.

ਮੇਰੀ ਸ਼ਰਧਾ ਕਿਹੜੀ ਹੈ?

ਗਿਆਨ ਵਾਲੀ ਜਾਂ ਗਿਆਨ-ਹੀਣੀ (ਅੰਨ੍ਹੀ-ਸਰਧਾ)।

** ਸਰਧਾ: ਯਕੀਨ, ਭਰੋਸਾ, ਵਿਸ਼ਵਾਸ, ਆਦਰ, ਸਿਦਕ, ਮਾਣ-ਸਤਿਕਾਰ, ਪ੍ਰੇਮਾ-ਭਾਵ।

**** ਆਪੇ ਦੀ ਪੜਚੋਲ।

. . ਹਰ ਮਨੁੱਖ ਆਪਣੇ-ਆਪ ਬਾਰੇ ਬਾਖ਼ੂਬੀ ਜਾਣਦਾ ਹੈ ਕਿ ਉਹ ਅੰਦਰੋਂ ਕਿਸ ਤਰਾਂ ਦਾ

ਇਨਸਾਨ ਹੈ/ਮਨੁੱਖ ਹੈ:-

. . ਸੱਚਾ-ਸੁੱਚਾ, ਈਮਾਨਦਾਰ, ਹੱਕ ਸੱਚ ਦੀ ਕਮਾਈ ਕਰਕੇ ਮਨੁੱਖਾ ਜੀਵਨ ਜਿਉਂਣ ਵਾਲਾ।

ਜਾਂ

. . ਝੂਠਾ, ਮੱਕਾਰੀ, ਫ਼ਰੇਬੀ, ਬੇਈਮਾਨ, ਪਾਖੰਡੀ, ਚੋਰ ਕਿਸਮ ਦਾ।

. . ਕਿਸ ਤਰਾਂ ਦਾ ਜੀਵਨ ਉਹ ਜਿਉਂਦਾ ਹੈ?

. . ਕਿਸ ਤਰਾਂ ਉਹ ਦੂਸਰਿਆਂ ਨਾਲ ਵਰਤ-ਵਰਤਾਅ ਕਰਦਾ ਹੈ।

. . ਉਹ ਕਿੰਨ੍ਹਾ ਕੁ ਧਾਰਮਿੱਕ ਹੈ, ਸਰਧਾਵਾਨ ਹੈ?

. . ਉਸਦੀ ਸਰਧਾ ਅੰਧ-ਵਿਸ਼ਵਾਸ ਜਾਂ ਡਰ ਦੇ ਤਹਿਤ ਤਾਂ ਨਹੀਂ ਬਣੀ।

. . ਇਹ ਆਪਣੇ ਆਪ ਨੂੰ ਘੋਖਣਾ/ਜਾਨਣਾ ਵੀ ‘ਗਿਆਨ’ ਨਾਲ ਹੀ ਹੋ ਸਕਦਾ ਹੈ।

. . ਇਹ ਆਪਣੇ ਆਪ ਨੂੰ ਘੋਖਣ/ਜਾਨਣ ਦਾ ਗਿਆਨ/ਜਾਣਕਾਰੀ ਸਾਨੂੰ ਸੰਗਤ ਅਤੇ ਕਿਤਾਬਾਂ

ਦੇ ਸਕਦੀਆਂ ਹਨ।

. . ( (ਗਿਆਨ/ਜਾਣਕਾਰੀ ਲੈਕੇ ਆਪਣੇ ਆਪ ਨੂੰ ਘੋਖਣਾ/ਜਾਨਣ ਦਾ ਆਖੀਰਲਾ ਫੈਸਲਾ ਮੇਰਾ ਆਪਣਾ ਖ਼ੁਦ ਦਾ ਹੋਣਾ ਹੈ।))

** ਕੋਈ ਵੀ ਮਨੁੱਖ, ਕਿਸੇ ਦੂਸਰੇ ਮਨੁੱਖ ਦੇ ਬਾਰੇ ਕੁੱਝ ਨਹੀਂ ਜਾਣ ਸਕਦਾ।

(ਚਾਹੇ ਉਹ ਮਨੁੱਖ ਤੁਹਾਡਾ ਆਪਣਾ ਬੇਟਾ ਜਾਂ ਬੇਟੀ ਹੈ. . ਆਪਣੇ ਬੱਚੇ ਤੋਂ ਜਿਆਦਾ ਨਜ਼ਦੀਕੀ ਰਿਸ਼ਤਾ ਨਹੀਂ ਹੋ ਸਕਦਾ।)

. . ਦੂਸਰਿਆਂ ਦੇ ਬਾਰੇ ਕੁੱਝ ਸੋਚਿਆ ਜਾਂ ਬੋਲਿਆ ਕੇਵਲ ਸਾਡੀ ‘ਕਿਆਸ-ਅਰਾਈ’ ਹੀ

ਹੋਵੇਗੀ, ‘ਅੰਦਾਜ਼ਾ’ ਹੀ ਹੋਵੇਗਾ, ਅਨੁਮਾਨ ਹੀ ਹੋਵੇਗਾ।

. . ਕਿਉਂਕਿ ਹਰ ਇਨਸਾਨ/ਮਨੁੱਖ ਦਾ ਜੀਵਨ, ਆਪੋ-ਆਪਣਾ ਹੈ।

. . ਜੋ ਅਲੱਗ-ਅਲੱਗ ਹੈ, ਆਪੋ-ਆਪਣੇ ਅਲੱਗ-ਅਲੱਗ ਸੰਸਕਾਰਾਂ ਕਰਕੇ।

. . ਸੋ ਇਸ ਮਨੁੱਖਾ ਸੰਸਾਰ ਵਿੱਚ ਕੋਈ ਵੀ ‘ਦੋ’ ਮਨੁੱਖ ਇੱਕ ਤਰਾਂ ਦੀ ਸੋਚ ਦੇ ਮਾਲਿਕ ਨਹੀਂ

ਹਨ. . ਅਸੀਂ ਸਾਰੇ ਹੀ ਅਲੱਗ-ਅਲੱਗ ਬਿਰਤੀ/ਸੋਚ ਰੱਖਦੇ ਹਾਂ।

. . ਇਸ ਲਈ ਕੋਈ ਵੀ ਮਨੁੱਖ ਕਿਸੇ ਦੂਸਰੇ ਬਾਰੇ ਕੁੱਝ ਜਾਣ ਹੀ ਨਹੀਂ ਸਕਦਾ।

. . ਕੇਵਲ ਆਪਣੇ ਬਾਰੇ ਹੀ ਮਨੁੱਖ ਜਾਣ ਸਕਦਾ ਹੈ ਕਿ ਉਹ ਕੀ ਹੈ?

. . ਕਿਸੇ ਵੀ ਮਨੁੱਖ ਨੇ ਅਗਰ ਦੁਨੀਆਵੀ ਪੜ੍ਹਾਈ ਨਹੀਂ ਵੀ ਪੜ੍ਹੀ, ਸਕੂਲ਼ ਨਹੀਂ ਵੀ ਗਿਆ।

. . ਤਾਂ ਵੀ ਹਰ ਮਨੁੱਖ ਦੇ ਪਾਸ ਕੁੱਦਰਤ ਵਲੋਂ ਮਿਲੀ ਅਕਲ/ਮੱਤ/ਬੁੱਧ ਅਤੇ ਮਨ ਤਾਂ ਹੁੰਦਾ ਹੀ ਹੈ। ਜਿਸ ਨਾਲ ਕੋਈ ਵੀ ਦੁਨੀਆਵੀ ਪੜ੍ਹਾਈ ਵਲੋਂ ਅਨਪੜ੍ਹ ਮਨੁੱਖ ਆਪਣਾ ਜੀਵਨ ਨਿਰਭਾਹ ਕਰ ਸਕਦਾ ਹੈ. ਕਰਦਾ ਹੀ ਹੈ।

. . ਦੁਨੀਆਵੀ ਪੜ੍ਹਾਈ ਦੇ ਨਾਲ ਮਨੁੱਖ ਨੂੰ ਆਪਣੇ ਬਾਰੇ ਅਤੇ ਇਸ ਸੰਸਾਰ ਦੇ ਬਾਰੇ ਹੋਰ ਬਹੁਤ ਸਾਰੀ ਜਾਣਕਾਰੀ ਮਿਲਦੀ ਹੈ। ਜਿਸ ਨਾਲ ਮਨੁੱਖੀ ਸੋਚ ਦਾ ਦਾਇਰਾ ਬਹੁੱਤ ਵਿਸ਼ਾਲ ਹੋ ਜਾਂਦਾ ਹੈ। ਬਹੁਤ ਸਾਰੇ ਵਿਸ਼ਿਆਂ ਦੀ ਜਾਣਕਾਰੀ ਮਨੁੱਖ ਨੂੰ ਹੋ ਜਾਂਦੀ ਹੈ।

. . ਬਾਹਰਲੀ ਪੜ੍ਹਾਈ ਦੇ ‘ਗਿਆਨ’ ਨਾਲ ਹੀ ਸਾਨੂੰ ਲਿਪੀ ਦਾ/ਅੱਖਰਾਂ ਦਾ ਗਿਆਨ ਮਿਲਦਾ ਹੈ।

. . ਅਖਰੀ ਨਾਮੁ ਅਖਰੀ ਸਾਲਾਹ॥ ਅਖਰੀ ਗਿਆਨੁ ਗੀਤ ਗੁਣ ਗਾਹ॥

ਅਖਰੀ ਲਿਖਣੁ ਬੋਲਣੁ ਬਾਣਿ॥ ਅਖਰਾ ਸਿਰਿ ਸੰਯੋਗੁ ਵਖਾਣਿ॥ ਮ1॥ ਪੰ 4॥

. . ਪੜ੍ਹਕੇ, ਸੁਣਕੇ, ਜਾਣਕੇ, ਗਿਆਨ ਲੈਕੇ ਹੀ ਸਾਡੇ ਮਨ ਅੰਦਰ ਕਿਸੇ ਪ੍ਰਤੀ ਸਰਧਾ-ਭਾਵਨਾ ਦੇ ਖਿਆਲ-ਵਿਚਾਰ ਪੈਦਾ ਹੂੰਦੇ ਹਨ।

** ‘ਸਰਧਾ/ਭਾਵਨਾ ਦਾ ਦਿਖਾਵਾ ਕੇਵਲ ਮਨੁੱਖਾਂ ਵਿੱਚ ਹੀ ਹੈ। ਕਿਉਂਕਿ ਮਨੁੱਖ ਬਹੁਤ ਤਰਾਂ ਦੇ ਝੂਠੇ-ਸਚੇ, ਚਲਿੱਤਰ-ਝੂਠਾ-ਵਿਖਾਵਾ ਕਰ ਸਕਦਾ ਹੈ।

. . ਪਾਖੰਡ ਕਰ ਸਕਦਾ ਹੈ।

. ਇਸ ਸੱਭ ਕੁੱਝ ਦੇ ਕਰਨ ਪਿੱਛੇ ਮਨੁੱਖ ਦਾ ਆਪਣਾ ਸੁਆਰਥ ਹੁੰਦਾ ਹੈ।

. . ਆਪਣਾ ਮਕਸਦ ਹੁੰਦਾ ਹੈ, ਕੁੱਝ ਨਾ ਕੁੱਝ ਪ੍ਰਾਪਤ ਕਰਨ ਦੀ ਲਾਲਸਾ ਹੁੰਦੀ ਹੈ।

** ਭਾਰਤੀ ਖਿੱਤੇ ਵਿੱਚ ਚਾਲਾਕ ਬ੍ਰਾਹਮਣ/ਬਿਪਰ/ਪਾਂਡੇ/ਪੂਜਾਰੀ ਨੇ ਹਜ਼ਾਰਾਂ ਸਾਲ ਪਹਿਲਾਂ ਹੀ ਲੋਕਾਂ ਨੂੰ ਬੇਵਕੂਫ਼ ਬਨਾਉਣਾ ਸੁਰੂ ਕਰ ਦਿੱਤਾ ਸੀ।

. . ਨਕਲੀ ‘ਰੱਬ/ਭਗਵਾਨ’ ਦੇਵੀ-ਦੇਵਤੇ ਬਣਾ ਕਿ ਲੋਕਾਂ ਨੂੰ ਡਰਾਉਣਾ ਕੀਤਾ।

. . ਜ਼ਾਤ-ਪਾਤ ਦੇ ਆਧਾਰ ਤੇ ਵੰਡੀਆਂ ਪਾ ਦਿੱਤੀਆਂ।

. . ਲੋਕਾਂ ਵਿੱਚ ਵਖਰੇਵਾਂ ਪਾ ਦਿੱਤਾ।

. . ਉੱਚੀ ਜ਼ਾਤ ਵਾਲਾ, ਨੀਵੀਂ ਜ਼ਾਤ ਵਾਲਾ ਬਣਾ ਦਿੱਤਾ।

. . ਬ੍ਰਾਹਮਣ ਆਪ ਦੇਵਤਾ ਬਣ ਬੈਠਾ, ਨੀਵੀਂ ਜ਼ਾਤ ਵਾਲੇ ਨੂੰ ਸ਼ੂਦਰ ਬਣਾ ਦਿੱਤਾ।

. . ਉਪਰੋਂ ਇਹ ਬ੍ਰਾਹਮਣ/ਬਿਪਰ/ਪਾਂਡੇ/ਪੂਜਾਰੀ ਦਾ ਹੁੱਕਮ:

. . ਕਿ ਅਗਰ ਤੁਸੀਂ ‘ਰੱਬੀ’ ਹੁਕਮਾਂ (ਭਾਵ ਬ੍ਰਾਹਮਣ/ਬਿਪਰ/ਪਾਂਡੇ/ਪੂਜਾਰੀ ਦੀਆਂ ਕਹੀਆਂ ਗੱਲਾਂ ਨੂੰ ਨਾ ਮੰਨਣਾ ਕੀਤਾ), ਨਾ ਪਾਲਣਾ ਨਾ ਕੀਤੀ ਤਾਂ ਤੁਹਾਡੇ ਤੇ/ਉਪਰ ‘ਰੱਬ’ ਦੀ ਕਰੋਪੀ ਆ ਜਾਵੇਗੀ।

. . ਰਾਹੂ ਕੇਤੂ ਦਾ ਕ੍ਰੋਧ ਅਤੇ ਤੁਹਾਨੂੰ ਦੁੱਖਾਂ, ਤਕਲੀਫਾਂ, ਦਰਦਾਂ, ਮੁਸੀਬਤਾਂ ਦਾ ਸਾਹਮਣਾ ਕਰਨਾ ਪਵੇਗਾ।

** ਫਿਰ ਚਾਲਾਕ ਬ੍ਰਾਹਮਣ/ਬਿਪਰ/ਪਾਂਡੇ/ਪੂਜਾਰੀ ਨੇ ਆਪ ਹੀ ਇਹਨਾ ਦੁੱਖਾਂ, ਤਕਲੀਫਾਂ, ਦਰਦਾਂ, ਮੁਸੀਬਤਾਂ ਦਾ ਇਲਾਜ ਵੀ ਦੱਸਣਾ ਕੀਤਾ।

. .’ਰੱਬ’ ਦੀ, ਰਾਹੂ/ਕੇਤੂ ਦੀ ਪੂਜਾ ਅਰਚਨਾ ਕਰਨੀ ਦੱਸੀ।

. . ਕਿਵੇਂ ‘ਰੱਬ’ ਦੀ ਚਾਪਲੂਸੀ/ਮੁੱਠੀਚਾਪੀ ਕਰਨੀ ਹੈ।

. .’ਰੱਬ’ ਦੀਆਂ ਖ਼ੁਸ਼ੀਆਂ ਦੀ ਕਿਵੇਂ ਪ੍ਰਾਪਤੀ ਮਰਨੀ ਹੈ।

** ਕਿਵੇਂ ‘ਸਰਧਾ’ ਪ੍ਰੇਮ-ਭਾਵ ਨਾਲ ਇਹਨਾਂ ਦੀ ਪੂਜਾ-ਅਰਚਨਾ/ਸੇਵਾ ਕਰਨੀ ਹੈ।

** ਕਿਵੇਂ ਦੇਵੀ ਦੇਵਤਿਆਂ ਨੂੰ ਖ਼ੁਸ਼ ਕਰਨਾ ਹੈ।

** ਕਿਵੇਂ ਰਾਹੂ-ਕੇਤੂ ਨੂੰ ਮਨਾਉਣਾ ਹੈ।

** ਕਿਵੇਂ ਦੁਸ਼ਟ-ਭਾਵ, ਕਲਹ-ਕਲੇਸ਼ ਨੂੰ ਦੂਰ ਕਰਨਾ ਕਰਾਉਣਾ ਹੈ।

** ਕਿਵੇਂ ‘ਸਰਧਾ’ ਭਾਵ ਨਾਲ ਸਿਰ ਝੁੱਕਾ ਕਿ ‘ਭਗਵਾਨ’ ਦੀਆਂ ਖ਼ੁਸ਼ੀਆਂ ਦੀ ਪ੍ਰਾਪਤੀ ਕਰਨੀ ਹੈ।

** ਚਾਲਾਕ ਬ੍ਰਾਹਮਣ/ਬਿਪਰ/ਪਾਂਡੇ/ਪੂਜਾਰੀ ਨੇ ‘ਸਰਧਾ’ ਦੇ ਨਾਂ ਉਪਰ ਲੋਕਾਂ ਨੂੰ ਬਹੁਤ ਲੁੱਟਿਆ ਹੈ। ਅੱਜ ਤੱਕ ਲੋਕਾਈ ਨੂੰ ਲੁੱਟਿਆ ਜਾ ਰਿਹਾ ਹੈ।

. . ਅੱਜ ਦੇ ਸਿੱਖ ਸਮਾਜ, ਸਿੱਖ ਜਗਤ ਨੇ ਵੀ ਇਸ ਚਾਲਾਕ ਬ੍ਰਾਹਮਣ/ਬਿਪਰ/ਪਾਂਡੇ/ਪੂਜਾਰੀ ਦੀਆਂ ਮੰਨਮੱਤੀ, ਕਰਮਕਾਂਡੀ ਫੋਕੀਆਂ ਮਨਾਉਤਾਂ ਨੂੰ ਅਪਨਾ ਲਿਆ ਹੈ।

. . ਇਸ ਫੋਕੀ ਸਰਧਾ ਦੇ ਨਾਂ ਤੇ ਸਿੱਖ ਸਮਾਜ ਦੇ ਗੁਰਦੁਆਰਿਆਂ ਵਿੱਚ ਵੀ ਇਹ ਬ੍ਰਾਹਮਣੀ ਮਨਾਉਤਾਂ ਨੂੰ ਨਿਭਾਉਂਦਿਆਂ ਸਿੱਖਾਂ ਨੂੰ ਆਮ ਹੀ ਵੇਖਿਆ ਜਾ ਸਕਦਾ ਹੈ।

. . ਅੱਜ ਹਰ ਆਮ-ਖਾਸ ਗੁਰਦੁਆਰੇ ਵਿੱਚ ਇਹਨਾਂ ਬ੍ਰਾਹਮਣੀ ਮੰਨਮੱਤਾਂ ਦੀ ਭਰਮਾਰ ਹੈ। ਸਿੱਖ ਸਮਾਜ ਦੇ ਲੋਕਾਂ ਵਿੱਚ ਇਹੀ ਫੋਕੀ ਸਰਧਾ, ਮੰਨਮੱਤਾਂ ਦਾ ਅਸਰ ਹੋ ਰਿਹਾ ਹੈ। ਉਸੇ ਤਰਹ ਦੀ ਸਿੱਖਿਆ ਲੈਕੇ ਅੱਗਲੀ ਪੀੜ੍ਹੀ ਤਿਆਰ ਹੁੰਦੀ ਹੈ।

. . ਸਿੱਖ ਸਮਾਜ ਦੀ `ਚੜ੍ਹਦੀ-ਕਲਾਦੀ ਬਜਾਏਢਹਿੰਦੀ-ਕਲਾਵਾਲੀ ਸਥਿੱਤੀ

ਬਣੀ ਹੋਈ ਬੜੀ ਸਾਫ਼ ਨਜ਼ਰ ਰਹੀ ਹੈ।

*** ਮਨੁੱਖ ਦੇ ਪਾਸ ਮਨ ਹੈ, ਜੋ ਹਰ ਗੱਲ/ਵਿਚਾਰ ਜਾਂ ਸਥਿੱਤੀ ਦੀ ਤਹਿ ਤੱਕ ਜਾ ਕੇ ਉਸ ਬਾਰੇ ਜਾਣਕਾਰੀ ਲੈਣਾ ਚਹੂੰਦਾ ਹੈ।

. . ਤਾਂ ਹੀ ਕਿਸੇ ਗੱਲ/ਵਿਚਾਰ ਜਾਂ ਸਥਿੱਤੀ ਤੇ ਵਿਸ਼ਵਾਸ ਕਰਦਾ ਹੈ।

. . ਤਾਂ ਹੀ ਮਨੁੱਖ ਦੇ ਮਨ ਦੇ ਸ਼ੰਕੇ ਦੂਰ ਹੁੰਦੇ ਹਨ।

. . ਤਾਂ ਹੀ ਮਨੁੱਖ ਦੇ ਮਨ ਵਿੱਚ ਕਿਸੇ ਦੂਸਰੇ ਮਨੁੱਖ ਦੇ ਪ੍ਰਤੀ ਵਿਸ਼ਵਾਸ ਕਰਨ ਵਿੱਚ ਦ੍ਰਿੜਤਾ ਆਉਂਦੀ ਹੈ।

. . ਇਹ ਦ੍ਰਿੜਤਾ ਹੀ ਹੌਲੀ-ਹੌਲੀ ਵਿੱਚ ‘ਸਰਧਾ’ ਦਾ ਰੂਪ ਧਾਰਨ ਕਰ ਲੈਂਦੀ ਹੈ।

. . ਇਥੇ ਸਾਨੂੰ ‘ਸਰਧਾ’ ਦੀ ਕਿਸਮ ਬਾਰੇ, ਰੂਪ ਬਾਰੇ ਵੀ ਜਾਣਕਾਰੀ ਹੋਣੀ ਚਾਹੀਦੀ ਹੈ।

ਸਰਧਾ ਦੋ ਕਿਸਮ ਦੀ ਹੈ। 1, ਗਿਆਨ ਵਾਲੀ। 2. ਗਿਆਨ ਹੀਣੀ (ਅੰਨ੍ਹੀ-ਸਰਧਾ)।

. . ਗਿਆਨ ਵਾਲੀ ‘ਸਰਧਾ’ ਪੈਦਾ ਹੋਣ ਦਾ ਕਾਰਨ ‘ਗਿਆਨ, ਜਾਣਕਾਰੀ, ਸੋਝੀ’ ਹੈ,

. . ਗਿਆਨ ਹੀਣੀ (ਅੰਨ੍ਹੀ-ਸਰਧਾ, ਪੈਦਾ ਹੋਣ ਦਾ ਕਾਰਨ;

ਅੰਧ-ਵਿਸ਼ਵਾਸ, ਅਗਿਆਨਤਾ, ਅਨਪੜ੍ਹਤਾ।

. .’ਗਿਆਨ’ ਵਿਚੋਂ ਪੈਦਾ ਹੋਈ ‘ਸਰਧਾ’ ਵਿਚ;

. . ਕਿਸੇ ਤਰਾਂ ਦੇ ਕਰਮਕਾਂਡ, ਆਡੰਬਰ, ਵਿਖਾਵਾ, ਭਰਮ, ਪਾਖੰਡ ਨਹੀਂ ਹੋਵੇਗਾ।

. . ਗਿਆਨਵਾਨ ਦੇ ਅੰਦਰ ਗਿਆਨ ਦਾ ਦੀਵਾ ਜਗਣਾ ਸੁਰੂ ਹੋ ਜਾਂਦਾ ਹੈ।

. . ਗਿਆਨਵਾਨ ਆਪਣੇ ਅੰਦਰ ਦੇ ‘ਗਿਆਨ’ ਨੂੰ ਆਪਣਾ ਮਾਰਗ-ਦਰਸ਼ਕ ਮੰਨਦਾ ਹੈ।

. . ਗਿਆਨਵਾਨ ਜਾਗਰੂਕ ਹੋਣ ਕਰਕੇ ਕਿਸੇ ਤਰਾਂ ਦੇ ਆਡੰਬਰ, ਪਾਖੰਡ, ਕਰਮਕਾਂਡ, ਮੰਨਮੱਤ

ਨੂੰ ਨਹੀਂ ਅਪਨਾਉਂਣਾ ਕਰਦਾ।

. . ਗਿਆਨਵਾਨ ਹਰ ਸਥਿੱਤੀ, ਗੱਲ, ਵਿਚਾਰ, ਨੂੰ ਪਹਿਲਾਂ ਤੋਲਦਾ ਹੈ,

ਫਿਰ ਸਾਰੰਜਾਮ ਦਿੰਦਾ ਹੈ।

. . . . ਅੰਧ-ਵਿਸ਼ਵਾਸ, ਅਗਿਆਨਤਾ, ਅਨਪੜ੍ਹਤਾ, ਵਿਚੋਂ ਪੈਦਾ ਹੋਈ. .

‘ਅੰਨ੍ਹੀ ਸਰਧਾ’ ਵਿੱਚ ‘ਗਿਆਨ’ ਵਾਲਾ ਪੱਖ ਤਾਂ ਖਤਮ ਹੀ ਹੋ ਜਾਂਦਾ ਹੈ।

. . ਅਗਿਆਨਤਾ, ਅਨਪੜ੍ਹਤਾ, ਅੰਧ-ਵਿਸ਼ਵਾਸ ਕਰਕੇ ‘ਅੰਨ੍ਹੀ-ਸਰਧਾ’ ਵਾਲੇ ਮਨੁੱਖ ਦਾ ਦਿਮਾਗ਼ ‘ਗਿਆਨ’ ਲੈਣ ਨੂੰ ਤਿਆਰ ਹੀ ਨਹੀਂ ਹੁੰਦਾ।

. .’ਅੰਨ੍ਹੀ-ਸਰਦਾ’ ਵਾਲਾ ਮਨੁੱਖ ਜਾਗਰਤਾ ਵਾਲੇ ਪਾਸੇ ਨਹੀਂ ਜਾ ਸਕਦਾ। ਕਿਉਂਕਿ ਉਸਦੀ ਸੋਚਣ ਸ਼ਕਤੀ ਇੱਕ ਸੀਮਿੱਤ ਦਾਇਰੇ ਵਿੱਚ ਕੈਦ ਹੋ ਜਾਂਦੀ ਹੈ। ਜਿਸ ਵਿਚੋਂ ਬਾਹਰ ਨਿਕਲਣਾ ਮਨੁੱਖ ਲਈ ਬਹੁਤ ਜਦੋ-ਜਹਿਦ ਬਣ ਜਾਂਦਾ ਹੈ, ਬਹੁੱਤ ਮੁਸ਼ਕਲ ਹੋ ਜਾਂਦਾ ਹੈ।

. . ਮਨੁੱਖ ਨੂੰ ਸਮਝ ਨਹੀਂ ਆਉਂਦੀ, ਕਿ … ਕੀ ਗਲਤ ਹੈ ਅਤੇ ਕੀ ਸਹੀ ਹੈ।

. . ਬੱਸ ਜਿਹੜੀਆਂ ਫੋਕੀਆਂ ਮਾਨਤਾਵਾਂ, ਵਹਿਮਾਂ, ਭਰਮਾਂ, ਪਾਖੰਡਾਂ ਦਾ ਦਿਮਾਗ਼ ਤੇ ਅਸਰ ਹੋ ਗਿਆ, ਉਹਨਾਂ ਦੇ ਤਹਿਤ ਹੀ ਮਨੁੱਖ ਆਪਣਾ ਜੀਵਨ ਬਤੀਤ ਕਰਨ ਲੱਗ ਜਾਂਦਾ ਹੈ।

****** ਮਨੁੱਖਾ ਜੀਵਨ ਵਿੱਚ ‘ਸਰਧਾ’ ਦਾ ਪੈਦਾ ਹੋਣਾ, ਮਨੁੱਖ ਦੇ ਬਣੇ ਸੰਸਕਾਰਾਂ ਕਾਰਨ ਹੈ।

. . ਇਹ ਸੰਸਕਾਰ ਮਨੁੱਖ ਨੂੰ ਆਪਣੇ ਮਾਤਾ-ਪਿਤਾ, ਘਰ-ਪਰੀਵਾਰ, ਦੋਸਤਾਂ/ਮਿੱਤਰਾਂ, ਸੰਗਤ, ਪੜ੍ਹਾਈ (ਕਿਤਾਬਾਂ) ਵਿਚੋਂ ਹੀ ਮਿਲਦੇ ਹਨ, ਬਣਦੇ ਹਨ।

. . ਮਾਤਾ-ਪਿਤਾ, ਘਰ-ਪਰੀਵਾਰ, ਦੋਸਤਾਂ/ਮਿੱਤਰਾਂ ਅਤੇ ਸੰਗਤ ਵਿਚੋਂ ਜਿਸ ਪ੍ਰਕਾਰ ਦੀ ਸੋਚ-ਵਿਚਾਰ, ਵਰਤ-ਵਰਤਾਅ, ਲੈਣ-ਦੇਣ ਨਾਲ ਮਨੁੱਖ ਦਾ ਵਾਹ-ਵਾਸਤਾ ਬਣਦਾ ਹੈ/ਪੈਂਦਾ ਹੈ ਠੀਕ ਉਸੇ ਤਰਾਂ ਦੀ ਸੋਚ ਮਨੁੱਖ ਵਿੱਚ ਵੀ ਬਣਦੀ ਜਾਂਦੀ ਹੈ।

. . ਅਗਰ ਇਹ ਮਾਤਾ-ਪਿਤਾ, ਘਰ-ਪਰੀਵਾਰ, ਦੋਸਤਾਂ/ਮਿੱਤਰਾਂ ਅਤੇ ਸੰਗਤ ਦਾ ਆਚਾਰ-ਵਿਹਾਰ ਧਾਰਮਿੱਕ ਕਿਸਮ ਦਾ ਹੈ ਤਾਂ ਮਨੁੱਖ ਦੇ ਮਨ ਵਿੱਚ ਧਾਰਮਿੱਕਤਾ ਪ੍ਰਤੀ ਸਰਧਾ ਭਾਵਨਾ ਬਣ ਜਾਂਦੀ ਹੈ।

. . ਵਰਨਾ ਮਨੁੱਖ ਦਾ ਝੁਕਾਅ, ਸੋਚਣ ਵਿਚਾਰ ਨਜ਼ਰੀਆਂ ਹੋਰ ਅਲੱਗ ਕਿਸਮ ਦਾ ਹੋ ਜਾਂਦਾ ਹੈ।

. . ਸਿੱਖ ਸਮਾਜ ਵਿੱਚ ਜਿਹੜੇ ਪਰੀਵਾਰ ਲੰਬੇ ਸਮੇਂ ਤੋਂ ਪਾਰੰਪਰਾਵਾਦੀ ਸੰਪਰਦਾਵਾਂ, ਡੇਰਿਆਂ, ਨਿਰਮਲੇ ਸਾਧਾਂ ਨਾਲ ਜੁੜੇ ਹਨ, ਉਹਨਾਂ ਦੀਆਂ ਮਾਨਤਾਵਾਂ, ਜੀਵਨ ਜਿਉਂਣ ਦਾ ਰੰਗ ਢੰਗ ਵੀ ਪਾਰੰਪਰਾਵਾਦੀ ਸੰਪਰਦਾਵਾਂ, ਡੇਰਿਆਂ, ਨਿਰਮਲੇ ਸਾਧਾਂ ਦੇ ਅਨੁਸਾਰੀ ਹੀ ਹੈ।

. . ਇਹਨਾਂ ਪ੍ਰੀਵਾਰਾਂ ਦੀ ‘ਅੰਨ੍ਹੀ-ਸਰਧਾ’ ਵੀ ਇਹਨਾਂ ਪਾਰੰਪਰਾਵਾਦੀ ਸੰਪਰਦਾਵਾਂ, ਡੇਰਿਆਂ, ਨਿਰਮਲੇ ਸਾਧਾਂ ਦੇ ਠਾਠਾਂ, ਡੇਰਿਆਂ ਸਥਾਨਾਂ ਦੇ ਨਾਲ ਹੀ ਜੁੜੀ ਹੁੰਦੀ ਹੈ।

. . ਇਹ ਅੰਨ੍ਹੀ ਸਰਧਾ ਵਾਲੇ ਲੋਕ, ਇਹਨਾਂ ਪਾਰੰਪਰਾਵਾਦੀ ਸੰਪਰਦਾਵਾਂ, ਡੇਰਿਆਂ, ਨਿਰਮਲੇ ਸਾਧਾਂ ਦੇ ਠਾਠਾਂ, ਡੇਰਿਆਂ ਸਥਾਨਾਂ ਬਾਰੇ ਆਪਣੇ ਮਨ ਵਿੱਚ ਕਿਸੇ ਕਿਸਮ ਦਾ ਭਰਮ ਪੈਦਾ ਨਹੀਂ ਕਰਦੇ, ਭਾਵ ਇਹਨਾਂ ਵਿੱਚ ਆਪਣੇ ਪਾਖੰਡੀ ਬਾਬਾ ਬਾਰੇ ਪੂਰਾ ਵਿਸ਼ਵਾਸ ਬਣਿਆ ਹੁੰਧਾ ਹੈ।

. . ਕਿਉਂਕਿ ਅਗਿਆਨਤਾ, ਅਨਪੜ੍ਹਤਾ ਇਹਨਾਂ ਅੰਨ੍ਹੀ ਸਰਧਾ ਵਾਲੇ ਲੋਕਾਂ ਨੂੰ ਜਾਗਣ ਦਾ ਮੌਕਾ ਹੀ ਨਹੀਂ ਦਿੰਦੀ।

. . ਅੰਨ੍ਹੀ ਸਰਧਾ ਵਾਲੇ ਲੋਕ ਆਪ ‘ਗੁਰਬਾਣੀ-ਗਿਆਨ-ਵਿਚਾਰ’ ਲੈ ਨਹੀਂ ਸਕਦੇ, ਭਾਵ ਆਪ ਪੜ੍ਹ ਨਹੀਂ ਸਕਦੇ।

. . ਆਪਣੇ ਬੂਬਨੇ ਵਿਹਲੜ ਬਾਬੇ ਤੋਂ ਸਿਵਾਏ ਕਿਸੇ ਹੋਰ ਤੇ ਵਿਸ਼ਵਾਸ ਨਹੀਂ ਕਰਦੇ। ਅੰਨ੍ਹੀ ਸਰਧਾ ਵਾਲੇ ਲੋਕਾਂ ਦਾ ਮੰਨਣਾ ਹੈ ਕਿ ਉਹਨਾਂ ਦਾ ਬਾਬਾ ਹੀ ਸਹੀ ‘ਸੱਚ’ ਦਾ ਗਿਆਨ ਦੇ ਸਕਦਾ ਹੈ।

. . ਇਹ ਅੰਨ੍ਹੀ-ਸਰਧਾ-ਭਾਵਨਾ ਦੀ ਪਕੜ ਐਸੀ ਮਜ਼ਬੂਤ ਹੁੰਦੀ ਹੈ, ਕਿ ਸਰਧਾ-ਭਾਵਨਾ ਵਾਲਾ ਮਨੁੱਖ ਟੱਸ ਤੋਂ ਮੱਸ ਨਹੀਂ ਹੁੰਦਾ।

. . ਮਜ਼ਾਲ ਕੀ! ! ਕੋਈ ਹੋਰ ਐਰਾ-ਗੈਰਾ ਨੱਥੂ-ਖੈਰਾ, ਉਹਨਾਂ ਦੇ ਬਾਬੇ ਬਾਰੇ ਕੁੱਜ ਅਵਾ-ਤਵਾ ਬੋਲ ਜਾਏ।

. . ਆਪਣੇ ‘ਬਾਬੇ’ ਬਾਰੇ ਕਿਸੇ ਹੋਰ ਤੋਂ ਕੁੱਝ ਸੁਨਣਾ ਤਾਂ ਇਹਨਾਂ ਲੋਕਾਂ ਨੂੰ ਗਾਵਾਰਾ ਹੀ ਨਹੀਂ ਹੁੰਦਾ ਹੈ।

***** ਇਹੀ ਹਾਲ ਸਿੱਖ ਸਮਾਜ ਵਿੱਚ ਟਕਸਾਲੀਆਂ, ਡੇਰੇਦਾਰਾਂ, ਨਿਰਮਲੇ ਸਾਧਾਂ, ਵਿਹਲੜ ਬਾਬਿਆਂ ਦੇ ਪੈਰੋਕਾਰਾਂ ਦਾ ਹੈ।

. . ਇਹਨਾਂ ਸੰਪਰਦਾਵਾਂ ਦੇ ਚੇਲੇ-ਚਾਟੜੇ ਆਪਣੇ ਅਨਪੜ੍ਹ ਬਾਬੇ ਲਈ ਮਰਨ-ਮਰਾਉਣ ਤੱਕ ਉਤਰ ਆਉਂਦੇ ਹਨ।

. . ਪੂਰੇ ਸੰਸਾਰ ਭਰ ਦੇ ਦੇਸ਼ਾਂ ਵਿੱਚ ਅੱਜ ਕੱਲ ਸਿੱਖਾਂ ਦੇ ਬਣਾਏ ਗੁਰਦੁਆਰੇ ਵਿਖਾਈ ਦਿੰਦੇ ਹਨ।

. . ਇਹਨਾਂ ਗੁਰਦੁਆਰਿਆਂ ਵਿੱਚ ਇਹ ਅੰਨ੍ਹੀ ਸਰਧਾ ਵਾਲੇ ਲੋਕ ਲੜਾਈਆਂ ਝਗੜੇ ਕਰਦੇ ਆਮ ਹੀ ਵੇਖੇ ਜਾ ਸਕਦੇ ਹਨ।

. . ਇੱਕ ਦੂਸਰੇ ਸਿੱਖਾਂ ਦੀਆਂ ਪੱਗਾਂ ਲਾਹੁਣ ਦਾ ਰਿਵਾਜ ਤਾਂ ਇਹਨਾਂ ਅੰਨ੍ਹੀ ਸਰਧਾ ਵਾਲਿਆਂ ਵਿੱਚ ਆਮ ਹੀ ਹੋ ਗਿਆ ਹੈ।

*** ਅੰਨ੍ਹੀ ਸਰਧਾ:-

. . ਮਨੁੱਖ ਦਾ ਨੁਕਸਾਨ ਹੀ ਕਰਦੀ ਹੈ।

. . ਮਨੁੱਖ ਦੀ ਪ੍ਰਗਤੀ/ਤਰੱਕੀ ਰੋਕ ਦਿੱੰਦੀ ਹੈ।

. . ਮਨੁੱਖ ਆਪਣੀ ਅਜ਼ਾਦੀ ਵੀ ਗੁਆ ਬਹਿੰਦਾ ਹੈ।

. . ਮਨ ਦੀ ਸੋਚ ਕਰਕੇ ਮਨੁੱਖ ਅਪੰਗ ਹੋ ਜਾਂਦਾ ਹੈ।

. . ਪ੍ਰੀਵਾਰ ਵਿੱਚ ਆਉਣ ਵਾਲੀ ਪੀੜ੍ਹੀ ਵੀ ਇਸ ਅੰਨ੍ਹੀ ਸਰਧਾ ਦੀ ਸ਼ਿਕਾਰ ਹੋ ਜਾਂਦੀ ਹੈ।

. . ਸ਼ਾਤਿਰ ਵਿਹਲੜ ਬਾਬੇ ਇਹਨਾਂ ਅੰਨ੍ਹੀ ਸਰਧਾ ਵਾਲਿਆਂ ਦਾ ਸ਼ੋਸ਼ਣ ਕਰਦੇ ਹਨ।

. . ਆਖਿਰ ਨੂੰ ਤਾਂ ਇਹਨਾਂ ਵਿਹਲੜਾਂ ਦੀਆਂ ਵੀ ਲੋੜਾਂ ਹਨ, ਜੋ ਇਹਨਾਂ ਅੰਨ੍ਹੀ ਸਰਧਾ ਵਾਲਿਆਂ ਤੋਂ ਹੀ ਪੂਰੀਆਂ ਹੁੰਦੀਆਂ ਹਨ।

. . ਵਰਨਾ ਇਹਨਾਂ ਵਿਹਲੜਾਂ ਨੂੰ ਕੌਣ ਪੁਛੇ?

. . ਅੰਨ੍ਹੀ ਸਰਧਾ ਵਾਲੇ ਲੋਕ ਇਹਨਾਂ ਸ਼ਾਤਿਰ ਵਿਹਲੜਾਂ ਬਾਬਿਆਂ ਦੇ ਲੱਤਾਂ ਗੋਡੇ ਵੀ ਘੁੱਟਦੇ ਆਮ ਵੇਖੇ ਜਾ ਸਕਦੇ ਹਨ।

. . ਅੰਨ੍ਹੀ ਸਰਧਾ ਵਾਲੇ ਲੋਕ ਨੂੰ ਇਹਨਾਂ ਅਨਪੜ੍ਹਾਂ ਵਿਹਲੜਾਂ ਢਿੱਢਲਾਂ ਦੇ ਕਛਾਹਿਰੇ ਵੀ ਧੋਣੇ ਪੈਂਦੇ ਹਨ।

. . ਅੰਨ੍ਹੀ ਸਰਧਾ ਘਰ ਦੇ ਜੁਆਕਾਂ ਨੂੰ ਉਚੇਰੀ ਪੜ੍ਹਾਈ ਨਹੀਂ ਕਰਨ ਦੇਂਦੀ।

. . ਅੰਨ੍ਹੀ ਸਰਧਾ ਵਾਲੀਆਂ ਬੀਬੀਆਂ ਦਾ ਸ਼ੋਸ਼ਣ ਡੇਰਿਆਂ ਵਿੱਚ ਆਮ ਹੀ ਹੁੰਦਾ ਰਹਿੰਦਾ ਹੈ।

(ਇਸਦੀਆਂ ਪ੍ਰਤੱਖ ਮਿਸਾਲਾਂ ਯੂ-ਟਿਊਬ ਮੀਡੀਏ ਉੱਪਰ ਵੇਖੀਆਂ ਜਾ ਸਕਦੀਆਂ ਹਨ)

. . ਅੰਨ੍ਹੀ ਸਰਧਾ ਪੂਰੇ ਹੱਸਦੇ-ਵੱਸਦੇ-ਰੱਸਦੇ ਘਰ ਦਾ ਝੁੱਗਾ ਚੌੜ ਕਰਵਾ ਦਿੰਦੀ ਹੈ।

. . ਅੰਨ੍ਹੀ ਸਰਧਾ ਵਾਲੇ ਲੋਕ ਆਮ ਦਰਖ਼ਤ ਬੇਰੀ ਨੂੰ ‘ਦੁੱਖ ਭੰਜਨੀ ਬੇਰੀ’ ਬਣਾ ਦਿੰਦੇ ਹਨ।

. . ਅੰਨ੍ਹੀ ਸਰਧਾ ਵਾਲੇ ਗੰਦੇ ਪੈਰਾਂ ਵਾਲੇ ਗੰਦੇ ਪਾਣੀ ਨੂੰ ‘ਅੰਮ੍ਰਿਤ’ ਕਹਿ ਕੇ ਪੀ ਜਾਂਦੇ ਹਨ।

. . ਅੰਨ੍ਹੀ ਸਰਧਾ ਵਾਲੇ ਮੜੀਆਂ-ਮਸ਼ਾਣਾਂ ਮਟੀਆਂ ਨੂੰ ਪੂਜਦੇ ਆਮ ਵੇਖੇ ਜਾ ਸਕਦੇ ਹਨ।

. . ਅੰਨ੍ਹੀ ਸਰਧਾ ਵਾਲੇ ਅੰਮ੍ਰਿਤਧਾਰੀ ਸਿੱਖਾਂ ਦੀਆਂ ਉੱਗਲਾਂ ਵਿੱਚ ਨਗਾਂ ਵਾਲੀਆਂ ਮੁੰਦੀਆਂ ਅਤੇ

ਗੁੱਟਾਂ ਤੇ ਮੌਲੀਆਂ ਦੀ ਭਰਮਾਰ ਹੁੰਦੀ ਹੈ।

. . ਅੰਨ੍ਹੀ ਸਰਧਾ ਵਾਲੇ ਸੰਗਰਾਦਾਂ, ਚੌਦੇਂ, ਪੁੰਨਿਆਂ, ਮੱਸਿਆ, ਮਾਘੀ ਮਹੀਨਾ ਸਰੋਵਰਾਂ,

ਤਲਾਵਾਂ ਵਿੱਚ ਨਹਾਉਂਦੇ ਆਮ ਵੇਖੇ ਜਾ ਸਕਦੇ ਹਨ।

. . ਅੰਨ੍ਹੀ ਸਰਧਾ ਵਾਲੇ ਵਿਹਲੜ ਸਾਧਾਂ ਦੇ ਡੇਰਿਆਂ ਵਿੱਚ ਕੋਤਰੀਆਂ ਪਾਠਾਂ ਦੀਆਂ ਲੜੀਆਂ ਦਾ ਹਿੱਸਾ ਬਣੇ ਆਮ ਵੇਖੇ ਜਾ ਸਕਦੇ ਹਨ।

. . ਅੰਨ੍ਹੀ ਸਰਧਾ ਵਾਲੇ ਜੋਤ, ਕੁੰਭ, ਨਾਰੀਅਲ, ਲਾਲ ਕੱਪੜਾ, 13 ਪਦਾਰਥੀ ਗੁੱਗਲ ਧੂਫ਼ਬੱਤੀ, ਕੜਾਹੀਏ ਵਿੱਚ ਸੁੱਕੀ ਰੇਤਾ, ਜੌਂਆਂ ਦੇ ਚੱਕਰਾਂ ਵਿੱਚ ਉੱਲਝੇ ਆਮ ਵੇਖੇ ਜਾ ਸਕਦੇ ਹਨ।

. . ਅੰਨ੍ਹੀ ਸਰਧਾ ਵਾਲੇ ਦਿਨ, ਵਾਰ, ਥਿੱਤਾਂ, ਕੰਜਕਾਂ, ਗੰਢਕਾਂ, ਸੁਦੀ, ਵਦੀ ਦੇ ਚੱਕਰਾਂ ਵਿੱਚ ਤਾਂ ਆਮ ਹੀ ਚੱਕਰ ਖਾਂਦੇ ਰਹਿੰਦੇ ਹਨ।

. . ਅੰਨ੍ਹੀ ਸਰਧਾ ਵਾਲੇ ਡੇਰੇਦਾਰ ਬਾਬਿਆਂ ਨੂੰ ਘਰੇ ਬੁਲਾ ਕੇ ਇਹਨਾਂ ਵਿਹਲੜ ਸਾਧਾਂ ਦੇ ਪੈਰ ਧੋ ਕੇ ਪੀਣਾ ਨਹੀਂ ਭੁੱਲਦੇ।

. . ਅੰਨ੍ਹੀ ਸਰਧਾ ਸਨਾਤਨ ਮੱਤ ਵਿੱਚ ਤਾਂ 100% ਹੀ ਹੈ। ਤੀਰਥਾਂ ਦੇ ਦਰਸ਼ਨ ਲਈ ਘਰ ਦੀ ਦਹਲੀਜ਼ ਤੋਂ ਹੀ ਡੰਡਾਉਤ (ਡੰਡੇ ਵਾਗੂੰ ਸਿੱਧਾ ਲੇਟ ਕੇ ਨਮਸਕਾਰ ਕਰਨੀ) ਕਰਨਾ ਸੁਰੂ ਕਰ ਦਿੰਦੇ ਹਨ। ਸਿੱਖਾਂ ਵਿੱਚ ਵੀ ਇਸ ਤਰਾਂ ਦੀ ਗਿਆਨਹੀਣੀ ਅੰਨ੍ਹੀ ਸਰਧਾ ਬਹੁਤ ਆ ਚੁੱਕੀ ਹੈ।

**** ਗਿਆਨਵਾਨ! ! ਵੀਰੋ, ਭੈਣੋਂ ਆਪ ਹੀ ਅੰਦਾਜ਼ਾ ਲਗਾ ਲਉ ਕਿ ਗਿਆਨਹੀਣੀ ਅੰਨ੍ਹੀ ਸਰਧਾ ਕੀ ਕੀ ਕਰਵਾਉਂਦੀ ਹੈ? ?

**** ਆਉ ‘ਗੁਰਬਾਣੀ’ ਗੁਰਮੱਤ ਗਿਆਨ ਵਿਚਾਰ ਦੇ ਅਨੁਸਾਰੀ ਜਾਨਣਾ ਕਰੀਏ ਕਿ ਉਹ ਸਰਧਾ ਕਿਸ ਤਰਾਂ ਦੀ ਹੈ, ਜਿਹੜੀ ਅਕਾਲ-ਪੁਰਖ, ਰੱਬ ਜੀ ਨੂੰ ਪ੍ਰਵਾਨ ਹੈ, ਗਿਆਨ-ਗੁਰੂ ਨੂੰ ਪ੍ਰਵਾਨ ਹੈ।

** ਹਰਿ ਜਨ ਕੇ ਵਡ ਭਾਗ ਵਡੇਰੇ ਜਿਨ ਹਰਿ ਹਰਿ ਸਰਧਾ ਹਰਿ ਪਿਆਸ॥ ਮ4. ਪੰਨਾ 10॥

** ਇਸ ਪੰਕਤੀ ਚੌਥੇ ਸਤਿਗੁਰੂ ਜੀ ਉਹ ਹਰੀ ਦੇ ਜਨ ਭਾਗਾਂ ਵਾਲੇ ਹਨ, ਜਿਹਨਾਂ ਦੇ ਅੰਦਰ ਅਕਾਲ-ਪੁਰਖ, ਰੱਬ ਜੀ ਦੇ ਰੱਬੀ-ਗੁਣਾਂ ਨੂੰ ਗ੍ਰਹਿਣ ਕਰਨ ਦੀ, ਲੈਣ ਦੀ, ਪਾਉਣ ਦੀ, … ਸਰਧਾ ਹੈ, ਲਗਨ ਹੈ, ਪਿਆਸ ਹੈ, ਖਿੱਚ ਹੈ, ਇੱਛਾ ਹੈ, ਲਾਲਸਾ ਹੈ।

. . ਭਾਵ:- ਉਹ ਹਰੀ ਜਨ, ਮਨੁੱਖ ਭਾਗਾਂ ਵਾਲੇ ਹਨ, ਭਾਵ ਚੰਗੇ ਕਰਮਾਂ ਵਾਲੇ ਹਨ, ਜਿਹਨਾਂ ਨੇ ਰੱਬੀ ਗੁਣਾਂ ਨੂੰ ਅਪਨਾਉਂਣਾ ਕਰਨਾ ਕੀਤਾ। ਰੱਬੀ ਗੁਣਾਂ ਨੂੰ ਅਪਨਾਉਣ ਕਰਕੇ ਉਹਨਾਂ ਨੂੰ ਗਿਆਨ ਹੋ ਗਿਆ, ਸਮਝ ਆ ਗਈ ਕਿ ਰੱਬੀ ਗੁਣਾਂ ਨੂੰ ਅਪਣਾਕੇ, ਉਹਨਾਂ ਗੁਣਾਂ ਅਨੁਸਾਰੀ ਮਨੁੱਖਾ ਜੀਵਨ ਜਿਉਂਣਾ ਕਰਨਾ ਹੀ ਅਸਲ ਜੀਵਨ ਹੈ। ਇਸ ਤਰਾਂ ਦਾ ਜੀਵਨ ਜਿਉਂਣ ਦੀ ਪਿਆਸ ਲਗਨ ਉਹਨਾਂ ਹਰੀ-ਜਨਾਂ ਦੇ ਮਨ ਵਿੱਚ ਹਮੇਂਸ਼ਾ ਬਣੀ ਰਹਿੰਦੀ ਹੈ।

. . ਚੀਤਿ ਆਵੈ ਤਾਂ ਸਰਧਾ ਪੂਰੀ॥ ਮ5॥ ਪੰ 1141॥

. . ਅਗਰ ਅਕਾਲ-ਪੁਰਖ ਦੀ ਯਾਦ ਮਨ ਵਿੱਚ ਬਣੀ ਰਹੇ ਤਾਂ ਮਨੁੱਖ ਦੇ ਮਨ ਦੀ ਸਰਧਾ/ ਇੱਛਾ/ਲਾਲਸਾ ਪੂਰੀ ਹੋ ਜਾਂਦੀ ਹੈ।

. . ਭਾਵ:- ਹਰ ਵਕਤ ਰੱਬੀ ਗੁਣਾਂ ਨੂੰ ਮਨ ਵਿੱਚ ਚੇਤੇ ਰੱਖਣਾ ਨਾਲ ਮਨੁੱਖ ਦੇ ਕਰਮਾਂ ਵਿੱਚ ਸਚਿਆਰਤਾ ਆ ਜਾਂਦੀ ਹੈ। ਸਚਿਆਰਤਾ ਆਉਂਣ ਨਾਲ ਮਨੁੱਖ ਦੇ ਕਰਮਾਂ ਵਿੱਚ ਚੜ੍ਹਦੀ ਕਲਾ ਆ ਜਾਂਦੀ ਹੈ। ਸਾਰੇ ਕੰਮਕਾਰ ਸਮੇਂ ਅਨੁਸਾਰੀ ਪੂਰਨ ਹੁੰਦੇ ਰਹਿੰਦੇ ਹਨ।

** ਸਤਿਗੁਰੁ ਹੋਇ ਦਇਆਲੁ ਤ ਸਰਧਾ ਪੂਰੀਐ॥ ਮ3॥ ਪੰ 104॥

. . ਸਤਿਗੁਰੂ, ਅਕਾਲ-ਪੁਰਖ ਦੇ ਮਿਹਰਵਾਨ ਹੋਣ ਨਾਲ ਮਨ ਦੀਆਂ ਸਾਰੀਆਂ ਇਛਿਆਵਾਂ ਦੀ, ਕਾਮਨਾਵਾਂ ਦੀ, ਪੂਰਤੀ ਹੋ ਜਾਂਦੀ ਹੈ।

. . ਭਾਵ:- ਸਤਿਗੁਰੂ ਅਕਾਲ-ਪੁਰਖ ਜੀ ਦੇ ਮਿਹਰਵਾਨ ਹੋਣ ਨਾਲ, ਦਇਆਲ ਹੋਣ ਨਾਲ, ( ( ((ਅਕਾਲ-ਪੁਰਖ, ਸਤਿਗੁਰੂ ਜੀ ਤਾਂ ਹਰ ਵਕਤ, ਅੱਠੋ-ਪਹਿਰ ਹੀ ਮਿਹਰਵਾਨ ਹਨ, ਦਇਆਲ ਹਨ।

. . ਕਿਵੇਂ ਅਗਰ ਕੋਈ ਵੀ ਮਨੁੱਖ ਰੱਬੀ-ਗੁਣਾਂ ਨੂੰ ਆਪਣਾ ਮਨੁੱਖਾ ਜੀਵਨ ਵਿੱਚ ਅਪਨਾਕੇ, ਇਹਨਾਂ ਗੁਣਾਂ ਦੇ ਅਨੁਸਾਰੀ ਮਨੁੱਖਾ ਜੀਵਨ ਜਿਉਂਣਾ ਕਰਦਾ ਹੈ ਤਾਂ ਸੁੱਤੇ-ਸਿੱਧ ਉਸ ਮਨੁੱਖ ਦੇ ਕਰਮਾਂ ਵਿੱਚ ਸਚਿਆਰਤਾ ਦਾ ਆ ਜਾਣਾ ਸੁਭਾਵਿੱਕ ਹੈ।

. . ਜਦ ਮਨੁੱਖ ਗੁਰੂ ਨੂੰ ਆਪਣੇ ਅੰਗ-ਸੰਗ ਜਾਣਦਾ ਹੈ, ਮਹਿਸੂਸ ਕਰਦਾ ਹੈ ਤਾਂ ਉਸਦਾ ਆਪਾ ਕੰਟਰੋਲ ਵਿੱਚ ਆ ਜਾਂਦਾ ਹੈ। ਲੋੜਾਂ ਸੰਜਮ ਵਿੱਚ ਆ ਜਾਂਦੀਆਂ ਹਨ। ਸਾਰੀਆਂ ਮਨ ਦੀਆਂ ਲੋੜਾਂ ਵੀ ਪੂਰੀਆਂ ਕਰਨ ਵਿੱਚ ਮਨੁੱਖ ਸਮਰੱਥ ਹੋ ਜਾਂਦਾ ਹੈ।))))

** ਅੰਤਰਜਾਮੀ ਪੁਰਖ ਬਿਧਾਤੇ ਸਰਧਾ ਮਨ ਕੀ ਪੂਰੇ॥ ਮ5॥ ਪੰ 205॥

. . ਘਟਾਂ ਘਟਾਂ ਦੀ ਜਾਣਕਾਰੀ ਰੱਖਣਵਾਲੇ ਅਕਾਲ-ਪੁਰਖ ਜੀ ਨੇ ਐਸਾ ਵਿਧੀ ਵਿਧਾਨ ਬਣਾਇਆ ਹੈ, ਹਰ ਮਨੁੱਖ ਦੀਆਂ ਇਛਿਆਵਾਂ ਦੀ ਪੂਰਤੀ ਹੋਈ ਜਾ ਰਹੀ ਹੈ।

. . ਭਾਵ:- ਅਕਾਲ-ਪੁਰਖ ਜੀ ਦੇ ਰੱਬੀ-ਗੁਣਾਂ ਨੂੰ ਗ੍ਰਹਿਣ ਕਰਨਾ ਹੀ ਅਕਾਲ-ਪੁਰਖ ਜੀ ਦੀ ਕਿਰਪਾ ਦੇ ਪਾਤਰ ਬਨਣਾ ਹੈ।

. . ਗਿਆਨਵਾਨ ਬਨਣਾ ਹੈ।

. . ਆਪਣੇ ਆਪ ਨੂੰ ਜਗਾਉਂਣਾ ਹੈ।

. . ਗਿਆਨਵਾਨ ਬਣਕੇ ਮਨੁੱਖ ਦੀ ਸਰਧਾ, ਅੰਨ੍ਹੀ ਸਰਧਾ ਨਹੀਂ ਰਹਿੰਦੀ।

. . ਉਸਨੂੰ ਆਪੇ ਦਾ ਗਿਆਨ ਹੋ ਜਾਂਦਾ ਹੈ।

. . ਕਿ ਮੈਂ ਕੌਣ ਹਾਂ?

. . ਮੇਰੇ ਫ਼ਰਜ ਕੀ ਹਨ?

. . ਮੇਰੇ ਅਧਿਕਾਰ ਕੀ ਹਨ?

. .

**** ‘ਸਰਧਾ’ ਅਗਰ ‘ਗੁਰਮੱਤ’ ਗਿਆਨ-ਵਿਚਾਰ ਦੇ ਤਹਿਤ ਗਿਆਨਵਾਨ ਹੋ ਕੇ ਬਣਾਈ ਹੈ, ਤਾਂ ਸਿੱਖ-ਗੁਰਸਿੱਖ ਇਸ ਸਰਧਾ-ਭਾਵ ਦਾ ਲਾਹਾ ਲੈ ਸਕਦਾ ਹੈ।

. . ਇਹ ਗਿਆਨ ਤਹਿਤ ਬਣੀ ‘ਸਰਧਾ-ਭਾਵ’ ਚੰਗੀ ਸਤ-ਸੰਗਤ ਵੱਲ ਨੂੰ ਪ੍ਰੇਰਦੀ ਹੈ।

. . ਸਤ-ਸੰਗਤ ਵਿਚੋਂ ਗਿਆਨਵਾਨ ਲਾਹਾ ਪ੍ਰਾਪਤ ਕਰਦਾ ਹੈ।

. . ਗਿਆਨ ਵਿੱਚ ਵਾਧਾ ਹੁੰਦਾ ਹੇ।

*** ਅਗਿਆਨਤਾ-ਅਨਪੜ੍ਹਤਾ ਵਿਚੋਂ ਬਣੀ ‘ਸਰਧਾ’ ਅੰਨ੍ਹੀ-ਸਰਧਾ ਕਹਿਲਾਉਂਦੀ ਹੈ।

. . ਅੰਨ੍ਹੀ-ਸਰਧਾ, ਸਿੱਖ-ਗੁਰਸਿੱਖ ਨੂੰ ਉਸਦੇ ਸੱਚ ਦੇ ਮਾਰਗ ਤੋਂ ਪਾਸੇ ਕਰ ਦਿੰਦੀ ਹੈ।

. . ਭਰਮ-ਭੁਲੇਖਿਆਂ ਵੱਲ ਨੂੰ ਧੱਕ ਦਿੰਦੀ ਹੈ।

***** ਮਿਲਿ ਸੰਗਤਿ ਸਰਧਾ ਊਪਜੈ ਗੁਰ ਸਬਦੀ ਹਰਿ ਰਸੁ ਚਾਖੁ॥ ਮ 4॥ ਪੰ 997॥

***** ਅੱਜ ਦੇ ਸਿੱਖ ਸਮਾਜ/ਜਗਤ ਵਿੱਚ ਜੋ ਹਾਲਾਤ ਪ੍ਰਤੱਖ ਸਾਹਮਣੇ ਨਜ਼ਰ ਆ ਰਹੇ ਹਨ, ਉਹ ਜਿਆਦਾਤਰ ਅਨਪੜ੍ਹਤਾ ਅਤੇ ਅਗਿਆਨਤਾ ਦੀ ਪੈਦਾਇਸ਼ ਹਨ।

. . ਅਨਪੜ੍ਹਤਾ ਅਤੇ ਅਗਿਆਨਤਾ ਕਰਕੇ ਹੀ ਜਿਆਦਾਤਰ ਲੋਕ ਟਕਸਾਲੀਆਂ, ਸੰਪਰਦਾਈਆਂ, ਵਿਹਲੜ ਪਾਖੰਡੀ ਬਾਬਿਆਂ, ਨਿਰਮਲੇ ਸਾਧਾਂ ਦੀਆਂ ਬ੍ਰਾਹਮਣੀ/ਬਿਪਰ/ਪਾਂਡੇ ਵਾਲੀਆਂ ਚਾਲਾਂ ਵਿੱਚ ਫੱਸ ਜਾਂਦੇ ਹਨ।

. . ਅਨਪੜ੍ਹਤਾ ਅਤੇ ਅਗਿਆਨਤਾ ਕਰਕੇ ਲੋਕ ਇਹਨਾਂ ਸ਼ਾਤਿਰਾਂ ਦੀਆਂ ਚਾਲਾਂ ਨੂੰ ਸਮਝ ਨਹੀਂ ਪਾਉਂਦੇ, ਸਗੋਂ ਵੱਧ ਤੋਂ ਵੱਧ ਸਰਧਾਵਾਨ ਬਣਦੇ ਰਹਿੰਦੇ ਹਨ।

. . ਅਨਪੜ੍ਹਤਾ ਅਤੇ ਅਗਿਆਨਤਾ ਲੋਕ, ਲਾਈ-ਲੱਗ, ਵਹਿਮੀ, ਭਰਮੀ, ਪਾਖੰਡੀ ਬਣ ਜਾਂਦੇ ਹਨ।

. . ਅਨਪੜ੍ਹਤਾ ਅਤੇ ਅਗਿਆਨਤਾ ਕਰਕੇ ਸਾਡੇ ਬਹੁਤ ਸਿੱਖ ਪ੍ਰੀਵਾਰ ‘ਗੁਰਬਾਣੀ’ ਦੇ ਉੱਚੇ- ਸੁੱਚੇ ‘ਗੁਰਮੱਤ’ ਗਿਆਨ-ਵਿਚਾਰ ਨੂੰ ਵੀ ਸਮਝਣ ਵਿੱਚ ਪਿੱਛੇ ਰਹਿ ਗਏ ਹਨ।

. . ਅੱਜ ਸਾਡੇ ਪਰਮੁੱਖ ਧਾਰਮਿੱਕ ਸਥਾਨਾਂ/ਗੁਰਦੁਆਰਿਆਂ/ਅਦਾਰਿਆਂ ਵਿੱਚ ਸਰਧਾਵਾਨ ਲੋਕਾਂ ਦੀਆਂ ਭੀੜਾਂ ਬਹੁਤਾਤ ਵਿੱਚ ਵੇਖਣ ਨੂੰ ਮਿਲਦੀਆਂ ਹਨ।

. . ਲੋਕ ਚਾਰ-ਚਾਰ, ਪੰਜ-ਪੰਜ ਘੰਟੇ ਕਤਾਰਾਂ ਵਿੱਚ ਖੜਕੇ,

. . ਆਪਣੀ ਲਿਆਂਦੀ ਭੇਟਾ ਸ਼ਬਦ ਗੁਰੁ ਦੇ ਅੱਗੇ/ਪਿਛੇ ਰੱਖਕੇ, ਅਗਰ 100 ਰੁਪਏ ਦਿੱਤੇ ਤਾਂ ਵੱਡਾ ਸਾਰਾ ਪਤਾਸ਼ਾ/ਬਤਾਸ਼ਾ ਅਤੇ ਸੰਤਰੀ ਰੰਗ ਦਾ ਕਪੜਾ ਲੈਕੇ ਆਪਣੀ ਸਰਧਾ ਨੂੰ ਪੱਠੇ ਪਾਉਂਦੇ ਆਮ ਹੀ ਵੇਖੇ ਜਾ ਸਕਦੇ ਹਨ।

. . ਅਸੀਂ ਕੀ ਲੈਣ ਗਏ ਸੀ?

. . ਅਤੇ ਲੈਕੇ ਕੀ ਆਏ?

. . ਸਾਨੂੰ ਕੁੱਝ ਪਤਾ ਨਹੀਂ।

. . ਪਰ ਸਾਡੀ ‘ਸਰਧਾ’ ਨੂੰ ਜਰੂਰ ਪੱਠੇ ਪਾਏ ਗਏ ਹਨ।

. . ਫਿਰ ਅਸੀਂ ਤੀਰਥ ਯਾਤਰਾ ਤੋਂ ਵਾਪਸ ਆਉਂਦੇ ਰੱਸਤੇ ਵਿੱਚ ਗੱਲਾਂ ਵੀ ਕਰਦੇ ਆਉਂਦੇ ਹਾਂ, ਕਿ ਮੇਰੀ ਤਾਂ ਬਹੁਤ ਚਿਰ ਦੀ ਇਹ ਸਰਧਾ ਸੀ, ਕਿ ਪੋਤਾ ਹੋਣ ਉਪਰੰਤ ਮੈਂ ਬਾਬਾ ਜੀ ਦੀ ਸੁੱਖ ਲਾਹ ਕੇ ਆਉਂਣੀ ਹੈ। ਅੱਜ ਮੇਰੀ ਸਰਧਾ ਪੂਰੀ ਹੋ ਗਈ।

. . ਇਹ ਸਰਧਾ ਅਨਪੜ੍ਹਤਾ ਅਤੇ ਅਗਿਆਨਤਾ ਵਾਲੀ ਸਰਧਾ ਹੈ। (ਪਾਠਕਾਂ ਵਿਚੋਂ ਕਈ ਵੀਰ-ਭੈਣਾਂ ਦਾ ਆਪੋ-ਆਪਣਾ ਨਜ਼ਰੀਆ ਹੋ ਸਕਦਾ ਹੈ।)

( ( ( ( (. . ਇੱਕ ਟਕਸਾਲੀ ਮਹਾਂ-ਗਪੌੜੀ ਪ੍ਰਚਾਰਕ ਦਾ ਸੁਣਾਇਆ ਗੱਪ ਯਾਦ ਆ ਗਿਆ ਜੋ ਆਪ ਸੱਭ ਨਾਲ ਸਾਂਝਾ ਕਰ ਰਿਹਾ ਹਾਂ। ਇਸ ਵਿਚੋਂ ਅੰਨ੍ਹੀ-ਸਰਧਾ ਦੀ ਝਲਕ ਤੁਸੀਂ ਮਹਿਸੂਸ ਕਰ ਸਕਦੇ ਹੋ।

. . ਸਵਰੱਗਾਂ ਦੇ ਸੰਤਰੇ, ਸ਼ਹੀਦੀ ਪਹਿਰੇ, ਮਹਾਂ-ਪਰਸ਼ਾਂ ਦੇ ਬਚਨ … ਆਦਿ ਜੁੱਮਲੇ ਬੜੇ ਮਸ਼ਹੂਰ ਹਨ, ਇਸ ਮਹਾਂ-ਗਪੌੜੀ ਦੇ।

. . ਅੰਨ੍ਹੀ-ਸਰਧਾ ਬਾਰੇ ਇਹ ਗਪੌੜ ਵੀ ਇਸੇ ਕਿਸਮ ਦੀ ਹੈ।

. . ਮਹਾਂ-ਗਪੌੜੀ ਜੀ ਪਟਿਆਲੇ ਕਥਾ ਕਰ ਰਹੇ ਸਨ।

. . ਕਹਿਣ ਲੱਗੇ ‘ਕੱਲ ਘਰੇ ਸ਼ਾਮ ਨੂੰ ਮੇਰਾ ਟੈਲੀਫੂਨ ਬਾਰ ਬਾਰ ਖੜਕੀ ਜਾਵੇ’।

. . ਟੈਲੀਫੂਨ ਵੀ ਬਾਹਰੋਂ ਆ ਰਿਹਾ ਸੀ, ਤਾਂ ਮੇਰਾ ਮੱਥਾ ਠਣਕਿਆ ਕਿ ਇਸ ਤਰਾਂ ਬਾਰ ਬਾਰ ਟੈਲੀਫੂਨ ਆਉਣ ਦਾ ਮਤਲਭ ਜਰੂਰ ਕੋਈ ਬਿਪਤਾ ਵਿੱਚ ਆ।

. . ਮੈਂ ਭਾਈ ਟੈਲੀਫੂਨ ਚੱਕ ਲਿਆ। ਬੱਚਾ ਕਨੈਡਾ ਤੋਂ ਬੋਲ ਰਿਹਾ ਸੀ। ਜਦ ਉਸਨੇ ਆਪਣੇ ਮਾਤਾ ਪਿਤਾ ਬਾਰੇ ਦੱਸਿਆ, ਭਾਈ ਉਹ ਪ੍ਰੀਵਾਰ ਤਾਂ ਆਪਣਾ ਵੱਡੇ ਮਹਾਂ-ਪੁਰਸ਼ਾਂ ਦਾ ਪ੍ਰੇਮੀ ਪ੍ਰੀਵਾਰ ਨਿਕਲਿਆ।

. . ਮੇਰੇ ਨਾਲ ਵੀ ਉਹਨਾਂ ਦਾ ਬਹੁਤ ਪ੍ਰੇਮ ਹੈ। ਕਈ ਵਾਰ ਜਦੋਂ ਕਨੇਡੇ ਜਾਈਦਾ ਹੈ, ਤਾਂ ਉਹਨਾਂ ਦੇ ਘਰੇ ਜਾ ਕੇ ਠਹਿਰੀਦਾ ਹੈ।

. . ਭਾਈ ਮੈਂ ਬੱਚੇ ਨੂੰ ਪੁਛਿਆ ਕਿ ‘ਕਾਕਾ ਜੀ ਅਜੇਹੀ ਕਿਹੜੀ ਬਹੁੜੀ ਆ ਪਈ, ਜੋ ਬਾਰ-ਬਾਰ ਟੈਲੀਫੂਨ ਖੜਕਾਈ ਜਾਂਦੇ ਹੋ’ ? ?

. . ਭਾਈ ਬੱਚਾ ਕਹਿੰਦਾ, ‘ਬਾਬਾ ਜੀ ਕੱਲ ਨੂੰ ਮੇਰਾ ਡਰਾਈਵਿੰਗ ਦਾ ਕੰਮਪਿਊਟਰ ਟੈਸਟ ਹੋਣਾ ਆ’।

. . ਮੈਂਨੂੰ ਡਰ ਲੱਗਦਾ ਹੈ ਕਿ ਕਿਤੇ ਫੇਲ ਨਾ ਹੋ ਜਾਵਾਂ।

. . ਮੈਂ ਮੰਮੀ ਜੀ ਨੂੰ ਦੱਸਿਆ ਤਾਂ ਮੰਮੀ ਜੀ ਕਹਿੰਦੇ ਕਿ ਹੁਣੇ ਬਾਬਾ ਜੀ ਨੂੰ ਫੁਨ ਲਗਾ,

ਹੁਣੇ ਪੁੱਛ ਕੋਈ ਰਾਹ-ਉਪਾਅ। . . ਜਰੂਰ! ! ਬਾਬਾ ਜੀ! ! ਕੋਈ ਨਾ ਕੋਈ ਰਾਹ-ਉਪਾਅ ਜਰੂਰ ਦੱਸਣਗੇ।

. . ਇਸ ਕਰਕੇ ਬਾਬਾ ਜੀ ਬਾਰ ਬਾਰ ਟੈਲੀਫੂਨ ਕਰ ਰਿਹਾ ਸੀ।

. . ਲ਼ਉ ਭਾਈ ਸਾਧ ਸੰਗਤੇ! ! ਮੈਂ ਬੱਚੇ ਨੂੰ ਕਿਹਾ ਕਿ ਆਪਣੀ ਮੰਮੀ ਨਾਲ ਗੱਲ ਕਰਵਾਉ।

. . ਬੱਚੇ ਦੀ ਮੰਮੀ ਨਾਲ ਗੱਲ ਹੋਈ ਤਾਂ ਮੈਂ ਪੁੱਛਿਆ, ਕਿ ਭਾਈ ਘਰੇ ਗੁਰੂ ਮਹਾਰਾਜ਼ ਦੀ ਦੇਗ਼ ਤਿਆਰ ਕਰਦੇ ਹੋ ਕਿ ਨਹੀਂ।

. . ਕਹਿਣ ਲੱਗੀ। ‘ਨਹੀਂ’ ਬਾਬਾ ਜੀ! !

. . ਮੈਂ ਕਿਹਾ, ਕੋਈ ਗੱਲ ਨਹੀਂ … ਕਲ ਸਵੇਰ ਨੂੰ ਗੁਰੂ ਮਹਾਰਾਜ਼ ਦੀ ਦੇਗ਼ ਸਜਾਉਣੀ ਕਰੋ।

. . ਇੱਕ ਕਿਲੋ ਦੇਸੀ ਘਿਉ।

. . ਇੱਕ ਕਿਲੋ ਖੰਡ।

. . ਇੱਕ ਕਿਲੋ ਮੋਟਾ ਕਣਕ ਦਾ ਆਟਾ।

. . ਚਾਰ ਗੁਣਾਂ ਸੁੱਚਾ ਖੂਹ ਦਾ ਪਾਣੀ।

. . ਸਵੇਰੇ ਮੂੰਹ-ਹਨੇਰੇ, ਠੰਡੇ ਪਾਣੀ ਨਾਲ ਨਹਾ ਕੇ, ਸੁਚੇ ਮੂੰਹ, ਦੱਸੀ ਸਮੱਗਰੀ ਦੀ ਦੇਗ਼, ਲੋਹੇ ਦੀ ਕੜਾਹੀ ਵਿਚ, ਲਕੜਾਂ ਵਾਲੀ ਭੱਠੀ ਉਤੇ ਤਿਆਰ ਕਰ ਲੈਣੀ।

. . ਲਉ ਭਾਈ ਸੰਗਤੇ! ! ਜਦੋਂ ਮੈਂ ਪੁਛਿਆ ਕਿ ਗੁਰਦੁਆਰਾ ਕਿੰਨੀ ਦੂਰ ਹੈ? ਤਾਂ ਪੱਤਾ ਲੱਗਾ ਕਿ ਘਰ ਤੋਂ ਗੁਰਦੁਆਰਾ ਬਹੁਤ ਦੂਰ ਸੀ, ਤਕਰੀਬਨ 2 ਘੰਟੇ ਕਾਰ ਚਲਾ ਕੇ ਜਾਣਾ ਪੈਂਦਾ ਸੀ।

. . ਲਉ ਭਾਈ ਸੰਗਤੇ! ! ! ਹੁਣ ਹੱਲ ਤਾਂ ਕੋਈ ਲੱਭਣਾ ਪੈਣਾ ਸੀ।

. . ਮੈਂ ਪੁੱਛਿਆ! ! ਕਿ ਘਰੇ ਕੋਈ ਗੁਰੂ ਸਾਹਿਬਾਂ ਦੀ ਫੋਟੋ ਹੈ। ਕਹਿੰਦੇ ਨਹੀਂ।

. . ਕੋਈ ਹੋਰ ਫੋਟੋ ਹੈ। ਕਹਿੰਦੇ ਹਾਂ, ਵੱਡੇ ਮਹਾਂ-ਪੁਰਸ਼ਾਂ ਦੀ ਤਸਵੀਰ ਹੈ।

. . ਮੈਂ ਕਿਹਾ ਬਣ ਗਿਆ ਕੰਮ! ! !

. . ਨਹਾ ਧੋ ਕੇ ਸਾਰਾ ਪਰੀਵਾਰ ਮਹਾਂ-ਪਰਸ਼ਾਂ ਦੀ ਤਸਵੀਰ ਅੱਗੇ ਆ ਜਾਉ, ਨਾਲ ਹੀ ਸਾਹਮਣੇ ਮੇਜ਼ ਉੱਪਰ ਦੇਗ਼ ਸਜਾ ਲੈਣੀ।

. . ਦੇਗ਼ ਪਿੱਤਲ ਦੀ ਪ੍ਰਾਂਤ ਵਿੱਚ ਪਾ ਕੇ ਰੱਖਣੀ। ਠੰਡੀ ਹੋ ਜਾਵੇਗੀ। ਗਰਮ ਦੇਗ਼ ਨੂੰ ਭੋਗ ਨਹੀਂ ਲੱਗਦਾ।

. . ਅਰਦਾਸ ਕਰਨ ਵੇਲੇ ਸ਼ਹੀਦ ਸਿੰਘਾਂ ਨੂੰ ਜਰੂਰ ਯਾਦ ਕਰਨਾ।

. . ਫਿਰ ਸ਼ਹੀਦੀ ਪਹਰਾ ਲੱਗ ਜਾਂਦਾ ਹੈ। ਇਹਨਾਂ ਸ਼ਹੀਦ ਸਿੰਘਾਂ ਨੇ ਇਮਤਿਹਾਨ ਵਿੱਚ ਮਦਦ ਕਰਨੀ ਹੁੰਦੀ ਹੈ।

. . ਲਉ ਭਾਈ ਸੰਗਤੇ! ! ਜਿਵੇਂ ਜਿਵੇਂ ਮਰਿਆਦਾ ਦੱਸੀ, ਪ੍ਰੇਮੀ ਪਰੀਵਾਰ ਨੇ ਵੀ ਪੂਰੀ ਸਰਧਾ ਨਾਲ ਮਹਾਂ ਪਰਸ਼ਾਂ ਅੱਗੇ ਅਰਦਾਸ ਕਰਨੀ ਕੀਤੀ ……………।

. . ਲਉ ਭਾਈ ਸੰਗਤੇ! ! ਅੱਗਲੇ ਦਿਨ ਸ਼ਾਮ ਨੂੰ ਭਾਈ ਮੈਂ ਟੈਲੀਫੂਨ ਉਡੀਕੀ ਜਾਵਾਂ।

. . ਟੈਲੀਫੂਨ ਨਹੀਂ ਆਇਆ। ਹਾਰ ਕੇ ਮੈਂ ਏਧਰੋਂ ਮਿਸ ਕਾਲ ਮਾਰੀ।

. . ਉਧਰੋਂ ਭਾਈ ਬੜੀ ਉਦਾਸੀ ਭਰੀ ਆਵਾਜ਼ ਆਈ। ਕਹਿੰਦੇ ਕਾਕਾ ਜੀ, ਤਾਂ ਫ਼ੇਲ ਹੋ ਗਏ ਹਨ। ਮੈਨੂੰ ਬੜਾ ਝਟਕਾ ਲੱਗਿਆ। ਕਿ ਮਰਿਆਦਾ ਅਨੁਸਾਰ ਬਣਾਈ ਦੇਗ਼ ਅਤੇ ਕੀਤੀ ਅਰਦਾਸ ਬੇਕਾਰ ਨਹੀਂ ਜਾ ਸਕਦੇ। ਜਰੂਰ ਕਿਤੇ ਕੋਈ ਕਮੀ-ਪੇਛੀ ਰਹੀ ਹੈ।

. . ਭਾਈ ਸੰਗਤੇ! ! ਮੈਂ ਪੁਛਿਆ ਕਿ ਦੇਗ਼ ਦਾ ਪਾਣੀ ਕਿਥੋਂ ਲਿਆ ਸੀ।

. . ਕਹਿੰਦੇ ਟੂਟੀ ਦਾ ਪਾਣੀ ਲਿਆ ਸੀ।

. . ਦੇਸੀ ਘਿਉ ਘਰ ਦਾ ਨਹੀਂ ਸੀ।

. . ਆਟਾ ਵੀ ਬਰੀਕ ਸੀ।

. . ਦੇਗ਼ ਵਾਲੀ ਕੜਾਹੀ ਵੀ ਅਲੂਮੀਨੀਅਮ ਦੀ ਸੀ, ਜਦੋਂ ਕਿ ਲੋਹੇ ਦੀ ਚਾਹੀਦੀ ਸੀ।

. . ਦੇਗ਼ ਵੀ ਗੈਸ ਵਾਲੇ ਚੁੱਲ੍ਹੇ ਤੇ ਬਣਾਈ ਸੀ।

. . ਹੁਣ ਭਾਈ ਸੰਗਤੇ! ! ਤੁਸੀਂ ਆਪ ਹੀ ਦਸੋ, ਜਦੋਂ ਦੱਸੀ ਮਰਿਆਦਾ ਵਿੱਚ ਕਮੀਆਂ ਹੀ ਕਮੀਆਂ ਹੋਣ ਤਾਂ ਮਹਾਂ-ਪੁਰਸ਼ਾਂ ਦੀ/ਸ਼ਹੀਦਾਂ ਦੀ ਕਿਰਪਾ ਕਿਥੌਂ ਆਉਣੀ ਹੋਈ?

. . ਸ਼ਹੀਦ ਸਿੰਘ ਤਾਂ ਵੈਸੇ ਵੀ ਸੁੱਚਮ ਪਹਿਲਾਂ ਦੇਖਦੇ ਆ।

. . ਇਥੇ ਤਾਂ ਸਾਰਾ ਕੁੱਝ ਹੀ ਘਪਲਾ ਹੀ ਘਪਲਾ ਸੀ।

. . ਭਾਈ ਸੰਗਤੇ, ਪੂਰੇ ਇੱਕ ਮਹੀਨੇ ਬਾਦ, ਦੁਬਾਰਾ ਟਕਸਾਲ ਦੀ ਪੂਰੀ ਮਰਿਆਦਾ ਦੇ ਅਨੁਸਾਰ ਪੂਰਨਮਾਸ਼ੀ ਨੂੰ ਦੇਗ਼ ਤਿਆਰ ਕਰ ਕੇ ਅਰਦਾਸ ਕੀਤੀ ਤਾਂ ਕਾਕਾ ਜੀ ਪਾਸ ਹੋ ਗਏ।

. . ਬੋਲੋ ਜੀ ਸਤਿਨਾਮ ਸ੍ਰੀ ਵਾਹਿਗੁਰੂ।

** ਉਪਰਲੇ ਗਪੌੜ ਵਿਚੋਂ * * ਗੁਰੁ ਪਿਆਰਿਉ! ! ਕਈ ਸਵਾਲ ਤੁਹਾਡੇ ਮਨਾਂ ਵਿੱਚ ਆ ਰਹੇ ਹੋਣਗੇ। ਜਿਹਨਾਂ ਦੇ ਜਵਾਬ ਤੁਹਾਡਾ ਆਪਣਾ ਗਿਆਨ ਹੀ ਦੇਵੇਗਾ।

. . ਕੀ ਇਹ ਉਪਰਲੀ ਸਰਧਾ, ਗਿਆਨਵਾਨ ਸਰਧਾ ਹੈ ਜਾਂ ਗਿਆਨਹੀਣੀ ਅੰਨ੍ਹੀ-ਸਰਧਾ।

*** ਸਿੱਖੀ ਜਗਤ ਵਿੱਚ ਬਹੁਤ ਸਾਰੇ ਚਿਹਰੇ ਮੁਹਰੇ ਅਜੇਹੇ ਹਨ, ਜਿਹਨਾਂ ਤੋਂ ਬਹੁਤ ਕੁੱਝ ਸਿੱਖਿਆ ਜਾ ਸਕਦਾ ਹੈ। ਉਹਨਾਂ ਦੇ ਜੀਵਨ ਤੋਂ ਬਹੁਤ ਸਾਰੀਆਂ ਸੇਧਾਂ ਲਈਆਂ ਜਾ ਸਕਦੀਆਂ ਹਨ। 35 ਮਹਾਨ-ਆਤਮਾਵਾਂ ਦੇ ਗਿਆਨ ਦਾ ਖ਼ਜ਼ਾਨਾ ਸਾਡੇ ਪਾਸ ਹੈ। ਲੋੜ ਹੈ ਤਾਂ ਕੇਵਲ ਆਪਣੇ ਆਪ ਨੂੰ ਜਾਗਰਤ ਕਰਨਾ।

. . ਗਿਆਨਵਾਨ ਸਰਧਾ ਭਾਈ ਲਹਿਣਾ ਜੀ ਤੋਂ ਸਿੱਖੀ ਜਾ ਸਕਦੀ ਹੈ।

. . ਗਿਆਨਵਾਨ ਸਰਧਾ ਬਾਬੇ ਅਮਰਦਾਸ ਤੋਂ ਸਿੱਖੀ ਜਾ ਸਕਦੀ ਹੈ।

. . ਗਿਆਨਵਾਨ ਸਰਧਾ ਭਾਈ ਜੇਠਾ ਜੀ ਤੋਂ ਸਿੱਖੀ ਜਾ ਸਕਦੀ ਹੈ।

. . ਗਿਆਨਵਾਨ ਸਰਧਾ ਬਾਬਾ ਬੁੱਢਾ ਜੀ ਤੋਂ ਸਿੱਖੀ ਜਾ ਸਕਦੀ ਹੈ।

. . ਗੁਰ ਇਤਿਹਾਸ ਹੋਰ ਅਨੇਕਾਂ ਹੀ ਸਿੱਖ/ਗੁਰਸਿੱਖ ਹਨ, ਜਿਹਨਾਂ ਦੇ ਜੀਵਨਾਂ ਚੋਂ ਗਿਆਨਵਾਨ ਸਰਧਾ ਬਾਰੇ ਜਾਣਿਆ ਜਾ ਸਕਦਾ ਹੈ।

*** ਗਿਆਨਵਾਨ ਸਰਧਾ ਨਾਲ ਇਨਸਾਨ ਆਪਣੀਆਂ ਅੱਖਾਂ ਬੰਦ ਨਹੀਂ ਕਰਦਾ, ਸਗੋਂ ਗਿਆਨਵਾਨ ਹੋਕੇ, ‘ਗੁਰਮੱਤ ਗਿਆਨ-ਵਿਚਾਰ’ ਦੇ ਅਨੁਸਾਰ ਆਪਣੇ ਮਨ ਵਿੱਚ ਪ੍ਰੇਮਾ-ਭਾਵ ਬਣਾਉਂਦਾ ਹੈ।

. . ਫਿਰ ਗਿਆਨਵਾਨ ਇਨਸਾਨ/ਮਨੁੱਖ ਗੁਰੂ ਘਰ ਜਾਗਦਾ ਹੋਇਆ ਜਾਏਗਾ। ਉਹ ਵਹਿਮਾਂ, ਭਰਮਾਂ, ਪਾਖੰਡਾਂ, ਕਰਮਕਾਂਡਾਂ, ਆਡੰਬਰਾਂ ਤੋਂ ਦੂਰ ਹੋਏਗਾ।

. . ਜਾਗਦੇ ਗਿਆਨਵਾਨ ਇਨਸਾਨ/ਮਨੁੱਖ ਨੂੰ ਪਤਾ ਹੈ ਕਿ ਮੇਰਾ ਗੁਰੂ ਜਾਗਦਾ ਹੈ।

. . ਸਤਿਗੁਰੁ ਜਾਗਤਾ ਹੈ ਦੇਉ॥ ਰਹਾਉ॥ ਕਬੀਰ ਜੀ॥ ਪੰ 479॥

. . ਸਤਿਗੁਰੁ ਮੇਰਾ ਸਦਾ ਸਦਾ ਨਾ ਆਵੈ ਨਾ ਜਾਇ॥ ਮ4॥ ਪੰ 759॥

. . ਜਾਗਦਾ ਗਿਆਨਵਾਨ ਇਨਸਾਨ/ਮਨੁੱਖ ਭਰਮ ਭੁਲੇਖਿਆਂ ਦਾ ਸ਼ਿਕਾਰ ਨਹੀਂ ਹੁੰਦਾ।

. . ਜਾਗਦਾ ਗਿਆਨਵਾਨ ਇਨਸਾਨ/ਮਨੁੱਖ ਗੁਰਮੱਤ ਗਿਆਨ-ਵਿਚਾਰ ਦੇ ਅਨੁਸਾਰੀ ਆਪਣਾ ਜੀਵਨ ਜਿਉਂਣਾ ਕਰਦਾ ਹੈ।

. . ਜਾਗਦਾ ਗਿਆਨਵਾਨ ਇਨਸਾਨ/ਮਨੁੱਖ ਗੁਰਮੱਤ ਦੇ ਸੁਨਹਿਰੇ ਅਸੂਲਾਂ/ਸਿਧਾਂਤਾਂ

"ਕਿਰਤ ਕਰੋ,

ਨਾਮ ਜਪੋ,

ਅਤੇ ਵੰਡ ਛਕੋ" ਨੂੰ ਹਮੇਸ਼ਾ ਯਾਦ ਰੱਖਦਾ ਹੈ।

. .’ਕਿਰਤ ਕਰੋ’ :- ਭਾਵ ਆਪਣੀ ਹੱਕ-ਸੱਚ ਦੀ ਕਮਾਈ ਈਮਾਨਦਾਰੀ ਨਾਲ ਕਰਨੀ।

. .’ਨਾਮ ਜਪੋ’ :- ਭਾਵ ‘ਰੱਬੀ-ਗੁਣਾਂ’ ਨੂੰ ਆਪਣੇ ਜੀਵਨ ਵਿੱਚ ਧਾਰਨ ਕਰਕੇ ਉਹਨਾਂ ਦੇ ਅਨੁਸਾਰੀ ਜੀਵਨ-ਜਾਪਣ ਕਰਨਾ। ਅੱਠੋ ਪਹਿਰ ਮਨ ਵਿੱਚ ਇਹ ਭਾਵ ਰੱਖਣਾ ਕਿ

. ."ਗੁਰ ਮੇਰੈ ਸੰਗਿ ਸਦਾ ਹੈ ਨਾਲੇ॥ ਸਿਮਰਿ ਸਿਮਰਿ ਤਿਸੁ ਸਦਾ ਸਮ੍ਹਾਲੇ॥ ਮ5॥ ਪੰ 394॥

. .’ਵੰਡ ਛਕੋ’ ਭਾਵ ਆਪਣੀ ਹੱਕ-ਸੱਚ ਦੀ ਕਮਾਈ ਵਿਚੋਂ ਸਮਾਜ ਸੇਵਾ ਵਾਸਤੇ ਦਸਵੰਧ ਕੱਢਣਾ। ਸਮਾਜ ਵਿੱਚ ਜਰੂਰਤ-ਮੰਦਾ/ਲੋੜਵੰਦਾਂ ਦੀ ਆਪਣੇ ਵਿੱਤ ਅਨੁਸਾਰੀ ਲੋੜਾਂ ਪੂਰੀਆਂ ਕਰਨ ਵਿੱਚ ਮੱਦਦ ਕਰਨੀ।

. .’ਵੰਡ ਛੱਕਣ’ ਵਾਲੇ ਸਿਧਾਂਤ ਵਿੱਚ ਗਿਆਨਵਾਨ ਸਰਧਾ ਦੀ ਬਹੁਤ ਹੀ ਜਿਆਦਾ ਜਰੂਰਤ ਹੈ, ਤਾਂਕਿ ਤੁਹਾਡਾ ਦਸਵੰਧ, ਵੰਡ ਛੱਕਣ ਵਾਲਾ ਮਨੋਰਥ, ਤਾਂ ਹੀ ਪੂਰਨ ਹੋਵੇਗਾ, ਅਗਰ ਇਹ ਦਸਵੰਧ ਕੇਵਲ ਜਰੂਰਤ-ਮੰਦਾ/ਲੋੜਵੰਦਾਂ ਤੱਕ ਪਹੁੰਚਦਾ ਹੋਵੇਗਾ।

. . ਅੰਨ੍ਹੀ-ਸਰਧਾ ਨਾਲ ਤੁਹਾਡੀ ਹੱਕ-ਸੱਚ ਦੀ ਕਮਾਈ ਉਪਰ ਐਸ਼ੋ-ਆਰਾਮ ਕਰਨ ਵਾਲੇ ਬਹੁਤ ਲੁਟੇਰੇ, ਲੋਟੂ ਟੋਲੇ, ਲੋਟੂ ਸੰਸਥਾਵਾਂ ਲੋਟੂ ਬਾਬੇ ਤੁਹਾਡੇ ਆਸੇ ਪਾਸੇ ਧਾਰਮਿੱਕ ਸਥਾਨਾਂ ਵਿੱਚ ਬੈਠੇ ਹਨ।

. . ਇਹਨਾਂ ਲੁਟੇਰਿਆਂ, ਲੋਟੂ ਟੋਲਿਆਂ, ਲੋਟੂ ਸੰਸਥਾਵਾਂ ਅਤੇ ਲੋਟੂ ਬਾਬਿਆਂ ਨੂੰ ਤਾਂ ਕੇਵਲ ਅੰਨ੍ਹੀ-ਸਰਧਾ ਵਾਲੇ ਸਰਧਾਲੂਆਂ ਦੀ ਲੋੜ ਹੁੰਦੀ ਹੈ।

. . ਕਿਉਂਕਿ ਇਹਨਾਂ ਅੰਨ੍ਹੀ-ਸਰਧਾ ਵਾਲੇ ਸਰਧਾਲੂਆਂ ਨੇ ਤਾਂ ਭੇਡਾਂ ਵਾਂਗ ਸਿਰ ਸਿੱਟ ਕੇ ਪਾਖੰਡੀ ਬਾਬੇ ਦੇ ਪਿੱਛੇ ਹੀ ਜਾਣਾ ਹੁੰਦਾ ਹੈ ਅਤੇ ਜੈ ਬਾਬੇ ਦੀ ਬੋਲਣਾ ਹੁੰਦਾ ਹੈ।

**** ਲੋੜ ਹੈ ਜਾਗਣ ਦੀ।

. . ਜਾਗਣਾ ਹੈ, ਗਿਆਨਵਾਨ ਹੋਣਾ ਹੈ।

. . ਸਰਧਾ ਗਿਆਨ ਵਾਲੀ ਬਨਾਉਣਾ ਕਰੋ ਜੀ।

. .’ਅੰਨ੍ਹੀ-ਸਰਧਾ’ ਅਨਪੜ੍ਹਤਾ-ਅਗਿਆਨਤਾ ਦੀ ਨਿਸ਼ਾਨੀ ਹੈ।

. . ਗੁਰਮੱਤ ਗਿਆਨ-ਵਿਚਾਰ ਲੈਕੇ ਤੁਹਾਡੇ ਅੰਦਰ ਹੋਰ ਵੀ ਗਿਆਨਵਾਨ ਹੋਣ ਦੀ ਭਾਵਨਾ ਪ੍ਰਬੱਲ ਹੁੰਦੀ ਹੈ। ਸਾਡੇ ਆਸੇ ਪਾਸੇ ਸਾਰਾ ਗਿਆਨ ਹੀ ਗਿਆਨ ਖਿਲਰਿਆ ਹੈ, ਬੱਸ ਲੋੜ ਹੈ ਆਪਣੇ ਆਪ ਨੂੰ ਜਗਿਆਸੂ ਬਨਾਉਣ ਦੀ, ਸਿੱਖ ਬਨਾਉਣ ਦੀ, ਸਿੱਖਣ ਦੀ, ਗਿਆਨਵਾਨ ਹੋ ਕੇ ਆਪਣੇ ਮਨੁੱਖਾ ਜੀਵਨ ਨੁੰ ਇੱਕ ਮੁਕੰਮਲ ਵਿਧੀ-ਵਿਧਾਨ/ਮਰਿਆਦਾ/ਨਿਯਮ ਅਸੂਲਾਂ ਦੇ ਤਹਿਤ ਜੀਵਨ ਜਾਪਣ ਕਰਨ ਦੀ।

. . ਆਪ ਖ਼ੁਸ਼ ਰਹਿਣਾ ਅਤੇ ਦੂਸਰਿਆਂ ਨੂੰ ਵੀ ਖ਼ੁਸ਼ ਵੇਖਣਾ।

. . ਜੀਉ ਅਤੇ ਜਿਉਣ ਦਿਉ।

**** ਗੁਰਸਿਖ ਮੀਤ ਚਲਹੁ ਗੁਰ ਚਾਲੀ॥ ਜੋ ਗੁਰੁ ਕਹੈ ਸੋਈ ਭਲ ਮਾਨਹੁ ਹਰਿ ਹਰਿ ਕਥਾ ਨਿਰਾਲੀ॥ ਰਹਾਉ॥ ਮ4॥ ਪੰ 667॥

. . ਕੋਈ ਹੋਈ ਭੁੱਲ ਲਈ ਮੁਆਫ਼ ਕਰਨਾ।

ਧੰਨਵਾਧ।

ਇੰਜ ਦਰਸਨ ਸਿੰਘ ਖਾਲਸਾ।

ਸਿੱਡਨੀ (ਅਸਟਰੇਲੀਆ)

20 ਜੁਲਾਈ 2018




.