.

ਸਤਿੰਦਰਜੀਤ ਸਿੰਘ

ਸਲੋਕ

ਆਦਿ ਸਚੁ ਜੁਗਾਦਿ ਸਚੁ॥

ਗੁਰੂ ਨਾਨਕ ਸਾਹਿਬ ਜੀ ਇਸ ਸ਼ਬਦ ਵਿੱਚ 'ਅਕਾਲ ਪੁਰਖ ਪ੍ਰਮਾਤਮਾ, ਉਸਦੇ ਨਿਯਮਾਂ ਦੀ ਉਸਤਤ ਕਰਦੇ ਹੋਏ ਸਮਝਾਉਂਦੇ ਹਨ ਕਿ ਇਸ ਸਾਰੀ ਕਾਇਨਾਤ ਦਾ 'ਰਚਣਹਾਰ, ਅਕਾਲ ਪੁਰਖ ਪ੍ਰਮਾਤਮਾ, ਉਸਦੇ ਨਿਯਮ, ਕਾਨੂੰਨ ਅਤੇ ਸਿਧਾਂਤ ਮੁੱਢ (ਆਦਿ) ਤੋਂ ਹੀ ਭਾਵ ਸ਼ੁਰੂ ਤੋਂ ਹੀ ਸੱਚ ਹਨ, ਅਟੱਲ ਹਨ, ਜੁੱਗਾਂ-ਜੁੱਗਾਂ (ਜੁਗਾਦਿ) ਤੋਂ ਹੀ ਆਪਣੇ ਅਟੱਲ ਰੂਪ ਵਿੱਚ ਮੌਜੂਦ ਹਨ,

ਹੈ ਭੀ ਸਚੁ ਨਾਨਕ ਹੋਸੀ ਭੀ ਸਚੁ॥੧॥ (ਜਪੁ, ਪੰਨਾ ੧)

‘ਪ੍ਰਮਾਤਮਾ’ (ਉਸਦੇ ਨਿਯਮ) ਵਰਤਮਾਨ (ਹੈ) ਵਿੱਚ ਵੀ ਮੌਜੂਦ ਹੈ, ਸਾਰੀ ਕਾਇਨਾਤ ਵਿੱਚ ਵਰਤ ਰਿਹਾ ਹੈ ਅਤੇ ਭਵਿੱਖ (ਹੋਸੀ) ਵਿੱਚ ਵੀ ਇਸੇ ਤਰ੍ਹਾਂ ਆਪਣੇ ਅਟੱਲ ਰੂਪ ਵਿੱਚ ਹੋਵੇਗਾ...!!! ॥1॥

ਪਉੜੀ-1

ਸੋਚੈ ਸੋਚਿ ਨ ਹੋਵਈ ਜੇ ਸੋਚੀ ਲਖ ਵਾਰ॥

ਗੁਰੂ ਨਾਨਕ ਸਾਹਿਬ ਆਖ ਰਹੇ ਹਨ ਕਿ ਮੈਂ ਭਾਵੇਂ ਲੱਖਾਂ ਵਾਰ ਸਰੀਰ ਨੂੰ ਸੁੱਚਾ ਰੱਖਣ (ਸੋਚੈ), ਸ਼ੁੱਧ ਕਰਨ ਦਾ ਯਤਨ ਕਰਾਂ ਤਾਂ ਵੀ ਇਸ ਤਰ੍ਹਾਂ ਸੁੱਚ (ਸੋਚਿ) ਰੱਖਣ ਨਾਲ ਮਨ ਸੁੱਚਾ ਨਹੀਂ ਹੋ ਸਕਦਾ, ਮਨ ਸ਼ੁੱਧ ਨਹੀਂ ਹੁੰਦਾ

ਚੁਪੈ ਚੁਪ ਨ ਹੋਵਈ ਜੇ ਲਾਇ ਰਹਾ ਲਿਵ ਤਾਰ ॥

ਭਾਵੇਂ ਲਗਾਤਾਰ (ਲਿਵ ਤਾਰ) ਸਰੀਰਿਕ ਤੌਰ ਤੇ ਚੁੱਪਧਾਰੀ (ਚੁਪੈ) ਰੱਖਾਂ ਤਾਂ ਵੀ ਮਨ ਦੀ ਸ਼ਾਂਤੀ (ਚੁਪ) ਨਹੀਂ ਹੁੰਦੀ, ਭਟਕਣ ਦੂਰ ਨਹੀਂ ਹੁੰਦੀ, ਮਨ ਗੁਣਾਂ ਵੱਲ ਨਹੀਂ ਟਿਕਦਾ।

ਭੁਖਿਆ ਭੁਖ ਨ ਉਤਰੀ ਜੇ ਬੰਨਾ ਪੁਰੀਆ ਭਾਰ॥

ਗੁਰੂ ਨਾਨਕ ਸਾਹਿਬ ਇਨਸਾਨੀ ਸੁਭਾਅ ਦੀ ਗੱਲ ਕਰਦੇ ਹੋਏ ਆਖ ਰਹੇ ਹਨ ਕਿ ਭਾਵੇਂ ਮੈਂ ਸਾਰੀ ਦੁਨੀਆਂ (ਪੁਰੀਆ) ਦੀ ਧਨ-ਦੌਲਤ, ਪਦਾਰਥ ਇਕੱਠੇ ਕਰ ਲਵਾਂ ਤਾਂ ਵੀ ਮਨ ਵਿੱਚੋਂ ਮਾਇਆ ਦੀ ਭੁੱਖ ਨਹੀਂ ਮਿਟਦੀ, ਮਨੁੱਖ ਇਸੇ ਭੁੱਖ ਅਧੀਨ ਵਿਚਰਦਾ ਹੈ ਅਤੇ ਭੁੱਖੇ ਦੀ ਭੁੱਖ ਵਧਦੀ ਜਾਂਦੀ ਹੈ

ਸਹਸ ਸਿਆਣਪਾ ਲਖ ਹੋਹਿ ਤ ਇਕ ਨ ਚਲੈ ਨਾਲਿ॥

ਭਾਵੇਂ ਮਨੁੱਖ ਕਿੰਨਾ ਵੀ ਚਾਲਾਕ ਕਿਉਂ ਨਾ ਹੋਵੇ, ਭਾਵੇਂ ਉਹ ਹਜਾਰਾਂ (ਸਹਸ), ਲੱਖਾਂ ਚਤੁਰਾਈਆਂ (ਸਿਆਣਪਾ) ਕਰੇ ਤਾਂ ਵੀ ਵਿਕਾਰਾਂ ਤੋਂ ਨਹੀਂ ਬਚਦਾ, ਇੱਕ ਵੀ ਚਾਲਾਕੀ ਕੰਮ ਨਹੀਂ ਆਉਂਦੀ।!

ਕਿਵ ਸਚਿਆਰਾ ਹੋਈਐ ਕਿਵ ਕੂੜੈ ਤੁਟੈ ਪਾਲਿ॥

ਗੁਰੂ ਸਾਹਿਬ ਸਵਾਲ ਕਰਦੇ ਹਨ ਕਿ ਫਿਰ ਇਹ ਵਿਕਾਰਾਂ ਅਤੇ ਗੁਣਾਂ ਵਿਚਾਲੇ ਬਣਿਆ ਝੂਠ ਅਤੇ ਕੂੜ ਦਾ ਪਰਦਾ, ਕੰਧ (ਪਾਲਿ) ਕਿਵੇਂ ਹਟੇ? ਜਿਸਦੇ ਹਟਣ ਨਾਲ ਮਨੁੱਖ ਇੱਕ ਸਚਿਆਰਾ, ਗੁਣਾਂ ਨਾਲ ਭਰਪੂਰ ਕਿਵੇਂ ਬਣ ਸਕਦਾ ਹੈ?

ਹੁਕਮਿ ਰਜਾਈ ਚਲਣਾ ਨਾਨਕ ਲਿਖਿਆ ਨਾਲਿ॥੧॥

ਅੱਗੇ ਗੁਰੂ ਸਾਹਿਬ ਸਚਿਆਰਾ ਹੋਣ ਦਾ ਤਰੀਕਾ ਦੱਸ ਰਹੇ ਹਨ ਕਿ ਪ੍ਰਮਾਤਮਾ ਦੇ ਜਿਹੜੇ ਗੁਣ ਮਨੁੱਖ ਦੇ ਨਾਲ ਜਨਮ ਤੋਂ ਹੀ ਹਨ, ਉਹਨਾਂ ਦੀ ਰੌਸ਼ਨੀ ਵਿੱਚ ਜੀਵਨ ਜਿਉਣ ਨਾਲ ਇਹ ਵਿਕਾਰਾਂ ਦੀ ਕੰਢ ਹਟ ਸਕਦੀ ਹੈ ਅਤੇ ਮਨੁੱਖ ਵਿਕਾਰਾਂ ਨੂੰ ਛੱਡ ਕੇ ਸਚਿਆਰਾ ਮਨੁੱਖ ਬਣ ਸਕਦਾ ਹੈ ॥1

{ਨੋਟ: ‘ਜਪੁ ਜੀ’ ਸਾਹਿਬ ਦੇ ਇਹ ਅਰਥ, ਆਪਣੀ ਸਮਝ ਅਨੁਸਾਰ ਕੀਤੇ ਗਏ ਹਨ, ਕੋਈ ਆਖਰੀ ਨਿਰਣਾ ਨਹੀਂ, ਸਾਰੇ ਪਾਠਕਾਂ ਦੇ ਸੁਝਾਵਾਂ ਦਾ ਸੁਆਗਤ ਹੈ}
.