.

ਖੁਦਮੁਖਤਿਆਰੀ ਬਨਾਮ ਨਿਸਚੇਵਾਦ

(Free Will vs Determinism)

(ਕਿਸ਼ਤ ਦੂਜੀ)

ਵਿਗਿਆਨ ਦੇ ਇਸ ਸੱਚ ਨੂੰ ਹੁਣ ਹਰ ਕੋਈ ਮੰਨਦਾ ਹੈ ਕਿ ਬੰਦੇ ਦੇ ਜ਼ੀਨਜ਼ ਹੀ ਇਹ ਨਿਰਧਾਰਿਤ ਕਰਦੇ ਨੇ ਕੇ ੳਸੁਦਾ ਕੱਦ ਕਾਠ ਕੀ ਹੋਏਗਾ, ਰੰਗ ਰੂਪ ਕੀ ਹੋਏਗਾ। ਇਸੇ ਤਰ੍ਹਾਂ ਉਸਦੀ ਦਿਮਾਗੀ ਕਾਬਲੀਅਤ ਵੀ ਬਹਤ ਹੱਦ ਤਕ ਉਸਦੇ ਜ਼ੀਨਜ਼ (Genes) ਤੇ ਹੀ ਨਿਰਭਰ ਹੈ। ਕੁੜੀ ਮੁੰਡੇ ਆਪਸ ਵਿੱਚ ਕਿਸ ਨੂੰ ਪਸੰਦ ਕਰਦੇ ਨੇ ਇਹ ਵੀ ਉਹਨਾਂ ਦਾ ਦਿਮਾਗ ਉਹਨਾਂ ਤੋਂ ਪਹਿਲਾਂ ਹੀ ਕਰ ਲੈਂਦਾ ਹੈ। ਮੁੰਡੇ ਨੂੰ ਕੁੜੀ ਅਤੇ ਕੁੜੀ ਨੁੰ ਮੁੰਡਾ ਕਿਸ ਤਰ੍ਹਾਂ ਦਾ ਪਸੰਦ ਹੈ ਇਹ ਉਹਨਾਂ ਦੇ ਜੀਨਜ਼, ਰਹਿਣ ਸਹਿਣ ਅਤੇ ਮਹੌਲ ਜਿਨ੍ਹਾ ਤੇ ਉਹਨਾਂ ਦਾ ਕੋਈ ਕੰਟਰੋਲ ਨਹੀਂ ਹੈ ਪਹਿਲਾਂ ਹੀ ਨਿਰਧਾਰਿਤ ਕਰ ਚੁੱਕੇ ਹੁੰਦੇ ਨੇ। ਕੁੜੀਆਂ ਚੰਗੇ ਖਿਲਾੜੀਆਂ ਤੇ ਲੱਟੂ ਹੁੰਦੀਆਂ ਆਮ ਦੇਖੀਆਂ ਜਾ ਸਕਦੀਆਂ ਹਨ। ਇਸ ਪਿੱਛੇ ਵੀ ਔਰਤ ਦੇ ਜੀਨਜ਼ ਹੀ ਕੰਮ ਕਰਦੇ ਨੇ। ਕੁਦਰਤੀ ਵਿਕਾਸ ਜਾਂ ਐਵੋਲੂਸ਼ਨ ਅਨੁਸਾਰ ਔਰਤ ਆਪਣੀ ਔਲਾਦ ਤਕੜੀ ਅਤੇ ਹੁੰਦੜਹੇਲ ਦੇਖਣਾ ਚਾਹੁੰਦੀ ਹੈ ਜਿਸ ਲਈ ਉਸ ਨੂੰ ਅਜਿਹੇ ਮਨੁਖਾਂ ਦੇ ਬੀਰਜ਼ ਜਾਂ ਸਪਰਮ ਦੀ ਲੋੜ ਹੈ। ਕੁੜੀਆਂ ਨੂੰ ਲਗਦਾ ਹੈ ਕਿ ਉਹ ਇਹ ਆਪਣੀ ਮਰਜ਼ੀ ਨਾਲ ਕਰ ਰਹੀਆਂ ਹਨ ਪਰ ਦਰਅਸਲ ਇਹ ਸਭ ਉਹਨਾਂ ਦੇ ਜੀਨਜ਼ ਹੀ ਕਰਵਾ ਰਹੇ ਨੇ। ਬੰਦੇ ਦਾ ਸਮਾਜਿਕ ਅਤੇ ਸੱਭਿਆਚਾਰਿਕ ਸੁਭਾਓ ਅਤੇ ਵਰਤਾਰਾ ਮੀਮਜ਼ (15) ਦੁਆਰਾ ਨਿਰਧਾਰਿਤ ਹੁੰਦਾ ਅਤੇ ਫੈਲਦਾ ਹੈ। ਮੀਮਜ਼ (Memes) ਦਾ ਸੰਕਲਪ ਰਿਚਰਡ ਡਾਕਨਜ਼ ਨੇ 1976 ਵਿੱਚ ਪੇਸ਼ ਕੀਤਾ। ਇਹ ਲਫਜ਼ ਗਰੀਕੀ ਭਾਸ਼ਾ ਦੇ ਮਮੀਮ (Mimime) ਅਤੇ ਜੀਨਜ਼ ਦਾ ਸੁਮੇਲ ਕਰ ਕੇ ਬਣਾਇਆ ਗਿਆ ਹੈ। ਇਸ ਸਕੰਲਪ ਅਨੁਸਾਰ ਸਭਿਆਚਾਰ ਮੀਮਜ਼ ਦੀਆਂ ਇਕਾਈਆਂ ਦਾ ਬਣਿਆ ਹੋਇਆ ਹੈ। ਸਾਡੇ ਸਾਰੇ ਰੀਤੀ ਰਿਵਾਜ ਮੀਮਜ਼ ਦਾ ਗੱਠ ਜੋੜ ਹੀ ਹਨ। ਨਵੇਂ ਮੀਮਜ਼ ਪੈਦਾ ਹੋਣ ਨਾਲ ਇਸ ਗੱਠ ਜੋੜ ਵਿੱਚ ਤਬਦੀਲੀ ਆਉਂਦੀ ਰਹਿੰਦੀ ਹੈ। ਇਸੇ ਕਰਕੇ ਸੱਭਿਆਚਾਰ ਹਮੇਸ਼ਾ ਇਕਸਾਰ ਨਹੀਂ ਰਹਿੰਦਾ। ਸਾਡਾ ਬਹਿਣ ਉਠਣ ਬੋਲਣ ਚਾਲਣ ਸਮੇਂ ਸਮੇ ਨਾਲ ਬਦਲਦਾ ਰਹਿੰਦਾ ਹੈ। ਮੀਮਜ਼ ਕੰਪਿਉਟਰ ਵਾਇਰਸ ਦੀ ਤਰ੍ਹਾਂ ਫੈਲ ਜਾਂਦੇ ਹਨ। ਇਸ ਕਰਕੇ ਮੀਮਜ਼ ਉਹੀ ਕਾਮਯਾਬ ਅਤੇ ਕਾਇਮ ਰਹਿੰਦੇ ਨੇ ਜਿਹਨਾਂ ਦੀ ਨਕਲ ਅਸਾਨੀ ਨਾਲ ਹੁੰਦੀ ਰਹਿੰਦੀ ਹੈ। ਉਹ ਦੂਜੇ ਮੀਮਜ਼ ਨੂੰ ਹਰਾ ਕੇ ਖਤਮ ਵੀ ਕਰ ਦਿੰਦੇ ਨੇ। ਮਿਸਾਲ ਦੇ ਤੌਰ ਤੇ ਗੋਡਿਆਂ ਤੋਂ ਪਾਟੀ ਹੋਈ ਜੀਨ ਪਾਉਣਾ, ਪੁੱਠੀ ਟੋਪੀ ਪਹਿਨਣਾ, ਭੰਗੜੇ ਦਾ ਬਾਲੀਬੁਡ ਡਾਂਸ ਬਣਨਾ, ਸਿੱਖ ਸੰਗਤਾਂ ਵਿੱਚ ਖਾਸ ਖਾਸ ਸ਼ਬਦਾਂ ਦਾ ਖਾਸ ਮੌਕਿਆਂ ਤੇ ਕੀਰਤਨ ਗਾਇਨ ਪ੍ਰਚਲਤ ਹੋਣਾ, ਵਾਹਿ ਗੁਰੂ ਦਾ ਵਿਗੜਿਆ ਰੂਪ ਵਾਹਗੁਰੂ ਪ੍ਰਚਲਤ ਹੋਣਾ ਆਦਿ ਕਾਮਯਾਬ ਮੀਮਜ਼ ਹਨ। ਜਿਸ ਤਰ੍ਹਾਂ ਕੋਈ ਜਾਣਕਾਰੀ ਫੇਸਬੁੱਕ ਤੇ ਬਰਸਾਤੀ ਭਵੱਕੜਾਂ ਵਾਂਗ ਫੈਲਦੀ ਹੈ ਉਸੇ ਤਰ੍ਹਾਂ ਸਮਾਜਕ ਜਾਂ ਸੱਭਿਆਚਾਰਿਕ ਵਰਤਾਰਾ ਇੱਕ ਸ਼ਖਸ਼ ਤੋਂ ਦੂਜੇ ਸ਼ਖਸ਼ ਤਕ ਕਾਪੀ ਹੋ ਹੋ ਪਹੁੰਚੀ ਜਾਂਦਾ ਹੈ। ਸਾਡੇ ਖਾਣ ਪੀਣ, ਪਹਿਨਣ ਅਤੇ ਬੋਲ ਚਾਲ ਵਿੱਚ ਵੀ ਮੀਮਜ਼ ਵੱਡਾ ਰੋਲ ਅਦਾ ਕਰ ਰਹੇ ਨੇ। ਬੱਚਾ ਜਿਹੋ ਜਿਹੇ ਮਹੌਲ ਵਿੱਚ ਪਲਦਾ ਹੈ ਉਹੌ ਜਿਹੇ ਉਸ ਦੇ ਸੰਸਕਾਰ ਹੋ ਜਾਂਦੇ ਨੇ। ਸਿਖ ਧਰਮ ਦੇ ਮਹੌਲ ਵਿੱਚ ਪਲੇ ਬੱਚੇ ਦੇ ਮੂੰਹੋਂ ਆਪ ਮੁਹਾਰੇ ਵਾਹਿਗੁਰੂ ਨਿਕਲਦਾ ਹੈ ਅਤੇ ਹਿੰਦੂ ਦੇ ਮੂੰਹੋਂ ਜੈ ਸ਼੍ਰੀ ਰਾਮ ਨਿਕਲਦਾ ਹੈ। ਮਾਸ ਖਾਣਾ ਨਾ ਖਾਣਾ ਵੀ ਸੱਭਿਆਚਾਰ ਦੀ ਦੇਣ ਹੈ ਨਾ ਕਿ ਧਰਮ ਦੀ ਅਤੇ ਨਾ ਹੀ ਇਸ ਵਿੱਚ ਕੋਈ ਪਾਪ ਪੁੰਨ ਹੈ। ਉਪਰਲੀ ਸਾਰੀ ਵਿਚਾਰ ਤੋਂ ਬਾਅਦ ਬੰਦੇ ਦੇ ਸਭਿਆਚਾਰਕ ਵਰਤਾਰੇ ਵਿੱਚ ਉਸ ਦੀ ਕੋਈ ਮਰਜ਼ੀ ਨਜ਼ਰ ਨਹੀਂ ਆਉਂਦੀ। ਪੰਜਾਬੀ ਦੇ ਪੰਜਾਬੀ ਹੋਣ ਵਿੱਚ ਉਸ ਦੀ ਕੋਈ ਮਰਜ਼ੀ ਨਹੀਂ ਹੈ। ਹਿੰਦੂ ਦੇ ਗਊ ਨੂੰ ਪਵਿੱਤਰ ਮੰਨਣ ਵਿੱਚ ਉਸ ਦੀ ਕੋਈ ਮਰਜ਼ੀ ਨਹੀਂ ਹੈ। ਈਸਾਈ ਦੇ ਸੁਰਗ ਨਰਕ ਵਿੱਚ ਵਿਸ਼ਵਾਸ਼ ਵਿੱਚ ਉਸਦੀ ਕੋਈ ਮਰਜ਼ੀ ਨਹੀਂ। ਅਗਰ ਕੋਈ ਕਿਸੇ ਸ਼ਖਸ ਦੇ ਧਰਮ ਵਾਰੇ ਅਜਿਹੀ ਕੋਈ ਗਲ ਕਰਦਾ ਹੈ ਜੋ ਉਸਨੂੰ ਚੰਗੀ ਲਗਦੀ ਹੈ ਉਹ ਉਸ ਨੂੰ ਬਿਨਾ ਪਰਖੇ ਮੰਨ ਲੈਂਦਾ ਹੈ ਪਰ ਦੂਜੇ ਧਰਮਾਂ ਵਾਰੇ ਗੱਲ ਮੰਨਣ ਵਿੱਚ ਦੇਰ ਲਾਉਂਦਾ ਹੈ ਜਾ ਨਹੀਂ ਮੰਨਦਾ। ਇਹ ਉਸਦੇ ਧਾਰਮਿਕ ਮਹੌਲ ਦੀ ਦੇਣ ਹੈ। ਪੁਜਾਰੀ ਲੋਕ ਇਸ ਦਾ ਭਲੀਭਾਂਤ ਲਾਭ ਉਠਾਉਂਦੇ ਨੇ। ਉਸੇ ਬੱਚੇ ਨੂੰ ਦੁਸਰੇ ਧਰਮ ਦੇ ਮਹੌਲ ਵਿੱਚ ਪਾਲਣ ਨਾਲ ਉਹ ਬਦਲ ਜਾਂਦਾ ਹੈ। ਬੰਦਾ ਕੱਪੜਾ ਕਿਹੋ ਜਿਹਾ ਪਾਉਂਦਾ ਹੈ ਇਹ ਵੀ ਉਸ ਦੀ ਮਰਜ਼ੀ ਨਹੀਂ ਹੈ। ਫੈਸ਼ਨ ਇਸੇ ਗਲ ਦੀ ਉਪਜ ਹੈ। ਇਸ ਦਾ ਮੰਡੀਕਰਣ ਦਾ ਢੋਲ ਢਮੱਕਾ ਵੀ ਖੂਬ ਲਾਭ ਲੈਂਦਾ ਹੈ।

ਵਿਗਿਆਨ ਮੁਤਾਬਿਕ ਮਨ ਜਾਂ ਚੇਤਨਤਾ ਵੀ ਸਾਡੇ ਦਿਮਾਗ ਦੀ ਹੀ ਉਪਜ ਹਨ। ਇਸੇ ਵਿਸ਼ੇ ਤੇ ਲਗਾਤਾਰ ਖੋਜ ਹੋ ਰਹੀ ਹੈ। ਵਿਗਿਆਨ ਨੂੰ ਵੀ ਦਿਮਾਗ ਦੀ ਹਾਲੇ ਪੂਰੀ ਜਾਣਕਾਰੀ ਨਹੀਂ ਹੈ ਅਤੇ ਨ ਹੀ ਵਿਗਿਆਨ ਇਹ ਦਾਅਵਾ ਕਰਦਾ ਹੈ। ਅਕਾਸ਼ ਵਿੱਚ ਉੰਨ੍ਹੇ ਤਾਰੇ ਨਹੀਂ ਹਨ ਜਿੰਨੇ ਸਾਡੇ ਦਿਮਾਗ ਵਿੱਚ ਤੰਤੂ ਜਾਂ ਨਿਉਰੌਨ ਹਨ। ਜਿਵੇਂ ਆਪਾਂ ਉੱਪਰ ਲਿਬਿਟ ਦੇ ਤਜ਼ਰਬੇ ਵਾਰੇ ਪੜ੍ਹ ਆਏ ਹਾਂ ਜਿਸ ਨੇ ਇਹ ਸਾਬਤ ਕੀਤਾ ਹੈ ਕਿ ਸਾਡਾ ਦਿਮਾਗ ਸਾਤੋਂ ਪਹਿਲਾਂ ਹੀ ਸਾਰੇ ਫੈਸਲੇ ਕਰ ਲੈਂਦਾ ਹੈ। ਇਹ ਵੀ ਸਾਬਤ ਹੋ ਚੁੱਕਾ ਹੈ ਕਿ ਸਾਡੇ ਦਿਮਾਗ ਦੇ ਅੱਡ ਅੱਡ ਹਿੱਸੇ ਅੱਡ ਅੱਡ ਕੰਮ ਕਰ ਰਹੇ ਨੇ। ਬੰਦੇ ਦੇ ਖੁਸ਼ ਜਾਂ ਉਦਾਸ ਹੋਣ, ਸ਼ਰਧਾ ਜਾਂ ਹੋਰ ਭਾਵਨਾਵਾਂ ਨੂੰ ਦਿਮਾਗ ਦਾ ਅਮਿਗਡਲਾ (Amygdala) ਕੰਟਰੋਲ ਕਰਦਾ ਹੈ। ਸੋਚਣ, ਤਰਕ ਅਤੇ ਗੁੰਝਲ ਹੱਲ ਕਰਨ ਵਾਲੇ ਹਿਸੇ ਨੂੰ ਫ੍ਰੰਟਲ ਲੋਬ (Frontial Lobe) ਕਹਿੰਦੇ ਨੇ। ਇਸੇ ਤਰ੍ਹਾਂ ਸਾਡੀ ਸੁਣਨ ਸ਼ਕਤੀ, ਨਜ਼ਰ, ਯਾਦਾਸ਼ਤ ਅਤੇ ਸਰੀਰ ਦੇ ਬਾਕੀ ਸਾਰੇ ਕਾਰਜ਼ਾਂ ਨੂੰ ਦਿਮਾਗ ਦੇ ਅੱਡ ਅੱਡ ਹਿੱਸੇ ਕੰਟਰੋਲ ਕਰਕੇ ਚਲਾਉਂਦੇ ਹਨ। ਵਿਗਿਆਨੀ ਇਹ ਤਜ਼ਰਬੇ ਨਾਲ ਸਿੱਧ ਕਰ ਚੁੱਕੇ ਨੇ ਕਿ ਦਿਮਾਗ ਦਾ ਜਿਹੜਾ ਹਿੱਸਾ ਕੰਮ ਕਰਦਾ ਹੈ ਉਸ ਵਿੱਚ ਆਕਸੀਜ਼ਨ ਜ਼ਿਆਦਾ ਜਾਣ ਲਗ ਪੈਂਦੀ ਹੈ। ਇੱਕ ਤਰ੍ਹਾਂ ਨਾਲ ਉਹ ਹਿੱਸਾ ਜਗਮਗ ਜਗਮਗ ਕਰਨ ਲਗ ਪੈਂਦਾ ਹੈ। ਅਗਰ ਦਿਮਾਗ ਦਾ ਕੋਈ ਹਿੱਸਾ ਕਿਸੇ ਕਾਰਨ ਜ਼ਖ਼ਮੀ ਹੋ ਜਾਏ ਤਾਂ ਉਸ ਹਿੱਸੇ ਨਾਲ ਸਬੰਧਤ ਸਰੀਰ ਦੇ ਅੰਗ ਕੰਮ ਕਰਨਾ ਬੰਦ ਕਰ ਦਿੰਦੇ ਨੇ। ਅਧਰੰਗ ਦੀ ਬਿਮਾਰੀ ਇਸ ਦਾ ਪ੍ਰਤੱਖ ਪ੍ਰਮਾਣ ਹੈ। ਕਈ ਵਾਰੀ ਅਜਿਹੇ ਸ਼ਖਸ਼ ਜਿੰਦਗੀ ਵਿੱਚ ਮਿਲਦੇ ਨੇ ਜਿਹਨਾਂ ਨੂੰ ਭੁਖ ਨਹੀਂ ਲਗਦੀ ਜਾਂ ਕਈਆ ਨੂੰ ਭੁਖ ਬਹੁਤ ਲਗਦੀ ਹੈ ਇਸਦਾ ਕਾਰਨ ਵੀ ਦਿਮਾਗ ਦੇ ਉਸ ਹਿੱਸੇ ਵਿੱਚ ਗੜਬੜ ਹੁੰਦੀ ਹੈ ਜੋ ਹਿੱਸਾ ਸਰੀਰ ਦੀ ਇਸ ਲੋੜ ਨੂੰ ਕੰਟਰੋਲ ਕਰਦਾ ਹੈ। ਇੱਕ ਤਰ੍ਹਾਂ ਨਾਲ ਸਾਡਾ ਦਿਮਾਗ ਸਾਡੇ ਸਰੀਰ ਦਾ ਸੀ ਪੀ ਯੂ ਹੈ ਜੋ ਇਸ ਸਰੀਰ ਰੂਪੀ ਕੰਪਿਊਟਰ ਨੂੰ ਚਲਾ ਰਿਹਾ ਹੈ। ਇਸ ਦੀ ਭਾਸ਼ਾ, ਸ਼ਬਦਾਵਲੀ, ਯਾਦਸਕਤੀ, ਸਪੀਡ, ਪਸੰਦ ਜਾਂ ਨਾ ਪਸੰਦ ਆਦਿ ਸਭ ਪਹਿਲਾਂ ਤੋਂ ਹੀ ਪਏ ਹੋਏ ਪ੍ਰੋਗਰਾਮ ਮੁਤਾਬਿਕ ਨਿਰਧਾਰਿਤ ਹਨ। ਜਿਸ ਤਰ੍ਹਾਂ ਕੰਪਿਉਟਰ ਬਣਾਏ ਹੋਏ ਪ੍ਰੋਗਰਾਮ ਤਹਿਤ ਕੰਮ ਕਰ ਰਿਹਾ ਹੈ। ਦਿਮਾਗ ਦੇ ਤੰਤੂ ਜਾਂ ਨਿਉਰੌਨ ਵੀ ਫਿਜਿਕਸ ਦੇ ਕਨੂੰਨ ਤਹਿਤ ਹੀ ਕੰਮ ਕਰਦੇ ਨੇ। ਬੰਦੇ ਦੇ ਦਿਮਾਗ ਰੂਪੀ ਸੀ ਪੀ ਯੂ ਵਿੱਚ ਕਿਸ ਤਰ੍ਹਾਂ ਦੇ ਪ੍ਰੋਗਰਾਮ ਜਾਂ ਐਪਲੀਕੇਸ਼ਨਜ਼ ਹਨ ਇਹ ਬੰਦੇ ਦੇ ਆਪਣੇ ਵਸ ਵਿੱਚ ਨਹੀਂ ਹੈ। ਮਨ ਜਾਂ ਚੇਤਨਤਾ ਵੀ ਇਸੇ ਦਿਮਾਗ ਦੀ ਉਪਜ ਹਨ। ਬੇਸ਼ੱਕ ਕਈ ਇੱਕ ਵਿਦਵਾਨ ਜਾਂ ਲੇਖਕ ਇਸ ਨਾਲ ਸਹਿਮਤ ਵੀ ਨਹੀਂ ਹਨ।

ਵਿਗਿਆਨ ਅਨੁਸਾਰ ਬੰਦੇ ਦੀ ਮਰਜ਼ੀ ਜਾਂ ਖੁਦਮੁਖਿਤਿਆਰੀ ਇੱਕ ਭਰਮ ਹੈ। ਸੈਮ ਹੈਰਿਸ ਆਪਣੀ ਕਿਤਾਬ "ਫਰੀ ਵਿੱਲ" ਵਿੱਚ ਤਾਂ ਇੱਥੋਂ ਤਕ ਕਹਿੰਦਾ ਹੈ ਕਿ ਇਹ ਮਹਿਜ਼ ਇੱਕ ਭਰਮ ਹੀ ਨਹੀਂ ਬਲਕਿ ਇੱਕ ਉਘੜ ਦੁਗੜਾ ਖਿਆਲ ਹੈ ਜਿਸ ਦੀ ਕੋਈ ਤੁਕ ਨਹੀਂ ਬਣਦੀ। (16) ਆਈਨਸਟਾਈਨ ਇੱਕ ਜਗ੍ਹਾ ਲਿਖਦਾ ਹੈ ਕਿ "ਅਗਰ ਚੰਦ ਕੋਲ ਆਪਣੀ ਚਾਲੇ ਚਲਦੇ ਹੋਏ ਸਵੈ ਚੇਤਨਤਾ ਆ ਜਾਏ ਤਾਂ ਉਸ ਨੂੰ ਇਹ ਵਿਸ਼ਵਾਸ਼ ਹੋ ਜਾਏਗਾ ਕਿ ਉਹ ਇਹ ਆਪਣੀ ਮਰਜ਼ੀ ਨਾਲ ਕਰ ਰਿਹਾ ਹੈ। ਇਸੇ ਤਰ੍ਹਾਂ ਅਗਰ ਕੋਈ ਉੱਚ ਪਾਏ ਦੀ ਸੂਝ ਬੂਝ ਅਤੇ ਅਕਲ ਵਾਲਾ ਸ਼ਖਸ਼ ਬੰਦੇ ਵਲ ਝਾਤੀ ਮਾਰੇ ਉਹ ਬੰਦੇ ਦੀ ਆਪਣੀ ਖੁਦਮੁਖਿਤਿਆਰੀ ਦੇ ਭਰਮ ਤੇ ਮੁਸਕਰਾਏਗਾ।" (17)

ਇੱਥੇ ਇੱਕ ਹੋਰ ਗੱਲ ਵੀ ਧਿਆਨ ਵਿੱਚ ਰੱਖਣ ਦੀ ਲੋੜ ਹੈ ਕਿ ਵਿਗਿਆਨ ਬੰਦੇ ਨੂੰ ਜੋ ਵਸੋਂ ਬਾਹਰੇ ਕਾਰਨਾ ਕਰਕੇ ਕੋਈ ਕੰਮ ਕਰਨ ਲਈ ਮਜਬੂਰ ਹੈ ਉਹਨਾਂ ਕੰਮਾ ਲਈ ਜੁੰਮੇਵਾਰ ਨਹੀਂ ਮੰਨਦਾ। ਇਸ ਦੇ ਉਲਟ ਧਰਮ ਉਸ ਨੂੰ ਫਿਰ ਵੀ ਜੁੰਮੇਵਾਰ ਮੰਨਦਾ ਹੈ। ਪਰ ਵਿਗਿਆਨ ਇਹ ਵੀ ਨਹੀਂ ਕਹਿੰਦਾ ਕਿ ਬੰਦਾ ਅਗਰ ਅਪਰਾਧ ਕਰਦਾ ਹੈ ਤਾਂ ਉਹ ਉਸ ਲਈ ਜੁੰਮੇਵਾਰ ਨਹੀ ਹੈ। ਖੈਰ ਇਸ ਨੁਕਤੇ ਤੇ ਅਸੀਂ ਲੇਖ ਵਿੱਚ ਅੱਗੇ ਜਾ ਕੇ ਹੋਰ ਵਿਚਾਰ ਕਰਾਂਗੇ।

ਗਰਬਾਣੀ ਅਤੇ ਸਵਾਲ

ਗੁਰਬਾਣੀ ਵਿੱਚ ਇਹ ਗੱਲ ਪੈਰ ਪੈਰ ਤੇ ਕਹੀ ਗਈ ਹੈ ਕਿ ਇਸ ਸ੍ਰਿਸ਼ਟੀ ਵਿੱਚ ਹਰ ਚੀਜ ਕਰਤਾਰ ਦੇ ਹੁਕਮ ਅਧੀਨ ਕੰਮ ਕਰ ਰਹੀ ਹੈ। ਪਰ ਨਾਲ ਹੀ ਇਹ ਵੀ ਬੜੇ ਸਾਫ ਅਤੇ ਸਪਸ਼ਟ ਸ਼ਬਦਾਂ ਵਿੱਚ ਕਿਹਾ ਗਿਆ ਹੈ ਕਿ ਬੰਦਾ ਆਪਣੇ ਕੰਮਾਂ ਲਈ ਖੁਦ ਆਪ ਜੁੰਮੇਵਾਰ ਹੈ। ਗੁਰ ਨਾਨਕ ਸਾਹਿਬ ਜਪੁ ਬਾਣੀ ਦੇ ਸ਼ੁਰੂ ਵਿੱਚ ਹੀ ਕਹਿੰਦੇ ਨੇ।

ਹੁਕਮੀ ਹੋਵਨਿ ਆਕਾਰ ਹੁਕਮੁ ਨ ਕਹਿਆ ਜਾਈ॥ ਹੁਕਮੀ ਹੋਵਨਿ ਜੀਅ ਹੁਕਮਿ ਮਿਲੈ ਵਡਿਆਈ॥

ਹੁਕਮੀ ਉਤਮੁ ਨੀਚੁ ਹੁਕਮਿ ਲਿਖਿ ਦੁਖ ਸੁਖ ਪਾਈਅਹਿ॥ ਇਕਨਾ ਹੁਕਮੀ ਬਖਸੀਸ ਇਕਿ ਹੁਕਮੀ ਸਦਾ ਭਵਾਈਅਹਿ॥ ਹੁਕਮੈ ਅੰਦਰਿ ਸਭੁ ਕੋ ਬਾਹਰਿ ਹੁਕਮ ਨ ਕੋਇ॥ ਨਾਨਕ ਹੁਕਮੈ ਜੇ ਬੁਝੈ ਤ ਹਉਮੈ ਕਹੈ ਨ ਕੋਇ॥ 2 

ਅਗੇ ਪੰਨਾ 55 ਤੇ ਫਿਰ ਸਾਨੂੰ ਯਾਦ ਦਵਾਉਂਦੇ ਨੇ ਕਿ

ਹੁਕਮੀ ਸਭੈ ਉਪਜਹਿ ਹੁਕਮੀ ਕਾਰ ਕਮਾਹਿ॥ ਹੁਕਮੀ ਕਾਲੈ ਵਸਿ ਹੈ ਹੁਕਮੀ ਸਾਚਿ ਸਮਾਹਿ॥ ਨਾਨਕ ਜੋ ਤਿਸ ਭਾਵੈ ਸੋ ਥੀਐ ਇਨਾ ਜੰਤਾ ਵਸਿ ਕਿਛ ਨਾਹਿ॥

ਗੁਰੂ ਅਰਜਨ ਸਾਹਿਬ ਵੀ ਕਹਿੰਦੇ ਨੇ ਕਿ "ਜਿਉ ਜਿਉ ਤੇਰਾ ਹੁਕਮੁ ਤਿਵੈ ਤਿਉ ਹੋਵਣਾ॥" ਪੰਨਾ 523. ਬੇਸ਼ੱਕ ਬੰਦਾ ਰਾਹ ਸਿਰ ਹੈ ਜਾਂ ਭਟਕ ਗਿਆ ਹੈ ਪਰ ਰਹਿੰਦਾ ਉਸਦੇ ਹੁਕਮ ਅਧੀਨ ਹੀ ਹੈ। ਫੁਰਮਾਨ ਹੈ, "ਭਾਣੈ ਉਝੜ ਭਾਣੈ ਰਾਹਾ॥" ਪੰਨਾ 98. ਇਸ ਲਈ ਗੁਰੂ ਰਾਮ ਦਾਸ ਸਪਸ਼ਟ ਕਰਦੇ ਕਹਿੰਦੇ ਨੇ ਕਿ ‘ਭਾਈ ਮਤ ਕੋ ਜਾਣਹੁ ਕਿਸੀ ਕੇ ਕਿਛੁ ਹਾਥਿ ਹੈ ਸਭ ਕਰੇ ਕਰਾਇਆ॥ ਜਰਾ ਮਰਾ ਤਾਪੁ ਸਿਰਤਿ ਸਾਪੁ ਸਭੁ ਹਰਿ ਕੈ ਵਸਿ ਹੈ ਕੋਈ ਲਾਗਿ ਨ ਸਕੈ ਬਿਨ ਹਰਿ ਕਾ ਲਾਇਆ॥" ਪੰਨਾ 168. ਬਲਕਿ ਇਹ ਵੀ ਕਿਹਾ ਗਿਆ ਹੈ ਕਿ ਸਾਰੇ ਹੁਕਮਰਾਨ ਅਤੇ ਅਫਰਸਾਨ ਵੀ ਕਰਤਾਰ ਦੇ ਹੀ ਪੈਦਾ ਕੀਤੇ ਜਾਂ ਬਣਾਏ ਹੋਏ ਹਨ ਅਤੇ ਉਹ ਉਸ ਦਾ ਹੀ ਹੁਕਮ ਵਜਾ ਰਹੇ ਨੇ। "ਜਿਤਨੇ ਪਾਤਿਸਾਹ ਸਾਹ ਰਾਜੇ ਖਾਨ ਉਮਰਾਵ ਸਿਕਦਾਰ ਹਹਿ ਤਿਤਨੇ ਸਭਿ ਹਰਿ ਕੇ ਕੀਏ॥ ਜੋ ਕਿਛੁ ਹਰਿ ਕਰਾਵੇ ਸੁ ਓਇ ਕਰਹਿ ਸਭਿ ਹਰਿ ਕੇ ਅਰਥੀਏ॥" ਪੰਨਾ 851. ਦਰਅਸਲ ਅਸੀਂ ਸਾਰੇ ਇੱਕ ਸਾਜ਼ ਹਾਂ ਜਿਸ ਨੂੰ ਕਰਤਾਰ ਵਜਾ ਰਿਹਾ ਹੈ। "ਹਮ ਤੇਰੇ ਜੰਤ ਤੂ ਬਜਾਵਨਹਾਰਾ॥" ਪੰਨਾ 1144 ਕਬੀਰ ਸਾਹਿਬ ਹੋਰ ਵੀ ਸਪੱਸ਼ਟ ਕਰਦੇ ਹੋਏ ਕਹਿੰਦੇ ਨੇ ਕਿ "ਕਬੀਰ ਜੋ ਮੈ ਚਿਤਵਉ ਨ ਕਰੈ ਕਿਆ ਮੇਰੇ ਚਿਤਵੈ ਹੋਇ॥ ਆਪਨ ਚਿਤਵਿਆ ਹਰਿ ਕਰੇ ਜੋ ਮੇਰੇ ਚਿਤਿ ਨ ਹੋਇ॥" ਪੰਨਾ 1376.

ਦੂਸਰੇ ਪਾਸੇ ਇਹ ਵੀ ਬੜਾ ਠੋਕ ਵਜਾ ਕਿ ਕਿਹਾ ਗਿਆ ਹੈ ਕਿ ਬੰਦਾ ਆਪਣੇ ਅਮਲਾਂ ਦਾ ਹੀ ਫਲ ਪਾਉਂਦਾ ਹੈ। "ਦਦੈ ਦੋਸ ਨ ਦੇਊ ਕਿਸੈ ਦੋਸੁ ਕਰੰਮਾ ਆਪਣਿਆ॥ ਜੋ ਮੈ ਕੀਆ ਸੋ ਮੈ ਪਾਇਆ ਦੋਸੁ ਨ ਦੀਜੇ ਅਵਰ ਜਨਾ॥" ਪੰਨਾ 433. ਆਸਾ ਦੀ ਵਾਰ ਵਿੱਚ ਗੁਰ ਨਾਨਕ ਸਾਹਿਬ ਸ਼ੱਕ ਦੀ ਕੋਈ ਗੁੰਜਾਇਸ਼ ਨਹੀ ਰਹਿਣ ਦਿੰਦੇ ਕਿ ਬੰਦੇ ਨੇ ਜੋ ਕੀਤਾ ਉਹਦਾ ਹੀ ਫਲ ਪਾਉਣਾ ਜਾਂ ਭੁਗਤਣਾ ਹੈ। "ਫਲ ਤੇਵੇਹੋ ਪਾਈਐ ਜੇਵੇਹੀ ਕਾਰ ਕਮਾਈਐ॥" ਪੰਨਾ 468. ਜਪੁ ਵਿੱਚ ਵੀ ਸਿੱਖ ਰੋਜ਼ ਪੜ੍ਹਦਾ ਹੈ ਕਿ ਜੋ ਉਸ ਨੇ ਬੀਜਣਾ ਹੈ ਉਹੀ ਉਸਨੇ ਖਾਣਾ ਹੈ। "ਆਪੇ ਬੀਜਿ ਆਪੇ ਹੀ ਖਾਹੁ॥" ਇਹ ਵੀ ਚੇਤਾਵਨੀ ਦਿੱਤੀ ਗਈ ਹੈ ਕਿ ਕਰਤਾਰ ਦੇ ਸੱਚੇ ਦਰਬਾਰ ਵਿੱਚ ਕਰਮਾਂ ਮੁਤਾਬਿਕ ਹੀ ਫੈਸਲਾ ਹੁੰਦਾ ਹੈ। "ਕਰਮੀ ਕਰਮੀ ਹੋਇ ਵਚਿਾਰੁ॥" ਫਿਰ ਕਿਆ ਇਹ ਦੋਵੇ ਗੱਲਾਂ ਕਾਟਵੀਆਂ ਨਹੀਂ ਹਨ। ਅਗਰ ਸਭ ਕੁੱਝ ਕਰਤਾਰ ਦੇ ਹੁਕਮ ਅਧੀਨ ਹੀ ਹੋ ਰਿਹਾ ਹੈ ਤਾਂ ਬੰਦਾ ਮਾੜੇ ਕੰਮਾ ਲਈ ਕਿਵੇਂ ਜੁੰਮੇਵਾਰ ਠਹਿਰਾਇਆ ਜਾ ਸਕਦਾ ਹੈ। ਕੁੱਝ ਹੋਰ ਸਵਾਲ ਵੀ ਉੱਠ ਕੇ ਜਵਾਬ ਮੰਗਦੇ ਨੇ।

 1. ਕੀ ਸੂਬਾ ਸਰਹੰਦ ਸਾਹਿਬਜ਼ਾਦਿਆਂ ਨੂੰ ਨੀਹਾਂ ਵਿੱਚ ਚਿਣਨ ਸਮੇਂ ਕਰਤਾਰ ਦਾ ਹੁਕਮ ਮੰਨ ਰਿਹਾ ਸੀ?
 2. ਕੀ ਜਿੰਨ੍ਹੇ ਵੀ ਸਿੰਘ ਸ਼ਹੀਦ ਹੋਏ ਨੇ ਕਰਤਾਰ ਦੇ ਹੁਕਮ ਅਧੀਨ ਹੋਏ ਨੇ?
 3. ਕੀ ਇੰਦਰਾ ਗਾਂਧੀ ਨੇ ਜੋ ਕੀਤਾ, ਭਿੰਡਰਾਵਾਲੇ ਨੇ ਜੋ ਕੀਤਾ, ਬੇਅੰਤ ਸਿੰਘ ਤੇ ਸਤਵੰਤ ਸਿੰਘ ਨੇ ਜੋ ਕੀਤਾ ਅਤੇ 84 ਦਾ ਜੋ ਸਿੱਖ ਕਤਲੇਆਮ ਹੋਇਆ- ਇਹ ਸਭ ਕਰਤਾਰ ਦੀ ਹੀ ਖੇਡ ਸੀ?
 4. ਕੀ ਪੰਜਾਬ ਦੇ ਮੌਜ਼ੂਦਾ ਦੌਰ ਦੇ ਹਾਕਮ ਚਾਹੇ ਉਹ ਅਕਾਲੀ ਨੇ ਜਾਂ ਕਾਂਗਰਸੀ- ਕੀ ਉਹ ਜੋ ਕਰ ਰਹੇ ਨੇ ਜਾਂ ਜੋ ਕਰ ਚੁੱਕੇ ਨੇ ਇਹ ਸਭ ਕਰਤਾਰ ਦਾ ਹੀ ਕੀਤਾ ਕਰਾਇਆ ਹੈ?
 5. ਹਾਦਸਿਆਂ ਦੌਰਾਨ ਜੋ ਨਿਰਦੌਸ਼ ਮਾਰੇ ਗਏ ਉਹਨਾਂ ਕਿਸ ਕਰਮ ਦਾ ਫਲ ਜਾਂ ਸਜ਼ਾ ਭੁਗਤੀ?

ਇਹਨਾਂ ਸਵਾਲਾਂ ਦਾ ਉੱਤਰ ਵੀ ਅਸੀਂ ਇਸ ਵਿਸ਼ੇ ਦੀ ਵੀਚਾਰ ਚਰਚਾ ਵਿੱਚੋਂ ਲੱਭਣ ਦੀ ਕੋਸ਼ਿਸ਼ ਕਰਾਂਗੇ।

ਆਉ ਪਹਿਲਾਂ ਇਹ ਸਮਝੀਏ ਕਿ ਗੁਰਬਾਣੀ ਨਿਰਧਾਰਿਤਵਾਦ ਬਨਾਮ ਖੁਦੁਮਖਿਤਿਆਰੀ ਬਾਰੇ ਕੀ ਕਹਿੰਦੀ ਹੈ। ਇਹ ਸਮਝਣ ਲਈ ਸਾਨੂੰ ਗੁਰਬਾਣੀ ਵਿੱਚ ਦੱਸੇ ਜ਼ਿੰਦਗੀ ਦੇ ਦੋ ਰਾਹਾਂ ਵਾਰੇ ਜਾਨਣਾ ਪਏਗਾ। ਬੰਦੇ ਦੀ ਜ਼ਿੰਦਗੀ ਇਹਨਾਂ ਰਾਹਾਂ ਤੇ ਕਿਵੇਂ ਚਲਦੀ ਹੈ ਸਾਨੂੰ ਇਹ ਸਮਝਣ ਵਿੱਚ ਸਹਾਇਤਾ ਕਰੇਗਾ ਕਿ ਬੰਦਾ ਜੋ ਵੀ ਕਰਦਾ ਹੈ ਉਸ ਵਿੱਚ ਉਸ ਦੀ ਕਿੰਨੀ ਕੁ ਆਪਣੀ ਮਰਜ਼ੀ ਹੈ। ਜਾਂ ਸਭ ਕੁੱਝ ਪੂਰਬ ਨਿਰਧਾਰਿਤ ਹੈ। ਇਹ ਰਾਹ ਹਨ ਲਿਵ ਅਤੇ ਧਾਤ।

ਲਿਵ ਅਤੇ ਧਾਤ

ਲਿਵ ਅਤੇ ਧਾਤ ਨੂੰ ਸਮਝ ਇਸ ਗੁੰਝਲ ਦਾ ਹਲ ਹੋ ਸਕਦਾ ਹੈ। ਗੁਰਬਾਣੀ ਵਿੱਚ ਮਨਮੁੱਖ ਤੇ ਗੁਰਮੁੱਖ ਦਾ ਜੋ ਸੰਕਲਪ ਦਿੱਤਾ ਗਿਆ ਹੈ ਉਹ ਵੀ ਇਨ੍ਹਾਂ ਰਾਹਾਂ ਨਾਲ ਜੁੜਿਆ ਹੋਇਆ ਹੈ। ਇਹਨਾਂ ਰਾਹਾਂ ਤੇ ਚਲਦੇ ਹੋਏ ਮਨੁੱਖ ਗੁਰਮੁਖ ਜਾਂ ਮਨਮੁਖ ਬਣਦਾ ਹੈ। ਪਰ ਇਹ ਵੀ ਕਿਹਾ ਗਿਆ ਹੈ ਕਿ ਰਾਹ ਜਿਹੜੇ ਮਰਜ਼ੀ ਤੁਰੇ ਪਰ ਮਨੁੱਖ ਹਮੇਸ਼ਾਂ ਕਰਤਾਰ ਦੇ ਹੁਕਮ ਵਿੱਚ ਹੀ ਰਹਿੰਦਾ ਹੈ। ਲਿਵ ਵੀ ਹੁਕਮ ਅੰਦਰ ਵਰਤਦੀ ਹੈ। ਧਾਤ ਵੀ ਹੁਕਮ ਅਧੀਨ ਹੈ। ਕਿਉਂਕਿ ਜਿਵੇਂ ਜਪੁ ਬਾਣੀ ਦੇ ਸ਼ੁਰੁ ਵਿੱਚ ਹੀ ਇਹ ਫੁਰਮਾਨ ਹੈ ਕਿ ਹੁਕਮ ਤੋਂ ਬਾਹਰ ਤਾਂ ਕੁੱਝ ਵੀ ਨਹੀਂ ਹੈ। ਗੁਰੂ ਗ੍ਰੰਥ ਸਾਹਿਬ ਵਿੱਚ ਪੰਨਾ 87 ਤੇ ਗੁਰੂ ਅਮਰ ਦਾਸ ਦਾ ਸਲੋਕ ਲਿਵ ਅਤੇ ਧਾਤ ਵਾਰੇ ਕਈ ਗੱਲਾਂ ਸਪੱਸ਼ਟ ਕਰਦਾ ਹੈ।

ਮਨਮੁਖੁ ਲੋਕੁ ਸਮਝਾਈਐ ਕਦਹੁ ਸਮਝਾਇਆ ਜਾਇ॥ ਮਨਮੁਖੁ ਰਲਾਇਆ ਨਾ ਰਲੈ ਪਇਐ ਕਿਰਤਿ ਫਿਰਾਇ॥ ਲਿਵ ਧਾਤੁ ਦੁਇ ਰਾਹ ਹੈ ਹੁਕਮੀ ਕਾਰ ਕਮਾਇ॥ ਗੁਰਮੁਖਿ ਆਪਣਾ ਮਨੁ ਮਾਰਿਆ ਸਬਦਿ ਕਸਵਟੀ ਲਾਇ॥ ਮਨ ਹੀ ਨਾਲ ਝਗੜਾ ਮਨ ਹੀ ਨਾਲਿ ਸਥ ਮਨ ਹੀ ਮੰਝਿ ਸਮਾਇ॥ ਮਨ ਜੋ ਇਛੈ ਸੋ ਲਹੈ ਸਚੈ ਸਬਦਿ ਸੁਭਾਇ॥ ਅੰਮ੍ਰਿਤ ਨਾਮੁ ਸਦ ਭੁੰਚੀਐ ਗੁਰਮੁਖਿ ਕਾਰ ਕਮਾਇ॥ ਵਿਣੁ ਮਨੈ ਜਿ ਹੋਰੀ ਨਾਲਿ ਲੁਝਣਾ ਜਾਸੀ ਜਨਮੁ ਗਵਾਇ॥ ਮਨਮੁਖੀ ਮਨਹਠਿ ਹਾਰਿਆ ਕੂੜੁ ਕੁਸਤੁ ਕਮਾਇ॥ ਗੁਰ ਪਰਸਾਦ ਮਨੁ ਜਿਣੈ ਹਰਿ ਸੇਤੀ ਲਿਵ ਲਾਇ॥ ਨਾਨਕ ਗੁਰਮੁਖਿ ਸਚੁ ਕਮਾਵੈ ਮਨਮੁੀਖ ਆਵੈ ਜਾਇ॥ 2॥

ਇਸ ਸ਼ਬਦ ਤੇ ਗੌਰ ਕਰਦਿਆਂ ਜੋ ਗੱਲਾਂ ਸਪੱਸ਼ਟ ਹੁੰਦੀਆਂ ਹਨ, ਉਹ ਹਨ:-

 • ਜ਼ਿੰਦਗੀ ਸਿਰਫ ਦੋ ਰਾਹਾਂ ਤੇ ਚਲਦੀ ਹੈ- ਲਿਵ ਜਾਂ ਧਾਤ।
 • ਲਿਵ ਅਤੇ ਧਾਤ ਦੋਨੋਂ ਰੱਬ ਦੇ ਹੁਕਮ ਅਧੀਨ ਹਨ।
 • ਧਾਤ ਵਸ ਪਿਆ ਬੰਦਾ ਮੁਨਮੁਖ ਬਣਦਾ ਹੈ ਅਤੇ ਲਿਵ ਬੰਦੇ ਨੂੰ ਗੁਰਮੁਖ ਬਣਾਉਂਦੀ ਹੈ।
 • ਅਗਰ ਮਨ ਨੂੰ ਮਾਰ ਲਿਆ ਜਾਂ ਜਿੱਤ ਲਿਆ ਤਾਂ ਧਾਤ ਖਤਮ ਹੋ ਜਾਂਦੀ ਹੈ ਅਤੇ ਲਿਵ ਲੱਗ ਜਾਂਦੀ ਹੈ।
 • ਮਨ ਮਾਰਨ ਲਈ ਮਨ ਦੀ ਹਰ ਗਲ ਗੁਰੂ ਦੇ ਸ਼ਬਦ ਜਾਂ ਗਿਆਨ ਕਸਵੱਟੀ ਤੇ ਪਰਖਣੀ ਪਏਗੀ।
 • ਇਸੇ ਜਿੱਤ ਚੋਂ ਹੀ ਅੰਮ੍ਰਿਤ ਪੈਦਾ ਹੁੰਦਾ ਹੈ।
 • ਮਨ ਮਾਰਨ ਤੋਂ ਬਿਨਾ ਕੋਈ ਹੋਰ (ਕਰਮ ਕਾਂਢ ਆਦਿ) ਪਾਸੇ ਜਾਣਾ ਜ਼ਿੰਦਗੀ ਵਿਅਰਥ ਗਵਾਉਣਾ ਹੈ।
 • ਇਸ ਜਿੱਤ ਲਈ ਗੁਰੂ ਦੀ ਮਿਹਰ ਭਾਵ ਉਸ ਦੇ ਗਿਆਨ ਦੀ ਸਮਝ ਜਰੂਰੀ ਹੈ।
 • ਜਿਸ ਨੂੰ ਸਮਝ ਆ ਗਈ ੳਹੁ ਸੱਚ ਨਾਲ ਜੁੜ ਜਾਂਦਾ ਹੈ ਅਤੇ ਮਨਮੁਖ ਭਟਕਦਾ ਰਹਿੰਦਾ ਹੈ।

ਗੁਰੂ ਗ੍ਰੰਥ ਸਾਹਿਬ ਵਿੱਚ ਇਹ ਵੀ ਸਪਸ਼ਟ ਕਰ ਦਿਤਾ ਗਿਆ ਹੈ ਕਿ ਇਹਨਾਂ ਦੋਹਾਂ ਰਾਹਾਂ ਨੂੰ ਮੇਲਦੀ ਸਮਝੋਤੇ ਵਾਲੀ ਕੋਈ ਡੰਡੀ ਵੀ ਨਹੀਂ ਹੈ। ਗੁਰੂ ਦੇ ਬਚਨ ਹਨ, "ਨਾਨਕ ਧਾਤੁ ਲਿਵੈ ਜੋੜੁ ਨ ਆਵਈ ਜੇ ਲੋਚੈ ਸਭੁ ਕੋਇ॥ ਜਿਨ ਕਉ ਪੋਤੈ ਪੁੰਨ੍ਹ ਪਇਆ ਤਿਨਾ ਗੁਰ ਸਬਦੀ ਸੁਖੁ ਹੋਇ॥ 2॥" ਪੰਨਾ 316. ਬਲਕਿ ਇਹ ਕਿਹਾ ਗਿਆ ਹੈ ਕਿ ਧਾਤੁ ਧਾਤੁ ਨਾਲ ਹੀ ਮਿਲ ਕੇ ਖੁਸ਼ ਹੈ ਜਦ ਕਿ ਲਿਵ ਲਿਵ ਨੂੰ ਭੱਜ ਭੱਜ ਮਿਲਦੀ ਹੈ। "ਧਾਤੁ ਮਿਲੈ ਫੁਨਿ ਧਾਤੁ ਕਉ ਲਿਵ ਲਿਵੈ ਕਉ ਧਾਵੈ॥" ਪੰਨਾ 725. ਜ਼ਿੰਦਗੀ ਵਿੱਚ ਵੀ ਇਹ ਸਚਾਈ ਦੇਖਣ ਨੂੰ ਆਮ ਮਿਲਦੀ ਹੈ ਕਿ ਬੰਦਾ ਆਪਣੇ ਸਭਾਉ ਵਾਲੇ ਬੰਦਿਆਂ ਨਾਲ ਹੀ ਮੇਲ ਜੋਲ ਰੱਖਦਾ ਹੈ। ਪਰ ਇਸ ਦੇ ਨਾਲ ਹੀ ਇਹ ਸਮਝਣ ਅਤੇ ਯਾਦ ਰੱਖਣ ਵਾਲੀ ਗੱਲ ਹੈ ਕਿ ਇਹ ਦੋਵੇਂ ਰਾਹ ਕਰਤਾਰ ਦੇ ਹੀ ਚਲਾਏ ਹੋਏ ਨੇ। ਗੁਰੂ ਸਾਹਿਬ ਸਪਸ਼ਟ ਕਰ ਰਹੇ ਨੇ, "ਆਪੇ ਲਿਵ ਧਾਤੁ ਹੈ ਆਪੈ॥ ਆਪਿ ਬੁਝਾਏ ਆਪੇ ਜਾਪੇ॥ ਆਪਿ ਸਤਿਗੁਰੁ ਸਬਦੁ ਹੈ ਆਪੈ॥ ਨਾਨਕ ਆਖਿ ਸੁਣਾਏ ਆਪੈ॥ 4॥" ਪੰਨਾ 797

ਕਬੀਰ ਸਾਹਿਬ ਕਹਿੰਦੇ ਨੇ ਜਦੋ ਮੇਰੀ ਉਹ ਮੱਤ ਜਿਹੜੀ ਮੈਨੂੰ ਜਨਮ ਮਰਨ ਦੇ ਚੱਕਰਾਂ ਵਿੱਚ ਪਾਈ ਰੱਖਦੀ ਸੀ ਖ਼ਤਮ ਹੋ ਗਈ ਤਾਂ ਮੇਰੀ ਉਸ ਪ੍ਰਭੂ ਨਾਲ ਲਿਵ ਲਗ ਗਈ। "ਉਦੈ ਅਸਤ ਕੀ ਮਨ ਬੁਧਿ ਨਾਸੀ ਤਉ ਸਦਾ ਸਹਿਜ ਲਿਵ ਲੀਣਾ॥" ਪੰਨਾ 475. ਇਹੀ ਖਿਆਲ ਪੰਨਾ 503 ਤੇ ਗੁਰੂ ਨਾਨਕ ਸਹਿਬ ਦਾ ਹੈ ਜਦੋ ਉਹ ਕਹਿੰਦੇ ਨੇ, "ਮਨਿ ਬੀਚਾਰਿ ਏਕ ਲਿਵ ਲਾਗੀ ਪੁਨਰਪਿ ਜਨਮੁ ਨ ਕਾਲਾ॥" ਗੁਰ ਨਾਨਕ ਸਾਹਿਬ ਪੰਨਾ 55 ਤੇ ਫੁਰਮਾਉਂਦੇ ਹਨ ਕਿ ਅਗਰ ਇਨਸਾਨ ਹੁਕਮ (ਨਾਮ) ਵਿੱਚ ਜ਼ਿੰਦਗੀ ਜੀਉਂਦਾ ਹੈ ਤਾਂ ਮਨ ਵਿੱਚ ਨਾਮ ਵਸ ਜਾਂਦਾ ਹੈ। "ਨਾਵੈ ਅੰਦਰਿ ਹਉ ਵਸਾਂ ਨਾਉ ਵਸੈ ਮਨਿ ਆਇ॥" ਗੁਰੂ ਦੀ ਮੱਤ ਨਾਲ ਇਹੋ ਜਿਹਾ ਚਾਨਣ ਹੁੰਦਾ ਹੈ ਕਿ ਸੱਚ ਨਾਲ ਲਿਵ ਲਗ ਜਾਦੀ ਹੈ। "ਗੁਰਮਤੀ ਪਰਗਾਸੁ ਹੋਇ ਸਚਿ ਰਹੈ ਲਿਵ ਲਾਇ॥" ਇੱਕ ਹੋਰ ਜਗ੍ਹਾ ਗੁਰੂ ਸਾਹਿਬ ਕਹਿੰਦੇ ਹਨ ਲਿਵ ਤਾਂ ਹੀ ਲਗਦੀ ਹੈ ਜਦੋਂ ਗੁਰੂ ਗਿਆਨ ਤੋ ਆਪਾ ਕੁਰਬਾਨ ਕਰ ਦਈਏ ਭਾਵ ਆਪਣੀ ਅਕਲ ਛੱਡ ਦਈਏ। "ਸਬਦਿ ਮਰੈ ਤਾਂ ਏਕ ਲਿਵ ਲਾਏ॥" ਪੰਨਾ 416. ਲਿਵ ਟਿਕਾਅ ਹੈ। ਧਾਤ ਭਟਕਣਾ ਹੈ। ਲਿਵ ਜਾਗਣ ਦਾ ਨਾਮ ਹੈ। ਧਾਤ ਸੌਣ ਦਾ। "ਜਾਗਤੁ ਜਾਗਿ ਰਹੈ ਲਿਵ ਲਾਇ॥" ਪੰਨਾ 840."ਅਨਦਿਨੁ ਜਾਗਿ ਰਹੇ ਲਿਵ ਲਾਈ॥ ਪੰਨਾ 904

ਗੁਰੂ ਅਮਰਦਾਸ ਇਹ ਸਪਸ਼ਟ ਕਰਦੇ ਨੇ ਕਿ ਹਿੰਦੂ ਮੱਤ ਅਨੁਸਾਰ ਜੋ ਮਾਇਆ ਦੇ ਤਿੰਨਾਂ ਗੁਣ (18) ਹਨ ਉਹ ਵੀ ਧਾਤ ਵਿੱਚ ਹੀ ਹਨ ਜੋ ਲਿਵ ਨਾਲ ਖਤਮ ਹੋ ਜਾਂਦੀ ਹੈ। "ਸਾਖਾ ਤੀਨਿ ਨਿਵਾਰੀਆ ਏਕ ਸਬਦਿ ਲਿਵ ਲਾਇ॥" ਪੰਨਾ 66. ਲਿਵ ਲਾਉਣ ਲਈ ਗੁਰੂ ਦੇ ਗਿਆਨ ਜਾਂ ਸ਼ਬਦ ਨਾਲ ਜੋੜਨ ਦੀ ਹਦਾਇਤ ਹੈ। ਜਿਉਂ ਜਿਉਂ ਇਨਸਾਨ ਦੀ ਉਮਰ ਪੱਕਦੀ ਹੈ ਤਾਂ ਸੋਝੀ ਆਉਣੀ ਸ਼ੁਰੁ ਹੋ ਜਾਂਦੀ ਹੈ। ਗੁਰੂ ਨਾਨਕ ਸਾਹਿਬ ਦੇ ਬਚਨ ਹਨ "ਕਹੁ ਨਾਨਕ ਪ੍ਰਾਣੀ ਤੀਜੈ ਪਹਿਰੈ ਪ੍ਰਭੁ ਚੇਤਹੁ ਲਿਵ ਲਾਇ॥" ਪੰਨਾ 76. ਪਰ ਜਿਵੇਂ ਇਸੇ ਪੰਨੇ ਤੇ ਗੁਰੂ ਰਾਮਦਾਸ ਕਹਿੰਦੇ ਨੇ ਕਿ ਕੋਈ ਵਿਰਲਾ ਸਖਸ਼ ਹੀ ਗੁਰੂ ਵਲ ਮੁੜ ਵਿਚਾਰ ਕਰ ਆਪਣੇ ਮਨ ਦੀ ਵਿਰਤੀ ਨੂੰ ਇਕਾਗਰ ਕਰਦਾ ਹੈ। "ਕੋਈ ਗੁਰਮੁਖਿ ਹੋਵੈ ਸੁ ਕਰੈ ਵੀਚਾਰੁ ਹਰਿ ਧਿਆਵੈ ਮਨਿ ਲਿਵ ਲਾਇ॥" ਇਹ ਕ੍ਰਿਪਾ ਉਹਨਾਂ ਤੇ ਹੁੰਦੀ ਹੈ ਜਿੰਨਾਂ ਨੂੰ ਬਿਬੇਕ ਗੁਰੂ ਸਚ ਨਾਲ ਜੋੜ ਦਿੰਦਾ ਹੈ। "ਸਤਿਗੁਰਿ ਸਚੁ ਦ੍ਰਿੜਾਇਆ ਸਚਿ ਰਹਹੁ ਲਿਵ ਲਾਇ॥" ਪੰਨਾ 84. ਲਿਵ ਲੱਗਣ ਦੀ ਸ਼ਰਤ ਅਤੇ ਨਤੀਜਾ ਇਹ ਹੈ ਕਿ ਹਉਮੇ ਦਾ ਨਾਸ ਹੋ ਜਾਂਦਾ ਹੈ ਅਤੇ ਨਾਲ ਹੀ ਹੁਕਮ (ਨਾਮ) ਦੀ ਸੋਝੀ ਹੋ ਜਾਂਦੀ ਹੈ। "ਹਉਮੈ ਮਾਰਿ ਏਕ ਲਿਵ ਲਾਗੀ ਅੰਤਰਿ ਨਾਮੁ ਵਸਾਇਆ॥" ਪੰਨਾ 86. ਧਾਤ ਦੁਬਿਧਾ ਪੈਦਾ ਕਰਦੀ ਹੈ ਜੋ ਲਿਵ ਨਾਲ ਮਿਟ ਜਾਂਦੀ ਹੈ। "ਦੁਬਿਧਾ ਮਾਰੇ ਇਕਸੁ ਸਿਉ ਲਿਵ ਲਾਏ॥" ਪੰਨਾ 119. ਧਾਤ ਮਨ ਵਿੱਚ ਕਲੇਸ਼ ਪੈਦਾ ਕਰਦੀ ਹੈ ਜੋ ਲਿਵ ਨਾਲ ਮਿਟ ਜਾਂਦੇ ਨੇ। "ਕਲਿ ਕਲੇਸ ਮਿਟੈ ਸਭਿ ਤਨ ਤੇ ਰਾਮ ਨਾਮ ਲਿਵ ਜਾਗੇ॥" ਪੰਨਾ 1206. ਗੁਰੂ ਸਾਹਿਬ ਪੰਨਾ 129 ਤੇ ਬਚਨ ਕਰਦੇ ਨੇ ਕਿ "ਮਾਇਆ ਮੋਹੁ ਜਗਤੁ ਸਬਾਇਆ॥ ਤ੍ਰੈ ਗੁਣ ਦੀਸਹਿ ਮੋਹਿ ਮਾਇਆ॥ ਗੁਰ ਪਰਸਾਦੀ ਕੋ ਵਿਰਲਾ ਬੂਝੈ ਚਉਥੈ ਪਦਿ ਲਿਵ ਲਾਵਣਿਆ॥ 1॥" ਇਹ ਚੌਥਾ ਪਦ ਕੀ ਹੈ ਇਹ ਸਾਨੂੰ ਪੰਨਾ 165 ਤੇ ਪਤਾ ਲਗਦਾ ਹੈ ਜਿਥੇ ਗੁਰੂ ਰਾਮ ਦਾਸ ਸਾਹਿਬ ਲਿਖਦੇ ਹਨ ਕਿ ਜਿਨ੍ਹਾ ਨੇ ਗੁਰੂ ਗਿਆਨ ਅਗੇ ਸਿਰ ਝੁਕਾ ਦਿੱਤਾ ਉਹ ਕੂੜ ਤਿਆਗ ਹਰੀ ਭਾਵ ਸੱਚ ਨਾਲ ਲਿਵ ਲਾ ਲੈਂਦੇ ਨੇ। "ਸਤਿਗੁਰ ਪਗ ਧੂਰਿ ਜਿਨਾ ਮੁਖਿ ਲਾਈ॥ ਤਿਨ ਕੂੜ ਤਿਆਗੇ ਹਰਿ ਲਿਵ ਲਾਈ॥ ਤੇ ਦਰਗਹ ਮੁਖ ਊਜਲ ਭਾਈ॥ 3॥" ਗੁਰੂ ਗਿਆਨ ਹੀ ਚੌਥਾ ਪਦ ਹੈ ਜੋ ਧਾਤ ਨੂੰ ਮਾਰ ਲਿਵ ਨਾਲ ਜੋੜਦਾ ਹੈ। ਗਿਆਨ ਤੋ ਬਿਨਾ ਲਿਵ ਨਹੀਂ ਲਗ ਸਕਦੀ। ਗੁਰੂ ਸਪਸ਼ਟ ਕਰ ਰਹੇ ਨੇ। "ਅੰਧਿਆਰੈ ਦੀਪਕ ਆਨਿ ਜਲਾਏ ਗੁਰ ਗਿਆਨਿ ਗੁਰੂ ਲਿਵ ਲਾਗੈ॥ ਅਗਿਆਨ ਅੰਧੇਰਾ ਬਿਨਸਿ ਬਿਨਾਸਿਓ ਘਰਿ ਵਸਤੁ ਲਹੀ ਮਨ ਜਾਗੇ॥ 3॥ ਪੰਨਾ 172. ਗੁਰੂ ਸਾਹਿਬ ਨੇ ਬੰਦੇ ਦੀ ਲਿਵ ਬਿਹੂਣੀ ਦੇਹ (ਜ਼ਿੰਦਗੀ) ਨੂੰ ਨਿਮਾਣੀ ਆਖਿਆ ਹੈ। "ਸਾਚੀ ਲਿਵੈ ਬਿਨੁ ਦੇਹ ਨਿਮਾਣੀ।" ਪੰਨਾ 917. ਮਤਲਬ ਗਿਆਨ ਬਿਹੂਣਾ ਇਨਸਾਨ ਨਿਮਾਣਾ ਹੈ ਪਰ ਅਗਰ ਗਿਆਨ ਦਾ ਪ੍ਰਕਾਸ਼ ਹੋ ਜਾਏ ਤਾਂ ਦੇਹ ਸਨਮਾਨ ਯੋਗ ਹੋ ਜਾਂਦੀ ਹੈ। ਇਹੀ ਦੇਹ ਲਿਵ ਨਾਲ ਇਸ਼ਨਾਨ ਯੋਗ ਸਰੋਵਰ ਵੀ ਬਣ ਜਾਂਦੀ ਹੈ। "ਇਹ ਸਰੀਰ ਸਰਵਰੁ ਹੈ ਸੰਤਹੁ ਇਸਨਾਨੁ ਕਰੈ ਲਿਵ ਲਾਈ॥" ਪੰਨਾ 909. ਇਸ਼ਨਾਨ ਕਿਵੇਂ ਕਰਨਾ ਹੈ? ਦੇਹ ਦੇ ਅੰਦਰ ਬੜ ਤਾਂ ਚੁੱਬੀ ਲਾ ਨਹੀਂ ਸਕਦੇ। ਉਸ ਸਰੀਰ ਨੂੰ ਜੋ ਗਿਆਨ ਹੈ ਉਹ ਸੁਣ ਸਮਝ ਅਗਿਆਨਤਾ ਦੀ ਮੈਲ ਧੋਣੀ ਹੈ। ਇਹ ਮੈਲ ਧਾਤ ਤੋਂ ਲਗਦੀ ਹੈ ਜਿਸ ਨੂੰ ਲਿਵ ਧੋ ਦਿੰਦੀ ਹੈ।

ਗੁਰ ਨਾਨਕ ਸਾਹਿਬ ਪੰਨਾ 145 ਤੇ ਕਹਿੰਦੇ ਨੇ ਕਿ "ਆਖਣ ਵੇਖਣੁ ਬੋਲਣੁ ਚਲਣੁ ਜੀਵਣੁ ਮਰਣਾ" ਸਭ ਧਾਤੁ ਹੀ ਹੈ ਜੋ ਹੁਕਮ ਵਿੱਚ ਵਰਤ ਰਹੀ ਹੈ। ਧਾਤ ਨੂੰ ਹੋਰ ਬਰੀਕੀ ਨਾਲ ਸਮਝਣ ਲਈ ਆਉ ਦੇਖੀਏ ਗੁਰਬਾਣੀ ਵਿੱਚ ਧਾਤ ਕਿਸ ਨੂੰ ਕਿਹਾ ਗਿਆ ਹੈ।

 1. ਮਾਇਆ ਦੇ ਤਿੰਨ ਗੁਣ – "ਤ੍ਰੈ ਗੁਣ ਸਭਾ ਧਾਤੁ ਹੈ ਦੁਜਾ ਭਾਉ ਵਿਕਾਰੁ॥ ਪੰਨਾ 33
 2. ਪ੍ਰਭੂ ਪ੍ਰੀਤ ਤੋਂ ਸੱਖਣੀ ਕੋਈ ਵੀ ਤਾਂਘ- "ਹੋਰੁ ਬਿਰਹਾ ਸਭ ਧਾਤੁ ਹੈ ਜਬੁ ਲਗੁ ਸਾਹਿਬ ਪ੍ਰੀਤ ਨ ਹੋਇ॥" ਪੰਨਾ 83
 3. ਖਾਣ ਪੀਣ ਦੀ ਵਿਰਤੀ- "ਪੰਜਵੈ ਖਾਣ ਪੀਣ ਕੀ ਧਾਤੁ" ਪੰਨਾ 137
 4. ਚੰਗਾ ਛੱਡ ਮਾੜੈ ਕੰਮ ਨੂੰ ਭੱਜਣਾ- "ਕੁਤੇ ਚੰਦਨੁ ਲਾਈਐ ਬੀ ਸੋ ਕੁਤੀ ਧਾਤੁ॥" ਪੰਨਾ 143
 5. ਹਉਮੇ- "ਡੂਬਿ ਮੁਏ ਬਿਨੁ ਪਾਣੀ ਗਤਿ ਨਹੀ ਜਾਣੀ ਹਉਮੈ ਧਾਤੁ ਸੰਸਾਰੇ॥" ਪੰਨਾ 246
 6. ਅਹੰਕਾਰ, ਤ੍ਰਿਸ਼ਨਾ ਆਦਿ- "ਕਾਇਆ ਲਾਹਿਣ ਆਪੁ ਮਦੁ ਮਜਲਸ ਤ੍ਰਿਸਨਾ ਧਾਤੁ॥" ਪੰਨਾ 553
 7. ਮੋਹ, ਝੂਠ, ਗੁਮਾਨ- "ਪੰਚ ਧਾਤੁ ਵਿਚਿ ਪਾਈਅਨੁ ਮੋਹੁ ਝੂਠੁ ਗੁਮਾਨੁ॥" ਪੰਨਾ 786
 8. ਕਾਮ, ਇੰਦ੍ਰੀ- "ਇੰਦ੍ਰੀ ਧਾਤੁ ਸਬਲ ਕਹੀਅਤ ਹੈ ਇੰਦ੍ਰੀ ਕਿਸ ਤੇ ਹੋਈ॥" ਪੰਨਾ 993
 9. ਪੈਸਾ, ਅਮੀਰੀ- "ਸੁਇਨਾ ਰੁਪਾ ਸਭ ਧਾਤੁ ਹੈ ਮਾਟੀ ਰਲਿ ਜਾਈ॥" ਪੰਨਾ 1012
 10. ਮਨਮੁਖਤਾਈ- "ਮਨਮੁਖ ਧਾਤੁ ਦੂਜੈ ਹੈ ਲਾਗਾ॥" ਪੰਨਾ 1045
 11. ਮੋਹ ਦੀ ਹਉਮੇ- "ਹਉਮੈ ਧਾਤੁ ਮੋਹ ਰਸਿ ਲਾਈ॥" ਪੰਨਾ 1047
 12. ਮੂਰਖਤਾ ਵਿੱਚ ਅੰਨਾ ਹੋਣਾ- "ਮੂਰਖ ਅੰਧਿਆ ਅੰਧੀ ਧਾਤੁ॥" ਪੰਨਾ 1239
 13. ਵਿਦਵਤਾ- "ਤ੍ਰੈ ਗੁਣ ਸਭਾ ਧਾਤੁ ਹੈ ਪੜਿ ਪੜਿ ਕਰਹਿ ਵਚਿਾਰੁ॥" ਪੰਨਾ 1277
 14. ਕੁਦਰਤ ਰਚਨਾ ਦੇ ਤੱਤ- "ਧਾਤੂ ਪੰਜਿ ਰਲਾਇ ਕੂੜਾ ਪਾਜਿਆ॥" ਪੰਨਾ 1411
 15. ਕਾਇਆ ਰਚਨਾ ਸਮੱਗਰੀ- "ਅਸਟਮੀ ਅਸਟ ਧਾਤੁ ਕੀ ਕਾਇਆ॥" ਪੰਨਾ 343
 16. ਸਰੀਰ ਕੱਚਾ ਭਾਂਡਾ- "ਕਬੀਰ ਕਾਇਆ ਕਾਚੀ ਕਾਰਵੀ ਕੇਵਲ ਕਾਚੀ ਧਾਤੁ॥" ਪੰਨਾ 1376
 17. ਕਾਮ, ਕਰੋਧ, ਲੋਭ, ਮੋਹ, ਅਹੰਕਾਰ- "ਗੁਰ ਕੈ ਸਬਦਿ ਮਰਹਿ ਪੰਚ ਧਾਤੂ॥" ਪੰਨਾ 1078
 18. ਭਟਕਣਾ- "ਧਾਤੁਰ ਬਾਜੀ ਸਬਦਿ ਨਿਵਾਰੇ ਨਾਮੁ ਵਸੈ ਮਨਿ ਆਈ॥" ਪੰਨਾ 909
 19. ਕਰਮ ਕਾਂਢ ਦੀ ਪ੍ਰੇਰਣਾ- "ਤ੍ਰੈ ਗੁਣ ਧਾਤੁ ਬਹੁ ਕਰਮ ਕਮਾਵਹਿ ਹਰਿ ਰਸ ਸਾਦੁ ਨ ਆਇਆ॥" ਪੰਨਾ 603
 20. ਕਰਤਾਰ – "ਆਪੇ ਪਾਰਸੁ ਧਾਤੁ ਆਪਿ ਹੈ ਆਪਿ ਕੀਤੋਨੁ ਕੰਚਨੁ॥" ਪੰਨਾ 552
 21. ਮਨ ਦੀ ਆਵਾਰਗੀ- "ਮਨੁ ਮਾਰੇ ਧਾਤੁ ਮਰਿ ਜਾਇ॥" ਪੰਨਾ 159
 22. ਅਸਲਾ, ਕੁਦਰਤੀ ਸੁਭਾਉ- "ਜੇਹੀ ਧਾਤੁ ਤੇਹਾ ਤਿਨ ਨਾਉ॥" ਪੰਨਾ 25

ਧਾਤ ਜ਼ਿੰਦਗੀ ਪੈਦਾ ਕਰਦੀ ਹੈ। ਜ਼ਿੰਦਗੀ ਦਾ ਪੂਰਾ ਕਾਰ ਵਿਹਾਰ ਧਾਤ ਹੀ ਕਰਦੀ ਹੈ। ਇਸ ਤੋਂ ਬਿਨਾ ਜ਼ਿੰਦਗੀ ਅਸੰਭਵ ਹੈ। ਜਿੰਦਗੀ ਕਾਮ, ਕਰੋਧ, ਲੋਭ, ਮੋਹ ਅਤੇ ਹੰਕਾਰ ਤੋਂ ਬਿਨਾ ਨਹੀ ਚਲ ਸਕਦੀ ਅਤੇ ਇਹ ਸਭ ਧਾਤ ਹੀ ਦਿੰਦੀ ਹੈ। ਨਾਲ ਹੀ ਇਹ ਵੀ ਸੱਚ ਹੈ ਕਿ ਜ਼ਿੰਦਗੀ ਦੇਣ ਵਾਲਾ ਕਰਤਾਰ ਹੈ ਇਸ ਲਈ ਧਾਤ ਵੀ ਕਰਤਾਰ ਦੀ ਹੀ ਦੇਣ ਹੈ। ਕਿਆਸ ਕਰੋ ਅਗਰ ਇਸ ਧਰਤੀ ਤੇ ਕਾਮ ਨਾ ਹੋਵੇ ਤਾਂ ਜ਼ਿੰਦਗੀ ਪੈਦਾ ਹੀ ਨਹੀ ਹੋ ਸਕਦੀ। ਅਗਰ ਮੋਹ ਨਹੀ ਹੈ ਤਾਂ ਮਾਂ ਬਾਪ ਆਪਣੇ ਬੱਚੇ ਨੂੰ ਪਾਲ ਹੀ ਨਹੀ ਸਕਦੇ। ਕਰੋਧ, ਲੋਭ, ਅਹੰਕਾਰ ਆਦਿ ਨਹੀ ਹੋਣਗੇ ਤਾਂ ਜ਼ਿੰਦਗੀ ਅੱਗੇ ਵਧਣੋ ਰੁਕ ਜਾਏਗੀ। ਧਾਤ ਉਹ ਜੁਗਾੜ ਹੈ ਜੋ ਜ਼ਿੰਦਗੀ ਨੂੰ ਇਸ ਧਰਤੀ ਤੇ ਰੋੜੀ ਰੱਖਦਾ ਹੈ। ਦੁਨੀਆਂ ਦਾ ਐਸਾ ਕੋਈ ਸ਼ਖਸ ਪੈਦਾ ਨਹੀਂ ਹੋਇਆ ਜਿਸ ਵਿੱਚ ਧਾਤ ਨ ਹੋਵੇ। ਬਲਕਿ ਐਸਾ ਕੋਈ ਜੀਵ ਜੰਤੂ, ਰੁਖ ਬਿਰਖ, ਪੰਛੀ ਪੰਖੇਰੂ ਵੀ ਨਹੀ ਹੈ ਜੋ ਧਾਤ ਰਹਿਤ ਹੋਵੇ। ਧਾਤ ਜੀਉਣ ਦੀ ਇੱਛਾ ਹੈ। ਇਹ ਇੰਨੀ ਪ੍ਰਬਲ ਹੈ ਕਿ ਜੀਉਣ ਲਈ ਕਤਲ ਵੀ ਕਰ ਸਕਦੀ ਹੈ। ਦੂਸਰੇ ਨੂੰ ਧੋਖਾ ਦੇ ਸਕਦੀ ਹੈ। ਆਪਣਿਆਂ ਨਾਲ ਧੋਖਾ ਕਰ ਸਕਦੀ ਹੈ। ਦੂਸਰਿਆਂ ਲਈ ਮਰ ਵੀ ਸਕਦੀ ਹੈ। ਆਪਣੀ ਲੋੜ ਤੋਂ ਵੱਧ ਗ੍ਰਹਿਣ ਕਰਦੀ ਹੈ। ਧਾਤ ਅੰਨ੍ਹਾ ਕਰ ਦਿੰਦੀ ਹੇ। ਆਪਣੇ ਜਾਂ ਆਪਣਿਆਂ ਤੋਂ ਸਿਵਾ ਕੋਈ ਨਹੀਂ ਦੀਹਦਾ। ਧਾਤ ਇੱਕ ਅਮਲ ਜਾਂ ਨਸ਼ੇ ਦੀ ਤਰ੍ਹਾਂ ਹੈ। ਇਹ ਉਹ ਠਗ ਬੂਟੀ ਹੈ ਜੋ ਖਾ ਕੇ ਰਾਹੀ ਠਗੇ ਜਾਂਦੇ ਨੇ। "ਪਾਇ ਠਗਉਲੀ ਸਭੁ ਜਗੁ ਜੋਹਿਆ॥" ਪੰਨਾ 394. ਧਾਤ ਇੱਕ ਕੂੜ ਹੈ ਜੋ ਨਸ਼ੈ ਦੀ ਲੋਰ ਵਿੱਚ ਸੱਚ ਭਾਸਦਾ ਹੈ। "ਅਮਲ ਗਲੋਲਾ ਕੂੜ ਕਾ ਦਿਤਾ ਦੇਵਣਹਾੇਰ॥" ਪੰਨਾ 15 ਤੇ ਗੁਰ ਨਾਨਕ ਸਾਹਿਬ ਦੇ ਬਚਨ ਹਨ। ਇਸ ਨਸ਼ੇ ਦੀ ਲੋਰ ਵਿੱਚ ਸਿਰਫ ਜਿੰਦਗੀ ਹੀ ਯਾਦ ਰਹਿੰਦੀ ਹੈ ਮੌਤ ਭੁਲ ਜਾਂਦੀ ਹੈ। "ਮਤੀ ਮਰਣੁ ਵਿਸਾਰਿਆ ਖੁਸੀ ਕੀਤੀ ਦਿਨ ਚਾਰਿ॥" ਧਾਤ ਸੱਚ ਅਤੇ ਬੰਦੇ ਵਿਚਕਾਰ ਪਰਦਾ ਹੈ। ਧਾਤ ਕੂੜ ਦੀ ਪਾਲ ਹੈ। ਇਸੇ ਲਈ ਜਦੋਂ ਗੁਰੂ ਗਿਆਨ ਮਿਲਦਾ ਹੈ ਤਾਂ ਇਹ ਪਰਦਾ ਚੁੱਕਦਾ ਹੈ। ਉਦੋਂ ਲਿਵ ਲਗਦੀ ਹੈ ਭਾਵ ਕਰਤਾਰ ਦੇ ਹੁਕਮ ਦੀ ਸੋਝੀ ਹੋ ਜਾਂਦੀ ਹੈ। "ਸਚੁ ਮਿਲਿਆਂ ਤਿਨ ਸੋਫੀਆ ਰਾਖਣ ਕਉ ਦਰਵਾਰੁ॥" ਪੰਨਾ 15. ਧਾਤ ਨਸ਼ਾ ਹੈ ਜਿਸਦੇ ਅਸਰ ਹੇਠ ਬੰਦਾ ਆਪਣੇ ਆਪ ਨੂੰ ਬਾਦਸਾਹ ਸਮਝਦਾ ਹੈ।

ਇੱਕ ਹੋਰ ਗੱਲ ਗੌਰ ਕਰਨ ਵਾਲੀ ਹੈ ਕਿ ਪੂਰੇ ਬ੍ਰਹਿਮੰਡ ਵਾਰੇ ਗੁਰੂ ਸਾਹਿਬ ਇਹ ਕਹਿ ਰਹੇ ਨੇ ਕਿ ਇਸ ਸ੍ਰਿਸ਼ਟੀ ਦੀ ਰਚਨਾ ਤੋਂ ਪਹਿਲਾਂ ਕਰਤਾਰ ਸੁੰਨ ਅਵਸਥਾ ਵਿੱਚ ਸੀ। ਇਸ ਸੁੰਨ ਤੋਂ ਹੀ ਸਾਰਾ ਖਲਾਰਾ ਹੋਂਦ ਵਿੱਚ ਆਇਆ। ਇਥੋਂ ਹੀ ਸਾਰੇ ਭਵਣ ਪੈਦਾ ਹੋਏ ਜੋ ਲਿਵ ਲਾਈ ਬੈਠੇ ਨੇ। ਇਸ ਸਭ ਦਾ ਕਾਰਣੁ ਕਰਤਾ ਆਪ ਹੀ ਹੈ। ਭਾਵ ਸਭ ਕੁੱਝ ਕਰਤੇ ਵਲੋਂ ਪਹਿਲਾਂ ਤੋਂ ਹੀ ਨਿਰਧਾਰਿਤ ਹੈ। ਗੁਰੂ ਦੇ ਬਚਨ ਹਨ "ਸੁੰਨਹੁ ਸਪਤ ਪਾਤਾਲ ਉਪਾਏ॥ ਸੁੰਨਹੁ ਭਵਣ ਰਖੇ ਲਿਵ ਲਾਏ॥ ਆਪੇ ਕਾਰਣੁ ਕੀਆ ਅਪਰੰਪਰਿ ਸਭੁ ਤੇਰੋ ਕੀਆ ਕਮਾਇਦਾ॥" ਪੰਨਾ 1038. ਇੱਥੇ ਗੌਰ ਕਰਨ ਵਾਲੀ ਗੱਲ ਇਹ ਹੈ ਕਿ ਇਹਨਾਂ ਭਵਣਾ ਵਾਰੇ ਇਹ ਹੀ ਕਿਹਾ ਹੈ ਕਿ ਉਹ ਲਿਵ ਲਾਈ ਬੈਠੇ ਨੇ। ਇੱਥੇ ਧਾਤ ਦਾ ਜ਼ਿਕਰ ਨਹੀਂ ਕੀਤਾ ਗਿਆ। ਇਸਦਾ ਮਤਲਬ ਇਹ ਹੋਇਆ ਕਿ ਧਾਤ ਉੱਥੇ ਹੀ ਪੈਦਾ ਹੁੰਦੀ ਹੈ ਜਿੱਥੈ ਧਰਤੀ ਵਰਗਾ ਜੀਵਨ ਹੋਂਦ ਵਿੱਚ ਆਉਂਦਾ ਹੈ। ਧਾਤ ਹੀ ਜ਼ਿੰਦਗੀ ਪੈਦਾ ਕਰਦੀ ਹੈ। ਇਹ ਉਹ ਤਾਕਤ ਹੈ ਜਿਸ ਰਾਹੀਂ ਡਾਰਵਿਨ ਦਾ "ਕੁਦਰਤੀ ਵਿਕਾਸ" ਪੈਦਾ ਹੋਇਆ ਅਤੇ ਹੋ ਰਿਹਾ ਹੈ।

ਉਪਰਲੀ ਵਿਚਾਰ ਤੋਂ ਇਹ ਸਪੱਸ਼ਟ ਹੋ ਜਾਂਦਾ ਹੈ ਕਿ ਜ਼ਿੰਦਗੀ ਦੇ ਦੋਹਾਂ ਰਾਹਾਂ ਤੇ ਚਲਦਾ ਬੰਦਾ ਕਰਤਾਰ ਦੇ ਹੁਕਮ ਅਧੀਨ ਹੀ ਰਹਿੰਦਾ ਹੈ। ਉਸ ਦੀ ਆਪਣੀ ਕੋਈ ਮਰਜ਼ੀ ਨਹੀਂ ਚਲਦੀ। ਪਰ ਲਿਵ ਵਾਲੇ ਰਾਹ ਤੇ ਇੱਕ ਚੀਜ਼ ਜੋ ਵੱਖਰੀ ਹੁੰਦੀ ਹੈ ਉਹ ਹੈ ਗੁਰ ਗਿਆਨ। ਆਪਾਂ ਅੱਗੇ ਚਲ ਕੇ ਦੇਖਾਂਗੇ ਕਿ ਗੁਰ ਗਿਆਨ ਕਿਵੇ ਬੰਦੇ ਦੀ ਖੁਦਮੁਖਤਿਆਰੀ ਅਤੇ ਨਿਸ਼ਚੇਵਾਦ ਨੂੰ ਪ੍ਰਭਾਵਿਤ ਕਰਦਾ ਹੈ। ਹੁਣ ਤੱਕ ਦੀ ਵੀਚਾਰ ਤੋਂ ਆਪਾਂ ਸਮਝ ਚੁੱਕੇ ਹਾਂ ਕਿ

 • ਲਿਵ ਅਤੇ ਧਾਤ ਦੋਨੋ ਕਰਤਾਰ ਦੇ ਹੁਕਮ ਅਧੀਨ ਕੰਮ ਕਰਦੀਆਂ ਹਨ।
 • ਧਾਤ ਇਸ ਧਰਤੀ ਤੇ ਜ਼ਿੰਦਗੀ ਲਈ ਜ਼ਰੂਰੀ ਹੈ। ਜ਼ਿੰਦਗੀ ਨੂੰ ਪੈਦਾ ਕਰਦੀ ਹੈ, ਸਾਂਭਦੀ ਹੈ ਆਪਣੀਆਂ ਉਂਗਲੀਆਂ ਤੇ ਨਚਾਉਂਦੀ ਹੈ, ਹਸਾਉਂਦੀ ਹੈ, ਰੁਆਉਂਦੀ ਹੈ, ਕੁਟਦੀ ਮਾਰਦੀ ਹੈ।
 • ਧਾਤ ਦੇ ਨਸ਼ੇ ਅਧੀਨ ਬੰਦਾ ਆਪਣੇ ਆਪ ਨੂੰ ਆਪਣੀ ਹੋਣੀ ਦਾ ਮਾਲਕ ਸਮਝਦਾ ਹੈ। ਉਹ ਹੀ ਸਭ ਕੁੱਝ ਦਾ ਕਾਰਣ ਅਤੇ ਕਰਤਾ ਹੈ। ਬਲਕਿ ਕੁੱਝ ਸ਼ਖਸ ਤਾਂ ਆਪਣੇ ਆਪ ਨੂੰ ਖੁਦਾ ਸਮਝਣ ਲਗ ਜਾਂਦੇ ਨੇ।
 • ਲਿਵ ਕਰਤਾਰ ਦੇ ਹੁਕਮ ਨੂੰ ਸਮਝਣ ਲਈ ਜ਼ਰੁਰੀ ਹੈ। ਜਿਸ ਲਈ ਗੁਰੂ ਗਿਆਨ ਜ਼ਰੂਰੀ ਹੈ।
 • ਹੁਕਮ ਸਮਝਣ ਨਾਲ ਧਾਤ ਮਰ ਜਾਂਦੀ ਹੈ ਭਾਵ ਬੰਦੇ ਦੇ ਕੰਟਰੋਲ ਵਿੱਚ ਚਲਣ ਲਗਦੀ ਹੈ। ਉਹ ਜ਼ਿੰਦਗੀ ਦੇ ਘੋੜੇ ਦਾ ਉਹ ਸਵਾਰ ਬਣ ਜਾਦਾ ਹੈ ਜੋ ਘੋੜੇ ਨੂੰ ਅੱਛੀ ਤਰ੍ਹਾਂ ਸਮਝ ਕੇ ਆਪਣੀ ਮੰਜਲ ਵਲ ਦੌੜਾਉਂਦਾ ਹੈ।

ਇਸ ਦਾ ਮਤਲਬ ਹੋਇਆ ਕਿ ਬੇਸ਼ੱਕ ਸਭ ਕੁੱਝ ਪਹਿਲਾਂ ਤੋਂ ਹੀ ਨਿਰਧਾਰਿਤ ਹੈ ਅਤੇ ਬੰਦੇ ਦੀ ਆਪਣੀ ਕੋਈ ਵੀ ਮਰਜ਼ੀ ਨਹੀਂ ਚਲਦੀ। ਪਰ ਧਾਤ ਵਿੱਚ ਮਦਹੋਸ਼ ਬੰਦਾ ਸਮਝਦਾ ਹੈ ਕਿ ਉਸਦੀ ਹੀ ਮਰਜ਼ੀ ਚਲ ਰਹੀ ਹੈ। ਲਿਵ ਲਗਣ ਨਾਲ ਹੋਸ਼ ਆਉਂਦੀ ਹੈ ਤਾਂ ਭੇਤ ਖੁਲਦਾ ਹੈ। ਅਸੀਂ ਦੇਖਦੇ ਹਾਂ ਕਿ ਧਾਤ ਤੋਂ ਲਿਵ ਤਕ ਦੇ ਸਫਰ ਵਿੱਚ ਦੋ ਚੀਜ਼ਾਂ ਅਹਿਮ ਨੇ। ਮਨੁੱਖਾ ਮਨ ਜੋ ਇੱਕ ਤਰ੍ਹਾਂ ਨਾਲ ਧਾਤ ਦਾ ਘੋੜਾ ਬਣ ਦੌੜਦਾ ਹੈ, ਛੜੱਪੇ ਮਾਰਦਾ ਹੈ, ਦੁਲੱਤੇ ਮਾਰਦਾ ਹੈ। ਧਾਤ ਦੇ ਸਾਰੇ ਕਾਰਜ ਇਸ ਰਾਹੀਂ ਹੀ ਹੁੰਦੇ ਨੇ। ਗੁਰੂ ਗਿਆਨ ਜੋ ਬਿਬੇਕ ਵਿਰਤੀ ਪੈਦਾ ਕਰਦਾ ਹੈ ਰਾਹੀਂ ਇਸ ਘੋੜੇ ਤੇ ਕਾਠੀ ਪਾਈ ਜਾਂਦੀ ਹੈ ਅਤੇ ਲਗਾਮ ਲਾਈ ਜਾਂਦੀ ਹੈ। ਸੋ ਸਾਡੇ ਲਈ ਇਸ ਵਿਸ਼ੇ ਤੇ ਅੱਗੇ ਵਧਣ ਲਈ ਇਹ ਸਮਝਣਾ ਜਰੂਰੂ ਹੈ ਕਿ ਗੁਰਬਾਣੀ ਮਨ ਅਤੇ ਬਿਬੇਕ ਵਿਰਤੀ ਵਾਰੇ ਕੀ ਕਹਿੰਦੀ ਹੈ।

ਚਲਦਾ--

ਜਰਨੈਲ਼ ਸਿੰਘ

ਸਿਡਨੀ, ਅਸਟ੍ਰੇਲੀਆ




.