਰਲਭ ਮਾਨੁਖ ਦੇਹ ਕਹਿੰਦੇ ਹਨ। ਜਿਹੜੀ ਬੜੀ ਮਿਹਨਤ ਨਾਲ ਪ੍ਰਾਪਤ ਕੀਤੀ ਜਾਏ, ਉਸਨੂੰ ਦੁਰਲਭ ਕਹਿੰਦੇ ਹਨ। ਤਾਂਹੀ ਇਸ ਸਲੋਕ ਦੇ ਅਰਥ ਕੁਝ ਹੋਰ ਬਣ ਗਏ - ‘ਕਬੀਰ ਮਾਨਸ ਜਨਮੁ ਦੁਲੰਭੁ ਹੈ’ ਇਹ ਮਾਨਸ ਜਨਮ ਸਰੀਰ ਦੀ ਗਲ ਨਹੀਂ ਚਲ ਰਹੀ ਹੈ। ਇਕ ਜਿਹੜਾ ਤੂੰ ਉੱਚਾ ਆਤਮਕ ਜੀਵਨ ਬਣਾਉਣਾ ਚਾਹੁੰਦਾ ਹੈਂ ਉਹ ਦੁਲੰਭ ਹੈ। ਇਹ ਬਾਰ-ਬਾਰ ਨਹੀਂ ਹੋ ਸਕਦਾ! ਇਕ ਵਾਰੀ ਜੇ ਇਸਨੂੰ ਹਾਸਲ ਕਰ ਲਵੋ ਤਾਂ ਇਹ ਇਸ ਤਰ੍ਹਾਂ ਹੋ ਜਾਂਦਾ ਹੈ ਕਿ ‘ਜਿਉ ਬਨ ਫਲ ਪਾਕੇ ਭੁਇ ਗਿਰਹਿ ਬਹੁਰਿ ਨ ਲਾਗਹਿ ਡਾਰ ॥’ ਫਲ ਨੂੰ ਪਕਣ ਲਈ ਪੇੜ ਤੇ ਲਗਣਾ ਪੈਂਦਾ ਹੈ। ਜਦੋਂ ਪਕ ਜਾਂਦਾ ਹੈ ਤਾਂ ਉਹ ਪੂਰਨ ਤੋਰ ਤੇ ਆਪੇ ਹੀ ਰੱਬੀ ਨਿਯਮ ਵਿਚ ਪਕ ਕੇ ਡਿਗ ਪੈਂਦਾ ਹੈ। ਇਸ ਲਈ ਜਿਹੜਾ ਮਨੁੱਖ ਸੱਚ ਨਾਲ ਜੁੜ ਗਿਆ ਹੈ ਉਹ ਫਿਰ ਡੋਲਦਾ ਨਹੀਂ। ਉਸ ਨੂੰ ਆਪਣੇ ਆਪ ਨੂੰ ਘੜਨ ਲਈ ਮੁੜ੍ਹ-ਮੁੜ੍ਹ ਡਾਲ ਤੇ ਨਹੀਂ ਲਗਣਾ ਪੈਂਦਾ। ਕਿਉਂਕਿ ਉਸਨੇ ਦੁਲੰਭ ਮਾਨਸ ਜਨਮ ਪ੍ਰਾਪਤ ਕਰ ਲਿਆ ਹੈ। ਇਸ ਸਰੀਰ ਨੂੰ ਮਾਨਸ ਜਨਮ ਨਹੀਂ ਕਹਿੰਦੇ ਹਨ। ਇਸ ਸਰੀਰ ਨੂੰ ਤੇ ਕਬੀਰ ਜੀ ਕਹਿੰਦੇ ਹਨ ਕਿ - ‘ਪਸੂ ਮਾਣਸ ਚੰਮਿ ਪਲੇਟੇ ਅੰਦਰਹੁ ਕਾਲਿਆ’ ਅਸੀਂ ਪਸ਼ੂ ਹਾਂ ਪਰ ਮਨੁੱਖਾਂ ਵਾਲੀ ਅਸੀਂ ਚਮੜੀ ਲਪੇਟੀ ਹੋਈ ਹੈ।
‘ਮਾਨਸ ਜਨਮੁ ਦੁਲੰਭੁ’ ਜੇ ਪ੍ਰਾਪਤ ਕਰਨਾ ਹੈ ਤਾਂ ‘ਪਾਂਚ ਤਤ ਕੋ ਤਨੁ ਰਚਿਓ’ ਕਰਨਾ ਪਵੇਗਾ। ਦੁਰਲਭ ਮਾਨੁਖ ਦੇਹ ਪ੍ਰਾਪਤ ਹੋ ਗਈ।
ਅਸੀਂ ਪਿਛਲੇ ਸਲੋਕਾਂ ਵਿਚ ਸਮਝਿਆ ਕਿ ਜਗ ਕੀ ਹੁੰਦਾ ਹੈ। ਜਗ ਇਸ ਬਾਹਰਲੇ ਜਗਤ ਨੂੰ ਨਹੀਂ ਕਹਿੰਦੇ ਹਨ ਤੇ ਜਗ ਅੰਦਰਲੀ ਦੁਨੀਆ ਨੂੰ ਵੀ ਨਹੀਂ ਕਹਿੰਦੇ ਹਨ। ਜੋ ਇਹ ਬਾਹਰਲੀ ਤੇ ਅੰਦਰਲੀ ਦੁਨੀਆ ਦੇ ਵਿਚਕਾਰ ਮੇਰਾ ਮਨ ਹੈ, ਜੋ ਫੁਰਨਿਆ ਦਾ ਘਰ ਹੈ ਇਸਨੂੰ ਜਗ ਕਹਿੰਦੇ ਹਨ। ਅਸੀਂ ਆਪਣਾ ਜਗ ਆਪ ਬਣਾਉਂਦੇ ਹਾਂ। ਉਸੇ ਨੂੰ ਸੰਸਾਰ ਕਹਿੰਦੇ ਹਨ। ਧਾਰਮਕ ਬੋਲੀ ਵਿਚ ਸੰਸਾਰ ਇਸ ਦਿਸਦੀ ਦੁਨੀਆ ਨੂੰ ਨਹੀਂ ਕਹਿੰਦੇ ਹਨ। ਸੰਸਾਰ ਕਹਿੰਦੇ ਹਨ ਜੋ ਮਨੁੱਖ ਨੇ ਆਪਣੀ ਮਨ ਦੀ ਮਤ ਨਾਲ ਘੜਿਆ ਹੋਇਆ ਹੈ। ਜੇ ਇਹ ਆਪਣਾ ਸੰਸਾਰ ਨਾ ਘੜੇ ਤਾਂ ਇਸਨੂੰ ਚੈਨ ਅਤੇ ਸੁੱਖ ਮਿਲ ਸਕਦਾ ਹੈ। ਪਰ ਇਹ ਆਪਣਾ ਇੱਕ ਝੂਠਾ ਜਿਹਾ ਸੰਸਾਰ ਘੜਦਾ ਹੈ। ‘ਇਹ ਜੁ ਦੁਨੀਆ ਸਿਹਰੁ ਮੇਲਾ ਦਸਤਗੀਰੀ ਨਾਹਿ ॥’ (727) ਅਤੇ ਇਸ ਕਾਰਨ ਇਸਨੂੰ ਹੰਕਾਰ ਕਰਨਾ ਪੈਂਦਾ ਹੈ। ਹੰਕਾਰ ਰੁਪੀ ਦੂਲ੍ਹੇ ਪਿੱਛੇ ਸਾਰੇ ਬਰਾਤੀ ਆ ਜਾਂਦੇ ਹਨ ਕਾਮ, ਕ੍ਰੋਧ, ਲੋਭ, ਮੋਹ, ਆਸ਼ਾ, ਤ੍ਰਿਸ਼ਨਾ ਆਦਿ ਸਾਰੀ ਵਿਕਾਰਾਂ ਦੀ ਜੰਝ ਆ ਜਾਂਦੀ ਹੈ। ਇਨ੍ਹਾਂ ਸਾਰਿਆਂ ਦੇ ਨਾਲ ਮਿਲਕੇ ਅਸੀਂ ਆਪਣਾ ਇੱਕ ਸੰਸਾਰ ਘੜਦੇ ਹਾਂ ਉਸਨੂੰ ਪਕੜਕੇ ਰੱਖਣਾ ਚਾਹੁੰਦੇ ਹਾਂ। ਮਨ ਦੇ ਅੰਦਰ ਇਨ੍ਹਾਂ ਵਿਕਾਰਾਂ ਪ੍ਰਤੀ ਜਿਹੜੀ ਪਕੜ ਹੈ ਉਸੇ ਨੇ ਸੰਸਾਰ ਦੀ ਰਚਨਾ ਕੀਤੀ ਹੋਈ ਹੈ। ਮਨ ਦੀ ਇਸੇ ਬਿਰਤੀ ਨੂੰ ਹੀ ਹੰਕਾਰ ਕਹਿੰਦੇ ਹਨ।
ਹਉਮੈ ਤੋਂ ਬਚਾਉਣ ਲਈ ਗੁਰੂ ਸਾਹਿਬ ਹਰ ਤਿੰਨ-ਚਾਰ ਸਲੋਕਾਂ ਮਗਰੋਂ ਹੰਕਾਰ, ਹਉਮੈ ਦੀ ਗਲ ਕਰਦੇ ਹਨ, ਬਾਰ-ਬਾਰ ਇਸ ਤੋਂ ਛੁੜਾਉਣਾ ਚਾਹੁੰਦੇ ਹਨ, ਕਿਉਂਕਿ ਹਉਮੈ ਦੀਰਘ ਰੋਗੁ ਹੈ। ਹਉਮੈ ਦੀਰਘ ਰੋਗੁ ਹੈ ਦਾਰੂ ਭੀ ਇਸੁ ਮਾਹਿ ॥ ਕਿਰਪਾ ਕਰੇ ਜੇ ਆਪਣੀ ਤਾ ਗੁਰ ਕਾ ਸਬਦੁ ਕਮਾਹਿ ॥ (466) ਇਸ ਪੰਕਤੀ ’ਚੋਂ ਕਿਰਪਾ ਦੀ ਪਰਿਭਾਸ਼ਾ ਨਿਕਲ ਆਈ। ਕਿਰਪਾ ਹੁੰਦਾ ਹੈ ਜਿਹੜਾ ਮਨੁੱਖ ਗੁਰੂ ਦੇ ਸ਼ਬਦ ਨੂੰ ਕਮਾਏ, ਉਸਨੂੰ ਜੀਵੇ, ਕਿਰਪਾ ਦਾ ਅਰਥ ਇਹ ਨਹੀਂ ਕਿ ਕੋਈ ਕਿਧਰੇ ਤੱਪ ਕਰਦਾ ਪਿਆ ਹੈ ਪੇੜ ਹੇਠਾਂ ਤੇ ਅਚਾਨਕ ਰੱਬ ਕਿਰਪਾ ਕਰਨਗੇ, ਆਪਣਾ ਨਿਯਮ ਬਦਲਣਗੇ ਤੇ ਮੇਰੇ ਮਨ ਦੀ ਮਰਜ਼ੀ ਪੂਰੀ ਕਰਨਗੇ। ਇਹ ਤੇ ਅਖੌਤੀ ਕਿਰਪਾ ਹੈ। ਆਪਣੇ ਮਨ ਦੀ ਸੋਚੀ ਹੋਈ ਕਿਰਪਾ ਹੈ। ਪਰ ਰੱਬ ਦੀ ਕਿਰਪਾ ਇਹ ਹੈ ਉਨ੍ਹਾਂ ਨੇ ਸਾਰੀ ਦੁਨੀਆ ਨੂੰ ਗੁਰ ਦਿੱਤਾ ਹੋਇਆ ਹੈ। ਹਿੰਦੂ, ਮੁਸਲਮਾਨ, ਸਿੱਖ, ਇਸਾਈ, ਜੈਨੀ, ਬੋਧੀ, ਅਮੀਰ-ਗਰੀਬ, ਗੋਰਾ-ਕਾਲਾ ਆਦਿ ਸਾਰੇ ਮਨੁੱਖਾਂ ਨੂੰ ਬਿਨਾ ਕਿਸੇ ਵਿਤਕਰੇ ਤੋਂ ਸਭ ਲਈ ਰੱਬ ਨੇ ਲਗਾਤਾਰ ਆਪਣਾ ਗੁਰ ਭਾਵ ਗਿਆਨ ਦੀ ਵਰਖਾ ਕੀਤੀ ਹੋਈ ਹੈ। ਜਿਹੜਾ ਮਰਜ਼ੀ ਆਪਣਾ ਭਾਂਡਾ ਸਿੱਧਾ ਕਰ ਲਵੇ ਅਤੇ ਕੀਮਤੀ ਵਸਤ ਪੁਆ ਲਵੇ। ਜਿਹੜਾ ਭਾਂਡਾ ਸਿੱਧਾ ਕਰਨ ਲਈ ਉੱਦਮ ਕਰਦਾ ਹੈ ਉਸਦੇ ਭਾਂਡੇ ਵਿਚ ਵਸਤ ਪੈ ਜਾਂਦੀ ਹੈ। ਇਸਨੂੰ ਗੁਰਪਰਸਾਦਿ ਕਹਿੰਦੇ ਹਨ। ਇਹੋ ਕਿਰਪਾ ਹੈ। ਦੁਨੀਆਵੀ ਵਸਤਾਂ ਪ੍ਰਾਪਤ ਕਰਨ ਨੂੰ ਕਿਰਪਾ ਨਹੀਂ ਕਹਿੰਦੇ ਹਨ।
.