.

ਸਿੱਖਾਂ ਨੂੰ ਚਮਤਕਾਰਾਂ ਦੇ ਨਾਵਾਂ ਹੇਠ ਕਿਉਂ ਗੁਮਰਾਹ ਕੀਤਾ ਜਾਂਦਾ ਹੈ?


ਗੁਰਸ਼ਰਨ ਸਿੰਘ ਕਸੇਲ


ਜਿਵੇਂ ਸਾਰੇ ਜਾਣਦੇ ਹਨ ਕਿ ਜਦੋਂ ਕੋਈ ਵਿਅਕਤੀ ਕਿਸੇ ਕਾਰਨ ਡਰਿਆ ਹੋਵੇ ਤਾਂ ਜਿਥੇ ਉਸਦੀ ਸੋਚਣ ਸ਼ਕਤੀ ਬਹੁਤ ਘੱਟ ਜਾਂਦੀ ਹੈ, ਉਥੇ ਉਸਦੀ ਸਰੀਰ ਦੀ ਤਾਕਤ ਵੀ ਸਾਥ ਨਹੀਂ ਦੇਂਦੀ । ਇਸ ਹਾਲਤ ਦਾ ਫਾਇਦਾ ਉਸਦਾ ਦੁਸ਼ਮਣ ਖੂਬ ਲੈਂਦਾ ਹੈ । ਇਵੇਂ ਹੀ ਜਦੋਂ ਕੋਈ ਆਦਮੀ ਜਾਂ ਔਰਤ ਕੁਦਰਤ ਦੇ ਨਿਯਮਾ ਉਲਟ ਕਿਸੇ ਬਾਬੇ, ਅਸਥਾਨ ਜਾਂ ਰੁੱਖ ਆਦਿ ਤੋਂ ਕੋਈ ਕਰਾਮਾਤ ਹੋਣ ਦੀ ਆਸ ਰੱਖਦਾ ਹੈ ਤਾਂ ਉਹ ਆਪਣੀ ਸਮਝ ਅਤੇ ਸੱਚੇ ਗੁਰੂ ਦੇ ਦੱਸੇ ਸਦੀਵੀ ਸੱਚ ਵਾਲੇ ਗਿਆਨ ਨਾਲੋਂ ਟੁੱਟ ਜਾਂਦਾ ਹੈ ।

ਬਹੁਤ ਚਿਰ ਪਹਿਲਾਂ ਤੋਂ ਹੀ ਜਦੋਂ ਕੋਈ ਗੈਰਸਿੱਖ, ਸਿੱਖਾਂ ਦੇ ਗੁਰਧਾਮਾ ਨਾਲ ਜੋੜਕੇ ਕੋਈ ਚਮਤਕਾਰਾ ਹੋਣ ਦਾ ਪ੍ਰਚਾਰ ਕਰਦਾ ਸੀ ਤਾਂ ਮਨ ਵਿੱਚ ਇਹ ਸਵਾਲ ਉਠਦਾ ਸੀ, ਕਿ ਇਹ ਗੈਰਸਿੱਖ ਇਸ ਅਸਥਾਨ ਦੀ ਮਸ਼ਹੂਰੀ ਕਿਉਂ ਕਰ ਰਿਹਾ ਹੈ; ਪਰ ਅਸਲ ਸਮਝ ਨਹੀਂ ਸੀ ਆਉਂਦੀ । ਸੋਚਦਾ ਕਿ ਜੇਕਰ ਵਾਕਿਆ ਹੀ ਉਸਨੂੰ ਸਿੱਖ ਗੁਰੂਆਂ ਜਾਂ ਸਰੋਵਰਾਂ ਨਾਲ ਏਨਾ ਹੀ ਪਿਆਰ ਜਾਂ ਯਕੀਨ ਹੈ ਤਾਂ ਫਿਰ ਉਹ ਸਿੱਖ ਕਿਉਂ ਨਹੀਂ ਬਣ ਜਾਂਦਾ ਕਿਉਂਕਿ ਜਿਸਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਗਿਆਨ “ਸ਼ਬਦ ਗੁਰੂ” ‘ਤੇ ਯਕੀਨ ਹੈ, ਉਹ ਫਿਰ ਮੂਰਤੀ ਪੂਜਾ ਅਤੇ ਹੋਰ ਅੰਧਵਿਸਵਾਸਾਂ ਵਿੱਚ ਨਹੀਂ ਪਵੇਗਾ । ਸਾਡੇ ਸਿੱਖ ਭਾਈਚਾਰੇ ਦੇ ਲੋਕ ਤਾਂ ਆਪਣੇ ਧਾਰਮਿਕ ਅਸਥਾਨ ਨਾਲ ਜੁੜੇ ਹੋਏ ਕਿਸੇ ਕਰਾਮਾਤੀ ਕਾਰੇ ਦੀ ਕਹਾਣੀ ਨੂੰ ਸੁਣਕੇ ਬਹੁਤ ਮਾਣ ਮਹਿਸੂਸ ਕਰਦੇ ਹਨ, ਖਾਸ ਕਰਕੇ ਕਿਸੇ ਗੈਰਸਿੱਖ ਦੇ ਮੂੰਹੋਂ । ਪਰ ਇਸ ਦੇ ਪਿੱਛੇ ਸਿੱਖ ਕੌਮ ਨੂੰ ਢਾਹ ਲਾਉਣ ਲਈ ਕੀ ਕੰਮ ਹੋ ਰਿਹਾ ਹੈ ਅਤੇ ਇਸ ਨਾਲ ਗੁਰਮਤਿ ਦੀ ਵਿਚਾਰਧਾਰਾ ‘ਤੇ ਕੀ ਅਸਰ ਪੈ ਰਿਹਾ ਹੈ, ਉਦੋਂ ਸਾਨੂੰ ਇਸ ਦੀ ਸਾਫ਼ ਸਮਝ ਨਹੀਂ ਆਉਂਦੀ ।

ਜਦੋਂ ਇਕ ਬਾਸੂ ਭਾਰਦੁਵਾਜ਼ ਨੇ ਆਪ ਨੂੰ ਕੈਂਸਰ ਹੋਣ ਕਰਕੇ ਸ੍ਰੀ ਦਰਬਾਰ ਸਾਹਿਬ ਆ ਕੇ ਅਖੰਡ ਪਾਠ ਕਰਵਾਇਆ ਸੀ ਤੇ ਉਸ ਸਮੇਂ ਦੀਆਂ ਸੀ.ਡੀ. ਵੰਡੀਆਂ ਸਨ । ਜਿਹਨਾਂ ਵਿੱਚ ਇਕ ਬਲਦੀ ਜੋਤ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚੋਂ ਦਿਖਾਈ ਗਈ ਸੀ । ਜਿਵੇਂ ਇਕ ਫਿਲਮ ‘ਨਾਨਕ ਨਾਮ ਜਹਾਜ’ ਵਿੱਚ ਵੀ ਵਿਖਾਈ ਸੀ, ਇਹ ਉਸੇ ਦੀ ਨਕਲ ਕੀਤੀ ਸੀ । ਬਹੁਤ ਸਾਰੇ ਸਿੱਖ ਉਸ ਬਾਸੂ ਭਾਰਦੁਆਜ਼ ‘ਤੇ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਹੋਏ ਚਮਤਕਾਰ ਦਾ ਬੜੇ ਮਾਣ ਨਾਲ ਪ੍ਰਚਾਰ ਕਰਦੇ ਸਨ । ਸਿੱਖ ਤਾਂ ਉਸਦਾ ਪ੍ਰਚਾਰ ਕਰਦੇ ਸਮੇਂ ਇਹ ਵੀ ਨਹੀਂ ਸਨ ਸੋਚਦੇ ਕਿ ਇਸ ਦਾ ਗੁਰਮਤਿ ਵਿਚਾਰਧਾਰਾ ਤੇ ਕੀ ਅਸਰ ਪਵੇਗਾ ।

ਇਸ ਸਮੇਂ ਦਾ ਇਕ ਮਸ਼ਹੂਰ ਕਥਾਵਾਚਕ ਉਸ ਵਾਕਿਆ ਤੋਂ ਕੋਈ ਸਾਲ ਕੁ ਬਾਅਦ ਮਿਲਿਆ ਤਾਂ ਗੱਲਾਂ ਕਰਦਿਆ ਬਾਸੂ ਭਾਰਦੁਵਾਜ਼ ਦੀ ਕਰਾਮਾਤ ਨਾਲ ਕੈਂਸਰ ਠੀਕ ਹੋਣ ਦੀ ਗੱਲ ਕਰਨ ਲੱਗ ਪਿਆ । ਮੈਂ ਉਸਨੂੰ ਕਿਹਾ, ਭਾਈ ਸਾਹਿਬ, ਜਿਸ ਤਰ੍ਹਾਂ ਤੁਸੀਂ ਉਸ ਦਾ ਪ੍ਰਚਾਰ ਕਰ ਰਹੇ ਹੋ, ਅਤੇ ਦੂਸਰੇ ਪਾਸੇ ਸਿੱਖਾਂ ਨੂੰ ਸਟੇਜਾਂ ਤੋਂ ਆਖਦੇ ਹੋ, ਕਿ ਸਵੇਰੇ ਉਠਕੇ ਨਾਮ ਜਪਿਆ ਕਰੋ, ਕੇਸ ਰੱਖੋ, ਖੰਡੇ ਬਾਟੇ ਦੀ ਪਾਹੁਲ ਲਵੋਂ, ਤਾਂ ਜੋ ਤੁਸੀਂ ਗੁਰੂ ਵਾਲੇ ਬਣ ਸਕੋ, ਫਿਰ ਤੁਹਾਡੇ ‘ਤੇ ਗੁਰੂ ਦੀ ਮੇਹਰ ਹੋਵੇਗੀ । ਪਰ ਦੂਜੇ ਪਾਸੇ ਜੇਕਰ ਅੱਗੋਂ ਕਿਸੇ ਨੇ ਆਖਿਆ ਕਿ ‘ਬਾਸੂ ਭਾਰਦੁਵਾਜ਼’ ਨੇ ਕਿਹੜੇ ਕੇਸ ਰੱਖੇ ਸੀ ਜਾਂ ਖੰਡੇ ਬਾਟੇ ਦੀ ਪਾਹੁਲ ਲਈ ਸੀ, ਜੇਕਰ ਉਸ ਤੇ ਮੇਹਰ ਹੋ ਸਕਦੀ ਹੈ ਤਾਂ ਮੇਰੇ ਤੇ ਵੀ ਹੋ ਜਾਵੇਗੀ; ਤਾਂ ਫਿਰ ਕੀ ਕਹੋਗੇ । ਅੱਗੋਂ ਭਾਈ ਸਾਹਿਬ,ਕਹਿੰਦੇ, “ਇਸ ਪਾਸੇ ਤਾਂ ਮੈਂ ਸੋਚਿਆ ਹੀ ਨਹੀਂ” ।

ਪਤਾ ਲੱਗਾ ਹੈ ਕਿ ਪ੍ਰਚਾਰੇ ਗਏ ਇਸ ਚਮਤਕਾਰ ਦੇ ਕੋਈ ਚਾਰ-ਪੰਜ ਸਾਲ ਬਆਦ ਹੀ ਉਸਦੀ ਮੌਤ ਕੈਂਸਰ ਨਾਲ ਹੀ ਹੋਈ ਸੀ ।

ਦੂਸਰੀ ਗੱਲ ਇਸ ਵਾਕਿਆ ਤੋਂ ਕੁਝ ਸਾਲ ਪਹਿਲਾਂ ਦੀ ਹੈ । ਸਾਡੇ ਇਕ ਵਾਕਿਫ਼ਕਾਰ ਗੱਲ ਸੁਣਾ ਰਹੇ ਸਨ ਕਿ ਸਾਡਾ ਇਕ ਹਿੰਦੂ ਵੀਰ ਮੰਡੀ ਵਿੱਚ ਆੜ੍ਹਤ ਦਾ ਕੰਮ ਕਰਨ ਵਾਲਾ ਗੱਲ ਸੁਣਾ ਰਿਹਾ ਸੀ ਕਿ “ਮੇਰੀ ਨੂੰਹ ਸ੍ਰੀ ਦਰਬਾਰ ਸਾਹਿਬ ਗਈ ਤਾਂ ਉਸ ਤੋਂ ਬਆਦ ਉਸਦੇ ਮੂੰਹੋ ਜਿਹੜੀ ਗੱਲ ਕੱਢਦੀ ਸੀ ਉਹ ਹੀ ਪੂਰੀ ਹੋ ਜਾਂਦੀ ਸੀ । ਸਾਡੇ ਘਰ ਲੋਕਾਂ ਦਾ ਮੇਲਾ ਜਿਹਾ ਲੱਗਣ ਲੱਗ ਗਿਆ । ਅਸੀਂ ਬਹੁਤ ਪਰੇਸ਼ਾਨ ਹੋ ਗਏ । ਫਿਰ ਅਸੀਂ ਉਸਨੂੰ ਸ੍ਰੀ ਦਰਬਾਰ ਸਾਹਿਬ ਲੈ ਗਏ ਅਤੇ ਉਸਨੇ ਅਰਦਾਸ ਕੀਤੀ ਤੇ ਉਹ ਫਿਰ ਪਹਿਲੀ ਹਾਲਤ ਵਿੱਚ ਆ ਗਈ” ।

ਏਵੇਂ ਹੀ ਦਰਬਾਰ ਸਾਹਿਬ ਵਾਲੀ ਬੇਰੀ ਹੈ । ਜਿਸਨੂੰ ਦੁੱਖ ਭੰਜਣੀ ਬੇਰੀ ਆਖਦੇ ਹਨ । ਜਿਹੜੇ ਸਿੱਖ ਸਿਰਫ ਉਸ ਬੇਰੀ ਥੱਲੇ ਇਸ਼ਨਾਨ ਕਰਨ ਹੀ ਜਾਂਦੇ ਹਨ, ਉਹਨਾ ਦਾ ਉਥੇ ਹੋ ਰਹੇ ‘ਸ਼ਬਦ ਗੁਰੂ’ ਦੇ ਕੀਰਤਨ ਨੂੰ ਸੁਣਕੇ ਉਸ ਤੇ ਅਮਲ ਕਰਨ ਵਿੱਚ ਕੋਈ ਯਕੀਨ ਨਹੀਂ ਹੁੰਦਾ । ਇਹ ਮੇਰਾ ਜਾਤੀ ਤਜਰਬਾ ਵੀ ਹੈ । ਉਹ ਲੋਕ ਗੁਰੂ ਦਾ ਗਿਆਨ ਲੈਕੇ ਆਪਣੀ ਜੀਵਨ ਜਾਚ ਵਿੱਚ ਕਰਾਮਤ ਲਿਉਣ ਨਾਲੋਂ ਬੇਰੀ ਥੱਲੇ ਇਸ਼ਨਾਨ ਕਰਕੇ ਸਰੀਰਿਕ ਰੋਗ ਠੀਕ ਹੋਣ ਦੀ ਕਰਾਮਾਤ ਵਿੱਚ ਵਿਸ਼ਵਾਸ ਰੱਖਦੇ ਹਨ । ਉਂਝ ਵੀ ਸਾਡੇ ਪੂਜਾਰੀਆਂ ਵੱਲੋਂ ਜਿਹੜਾ ਪਿੰਗਲੇ ਵਾਲਾ ਵਾਕਿਆ ਪ੍ਰਚਾਰਿਆ ਜਾਂਦਾ ਹੈ, ਉਸ ਹਿਸਾਬ ਨਾਲ ਤਾਂ ਫਿਰ ਇਹ ਅਸਥਾਨ ਹਿੰਦੂ ਧਰਮ ਵਾਲਿਆ ਦਾ ਹੋਇਆ । ਗੁਰੂ ਸਾਹਿਬਾਨ ਨੇ ਤਾਂ ਨਾ ਹੀ ਬੇਰੀ ਲਾਈ ਹੈ ਤੇ ਨਾ ਹੀ ਛੱਪੜੀ, ਪਰ ਇਹ ਗੱਲ ਸਾਡੀ ਮਾਇਆਧਾਰੀ ਪੁਜਾਰੀ ਜਮਾਤ ਕਦੋਂ ਸੋਚਦੀ ਹੈ । ਉਹਨਾਂ ਨੂੰ ਤਾਂ ਅੱਜ ਦੀ ਕਮਾਈ ਨਾਲ ਹੈ, ਆਉਣ ਵਾਲੇ ਸਮੇਂ ਸਿੱਖ ਕੌਮ ਦਾ ਅੰਧਵਿਸ਼ਵਾਸਾਂ, ਵਹਿਮ ਭਰਮਾਂ ਨਾਲ ਕੀ ਨੁਕਸਾਨ ਹੋਵੇਗਾ ਉਸ ਨਾਲ ਕੀ ਗਰਜ਼ । ਉਂਝ ਵੀ ਕਾਲੇ ਕਾਂਵਾਂ ਦੇ ਹੋਣ ਬਾਰੇ ਗੁਰਬਾਣੀ ਦਾ ਫੁਰਮਾਣ ਹੈ: ਸਲੋਕੁ :-ਕਾਗਉ ਹੋਇ ਨ ਊਜਲਾ ਲੋਹੇ ਨਾਵ ਨ ਪਾਰੁ ॥(ਮ:3,ਪੰਨਾ 1089) ਵੇਖਿਆ ਜਾਵੇ ਤਾਂ ਅੱਜ ਵੀ ਸਾਡੇ ਕਈ ਰਾਗੀ ਜਾਂ ਹੋਰ ਪ੍ਰਚਾਰਕ ਹੋਣਗੇ ਜਿਹੜੇ ਸ੍ਰੀ ਦਰਬਾਰ ਸਾਹਿਬ ਕਈ–ਕਈ ਸਾਲ ਸੇਵਾ ਕਰਦੇ ਰਹੇ ਹੋਣਗੇ ਜਾਂ ਕਰ ਰਹੇ ਹਨ ਅਤੇ ਇਸ਼ਨਾਨ ਵੀ ਬੇਰੀ ਹੇਠ ਕਰਦੇ ਹੋਣਗੇ, ਉਹਨਾ ਵਿੱਚੋਂ ਕਿੰਨਿਆਂ ਕੁ ਦੀਆਂ ਅੱਖਾਂ ਜਾਂ ਹੋਰ ਬੀਮਾਰੀਆਂ ਠੀਕ ਹੋਈਆਂ ਹਨ, ਕਿਸੇ ਨੂੰ ਪਤਾ ਹੈ । ਭਗਤ ਪੂਰਨ ਸਿੰਘ ਜੀ ਵੀ ਕਿੰਨੇ ਸਾਲ ਦਰਬਾਰ ਸਾਹਿਬ ਦੇ ਬਾਹਰ ਆਪਣਾ ਪਿੰਗਲਾ ਸਾਥੀ ਲੈਕੇ ਬੈਠੇ ਰਹੇ ਸਨ ।

ਜਦੋਂ ਅਸੀਂ ਕਰਾਮਤ ਦੀ ਝਾਕ ਵਿੱਚ ਹੋਵਾਂਗੇ ਤਾਂ ਗੁਰਮਤਿ ਦੀ ਵਿਚਾਰਧਾਰਾ ਨਾਲੋਂ ਟੁੱਟ ਜਾਵਾਂਗੇ । ਫਿਰ ਅਸੀਂ ਦੇਹਧਾਰੀ ਬਾਬਿਆਂ, ਮੜ੍ਹੀਆਂ-ਮਸਾਣਾ, ਰੂੱਖਾਂ, ਜਾਨਵਰਾਂ,ਪਾਣੀਆਂ, ਥੱੜਿਆਂ ਆਦਿ ਦੀ ਪੂਜਾ ਕਰਨ ਲੱਗ ਜਾਵਾਂਗੇ । ਜੋ ਸਾਡੇ ਕੋਲ “ਸ਼ਬਦ ਗੁਰੂ” ਦਾ ਅਨਮੋਲ ਭੰਡਾਰਾ ਹੈ, ਉਸ ਨਾਲੋਂ ਟੁੱਟ ਜਾਵਾਂਗੇ । ਬਸ, ਇਹ ਹੀ ਸਿੱਖ ਕੌਮ ਦੇ ਦੁਸ਼ਮਣ ਚਾਹੁੰਦੇ ਹਨ । ਹੋਰ ਉਹਨਾ ਦਾ ਸਿੱਖ ਗੁਰਧਾਮਾ ਦਾ ਅਖੋਤੀ ਕਰਾਮਾਤ ਦੇ ਨਾਂਅ ਹੇਠ ਪ੍ਰਚਾਰ ਕਰਨ ਦਾ ਕੋਈ ਮਕਸਦ ਨਹੀਂ ਹੈ । ਜਦੋਂ ਅਸੀਂ “ਸ਼ਬਦ ਗੁਰੂ” ਦੇ ਗਿਆਨ ਨਾਲੋਂ ਟੁੱਟ ਗਏ, ਫਿਰ ਭਾਂਵੇਂ ਹਿੰਦੂਆਂ ਦੀਆਂ ਮੂਰਤੀਆਂ ਹੋਣ ਅਤੇ ਭਾਂਵੇ ਸਿੱਖੀ ਪਹਿਰਾਵੇ ਵਾਲੇ ਸਾਧ ਹੋਣ ਜਾਂ ਹੋਰ ਆਪੇ ਬਣੇ ਦੇਹਧਾਰੀ ਗੁਰੂ ਡੇਰੇਦਾਰ ਹੋਣ ਉਹਨਾਂ ਦੇ ਪੈਰੀ ਡਿੱਗਣ ਵਿੱਚ ਸਾਨੂੰ ਜ਼ਰਾ ਵੀ ਸ਼ਰਮ ਨਹੀਂ ਆਵੇਗੀ । ਇਹ ਜੋ ਅਸੀਂ ਥਾਂ-ਥਾਂ ਤੇ ਮੱਥੇ ਰੱਗੜ ਦੇ ਫਿਰਦੇ ਹਾਂ, ਇਹ ਸੱਭ ਅਗਿਆਨਤਾ ਦਾ ਹੀ ਕਾਰਨ ਹੈ; ਉਂਝ ਆਪਣੇ ਮਨ ਨੂੰ ਝੂਠਾ ਦਿਲਾਸਾ ਦੇਣ ਲਈ ਭਾਂਵੇਂ ਆਖੀ ਜਾਈਏ ਕਿ “ਜੀ ਆਪਣੀ-ਆਪਣੀ ਸ਼ਰਧਾ ਹੈ” । ਜਿਵੇਂ ਜਦੋਂ ਬੱਚਾ ਭੀੜ ਵਿਚ ਮਾਂ-ਪਿਉ ਦੀ ਉਗਲ ਛੱਡ ਦੇਂਦਾ ਹੈ ਤਾਂ ਉਸਦੇ ਗੁਵਾਚਣ ਦਾ ਖ਼ਤਰਾ ਵੀ ਉਦੋਂ ਹੀ ਬਣ ਜਾਂਦਾ ਹੈ । ਏਵੇਂ ਹੀ ਜਦੋਂ ਅਸੀਂ ਗਿਆਨ ਲੈਣ ਦੀ ਬਜਾਏ ਕਿਸੇ ਧਾਰਮਿਕ ਅਸਥਾਨ ਤੋ ਜਾਂ ਕਿਸੇ ਠੱਗ ਪੁਜਾਰੀ ਵੱਲੋਂ ਰੁੱਖ ਜਾਂ ਤਲਾਬ, ਮੱੜ੍ਹੀ, ਬੁੱਤ,ਕਬਰ ਜਾਂ ਫੋਟੋ ਆਦਿ ਤੋਂ ਚਮਤਕਾਰ ਹੋਣ ਦਾ ਭਰਮ ਪਾਲ ਲੈਂਦੇ ਹਾਂ ਤਾਂ ਗੁਰਮਤਿ ਦੀ ਵਿਚਾਰਧਾਰਾ ਨਾਲੋਂ ਸਾਡਾ ਟੁੱਟਣਾ ਯਕੀਨੀ ਹੋ ਜਾਂਦਾ ਹੈ । ਆਹ ਜੋ ਅੱਜ ਆਪਾਂ ਸਾਧਾਂ ਦੇ ਡੇਰਿਆਂ ਵਿੱਚ ਸਿੱਖੀ ਸਰੂਪ ਵਾਲਿਆਂ ਦੀਆਂ ਭੀੜਾਂ ਵੇਖ ਰਹੇ ਹਾਂ, ਇਹ ਸੱਭ “ਸ਼ਬਦ ਗੁਰੂ” ਨਾਲੋਂ ਟੁੱਟੇ ਹੋਣ ਦਾ ਸਬੂਤ ਹੈ ।

ਸੋ, ਵੇਖਦੇ ਹਾਂ ਸਾਡੇ ਆਤਮਿਕ ਗਿਆਨ ਦੇ ਗੁਰੂ, ਸ੍ਰੀ ਗੁਰੂ ਗ੍ਰੰਥ ਸਾਹਿਬ ਜਿਹਨਾ ਕੋਲ ਗੁਣਾ ਦਾ ਬਹੁਤ ਵੱਡਾ ਭੰਡਾਰਾ ਹੈ । ਉਸ ਵਿੱਚੋਂ ਕੁਝ ਕੁ ਸ਼ਬਦ ਆਪ ਨਾਲ ਸਾਂਝੇ ਕਰਨ ਦੀ ਕੋਸ਼ਿਸ ਕਰਦਾ ਹਾਂ । ਜੋ ਸਾਡੇ ਜੀਵਨ ਜਾਚ ਲਈ ਹਮੇਸ਼ਾਂ ਹੀ ਚਾਨਣ ਮੁਨਾਰੇ ਦਾ ਕੰਮ ਕਰਦੇ ਹਨ ।

ਸ੍ਰੀ ਗੁਰੂ ਗ੍ਰੰਥ ਸਾਹਿਬ “ਸ਼ਬਦ ਗੁਰੂ” ਸਾਨੂੰ ਸੋਝੀ ਦੇਂਦੇ ਹਨ ਕਿ ਤੀਰਥ ਅਸਥਾਨ, ਰੁੱਖ ਜਾਂ ਕਿਸੇ ਕਿਸਮ ਦੇ ਸਰੀਰਕ ਰੂਪ ਵਿੱਚ ਕੋਈ ਵੀ ਵਸਤੂ ਹਮੇਸ਼ਾਂ ਸਾਥ ਨਹੀ ਹੁੰਦੀ ਸਿਰਫ ਸੱਚਾ ਗਿਆਨ ਹੀ ਸਾਥ ਦੇਂਦਾ ਹੈ: ਗੁਰ ਕਾ ਬਚਨੁ ਬਸੈ ਜੀਅ ਨਾਲੇ ॥ ਜਲਿ ਨਹੀ ਡੂਬੈ ਤਸਕਰੁ ਨਹੀ ਲੇਵੈ ਭਾਹਿ ਨ ਸਾਕੈ ਜਾਲੇ ॥੧॥ ਰਹਾਉ ॥(ਮ:5,ਪੰਨਾ 679)

ਜਿਵੇਂ ਮੂਰਤੀ ਜਾਂ ਇਸ ਸਮੇਂ ਦੀਆਂ ਫੋਟੋ ਨੂੰ ਪੂਜਣ ਵਾਲਿਆਂ ਨੂੰ ਸੁਚੇਤ ਕੀਤਾ ਹੈ ਕਿ ਜੇ ਇਸ ਵਿੱਚ ਜਾਨ ਹੁੰਦੀ ਤਾਂ ਇਹ ਪਹਿਲਾਂ ਬਣਾਉਣ ਵਾਲੇ ਨੂੰ ਹੀ ਖਾਂਦੀ : ਪਾਖਾਨ ਗਢਿ ਕੈ ਮੂਰਤਿ ਕੀਨ੍ਹ੍ਹੀ ਦੇ ਕੈ ਛਾਤੀ ਪਾਉ ॥ ਜੇ ਏਹ ਮੂਰਤਿ ਸਾਚੀ ਹੈ ਤਉ ਗੜ੍ਹਣਹਾਰੇ ਖਾਉ ॥(ਮ:1,ਪੰਨਾ 479)

ਗੁਰੂ ਜੀ ਨੇ ਲੋਕਾਈ ਨੂੰ ਸੁਚੇਤ ਕੀਤਾ ਹੈ ਕਿ ਐਵੇ ਧਰਮੀ ਭੇਸ ਵੇਖ ਕੇ ਧੋਖਾ ਨਾ ਖਾ ਜਾਣਾ :-ਧੋਤੀ ਊਜਲ ਤਿਲਕੁ ਗਲਿ ਮਾਲਾ ॥ ਅੰਤਰਿ ਕ੍ਰੋਧੁ ਪੜਹਿ ਨਾਟ ਸਾਲਾ ॥ਮ:੧, ਪੰਨਾ ੮੩੨)

ਹਿਰਦੈ ਜਿਨ੍ਹ੍ਹ ਕੈ ਕਪਟੁ ਵਸੈ ਬਾਹਰਹੁ ਸੰਤ ਕਹਾਹਿ ॥ ਤ੍ਰਿਸਨਾ ਮੂਲਿ ਨ ਚੁਕਈ ਅੰਤਿ ਗਏ ਪਛੁਤਾਹਿ ॥(ਮ:3,ਪੰਨਾ 491)

ਕਿਸੇ ਨੂੰ ਮਾੜੇ ਬੋਲ ਨਾ ਬੋਲਣ ਬਾਰੇ ਆਖਦੇ ਹਨ :

ਨਾਨਕ ਫਿਕੈ ਬੋਲਿਐ ਤਨੁ ਮਨੁ ਫਿਕਾ ਹੋਇ ॥ ਫਿਕੋ ਫਿਕਾ ਸਦੀਐ ਫਿਕੇ ਫਿਕੀ ਸੋਇ ॥ ਫਿਕਾ ਦਰਗਹ ਸਟੀਐ ਮੁਹਿ ਥੁਕਾ ਫਿਕੇ ਪਾਇ ॥ ਫਿਕਾ ਮੂਰਖੁ ਆਖੀਐ ਪਾਣਾ ਲਹੈ ਸਜਾਇ ॥(ਮ:1,ਪੰਨਾ 473)

ਜਦ ਗੁਰੂ ਜੀ ਸੱਭ ਤੋਂ ਚੰਗੇ ਗੁਣ ਦੀ ਗੱਲ ਕਰਦੇ ਹਨ ਤਾਂ ਦੱਸਦੇ ਹਨ ਕਿ: ਮਿਠਤੁ ਨੀਵੀ ਨਾਨਕਾ ਗੁਣ ਚੰਗਿਆਈਆ ਤਤੁ ॥ (ਮ: 1,ਪੰਨਾ 470)

ਪਰ ਵੇਖੋ ਗੁਰੂ ਜੀ ਨਾਲ ਇਹ ਵੀ ਸੰਕੇਤ ਕਰਦੇ ਹਨ ਕਿ ਆਪਣੀ ਸੋਚ ਸਮਝ ਵੀ ਰੱਖੋ, ਕਿੱਤੇ ਇਹ ਨਾ ਹੋਵੇ ਕਿ ਕੋਈ ਭੇਖੀ ਤੁਹਾਨੂੰ ਮਿੱਠਾ ਬੋਲ ਕੇ ਮੂਰਖ ਬਣਾ ਜਾਵੇ । ਇਸ ਲਈ ਅੱਗੇ ਆਖਦੇ ਹਨ : ਅਪਰਾਧੀ ਦੂਣਾ ਨਿਵੈ ਜੋ ਹੰਤਾ ਮਿਰਗਾਹਿ ॥ ਸੀਸਿ ਨਿਵਾਇਐ ਕਿਆ ਥੀਐ ਜਾ ਰਿਦੈ ਕੁਸੁਧੇ ਜਾਹਿ ॥(ਮ: 1, ਪੰਨਾ 470)

ਜਦ ਗੁਰੂ ਜੀ ਨਸ਼ਿਆਂ ਬਾਰੇ ਗੱਲ ਕਰਦੇ ਹਨ ਤਾਂ ਆਖਦੇ ਹਨ : ਜਿਤੁ ਪੀਤੈ ਖਸਮੁ ਵਿਸਰੈ ਦਰਗਹ ਮਿਲੈ ਸਜਾਇ ॥ ਝੂਠਾ ਮਦੁ ਮੂਲਿ ਨ ਪੀਚਈ ਜੇ ਕਾ ਪਾਰਿ ਵਸਾਇ ॥ (ਮ:3,ਪੰਨਾ ੫੫੪)

ਜਿਹੜੇ ਲੋਕ ਤੀਰਥਾਂ ‘ਤੇ ਜਾ ਕੇ ਆਪਣੇ ਆਪਨੂੰ ਬਹੁਤ ਸੁੱਚਾ ਸਮਝਦੇ ਹਨ ਪਰ ਆਤਮਿਕ ਤੌਰ ਤੇ ਮੈਲ ਰੱਖੀ ਬੈਠੇ ਹੁੰਦੇ ਹਨ, ਉਹਨਾ ਬਾਰੇ ਆਖਦੇ ਹਨ: ਅੰਦਰਹੁ ਝੂਠੇ ਪੈਜ ਬਾਹਰਿ ਦੁਨੀਆ ਅੰਦਰਿ ਫੈਲੁ ॥ ਅਠਸਠਿ ਤੀਰਥ ਜੇ ਨਾਵਹਿ ਉਤਰੈ ਨਾਹੀ ਮੈਲੁ ॥(ਮ:1,ਪੰਨਾ 473) ਨਾਵਣ ਚਲੇ ਤੀਰਥੀ ਮਨਿ ਖੋਟੈ ਤਨਿ ਚੋਰ ॥ (ਮ:1,ਪੰਨਾ 789)

ਗੁਰਬਾਣੀ ਤੀਰਥ ਤੇ ਜਾਣਾ ਚੰਗੇ ਗੁਣਾ ਨੂੰ ਅਪਨਾਉਣ ਨੂੰ ਆਖਦੀ ਹੈ :ਤੀਰਥਿ ਨਾਵਣ ਜਾਉ ਤੀਰਥੁ ਨਾਮੁ ਹੈ ॥ ਤੀਰਥੁ ਸਬਦ ਬੀਚਾਰੁ ਅੰਤਰਿ ਗਿਆਨੁ ਹੈ ॥(ਮ:1,ਪੰਨਾ 687)

ਭਗਤ ਫਰੀਦ ਜੀ, ਹਰ ਇਨਸਾਨ ਨੂੰ ਆਪਣੇ ਅੰਦਰ ਦੇ ਚਲ ਰਹੇ ਵਿਚਾਰਾਂ ਵੱਲ ਧਿਆਨ ਦੇਣ ਵਾਸਤੇ ਆਖਦੇ ਹਨ:

ਫਰੀਦਾ ਜੇ ਤੂ ਅਕਲਿ ਲਤੀਫੁ ਕਾਲੇ ਲਿਖੁ ਨ ਲੇਖ ॥ ਆਪਨੜੇ ਗਿਰੀਵਾਨ ਮਹਿ ਸਿਰੁ ਨੀ=ਵਾਂ ਕਰਿ ਦੇਖੁ ॥(ਪੰਨਾ 1378)

ਸਾਨੂੰ ਝੂਠ ਬੋਲਣ ਅਤੇ ਕਿਸੇ ਹੋਰ ਦਾ ਹੱਕ ਖਾਣ ਤੋਂ ਗਰੇਜ਼ ਕਰਨ ਤੋਂ ਰੋਕਣ ਲਈ, ਇਸ ਭੈੜੀ ਆਦਤ ਨੂੰ “ਮੁਰਦਾਰ” (ਹੱਡੋਰੋੜੀ ਤੇ ਮਰਿਆ ਹੋਇਆ ਪਸੂ) ਖਾਣ ਦੇ ਬਰਾਬਰ ਆਖਦੇ ਹਨ: ਕੂੜੁ ਬੋਲਿ ਮੁਰਦਾਰੁ ਖਾਇ ॥ (ਮ:1,ਪੰਨਾ 140)

“ਸ਼ਬਦ ਗੁਰੂ” ਕਿਸੇ ਦਿਨ ਨੂੰ ਚੰਗਾ ਅਤੇ ਕਿਸੇ ਨੂੰ ਮਾੜਾ ਆਖਣ ਵਾਲਿਆਂ ਨੂੰ ਸਮਝਾਇਆ ਹੈ: ਸਤਿਗੁਰ ਬਾਝਹੁ ਅੰਧੁ ਗੁਬਾਰੁ ॥ ਥਿਤੀ ਵਾਰ ਸੇਵਹਿ ਮੁਗਧ ਗਵਾਰ ॥ (ਮ:3,ਪੰਨਾ 842)

ਹੋਰਨਾ ਧਰਮਾਂ ਵਾਂਗੂ ਲੋਕਾਈ ਨੂੰ ਜੋ ਸਰਗ ਨਰਕ ਦਾ ਡਰਾਵਾ ਦਿਤਾ ਜਾਦਾ ਹੈ ਪਰ “ਸਬਦ ਗੁਰੂ” ਤੋਂ ਸਾਨੂੰ ਇਹ ਗਿਆਨ ਮਿਲਦਾ ਹੈ ਕਿ ਸਵਰਗ ਜਾਂ ਮੁਕਤੀ ਇਸੇ ਜੀਵਨ ਵਿਚ ਹੀ ਲੈਣੀ ਹੈ; ਮਰਨ ਤੋਂ ਪਿੱਛੋਂ ਕੋਣ ਵੇਖਦਾ ਹੈ: ਮੂਏ ਹੂਏ ਜਉ ਮੁਕਤਿ ਦੇਹੁਗੇ ਮੁਕਤਿ ਨ ਜਾਨੈ ਕੋਇਲਾ ॥ (ਭਗਤ ਨਾਮਦੇਵ ਪੰਨਾ 1292)

ਨਾਨਕ ਸਤਿਗੁਰਿ ਭੇਟਿਐ ਪੂਰੀ ਹੋਵੈ ਜੁਗਤਿ ॥ ਹਸੰਦਿਆ ਖੇਲੰਦਿਆ ਪੈਨੰਦਿਆ ਖਾਵੰਦਿਆ ਵਿਚੇ ਹੋਵੈ ਮੁਕਤਿ ॥(ਮ:5,ਪੰਨਾ 522)

ਅੱਗੇ ਇਹ ਹਰੇਕ ਦੀ ਆਪਣੀ ਮਰਜੀ ਹੈ, ਕਿ ਉਸਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੋ ਸਾਡੇ “ਸ਼ਬਦ ਗੁਰੂ” ਗਿਆਨ ਦੇਣ ਵਾਲੇ ਹਨ, ਉਹਨਾਂ ਵਿੱਚ ਲਿਖੇ ਸ਼ਬਦਾਂ ‘ਤੇ ਅਮਲ ਕਰਕੇ ਆਪਣੇ ਜੀਵਨ ਨੂੰ ਵਹਿਮਾ-ਭਰਮਾਂ ਅਤੇ ਅੰਧਵਿਸ਼ਵਾਸਾਂ ਵਿੱਚੋਂ ਨਿਕਲ ਕੇ ਡਰ ਰਹਿਤ ਜੀਵਨ ਜਿਉਣਾ ਦੀ ਕੋਸ਼ਿਸ਼ ਕਰਨੀ ਹੈ; ਜਾਂ ਸਿੱਖ ਕੌਮ ਦੇ ਦੁਸ਼ਮਣਾ ਅਤੇ ਸਿੱਖਾਂ ਦੀ ਲਹੂ ਪਸੀਨੇ ਦੀ ਕਮਾਈ ‘ਤੇ ਅੱਖ ਰੱਖੀ ਬੈਠੇ ਪੁਜਾਰੀਆਂ ਦੇ ਕਰਾਮਾਤ ਹੋਣ ਦੇ ਝੂਠੇ ਪ੍ਰਚਾਰ ਦੀ ਆਸ ਦੇ ਸੁਪਨੇ ਵੇਖਣ ਵਿੱਚ ਹੀ ਆਪਣਾ ਸਾਰਾ ਜੀਵਨ ਡਰ-ਡਰ ਕੇ ਗੁਜਾਰਨਾ ਹੈ ।

ਗੁਰਵਾਕ ਹੈ: ਜਬ ਲਗੁ ਤੁਟੈ ਨਾਹੀ ਮਨ ਭਰਮਾ ਤਬ ਲਗੁ ਮੁਕਤੁ ਨ ਕੋਈ ॥(ਮ:5,ਪੰਨਾ 680)
.