.

ਅਲਹੁ ਗੈਬੁ ਸਗਲ ਘਟ ਭੀਤਰਿ

ਬਾਣੀ ਦੀ ਇਹ ਤੁਕ ਕਹਿ ਰਹੀ ਹੈ ਕਿ ਉਹ ਰੱਬ ਸਾਰਿਆਂ ਦੇ ਅੰਦਰ ਲੁਕਵੇਂ ਰੂਪ ਦੇ ਵਿੱਚ ਮੌਜੂਦ ਹੈ। ਰੱਬ ਦੀ ਇਹ ਸਰਬ ਵਿਆਪਕਤਾ ਧਰਮ ਦੇ ਵਿੱਚ ਸਭ ਤੋਂ ਮੁੱਢਲਾ ਅਸੂਲ ਹੈ। ਇਸੇ ਕਰਕੇ ਬਾਣੀ ਦੀ ਸ਼ੁਰੂਆਤ ੴ ਨਾਲ ਹੁੰਦੀ ਹੈ। ਇਸ ਅਸੂਲ ਦੀ ਨੀਂਹ ਤੇ ਉਸਾਰਿਆ ਗਿਆ ਮਹਿਲ ਹੀ ਸੱਚੇ ਧਰਮ ਦਾ ਮਹਿਲ ਹੋਵੇਗਾ। ਇਸ ਅਸੂਲ ਤੋਂ ਬਿਨਾ ਬਣਾਈ ਧਾਰਮਿਕ ਜ਼ਿੰਦਗੀ ਰੱਬ ਨੂੰ ਸਮਰਪਤਿ ਨਹੀਂ ਹੋ ਸਕਦੀ। ਇਸ ਅਸੂਲ ਨੂੰ ਭੁਲਾ ਕੇ ਧਰਮ ਦੇ ਨਾਂਅ ਤੇ ਕੋਈ ਅਲੱਗ ਫਿਰਕਾ ਤਾਂ ਬਣ ਸਕਦਾ ਹੈ ਪਰ ਉਹ ਗੁਰਬਾਣੀ ਦਾ ਚਿਤਵਿਆ ਹੋਇਆ ਆਈ (ਸਰਬੋਤਮ) ਪੰਥ ਨਹੀਂ ਹੋ ਸਕਦਾ।

ਗੁਰੂ ਪੁਕਾਰ ਪੁਕਾਰ ਕੇ, ਨਗਾਰੇ ਦੀ ਚੋਟ ਤੇ ਪਰਮਾਤਮਾ ਦੀ ਸਰਬ ਵਿਆਪਕਤਾ ਦਾ ਹੋਕਾ ਦੇਈ ਜਾਂਦਾ ਹੈ ਪਰ ਅਸੀਂ ਪੂਰਨ ਤੌਰ ਤੇ ਬੋਲ਼ੇ ਬਣਕੇ ਇਸ ਪੁਕਾਰ ਨੂੰ ਨਾ ਸਿਰਫ ਅਨਸੁਣੀ ਕਰਦੇ ਹਾਂ ਬਲਕਿ ਇਹ ਕਰਨ ਵਿੱਚ ਫ਼ਖਰ ਭੀ ਮਹਿਸੂਸ ਕਰਦੇ ਹਾਂ-

ਅਲਹੁ ਗੈਬੁ ਸਗਲ ਘਟ ਭੀਤਰਿ ਹਿਰਦੈ ਲੇਹੁ ਬੀਚਾਰੀ।

ਹਿੰਦੂ ਤੁਰਕ ਦੁਹੂੰ ਮਹਿ ਏਕੈ ਕਹੈ ਕਬੀਰ ਪੁਕਾਰੀ-483

ਗੁਰੂ ਨੂੰ ਤਾਂ ਆਪਣੇ ਘਰ ਵਿੱਚ ਹਿੰਦੂ ਅਤੇ ਤੁਰਕ ਵਿੱਚ ਵਿਤਕਰਾ ਕਰਨਾ ਭੀ ਗ਼ਲਤ ਲੱਗਦਾ ਹੈ ਪਰ ਸਾਨੂੰ ਆਪਣੇ ਫਿਰਕੇ ਵਾਲੇ ਭੀ ਸਾਰੇ ਪਰਵਾਨ ਨਹੀਂ। ਕਿੱਡੀ ਵਿੱਥ ਹੈ ਸਾਡੀ ਗੁਰੂ ਦੀ ਸੋਚ ਨਾਲੋਂ!

ਉਸ ਵੇਲੇ ਹਿੰਦੂ ਅਤੇ ਤੁਰਕ ਦੋ ਵੱਡੇ ਧੜੇ ਸਨ ਜਿਹੜੇ ਕਿ ਆਪਣੇ ਆਪ ਨੂੰ ਪੂਰਨ ਤੌਰ ਤੇ ਇੱਕ ਦੂਜੇ ਤੋਂ ਵੱਖਰੇ ਸਮਝਦੇ ਸਨ। ਇੱਕ ਦੂਜੇ ਦੇ ਵੈਰੀ ਸਨ ਅਤੇ ਇੱਕ ਨੂੰ ਦੂਜਾ ਗ਼ਲਤ ਅਤੇ ਆਪਣੇ ਤੋਂ ਨੀਵਾਂ ਅਤੇ ਘਟੀਆ ਸਮਝਦਾ ਸੀ। ਗੁਰੂ ਨੇ ਉਨਾਂ ਨੂੰ ਸਮਝ ਦਿੱਤੀ ਹੈ ਕਿ ਭਾਈ ਜੇ ਤੁਸੀਂ ਰੱਬ ਦੇ ਪ੍ਰੇਮੀ ਹੋ ਤਾਂ ਇਸ ਤਰਾਂ ਦੀਆਂ ਵੰਡਾਂ ਪਾ ਕੇ ਗ਼ਲਤ ਕੰਮ ਕਰ ਰਹੇ ਹੋ।

ਪ੍ਰਭੂ ਪ੍ਰੇਮੀ ਨੂੰ ਹਰ ਇੱਕ ਦੇ ਅੰਦਰ ਬੈਠੇ ਰੱਬ ਦੀ ਸਮਝ ਤਾਂ ਜ਼ਰੂਰ ਹੋਣੀ ਚਾਹੀਦੀ ਹੈ। ਬਾਹਰਲੀਆਂ ਚੀਜ਼ਾਂ ਦੀ ਭਿੰਨਤਾ ਇਸ ਸਮਾਨਤਾ ਨੂੰ ਦੁਰਕਾਰਨ ਦਾ ਕਾਰਨ ਕਦੇ ਭੀ ਨਹੀਂ ਬਣਨੀ ਚਾਹੀਦੀ। ਧਰਮ ਦੀ ਦੁਨੀਆਂ ਵਿੱਚ ਅੰਦਰਲੀ ਸਮਾਨਤਾ ਸਦਾ ਹੀ ਪ੍ਰਮੁੱਖ ਹੋਣੀ ਚਾਹੀਦੀ ਹੈ ਨਾ ਕਿ ਬਾਹਰੋਂ ਨਜ਼ਰ ਆਉਣ ਵਾਲੀਆਂ ਚੀਜ਼ਾਂ ਦੀ ਭਿੰਨਤਾ। ਸਭ ਨੂੰ ਸਿੱਧੇ ਰਾਹ ਪਾਉਣ ਲਈ ਬਾਣੀ ਨਿਰਜੀਵ ਵਸਤਾਂ ਦੀ ਉਦਾਹਰਣ ਦਾ ਭੀ ਇਸਤੇਮਾਲ ਕਰਦੀ ਹੈ-

ਕਬੀਰ ਹਰਦੀ ਪੀਅਰੀ ਚੂੰਨਾਂ ਊਜਲ ਭਾਇ।

ਰਾਮ ਸਨੇਹੀ ਤਉ ਮਿਲੈ ਦੋਨਉ ਬਰਨ ਗਵਾਇ-1367

ਗੁਰੂ ਚੂਨੇ ਅਤੇ ਹਲਦੀ ਦਾ ਵਾਪਾਰੀ ਨਹੀਂ ਪਰ ਇਨਾਂ ਦੀ ਉਦਾਹਰਣ ਰਾਹੀਂ ਉਹ ਸਾਨੂੰ ਬਾਹਰਲੀ ਭਿੰਨਤਾ ਦੇ ਆਧਾਰ ਤੇ ਊਚ ਨੀਚ ਮਿੱਥਣ ਦੀ ਗ਼ਲਤ ਆਦਤ ਨੂੰ ਤਿਆਗਣ ਲਈ ਹੁਕਮ ਕਰ ਰਿਹਾ ਹੈ। ਗੱਲ ਪੀਲੇ ਜਾਂ ਚਿੱਟੇ ਰੰਗ ਦੀ ਨਹੀਂ। ਗੱਲ ਬਾਹਰਲੀ ਦਿੱਖ ਦੇ ਮਾਣ ਦੀ ਤੇ ਉਸ ਦੇ ਆਧਾਰ ਤੇ ਆਪਣੇ ਆਪ ਨੂੰ ਉੱਚਾ ਸਮਝਣ ਦੀ ਹੈ। ਜਿਸ ਤਰਾਂ ਹਿੰਦੂ ਅਤੇ ਤੁਰਕ ਇੱਕ ਦੂਜੇ ਤੋਂ ਵੱਖਰੇ ਲੱਗਦੇ ਸਨ ਉਸੇ ਹੀ ਤਰਾਂ ਹਲਦੀ ਅਤੇ ਚੂਨਾ ਭੀ ਲੱਗਦੇ ਹਨ। ਪਰ ਬਾਹਰਲੀ ਭਿੰਨਤਾ ਤੋਂ ਧਿਆਨ ਹਟਾ ਕੇ ਹੀ ਅੰਦਰ ਬੈਠੇ ਰਾਮ ਸਨੇਹੀ ਦਾ ਮਿਲਾਪ ਹੋ ਸਕਦਾ ਹੈ। ਜੇ ਭਿੰਨਤਾ ਨੂੰ ਪੱਕੀ ਕਰਨ ਵਿੱਚ ਹੀ ਲੱਗੇ ਰਹੇ ਤਾਂ ਮਿਲਾਪ ਕਦੇ ਭੀ ਨਹੀਂ ਹੋਣਾ-

ਕਬੀਰ ਹਰਦੀ ਪੀਰਤਨੁ ਹਰੈ ਚੂਨ ਚਿਹਨੁ ਨ ਰਹਾਇ।

ਬਲਿਹਾਰੀ ਇਹ ਪ੍ਰੀਤਿ ਕਉ ਜਿਹ ਜਾਤਿ ਬਰਨੁ ਕੁਲੁ ਜਾਇ-1367

ਸਿੱਟਾ ਇਹ ਹੈ ਕਿ ਜੇ ਅਸੀਂ ਰੱਬ ਦੇ ਪਰੇਮੀ ਹੋਵਾਂਗੇ ਤਾਂ ਸਾਡੇ ਲਈ ਬਾਹਰੋਂ ਨਜ਼ਰ ਆਉਣ ਵਾਲੀ ਹਰ ਭਿੰਨਤਾ ਬੇਮਾਅਨਾ ਹੋ ਜਾਏਗੀ। ਬਾਹਰੋਂ ਨਜ਼ਰ ਆਉਣ ਵਾਲੀ ਕਿਸੇ ਭੀ ਚੀਜ ਦੇ ਆਧਾਰ ਤੇ ਧਰਮ ਦੇ ਨਾਂਅ ਤੇ ਕਦੇ ਭੀ ਕੋਈ ਊਚ ਨੀਚ ਸਥਾਪਿਤ ਨਹੀਂ ਕੀਤੀ ਜਾ ਸਕਦੀ। ਨਜ਼ਰ ਆਉਣ ਵਾਲੀ ਹਰ ਚੀਜ਼ ਦੇ ਹਰ ਦਾਅਵੇ ਦਾ ਤਿਆਗ ਕਰਕੇ ਹੀ ਰਾਮ ਸਨੇਹੀ ਦਾ ਮਿਲਾਪ ਹੋ ਸਕਦਾ ਹੈ। ਤਿਆਗ ਕਰਨ ਦਾ ਭਾਵ ਹੈ ਕਿ ਇੱਕ ਤਰਾਂ ਦੀ ਬਾਹਰਲੀ ਦਿੱਖ ਦੂਜੇ ਤਰਾਂ ਦੀ ਨਾਲੋਂ ਵਧੀਆ ਜਾਂ ਘਟੀਆ ਨਹੀਂ ਮੰਨੀ ਜਾਵੇਗੀ। ਪਰ ਜੇ ਅਸੀਂ ਨਜ਼ਰ ਆਉਣ ਵਾਲੀਆਂ ਚੀਜ਼ਾਂ ਦੇ ਅਧਾਰ ਤੇ ਦਰਜਾ ਬੰਦੀ ਕਰਨ ਦੇ ਗ਼ਲਤ ਕੰਮ ਨਾ ਛੱਡੇ ਤਾਂ ਰੱਬੀ ਮਿਲਾਪ ਦਾ ਬਾਣੀ ਦਾ ਨੀਯਤ ਕੀਤਾ ਮਕਸਦ ਕਦੇ ਭੀ ਪਰਾਪਤ ਨਹੀਂ ਕਰ ਸਕਾਂਗੇ। ਇਸ ਤਰਾਂ ਜ਼ਿੰਦਗੀ ਭੰਗ ਦੇ ਭਾੜੇ ਹੀ ਗੁਜ਼ਰ ਜਾਏਗੀ।

ਰੱਬ ਕਿਉਂਕਿ ਨਿਰਾਕਾਰ ਹੈ ਇਸ ਕਰਕੇ ਉਸ ਨੂੰ ਅੱਖਾਂ ਰਾਹੀਂ ਦੇਖਣਾ ਤਾਂ ਅਸੰਭਵ ਹੈ, ਪਰ ਗਿਆਨ ਦੇ ਚਾਨਣ ਰਾਹੀਂ ਗੁਰੂ ਉਸ ਦੀ ਸੋਝੀ ਬਖਸ਼ਦਾ ਹੈ। ਇਹ ਸੋਝੀ ਕੋਈ ਵਿਰਲਾ ਹੀ ਲੈਂਦਾ ਹੈ ਤੇ ਉਹ ਹੀ ਸੱਚਾ ਧਰਮੀ ਹੈ। ਉਹ ਕਿਉਂਕਿ ਰੱਬ ਦੇ ਧੜੇ ਵਿੱਚ ਸ਼ਾਮਲ ਹੋ ਜਾਂਦਾ ਹੈ ਇਸ ਕਰਕੇ ਉਹ ਹੀ ਸਦੀਵੀ ਅਨੰਦ ਪਰਾਪਤ ਕਰ ਸਕਦਾ ਹੈ-

ਗੁਰ ਗਿਆਨ ਅੰਜਨ ਪ੍ਰਭ ਨਿਰੰਜਨ ਜਲਿ ਥਲਿ ਮਹੀਅਲਿ ਪੂਰਿਆ-456

ਜਹ ਦੇਖਉ ਤਹ ਸੰਗਿ ਏਕੋ ਰਵਿ ਰਹਿਆ।

ਘਟ ਘਟ ਵਾਸੀ ਆਪਿ ਵਿਰਲੈ ਕਿਨੈ ਲਹਿਆ।

…. ਆਦਿ ਅੰਤੇ ਮਧਿ ਸੋਈ ਗੁਰ ਪ੍ਰਸਾਦੀ ਜਾਨਿਆ-458

ਸਭ ਅੰਦਰਿ ਇਕੁ ਵਰਤੈ ਕਿਨੈ ਵਿਰਲੈ ਲਾਖਿਆ।

ਜਨ ਨਾਨਕ ਭਏ ਨਿਹਾਲੁ ਪ੍ਰਭ ਕੀ ਪਾਖਿਆ-594.

ਹਰ ਅਰਦਾਸ ਵਿੱਚ ਬਿਬੇਕ ਦਾਨ ਦੀ ਮੰਗ ਭੀ ਕੀਤੀ ਜਾਂਦੀ ਹੈ। ਪਰ ਜਿੰਨਾ ਚਿਰ ਦਿੱਖ, ਬਾਹਰਲੇ ਵੇਸਾਂ, ਚਿੰਨਾਂ ਅਤੇ ਕਰਮ ਕਾਂਡਾਂ ਦੇ ਆਧਾਰ ਤੇ ਊਚ ਨੀਚ ਮਿੱਥਣਾ ਜਾਰੀ ਰੱਖਾਂਗੇ ਉਨਾ ਚਿਰ ਬਿਬੇਕ ਦਾਨ ਕਦੇ ਭੀ ਨਹੀਂ ਮਿਲ ਸਕਦਾ। ਬਾਣੀ ਦੀ ਸਿੱਖਿਆ ਨਾਲ ਹਿਰਦਾ ਜੋੜ ਕੇ, ਸਭ ਦੇ ਅੰਦਰ ਵਸਦੇ ਰੱਬ ਨਾਲ ਜੁੜਨਾ ਹੀ ਬਿਬੇਕ ਦਾਨ ਦੀ ਪ੍ਰਾਪਤੀ ਹੈ। ਉਸ ਦੀ ਸਰਬ ਵਿਆਪਕਤਾ ਨੂੰ ਮੰਨਣਾ ਹੀ ਬਿਬੇਕੀ ਹੋਣਾ ਹੈ। ਆਪਣੀਆ ਉੱਤਮ ਮੰਨੀਆਂ, ਨਜ਼ਰ ਆਉਣ ਵਾਲੀਆਂ, ਚੀਜ਼ਾਂ ਦੇ ਆਧਾਰ ਤੇ ਹੀ ਪੂਰਨ ਬਣ ਬੈਠਣਾ ਤੇ ਉਨਾਂ ਤੋਂ ਬਿਨਾ ਹੋਣ ਵਾਲਿਆਂ ਨੂੰ ਪਤਿਤ ਸਮਝਣਾ ਬਿਬੇਕ ਦੀ ਅਣਹੋਂਦ ਹੈ। ਬਿਬੇਕੀ ਹਰ ਵੇਲੇ ਨਿਮਰਤਾਵਾਨ ਰਹਿੰਦਾ ਹੈ। ਉਹ ਹੰਕਾਰੀ ਵਲੀ ਕੰਧਾਰੀ ਕਦੇ ਨਹੀਂ ਬਣਦਾ-

ਸਭ ਮਹਿ ਜਾਨਉ ਕਰਤਾ ਏਕ। ਸਾਧ ਸੰਗਤਿ ਮਿਲਿ ਬੁਧਿ ਬਿਬੇਕ।

ਦਾਸੁ ਸਗਲ ਕਾ ਛੋਡਿ ਅਭਿਮਾਨੁ। ਨਾਨਕ ਕਉ ਗੁਰਿ ਦੀਨੋ ਦਾਨੁ-377

ਜਿਨਾਂ ਦੇ ਹਿਰਦੇ ਵਿੱਚ ਗੁਰੂ ਦੀ ਸਿੱਖਿਆ ਦਾ ਚਾਨਣ ਹੋ ਜਾਂਦਾ ਹੈ ਉਨਾ ਨੂੰ ਉਸ ਇੱਕ ਦਾ ਨੂਰ ਹੀ ਸਭ ਥਾਈਂ, ਸਭ ਹਿਰਦਿਆਂ ਵਿੱਚ ਦਿਸਦਾ ਹੈ। ਰਸਮੀ ਮੱਥੇ ਟੇਕਣ ਨਾਲ ਹੀ ਇਸ ਅਵਸਥਾ ਤੇ ਪੁੱਜਿਆ ਨਹੀਂ ਜਾ ਸਕਦਾ-

ਚਮਤਕਾਰ ਪ੍ਰਗਾਸੁ ਦਹਦਿਸ ਏਕੁ ਤਹ ਦ੍ਰਿਸਟਾਇਆ-457

ਬਾਣੀ ਦਾ ਨਿਸ਼ਾਨਾ ਸਰਬ ਵਿਆਪੀ ਹਰੀ ਨਾਲ ਮਿਲਾਉਣ ਦਾ ਹੈ। ਬਾਣੀ ਦੀ ਸਿੱਖਿਆ ਨਾਲ ਪੂਰਨ ਤੌਰ ਤੇ ਨਾ ਜੁੜਨ ਕਰਕੇ ਜੀਵ ਅਧਵਾਟੇ ਹੀ ਅਟਕ ਜਾਂਦੇ ਹਨ। ਅਧਵਾਟੇ ਅਟਕਣ ਕਰਕੇ ਉਹ ਰੱਬ ਨਾਲੋਂ ਟੁੱਟੇ ਫਿਰਕੇ ਬਣਾ ਲੈਂਦੇ ਹਨ ਤੇ ਫਿਰ ਇਨਾ ਫਿਰਕਿਆਂ ਦੀ ਗਿਣਤੀ ਵਧਾਉਣ ਲਈ ਕਮਰ ਕੱਸੇ ਕਰ ਲੈਂਦੇ ਹਨ। ਗੁਰੂ ਇਸ ਤਰਾਂ ਦੇ ਗਲਤ ਕੰਮਾਂ ਬਾਰੇ ਚੇਤੰਨ ਕਰਦਾ ਹੈ-

ਕਬੀਰ ਸਿਖ ਸਾਖਾ ਬਹੁਤੇ ਕੀਏ ਕੇਸੋ ਕੀਓ ਨ ਮੀਤੁ।

ਚਾਲੇ ਥੇ ਹਰਿ ਮਿਲਨ ਕਉ ਬੀਚੈ ਅਟਕਿਓ ਚੀਤੁ-1369

ਗੁਰੂ ਦੀ ਸਿੱਖਿਆ ਦੀ ਸੋਝੀ ਲੈ ਕੇ ਜਿਸ ਵਡਭਾਗੀ ਜੀਵ ਨੂੰ ਰੱਬ ਦਾ ਗਿਆਨ ਹੋ ਜਾਂਦਾ ਹੈ ਉਸਨੂੰ ਉਹ ਰੱਬ ਕਿਸ ਕਿਸ ਤਰਾਂ ਦੇ ਵੱਖਰੇ ਭੇਸਾਂ ਵਾਲਿਆਂ ਵਿੱਚ ਨਜ਼ਰ ਆ ਜਾਂਦਾ ਹੈ ਇਸ ਦੀ ਇੱਕ ਝਲਕ ਬਾਣੀ ਵਿੱਚੋਂ ਦਿਖਾਉਣੀ ਜ਼ਰੂਰੀ ਹੈ। ਆਪਣੇ ਆਪ ਨੂੰ ਗੁਰੂ ਵਾਲੇ ਹੋਏ ਸਮਝਣ ਵਾਲਿਆਂ ਨੂੰ ਫਿਰ ਆਪਣੀ ਪਰਖ ਕਰਨੀ ਪਵੇਗੀ ਇਹ ਦੇਖਣ ਲਈ ਕਿ ਕੀ ਉਨਾਂ ਦੀ ਦ੍ਰਿਸ਼ਟੀ ਇਹੋ ਜਿਹੀ ਬਣ ਗਈ ਹੈ ਕਿ ਨਹੀਂ। ਜੇ ਨਹੀਂ ਤਾਂ ਉਨਾਂ ਦੀ ਦ੍ਰਿਸ਼ਟੀ ਗੁਰੂ ਨਾਲੋਂ ਬਹੁਤ ਵੱਖਰੀ ਹੈ-

ਬਨ ਮਹਿ ਪੇਖਿਓ ਤ੍ਰਿਣਿ ਮਹਿ ਪੇਖਿਓ ਗ੍ਰਿਹਿ ਪੇਖਿਓ ਉਦਾਸਾਏ।

ਦੰਡਧਾਰ ਜਟਧਾਰੈ ਪੇਖਿਓ ਵਰਤ ਨੇਮ ਤੀਰਥਾਏ।

… ਜੋਗ ਭੇਖ ਸੰਨਿਆਸੈ ਪੇਖਿਓ ਜਤਿ ਜੰਗਮ ਕਾਪੜਾਏ।

ਤਪੀ ਤਪੀਸੁਰ ਮੁਨਿ ਮਹਿ ਪੇਖਿਓ ਨਟ ਨਾਟਿਕ ਨਿਰਤਾਏ।

. . ਸਭ ਮਿਲਿ ਏਕੋ ਏਕੁ ਵਖਾਨਹਿ ਤਉ ਕਿਸ ਤੇ ਕਹਉ ਦੁਰਾਏ।

ਇਹ ਸਾਰੇ ਭੇਸਾਂ ਵਾਲੇ ਭੀ ਰੱਬ ਨੂੰ ਪਿਆਰੇ ਹਨ ਕਿਉਂਕਿ ਉਹ ਭੇਖਾਂ ਦੇ ਆਧਾਰ ਤੇ ਊਚ ਨੀਚ ਸਥਾਪਤਿ ਨਹੀਂ ਕਰਦਾ। ਹਰ ਤਰਾਂ ਦੇ ਭੇਸ ਵਿੱਚ ਉਸਨੂੰ ਵਸਦਾ ਮੰਨ ਕੇ ਹੀ ਉਸਦੀ ਸੰਪੂਰਨ ਤਸਵੀਰ ਬਣਦੀ ਹੈ। ਜਿੰਨੇ ਰੰਗਾਂ ਵਾਲਿਆਂ ਨੂੰ ਦੁਰਕਾਰ ਕੇ ਬਾਹਰ ਕੱਢ ਦੇਵਾਂਗੇ ਉਤਨੀ ਹੀ ਉਸਦੀ ਤਸਵੀਰ ਅਧੂਰੀ ਰਹਿ ਜਾਣੀ ਹੈ। ਸਾਡੇ ਮਨ ਭੀ ਜਦੋਂ ਸੰਪੂਰਨ ਤਸਵੀਰ ਵਾਲੇ ਭਗਵਾਨ ਨਾਲ ਜੁੜਨਗੇ ਅਤੇ ਸਭ ਭੇਸਾਂ ਵਾਲਿਆਂ ਨਾਲ ਵਰਤਾਵਾ ਪਰੇਮ ਭਰਪੂਰ ਹੋਵੇਗਾ ਤਾਂ ਹੀ ਅਸੀਂ ਉਸ ਦੇ ਧੜੇ ਵਿੱਚ ਸ਼ਾਮਲ ਹੋਵਾਂਗੇ ਅਤੇ ਸਦੀਵੀ ਆਨੰਦ ਦੀ ਪ੍ਰਾਪਤੀ ਕਰਨ ਦੇ ਜੋਗ ਹੋ ਸਕਾਂਗੇ। ਜੇ ਨਹੀਂ ਤਾਂ ਸਾਡਾ ਬਣਾਇਆ ਧੜਾ ਉਸ ਨਾਲੋਂ ਟੁੱਟਿਆ ਹੋਵੇਗਾ ਅਤੇ ਇਹ ਸਿਰਫ ਝਗੜੇ ਅਤੇ ਦੁੱਖਾਂ ਦਾ ਕਾਰਨ ਹੀ ਬਣੇਗਾ-

ਸੰਤ ਸੰਗਿ ਪੇਖਿਓ ਮਨ ਮਾਏ।

ਊਭ ਪਇਆਲ ਸਰਬ ਮਹਿ ਪੂਰਨ ਰਸਿ ਮੰਗਲ ਗੁਣ ਗਾਏ।

ਜਨ੍ਹ ਨਾਨਕ ਤਿਨ੍ਹ ਕੈ ਬਲਿ ਬਲਿ ਜਾਈਐ ਜਿਹ ਘਟਿ ਪਰਗਟੀਆਏ-1139

ਜਿਨਾਂ ਦੇ ਹਿਰਦੇ ਇਸ ਤਰਾਂ ਰੱਬ ਦੀ ਸਰਬ ਵਿਆਪਕਤਾ ਨਾਲ ਜੁੜਕੇ ਸਭਨਾਂ ਨੂੰ ਪ੍ਰੇਮ ਸਹਿਤ ਸਵੀਕਾਰ ਕਰਦੇ ਹਨ ਉਹ ਹੀ ਵਡਿਆਈ ਦੇ ਪਾਤਰ ਹਨ।

ਭਾਈ ਘਨੱਈਆ ਜੀ ਇਸ ਤਰਾਂ ਸਰਬ ਵਿਆਪੀ ਰੱਬ ਨਾਲ ਜੁੜੇ ਹੋਏ ਸਨ ਕਿ ਉਨਾਂ ਲਈ ਵੱਡੇ ਵੱਡੇ ਬਾਹਰਲੇ ਵਖਰੇਵੇਂ ਭੀ ਕੋਈ ਮਹੱਤਾ ਨਹੀਂ ਸਨ ਰੱਖਦੇ। ਸਭ ਨਾਲ ਪ੍ਰੇਮ ਭਰਿਆ ਵਰਤਾਵਾ ਕਰਦੇ ਸਨ। ਹਰ ਇੱਕ ਲੋੜਵੰਦ ਦੀ ਇੱਕੋ ਜਿਹੀ ਲਗਨ ਨਾਲ ਸੇਵਾ ਕਰਦੇ ਸਨ। ਇਸ ਤਰਾਂ ਦਾ ਬਣਨ ਦੀ ਸੂਝ ਉਨਾਂ ਨੂੰ ਬਾਣੀ ਦੀ ਸਿੱਖਿਆ ਤੋਂ ਹੀ ਪ੍ਰਾਪਤ ਹੋਈ ਸੀ। ਇਸੇ ਕਰਕੇ ਉਨਾਂ ਨੂੰ ਦਸਵੀਂ ਪਾਤਿਸ਼ਾਹੀ ਤੋਂ ਵਡਭਾਗੀ ਹੋਣ ਦਾ ਥਾਪੜਾ ਨਸੀਬ ਹੋਇਆ ਸੀ। ਕੀ ਇਹ ਵਾਕਿਆ ਸਾਨੂੰ ਕੋਈ ਸੇਧ ਨਹੀਂ ਦਿੰਦਾ ਕਿ ਸਾਡੀ ਦ੍ਰਿਸ਼ਟੀ ਕਿਸ ਤਰਾਂ ਦੀ ਹੋਣੀ ਚਾਹੀਦੀ ਹੈ?

ਖਿਮਾਂ ਮੰਗਦੇ ਹੋਏ ਇੱਕ ਵਾਰ ਫਿਰ ਉਨਾਂ ਤੁਕਾਂ ਦਾ ਹਵਾਲਾ ਦਿੰਦੇ ਹਾਂ ਜਿੱਥੇ ਦੱਸਿਆ ਹੈ ਕਿ ਜਿਨਾਂ ਨੂੰ ਪਰਮਾਤਮਾ ਦੀ ਸਰਬ ਵਿਆਪਕਤਾ ਦੀ ਸੋਝੀ ਹੋ ਜਾਂਦੀ ਹੈ ਉਨਾਂ ਲਈ ਸਭ ਆਪਣੇ ਹੋ ਜਾਂਦੇ ਹਨ। ਉਹ ਸਭ ਨੂੰ ਦੇਖਕੇ ਖੁਸ਼ ਹੁੰਦੇ ਹਨ, ਕਿਸੇ ਨੂੰ ਭੀ ਦੇਖਦੇ ਸਾਰ ਹੀ ਕਰੋਧ, ਹੰਕਾਰ ਅਤੇ ਘਿਰਨਾ ਨਾਲ ਭਰਕੇ ਉਸਨੂੰ ਪਤਿਤ ਅਤੇ ਨੀਚ ਹੋਣ ਦੇ ਤਾਹਨਿਆਂ ਨਾਲ ਨਹੀਂ ਬਿੰਨਦੇ-

ਨਾ ਕੋ ਬੈਰੀ ਨਹੀ ਬਿਗਾਨਾ ਸਗਲ ਸੰਗਿ ਹਮ ਕਉ ਬਨਿ ਆਈ।

… ਸਭ ਮਹਿ ਰਵਿ ਰਹਿਆ ਪ੍ਰਭੁ ਏਕੈ ਪੇਖਿ ਪੇਖਿ ਨਾਨਕ ਬਿਗਸਾਈ-1209

ਪਰਮਾਤਮਾ ਦਾ ਸਭਨਾਂ ਦੇ ਅੰਦਰ ਇੱਕ ਰਸ ਮੌਜੂਦ ਹੋਣਾ ਧਰਮ ਦਾ ਸੱਚ ਹੈ। ਪਰ ਇਹ ਸੱਚ ਬਾਣੀ ਦੀ ਸਿੱਖਿਆ ਨਾਲ ਹਿਰਦਾ ਜੁੜੇ ਤੇ ਹੀ ਅੰਦਰ ਪੱਕਾ ਹੁੰਦਾ ਹੈ। ਜੇ ਇਵੇਂ ਨਹੀਂ ਹੋਇਆ ਤਾਂ ਸਮਝੋ ਪੂਰੇ ਗੂਰੂ ਦੀ ਪੂਰੀ ਸਿੱਖਿਆ ਲੈਣ ਵਿੱਚ ਕਿਤੇ ਕਮੀ ਰਹਿ ਗਈ ਹੈ-

ਤੂ ਘਟਿ ਘਟਿ ਇਕੁ ਵਰਤਦਾ ਗੁਰਮੁਖਿ ਪਰਗੜੀਐ-306

ਬਹੁਤ ਵੱਡੀ ਹੈਰਾਨੀ ਹੁੰਦੀ ਹੈ ਕਿ ਇੱਕ ਪਾਸੇ ਅਸੀਂ ਬਾਣੀ ਨੂੰ ਪਰੇ ਰੱਖ ਕੇ ਹੋਰ ਹੋਰ ਕਿਤਾਬਾਂ `ਚੋਂ ਇੱਕ ਇੱਕ ਤੁਕ ਲੈ ਕੇ ਅਸੂਲ ਘੜ ਲਏ ਹਨ ਅਤੇ ਸਾਰਿਆਂ ਨੂੰ ਉਨਾ ਤੇ ਤੁਰਨ ਲਈ ਮਜਬੂਰ ਕਰਨਾ ਆਪਣਾ ਹੱਕ ਸਮਝਦੇ ਹਾਂ ਪਰ ਦੂਜੇ ਪਾਸੇ ਬਾਣੀ ਦੀ ਸੈਂਕੜੇ ਵਾਰ ਦਿੱਤੀ ਸੇਧ ਦਾ ਭੀ ਸਾਡੇ ਤੇ ਕੋਈ ਅਸਰ ਨਹੀਂ ਹੁੰਦਾ। ਜਿਸ ਗੁਰੂ ਨੂੰ ਸਹੀ ਤੌਰ ਤੇ ਤਖਤ ਚਵਰ ਦਾ ਮਾਲਕ ਅਤੇ ਜਿਉਂਦਾ ਜਾਗਦਾ ਰਹਿਬਰ ਮੰਨਦੇ ਹਾਂ ਕੀ ਉਸਦੀ ਸੈਂਕੜੇ ਵਾਰੀ ਦਿੱਤੀ ਸੇਧ ਨੂੰ ਸਿਰ ਮੱਥੇ ਤੇ ਮੰਨ ਕੇ ਉਸਦੇ ਅਨੁਸਾਰੀ ਹੋਣਾ ਸਾਡਾ ਫਰਜ ਨਹੀਂ ਬਣਦਾ? ਜੇ ਨਹੀਂ ਕਰਦੇ ਤਾਂ ਇਹ ਮੰਨਣਾ ਪਵੇਗਾ ਕਿ ਜਿੰਨਾ ਕਹਿੰਦੇ ਹਾਂ ਉਤਨਾ ਸਤਿਕਾਰ ਅਸਲ ਵਿੱਚ ਅਸੀਂ ਦੇ ਨਹੀਂ ਰਹੇ।

ਇਹ ਕਦੇ ਭੀ ਭੁੱਲਣਾ ਨਹੀਂ ਚਾਹੀਦਾ ਕਿ ਗੁਰੂ ਦੀ ਸਿੱਖਿਆ ਨਾਲ ਪੂਰਨ ਤੌਰ ਤੇ ਜੁੜਕੇ ਹੀ ਗੁਰੂ ਵਾਲੇ ਬਣ ਸਕਦੇ ਹਾਂ। ਇਸ ਦਾ ਕੋਈ ਭੀ ਹੋਰ ਬਦਲ ਨਹੀਂ ਹੈ ਅਤੇ ਨਾ ਹੀ ਕੋਈ ਹੋਰ ਸੌਖਾ ਰਾਹ ਹੈ। ਜੇ ਕੋਈ ਇਹ ਸਮਝਦਾ ਹੈ ਤਾਂ ਉਹ ਬਹੁਤ ਵੱਡੇ ਭੁਲੇਖੇ ਵਿੱਚ ਹੈ। ਸੱਚ ਤਾਂ ਇਹ ਹੈ ਕਿ ਜੇ ਗੁਰੂ ਸਮਝਦੇ ਹਾਂ ਤਾਂ ਉਸ ਦੀ ਹਰ ਗੱਲ ਮੰਨਣੀ ਜ਼ਰੂਰੀ ਹੋ ਜਾਦੀ ਹੈ।

ਨਿਮਰਤਾ ਸਹਿਤ---ਮਨੋਹਰ ਸਿੰਘ ਪੁਰੇਵਾਲ




.