.

ਰੱਬੀ ਮਿਲਨ ਦੀ ਬਾਣੀ

ਸਲੋਕ ਮ: ੯

ਦੀ ਵਿਚਾਰ

ਛੱਬੀਵਾਂ ਸਲੋਕ

ਵੀਰ ਭੁਪਿੰਦਰ ਸਿੰਘ

26. ਛੱਬੀਵਾਂ ਸਲੋਕ -

ਪ੍ਰਾਨੀ ਕਛੂ ਨ ਚੇਤਈ ਮਦਿ ਮਾਇਆ ਕੈ ਅੰਧੁ ॥

ਕਹੁ ਨਾਨਕ ਬਿਨੁ ਹਰਿ ਭਜਨ ਪਰਤ ਤਾਹਿ ਜਮ ਫੰਧ ॥26॥

ਇਹ ਜਿਹੜੀ ਬਾਹਰਲੀ ਮਾਇਆ ਹੈ ਇਸਦਾ ਹੰਕਾਰ ਕਰਦਾ ਫਿਰਦਾ ਹੈਂ ਇਹ ਮੂਰਖ ਮਨ! ਇਹ ਤੇਰਾ (ਮਨ ਦਾ) ਆਧਾਰ ਨਹੀਂ ਬਣ ਸਕਦਾ। ਇਸ ਦਾ ਹੰਕਾਰ ਨਾ ਕਰ।

ਮੈਂ ਕੌਣ ਹਾਂ, ਇਸ ਦੀ ਪਛਾਣ ਕਰਨੀ ਜ਼ਰੂਰੀ ਹੈ। ਬਾਹਰਲੀਆਂ ਸਾਰੀਆਂ ਚੀਜ਼ਾਂ ਤੇ ਹੀ ਮੈਨੂੰ ਮਾਣ ਹੈ। ਪਰ ਇਹ ਸਾਰੀਆਂ ਬਾਹਰਲੀਆਂ ਚੀਜ਼ਾਂ ‘ਮੈਂ’ ਨਹੀਂ ਹਾਂ। ਇਹ ਹਮੇਸ਼ਾਂ ਲਈ ਮੇਰੀਆਂ ਨਹੀਂ ਹਨ। ਫਿਰ ਮੈਂ ਕੀ ਹਾਂ? ਜਦੋਂ ਅਸੀਂ ਇਹ ਪਛਾਣ ਕਰਾਂਗੇ ਕਿ ਮੈਂ ਕੌਣ ਹਾਂ ਤਾਂ ਅਸੀਂ ਅੰਦਰ ਵਲ ਝਾਤ ਮਾਰਾਂਗੇ। ਮੇਰਾ ਕਿਰਦਾਰ ਹੀ ਮੈਂ ਹਾਂ। ਨਾ ਅਸੀਂ ਆਪ ਗੁਣ ਲੈਂਦੇ ਹਾਂ ਅਤੇ ਨਾ ਹੀ ਬੱਚਿਆਂ ਨੂੰ ਗੁਣ ਦੇਂਦੇ ਹਾਂ। ਅੱਜ ਸਮਾਜ ਵਿਚ ਜ਼ਿਆਦਾ ਤਲਾਕ ਇਸ ਲਈ ਹੋ ਰਹੇ ਹਨ ਕਿਉਂਕਿ ਅਸੀਂ ਆਪਣੇ ਧੀਆਂ ਪੁਤਰਾਂ ਨੂੰ ਲੱਖਾਂ-ਕਰੋੜਾਂ ਰੁਪਏ ਦੇਂਦੇ ਹਾਂ ਅਤੇ ਇਨ੍ਹਾਂ ਦੇ ਵਿਆਹ ਵੀ ਅਮੀਰ ਘਰਾਂ ਵਿਚ ਹੀ ਲੋਚਦੇ ਹਾਂ। ਮੁੰਡਾ ਧਨਾਢ ਹੋਵੇ, ਜਾਇਦਾਦ ਹੋਵੇ ਆਦਿ। ਇਹ ਸਾਰਾ ਕੁਝ ਤੇ ਹੁੰਦਾ ਹੈ ਪਰ ਉਨ੍ਹਾਂ ਦੇ ਮਨ ਦਾ ਆਧਾਰ ਨਹੀਂ ਹੁੰਦਾ ਇਸ ਲਈ ਉਨ੍ਹਾਂ ਦੀ ਲੜਾਈ ਹੋ ਜਾਂਦੀ ਹੈ, ਛੇਤੀ ਹੀ ਤਲਾਕ ਹੋ ਜਾਂਦੇ ਹਨ।

ਮਨ ਦਾ ਆਧਾਰ ਨਾ ਬਣਨ ਕਾਰਨ ਸਾਡੇ ਬੱਚੇ ਪੈਸੇ ਦੇ ਹੰਕਾਰ ਵਿਚ ਰਹਿੰਦੇ ਹਨ। ਪੈਸੇ ਦੇ ਹੰਕਾਰ ਵਿਚ ਅੰਨੇ ਹੋ ਕੇ ਨੱਚਦੇ ਹਨ, ਨਸ਼ੇ ਕਰਦੇ ਹਨ, ਕਾਮ ਵਿਚ ਖੱਚਿਤ ਹੁੰਦੇ ਹਨ, ਫਿਰ ਕਹਿੰਦੇ ਹਨ ਕਿ ਵਿਆਹ ਕਰਵਾਉਣ ਦੀ ਲੋੜ੍ਹ ਹੀ ਨਹੀਂ, ਜਿਸਦੇ ਨਾਲ ਮਰਜ਼ੀ ਰਵੋ।

ਪੈਸੇ ਦੇ ਹੰਕਾਰ ਵਿਚ, ਜਦੋਂ ਮਰਜ਼ੀ, ਜਿਸ ਮਰਜ਼ੀ ਨਾਲ ਲੜ੍ਹ ਪੈਂਦੇ ਹਨ। ਸਾਰੀਆਂ ਸੁਖ ਸਹੂਲਤਾਂ ਦੇ ਕੇ ਵੀ ਅਸੀਂ ਆਉਣ ਵਾਲਾ ਸਮਾਂ ਬੱਚਿਆਂ ਲਈ ਔਖਾ ਬਣਾ ਰਹੇ ਹਾਂ। ਕਿਉਂਕਿ ਅਸੀਂ ਉਨ੍ਹਾਂ ਦੇ ਮਨ ਦਾ ਆਧਾਰ ਨਹੀਂ ਬਣਾ ਰਹੇ ਹਾਂ। ਜੇ ਮਨ ਦਾ ਆਧਾਰ ਬਣਾ ਦਿੱਤਾ ਤਾਂ ਉਨ੍ਹਾਂ ਕੋਲ ਪੈਸਾ ਘਟ ਹੋਵੇ ਜਾਂ ਵਧ ਉਹ ਹਰ ਵਕਤ ਨੂੰ ਚੰਗੇ ਢੰਗ ਨਾਲ ਜੀ ਸਕਣਗੇ। ਆਪਣੇ ਬੱਚਿਆਂ ਨੂੰ ਸਭ ਸੁੱਖ ਸਹੂਲਤਾਂ ਦੇਈਏ ਪਰ ਨਾਲ ਸੁੱਚਜੀ ਜੀਵਨ ਜਾਚ ਵੀ ਸਿਖਾਈਏ।

ਜਿਹੜੀ ਚੀਜ਼ ਸਾਨੂੰ ਸੱਚ ਦੇਖਣ ਵੱਲੋਂ ਅੰਨਾ ਕਰ ਦੇਂਦੀ ਹੈ ਉਸੇ ਨੂੰ ਮਾਇਆ ਕਹਿੰਦੇ ਹਨ - ਉਹ ਕੁਝ ਵੀ ਹੋਵੇ। ਅਗਿਆਨਤਾ ਵੀ ਮਾਇਆ ਹੈ। ਜੇ ਅਸੀਂ ਸੱਚ ਨਹੀਂ ਲੈਣਾ ਚਾਹੁੰਦੇ ਤਾਂ ਇਹ ਵੀ ਆਪਣੇ ਆਪ ਵਿਚ ਮਾਇਆ ਹੈ ਕਿਉਂਕਿ ਅਗਿਆਨਤਾ ਵਸ ਅਸੀਂ ਅੰਨੇ ਹੋ ਜਾਂਦੇ ਹਾਂ।

ਵਹੁਟੀ, ਬੱਚੇ, ਕੰਮ-ਕਾਜ, ਮਕਾਨ, ਪੈਸਾ, ਪੜ੍ਹਾਕੇ ਇਨ੍ਹਾਂ ਸਾਰੀਆਂ ਚੀਜ਼ਾਂ ਦਾ ਕੰਮ ਤੇ ਕਰਦੇ ਹਾਂ, ਪਰ ਸਤਿਗੁਰ ਕੀ ਮਤ ਨਹੀਂ ਲੈਂਦੇ। ਵਿਕਾਰਾਂ ਰੂਪੀ ਜਮਾਂ ਦਾ ਫੰਧਾ ਪਿਆ ਰਹਿੰਦਾ ਹੈ, ਜੀਵਨ ਕੁਰਬਲ-ਕੁਰਬਲ ਹੁੰਦਾ ਰਹਿੰਦਾ ਹੈ। ਵਡਾ ਹੋਆ ਦੁਨੀਦਾਰੁ ਗਲਿ ਸੰਗਲੁ ਘਤਿ ਚਲਾਇਆ ॥ (464) ਜਿਉਂ-ਜਿਉਂ ਅਸੀਂ ਵੱਡੇ ਬਣੇ ਫਿਰਦੇ ਹਾਂ ਦਿਖਾਵਾ ਕਰੀ ਫਿਰਦੇ ਹਾਂ, ਬਸ! ਇਹੀ ਜਮਾਂ ਦੀ ਫਾਹੀ ਸਾਨੂੰ ਪੈ ਜਾਂਦੀ ਹੈ। ਇਸ ਲਈ ਵਿਖਾਵਾ ਸਾਨੂੰ ਪਸੰਦ ਹੈ। ਜਦੋਂ ਸਾਡੇ ਘਰ ਕਿਸੇ ਦਾ ਵਿਆਹ ਹੁੰਦਾ ਹੈ ਤਾਂ ਜ਼ਿਆਦਾ ਤਵੱਜੋ ਇਸ ਗਲ ਤੇ ਦੇਂਦੇ ਹਾਂ ਕਿ ਜੇ ਇਹ ਨਹੀਂ ਕੀਤਾ ਤਾਂ ਲੋਕੀ ਕੀ ਕਹਿਣਗੇ। ਸਾਰੇ ਦਾਜ ਲੈਂਦੇ ਹਨ ਅਸੀਂ ਨਾ ਲਈਏ। ਇਸੇ ਨੂੰ ਗੁਰੂ ਸਾਹਿਬ ਕਹਿੰਦੇ ਹਨ - ‘ਮਦਿ ਮਾਇਆ ਕੈ ਅੰਧੁ’

ਤੂੰ ਸੱਚ ਤਾਂ ਹੀ ਜੀ ਸਕੇਂਗਾ ਜੇ ਤੇਰੇ ਕੋਲ ਸੱਚਾ ਗਿਆਨ ਹੋਵੇਗਾ। ਜਿਸਨੂੰ ਸੱਚ ਸਮਝ ਆ ਜਾਂਦਾ ਹੈ, ਸਤਿਗੁਰ ਦੇ ਨਾਲ ਇੱਕਮਿਕਤਾ ਸਮਝ ਆ ਜਾਂਦੀ ਹੈ ਉਸਨੂੰ ਮਾਇਆ ਵਿਚ ਮਤੇ ਹੋਏ ਬੋਲ ਨਹੀਂ ਆਉਂਦੇ ਹਨ - ‘ਬੋਲਿ ਨ ਜਾਣੈ ਮਾਇਆ ਮਦਿ ਮਾਤਾ ਮਰਣਾ ਚੀਤਿ ਨ ਆਵੈ’। ਉਸਨੂੰ ਫਿਰ ਮੌਤ ਦਾ ਡਰ ਨਹੀਂ ਰਹਿੰਦਾ, ਭਾਵ ਉਹ ਆਤਮਕ ਤਲ ਤੇ ਮਰਦਾ ਨਹੀਂ ਹੈ। ਅਸੀਂ ਵਿਕਾਰਾਂ ਦੇ ਮੋਹ ਵਿਚ ਅੰਨੇ ਨਹੀਂ ਹੋਣਾ ਹੈ, ਵਿਕਾਰਾਂ ਦੀ ਫਾਹੀ ਨਹੀਂ ਪਏਗੀ। ਪਰਤ ਤਾਹਿ ਜਮ ਫੰਧ ਪਰਤ-ਪਰਤ ਕੇ ਬਾਰ-ਬਾਰ ਤੂੰ ਜਮਾਂ (ਵਿਕਾਰਾਂ) ਦੇ ਫੰਧੇ ਵਿਚ ਫਸਦਾ ਹੈਂ। ਗੁਰੂ ਸਾਹਿਬ ਸੁਚੇਤ ਕਰ ਰਹੇ ਹਨ ਕਿ ਤੂੰ ਹੁਣ ਹੀ ਜਿਊਂਦੇ ਜੀ ਆਪਣੇ ਅਵਗੁਣਾਂ ਰੂਪੀ ਜਮਾਂ ਵਸ ਪਿਆ ਹੋਇਆ ਹੈ।

ਨਾਨਕ ਅਉਗੁਣ ਜੇਤੜੇ ਤੇਤੇ ਗਲੀ ਜੰਜੀਰ ॥ ਜੇ ਗੁਣ ਹੋਨਿ ਤ ਕਟੀਅਨਿ ਸੇ ਭਾਈ ਸੇ ਵੀਰ ॥ (595) - ਇਸ ਤਰ੍ਹਾਂ ਇਹ ਜਮਾਂ ਦੇ ਫੰਧੇ ਅੱਜ, ਇਸੇ ਵੇਲੇ ਹੀ ਕੱਟੇ ਜਾ ਸਕਦੇ ਹਨ ਅਤੇ ਇਸੇ ਪ੍ਰਥਾਏਂ ਹੀ ਗੁਰਬਾਣੀ ਸਾਨੂੰ ਸਮਝਣੀ ਹੈ। ਮ:9 ਦੇ ਸਲੋਕ ਵੀ ਸਾਨੂੰ ਜਿਊਂਦੇ ਜੀ ਜਮਾਂ ਦੀ ਫਾਹੀ ਕਟਣ ਬਾਰੇ ਹੀ ਦਸਦੇ ਹਨ ਕਿ ਤੈਨੂੰ ਹਉਮੈ ਹੰਕਾਰ ਦੇ ਫੰਧੇ ਪਏ ਹੋਏ ਹਨ ਇਨ੍ਹਾਂ ਤੋਂ ਤੂੰ ਬਚ ਜਾ ਇਹ ਤੇਰੀ ਜਿਊਂਦਿਆਂ ਮੁਕਤੀ ਹੋ ਸਕਦੀ ਹੈ। ਮਰਨ ਮਗਰੋਂ ਸਵਰਗ, ਨਰਕ ਜਾਂ ਪਰਲੋਕ ਹੈ ਕਿ ਨਹੀਂ ਹੈ ਪਰ ਹੁਣੇ ਹੀ ਪਰਲੋਕ ਦੀ ਅਵਸਥਾ ਬਣ ਸਕਦੀ ਹੈ।

ਉੱਪਰ ਅਸੀਂ ਵਿਚਾਰਿਆ ਕਿ ਜੇ ਮਨ ਡੋਲਦਾ ਹੈ ਤਾਂ ਇਸਨੂੰ ਥਿਰਤਾ ਦੇਣੀ ਪਵੇਗੀ - ਜਿਉ ਮੰਦਰ ਕਉ ਥਾਮੈ ਥੰਮਨੁ ॥ ਤਿਉ ਗੁਰ ਕਾ ਸਬਦੁ ਮਨਹਿ ਅਸਥੰਮਨੁ ॥ (282) ਮਨ ਨੂੰ ਸਤਿਗੁਰ ਦੀ ਮੱਤ ਦਾ ਆਧਾਰ ਦੇਣਾ ਜ਼ਰੂਰੀ ਹੈ। ਇਸ ਪਕਿਆਈ ਸਦਕਾ ਪਲ-ਪਲ, ਖੁਸ਼ੀ-ਗਮੀ ਅਤੇ ਸੁਖ-ਦੁਖ ਵੇਲੇ ਪਾਣੀ ਦੇ ਬੁਲੇ ਵਾਂਗੂੰ ਟੁੱਟਾਂਗੇ ਨਹੀਂ। ਸਤਿਗੁਰ ਦੀ ਮੱਤ ਅਨੁਸਾਰ ਅਡੋਲਤਾ ਵਾਲੀ ਅਵਸਥਾ ਵਿਚ ਰਹਿਣਾ, ਰੱਬੀ ਗੁਣਾਂ ਦਾ ਅਡੋਲ ਸੁਭਾ ਵਰਤਣਾ ਹੀ ‘ਹਰਿ ਭਜਨ’ ਦੀ ਅਵਸਥਾ ਹੁੰਦੀ ਹੈ ਵਰਨਾ ਅਵਗੁਣੀ ਜੀਵਨ ਦਾ ਖਿਆਲ ਤਕ ਆਉਣਾ ਮੰਦੇ ਸੁਭਾ ਨੂੰ ਜਨਮ ਦੇਂਦਾ ਹੈ ਤੇ ਅਸੀਂ ਵਿਕਾਰਾਂ ਰੂਪੀ ਜਮ ਦੀ ਫਾਹੀ ਵਿਚ ਫਸੇ ਰਹਿੰਦੇ ਹਾਂ। ਜਿਤਨਾ ਜਮ ਰੂਪੀ ਵਿਕਾਰ ਅਵਗੁਣਾ ਦਾ ਕਿਰਦਾਰ ਬਣਾ ਕੇ ਜਿਊਂਦੇ ਹਾਂ ਉਤਨਾ ਹੀ ਹੰਕਾਰ ਵਧਦਾ ਹੈ, ਖੁਦਗਰਜ਼ੀ ਵਧਦੀ ਹੈ, ਕਾਮ, ਕ੍ਰੋਧ, ਲੋਭ, ਮੋਹ ਹੰਕਾਰ ਵਧਦਾ ਹੈ। ਇਸੇ ਖਿਆਲ, ਫੁਰਨੇ, ਸੁਭਾ ਨੂੰ ‘ਮਦਿ ਮਾਇਆ’ ਕਹਿੰਦੇ ਹਨ ਅਤੇ ਮਨੁੱਖ ਅੰਨਾ ਜੀਵਨ ਜਿਊਂਦਾ ਹੈ। ਇਸੀ ‘ਮਦਿ ਮਾਇਆ’ ਦੀ ਅਵਸਥਾ ਵਾਲੇ ਮਨ ਨੂੰ ‘ਮਾਇਆ ਧਾਰੀ ਅਤਿ ਅੰਨ੍ਾ ਬੋਲਾ’ ਕਹਿੰਦੇ ਹਨ। ਜਮਾਂ ਦੀ ਬਿਰਤੀ ਦੇ ਸੁਭਾ ਵਾਲਾ ਮਨੁੱਖ ਦਿਨ-ਰਾਤ ਬੇਚੈਨ ਰਹਿੰਦਾ ਹੈ। ਮਨੁੱਖੀ ਸਮਾਜਕ ਭੀੜ ਦਾ ਹਿੱਸਾ ਬਣ ਕੇ ‘ਲੋਕੁ ਅਵਗਣਾ ਕੀ ਬੰਨ੍ੈ ਗੰਠੜੀ ਗੁਣ ਨ ਵਿਹਾਝੈ ਕੋਇ ॥’ (1092) ਭਾਵ ਅਵਗੁਣ ਇੱਕਠੇ ਕਰਦਾ ਰਹਿੰਦਾ ਹੈ ਸੁਭਾ ਵਿਗੜਦਾ ਜਾਂਦਾ ਹੈ ਜਮ ਦੀ ਫਾਹੀ ਦਾ ਫੰਦਾ ਕਸਦਾ ਜਾਂਦਾ ਹੈ। ਪਲ-ਪਲ ਆਤਮਕ-ਮੌਤ ਵਾਪਰਦੀ ਰਹਿੰਦੀ ਹੈ।

ਪਿਛਲੇ 24, 25, 26 ਸਲੋਕਾਂ ਨੂੰ ਵਿਚਾਰ ਕੇ ਅਡੋਲ ਵਿਰਲੇ ਕਿਰਦਾਰ ਵਾਲੇ ਮਨ ਵਾਲਾ ਮਨੁੱਖ ਬਣਦਾ ਹੈ। ਚੰਗੀ ਸੋਚਨੀ ਦੀ ਰਚਨਾ ਬਣਾਉਣੀ ਹੈ ਤਾਂਕਿ ਪਾਣੀ ਦੇ ਬੁੱਲੇ ਵਾਂਗੂ ਫਟਦੇ, ਟੁਟਦੇ ਅਤੇ ਡੋਲਦੇ ਮਨ ਨੂੰ ਜਮਾਂ ਤੋਂ ਮੁਕਤ ਜੀਵਨ (ਜਮ ਦੀ ਫਾਹੀ ਤੋਂ ਮੁਕਤ) ਜਿਊ ਕੇ ਵਿਰਲੇ ਬਣੀਏ।

ਤੇਈਵੇਂ ਤੋਂ ਛੱਬੀਵੇ ਸਲੋਕ ਤਕ ਸਾਨੂੰ ਇਹ ਸਮਝ ਆਈ:

ਤਈਵਾਂ ਸਲੋਕ ‘ਸੁਪਨਾ ਅਰੁ ਪੇਖਨਾ’ ਇਹ ਤੇਰੇ ਮਨ ਦਾ ਭਰਮ ਹੈ ਇਹ ਸੱਚਾ ਨਹੀਂ। ਚੌਵੀਵਾਂ ਸਲੋਕ ਹੈ ‘ਮਾਇਆ’ ਨੂੰ ਆਪਣੇ ਮਨ ਦਾ ਆਧਾਰ ਨਾ ਬਣਾ। ਇਹ ਤੇਰੇ ਮਨ ਦੇ ਕਿਸੇ ਕੰਮ ਨਹੀਂ ਆਏਗ। ਪੱਚੀਵਾਂ ਸਲੋਕ ਹੈ ਕਿ ਇਸ ਸੰਸਾਰ ਵਿਚ ਕੁਝ ਵੀ ਸਦਾ ਲਈ ਨਹੀਂ ਹੈ। ਇਸ ਲਈ ਕਿਸੇ ਵੀ ਸੰਸਾਰਿਕ ਵਸਤੂ ਨੂੰ ਆਪਣੇ ਮਨ ਦਾ ਆਧਾਰ ਨਾ ਬਣਾ। ਜਿਵੇਂ ਬੱਚਾ ਕਹੀ ਜਾਂਦਾ ਹੈ ਕਿ ਇਹ ਚੀਜ਼ ਲੈ ਕੇ ਹੀ ਦਿਉ। ਸਾਡੇ ਤੋਂ ਵੱਡੀ ਉਮਰ ਵਾਲੇ ਵੀ ਕਹਿੰਦੇ ਹਨ ਕਿ ਇਹ ਲੈਕੇ ਹੀ ਰਹਾਂਗਾ। ਉਨ੍ਹਾਂ ਦੀ ਛੋਟੀ ਕਾਰ ਸਾਡੀ ਵੱਡੀ ਕਾਰ, ਉਸਦਾ ਵੱਡਾ ਖਿਡੋਣਾ ਹੈ ਮੇਰਾ ਛੋਟਾ ਖਿਡੋਣਾ ਹੈ। ਪਤੀ-ਪਤਨੀ ਆਪਸ ਵਿਚ ਗਲ ਕਰਦੇ ਹਨ ਕਿ ਤੂੰ ਮੇਰੀ ਇਹ ਗਲ ਨਹੀਂ ਮੰਨੀ, ਤੁਹਾਨੂੰ ਕਿਹਾ ਸੀ ਇਹ ਕਿ ਇਹ ਲੈਕੇ ਦਿਉ। ਜਦੋਂ ਤਕ ਨਹੀਂ ਲੈਕੇ ਦਿਉਗੇ ਮੈਂ ਨਰਾਜ਼ ਹੀ ਰਹਾਂਗੀ। ਇਹ ਮੰਗਾਂ ਵੀ ਸਥਿਰ ਨਹੀਂ ਹਨ, ਇੱਕ ਮੰਗ ਮਗਰੋਂ ਦੂਜੀ ਮੰਗ ਆਵੇਗੀ। ਇਹ ਮੰਗਾਂ ਖਤਮ ਨਹੀਂ ਹੋਣਗੀਆਂ, ਕਿਉਂਕਿ ਮਨ ਦਾ ਆਧਾਰ ਹੀ ਸੰਸਾਰਕ ਵਸਤੂਆਂ ਬਣਾਈਆਂ ਹੋਈਆਂ ਹਨ। ਇੱਕ ਮੁੱਠ ਚੁਕੀ ਦੂਜੀ ਤਿਆਰ, ਇਹ ਭੁੱਖਾ ਮਨ ਹੋਰ-ਹੋਰ ਮੰਗਦਾ ਰਹੇਗਾ। ਇਸ ਲਈ ਇਹ ਸਥਿਰ ਨਹੀਂ ਹੈ। ਇਹ ਨਾ ਸੋਚ ਕਿ ਇਹ ਹੁਣ ਦੀ ਤੇਰੀ ਅਖੀਰਲੀ ਮੰਗ ਹੈ। ਇਹ ਅਖੀਰਲੀ ਮੰਗ ਕਦੀ ਨਹੀਂ ਹੋਵੇਗੀ ਭਾਵੇਂ ਪਤੀ ਹੈ ਜਾਂ ਪਤਨੀ ਹੈ ਜਾਂ ਕੋਈ ਵੀ ਦੁਨੀਆ ਦਾ ਮਨੁੱਖ ਹੈ। ਇਸੇ ਨੂੰ ਪੱਚੀਵੇਂ ਸਲੋਕ ਵਿਚ ਮਨ ਦੇ ਉੱਠਦੇ ਢਹਿੰਦੇ ਖਿਆਲਾਂ ਨੂੰ ਬੁਦਬੁਦਾ ਕਿਹਾ ਹੈ। ਛੱਬੀਵੇ ਸਲੋਕ ਵਿਚ ਕਹਿੰਦੇ ਹਨ ਕਿ ਮੰਗਾਂ ਹੰਕਾਰ ਕਰਕੇ ਹੀ ਹਨ। ਇਸ ਮੰਗਾਂ ਦੇ ਨਸ਼ੇ ਤੋਂ ਬਾਹਰ ਆ ਨਹੀਂ ਤਾਂ ‘ਮਦਿ ਮਾਇਆ ਕੈ ਅੰਧੁ’ ਸੁੱਖ ਨਹੀਂ ਮਿਲੇਗਾ।

ਸਤਾਰਵੇਂ, ਅਠਾਰਵੇਂ ਅਤੇ ਉੱਨੀਵੇਂ ਸਲੋਕ ਦੇ ਅੰਤ ਤੇ ਹੰਕਾਰ ਬਾਰੇ ਦਸਿਆ ਸੀ। ਜੋ ਮਨੁੱਖ ਹੰਕਾਰ (ਹਉਮੈ) ਛਡਦਾ ਹੈ ਉਹ ਨਰ ਮੁਕਤ ਕਹਿਲਾਉਂਦਾ ਹੈ।

ਪਿਛਲੇ ਸਲੋਕਾਂ ਵਿਚ ਹੰਕਾਰ ਦੇ ਨੁਕਸਾਨ ਦੱਸੇ ਹਨ, ਫਿਰ ਜਿਸਨੇ ਹੰਕਾਰ ਛੱਡ ਦਿੱਤਾ - ‘ਸੋ ਨਰੁ ਮੁਕਤਾ ਜਾਨੁ’, ‘ਸਾਚੀ ਮਾਨੁ’, ‘ਸੋ ਮੂਰਤਿ ਭਗਵਾਨ’ ਆਦਿ ਇਸ ਤਰ੍ਹਾਂ ਦੇ ਲਫਜ਼ ਅੰਕਿਤ ਕਰਕੇ ਉਸ ਉੱਚੇ ਆਚਰਨ ਵਾਲੇ ਮਨੁੱਖ ਦੇ ਕਿਰਦਾਰ ਨੂੰ ਦਰਸ਼ਾਇਆ ਹੈ। ਕੈਸਾ ਉਹ ਮਹਾਨ ਮਨੁੱਖ ਬਣ ਜਾਂਦਾ ਹੈ ਉਸਦੇ ਮੱਥੇ ਦੇ ਭਾਗ ਦੱਸੇ ਹਨ। ਗੁਰੂ ਸਾਹਿਬ ਹੋਰ ਸਾਰੇ ਨੁਕਸਾਨ ਅਤੇ ਫਾਇਦੇ ਦੱਸੀ ਜਾਂਦੇ ਹਨ।




.