.

ਬੰਧਨਾਂ ਤੋਂ ਮੁਕਤੀ

ਆਤਮਿਕ ਤੌਰ ਤੇ ਮਨੁੱਖ ਵਿਕਾਰਾਂ ਦੇ ਬੰਧਨਾਂ ਵਿੱਚ ਪਿਆ ਸਾਰੀ ਉਮਰ ਦੁਖਾਂ ਵਿੱਚ ਗੁਜ਼ਾਰ ਦਿੰਦਾ ਹੈ ਤੇ ਕੋਈ ਵਿਰਲਾ ਸੂਰਮਾ ਹੀ ਗੁਰਗਿਆਨ ਰਾਹੀਂ ਇਹਨਾਂ ਤੋਂ ਮੁਕਤ ਹੋ ਪਾਉਂਦਾ ਹੈ। ਅਸਫਲਤਾ ਦਾ ਕਾਰਨ ਮਨੁਖ ਦੀ ਅਗਿਆਨਤਾ ਹੈ ਕਿਉਂਕਿ ਉਹ ਆਪਣੇ ਵਿਕਾਰੀ ਬੰਧਨਾਂ ਤੋਂ ਬਿਲਕੁਲ ਹੀ ਅਨਜਾਣ ਹੁੰਦਾ ਹੈ। ਜਿਵੇਂ ਲੰਮੀਆਂ ਕੈਦਾਂ ਵਾਲਿਆਂ ਨੂੰ ਕੈਦਖਾਨਾ ਹੀ ਘਰ ਲਗਣ ਲਗ ਪੈਂਦਾ ਹੈ ਤਿਵੇਂ ਲੰਮੇਂ ਸਮੇ ਦੇ ਪਏ ਵਿਕਾਰਾਂ ਦੇ ਬੰਧਨ ਮਨੁੱਖ ਨੂੰ ਬੰਧਨ ਨਹੀ ਬਲਿਕੇ ਸ਼ਿੰਗਾਰ ਹੀ ਲਗਦੇ ਹਨ। ਭਾਵੇਂ ਕਰਤੇ ਦੀ ਅੰਸ ਹੋਣ ਕਰਕੇ ਮਨੁੱਖ ਦੀ ਆਤਮਾ ਸਦਾ ਹੀ ਬੰਧਨ ਰਹਿਤ ਹੈ ਨਾ ਉਸੁ ਬੰਧਨ ਨਾ ਹਮ ਬਾਧੇ ॥ ਨਾ ਉਸੁ ਧੰਧਾ ਨਾ ਹਮ ਧਾਧੇ ॥ 391 ਪਰ ਅਗਿਆਨਤਾ ਕਾਰਨ ਮਨੁੱਖ ਆਪਣੀਆਂ ਮਨੌਤਾਂ ਦਾ ਆਪ ਹੀ ਬੰਦੀ ਬਣ ਜਾਂਦਾ ਹੈ। ਇਹ ਅਗਿਆਨਤਾ ਦੁਐਤ ਤੋਂ ਪੈਦਾ ਹੁੰਦੀ ਹੈ। ਨਿਰਆਕਾਰ ਤੋਂ ਪੈਦਾ ਹੋਇਆ ਆਕਾਰ ਹੀ ਦੂਯੀ ਕੁਦਰਤਿ (ਦੁਐਤ) ਦੀ ਸਾਜਨਾ ਹੈ ਆਪੀਨ੍ਹ੍ਹੈ ਆਪੁ ਸਾਜਿਓ ਆਪੀਨ੍ਹ੍ਹੈ ਰਚਿਓ ਨਾਉ ॥ ਦੁਯੀ ਕੁਦਰਤਿ ਸਾਜੀਐ ਕਰਿ ਆਸਣੁ ਡਿਠੋ ਚਾਉ ॥ 463 ਤੇ ਇਸੇ ਦੁਐਤ ਕਾਰਨ ਭੁਲਿਆ ਮਨੁੱਖ ਜਦੋਂ ਆਪਣੇ ਆਪ ਨੂੰ ਦੇਹ (ਆਕਾਰ) ਮੰਨ ਲੈਂਦਾ ਹੈ, ਵੱਖਰੀ ਹੋਂਦ ਮੰਨ ਬੈਠਦਾ ਹੈ, ਉਦੋਂ ਹੀ ਨਿਰੰਕਾਰ ਨਾਲੋਂ ਨਾਤਾ ਟੁੱਟ ਕੇ ਸੰਸਾਰ (ਆਕਾਰੀ ਕੁਦਰਤਿ), ਜਾਂ ਦੂਜੈ ਭਾਇ ਨਾਲ ਜੁੜ ਜਾਂਦਾ ਹੈ ਤੇ ਇਥੋਂ ਹੀ ਫਿਰ ਦੁਖਾਂ ਸੁਖਾਂ ਦੇ ਬੰਧਨਾਂ, ਮੋਹ ਮਾਇਆ ਤੇ ਭਰਮ ਭੁਲੇਖਿਆਂ ਦਾ ਝੰਬੇਲਾ ਸ਼ੁਰੂ ਹੋ ਜਾਂਦਾ ਹੈ। ਜਦੋਂ ਤਾਈਂ ਇਹ ਆਕਾਰ ਰੂਪੀ ਤਨ ਤੇ ਜਗਤ ਪ੍ਰਤੱਖ ਲਗਦੇ ਹਨ, ਭਾਵ ਆਕਾਰਾਂ ਦੀ ਪਕੜ ਪੱਕੀ ਹੈ, ਉਦੋਂ ਤਾਈਂ (ਮੋਹ ਮਾਇਆ ਦੇ) ਬੰਧਨਾਂ ਤੋਂ ਛੁਟਕਾਰਾ (ਮੁਕਤ) ਨਹੀ ਹੋ ਸਕਦਾ। ਸਭ ਆਕਾਰ ਬਿਨਸਣਹਾਰ ਹਨ ਪਰ ਨਿਰੰਕਾਰ ਅਬਿਨਾਸੀ ਹੈ, ਮਨੁਖੀ ਤਨ ਬਿਨਸਣਹਾਰ ਹੈ ਪਰ ਆਤਮਾ ਅਬਿਨਾਸੀ ਹੈ, (ਦੇਹੀ ਅੰਦਰਿ ਨਾਮੁ ਨਿਵਾਸੀ ॥ ਆਪੇ ਕਰਤਾ ਹੈ ਅਬਿਨਾਸੀ ॥ ਨਾ ਜੀਉ ਮਰੈ ਨ ਮਾਰਿਆ ਜਾਈ ਕਰਿ ਦੇਖੈ ਸਬਦਿ ਰਜਾਈ ਹੇ ॥ 1025)

ਇਸ ਲਈ ਬੰਧਨਾਂ ਤੋਂ ਮੁਕਤ ਹੋਣ ਲਈ ਸਰੀਰ ਤੇ ਜਗਤ (ਆਕਾਰਾਂ) ਦੀ ਪਕੜ ਨੂੰ ਛਡਣਾ ਹੀ ਪਵੇਗਾ ਕਿਉਂਕਿ ਆਕਾਰਾਂ ਦੀ ਪਕੜ ਹੀ ਬੰਧਨ ਤੇ ਨਿਰੰਕਾਰ ਨਾਲੋ ਵਿਛੋੜਾ ਹੈ। ਫਕੀਰ ਬੁੱਲੇ ਸ਼ਾਹ ਦੇ ਬੜੇ ਪ੍ਰਸਿੱਧ ਬੋਲ ਹਨ, "ਬੁਲਿਆ ਰੱਬ ਦਾ ਕੀ ਪਾਉਣਾ, ਇਧਰੋਂ ਪੁੱਟਣਾ ਤੇ ਓਧਰ ਲਾਉਣਾ"। ਬੱਸ (ਸੰਸਾਰ ਵਲੋਂ) ਮਨ ਨੂੰ ਪੁੱਟਣ ਦੀ ਹੀ ਲੋੜ ਹੈ, (ਨਿਰੰਕਾਰ ਨਾਲ) ਲੱਗ ਉਸ ਨੇ ਆਪ ਹੀ ਜਾਣਾ ਹੈ ਕਿਉਂਕਿ ਧਿਰਾਂ ਹੀ ਦੋ ਹਨ, ਇੱਕ ਕਰਤਾਰ (ਕਾਦਰ) ਤੇ ਦੂਜਾ ਸੰਸਾਰ (ਕੁਦਰਤਿ)। ਇੱਕ (ਨਿਰੰਕਾਰ) ਨਾਲ ਜੁੜਿਆਂ ਮੁਕਤੀ ਹੈ ਪਰ ਸੰਸਾਰ (ਦੂਈ ਕੁਦਰਤਿ, ਦੂਜਾ ਭਾਇ) ਨਾਲ ਜੁੜਿਆਂ (ਮੋਹ ਮਾਇਆ ਦੇ) ਬੰਧਨ ਹਨ। ਮੇਰਾ ਤੇਰਾ ਜਾਨਤਾ ਤਬ ਹੀ ਤੇ ਬੰਧਾ ॥ ਗੁਰਿ ਕਾਟੀ ਅਗਿਆਨਤਾ ਤਬ ਛੁਟਕੇ ਫੰਧਾ ॥400

"ਮੈਂ" (ਹੰਕਾਰ) ਬੰਧਨ ਹੈ ਪਰ "ਤੂੰ" (ਨਿਰੰਕਾਰ) ਮੁਕਤੀ ਹੈ ਤੇ ਜਦ ਤਕ "ਮੈਂ" ਹੈ ਉਦੋਂ ਤੱਕ "ਤੂੰ" ਨਹੀ ਤੇ ਜਦੋਂ "ਤੂੰ" ਹੈਂ ਉਦੋਂ "ਮੈਂ" ਨਹੀ ਜਬ ਹਮ ਹੋਤੇ ਤਬ ਤੂ ਨਾਹੀ ਅਬ ਤੂਹੀ ਮੈ ਨਾਹੀ ॥ 657। ਇਹ ਦੋਨੋਂ ਆਪਾ ਵਿਰੋਧੀ ਹਨ ਹਉਮੈ ਨਾਵੈ ਨਾਲਿ ਵਿਰੋਧੁ ਹੈ ਦੁਇ ਨ ਵਸਹਿ ਇਕ ਠਾਇ ॥ 560 ਤੇ ਇਕੱਠੇ ਨਹੀ ਹੋ ਸਕਦੇ। ਆਕਾਰਾਂ ਨਾਲੋਂ ਨਾਤਾ (ਪਕੜ) ਤੋੜ ਕੇ ਹੀ ਨਿਰੰਕਾਰ ਨਾਲ ਨਾਤਾ ਜੋੜਿਆ ਜਾ ਸਕਦਾ ਹੈ। ਸੰਸਾਰ ਵਲੋਂ ਨਾਤਾ ਤੋੜਨ ਤੋਂ ਭਾਵ ਸੰਸਾਰ ਦਾ ਮੋਹ ਛੱਡਣਾ, ਸੰਸਾਰ ਵਿੱਚ ਹਸਦਿਆਂ, ਖੇਡਦਿਆਂ, ਖਾਂਦਿਆਂ, ਪੀਂਦਿਆਂ ਤੇ ਪਹਿਨਦਿਆਂ ਉਸ ਤੋਂ ਅਲੇਪ ਰਹਿਣਾ, ਭਾਵ ਪਕੜ ਨਹੀ ਕਰਨੀ (ਨਾਨਕ ਸਤਿਗੁਰਿ ਭੇਟਿਐ ਪੂਰੀ ਹੋਵੈ ਜੁਗਤਿ ॥ ਹਸੰਦਿਆ ਖੇਲੰਦਿਆ ਪੈਨੰਦਿਆ ਖਾਵੰਦਿਆ ਵਿਚੇ ਹੋਵੈ ਮੁਕਤਿ ॥ 522) ਸਰੀਰ ਤੇ ਸੰਸਾਰਕ ਮੋਹ ਨੂੰ ਤਿਅਗਣਾ ਹੀ ਇਹਨਾਂ ਤੋਂ ਮੁਕਤ ਹੋਣਾ ਤੇ ਕਰਤੇ ਨਾਲ ਨਾਤਾ ਜੋੜਨਾ ਹੈ, ਤੇ ਇਹੀ ਵਿਕਾਰਾਂ ਦੇ ਬੰਧਨਾਂ ਤੋਂ ਮੁਕਤੀ ਦਾ ਸੂਤਰ ਹੈ। ਗੁਰਬਾਣੀ ਨੇ ਸੰਸਾਰ ਜਾਂ ਸਰੀਰ ਨੂੰ ਨਹੀ ਭੰਡਿਆ ਬਲਿਕੇ ਉਹਨਾਂ ਦੇ ਮੋਹ ਜਾਂ ਪਕੜ ਨੂੰ ਭੰਡਿਆ ਹੈ। ਅਗਿਆਨਤਾ ਬੰਧਨ ਪਾਉਂਦੀ ਹੈ, ਗਿਆਨ ਮੁਕਤ ਕਰਦਾ ਹੈ (ਐਸਾ ਗਿਆਨੁ ਬੀਚਾਰੈ ਕੋਈ ॥ ਤਿਸ ਤੇ ਮੁਕਤਿ ਪਰਮ ਗਤਿ ਹੋਈ ॥ 879)

ਅਵਗੁਣ ਜਾਂ ਵਿਕਾਰ ਹਨੇਰਾ (ਬੰਧਨ) ਹੈ, ਗੁਣ ਰੌਸ਼ਨੀ (ਮੁਕਤੀ) ਹੈ ਅਤੇ ਇਹ ਮਨੁੱਖ ਦੇ ਅੰਦਰ ਹੀ ਮੌਜੂਦ ਹਨ ਪਰ ਮਨੁੱਖ ਦੀ ਫਿਤਰਤ ਹੈ ਕਿ ਉਹ ਇਹਨਾਂ ਨੂੰ ਬਾਹਰੋਂ ਟੋਲਦਾ ਤੇ ਭਰਮਾਂ ਵਿੱਚ ਭਟਕਦਾ ਰਹਿੰਦਾ ਹੈ। ਮਨੁੱਖ ਨੂੰ ਆਪਾ ਵਾਚਣਾ, ਆਪਾ ਸਵਾਰਨਾ, ਆਪਣੇ ਗਿਰੀਵਾਨ ਵਿੱਚ ਵੇਖਣਾ, ਆਪਣਾ ਮੂਲ ਪਛਾਨਣਾ ਹੀ ਵਿਸਰ ਗਿਆ ਹੈ ਇਸ ਲਈ ਇਹ ਪਏ ਵਿਕਾਰੀ ਬੰਧਨਾਂ ਤੋਂ ਅਨਜਾਣ ਹੀ ਰਹਿੰਦਾ ਹੈ। ਸਰੀਰਕ ਤਲ ਤੇ ਜਿਉਣ ਵਾਲਾ ਮਨੁੱਖ ਕਦੇ ਵੀ ਵਿਕਾਰੀ ਬੰਧਨਾਂ ਤੋਂ ਮੁਕਤੀ ਨਹੀ ਪਾ ਸਕਦਾ। ਜਿਸ ਨੇ ਆਪੇ ਨੂੰ ਵਾਚ ਕੇ ਆਪਾ ਸਵਾਰ ਲਿਆ ਉਸ ਲਈ ਜਗਤ ਸੱਚੇ ਦੀ ਕੋਠੜੀ ਹੈ, ਹਰੀ ਦਾ ਰੂਪ ਭਾਸਦਾ ਹੈ ਸਭ ਬੰਧਨਾਂ ਤੋਂ ਮੁਕਤ ਹੈ ਪਰ ਦੂਜੈ ਭਾਇ ਵਿੱਚ ਜਿਉਣ ਵਾਲੇ ਲਈ ਉਹੀ ਜਗਤ ਕਾਲਖ (ਮੋਹ ਮਾਇਆ) ਦੀ ਕੋਠੜੀ ਹੈ ਜਿਸ ਵਿੱਚ ਅਗਿਆਨੀ (ਅੰਧੇ) ਡਿਗ ਕੇ ਕਾਲਖ (ਵਿਕਾਰਾਂ) ਨਾਲ ਮੈਲੇ (ਤੇ ਬੰਦੀ) ਬਣ ਜਾਂਦੇ ਹਨ ਕਬੀਰ ਜਗੁ ਕਾਜਲ ਕੀ ਕੋਠਰੀ ਅੰਧ ਪਰੇ ਤਿਸ ਮਾਹਿ ॥ ਹਉ ਬਲਿਹਾਰੀ ਤਿਨ ਕਉ ਪੈਸਿ ਜੁ ਨੀਕਸਿ ਜਾਹਿ ॥ 1365 ।

ਗੁਰਬਾਣੀ ਦੁਆਰਾ ਅੰਦਰ ਬੈਠੇ (ਬੰਧਨ ਕਾਟਹਾਰ) ਨਾਲ ਸਾਂਝ ਪੈਣੀ ਹੀ ਵਿਕਾਰਾਂ ਤੋਂ ਮੁਕਤੀ ਤੇ ਅਨੰਦ ਅਵਸਥਾ ਹੈ ਬੰਧਨ ਕਾਟਨਹਾਰੁ ਮਨਿ ਵਸੈ ॥ ਤਉ ਸੁਖੁ ਪਾਵੈ ਨਿਜ ਘਰਿ ਬਸੈ ॥ 1147 ਸਦੀਆਂ ਬੀਤ ਗਈਆਂ ਪਿਉ ਦਾਦੇ ਦੇ ਖਜ਼ਾਨੇ ਨੂੰ ਰੁਮਾਲਿਆਂ ਵਿੱਚ ਲਪੇਟ ਕੇ ਉਸ ਦੀ ਪੂਜਾ ਦੇ ਬੰਧਨਾਂ ਵਿੱਚ ਉਲਝਿਆਂ, ਆਰਤੀਆਂ ਉਤਾਰਦਿਆਂ, ਧੂਪ, ਦੀਪ ਮਾਲਾ ਤੇ ਚੌਰ ਕਰਦਿਆਂ, ਫੁੱਲਾਂ ਤੇ ਕਿਉੜੇ ਦੀ ਬਰਖਾ ਕਰਦਿਆਂ ਪਰ ਜਦੋਂ ਰੁਮਾਲੇ ਲਾਹ ਕੇ ਉਸ ਖਜ਼ਾਨੇ ਨੂੰ ਖੋਲ ਕੇ ਦੇਖਿਆ ਤਾਂ ਉਥੇ ਆਤਮਿਕ ਬੰਧਨਾਂ ਤੋਂ ਮੁਕਤੀ ਤੇ ਗਿਆਨ ਦੇ ਭੰਡਾਰ ਭਰੇ ਪਏ ਹਨ ਜਿਨ੍ਹਾਂ ਤੋਂ, ਅਫਸੋਸ ਹੈ, ਕਿ ਸਿੱਖ ਜਗਤ ਅਜੇ ਵੀ ਵਾਂਝਾ ਹੈ ਕਿਉਂਕਿ ਉਸ ਨੇ ਬੰਧਨਾਂ ਨੂੰ ਹੀ ਸ਼ਿੰਗਾਰ ਸਮਝ ਲਿਆ ਹੈ। ਪੀਊ ਦਾਦੇ ਕਾ ਖੋਲਿ ਡਿਠਾ ਖਜਾਨਾ ॥ ਤਾ ਮੇਰੈ ਮਨਿ ਭਇਆ ਨਿਧਾਨਾ ॥ 186 ਹੁਣ ਉਹ ਇਹਨਾਂ ਲੰਮੇ ਸਮੇ ਤੋਂ ਪਏ ਬੰਧਨਾਂ ਨੂੰ (ਸ਼ਿੰਗਾਰ ਸਮਝ ਕੇ) ਛੱਡਣਾ ਹੀ ਨਹੀ ਚਹੁੰਦਾ। ਤਰਸ ਆਉਂਦਾ ਹੈ ਉਹਨਾਂ ਤੇ ਜੋ ਆਤਮਿਕ ਗਿਆਨ ਦੇ ਖਜ਼ਾਨੇ ਨੂੰ ਕਦੇ ਖੋਲ ਕੇ ਹੀ ਨਹੀ ਦੇਖਦੇ ਅਤੇ ਅਗਿਆਨਤਾ ਦੇ ਅਸ਼ਲੀਲ ਪੋਥੇ (ਦਸਮ ਗ੍ਰੰਥ) ਨੂੰ ਆਪਣਾ ਇਸ਼ਟ ਬਨਾਉਣ ਲਈ ਤੁਲੇ ਹੋਏ ਹਨ। ਅੰਧਾ ਭੂਲਿ ਪਇਆ ਜਮ ਜਾਲੇ ॥ ਵਸਤੁ ਪਰਾਈ ਅਪੁਨੀ ਕਰਿ ਜਾਨੈ ਹਉਮੈ ਵਿਚਿ ਦੁਖੁ ਘਾਲੇ ॥ 139

ਉਹ ਮਨੁੱਖ ਵਿਕਾਰਾਂ ਤੋਂ ਮੁਕਤੀ ਦੀ ਆਸ ਕਿਵੇਂ ਕਰ ਸਕਦਾ ਹੈ ਜਿਸ ਕੋਲ ਸੱਚ ਤੇ ਕੱਚ (ਸੱਚੀ ਤੇ ਕੱਚੀ ਬਾਣੀ) ਦੀ ਪਰਖ ਹੀ ਨਹੀ? ਨਿਤਨੇਮ ਵਿੱਚ ਸੱਚੀ ਤੇ ਕੱਚੀ ਬਾਣੀ ਵੀ ਪੜ੍ਹੀ ਜਾ ਰਹੀ ਹੈ। ਇੱਕ ਪਾਸੇ ਇਹ ਵੀ ਪੜ੍ਹੀ ਤੇ ਗਾਈ ਜਾਂਦੇ ਹਨ ਕਿ:- ਸਤਿਗੁਰੂ ਬਿਨਾ ਹੋਰ ਕਚੀ ਹੈ ਬਾਣੀ ॥ ਬਾਣੀ ਤ ਕਚੀ ਸਤਿਗੁਰੂ ਬਾਝਹੁ ਹੋਰ ਕਚੀ ਬਾਣੀ ॥ 920 ਤੇ ਦੂਜੇ ਪਾਸੇ ਜਿਸ ਨੂੰ ਨਿੱਤ ਮੱਥੇ ਟੇਕਦੇ ਹਨ, ਗੁਰੂ ਮੰਨਦੇ ਹਨ, ਉਸ ਦਾ ਕਿਹਾ ਵੀ ਨਹੀ ਮੰਨਦੇ ਤੇ ਨਿੱਤਨੇਮ ਵਿੱਚ ਕੱਚੀਆਂ ਬਾਣੀਆਂ ਵੀ ਪੜ੍ਹੀ ਜਾਂਦੇ ਹਨ। ਜੇ ਕਦੇ ਸੱਚੀ (ਗੁਰਬਾਣੀ) ਤੋਂ ਰੁਮਾਲੇ ਲਾਹ ਕੇ ਪਿਉ ਦਾਦੇ ਦੇ ਖਜ਼ਾਨੇ ਨਾਲ ਸਾਂਝ ਪਾਈ ਹੁੰਦੀ ਤਾਂ ਕੱਚੀ ਬਾਣੀ ਨੂੰ ਪਛਾਨਣਾ ਬੜਾ ਸੌਖਾ ਹੋ ਸਕਦਾ ਸੀ। ਪਰ ਹੁਣ ਅਗਿਆਨਤਾ ਕਾਰਨ ਕੱਚ ਹੀ ਸੱਚ ਲਗਣ ਲੱਗ ਪਿਆ ਹੈ। ਸਤਿਗੁਰ (ਸੱਚਾ ਗਿਆਨ) ਮਨੁੱਖ ਨੂੰ ਸੂਚਤ ਕਰਦਾ ਹੈ ਕਿ ਸੱਚ (ਗੁਣ) ਤੇ ਕੱਚ (ਅਵਗੁਣ) ਤੇਰੇ ਅੰਦਰ ਹੀ ਪਏ ਹਨ। ਜਿਹੜੇ ਕੱਚ ਨਾਲ ਜੁੜਕੇ ਤੂੰ ਬੰਧਨਾਂ ਵਿੱਚ ਪਿਆ ਹੈਂ ਉਹਨਾਂ ਨੂੰ ਛੱਡਣ ਨਾਲ ਤੂੰ ਮੁਕਤ ਹੋ ਜਾਵੇਂਗਾ। ਆਪ ਹੀ ਤੂੰ ਉਹਨਾਂ ਨਾਲ ਜੁੜਿਆ ਸੀ ਤੇ ਆਪ ਹੀ ਤੈਨੂੰ ਛਡਣੇ ਪੈਣਗੇ ਪਰ ਮਨੁੱਖ ਆਪ ਕੁੱਛ ਕਰਨਾ ਨਹੀ ਚਹੁੰਦਾ ਤੇ ਸਾਰੀ ਗਲ ਗੁਰੂ ਤੇ ਛੱਡ ਦਿੰਦਾ ਹੈ:- ਸਤਿਗੁਰੁ ਸਿਖ ਕੇ ਬੰਧਨ ਕਾਟੈ ॥ ਗੁਰ ਕਾ ਸਿਖੁ ਬਿਕਾਰ ਤੇ ਹਾਟੈ ॥ 286 ਵਿਕਾਰਾਂ ਤੋਂ ਹਟਣ ਵਾਲੀ ਪੰਗਤੀ ਵਲ ਉਸ ਦਾ ਧਿਆਨ ਹੀ ਨਹੀ ਜਾਂਦਾ ਬਸ ਪਹਿਲੀ ਤੁਕ ਤੇ ਹੀ ਵਿਸ਼ਵਾਸ ਟਿਕਾਈ ਬੈਠਾ ਹੈ। ਸਤਿਗੁਰ (ਭਾਵ ਸੱਚੇ ਗਿਆਨ) ਨੇ ਬੰਧਨਾਂ ਨੂੰ ਤਦ ਹੀ ਕੱਟਣਾ ਹੈ ਅਗਰ ਉਸ ਨੂੰ ਅਪਨਾ ਕੇ ਅਮਲਾਇਆ ਜਾਵੇ। ਜੇ ਉਸ ਨੂੰ ਕਦੇ ਖੋਲ ਕੇ ਪੜ੍ਹਿਆ ਸੁਣਿਆ ਜਾਂ ਹਿਰਦੇ ਵਸਾਇਆ ਹੀ ਨਹੀ ਤਾਂ ਉਹ ਬੰਧਨ ਕਿਵੇਂ ਕੱਟ ਸਕਦਾ ਹੈ? ਕਬੀਰ ਸਾਚਾ ਸਤਿਗੁਰੁ ਕਿਆ ਕਰੈ ਜਉ ਸਿਖਾ ਮਹਿ ਚੂਕ ॥ ਅੰਧੇ ਏਕ ਨ ਲਾਗਈ ਜਿਉ ਬਾਂਸੁ ਬਜਾਈਐ ਫੂਕ ॥ 1372

ਵਿਕਾਰਾਂ ਦਾ ਬੂਟਾ ਪੁੱਟਣ ਦੀ ਹੀ ਲੋੜ ਹੈ, ਨਿਰੰਕਾਰੀ (ਸੱਚ ਦਾ) ਬੂਟਾ ਆਪੇ ਲੱਗ ਜਾਣਾ ਹੈ। ਇਸ ਤੋਂ ਸੌਖੀ, ਛੋਟੀ ਤੇ ਸਮਝ ਆਉਣ ਵਾਲੀ ਗਲ ਹੋਰ ਕਿਵੇਂ ਆਖੀ ਜਾ ਸਕਦੀ ਸੀ? ਪਿਉ ਦਾਦੇ ਦੇ ਖਜ਼ਾਨੇ ਦੇ ਬੋਲ ਹਨ:- ਟੂਟੇ ਬੰਧਨ ਜਾਸੁ ਕੇ ਹੋਆ ਸਾਧੂ ਸੰਗੁ ॥ ਜੋ ਰਾਤੇ ਰੰਗ ਏਕ ਕੈ ਨਾਨਕ ਗੂੜਾ ਰੰਗੁ ॥ 252 ਗੁਰੂ (ਗਿਆਨ) ਨਾਲ ਸਾਂਝ ਪੈਣ ਨਾਲ (ਉਸ ਨੂੰ ਅਪਨਾਉਣ ਨਾਲ) ਹੀ ਬੰਧਨਾਂ ਤੋਂ ਮੁਕਤੀ ਹੈ ਤੇ ਇਹੀ (ਆਤਮਿਕ ਗਿਆਨ) ਮਨੁੱਖੀ ਧਰਮ ਹੈ। ਪਰ ਅਫਸੋਸ ਕਿ ਜੋ ਧਰਮ ਮਨੁੱਖ ਨੂੰ ਵਿਸ਼ੇ ਵਿਕਾਰਾਂ ਦੇ ਬੰਧਨਾਂ ਤੋਂ ਮੁਕਤ ਕਰਦਾ ਹੈ, ਓਸੇ ਨੂੰ ਹੀ ਮਨੁੱਖ ਨੇ ਰੀਤਾਂ ਰਸਮਾਂ ਤੇ ਕਰਮ ਕਾਂਡਾਂ ਨਾਲ ਬੰਧਨ ਬਣਾ ਲਿਆ। ਅਜੋਕਾ ਅਖੌਤੀ ਧਰਮ ਕਰਮ ਕਾਂਡਾਂ ਦਾ ਇੱਕ ਬੰਧਨ ਹੀ ਹੈ। ਇਸੇ ਲਈ ਗੁਰਬਾਣੀ ਦਾ ਕਥਨ ਹੈ ਕਰਮ ਧਰਮ ਪਾਖੰਡ ਜੋ ਦੀਸਹਿ ਤਿਨ ਜਮੁ ਜਾਗਾਤੀ ਲੂਟੈ ॥ ਨਿਰਬਾਣ ਕੀਰਤਨੁ ਗਾਵਹੁ ਕਰਤੇ ਕਾ ਨਿਮਖ ਸਿਮਰਤ ਜਿਤੁ ਛੂਟੈ ॥ 747

ਜੋ ਵੀ ਧਾਰਮਿਕ ਕਰਮ ਵਿਕਾਰ (ਕਾਮ, ਕ੍ਰੋਧ, ਲੋਭ, ਮੋਹ, ਹੰਕਾਰ) ਪੈਦਾ ਕਰਦਾ ਹੈ, ਉਹੀ ਪਖੰਡ ਜਾਂ ਬੰਧਨ ਤੋ ਵੱਧ ਕੁੱਝ ਵੀ ਨਹੀ। ਕਰਤੇ ਦਾ ਨਿਰਬਾਣ ਕੀਰਤਨ ਵਾਜੇ ਢੋਲਕੀਆਂ ਤੇ ਤਬਲਿਆਂ ਨਾਲ ਗਉਣ ਵਾਲਾ ਨਹੀ, ਗਾਉਣ ਵਜਾਉਣ ਨਾਲ ਬੰਧਨ ਨਹੀ ਕਟੇ ਜਾਣੇ, ਬਲਿਕੇ ਕਰਮ ਧਰਮ ਦੇ ਪਖੰਡ ਨੂੰ ਤਿਆਗਣਾ ਹੀ ਕਰਤੇ ਦਾ ਨਿਰਬਾਣ ਕੀਰਤਨ ਹੈ, ਵਿਕਾਰਾਂ ਨੂੰ ਤਿਆਗਣਾ ਹੀ ਕਰਤੇ ਦਾ ਨਿਰਬਾਣ ਕੀਰਤਨ ਹੈ, ਜਿਸ ਨਾਲ ਇੱਕ ਛਿਨ ਵਿੱਚ ਹੀ ਬੰਧਨਾਂ ਤੋਂ ਛੁਟਕਾਰਾ ਹੋ ਸਕਦਾ ਹੈ। ਧਰਮ ਦਾ ਕਰਮ ਮਨ ਦਾ ਹੈ, ਤਨ ਦਾ ਨਹੀ। ਇਸੇ ਲਈ ਤਾਕੀਦ ਹੈ ਕਿ ਕਰਮ ਕਰਤ ਹੋਵੈ ਨਿਹਕਰਮ ॥ ਤਿਸੁ ਬੈਸਨੋ ਕਾ ਨਿਰਮਲ ਧਰਮ ॥ 274 ਨਿਹਕਰਮ ਹੋਣਾ ਮਨ ਦਾ ਕਰਮ ਤੇ ਨਿਰਮਲ ਧਰਮ ਹੈ। ਕੋਈ ਕਰਮ ਕਰਕੇ ਫਲ ਦੀ ਉਡੀਕ ਨਾ ਰੱਖਣੀ ਨਿਹਕਰਮ (ਮਨ ਦਾ ਕਰਮ) ਹੈ, ਵਿਕਾਰ ਰਹਿਤ ਕਰਮ ਕਰਨਾ ਨਿਹਕਰਮ (ਮਨ ਦਾ ਕਰਮ) ਹੈ, ਤੇ ਇਸੇ ਨੂੰ ਹੀ ਨਿਰਮਲ ਧਰਮ ਮੰਨਿਆ ਗਿਆ ਹੈ, ਪਰ ਅਜੋਕੇ ਸਮੇ ਵਿੱਚ ਇਹ ਇੱਕ ਅਨਹੋਣੀ ਜਿਹੀ ਗਲ ਲਗਦੀ ਹੈ। ਅਖੌਤੀ ਧਰਮੀਆਂ ਦੀ ਦਿਖਾਵੇ ਦੇ ਕਰਮਾਂ ਵਿੱਚ ਹੀ ਰੁੱਚੀ ਹੁੰਦੀ ਹੈ ਤੇ ਇਹੀ ਬੰਧਨਾਂ ਦਾ ਕਾਰਨ ਹੈ ਬੰਧਨ ਕਰਮ ਧਰਮ ਹਉ ਕੀਆ ॥ ਬੰਧਨ ਪੁਤੁ ਕਲਤੁ ਮਨਿ ਬੀਆ ॥ 416

ਦਿਖਾਵੇ ਦੇ ਕਰਮਾਂ ਦਾ ਮੋਹ ਜਾਂ ਹੰਕਾਰ ਹੀ ਬੰਧਨ ਹੈ। ਦਿਖਾਵੇ ਦਾ ਵੇਸ, ਦਿਖਾਵੇ ਦੀਆਂ ਰਸਮਾਂ, ਦਿਖਾਵੇ ਦੀ ਪਾਠ ਪੂਜਾ, ਦਿਖਾਵੇ ਦਾ ਕੀਰਤਨ, ਦਿਖਾਵੇ ਦੀ ਅਰਦਾਸ, ਦਿਖਾਵੇ ਦਾ ਦਾਨ ਪੁੰਨ, ਦਿਖਾਵੇ ਦੇ ਤੀਰਥ ਇਸ਼ਨਾਨ, ਬੱਸ ਦਿਖਾਵਾ, ਦਿਖਾਵਾ ਤੇ ਦਿਖਾਵਾ ਹੀ ਰਹਿ ਗਿਆ ਤੇ ਸੱਚ ਵਿਚੋਂ ਖੰਭ ਲਾ ਕੇ ਉਡ ਗਿਆ। ਕੱਚ (ਦਿਖਾਵਾ) ਹੀ ਸੱਚ (ਧਰਮ) ਬਣ ਬੈਠਾ। ਅਗਿਆਨਤਾ ਵਿੱਚ ਬੰਧਨ ਹੀ ਸ਼ਿੰਗਾਰ ਬਣ ਬੈਠੇ, ਧਰਮ ਹੀ ਬੰਧਨ ਬਣ ਗਿਆ। ਗੁਰਬਾਣੀ ਦਾ ਫੁਰਮਾਨ ਹੈ:- ਅਨਿਕ ਕਰਮ ਕੀਏ ਬਹੁਤੇਰੇ ॥ ਜੋ ਕੀਜੈ ਸੋ ਬੰਧਨੁ ਪੈਰੇ ॥ ਕੁਰੁਤਾ ਬੀਜੁ ਬੀਜੇ ਨਹੀ ਜੰਮੈ ਸਭੁ ਲਾਹਾ ਮੂਲੁ ਗਵਾਇਦਾ ॥ 1075 ਦਿਖਾਵੇ ਲਈ ਕੀਤੇ ਸਾਰੇ ਕਰਮ ਧਰਮ ਬੰਧਨ ਹੀ ਹਨ ਜੋ ਹੰਕਾਰ ਪੈਦਾ ਕਰਦੇ ਹਨ, ਅਤੇ ਇਹ ਦਿਖਾਵਾ ਹੀ ਕਰੁਤਾ ਬੀਜ ਹੈ ਜੋ ਧਰਮ ਦੇ ਬੀਜ ਨੂੰ ਜੰਮਣ ਨਹੀ ਦਿੰਦਾ ਤੇ ਇਸ ਦਿਖਾਵੇ ਨਾਲ ਕੀਤੇ ਸਮੂਹ ਕਰਮ ਬੰਧਨ ਹੀ ਬਣ ਜਾਂਦੇ ਹਨ। ਮਨੁੱਖ ਨੂੰ ਇਹਨਾਂ ਦਾ ਕੋਈ ਲਾਹਾ ਜਾਂ ਲਾਭ ਨਹੀ ਹੁੰਦਾ ਤੇ ਆਪਣਾ ਸਮਾ ਵੀ ਬਰਬਾਦ ਕਰ ਬੈਠਦਾ ਹੈ। ਦੁਫਾੜ ਹੋਇਆ ਤੇ ਕਰੁੱਤੇ ਬੀਜਿਆ ਬੀਜ ਕਦੇ ਨਹੀ ਉਗਦਾ (ਜੇ ਇਕੁ ਹੋਇ ਤ ਉਗਵੈ ਰੁਤੀ ਹੂ ਰੁਤਿ ਹੋਇ ॥468)

ਦੂਜੈ ਭਾਇ ਵਿੱਚ ਕੀਤੇ ਦਿਖਾਵੇ ਦੇ ਕਰਮ ਨਿਸਫਲ ਹੀ ਜਾਣਗੇ। ਜੋ ਬਾਹਰ ਦਿਖਾਵਾ ਕੁੱਝ ਹੋਰ ਕਰਦਾ ਹੈ ਪਰ ਅੰਦਰੋਂ ਕੁੱਝ ਹੋਰ ਹੈ ਉਹ ਸੱਚ (ਧਰਮ) ਨਾਲ ਜੁੜੇ ਬਿਨਾ ਕੱਚਾ (ਅਧਰਮੀ) ਹੀ ਰਹਿ ਜਾਂਦਾ ਹੈ। ਦਿਲਹੁ ਮੁਹਬਤਿ ਜਿੰਨ੍ਹ੍ਹ ਸੇਈ ਸਚਿਆ ॥ ਜਿਨ੍ਹ੍ਹ ਮਨਿ ਹੋਰੁ ਮੁਖਿ ਹੋਰੁ ਸਿ ਕਾਂਢੇ ਕਚਿਆ ॥ 488 ਤੇ ਗੁਰਬਾਣੀ ਸੂਚਤ ਕਰਦੀ ਹੈ ਕਿ ਨਾਨਕ ਕਚੜਿਆ ਸਿਉ ਤੋੜਿ ਢੂਢਿ ਸਜਣ ਸੰਤ ਪਕਿਆ ॥ ਓਇ ਜੀਵੰਦੇ ਵਿਛੁੜਹਿ ਓਇ ਮੁਇਆ ਨ ਜਾਹੀ ਛੋੜਿ ॥ 1102

ਕੱਚ ਦਾ ਬੂਟਾ ਪੱਟਿਆਂ ਹੀ ਸੱਚ ਦਾ ਬੂਟਾ ਜੰਮੇਗਾ, ਕੱਚੜਿਆਂ (ਦਿਖਾਵੇ ਦੇ ਧਰਮ) ਨਾਲੋਂ ਨਾਤਾ ਤੋੜ ਕੇ ਪੱਕਿਆਂ, ਗੁਰਬਾਣੀ (ਸੱਚ ਦੇ ਧਰਮ) ਨਾਲ (ਸਦਾ ਨਿਭਣ ਵਾਲਾ) ਨਾਤਾ ਜੋੜ ਕੇ ਹੀ ਜੀਵਨ ਨੂੰ ਸਫਲਾ ਤੇ ਅਨੰਦਮਈ ਬਣਾਇਆ ਜਾ ਸਕਦਾ ਹੈ। ਪਕਿਆਂ (ਗੁਰਬਾਣੀ) ਨਾਲ ਜੁੜ ਕੇ ਹੀ ਵਿਕਾਰਮਈ ਬੰਧਨਾਂ ਤੋਂ ਮੁਕਤ ਹੋਇਆ ਜਾ ਸਕਦਾ ਹੈ। ਇਸੇ ਤਰਾਂ, ਮਨੁੱਖ ਦੀਆਂ ਆਸਾਂ ਵੀ ਕੱਚ ਦਾ ਬੂਟਾ ਹਨ ਜੋ ਇਸ ਨੂੰ ਵਿਕਾਰੀ ਬੰਧਨਾਂ ਤੋਂ ਮੁਕਤ ਨਹੀ ਹੋਣ ਦਿੰਦੀਆਂ ਆਸਾ ਅੰਦਰਿ ਜੰਮਿਆ ਆਸਾ ਰਸ ਕਸ ਖਾਇ ॥ ਆਸਾ ਬੰਧਿ ਚਲਾਈਐ ਮੁਹੇ ਮੁਹਿ ਚੋਟਾ ਖਾਇ ॥ ਅਵਗਣਿ ਬਧਾ ਮਾਰੀਐ ਛੂਟੈ ਗੁਰਮਤਿ ਨਾਇ ॥ 61 ਆਸ ਹੀ ਤ੍ਰਿਸ਼ਨਾ ਬਣ ਕੇ ਮਨੁੱਖ ਦੇ ਦੁੱਖ, ਅਸ਼ਾਂਤੀ ਤੇ ਬੰਧਨਾਂ ਦਾ ਕਾਰਨ ਬਣ ਜਾਂਦੀ ਹੈ। ਗੁਰੂ ਦੀ ਮਤ ਤੇ ਚਲ ਕੇ ਹੀ ਇਸ ਵਿਕਾਰੀ ਬੂਟੇ ਨੂੰ ਪੁਟਿਆ ਜਾ ਸਕਦਾ ਹੈ। ਜਦ ਤੱਕ ਸੰਸਾਰਕ (ਦੂਜਾ ਭਾਇ) ਦੀਆਂ ਆਸਾਂ ਹਨ ਤਦ ਤੱਕ (ਸਚੇ ਇਕ) ਨਿਰੰਕਾਰ ਨਾਲ ਨਹੀ ਜੁੜਿਆ ਜਾ ਸਕਦਾ ਭਾਵ ਬੰਧਨਾਂ ਤੋਂ ਮੁਕਤੀ ਪ੍ਰਾਪਤ ਨਹੀ ਹੋ ਸਕਦੀ। ਗੁਰਬਾਣੀ ਦਾ ਅਟੱਲ ਫੈਸਲਾ ਹੈ:- ਜਗੁ ਮੋਹਿ ਬਾਧਾ ਬਹੁਤੀ ਆਸਾ ॥ ਗੁਰਮਤੀ ਇਕਿ ਭਏ ਉਦਾਸਾ ॥ 412

ਦਰਸ਼ਨ ਸਿੰਘ,

ਵੁਲਵਰਹੈਂਪਟਨ, ਯੂ. ਕੇ.
.