.

ਧਰਮਰਾਜ ਦਾ ਹਊਆ

ਆਮ ਤੌਰ ਤੇ ਧਰਮਰਾਜ ਨੂੰ ਰੱਬ ਨਾਲੋਂ ਕੋਈ ਵੱਖਰੀ ਹੋਂਦ ਸਮਝਿਆ ਜਾਂਦਾ ਹੈ ਜਿਸ ਦਾ ਕਿਤੇ (ਸ਼ਾਇਦ ਆਸਮਾਨ ਵਿੱਚ) ਆਪਣਾ ਦਫਤਰ ਹੈ ਜਿਥੇ ਉਹ ਸਮੁੱਚੇ ਜੀਵਾਂ ਦਾ ਲੇਖਾ ਜੋਖਾ ਰਖਦਾ ਹੈ। ਉਸ ਨੇ ਅਗੇ ਕਰਮਚਾਰੀ ਚਿਤ੍ਰਗੁਪਤ ਰਖੇ ਹੋਏ ਹਨ ਜੋ ਮਨੁਖਤਾ ਦੇ ਚੰਗੇ ਮੰਦੇ ਕਰਮਾਂ ਦਾ ਹਿਸਾਬ ਕਿਤਾਬ ਲਿਖਦੇ ਰਹਿੰਦੇ ਹਨ। ਜੀਵਾਂ ਦੀ ਆਯੂ ਮੁਕਣ ਤੇ ਉਹਨਾਂ ਨੂੰ ਪਕੜ ਕੇ ਪੇਸ਼ ਕਰਨ ਦਾ ਕੰਮ ਉਸ ਦੇ ਜਮ (ਜਮਦੂਤ) ਕਰਦੇ ਹਨ। ਪੁਰਾਤਨ ਹਿੰਦੂ ਗ੍ਰੰਥਾਂ ਤੋਂ ਪਾਏ ਇਹ ਭਰਮ ਤੇ ਡਰਾਵੇ ਸਦੀਆਂ ਤੋਂ ਪ੍ਰਪੱਕ ਹੁੰਦੇ ਆ ਰਹੇ ਹਨ। ਅੰਗਰੇਜ਼ੀ ਦਾ ਇੱਕ ਲਿਖਾਰੀ ਲਿਖਦਾ ਹੈ ਕਿ "belief is the death of intelligence" ਭਾਵ ਮਨੌਤ ਹੀ ਗਿਆਨ ਦੀ ਮੌਤ ਹੈ, ਇਸੇ ਲਈ ਭਾਵੇਂ ਗੁਰਬਾਣੀ ਨੇ ਇਹਨਾਂ ਭਰਮਾਂ ਤੇ ਮਨੌਤਾਂ ਨੂੰ ਅਕੱਟ ਦਲੀਲਾਂ ਨਾਲ ਰੱਦ ਕੀਤਾ ਹੈ ਪਰ ਫੇਰ ਵੀ ਸਦੀਆਂ ਤੋਂ ਪ੍ਰਪੱਕ ਹੋਏ ਇਹ ਭਰਮ ਭੁਲੇਖੇ ਪਿੱਛਾ ਨਹੀ ਛਡਦੇ। ਅਖੌਤੀ ਸਾਧ, ਸੰਤ ਤੇ ਬਾਬੇ ਆਪਣੀਆਂ ਮਨ ਘੜਤ ਧਾਰਨਾ "ਲੇਖਾ ਮੰਗੂਗਾ ਧਰਮ ਰਾਜ ਬਾਣੀਆਂ ਨਿਮਾਣੀ ਤੇਰੀ ਜਿੰਦੜੀ ਤੋਂ" ਗਾ ਗਾ ਕੇ ਇਸ ਧਰਮਰਾਜ ਦੀ ਮਨੌਤ ਨੂੰ ਹੋਰ ਵੀ ਪੱਕਾ ਕਰਦੇ ਰਹਿੰਦੇ ਹਨ। ਧਰਮਰਾਜ ਦੀ ਕਚਹਿਰੀ ਤੇ ਉਸ ਵਿੱਚ ਹੁੰਦੇ ਨਿਆਉ ਦਾ ਐਸਾ ਦਰਿਸ਼ ਖਿੱਚਦੇ ਹਨ ਜਿਵੇਂ ਉਹ ਉਥੇ ਮੁਲਾਜ਼ਿਮ ਰਹਿ ਕੇ ਆਏ ਹੋਣ।

ਸਰੋਤਿਆਂ ਦੇ ਮਨਾਂ ਵਿੱਚ ਸ਼ੰਕਾ, ਡਰ ਤੇ ਭਰਮ ਪੈਦਾ ਕੀਤਾ ਜਾਂਦਾ ਹੈ ਕਿ ਜੋ ਪਾਪੀ ਅਖੌਤੀ ਧਰਮ ਦੀਆਂ ਰੀਤਾਂ ਰਸਮਾਂ ਤੇ ਨਿਰਰਥਕ ਕਰਮ ਕਾਂਡਾਂ ਨੂੰ ਨਹੀ ਮੰਨਦੇ, ਤੀਰਥ ਯਾਤਰਾ, ਦਾਨ ਪੁੰਨ ਤੇ ਰਸਮੀ ਪਾਠ ਪੂਜਾ ਨਹੀ ਕਰਦੇ ਉਹਨਾਂ ਨੂੰ ਕਿਵੇਂ ਜਮਦੂਤ ਧੁਹ ਕੇ ਮੰਨੇ ਜਾਂਦੇ ਧਰਮਰਾਜ ਅਗੇ ਪੇਸ਼ ਕਰਦੇ ਹਨ। ਪੁੰਨੀਆਂ ਨੂੰ ਦੇਵਤੇ ਲੈਣ ਆਉਂਦੇ ਹਨ ਤੇ ਕਿਵੇਂ ਉਹਨਾਂ ਦਾ ਵਹੀ ਤੋਂ ਖਾਤਾ ਫਰੋਲਿਆ ਜਾਂਦਾ ਹੈ, ਤੇ ਨਿਆਉਂ ਕਰਨ ਪਿਛੋਂ ਹੁਕਮ ਸੁਣਾ ਕੇ ਕੁੰਭੀ ਨਰਕ ਜਾਂ ਸਵਰਗ ਵਿੱਚ ਭੇਜਿਆ ਜਾਂਦਾ ਹੈ। ਫੇਰ ਨਰਕਾਂ ਵਿੱਚ ਤਸੀਹੇ ਤੇ ਸਵਰਗਾਂ ਦੀਆਂ ਮੌਜਾਂ ਦੀ ਐਸੀ ਤਸਵੀਰ ਦਰਸਾਈ ਜਾਂਦੀ ਹੈ ਜਿਵੇਂ ਇਹ ਸੱਭ ਵਾਕਿਆ ਪ੍ਰਤੱਖ ਡਿੱਠਾ ਹੋਵੇ। ਕਿਵੇਂ ਪਾਪੀਆਂ ਨੂੰ ਗਰਮ ਤੇਲ ਦੇ ਕੜਾਹੇ ਵਿੱਚ ਪਕੌੜਿਆਂ ਵਾਂਙ ਤਲਿਆ ਜਾਂਦਾ ਹੈ, ਕਿਵੇਂ ਅੱਗ ਉਤੇ ਬਤਾਊਂ ਵਾਂਙ ਭੁੰਨਿਆ ਜਾਂਦਾ ਹੈ, ਕਿਵੇਂ ਵਗਦੇ ਲ੍ਹਾਵੇ ਵਿੱਚ ਸੁਟਿਆ ਜਾਂਦਾ ਹੈ, ਕਿਵੇਂ ਮਘਦੇ ਕੋਲਿਆਂ ਤੇ ਨੰਗੇ ਪੈਰੀਂ ਤੋਰਿਆ ਜਾਂਦਾ ਹੈ…ਆਦਿਕ… ਦੂਸਰੇ ਪਾਸੇ ਪੁੰਨੀਆਂ ਨੂੰ ਸਵਰਗ ਵਿੱਚ ਕਿਵੇਂ ਮਨ ਚਾਹੇ ਪਦਾਰਥ ਖਾਣ ਨੂੰ, ਪਹਿਨਣ ਨੂੰ, ਦੁੱਧ ਦੀਆਂ ਨਦੀਆਂ, ਫਲ ਫਰੂਟਾਂ ਦੇ ਬਾਗ ਤੇ ਹਰ ਤਰਾਂ ਦੇ ਮਨ ਚਾਹੇ ਸੁੱਖਾਂ ਦੀਆਂ ਸਹੂਲਤਾਂ ਮਾਨਣ ਨੂੰ ਮਿਲਦੀਆਂ ਹਨ।

ਐਸੇ ਸਵਰਗ ਦੀ ਚਾਹਤ ਕੌਣ ਨਹੀ ਕਰਦਾ ਪਰ ਸੱਚ (ਗੁਰਬਾਣੀ) ਦੀ ਕਸਵੱਟੀ ਤੇ ਪਰਖਿਆਂ ਇਹ ਨਰਕਾਂ ਸਵਰਗਾਂ ਤੇ ਧਰਮਰਾਜ ਦੇ ਭਰਮ ਭੁਲੇਖੇ, ਡਰ ਤੇ ਕਲਪਨਾਵਾਂ ਹਾਸੋਹੀਣ ਹੀ ਲਗਦੇ ਹਨ। ਮਸਾਲ ਦੇ ਤੌਰ ਤੇ, ਇਸ ਹਕੀਕਤ ਤੋਂ ਮੂੰਹ ਨਹੀ ਮੋੜਿਆ ਜਾ ਸਕਦਾ ਕਿ ਦੁੱਖ ਸੁੱਖ ਜਾਂ ਦੁਨਿਆਵੀ ਪਦਾਰਥਾਂ ਦੇ ਰਸ ਕੇਵਲ ਸਰੀਰਕ ਇੰਦ੍ਰੀਆਂ ਰਾਹੀਂ ਹੀ ਭੋਗੇ ਜਾ ਸਕਦੇ ਹਨ ਪਰ ਜੇ ਸਰੀਰ ਤਾਂ ਇਥੇ ਹੀ ਸੜ ਬਲ ਜਾਂ ਗਲ ਜਾਂਦਾ ਹੈ ਤਾਂ ਅਗੇ ਗਿਆ ਆਤਮਾ, ਸਰੀਰ ਤੋਂ ਬਿਨਾ, ਨਰਕਾਂ ਦੇ ਦੁਖਾਂ ਜਾਂ ਸਵਰਗਾਂ ਦੇ ਸੁਖਾਂ ਨੂੰ ਕਿਵੇਂ ਭੋਗ ਸਕਦਾ ਹੈ? ਮਿਰਤੂ ਹੋਣ ਤੇ ਜੀਵ ਦੀ ਦੇਹ ਨੂੰ ਇਥੇ ਹੀ ਸਾੜਿਆ, ਦਫਨਾਇਆ ਜਾਂ ਜਲਪ੍ਰਵਾਹ ਕੀਤਾ ਜਾਂਦਾ ਹੈ ਤੇ ਆਤਮਾ ਜੋ ਦਿਸਦਾ ਵੀ ਨਹੀ, ਕਿਉਂਕਿ ਉਹ ਅਤਿ ਸੂਖਸ਼ਮ ਮੰਨਿਆ ਜਾਂਦਾ ਹੈ, ਨੂੰ ਜਮਦੂਤ ਕਿਵੇਂ ਪਛਾਣ ਕੇ ਪਕੜਦੇ ਹਨ? ਅਗਰ ਇਹ ਵੀ ਮੰਨ ਲਿਆ ਜਾਵੇ ਕਿ ਜਮਦੂਤ ਆਤਮਾ ਨੂੰ ਵੇਖ ਤੇ ਪਛਾਣ ਸਕਦੇ ਹਨ ਤਾਂ ਜਿਸ ਆਤਮਾ ਨੂੰ ਨਾ ਡੋਬਿਆ ਜਾ ਸਕਦਾ ਹੈ, ਨਾ ਸਾੜਿਆ ਜਾ ਸਕਦਾ ਹੈ ਤੇ ਨਾ ਹੀ ਕੱਟਿਆ ਜਾ ਸਕਦਾ ਹੈ ਤਾਂ ਉਸ ਨੂੰ ਤਸੀਹੇ ਕਿਵੇਂ ਦਿੱਤੇ ਜਾ ਸਕਦੇ ਹਨ? ਅਗਰ ਆਤਮਾ ਪਰਮਾਤਮਾ ਦਾ ਹੀ ਸਰੂਪ ਹੈ (ਅਚਰਜ ਕਥਾ ਮਹਾ ਅਨੂਪ ॥ ਪ੍ਰਾਤਮਾ ਪਾਰਬ੍ਰਹਮ ਕਾ ਰੂਪੁ ॥ 868), ਰਾਮ ਦੀ ਹੀ ਅੰਸ ਹੈ (ਕਹੁ ਕਬੀਰ ਇਹੁ ਰਾਮ ਕੀ ਅੰਸੁ ॥ ਜਸ ਕਾਗਦ ਪਰ ਮਿਟੈ ਨ ਮੰਸੁ ॥ 871) ਤਾਂ ਜੇ ਨਿਰਆਕਾਰ ਪਰਮਾਤਮਾ ਨੂੰ ਦੁੱਖ ਸੁੱਖ ਨਹੀ ਪੋਹ ਸਕਦਾ ਤਾਂ ਉਸ ਦੀ ਨਿਰਆਕਾਰ ਅੰਸ ਨੂੰ ਕਿਵੇਂ ਪੋਹ ਸਕਦਾ ਹੈ? ਜੇ ਪਾਰਬ੍ਰਹਮ ਦੁਖ ਸੁਖ ਤੋਂ ਅਲੇਪ ਹੈ ਤਾਂ ਉਸ ਦੀ ਅੰਸ ਵੀ ਦੁਖ ਸੁਖ ਤੋਂ ਅਲੇਪ ਹੀ ਹੋਵੇਗੀ।

ਅਣਡਿੱਠੀ ਦੁਨੀਆਂ ਦਾ ਦ੍ਰਿਸ਼ ਪੇਸ਼ ਕਰਨਾ ਇੱਕ ਮਨ ਦੀ ਕਲਪਣਾ ਤੋਂ ਬਿਨਾ ਹੋਰ ਕੁੱਝ ਵੀ ਨਹੀ ਇਸ ਲਈ ਜਦੋਂ ਇਹ ਅਖੌਤੀ ਬਾਬੇ ਧਰਮਰਾਜ ਬਾਰੇ ਉਠਾਏ ਗਏ ਸਵਾਲਾਂ ਦੇ ਜਵਾਬ ਦੇਣ ਤੋਂ ਅਸਮਰੱਥ ਹੋ ਜਾਂਦੇ ਹਨ ਤਾਂ ਉਹਨਾਂ ਦੇ ਚੇਲੇ ਕਹਿੰਦੇ ਸੁਣੇ ਹਨ ਕਿ ਇਹਨਾਂ ਅਗੰਮੀ ਗਲਾਂ ਦੀ ਸੂਝ ਕੇਵਲ ਨਾਮ ਦੇ ਅਭਿਆਸੀ ਮਹਾਂ ਪੁਰਖਾਂ ਨੂੰ ਹੀ ਹੁੰਦੀ ਹੈ, ਨਿਸ਼ਰਧਕਾਂ ਤੇ ਨਾਸਤਿਕਾਂ ਨੂੰ ਨਹੀ। ਗੁਰਬਾਣੀ ਇਹਨਾਂ ਮੰਨੇ ਜਾਂਦੇ ਭਰਮ ਭੁਲੇਖਿਆਂ ਨੂੰ ਦੂਰ ਕਰਦੀ ਹੈ:- ਧਰਮ ਰਾਇ ਜਬ ਲੇਖਾ ਮਾਗੈ ਕਿਆ ਮੁਖੁ ਲੈ ਕੈ ਜਾਹਿਗਾ ॥ ਕਹਤੁ ਕਬੀਰੁ ਸੁਨਹੁ ਰੇ ਸੰਤਹੁ ਸਾਧਸੰਗਤਿ ਤਰਿ ਜਾਂਹਿਗਾ ॥ 1106 (ਮੰਨੇ ਜਾਂਦੇ) ਧਰਮਰਾਜ ਨੇ ਜਦੋਂ ਲੇਖਾ ਮੰਗਿਆ ਤਾਂ ਕਿਹੜਾ ਮੂੰਹ ਲੈ ਕੇ ਜਾਵੇਂਗਾ? ਕਿਸੇ ਮਨੌਤ ਜਾਂ ਗਲ ਨੂੰ ਨਕਾਰਨ ਤੇ ਆਪਣਾ ਪੱਖ ਰਖਣ ਤੋਂ ਪਹਿਲਾਂ ਪ੍ਰਚਲਤ ਮਨੌਤ ਦਾ ਜ਼ਿਕਰ ਕਰਨਾ ਜ਼ਰੂਰੀ ਹੋ ਜਾਂਦਾ ਹੈ ਇਸ ਲਈ ਕਬੀਰ ਜੀ ਸਮਝਾ ਰਹੇ ਹਨ ਕਿ ਮੰਨੇ ਜਾਂਦੇ ਧਰਮਰਾਜ ਦੇ ਲੇਖੇ ਤੋਂ ਛੁਟਕਾਰਾ ਕੇਵਲ ਗੁਰੂ ਦੀ ਸਿਖਿਆ ਤੇ ਚਲ ਕੇ ਹੀ ਹੋਣਾ ਹੈ। ਡੇਰੇਦਾਰਾਂ, ਪ੍ਰਚਾਰਕਾਂ ਤੇ ਅਖੌਤੀ ਬਾਬਿਆਂ ਨੇ ਆਪਣੇ ਲਾਭ ਲਈ ਹੀ ਧਰਮਰਾਜ ਨੂੰ ਇੱਕ ਵੱਖਰੀ ਹੋਂਦ ਵਾਲਾ ਪਰਚਾਰਿਆ ਹੈ।

ਧਰਮ ਰਾਇ ਜਬ ਲੇਖਾ ਮਾਗੈ ਬਾਕੀ ਨਿਕਸੀ ਭਾਰੀ ॥ ਪੰਚ ਕ੍ਰਿਸਾਨਵਾ ਭਾਗਿ ਗਏ ਲੈ ਬਾਧਿਓ ਜੀਉ ਦਰਬਾਰੀ ॥ 1104 ਜਦੋਂ (ਮੰਨਿਆ ਜਾਂਦਾ) ਧਰਮਰਾਜ ਜੀਵ ਦੇ ਕੀਤੇ ਕਰਮਾਂ ਦਾ ਲੇਖਾ ਮੰਗਦਾ ਹੈ ਤਾਂ ਉਸ ਜੀਵ ਦੇ ਜ਼ਿੰਮੇ ਬਹੁਤ ਕੁੱਝ ਦੇਣਾ ਨਿਕਲਦਾ ਹੈ, ਪਰ ਜਿਨ੍ਹਾਂ ਦੇ ਕਾਰਨ ਇਹ ਲੇਖਾ ਲਿਖਿਆ ਗਿਆ, ਉਹ (ਪੰਜ ਵਿਕਾਰ) ਸਾਥ ਛੱਡ ਕੇ ਭੱਜ ਜਾਂਦੇ ਹਨ ਤੇ ਜੀਵ ਆਤਮਾ ਨੂੰ ਫੜ ਲਿਆ ਜਾਂਦਾ ਹੈ। ਧਰਮਰਾਜ ਦੀ ਪ੍ਰਚਲਤ ਮਨੌਤ ਨੂੰ ਅਗੇ ਰੱਖ ਕੇ ਹੀ ਸਮਝਾਇਆ ਜਾ ਸਕਦਾ ਸੀ ਕਿ ਤੇਰੇ ਕੀਤੇ ਕਰਮਾਂ ਦਾ ਜ਼ੁਮੇਵਾਰ ਤੂੰ ਹੀ ਹੈਂ ਤੇ ਹੋਰ ਕਿਸੇ ਨੇ ਤੇਰਾ ਸਾਥ ਨਹੀ ਦੇਣਾ।

ਖਾਦਾ ਪੈਨਦਾ ਮੂਕਰਿ ਪਾਇ ॥ ਤਿਸ ਨੋ ਜੋਹਹਿ ਦੂਤ ਧਰਮਰਾਇ ॥ 195 ਭਾਵ: ਜਿਹੜਾ ਮਨੁੱਖ ਪਰਮਾਤਮਾ ਦੀਆਂ ਬਖਸ਼ੀਆਂ ਦਾਤਾਂ ਨੂੰ ਵਰਤ ਕੇ ਵੀ ਉਸ ਦੀ ਬਖਸ਼ਿਸ਼ ਤੋਂ ਮੁਨਕਰ ਹੈ ਉਸ ਨੂੰ (ਮੰਨੇ ਜਾਂਦੇ) ਧਰਮਰਾਜ ਦੇ ਦੂਤ ਆਪਣੀ ਤਾਕ ਵਿੱਚ ਰਖਦੇ ਹਨ। ਸਮੁੱਚੀ ਗੁਰਬਾਣੀ ਦਾ ਅਧਿਐਨ ਕੀਤੇ ਬਿਨਾ ਇਹਨਾਂ ਤਿੰਨਾਂ ਗੁਰ ਪ੍ਰਮਾਣਾਂ ਤੋਂ ਇਹ ਭੁਲੇਖਾ ਪਾਇਆ ਜਾਂਦਾ ਹੈ ਜਿਵੇ ਜਮਦੂਤ, ਚਿਤ੍ਰਗੁਪਤ ਜਾਂ ਧਰਮਰਾਜ ਕੋਈ ਵੱਖਰੀ ਹੋਂਦ ਹਨ ਜੋ ਮਨੁਖਾਂ ਦੇ ਕੀਤੇ ਕਰਮਾਂ ਅਨੁਸਾਰ ਉਹਨਾਂ ਨੂੰ ਆਪਣੀ ਦ੍ਰਿਸ਼ਟੀ ਵਿੱਚ ਰਖਦੇ ਹਨ ਪਰ ਗੁਰਬਾਣੀ ਕਰਤੇ ਤੋਂ ਬਿਨਾ ਕਿਸੇ ਹੋਰ ਧਰਮਰਾਜ ਜਾਂ ਉਸ ਦੇ ਕਰਮਚਾਰੀਆਂ ਨੂੰ ਨਹੀ ਮੰਨਦੀ। ਗੁਰਬਾਣੀ ਦਾ ਫੈਸਲਾ ਹੈ ਕਿ:-

(1) ਨਾਨਕੁ ਆਖੈ ਰੇ ਮਨਾ ਸੁਣੀਐ ਸਿਖ ਸਹੀ ॥ ਲੇਖਾ ਰਬੁ ਮੰਗੇਸੀਆ ਬੈਠਾ ਕਢਿ ਵਹੀ ॥ 953 ਨਾਨਕ ਆਖਦਾ ਹੈ ਕਿ ਹੇ ਮਨਾ ਸੱਚੀ ਸਿਖਿਆ ਸੁਣ, ਤੇਰੇ ਕੀਤੇ ਕਰਮਾਂ (ਅਮਲਾਂ) ਦਾ ਹਿਸਾਬ ਕਿਤਾਬ ਤੈਥੋਂ ਰੱਬ ਨੇ ਮੰਗਣਾ ਹੈ, ਇਸ ਲਈ ਸਪਸ਼ਟ ਹੈ ਕਿ ਜੇ ਲੇਖੇ ਵਾਲੀ ਵਹੀ ਰੱਬ ਕੱਢੀ ਬੈਠਾ ਹੈ ਤਾਂ ਲੇਖਾ ਵੀ ਰੱਬ ਹੀ ਮੰਗੇਗਾ, ਧਰਮਰਾਜ ਨਹੀ।

(2) ਫਰੀਦਾ ਚਾਰਿ ਗਵਾਇਆ ਹੰਢਿ ਕੈ ਚਾਰਿ ਗਵਾਇਆ ਸੰਮਿ ॥ ਲੇਖਾ ਰਬੁ ਮੰਗੇਸੀਆ ਤੂ ਆਂਹੋ ਕੇਰ੍ਹੇ ਕੰਮਿ ॥ 1379 ਦਿਨ ਦੇ ਚਾਰ ਪਹਿਰ ਪਦਾਰਥਾਂ ਦੀ ਦੌੜ ਭੱਜ ਵਿੱਚ ਗਵਾ ਦਿਤੇ ਤੇ ਦੂਜੇ ਚਾਰ ਪਹਿਰ ਸੌਂ ਕੇ ਗਵਾ ਦਿੱਤੇ, ਪਰਮਾਤਮਾ ਨੇ ਹਿਸਾਬ ਮੰਗਣਾ ਹੈ ਕਿ ਕਿਹੜੇ ਕੰਮਾਂ ਲਈ ਤੂੰ ਸੰਸਾਰ ਤੇ ਆਇਆ ਸੀ ਤੇ ਕਹਿੜੇ ਕੰਮਾਂ ਵਿੱਚ ਉਲਝ ਗਿਆ? ਇਸ ਲਈ ਹਿਸਾਬ ਕਿਤਾਬ ਤਾਂ ਰੱਬ ਨੇ ਮੰਗਣਾ ਹੈ, ਕਿਸੇ ਅਲੱਗ ਹਸਤੀ ਧਰਮਰਾਜ ਨੇ ਨਹੀ। ਰੱਬ ਤੋਂ ਬਿਨਾ ਕੋਈ ਅਲੱਗ ਧਰਮਰਾਜ ਦੀ ਹੋਂਦ ਨਹੀ ਹੈ, ਰੱਬ ਦੇ ਨਿਯਮ, ਹੁਕਮ ਹੀ ਧਰਮਰਾਜ (ਧਰਮ ਦਾ ਰਾਜਾ) ਹਨ।

(3) ਹੁਕਮਿ ਰਜਾਈ ਸਾਖਤੀ ਦਰਗਹ ਸਚੁ ਕਬੂਲੁ ॥ ਸਾਹਿਬੁ ਲੇਖਾ ਮੰਗਸੀ ਦੁਨੀਆ ਦੇਖਿ ਨ ਭੂਲੁ ॥ ਦਿਲ ਦਰਵਾਨੀ ਜੋ ਕਰੇ ਦਰਵੇਸੀ ਦਿਲੁ ਰਾਸਿ ॥ ਇਸਕ ਮੁਹਬਤਿ ਨਾਨਕਾ ਲੇਖਾ ਕਰਤੇ ਪਾਸਿ ॥ 1090 ਪਰਮਾਤਮਾ ਦੇ ਹੁਕਮ ਵਿੱਚ ਤੁਰਿਆਂ ਪਰਮਾਤਮਾ ਨਾਲ ਬਣ ਆਉਂਦੀ ਹੈ ਕਿਉਂਕਿ ਉਸ ਨੂੰ ਸੱਚ ਕਬੂਲ ਹੈ। ਤੇਰੇ ਅਮਲਾਂ ਦੇ ਲੇਖੇ ਦੀ ਵਹੀ ਤਾਂ ਕਰਤੇ ਪਾਸ ਹੈ ਇਸ ਲਈ ਲੇਖਾ ਤਾਂ ਉਸ ਕਰਤੇ (ਸਾਹਿਬ) ਨੇ ਮੰਗਣਾ ਹੈ, ਕਿਸੇ ਹੋਰ ਅਲੱਗ ਧਰਮਰਾਜ ਨੇ ਨਹੀ। ਜੋ ਮਨੁੱਖ ਦਿਲ (ਮਨ) ਦੀ ਸਾਧਨਾ ਕਰਦਾ ਹੈ, ਦਿਲ ਨੂੰ ਸਿੱਧੇ ਰਾਹ ਰਖਣ ਦੀ ਫਕੀਰੀ (ਭਾਵ ਮੈਲੇ ਮਨ ਨੂੰ ਪਵਿੱਤ੍ਰ ਕਰਨ ਦੀ ਫਕੀਰੀ) ਕਮਾਉਂਦਾ ਹੈ, ਉਸ ਦੇ ਪਿਆਰ ਦਾ ਹਿਸਾਬ ਕਰਤੇ ਦੇ ਪਾਸ ਹੈ। ਵਿਚਾਰਨ ਯੋਗ ਗਲ ਇਹ ਹੈ ਕਿ ਸਰਬੱਤ ਜੀਵਾਂ ਵਿੱਚ ਰਮੇ ਹੋਏ, ਕਣ ਕਣ ਵਿੱਚ ਵਸਦੇ ਹੋਏ, ਤੇ ਘਟ ਘਟ ਦੀਆਂ ਜਾਨਣਹਾਰ ਕਰਤੇ ਨੂੰ ਕਿਹੜੇ ਵਖਰੇ ਧਰਮਰਾਜ, ਚਿਤ੍ਰ ਗੁਪਤ ਜਾਂ ਜਮਦੂਤਾਂ ਦੀ ਲੋੜ ਪੈ ਸਕਦੀ ਹੈ?

ਆਪਿ ਕਰਾਏ ਕਰੇ ਆਪਿ ਹਉ ਕੈ ਸਿਉ ਕਰੀ ਪੁਕਾਰ ॥ ਆਪੇ ਲੇਖਾ ਮੰਗਸੀ ਆਪਿ ਕਰਾਏ ਕਾਰ ॥ 1282 ਜਦੋਂ ਸਭ ਕੁਛ ਕਰਦਾ ਕਰਾਉਂਦਾ ਉਹ ਆਪ ਹੀ ਹੈ ਤੇ ਲੇਖਾ ਵੀ ਉਹ ਆਪ ਹੀ ਮੰਗਦਾ ਹੈ ਤਾਂ ਹੋਰ ਕਿਸੇ ਕਰਮਚਾਰੀ ਦੀ ਲੋੜ ਕੀ ਰਹਿ ਜਾਂਦੀ ਹੈ? ਉਸ ਦੇ ਨਿਯਮ (ਹੁਕਮ) ਹੀ ਧਰਮਰਾਜ, ਚਿਤ੍ਰਗੁਪਤ, ਜਮਦੂਤ, ਫਰਿਸ਼ਤੇ ਜਾਂ ਦੇਵ ਗਣ ਹਨ। (ਹੁਕਮੁ ਸਾਜਿ ਹੁਕਮੈ ਵਿਚਿ ਰਖੈ ਨਾਨਕ ਸਚਾ ਆਪਿ ॥ 145) ਪ੍ਰਭੂ ਆਪ ਹੁਕਮ ਰਚ ਕੇ ਸਭ ਜੀਵਾਂ ਨੂੰ ਉਸ ਹੁਕਮ ਵਿੱਚ ਤੋਰ ਰਿਹਾ ਹੈ। ਸਮੁਚੀ ਰਚਨਾ ਹੀ ਉਸ ਦੇ ਬਣਾਏ ਹੁਕਮ (ਨਿਯਮਾਂ) ਵਿੱਚ ਚਲ ਰਹੀ ਹੈ। ਕਰਤੇ ਦੇ ਇਹ ਨਿਯਮ ਹੀ ਸਚੇ ਤੇ ਨਿਆਕਾਰੀ ਧਰਮਰਾਜ ਤੇ ਉਸ ਦੇ ਕਰਮਚਾਰੀ ਹਨ ਜੋ ਸਦਾ ਸਚੇ ਧਰਮ ਦੀ ਆਗਿਆ ਦਾ ਪਾਲਣ ਕਰਦੇ ਹਨ:- ਧਰਮ ਰਾਇ ਨੋ ਹੁਕਮੁ ਹੈ ਬਹਿ ਸਚਾ ਧਰਮੁ ਬੀਚਾਰਿ ॥ ਦੂਜੈ ਭਾਇ ਦੁਸਟੁ ਆਤਮਾ ਓਹੁ ਤੇਰੀ ਸਰਕਾਰ ॥ ਜਦੋਂ ਸਭ ਕੁਛ ਉਸ ਦੇ ਹੁਕਮ (ਨਿਯਮਾਂ) ਅਨੁਸਾਰ ਹੀ ਹੋ ਰਿਹਾ ਹੈ ਤਾਂ ਇਹ ਧਰਮਰਾਜ ਤੇ ਉਸ ਦੇ ਕਰਮਚਾਰੀਆਂ ਦੀ ਅਲੱਗ ਹਸਤੀ ਇੱਕ ਮਨ ਦੀ ਕਲਪਣਾ ਤੋਂ ਬਿਨਾ ਹੋਰ ਕੁੱਝ ਨਹੀ। ਆਪੇ ਸਾਜੇ ਕਰੇ ਆਪਿ ਜਾਈ ਭਿ ਰਖੈ ਆਪਿ ॥ ਤਿਸੁ ਵਿਚਿ ਜੰਤ ਉਪਾਇ ਕੈ ਦੇਖੈ ਥਾਪਿ ਉਥਾਪਿ ॥ ਕਿਸ ਨੋ ਕਹੀਐ ਨਾਨਕਾ ਸਭੁ ਕਿਛੁ ਆਪੇ ਆਪਿ ॥ 475 ਪ੍ਰਭੂ ਆਪ ਹੀ ਸ੍ਰਿਸ਼ਟੀ ਨੂੰ ਪੈਦਾ ਕਰਦਾ ਹੈ, ਆਪ ਹੀ ਇਸ ਨੂੰ ਸਜਾਂਦਾ ਹੈ, ਸ੍ਰਿਸ਼ਟੀ ਦੀ ਸੰਭਾਲ ਵੀ ਆਪ ਹੀ ਕਰਦਾ ਹੈ, ਇਸ ਸ੍ਰਿਸ਼ਟੀ ਵਿੱਚ ਜੀਵਾਂ ਨੂੰ ਪੈਦਾ ਕਰਕੇ ਵੇਖਦਾ ਹੈ, ਆਪ ਹੀ ਟਿਕਾਂਦਾ ਹੈ ਤੇ ਆਪ ਹੀ ਢਾਂਦਾ ਹੈ। ਅਗਰ ਗੁਰਬਾਣੀ ਅਨੁਸਾਰ ਸਾਰੇ ਕੰਮ ਕਰਤਾਰ ਆਪ ਹੀ ਕਰਦਾ ਹੈ ਤਾਂ ਫਿਰ ਕੋਈ ਅਲੱਗ ਧਰਮਰਾਜ, ਚਿਤ੍ਰਗੁਪਤ ਤੇ ਜਮਦੂਤ ਵਿੱਚ ਕਿਥੋਂ ਆ ਟਪਕੇ? ਸਭਨਾਂ ਦੇ ਮਨ ਅੰਦਰ ਉਸ ਕਰਤੇ ਦਾ ਦਰਬਾਰ ਹੈ ਜਿਥੇ ਤਖਤ ਸਜਾਈ ਬੈਠਾ ਆਪ ਹੀ ਖਰੇ ਤੇ ਖੋਟਿਆਂ ਦੀ ਪਰਖ ਤੇ ਨਿਆਉ ਕਰਦਾ ਹੈ।

ਅੰਦਰਿ ਰਾਜਾ ਤਖਤੁ ਹੈ ਆਪੇ ਕਰੇ ਨਿਆਉ ॥ ਗੁਰ ਸਬਦੀ ਦਰੁ ਜਾਣੀਐ ਅੰਦਰਿ ਮਹਲੁ ਅਸਰਾਉ ॥ ਖਰੇ ਪਰਖਿ ਖਜਾਨੈ ਪਾਈਅਨਿ ਖੋਟਿਆ ਨਾਹੀ ਥਾਉ ॥ ਸਭੁ ਸਚੋ ਸਚੁ ਵਰਤਦਾ ਸਦਾ ਸਚੁ ਨਿਆਉ ॥ ਅੰਮ੍ਰਿਤ ਕਾ ਰਸੁ ਆਇਆ ਮਨਿ ਵਸਿਆ ਨਾਉ ॥ 1092 ਅਸਲੀਅਤ ਤਾਂ ਇਹ ਹੈ ਕਿ ਉਹ ਕਿਸੇ ਦਾ ਵੀ ਮੁਥਾਜ ਨਹੀ ਬੀਓ ਪੂਛਿ ਨ ਮਸਲਤਿ ਧਰੈ ॥ ਜੋ ਕਿਛੁ ਕਰੈ ਸੁ ਆਪਹਿ ਕਰੈ ॥ 863 ਕਿਉਂਕਿ ਸਭ ਕਿਛ ਉਹ ਆਪੇ ਆਪ ਹੀ ਹੈ। ਅੰਤਰਿ ਉਤਭੁਜੁ ਅਵਰੁ ਨ ਕੋਈ ॥ ਜੋ ਕਹੀਐ ਸੋ ਪ੍ਰਭ ਤੇ ਹੋਈ ॥ 905

ਧਰਮਰਾਜ ਨਾਲ ਭੇਂਟ ਹੋਣ ਦੀਆਂ ਰੋਚਕ ਤੇ ਝੂਠੀਆਂ ਗਾਥਾਵਾਂ ਇਹਨਾਂ ਅਖੌਤੀ ਸਾਧਾਂ ਸੰਤਾਂ ਦੀਆਂ ਲਿਖੀਆਂ ਜੀਵਨੀਆਂ ਵਿਚੋਂ ਪੜੀਆਂ ਜਾ ਸਕਦੀਆਂ ਹਨ। ਅਗਿਆਨੀ ਨੂੰ ਉਹਨਾਂ ਦੀਆਂ ਲਿਖੀਆਂ ਇਹ ਮਨ ਘੜਤ ਤੇ ਝੂਠੀਆਂ ਕਹਾਣੀਆਂ ਭਾਵੇਂ ਬਹੁਤ ਪ੍ਰਭਾਵਸ਼ਾਲੀ ਲਗਦੀਆਂ ਹੋਣ ਪਰ ਸੱਚ (ਗੁਰਗਿਆਨ) ਦੀ ਕਸਵੱਟੀ ਤੇ ਪਰਖਿਆਂ ਇਹ ਹਾਸੋਹੀਣ, ਝੂਠੀਆਂ, ਕਲਪਿਤ ਤੇ ਨਿਰਰਥਕ ਕਹਾਣੀਆਂ ਹੀ ਸਾਬਤ ਹੁੰਦੀਆਂ ਹਨ। ਗੁਰਬਾਣੀ ਦੀ ਇਹ ਪੰਗਤੀ ਹੈ ਜੋ ਇਹ ਦਰਸਾ ਰਹੀ ਹੈ ਕਿ ਲੇਖੇ ਦਾ ਵਰਤਾਰਾ ਜਿਉਂਦਿਆਂ ਨਾਲ ਹੈ ਮਰਨ ਪਿਛੋਂ ਨਹੀ:- ਜਉ ਜਮੁ ਆਇ ਕੇਸ ਗਹਿ ਪਟਕੈ ਤਾ ਦਿਨ ਕਿਛੁ ਨ ਬਸਾਹਿਗਾ ॥ ਸਿਮਰਨੁ ਭਜਨੁ ਦਇਆ ਨਹੀ ਕੀਨੀ ਤਉ ਮੁਖਿ ਚੋਟਾ ਖਾਹਿਗਾ ॥ 1106 ਆਮ ਤੌਰ ਤੇ ਕਥਾਕਾਰਾਂ ਨੂੰ ਅੱਖਰੀ ਅਰਥ ਕਰਦੇ ਹੀ ਪੜ੍ਹਿਆ ਸੁਣਿਆ ਹੈ ਕਿ ਸਿਮਰਨ, ਭਜਨ, ਦਇਆ ਕੀਤੇ ਬਿਨਾ ਜਦੋਂ ਅੰਤ ਵੇਲੇ (ਮਰਨ ਪਿਛੋਂ) ਜਮਾਂ ਨੇ ਕੇਸਾਂ ਤੋਂ ਫੜ ਕੇ ਆਣ ਪਟਕਾਇਆ ਤਾਂ ਉਦੋਂ ਤੇਰੀ ਕੋਈ ਪੇਸ਼ ਨਹੀ ਜਾਣੀ। ਮਰਨ ਪਿੱਛੋਂ ਕੇਸਾਂ ਤੋਂ ਫੜ ਕੇ ਪਟਕਾਉਂਦਿਆਂ ਜਮਾਂ ਨੂੰ ਕਿਸੇ ਨਹੀ ਵੇਖਿਆ ਇਸ ਲਈ ਗੁਰਬਾਣੀ ਸੁਚੇਤ ਕਰਦੀ ਹੈ ਕਿ ਅਗਰ ਗੁਣਾਂ (ਸਿਮਰਨ, ਭਜਨ, ਦਇਆ) ਨੂੰ ਭੁਲਾ ਦਿੱਤਾ, ਸ਼ੁਭ ਅਮਲਾਂ ਨੂੰ ਵਿਸਾਰ ਦਿੱਤਾ, ਤਾਂ ਵਿਕਾਰਾਂ (ਜਮਾਂ) ਨੇ ਜਿਉਂਦਿਆਂ ਨੂੰ ਹੀ ਆ ਪਕੜਨਾ ਹੈ ਤੇ ਫੇਰ ਦੁਖਾਂ ਦੀਆਂ ਚੋਟਾਂ ਖਾਣੀਆਂ ਪੈਣਗੀਆਂ। ਇਹ ਜਮਦੂਤ (ਵਿਕਾਰ) ਜਿਉਂਦਿਆਂ ਨੂੰ ਪਕੜਦੇ ਹਨ ਮਰਿਆਂ ਨੂੰ ਨਹੀ (ਮਰਿਆਂ ਦਾ ਤਾਂ ਸਾਥ ਛੱਡ ਜਾਂਦੇ ਹਨ) ਕਿਉਂਕਿ ਮਰਨ ਪਿਛੋਂ ਆਤਮਾ, ਜਿਸ ਨੂੰ ਕਿਸੇ ਤਰਾਂ ਵੀ ਦੁਖਾਇਆ ਨਹੀ ਜਾ ਸਕਦਾ, ਉਸ ਨੂੰ ਪਕੜਨ ਦਾ ਕੀ ਲਾਭ? ਚਿਤਿ ਨ ਆਇਓ ਪਾਰਬ੍ਰਹਮੁ ਜਮਕੰਕਰ ਵਸਿ ਪਰਿਆ ॥ 70

ਕੋਈ ਅਲੱਗ ਹਸਤੀ ਵਾਲੇ ਜਮ ਨਹੀ ਬਲਿਕੇ ਕਰਤਾਰ ਵਲ ਪਿੱਠ ਹੋਣ ਕਾਰਨ ਭਾਵ ਉਸ ਦੇ ਹੁਕਮ ਨੂੰ ਭੁਲਣ ਕਾਰਨ ਹੀ ਜਮਦੂਤਾਂ ਭਾਵ ਵਿਕਾਰਾਂ (ਜਮਾਂ ਦੀ ਸਰਕਾਰ ਦੇ) ਵੱਸ ਪੈਣਾ ਹੈ ਤੇ ਇਹ ਵਿਕਾਰ ਜੀਵ ਨੂੰ ਨਿੱਤ, ਪਲ ਪਲ, ਕੇਸਾਂ ਨੂੰ (ਮਨ ਨੂੰ) ਪਕੜ ਕੇ ਪਟਕਾਉਂਦੇ (ਦੁਖੀ ਕਰਦੇ) ਰਹਿੰਦੇ ਹਨ। ਇਹਨਾਂ ਵਿਕਾਰਾਂ (ਜਮਾਂ) ਦੀ ਸਰਕਾਰ ਤੋਂ ਬਚਣ ਲਈ ਤੇ ਕੂੜ ਦੀਆਂ ਪਾਲਾਂ ਨੂੰ ਤੋੜਨ ਲਈ ਹੀ ਗੁਰਬਾਣੀ ਦਾ ਅਟੱਲ ਫੈਸਲਾ ਹੈ: ਕਿਵ ਸਚਿਆਰਾ ਹੋਈਐ ਕਿਵ ਕੂੜੈ ਤੁਟੈ ਪਾਲਿ ॥ ਹੁਕਮਿ ਰਜਾਈ ਚਲਣਾ ਨਾਨਕ ਲਿਖਿਆ ਨਾਲਿ ॥ ਅਗਰ ਧਰਮਰਾਜ ਤੇ ਉਸ ਦੇ ਕਰਮਚਾਰੀਆਂ ਦੀ ਹੋਂਦ ਮਨੁੱਖ ਨੂੰ ਕੁਕਰਮਾਂ ਤੋਂ ਵਰਜਣ ਤੇ ਡਰਾਵੇ ਲਈ ਵਰਤੀ ਗਈ ਹੈ ਤਾਂ ਝੂਠੇ ਡਰਾਵਿਆਂ ਤੇ ਭਰਮਾਂ ਰਾਹੀਂ ਮਨੁੱਖ ਨੂੰ ਸਮਝਾਉਣ ਤੇ ਡਰਾਉਣ ਨਾਲੋਂ (ਗੁਰਬਾਣੀ ਵਾਂਗ) ਪਿਆਰ ਦੀ ਅਕੱਟ ਦਲੀਲ ਨਾਲ ਦਿੱਤਾ ਗਿਆਨ ਜ਼ਿਆਦਾ ੳਚਿੱਤ ਤੇ ਪ੍ਰਭਾਵਸ਼ਾਲੀ ਹੋ ਸਕਦਾ ਹੈ। ਅਗਰ ਮਨੁਖੀ ਲੇਖੇ ਦੇ ਕੰਮ ਤੇ ਨਿਆਉ ਕਰਤਾਰ ਆਪ ਹੀ ਕਰਦਾ ਹੈ (ਆਪਿ ਕਰਾਏ ਕਰੇ ਆਪਿ ਹਉ ਕੈ ਸਿਉ ਕਰੀ ਪੁਕਾਰ ॥), ਦੇਹੀ (ਦੁਖ ਸੁਖ ਭੋਗਣ ਲਈ) ਅਗੇ ਨਹੀ ਜਾ ਸਕਦੀ (ਦੇਹੀ ਜਾਤਿ ਨ ਆਗੈ ਜਾਏ ॥ 111) ਅਤੇ ਆਤਮਾ ਨੂੰ ਦੁਖਾਇਆ ਨਹੀ ਜਾ ਸਕਦਾ (ਨਾ ਇਸੁ ਦੂਖੁ ਨਹੀ ਜਮ ਜਾਲਾ ॥) ਤਾਂ ਨਰਕ, ਸਵਰਗ, ਧਰਮਰਾਜ ਅਤੇ ਉਸ ਦੇ ਕਰਮਚਾਰੀਆਂ ਦੀ ਹੋਂਦ ਇੱਕ ਭਰਮ, ਡਰਾਵੇ ਤੇ ਕਲਪਣਾ ਤੋਂ ਬਿਨਾ ਕੀ ਹੋ ਸਕਦੀ ਹੈ? ਆਤਮ ਮਹਿ ਰਾਮੁ ਰਾਮ ਮਹਿ ਆਤਮੁ ਚੀਨਸਿ ਗੁਰ ਬੀਚਾਰਾ ॥ ਜੇ ਆਤਮਾ ਤੇ ਪਰਮਾਤਮਾ ਇਕੋ ਹਨ ਤਾਂ ਲੇਖਾ ਲੈਣ ਵਾਲਾ ਤੇ ਦੇਣ ਵਾਲਾ ਕੌਣ? ਗੁਰਬਾਣੀ ਮਨੁੱਖ ਨੂੰ ਮੰਨੇ ਜਾਂਦੇ ਨਰਕ, ਸਵਰਗ, ਧਰਮਰਾਜ, ਚਿਤ੍ਰਗੁਪਤ ਅਤੇ ਜਮਦੂਤਾਂ ਦੇ ਹਊਏ ਤੋਂ ਮੁਕਤ ਕਰਨਾ ਚਹੁੰਦੀ ਹੈ ਤੇ ਸੁਚੇਤ ਕਰਦੀ ਹੈ ਕਿ: ਹਰਿ ਜੀਉ ਕੀ ਹੈ ਸਭ ਸਿਰਕਾਰਾ ॥ ਏਹੁ ਜਮੁ ਕਿਆ ਕਰੇ ਵਿਚਾਰਾ ॥1054 ਕਰਤੇ ਦਾ ਹੁਕਮ (ਨਿਯਮ) ਹੀ ਉਸ ਦੀ ਸੱਚੀ ਸਰਕਾਰ ਹੈ ਤੇ ਇਹ ਵਿਚਾਰੇ ਜਮ (ਵਿਕਾਰ) ਵੀ ਓਸੇ ਦੇ ਹੁਕਮ (ਸਰਕਾਰ) ਵਿੱਚ ਹੀ ਹਨ। ਇਸ ਲਈ ਗੁਰਬਾਣੀ ਅਨੁਸਾਰ (ਤੂ ਆਪੇ ਕਰਤਾ ਤੇਰਾ ਕੀਆ ਸਭੁ ਹੋਇ ॥ ਤੁਧੁ ਬਿਨੁ ਦੂਜਾ ਅਵਰੁ ਨ ਕੋਇ ॥ 11) ਧਰਮਰਾਜ ਦਾ ਇਹ ਹਊਆ ਇੱਕ ਪੁਰਾਤਨ ਮੰਨੇ ਜਾਂਦੇ ਭਰਮ ਭੁਲੇਖੇ ਤੇ ਡਰਾਵੇ ਤੋਂ ਬਿਨਾ ਹੋਰ ਕੁੱਝ ਵੀ ਨਹੀ।

ਦਰਸ਼ਨ ਸਿੰਘ,

ਵੁਲਵਰਹੈਂਪਟਨ, ਯੂ. ਕੇ.




.