.

ਜਮੀਰ ਦਾ ਮਰਨਾ ਅਤੇ ਜਾਗਣਾ

ਭਾਈ ਕਾਹਨ ਸਿੰਘ ਨਾਭਾ ਨੇ ਮਹਾਨ ਕੋਸ਼ ਵਿੱਚ ਜਮੀਰ ਦੇ ਅਰਥ ‘ਅੰਤਹਕਰਣ ਦੀ ਵਿਵੇਕਸ਼ਕਤਿ’ ਲਿਖੇ ਹਨ। ਅੰਗ੍ਰੇਜ਼ੀ ਵਿੱਚ ਜਮੀਰ ਨੂੰ CONSCIENCE ਕਹਿੰਦੇ ਹਨ ਅਤੇ ਭਾਈ ਕਾਹਨ ਸਿੰਘ ਨਾਭਾ ਨੇ ਵੀ ਇਹੀ ਲਿਖੇ ਹਨ। ਪੰਜਾਬ ਸਟੇਟ ਯੂਨੀਵਰਸਿਟੀ ਚੰਡੀਗੜ੍ਹ ਦੀ ਇੰਗਲਿਸ਼ ਪੰਜਾਬੀ ਡਿਕਸ਼ਨਰੀ ਵਿੱਚ CONSCIENCE ਦੇ ਅਰਥ, ‘ਜਮੀਰ, ਅੰਤਹਕਰਣ, ਅੰਤਰ-ਆਤਮਾ, ਵਿਵੇਕ ਅਤੇ ਇਮਾਨ’ ਲਿਖੇ ਹਨ। ਧਾਰਮਿਕ ਅਤੇ ਰਾਜਨੀਤਕ ਲੋਕ ਇੱਕ ਦੂਸਰੇ ਪ੍ਰਤੀ ਇਹ ਲਫਜ਼ ਆਮ ਹੀ ਰੋਜ਼ਾਨਾ ਜਿੰਦਗੀ ਦੀ ਬੋਲ-ਚਾਲ ਵਿੱਚ ਵਰਤਦੇ ਹਨ। ਸਾਰਾ ਕੁੱਝ ਜਾਣਦੇ ਬੁੱਝਦੇ ਹੋਏ ਵੀ ਝੂਠ ਬੋਲਣਾ, ਗਲਤ ਫੈਸਲੇ ਲੈਣੇ, ਗਲਤ ਬੰਦਿਆਂ ਦੀ ਹਮਾਇਤ ਕਰਨੀ, ਲੋਕ ਭਲਾਈ ਦੀ ਥਾਂ ਆਪਣੀ ਨਿੱਜੀ ਮੁਫਾਦਾਂ ਨੂੰ ਮੂਹਰੇ ਰੱਖਣਾ, ਕਿਸੇ ਨਾਲ ਜ਼ੁਲਮ ਜਾਂ ਧੱਕਾ ਹੁੰਦੇ ਹੋਏ ਵੀ ਦੇਖ ਕੇ ਚੁੱਪ ਰਹਿਣਾ ਜਾਂ ਦੋਸ਼ੀ ਦੇ ਹੱਕ ਵਿੱਚ ਭੁਗਤਣਾ ਅਤੇ ਅਣ-ਮਨੁੱਖੀ ਕਾਰੇ ਕਰਨ ਵਾਲਿਆਂ ਨੂੰ ਵੀ ਮਹਾਨ ਕਹੀ ਜਾਣਾ ਇਤਿ ਆਦਿਕ ਨੂੰ ਜਮੀਰ ਦਾ ਮਰਨਾ ਕਹਿ ਸਕਦੇ ਹਾਂ। ਇਸ ਦੇ ਉਲਟ ਮਨੁੱਖੀ ਹੱਕਾਂ ਲਈ ਅਵਾਜ਼ ਉਠਾਉਣੀ, ਸਭ ਦਾ ਭਲਾ ਸੋਚਣਾ, ਸਮੁੱਚੀ ਮਨੁੱਖਤਾ ਨਾਲ ਪਿਆਰ ਕਰਨਾ, ਕਿਸੇ ਦੇ ਦਬਾਅ ਵਿੱਚ ਆ ਕੇ ਝੂਠੇ ਫੈਸਲੇ ਨਾ ਕਰਨਾ ਅਤੇ ਹੋਰ ਵੀ ਬਹੁਤ ਕੁੱਝ ਜਿਸ ਨਾਲ ਮਨੁੱਖਤਾ ਦੀ ਭਲਾਈ ਹੁੰਦੀ ਹੋਵੇ ਆਦਿਕ ਨੂੰ ਜਾਗੇ ਹੋਏ ਮਨੁੱਖਾਂ ਦੀ ਜਮੀਰ ਕਹਿ ਸਕਦੇ ਹਾਂ।

"ਸਰੀਰਕ ਮੌਤ ਤੋਂ ਮੈਂ ਨਹੀਂ ਡਰਦਾ, ਜਮੀਰ ਦਾ ਮਰ ਜਾਣਾ ਮੌਤ ਹੈ"। ਇਹ ਲਾਈਨਾ ਤਕਰੀਬਨ ਹਰ ਇੱਕ ਪਾਠਕ/ਲੇਖਕ ਨੇ ਪੜ੍ਹੀਆਂ ਸੁਣੀਆਂ ਹੋਣਗੀਆਂ। ਜੇ ਕਰ ਇੰਟਰਨੈੱਟ ਤੇ ਭਾਲ ਕਰੋਂਗੇ ਤਾਂ ਤੁਹਾਨੂੰ ਅਨੇਕਾਂ ਲਿੰਕ ਮਿਲ ਜਾਣਗੇ ਜਿੱਥੇ ਇਨ੍ਹਾਂ ਲਾਈਨਾ ਦੀ ਵਰਤੋਂ ਕੀਤੀ ਹੋਈ ਹੋਵੇਗੀ ਅਤੇ ਬਹੁਤ ਸਾਰੀਆਂ ਥਾਂਵਾਂ ਤੇ ਭਿੰਡਰਾਂਵਾਲੇ ਸਾਧ ਦੀ ਫੋਟੋ ਵੀ ਲੱਗੀ ਹੋਈ ਹੋਵੇਗੀ। ਕਈ ਗੁਰਦੁਆਰਿਆਂ ਵਿੱਚ ਵੀ ਫੋਟੋਆਂ ਨਾਲ ਇਹ ਲਿਖਿਆ ਪੜ੍ਹ ਸਕਦੇ ਹੋ। ਕਨੇਡਾ ਦੇ ਸਰੀ ਸ਼ਹਿਰ ਵਿੱਚ ਇੱਕ ਅਖਬਾਰ ਨਿਕਲਦਾ ਹੈ ਜਿਸ ਵਿੱਚ ਤਕਰੀਬਨ ਹਰ ਹਫਤੇ ਇਹ ਲਾਈਨਾ ਲਿਖ ਕੇ ਇਸ ਸਾਧ ਦੀ ਫੋਟੋ ਲਾਈ ਹੁੰਦੀ ਸੀ। ਕੀ ਵਾਕਿਆ ਹੀ ਇਸ ਸਾਧ ਦੀ ਜਮੀਰ ਜਾਗਦੀ ਸੀ ਅਤੇ ਇਸ ਨੂੰ ਮਹਾਨ ਕਹਿਣ ਵਾਲਿਆਂ ਦੀ ਜਾਗਦੀ ਹੈ? ਆਓ ਤਾਂ ਜਰਾ ਵਿਚਾਰੀਏ!

ਜੂਨ 1984 ਤੋਂ ਪਹਿਲਾਂ ਪੰਜਾਬ ਵਿੱਚ ਕਤਲੋਗਾਰਤ ਜ਼ੋਰਾਂ ਤੇ ਸੀ। ਇਹ ਕਤਲ ਦਰਬਾਰ ਸਾਹਿਬ ਦੇ ਅਹਾਤੇ ਵਿੱਚ ਵੀ ਹੋ ਰਹੇ ਸਨ। ਦੋ ਕੁ ਦਿਨਾ ਦੇ ਵਿੱਚ ਹੀ ਤਿੰਨ ਕਤਲ ਉਹ ਹੋਏ ਸਨ ਜਿਹਨਾ ਦੀ ਨੇੜਤਾ ਇਸ ਭਿੰਡਰਾਂਵਾਲੇ ਸਾਧ ਨਾਲ ਸੀ। ਇਹ ਕਤਲ ਸਨ, ਸੋਢੀ, ਛਿੰਦਾ ਅਤੇ ਬਲਜੀਤ ਕੌਰ ਦੇ। ਪਹਿਲਾਂ ਛਿੰਦੇ ਅਤੇ ਬਲਜੀਤ ਕੌਰ ਨੇ ਸੋਢੀ ਦਾ ਕਤਲ ਕੀਤਾ ਫਿਰ ਭਿੰਡਰਾਂਵਾਲੇ ਸਾਧ ਦੇ ਬੰਦਿਆਂ ਨੇ ਛਿੰਦੇ ਅਤੇ ਬਲਜੀਤ ਕੌਰ ਦਾ ਕਤਲ ਕੀਤਾ। ਬਦਲੇ ਵਿੱਚ ਕਤਲ ਕਰਨੇ ਕੋਈ ਅਣਹੋਣੀ ਗੱਲ ਨਹੀਂ ਹੈ ਅਤੇ ਨਾ ਹੀ ਇਹ ਅਣਹੋਣੀ ਗੱਲ ਹੈ ਕਿ ਇਹ ਕਿਸੇ ਸਮੇਂ ਡਰੱਗ ਸਮਗਲਰ ਵੀ ਸਨ। ਕਿਉਂਕਿ ਡਰੱਗ ਸਮਗਲਰ ਦੇ ਇਲਜ਼ਾਮ ਤਾਂ ਹੋਰ ਵੀ ਕਈਆਂ ਤੇ ਲਗਦੇ ਸਨ। ਬਲਜੀਤ ਕੌਰ ਇਹਨਾ ਦੋਹਾਂ ਦੀ ਸਾਂਝੀ ਰਖੇਲ ਸੀ ਜਾਂ ਇਕੱਲੇ ਛਿੰਦੇ ਦੀ ਹੀ ਸੀ। ਇਸ ਨਾਲ ਵੀ ਸਾਡਾ ਕੋਈ ਬਹੁਤਾ ਵਾਸਤਾ ਨਹੀਂ ਹੈ। ਸਾਡਾ ਵਾਸਤਾ ਤਾਂ ਸਿਰਫ ਇਹ ਜਾਣਨ ਦਾ ਹੈ ਕਿ ਵਾਕਿਆਂ ਹੀ ਭਿੰਡਰਾਂਵਾਲੇ ਸਾਧ ਦੀ ਜਮੀਰ ਜਾਗਦੀ ਸੀ?

ਇਸ ਉਪਰ ਵਾਲੇ ਪੈਰੇ ਵਿੱਚ ਜਿਨਾਂ ਤਿੰਨ ਕਤਲਾਂ ਦਾ ਜ਼ਿਕਰ ਕੀਤਾ ਹੈ ਇਹਨਾ ਤੋਂ ਕੋਈ ਵੀ ਮੁਨਕਰ ਨਹੀਂ ਹੋ ਸਕਦਾ। ਕਿਉਂਕਿ ਖੁਦ ਇਸ ਭਿੰਡਰਾਂਵਾਲੇ ਸਾਧ ਨੇ ਆਪ ਕਿਹਾ ਸੀ ਕਿ ਇੰਤਨੇ ਘੰਟੇ ਦੇ ਵਿਚ-ਵਿਚ ਬਦਲਾ ਲੈ ਲਿਆ ਸੀ। ਸੋਢੀ ਨੂੰ ਉਹ ਆਪਣੀ ਸੱਜੀ ਬਾਂਹ ਅਤੇ ਸ਼ੇਰ ਸਮਝਦਾ ਸੀ। ਉਸ ਦੀਆਂ ਸਿਫਤਾਂ ਦੇ ਪੁਲ ਬੰਨਦਾ ਕਹਿੰਦਾ ਹੁੰਦਾ ਸੀ ਕਿ ਰੇਲ ਦੀ ਪਟੜੀ ਤੇ ਮੋਟਰ ਸਾਈਕਲ ਚਲਾ ਲੈਂਦਾ ਹੈ। ਮੈਨੂੰ ਯਾਦ ਹੈ ਕਿ ਜਦੋਂ ਇਹ ਕਤਲ ਹੋਏ ਸਨ ਤਾਂ ਕਨੇਡਾ ਤੋਂ ਕਈ ਸਿੱਖ ਲੀਡਰਾਂ ਨੇ ਹਰਚੰਦ ਸਿੰਘ ਲੌਂਗੋਵਾਲ ਨੂੰ ਫੂਨ ਕਰਕੇ ਇਹਨਾ ਕਤਲਾਂ ਬਾਰੇ ਪੁੱਛਿਆ ਸੀ। ਕਿਉਂਕਿ ਇਹ ਇਲਜ਼ਾਮ ਲੌਂਗੋਵਾਲ ਅਤੇ ਅਕਾਲੀ ਦਲ ਤੇ ਵੀ ਲਗਦੇ ਸਨ ਕਿ ਇਹਨਾ ਦਾ ਕਤਲਾਂ ਵਿੱਚ ਹੱਥ ਹੋ ਸਕਦਾ ਹੈ। ਜਦੋਂ ਲੌਂਗੋਵਾਲ ਨੇ ਅੱਗੋਂ ਕਿਹਾ ਕਿ ਇਹਨਾ ਦਾ ਜੀਵਨ ਚੰਗਾ ਨਹੀਂ ਸੀ ਤਾਂ ਕੋਈ ਵੀ ਇਹ ਯਕੀਨ ਕਰਨ ਨੂੰ ਤਿਆਰ ਨਹੀਂ ਸੀ ਕਿ ਜਿਹੜੇ ਬੰਦੇ ਭਿੰਡਰਾਂਵਾਲੇ ਨਾਲ ਰਹਿੰਦੇ ਹੋਣਗੇ ਉਹ ਇਸ ਤਰ੍ਹਾਂ ਦੇ ਵੀ ਹੋ ਸਕਦੇ ਹਨ। ਪਰ ਹੁਣ ਤਾਂ ਸਾਰੀ ਗੱਲ ਸਾਫ ਹੋ ਗਈ ਹੈ ਅਤੇ ਕਈਆਂ ਨੇ ਸਾਰਾ ਕੁੱਝ ਬਹੁਤ ਨੇੜਿਉਂ ਹੋ ਕੇ ਦੇਖਿਆ ਸੀ ਉਹ ਵੀ ਕਈ ਕੁੱਝ ਦੱਸ ਰਹੇ ਹਨ। ਅੰਨੀ ਸ਼ਰਧਾ ਵਾਲੇ ਅਤੇ ਅੱਖਾਂ ਤੇ ਪੱਟੀ ਬੰਨਣ ਵਾਲੇ ਕਦੀ ਵੀ ਸੱਚ ਨੂੰ ਕਬੂਲਣ ਲਈ ਤਿਆਰ ਨਹੀਂ ਹੁੰਦੇ।

ਜਿਸ ਤਰ੍ਹਾਂ ਬਲਜੀਤ ਕੌਰ ਨੂੰ ਕਹੀ ਜਾਂਦੀ ਅਕਾਲ ਤਖ਼ਤ ਦੀ ਇਮਾਰਤ ਵਿੱਚ ਇਸ ਭਿੰਡਰਾਂਵਾਲੇ ਸਾਧ ਦੇ ਸਾਹਮਣੇ ਤਸੀਹੇ ਦੇ ਕੇ ਮਾਰਿਆ ਸੀ ਅਤੇ ਇਸ ਦੀਆਂ ਖ਼ਬਰਾਂ ਉਸ ਵੇਲੇ ਦੇ ਪਰਿੰਟ ਮੀਡੀਏ ਵਿੱਚ ਛਪੀਆਂ ਸਨ। ਉਸ ਤੋਂ ਉਹ ਸਾਰੇ ਜਾਣੂ ਹਨ ਜਿਹੜੇ ਉਸ ਵੇਲੇ ਅਖਬਾਰਾਂ ਪੜ੍ਹਦੇ ਸਨ। ਹੁਣ ਤਾਂ ਕਈ ਚਸ਼ਮਸ਼ੀਦ ਗਵਾਹ ਵੀ ਸਾਹਮਣੇ ਆ ਗਏ ਹਨ। ਹੁਣ ਸਵਾਲ ਇਹ ਹੈ ਕਿ ਜਿਸ ਵੇਲੇ ਭਿੰਡਰਾਂਵਾਲੇ ਸਾਧ ਦੇ ਸਾਹਮਣੇ ਬਲਜੀਤ ਕੌਰ ਨੂੰ ਤਸੀਹੇ ਦੇ ਕੇ ਉਸ ਦੀਆਂ ਛਾਤੀਆਂ ਕੱਟੀਆਂ ਜਾ ਰਹੀਆਂ ਸਨ ਅਤੇ ਗੁਪਤ ਅੰਗਾਂ ਵਿੱਚ ਡੰਡੇ ਧੱਸੇ ਜਾ ਰਹੇ ਸਨ ਉਸ ਵੇਲੇ ਇਸ ਸਾਧ ਦੀ ਜਮੀਰ ਜਾਗਦੀ ਸੀ ਜਾਂ ਮਰੀ ਹੋਈ? ਕਨੇਡਾ, ਅਮਰੀਕਾ, ਯੂਰਪ, ਅਸਟ੍ਰੇਲੀਆ ਅਤੇ ਨਿਊਜ਼ੀਲੈਂਡ ਵਿੱਚ ਰਹਿਣ ਵਾਲੇ ਉਹ ਸਿੱਖ ਦੱਸਣ ਜਿਨਾ ਨੇ ਆਪਣੇ ਗੁਰਦੁਆਰਿਆਂ ਵਿੱਚ ਅਤੇ ਘਰਾਂ ਵਿੱਚ ਇਸ ਸਾਧ ਦੀਆਂ ਫੋਟੋਆਂ ਲਾਈਆਂ ਹੋਈਆਂ ਹਨ, ਕੀ ਇਹਨਾ ਦੇਸ਼ਾਂ ਵਿੱਚ ਕਿਸੇ ਵੀ ਵੱਡੇ ਤੋਂ ਵੱਡੇ ਕਾਤਲ/ਅਪਰਾਧੀ ਨਾਲ ਕਿਸੇ ਇੰਟੈਰੋਗੇਸ਼ਨ ਸੈਂਟਰ ਵਿੱਚ ਕਿਸੇ ਵੀ ਬੀਬੀ/ਇਸਤਰੀ ਨਾਲ ਇਸ ਤਰ੍ਹਾਂ ਦਾ ਵਰਤਾਓ ਕੀਤਾ ਜਾਂਦਾ ਹੈ ਜਿਸ ਤਰ੍ਹਾਂ ਦਾ ਬਲਜੀਤ ਕੌਰ ਨਾਲ ਇੰਟੈਰੋਗੇਸ਼ਨ ਸਮੇਂ ਕੀਤਾ ਗਿਆ ਸੀ? ਕੀ ਇਸ ਤੋਂ ਇਹ ਸਾਬਤ ਨਹੀਂ ਹੁੰਦਾ ਕਿ ਤੁਹਾਡੇ ਇਸ ਧਾਰਮਿਕ ਦਿਸਣ ਵਾਲੇ ਇੱਕ ਗੁੰਡੇ ਜਿਹੇ ਸਾਧ ਤੋਂ ਸ਼ਰਾਬੀ-ਕਬਾਬੀ ਕਿਤੇ ਵੱਧ ਧਾਰਮਿਕ ਅਤੇ ਜਾਗਦੀ ਜਮੀਰ ਵਾਲੇ ਹਨ ਜਿਹਨਾ ਦੇ ਬਣਾਏ ਗਏ ਕਾਨੂੰਨ ਇੰਨਸਾਨੀਅਤ ਵਾਲੇ ਹਨ। ਕੀ ਤੁਹਾਡੀ ਸਾਰਿਆਂ ਦੀ ਜਮੀਰ ਰੱਜ ਕੇ ਝੂਠ ਬੋਲ ਕੇ ਇਸ ਸਾਧ ਦੀਆਂ ਸਿਫਤਾਂ ਕਰਨ ਵੇਲੇ ਜਾਗਦੀ ਹੁੰਦੀ ਹੈ ਜਾਂ ਮਰੀ ਹੋਈ ਹੁੰਦੀ ਹੈ? ਜਦੋਂ ਤੁਸੀਂ ਇਹ ਕਹਿੰਦੇ ਹੋ ਕਿ ਇਸ ਸਾਧ ਨੇ ਅਕਾਲ ਤਖ਼ਤ ਦੀ ਰਾਖੀ ਲਈ, ਦਰਬਾਰ ਸਾਹਿਬ ਦੀ ਰਾਖੀ ਲਈ ਜਾਂ ਅਜ਼ਮਤ ਲਈ ਸ਼ਹੀਦੀ ਦਿੱਤੀ ਤਾਂ ਕੀ ਤੁਸੀਂ 100% ਝੂਠ ਨਹੀਂ ਬੋਲਦੇ ਹੁੰਦੇ? ਕੀ ਤੁਸੀਂ ਲੁਕੇ ਹੋਏ ਨੂੰ ਝੂਠ ਬੋਲ ਕੇ ਰਾਖਾ ਨਹੀਂ ਬਣਾਉਂਦੇ? ਕੀ ਉਸ ਵੇਲੇ ਤੁਹਾਡੀ ਜਮੀਰ ਜਾਗਦੀ ਹੁੰਦੀ ਹੈ ਜਾਂ ਮਰੀ ਹੋਈ? ਜਾਹਲੀ ਕਿਤਾਬਾਂ ਛਪਵਾ ਕੇ ਉਸ ਵਿਚੋਂ ਹਵਾਲੇ ਦੇ ਕੇ ਇਸ ਸਾਧ ਦੀ ਝੂਠੀ ਵਡਿਆਈ ਕਰਨ ਵੇਲੇ ਤੁਹਾਡੀ ਜਮੀਰ ਜਾਗਦੀ ਹੁੰਦੀ ਹੈ ਜਾਂ ਮਰੀ ਹੋਈ? ਕਥਾ ਵਾਚਕ, ਕੀਰਤਨੀਏ, ਵਿਦਵਾਨ, ਪੱਤਰਕਾਰ, ਲੇਖਕ ਅਤੇ ਸ਼੍ਰੋਮਣੀ ਕਮੇਟੀ ਵਾਲੇ, ਸਾਰਾ ਕੁੱਝ ਜਾਣਦੇ ਹੋਏ ਵੀ ਜਦੋਂ ਇਸ ਸਾਧ ਦੀਆਂ ਝੂਠੀਆਂ ਸਿਫਤਾਂ ਕਰਦੇ ਹਨ ਤਾਂ ਉਸ ਵੇਲੇ ਇਹਨਾ ਦੀ ਜਮੀਰ ਅੰਦਰੋਂ ਲਾਹਨਤਾਂ ਪਾ ਕੇ ਜਗਾਉਣ ਦੀ ਕੋਸ਼ਿਸ਼ ਕਰਦੀ ਹੈ ਜਾਂ ਮਰੀ ਹੀ ਰਹਿੰਦੀ ਹੈ? ਇਸ ਵਿੱਚ ਕੋਈ ਸ਼ੱਕ ਨਹੀਂ ਕਿ ਸਿੱਖ ਮਾਰਗ ਦੇ ਕੁੱਝ ਕੁ ਪਾਠਕਾਂ/ਲੇਖਕਾਂ ਦੀ ਜਮੀਰ ਜਰੂਰ ਜਾਗਦੀ ਹੈ ਜਿਹੜੇ ਕਿ ਆਪਣੇ ਆਪ ਹੀ ਸੱਚ ਲਿਖਣ ਦੀ ਕੋਸ਼ਿਸ਼ ਕਰਦੇ ਹਨ ਅਤੇ ਕਦੀ ਵੀ ਅਜਿਹੇ ਭਿੰਡਰਾਂਵਾਲੇ ਦਸਮ ਗ੍ਰੰਥੀਏ ਨੀਚ ਸਾਧ ਦੀ ਝੂਠ ਬੋਲ ਕੇ ਪ੍ਰਸੰਸਾ ਨਹੀਂ ਕਰਦੇ। ਨਿਊਜ਼ੀਲੈਂਡ ਵਿੱਚ ਰਹਿਣ ਵਾਲਿਆਂ ਕੁੱਝ ਸਿੱਖਾਂ ਦੀ ਵੀ ਜਾਗੀ ਹੈ। ਹੋਰ ਵੀ ਕਿਸੇ ਵਿਰਲੇ-ਵਿਰਲੇ ਦੀ ਜਾਗ ਰਹੀ ਹੈ। ਪਰ ਬਹੁਤਿਆਂ ਦੀ ਹਾਲੇ ਵੀ ਸੁੱਤੀ ਹੋਈ ਹੈ। ਉਠੋ ਤੇ ਜਗਾਓ ਆਪਣੀ ਜਮੀਰ ਨੂੰ ਜੇ ਕਰ ਜਾਗ ਸਕਦੀ ਹੈ।

ਬੋਲਿ ਸੁਧਰਮੀੜਿਆ ਮੋਨਿ ਕਤ ਧਾਰੀ ਰਾਮ॥ ਪੰਨਾ 547॥

ਸ਼ਾਇਦ ਹੀ ਕੋਈ ਐਸਾ ਹੋਵੇਗਾ ਜਿਸ ਨੇ ਕਿ ਆਪਣੇ ਜੀਵਨ ਵਿੱਚ ਕਦੀ ਵੀ ਝੂਠ ਨਾ ਬੋਲਿਆ ਹੋਵੇ ਪਰ ਧਰਮ ਦੇ ਨਾਮ ਤੇ ਰੱਜ ਕੇ ਝੂਠ ਬੋਲਣਾ ਕਿਥੋਂ ਦੀ ਸਿੱਖੀ, ਗੁਰਮਤਿ ਜਾਂ ਇਨਸਾਨੀਅਤ ਹੈ? ਜੇ ਕਰ ਸਿੱਖਾਂ ਵਿੱਚ 1% ਵੀ ਸੱਚ ਬੋਲਣ ਵਾਲੇ ਹੁੰਦੇ ਤਾਂ ਇਤਨਾ ਝੂਠ ਇਤਨਾ ਚਿਰ ਕਿਉਂ ਚੱਲਦਾ? ਜਿਸ ਤੋਂ ਸਾਬਤ ਹੁੰਦਾ ਹੈ ਕਿ 99% ਸਿੱਖਾਂ ਦੀ ਜਮੀਰ ਮਰੀ ਹੋਈ ਹੈ ਅਤੇ ਭਿੰਡਰਾਂਵਾਲੇ ਸਾਧ ਦੀ ਵੀ ਮਰੀ ਹੋਈ ਸੀ। ਜੇ ਕਰ ਇਹ ਗੱਲ ਗਲਤ ਹੈ ਤਾਂ ਤੁਸੀਂ ਦੱਸੋ ਕਿ ਇੱਕ ਜਨਾਨੀ ਨਾਲ ਅਣ-ਮਨੁੱਖੀ ਵਰਤਾਓ ਵੇਲੇ ਕਿਸੇ ਦੀ ਜਮੀਰ ਕਿਵੇਂ ਜਾਗਦੀ ਹੋ ਸਕਦੀ ਹੈ?

ਮੱਖਣ ਸਿੰਘ ਪੁਰੇਵਾਲ,

ਜੂਨ 24, 2018.
.