.

ਸੂਹੀ ਕੀ ਵਾਰ ਮਹਲਾ ੩

(ਪੰ: ੭੮੫ ਤੋਂ੭੯੨)

ਸਟੀਕ, ਲੋੜੀਂਦੇ ਗੁਰਮੱਤ ਵਿਚਾਰ ਦਰਸ਼ਨ ਸਹਿਤ

(ਕਿਸ਼ਤ-ਪੰਦ੍ਰਵੀਂ)

ਪ੍ਰਿਂਸੀਪਲ ਗਿਆਨੀ ਸੁਰਜੀਤ ਸਿੰਘ, ਸਿੱਖ ਮਿਸ਼ਨਰੀ, ਦਿੱਲੀ, ਪ੍ਰਿਂਸੀਪਲ ਗੁਰਮੱਤ ਐਜੂਕੇਸ਼ਨ ਸੈਂਟਰ, ਦਿੱਲੀ,

ਮੈਂਬਰ ਧਰਮ ਪ੍ਰਚਾਰ ਕ: ਦਿ: ਸਿ: ਗੁ: ਪ੍ਰ: ਕਮੇਟੀ, ਦਿੱਲੀ: ਫਾਊਂਡਰ (ਮੋਢੀ) ਸਿੱਖ ਮਿਸ਼ਨਰੀ ਲਹਿਰ ਸੰਨ 1956

ਪਉੜੀ ਨੰ: ੬ ਦਾ ਮੂਲ ਪਾਠ ਸਲੋਕਾਂ ਸਹਿਤ:-

ਸਲੋਕੁ ਮਃ ੩॥ ਸਤੀਆ ਏਹਿ ਨ ਆਖੀਅਨਿ, ਜੋ ਮੜਿਆ ਲਗਿ ਜਲੰਨਿੑ॥ ਨਾਨਕ ਸਤੀਆ ਜਾਣੀਅਨਿੑ, ਜਿ ਬਿਰਹੇ ਚੋਟ ਮਰੰਨਿੑ॥ ੧ ॥ {ਪੰਨਾ ੭੮੭}

ਮਃ ੩॥ ਭੀ ਸੋ ਸਤੀਆ ਜਾਣੀਅਨਿ, ਸੀਲ ਸੰਤੋਖਿ ਰਹੰਨਿੑ॥ ਸੇਵਨਿ ਸਾਈ ਆਪਣਾ, ਨਿਤ ਉਠਿ ਸੰਮਾੑਲੰਨਿੑ॥ ੨ ॥

ਮਃ ੩॥ ਕੰਤਾ ਨਾਲਿ ਮਹੇਲੀਆ, ਸੇਤੀ ਅਗਿ ਜਲਾਹਿ॥ ਜੇ ਜਾਣਹਿ ਪਿਰੁ ਆਪਣਾ, ਤਾ ਤਨਿ ਦੁਖ ਸਹਾਹਿ॥ ਨਾਨਕ ਕੰਤ ਨ ਜਾਣਨੀ, ਸੇ ਕਿਉ ਅਗਿ ਜਲਾਹਿ॥ ਭਾਵੈ ਜੀਵਉ ਕੈ ਮਰਉ, ਦੂਰਹੁ ਹੀ ਭਜਿ ਜਾਹਿ॥ ੩ ॥

ਪਉੜੀ॥ ਤੁਧੁ ਦੁਖੁ ਸੁਖੁ ਨਾਲਿ ਉਪਾਇਆ, ਲੇਖੁ ਕਰਤੈ ਲਿਖਿਆ॥ ਨਾਵੈ ਜੇਵਡ ਹੋਰ ਦਾਤਿ ਨਾਹੀ, ਤਿਸੁ ਰੂਪੁ ਨ ਰਿਖਿਆ॥ ਨਾਮੁ ਅਖੁਟੁ ਨਿਧਾਨੁ ਹੈ, ਗੁਰਮੁਖਿ ਮਨਿ ਵਸਿਆ॥ ਕਰਿ ਕਿਰਪਾ ਨਾਮੁ ਦੇਵਸੀ, ਫਿਰਿ ਲੇਖੁ ਨ ਲਿਖਿਆ॥ ਸੇਵਕ ਭਾਇ ਸੇ ਜਨ ਮਿਲੇ, ਜਿਨ ਹਰਿ ਜਪੁ ਜਪਿਆ॥ ੬ ॥

(ਸਟੀਕ-ਪਉੜੀ ੬, ਸਲੋਕਾਂ ਅਤੇ ਲੋੜੀਂਦੇ ‘ਗੁਰਮੱਤ ਵਿਚਾਰ ਦਰਸ਼ਨ’ ਸਹਿਤ)

ਸਨਿਮ੍ਰ ਬੇਨਤੀ: — "ਸੂਹੀ ਕੀ ਵਾਰ ਮਹਲਾ ੩" ਦੀ ਚੱਲ ਰਹੀ ਸਟੀਕ ਦੀ ਕਿਸ਼ਤ ਨੰ: ੧੩ ਦੇ ਅੰਤ `ਚ ਦਿੱਤੇ ਵਿਸ਼ੇਸ਼ ਨੋਟ ਰਾਹੀਂ ਅਸਾਂ ਸਪਸ਼ਟ ਕੀਤਾ ਸੀ ਕਿ ਪਉੜੀ ਨੰ: ੬ ਨਾਲ ਸੰਬੰਧਤ ਸਲੋਕਾਂ ਵਿੱਚਲੇ ਬ੍ਰਾਹਮਣ ਮੱਤ ਦੀ ਉਪਜ ਮੁੱਖ ਵਿਸ਼ੇ ਸਤੀ ਪ੍ਰਥਾ ਦੇ ਪਿਛੋਕੜ ਅਤੇ ਨਾਲ ਨਾਲ ਸਤੀ ਪ੍ਰਥਾ ਨਾਲ ਸੰਬੰਧਤ ਗੁਰਬਾਣੀ ਵਿਚਾਰਧਾਰਾ ਆਧਾਰਤ ਲੋੜੀਂਦਾ ਗੁਰਮੱਤ ਵੇਰਵਾ ਵੀ ਇਸ ਲੜੀ ਦੀ ਅਗ਼ਲੀ ਕਿਸ਼ਤ ਨੰ: ੧੪ (ਚੌਦ੍ਹਾਂ) ਤੋਂ ਅਰੰਭ ਕਰਾਂਗੇ ਜੀ।

ਕੀਤੇ ਵਾਇਦੇ ਮੁਤਾਬਕ ਅਸੀਂ ਕਿਸ਼ਤ ਨੰ: ੧੪ ਤੋਂ ਬਾਅਦ ਹੁਣ ਕਿਸ਼ਤ ਨੰ: ੧੫ ਦਾ ਅਰੰਭ ਵੀ ਸਤੀ ਪ੍ਰਥਾ ਨਾਲ ਸੰਬੰਧਤ ਗਉੜੀ ਰਾਗ ਵਿੱਚਲੇ ਕਬੀਰ ਸਾਹਿਬ ਦੇ ਇੱਕ ਸ਼ਬਦ "ਬਿਨੁ ਸਤ ਸਤੀ ਹੋਇ ਕੈਸੇ ਨਾਰਿ॥ ਪੰਡਿਤ ਦੇਖਹੁ ਰਿਦੈ ਬੀਚਾਰਿ" ਨੂੰ ਅਰਥਾਂ ਤੇ ਲੋੜੀਂਦੇ ਗੁਰਮੱਤ ਵਿਚਾਰ ਦਰਸ਼ਨ ਸਹਿਤ ਲੈ ਰਹੇ ਹਾਂ। ਤਾਂ ਤੇ ਕਬੀਰ ਸਾਹਿਬ ਦਾ ਸਤੀ ਪ੍ਰਥਾ ਨਾਲ ਸ਼ੰਬੰਧਤ ਉਹ ਪੂਰਾ ਸ਼ਬਦ ਹੈ:-

ਗਉੜੀ ਕਬੀਰ ਜੀ॥ ਬਿਨੁ ਸਤ ਸਤੀ, ਹੋਇ ਕੈਸੇ ਨਾਰਿ॥ ਪੰਡਿਤ ਦੇਖਹੁ ਰਿਦੈ ਬੀਚਾਰਿ॥ ੧ ॥ ਪ੍ਰੀਤਿ ਬਿਨਾ ਕੈਸੇ ਬਧੈ ਸਨੇਹੁ॥ ਜਬ ਲਗੁ ਰਸੁ, ਤਬ ਲਗੁ ਨਹੀ ਨੇਹੁ॥ ੧ ॥ ਰਹਾਉ॥ ਸਾਹਨਿ ਸਤੁ ਕਰੈ ਜੀਅ ਅਪਨੈ॥ ਸੋ ਰਮਯੇ ਕਉ ਮਿਲੈ ਨ ਸੁਪਨੈ॥ ੨ ॥ ਤਨੁ ਮਨੁ ਧਨੁ ਗ੍ਰਿਹੁ ਸਉਪਿ ਸਰੀਰੁ॥ ਸੋਈ ਸੁਹਾਗਨਿ ਕਹੈ ਕਬੀਰੁ॥ ੩ ॥ (ਪੰ: ੩੨੮)

ਸ਼ਬਦ ਦਪੰਕਤੀ ਵਾਰ ਅਰਥ ਲੋੜੀਂਦੇ ਗੁਰਮੱਤ ਵਿਚਾਰ ਦਰਸ਼ਨ ਸਹਿਤ:-

"ਪ੍ਰੀਤਿ ਬਿਨਾ ਕੈਸੇ ਬਧੈ ਸਨੇਹੁ॥ ਜਬ ਲਗੁ ਰਸੁ, ਤਬ ਲਗੁ ਨਹੀ ਨੇਹੁ॥ ੧ ॥ ਰਹਾਉ॥"

ਪਦ ਅਰਥ : —ਬਧੈ—ਬਣ ਸਕਦਾ ਹੈ। ਸਨੇਹੁ—ਪਿਆਰ, ਪ੍ਰਭੂ ਨਾਲ ਪਿਆਰ। ਰਸੁ—ਮਾਇਕ ਰਸ, ਪਦਾਰਥਕ ਪਕੜ, ਪ੍ਰਭੂ ਦੀ ਤ੍ਰੈੂ ਗੁਣੀ ਮਾਇਆ ਲਈ ਖਿੱਚ। ਜਬ ਲਗੁ ਰਸੁ —ਜਦੋਂ ਤੀਕ ਜੀਵ ਇਸਤ੍ਰੀ ਦੇ ਮਨ ਅਤੇ ਜੀਵਨ `ਚ ਮਾਇਕ ਖਿੱਚਾਂ ਭਾਰੂ ਹੁੰਦੀਆਂ ਹਨ, ਜਦੋਂ ਤੀਕ ਉਸ ਦਾ ਮਨ ਸੰਸਾਰਕ ਨਾਸ਼ਵਾਨ ਪ੍ਰਾਪਤੀਆਂ `ਚ ਹੀ ਉਲਝਿਆ ਰਹਿੰਦਾ ਹੈ, ਜਦੋਂ ਤੀਕ ਜੀਵ ਇਸਤ੍ਰੀ ਸੰਸਾਰਕ ਸੁਆਦਾਂ, ਰਸਾਂ ਤੇ ਚਮਕ-ਦਮਕ `ਚ ਹੀ ਮਸਤ, ਗ਼ਲਤਾਨ ਤੇ ਖੱਚਤ ਰਹਿੰਦੀ ਹੈ।

ਨੇਹੁ—ਪਿਆਰ, ਪ੍ਰਭੂ ਨਾਲ ਪਿਆਰ। ਤਬ ਲਗੁ ਨਹੀ ਨੇਹੁ— ਓਦੋਂ ਤੀਕ ਜੀਵ ਇਸਤ੍ਰੀ ਦੀ ਮਨ ਕਰਕੇ ਪ੍ਰਭੂ-ਪਤੀ ਨਾਲ ਪਿਆਰ ਦੀ ਗੰਢ, ਪਕਿਆਈ ਤੇ ਦ੍ਰਿੜਤਾ ਹੀ ਸੰਭਵ ਨਹੀਂ। ੧। ਰਹਾਉ।

ਅਰਥ : — "ਪ੍ਰੀਤਿ ਬਿਨਾ ਕੈਸੇ ਬਧੈ ਸਨੇਹੁ" -ਗੁਰਬਾਣੀ ਅਨੁਸਾਰ ਮਨੁੱਖਾ ਜਨਮ ਦਾ ਮਕਸਦ ਹੀ, ਪ੍ਰਭੂ ਵੱਲੋਂ ਮਨੁੱਖਾ ਜਨਮ ਪ੍ਰਾਪਤ ਹੋਣ `ਤੇ, ਜੀਵ ਇਸਤ੍ਰੀ ਰਾਹੀਂ ਇਸ ਨੂੰ ਪ੍ਰਭੂ ਦੇ ਦਰ `ਤੇ ਸਫ਼ਲ ਕਰਣਾ ਤੇ ਵਾਪਿਸ ਆਪਣੇ ਅਸਲੇ ਪ੍ਰਭੂ `ਚ ਸਮਾਉਣਾ ਹੁੰਦਾ ਹੈ।

ਮਨੁੱਖਾ ਜਨਮ ਦੀ ਅਜਿਹੀ ਸਫ਼ਲਤਾ ਲਈ ਜੀਵ-ਇਸਤ੍ਰੀ ਨੇ ਮਨ ਕਰਕੇ ਸ਼ਬਦ-ਗੁਰੂ ਦੀ ਸ਼ਰਣ `ਚ ਆਉਣਾ, ਸ਼ਬਦ-ਗੁਰੂ ਦੀ ਕਮਾਈ ਕਰਣੀ ਤੇ ਪ੍ਰਭੂ ਦੀ ਸਿਫ਼ਤ ਸਲਾਹ ਨਾਲ ਜੁੜਣਾ ਹੁੰਦਾ ਹੈ। ਇਸ ਤਰ੍ਹਾਂ ਆਪਣੇ ਜੀਵਨ ਨੂੰ ਪ੍ਰਭੂ-ਪਤੀ ਦੇ ਪਿਆਰ ਦੇ ਰੰਗ `ਚ ਰੰਗਨਾ ਹੁੰਦਾ ਹੈ।

"ਜਬ ਲਗੁ ਰਸੁ, ਤਬ ਲਗੁ ਨਹੀ ਨੇਹ" -ਇਸ ਦੇ ਉਲਟ ਜਦੋਂ ਤੀਕ ਜੀਵ ਇਸਤ੍ਰੀ ਦੇ ਮਨ ਤੇ ਜੀਵਨ `ਤੇ ਕੇਵਲ ਮਾਇਕ ਖਿੱਚਾਂ ਤੇ ਮੋਹ-ਮਾਇਆ ਦੀ ਪੱਕੜ ਹੀ ਭਾਰੂ ਹੁੰਦੀ ਹੈ, ਜਦੋਂ ਤੀਕ ਉਸ ਦਾ ਮਨ ਨਾਸ਼ਵਾਨ ਪਦਾਰਥਾਂ ਦੀਆਂ ਪ੍ਰਾਪਤੀਆਂ, ਉਪਲਭਦੀਆਂ ਤੇ ਸੰਸਾਰਕ ਚਮਕ-ਦਮਕ ਵੱਲ ਹੀ ਖਿੱਚਿਆ ਰਹਿੰਦਾ ਹੈ, ਜਦੋਂ ਤੀਕ ਉਹ ਸੰਸਾਰ ਦੇ ਰਸਾਂ-ਕਸਾਂ `ਚ ਹੀ ਖੱਚਤ ਤੇ ਗ਼ਲਤਾਨ ਰਹਿੰਦੀ ਹੈ।

ਓਦੋਂ ਤੀਕ ਉਸ ਦੀ ਮਨ ਕਰਕੇ ਪ੍ਰਭੂ-ਪਤੀ ਨਾਲ ਪਿਆਰ `ਚ ਪਕਿਆਈ, ਪ੍ਰਪਕਤਾ ਤੇ ਦ੍ਰਿੜਤਾ ਦਾ ਆਉਣਾ ਹੀ ਸੰਭਵ ਨਹੀਂ। ਬਲਕਿ ਓਦੋਂ ਤੀਕ ਗੁਰਬਾਣੀ ਅਨੁਸਾਰ ਉਸ ਜੀਵ ਇਸਤ੍ਰੀ ਦਾ ਪ੍ਰਭੂ-ਪਤੀ ਤੋਂ ਪਹਿਲਾਂ ਤੋਂ ਚਲਦਾ ਆ ਰਿਹਾ ਵਿਛੋੜਾ ਹੋਰ ਵੀ ਲੰਮਾਂ ਹੁੰਦਾ ਜਾਂਦਾ ਹੈ। ਓਦੋਂ ਤੀਕ ਉਸ ਦਾ ਮਨੁੱਖਾ-ਜਨਮ ਸਫ਼ਲ ਨਹੀਂ ਹੁੰਦਾ ਅਤੇ ਉਹ ਪ੍ਰਭੂ ਦੇ ਦਰ `ਤੇ ਕਬੂਲ ਨਹੀਂ ਹੋ ਸਕਦੀ।

ਉਹ ਆਪਣੇ ਅਸਲੇ ਪ੍ਰਭੂ `ਚ ਨਹੀਂ ਸਮਾਉਂਦੀ, ਉਹ ਪ੍ਰਭੂ ਨਾਲ ਇਕ-ਮਿੱਕ ਤੇ ਅਭੇਦ ਨਹੀਂ ਹੁੰਦੀ। ਉਹ ਮੁੜ ਉਨ੍ਹਾਂ ਹੀ ਭਿੰਨ-ਭਿੰਨ ਜਨਮਾਂ, ਜੂਨਾਂ ਤੇ ਗਰਭਾਂ ਦੇ ਦੁਖ ਭੋਗਦੀ ਰਹਿੰਦੀ ਹੈ, ਜਿਸ ਗੇੜ ਚੋਂ ਕੱਢ ਕੇ ਪ੍ਰਭੂ ਨੇ ਮਨੁੱਖਾ ਜਨਮ ਵਾਲਾ ਇਹ ਦੁਰਲਭ ਅਵਸਰ ਪ੍ਰਦਾਨ ਕੀਤਾ ਹੁੰਦਾ ਹੈ। ੧। ਰਹਾਉ।

"ਬਿਨੁ ਸਤ, ਸਤੀ ਹੋਇ ਕੈਸੇ ਨਾਰਿ॥ ਪੰਡਿਤ ਦੇਖਹੁ ਰਿਦੈ ਬੀਚਾਰਿ"॥ ੧ ॥

ਪਦ ਅਰਥ : —ਹੋਇ ਕੈਸੇ—ਕਿਵੇਂ ਹੋ ਸਕਦੀ ਹੈ? ਨਹੀਂ ਹੋ ਸਕਦੀ। ਸਤ—ਸੱਚਾ-ਸੁੱਚਾ ਆਚਰਨ, ਸੰਜਮੀ ਸੁਭਾਅ ਤੇ ਰੱਬੀ ਗੁਣ। ਨਾਰਿ—ਇਸਤ੍ਰੀ (ਜੀਵ ਇਸਤ੍ਰੀ)। ਪੰਡਿਤ—ਹੇ ਪੰਡਿਤ! ਐ ਗਿਆਨਵਾਨ ਮਨੁੱਖ! ਬੀਚਾਰਿ—ਵਿਚਾਰ ਕਰ ਕੇ ਦੇਖ। ੧।

ਅਰਥ : —ਹੇ ਪੰਡਿਤ! ਐ ਗਿਆਨਵਾਨ! ਤੂੰ ਮਨ ਕਰਕੇ ਵਿਚਾਰ, ਭਲਾ ਸਤ-ਧਰਮ ਦਾ ਪਾਲਨ ਕਰਣ ਤੋਂ ਬਿਨਾ ਕੋਈ ਜੀਵ-ਇਸਤ੍ਰੀ, ਪ੍ਰਭੂ ਪਤੀ ਦੇ ਦਰ `ਤੇ ਕਿਵੇਂ ਸਤੀ ਭਾਵ ਕਬੂਲ ਤੇ ਪ੍ਰਵਾਣ ਹੋ ਸਕਦੀ ਹੈ?

ਭਾਵ ਪ੍ਰਭੂ ਪਤੀ ਦੇ ਸੱਚ ਨਿਆਂ `ਚ ਸਤੀ ਭਾਵ ਕਬੂਲ ਤੇ ਪ੍ਰਵਾਣ ਹੋਣ ਲਈ ਕਿਸੇ ਵੀ ਜੀਵ ਇਸਤ੍ਰੀ ਨੂੰ ਉੱਚੇ-ਸੁੱਚੇ ਆਚਰਣ, ਆਤਮਕ ਉੱਚਤਾ ਸੰਜਮੀ ਤੇ ਇਲਾਹੀ ਗੁਣਾਂ ਨਾਲ ਭਰਪੂਰ ਜੀਵਨ ਦੀ ਲੌੜ ਹੁੰਦੀ ਹੈ। ਉਸ ਤੋਂ ਬਿਨਾ ਇਸ ਦੁਰਲਭ ਮਨੁੱਖਾ ਜਨਮ ਦੀ ਸਫ਼ਲਤਾ ਹੀ ਸੰਭਵ ਨਹੀਂ।

"ਸਾਹਨਿ, ਸਤੁ ਕਰੈ ਜੀਅ ਅਪਨੈ॥ ਸੋ ਰਮਯੇ ਕਉ, ਮਿਲੈ ਨ ਸੁਪਨੈ"॥ ੨ ॥

ਅਰਥ : —ਸਾਹਨਿ—ਸ਼ਾਹਣੀ, ਸ਼ਾਹ ਦੀ ਇਸਤ੍ਰੀ, ਪ੍ਰਭੂ ਸ਼ਾਹ ਦੀ ਇਸਤ੍ਰੀ, ਮਾਇਆਸਤੁ ਕਰੈ—ਸੱਤ ਕਰਕੇ ਜਾਣਦੀ ਹੈ, ਸਦਾ ਮਾਇਕ ਰਸਾਂ `ਚ ਹੀ ਖੱਚਤ ਰਹਿੰਦੀ ਹੈ। ਜੀਅ—ਹਿਰਦੇ ਘਰ `ਚ, ਮਨ ਕਰਕੇ। ਸੋ ਰਮਯੇ ਕਉ— ਉਹ ਅਕਾਲਪੁਰਖ ਜਿਹੜਾ ਸਾਰਿਆਂ `ਚ ਰਮਿਆ ਹੋਇਆ ਅਤੇ ਘਟ-ਘਟ `ਚ ਵਿਆਪਕ ਹੈ। ਮਿਲੈ ਨ ਸੁਪਨੈ—ਸੁਪਨੇ `ਚ ਵੀ ਚੇਤੇ ਨਹੀਂ ਕਰਦੀ। ੨।

ਅਰਥ : —ਜੋ ਮਨੁੱਖ ਮਾਇਆ ਨੂੰ ਹੀ ਆਪਣੇ ਹਿਰਦੇ `ਚ ਸਦਾ ਸੱਤ ਕਰਕੇ ਸਮਝਦਾ ਤੇ ਮੰਣਦਾ ਹੈ ਉਸ ਦਾ ਪ੍ਰਭੂ ਨਾਲ, ਸੁਪਨੇ `ਚ ਵੀ ਮਿਲਾਪ ਭਾਵ ਕਦੇ ਵੀ ਮਿਲਾਪ ਹੋਣਾ ਸ਼ੰਭਵ ਨਹੀਂ।

ਸਪਸ਼ਟ ਹੈ ਜਿਹੜਾ ਮਨੁੱਖ ਜੀਵਨ ਭਰ ਕੇਵਲ ਮਾਇਕ ਰਸਾਂ `ਚ ਹੀ ਖੱਚਤ ਤੇ ਗ਼ਲਤਾਨ ਰਹਿੰਦਾ ਹੈ। ਜਿਹੜਾ ਆਪਣੀ ਸਮੂਚੀ ਕਰਣੀ ਦੌਰਾਨ ਕੇਵਲ ਨਾਸ਼ਵਾਨ ਪਦਾਰਥਕ ਪ੍ਰਾਪਤੀਆਂ ਤੇ ਮਾਇਕ ਉਪਲਭਦੀਆਂ ਨੂੰ ਹੀ ਸਦਾ ਥਿਰ ਮੰਨ ਕੇ ਬੈਠਾ ਹੁੰਦਾ ਤੇ ਉਨ੍ਹਾਂ ਪਿੱਛੇ ਹੀ ਦੌੜਦਾ ਰਹਿੰਦਾ ਹੈ।

ਅਜਿਹਾ ਦੁਨੀਦਾਰ ਸੁਪਨੇ `ਚ ਵੀ ਉਸ ਘਟ-ਘਟ `ਚ ਰਮੇ ਹੋਏ ਰਮਈਆਂ ਰਾਮ ਅਕਾਲਪੁਰਖ ਨੂੰ ਕਦੇ ਵੀ ਯਾਦ ਨਹੀਂ ਕਰਦਾ, ਅਜਿਹਾ ਮਨੁੱਖਾ ਜੀਵਨ ਪ੍ਰਭੂ ਦੇ ਦਰ `ਤੇ ਕਦੇ ਵੀ ਕਬੂਲ ਨਹੀਂ ਹੁੰਦਾ, ਉਸ ਦਾ ਮਨੁੱਖਾ ਜਨਮ ਸਫ਼ਲ ਨਹੀਂ ਹੁੰਦਾ ਅਤੇ ਇਹ ਜਨਮ ਵੀ ਬਿਰਥਾ ਹੀ ਚਲਾ ਜਾਂਦਾ ਹੈ। ੨।

"ਤਨੁ ਮਨੁ ਧਨੁ ਗ੍ਰਿਹੁ ਸਉਪਿ ਸਰੀਰੁ॥ ਸੋਈ ਸੁਹਾਗਨਿ ਕਹੈ ਕਬੀਰੁ"॥ ੩ ॥

ਪਦ ਅਰਥ : —ਗ੍ਰਿਹੁ—ਘਰ, ਸਭਕੁਝ। ਸਉਪਿ—ਸੌਂਪ ਦੇਵੇ, ਹਵਾਲੇ ਕਰ ਦੇਵੇ। ਸੁਹਾਗਨਿ—ਸੁਹਾਗ ਭਾਗ ਵਾਲੀ, ਭਾਗਾਂ ਵਾਲੀ, ਜਿਹੜੀ ਜੀਵ-ਇਸਤ੍ਰੀ ਆਪਣੇ ਮਨ ਚੌਂ ਪ੍ਰਭੂ-ਪਤੀ ਨੂੰ ਕਦੇ ਨਹੀਂ ਵਿਸਾਰਦੀ, ਇਕੋ ਇੱਕ ਪ੍ਰਭੂ-ਪਤੀ ਦਾ ਦਰ ਛੱਡ ਕੇ ਕਦੇ ਤੇ ਕਿਧਰੇ ਵੀ ਇਧਰ-ਓਧਰ ਨਹੀਂ ਭਟਕਦੀ, ਉਹ ਜੀਂਦੇ ਜੀਅ ਹੀ ਪਭੂ ਦੇ ਦਰ `ਤੇ ਕਬੂਲ ਹੋ ਜਾਂਦੀ ਹੈ। ੩।

ਅਰਥ : —ਕਬੀਰ ਆਖਦਾ ਹੈ—ਕੇਵਲ ਉਹੋ ਜੀਵ-ਇਸਤ੍ਰੀ ਭਾਗਾਂ ਵਾਲੀ ਤੇ ਪ੍ਰਭੂ ਦੇ ਸੱਚ ਨਿਆਂ `ਚ ਸੁਹਾਗਣ ਜੀਵ-ਇਸਤ੍ਰੀ ਮੰਨੀ ਤੇ ਕਹੀ ਜਾ ਸਕਦੀ ਹੈ ਜਿਹੜੀ ਆਪਣੇ ਘਰ, ਸਰੀਰ ਸਮੇਤ ਆਪਣਾ ਤਨ, ਮਨ, ਧਨ ਭਾਵ ਸਭਕੁਝ ਪ੍ਰਭੂ-ਪਤੀ ਦੇ ਹਵਾਲੇ ਕਰ ਦੇਵੇ।

ਭਾਵ ਉਹ ਜੀਵ-ਇਸਤ੍ਰੀ ਜਿਹੜੀ ਪੂਰਣ ਸਮ੍ਰਪਣ ਦੀ ਭਾਵਨਾ ਨਾਲ ਪ੍ਰਭੂ-ਪਤੀ ਦੀ ਸਿਫ਼ਤ ਸਲਾਹ ਨਾਲ ਜੁੜ ਕੇ, ਆਪਣੇ ਜੀਵਨ ਕਾਲ `ਚ ਹੀ ਇਲਾਹੀ ਗੁਣਾਂ ਦੀ ਵਾਰਿਸ ਬਣੇ ਉਹ ਪ੍ਰਭੂ ਦੇ ਦਰ `ਤੇ ਕਬੂਲ ਹੋ ਜਾਂਦੀ ਹੈ, ਗੁਰਬਾਣੀ `ਚ ਉਸੇ ਨੂੰ ਹੀ ਸੁਹਾਗਣ ਤੇ ਪਤੀ-ਬ੍ਰਤਾ ਜੀਵ-ਇਸਤ੍ਰੀ ਕਿਹਾ ਹੈ।

ਇਸ ਤਰ੍ਹਾਂ ਅਜਿਹੀ ਜੀਵ ਇਸਤ੍ਰੀ ਜੀਂਦੇ ਜੀਅ ਸਦਾ ਲਈ ਆਪਣੇ ਅਸਲੇ ਪ੍ਰਭੂ-ਪਤੀ `ਚ ਸਮਾਅ ਜਾਂਦੀ ਹੈ। ਉਸਦਾ ਪ੍ਰਾਪਤ ਮਨੁੱਖਾ ਜਨਮ ਸਫ਼ਲ ਹੋ ਜਾਂਦਾ ਹੈ, ਉਸ ਨੂੰ ਮੁੜ ਭਿੰਨ-ਭਿੰਨ ਜੂਨਾਂ, ਜਨਮਾਂ ਤੇ ਗਰਭਾਂ ਦੇ ਉਸ ਗੇੜ `ਚ ਨਹੀਂ ਪੈਣਾ ਪੈਂਦਾ ਜਿਸ ਗੇੜ `ਚੌਂ ਕੱਢ ਕੇ ਪ੍ਰਭੂ ਨੇ ਉਸ ਨੂੰ ਇਹ ਮਨੁੱਖਾ ਜਨਮ ਵਾਲਾ ਵਿਸ਼ੇਸ਼ ਅਵਸਰ ਬਖ਼ਸ਼ਿਆ ਹੁੰਦਾ ਹੈ। ੩।

ਵਸ਼ੇਸ਼ ਨੋਟ- ਵਿਸ਼ੇਸ਼ ਧਿਆਨ ਦੇਣਾ ਹੈ ਕਿ ਇਥੇ ਸ਼ਬਦ ਦੇ ਰਹਾਉ ਦੇ ਬੰਦ `ਚ ਵੀ, ਜਿਹੜਾ ਕਿ ਗੁਰਬਾਣੀ ਦੇ ਕਿਸੇ ਵੀ ਸ਼ਬਦ ਅਥਵਾ ਰਚਨਾ ਦਾ ਕੇਂਦ੍ਰੀ ਭਾਵ ਹੁੰਦਾ ਹੈ, ਬਲਕਿ ਕਬੀਰ ਸਾਹਿਬ ਦੇ ਇਸ ਪੂਰੇ ਸ਼ਬਦ `ਚ ਲੇਸ਼ ਮਾਤ੍ਰ ਵੀ ਪ੍ਰਚਲਤ ਤੇ ਬ੍ਰਾਹਮਣੀ ਸਤੀ ਪ੍ਰਥਾ ਦੀ ਪ੍ਰੌੜਤਾ ਨਹੀਂ ਕੀਤੀ ਹੋਈ।

ਬਲਕਿ ਗੁਰਮੱਤ ਆਧਾਰਤ ਬਦਲਵੀਂ ਸ਼ਬਦਾਵਲੀ `ਚ ਉਸ ਦਾ ਸਪਸ਼ਟ ਤੇ ਭਰਵਾਂ ਖੰਡਣ ਕੀਤਾ ਹੋਇਆ ਹੈ। ਇਥੇ ਗੁਰਬਾਣੀ `ਚ ਲਫ਼ਜ਼ ਸਤੀ ਦੇ ਪ੍ਰਕਰਣ ਅਨੁਸਾਰ ਗੁਰਮੱਤ ਅਰਥ ਹੀ:-

ਪ੍ਰਭੂ ਪਤੀ ਨੂੰ ਮਨ ਕਰਕੇ ਸਮ੍ਰਪਿਤ ਜੀਵ ਇਸਤ੍ਰੀ ਅਥਵਾ ਜੀਵਨ ਹੈ। ਹੋਰ ਤਾਂ ਹੋਰ ਵਿਚਾਰ-ਅਧੀਨ ਸ਼ਬਦ `ਚ ਵੀ ਬ੍ਰਾਹਮਣੀ ਸਤੀ ਪ੍ਰਥਾ ਵਿੱਚਲੇ ਲਫ਼ਜ਼ ਸਤੀ ਨੂੰ ਬਿਲਕੁਲ ਬਦਲਵੇਂ ਨਿਵੇਕਲੇ ਤੇ ਨਵੇਂ ਗੁਰਮੱਤ ਅਰਥਾਂ `ਚ ਵਰਤਿਆ, ਲਿਆ ਅਤੇ ਉਜਾਗਰ ਕੀਤਾ ਹੋਇਆ ਹੈ। ਜਿਵੇਂ:-

"ਬਿਨੁ ਸਤ, ਸਤੀ ਹੋਇ ਕੈਸੇ ਨਾਰਿ. ."

ਦਰਅਸਲ ਇਹ ਵਰਤੋਂ ਵੀ ਠੀਕ ਉਸੇ ਤਰ੍ਹਾਂ ਦੀ ਹੀ ਹੈ ਜਿਵੇਂ ਗੁਰਬਾਣੀ `ਚ ਜੰਜੂ ਤੇ ਸੂਤਕ ਆਦਿ ਬੇਅੰਤ ਬ੍ਰਾਹਮਣੀ ਲਫ਼ਜ਼ਾਂ ਲਈ ਨੂੰ ਰੂਪਕ ਅਲੰਕਾਰ ਵਾਲੀ ਸ਼ੈਲੀ ਤੇ ਢੰਗ ਨੂੰ ਵਰਤੋਂ ਕੇ ਉਨ੍ਹਾਂ ਲਫ਼ਜ਼ਾ ਨੂੰ ਬਿਲਕੁਲ ਨਵੇਂ ਨਿਵੇਕਲੇ ਤੇ ਨਿਤਾਂਤ ਗੁਰਮੱਤ ਅਰਥਾਂ `ਚ ਵਰਤਿਆ ਹੋਇਆ ਹੈ।

ਇਸ ਤਰ੍ਹਾਂ ਵਿਚਾਰਣ ਤੇ ਸਮਝਣ ਦਾ ਵਿਸ਼ਾ ਹੈ ਕਿ ਇੱਥੇ ਪੂਰੇ ਸ਼ਬਦ `ਚ ਕਿਸੇ ਵੀ ਇਸਤ੍ਰੀ ਰਾਹੀਂ, ਆਪਣੇ ਸੰਸਾਰਕ ਪਤੀ ਦੀ ਲਾਸ਼ ਨਾਲ, ਉਸ ਦੀ ਚਿੱਖਾ `ਚ ਸੜ ਮਰਣ ਨਾਲ, ਉਸ ਇਸਤ੍ਰੀ ਲਈ ਉਸ ਦੇ ਸਤੀ ਹੋਣ ਦੀ ਪ੍ਰੌੜਤਾ ਨਹੀਂ ਬਲਕਿ ਉਸ ਕਰਣੀ ਨੂੰ ਮੂਲੋਂ ਹੀ ਪ੍ਰਵਾਣ ਨਹੀਂ ਕੀਤਾ ਹੋਇਆ। ਜਿਵੇਂ ਚੱਲ ਰਹੀ ਲੜੀ ਸੂਹੀ ਕੀ ਵਾਰ ਮਹਲਾ ੩ ਦੀ ਪਉੜੀ ਨੰ: ੬ ਨਾਲ ਸੰਬੰਧਤ ਸਲੋਕਾਂ `ਚ ਵੀ:-

ਸਲੋਕੁ ਮਃ ੩॥ ਸਤੀਆ ਏਹਿ ਨ ਆਖੀਅਨਿ, ਜੋ ਮੜਿਆ ਲਗਿ ਜਲੰਨਿੑ॥ ਨਾਨਕ ਸਤੀਆ ਜਾਣੀਅਨਿੑ, ਜਿ ਬਿਰਹੇ ਚੋਟ ਮਰੰਨਿੑ॥ ੧ ॥

ਮਃ ੩॥ ਭੀ ਸੋ ਸਤੀਆ ਜਾਣੀਅਨਿ, ਸੀਲ ਸੰਤੋਖਿ ਰਹੰਨਿੑ॥ ਸੇਵਨਿ ਸਾਈ ਆਪਣਾ, ਨਿਤ ਉਠਿ ਸੰਮਾੑਲੰਨਿੑ॥ ੨ ॥ (ਪੰ: ੭੮੭)

ਉਸ ਦੇ ਨਾਲ-ਨਾਲ ਫ਼ਿਰ ਦੌਰਾਅ ਦੇਵੀਏ ਕਿ ਗੁਰਬਾਣੀ `ਚ ਜਿੱਥੇ ਸਤੀ ਦਾ ਅਰਥ ਹੀ ਮਨ ਕਰਕੇ ਪ੍ਰਭੂ-ਪਤੀ ਨੂੰ ਸਮ੍ਰਪਿਤ ਜੀਵ-ਇਸਤੀ ਦਾ ਜੀਵਨ ਹੈ। ਉਥੇ ਇਸ ਪੱਖੋਂ ਗੁਰਬਾਣੀ ਦਾ ਅਜਿਹਾ ਫ਼ੈਸਲਾ ਵੀ ਹੈ ਕਿ ਸੰਸਾਰ ਤਲ `ਤੇ ਇਸਤ੍ਰੀਆਂ ਹੋਣ ਭਾਵੇਂ ਮਰਦ, ਸਮੂਚਾ ਮਨੁੱਖ ਵਰਗ ਹੀ ਭਾਵ ਅਸੀਂ ਸਾਰੇ ਇਕੋ ਇੱਕ ਪ੍ਰਭੂ-ਪਤੀ ਦੀਆਂ ਜੀਵ-ਇਸਤ੍ਰੀਆਂ ਹੀ ਹਾਂ। ਜਿਵੇਂ:-

() "ਸਭੇ ਕੰਤ ਮਹੇਲੀਆ, ਸਗਲੀਆ ਕਰਹਿ ਸੀਗਾਰੁ" (ਪੰ: ੫੩-੫੪)

() "ਇਸੁ ਜਗ ਮਹਿ ਪੁਰਖੁ ਏਕੁ ਹੈ ਹੋਰ ਸਗਲੀ ਨਾਰਿ ਸਬਾਈ॥ ਸਭਿ ਘਟ ਭੋਗਵੈ ਅਲਿਪਤੁ ਰਹੈ ਅਲਖੁ ਨ ਲਖਣਾ ਜਾਈ" (੫ੰ: ੯੧-੯੨)

() "ਭਨਤਿ ਨਾਨਕੁ ਸਭਨਾ ਕਾ ਪਿਰੁ ਏਕੋ ਸੋਇ॥ ਜਿਸ ਨੋ ਨਦਰਿ ਕਰੇ ਸਾ ਸੋਹਾਗਣਿ ਹੋਇ" (ਪੰ: ੩੫੧)

() "ਸਭਨਾ ਖਸਮੁ ਏਕੁ ਹੈ, ਗੁਰਮੁਖਿ ਜਾਣੀਐ" (ਪੰ: ੧੨੯੦)

() "ਠਾਕੁਰੁ ਏਕੁ ਸਬਾਈ ਨਾਰਿ॥ ਬਹੁਤੇ ਵੇਸ ਕਰੇ ਕੂੜਿਆਰਿ॥ ਪਰ ਘਰਿ ਜਾਤੀ ਠਾਕਿ ਰਹਾਈ॥ ਮਹਲਿ ਬੁਲਾਈ ਠਾਕ ਨ ਪਾਈ॥ ਸਬਦਿ ਸਵਾਰੀ ਸਾਚਿ ਪਿਆਰੀ॥ ਸਾਈ ਸ+ਹਾਗਣਿ ਠਾਕੁਰਿ ਧਾਰੀ" (ਪੰ: ੯੩੩) ਆਦਿ

ਇਸ ਤਰ੍ਹਾਂ ਸਪਸ਼ਟ ਹੋਇਆ ਕਿ ਸੰਸਾਰ ਤਲ `ਤੇ ਪ੍ਰਚਲਤ ਕੀਤੇ ਹੋਏ ਕੇਵਲ ਇਸਤ੍ਰੀ ਵਰਗ ਲਈ ਸਤੀ ਪ੍ਰਥਾ ਵਾਲੇ ਭਰਮਜਾਲ, ਕਰਮਕਾਂਡਾਂ ਤੇ ਫੋਕਟ ਵਿਸ਼ਵਾਸਾਂ `ਤੇ ਆਧਾਰਤ ਕਿਸੇ ਵੀ ਇਸਤ੍ਰੀ ਰਾਹੀਂ ਆਪਣੇ ਮਰ ਚੁੱਕੇ ਪਤੀ ਦੀ ਲਾਸ਼ ਨਾਲ ਉਸ ਦੀ ਚਿਤਾ `ਚ ਸੜ ਕੇ ਸਤੀ ਹੋਣ ਦੀ ਮੂਲੋਂ ਹੀ ਪ੍ਰੌੜਤਾ ਨਹੀਂ ਕੀਤੀ ਹੋਈ ਬਲਕਿ ਉਸ ਦਾ ਭਰਵਾਂ ਤੇ ਬਾਰ-ਬਾਰ ਖੰਡਣ ਹੀ ਕੀਤਾ ਹੋਇਆ ਹੈ।

ਇਸ ਲਈ ਹਰੇਕ ਜੀਵ-ਇਸਤ੍ਰੀ ਭਾਵ ਸਮੂਚੇ ਮਨੁੱਖ ਮਾਤ੍ਰ ਲਈ ਜ਼ਰ੍ਰੂਰੀ ਹੈ ਕਿ ਉਹ ਸ਼ਬਦ-ਗੁਰੂ ਦਾ ਅਨੁਸਾਰੀ ਹੋ ਕੇ ਆਪਣਾ ਜੀਵਨ ਜੀਵੇ ਅਤੇ ਆਪਣੇ ਪ੍ਰਾਪਤ ਮਨੁੱਖਾ ਜਨਮ ਨੂੰ ਸਫ਼ਲਾ ਕਰ ਕੇ ਸੰਸਾਰ `ਚੋਂ ਜਾਵੇ, ਇਸ ਨੂੰ ਬਿਰਥਾ ਨਾ ਕਰੇ। (ਚਲਦਾ) #Instt.6-15th--Suhi ki.Vaar M.3--03.18#v..

ਸਾਰੇ ਪੰਥਕ ਮਸਲਿਆਂ ਦਾ ਹੱਲ ਅਤੇ ਸੈਂਟਰ ਵੱਲੋਂ ਲਿਖੇ ਜਾ ਰਹੇ ਸਾਰੇ ‘ਗੁਰਮੱਤ ਪਾਠਾਂ’, ਪੁਸਤਕਾ ਤੇ ਹੁਣ ਗੁਰਮੱਤ ਸੰਦੇਸ਼ਾ ਵਾਲੀ ਅਰੰਭ ਹੋਈ ਲੜੀ, ਇਨ੍ਹਾਂ ਸਾਰਿਆਂ ਦਾ ਮਕਸਦ ਇਕੋ ਹੈ-ਤਾ ਕਿ ਹਰੇਕ ਸੰਬੰਧਤ ਪ੍ਰਵਾਰ ਅਰਥਾਂ ਸਹਿਤ ‘ਗੁਰੂ ਗ੍ਰੰਥ ਸਾਹਿਬ’ ਜੀ ਦਾ ਸਹਿਜ ਪਾਠ ਸਦਾ ਚਾਲੂ ਰਖ ਕੇ ਆਪਣੇ ਜੀਵਨ ਨੂੰ ਗੁਰਬਾਣੀ ਸੋਝੀ ਵਾਲਾ ਬਣਾਏ। ਅਰਥਾਂ ਲਈ ਦਸ ਭਾਗ ‘ਗੁਰੂ ਗ੍ਰੰਥ ਦਰਪਣ’ ਪ੍ਰੋ: ਸਾਹਿਬ ਸਿੰਘ ਜਾਂ ਚਾਰ ਭਾਗ ਸ਼ਬਦਾਰਥ ਲਾਹੇਵੰਦ ਹੋਵੇਗਾ ਜੀ।

ਸੂਹੀ ਕੀ ਵਾਰ ਮਹਲਾ ੩

(ਪੰ: ੭੮੫ ਤੋਂ੭੯੨)

ਸਟੀਕ, ਲੋੜੀਂਦੇ ਗੁਰਮੱਤ ਵਿਚਾਰ ਦਰਸ਼ਨ ਸਹਿਤ

(ਕਿਸ਼ਤ-ਪੰਦ੍ਰਵੀਂ)

For all the Self Learning Gurmat Lessons (Excluding Books) written by ‘Principal Giani Surjit Singh’ Sikh Missionary, Delhi-All the rights are reserved with the writer himself; but easily available in proper Deluxe Covers for

(1) Further Distribution within ‘Guru Ki Sangat’

(2) For Gurmat Stalls

(3) For Gurmat Classes & Gurmat Camps

with intention of Gurmat Parsar, at quite nominal printing cost i.e. mostly Rs 400/-(but in rare cases Rs. 450/-) per hundred copies (+P&P.Extra) From ‘Gurmat Education Centre, Delhi’, Postal Address- A/16 Basement, Dayanand Colony, Lajpat Nagar IV, N. Delhi-24

Ph 91-11-26236119, 46548789 ® Ph. 91-11-26487315 Cell 9811292808

Emails- gurbaniguru@yahoo.com & gianisurjitsingh@yahoo.com

web sites-

www.gurbaniguru.org

theuniqeguru-gurbani.com

gurmateducationcentre.com




.