.

ਖੁਦਮੁਖਤਿਆਰੀ ਬਨਾਮ ਨਿਸਚੇਵਾਦ

(Free Will vs Determinism)

(ਕਿਸ਼ਤ-ਚੌਥੀ)

(ਨੋਟ:- ਇਹ ਚੌਥੀ ਕਿਸ਼ਤ ਇਸ ਲੇਖ ਦੀ ਆਖਰੀ ਕਿਸ਼ਤ ਹੈ। ਪਾਠਕ/ਲੇਖਕ ਆਪਣੇ ਵਿਚਾਰ ਇਸ ਲੇਖ ਪ੍ਰਤੀ ਦੇ ਸਕਦੇ ਹਨ। ਪਰ ਜਰੂਰੀ ਬੇਨਤੀ ਇਹ ਹੈ ਕਿ ਵਿਚਾਰ ਦੇਣ ਤੋਂ ਪਹਿਲਾਂ ਇਸ ਲੇਖ ਦੀਆਂ ਪਹਿਲੀਆਂ ਤਿੰਨ ਕਿਸ਼ਤਾਂ ਵੀ ਜ਼ਰੂਰ ਪੜ੍ਹਨ ਜੋ ਕਿ ਲੇਖ ਲੜੀ ਤੀਜੀ ਵਿੱਚ ਪੜ੍ਹੀਆਂ ਜਾ ਸਕਦੀਆਂ ਹਨ। ਜੇ ਕਰ ਕੋਈ ਗੱਲ ਸਮਝ ਨਾ ਆਈ ਹੋਵੇ ਤਾਂ ਲੇਖਕ ਤੋਂ ਪੁੱਛੀ ਜਾ ਸਕਦੀ ਹੈ-ਸੰਪਾਦਕ)

ਨਿਚੋੜ

ਹੇਠਾਂ ਲਿਖੀਆਂ ਕੁੱਝ ਗੱਲਾਂ ਵਾਰੇ ਸੋਚਣ ਨਾਲ ਸਾਨੂੰ ਸਾਰੀ ਬਹਿਸ ਦਾ ਨਿਚੋੜ ਕੱਢਣ ਵਿੱਚ ਸਹਾਇਤਾ ਮਿਲੇਗੀ।

1.ਇਹ ਅਕਸਰ ਕਿਹਾ ਜਾਂਦਾ ਹੈ ਕਿ ਨਿਤਨੇਮ ਕਰਦੇ ਵਕਤ ਮਨ ਇੱਧਰ ਉੱਧਰ ਬਹੁਤ ਦੌੜਦਾ ਹੈ। ਪਾਠ ਕਰਦੇ ਕਰਦੇ ਸੋਚ ਕਿਤੇ ਦੀ ਕਿਤੇ ਚਲਾ ਜਾਂਦੀ ਹੈ। ਪਤਾ ਉਦੋਂ ਹੀ ਲਗਦਾ ਹੈ ਜਦੋਂ ਪਾਠ ਖਤਮ ਹੋ ਜਾਂਦਾ ਹੈ ਅਤੇ ਕਈ ਵਾਰ ਉਦੋਂ ਵੀ ਪਤਾ ਨਹੀ ਲਗਦਾ। ਇਹ ਸਵਾਲ ਗੁਰਦਵਾਰਿਆਂ ਵਿੱਚ ਅਕਸਰ ਪ੍ਰਚਾਰਕਾ ਨੂੰ ਕੀਤਾ ਜਾਂਦਾ ਹੈ। ਸੋਚਣ ਵਾਲੀ ਗਲ ਇਹ ਹੈ ਕਿ ਇਹ ਇੱਧਰ ਉੱਧਰ ਦੀਆਂ ਸੋਚਾਂ ਕੋਣ ਪੈਦਾ ਕਰ ਰਿਹਾ ਹੈ। ਕੀ ਨਿਤਨੇਮ ਕਰਨ ਵਾਲੇ ਦਾ ਇਨ੍ਹਾਂ ਸੋਚਾਂ ਤੇ ਕੋਈ ਕੰਟਰੋਲ ਹੈ। ਜੇ ਨਹੀਂ ਤਾਂ ਉਸ ਦਾ ਆਪਣੇ ਦਿਮਾਗ ਤੇ ਕੋਈ ਕੰਟਰੋਲ ਨਹੀਂ ਹੈ।

2.ਕੀ ਅਸੀਂ ਸਿਰਫ ਇੱਕ ਮਿੰਟ ਲਈ ਆਪਣੇ ਦਿਮਾਗ ਨੂੰ ਕਾਬੂ ਕਰ ਇਹ ਕਰ ਸਕਦੇ ਹਾਂ ਕਿ ਕੋਈ ਵੀ ਵਿਚਾਰ ਜਾਂ ਸੋਚ ਦਿਮਾਗ ਵਿੱਚ ਪੈਦਾ ਨਾ ਹੋ ਸਕੇ। ਕਰ ਕੇ ਦੇਖੋ। ਇਹ ਨਹੀਂ ਹੋ ਸਕਦਾ। ਅੱਧੇ ਮਿੰਟ ਲਈ ਵੀ ਨਹੀਂ। ਇਸ ਦਾ ਸਾਫ ਮਤਲਬ ਇਹੀ ਨਿਕਲਦਾ ਹੈ ਕਿ ਸਾਡਾ ਆਪਣੇ ਦਿਮਾਗ ਤੇ ਕੋਈ ਕੰਟਰੋਲ ਨਹੀਂ ਹੈ।

3.ਕੀ ਸਾਨੂੰ ਕਦੇ ਇਹ ਇਲਮ ਹੁੰਦਾ ਹੈ ਕਿ ਸਾਡੇ ਦਿਮਾਗ ਵਿੱਚ ਅਗਲਾ ਖਿਆਲ ਕਿਹੜਾ ਆਏਗਾ।

4.ਕੀ ਇਹ ਸੱਚ ਨਹੀਂ ਹੈ ਕਿ ਸਾਡੇ ਦਿਮਾਗ ਵਿੱਚ ਖਿਆਲ ਇੱਕ ਦਰਿਆ ਦੀ ਤਰ੍ਹਾਂ ਵਗਦੇ ਚਲੇ ਆ ਰਹੇ ਹਨ। ਇਹ ਦਰਿਆ ਕਿਥੌਂ ਸ਼ੁਰੂ ਹੁੰਦਾ ਹੈ ਕਿਧਰ ਨੂੰ ਜਾ ਰਿਹਾ ਹੈ ਇਸਦਾ ਸਾਨੂੰ ਕੋਈ ਇਲਮ ਨਹੀਂ ਹੈ। ਸਾਨੂੰ ਇਸਦਾ ਇਲਮ ਨਹੀਂ ਹੋ ਸਕਦਾ ਕਿਉਂਕਿ ਅਸੀ ਇਸ ਦਰਿਆ ਦੇ ਵਹਿਣ ਵਿੱਚ ਰੁੜਦੇ ਜਾ ਰਹੇ ਹਾਂ ਇਸਦੇ ਕੰਢੇ ਤੇ ਨਹੀਂ ਖੜੇ।

5.ਆਪਣੀ ਪਿਛਲੀ ਜ਼ਿੰਦਗੀ ਤੇ ਝਾਤੀ ਮਾਰੀਏ ਤਾਂ ਦੇਖੀਏ ਇਸ ਵਿੱਚ ਸਾਡੀ ਕਿੰਨੀ ਕੁ ਮਰਜ਼ੀ ਚਲੀ ਹੈ। ਅਗਰ ਅਸੀਂ ਕੁੱਝ ਠਾਣ ਕੇ ਕੀਤਾ ਹੈ ਤਾਂ ੳਸਦਾ ਟੁੰਬਣਾ ਕਿਸ ਨੇ ਲਾਇਆ। ਜੇ ਟੁੰਬਣਾ ਲਾਣ ਨਾਲ਼ ਕੁੱਝ ਠਾਣ ਕੇ ਕੀਤਾ ਤਾਂ ਉਹ ਵੀ ਸਾਡੀ ਆਪਣੀ ਮਰਜ਼ੀ ਤਾਂ ਨ ਹੋਈ।

ਹੁਣ ਤਕ ਦੀ ਕੀਤੀ ਵਿਚਾਰ ਤੇ ਯਾਤ ਮਾਰੀਏ ਤਾਂ ਅਸੀਂ ਸੰਖੇਪ ਵਿੱਚ ਇਹ ਕਹਿ ਸਕਦੇ ਹਾਂ ਕਿ ਪ੍ਰਚਲਤ ਧਰਮਾਂ ਦਾ ਇਸ ਵਿਸ਼ੇ ਤੇ ਨਜ਼ਰੀਆ ਸਵੈ ਵਿਰੋਧੀ ਹੈ। ਰੱਬ ਨੂੰ ਸਰਬਸ਼ਕਤੀਮਾਨ, ਸਰਬਗਿਆਤਾ ਕਹਿ ਕੇ ਬੰਦੇ ਨੂੰ ਪਾਪ ਪੁੰਨ ਕਰਨ ਦੀ ਖੁਲ ਵੀ ਦਿੰਦੇ ਨੇ। ਬਾਅਦ ਵਿੱਚ ਸਜ਼ਾ ਅਤੇ ਪਾਪ ਬਖਸ਼ਾਉਣ ਦਾ ਵੀ ਲੰਬਾ ਚੌੜਾ ਵਿਧੀ ਵਿਧਾਨ ਹੈ। ਵਿਗਿਆਨ ਹਰ ਕੰਮ ਨੂੰ ਨਿਰਧਾਰਿਤ ਮੰਨਦਾ ਹੈ। ਗੁਰਮਤਿ ਦਾ ਨਜ਼ਰੀਆ ਵੀ ਵਿਗਿਆਨ ਦੇ ਜ਼ਿਆਦਾ ਨੇੜੇ ਹੈ। ਪਰ ਜਿੱਥੇ ਵਿਗਿਆਨ ਹਰ ਕੰਮ ਨੂੰ ਫਿਜ਼ਿਕਸ ਦੇ ਕਨੂੰਨ ਤਹਿਤ ਨਿਰਧਾਰਤਿ ਮੰਨਦਾ ਹੈ ਗੁਰਮਤਿ ਨੇ ਇਸ ਨੂੰ ਲਿਵ ਅਤੇ ਧਾਤ ਦੇ ਸੰਕਲਪ ਰਾਹੀਂ ਬਿਆਨ ਕੀਤਾ ਹੈ।

ਸਾਇੰਸ ਨੇ ਤਜ਼ਰਬੇ ਕਰ ਕੇ ਇਹ ਹੁਣ ਸਾਬਤ ਕੀਤਾ ਹੈ ਕਿ ਸਾਡੇ ਸਭ ਦੇ ਦਿਮਾਗ ਵਿੱਚ ਦੋਹਰਾ ਅਮਲ ਜਾਂ ਪ੍ਰਕ੍ਰਿਆ ਨਿਰੰਤਰ ਚਲਦੀ ਰਹਿੰਦੀ ਹੈ। ਡੇਨੀਅਲ ਕਾਹਨਮੈਨ ਇੱਕ ਮਨੋਵਿਗਿਆਨੀ ਹੈ ਜਿਸ ਨੂੰ 2002 ਵਿੱਚ ਖਪਤਕਾਰ ਜਾਂ ਗਹਿਕ ਦੇ ਵਤੀਰੇ ਸਬੰਧੀ ਖੋਜ਼ ਲਈ ਅਰਥ ਸ਼ਾਸਤਰ ਦਾ ਨੋਬਲ ਇਨਾਮ ਦਿੱਤਾ ਗਿਆ ਸੀ। ਉਸਦਾ ਕਹਿਣਾ ਹੈ ਕਿ ਬੰਦੇ ਦੇ ਦੋ ਆਪੇ (self) ਹਨ। ਇੱਕ ਨੂੰ ਉਹ ਸਿਸਟਮ 1 ਆਖਦਾ ਹੇ ਅਤੇ ਦੂਜੇ ਨੂੰ ਸਿਸਟਮ 2. ਉਸਦੇ ਆਪਣੇ ਲਫ਼ਜ਼ਾਂ ਵਿੱਚ “The two characters were the intuitive system 1, which does the fast thinking, and the effortful and slower system 2, which does the slow thinking, monitors System 1,and maintains control as best as it can withing its limited resources.” (23) ਸੈਮ ਹੈਰਿਸ ਇੱਕ ਨਿਉਰੋ ਸਾਇੰਸਟਿਸਟ ਅਤੇ ਲਿਖਾਰੀ ਹੈ। ਉਸਦੀ ਇੱਕ ਕਿਤਾਬ Free Will ਬਹੁਤ ਮਸ਼ਹੂਰ ਹੋਈ ਹੈ। ਇਸ ਵਿੱਚ ਉਹ ਲਿਖਦਾ ਹੈ “We now know that at least two systems in the brain -often referred to as “dual processes”-govern human congintion, emotion, and behaviour. One is evolutionarily older, unconscious , slow to learn, and quick to respond; the other evolved more recently and is conscious, quick to learn, and slow to respond.” (24) ਗੁਰਮਤਿ ਵਿੱਚ ਜਿਹੜੇ ਦੋ ਰਾਹ (ਲਿਵ ਅਤੇ ਧਾਤ) ਦੱਸੇ ਗਏ ਨੇ ਉਹ ਵੀ ਦਿਮਾਗ ਦੀਆਂ ਇਹਨਾਂ ਦੋ ਪ੍ਰੀਕ੍ਰਿਆਵਾਂ ਜਾਂ ਪਰੋਸੈਸਿਜ਼ ਚੋਂ ਹੀ ਉਪਜਦੇ ਨੇ। ਧਾਤ ਦਿਮਾਗ ਦੇ ਸਿਸਟਮ 1 ਚੋਂ ਪੈਦਾ ਹੁੰਦੀ ਹੈ ਜਦਕਿ ਲਿਵ ਸਿਸਟਮ 2 ਦੀ ਉਪਜ਼ ਹੈ। ਮਨਮੁਖ ਸਿਸਟਮ 1 ਦੀ ਵਰਤੋ ਕਰਦਾ ਹੈ। ਗੁਰਮੁਖ ਸਿਸਟਮ 2 ਦੀ ਵਰਤੋ ਕਰਦਾ ਹੈ। ਇਹ ਇੱਕ ਆਮ ਕਹਾਵਤ ਵੀ ਹੈ (ਮੈ ਕਈਆਂ ਨੂੰ ਕਹਿੰਦੇ ਸੁਣਿਆ ਹੈ) ਕਿ ਕਚਿਹਰੀ ਵਿੱਚ ਬਾਅਦ ਦੁਪਹਿਰ ਹੋਏ ਫੈਸਲੇ ਵਿੱਚ ਅਕਸਰ ਸਜ਼ਾ ਹੋ ਜਾਂਦੀ ਹੈ। ਇਸਦਾ ਕਾਰਨ ਇੱਕ ਮਨੋਵਿਗਿਆਨਿਕ ਸਚਾਈ ਹੈ। (25) ਜਦੋ ਜੱਜ ਥੱਕੇ ਹੋਣ ਜਾਂ ਭੁੱਖੇ ਹੋਣ ਉਦੋ ਉਹ ਦਿਮਾਗ ਤੇ ਜ਼ੋਰ ਪਾ ਕੇ ਸੱਚ ਝੂਠ ਜਾਨਣ ਦੀ ਵਜਾਏ ਸੌਖਾ ਰਾਹ ਅਪਣਾ ਸਜਾ ਹੀ ਸੁਣਾ ਦਿੰਦੇ ਹਨ। ਭੁੱਖੇ ਜੱਜ ਸਹਿਬਾਨ ਸਿਸਟਮ 2 ਦੀ ਵਰਤੋ ਕਰਨ ਦੀ ਵਜਾਏ ਸਿਸਟਮ 1 ਦੀ ਵਰਤੋਂ ਕਰਕੇ ਬੁੱਤਾ ਸਾਰ ਲੈਂਦੇ ਨੇ।

ਅਮਰੀਕਾ ਦੀ ਸਟੈਨਫੋਰਡ ਯੂਨਵਿਰਸਟੀ ਵਿੱਚ ਮਨੋਵਿਗਿਆਨੀ ਵਾਲਟਰ ਮਿੱਸ਼ਚਲ ਨੇ 1990 ਵਿੱਚ ਇੱਕ ਤਜ਼ਰਬਾ ਕੀਤਾ ਜੋ ਮਾਰਸ਼ਮੈਲੋ ਤਜ਼ਰਬੇ (Marshmallow Experiment) ਦੇ ਨਾਮ ਨਾਲ ਬਹੁਤ ਮਸ਼ਹੂਰ ਹੈ। (26) ਇਹ ਤਜ਼ਰਬਾ ਬਹੁਤ ਹੀ ਦਿਲਚਸਪ ਹੈ। ਵਾਲਟਰ ਮਿੱਸ਼ਚਲ ਨੇ ਛੋਟੇ ਛੋਟੇ ਬੱਚਿਆਂ ਨੂੰ ਇੱਕ ਕਮਰੇ ਵਿੱਚ ਇੱਕ ਪਲੇਟ ਵਿੱਚ ਇੱਕ ਮਾਰਸ਼ਮੈਲੋ (ਬੱਚਿਆਂ ਦੀ ਇੱਕ ਬਹੁਤ ਹੀ ਪਸੰਦੀਦਾ ਮਿਠਾਈ) ਦੇ ਕੇ ਇਕੱਲਿਆਂ ਛੱਡ ਦਿੱਤਾ। ਨਾਲ ਹੀ ਉਹਨਾਂ ਨੂੰ ਇਹ ਕਿਹਾ ਗਿਆ ਕਿ ਅਗਰ ਉਹ 20 ਮਿੰਟ ਤਕ ਇਸ ਨੂੰ ਨਹੀਂ ਖਾਣਗੇ ਤਾਂ ਉਨ੍ਹਾ ਨੂੰ ਇੱਕ ਹੋਰ ਮਾਰਸ਼ਮੈਲੋ ਖਾਣ ਲਈ ਦਿੱਤਾ ਜਾਵੇਗਾ। ਬੱਚੇ ਹੁਣ ਮਨ ਵਿੱਚ ਸੰਘਰਸ਼ ਕਰ ਰਹੇ ਨੇ ਕਿ ਖਾਵੇ ਕਿ ਨ ਖਾਵੇ। ਕਈ ਬਹੁਤ ਹੀ ਹਾਸੇ ਵਾਲੀਆਂ ਹਰਕਤਾਂ ਕਰਦੇ ਨੇ। ਕੁੱਝ ਖਾ ਲੈਂਦੇ ਨੇ, ਕੁੱਝ ਸਬਰ ਕਰ ਲੈਂਦੇ ਨੇ ਕੁੱਝ ਅੱਧ ਵਿਚਾਲੇ ਰਹਿ ਜਾਂਦੇ ਨੇ। ਜਿਹੜੇ ਬੱਚਿਆਂ ਨੇ ਇਸ ਤਜ਼ਰਬੇ ਵਿੱਚ ਭਾਗ ਲਿਆ ਉਹਨਾਂ ਦੀ ਜ਼ਿੰਦਗੀ ਤੇ ਬਾਅਦ ਵਿੱਚ ਲਗਾਤਾਰ ਨਿਰੰਤਰ ਨਜ਼ਰ ਰੱਖ ਕੇ ਘੋਖ ਪੜਤਾਲ ਕੀਤੀ ਗਈ ਜਿਸ ਤੋਂ ਇਹ ਸਾਬਤ ਹੋਇਆ ਕਿ ਜਿਹੜੇ ਬੱਚੇ ਸਬਰ ਕਰਨ ਵਿੱਚ ਕਾਮਯਾਬ ਹੋਏ ਸਨ ਉਹ ਬੱਚੇ ਜ਼ਿੰਦਗੀ ਵਿੱਚ ਵੀ ਕਾਮਯਾਬ ਰਹੇ ਸਨ। ਜਦਕਿ ਦੂਸਰੇ ਜ਼ਿੰਦਗੀ ਵਿੱਚ ਭਟਕ ਕੇ ਗਲਤ ਰਸਤੇ ਪੈ ਗਏ। ਇਸ ਤਜ਼ਰਬੇ ਤੋਂ ਵੀ ਸਾਨੂੰ ਗੁਰਮਤਿ ਵਾਲੀ ਸੇਧ ਹੀ ਮਿਲਦੀ ਹੈ। ਜਿਹੜੇ ਬੱਚੇ ਧਾਤ ਵੱਸ ਹੋ ਆਪਣੇ ਆਪ ਤੇ ਕਾਬੂ ਖੋ ਬੈਠੇ ਉਹ ਇਸ ਤਜ਼ਰਬੇ ਵਿੱਚ ਅਤੇ ਬਾਅਦ ਵਿੱਚ ਜ਼ਿੰਦਗੀ ਅੰਦਰ ਕਾਮਜ਼ਾਬ ਨਹੀਂ ਹੋਏ। ਜਿਹਨਾਂ ਬੱਚਿਆਂ ਨੇ ਲਿਵ ਰਾਹੀ ਆਪਣੇ ਆਪ ਤੇ ਕਾਬੂ ਪਾ ਲਿਆ ਉਹਨਾਂ ਹਰ ਮੈਦਾਨ ਫਤਿਹ ਹਾਸਲ ਕੀਤੀ। ਕਿਉਂਕਿ ਗੁਰਮਤਿ ਅਨੁਸਾਰ ਜ਼ਿੰਦਗੀ ਵਿੱਚ ਕਾਮਯਾਬ ਹੋਣ ਲਈ ਭਾਵਨਾਵਾਂ ਦੇ ਵਹਿਣ ਵਿੱਚੋਂ ਨਿਕਲ ਕੇ ਅਕਲ ਅਤੇ ਬਿਬੇਕ ਬੁਧ ਤੋ ਕੰਮ ਲੈਣ ਦੀ ਜ਼ਰੂਰਤ ਹੈ। ਇਥੋਂ ਤਕ ਕਿ ਦਾਨ ਵੀ ਅਕਲ ਨਾਲ ਕਰਨ ਲਈ ਕਿਹਾ ਹੈ, ਪੂਜਾ ਪਾਠ ਵੀ ਅਕਲ ਨਾਲ ਕਰਨ ਲਈ ਕਿਹਾ ਹੈ। ਸਾਨੂੰ ਪੈਰ ਪੈਰ ਤੇ ਗੁਰੂ ਦੀ ਗੱਲ ਮੰਨਣ ਲਈ ਕਹਿਣਾ, ਮਤਲਬ ਹਮੇਸ਼ਾਂ ਬਿਬੇਕ ਬੁਧ ਤੋਂ ਕੰਮ ਲੈਣਾ, ਇਸ ਗਲ ਦਾ ਸਬੂਤ ਹੈ। ਗੁਰੂ ਗਿਆਨ ਨਾਲ ਹੀ ਅਸੀਂ ਧਾਤ ਦੇ ਘੋੜੇ ਨੂੰ ਲਗਾਮ ਪਾ ਸਕਦੇ ਹਾਂ। ਇਥੇ ਕਨੇਡਾ ਦੀ ਵਿਗਿਆਨੀ ਪਟਰੀਸ਼ੀਆ ਚਰਚਲੈਂਡ (Patricia Churchland) ਦੀ ਗੱਲ ਵੀ ਢੁਕਵੀਂ ਹੈ। ਉਸਦਾ ਮੰਨਣਾ ਹੈ ਕਿ ਖੁਦਮੁਖਤਿਆਰੀ ਅਤੇ ਨਿਸਚੇਵਾਦ ਦੀ ਗੁੰਝਲ ਦਾ ਹੱਲ ਲੱਭਣ ਲਈ ਸਾਨੂੰ ਇਹ ਬਹਿਸ ਨਹੀਂ ਕਰਨੀ ਚਾਹੀਦੀ ਕਿ ਕਾਰਜ ਦਾ ਕਾਰਣ ਕਿੱਥੇ ਹੈ ਬਲਕਿ ਚੇਤਾਵਿਗਿਆਨ ਜਾਂ ਤੰਤਵਿਗਆਨ ਰਾਹੀ ਇਹ ਲੱਭਣਾ ਚਾਹੀਦਾ ਹੈ ਕਿ ਸਾਡੇ ਕਾਰਜ ਤੇ ਸਾਡਾ ਕਿੰਨਾ ਕੁ ਵੱਸ ਚਲਿਆ ਹੈ। ਭਾਵ ਸਾਡਾ ਆਪਣੇ ਆਪ ਤੇ ਕਿੰਨਾ ਕੁ ਕਾਬੂ ਹੈ। (27)

ਡੈਨੀਅਲ ਡੈਨਿਟ ਨੇ ਇਸੇ ਵਿਸ਼ੇ ਤੇ ਕਾਫੀ ਕੁੱਝ ਲਿਖਿਆ ਹੈ। (28) ਡੈਨਿਟ ਦਾ ਅਜ਼ਾਦ ਇੱਛਾ ਜਾਂ ਖੁਦਮੁਖਤਿਆਰੀ ਅਤੇ ਚੇਤਨਾ ਵਾਰੇ ਆਪਣਾ ਅੱਡ ਨਜ਼ਰੀਆ ਹੈ। ਉਹ ਆਪਣੀ ਕਿਤਾਬ “From Bacteria to Back and Back” ਵਿੱਚ ਕਹਿੰਦਾ ਹੈ ਕਿ “Consciousness exists, but just isn’t what some folks think it is;and free will exists, but it is also not what many think it must be…..Consciousness is not a nonphysical phenomenon and free will is not a phenomenon isolated from causation.” ਡੈਨਿਟ ਮੁਤਾਬਿਕ ਚੇਤਨਾ ਨੂੰ ਪਰਾਭੌਤਿਕ ਰੂਹ ਜਾਂ ਆਤਮਾ ਨਾਲ ਨਹੀਂ ਜੋੜਿਆ ਜਾ ਸਕਦਾ ਅਤੇ ਅਜ਼ਾਦ ਇੱਛਾ ਵੀ ਆਪਣੇ ਆਪ ਬਿਨਾ ਕਿਸੇ ਕਾਰਨ ਤੋਂ ਨਹੀਂ ਪੈਦਾ ਹੁੰਦੀ। ਵਿਗਿਆਨ ਦੀ ਮਿਹਰਬਾਨੀ ਨਾਲ ਜਿਉਂ ਜਿਉਂ ਸਾਨੂੰ ਆਪਣੇ ਦਿਮਾਗ ਦੀ ਸਮਝ ਆਉਂਦੀ ਜਾਂਦੀ ਹੈ, ਇਨਸਾਨ ਦੇ ਕੁਦਰਤੀ ਵਿਕਾਸ ਦਾ ਪਤਾ ਚਲਦਾ ਹੈ ਤਿਵੇਂ ਤਿਵੇਂ ਇਹ ਧਾਰਣਾ ਹੋਰ ਵੀ ਪੱਕੀ ਹੁਂਦੀ ਜਾਂਦੀ ਹੈ ਕਿ ਬੰਦੇ ਬੰਦੇ ਵਿੱਚ ਅਤੇ ਬੰਦੇ ਅਤੇ ਹੋਰ ਜੀਵ ਜੰਤੂਆਂ ਵਿੱਚ ਫਰਕ ਕਿਸੇ ਆਤਮਾ ਦਾ ਫਰਕ ਨਹੀਂ ਬਲਕਿ ਦਿਮਾਗ ਦੀ ਬਣਤਰ ਵਿਚਲੇ ਫਰਕ ਕਰਕੇ ਹੈ। ਉਸਦਾ ਕਹਿਣਾ ਹੈ ਕਿ ਕਰੋੜਾਂ ਸਾਲਾਂ ਤੋ ਧਰਤੀ ਤੇ ਜੀਵਨ ਚਲ ਰਿਹਾ ਹੈ। ਸ਼ੁਰੂ ਸ਼ੁਰੂ ਵਿੱਚ ਭਾਵ ਜਦੋਂ ਜੀਵਨ ਸਿਰਫ ਬਕਟੀਰੀਆ ਦੇ ਸਤਰ ਤਕ ਹੀ ਸੀ ਉਦੋਂ ਕੋਈ ਅਜਾਦ ਇੱਛਾ ਨਹੀ ਸੀ। ਪਰ ਹੁਣ ਹੈ। ਇਸ ਦੋਰਾਨ ਸਾਇੰਸ ਨਹੀਂ ਬਦਲੀ ਭਾਵ ਫਿਜਿਕਸ ਦੇ ਕਨੂੰਨ ਉਦੋ ਵੀ ਉਹੀ ਸਨ ਅਤੇ ਹੁਣ ਵੀ ਉਹੋ ਹਨ। ਪਰ ਹੁਣ ਚੇਤਨਤਾ ਪੈਦਾ ਹੋ ਗਈ ਹੈ। ਇਹ ਚੇਤਨਤਾ ਮਨੁੱਖੀ ਦਿਮਾਗ ਦੇ ਵਿਕਸਤ ਹੋਣ ਨਾਲ ਪੈਦਾ ਹੋਈ ਹੈ। ਇਸੇ ਚੇਤਨਤਾ ਵਿੱਚੋਂ ਅਜਾਦ ਇੱਛਾ ਪੈਦਾ ਹੁੰਦੀ ਹੈ। ਅਸੀਂ ਦੇਖ ਰਹੇ ਹਾਂ ਕਿ ਡੈਨਿਟ ਦੇ ਵਿਚਾਰ ਵੀ ਗੁਰਮਤਿ ਦੇ ਲਿਵ ਅਤੇ ਧਾਤ ਦੇ ਸੰਕਲਪ ਤੋਂ ਦੂਰ ਨਹੀਂ ਹਨ।

ਇਸਦੇ ਨਾਲ ਹੀ ਇਹ ਸਵਾਲ ਉੱਠਦਾ ਹੈ ਕਿ ਜਦੋ ਬੰਦਾ ਆਪਣੇ ਮਨ ਚ ਕੋਈ ਨਿਰਨਾ ਕਰਦਾ ਹੈ, ਕੋਈ ਗਲ ਮਿੱਥ ਕੇ ਕਰਦਾ ਹੈ ਕੀ ਇਸ ਵਿੱਚ ਤਾਂ ਵੀ ਉਸਦੀ ਕੋਈ ਮਰਜੀ ਜਾਂ ਅਜ਼ਾਦ ਇੱਛਾ ਨਹੀਂ ਹੈ। ਮਿਸਾਲ ਦੇ ਤੌਰ ਤੇ ਕੋਈ ਇਹ ਧਾਰ ਲੈਂਦਾ ਹੈ ਕਿ ਉਸ ਨੇ ਜੋ ਮਰਜ਼ੀ ਹੋ ਜ਼ਾਏ ਪਰ ਆਈ ਏ ਐੱਸ ਦਾ ਇਮਤਹਾਨ ਪਾਸ ਕਰ ਡੀਸੀ ਲੱਗਣਾ ਹੈ। ਉਹ ਇਸ ਵਿੱਚ ਕਾਮਯਾਬ ਵੀ ਹੋ ਜਾਂਦਾ ਹੈ। ਪਰ ਉਸਦੀ ਇਸ ਧਾਰਨਾ ਪਿੱਛੇ ਕਿਹੜੀ ਸ਼ਕਤੀ ਕੰਮ ਕਰਦੀ ਹੈ ਇਹ ਸਮਝ ਆਉਣ ਤੇ ਸਾਨੂੰ ਇਹ ਪਤਾ ਲਗਦਾ ਹੈ ਕਿ ਇਸ ਵਿੱਚ ਵੀ ਉਸਦੀ ਮਰਜ਼ੀ ਨਹੀਂ ਸੀ। ਹੋ ਸਕਦਾ ਉਸ ਨੂੰ ਕਿਸੇ ਰੋਲ ਮਾਡਲ ਨੇ ਪ੍ਰੇਰਿਆ ਹੋਵੇ। ਇਹ ਪ੍ਰੇਰਨਾ ਮਨ ਚ ਕਿਵੇਂ ਪੈਦਾ ਹੋਈ ਇਹ ਇੱਕ ਭੇਦ ਹੀ ਹੈ। ਸੈਮ ਹੈਰਿਸ ਆਪਣੀ ਕਿਤਾਬ ਫਰੀ ਵਿੱਲ ਵਿੱਚ ਲਿਖਦਾ ਹੈ “Choices, efforts, intentions, and reasoning influence our behaviour-but they are themselves part of a chain of causes that precede conscious awareness and over which we exert no ultimate control….I do not choose to choose what I choose.” (29) ਮਿੱਥ ਕੇ ਕੋਈ ਮੰਜ਼ਲ ਸਰ ਕਰਨ ਵੇਲੇ ਅਸੀਂ ਆਪਣੇ ਦਿਮਾਗ ਦਾ ਸਿਸਟਮ 2 ਇਸਤੇਮਾਲ ਕਰਦੇ ਹਾਂ। ਭਾਵ ਬਿਬੇਕ ਬੁਧ ਦੀ ਵਰਤੋ ਕਰਦੇ ਹਾਂ।

ਹੁਣ ਤਕ ਦੀ ਵਿਚਾਰ ਤੋਂ ਸਾਨੂੰ ਇਹ ਹੀ ਸਿੱਟਾ ਮਿਲਦਾ ਹੈ ਕਿ ਅਜ਼ਾਦ ਇੱਛਾ ਜਾਂ ਫਰੀ ਵਿੱਲ ਨਾਂ ਦੀ ਕੋਈ ਚੀਜ਼ ਨਹੀਂ ਹੈ। ਫਿਰ ਸਵਾਲ ਪੈਦਾ ਹੁੰਦਾ ਹੈ ਅਗਰ ਇਹ ਸੱਚ ਹੈ ਤਾਂ ਕੀ ਕੋਈ ਆਪਣੇ ਕੀਤੇ ਲਈ ਜੁੰਮੇਵਾਰ ਵੀ ਹੈ। ਇਸ ਦੇ ਦੋ ਪਹਿਲੂ ਹਨ। ਨਿਰਧਾਰਿਤਵਾਦ ਨੂੰ ਕਿਸਮਤ ਜਾਂ ਪ੍ਰਾਲਬੱਧ ਮੰਨਣਾ। ਦੂਸਰਾ ਆਪਣੀ ਜਿੰਮੇਵਾਰੀ ਤੋਂ ਭੱਜਣ ਦਾ ਬਹਾਨਾ ਬਣਾਉਣਾ। ਆਉ ਹੁਣ ਇਸਤੇ ਵੀ ਵਿਚਾਰ ਕਰੀਏ।

ਨਿਰਧਾਰਿਤਵਾਦ ਜਾਂ ਕਿਸਮਤ

ਨਿਰਧਾਰਿਤਵਾਦ ਨੂੰ ਅਕਸਰ “ਧਾਰਮਿਕ” ਵਿਰਤੀ ਵਾਲੇ ਲੋਕ ਕਿਸਮਤ ਕਹਿੰਦੇ ਨੇ। ਇਹ ਅਕਸਰ ਸੁਣਿਆ ਜਾ ਸਕਦਾ ਹੈ ਕਿ ਭਾਈ ਜੋ ਕਿਸਮਤ ਵਿੱਚ ਲਿਖਿਆ ਹੋਇਆ ਹੁੰਦਾ ਹੈ (ਚੰਗਾ ਜਾ ਮਾੜਾ) ਉਹ ਮਿਲ ਹੀ ਜਾਂਦਾ ਹੈ। ਇਸ ਨੂੰ ਪ੍ਰਾਲਬੱਧ (Fatalism) ਵੀ ਕਿਹਾ ਜਾਂਦਾ ਹੈ। ਪ੍ਰਚਲਤ ਧਰਮ (ਜਿਨ੍ਹਾਂ ਵਿੱਚ ਸਿੱਖ ਧਰਮ ਜੋ ਅਜੋਕੇ ਸਮੇ ਵਿੱਚ ਗੁਰਦਵਾਰਿਆਂ ਵਿੱਚ ਪੇਸ਼ ਕੀਤਾ ਜਾਂਦਾ ਹੈ ਵੀ ਸ਼ਾਮਲ ਹੈ) ਇਸ ਦੀ ਜ਼ੋਰਦਾਰ ਪ੍ਰੋੜਤਾ ਕਰਦੇ ਨੇ। ਵਿਗਿਆਨ ਨਿਰਧਾਰਿਤਵਾਦ ਨੂੰ ਪ੍ਰਾਲਬੱਧ ਜਾਂ ਕਿਸਮਤ ਨਾਲ ਨਹੀ ਜੋੜਦਾ। ਵਿਗਿਆਨ ਦਾ ਨਿਰਧਾਰਿਤਵਾਦ ਕੁਦਰਤ ਦੇ ਬੱਝਵੇ ਨਿਯਮ ਹਨ ਜਿਨ੍ਹਾ ਨੂੰ ਅਗਰ ਸਮਝ ਕੇ ਜਿੰਦਗੀ ਬਸਰ ਕਰੀਏ ਤਾਂ ਅਸੀਂ ਸੌਖੇ ਰਹਾਂਗੇ। ਇੱਕ ਤਾਜ਼ਾ ਮਿਸਾਲ ਨਾਲ ਇਸ ਗੱਲ ਨੂੰ ਸਮਝਦੇ ਹਾਂ। ਕੁੱਝ ਦੇਰ ਪਹਿਲਾਂ ਦੀ ਹੀ ਗਲ ਹੈ ਕਿ ਥਾਈਲੈਂਡ ਦੇ ਛੋਟੇ ਛੋਟੇ 12 ਫੁਟਬਾਲ ਖਿਡਾਰੀ ਅਤੇ ਉਹਨਾਂ ਦਾ ਕੋਚ ਇੱਕ ਗੁਫਾ (Tham Luang caves) ਵਿੱਚ ਫਸ ਗਏ ਜੋ ਪਾਣੀ ਨਾਲ ਭਰ ਗਈ ਅਤੇ ਉਹਨਾਂ ਦੇ ਬਾਹਰ ਆਉਣ ਦੇ ਸਾਰੇ ਰਸਤੇ ਬੰਦ ਹੋ ਗਏ। ਉਹਨਾਂ ਦਾ ਮਰਨਾ ਨਿਸ਼ਚਤ ਸੀ ਅਗਰ ਉਹਨਾਂ ਨੂੰ ਬਾਹਰ ਨਾ ਕੱਢਿਆ ਗਿਆ। ਇੱਥੇ ਵਿਗਿਆਨ ਨੇ ਆਪਣਾ ਕੰਮ ਕਰਨਾ ਸ਼ੁਰੂ ਕੀਤਾ। ਜਿਸ ਵਿੱਚ ਵੱਖ ਵੱਖ ਮੁਲਖਾਂ ਦੇ ਮਾਹਰ ਸ਼ਾਮਲ ਹੋਏ। ਕਈ ਉਪਚਾਰ ਫੇਲ ਵੀ ਹੋਏ। ਇੱਕ ਗੋਤੇਖੋਰ ਮਾਰਿਆ ਵੀ ਗਿਆ। ਆਖਰ ਵਿੱਚ ਵਿਗਿਆਨ ਕੁਦਰਤ ਦੇ ਨਿਯਮਾਂ ਦੀ ਸਮਝ ਦੀ ਵਰਤੋਂ ਕਰ ਕੇ ਉਹਨਾਂ ਨੂੰ ਬਾਹਰ ਕੱਢਣ ਵਿੱਚ ਸਫਲ ਰਿਹਾ। ਦੁਨੀਆਂ ਭਰ ਵਿੱਚ ਲੋਕ ਇਸ ਮਿਸ਼ਨ ਨੂੰ ਬੜੀ ਬੇਤਾਬੀ ਨਾਲ ਦੇਖ ਰਹੇ ਸਨ। ਉਹਨਾਂ ਬਚਾਉਣ ਵਾਲੀ ਟੀਮ ਦੀ ਰੱਜ਼ ਕੇ ਸ਼ਲਾਘਾ ਕੀਤੀ। ਸੁਣਦੇ ਹਾਂ ਇਸ ਮਿਸ਼ਨ ਤੇ ਇੱਕ ਫਿਲਮ ਬਣਾਉਣ ਦੀ ਵੀ ਯੋਜਨਾ ਬਣ ਰਹੀ ਹੈ। ਅਸਟ੍ਰੇਲੀਆ ਨੇ ਆਪਣੇ ਨਾਗਰਕਾਂ ਨੂੰ ਜੋ ਇਸ ਮਿਸ਼ਨ ਵਿੱਚ ਸ਼ਾਮਲ ਸਨ ਬਹਾਦਰੀ ਦੇ ਤਗਮੇ ਦੇ ਕਿ ਸਨਮਾਨਤ ਕੀਤਾ। ਜਿਨ੍ਹਾਂ ਵਿੱਚੋ ਰਿਚਰਡ ਹੈਰਿਸ ਅਤੇ ਕਰੇਗ ਚੈਲਨ ਨੂੰ ਤਾਂ ਸਟਾਰ ਆਫ ਕੱਰਿਜ਼ (Star of Courage) ਦਾ ਇਨਾਮ ਦਿੱਤਾ ਗਿਆ। ਮਜ਼ੇ ਦੀ ਗਲ ਇਹ ਹੈ ਕਿ ਇਸ ਮਿਸ਼ਨ ਦੀ ਕਾਮਯਾਬੀ ਤੋਂ ਬਾਅਦ ਧਰਮ ਹਰਕਤ ਵਿੱਚ ਆਇਆ। ਸ਼ੁਕਰਾਨੇ ਵਜੋਂ ਇਨ੍ਹਾਂ ਸਾਰੇ ਬੱਚਿਆਂ ਨੇ ਸਿਰ ਮੁਨਾ ਕੇ ਪੂਜਾ ਪਾਠ ਕੀਤੀ ਅਤੇ 9 ਦਿਨਾਂ ਲਈ ਭਿਕਸ਼ੂ ਬਣ ਗਏ ਤਾਂ ਜੋ ਰੱਬ ਦਾ ਸ਼ੁਕਰਾਨਾ ਕੀਤਾ ਜਾ ਸਕੇ। (30) ਮੈ ਉੱਪਰ ਗੱਲ ਕੀਤੀ ਸੀ ਕਿ ਧਰਮ ਕੋੜੀ ਕੌੜੀ ਥੂ ਅਤੇ ਮਿੱਠੀ ਹੜੱਪ ਦੀ ਨੀਤੀ ਅਪਣਾਉਂਦਾ ਹੈ। ਇਹ ਇਸ ਦੀ ਇੱਕ ਤਾਜ਼ਾ ਮਿਸਾਲ ਹੈ। ਇਸੇ ਤਰ੍ਹਾਂ ਕੁਦਰਤੀ ਆਫਤਾਂ ਨੂੰ ਵੀ ਧਰਮ ਵਲੋਂ ਰੱਬ ਦੀ ਕਰੋਪੀ ਕਿਹਾ ਜਾਂਦਾ ਸੀ/ਹੈ। ਪਰ ਵਿਗਿਆਨ ਨੇ ਕੁਦਰਤ ਦੇ ਕਨੂੰਨ ਦੀ ਸਮਝ ਨਾਲ ਇਨ੍ਹਾਂ ਆਫਤਾਂ ਤੋਂ ਬਚਣ ਦੇ ਰਸਤੇ ਕੱਢੇ ਹਨ। ਗੁਰਮਤਿ ਵਿੱਚ ਵੀ ਨਿਰਧਾਰਿਤਵਾਦ ਨੂੰ ਪ੍ਰਾਲਬੱਧ ਨਹੀਂ ਕਿਹਾ ਗਿਆ। ਗੁਰਮਤਿ ਦਾ ਨਿਰਧਾਰਿਤਵਾਦ ਲਈ ਲਫ਼ਜ਼ “ਹੁਕਮ” ਹੈ। ਹੁਕਮ ਅਤੇ ਕਿਸਮਤ ਵਿੱਚ ਬਹੁਤ ਫਰਕ ਹੈ। ਹੁਕਮ ਇੱਕ ਨਿਰੰਤਰ ਵਰਤਾਰਾ ਹੈ ਜਦਕਿ ਕਿਸਮਤ ਇੱਕ ਮਿਥੀ ਹੋਈ ਤਹਿਸ਼ੁਦਾ ਹਕੀਕਤ ਮੰਨੀ ਜਾਂਦੀ ਹੈ ਜੋ ਬਦਲ ਨਹੀ ਸਕਦੀ। ਕਿਸਮਤ ਨੂੰ ਸਮਝ ਕੇ ਕੁੱਝ ਹਾਸਲ ਨਹੀਂ ਹੁੰਦਾ ਪਰ ਹੁਕਮ ਨੂੰ ਬੁਝ ਕੇ ਬਹੁਤ ਕੁੱਝ ਹਾਸਲ ਹੁੰਦਾ ਹੈ। ਬਲਕਿ ਗੁਰਮਤਿ ਤਾਂ ਇਥੌਂ ਤਕ ਕਹਿੰਦੀ ਹੈ ਕਿ ਸਭ ਕੁੱਝ ਹਾਸਲ ਹੋ ਜਾਂਦਾ ਹੈ ਕਿਉਂਕਿ ਹਉਮੇ ਖਤਮ ਹੋ ਜਾਂਦੀ ਹੈ। ਅਗਰ ਅਸੀਂ ਨਿਰਧਾਰਿਤਵਾਦ ਵਿੱਚ ਯਕੀਨ ਕਰਦੇ ਹਾਂ ਤਾਂ ਵੀ ਸਾਡੀ ਹਉਮੇ ਦੂਰ ਹੁੰਦੀ ਹੈ ਕਿਉਂਕਿ ਜਦ ਕੋਈ ਵੀ ਸ਼ਖਸ ਸਾਰੇ ਕਾਰਜ ਆਪਣੇ ਵਸੋਂ ਬਾਹਰੇ ਕਾਰਨਾ ਕਰਕੇ ਕਰਦਾ ਹੈ ਤਾਂ ਫਿਰ ਉਸਤੇ ਗੁੱਸਾ ਗਿਲਾ ਜਾਂ ਮਾਣ ਕਾਹਦਾ। ਦੁਸਰੇ ਕਿਸਮਤ ਜਾਂ ਪ੍ਰਾਲਬੱਧ ਆਲਸ ਲਈ ਪ੍ਰੇਰਦੇ ਨੇ ਜਦਕਿ ਗੁਰਮਤਿ ਉਦਮ ਕਰਨ ਲਈ ਕਹਿੰਦੀ ਹੈ। ਜੋ ਵੀ ਗੁਰਮਤਿ ਸਮਝਦਾ ਹੈ ਉਹ ਇਹ ਨਹੀਂ ਕਹਿੰਦਾ ਕਿ ਜੋ ਉਸ ਦੀ ਕਿਸਮਤ ਵਿੱਚ ਸੀ ਮਿਲ ਗਿਆ ਬਲਕਿ ਇਹ ਕਹਿੰਦਾ ਹੈ ਕੇ ਕਰਤਾਰ ਦੀ ਬਖਸ਼ਿਸ਼ ਨਾਲ ਜੋ ਵੀ ਉਸਨੇ ਉੱਦਮ ਕੀਤਾ ਉਸ ਦਾ ਹੀ ਉਸ ਨੂੰ ਫਲ ਮਿਲਿਆ। ਉਹ ਆਪਣੇ ਕਰਮਾਂ ਤੋਂ ਸਿਵਾ ਕਿਸੇ ਨੂੰ ਵੀ ਦੋਸ਼ ਨਹੀਂ ਦਿੰਦਾ। ਉਹ ਉਦਮ ਵੀ ਕਰਦਾ ਹੈ ਪਰ ਨਾਲ ਹੀ ਕੋਈ ਚਿੰਤਾ ਵੀ ਨਹੀਂ ਕਰਦਾ ਕਿਉਂਕਿ ਗੁਰਮਤਿ ਉਸਨੂੰ ਸਬਰ ਕਰਨਾ ਵੀ ਸਿਖਾਉਂਦੀ ਹੈ। ਸੋ ਗੁਰਮਤਿ ਕਿਸਮਤ ਜਾਂ ਪ੍ਰਤਲਬੱਧ ਨੂ ਮੁਢੋ ਹੀ ਰੱਦ ਕਰਦੀ ਹੈ।

ਨੈਤਿਕ ਜੁੰਮੇਵਾਰੀ

ਇਸਦੇ ਨਾਲ ਹੀ ਸਵਾਲ ਉਠਦਾ ਹੈ ਕਿ ਜਦ ਆਪਾਂ ਕਿਸੇ ਨੂੰ ਕੀਤੇ ਕਾਰੇ ਲਈ ਜੁੰਮੇਵਾਰ ਹੀ ਨਹੀਂ ਮੰਨਦੇ ਤਾਂ ਫਿਰ ਸਜ਼ਾ ਕਾਹਦੀ ਦਿੰਦੇ ਹਾਂ। ਦੁਨੀਆਂ ਵਿੱਚ ਅਦਾਲਤਾਂ ਕਿਸ ਕੰਮ ਲਈ ਬਣੀਆਂ ਹਨ। ਇੰਨ੍ਹੇ ਵੱਡੇ ਵੱਡੇ ਵਕੀਲ ਇੰਨ੍ਹੀਆਂ ਵੱਡੀਆਂ ਫੀਸਾਂ ਕਿਸ ਲਈ ਲੈਂਦੇ ਨੇ। ਅਗਰ ਹਰ ਕੰਮ ਪੂਰਬ ਕਾਰਣਾ ਕਰਕੇ ਨਿਰਧਾਰਿਤ ਹੈ ਤਾਂ ਇਸ ਦਾ ਮਤਲਬ ਇਹ ਨਹੀਂ ਕਿ ਉਹ ਕੰਮ ਕਰਨ ਵਾਲਾ ਉਸ ਕੰਮ ਲਈ ਜੁੰਮੇਵਾਰ ਨਹੀਂ ਹੈ। ਅਗਰ ਤੁਸੀਂ ਪੂਰਬ ਨਿਰਧਾਰਿਤ ਕਾਰਨਾਂ ਕਰਕੇ ਜੁਰਮ ਕਰਦੇ ਹੋ ਤਾਂ ਇਸਦਾ ਮਤਲਬ ਇਹ ਨਹੀਂ ਹੈ ਕਿ ਜੋ ਉਸ ਜੁਰਮ ਦਾ ਸ਼ਿਕਾਰ ਹੈ ਉਸ ਨੂੰ ਕੋਈ ਬਚਾਅ ਦਾ ਅਧਿਕਾਰ ਨਹੀਂ ਹੈ। ਪ੍ਰਚਲਤ ਧਰਮਾਂ ਵਿੱਚ ਅਜ਼ਾਦ ਇੱਛਾ ਜਾਂ ਖੁਦਮੁਖਤਿਆਰੀ ਰਾਹੀਂ ਪਾਪ ਨੂੰ ਜ਼ਾਇਜ਼ ਠਹਿਰਾ ਕੇ ਸਜ਼ਾ ਦਾ ਵਿਧੀ ਵਿਧਾਨ ਬਣਾਇਆ ਗਿਆ ਹੈ। ਜੋ ਕਿਸੇ ਤਰ੍ਹਾਂ ਵੀ ਸਮੱਸਿਆ ਦਾ ਹੱਲ ਨਹੀਂ ਹੈ। ਇਸ ਮਸਲੇ ਨੂੰ ਇੱਕ ਹੋਰ ਪਹਿਲੂ ਤੋਂ ਦੇਖੋ। ਇਹ ਇੱਕ ਆਮ ਗੱਲ ਹੈ ਕਿ ਅਗਰ ਕੋਈ ਬੱਚਾ ਗਲਤੀ ਕਰੇ ਅਸੀਂ ਉਸ ਨੂੰ ਉਤਨੀ ਵੱਡੀ ਗਲਤੀ ਨਹੀਂ ਮੰਨਦੇ ਜਿੰਨੀ ਵੱਡੀ ਗਲਤੀ ਸਿਆਣੇ ਬੰਦੇ ਦੀ ਮੰਨੀ ਜਾਂਦੀ ਹੈ। ਅਦਾਲਤਾਂ ਵੀ ਨਬਾਲਗ ਨੂੰ ਜੁਰਮ ਦੀ ਸਜ਼ਾ ਹੋਰ ਦਿੰਦੀਆਂ ਹਨ ਤੇ ਬਾਲਗ ਨੂੰ ਹੋਰ। ਕਈ ਹਾਲਾਤਾਂ ਵਿੱਚ ਤਾਂ ਨਬਾਲਗ ਬਿਨਾ ਸਜ਼ਾ ਹੀ ਬਚ ਨਿਕਲਦਾ ਹੈ। ਇਸੇ ਤਰ੍ਹਾਂ ਅਗਰ ਕਿਸੇ ਨਬਾਲਗ ਤੇ ਜੁਰਮ ਹੁੰਦਾ ਹੈ ਤਾਂ ਉਸ ਦੀ ਸਜ਼ਾ ਜ਼ਿਆਦਾ ਮਿਲਦੀ ਹੈ। ਇਸ ਦਾ ਕਾਰਨ ਇਹ ਹੈ ਕਿ ਨਬਾਲਗ ਨਾ ਤਾਂ ਇੰਨੀ ਸੂਝ ਬੂਝ ਦਾ ਮਾਲਕ ਹੁੰਦਾ ਹੈ ਕਿ ਉਹ ਗਲਤ ਠੀਕ ਦੀ ਪਹਿਚਾਣ ਕਰ ਸਕੇ ਅਤੇ ਨਾ ਹੀ ਇੰਨਾ ਤਕੜਾ ਹੁੰਦਾ ਹੈ ਕਿ ਆਪਣਾ ਬਚਾ ਕਰ ਸਕੇ। ਇਸੇ ਤਰ੍ਹਾਂ ਅਗਰ ਕਿਸੇ ਸ਼ਖਸ਼ ਦੀ ਦਿਮਾਗੀ ਹਾਲਤ ਠੀਕ ਨਹੀਂ ਹੈ ਤਾਂ ਅਦਾਲਤਾਂ ਉਸ ਦੁਆਰਾ ਕੀਤੇ ਗਏ ਕਿਸੇ ਵੀ ਅਹਿਦਨਾਮੇ ਜਾਂ ਕਿਸੇ ਹੋਰ ਇਕਰਾਰ ਨੂੰ ਕਨੂੰਨੀ ਤੌਰ ਦੇ ਜਾਇਜ ਨਹੀਂ ਮੰਨਦੀਆਂ। ਲੋਕ ਆਪਣੇ ਮਾਂ ਬਾਪ ਨੂੰ ਪਾਗਲ ਕਰਾਰ ਦੇ ਵਸੀਅਤਾਂ ਨੂੰ ਝੂਠੀਆਂ ਸਿੱਧ ਕਰ ਦਿੰਦੇ ਨੇ। ਇਸ ਸਭ ਵਿੱਚ ਜੋ ਗਲ ਸਾਂਝੀ ਹੈ ਕਿ ਬੰਦੇ ਦੀ ਦਿਮਾਗੀ ਹਾਲਤ ਦਾ ਉਸ ਦੇ ਦੋਸ਼ੀ ਹੋਣ ਨਾਲ ਗੂੜਾ ਸਬੰਧ ਹੈ। ਹੁਣ ਇਸ ਨੂੰ ਗੁਰਮਤਿ ਦੇ ਨਜ਼ਰੀਏ ਤੋਂ ਵੇਖੀਏ। ਜਿਵੇਂ ਅਸੀ ਉਪਰ ਕਿਹਾ ਸੀ ਕਿ ਗੁਰਮਤਿ ਦੇ ਦੋ ਰਾਹ ਹਨ। ਇੱਕ ਲਿਵ ਅਤੇ ਦੂਜੀ ਧਾਤ। ਲਿਵ ਵਾਲੇ ਰਾਹ ਤੇ ਬਿਬੇਕ ਬੁੱਧ ਨਾਲ ਚਲ ਹੁੰਦਾ ਹੈ। ਗੁਰਮਤਿ ਇਹ ਵੀ ਕਹਿੰਦੀ ਹੈ ਕਿ ਲਿਵ ਵਾਲੇ ਰਾਹ ਤੇ ਚਲ ਧਾਤ ਤੇ ਕਾਬੂ ਪਾਉਣਾ ਹੈ। ਅਗਰ ਤੁਸੀਂ ਅਜਿਹਾ ਨਹੀ ਕਰਦੇ ਤਾਂ ਤੁਹਾਨੂੰ ਸਜ਼ਾ ਮਿਲੇਗੀ ਮਿਲੇਗੀ ਬੇਸ਼ੱਕ ਤੁਸੀਂ ਇਹ ਸਭ ਹੁਕਮ ਅੰਦਰ ਹੀ ਕਰ ਰਹੇ ਹੋ। ਹੁਕਮ ਅਨੁਸਾਰ ਸਰੀਰ ਵਿੱਚ ਮਲ ਮੂਤਰ ਬਣਦਾ ਅਤੇ ਨਿਕਲਦਾ ਹੈ ਪਰ ਬਿਬੇਕ ਬੁਧ ਤੁਹਾਨੂੰ ਇਹ ਦੱਸਦੀ ਹੈ ਕਿ ਇਹ ਕਿਰਿਆ ਸੁਚੱਜੇ ਢੰਗ ਨਾਲ ਕਿਵੇਂ ਕਰਨੀ ਹੈ। ਅਗਰ ਬੰਦਾ ਇਹ ਕਹੇ ਕਿ ਮਲ ਮੂਤਰ ਰੱਬ ਦੇ ਹੁਕਮ ਨਾਲ ਬਣਦਾ ਹੈ ਇਸ ਲਈ ਮੈਂ ਬੇਸ਼ੱਕ ਕਿਸੇ ਦਾ ਦਰ ਜਾਂ ਵਿਹੜਾ ਗੰਦਾ ਕਰ ਦੇਵਾਂ ਤਾਂ ਵੀ ਮੈਨੂੰ ਸਜ਼ਾ ਨਹੀਂ ਮਿਲਣੀ ਚਾਹੀਦੀ ਤਾਂ ਉਹ ਬੰਦਾ ਗਲਤ ਹੈ। ਇਸੇ ਤਰ੍ਹਾਂ ਜੋ ਪੱਕੇ ਜਰਾਇਮ ਪੇਸ਼ਾ ਬਣ ਜਾਂਦੇ ਨੇ ਬੇਸ਼ੱਕ ਉਹ ਆਪਣੇ ਵੱਸ ਤੋਂ ਬਾਹਰੇ ਕਾਰਨਾ ਕਰਕੇ ਬਣਦੇ ਨੇ ਪਰ ਕਿਉਂ ਜੋ ਉਹ ਸਮਾਜ ਲਈ ਹੁਣ ਖਤਰਾ ਨੇ ਇਸ ਲਈ ਸਮਾਜ ਉਹਨਾਂ ਨੂੰ ਕੈਦ ਆਦਿ ਢੁਕਵੀ ਸਜ਼ਾ ਵੀ ਦਿੰਦਾ। ਫਿਰ ਗੁਰੂ ਨੇ ਸਾਨੂੰ ਜੋ ਕ੍ਰਿਪਾਨ ਦੀ ਬਖਸ਼ਿਸ਼ ਕੀਤੀ ਹੈ ਉਸ ਦਾ ਵੀ ਮਤਲਬ ਇਹ ਹੈ ਕਿ ਲੋੜ ਪੈਣ ਤੇ ਅਸੀਂ ਆਪਣੇ ਅਤੇ ਦੂਜਿਆਂ ਦੇ ਹੱਕ ਲਈ ਸੰਘਰਸ਼ ਕਰੀਏ। ਅਗਰ ਕੋਈ ਵੀ ਸ਼ਖਸ ਕਿਸੇ ਵੀ ਕੰਮ ਲਈ ਜੁੰਮੇਵਾਰ ਹੀ ਨਹੀਂ ਤਾਂ ਗੁਰੂ ਨੂੰ ਇਹ ਬਖਸ਼ਿਸ਼ ਕਰਨ ਦੀ ਕੀ ਲੋੜ ਸੀ। ਸਾਨੂੰ ਇਹ ਵੀ ਨਹੀਂ ਭੁਲਣਾ ਚਾਹੀਦਾ ਕਿ ਗੁਰੂ ਆਪ ਸੰਘਰਸ਼ ਵਿੱਚ ਕੁੱਦੇ, ਲੜੇ ਅਤੇ ਜਿੱਤੇ।

ਸੋ ਨਾ ਤਾਂ ਵਿਗਿਆਨ ਤੇ ਨਾ ਹੀ ਗੁਰਮਤਿ ਨਿਰਧਾਰਿਤਵਾਦ ਨੂੰ ਨੈਤਿਕ ਜਾਂ ਕਿਸੇ ਵੀ ਤਰ੍ਹਾਂ ਦੀ ਜੁੰਮੇਵਾਰੀ ਤੋ ਭੱਜ ਨਿਕਲਣ ਦਾ ਰਸਤਾ ਮੰਨਦੇ ਨੇ। ਬਲਕਿ ਜੋ ਵੀ ਜੁਰਮ ਹੋ ਰਹੇ ਨੇ ਉਸ ਦਾ ਸਹੀ ਹੱਲ ਲੱਭਣ ਵਿੱਚ ਸਹਾਈ ਹੁੰਦਾ ਦੱਸਦੇ ਨੇ। ਸਮੱਸਿਆ ਦਾ ਹੱਲ ਬਿਬੇਕ ਬੁੱਧ ਨਾਲ ਜੁਰਮ ਦੇ ਕਾਰਨ ਅਤੇ ਹੱਲ ਲੱਭਣਾ ਹੈ। ਇਸ ਦੇ ਉਲਟ ਪ੍ਰਚਲਤ ਧਰਮ ਅਜ਼ਾਦ ਇੱਛਾ ਰਾਹੀ ਪਾਪ ਪੁੰਨ ਦਾ ਵਿਧੀ ਵਿਧਾਨ ਬਣਾ ਪੁਜਾਰੀ ਰਾਹੀ ਲੁਕਾਈ ਦੀ ਲੁਟ ਤਾਂ ਜ਼ਰੂਰ ਕਰਦੇ ਨੇ ਪਰ ਸਮੱਸਿਆ ਜਿਉਂ ਦੀ ਤਿਉਂ ਬਣੀ ਰਹਿੰਦੀ ਹੈ।

ਅੰਗਰੇਜ ਲਿਖਾਰੀ ਸੈਮੁਯਲ ਜੋਹਨਸਨ ਦਾ ਕਹਿਣਾ ਹੈ ਕਿ ਸਿਧਾਂਤ ਵਿੱਚ ਖੁਦਮੁਖਤਿਆਰੀ ਨਜ਼ਰ ਨਹੀਂ ਆਉਂਦੀ ਪਰ ਤਜ਼ਰਬੇ ਵਿੱਚ ਜ਼ਾਹਰ ਤੌਰ ਤੇ ਭਾਸਦੀ ਹੈ। (31) ਦੁਨੀਆਂ ਲਈ ਇਹ ਮੰਨਣਾ ਬਹਤ ਮੁਸ਼ਕਲ ਹੈ ਕਿ ਅਜਾਦ ਇੱਛਾ ਇੱਕ ਭਰਮ ਹੈ। ਜਿਵੇਂ ਗੁਰੂ ਸਾਹਿਬ ਕਹਿੰਦੇ ਨੇ ਕਿ ਦੁਨੀਆਂ ਝੂਠ ਦਾ ਅਮਲ ਕਰ ਮਦਹੋਸ਼ ਹੋਈ ਸੱਚ ਜਾਨਣ ਤੋਂ ਇਨਕਾਰੀ ਹੈ। ਇੱਕ ਤਰ੍ਹਾਂ ਨਾਲ ਦੁਨੀਆਂ ਖੁਦਮੁਖਤਿਆਰੀ ਜਾਂ ਫਰੀ ਵਿੱਲ ਦੇ ਨਸ਼ੇ ਦੀ ਲੋਰ ਵਿੱਚ ਮਸਤ ਹੈ।

ਉੱਪਰ ਅਸੀਂ ਆਈਨਸਟਾਈਨ ਦਾ ਕਹਿਆ ਪੜਿਆ ਸੀ ਕਿ “ਅਗਰ ਕੋਈ ਉੱਚ ਪਾਏ ਦੀ ਸੂਝ ਬੂਝ ਅਤੇ ਅਕਲ ਵਾਲਾ ਸ਼ਖਸ਼ ਬੰਦੇ ਵਲ ਝਾਤੀ ਮਾਰੇ ਉਹ ਬੰਦੇ ਦੀ ਆਪਣੀ ਖੁਦਮੁਖਿਤਿਆਰੀ ਦੇ ਭਰਮ ਤੇ ਮੁਸਕਰਾਏਗਾ।” ਭਗਤ ਰਵਿਦਾਸ ਜੀ ਨੂੰ ਪੰਨਾ 487 ਤੇ ਮਿੱਟੀ ਦੇ ਪੁਤਲੇ ਮਨੁੱਖ ਤੇ ਮੁਸਕਰਾਉਂਦੇ ਹੋਏ ਪ੍ਰਤੱਖ ਵੇਖੋ।

ਮਾਟੀ ਕੋ ਪੁਤਰਾ ਕੈਸੇ ਨਚਤੁ ਹੈ॥ ਦੇਖੈ ਦੇਖੈ ਸੁਨੈ ਬੋਲੈ ਦਉਰਿਓ ਫਿਰਤੁ ਹੈ॥ 1॥ ਰਹਾਉ॥ ਜਬ ਕਛੁ ਪਾਵੈ ਤਬ ਗਰਬੂ ਕਰਤੁ ਹੈ॥ ਮਾਇਆ ਗਈ ਤਬੁ ਰੋਵਨੁ ਲਗਤੁ ਹੈ॥ 1॥ ਮਨ ਬਚ ਕ੍ਰਮ ਰਸ ਕਸਿਹ ਲੁਭਾਨਾ॥ ਬਿਨਸਿ ਗਇਆ ਜਾਇ ਕਹੂੰ ਸਮਾਨਾ॥ 2॥ ਕਹਿ ਰਵਿਦਾਸ ਬਾਜੂ ਜਗੁ ਭਾਈ॥ ਬਾਜੀਗਰ ਸਉ ਪ੍ਰੀਤਿ ਬਨਿ ਆਈ॥ 3॥

ਪੁਤਲੇ ਦੀ ਆਪਣੀ ਕੋਈ ਮਰਜ਼ੀ ਨਹੀਂ ਹੁੰਦੀ ਪਰ ਨੱਚਦਾ ਟੱਪਦਾ ਖੂਬ ਹੈ। ਦੇਖਣ ਵਾਲੇ ਨੂੰ ਇਹੀ ਲਗਦਾ ਹੈ ਕਿ ਉਹ ਆਪਣੇ ਆਪ ਨੱਚ ਟੱਪ ਰਿਹਾ ਹੈ।

ਹਵਾਲੇ ਅਤੇ ਨੋਟ

1.  ਇਸ ਪਰਾਜੈਕਟ ਦਾ ਨਾਮ Big Questins in Free Will  ਸੀ ਅਤੇ ਇਸ ਦੀ ਵੀਡੀਓ ਹੇਠਾਂ ਦਿੱਤੇ ਲਿੰਕ ਤੇ ਦੇਖੀ ਜਾ ਸਕਦੀ ਹੈ। ਇਸ ਸੰਸਥਾ ਬਹੁਤ ਅਮੀਰ ਹੈ ਅਤੇ ਵਿਦਵਾਨਾਂ, ਲੇਖਕਾਂ ਅਤੇ ਸਾਇੰਸਦਾਨਾਂ ਨੂੰ ਚੋਖਾ ਇਨਾਮ ਵੀ ਦਿੰਦੀ ਹੈ ਜੋ ਨੋਬਲ ਇਨਾਮ ਤੋਂ ਵੀ ਵੱਧ ਹੁੰਦਾ ਹੈ। ਕੁੱਝ ਲੋਕਾਂ ਦਾ ਇਹ ਵੀ ਕਹਿਣਾ ਹੈ ਕਿ ਇਹ ਸੰਸਥਾ ਪੈਸੇ ਦੇ ਜੋਰ ਨਾਲ ਧਰਮ (ਈਸਾਈ ਮੱਤ) ਨੂੰ ਪ੍ਰੋਮੋਟ ਕਰ ਰਹੀ ਹੈ ਭਾਵੇਂ ਇਹ ਦੇਖਣ ਨੂੰ ਇੰਜ ਦੀ ਨਹੀਂ ਲਗਦੀ।

https://www.youtube.com/watch?v=9RuTjfhIf4M

 

2. There is no absolute or free will; the mind is determined to wish this or that by a cause” Brauch Spinoza in Ethics

3.  “Man can do what he wills but he cannot will what he wills.” Arthur Schopenhauer

4.  “The will is by its nature so free that it can never be constrained” Rene Decartes (Passions of the Soul, I, art. 41). 

5. “No limits to my freedom can be found except freedom itself, or, if you prefer, we are not free to cease being free.”  Jean-Paul Sartre in Beng and Nothingness

6.  Chris Field mentions this in the you tube video titled Quantum Theory and Free Will. Conway Kochen theory is available on the link below:

https://www.youtube.com/watch?v=7ZqUEAACfyk

7.  ਇੱਥੇ ਧਰਮ ਤੋਂ ਮੇਰਾ ਭਾਵ ਸਾਰੇ ਧਰਮ ਹੈ ਸਮੇਤ ਪ੍ਰਚਲਤ ਸਿੱਖ ਧਰਮ ਜੋ ਅਸੀਂ ਅੱਜ ਕੱਲ ਗੁਰਦੁਵਾਰਿਆਂ ਵਿੱਚ ਦੇਖ ਰਹੇਂ ਹਾਂ।

8.  “Sire,I have not needed that hypothesis” as quoted by Stephen Hawkings in his book “ The Granad Design” page 44

9.  “The Grand Design”, page 93

10.ਗੂਗਲ ਤੇ ਲਿਬਿਟ ਦਾ ਨਾਮ ਭਰਨ ਨਾਲ ਇਸ ਤਜ਼ਰਬੇ ਵਾਰੇ ਭਰਪੂਰ ਜਾਣਕਾਰੀ ਮਿਲ ਜਾਂਦੀ ਹੈ।

11. ਇਹ ਵਾਕਿਆ ਅਕਸਰ ਇਸ ਮੁੱਦੇ ਦੀ ਬਹਿਸ ਵਿੱਚ ਬਿਆਨ ਕੀਤਾ ਜਾਂਦਾ ਹੈ। ਪਟਰੀਸ਼ੀਆ ਚਰਚਲੈਂਡ ਨੇ ਵੀ ਇਸ ਦਾ ਆਪਣੇ ਨਿਊ ਸਾਇੰਸਟਿਸਟ ਵਾਲੇ ਲੇਖ ਵਿੱਚ ਜਿਕਰ ਕੀਤਾ ਹੈ। ਹੇਠਾਂ ਹਵਾਲਾ ਨੰਬਰ 15 ਦੇਖੋ।

12.ਗੂਗਲ ਤੇ ਚਾਰਲਸ ਬਿਟਮੈਨ ਭਰ ਕੇ ਖੋਜ਼ ਕਰਨ ਤੇ ਇਸ ਘਟਨਾ ਵਾਰੇ ਕਾਫੀ ਕੁੱਝ ਪੜ੍ਹਨ ਨੂੰ ਮਿਲ ਜਾਂਦਾ ਹੈ।

13.http://www.tribuneindia.com/news/haryana/docs-baffled-by-man-who-feels-cold-in-summer-and-hot-in-winter/607732.html

14.Bathinda woman stabs six-yr-old son to death

15.ਇਸ ਪਦ ਦੀ ਕਾਢ ਰਿਚਰਡ ਡਾਕਨਜ਼ ਨੇ ਆਪਣੀ ਕਿਤਾਬ “ਦ ਸੈਲਫਿਸ਼ ਜ਼ੀਨ” ਵਿੱਚ ਕੀਤੀ ਅਤੇ ਅਜਕਲ ਇਹ ਆਕਸਫੋਰਦ ਡਿਕਸ਼ਨਰੀ ਵਿੱਚ ਵੀ ਮਿਲਦਾ ਹੈ।

16.“Free will is actually more than an illusion (or less), in that it cannot be made conceptually coherent. Either our wills are determined by prior causes and we are not responsible for them, or they are product of product of chance and we are not responsible for them.” Free Will , Page 5

17."If the moon, in the act of completing its eternal way around the Earth, were gifted with self-consciousness, it would feel thoroughly convinced that it was traveling its way of its own accord…. So would a Being, endowed with higher insight and more perfect intelligence, watching man and his doings, smile about man's illusion that he was acting according to his own free will". This is oftem quoted remarks of Eienstein. I could not find the exact source of the quote but a google search gives this quote at the first page.

18.ਹਿੰਦੂ ਮਤ ਵਿੱਚ ਇਹ ਤਿੰਨ ਗੁਣ ਰਜੋ ਗੁਣ, ਤਮੋ ਗੁਣ ਅਤੇ ਸਤੋ ਗੁਣ ਕਰਕੇ ਜਾਣੇ ਜਾਂਦੇ ਹਨ। ਇਸ ਨੂੰ ਭਗਵਤ ਗੀਤਾ ਵਿੱਚ ਪੈਦਾ ਕਰਨ ਵਾਲੀ, ਸੰਭਾਲਣ ਵਾਲੀ ਅਤੇ ਨਾਸ ਕਰਨ ਵਾਲੀ ਪ੍ਰਕ੍ਰਿਤੀ ਦੀ ਸ਼ਕਤੀ ਵੀ ਕਿਹਾ ਗਿਆ ਹੈ ਜਿਸ ਨੂੰ ਅੱਡ ਅੱਡ ਦੇਵਤੇ (ਬ੍ਰਹਮਾ, ਵਿਸ਼ਨੂੰ, ਮਹੇਸ਼) ਕੰਟਰੋਲ ਕਰਦੇ ਦਸੀਂਦੇ ਨੇ। ਇਹਨਾਂ ਗੁਣਾਂ ਮੁਤਾਬਿਕ ਭੋਜਨ ਦੀ ਵੀ ਵੰਡ ਕੀਤੀ ਹੋਈ ਹੈ। ਮਿਸਾਲ ਦੇ ਤੌਰ ਤੇ ਗੰਡੇ, ਲਸਣ, ਮੀਟ, ਸ਼ਰਾਬ ਆਦਿ ਤਮੋ ਗੁਣ ਵਾਲੇ ਭੋਜਨ ਮੰਨੇ ਜਾਂਦੇ ਨੇ। ਕਈ ਲੋਕ ਇਹਨਾਂ ਗੁਣਾਂ ਨੂੰ ਮਾਨਸਿਕ ਸਥਿਤੀ ਵੀ ਦਸਦੇ ਨੇ। ਜਿੰਨੇ ਗੁਣ ਵੱਧ ਘੱਟ ਹੁੰਦੇ ਨੇ ਉਸੇ ਤਰ੍ਹਾਂ ਦੀ ਵਿਅਕਤੀ ਦੀ ਸ਼ਖਸੀਅਤ ਬਣ ਜਾਂਦੀ ਹੈ। ਜਿਆਦਾ ਸਤੋ ਗੁਣ ਵਾਲਾ ਸ਼ਾਂਤ ਸੁਭਾਓ ਅਤੇ ਜ਼ਿਆਦਾ ਤਮੋ ਗੁਣ ਵਾਲਾ ਗੁਸੇਖੋਰ ਮੰਨਿਆ ਜਾਂਦਾ ਹੈ। ਸਮਝਣ ਵਾਲੀ ਗੱਲ ਇੱਥੇ ਇਹ ਹੈ ਕਿ ਗੁਰੂ ਸਾਹਿਬ ਇੱਥੇ ਮਾਇਆ ਦੇ ਤਿੰਨ ਗੁਣੀ ਸੰਕਲਪ ਦੀ ਪ੍ਰੋੜਤਾ ਨਹੀਂ ਕਰ ਰਹੇ ਬਲਕਿ ਇਹ ਕਹਿ ਰਹੇ ਨੇ ਕਿ ਧਾਤ ਵਿੱਚ ਇਹ ਸਭ ਕੁੱਝ ਵੀ ਆ ਜਾਂਦਾ ਹੈ। ਸੋ ਸਾਨੂੰ ਧਾਤ ਸਮਝਣ ਦੀ ਲੋੜ ਹੈ।

19.ਮਿਸਾਲ ਦੇ ਤੌਰ ਤੇ ਮੈ ਵੀਰ ਭੁਪਿੰਦਰ ਸਿੰਘ ਹੁਰਾਂ ਨੂੰ ਆਪਣੀ ਕਥਾ ਵਿੱਚ ਇਹ ਗਲ ਕਹਿੰਦਿਆਂ ਕਈ ਵਾਰ ਸੁਣਿਆ ਹੈ।

20.Quoted by Daniel Kahneman in his international best seller, “Thinking Fast and Slow” at page 77

21.Daniel Kahneman in Thinking Fast and Slow

22.ਦੇਖੋ ਭਾਈ ਕਾਨ੍ਹ ਸਿੰਘ ਦੇ ਮਹਾਨ ਕੋਸ਼ ਵਿੱਚ ਇੰਦਰਾਜ ਬਿਬੇਕੀ ਦੇ ਅਰਥ।

23.Daniel Kahneman , Thinking Fast and Slow, page 408

24.Sam Harris, Free Will, Page 69

25.You can read more details on this link for magazine Nature.

https://www.nature.com/news/2011/110411/full/news.2011.227.html

26.ਮਾਰਸ਼ਮੈਲੋ ਤਜ਼ਰਬੇ ਦੇ ਨਾਂ ਤੇ ਗੂਗਲ ਤੇ ਖੋਜ ਕੀਤਿਆਂ ਤੁਹਾਨੂੰ ਕਈ ਵੀਡੀਓਜ਼ ਮਿਲ ਜਾਣਗੀਆਂ ਜਿਨ੍ਹਾ ਵਿੱਚ ਇਹ ਤਜ਼ਰਬਾ ਦਿਖਾਇਆ ਗਿਆ ਹੈ।

27.“To begin to update our ideas of free will, I suggest we first shift the debate away from the puzzling metaphysics of causal vacuums to the neurobiology of self-control.” Patricia Churchland in New Scientist, November 2006, Page 42-45

28.See Daniel C Dennett’s books on this subject especially Freedom Evolves, Conciousness Explained and From Bacteria to Bach and Back

29.Free Will, Page 39

30.Read this news on this link. https://www.tribuneindia.com/news/world/thai-boys-turn-monks-for-9-days/626310.html

31. “All theory is against free will; all experience is for it.” quoted by Susan Blackmore in her video on free will.

ਜਰਨੈਲ਼ ਸਿੰਘ

ਸਿਡਨੀ, ਅਸਟ੍ਰੇਲੀਆ
.