.

ਰੱਬੀ ਮਿਲਨ ਦੀ ਬਾਣੀ
ਸਲੋਕ ਮ: ੯
ਦੀ ਵਿਚਾਰ
ਚਉਵੀਵਾਂ ਸਲੋਕ

ਵੀਰ ਭੁਪਿੰਦਰ ਸਿੰਘ


24. ਚੌਵੀਵਾਂ ਸਲੋਕ -

ਨਿਸਿ ਦਿਨੁ ਮਾਇਆ ਕਾਰਨੇ ਪ੍ਰਾਨੀ ਡੋਲਤ ਨੀਤ ॥
ਕੋਟਨ ਮੈ ਨਾਨਕ ਕੋਊ ਨਾਰਾਇਨੁ ਜਿਹ ਚੀਤਿ ॥24॥

ਕਲ ਵੀ ਕਿਸੇ ਨੇ ਸਵਾਲ ਕੀਤਾ ਸੀ, ਕੀ ਕਮਾਉਣ ਲਈ ਨਾ ਜਾਈਏ? ਸਾਰੇ ਕਹਿੰਦੇ ਹਨ ਕਿ ਮਾਇਆ ਵਿਚ ਖਚਿਤ ਰਹਿੰਦੇ ਹੋ। ਹਰ ਮਨੁੱਖ ਕਮਾਉਣ ਲਈ ਜਾਂਦਾ ਹੈ ਅਤੇ ਆਪਣੀ ਜੀਵਿਕਾ ਲਈ ਰੁਜ਼ਗਾਰ ਜ਼ਰੂਰੀ ਵੀ ਹੈ। ਪਰ ਇਸ ਸਲੋਕ ਦੇ ਅਰਥ ਇਹ ਕਰ ਦਿੱਤੇ ਜਾਂਦੇ ਹਨ ਕਿ ਮਾਇਆ ਕਮਾਉਣ ਲਈ ਜਾਂਦੇ ਹਨ ਅਤੇ ਸਾਰਾ ਦਿਨ ਡੋਲਦੇ ਰਹਿੰਦੇ ਹਨ। ਮਾਇਆ ਤੇ ਗੁਜ਼ਰਾਨ ਹੈ, ਮਾਇਆ ਕਮਾਉਣੀ ਪਏਗੀ। ਕਿਰਤਿ ਵਿਰਤਿ ਕਰਿ ਧਰਮ ਦੀ ਹਥਹੁ ਦੇ ਕੈ ਭਲਾ ਮਨਾਵੈ॥ ਕਰਨਾ ਪਵੇਗਾ। ਫਿਰ ਇਸਦਾ ਕੀ ਅਰਥ ਨਿਕਲਿਆ ਕਿ ‘ਨਿਸਿ ਦਿਨੁ ਮਾਇਆ ਕਾਰਨੇ ਪ੍ਰਾਨੀ ਡੋਲਤ ਨੀਤ ॥’ ਮਾਇਆ ਕਿਸੇ ਚੀਜ਼ ਨੂੰ ਨਹੀਂ ਕਹਿੰਦੇ ਹਨ, ਅਸੀਂ ਇਹ ਸਮਝ ਚੁਕੇ ਹਾਂ।
ਕੋਈ ਮਨੁੱਖ ਬਿਲਕੁਲ ਤਿਆਗੀ ਹੋਵੇ, ਪੈਸਿਆਂ ਜਾਂ ਸੋਨੇ ਨੂੰ ਹੱਥ ਨਾ ਲਾਏ, ਕਮਾਈਆਂ ਨਾ ਕਰੇ, ਪਰ ਉਹ ਜੇ ਰੱਬ ਨੂੰ ਭੁੱਲ ਗਿਆ ਹੈ ਭਾਵ ਰੱਬੀ ਗੁਣਾਂ ਨੂੰ ਨਾ ਜੀਵੇ ਤਾਂ ਉਸਨੂੰ ਸਾਦਗੀ ਦਾ, ਤਿਆਗ ਦਾ, ਹੰਕਾਰ ਚੜ੍ਹ ਜਾਏਗਾ। ਕਿਉਂਕਿ ਰੱਬ ਵਿਸਰ ਗਿਆ ਹੈ। ਹੁਣ ਇਹ ਤਿਆਗਪੁਣਾ ਵੀ ਮਾਇਆ ਬਣ ਜਾਵੇਗਾ।
ਕਿਸੇ ਵੀ ਚੀਜ਼ ਦੇ ਵਿਚ ਰੱਬ ਭੁੱਲ ਜਾਣਾ ਹੀ ਮਾਇਆ ਹੈ। ਜੇ ਰੱਬ ਨਾ ਭੁੱਲੇ ਤਾਂ ਕੁਝ ਵੀ ਮਾਇਆ ਨਹੀਂ ਹੈ। ਇਨਿ ਮਾਇਆ ਜਗੁ ਮੋਹਿਆ ਵਿਰਲਾ ਬੂਝੈ ਕੋਇ ॥ ਜਿਹੜਾ ਸਮਝ ਲੈਂਦਾ ਹੈ ਉਸਨੂੰ ਮੋਹੰਦੀ ਨਹੀਂ ਹੈ। ਵਹੁਟੀ, ਬੱਚੇ, ਕਾਰੋਬਾਰ ਕਰਦਿਆਂ, ਉਹ ਰੱਬ ਨੂੰ ਹਾਜ਼ਰ ਨਾਜ਼ਰ ਸਮਝਦਾ ਹੈ। ਬਾਹਰਲਾ ਸਭ ਕੁਝ ਵਰਤਣਾ ਹੈ ਪਰ ਕੇਵਲ ਮਨ ਨੂੰ ਸਤਿਗੁਰ ਦੀ ਮੱਤ ਦਾ ਆਧਾਰ ਦੇਣਾ ਹੈ ਤਾਂ ਕਿ ਡੋਲੇ ਨਾ ਭਾਵ ਮਨ ਸਥਿਰ ਰਹਿ ਸਕੇ।
‘ਪ੍ਰਾਨੀ ਡੋਲਤ ਨੀਤ’ ਦਾ ਕੀ ਅਰਥ ਹੈ? ਮਨੁੱਖ ਜਦੋਂ ਸੱਚ ਨੂੰ ਨਹੀਂ ਸਮਝਦਾ ਤੇ ਇਸਦਾ ਦੀਨ-ਇਮਾਨ, ਨੀਅਤ ਜਦੋਂ ਡੋਲ ਜਾਂਦੀ ਹੈ ਤਾਂ ਇਸਨੂੰ ਕਹਿੰਦੇ ਹਨ ‘ਪ੍ਰਾਨੀ ਡੋਲਤ ਨੀਤ’। ਜੋ ਮਨੁੱਖ ਇਸ ਖੇਡ ਨੂੰ ਸਮਝ ਲੈਂਦਾ ਹੈ ਵਿਰਲਾ ਬਣ ਜਾਂਦਾ ਹੈ। ਜੇ ਕੋ ਮੰਨਿ ਜਾਣੈ ਮਨਿ ਕੋਇ ॥ (3) ‘ਮਨਿ ਕੋਇ’ ਦਾ ਭਾਵ ਹੈ ਕਿ ਉਹ ਨਵੇਕਲ਼ਾ ਬਣ ਜਾਂਦਾ ਹੈ। ‘ਜੋ ਹਰਿ ਕਾ ਪਿਆਰਾ ਸੋ ਸਭਨਾ ਕਾ ਪਿਆਰਾ’ ਵਾਲਾ ਉਹ ਇਨਸਾਨ ਬਣ ਜਾਂਦਾ ਹੈ। ਉਸੇ ਪ੍ਰਥਾਏ ਕਹਿੰਦੇ ਹਨ - ‘ਜਗ ਮਹਿ ਉਤਮ ਕਾਢੀਅਹਿ ਵਿਰਲੇ ਕੇਈ ਕੇਇ ॥’ (517) ‘ਕਾਢੀਅਹਿ’ ਦਾ ਭਾਵ ਹੈ ਜੀਵਨ ਕਰਕੇ ਉਹ ਮਨੁੱਖ ਉੱਤਮ ਹੋ ਜਾਂਦਾ ਹੈ। ਉਸਦਾ ਜੀਵਨ ਰੁਹਾਨੀਅਤ ਵਾਲਾ ਬਣ ਜਾਂਦਾ ਹੈ। ਕੋਈ ਵੀ ਮਨੁੱਖ ਜੇ ਉਸਨੂੰ ਜਿਊਣ ਲਗ ਪਵੇ, ਦੁਨੀਆ ਉਸਨੂੰ ਮੰਨੇ ਜਾਂ ਨਾ ਮੰਨੇ ਲੇਕਿਨ ਉਸਦੇ ਅੰਤਰ-ਆਤਮੇ ਵਿੱਚੋਂ ਸੱਚਾ ਜੀਵਨ ਡੁਲ-ਡੁਲ ਪੈਂਦਾ ਜਾਏਗਾ ਭਾਵੇਂ ਉਸਦੇ ਮਰਨ ਮਗਰੋਂ ਉਹ ਮੰਜ਼ੂਰ ਕੀਤਾ ਜਾਵੇ ਤੇ ਭਾਵੇਂ ਜਿਊਂਦੇ ਜੀ ਹੋਵੇ। ਪਰ ਗੁਰੂ ਸਾਹਿਬ ਕਹਿੰਦੇ ਹਨ ਕਿ ਉਹ ਵਿਰਲਾ ਬਣ ਜਾਂਦਾ ਹੈ।
ਜੇ ਕਰ ਇਸ ਮਨ ਨੂੰ ਸਤਿਗੁਰ ਦੀ ਮੱਤ ਮਿਲ ਜਾਵੇ ਤਾਂ ਇਹੋ ਮਨ, ਮਨੁੱਖ ਨੂੰ ਅਡੋਲ ਰੱਖ ਸਕਦਾ ਹੈ। ਬਿਨਾ ਸਤਿਗੁਰ ਦੀ ਮੱਤ ਤੋਂ ਬੇਅੰਤ ਮਾੜੇ ਫੁਰਨਿਆਂ ਕਾਰਨ ਮਨੁੱਖੀ ਮਨ ਦੀ ਅਵਸਥਾ ਮਾਇਆ ਅਧੀਨ ਰਹਿੰਦੀ ਹੈ। ਮਨ ਦੇ ਕੱਚੇ-ਪੱਕੇ, ਚੰਗੇ-ਮੰਦੇ, ਉੱਚੇ-ਨੀਵੇਂ, ਮਾਨ-ਅਪਮਾਨ ਵਾਲੇ ਫੁਰਨਿਆਂ ਕਾਰਨ ਮਨੁੱਖ ਨੂੰ ਉਸਦਾ ਮਨ ਭਟਕਾਉਂਦਾ ਰਹਿੰਦਾ ਹੈ। ਜਿਸ-ਜਿਸ ਮਨੁੱਖ ਨੂੰ ਮਨ ਦੀ ਮੱਤ ਦੀ ਮੰਦੀ, ਨੀਵੀਂ, ਮੈਲੀ ਅਵਸਥਾ ਸਮਝ ਪੈ ਜਾਂਦੀ ਹੈ ਉਹ ਮਨੁੱਖ, ਸਤਿਗੁਰ ਦੀ ਮੱਤ ਲੈਣ ਲਈ ਉਦਮ ਕਰਦਾ ਹੈ। ਜੋ ਮਨੁੱਖ ਮੰਦੇ ਫੁਰਨਿਆਂ ਤੋਂ ਛੁੱਟ ਜਾਂਦਾ ਹੈ ਉਸੀ ਨੂੰ ਇਸ ਮਨ ਦੀ ਮਾਇਆ ਜਾਲ ਤੋਂ ਮੁਕਤ ਹੋਣ ਦੀ ਜੁਗਤ ਸਮਝ ਪੈਂਦੀ ਹੈ।
ਉਹ ਮਨੁੱਖ ਮਨ ਅਤੇ ਤਨ ਕਰਕੇ ਵਿਰਲਾ ਹੋ ਜਾਂਦਾ ਹੈ। ਅਸੀਂ ਦ੍ਰਿੜ ਰੱਖਣਾ ਹੈ ਕਿ ਹਰੇਕ ਮਨੁੱਖ ਸਤਿਗੁਰ ਦੀ ਮੱਤ ਰਾਹੀਂ ਵਿਰਲਾ ਬਣ ਸਕਦਾ ਹੈ ਅਤੇ ਸਦਕੇ ਵਿਚ ਟਿਕਾਉ, ਅਡੋਲ, ਸੰਤੁਲਨ, ਥਿਰਤਾ ਭਰਪੂਰ ਸੁਭਾ ਪ੍ਰਾਪਤ ਕਰ ਸਕਦਾ ਹੈ।
.