.

{…. ਕੀਤੋਸੁ ਆਪਣਾ ਪੰਥ ਨਿਰਾਲਾ….}

ਜਸਵਿੰਦਰ ਸਿੰਘ ‘ਰੁਪਾਲ’

ਇਸ ਸੰਸਾਰ ਵਿੱਚ ਲੱਖਾਂ ਕਰੋੜਾਂ ਸਾਲਾਂ ਤੋ ਜੀਵਨ ਦੀ ਧਾਰਾ ਵਹਿੰਦੀ ਆ ਰਹੀ ਏ, ਪਰ ਜੋ ਜੀਵਨ ਜਾਚ ਬਾਬੇ ਨਾਨਕ ਨੇ ਦੱਸੀ, ਸਿਰਫ ਦੱਸੀ ਹੀ ਨਹੀਂ, ਖੁਦ ਜਿਉਂ ਕੇ ਦਿਖਾਈ, ਉਸ ਦੀ ਮਿਸਾਲ ਸਾਰੇ ਸੰਸਾਰ ਵਿੱਚ ਨਾ ਹੀ ਮਿਲੀ ਹੈ ਅਤੇ ਨਾ ਹੀ ਭਵਿੱਖ ਵਿੱਚ ਮਿਲਨ ਦੀ ਸੰਭਾਵਨਾ ਹੈ। ਸ਼ਬਦ-ਰੂਪ ਪਾਰਬ੍ਰਹਮ ਨੂੰ ਪਹਿਚਾਣ ਕੇ, ਸ਼ਬਦ ਵਿੱਚ ਸੁਰਤਿ ਲਗਾ ਕੇ ਉਸ ਦੀ ਪ੍ਰਾਪਤੀ ਅਤੇ ਇਸੇ ਸ਼ਬਦ ਦੇ ਗਿਆਨ ਨਾਲ ਮਨੁਖੀ ਮਨ ਨੂੰ ਵਿਕਾਰਾਂ ਤੋ ਮੋੜ ਕੇ, ਉਸ ਇੱਕ ਨਿਰਾਕਾਰ ਦੇ ਨਾਮ ਵਿੱਚ ਲੀਨ ਹੋ ਕੇ ਅਸਲ ਅਨੰਦ ਦੀ ਵਿਆਖਿਆ ਕਰਨਾ ਸਿਰਫ ਅਤੇ ਸਿਰਫ ਗੁਰੂ ਨਾਨਕ ਦੇ ਹਿੱਸੇ ਆਇਆ। ਭਾਈ ਸਾਹਿਬ ਗੁਰਦਾਸ ਜੀ ਇਸੇ ਜੀਵਨ-ਜੁਗਤਿ ਨੂੰ “ਨਾਨਕ ਨਿਰਮਲ ਪੰਥ ਚਲਾਇਆ” ਆਖਦੇ ਹਨ ਅਤੇ ਇਸੇ ਨੂੰ ਨਿਰਾਲਾ ਪੰਥ ਆਖ ਕੇ ਵਡਿਆੳੋਦੇ ਹਨ। ਆਓ ਇਸ ਨਿਰਾਲੇਪਣ ਦੇ ਸਿਧਾਂਤ ਨੂੰ ਸਮਝਣ ਦੀ ਕੋਸ਼ਿਸ਼ ਕਰੀਏ। …….
ਨਾਨਕ ਦੇ ਦੱਸੇ ਮਾਰਗ ਨੂੰ ਇੱਕ ਮਜਹਬ ਮੰਨ ਲੈਣਾ ਅਤੇ ਦੂਸਰੇ ਮਜਹਬਾਂ ਵਾਂਗ ਦੇਖਣਾ ਸਾਡੀ ਸਭ ਤੋ ਵੱਡੀ ਭੁੱਲ ਹੈ। ਜਦੋ ਕਦੇ ਧਰਮਾਂ ਦੇ ਜਿਕਰ ਕਰਦਿਆਂ ਹਿੰਦੂ, ਸਿੱਖ, ਮੁਸਲਮਾਨ, ਇਸਾਈ ਆਦਿ ਦੀ ਗੱਲ ਹੁੰਦੀ ਵੇਖਦਾ ਸੁਣਦਾ ਹਾਂ, ਤਾਂ ਬੜਾ ਦੁੱਖ ਲਗਦਾ ਹੈ, ਕਿ ਅਸੀਂ ਨਾਨਕ-ਨਾਮ-ਲੇਵਾ ਸਿੱਖਾਂ ਨੇ ਵੀ ਨਾਨਕ-ਵਿਚਾਰਧਾਰਾ ਨੂੰ ਨਹੀਂ ਸਮਝਿਆ। ਸਿੱਖ ਕਿਸੇ ਧਰਮ ਜਾਂ ਮਜਹਬ ਦਾ ਨਾਂ ਨਹੀਂ ਹੈ, ਇਹ ਤਾਂ ਸਮੁਚੀ ਲੋਕਾਈ ਨੂੰ, ਮਨੁਖਤਾ ਨੂੰ ਦੱਸੀ ਗਈ ਇੱਕ ਜੀਵਨ-ਜਾਚ ਹੈ। ਜੇ ਅੱਜ ਸਿੱਖ ਵੀ ਬਾਕੀ ਧਰਮਾਂ ਨਿਆਈਂ ਹੀ ਕੁੱਝ ਕਰਮ-ਕਾਂਡ ਕਰਕੇ ਆਪਣੇ ਆਪ ਨੂੰ ਸਿੱਖ ਕਹਾ ਕੇ ਖੁਸ਼ ਹੁੰਦਾ ਹੈ, ਤਾਂ ਮੁਆਫ ਕਰਨਾ, ਇਹ ਕਹਿਣ ਵਿੱਚ ਮੈਨੂੰ ਕੋਈ ਝਿਜਕ ਨਹੀਂ ਕਿ ਉਸ ਨੇ ਅਜੇ ਨਾਨਕ-ਵਾਦ ਨੂੰ ਸਮਝਿਆ ਹੀ ਨਹੀਂ। ਬਾਬਾ ਨਾਨਕ ਤਾਂ ਹੋਕਾ ਦੇ ਕੇ ਅਖਦਾ ਹੈ-
“ਏਕੋ ਧਰਮੁ ਦ੍ਰਿੜੈ ਸਚੁ ਕੋਈ।।
ਗੁਰਮਤਿ ਪੂਰਾ ਜੁਗਿ ਜੁਗਿ ਸੋਈ”।।
-- (ਬਸੰਤ ਮਹਲਾ 1, ਪੰਨਾ 1188}

ਇਸੇ ਸੱਚ ਦੇ ਧਰਮ ਨੂੰ ਪੰਜਵੇਂ ਨਾਨਕ ਨੇ ਇਸ ਤਰਾਂ ਬਿਆਨਿਆ ਹੈ-
“ਸਰਬ ਧਰਮ ਮਹਿ ਸ਼੍ਰੇਸ਼ਟ ਧਰਮੁ॥
ਹਰਿ ਕੋ ਨਾਮੁ ਜਪਿ, ਨਿਰਮਲ ਕਰਮੁ”॥
…. (ਸੁਖਮਨੀ, ਪੰਨਾ 266}
ਇਸ ਤਰਾਂ ਨਾਨਕ ਅਨੁਸਾਰ ਧਰਮ ਤਾਂ ਸਿਰਫ ਅਤੇ ਸਿਰਫ ਇੱਕ ਹੀ ਹੈ। ਜਿਸ ਵਿੱਚ ਉਸ ਸੱਚੇ ਦਾ ਨਾਮ ਸਿਮਰਿਆ ਜਾਵੇ ਅਤੇ ਆਪਣੇ ਜੀਵਨ ਵਿੱਚ ਨਿਰਮਲ ਕਰਮ ਕੀਤੇ ਜਾਣ। ਸਾਰੀ ਗੁਰਬਾਣੀ ਇਸ ਧਰਮ ਦੀ ਹੀ ਵਿਆਖਿਆ ਹੈ।
ਸਾਰਾ ਧਾਰਮਿਕ ਜਗਤ ਉਸ ਪਾਰਬ੍ਰਹਮ ਨੂੰ ਜਾਨਣ, ਲਭਣ ਅਤੇ ਪ੍ਰਾਪਤ ਕਰਨ ਦੀ ਦੌੜ ਵਿੱਚ ਸੀ, ਕੋਈ ਜੰਗਲਾਂ ਵਿੱਚ ਫਿਰਦਾ ਸੀ, ਪਿੰਡੇ ਤੇ ਬਿਭੂਤ ਲਗਾ ਕੇ, ਤੇ ਕੋਈ ਗ੍ਰਹਿਸਥੀ ਛੱਡ ਕੇ ਜੰਗਲਾਂ ਵਿੱਚ ਜਾ ਕੇ ਤਪੱਸਿਆ ਕਰ ਰਿਹਾ ਸੀ। ਕੁੱਝ ਲੋਕ ਧਰਮਾਂ ਦੇ ਨਾਂ ਤੇ ਭੋਲੀ ਜਨਤਾ ਨੂੰ ਲੁੱਟ ਕੇ ਖਾ ਰਹੇ ਸਨ। ਰਾਜੇ ਨਿਆਂਕਾਰੀ ਨਹੀਂ ਸਨ ਅਤੇ ਧਾਰਮਿਕ ਆਗੂ ਖੁਦ ਭੁਲੇ ਭਟਕੇ ਹੋਏ ਸਨ। ਲੋਕਾਈ ਅਗਿਆਨਤਾ, ਅੰਧਵਿਸ਼ਵਾਸ਼, ਕਰਮ-ਕਾਂਡਾਂ ਵਿੱਚ ਫਸੀ ਹੋਈ ਸੀ ਅਤੇ ਸ਼ਾਸ਼ਕ ਵਰਗ ਅਤੇ ਪੁਜਾਰੀ ਵਰਗ ਜਨਤਾ ਦੀ ਅਗਿਆਨਤਾ ਅਤੇ ਭੋਲੇਪਣ ਦਾ ਫਾਇਦਾ ੳਠਾ ਰਹੇ ਸਨ। ਅਜਿਹੇ ਕੂੜ ਦੇ ਵਰਤਾਰੇ ਸਮੇਂ ਗੁਰੂ ਨਾਨਕ ਜੀ ਪਰਗਟ ਹੋਏ ਸਨ, ਉਨਾਂ ਪ੍ਰਿਥਵੀ ਨੂੰ ਜਲਦਿਆਂ, ਤੇ ਲੋਕਾਈ ਨੂੰ ਹਾਇ ਹਾਇ ਕਰਦਿਆਂ ਤੱਕਿਆ ਤੇ ਦਰਦ ਭਿੱਜੀ ਰੂਹ ਧਰਤੀ ਸੋਧਣਿ ਲਈ ਚੱਲ ਪਈ। ਪਹਿਲਾ ਕ੍ਰਾਂਤੀਕਾਰੀ ਕਦਮ ਬਾਬੇ ਨੇ ਚੱਕਿਆ ਕਿ ਨੀਵੀਂ ਜਾਤ ਵਜੋਂ ਜਾਣੇ ਜਾਂਦੇ ਰਬਾਬੀ ਮਰਦਾਨੇ ਨੂੰ ਆਪਣਾ ਪੱਕਾ ਸਾਥੀ ਬਣਾਇਆ। ….
ਬਾਬੇ ਨੇ ਅਪਣੀਆਂ ਉਦਾਸੀਆਂ ਰਾਹੀਂ ਵੱਖ ਵੱਖ ਮੱਤਾਂ ਦੇ ਆਗੂਆਂ ਕੋਲ ਜਾ ਜਾ ਕੇ ਉਨਾਂ ਨਾਲ ਸੰਵਾਦ ਰਚਾਇਆ। ਪ੍ਰਮਾਤਮਾ ਦੇ ਇੱਕ ਹੋਣ, ਸਰਬ ਕਾਲਕ, ਸਰਬ ਸਾਂਝਾਂ ਪਾਲਕ ਹੋਣ, ਲੋਕਾਈ ਨੂੰ ਮੁਹੱਬਤ ਕਰਨ, ਆਪਣਾ ਆਪ ਪਹਿਚਾਨਣ, ਸਭ ਵਿੱਚ ਉਸ ਇੱਕ ਨੂੰ ਦੇਖਦੇ ਹੋਏ ਕਿਸੇ ਨੂੰ ਵੀ ਉਚਾ ਨੀਵਾਂ ਨਾ ਸਮਝਣ ਦਾ ਸਰਬ-ਸਾਂਝਾ ਉਪਦੇਸ਼ ਲੋਕਾਂ ਦੀ ਜਬਾਨ ਵਿੱਚ ਦਿੱਤਾ। ਨਾਨਕ ਦਾ ਸਿਧਾਂਤ ਘਰ ਬਾਰ ਛੱਡਣ ਨੂੰ ਮਾਣ ਨਹੀਂ ਦਿੰਦਾ ਸਗੋ ਦੁਨੀਆਂ ਵਿੱਚ ਰਹਿੰਦਿਆਂ, ਕਿਰਤ ਕਰਦਿਆਂ, ਅਪਣੇ ਪਰਿਵਾਰ ਪ੍ਰਤੀ ਅਤੇ ਸਮਾਜ ਪ੍ਰਤੀ ਆਪਣੀ ਜਿੰਮੇਵਾਰੀ ਨਿਭਾਉਂਦਿਆਂ ਖਲਕਤ ਦੀ ਸੇਵਾ ਚੋਂ ਖਾਲਕ ਦੀ ਪ੍ਰਾਪਤੀ ਕਰਨੀ ਦੱਸਦਾ ਹੈ॥ ਬਾਬੇ ਦੇ ਬੋਲ ਹਨ-
“ਘਾਲਿ ਖਾਇ ਕਿਛੁ ਹਥਹੁ ਦੇਇ॥
ਨਾਨਕ ਰਾਹੁ ਪਛਾਣਹਿ ਸੇਇ”॥
…. . (ਗੁਰੂ ਨਾਨਕ, ਪੰਨਾ 1245)

ਗੁਰਮਤਿ ਗਾਡੀ ਰਾਹ ਦਾ ਪਾਂਧੀ ਪਰਮਾਤਮਾ ਨੂੰ ਲੱਭਣ ਲਈ ਕਿਸੇ ਯੋਗ ਵਿੱਚ ਨਹੀਂ ਜਾਂਦਾ, ਸਮਾਧੀਆਂ ਨਹੀ ਲਗਾਂਦਾ, ਮਾਲਾ ਨਹੀਂ ਫੇਰਦਾ, ਕੋਈ ਖਾਸ ਵਰਤ ਨਹੀਂ ਰਖਦਾ, ਅਪਣੇ ਸਰੀਰ ਨੂੰ ਦੁੱਖ ਨਹੀਂ ਦਿੰਦਾ ਅਤੇ ਨਾ ਹੀ ਵਿਸ਼ੇਸ਼ ਕਰਮ ਕਾਂਡ ਕਰਦਾ ਹੈ।
ਉਹ ਤਾਂ ਦੁਨੀਆਂ ਵਿੱਚ ਵਿਚਰਦਿਆਂ ਹੋਇਆ, ਕਿਰਤ ਕਰਦਿਆਂ ਹੋਇਆਂ, ਮਾਇਆ ਕਮਾਂਦਿਆਂ ਹੋਇਆਂ ਵੀ “ਜੈਸੇ ਜਲ ਮਹਿ ਕਮਲ ਨਿਰਾਲਮ, ਮੁਰਗਾਈ ਨੈਸਾਣੈ” ਅਨੁਸਾਰ ਇਸ ਮਾਇਆ ਦਾ ਗੁਲਾਮ ਨਹੀਂ ਬਣਦਾ। ਮਾਇਆ ਗੁਰਸਿੱਖ ਲਈ ਗੁਜਰਾਨ ਮਾਤਰ ਹੈ. । ਉਹ ਇਸ ਵਿਚੋਂ ਲੋੜਵੰਦ ਦੀ ਲੋੜ ਪੂਰੀ ਕਰਨ ਲਈ ਵਚਨਬੱਧ ਹੈ। ਹੋਰ ਧਰਮਾਂ ਦੀ ਤਰਾਂ ਉਹ ਦਾਨ ਦੇ ਕੇ ਹਉਮੈ ਨਹੀਂ ਪਾਲਦਾ। {ਦਾਨ ਦੇਣ ਵਾਲਾ ਅਪਣੇ ਆਪ ਨੂੰ ਵੱਡਾ ਸਮਝਦਾ ਹੈ, ਜਦ ਕਿ ਗੁਰਸਿੱਖ ਲੋੜਵੰਦ ਦੀ ਲੋੜ ਆਪਣਾ ਭਰਾ ਸਮਝ ਕੇ ਕਰਦਾ ਹੈ ਅਤੇ ਉਸ ਦਾ ਧੰਨਵਾਦੀ ਹੁੰਦਾ ਹੈ, ਜੋ ਉਸ ਕਾਰਨ ਗੁਰਸਿੱਖ ਨੂੰ ਸੇਵਾ ਦਾ ਮੌਕਾ ਮਿਲਿਆ ਹੈ।)
ਉਹ ਧਰਮ ਜਾਂ ਵਿਚਾਰਧਾਰਾ ਕਿਸ ਕੰਮ, ਜੋ ਲੋਕਾਂ ਦਾ ਜੀਵਨ ਨਾ ਬਦਲੇ? ? ਗੁਰਮਤਿ ਅਸਲ ਵਿੱਚ ਇੱਕ ਇਨਕਲਾਬ ਦਾ ਨਾਂ ਹੈ, ਇੱਕ ਰਾਜਨਤਿਕ ਅਤੇ ਸਮਾਜਿਕ ਇਨਕਲਾਬ ਹੈ ਇਹ। ਪਰ ਇਹ ਇਨਕਲਾਬ ਤਦ ਹੀ ਆ ਸਕੇਗਾ ਜੇ ਪਹਿਲਾਂ ਆਪਣੇ ਮਨ ਨੂੰ ਵਿਕਾਰਾਂ ਤੋਂ ਰੋਕ ਕੇ ਉਸ ਇੱਕ ਦੀ ਜੋਤ ਨੂੰ ਸਭ ਵਿੱਚ ਰਮੀ ਹੋਈ ਮਹਿਸੂਸ ਕੀਤਾ ਜਾਵੇ। ਇੱਕ ਗੁਰਸਿੱਖ ਨੇ ਸਭ ਤੋ ਪਹਿਲਾਂ ਅਪਨੇ ਆਪ ਨੂੰ ਬਦਲਣਾ ਹੈ। ਜੀਵਨ ਮਨੋਰਥ ਨੂੰ ਜਾਣ ਲੈਣ ਨਾਲ ਉਹ ਆਪਣੇ ਆਪੇ ਨੂੰ ਪਹਿਚਾਣਦਾ ਹੈ। ਜਦੋਂ ਉਸ ਇੱਕ ਦੀ ਜੋਤ ਦਾ ਅਹਿਸਾਸ ਹੁੰਦਾ ਹੈ, ਤਾਂ ਇਸ ਜੋਤ ਨੂੰ ਸਰਬ ਵਿੱਚ ਪਸਰੀ ਤੇ ਰਮੀ ਹੋਈ ਦੇਖਦਾ ਹੈ। ਉਦੋ
“ਸਭ ਕੋ ਮੀਤ ਹਮ ਆਪਨ ਕੀਨਾ, ਹਮ ਸਭਨਾ ਕੇ ਸਾਜਨ” ਗੁਰਵਾਕ ਅਨੁਸਾਰ ਸਭਨਾਂ ਨੂੰ ਆਪਣਾ ਸਮਝਦਾ ਹੈ। ਇਸ ਸਮਾਨਤਾ ਅਤੇ ਬ੍ਰਹਿਮੰਡੀ ਮੁਹੱਬਤ ਦੀ ਚਿਣਗ ਪੂਰੇ ਜਲੌਅ ਨਾਲ ਉਸ ਦੇ ਹਿਰਦੇ ਵਿੱਚ ਜਗਦੀ ਹੈ। ਇਸ ਪ੍ਰੇਮ ਦੀ ਗਲੀ ਆੁਣ ਲਈ ਹੀ ਗੁਰੂ ਨਾਨਕ ਸਾਹਿਬ ਸੀਸ ਤਲੀ ਤੇ ਟਿਕਾਉਣ ਦੀ ਗੱਲ ਕਰਦੇ ਹਨ –
“ਜਉ ਤਉ ਪ੍ਰੇਮ ਖੇਲਣ ਕਾ ਚਾਉ॥
ਸਿਰੁ ਧਰਿ ਤਲੀ ਗਲੀ ਮੇਰੀ ਆਉ॥

………… (ਸਲੋਕ ਵਾਰਾਂ ਤੇ ਵਧੀਕ, ਪੰਨਾ 1412)
ਜਦੋਂ ਨਿਸ਼ਾਨੇ ਅਤੇ ਮੰਜਲ ਦੀ ਸੋਝੀ ਆ ਜਾਂਦੀ ਹੈ, ਤਾਂ ਗੁਰਸਿੱਖ ਗੁਰੂ ਦੀ ਚਾਲ ਤੇ ਤੁਰਦਾ ਹੈ। ਉਹ ਨਿਰਭਉ ਅਤੇ ਨਿਰਵੈਰ ਬਣਕੇ ਵਿਚਰਦਾ ਹੈ। ਉਹ ਆਪਣੇ ਗੁਰੂ ਦੇ ਦੱਸੇ ਇਸ ਮਾਰਗ ਤੇ ਤੁਰਨ ਲਈ ਹੋਰਾਂ ਨੂੰ ਵੀ ਪ੍ਰੇਰਦਾ ਹੈ, ਪਰ ਕਦੀ ਵੀ ਧੱਕਾ ਨਹੀਂ ਕਰਦਾ। ਆਪਣੇ ਨਿਸ਼ਚੇ ਤੇ ਦ੍ਰਿੜ ਹੈ, ਪਰ ਕਿਸੇ ਨੂੰ ਵੀ ਇਸ ਪੰਥ ਵਿੱਚ ਸ਼ਾਮਿਲ ਹੋਣ ਲਈ ਕਿਸੇ ਤਰਾਂ ਦਾ ਸ਼ਬਦੀ- ਜੁਲਮ ਵੀ ਨਹੀਂ ਕਰਦਾ। ਤੇ ਹਾਂ, ਉਹ ਖੁਦ ਇਸ ਮਾਰਗ ਤੋਂ ਕਿਸੇ ਵੀ ਤਰਾਂ ਦੇ ਲਾਲਚ, ਸਵਾਰਥ ਜਾਂ ਜੁਲਮ ਦੇ ਬਾਵਜੂਦ ਪਿੱਛੇ ਨਹੀਂ ਹਟਦਾ। ਉਸ ਦਾ ਨਿਸ਼ਚਾ ਦ੍ਰਿੜ ਹੈ ਕਿ ਸੱਚ ਦੇ ਮਾਰਗ ਤੇ ਚੱਲਦਿਆਂ ਗੁਰੂ ਆਪ ਸਹਾਈ ਹੁੰਦਾ ਹੈ। ਇਸੇ ਲਈ ਅੱਜ ਤੱਕ ਕੋਈ ਜੇਲ, ਤੱਤੀ ਤਵੀ, ਆਰਾ, ਚਰਖੜੀ, ਰੰਬੀ, ਕੋਈ ਤਲਵਾਰ ਗੁਰਸਿੱਖ ਨੂੰ ਉਸਦੇ ਸਿਦਕ ਤੋਂ ਨਹੀਂ ਡੁਲਾ ਸਕੀ। ………ਗੁਰਸਿੱਖ ਨੇ ਆਪਣੇ ਫਰਜ ਵੀ ਪੂਰੇ ਕਰਨੇ ਹਨ, ਪਰ ਆਪਣੈ ਅਧਿਕਾਰਾ ਲਈ ਲੜਨਾ ਵੀ ਹੈ। ਆਜਾਦੀ ਸਾਡਾ ਪਹਿਲਾ ਮੁਢਲਾ ਅਧਿਕਾਰ ਹੈ। ਆਪਣੀ ਅਣਖ, ਇੱਜਤ, ਮਾਣ-ਸਨਮਾਨ ਨੂੰ ਬਣਾਈ ਰੱਖਣ ਦੀ ਗੁੜਤੀ ਵੀ ਸਾਨੂੰ ਦਿੱਤੀ ਗਈ ਹੈ। ਗੁਰਵਾਕ ਹੈ-
“ਜੇ ਜੀਵੈ ਪਤਿ ਲੱਥੀ ਜਾਇ॥
ਸਭੁ ਹਰਾਮੁ ਜੇਤਾ ਕਿਛੁ ਖਾਇ”॥

(. ਗੁਰੂ ਨਾਨਕ, ਪੰਨਾ 142)

ਗੁਰਸਿੱਖ ਦੀ ਸਿਧਾਂਤਕ ਦ੍ਰਿੜਤਾ ਏਨੀ ਪੱਕੀ ਹੈ ਕਿ ਉਸ ਨੂੰ ਪੂਰਨ ਗਿਆਨ ਹੈ ਕਿ ਨਾਨਕ ਕਿਸੇ ਵਿਅਕਤੀ ਦਾ ਨਾਂ ਨਹੀਂ, ਸਗੋਂ ਨਾਨਕ ਤਾਂ ਇੱਕ ਵਿਚਾਰਧਾਰਾ ਅਤੇ ਇੱਕ ਸ਼ਕਤੀ ਦਾ ਨਾਂ ਹੈ ਅਤੇ ਸ਼ਬਦ-ਗੁਰੂ ਤੋਂ ਸੇਧ ਲੈਕੇ ਧਾਰਨ ਕੀਤੀ ਹੋਈ ਵਿਵੇਕ ਬੁਧੀ ਕਦੇ ਵੀ ਕਿਸੇ ਦੇਹ ਜਾਂ ਡੇਰੇ ਵਾਲੇ ਦੀ ਮੁਰੀਦ ਨਹੀਂ ਹੋ ਸਕਦੀ। ਇਹ ਵਿਵੇਕ ਹੀ ਉਸਨੂੰ ਰਾਜਿਆਂ, ਮਾਹਾਰਾਜਿਆਂ, ਅਮੀਰਾਂ ਤੇ ਸਰਮਾਏਦਾਰਾਂ ਦੀ ਦੁਨਿਆਵੀ ਚਕਾਚੌੂਂਧ ਤੋਂ ਬਚਾਈ ਰਖਦਾ ਹੈ। ਇਹ ਗਿਆਨ ਦੀ ਕਿਰਪਾਂਨ ਦੇ ਹੁੰਦਿਆਂ ਕੋਈ ਅੰਧਵਿਸ਼ਵਾਸ਼, ਕਰਮਕਾਂਡ ਆਦਿ ਉਸ ਨੂੰ ਆਪਣੇ ਵੱਲ ਨਹੀਂ ਖਿੱਚ ਸਕਦਾ। ਸ਼ਬਦ ਦੀ ਵਿਚਾਰ ਹੀ ਉਸ ਦਾ ਆਧਾਰ ਹੈ।
“ਸਿੱਖੀ ਸਿੱਖਿਆ ਗੁਰ ਵੀਚਾਰਿ”। ਗੁਰਸਿੱਖ ਦੀ ਪਹਿਲੀ ਕਸਵੱਟੀ ਗੁਰਬਾਣੀ ਹੈ। ਉਸ ਨੇ ਇਤਿਹਾਸ ਨੂੰ ਵੀ ਗੁਰਬਾਣੀ ਦੀ ਕਸਵੱਟੀ ਤੇ ਪਰਖਣਾ ਹੈ। ਕਿਉਕਿ ਇਤਿਹਾਸ ਵਿੱਚ ਸਰਧਾਲੂਆਂ ਨੇ ਭੋਲੇਪਣ ਅਤੇ ਅਗਿਆਨਤਾ ਵਿੱਚ ਅਤੇ ਵਿਰੋਧੀਆਂ ਨੇ ਸਾਜਿਸ਼ ਅਧੀਨ ਸੋਚ ਸਮਝ ਕੇ ਵਿਗਾੜ ਪਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਹਨ ਅਤੇ ਇਹ ਕੋਸ਼ਿਸ਼ਾਂ ਹੁਣ ਵੀ ਹੋ ਰਹੀਆਂ ਹਨ। ਕਿਧਰੇ ਗੁਰੂ ਸਾਹਿਬਾਨ ਨੂੰ ਕਰਾਮਾਤੀ ਬਣਾਇਆ ਜਾ ਰਿਹਾ ਏ, ਕਿਧਰੇ ਗੁਰਬਾਣੀ ਨੂੰ ਵੀ ਮੰਤਰਾਂ ਨਿਆਈਂ ਪ੍ਰਚਾਰਿਆ ਜਾ ਰਿਹਾ ਏ। ਕਿਤੇ ਗੁਰੂ ਸਾਹਿਬਾਨ ਦੀਆਂ ਤਸਵੀਰਾਂ ਅਤੇ ਬੁੱਤਾਂ ਨੂੰ ਸਥਾਪਿਤ ਕੀਤਾ ਜਾ ਰਿਹਾ ਹੈ। ਕਿਧਰੇ ਭਗਤ ਬਾਣੀ ੳਤੇ ਗੁਰੂ ਬਾਣੀ ਵਿੱਚ ਵੱਖਰਾਪਣ ਦਿਖਾਇਆ ਜਾ ਰਿਹਾ ਏ ਅਤੇ ਕਿਧਰੇ ਗੁਰੂ ਗੋਬਿੰਦ ਸਿੰਘ ਜੀ ਦੀ ਸੋਚ ਨੂੰ ਗੁਰੂ ਨਾਨਕ ਤੋਂ ਵੱਖਰਾ ਦੱਸਿਆ ਜਾ ਰਿਹਾ ਏ। ਸਿੱਖੀ ਸਿਧਾਂਤਾਂ ਤੇ ਕੀਤੇ ਜਾ ਰਹੇ ਇਨਾਂ ਅਣਗਿਣਤ ਹਮਲਿਆਂ ਦਾ ਕਾਰਨ ਜਿੱਥੇ ਈਰਖਾ ਹੈ, ਉਥੇ ਇਸ ਦੀ ਸਰਬ-ਸਾਂਝੀਵਾਲਤਾ ਅਤੇ ਨੀਵਿਆਂ ਨੂੰ ਗਲ ਲਾਉਣ ਦੀ ਨੀਤੀ, ਸਦੀਆਂ ਤੋਂ ਉਚੇ ਹੋਣ ਦਾ ਵਹਿਮ ਪਾਲ ਕੇ ਜਨਤਾ ਦਾ ਸੋਸਣ ਕਰ ਰਹੇ ਪੁਜਾਰੀਵਾਦ ਅਤੇ ਬ੍ਰਾਹਮਣਵਾਦ ਨੂੰ ਸਿੱਧੀ ਚੁਣੌਤੀ ਹੈ। ਪਰ ਘਬਰਾਉਣ ਦੀ ਲੋੜ ਨਹੀ, ਇੱਟਾਂ ਉਸੇ ਬੇਰੀ ਨੂੰ ਪੈਂਦੀਆਂ ਨੇ, ਜਿਸ ਨੂੰ ਬੇਰ ਲੱਗੇ ਹੋਏ ਹੋਣ। ਸਮੇਂ ਦੀ ਲੋੜ ਹੈ ਕਿ ਗੁਰਬਾਣੀ ਦਾ ਅਧਿਐਨ ਹੋਰ ਡੂੰਘਾ ਕੀਤਾ ਜਾਵੇ। ਸਿਧਾਂਤਕ ਪਕਿਆਈ ਲਿਆ ਕੇ ਆਪਸੀ ਮੱਤਭੇਦ ਦੂਰ ਕੀਤੇ ਜਾਣ।
ਦੁਨਿਆਵੀ ਪਦਾਰਥਵਾਦ, ਦਿਖਾਵਿਆਂ ਤੋਂ ਬਚ ਕੇ ਸ਼ਬਦ-ਸੰਦੇਸ਼ ਨੂੰ ਜੀਵਨ ਵਿੱਚ ਅਮਲੀ ਰੂਪ ਵਿੱਚ ਢਾਲਿਆ ਜਾਵੇ। ਪ੍ਰੇਮ ਦੀ ਵਰਖਾ ਮਨਾਂ ਚੋ ਅੰਧਕਾਰ ਅਤੇ ਕੁੜੱਤਣ ਦੂਰ ਕਰੇ ਅਤੇ ਅਰਦਾਸ ਅਤੇ ਵਿਸ਼ਵਾਸ ਹੈ ਕਿ ਗੁਰੂ ਕਿਰਪਾ ਨਾਲ ਇਸ ਮਾਰਗ ਤੋਂ ਭੁਲੇ ਵੀ ਮੁੜ ਇਸ ਪੰਥ ਦਾ ਅੰਗ ਬਣਨ ਅਤੇ ਆਪਣਾ ਨਿਰਾਲਾਪਣ ਕਾਇਮ ਰੱਖ ਸਕਣ।
ਨਾਨਕ ਦਾ ਪੰਥ, ਦੂਜੇ ਮੱਤਾਂ ਦਾ ਸਤਿਕਾਰ ਕਰਦਾ ਹੈ, ਪਰ ਉਸ ਵਿੱਚ ਦਿਖਾਵਾ, ਕਰਮ-ਕਾਂਡ ਆਦਿ ਨਾ ਹੋਣ। ਨਿਰਮਲ ਭਉ ਤੇ ਭਾਉ ਵਿੱਚ ਵਿਚਰਦਿਆਂ ਉਹ ਪ੍ਰਭੂ ਦੇ ਗੁਣ ਗਾਣ ਕਰਨ ਵਾਲੇ ਹਰ ਵਿਅਕਤੀ ਤੋਂ ਬਲਿਹਾਰ ਜਾਂਦਾ ਹੈ। ਗੁਰੂ ਨਾਨਕ ਜੀ ਦਾ ਕਥਨ ਹੈ-
“ਬਾਬਾ ਜੈ ਘਰਿ ਕਰਤੇ ਕੀਰਤਿ ਹੋਇ॥
ਸ਼ੋ ਘਰੁ ਰਾਖੁ ਵਡਾਈ ਤੋਇ॥

(ਰਾਗ ਆਸਾ ਮਹਲਾ 1, ਪੰਨਾ 12)
ਇਸ ਤਰਾਂ ਇਸ ਨਿਰਾਲੇ ਪੰਥ ਦਾ ਪਾਂਧੀ “ਦੂਖ ਨਾ ਦੇਈ ਕਿਸੈ ਜੀਅ, ਪਾਰਬ੍ਰਹਮ ਚਿਤਾਰੇ” ਦੀ ਸੋਚ ਲੈ ਕੇ,” ਵਿੱਚ ਦੁਨੀਆਂ ਸੇਵਿ ਕਮਾਈਐ” ਦਾ ਧਾਰਨੀ ਹੋ ਕੇ ਆਪਣੇ ਨਿਜ-ਘਰ ਨੂੰ ਪਹਿਚਾਣਦਾ ਹੋਇਆ “ਗੁਰਮੁਖਿ ਮਾਰਗ ਚਲਣਾ, ਛੱਡ ਖੱਬੇ ਸੱਜੇ” ਅਨੁਸਾਰ ਲਗਾਤਾਰ ਚਲਦਾ ਰਹਿੰਦਾ ਹੈ। ਪਰ ਉਹ ਕਿਸੇ ਹੋਰ ਘਰ ਵੱਲ ਨਹੀਂ ਤੱਕਦਾ।
ਜਾ ਕਾ ਠਾਕਰਿ ਊਚਾ ਹੋਈ।
ਤਾ ਕਉ ਪਰ ਘਰ ਜਾਤ ਨਾ ਸੋਹੀ।
ਆਓ ਮਿਲ ਕੇ ਅਰਦਾਸ ਕਰੀਏ ਕਿ ਨਾਨਕ –ਸੋਚ ਨਾਲ ਜੁੜ ਸਕੀਏ ਅਤੇ ਇਸ ਨਿਰਾਲੀ ਚਾਲ ਨਾਲ ਚਲਦੀ ਜੀਵਨ ਮੰਜਲ ਹਾਸਲ ਕਰ ਸਕੀਏ।
.