.

ਸਤਿੰਦਰਜੀਤ ਸਿੰਘ

ਪਉੜੀ-3

ਗਾਵੈ ਕੋ ਤਾਣੁ ਹੋਵੈ ਕਿਸੈ ਤਾਣੁ॥

ਗੁਰੂ ਨਾਨਕ ਸਾਹਿਬ ਆਖ ਰਹੇ ਹਨ ਕਿ ਜਿਸ ਕਿਸੇ ਮਨੁੱਖ ਨੇ ਪ੍ਰਮਾਤਮਾ ਦੇ ਗੁਣਾਂ ਨੂੰ ਪਾ ਲਿਆ ਹੈ, ਉਸ ਦੀ ਸਮਰੱਥਾ (ਤਾਣੁ) ਹੋ ਜਾਂਦੀ ਹੈ ਕਿ ਉਹ ਪ੍ਰਮਾਤਮਾ ਦੇ ਉਹਨਾਂ ਗੁਣਾਂ, ਉਸਦੇ ਗੁਣਾਂ ਦੀ ਸਮਰੱਥਾ (ਤਾਣੁ) ਬਾਰੇ ਹੀ ਗੱਲ ਕਰਦਾ ਹੈ, ਉਸਦੀ ਸਿਫਤ-ਸਲਾਹ ਕਰਦਾ ਹੈ

ਗਾਵੈ ਕੋ ਦਾਤਿ ਜਾਣੈ ਨੀਸਾਣੁ॥

ਉਹ ਮਨੁੱਖ ਰੱਬੀ ਗੁਣਾਂ ਦੀ ਬਖਸ਼ਿਸ਼ (ਦਾਤਿ), ਵਡਿਆਈ ਨੂੰ ਹੀ ਗਾਉਂਦਾ ਹੈ, ਗੁਣ ਧਾਰਨ ਕਰਦਾ ਹੈ ਅਤੇ ਇਸ ਨੂੰ ਹੀ ਉਹ, ਉਸ ਪ੍ਰਮਾਤਮਾ ਦੀ ਰਹਿਮਤ ਦੀ ਨਿਸ਼ਾਨੀ ਸਮਝਦਾ ਹੈ ਭਾਵ ਕਿ ਉਹ ਗੁਣਾਂ ਨੂੰ ਪਾਉਣ ਅਤੇ ਉਹਨਾਂ ਦੀ ਵਡਿਆਈ ਕਰਨ ਨੂੰ ਹੀ ਉਸ ਪ੍ਰਮਾਤਮਾ ਦੇ ਮਿਲਣ ਦੀ, ਉਸਦੀ ਮਿਹਰ ਦੀ ਨਿਸ਼ਾਨੀ ਸਮਝਦਾ ਹੈ।

ਗਾਵੈ ਕੋ ਗੁਣ ਵਡਿਆਈਆ ਚਾਰ॥

ਗੁਰੂ ਨਾਨਕ ਸਾਹਿਬ ਆਖ ਰਹੇ ਹਨ ਕਿ ਕੋਈ ਮਨੁੱਖ ਉਸ ਪ੍ਰਮਾਤਮਾ ਦੇ ਸ਼ੁੱਭ (ਚਾਰ) ਗੁਣਾਂ ਅਤੇ ਵਡਿਆਈਆਂ ਦੀ ਸਿਫਤ ਕਰਦਾ ਹੈ, ਉਹਨਾਂ ਨੂੰ ਗਾਉਂਦਾ ਹੈ ਭਾਵ ਗੁਣ ਦਾਰਨ ਕਰਦਾ ਹੈ

ਗਾਵੈ ਕੋ ਵਿਦਿਆ ਵਿਖਮੁ ਵੀਚਾਰੁ॥

ਅਤੇ ਕੋਈ ਆਪਣੀ ਅਕਲ (ਵਿਦਿਆ), ਸਿੱਖਿਆ, ਜਾਣਕਾਰੀ, ਸਮਝ ਦੀ ਤਾਕਤ ਨਾਲ ਉਸਦੇ ਔਖੇ, ਕਠਿਨ (ਵਿਖਮੁ), ਨਾ ਵਿਆਨ ਕੀਤੇ ਜਾ ਸਕਣ ਵਾਲੇ, ਗਿਆਨ ਨੂੰ ਗਾਉਂਦਾ ਹੈ।​

ਗਾਵੈ ਕੋ ਸਾਜਿ ਕਰੇ ਤਨੁ ਖੇਹ॥

ਗੁਰੂ ਨਾਨਕ ਸਾਹਿਬ ਆਖ ਰਹੇ ਹਨ ਕਿ ਕੋਈ ਵਿਰਲਾ ਹੀ ਹੈ ਜੋ ਆਪਣੇ ਸਰੀਰ ਨੂੰ ਗੁਣਾਂ ਕਰਕੇ ਨਵਾਂ ਬਣਾ ਲੈਂਦਾ ਹੈ ਅਤੇ ਆਪਣੀ ਇਸ ਪ੍ਰਾਪਤੀ ਨੂੰ ਹੋਰਾਂ ਨੂੰ ਦੱਸਦਾ (ਗਾਵੈ) ਹੈ ਭਾਵ ਜੀਵਨ ਵਿੱਚ ਗੁਣ ਧਾਰ ਲੈਂਦਾ ਹੈ ਅਤੇ ਅਤੇ ਵਿਕਾਰਾਂ ਨੂੰ ਖਤਮ (ਖੇਹ) ਕਰ ਲੈਂਦਾ ਹੈ, ਸਚਿਆਰਾ ਜੀਵਨ ਬਣਾ ਲੈਂਦਾ ਹੈ

ਗਾਵੈ ਕੋ ਜੀਅ ਲੈ ਫਿਰਿ ਦੇਹ॥

ਕੋਈ ਵਿਰਲਾ ਹੀ ਹੈ ਜੋ ਆਪਣੇ ਵਿਕਾਰਾਂ ਵਿੱਚ ਮਰ ਰਹੇ ਸਰੀਰ (ਦੇਹ) ਨੂੰ ਗੁਣਾਂ ਨਾਲ ਜਿਉਂਦਾ ਕਰ ਲੈਂਦਾ ਹੈ

ਗਾਵੈ ਕੋ ਜਾਪੈ ਦਿਸੈ ਦੂਰਿ॥

ਗੁਰੂ ਨਾਨਕ ਸਾਹਿਬ ਆਖਦੇ ਹਨ ਕਿ ਵਿਰਲੇ ਮਨੁੱਖ ਹੀ ਉਸ ਦੂਰ ਦਿਸਣ ਵਾਲੇ ਪ੍ਰਮਾਤਮਾ ਦੇ ਗੁਣਾਂ ਨੂੰ ਗਾਉਂਦੇ ਹਨ ਭਾਵ ਕਿ ਗੁਣਾਂ ਨੂੰ ਚੇਤੇ ਰੱਖਦੇ ਹਨ

ਗਾਵੈ ਕੋ ਵੇਖੈ ਹਾਦਰਾ ਹਦੂਰਿ॥

ਵਿਰਲੇ ਹੀ ਹਨ ਜੋ ਉਸ ਪ੍ਰਮਾਤਮਾ ਦੇ ਗੁਣਾਂ ਨੂੰ ਅਪਣਾ ਕੇ ਹਰ ਪਲ ਉਸਦੀ ਨੇੜਤਾ ਨੂੰ ਮਹਿਸੂਸ ਕਰਦੇ ਹਨ, ਉਸਦੇ ਗੁਣਾਂ ਦੀ ਵਡਿਆਈ ਕਰਦੇ ਹਨ।

ਕਥਨਾ ਕਥੀ ਨ ਆਵੈ ਤੋਟਿ॥

ਗੁਰੂ ਨਾਨਕ ਸਾਹਿਬ ਆਖ ਰਹੇ ਹਨ ਕਿ ਗੁਣਾਂ ਵਾਲੇ ਜੀਵਨ ਦੀ ਸੋਭਾ, ਚਰਚਾ, ਸਿਫਤ-ਸਲਾਹ (ਕਥਨਾ) ਜਿੰਨੀ ਕਰੋ, ਉਨੀ ਹੀ ਥੋੜ੍ਹੀ ਹੈ, ਇਸਦੀ ਕੋਈ ਤੋਟ ਨਹੀਂ, ਅੰਤ ਨਹੀਂ

ਕਥਿ ਕਥਿ ਕਥੀ ਕੋਟੀ ਕੋਟਿ ਕੋਟਿ॥

ਕਰੋੜਾਂ ਹੀ ਜੀਵਾਂ (ਕੋਟਿ) ਨੇ, ਮਨੁੱਖਾਂ ਨੇ ਇਸ ਗੁਣਾਂ ਵਾਲੇ ਜੀਵਨ ਦੀ ਵਡਿਆਈ ਕੀਤੀ ਹੈ, ਸੋਭਾ ਕੀਤੀ ਹੈ ਭਾਵ ਕਿ ਗੁਣਾਂ ਵਾਲਾ ਜੀਵਨ ਬਤੀਤ ਕੀਤਾ ਹੈ, ਗੁਣਾਂ ਦੀ ਉਸਤਤ ਹੋਰਾਂ ਜੀਵਾਂ ਕੋਲ ਕੀਤੀ ਹੈ, ਗੁਣਾਂ ਦੀ ਸਾਂਝ ਪਾਈ ਹੈ..!!!

(ਨੋਟ: ਕਥਿ ਕਥਿ ਕਥੀ ਭਾਵ ਬੋਲ-ਬੋਲ ਕੇ ਸੋਭਾ ਦੀ ਚਰਚਾ ਜਾਂ ਵਿਚਾਰ ਕਰਨੀ, ਭਾਵ ਹੋਰਾਂ ਨਾਲ ਗੁਣਾਂ ਬਾਰੇ ਸਾਂਝ ਪਾਉਣੀ)

ਦੇਦਾ ਦੇ ਲੈਦੇ ਥਕਿ ਪਾਹਿ॥

ਗੁਰੂ ਨਾਨਕ ਸਾਹਿਬ ਆਖ ਰਹੇ ਹਨ ਕਿ ਪ੍ਰਮਾਤਮਾ ਦੇ ਗੁਣਾਂ ਨੂੰ ਧਾਰਨ ਕਰਨ ਵਾਲੇ, ਸੰਸਾਰ ਵਿੱਚ ਬੇਅੰਤ ਮਾਣ-ਸਤਿਕਾਰ ਅਤੇ ਸੋਭਾ ਖੱਟਦੇ ਹਨ, ਮਨੁੱਖ ਦਾ ਮਨ ਇਹਨਾਂ ਗੁਣਾਂ ਵਿੱਚ ਹੀ ਟਿਕ (ਥਕਿ) ਜਾਂਦਾ ਹੈ

ਜੁਗਾ ਜੁਗੰਤਰਿ ਖਾਹੀ ਖਾਹਿ॥

ਗੁਣਾਂ ਵਿੱਚ ਟਿਕਾਉ ਕੀਤਾ ਮਨ, ਉਹ ਮਨੁੱਖ ਜੁੱਗਾਂ-ਜੁਗੰਤਰਾਂ ਤੱਕ ਸੋਭਾ ਖੱਟਦਾ ਰਹਿੰਦਾ ਹੈ ਭਾਵ ਕਿ ਇਨਸਾਨ ਦੇ ਮਰਨ ਤੋਂ ਬਾਅਦ ਵੀ, ਉਸਦੇ ਕੀਤੇ ਚੰਗੇ ਕੰਮਾਂ, ਉਸਦੇ ਗੁਣਾਂ ਵਾਲੇ ਸੁਭਾਅ ਦੀ ਲੋਕ ਪ੍ਰਸੰਸ਼ਾ ਕਰਦੇ ਰਹਿੰਦੇ ਹਨ।

ਹੁਕਮੀ ਹੁਕਮੁ ਚਲਾਏ ਰਾਹੁ॥

ਗੁਰੂ ਨਾਨਕ ਸਾਹਿਬ ਆਖ ਰਹੇ ਹਨ ਕਿ ਕੋਈ ਵਿਰਲਾ ਹੀ ਹੈ ਜੋ ਰੱਬੀ ਗੁਣਾਂ (ਹੁਕਮੀ) ਨੂੰ ਪਾ ਕੇ ਆਪਣੇ ਜੀਵਨ ਨੂੰ, ਸੋਚ ਨੂੰ ਵਿਕਾਰਾਂ ਵੱਲੋਂ ਹਟਾ ਕੇ ਪ੍ਰਮਾਤਮਾ ਦੇ ਗੁਣਾਂ (ਹੁਕਮੁ) ਵਾਲੇ ਰਸਤੇ (ਰਾਹੁ) ਤੇ ਚੱਲ ਪੈਂਦਾ ਹੈ

ਨਾਨਕ ਵਿਗਸੈ ਵੇਪਰਵਾਹੁ॥੩॥

ਕੋਈ ਵਿਰਲਾ ਹੀ ਹੈ ਜੋ ਪ੍ਰਮਾਤਮਾ ਦੇ ਗੁਣਾਂ ਨੂੰ ਪਾ ਕੇ ਖੁਸ਼ੀ, ਪ੍ਰਸੰਨਤਾ (ਵਿਗਸੈ) ਵਾਲੀ ਅਵਸਥਾ ਨੂੰ ਪਾ ਲੈਂਦਾ ਹੈ ਅਤੇ ਵਿਕਰਾਂ ਵੱਲੋਂ ਬੇਪਰਵਾਹ ਹੋ ਕੇ ਸੱਚ ਦੀ ਕਾਰ ਕਰਦਾ ਹੈ ॥3॥

{ਨੋਟ: ‘ਜਪੁ ਜੀ’ ਸਾਹਿਬ ਦੇ ਇਹ ਅਰਥ, ਆਪਣੀ ਸਮਝ ਅਨੁਸਾਰ ਕੀਤੇ ਗਏ ਹਨ, ਕੋਈ ਆਖਰੀ ਨਿਰਣਾ ਨਹੀਂ, ਸਾਰੇ ਪਾਠਕਾਂ ਦੇ ਸੁਝਾਵਾਂ ਦਾ ਸੁਆਗਤ ਹੈ}
.