.

ਭਾਰਤੀ ਹੁਕਮਰਾਨ – ਅਜ਼ਾਦੀ - ਪ੍ਰਾਇਆ ਹੱਕ
ਰਾਮ ਸਿੰਘ, ਗਰੇਵਜ਼ੈਂਡ

ਸੱਭ ਤੋਂ ਪਹਿਲਾਂ ਇਹ ਜਾਨਣਾ ਜਰੂਰੀ ਹੈ ਕਿ ਭਾਰਤ ਦੁਨੀਆਵੀ ਪੱਧਰ ਤੇ ਕੀ ਇੱਕ ਦੇਸ਼ ਹੈ ਜਾ ਵੱਖ ਵੱਖ ਦੇਸ਼ਾਂ ਵਜੋਂ ਇੱਕ ਉਪ-ਮਹਾਂਦੀਪ ਹੈ? ਮੁਸਲਮਾਨ ਹਮਲਾਆਵਰਾਂ ਤੋਂ ਪਹਿਲਾਂ ਦੇ ਇਹ ਸਬੂਤ ਮਿਲਦੇ ਹਨ ਕਿ ਭਾਰਤ (ਮਹਾਂਦੀਪ ਯੂਰਪ, ਅਫਰੀਕਾ ਆਦਿ ਵਾਂਗ) ਵੱਖੋ ਵੱਖ ਰਾਜਾਂ ਤੇ ਰਿਆਸਤਾਂ ਵਿੱਚ ਵੰਡਿਆ ਹੋਇਆ ਸੀ, ਜਿਨ੍ਹਾਂ ਦੀ ਆਪਣੀ ਆਪਣੀ ਮਾਂ-ਬੋਲੀ ਅਤੇ ਆਪਣਾ ਆਪਣਾ ਸਭਿਆਚਾਰ ਸੀ ਤੇ ਹੈ। ਅਵਤਾਰ ਸ੍ਰੀ ਰਾਮ ਚੰਦਰ ਜੀ ਅਤੇ ਸ੍ਰੀ ਕ੍ਰਿਸ਼ਨ ਜੀ ਭੀ ਛੋਟੀ ਛੋਟੀ ਰਿਆਸਤ ਦੇ ਮਾਲਿਕ ਸਨ। ਸਮੇਂ ਬਾਅਦ ਕੁੱਛ ਰਸੂਖ ਵਾਲੇ ਗੁਪਤ ਹੁਕਮਰਾਨ ਜਾ ਅਸ਼ੋਕ ਵਰਗੇ ਸਮਰਾਟ ਅਤੇ ਬਾਅਦ ਵਿੱਚ ਔਰੰਗਜ਼ੇਬ ਵਰਗੇ ਭੀ ਇਸ ਨੂੰ ਇੱਕ ਨਾ ਕਰ ਸਕੇ। ਉਸ ਸਮੇਂ ਜਦ ਸਾਰੇ ਭਾਰਤ ਦੇ ਸੱਭ ਹਿੱਸੇ ਕਿਸੇ ਨਾ ਕਿਸੇ ਹਾਕਮ ਥੱਲੇ ਗੁਲਾਮ ਸਨ ਤਾਂ ਗੁਰੂ ਸਾਹਿਬਾਨ ਦੀ ਬਖਸ਼ਿਸ਼ ਦੁਆਰਾ ਸਿੱਖਾਂ ਨੇ ਪੰਜਾਬ ਨੂੰ, ਜੋ ਅਬਦਾਲੀ ਨੇ ਅਫਗਾਨਿਸਤਾਨ ਦਾ ਹਿੱਸਾ ਬਣਾਇਆ ਹੋਇਆ ਸੀ, ਉਸ ਤੋਂ ਆਜ਼ਾਦ ਕਰਵਾ ਕੇ ਪੰਜਾਬ ਵਿੱਚ ਆਪਣਾ ਆਜ਼ਾਦ ਰਾਜ ਕਾਇਮ ਕਰ ਲਿਆ। ਉਸ ਸਮੇਂ ਭਾਰਤ ਅਤੇ ਪੰਜਾਬ ਦਾ ਸਿੱਖ ਰਾਜ ਦੋ ਰਾਜਾਂ ਦੇ ਤੌਰ ਤੇ ਜਾਣੇ ਜਾਣ ਲੱਗੇ। ਮੱਕਾਰ ਅੰਗ੍ਰੇਜ਼ਾਂ ਨੇ ਬੜੀ ਚਲਾਕੀ ਅਤੇ ਸਿੱਖ ਰਾਜ ਵਿੱਚ ਖਾਸ ਸਹੂਲਤਾਂ ਮਾਣ ਰਹੇ ਹਿੰਦੂ ਡੋਗਰਿਆਂ ਅਤੇ ਮਿਸਰਾਂ (ਬ੍ਰਾਹਮਣਾਂ) ਦੀ ਗੱਦਾਰੀ ਦੁਆਰਾ ਪੰਜਾਬ ਭੀ ਬਾਕੀ ਦੇ ਭਾਰਤ, ਜਿਸ ਨੂੰ ਅੰਗ੍ਰੇਜ਼ਾਂ ਨੇ ਥੋੜਾ ਥੋੜਾ ਕਰਕੇ ਪਹਿਲਾਂ ਹੀ ਆਪਣੇ ਕਬਜ਼ੇ ਵਿੱਚ ਕੀਤਾ ਹੋਇਆ ਸੀ, ਨਾਲ ਮਿਲਾ ਲਿਆ। ਇਸ ਸਮੇਂ ਉਨ੍ਹਾਂ ਨੇ ਇੱਕ ਚੰਗਾ ਨਿਜ਼ਾਮ (ਸ਼ਾਸ਼ਨ) ਚਲਾਉਣ ਲਈ ਕੁੱਛ ਰਿਆਸਤਾਂ ਨੂੰ ਥੋੜੇ ਥੋੜੇ ਹੱਕ ਦੇ ਕੇ ਮਿਲਗੋਭੇ ਦੀ ਸ਼ਕਲ ਵਿੱਚ ਦੇਸ ਨੂੰ ਇੱਕ ਕਰਕੇ ਗੁਲਾਮ ਬਣਾ ਲਿਆ।
ਹੁਣ ਇੱਥੇ ਇਹ ਜਾਨਣਾ ਹੋਰ ਜ਼ਰੂਰੀ ਹੈ ਕਿ ਉੱਪ-ਮਹਾਂਦੀਪ ਭਾਰਤ ਦੇ ਰਾਜਿਆਂ ਤੋਂ ਲੈ ਕੇ ਅੰਗ੍ਰੇਜ਼ਾਂ ਤੱਕ ਦੇ ਹੁਕਮਰਾਨ ਕਿੱਸ ਤਰ੍ਹਾਂ ਦੇ ਸਨ? ਮੁਸਲਮਾਨ ਹਮਲਾਆਵਰਾਂ ਤੋਂ ਪਹਿਲਾਂ ਦੇ ਰਾਜੇ ਮਨੂੰ ਅਤੇ ਚਾਨਕੀਆ ਵਲੋਂ ਦਰਸਾਈ ਤੇ ਸ਼ੰਕਰਾਚਾਰੀਆ ਵਲੋਂ ਪੱਕੇ ਤੌਰ ਤੇ ਸਥਾਪਤ ਕੀਤੀ ਜ਼ਾਤ ਪਾਤ ਦੀ ਵਲਗਣ ਵਿੱਚ ਬੱਝੇ ਆਪਣੇ ਆਪਣੇ ਰਾਜ ਨੂੰ ਕਾਇਮ ਰੱਖਣ ਲਈ ਇੱਕ ਦੂਜੇ ਨਾਲ ਲੜਦੇ ਰਹਿੰਦੇ ਸਨ। ਭਾਵ ਇਨ੍ਹਾਂ ਦਾ ਆਪਸੀ ਕੋਈ ਇੱਤਫਾਕ ਨਹੀਂ ਸੀ, ਜਿੱਸ ਕਰਕੇ ਇਹ ਮੁਸਲਮਾਨ ਹਮਲਾਆਵਰਾਂ ਅੱਗੇ ਅੜ ਜਾ ਖੜ੍ਹ ਨਾ ਸਕੇ। ਮੁਸਲਮਾਨ ਪਹਿਲਾਂ ਲੁੱਟ ਖਸੁੱਟ ਕਰਨ ਹੀ ਆਏ ਸਨ ਪਰ ਇੱਥੋਂ ਦੀ ਰਾਜਸੀ ਸੱਤਾ ਕਮਜ਼ੋਰ ਦੇਖ ਕੇ ਰਾਜ ਕਾਇਮ ਕਰਨ ਵਿੱਚ ਸਫਲ ਹੋ ਗਏ। ਪਹਿਲਾਂ ਅਫਗਾਨ ਤੇ ਫਿਰ ਮੁਗਲ ਸ਼ਾਸ਼ਨ ਲੱਗ ਭੱਗ ਅੱਠ ਸੌ ਸਾਲ ਬਣਦਾ ਹੈ। ਇਹ ਲੰਬੀ ਗੁਲਾਮੀ ਸ਼ਾਇਦ ਕੱਟੜ ਹਿੰਦੂਤਵੀ ਨੀਤੀ ਦੁਆਰਾ ਬੋਧੀਆਂ ਦੇ ਕਤਲੇਆਮ ਅਤੇ ਦੇਸ ਨਿਕਾਲੇ ਦੀ ਸਜ਼ਾ ਵਜੋਂ ਰੱਬ ਜੀ ਵਲੋਂ ਭਾਰਤ ਗਲ ਪਾਈ ਗਈ ਸੀ। ਇੱਸ ਸਮੇਂ ਦੌਰਾਨ ਜੋ ਮੁਸਲਮਾਨ ਹੁਕਮਰਾਨਾਂ ਨੇ ਕੀਤਾ, (ਕਰੋੜਾਂ ਹਿੰਦੂ ਮੁਸਲਮਾਨ ਬਣਾਏ, ਮੰਦਰ ਢਾਏ, ਰਾਜਪੂਤ ਰਾਜਿਆਂ ਦੀਆਂ ਲੜਕੀਆਂ ਨਾਲ ਵਿਆਹ ਕਰਾਏ, ਦੇਰ ਤੱਕ ਰਹਿਣ ਵਾਲੀਆਂ ਇਮਾਰਤਾਂ, ਕੁਤਬ ਮੀਨਾਰ, ਲਾਲ ਕਿਲ੍ਹਾ, ਤਾਜ ਮਹੱਲ ਆਦਿ ਬਣਾਈਆਂ, ਅਤੇ ਹੋਰ ਬੜਾ ਕੁੱਛ ਕੀਤਾ ਜੋ ਲਿਖਣ ਦੀ ਲੋੜ ਨਹੀਂ) ਅੱਜ ਦੇ ਗਿੱਦੜੋਂ ਬਣੇ ਸ਼ੇਰ, ਹਿੰਦੂ ਲੀਡਰ ਇਸ ਸੱਭ ਕੁੱਛ ਨੂੰ ਨਕਾਰ ਕੇ ਮਨੂੰਵਾਦੀ ਸੋਚ ਦੇ ਧਾਰਨੀ ਹੇਡਗੇਵਾਰ ਆਦਿ ਨੂੰ ਅਪਨਾ ਕੇ ਇਤਿਹਾਸ ਦੀ ਇਸ ਅਸਲੀਅਤ ਨੂੰ ਐਨ੍ਹ ਮਿਟਾ ਕੇ ਨਵਾਂ ਇਤਿਹਾਸ ਲਿਖ ਕੇ ਉੱਪ-ਮਹਾਂਦੀਪ ਭਾਰਤ ਨੂੰ ਹਿੰਦੂ ਰਾਸਟਰ ਬਨਾਉਣ ਦੀ ਸੋਚ ਰਹੇ ਹਨ। ਕਿੱਡਾ ਵੱਡਾ ਇਹ ਝੂਠ ਹੋਵੇਗਾ? ਮੁਸਲਮਾਨ ਹੁਕਮਰਾਨਾਂ ਦਾ, ਸਮਰਾਟ ਅਕਬਰ ਤੇ ਸ਼ੇਰ ਸ਼ਾਹ ਸੂਰੀ ਤੋਂ ਬਿਨਾਂ, ਕੋਈ ਬਹੁਤ ਚੰਗਾ ਰਾਜ ਨਹੀਂ ਗਿਣਿਆ ਜਾ ਸਕਦਾ।
ਅੰਗ੍ਰੇਜ਼, ਫਰਾਂਸੀਸੀ ਅਤੇ ਪੁਰਤਗੇਜ਼ੀ ਭੀ ਸੌਦਾਗਰਾਂ ਦੀ ਸ਼ਕਲ ਵਿੱਚ ਆਏ ਸਨ। ਪਰ ਇਨ੍ਹਾਂ ਨੇ ਭੀ ਮੁਸਲਮਾਨਾਂ ਵਾਂਗ ਭਾਂਪ ਲਿਆ ਕਿ ਸਥਾਨਿਕ ਰਾਜਿਆਂ ਦਾ ਆਪਸ ਵਿੱਚ ਕੋਈ ਏਕਾ ਨਾ ਹੋਣ ਕਰਕੇ ਇਨ੍ਹਾਂ ਤੇ ਰਾਜ ਕਰਨਾ ਕੋਈ ਔਖਾ ਨਹੀਂ ਹੈ। ਸੋ ਫਰਾਂਸ ਤੇ ਪੁਰਤਗਾਲ ਵਾਲੇ ਥੋੜੇ ਥੋੜੇ ਇਲਾਕੇ ਤੇ ਕਾਬਿਜ਼ ਹੋ ਗਏ ਪਰ ਚਲਾਕ ਅੰਗ੍ਰੇਜ਼ ਥੋੜਾ ਥੋੜਾ ਕਰਕੇ ਬਾਕੀ ਦੇ ਸਾਰੇ ਮਹਾਂ-ਉਪਦੀਪ ਤੇ ਕਾਬਿਜ਼ ਹੋ ਗਏ। ਇੱਥੇ ਅੰਗ੍ਰੇਜ਼ਾਂ ਦੀ ਗੱਲ ਕਰੀਏ, ਆਪਣਾ ਖਜ਼ਾਨਾ ਭਰਨ, ਭਾਵ ਵਾਪਸ ਇੰਗਲੈਂਡ ਭੇਜਣ ਲਈ, ਸ਼ਾਸ਼ਨ ਤਾਂ ਚੰਗਾ ਚਲਾਇਆ ਪਰ ਜੋ ਇਨ੍ਹਾਂ ਨੇ ਆਪਣੇ ਹੱਕਾਂ ਲਈ ਗੱਲ ਜਾ ਮੁਜ਼ਾਹਰਾ ਕਰਨ ਵਾਲਿਆਂ ਤੇ ਜ਼ੁਲਮ ਢਾਏ, ਉਨ੍ਹਾਂ ਨੂੰ ਲਿਖਣ ਦੀ ਲੋੜ ਨਹੀਂ, ਉਹ ਜੱਗ ਜ਼ਾਹਰ ਹੈ। ਐਸੇ ਜ਼ੁਲਮੀ ਰਾਜ ਤੋਂ ਛੁਟਕਾਰਾ ਪਾਉਣਾ ਜ਼ਰੂਰੀ ਸੀ ਜਿੱਸ ਲਈ ਸਿੱਖਾਂ ਨੇ ਦੇਸ ਪ੍ਰਦੇਸ ਤੋਂ ਕੋਸ਼ਿਸ਼ਾਂ ਸ਼ੁਰੂ ਕਰ ਦਿੱਤੀਆਂ। ਉਹ ਕਿਉਂ? ਕਿਉਂਕਿ ਸਿੱਖਾਂ ਦੇ ਰਾਜ ਖੁੱਸੇ ਨੂੰ ਹਾਲੇ ਥੋੜ੍ਹਾ ਚਿਰ ਹੋਇਆ ਸੀ। ਪਰ ਇੱਥੇ ਉੱਪ-ਮਹਾਂਦੀਪ ਭਾਰਤ ਦੇ ਹੁਕਮਰਾਨਾਂ ਦੀ ਗੱਲ ਹੋ ਰਹੀ ਹੈ। ਇਸ ਲਈ ਇੱਥੇ ਸਿੱਖ ਹੁਕਮਰਾਨਾਂ ਦੀ ਗੱਲ ਕਰਨੀ ਭੀ ਜ਼ਰੂਰੀ ਹੈ। ਸਿੱਖ ਰਾਜ ਦੇ ਦੋ ਮਹਾਨ ਰਾਜੇ ਬਾਬਾ ਬੰਦਾ ਸਿੰਘ ਬਹਾਦਰ ਤੇ ਮਾਹਾਰਾਜਾ ਰਣਜੀਤ ਸਿੰਘ ਐਸੇ ਹੁਕਮਰਾਨ ਹੋਏ ਹਨ ਜਿਨ੍ਹਾਂ ਦੇ ਰਾਜ ਵਿੱਚ ਹਰ ਧਰਮ ਦੇ ਲੋਕ ਸੁਖੀ ਸਨ ਅਤੇ ਹਰ ਇੱਕ ਨੂੰ ਆਪਣੇ ਆਪਣੇ ਧਰਮ ਅਨੁਸਾਰ ਪਾਠ ਪੂਜਾ ਕਰਨ ਦਾ ਹੱਕ ਸੀ ਅਤੇ ਸੱਭ ਦੇ ਧਰਮ ਅਸਥਾਨ ਸੁਰੱਖਿਅਤ ਸਨ, ਭਾਵ ਧਰਮ ਅਸਥਾਨਾਂ ਦੇ ਗਿਰਾਏ ਜਾਣ ਦਾ ਖਤਰਾ ਨਹੀਂ ਸੀ, ਜੋ ਮੁਸਲਮਾਨ ਹਾਕਮਾਂ ਤੋਂ ਸੀ ਅਤੇ ਅੱਜ ਦੇ ਹਿੰਦੂ ਹਾਕਮਾਂ ਤੋਂ ਹਰ ਸਮੇਂ ਖਤਰਾ ਹੈ। ਖਲਕਤ, ਭਾਵ ਆਮ ਲੋਕਾਂ ਨੂੰ ਸੁਰੱਖਿਅਤ ਹੋ ਕੇ ਜੀਵਨ ਜੀਉਣ ਦੇ ਹੱਕ ਦਾ ਸਬਕ ਅੱਜ ਦੇ ਸੱਭ ਸੰਸਾਰੀ ਹੁਕਮਰਾਨਾਂ ਨੂੰ ਇਨ੍ਹਾਂ ਦੋ ਸਿੱਖ ਹੁਕਮਰਾਨਾਂ (ਬਾਬਾ ਬੰਦਾ ਸਿੰਘ ਬਹਾਦਰ ਤੇ ਮਾਹਾਰਾਜਾ ਰਣਜੀਤ ਸਿੰਘ) ਦੇ ਰਾਜਾਂ ਤੋਂ ਲੈਣਾ ਚਾਹੀਦਾ ਹੈ। ਗੁਰੂ ਸਾਹਿਬ ਦੀ ਸਿਖਿਆ ਅਨੁਸਾਰ ਇਹ ਦੋਨੋਂ ਤਖਤ ਤੇ ਬੈਠਣ ਦੇ ਯੋਗ ਸਨ। ਆਜ਼ਾਦੀ ਤੋਂ ਬਾਅਦ ਦੇ ਭਾਰਤੀ ਹੁਕਮਰਾਨਾਂ ਬਾਰੇ, ਆਜ਼ਾਦੀ ਕਿਵੇਂ ਪ੍ਰਾਪਤ ਹੋਈ, ਤੋਂ ਬਾਅਦ ਲਿਖਿਆ ਜਾਵੇਗਾ।
ਹੁਣ ਭਾਰਤ ਦੀ ਆਜ਼ਾਦੀ ਦੀ ਗੱਲ ਕਰੀਏ। ਜੇ ਸਿੱਖ ਰਾਜ, ਭਾਵ ਪੰਜਾਬ ਦਾ ਰਾਜ, ਸਿੱਖਾਂ ਕੋਲ ਰਹਿੰਦਾ ਤਾਂ ਪੰਜਾਬ ਦਾ ਸਿੱਖ ਰਾਜ ਅਤੇ ਅੰਗ੍ਰੇਜ਼ਾਂ ਥੱਲੇ ਭਾਰਤ ਦਾ ਰਾਜ ਦੋ ਰਾਜ ਹੋਣੇ ਸੱਨ (ਜਿੱਸ ਬਾਰੇ, ਭਾਵ ਪੰਜਾਬ ਨੂੰ ਭਾਰਤ ਤੋਂ ਜੁਦਾ ਰਾਜ ਹੋਣ ਦੀ ਪੱਕੇ ਤੌਰ ਤੇ ਅੱਜ ਦੇ ਭਾਰਤੀ ਹੁਕਮਰਾਨਾਂ ਨੇ ਪੰਜਾਬ ਤੇ ਸਿੱਖਾਂ ਦੇ ਦਿਲ ਦੀ ਧੜਕਣ, ਹਰਿਮੰਦਰ ਸਾਹਿਬ ਅਤੇ ਹੋਰ ਚਾਲੀ ਗੁਰਦੁਆਰਿਆਂ ਤੇ ਹਮਲਾ ਕਰਕੇ ਆਪ ਹੀ ਮੁਹਰ ਲਾ ਦਿੱਤੀ ਹੈ, ਭਾਵ ਪੰਜਾਬ ਭਾਰਤ ਨਾਲੋਂ ਜੁਦਾ ਦੇਸ ਹੈ) ਤੇ ਸਿੱਖਾਂ ਨੂੰ ਭਾਰਤ ਆਜ਼ਾਦ ਕਰਾਉਣ ਦੀ ਲੋੜ ਨਾ ਸੀ ਪੈਣੀ ਤੇ ਭਾਰਤ ਗੁਲਾਮ ਹੀ ਰਹਿੰਦਾ। ਕੀ ਚਰਖਾ ਕੱਤ ਕੇ ਭਾਰਤ ਆਜ਼ਾਦ ਹੋ ਜਾਂਦਾ? ਸ਼ਹੀਦ ਭਗਤ ਸਿੰਘ ਅਨੁਸਾਰ `ਚਰਖਾ ਕੱਤ ਕੇ ਬਣਦਾ ਖੇਸ, ਨਹੀਂ ਬਣਦਾ ਦੇਸ’। ਪਰ ਪਹਿਲਾਂ ਦੱਸੇ ਅਨੁਸਾਰ ਅੰਗ੍ਰੇਜ਼ਾਂ ਦੀ ਚਲਾਕੀ ਅਤੇ ਸਿੱਖ ਰਾਜ ਵਿੱਚ ਹਰ ਤਰ੍ਹਾਂ ਦੀਆਂ ਸਹੂਲਤਾਂ ਮਾਣ ਰਹੇ ਹਿੰਦੂ ਡੋਗਰਿਆਂ ਤੇ ਮਿਸਰਾਂ (ਬ੍ਰਾਹਮਣ) ਦੀ ਗੱਦਾਰੀ ਕਰਕੇ ਰਾਜ ਜਾਂਦਾ ਰਿਹਾ ਤੇ ਭਾਰਤ ਇੱਕ ਹੋ ਗਿਆ ਅਤੇ ਬਾਕੀ ਦੇ ਭਾਰਤੀਆਂ ਨਾਲ ਸਿੱਖ ਭੀ ਗੁਲਾਮ ਹੋ ਗਏ।
ਆਜ਼ਾਦੀ ਹਰ ਇੱਕ ਕੌਮ ਦਾ ਹੀ ਨਹੀਂ ਹਰ ਇੱਕ ਬੰਦੇ ਦਾ ਹੱਕ ਹੈ। ਉਪ-ਮਹਾਂਦੀਪ ਭਾਰਤ ਵਿੱਚ ਤਿੰਨ ਕੌਮਾਂ ਹਿੰਦੂ, ਮੁਸਲਮਾਨ ਤੇ ਸਿੱਖ (ਸਿੱਖ ਖਾਸ ਕਰਕੇ ਜਿਨ੍ਹਾਂ ਪਾਸੋਂ ਉਤਰੀ ਭਾਰਤ ਵਿੱਚ ਇੱਕ ਵਿਸ਼ਾਲ ਰਾਜ ਖੁੱਸਿਆ ਸੀ) ਸਨ, ਜੋ ਦੇਸ ਨੂੰ ਆਜ਼ਾਦ ਹੋਇਆ ਚਾਹੁੰਦੇ ਸਨ। ਪਰ ਜੋ ਦੇਸ ਨੂੰ ਆਜ਼ਾਦ ਕਰਨ ਲਈ ਸਿੱਖਾਂ ਨੇ ਕੀਤਾ, ਕਿਉਂਕਿ ਸਿੱਖਾਂ ਕੋਲੋਂ ਅਜੇ ਕੁੱਛ ਸਮਾਂ ਪਹਿਲਾ ਰਾਜ ਖੁੱਸਿਆ ਸੀ ਅਤੇ ਗੁਰੂ ਸਾਹਿਬਾਨ ਨੇ ਸਿੱਖਾਂ ਨੂੰ ਆਪ ਆਜ਼ਾਦ ਰਹਿਣ ਤੇ ਹੋਰਨਾ ਨੂੰ ਆਜ਼ਾਦ ਰਹਿਣ ਵਿੱਚ ਸਹਾਈ ਹੋਣ ਦੀ ਸਿੱਖਿਆ ਬਖਸ਼ੀ ਹੋਈ ਹੈ, ਉਹ ਬਾਕੀ ਦਿਆਂ ਨੇ ਕਦੇ ਭੀ ਸੋਚਿਆ ਨਹੀਂ ਹੋਣਾ। ਸਿੱਖ (ਜਿਨ੍ਹਾਂ ਵਿੱਚ ਖਾਸ ਕਰਕੇ ਨੌਜਵਾਨ ਕਰਤਾਰ ਸਿੰਘ ਸਰਾਭਾ) ਬਾਹਰਲੇ ਦੇਸਾਂ ਵਿੱਚ ਆਪਣੇ ਕੰਮ ਕਾਰ, ਜਾਇਦਾਦਾਂ ਆਦਿ ਛੱਡ ਕੇ ਦੇਸ ਨੂੰ ਅਜ਼ਾਦ ਕਰਾਉਣ ਲਈ ਦੇਸ ਨੂੰ ਪਰਤ ਆਏ ਅਤੇ ਦੇਸ ਵਾਸੀਆਂ ਨੁੰ ਨਾਲ ਲੈ ਕੇ ਗੁਰੂ ਸਾਹਿਬਾਨ ਦੀ ਸਿਖਿਆ “ਕੋਈ ਕਿਸੇ ਕੋ ਰਾਜ ਨਾ ਦੇ ਹੈ, ਜੋ ਲੈ ਹੈ ਸੋ ਨਿਜ ਬਲ ਸੇ ਲੈ ਹੈ” ਅਨੁਸਾਰ ਐਸੀ ਬਬਰ ਲਹਿਰ ਚਲਾਈ ਕਿ ਗੋਰੀ ਸਰਕਾਰ ਕੰਬ ਉੱਠੀ। ਕੁੱਛ ਮੁਸਲਮਾਨਾਂ ਨੇ ਭੀ ਸਾਥ ਦਿੱਤਾ ਪਰ ਬਹੁ-ਗਿਣਤੀ ਹਿੰਦੂਆਂ ਵਿੱਚੋਂ ਸਿਰਫ ਗਿਣਤੀ ਦੇ, ਰਾਜਗੁਰੂ, ਸੁਖਦੇਵ ਅਤੇ ਸੁਭਾਸ਼ ਚੰਦਰ ਬੋਸ ਵਰਗੇ, ਹੀ ਨਿਤਰੇ। ਭਾਰਤ ਦੇ ਸਾਬਕਾ ਪ੍ਰਧਾਨ ਮੰਤਰੀ ਸ੍ਰੀ ਅਟੱਲ ਬਿਹਾਰੀ ਬਾਜਪਾਈ, ਜਿਨ੍ਹਾਂ ਨੂੰ ਅੱਜ ਦੇ ਭਾਰਤੀ ਹੁਕਮਰਾਨਾਂ ਨੇ ‘ਭਾਰਤ ਰਤਨ’ ਦਾ ਖਿਤਾਬ ਦਿੱਤਾ ਹੋਇਆ ਹੈ, ਆਜ਼ਾਦੀ ਦੀ ਲੜਾਈ ਸਮੇਂ ਅੰਗ੍ਰੇਜ਼ਾਂ ਤੋਂ ਮੁਆਫੀ ਮੰਗ ਕੇ ਅੰਗ੍ਰੇਜ਼ਾਂ ਦਾ ਸਾਥ ਦਿੰਦੇ ਰਹੇ। ਇਸ ਪਾਰਟੀ ਦੇ ਬਾਕੀ ਦੇ ਭੀ ਬਾਜਪਾਈ ਜੀ ਦੇ ਨਾਲ ਹੀ ਸਨ। ਪਰ ਇੱਧਰ ਸਿੱਖਾਂ ਨੂੰ ਦੇਸ ਦੀ ਆਜ਼ਾਦੀ ਦੇ ਨਾਲ ਨਾਲ ਗੋਰੀ ਸ੍ਰਕਾਰ ਦੀ ਰਾਜਨੀਤੀ ਦੀ ਸ਼ਹਿ ਤੇ ਭਰਿਸ਼ਟ ਬਣੇ ਪੁਜਾਰੀਆਂ ਪਾਸੋਂ ਗੁਰਦੁਆਰੇ ਆਜ਼ਾਦ ਕਰਵਾਉਣ ਦੀ ਭੀ ਲੜਾਈ ਲੜਨੀ ਪੈ ਰਹੀ ਸੀ। ਗੁਰਦੁਆਰਿਆਂ ਨੂੰ ਆਜ਼ਾਦ ਕਰਵਾਉਣ ਦੀ ਸਫਲਤਾ ਨੇ ਤਾਂ, ਅਸਲੀ ਅਹਿੰਸਾ ਦਾ ਮਤਲਬ ਨਾ ਸਮਝਣ ਵਾਲੇ ਅਹਿੰਸਾ ਦੇ ਪੁਜਾਰੀ ਮਿਸਟਰ ਕਰਮ ਚੰਦ ਗਾਂਧੀ (ਆਪੂੰ ਬਣੇ ਮਹਾਤਮਾ ਤੇ ਬਾਪੂ) ਜਿਸ ਨੇ ਅੰਗ੍ਰੇਜ਼ਾਂ ਵਲੋਂ ਬੀਬੀ ਐਨ ਬੈਸੰਟ ਰਾਹੀਂ ਕਾਂਗਰਸ ਪਾਰਟੀ ਬਣਾਈ ਸੀ ਵਿੱਚ ਸ੍ਰੀ ਮੋਤੀ ਲਾਲ ਨਹਿਰੂ ਅਤੇ ਜਵਾਹਰ ਲਾਲ ਨਹਿਰੂ ਆਦਿ ਨੂੰ ਨਾਲ ਲੈ ਕੇ ਆਜ਼ਾਦੀ ਲਈ ਸਤਿਆਗ੍ਰਹਿ ਸ਼ੁਰੂ ਕੀਤਾ ਹੋਇਆ ਸੀ, ਨੇ ਸਿੱਖ ਲੀਡਰਾਂ ਨੂੰ ਇਹ ਲਿਖ ਕੇ ਤਾਰ ਦਿੱਤੀ ਕਿ “ਦੇਸ ਦੀ ਆਜ਼ਾਦੀ ਦੀ ਜੰਗ ਦੀ ਪਹਿਲੀ ਲੜਾਈ ਜਿੱਤੀ ਗਈ ਹੈ”। ਕੀ ਇਹ ਤਾਰ ਸਾਫ ਦਿਲ ਨਾਲ ਦਿਤੀ ਗਈ ਸੀ? ਬਾਅਦ ਦੇ ਹਾਲਾਤ ਦੱਸਦੇ ਹਨ ਕਿ ਨਹੀਂ। ਇੱਥੋਂ ਸ਼ੁਰੂ ਹੁੰਦਾ ਹੈ, ਸ਼ੇਰਾਂ ਨੂੰ ਪਿੰਜਰੇ ਵਿੱਚ ਪਾਉਣ ਦਾ ਸਿਲਸਿਲਾ।
ਸਿੱਖਾਂ ਨੂੰ ਸੰਘਰਸ਼ ਜਾਰੀ ਰੱਖਣ ਲਈ ਕਿਹਾ ਗਿਆ ਅਤੇ ਬਲਦੇਵ ਸਿੰਘ ਵਰਗੇ ਨਾ-ਦੂਰਅੰਦੇਸ਼ ਨੂੰ ਭੁਚਲਾ ਕੇ ਸਿੱਖਾਂ ਨੂੰ ਨਾਲ ਰੱਖਣ ਲਈ ਸਿੱਖਾਂ ਨਾਲ ਕਈ ਤਰ੍ਹਾਂ ਦੇ ਵਾਇਦੇ ਕੀਤੇ ਗਏ। ਪਰ ਚਲਾਕੀ ਇਹ ਕੀਤੀ ਗਈ ਕਿ ਆਪਣੇ ਵਲੋਂ ਚਲਾਏ ਗਏ ਹਲਕੇ ਜਿਹੇ ਸੱਤਿਗ੍ਰਹਿ ਕਰਨ ਵਾਲੇ ਰਾਹ ਤੇ ਮਿਲ ਕੇ ਚੱਲਣ ਲਈ ਕਿਹਾ ਤੇ ਕੁੱਛ ਦੂਰ ਦੀ ਨਾ ਸੋਚਣ ਵਾਲੇ ਸਿੱਖ ਕਾਂਗਰਸ ਪਾਰਟੀ ਵਿੱਚ ਸ਼ਾਮਲ ਹੋ ਗਏ, ਜੋ ਹਾਲੇ ਤੱਕ ਵੀ ਜਾਰੀ ਹੈ। ਸਿੱਖ ਆਪਸ ਵਿੱਚ ਵੰਡੇ ਗਏ। ਕਾਂਗ੍ਰਸੀ ਸਿੱਖਾਂ ਨਾਲੋਂ ਅਲੱਗ ਸਿੱਖਾਂ ਦੀ ਜੋ ਅਕਾਲੀ ਦਲ ਪਾਰਟੀ ਬਣੀ ਸੀ, ਜੋ ਉਸ ਵੇਲੇ ਦੇ ਅਕਾਲੀਆਂ ਦੀ ਸਾਰੇ ਭਾਰਤੀਆਂ ਨਾਲੋਂ ਭੀ ਤਾਕਤਵਰ ਸੀ, ਨੂੰ ਭੀ ਦੋਫਾੜ ਕਰਨ ਲਈ ਚਲਾਕ ਅੰਗ੍ਰੇਜ਼ ਨੇ, ਕੁੱਛ ਦੂਰ ਅੰਦੇਸ਼ ਸਿੱਖਾਂ ਦੇ ਵਿਰੋਧ ਦੇ ਬਾਵਜੂਦ ਗੁਰਦੁਆਰਾ ਐਕਟ ਬਣਾ ਕੇ, ਗੁਰੂ ਜੀ ਦੀ ਬਖਸ਼ਿਸ਼ਿ ਸਲੈਕਸ਼ ਦੀ ਥਾਂ ਇਲੈਕਸ਼ਨ ਦਾ ਕਾਨੂੰਨ ਬਣਾ ਦਿੱਤਾ ਤੇ ਸਿਖਾਂ ਦੇ ਗਲ ਮਰਿਆ ਸੱਪ ਪਾ ਦਿੱਤਾ, ਜਿੱਸ ਦਾ ਅਸਰ ਉਸ ਵੇਲੇ ਤੋਂ ਲੈ ਕੇ ਸਿੱਖ ਸਿਆਸਤ ਅਤੇ ਗੁਰਦੁਆਰਿਆਂ ਵਿੱਚ ਹੁਣ ਤੱਕ ਉੱਪਰ ਤੋਂ ਲੈ ਕੇ ਥੱਲੇ ਤੱਕ ਦੇਖਿਆ ਜਾ ਸਕਦਾ ਹੈ। ਇੱਸ ਵੇਲੇ ਤਾਂ “ਮੈਂ ਉੱਜੜਾਂ ਤੇ ਪੰਥ ਵਸੇ” ਵਾਲੀ ਸੋਚ ਵਾਲੇ ਅਕਾਲੀਆਂ ਦੀ ਥਾਂ “ਮੈਂ ਵਸਾਂ ਪੰਥ ਬੇਸ਼ੱਕ ਉੱਜੜੇ” ਵਾਲੀ ਸੋਚ ਵਾਲੇ ਅਕਾਲੀ ਪਾਰਟੀ ਤੇ ਕਾਬਜ਼ ਹੋ ਕੇ ਕਾਂਗਰਸ ਵਾਲੇ ਸਿੱਖਾਂ ਨਾਲੋਂ ਭੀ ਵੱਧ ਸਿੱਖੀ ਦਾ ਨੁਕਸਾਨ ਕਰ ਤੇ ਕਰਵਾ ਰਹੇ ਹਨ। ਖੈਰ ਸਿੱਖਾਂ ਨੇ ਬਾਕੀ ਦੇ ਭਾਰਤੀਆਂ ਨਾਲ ਰਲ ਕੇ ਆਜ਼ਾਦੀ ਦਾ ਸੰਘਰਸ਼ ਜਾਰੀ ਰੱਖਿਆ ਅਤੇ ਸਿੱਖਾਂ ਨਾਲ ਲਾਏ ਲਾਰਿਆਂ ਕਰਕੇ ਭਾਰਤ ਨਾਲ ਰਹਿਣਾ ਮੰਨਜ਼ੂਰ ਕਰ ਲਿਆ। ਮੰਨਜ਼ੂਰ ਕਰਕੇ ਕੀ ਖਟਿਆ? ਆਜ਼ਾਦੀ ਤਾਂ ਖਾਸ ਕਰਕੇ ਸਿੱਖਾਂ ਦੇ ਸੰਘਰਸ਼, ਜਿੱਸ ਵਿੱਚ ਸਿੱਖਾਂ ਨੇ ਅੱਸੀ ਫੀ ਸਦੀ ਤੋਂ ਭੀ ਵੱਧ ਕੁਰਬਾਨੀ ਦਿੱਤੀ, ਕਰਕੇ ਮਿਲ ਗਈ ਪਰ ਸਰਬ-ਸ਼੍ਰੀ ਗਾਂਧੀ, ਨਹਿਰੂ ਆਦਿ ਦੇ ਮੋਮੋਠਗਣੀ ਲਾਰਿਆਂ ਰਾਹੀਂ ਸ਼ੇਰ ਕੌਮ ਨੂੰ ਪਿੰਜਰੇ ਵਿੱਚ ਬੰਦ ਕਰ ਲਿਆ। ਸੋ ਇੱਥੇ ਤੱਕ ਸਾਫ ਜ਼ਾਹਰ ਹੋ ਗਿਆ ਹੈ ਕਿ ਆਜ਼ਾਦੀ ਦੇ ਸੰਗ੍ਰਾਮ ਵਿੱਚ ਬਹੁਗਿਣਤੀ ਹਿੰਦੂਆਂ ਵਿੱਚੋਂ ਕੁੱਛ ਗਿਣਤੀ ਦੇ ਹਿੰਦੂ ਸੂਰਬੀਰਾਂ ਦੇ ਨਾਲ ਦਿਖਾਵੇ ਦੇ ਸਤਿਆਗ੍ਰਹੀ ਸਰਬ-ਸ਼੍ਰੀ ਗਾਂਧੀ, ਨਹਿਰੂ ਆਦਿ, ਮੁਸਲਮਾਨ ਅਤੇ ਸਾਰੀ ਸਿੱਖ ਕੌਮ ਸ਼ਾਮਲ ਸੀ, ਜਦ ਕਿ ਅੱਜ ਦੇ ਹੁਕਮਰਾਨ, ਭਾਜਪਾ ਪਾਰਟੀ, ਅੰਗ੍ਰੇਜ਼ਾਂ ਦਾ ਸਾਥ ਦੇ ਰਹੇ ਸਨ ਅਤੇ ਆਜ਼ਾਦੀ ਦੇ ਸੰਗ੍ਰਾਮ ਵਿੱਚ ਇਨ੍ਹਾਂ ਦਾ ਪਾਂ-ਪਾਸਕ ਭੀ ਹਿੱਸਾ ਨਹੀਂ ਹੈ। ਆਜ਼ਾਦੀ ਦੇ ਸੰਗ੍ਰਾਮ ਦੌਰਾਨ ਆਜ਼ਾਦੀ ਲਈ ਆਪਣਾ ਸੱਭ ਕੁੱਛ ਵਾਰਨ ਵਾਲੇ ਤੇ ਫਾਂਸੀ ਦਾ ਰੱਸਾ ਚੁੰਮਣ ਵਾਲਿਆਂ ਨੂੰ, ਅੰਗ੍ਰੇਜ਼ਾਂ ਦਾ ਹਿਤੂ ਮਿਸਟਰ ਕਰਮ ਚੰਦ ਗਾਂਧੀ, ਦਹਿਸ਼ਤਗਰਦ ਕਿਹਾ ਕਰਦਾ ਸੀ ਤੇ ਫਾਂਸੀ ਤੇ ਚੜ੍ਹਦਿਆਂ ਨੂੰ ਦੇਖ ਕੇ ਖੁਸ਼ ਹੁੰਦਾ ਸੀ। ਇਹ ਸੀ ਆਜ਼ਾਦੀ ਦੇ ਸੰਗ੍ਰਾਮ ਵਿੱਚ ਉਸਦਾ ਰੋਲ। ਖੈਰ, ਆਜ਼ਾਦੀ ਮਿਲ ਗਈ।
ਹੁਣ ਆਜ਼ਾਦੀ ਤੋਂ ਬਾਅਦ ਦੇ ਭਾਰਤੀ ਹੁਕਮਰਾਨਾਂ ਬਾਰੇ ਜਾਨਣਾ ਭੀ ਜ਼ਰੂਰੀ ਹੈ। ਆਜ਼ਾਦ ਭਾਰਤ ਦਾ ਪਹਿਲਾ ਪ੍ਰਧਾਨ ਮੰਤਰੀ, ਜਿੱਸ ਹੱਥ ਭਾਰਤੀ ਵਿਧਾਨ ਅਨੁਸਾਰ ਸਾਰੀ ਤਾਕਤ ਦਿੱਤੀ ਗਈ ਹੈ, ਜਵਾਹਰ ਲਾਲ ਨਹਿਰੂ ਸੀ। ਸਿੱਖਾਂ ਵਲੋਂ ਉਸ ਨੂੰ ਸਿੱਖਾਂ ਨਾਲ ਕੀਤੇ ਵਾਇਦੇ ਯਾਦ ਕਰਾਏ ਗਏ ਤਾਂ ਉਸ ਨੇ ਮਿਸਟਰ ਗਾਂਧੀ ਨਾਲ ਮਿਲ ਕੇ ਸਿੱਖਾਂ ਨੂੰ ਮਖੌਲ-ਨੁਮਾ ਜਵਾਬ ਦਿੱਤਾ “ਅੱਬ ਸਮਾਂ ਬਦਲ ਗਿਆ ਹੈ”। ਭਾਵ ਹੁਣ ਤੁਹਾਡੀ ਕਿਸਮਤ ਸਾਡੇ ਹੱਥ ਹੈ। ਨਾਲ ਦੀ ਨਾਲ ਆਜ਼ਾਦੀ ਦੇ ਅਸਲੀ ਘੁਲਾਟੀਆਂ (ਸਿੱਖਾਂ ਨੂੰ) ਜਰਾਇਮ ਪੇਸ਼ਾ ਦਾ ਖਿਤਾਬ ਦੇ ਦਿੱਤਾ। ਇਹ ਹੀ ਨਹੀਂ ਪੰਜਾਬ ਨੂੰ ਬਸਤੀ ਬਣਾ ਲਿਆ। ਬਸਤੀ ਨੂੰ ਲੁੱਟਣ ਲਈ ਕੁੱਛ ਕੁਰਸੀ ਦੇ ਭੁੱਖੇ, ਸਵਾਰਥੀ ਬੰਦੇ ਨਾਲ ਰਲਾ ਲਏ। ਪੰਜਾਬ, ਕੇਂਦਰ ਤੇ ਪੰਜਾਬ ਦੇ ਸਵਾਰਥੀ ਲੀਡਰਾਂ ਰਾਹੀਂ ਲੁੱਟ ਹੋਣਾ ਸ਼ੁਰੂ ਹੋ ਗਿਆ ਜੋ ਹਾਲੇ ਤੱਕ ਜਾਰੀ ਹੈ ਅਤੇ ਬਸਤੀ (ਭਾਵ ਪੰਜਾਬ) ਨੂੰ ਲੁੱਟਣ ਲਈ ਡੰਡੇ ਨਾਲ ਭਾਰਤ ਦੇ ਨਾਲ ਰੱਖਿਆ ਜਾ ਰਿਹਾ ਹੈ। ਇੱਥੇ ‘ਮਨ ਹੋਰ ਮੁੱਖ ਹੋਰ’, ਗੰਗੂ ਦੀ ਔਲਾਦ ਦਾ ਅਸਲੀ ਚਿਹਰਾ ਸਾਮ੍ਹਣੇ ਆ ਜਾਂਦਾ ਹੈ। ਬੜੇ ਸੰਘਰਸ਼ ਕੀਤੇ ਗਏ, ਕਈ ਮੰਗਾਂ ਅੱਗੇ ਰੱਖ ਕੇ, ਪਰ ਕੁੱਛ ਹੱਥ ਪੱਲੇ ਪੈਣ ਦੀ ਬਜਾਏ ਜੇਲ੍ਹ ਯਾਤਰਾਵਾਂ ਕਰਨੀਆਂ ਪਈਆਂ, ਜਿੱਸ ਬਾਰੇ ਲਿਖਣ ਦੀ ਲੋੜ ਨਹੀਂ। ਸ਼੍ਰੀ ਨਹਿਰੂ ਤੋਂ ਬਾਅਦ ਸ਼੍ਰੀ ਲਾਲ ਬਹਾਦਰ ਸ਼ਾਸਤਰੀ ਜੀ ਪ੍ਰਧਾਨ ਮੰਤਰੀ ਬਣੇ। ਉਨ੍ਹਾਂ ਨੇ ‘ਜੈ ਜਵਾਨ’ ਤੇ ‘ਜੈ ਕਿਸਾਨ’ ਦੇ ਨਾਹਰੇ ਨਾਲ ਮਿਲਟਰੀ ਜਵਾਨਾਂ ਤੇ ਕਿਸਾਨਾਂ ਵਿੱਚ ਦੇਸ ਲਈ ਅਥਾਹ ਜਜ਼ਬਾ ਭਰ ਦਿੱਤਾ। ਕਿਸਾਨਾਂ ਲਈ ਉਹ ਬਹੁਤ ਕੁੱਛ ਕਰਨਾ ਚਾਹੁੰਦੇ ਸਨ। ਇਸ ਦੀ ਮਿਸਾਲ ਇਹ ਕਿ ਉਹ ਜਾਣਦੇ ਸਨ ਕਿ ਪੰਜਾਬੀ ਕਿਸਾਨ ਬਹੁਤ ਮਿਹਨਤੀ ਹੈ ਅਤੇ ਜਿੱਥੇ ਕੋਈ ਹੋਰ ਕਿਸਾਨ ਜ਼ਮੀਨ ਦੀ ਵਾਹੀ ਕਰਨ ਤੇ ਵਸਣਾਂ ਨਹੀਂ ਚਾਹੁੰਦੇ ਉੱਥੇ ਪੰਜਾਬੀ ਕਿਸਾਨਾਂ ਦੀ ਵਸੋਂ ਕੀਤੀ ਜਾਵੇ। ਉਨ੍ਹਾਂ ਨੇ ਪਾਕਿਸਤਾਨ ਨਾਲ ਲੱਗਦੇ ਗੁਜਰਾਤ ਦੇ ਹੱਦੀ ਇਲਾਕੇ ਵਿੱਚ, ਦੇਸ ਦੀ ਵੰਡ ਸਮੇਂ ਪਾਕਿਸਤਾਨ ਤੋਂ ਆਏ ਤਕਰੀਬਨ ਪੈਂਠ ਪਰਵਾਰਾਂ ਨੂੰ ਹਰ ਤਰ੍ਹਾਂ ਦਾ ਕਿਸਾਨੀਂ ਸਮਾਨ ਅਤੇ ਬਲਦਾਂ ਦੀਆਂ ਜੋੜੀਆਂ ਦੇ ਕੇ ਉਸ ਇਲਾਕੇ ਵਿੱਚ ਵਸਾ ਦਿੱਤਾ। ਉਨ੍ਹਾਂ ਕਿਸਾਨਾਂ ਨੇ ਉਜਾੜ ਪਈ ਜ਼ਮੀਨ ਆਬਾਦ ਕਰਕੇ ਜਿੱਥੇ ਆਪ ਆਪਣਾ ਜੀਵਨ ਲੀਹਾਂ ਤੇ ਲੈ ਆਂਦਾ ਉੱਥੇ ਦੇਸ ਲਈ ਅੰਨ ਆਦਿ ਦੇ ਅੰਬਾਰ ਲਾ ਦਿੱਤੇ। ਪਰ ਰੱਬ ਜੀ ਨੂੰ ਸ਼ਾਇਦ ਕੁੱਛ ਹੋਰ ਹੀ ਭਾਉਂਦਾ ਸੀ। ਸ਼ਾਸ਼ਤਰੀ ਜੀ ਰੂਸ ਦੇ ਦੌਰੇ ਤੇ ਗਏ ਹੋਏ ਸਨ ਕਿ ਉਨ੍ਹਾਂ ਦਾ ਦਿਹਾਂਤ ਹੋ ਗਿਆ। ਉਨ੍ਹਾਂ ਦੀ ਮੌਤ ਬਾਰੇ ਸ਼ੱਕ ਕੀਤੀ ਜਾਂਦੀ ਹੈ।
ਉਨ੍ਹਾਂ ਤੋਂ ਬਾਅਦ ਸ਼੍ਰੀਮਤੀ ਇੰਦਰਾ ਗਾਂਧੀ ਪਰਧਾਨ ਮੰਤਰੀ ਬਣੀ। ਉਸ ਨੇ ਜੋ ਐਮਰਜੈਂਸੀ ਲਾ ਕੇ ਕੀਤਾ ਅਤੇ ਪੰਜਾਬ ਅਤੇ ਸਿੱਖਾਂ ਦੀਆਂ ਮੰਗਾਂ ਵਿੱਚੋਂ ਪੰਜਾਬੀ ਸੂਬੇ ਦੀ ਮੰਗ ਮੰਨ ਕੇ ਪੰਜਾਬ ਦੇ ਗੱਦਾਰ ਤੇ ਦੇਸ਼ ਧਰੋਹੀ ਗੁਲਜ਼ਾਰੀ ਲਾਲ ਨੰਦਾ (ਵੈਸੇ ਤਾਂ ਪੰਜਾਬ ਦਾ ਲੂਣ ਖਾਂਦੇ ਹੋਏ ਪੰਜਾਬ ਦੇ ਸਾਰੇ ਹਿੰਦੂ ਲੀਡਰ ਪੰਜਾਬ ਦੇ ਹਿੱਤਾਂ ਲਈ ਸੁਹਿਰਦ ਨਹੀਂ, ਗੱਦਾਰੀ ਹੀ ਕਰਦੇ ਆ ਰਹੇ ਹਨ। ਸੁਹਿਰਦ ਹੁੰਦੇ ਤਾਂ ਪੰਜਾਬ ਦਾ ਇਹ ਹਾਲ ਕਦੇ ਨਾ ਹੁੰਦਾ) ਦੀ ਸਲਾਹ ਨਾਲ ਪੰਜਾਬੀ ਸੂਬੀ ਬਣਾ ਕੇ ਕੀਤਾ ਅਤੇ ਦਰਬਾਰ ਸਾਹਿਬ ਤੇ ਫੌਜੀ ਹਮਲਾ ਕਰਕੇ ਕੀਤਾ, ਅਤੇ ਜੋ ਉਸ ਦਾ ਹਸ਼ਰ ਹੋਇਆ, ਬਾਰੇ ਲਿਖਣ ਦੀ ਲੋੜ ਨਹੀਂ, ਸੱਭ ਦੁਨੀਆਂ ਜਾਣਦੀ ਹੈ। ਉਸ ਤੋਂ ਬਾਅਦ ਉਸ ਦੇ ਲੜਕੇ ਸ਼੍ਰੀ ਰਾਜੀਵ ਗਾਂਧੀ ਨੇ ਪਰਧਾਨ ਮੰਤਰੀ ਬਣ ਕੇ ਜੋ ਸਿੱਖਾਂ ਨਾਲ ਅਤੇ ਸਿੱਖਾਂ ਦੀਆਂ ਮੰਗਾਂ ਲਈ ਅਤੇ ਤਾਮਲਾਂ ਨਾਲ ਕੀਤਾ ਅਤੇ ਜੋ ਉਸ ਦਾ ਹਸ਼ਰ ਹੋਇਆ, ਬਾਰੇ ਭੀ ਸੱਭ ਦੁਨੀਆਂ ਜਾਣਦੀ ਹੈ। ਵਿਚਾਲੇ ਵਿਚਾਲੇ ਕੁੱਛ ਹੋਰ ਵਿਅਕਤੀ ਭੀ ਪਰਧਾਨ ਮੰਤਰੀ ਬਣਦੇ ਰਹੇ, ਜਿਨ੍ਹਾਂ ਵਿੱਚੋਂ ਸਿਰਫ ਸ਼੍ਰੀ ਗੁਜਰਾਲ ਜੀ ਹੀ ਲੋਕ-ਹਿਤ ਰੱਖਣ ਵਾਲੇ ਸਨ। ਫਿਰ ਸ਼੍ਰੀ ਬਾਜਪਾਈ ਜੀ, ਆਜ਼ਾਦੀ ਦੇ ਸੰਘਰਸ਼ ਵਿੱਚ ਕੁੱਛ ਭੀ ਹਿੱਸਾ ਨਾ ਪਾਉਣ ਵਾਲੇ, ਕਈ ਪਾਰਟੀਆਂ ਦੀ ਸਹਾਇਤਾ ਨਾਲ ਪਰਧਾਨ ਮੰਤਰੀ ਬਣੇ, ਜੋ ਦੇਸ ਦਾ ਕੁੱਛ ਭੀ ਨਾ ਸੰਵਾਰ ਸਕੇ। ਉਨ੍ਹਾਂ ਤੋਂ ਅੱਗੇ ਬੀਬੀ ਸੋਨੀਆਂ ਦੀ ਥਾਂ ਡਾ. ਮਨਮੋਹਣ ਸਿੰਘ ਜੀ ਪਰਧਾਨ ਮੰਤਰੀ ਬਣੇ। ਬਹੁਤ ਕੁੱਛ ਹੱਥ ਵਿੱਚ ਨਾ ਹੋਣ ਤੇ ਭੀ ਉਨ੍ਹਾਂ ਨੇ ਦੇਸ ਦੀ ਮਾਲੀ ਹਾਲਤ ਸੁਧਾਰ ਦਿੱਤੀ। ਉਨ੍ਹਾਂ ਤੋਂ ਬਾਅਦ, ਆਜ਼ਾਦੀ ਦੇ ਸੰਘਰਸ਼ ਵਿੱਚ ਪਾਂ ਪਾਸਕ ਭੀ ਹਿੱਸਾ ਨਾ ਪਾਉਣ ਵਾਲੀ ਪਾਰਟੀ ਭਾਜਪਾ ਵਲੋਂ ਸ਼੍ਰੀ ਮੋਦੀ ਜੀ ਲੰਬੇ ਲੰਬੇ ਭਾਸ਼ਨ ਤੇ ਝੂਠੇ ਲਾਰੇ (ਖਾਸ ਕਰਕੇ ਸਵਿਸ ਬੈਂਕਾਂ ਵਿੱਚੋਂ ਕਾਲੇ ਧਨ ਦਾ ਪੈਸਾ ਕਢਵਾ ਕੇ ਹਰ ਦੇਸਵਾਸੀ ਦੇ ਬੈਂਕ ਹਿਸਾਬ ਵਿੱਚ ਜਮ੍ਹਾਂ ਕਰਵਾਉਣੇ) ਲਾ ਕੇ ਪਰਧਾਨ ਮੰਤਰੀ ਦੀ ਪਦਵੀ ਤੇ ਵਰਾਜਮਾਨ ਹੋਏ। ਉਨ੍ਹਾਂ ਵਲੋਂ ਬਾਹਰੋਂ ਪੈਸੇ ਆਉਣੇ ਤਾਂ ਇੱਕ ਪਾਸੇ, ਪੰਜ ਸੌ ਤੇ ਹਜ਼ਾਰ ਦੇ ਨੋਟਾਂ ਨੂੰ ਬੰਦ ਕਰਕੇ ਅਤੇ ਜੀ. ਐਸ. ਟੀ. ਲਾ ਕੇ ਜੋ ਆਮ ਲੋਕਾਂ ਦਾ ਤੇ ਦੁਕਾਨਦਾਰਾਂ ਦਾ ਹਾਲ ਕੀਤਾ, ਉਸ ਬਾਰੇ ਬਹੁਤ ਲਿਖਣ ਦੀ ਲੋੜ ਨਹੀਂ। ਇਹ ਹੀ ਨਹੀਂ ਮੋਦੀ ਜੀ ਨੇ ਤਾਂ ਗੁਜਰਾਤ ਦੇ ਮੁੱਖ-ਮੰਤਰੀ ਹੁੰਦੇ ਹੋਏ ਸ਼ਾਸਤਰੀ ਜੀ ਵਲੋਂ ਗੁਜਰਾਤ ਵਿੱਚ ਸਿੱਖਾਂ ਨੂੰ ਦਿੱਤੀ ਤੇ ਆਬਾਦ ਕੀਤੀ ਜ਼ਮੀਨ ਵਾਪਸ ਲੈਣ ਲਈ ਸੁਪਰੀਮ ਕੋਰਟ ਵਿੱਚ ਕੇਸ ਕਰਕੇ ਵਾਪਸ ਲੈ ਲਈ ਹੈ। ਸਿੱਖਾਂ ਦੇ ਦਿਲਾਂ ਨੂੰ ਹਰ ਤਰ੍ਹਾਂ ਸੱਟ ਮਾਰਨ ਲਈ ਤਾਂ ਉਹ, ਗੁਲਾਮ ਜ਼ਹਿਨੀਅਤ ਤੇ ਮਰੀ ਜ਼ਮੀਰ, ਸਿੱਖਾਂ ਦੇ ਅਖੌਤੀ ਆਗੂ ਬਾਦਲ ਦਲ ਦੇ ਸਾਮ੍ਹਣੇ ਦਸਤਾਰ ਦੀ ਬੇਅਦਬੀ ਭੀ ਕਰ ਸਕਦਾ ਹੈ। ਉਸ ਦੀਆਂ ਇਨ੍ਹਾਂ ਸਾਰੀਆਂ ਕਰਤੂਤਾਂ ਨੇ ਸਾਬਤ ਕਰ ਦਿੱਤਾ ਹੈ ਕਿ ਉਹ ਪਰਧਾਨ ਮੰਤਰੀ ਦੀ ਕੁਰਸੀ ਤੇ ਬੈਠਣ ਦੇ ਯੋਗ ਨਹੀਂ। ਕਿਉਂਕਿ ਗੁਰੂ ਗ੍ਰੰਥ ਸਾਹਿਬ ਜੀ ਅੰਗ 1088 ਤੇ ਫੁਰਮਾਉਂਦੇ ਹਨ ‘ਤਖਤ ਤੇ ਉਹ ਰਾਜਾ ਬੈਠੇ ਜੋ ਤਖਤ ਦੇ ਲਾਇਕ ਹੋਵੇ’। ਲੋਕਾਂ ਤੱਕ ਠੀਕ ਠੀਕ ਖਬਰਾਂ ਪਹੁੰਚਾਉਣ ਵਾਲੇ ਪੱਤਰਕਾਰ, ਮੋਦੀ ਜੀ ਨੂੰ ਝੂਠਾ ਤੇ ਮਦਾਰੀ ਦੇ ਰੂਪ ਵਿੱਚ ਪੇਸ਼ ਕਰਦੇ ਹਨ। ਮੋਦੀ ਜੀ ਨੇ ਤਾਂ ਡਾ. ਮਨਮੋਹਣ ਸਿੰਘ ਵਲੋਂ ਮੁਲਕ ਦੀ ਸੁਧਾਰੀ ਆਰਥਿਕ ਹਾਲਤ ਨੂੰ ਐਸਾ ਗ੍ਰਹਿਣ ਲਾਇਆ ਕਿ ਗਰੀਬਾਂ ਦੇ ਪੱਲੇ ਰੋਣਾ ਪਾ ਕੇ ਅਮੀਰਾਂ ਦੇ ਬੈਂਕ ਭਰ ਦਿੱਤੇ। ਪੰਜਾਬ ਦੇ ਜਿੱਨੇ ਭੀ ਅੱਜ ਤੱਕ ਮੁੱਖ ਮੰਤਰੀ ਹੋਏ ਹਨ, ਉਨ੍ਹਾਂ ਨੇ ਆਪਣਾ ਹੀ ਬਣਾਇਆ ਅਤੇ ਆਪਣੀ ਕੁਰਸੀ ਸਲਾਮਤ ਰੱਖਣ ਲਈ ਕੇਂਦਰ ਦਾ ਹੱਥ ਠੋਕਾ ਬਣ ਕੇ ਪੰਜਾਬ ਨੂੰ ਗਿਰਵੀ ਰੱਖ ਦਿੱਤਾ ਅਤੇ ਸਿੱਖ ਨੌਜਵਾਨੀ ਦਾ ਘਾਣ ਕਰਵਾਉਂਦੇ ਆ ਰਹੇ ਹਨ।
ਆਜ਼ਾਦੀ ਹਾਸਲ ਕਰਕੇ ਆਜ਼ਾਦੀ ਰਾਹੀਂ ਮਿਲੇ ਧਾਰਮਿਕ, ਸਮਾਜਿਕ, ਆਰਥਿਕ ਆਦਿ ਹੱਕ ਮਾਨਣਾ ਹਰ ਇੱਕ ਸ਼ਹਿਰੀ ਦਾ ਹੱਕ ਹੁੰਦਾ ਹੈ। ਆਜ਼ਾਦੀ ਮਿਲਣ ਸਮੇਂ ਅੰਗ੍ਰੇਜ਼ ਅਤੇ ਖਾਸ ਕਰਕੇ ਸਰਬ ਸ਼੍ਰੀ ਨਹਿਰੂ, ਗਾਂਧੀ ਜੁੰਡਲੀ ਵਲੋਂ ਪੰਜਾਬ ਦੀ ਵੰਡ ਰਾਹੀਂ ਸਿੱਖਾਂ ਨੂੰ ਸਿੱਖਾਂ ਦੇ ਅਸਲੀ ਅਤੇ ਜ਼ਰਖੇਜ਼ ਇਲਾਕੇ ਤੋਂ ਉਜਾੜ ਕੇ ਸਿੱਖਾਂ ਦਾ ਲੱਕ ਤੋੜ ਦਿੱਤਾ, ਕਿਉਂਕਿ ਸ੍ਰੀ ਨਨਕਾਣਾ ਸਾਹਿਬ ਦਾ ਇਲਾਕਾ ਤੇ ਲਾਹੌਰ (ਜੋ ਸਿੱਖ ਰਾਜ ਦੀ ਰਾਜਧਾਨੀ ਸੀ) ਸਿੱਖਾਂ ਦੇ ਦਿਲ ਜਾਨ ਸਨ। ਰਹਿੰਦਾ ਖੂੰਹਦਾ ਕੁਰਸੀ ਦੇ ਲਾਲਚੀ ਸਿੱਖ ਲੀਡਰ ਖਰੀਦ ਕੇ ਪੰਜਾਬ ਦੀ ਅਸਲੀ ਜਾਇਦਾਦ ਤੇ ਸਰਮਾਇਆ, ਜੋ ਦਰਿਆਈ ਪਾਣੀ ਹੈ, ਕੇਂਦਰ ਨੇ ਆਪਣੇ ਕਬਜ਼ੇ ਕਰਕੇ ਸਿੱਖਾਂ ਦੀਆਂ ਹੀ ਨਹੀਂ ਪੰਜਾਬੀਆਂ ਦੀਆਂ ਲੱਤਾਂ ਹੀ ਤੋੜ ਸੁੱਟੀਆਂ। ਬਾਕੀ ਦੇ ਪੰਜਾਬੀ ਤਾਂ ਟੁੱਟੀਆਂ ਲੱਤਾਂ ਕਰਕੇ ਧੜਾਮ ਕਰਕੇ ਥੱਲੇ ਡਿੱਗ ਪਏ, ਪਰ ਸਿੱਖਾਂ ਨੇ, ਜਿਨ੍ਹਾਂ ਨੇ ਆਜ਼ਾਦੀ ਪ੍ਰਾਪਤ ਕਰਨ ਵਿੱਚ ਆਪਣਾ ਸੱਭ ਕੁੱਛ ਵਾਰ ਦਿੱਤਾ ਹੋਇਆ ਸੀ, ਟੁੱਟੀਆਂ ਲੱਤਾਂ ਨੂੰ ਗੁਰੂ ਜੀ ਵਲੋਂ ਮਿਲੀ ਸ਼ਕਤੀ ਦੁਆਰਾ ਨੌ-ਬਰ-ਨੌ ਕਰਕੇ ਪੰਜਾਬ ਦੇ ਹੱਕਾਂ ਲਈ ਸੰਘਰਸ਼ ਸ਼ੁਰੂ ਕਰ ਦਿੱਤਾ। ਸੰਘਰਸ਼ ਦਾ, ਬੇਸ਼ਰਮੀ ਦੀਆਂ ਹੱਦਾਂ ਟੱਪ ਚੁੱਕੀ ਕੇਂਦਰ ਸਰਕਾਰ ਤੇ ਕਿਸੇ ਤਰ੍ਹਾਂ ਦਾ ਅਸਰ ਹੋਣ ਦੀ ਥਾਂ ਜੋ 1984 ਅਤੇ ਉਸ ਤੋਂ ਬਾਅਦ ਸਿੱਖ ਨੌਜਵਾਨੀ ਦਾ ਘਾਣ ਅਤੇ ਹਰ ਤਰ੍ਹਾਂ ਦੀ ਬੇਇਨਸਾਫੀ (ਆਪ ਸੱਭ ਕੁੱਛ ਕਰਕੇ ਉਲਟਾ ਪੰਜਾਬ ਸਿਰ ਕਰਜ਼ਾ, ਜਿਹੜਾ ਕਿ ਪੰਜਾਬ ਦਾ ਇਤਨਾ ਨੁਕਸਾਨ ਕਰਕੇ ਕੇਂਦਰ ਸਿਰ ਹੋਣਾ ਚਾਹੀਦਾ ਹੈ, ਪਾਉਣਾ) ਤੇ ਤਸ਼ੱਦਦ ਲਗਾਤਾਰ ਜਾਰੀ ਹੈ, ਜਿੱਸ ਨੂੰ ਯੂ. ਐਨ. ਓ. ਤੱਕ ਭੀ ਜਾਣਦੀ ਹੈ। ਬਾਬਾ ਬੰਦਾ ਦਿੰਘ ਬਹਾਦਰ ਅਤੇ ਮਾਹਾਰਾਜਾ ਰਣਜੀਤ ਸਿੰਘ ਵਾਂਗ ਸੱਭ ਨੂੰ ਹਰ ਤਰ੍ਹਾਂ ਦੇ ਹੱਕ ਮਾਨਣ ਲੈਣ ਦੇਣ ਦੀ ਥਾਂ, ਹਜ਼ਾਰ ਸਾਲ ਗੁਲਾਮ ਰਹਿਣ ਬਾਅਦ ਮਸੀਂ ਮਸੀਂ ਮੁਫਤੋ ਮੁਫਤੀ ਮਿਲੀ ਅਜ਼ਾਦੀ ਰਾਹੀਂ ਬਣੇ ਅੱਜ ਦੇ ਹਾਕਮ ਘੱਟ-ਗਿਣਤੀਆਂ, ਤੇ ਖਾਸ ਕਰਕੇ ਸਿੱਖਾਂ ਨੂੰ ਤਾਂ “ਰੋਟੀ ਖਾਂਦੇ ਦਾਹੜੀ ਕਿਉਂ ਹਿਲਦੀ ਹੈ” ਅਨੁਸਾਰ ਹੱਕਾਂ ਲਈ ਸੰਘਰਸ਼ ਕਰਨ ਨੂੰ ਭੀ ਦੇਸ਼-ਧਰੋਹੀ ਕਹਿ ਕੇ ਜੇਲ੍ਹ ਅੰਦਰ ਸਾਰੀ ਉਮਰ ਲਈ ਬੰਦ ਕਰਦੇ ਹੀ ਨਹੀਂ, ਝੂਠੇ ਪੁਲੀਸ ਮੁਕਾਬਲੇ ਕਰਵਾ ਦਿੱਤੇ ਜਾਂਦੇ ਹਨ। ਇਹ ਸੱਭ ਕੁੱਛ ਸਾਬਤ ਕਰਦਾ ਹੈ ਕਿ ਅੱਜ ਦੇ ਕੇਂਦਰੀ ਭਾਰਤੀ ਹਾਕਮਾਂ ਅਨੁਸਾਰ, ਭਾਰਤੀ ਹਾਕਮਾਂ, ਬਹੁ-ਗਿਣਤੀ ਅਤੇ ਘੱਟ-ਗਿਣਤੀਆਂ ਵਿੱਚੋਂ ਖਰੀਦੇ ਕੁੱਛ ਭੱਦਰਪੁਰਸ਼ਾਂ ਅਤੇ ਉਨ੍ਹਾਂ ਦੇ ਕੁੱਛ ਚੇਲੇ ਚਾਟੜਿਆਂ ਤੋਂ ਬਿਣਾਂ ਹੋਰ ਕਿਸੇ ਵਿਅਕਤੀ ਦੇ ਕੋਈ ਹੱਕ ਨਹੀਂ। ਕੀ ਇਹ ਲੋਕ ਆਪਣਾ ਹੱਕ ਮਾਣ ਤੇ ਖਾ ਰਹੇ ਹਨ? ਨਹੀਂ ਨਹੀਂ, ਬਿਲਕੁਲ ਨਹੀਂ। ਇਹ ਪਰਾਇਆ ਹੱਕ ਖਾ ਰਹੇ ਹਨ। ਕਿਉਂਕਿ ਆਜ਼ਾਦ ਹੋ ਕੇ ਆਜ਼ਾਦੀ ਦਾ ਆਨੰਦ ਮਾਨਣ ਲਈ ਕੁਬਾਨੀਆਂ ਕਿਸੇ ਨੇ ਦਿੱਤੀਆਂ ਪਰ ਆਜ਼ਾਦੀ ਦਾ ਇਹ ਆਨੰਦ ਮਾਣਦੇ ਹੋਏ ਆਜ਼ਾਦੀ ਲਈ ਕੁਬਾਨੀ ਕਰਨ ਵਾਲਿਆਂ ਦਾ ਜੋ ਹਾਲ ਕਰ ਰਹੇ ਹਨ, ਮੁੜ ਮੁੜ ਲਿਖਣ ਦੀ ਲੋੜ ਨਹੀਂ।
ਆਜ਼ਾਦੀ ਤੋਂ ਬਾਅਦ ਪੰਜਾਬ ਅਤੇ ਸਿੱਖਾਂ (ਜਿਨ੍ਹਾਂ ਨਾਲ ਆਜ਼ਾਦੀ ਦੀ ਲਹਿਰ ਵਿੱਚ ਪਾਏ ਹਿੱਸੇ ਕਾਰਨ ਲਾਰੇ ਲਾਏ ਗਏ ਸਨ) ਨੂੰ ਖਾਸ ਸਹੂਲਤਾਂ ਮਿਲਣੀਆਂ ਚਾਹੀਦੀਆਂ ਸਨ। ਸਹੂਲਤਾਂ ਦੇਣੀਆਂ ਤਾਂ ਇੱਕ ਪਾਸੇ, ਸਿੱਖਾਂ ਨੂੰ ਹਿੰਦੂ ਬਣਾ ਕੇ ਰਹਿਣ ਲਈ ਵਿਧਾਨਿਕ ਮੋਹਰ ਲਾ ਦਿੱਤੀ ਤੇ ਗੁਲਾਮ ਬਣਾ ਕੇ ਸਿੱਖਾਂ ਦੇ ਹੱਕਾਂ ਤੇ ਛਾਪਾ ਮਾਰ ਲਿਆ। ਸ਼ੁਕਰ, ਕਿ ਸੂਝਵਾਨ ਸਿੱਖ ਪ੍ਰਤਿਧਿੀਆਂ ਨੇ ਵਿਧਾਨ ਤੇ ਦਸਤਖਤ ਨਹੀਂ ਕੀਤੇ ਅਤੇ ਆਪਣੇ ਹੱਕਾਂ ਲਈ ਸੰਘਰਸ਼ ਕਰਨ ਦਾ ਰਾਹ ਖੁੱਲਾ ਰੱਖ ਲਿਆ।
ਠਗੀ ਕਰਨ ਅਤੇ ਧੋਖਾ ਦੇਣ ਦੇ ਉਸਤਾਦ, ਦਇਆ, ਧਰਮ, ਸਤ, ਸੰਤੋਖ ਅਤੇ ਸਬਰ ਤੋਂ ਰਹਿਤ ਚਾਣਕੀਆ ਅਤੇ ਮਨੂੰ ਨੀਤੀ ਹਿੰਦੂ ਹਾਕਮਾਂ ਨੂੰ ਪਰਾਇਆ ਹੱਕ ਖਾਣ ਦੀ ਖੁੱਲੀ ਛੁੱਟੀ ਦਿੰਦੀ ਹੈ, ਜਿਵੇਂ ਇਹ ਲੋਕ ਅਖੌਤੀ ਵੈਸ਼ਾਂ ਤੇ ਸ਼ੂਦਰਾਂ ਤੋਂ ਮੁਫਤ ਕੰਮ ਕਰਾਉਂਦੇ ਆ ਰਹੇ ਹਨ ਤੇ ਉਨ੍ਹਾਂ ਦਾ ਹੱਕ ਖਾਂਦੇ ਆ ਰਹੇ ਹਨ। ਅੱਜ ਦੇ ਇਨ੍ਹਾਂ ਹਾਕਮਾਂ ਵਲੋਂ ਸ੍ਰੀ ਗੁਰੂ ਨਾਨਕ ਸਾਹਿਬ ਦੀ ਸਿੱਖਿਆ, ਕਿ ‘ਪਰਾਇਆ ਹੱਕ ਗਾਂ ਦਾ ਮਾਸ ਖਾਣ ਦੇ ਬਰਾਬਰ ਹੈ’ ਦੀ ਬਿਲਕੁਲ ਪਰਵਾਹ ਨਹੀਂ ਕੀਤੀ ਜਾਂਦੀ। ਪੰਜਾਬ ਅਤੇ ਸਿੱਖਾਂ ਨੂੰ ਹਰ ਤਰ੍ਹਾਂ ਦੇ ਹੱਕਾਂ ਤੋਂ ਵਾਂਝੇ ਰੱਖ ਕੇ ਹਰ ਪੱਖੋਂ ਤਬਾਹ ਕਰਨ ਲਈ ਹਰ ਤਰ੍ਹਾਂ ਦੇ ਤਰੀਕੇ ਵਰਤੇ ਜਾ ਰਹੇ ਹਨ। ਪੰਜਾਬ ਖੇਤੀ ਪਰਧਾਨ ਪਰਾਂਤ ਹੈ। ਕੁਦਰਤ ਨੇ ਇਸ ਲਈ ਪੰਜਾਬ ਨੂੰ ਦਰਿਆਈ ਪਾਣੀ ਦੀ ਦਾਤ ਬਖਸ਼ੀ ਹੋਈ ਹੈ, ਜਿਵੇਂ ਕਈ ਪਰਾਂਤਾਂ ਨੂੰ ਲੋਹਾ, ਕੋਲਾ, ਸੰਗ ਮਰਮਰ ਆਦਿ ਦੇ ਖਣਿਜ ਪਦਾਰਥਾਂ ਦੀ ਦਾਤ ਬਖਸ਼ੀ ਹੋਈ ਹੈ। ਜੇ ਕਿਸੇ ਪਰਾਂਤ ਪਾਸੋਂ ਪੰਜਾਬ ਇਹ ਖਣਿਜ ਪਦਾਰਥ ਪੈਸੇ ਦੇ ਕੇ ਲੈਂਦਾ ਹੈ ਤਾਂ ਪੰਜਾਬ ਨੂੰ ਪੰਜਾਬ ਵਲੋਂ ਹੋਰ ਪਰਾਂਤਾਂ ਨੂੰ ਦਿੱਤੇ ਜਾ ਰਹੇ ਪਾਣੀ ਦਾ ਮੁੱਲ ਕਿਉਂ ਨਹੀਂ ਦਿੱਤਾ ਜਾਂਦਾ? ਪਹਿਲਾਂ ਦੱਸੇ ਅਨੁਸਾਰ ਪੰਜਾਬ ਦੀ ਕੁਦਰਤੀ ਦਾਤ ਤੇ ਮਲਕੀਅਤ, ਕੇਂਦਰ ਨੇ ਜ਼ਬਰਦਸਤੀ ਆਪਣੇ ਕਬਜ਼ੇ ਵਿੱਚ ਕਰ ਲਿਆ ਹੋਇਆ ਹੈ, ਅਤੇ ਰਾਸ਼ਟਰੀ ਅਤੇ ਅੰਤਰ-ਰਾਸ਼ਟਰੀ ਕਾਨੂੰਨ ਦੇ ਵਿਰੁੱਧ ਰਾਜਿਸਥਾਨ, ਹਰਿਯਾਣੇ ਅਤੇ ਦਿੱਲੀ ਨੂੰ ਮੁਫਤ ਅਤੇ ਵੱਧ ਤੋਂ ਵੱਧ ਦਿੱਤਾ ਜਾ ਰਿਹਾ ਹੈ ਤੇ ਪੰਜਾਬ ਨੂੰ ਪੰਜਾਬ ਦੀ ਲੋੜ ਮੁਤਾਬਿਕ ਭੀ ਨਹੀਂ ਦਿੱਤਾ ਜਾਂਦਾ। ਕਿੱਡਾ ਵੱਡਾ ਡਾਕਾ ਪਰਾਏ ਹੱਕ ਤੇ ਮਾਰਿਆ ਜਾ ਰਿਹਾ ਹੈ! ਇਹ ਹੀ ਹਾਲ ਪੰਜਾਬ ਦੀ ਬਿਜਲੀ ਦਾ ਹੈ। ਸੋ ਸੰਖੇਪ ਵਿੱਚ ਕਿਹਾ ਜਾ ਸਕਦਾ ਹੈ ਕਿ ਆਜ਼ਾਦੀ ਦੇ ਸੰਘਰਸ਼ ਵਿੱਚ ਸੱਭ ਤੋਂ ਵੱਧ ਕੁਰਬਾਨੀਆਂ ਦੇਣ ਵਾਲੇ ਪੰਜਾਬੀਆਂ ਤੇ ਖਾਸ ਕਰਕੇ ਸਿੱਖਾਂ ਨੂੰ ਆਜ਼ਾਦੀ ਦੇ ਹੱਕ ਤੋਂ ਵਾਂਝੇ ਰੱਖ ਕੇ ਆਜ਼ਾਦੀ ਦੇ ਸੰਘਰਸ਼ ਵਿੱਚ ਪਾਂ-ਪਾਸਕ ਹਿੱਸਾ ਪਾਕੇ ਆਜ਼ਾਦੀ ਦਾ ਆਨੰਦ ਪਰਾਏ ਹੱਕ ਵਜੋਂ ਮਾਣ ਰਹੇ ਹਨ। ਇਹ ਸਮਝਦੇ ਹਨ ਕਿ ਸਾਨੂੰ ਕੌਣ ਪੁੱਛਣ ਵਾਲਾ ਹੈ? ਇਹ ਗੂਰੂ ਗ੍ਰੰਥ ਸਾਹਿਬ ਦੇ ਇਸ ਰੱਬੀ ਹੁਕਮ ‘ਕਿ ਬੰਦਾ ਦੁਨਿਆਵੀ ਕਚਹਿਰੀ ਤੋਂ ਤਾਂ ਭੱਜ ਨੱਸ ਸਕਦਾ ਹੈ ਪਰ ਰੱਬੀ ਅਦਾਲਤ ਤੋਂ ਕਿੱਥੇ ਭੱਜ ਸਕਦਾ ਹੈ’ (ਅੰਗ 591) ਦੀ ਬਿਲਕੁੱਲ ਪ੍ਰਵਾਹ ਨਹੀਂ ਕਰਦੇ। ਦੂਸਰੇ, ਕੇਂਦਰ (ਕਿਸੇ ਪਾਰਟੀ ਦੀ ਸ੍ਰਕਾਰ ਹੋਵੇ, ਹੁਣ ਤਾਂ ਦਿੱਲੀ ਵਿੱਚ ਬੈਠੇ ਹਾਲੇ ਤੱਕ ਚੰਗੀ ਤਰ੍ਹਾਂ ਸਥਾਪਤ ਨਾ ਹੋਈ ਪਾਰਟੀ “ਆਪ” ਵਾਲੇ ਲੀਡਰ ਪੰਜਾਬ ਨਾਲ ਇਹ ਹੀ ਕੁੱਛ ਕਰ ਰਹੇ ਹਨ ਜਦ ਕਿ ਸਿਰਫ ਪੰਜਾਬੀਆਂ ਨੇ ਇਨ੍ਹਾਂ ਦੀ ਇੱਜ਼ਤ ਰੱਖੀ ਸੀ) ਪੰਜਾਬ ਦਾ ਪਾਣੀ ਦੂਸਰੇ ਪਰਾਂਤਾਂ ਨੂੰ ਮੁਫਤੋ ਮੁਫਤੀ ਦੇ ਕੇ, ਜਿੱਥੇ ਆਪ ਪਾਪ ਕਰ ਰਿਹਾ ਹੈ ਉੱਥੇ ਉਹ ਪਰਾਂਤ ਇਹ ਪਰਾਇਆ ਹੱਕ ਖਾਂਦੇ ਹੋਏ ਹਰ ਤਰ੍ਹਾਂ ਦੀ ਸ਼ਰਮ ਲਾਹ ਕੇ ਪੰਜਾਬ ਕੋਲੋਂ ਬਾਕੀ ਦਾ ਬਚਦਾ ਪਾਣੀ ਭੀ ਮੰਗ ਰਹੇ ਹਨ। ਕੀ ਇਹ ਹਰ ਤਰ੍ਹਾਂ ਦਾ ਪਰਾਇਆ ਹੱਕ ਖਾਧਾ ਹੋਇਆ ਕੇਂਦਰ ਤੇ ਪਰਾਂਤਾਂ ਨੂੰ ਪਚ ਜਾਵੇਗਾ? ਕਿਸੇ ਦਿਨ ਕੁਦਰਤੀ ਕੀ … …. . ?
ਆਖਰ ਵਿੱਚ ਇਹ ਲਿਖਣ ਲਈ ਮਜਬੂਰ ਹੋਣਾ ਪੈਂਦਾ ਹੈ ਕਿ ਅੱਜਕਲ ਦੇ ਹਾਕਮ, ਸੱਚ ਅਤੇ ਅਸਲੀਅਤ ਨੂੰ ਨਫਰਤ ਕਰਦੇ ਹਨ, ਤਾਂਹੀਉਂ ਜਦ ਪੰਜਾਬੀ, ਖਰੀਦੇ ਹੋਏ ਪੰਜਾਬੀ ਨਹੀਂ, ਜਦ ਆਪਣੀਆਂ ਜਾਇਜ਼ ਮੰਗਾਂ ਸਾਮ੍ਹਣੇ ਰੱਖਦੇ ਹਨ, ਤਾਂ ਉਨ੍ਹਾਂ ਨੂੰ ਦੇਸ ਧਰੋਹੀ ਹੀ ਨਹੀਂ ਕਹਿੰਦੇ ਉਨ੍ਹਾ ਤੇ ਤਸ਼ੱਦਦ ਕਰਦੇ ਹਨ। (ਪੰਦਰਾਂ ਅਗਸਤ ਲਈ ਖਾਸ ਕਰਕੇ)




.