.

ਤੇਰਾ ਕੀਆ ਮੀਠਾ ਲਾਗੇ

Sawan Singh Principal (Retired)

10561Brier Lane, Santa Ana 92705 CA (USA) [email protected] sawansinghgogia.com

ਸ਼ਹੀਦ (ਮਾਰਟਾਇਰ) ਸ਼ਬਦ ਯੂਨਾਨੀ ਬੋਲੀ ਦੇ ਸ਼ਬਦ (ਮਾਰਟਰਸ) ਤੋਂ ਬਣਿਆ ਹੈ ਜਿਸ ਦਾ ਅਰਥ ਗਵਾਹੀ ਹੈ। ਇੱਕ ਸ਼ਹੀਦ ਆਪਣੇ ਅਸੂਲਾਂ ਦੀ ਖਾਤਰ ਆਪਣੀ ਮਰਜ਼ੀ ਨਾਲ ਖੁਸ਼ੀ ਖੁਸ਼ੀ ਪੂਰੇ ਹੋਸ਼ ਹਵਾਸ ਵਿੱਚ ਬਿਨਾਂ ਕਿਸੇ ਲਾਭ ਦੇ ਖਿਆਲ ਦੇ ਆਪਣੀ ਜਾਨ ਦੀ ਕੁਰਬਾਨੀ ਦਿੰਦਾ ਹੈ। ਅਰਬੀ ਬੋਲੀ ਵਿੱਚ ਵੀ ਸ਼ਹਾਦਤ ਦਾ ਅਰਥ ਸਚਾਈ ਦੀ ਗਵਾਹੀ ਦੇਣਾ ਹੈ। ਇਸਲਾਮ ਧਰਮ ਮੁਤਾਬਿਕ ਸ਼ਹੀਦ ਇੱਕ ਅਸੂਲ ਦੀ ਗਵਾਹੀ ਦੇਂਦਾ ਹੈ, ਇਸ ਦੀ ਖਾਤਰ ਲੜ ਮਰਦਾ ਹੈ ਤੇ ਉਸ ਨੁੰ ਮੌਤ ਤੋਂ ਬਾਦ ਜੰਨਤ ਮਿਲਦੀ ਹੈ।

ਗੁਰੂ ਅਰਜਨ ਦੇਵ ਜੀ ਨੇ ਸ਼ਹਾਦਤ ਦੇ ਵਿਚਾਰ ਨੂੰ ਹੋਰ ਉਚੇਰਾ ਚੁੱਕਿਆ। ਉਨ੍ਹਾਂ ਨੇ ਜਾਣ ਬੁਝ ਕੇ ਖੁਸ਼ੀ ਖੁਸ਼ੀ ਬਿਨਾਂ ਕਿਸੇ ਸਵਾਰਥ ਦੇ ਸਚਾਈ, ਵਿਚਾਰਾਂ ਦੀ ਆਜ਼ਾਦੀ ਤੇ ਜ਼ੁਲਮ ਦੇ ਵਿਰੁਧ ਡਟਣ ਵਰਗੇ ਸੱਚੇ ਤੇ ਸੁੱਚੇ ਉਦੇਸ਼ਾਂ ਲਈ ਆਪਣੀ ਜਾਨ ਵਾਰ ਦਿੱਤੀ। ਉਨ੍ਹਾਂ ਮੌਤ ਤੋਂ ਬਾਦ ਸਵਰਗ ਨੂੰ ਕੋਈ ਮਹੱਤਤਾ ਨਹੀਂ ਦਿੱਤੀ।

ਗੁਰੂ ਜੀ ਨੇ ਆਪਣੀ ਬਾਣੀ ਵਿੱਚ ਹੇਠ ਲਿਖੇ ਸ਼ਬਦਾਂ ਵਿੱਚ ਸਾਫ਼ ਸਾਫ਼ ਦੱਸ ਦਿੱਤਾ ਹੈ ਕਿ ਉਨ੍ਹਾਂ ਕਿਸ ਉਦੇਸ਼ ਲਈ ਆਪਣੀ ਜਾਨ ਖੁਸ਼ੀ ਖੁਸ਼ੀ ਵਾਰ ਦਿੱਤੀ।

ਤੇਰਾ ਕੀਆ ਮੀਠਾ ਲਾਗੈ।। ਹਰਿ ਨਾਮੁ ਪਦਾਰਥੁ ਨਾਨਕੁ ਮਾਂਗੈ।। (ਪੰਨਾ ੩੯੪)

ਸੁਖਮਨੀ ਸਾਹਿਬ ਦੀ ਨੌਂਵੀ ਅਸ਼ਟਪਦੀ ਵਿੱਚ ਆਪ ਨੇ ਦਸਿਆ ਹੈ ਕਿ ਜੋ ਮਨੁੱਖ ਪ੍ਰਭੂ ਦੀ ਰਜ਼ਾ ਨੂੰ ਮਨ ਵਿੱਚ ਮਿੱਠੀ ਕਰ ਕੇ ਮੰਨਦਾ ਹੈ, ਉਹੀ ਜੀਊਂਦਾ ਮੁਕਤ ਅਖਵਾਉਂਦਾ ਹੈ; ਉਸ ਲਈ ਖ਼ੁਸ਼ੀ ਤੇ ਗ਼ਮੀ ਇਕੋ ਜਿਹੀ ਹੈ, ਉਸ ਨੂੰ ਸਦਾ ਆਨੰਦ ਹੈ (ਕਿਉਂਕਿ) ਓਥੇ (ਭਾਵ, ਉਸ ਦੇ ਹਿਰਦੇ ਵਿੱਚ ਪ੍ਰਭੂ-ਚਰਨਾਂ ਤੋਂ) ਵਿਛੋੜਾ ਨਹੀਂ ਹੈ।

ਪ੍ਰਭ ਕੀ ਆਗਿਆ ਆਤਮ ਹਿਤਾਵੈ।। ਜੀਵਨ ਮੁਕਤਿ ਸੋਊ ਕਹਾਵੈ।।

ਤੈਸਾ ਹਰਖੁ ਤੈਸਾ ਉਸੁ ਸੋਗੁ।। ਸਦਾ ਅਨੰਦੁ ਤਹ ਨਹੀ ਬਿਓਗੁ।। ਪੰਨਾ ੨੭੫)

ਗੁਰੂ ਜੀ ਦਾ ਵਾਹਿਗੁਰੂ ਤੇ ਅਟੁੱਟ ਵਿਸ਼ਵਾਸ਼ ਸੀ। ਜਦੋਂ ਹਰਗੋਬਿਂਦ ਜੀ ਚੀਚਕ ਦੀ ਭਿਆਨਕ ਬਿਮਾਰੀ ਤੋਂ ਬੱਚ ਨਿਕਲੇ ਤਾਂ ਗੁਰੂ ਜੀ ਨੇ ਵਾਹਿਗੁਰੂ ਦਾ ਸ਼ੁਕਰ ਕੀਤਾ ਤੇ ਇਹ ਸ਼ਬਦ ਉਚਾਰਿਆ:-

ਸੀਤਲਾ ਤੇ ਰਖਿਆ ਬਿਹਾਰੀ।। ਪਾਰਬ੍ਰਹਮ ਪ੍ਰਭ ਕਿਰਪਾ ਧਾਰੀ।। (ਪੰਨਾ ੨੦੦)

ਜਦੋਂ ਮੁਗ਼ਲ ਕਮਾਂਡਰ, ਸੁਲਹੀ ਖਾਨ, ਨੇ ਆਪ ਤੇ ਹਮਲਾ ਕਰਨਾ ਚਾਹਿਆ, ਤਾਂ ਆਪ ਨੇ ਵਾਹਿਗੁਰੂ ਦੀ ਆਸਰਾ ਲਿਆ ਤੇ ਹੋਰ ਸਾਰੇ ਉਪਾਉ ਤਿਆਗ ਦਿਤੇ। ਆਪ ਨੇ ਫਰਮਾਇਆ। ਪਹਿਲਾਂ ਮੈਨੂੰ ਸਲਾਹ ਦਿੱਤੀ ਗਈ ਕਿ (ਵੈਰੀ ਬਣ ਕੇ ਆ ਰਹੇ ਨੂੰ) ਚਿੱਠੀ ਲਿਖ ਭੇਜਾਂ, ਫਿਰ ਸਲਾਹ ਮਿਲੀ ਕਿ ਮੈਂ (ਉਸ ਪਾਸ) ਦੋ ਮਨੁੱਖ ਅਪੜਾਵਾਂ, ਤੀਜੀ ਸਲਾਹ ਮਿਲੀ ਕਿ ਮੈਂ ਕੋਈ ਨ ਕੋਈ ਉਪਾਉ ਜ਼ਰੂਰ ਕਰਾਂ, ਪਰ ਹੇ ਪ੍ਰਭੂ! ਹੋਰ ਸਾਰੇ ਜਤਨ ਛੱਡ ਕੇ ਮੈਂ ਸਿਰਫ਼ ਤੈਨੂੰ ਹੀ ਸਿਮਰਿਆ।

ਪ੍ਰਥਮੇ ਮਤਾ ਜਿ ਪਤ੍ਰੀ ਚਲਾਵਉ।। ਦੁਤੀਏ ਮਤਾ ਦੁਇ ਮਾਨੁਖ ਪਹੁਚਾਵਉ।।

ਤ੍ਰਿਤੀਏ ਮਤਾ ਕਿਛੁ ਕਰਉ ਉਪਾਇਆ।। ਮੈ ਸਭੁ ਕਿਛੁ ਛੋਡਿ ਪ੍ਰਭ ਤੁਹੀ ਧਿਆਇਆ।। (ਪੰਨਾ੩੭੧)

ਜਦੋਂ ਸੁਲਹੀ ਖਾਨ ਗੁਰੂ ਜੀ ਨੂੰ ਕੋਈ ਨੁਕਸਾਨ ਨਾ ਪਹੁੰਚਾ ਸਕਿਆ, ਤਾਂ ਆਪ ਜੀ ਨੇ ਕਿਹਾ:- ਸੁਲਹੀ ਤੇ ਨਾਰਾਇਣ ਰਾਖੁ।। (ਪੰਨਾ ੮੨੫)

ਗੁਰੂ ਜੀ ਦਾ ਇਹ ਸ਼ਬਦ ਉਨ੍ਹਾਂ ਦਾ ਵਾਹਿਗੁਰੂ ਵਿੱਚ ਦ੍ਰਿੜ੍ਹ ਵਿਸ਼ਵਾਸ਼ ਪ੍ਰਗਟ ਕਰਦਾ ਹੈ। ਇਸ ਵਿੱਚ ਉਹ ਕਹਿੰਦੇ ਹਨ ਕਿ ਨਿਮ੍ਰ-ਸੁਭਾਉ ਸਾਡੇ ਪਾਸ ਗੁਰਜ ਹੈ, ਸਭ ਦੀ ਚਰਨ ਧੂੜ ਬਣੇ ਰਹਿਣਾ ਸਾਡੇ ਪਾਸ ਖੰਡਾ ਹੈ। ਇਸ (ਗੁਰਜ) ਅਗੇ ਕੋਈ ਭੀ ਕੁਕਰਮੀ ਟਿਕ ਨਹੀਂ ਸਕਦਾ। (ਸਾਨੂੰ) ਪੂਰੇ ਗੁਰੂ ਨੇ ਇਹ ਗੱਲ ਸਮਝਾ ਦਿੱਤੀ ਹੈ।

ਗਰੀਬੀ ਗਦਾ ਹਮਾਰੀ।। ਖੰਨਾ ਸਗਲ ਰੇਨੁ ਛਾਰੀ।।

ਇਸੁ ਆਗੈ ਕੋ ਨ ਟਿਕੈ ਵੇਕਾਰੀ।। ਗੁਰ ਪੂਰੇ ਏਹ ਗਲ ਸਾਰੀ।। (ਪੰਨਾ੬੨੮)

ਗੁਰੂ ਜੀ ਨੇ ਜਹਾਂਗੀਰ ਵਲੌਂ ਦਿਤੇ ਸਾਰੇ ਕਸ਼ਟ ਸ਼ਾਂਤੀ ਨਾਲ ਸਹਾਰੇ ਅਤੇ ਮੌਤ ਤੋਂ ਬਾਦ ਕਿਸੇ ਇਨਾਮ ਦੀ ਉਮੀਦ ਤੋਂ ਬਿਨਾਂ ਖੁਸ਼ੀ ਖੁਸ਼ੀ ਆਪਣੀ ਜਾਨ ਕੁਰਬਾਨ ਕਰ ਦਿਤੀ। ਜਹਾਂਗੀਰ ਤੇ ਤੰਗਦਿਲੀ ਦਾ ਭੂਤ ਸਵਾਰ ਸੀ। ਉਸ ਦੀ ਇਸਲਾਮ ਫੈਲਾਉਣ ਦੀ ਤੀਬਰ ਇੱਛਾ ਤੇ ਉਸ ਦੀ ਗ਼ੈਰ-ਮੁਸਲਮਾਨਾਂ ਲਈ ਘਿਰਣਾ ਹੀ ਇਸ ਕੁਰਬਾਨੀ ਦਾ ਅਸਲੀ ਕਾਰਣ ਹਨ। ਕਈ ਪ੍ਰਚਾਰਕ ਇਸ ਦਾ ਕਾਰਣ ਚੰਦੂ ਨੂੰ ਜੋ ਕਿ ਇੱਕ ਸਾਧਾਰਣ ਸਰਕਾਰੀ ਮੁਲਾਜ਼ਮ ਸੀ ਸਮਝਦੇ ਹਨ। ਹੋ ਸਕਦਾ ਹੈ ਕਿ ਚੰਦੂ ਨੂੰ ਗੁਰੂ ਜੀ ਨੂੰ ਕਸ਼ਟ ਦੇਣ ਲਈ ਸ਼ਾਹੀ ਹੁਕਮ ਦਿਤਾ ਗਿਆ ਹੋਵੇ। ਇਹ ਕਹਿਣਾ ਕਿ ਇੱਕ ਸਾਧਾਰਣ ਘਰੇਲੂ ਸਮੱਸਿਆ ਕਾਰਣ ਚੰਦੂ ਦੀ ਦੁਸ਼ਮਣੀ ਹੀ ਇਸ ਲਾਸਾਨੀ ਕੁਰਬਾਨੀ ਦਾ ਕਾਰਣ ਸੀ ਇਸ ਮਹਾਨ ਕੁਰਬਾਨੀ ਨੂੰ ਛੁਟਿਆਣਾ ਹੈ ਤੇ ਉਸ ਦਾ ਅਪਮਾਨ ਹੈ। ਜਹਾਂਗੀਰ ਨੇ ਆਪਣੀ ਜੀਵਨ ਕਥਾ ਤੁਜ਼ਿਕ-ਇ- ਜਹਾਂਗੀਰੀ ਜੋ ਨਵਲ ਕਿਸ਼ੋਰ ਪ੍ਰੈਸ, ਲਖਨਊ ਨੇ ਛਾਪੀ ਹੈ ਦੇ ਪੰਨਾ ੨੫ ਤੇ ਆਪ ਲਿਖਿਆ ਹੈ `ਬੜੇ ਚਿੇਰ ਤੋਂ ਮੇਰੀ ਇਹ ਖਾਹਿਸ਼ ਸੀ ਕਿ ਮੈਂ ਇਸ ਝੁਠ ਦੀ ਦੁਕਾਨ (ਗੁਰੁ ਜੀ ਦੇ ਪ੍ਰਚਾਰ ਨੁੰ) ਬੰਦ ਕਰ ਕੇ ਗੁਰੂ ਜੀ ਨੂੰ ਮੁਸਲਮਾਨ ਬਣਾਵਾਂ। ` ਉਹ ਇਹ ਬਰਦਾਸ਼ਤ ਨਹੀਂ ਸੀ ਕਰ ਸਕਦਾ ਕਿ ਗੁਰੂ ਜੀ ਦੇ ਅਨੁਆਈਆਂ ਦੀ ਗਿਣਤੀ ਵਧੇ। ਉਸ ਨੇ ਸ਼ੇਖ ਅਹਿਮਦ ਸਰਹੰਦੀ, ਸ਼ੇਖ ਫਰੀਦ ਬੁਖਾਰੀ ਤੇ ਹੋਰ ਕੱਟਰ ਮੁਸਲਮਾਨਾਂ ਨਾਲ ਇਹ ਪ੍ਰਣ ਕੀਤਾ ਸੀ ਕਿ ਜੇ ਉਹ ਸ਼ਾਹਜ਼ਾਦਾ ਖੁਸਰੋ ਦੇ ਵਿਰੁਧ ਉਸ ਦੀ ਸਹਾਇਤਾ ਕਰਣ ਤਾਂ ਉਹ ਅਕਬਰ ਦੀ ਆਜ਼ਾਦ ਪਾਲੀਸੀ ਨੂੰ ਉਲਟ ਦੇਵੇਗਾ। ਉਹ ਆਪਣੇ ਆਪ ਨੂੰ ਇਸਲਾਮ ਦਾ ਰਾਖਾ ਸਿੱਧ ਕਰਨਾ ਚਾਹੰਦਾ ਸੀ। ਉਸ ਨੇ ਇਹ ਪੱਕਾ ਇਰਾਦਾ ਕਰ ਰੱਖਿਆ ਸੀ ਕਿ ਗ਼ੈਰ-ਇਸਲਾਮੀ ਲਹਿਰਾਂ ਨੂੰ ਤਬਾਹ ਕਰ ਦੇਵੇਗਾ! ਉਸ ਨੇ ਭਾਰਤ ਨੂੰ ਇਸਲਾਮੀ ਮੁਲਕ (ਦਾਰਉਲ ਇਸਲਾਮ) ਬਣਾਣ ਦਾ ਇਲਾਨ ਕਰ ਦਿਤਾ ਸੀ।

ਸ਼ੇਖ ਅਹਿਮਦ ਸਰਹੰਦੀ ਜਿਸ ਦੇ ਚੇਲਿਆਂ ਦੀ ਗਿਣਤੀ ਬਹੁਤ ਜ਼ਿਆਦਾ ਸੀ। ਉਹ ਗੁਰੂ ਜੀ ਨਾਲ ਈਰਖਾ ਕਰਦਾ ਸੀ ਤੇ ਗੁਰੂ ਜੀ ਨੂੰ ਕਾਫਰਾਂ ਦਾ ਇਮਾਮ ਕਹਿੰਦਾ ਸੀ। ਉਸ ਨੇ ਜਹਾਂਗੀਰ ਨੂੰ ਉਕਸਾਇਆ ਤੇ ਝੂਠੀਆਂ ਰਪੋਰਟਾਂ ਭਿਜਵਾ ਕੇ ਗੁਰੂ ਜੀ ਦੇ ਵਿਰੁਧ ਬਾਦਸ਼ਾਹ ਦੇ ਕੰਨ ਭਰੇ। ਉਸ ਨੇ ਜਹਾਂਗੀਰ ਨੂੰ ਦੱਸਿਆ ਕਿ ਗੁਰੂ ਜੀ ਨੇ ਖੁਸਰੋ ਦੀ ਮਾਲੀ ਸਹਾਇਤਾ ਕੀਤੀ ਹੈ ਤੇ ਉਸ ਨੂੰ ਪਨਾਹ ਦਿਤੀ ਸੀ। ਗੁਰੂ ਜੀ ਦੀ ਸ਼ਹਾਦਤ ਤੋਂ ਬਾਦ ਲਿਖੇ ਇੱਕ ਖਤ ਵਿੱਚ ਉਸ ਨੇ ਜਹਾਂਗੀਰ ਨੂੰ ਵਧਾਈ ਦਿਤੀ, ਇਸ ਸ਼ਹਾਦਤ ਨੁੰ ਇੱਕ ਸ਼ਲਾਘਾ ਯੋਗ ਘਟਨਾ ਦੱਸਿਆ ਤੇ ਗੁਰੂ ਜੀ ਖਿਲਾਫ ਬਹੁਤ ਕੁੱਝ ਲਿਖਿਆ। ਇਹ ਪੱਤਰ ‘ਮੁਕਤਬਾਤ-ਏ-ਇਮਾਮ-ਏ-ਰਬਾਨੀ` ਜਿਲਦ ਪਹਿਲੀ ਦੇ ਤੀਜੇ ਭਾਗ ਪੰਨਾ ੯੫ ਤੇ ਦੇਖਿਆ ਜਾ ਸਕਦਾ ਹੈ।

ਤੁਜ਼ਿਕ-ਇ-ਜਹਾਂਗੀਰੀ ਵਿੱਚ ਕਈ ਉਦਾਹਰਣਾਂ ਦਰਜ ਹਨ ਜਿਨ੍ਹਾਂ ਤੋਂ ਜਹਾਂਗੀਰ ਦੀ ਗ਼ੈਰ- ਮੁਸਲਮਾਨਾਂ ਲਈ ਘਿਰਣਾ ਦਾ ਪਤਾ ਲਗਦਾ ਹੈ। ਉਸ ਨੇ ਕਈ ਹਿੰਦੂ ਲੜਕੀਆਂ ਨਾਲ ਸ਼ਾਦੀ ਕੀਤੀ ਸੀ ਪਰ ਪੰਨਾ ੧੦੭ ਤੇ ਉਹ ਆਪ ਲਿਖਦਾ ਹੈ ਕਿ ਉਸ ਰਾਜਾ ਬਿਕ੍ਰਮਾਜੀਤ ਦੇ ਪੁੱਤਰ ਦੀ ਜ਼ਬਾਨ ਕਟਣ ਤੇ ਉਸ ਨੂੰ ਭੰਗੀਆਂ ਨਾਲ ਰਖਣ ਦਾ ਹੁਕਮ ਜਾਰੀ ਕੀਤਾ ਕਿਉਂਕਿ ਉਸ ਨੇ ਇੱਕ ਮੁਸਲਮਾਣ ਲੜਕੀ ‘ਭੋਲੀ` ਨਾਲ ਸ਼ਾਦੀ ਕਰ ਲਈ ਸੀ। ਪੰਨਾ ੧੫੮ ਤੇ ਉਹ ਲਿਖਦਾ ਹੈ "ਜਦੋਂ ਮੈਂ ਅਜਮੇਰ ਸ਼ਰੀਫ ਜ਼ਿਆਰਤ ਤੇ ਗਿਆ ਤਾਂ ਮੈਂ ਇੱਕ ਵੱਡਾ ਦੇਗਚਾ ਜਿਸ ਵਿੱਚ ਪੰਜ ਹਜ਼ਾਰ ਬੰਦਿਆਂ ਲਈ ਚਾਵਲ ਪੱਕ ਸਕਦੇ ਸਨ ਭੇਟ ਕੀਤਾ। ਉਥੋਂ ਮੈਂ ਇੱਕ ਹਿੰਦੂ ਤੀਰਥ ਅਸਥਾਨ, ਪੁਸ਼ਕਰ, ਗਿਆ। ਉਥੇ ਮੈਂ ਇੱਕ ਮੰਦਰ ਵਿੱਚ ਦੋ ਬੁੱਤ ਵੇਖੇ ਤੇ ਉਨ੍ਹਾਂ ਨੂੰ ਤੋੜ ਕੇ ਸਰੋਵਰ ਵਿੱਚ ਸੁਟਣ ਦਾ ਹੁਕਮ ਦਿਤਾ। "

ਜੇ ਖੁਸਰੋ ਦਾ ਦਾਦਾ, ਅਕਬਰ, ਗੁਰੂ ਜੀ ਦੇ ਦਰਸ਼ਨ ਕਰ ਕੇ ਲੰਗਰ ਵਿਚੋਂ ਭੋਜਨ ਛਕ ਸਕਦਾ ਸੀ ਤਾਂ ਖੁਸਰੋ ਦਾ ਉਥੇ ਜਾਣਾ ਕੋਈ ਵੱਡੀ ਗੱਲ ਨਹੀਂ ਸੀ।

ਗੁਰ ੂਜੀ ਜਿਨ੍ਹਾਂ ਨੇ ਆਪਣੇ ਵੱਡੇ ਭਰਾ, ਪ੍ਰਿਥੀ ਚੰਦ, ਦੀ ਆਪਣੇ ਪਿਤਾ ਵਿਰੁਧ ਬਗ਼ਾਵਤ ਨੂੰ ਚੰਗਾ ਨਹੀਂ ਸੀ ਸਮਝਿਆ ਖੁਸਰੋ ਦੀ ਬਗ਼ਾਵਤ ਦੀ ਮਦਦ ਨਹੀਂ ਸੀ ਕਰ ਸਕਦੇ। ਉਨ੍ਹਾਂ ਨੇ ਖੁਸਰੋ ਨੂੰ ਕੋਈ ਅੰਗ-ਰਖਿਅਕ ਜਾਂ ਸਿੱਖ ਸਿਪਾਹੀ ਉਸ ਦੀ ਸਹਾਇਤਾ ਲਈ ਨਹੀਂ ਦਿੱਤਾ। ੧੩ ਸਾਲ ਦੇ ਖੁਸਰੋ ਨੂੰ ਸਫਰ ਖਰਚ ਲਈ ਕੁੱਝ ਰਕਮ ਜ਼ਰੂਰ ਦਿੱਤੀ ਹੋਵੇਗੀ।

ਜਦੋਂ ਮੀਆਂ ਮੀਰ ਨੇ ਗੁਰੂ ਜੀ ਨੂੰ ਤਸੀਹੇ ਸਹਾਰਦਿਆਂ ਦੇਖਿਆ ਤਾਂ ਉਸ ਨੇ ਦਿੱਲੀ ਤੇ ਲਾਹੌਰ ਦੀ ਇੱਟ ਨਾਲ ਇੱਟ ਵਜਾਉਣ ਦਾ ਇਸ਼ਾਰਾ ਕੀਤਾ, ਗੁਰੂ ਜੀ ਨੇ ਠਰੰਮੇ ਨਾਲ ਕਿਹਾ "ਕੀ ਹੋਇਆ ਜੇ ਤਨ ਤਪ ਰਿਹਾ ਹੈ। ਸਾਂਈ ਦੇ ਪਿਆਰਿਆਂ ਨੂੰ ਭਾਣੇ ਵਿੱਚ ਹੀ ਰਸ ਮਾਣਨਾ ਚਾਹੀਦਾ ਹੈ। "

ਜਹਾਂਗੀਰ ਨੇ ਗੁਰੂ ਜੀ ਨੂੰ ਮੁਸਲਮਾਨ ਬਣਨ ਲਈ ਕਿਹਾ ਤਾਂ ਆਪ ਜੀ ਨੇ ਕਿਹਾ ਕਿ ਸਾਡਾ ਉਦੇਸ਼ ਤਾਂ ਸੱਚ ਦਾ ਪ੍ਰਕਾਸ਼ ਤੇ ਝੂਠ ਦਾ ਨਾਸ ਕਰਨਾ ਹੈ। ਜੇ ਇਸ ਮਨੋਰਥ ਲਈ ਸਰੀਰ ਜਾਂਦਾ ਹੈ ਤਾਂ ਅਸੀਂ ਆਪਣੇ ਚੰਗੇ ਭਾਗ ਸਮਝਾਂਗੇ।

ਜਹਾਂਗੀਰ ਨੇ ਜਦ ਗੁਰੂ ਗ੍ਰੰਥ ਸਾਹਿਬ ਵਿੱਚ ਹਜ਼ਰਤ ਮੁਹੰਮਦ ਸਾਹਿਬ ਦੀ ਉਸਤਤ ਦੇ ਕੁੱਝ ਸ਼ਬਦ ਪਾਉਣ ਲਈ ਕਿਹਾ ਤਾਂ ਗੁਰੁ ਜੀ ਨੇ ਕਿਹਾ ਕਿ ਇਹ ਧੁਰ ਦੀ ਬਾਣੀ ਹੈ, ਇਸ ਵਿੱਚ ਰਲਾ ਕਦਾਚਿਤ ਨਹੀਂ ਹੋ ਸਕਦਾ।

ਜਹਾਂਗੀਰ ਨੂੰ ਇਹ ਦੁਖ ਸੀ ਕਿ ਮੁਸਲਮਾਨ ਗੁਰੂ ਜੀ ਦੇ ਸੇਵਕ ਬਣ ਰਹੇ ਹਨ ਅਤੇ ਵੱਖ ਵੱਖ ਕੌਮਾਂ ਦੇ ਲੋਕ ਗੁਰੂ ਘਰ ਨਾਲ ਪਿਆਰ ਤੇ ਸ਼ਰਧਾ ਵਧਾ ਰਹੇ ਸਨ। ਗੁਰੂ ਜੀ ਨੇ ਜਹਾਂਗੀਰ ਦੀ ਨਾਜਾਇਜ਼ ਮੰਗਾਂ ਨੂੰ ਠੁਕਰਾ ਦਿਤਾ ਅਤੇ ਉਸ ਦੇ ਅਗੇ ਨਹੀਂ ਝੁਕੇ। ਗੁਰੂ ਜੀ ਨੇ ਆਪਣੇ ਅਸੂਲ `ਤੇਰਾ ਕੀਆ ਮੀਠਾ ਲਾਗੇ` ਵਿੱਚ ਆਪਣਾ ਵਿਸ਼ਵਾਸ਼ ਸਿੱਧ ਕਰ ਦਿਤਾ। ਉਹ ਸਾਰੇ ਅਸਹਿ ਕਸ਼ਟਾਂ ਨੂੰ ਸਹਾਰ ਕੇ ਵੀ ਆਪਣੇ ਅਸੂਲ ਤੇ ਡੱਟੇ ਰਹੇ ਤੇ ਆਪਣੀ ਜਾਨ ਕੁਰਬਾਨ ਕਰ ਦਿਤੀ।




.