.

ਕਲਜੁਗ ਮਹਿ ਕੀਰਤਨੁ ਪਰਧਾਨਾ

** ਕਲਜੁਗ: ਕਲ + ਜੁਗ:

ਕਲ – ਕਲਹ/ਕਲੇਸ਼/ਲੜਾਈ/ਝਗੜਾ + ਜੁਗ – ਸਮਾਂ, ਸੁਭਾਅ

ਕਲਜੁਗ = ਕਲਹ ਕਲੇਸ਼ ਦਾ ਸਮਾਂ/ਸੁਭਾਅ।

** ਮਹਿ: ਵਿਚ, ਅੰਦਰ।

** ਕੀਰਤਨੁ: ਕੀਰਤੀ, ਮਹਿਮਾ, ਜੱਸ, ਸੋਭਾ, ਵਡਿਆਈ, ਉਸਤਤਿ।

** ਪਰਧਾਨਾ: ਉੱਤਮ, ਮੁੱਖ, ਸ੍ਰੋਮਣੀ, ਸ੍ਰੇਸ਼ਟ।

** ਕਲਜੁਗ ਮਹਿ ਕੀਰਤਨੁ ਪਰਧਾਨਾ ॥ ਗੁਰਮੁਖਿ ਜਪੀਐ ਲਾਇ ਧਿਆਨਾ ॥ਮ 5॥ 1075॥

*** ਪੰਜਵੇਂ ਸਤਿਗੁਰੂ ਅਰਜਨ ਸਾਹਿਬ ਜੀ ਦਾ ਰਾਗ ਮਾਰੂ ਸੋਹਲੇ ਪੰਨਾ 1075 ਉੱਪਰ ਉਚਾਰਨ ਕੀਤਾ ਇਹ ਸਬਦ ਹੈ, ਜਿਸ ਵਿਚੋਂ ਲਈਆਂ ਪੰਕਤੀਆਂ ਤੁਸੀਂ ਉੱਪਰ ਪੜ੍ਹਨਾ ਕੀਤੀਆਂ ਹਨ। ਇਸ ਪੂਰੇ ਸਬਦ ਵਿੱਚ ਗੁਰੂ ਸਾਹਿਬ ਜੀ ਨੇ ਅਕਾਲ-ਪੁਰਖ ਜੀ ਦੀ ਕੀਰਤੀ, ਉਸਤਤਿ, ਸਿਫਤ-ਸਾਲਾਹ, ਵਡਿਆਈ, ਮਹਿਮਾ, ਉਪਮਾਂ ਦੀ ਵਿਚਾਰ ਕੀਤੀ ਹੈ। "ਆਦਿ ਨਿਰੰਜਨੁ ਪ੍ਰਭੁ ਨਿੰਰਕਾਰਾ॥ ਸਭ ਮਹਿ ਵਰਤੈ ਆਪਿ ਨਿਰਾਰਾ॥ ਵਰਨੁ ਜਾਤਿ ਚਿਹਨੁ ਨਹੀ ਕੋਈ ਸਭ ਹੁਕਮੇ ਸ੍ਰਿਸਟਿ ਉਪਾਇਦਾ॥" ਗੁਰਸਿੱਖ ਨੂੰ ਰੱਬੀ ਗੁਣਾਂ ਨੂੰ ਧਾਰਨ ਕਰਨ ਦੀ ਤਾਕੀਦ ਕਰਦੇ ਹਨ। ਪੂਰੇ ਸਬਦ ਵਿੱਚ ਕਿਤੇ ਵੀ ਸਾਜ਼ਾਂ ਨਾਲ ਕੀਰਤਨ ਕਰਨ ਦੀ ਕੋਈ ਵਿਚਾਰ ਨਹੀਂ ਕਰ ਰਹੇ।

ਹਾਂ! ! ਅਕਾਲ-ਪੁਰਖ, ਵਾਹਿਗੁਰੂ ਦੀ ਸਿਫਤ-ਸਾਲਾਹ, ਕੀਰਤੀ, ਉਸਤਤਿ, ਵਡਿਆਈ, ਮਹਿਮਾ, ਉਪਮਾਂ ਦੀ ਵਿਚਾਰ ਖੁੱਲ ਕੇ ਕੀਤੀ ਹੈ।

*** ਲੇਕਿਨ ਸਿੱਖ ਸਮਾਜ ਵਿੱਚ ਬਣੀਆਂ ਮਨੌਉਤਾਂ ਕਰਕੇ ਸਾਜ਼ਾਂ ਨਾਲ ਕੀਰਤਨ ਕਰਨਾ ਹੀ ਮੁੱਖ ਧਾਰਮਿੱਕ ਮਕਸਦ ਬਣ ਗਿਆ। ਸਾਡੇ ਰਾਗੀਆਂ/ਢਾਡੀਆਂ ਵਲੋਂ ਗਾਹੇ ਬਗਾਹੇ ਕਈ ‘ਗੁਰਬਾਣੀ’ ਸਬਦਾਂ ਦੀਆਂ ਪੰਕਤੀਆਂ, ਜੋ ਆਮ ਮਨੁੱਖਾਂ ਦੀਆਂ ਲੋੜਾਂ ਅਨੁਸਾਰ ਢੁਕਵੀਆਂ ਹੁੰਦੀਆਂ, ਨੂੰ ਬਾਰ ਬਾਰ ਗਾਉਣਾ ਕਰਕੇ, ਲੋਕਾਂ ਦੇ ਜ਼ਿਹਨ ਵਿੱਚ ਪੱਕੀਆਂ ਕਰ ਦਿੱਤੀਆਂ ਹਨ। ਜੋ ਸਬਦ ਦੇ ਵਿਸ਼ੇ ਵਸਤੂ ਤੋਂ ਬਹੁਤ ਦੂਰ ਹੁੰਦੀਆਂ ਹਨ। ਜਿਵੇਂ ਕਿ:

… ਲੱਖ ਖ਼ੁਸ਼ੀਆਂ ਪਾਤਸਾਹੀਆਂ …ਇਸ ਸਬਦ ਦੀ ਰਹਾਉ ਵਾਲੀ ਪੰਕਤੀ ਹੈ; (ਮੇਰੇ ਮਨ ਏਕਸ ਸਿਉ ਚਿਤੁ ਲਾਇ॥ ਏਕਸ ਬਿਨੁ ਸਭ ਧੰਧੁ ਹੈ ਸਭ ਮਿਥਿਆ ਮੋਹੁ ਮਾਇ॥ ਰਹਾਉ॥ ਮ 5॥ ਪੰ 44॥)

. . ਖਾਣ ਪੀਣ ਵਾਲੇ ਲੋਕ ਆਪਣੇ ਲਈ ਪੰਕਤੀ ਕੱਢਦੇ ਹਨ … (ਖਾਣਾ ਪੀਣਾ ਪਵਿਤ੍ਰ ਹੈ ਦਿਤੋਨੁ ਰਿਜਕੁ ਸੰਬਾਹਿ॥ ਮ1॥ 472॥)

… ਨੱਚਣ ਕੁੱਦਣ ਵਾਲੇ … (ਨਚਣੁ ਕੁਦਣੁ ਮਨ ਕਾ ਚਾਉ॥ ਮ1॥ 465॥)

. . ਦੀਵਾਲੀ ਤੇ ਦੀਵੇ ਬਾਲਣ ਵਾਲੇ … (ਦੀਵਾਲੀ ਕੀ ਰਾਤ ਦੀਵੁ ਬਾਲੀਅਨੁ॥ ਭਾਈ ਗੁਰਦਾਸ ਜੀ)

… ਇਸ ਤਰਾਂ ਗੁਰਬਾਣੀ ਦੀਆਂ ਹੋਰ ਬਹੁਤ ਸਾਰੀਆਂ ਪੰਕਤੀਆਂ ਹਨ ਜਿਹੜੀਆਂ ਸਾਡੇ ਰਾਗੀ ਪ੍ਰਚਾਰਕ ਆਪਣੀ ਪੈਂਠ ਬਨਾਉਣ ਲਈ ਵਰਤਦੇ ਹਨ। ਪਰ ਸਿੱਖ ਸੰਗਤਾਂ ਨੂੰ ਗੁਮਰਾਹ ਕੀਤਾ ਜਾ ਰਿਹਾ ਹੁੰਦਾ ਹੈ। ਇਹ ਪਾਰੰਪਰਾ ਲਗਾਤਾਰ ਅੱਗੇ ਤੋਂ ਅੱਗੇ ਚਲੀ ਜਾ ਰਹੀ ਹੈ। ਆਉ ਵਿਚਾਰ ਅਧੀਨ ਪੰਕਤੀ ਵੱਲ ਧਿਆਨ ਲਿਆਈਏ।

. . ਪੰਕਤੀ "ਕਲਜੁਗ ਮਹਿ ਕੀਰਤਨੁ ਪਰਧਾਨਾ" ਦੇ ਸਬਦੀ ਅਰਥ ਬਣਦੇ ਹਨ ਕਿ ‘ਕਲਜੁਗ ਵਿੱਚ ਕੀਰਤਨ ਹੀ ਪ੍ਰਧਾਨ ਹੈ’। ਇਸ ਲਈ ਸਿੱਖ ਸਮਾਜ ਵਿੱਚ ਗੁਰਬਾਣੀ ਕੀਰਤਨ ਕਰਨ ਉੱਪਰ ਸਿੱਖ ਸੰਗਤਾਂ ਦਾ ਪੂਰਾ ਜ਼ੋਰ ਲੱਗਿਆ ਹੋਇਆ ਹੈ। ਰਾਗੀ ਸਿੰਘਾਂ ਦੀਆਂ ਤਾਂ ਪੰਜ ਉੱਗਲਾਂ ਹੀ ਨਹੀਂ, ਸਾਰੇ ਦੇ ਸਾਰੇ ਹੀ ਘਿਉ ਵਿੱਚ ਬੈਠੇ ਹਨ। ਮਸ਼ਹੂਰ ਰਾਗੀ ਸਿੰਘਾਂ ਦੇ ਕੀਰਤਨ ਕਰਨ ਕਰਾਉਣ ਲਈ ਤਰੀਕਾਂ ਛੇ ਛੇ ਮਹੀਨੇ, ਸਾਲ ਪਹਿਲਾਂ ਬੁੱਕ ਕਰਾਉਣੀਆਂ ਪੈਂਦੀਆਂ ਹਨ। ਰਾਗੀ ਸਿੰਘ ਵੀ ਲਗਾਤਾਰ 4-5 ਘੰਟੇ ਲਗਾਤਾਰ ਕੀਰਤਨ ਕਰੀ ਜਾਂਦੇ ਹਨ ਥੱਕਦੇ ਨਹੀਂ। (ਕਿਉਂਕਿ ਕੀਰਤਨ ਕਰਨ ਨਾਲ ਕਮਾਈ ਲੱਖਾਂ ਵਿੱਚ ਹੋ ਰਹੀ ਹੈ)

ਰਾਗੀ ਸਿੰਘਾਂ ਦਾ ਜੱਥਾ ਜਿਨ੍ਹਾਂ ਵੱਡਾ ਹੁੰਦਾ ਹੈ, ਉਨਾਂ ਹੀ ਜਿਆਦਾ ਸਿੱਖ ਸੰਗਤਾਂ ਤੇ ਪ੍ਰਭਾਵ ਬਣਦਾ ਹੈ।

6-7 ਚੱਮਟਿਆਂ ਵਾਲੇ।

4-5 ਢੋਲਕੀਆਂ/ਤਬਲੇ ਤੇ ਦੱਗੜ ਦੱਗੜ ਕਰਨ ਵਾਲੇ।

2-3 ਖੜਤਾਲਾਂ ਵਾਲੇ।

2-3 ਹੋਰ ਵਾਧੂ ਸਿੰਘ (ਸਬਦ ਪੜ੍ਹਨ ਵਾਲੇ) (ਸਾਹ ਦਵਾਉਣ ਵਾਲੇ)।

1 ਸਿੰਘ ਨਾਲ ਵਾਲੇ ਵਾਜ਼ੇ ਤੇ।

1 ਸਿੰਘ ਇਲੈਟਰੋਨਿਕ ਪੀਆਨੋ ਉੱਪਰ।

ਜਦੋਂ ਫਿਰ ਕੀਰਤਨ ਸੁਰੂ ਹੁੰਦਾ ਹੈ ਤਾਂ ਢੋਲਕੀਆਂ ਚੱਮਟਿਆਂ ਦਾ ਖੜਕਾ ਦੜਕਾ ਕੇਰਾਂ ਤਾਂ ਸੱਭ ਕੁੱਝ ਹਿੱਲਣ ਲਾ ਦੇਂਦੇ ਹੈ।

ਸਾਹਮਣੇ ਬੈਠੀਆਂ ਸਿੱਖ-ਸੰਗਤ ਵੀ ਕੇਰਾਂ ਤਾਂ ਝੂਮਣ ਲੱਗ ਪੈਦੀਆਂ ਹਨ ਅਤੇ ਬਾਬੇ/ਰਾਗੀਆਂ ਦੇ ਲਈ ਵਾਹ ਵਾਹ ਕਰਨ ਨੂੰ ਉਤਾਵਲੀਆਂ ਹੋ ਜਾਂਦੀਆਂ ਹਨ। ਸੰਗਤਾਂ ਦੇ ਹੜ ਵਿਚੋਂ ਹੀ ਜੈਕਾਰੇ ਲੱਗਣ ਦੀਆਂ ਅਵਾਜ਼ਾਂ ਵੀ ਆਉਂਣੀਆਂ ਸੁਰੂ ਹੋ ਜਾਂਦੀਆਂ ਹਨ। (ਬੋਲੇ ਸੋoooooooooooooo ਨਿਹਾਲ … ਸਤਿ ਸ੍ਰੀ ਅਕਾਲ)

**** ਆਮ ਮਨੁੱਖਾ ਸਮਾਜ ਵਿੱਚ ਅੱਜ ਕੱਲ ‘ਕਲਜੁੱਗ’ ਦਾ ਜੁੱਗ ਚਲਦਾ ਸਮਝਿਆ ਜਾ ਰਿਹਾ ਹੈ। ਇਸ ਲਈ ਹਰ ਪਾਸੇ ਕੀਰਤਨਾਂ ਸਮਾਗਮਾਂ, ਪੂਜਾ ਪਾਠਾਂ ਦਾ ਪੂਰਾ ਜ਼ੋਰ ਹੈ, ਕਲਜੁੱਗ ਦੇ ਪ੍ਰਭਾਵ ਨੂੰ ਘੱਟ ਕਰਨ ਲਈ।

ਸੋ ਇਸੇ ਲਈ ਅੱਜ ਦੇ ਸਿੱਖ ਸਮਾਜ ਵਿੱਚ ਕੀਰਤਨ ਸਮਾਗਮਾਂ ਦੇ ਹੋਰਡਿੰਗਜ਼ ਹਰ ਪਾਸੇ ਨਜ਼ਰ ਅਉਂਦੇ ਹਨ।

ਇਕ ਪਾਸੇ ਕਿਸੇ ਬਾਬੇ ਦਾ ਰੰਗ ਬਿਰੰਗਾ ਪੂਰੇ ਬੁੱਤ ਕੱਦ ਦਾ ਹੋਰਡ ਲੱਗਾ ਹੈ।

ਦੂਜੇ ਪਾਸੇ ਕਿਸੇ ਬ੍ਰਹਮ ਗਿਆਨੀ ਡਿੱਗਰੀਆਂ ਦੇਣ ਵਾਲੇ ਬਾਬੇ ਦਾ ਲੱਗਾ ਹੋਰਡ ਤੁਹਾਨੂੰ ਉਸ ਡੇਰੇ ਵੱਲ ਨੂੰ ਜਾਣ ਲਈ ਕਹਿ ਰਿਹਾ ਹੁੰਦਾ ਹੈ, ਪ੍ਰੇਰਤ ਕਰ ਰਿਹਾ ਹੁੰਦਾ ਹੈ।

** ਗੱਲ ਕੀ, ਸਾਡੇ ਸਿੱਖ ਸਮਾਜ ਵਿੱਚ ‘ਗੁਰਬਾਣੀ’ ਨੂੰ ਸਮਝਣ ਸਮਝਾਉਣ ਦਾ ਸ਼ੌਕ ਹੀ ਨਹੀਂ,

ਲਗਨ ਹੀ ਨਹੀਂ,

ਚਸਕਾ ਹੀ ਨਹੀਂ,

ਚਾਅ ਹੀ ਨਹੀਂ,

ਕਿ ਅਸੀਂ ਗੁਰਬਾਣੀ ਦੇ ਸਹੀ ਅਰਥ ਸਮਝਕੇ, ਜਾਣਕੇ, ਬੁੱਝਕੇ ਆਪਣੇ ਮਨੁੱਖਾ ਜੀਵਨ ਵਿੱਚ ਪਰੈਕਟੀਕਲੀ ਜੀਵਨ ਜਿਉਂਣਾ ਕਰੀਏ।

( ( ( ( (ਗੁਰੂ ਸਾਹਿਬਾਨਾਂ ਨੇ ਬਾਣੀ ਨੂੰ ਲਿਖਤ ਵਿੱਚ ਲਿਆਉਣਾ ਕੀਤਾ, ਕਿਉਂਕਿ ਗੁਰੁ ਸਾਹਿਬਾਨ ਜਾਣਦੇ ਸਨ ਕਿ ਜ਼ੁਬਾਨ ਤੋਂ ਬੋਲੀ ਹੋਈ ਕੋਈ ਵੀ ਗੱਲਬਾਤ, ਗਿਆਨ-ਵਿਚਾਰ ਹਮੇਂਸ਼ਾ ਲਈ ਉਸੇ ਤਰਾਂ ਅੱਗੇ ਦੀ ਅੱਗੇ ਪੀੜ੍ਹੀਆਂ ਤੱਕ ਨਹੀਂ ਪਹੁੰਚਦੀ। ਜਦ ਵੀ ਕੋਈ ਗੱਲਬਾਤ ਜਾਂ ਗਿਆਨ-ਵਿਚਾਰ ਇੱਕ ਮਨੁੱਖ ਤੋਂ ਦੂਜੇ ਮਨੁੱਖ ਤੱਕ ਪਹੁੰਚਦਾ ਹੈ ਤਾਂ ਉਸ ਵਿੱਚ ਜਰੂਰ ਕੁੱਝ ਨਾ ਕੁੱਝ ਵਾਧ-ਘਾਟ ਹੋ ਜਾਂਦੀ ਹੈ। ਇਹ ਵਾਧ-ਘਾਟ ਕੋਈ ਜਾਣਬੁੱਝ ਕੇ ਨਹੀਂ ਕਰਦਾ, ਪਰ ਫਿਰ ਭੀ ਅਣਭੋਲ/ਅਣਜਾਣਪੁਣੇ ਵਿੱਚ ਉਹ ਅਸਲ ਬੋਲ ਇੰਨ-ਬਿੰਨ ਨਹੀਂ ਬੋਲੇ ਜਾਂਦੇ।

ਇਸੇ ਲਈ 35 ਮਹਾਂ-ਪੁਰਸ਼ਾਂ ਦੇ ਨਿਜ਼ੀ ਤਾਜ਼ੁਰਬੇ ਦਾ ਇਹ ਅਧਿਆਤਮ ਗਿਆਨ ਵਿਚਾਰ ਦਾ ਖ਼ਜ਼ਾਨਾ ਆਪਾਂ ਸਿੱਖ ਸੰਗਤਾਂ ਨੂੰ ਪੰਜਵੇਂ ਸਤਿਗੁਰੂ ਜੀ ਨੇ ‘ਸਬਦ ਗੁਰੂ ਗਰੰਥ ਸਾਹਿਬ ਜੀ" ਲਿਖਤ ਰੂਪ ਵਿੱਚ ਦੇਣਾ ਕੀਤਾ।

ਜੋ ਜੁਗਹੋ ਜੁੱਗ ਅਟੱਲ ਹੈ।

ਹਮੇਂਸ਼ਾ ਲਈ ਅਮਰ ਹੈ।

ਇਸ ਵਿੱਚ ਕੋਈ ਬਦਲਾਅ ਨਹੀਂ ਹੋ ਸਕਦਾ।

ਨਾ ਹੀ ਕੋਈ ਕਰ ਸਕਦਾ ਹੈ।

ਇਸ ਖ਼ਜ਼ਾਨੇ ਵਿਚੋਂ ਗਿਆਨ-ਵਿਚਾਰ ਰੂਪੀ ਹੀਰੇ ਲਾਲ ਮੋਤੀ ਚੁੱਗਣਾ ਤਾਂ ਸਾਡਾ ਕੰਮ ਹੈ।

ਇਸ ਕੰਮ ਵਿੱਚ ਸਾਡੀ ਸਿੱਖ ਕੌਮ ਬਹੁਤ ਹੀ ਪੱਛੜ ਗਈ ਹੈ।

ਅਸੀਂ ਇਸ ਗਿਆਨ ਰੂਪ ਖ਼ਜ਼ਾਨੇ ਦੀ ਅਵਹੇਲਣਾ ਕੀਤੀ ਗਈ ਹੈ।

ਇਸ ਖ਼ਜ਼ਾਨੇ ਦੀ ਸੁਵਰਤੋਂ ਨਹੀਂ ਕੀਤੀ।

ਇਹ ਅਵਹੇਲਣਾ ਅੱਜ ਵੀ ਬਾ ਦਸਤੂਰ ਜਾਰੀ ਹੈ।

ਸਾਡੇ ਸਾਰੇ ਮੁੱਖ ਧਾਰਮਿੱਕ ਸਥਾਨ ਚਲੀਆਂ ਆ ਰਹੀਆਂ ਮਨੌਤਾਂ ਦੇ ਅਨੁਸਾਰ ਹੀ ਮੰਨਮੱਤਾਂ ਕਰੀ ਜਾ ਰਹੇ ਹਨ।

‘ਗੁਰਬਾਣੀ’ ਜੋ ਕੇ ਪੜ੍ਹਨ, ਸੁਨਣ, ਮੰਨਣ, ਵਿਚਾਰਨ ਦਾ ਵਿਸ਼ਾ ਸੀ।

ਉਸਨੂੰ ਸਾਡੇ ਪੂਜਾਰੀ ਲਾਣੇ ਨੇ ‘ਵੇਖਣ’ ਤੱਕ ਹੀ ਸੀਮਿੱਤ ਕਰ ਛੱਡਿਆ।

ਅੱਜ ਵੀ ਤੁਸੀਂ ਵੇਖ ਸਕਦੇ ਹੋ ਸਾਡੇ ਪ੍ਰਮੁੱਖ ਧਾਰਮਿੱਕ ਸਥਾਨਾਂ ਵਿੱਚ ਇਹੀ ਕੁੱਝ ਹੋ ਰਿਹਾ ਹੈ।

ਤੁਸੀਂ ਘੰਟਿਆਂ ਬੱਧੀ ਲਾਈਨ ਵਿੱਚ ਲੱਗ ਕੇ ਅੰਦਰ ਤੱਕ ਪਹੁੰਚਦੇ ਹੋ। ਅੰਦਰ ਪਹੁੰਚਦੇ ਹੀ ਆਪਣੀ ਭੇਟਾ ਅੱਗੇ ਰੱਖੋ, ਸਿਰ ਝੁਕਾਉ ਅਤੇ ਅੱਗੇ ਜਾਣ ਦਾ/ਵੱਧਣ ਦਾ ਇਸ਼ਾਰਾ ਹੋ ਜਾਂਦਾ ਹੈ, ਕਿਉਂਕਿ ਪਿਛੇ ਹੋਰ ਬਹੁਤ ਲੰਬੀਆਂ ਲਾਈਨਾ ਲੱਗੀਆਂ ਹਨ। ਚੜ੍ਹਾਵਾ ਦੇਣ ਵਾਲਿਆਂ ਦੀਆਂ।

ਤੁਹਾਨੂੰ ਇਹਨਾਂ ਕੁੱਝ ਸੈਕਿੰਡਾਂ ਵਿੱਚ ਕੀ ਮਿਲਿਆ? ? ਕੁੱਝ ਵੀ ਨਹੀਂ।

ਕੇਵਲ ਅੰਦਰਲੀ ਸਾਜ਼ੋ ਸਜਾਵਟ ਦੀ ਇੱਕ ਝਲਕ।

‘ਗੁਰਬਾਣੀ’ ਗਿਆਨ ਵਿਚਾਰ ਜਿਸਨੂੰ ਤੁਸੀਂ ਲੈਣ ਗਏ ਸੀ, ਉਹ ਤਾਂ ਸੋਹਣੇ ਲੱਖਾਂ ਰੁਪਏ ਕੀਮਤੀ ਰੁਮਾਲਿਆਂ ਵਿੱਚ ਲਪੇਟਿਆ ਤੁਹਾਡੇ ਸਾਹਮਣੇ ਸੀ। ਤੁਸੀਂ ਕੇਵਲ 5 ਸੈਕਿੰਡ ਲਈ ਉਸਨੂੰ ਬਾਹਰੋਂ ਹੀ ਵੇਖ ਸਕੇ।

ਗੁਰਬਾਣੀ ਫ਼ੁਰਮਾਨ ਹੈ ਕਿ; (ਸਲੋਕ ਮਹਲਾ 3॥ ਸਤਿਗੁਰ ਨੋ ਸਭੁ ਕੋ ਵੇਖਦਾ ਜੇਤਾ ਜਗਤੁ ਸੰਸਾਰ॥ ਡਿਠੈ ਮੁਕਤਿ ਨ ਹੋਵਈ ਜਿਚਰੁ ਸਬਦਿ ਨ ਕਰੇ ਵੀਚਾਰੁ॥ 594॥

‘ਸਬਦ’ ਗਿਆਨ-ਵਿਚਾਰ ਨੂੰ ਸਾਡੇ ਸਿੱਖ ਸਮਾਜ ਨੇ ਅਪਨਾਉਣਾ ਨਹੀਂ ਕੀਤਾ। ਇਸੇ ਲਈ ਬ੍ਰਾਹਮਣਵਾਦ ਦਾ ਅਸਰ ਸਿੱਖ ਸਮਾਜ ਵਿੱਚ ਸਾਫ਼ ਵੇਖਿਆ ਜਾ ਰਿਹਾ ਹੈ।

ਇਹ ਸਚਾਈ ਹੈ ਕੋਈ ਮੰਨੇ ਚਾਹੇ ਨਾ ਮੰਨੇ, ਚਾਹੇ ਕੋਈ ਕਬੂਲ ਕਰੇ ਜਾਂ ਨਾ ਕਰੇ, ਅੱਜ ਦੇ 95% ਸਿੱਖ ਅਤੇ ਸਿੱਖ ਪ੍ਰੀਵਾਰ ਹਰ ਸਮੇਂ ਕੋਈ ਨਾ ਕੋਈ ਮੰਨਮੱਤ/ਕਰਮਕਾਂਡ ਜਰੂਰ ਕਰ ਰਹੇ ਹੁੰਦੇ ਹਨ। ਮੰਨਮੱਤਾਂ ਕਰਨ ਦੇ ਸਬੂਤ ਵੀ ਤਾਂ ਬਹੁਤਿਆਂ ਦੇ ਪਾਸ ਅਤੇ ਘਰਾਂ ਵਿੱਚ ਵੀ ਮੌਜੂਦ ਹੁੰਦੇ ਹਨ।

ਇਹ ਵਹਿਮ, ਭਰਮ, ਪਾਖੰਡ, ਮੰਨਮੱਤਾਂ, ਕਰਮਕਾਂਡ ਤੱਦ ਤੱਕ ਨਹੀਂ ਰੁੱਕ ਸਕਦੇ ਜਦ ਤੱਕ ਸਾਡੇ ਪ੍ਰਮੁੱਖ ਧਾਰਮਿੱਕ ਸਥਾਨਾਂ ਉੱਪਰ ਇਹ ਸਾਰੇ ਵਹਿਮ, ਭਰਮ, ਪਾਖੰਡ, ਮੰਨਮੱਤਾਂ, ਕਰਮਕਾਂਡ ਹੁੰਦੇ ਰਹਿਣਗੇ।

ਇਹਨਾਂ ਧਾਰਮਿੱਕ ਸਥਾਨਾਂ ਉੱਪਰ ਇਹਨਾਂ ਵਹਿਮ, ਭਰਮ, ਪਾਖੰਡ, ਮੰਨਮੱਤਾਂ, ਕਰਮਕਾਂਡਾਂ ਨੂੰ ਕਰਨ ਵਾਲੇ ਸਾਰੇ ਬ੍ਰਾਹਮਣਵਾਦ ਵਿੱਚ ਬੁੱਰੀ ਤਰਾਂ ਗਲਤਾਨ ਹਨ। ਉਹਨਾਂ ਦੇ ਇਰਾਦੇ ਵੀ ਖਤਰਨਾਕ ਹਨ। ਤਾਂ ਹੀ ਤਾਂ ਇਹਨਾਂ ਵਹਿਮ, ਭਰਮ, ਪਾਖੰਡ, ਮੰਨਮੱਤਾਂ, ਕਰਮਕਾਂਡਾਂ ਵਿੱਚ ਖੜੋਤ ਨਹੀਂ ਆ ਰਹੀ।

ਸਿੱਖੀ ਸਿਧਾਂਤ ਵੱਧ-ਫੁੱਲ ਨਹੀਂ ਰਿਹਾ।

‘ਗੁਰਬਾਣੀ’ ਗਿਆਨ ਵਿਚਾਰ ਦਾ ਫੈਲਾਅ ਨਹੀਂ ਹੋ ਰਿਹਾ।

ਗੁਰਮੱਤ ਸਿਧਾਂਤਾਂ ਨੂੰ ਅਣਦੇਖਾ ਕੀਤਾ ਜਾ ਰਿਹਾ ਹੈ।

ਸਾਡੀਆਂ ਧਾਰਮਿੱਕ ਸੰਸਥਾਵਾਂ, ਕੱਲੀਆਂ ਕੀ ਕਰਨਗੀਆਂ ਜੱਦ ਤੱਕ ਲੋਕ (ਸਿੱਖ) ਆਪ ਨਹੀਂ ਜਾਗਣਾ ਕਰਦੇ। ਅਗਰ ਆਪਣੇ-ਆਪ ਨੂੰ ‘ਸਬਦ ਗੁਰੂ’ ਦੇ ਸੱਚੇ ਸਿੱਖ ਮੰਨਦੇ ਹੋ ਤਾਂ ਵੀਰੋ ਭੈਣੋਂ ਆਪਣੇ ਵਿੱਚ ਗੁਰਬਾਣੀ ਗਿਆਨ ਵਿਚਾਰ ਦੇ ਅਨੁਸਾਰੀ ਬਦਲਾਅ ਲੈ ਕੇ ਆਉ।

ਜਿਥੇ ਵਹਿਮ, ਭਰਮ, ਪਾਖੰਡ, ਮੰਨਮੱਤਾਂ, ਕਰਮਕਾਂਡ ਹੁੰਦੇ ਦਿੱਖਣ ਉਥੇ ਆਪਣੀ ਆਵਾਜ਼ ਬੁਲੰਦ ਕਰੋ।

ਕਮੇਟੀਆਂ ਦੇ ਮੈਂਬਰ ਚੁਨਣ ਵੇਲੇ ਆਪਣੀਆਂ ਵੋਟਾਂ ਦੀ ਸੁਵਰਤੋਂ ਕਰੋ।

ਚੰਗੇ ਉੱਚੇ ਸੁੱਚੇ ਕਿਰਦਾਰ ਵਾਲੇ ਗੁਰਸਿੱਖਾਂ ਨੂੰ ਇਹਨਾਂ ਧਾਰਮਿੱਕ ਸਮਾਜਿੱਕ ਕੰਮਾਂ ਲਈ ਅੱਗੇ ਲਿਆਉਣਾ ਚਾਹੀਦਾ ਹੈ।

ਕੁਰੱਪਟ, ਲਾਲਚੀ, ਖ਼ੁਦਗਰਜ਼, ਬੇਈਮਾਨ, ਨਸ਼ੇੜੀ, ਝੂਠੇ ਵਾਧਿਆਂ ਵਾਲਿਆਂ, ਝੂਠੇ ਸੁਪਨੇ ਦਿਖਾਉਣ ਵਾਲਿਆਂ, ਰਜਵਾੜਾਸ਼ਾਹੀ ਨੂੰ ਕਦੇ ਵੀ ਧਾਰਮਿੱਕ ਸੰਸਥਾਵਾਂ ਵਿੱਚ ਵੋਟ ਪਾ ਕੇ ਨਾ ਲਿਆਉ।

ਤੁਹਾਨੂੰ ਆਪ ਖ਼ੁਦ ਜਾਗਣਾ ਪੈਣਾ ਹੈ। ਨਹੀਂ ਜਾਗੋਗੇ ਤਾਂ ਜੋ ਹਸ਼ਰ ਹੋਏਗਾ ਉਸ ਦੇ ਜਿੰਮੇਵਾਰ ਅਸੀਂ ਖ਼ੁਦ ਹੋਵਾਂਗੇ।

ਜੋ ਹੋ ਗਿਆ ਸੋ ਹੋ ਗਿਆ।

ਜਦੋਂ ਜਾਗੇ ਉਦੋਂ ਹੀ ਸਵੇਰਾ। ਸਮਾਂ ਆਪਣੀ ਚਾਲ ਚੱਲੀ ਜਾ ਰਿਹਾ ਹੈ।

ਸਮੇਂ ਨੂੰ ਸੰਭਾਲਣਾ ਸਾਡਾ ਆਪਣਾ ਕੰਮ ਹੈ। ਜਿੰਮੇਂਵਾਰੀ ਹੈ, ਫ਼ਰਜ਼ ਹੈ।)))))

** ਬੱਸ ਜੋ, ਅਨਮੱਤਾਂ, ਮੰਨਮੱਤਾਂ, ਕਰਮਕਾਂਡ, ਵਹਿਮ, ਭਰਮ, ਪਾਖੰਡ, ਅਡੰਬਰ ਦਾ ਅਗਿਆਨ ਸਾਨੂੰ ਪਿਛਲੇ 250 ਸਾਲਾਂ ਤੋਂ ਪਰੋਸਿਆ ਜਾ ਰਿਹਾ ਹੈ, ਉਸੇ ਦੇ ਅਨੁਸਾਰੀ ਸਿੱਖ ਸਮਾਜ ਚਲੀ ਜਾ ਰਿਹਾ ਹੈ। ਉਹੀ ਅਗਿਆਨਤਾ, ਅਨਮੱਤਾਂ, ਮੰਨਮੱਤਾਂ, ਕਰਮਕਾਂਡ, ਵਹਿਮ, ਭਰਮ, ਪਾਖੰਡ, ਅਡੰਬਰ।

ਸਿੱਖ ਸਮਾਜ ਆਪਣੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਵੀ ਇਹੀ ਕੁੱਝ ਦੇਈ ਜਾ ਰਿਹਾ ਹੈ।

** ਪੀੜ੍ਹੀ ਦਰ ਪੀੜ੍ਹੀ ਇਹ ਬ੍ਰਾਹਮਣੀ ਰੀਤੀ-ਰਸਮਾਂ, ਮਨਾਉਤਾਂ ਸਿੱਖ ਸਮਾਜ ਵਿੱਚ ਅੱਗੇ ਤੋਂ ਅੱਗੇ ਚੱਲੀਆਂ ਜਾ ਰਹੀਆਂ ਹਨ।

** ਸਿੱਖ ਸਮਾਜ ਨੇ ਸੀਨਾ ਬਸੀਨਾ ਚਲੀਆਂ ਆਉਂਦੀਆਂ ਬਿਪਰ/ਬ੍ਰਾਹਮਣ/ਪਾਂਡੇ/ਪੂਜਾਰੀ/ਯੋਗੀ ਦੀਆਂ ਫੋਕੀਆਂ ਕਰਮਕਾਂਡੀ ਰਸਮਾਂ, ਕੁਰੀਤੀਆਂ, ਮਨਾਉਤਾਂ ਨੂੰ ਅਪਨਾ ਲਿਆ ਹੈ।

. . ਚਲੋ! ! ਜੇ ਕਰ ਇਹਨਾਂ ਰਸਮਾਂ ਰਿਵਾਜ਼ਾਂ ਨੂੰ ਅਪਨਾ ਹੀ ਲਿਆ ਸੀ ਤਾਂ ਇਹਨਾਂ ਵਿੱਚ (ਗੁਰਮੱਤ ਅਨੁਸਾਰੀ) ਸੁਧਾਰ ਕਰਨਾ ਚਾਹੀਦਾ ਸੀ, ਜੋ ਨਹੀਂ ਕੀਤਾ ਗਿਆ, ਬਲਕਿ ਹੂਬਹੂ ਨਕਲ ਕਰਨੀ ਸੁਰੂ ਕਰ ਦਿੱਤੀ।

ਇਸੇ ਲਈ ਅੱਜ ਦਾ ਸਿੱਖ ਸਮਾਜ ਨਿਵਾਣਾਂ ਵੱਲ ਨੂੰ ਜਾਂਦਾ ਵਿਖਾਈ ਦੇ ਰਿਹਾ ਹੈ।

ਸਿੱਖ ਦੇ ਹਰ ਕੰਮ ਵਿੱਚ ਵਹਿਮ, ਭਰਮ, ਪਾਖੰਡ ਦੀ ਝਲਕ ਨਜ਼ਰ ਆਉਂਦੀ ਹੈ।

ਸਿੱਖ ਨੂੰ ਇੱਕ ਅਕਾਲ-ਪੁਰੱਖ ਵਿੱਚ ਵਿਸ਼ਵਾਸ ਹੀ ਨਹੀਂ ਰਿਹਾ।

ਅੱਜ ਸਿੱਖ ਦਰ-ਦਰ ਦਾ ਭਿਖਾਰੀ ਬਣਿਆ ਵਿਖਾਈ ਦੇ ਰਿਹਾ ਹੈ।

ਹਰ ਤਰਾਂ ਦੇ ਮੰਨਮੱਤੀ ਕਰਮਕਾਂਡ, ਮਨਾਉਤ ਕਰਦਾ ਸਿੱਖ ਵਿਖਾਈ ਦੇ ਰਿਹਾ ਹੈ।

** ਆਉ ਆਪਣੇ ਵਿਸ਼ੇ ਵੱਲ ਆਈਏ। ਸਨਾਤਨ ਮੱਤ ਵਿੱਚ ਬ੍ਰਾਹਮਣ ਮੰਨੂ ਦੇ ਅਨੁਸਾਰ ਚਾਰ ਜੁੱਗ ਹਨ।

  1. ਸਤਜੁੱਗ। ਲੋਕ 100% ਸੱਚ ਬੋਲਦੇ ਸਨ। (ਸੰਤੋਖ ਅਤੇ ਧਰਮ ਪ੍ਰਧਾਨ ਸਮਾਜ)
  2. ਤ੍ਰੇਤਾ ਜੁੱਗ। ਲੋਕਾਂ ਨੇ 30% ਝੂਠ ਬੋਲਣਾ ਸੁਰੂ ਕਰ ਦਿੱਤਾ। (ਜਤ ਅਤੇ ਜੋਰ ਪ੍ਰਧਾਨ ਸਮਾਜ)
  3. ਦੁਆਪਰ। ਲੋਕਾਂ ਨੇ 60% ਝੂਠ ਬੋਲਣਾ ਸੁਰੂ ਕਰ ਦਿੱਤਾ। (ਤਪ ਅਤੇ ਸਤ ਪ੍ਰਧਾਨ ਸਮਾਜ)
  4. ਕਲਜੁੱਗ। ਹੁਣ ਲੋਕ 100% ਝੂਠ ਬੋਲਦੇ ਹਨ। (ਅਗਨ ਅਤੇ ਕੂੜ ਪ੍ਰਧਾਨ ਸਮਾਜ)

ਸਲੋਕ ਮਹਲਾ 1॥ ਨਾਨਕ ਮੇਰੁ ਸਰੀਰ ਕਾ ਇਕੁ ਰਥੁ ਇਕੁ ਰਥਵਾਹੁ॥ ਜੁਗੁ ਜੁਗੁ ਫੇਰਿ ਵਟਾਈਅਹਿ ਗਿਆਨੀ ਬੁਝਹਿ ਤਾਹਿ॥ ਸਤਜੁਗਿ ਰਥੁ ਸੰਤੋਖ ਕਾ ਧਰਮੁ ਅਗੈ ਰਥਵਾਹੁ॥ ਤ੍ਰੇਤੈ ਰਥੁ ਜਤੈ ਕਾ ਜੋਰੁ ਅਗੈ ਰਥਵਾਹੁ॥ ਦੁਆਪੁਰਿ ਰਥ ਤਪੈ ਕਾ ਸਤੁ ਅਗੈ ਰਥਵਾਹੁ॥ ਕਲਜੁਗਿ ਰਥ ਅਗਨਿ ਕਾ ਕੂੜੁ ਅਗੈ ਰਥਵਾਹੁ॥ ਪੰ 470॥

** ਬ੍ਰਾਹਮਣ ਨੇ ਇਹਨਾਂ ਜੁੱਗਾਂ ਦੀ ਉੱਮਰ ਵੀ ਮੰਨੀ ਹੋਈ ਹੈ। ਬ੍ਰਾਹਮਣ/ਪੂਜਾਰੀ ਦੇ ਅਨੁਸਾਰੀ ਇੱਕ ਜੁੱਗ ਤਕਰੀਬਨ 2500 ਸਾਲ ਦਾ ਹੁੰਦਾ ਹੈ। ਹੁਣ ਕਲਜੁੱਗ ਆਪਣੇ ਪੂਰੇ ਜੋਬਨ ਵਿੱਚ ਹੈ। ਭਾਵ ਜਵਾਨੀ ਵਿੱਚ ਹੈ।

. . ਗੁਰਬਾਣੀ ਵਿੱਚ ਇਹਨਾਂ ਬ੍ਰਾਹਮਣੀ ਜੁੱਗਾਂ ਦਾ ਜ਼ਿਕਰ ਜਰੂਰ ਆਉਂਦਾ ਹੈ, ਜੋ ਕੇਵਲ ਵਿਸ਼ੇ ਨਾਲ ਸੰਬੰਧਤ ਵੇਰਵੇ- ਹਵਾਲੇ ਦੇ ਤੌਰ ਤੇ ਹੈ। ਗੁਰਬਾਣੀ ਨੇ ਇਹਨਾਂ ਜੁੱਗਾਂ ਵਾਲੀ ਥਿਊਰੀ ਨੂੰ ਪਰੋਮੋਟ ਨਹੀਂ ਕੀਤਾ।

. . ਜਦ ਤੋਂ ਇਸ ਸ੍ਰਿਸਟੀ ਦੀ ਰਚਨਾ/ਸਾਜਨਾ ਹੋਈ ਹੈ ਤਦ ਤੋਂ ਇਹ ਸਮਾਂ ਵੀ ਆਪਣੀ ਅਰੁੱਕ ਚਾਲ ਚੱਲੀ ਜਾ ਰਿਹਾ ਹੈ।

ਸਮੇਂ ਦੇ ਕਾਲ ਚੱਕਰ ਵਿਚ, ਬਹੁੱਤ ਕੁੱਝ ਘਟਤ ਹੋਇਆ ਹੈ। ਸਮੇਂ ਦੀ ਬੁੱਕਲ ਵਿੱਚ ਬਹੁਤ ਕੁੱਝ ਲੁੱਕਿਆ ਹੋਇਆ ਹੈ।

** ਸਵਾਲ ਬਣਦਾ ਹੈ। ਕੀ ਇਹ ਜੁੱਗ (ਸਤਜੁਗ, ਤ੍ਰੇਤਾ, ਦੁਆਪਰ, ਕਲਜੁਗ) ਬਾਹਰਮੁੱਖੀ ਮਨੁੱਖ ਦੇ ਜੀਵਨ ਅਤੇ ਕੁੱਦਰਤ ਵਿੱਚ ਵਾਪਰਦੇ ਹਨ? ? ?

. . ਨਹੀਂ! ! ਬਾਹਰਮੁੱਖੀ ਤਾਂ ਕੁੱਦਰਤ ਦੇ ਬਣੇ ਨਿਯਮਾਂ/ਵਿਧੀ-ਵਿਧਾਨਾ/ਅਸੂਲਾਂ ਦੇ ਤਹਿਤ ਹੀ ਸੱਭ ਕੁੱਝ ਵਾਪਰ ਰਿਹਾ ਹੈ, ਘਟਤ ਹੋ ਰਿਹਾ ਹੈ। ਇਸ ਵਿੱਚ ਕਿਸੇ ਮਨੁੱਖ ਜਾਂ ਕਿਸੇ ਹੋਰ ਦਾ ਕੋਈ ਹੱਥ ਹੋ ਹੀ ਨਹੀਂ ਸਕਦਾ। ਉਹੀ ਸੂਰਜ, ਉਹੀ ਚੰਦਰਮਾ, ਉਹੀ ਤਾਰੇ, ਉਹੀ ਧਰਤੀ, ਉਹੀ ਹਵਾ, ਉਹੀ ਆਕਾਸ਼ ਸੱਭ ਕੁੱਝ ਕੁੱਦਰਤੀ। ਧਰਤੀ ਉੱਪਰ ਅਨੇਕਾਂ ਕਿਸਮ ਦੇ ਜੀਵ, ਆਪਣਾ ਆਪਣਾ ਜੀਵਨ ਜਿਉਂ ਰਹੇ ਹਨ। ਸਿਵਾਏ ਮਨੁੱਖ ਦੇ ਕਿਸੇ ਹੋਰ ਜੀਵ ਉੱਪਰ ਇਹਨਾਂ ਜੁੱਗਾਂ ਦਾ ਕੋਈ ਅਸਰ ਨਹੀਂ ਹੈ। ਇਹ ਜੁੱਗ ਕੇਵਲ ਸਨਾਤਨ ਮੱਤ ਦੇ ਬ੍ਰਾਹਮਣ/ਪੂਜਾਰੀ/ਪਾਂਡੇ ਦੇ ਬਣਾਏ ਹੋਏ ਹਨ। ਬਾਹਰਲੇ ਕਿਸੇ ਵੀ ਹੋਰ ਦੇਸ਼ ਦੇ ਲੋਕ ਇਸ ਤਰਾਂ ਦੀ ਕਿਸੇ ਜੁੱਗ-ਥਿਊਰੀ ਨੂੰ ਨਹੀਂ ਮੰਨਦੇ।

. . ਇਹ ਸੱਚ ਹੈ ਕਿ ਬਾਹਰਲੇ ਦੇਸ਼ਾਂ ਦੇ ਲੋਕ ਵੀ ਸਨਾਤਨ ਮੱਤ ਵਾਂਗ ਵਹਿਮੀ, ਭਰਮੀ ਪਾਖੰਡੀ ਹਨ। ਉਹਨਾਂ ਲੋਕਾਂ ਦੇ ਆਪਣੇ ਸਭਿਆਚਾਰ ਅਤੇ ਰਹਿਣ ਦੇ ਖਿੱਤੇ ਦੇ ਅਨੁਸਾਰੀ ਵਹਿਮ, ਭਰਮ ਪਾਖੰਡ ਹਨ। ਜੀਵਨ ਜਿਉਂਣ ਦੇ ਅੱਡ ਅੱਡ ਢੰਗ ਤਰੀਕੇ, ਵਸੀਲੇ ਹਨ।

. . ਭਾਰਤ ਵਿੱਚ ਬਿਪਰ/ਬ੍ਰਾਹਮਣ/ਪਾਂਡੇ/ਪੂਜਾਰੀ/ਯੋਗੀ ਨੇ ਆਪਣੇ ਮਤਲਭ/ਮੱਤ ਦੇ ਅਨੁਸਾਰੀ ਸਮੇਂ ਦੀ ਵੰਡ ਕਰ ਦਿੱਤੀ। ਲੋਕਾਂ ਨੂੰ ਭਰਮ ਭੁਲੇਖਿਆਂ ਵਿੱਚ ਪਾ ਛੱਡਿਆ। ਆਪਣੇ ਐਸ਼ੋ ਆਰਮ, ਖਾਣ-ਪੀਣ ਦਾ ਬੰਦੋਬਸਤ ਇਸ ਬਿਪਰ/ਬ੍ਰਾਹਮਣ/ਪਾਂਡੇ/ਪੂਜਾਰੀ/ਯੋਗੀ ਨੇ ਬੜੀ ਬਾਖੂਬੀ ਨਾਲ ਕਰ ਲਿਆ ਸੀ।

ਮਨੁੱਖ ਨੂੰ ਜਨਮ ਤੋਂ ਹੀ ਅਕਾਲ ਪੁਰਖ ਵਲੋਂ ਸੁਰਤ, ਮੱਤ, ਮਨ, ਬੁੱਧ ਮਿਲੀ ਹੁੰਦੀ ਹੈ। ਸੁਰੂਆਤੀ ਮਨੁੱਖਾਂ ਨੂੰ ਜਦੋ-ਜਹਿਦ ਜਰੂਰ ਕਰਨੀ ਪਈ ਹੋਵੇਗੀ। ਸਮਾਂ ਪਾ ਕੇ ਮਨੁੱਖ ਆਪਣੇ ਤਾਜ਼ੁਰਬਿਆਂ ਤੋਂ ਬਹੁਤ ਕੁੱਝ ਸਿੱਖ ਕੇ ਤਰੱਕੀ ਕਰਦਾ ਗਿਆ। ਅੱਜ ਜੋ ਤਰੱਕੀ ਅਸੀਂ ਵੇਖ ਰਹੇ ਹਾਂ, ਇਹ ਮਨੁੱਖ ਦੀ ਆਪਣੀ ਲਗਨ, ਚਾਹਤ, ਸਿੱਦਕ-ਦਿਲੀ ਦਾ ਹੀ ਨਤੀਜਾ ਹੈ। ਅੱਜ ਮਨੁੱਖ ਚੰਦ ਤੱਕ ਪਹੁੰਚ ਗਿਆ ਹੈ। ਹਜ਼ਾਰਾਂ ਮੀਲ ਦੂਰ ਬੈਠਾ ਮਨੁੱਖ ਵੀ ਆਪਣੇ ਮੋਬਾਇਲ ਉੱਪਰ ਆਪਣਿਆਂ ਦੋਸਤਾਂ, ਮਿੱਤਰਾਂ, ਰਿਸ਼ਤੇਦਾਰਾਂ ਨਾਲ ਆਹਮਣੇ-ਸਾਹਮਣੇ ਬੈਠ ਕੇ ਗੱਲਾਂ ਕਰ ਰਿਹਾ ਹੈ।

ਇਹ ਸਾਰੀ ਤਰੱਕੀ, ਇਹ ਨਵੀਆਂ ਨਵੀਆਂ ਖੋਜਾਂ, ਇਹ ਚੰਦਰਮਾ ਉੱਪਰ ਜਾ ਕੇ ਚੰਦਰਮਾ ਦੀ ਧਰਤੀ ਉੱਪਰ ਮਨੁੱਖ ਨੇ ਆਪਣੇ ਪੈਰਾਂ ਦੀਆਂ ਪੈੜਾਂ ਕਰਨੀਆਂ, ਇਹ ਸਾਰਾ ਸੱਬ-ਕੁੱਝ ਅੱਜ ‘ਕਲਜੁੱਗ’ ਵਿੱਚ ਹੀ ਘਟਤ ਹੋ ਰਿਹਾ ਹੈ। ਬਾਹਰ ਕੁੱਦਰਤ ਉੱਪਰ ‘ਕਲਜੁੱਗ’ ਦਾ ਕੋਈ ਅਸਰ ਨਹੀਂ ਹੈ।

** ਤਾਂ ਤੇ ਫਿਰ ਇਹ ਸਵਾਲ ਖੜਾ ਹੋ ਜਾਂਦਾ ਹੈ ਕਿ ਇਹਨਾਂ ਜੁੱਗਾਂ ਦਾ ਅਸਰ ਫਿਰ ਕਿਥੇ ਹੁੰਦਾ ਹੈ? ?

** ਇਹ ਜੁੱਗ, ਸਮਾਂ, ਸੁਭਾਉ ਕਿਥੇ ਬਣਦੇ ਹਨ, ਘਟਦੇ ਹਨ?

** ਕੌਣ ਕੌਣ ਇਹਨਾਂ ਦੇ ਅਸਰ ਥੱਲੇ ਆਉਂਦਾ ਹੈ?

(ਥੱਲੇ ਆਉਣ ਵਾਲਾ ਕੇਵਲ ਉਹ ਮਨੁੱਖ ਹੈ, ਜੋ ਇਹਨਾਂ ਸਨਾਤਨੀ ਮਨੌਉਤਾਂ ਨੂੰ ਮੰਨਦਾ ਹੈ)

… ਜਿਸ ਤਰਾਂ ਆਪਾਂ ਉੱਪਰ ਵੀ ਪੜ੍ਹ ਆਏ ਹਾਂ ਕਿ ਬਾਹਰ ਕੁੱਦਰਤ ਦੇ ਵਰਤ ਰਹੇ ਵਰਤਾਰਿਆਂ ਵਿੱਚ ਕਿਸੇ ਵਲੋਂ ਕਿਸੇ ਤਰਾਂ ਦੀ ਕੋਈ ਦਖ਼ਲ-ਅੰਦਾਜ਼ੀ ਨਾ ਹੀ ਹੋ ਸਕਦੀ ਹੈ, ਨਾ ਹੀ ਚੱਲਦੀ ਹੈ। ਸਿਵਾਏ ਮਨੁੱਖ ਦੇ ਹੋਰ ਕੋਈ ਜੀਵ ਇਸ ਤਰਾਂ ਸੋਚਦਾ ਵੀ ਨਹੀਂ ਹੈ।

… ਇਹ ਕੇਵਲ ਸਨਾਤਨੀ ਮਨੁੱਖਾਂ ਵਿਚੋਂ ਬਿਪਰ/ਬ੍ਰਾਹਮਣ/ਪਾਂਡੇ/ਪੂਜਾਰੀ/ਯੋਗੀ ਦੇ ਹੀ ਮੰਨਮੱਤਾਂ ਵਾਲੇ ਕਰਮਕਾਂਡ ਹਨ। ਜਿਹਨਾਂ ਦਾ ਕੁੱਦਰਤ ਤੇ ਕੋਈ ਅਸਰ ਨਹੀਂ ਹੁੰਦਾ, ਕੇਵਲ ਇਹ ਚਾਲਾਕ ਸ਼੍ਰੇਣੀ ਆਪਣੇ ਭਾਈਚਾਰੇ ਵਾਲੇ ਅਨਪੜ੍ਹ, ਅਗਿਆਨੀ ਮਨੁੱਖਾਂ ਨੂੰ ਹੀ ਪ੍ਰਭਾਵਿੱਤ ਕਰ ਸਕਦੇ ਹਨ। ਜੋ ਇਹ ਬ੍ਰਾਹਮਣ ਪੂਜਾਰੀ ਲਾਣਾ ਲਗਾਤਾਰ ਕਰਦੇ ਜਾ ਰਹੇ ਹਨ।

… ( ( (ਇਹ ਸਤਜੁੱਗ, ਤ੍ਰੇਤੇ, ਦੁਆਪਰ ਅਤੇ ਕਲਜੁੱਗ ਦਾ ਅਸਰ ਵੀ ਕੇਵਲ ਸਨਾਤਨੀ ਮੱਤ ਦੇ ਲੋਕਾਂ ਉੱਪਰ ਹੀ ਹੁੰਦਾ ਹੈ, ਘਟਦਾ ਹੈ, ਜਾਂ ਇਹਨਾਂ ਜੁੱਗਾਂ ਨੂੰ ਮੰਨਣ ਵਾਲਿਆਂ ਉੱਪਰ ਹੋ ਸਕਦਾ ਹੈ, ਚਾਹੇ ਉਹ ਇਸ ਧਰਤੀ ਦੇ ਕਿਸੇ ਵੀ ਖਿੱਤੇ ਵਿੱਚ ਰਹਿੰਦੇ ਹੋਣ।)))

… ਹੁੰਦਾ ਕੀ ਹੈ ਜਦੋਂ ਮਨੁੱਖ ਚੰਗੀ ਸੰਗਤ ਕਰਦਾ ਹੈ।

. . ਉਹ ਸੰਗਤ ਚਾਹੇ ਕਿਸੇ ਚੰਗੇ ਸੁਲਝੇ ਹੋਏ ਮਨੁੱਖ ਦੀ ਹੈ।

. . ਚਾਹੇ ਇਹ ਸੰਗਤ ਕਿਸੇ ਚੰਗੀ ਪੁਸਤਕ/ਕਿਤਾਬ ਦੀ ਹੈ।

. . ਇਕਾਂਤ ਵਿਚੋਂ ਵੀ ਸੂਝਵਾਨ ਲੋਕ ਬਹੁਤ ਕੁੱਝ ਸਿੱਖ ਲੈਂਦੇ ਹਨ।

… ਤਾਂ ਇਹ ਚੰਗੇ ਸਤ-ਸੰਗਤੀ ਗਿਆਨ ਨਾਲ ਮਨੁੱਖ ਦੇ ਅੰਦਰ ਇੱਕ ਚਾਨਣ ਪੈਦਾ ਹੁੰਦਾ ਹੈ। "ਗਿਆਨ ਅੰਜਨੁ ਗੁਰਿ ਦੀਆ ਅਗਿਆਨ ਅੰਧੇਰ ਬਿਨਾਸੁ॥ ਹਰਿ ਕਿਰਪਾ ਤੇ ਸੰਤ ਭੇਟਿਆ ਨਾਨਕ ਮਨਿ ਪਰਗਾਸੁ॥ ਮ 5॥ 293॥

"ਬਿਨੁ ਸੰਗਤੀ ਸਭਿ ਐਸੇ ਰਹਹਿ ਜੈਸੇ ਪਸੁ ਢੋਰੁ॥ ਮ 3॥ 427॥

… ਜਦੋਂ ਮਨੁੱਖ ਚੰਗੀ ਸੰਗਤ ਕਰਕੇ ਚੰਗੇ/ਸਤ ਸੁਭਾਉ ਨੂੰ ਅਪਨਾ ਲੈਂਦਾ ਹੈ, ਭਾਵ ਆਪਣੇ ਅੰਦਰ ਚੰਗੇ ਗੁਣਾਂ ਨੂੰ ਧਾਰਨ ਕਰਕੇ ਮਨੁੱਖਾ ਜੀਵਨ ਜਿਉਂਣਾ ਸੁਰੂ ਕਰ ਦਿੰਦਾ ਹੈ, (ਚੰਗੇ ਗੁਣ ਹਨ- ਸੱਚ, ਪਿਆਰ, ਮੁਹੱਬਤ, ਸ਼ਾਂਤੀ, ਪਵਿੱਤਰਤਾ, ਨਿਮਰਤਾ, ਕੋਮਲਤਾ, ਦਇਆਲਤਾ, ਸਬਰ, ਸੰਤੋਖ, ਹਲੀਮੀ, ਨਿਰਭਉਤਾ, ਨਿਰਵਵੈਰਤਾ, ਸਾਂਝੀਵਾਲਤਾ, ਹੋਰ ਅਨੇਕਾਂ ਗੁਣ ਹਨ …) ਤਾਂ ਉਸ ਮਨੁੱਖ ਨੂੰ ਲੋਕ ‘ਸਤਜੁੱਗੀ’ ਸੁਭਾਉ ਦਾ ਮੰਨਣ ਲੱਗ ਪੈਂਦੇ ਹਨ, ਕਹਿਣ ਲੱਗ ਪੈਂਦੇ ਹਨ।

… ਅਗਰ ਕਿਸੇ ਮਨੁੱਖ ਦੀ ਸੰਗਤ ਭੈੜੇ ਮਨੁੱਖਾ, ਭੈੜੀਆਂ ਕਿਤਾਬਾਂ ਨਾਲ ਹੋ ਗਈ ਹੈ ( (ਭੈੜੇ ਮਨੁੱਖ ਕੌਣ ਹਨ- ਉਹ ਮਨੁੱਖ ਜਿਹੜੇ ਉੱਪਰ ਦਿੱਤੇ ਰੱਬੀ ਗੁਣਾਂ ਨੂੰ ਧਾਰਨ ਨਹੀਂ ਕਰਦੇ, ਬਲਕਿ ਬੇਈਮਾਨੀ, ਠੱਗੀਠੋਰੀ, ਚੋਰੀ, ਬਦਮਾਸ਼ੀ, ਮੱਕਾਰੀ, ਫਰੇਬੀ, ਝੂਠ. . ਆਪਣੇ ਹਉਂਮੈ ਹੰਕਾਰ ਵਿੱਚ ਦੂਸਰੇ ਲੋਕਾਂ ਨਾਲ ਧ੍ਰੋਹ ਕਰਨਾ, ਦਗਾ ਕਰਨਾ, ਲੁੱਟਣਾ, ਖੋਹਣਾ, ਆਪਣੇ ਲਾਲਚ ਦੀ ਖਾਤਰ ਜਾਨੋਂ ਮਾਰ ਦੇਣਾ, ਕਿਸੇ ਦੂਸਰੀ ਔਰਤ/ਬੱਚੀ ਨੂੰ ਬੇਪੱਤ ਕਰਨਾ, ਹਰ ਵਕਤ ਲੜਾਈ ਝਗੜਾ ਕਰੀ ਜਾਣਾ, ਨਸ਼ਿਆਂ ਵਿੱਚ ਗਲਤਾਨ ਰਹਿਣਾ)) … ਅਜੇਹੇ ਲੋਕਾਂ ਨੂੰ, ਮਨੁੱਖਾ ਨੂੰ, ਲੋਕ ‘ਕਲਜੁੱਗੀ’ ਸੁਭਾਉ ਦੇ ਮੰਨਣ ਲੱਗ ਜਾਂਦੇ ਹਨ।

. . {{{ਅਗਰ ਜੁੱਗ ਦਾ ਬਦਲਾਅ ਆਉਂਦਾ ਹੈ ਤਾਂ ਮਨੁੱਖ ਦੇ ਅੰਦਰ ਹੀ ਆਉਂਦਾ ਹੈ, ਨਾ ਕਿ ਬਾਹਰ ਕਿਸੇ ਜਗਹ ਆਉਂਦਾ ਹੈ।}}}

. . ਮਨੁੱਖ ਹੀ ਅੰਦਰੋਂ ਹੀ ਸਤਜੁੱਗੀ ਹੈ।

. . ਮਨੁੱਖ ਹੀ ਅੰਦਰੋਂ ਹੀ ਕਲਜੁੱਗੀ ਹੈ।

… ਗੁਰਬਾਣੀ ਪੰਕਤੀ ਵਲ ਆਈਏ। "ਕਲਜੁਗ ਮਹਿ ਕੀਰਤਨੁ ਪਰਧਾਨਾ"॥" ਕਲੇਸ ਵਾਲੇ ਸਮੇਂ/ਸੁਭਾਉ ਵਿੱਚ ਅਕਾਲ-ਪੁਰਖ ਦੀ ਕੀਰਤੀ ਕਰਨੀ ਹੀ ਪ੍ਰਮੁੱਖ ਹੈ, ਜਿਸ ਨਾਲ ਮਨ ਸ਼ਾਂਤ ਹੁੰਦਾ ਹੈ। ਕਲੇਸ਼ ਤੋਂ ਦੂਰੀ ਬਣਦੀ ਹੈ। "ਗੁਰਮੁਖਿ ਜਪੀਐ ਲਾਇ ਧਿਆਨਾ"॥ ਗੁਰਮੁੱਖ ਜਨ ਇੱਕ ਮਨ ਹੋ ਕੇ, ਧਿਆਨ ਲਾ ਕੇ ਭਾਵ ਮਨ ਕਰਕੇ ਕੀਰਤੀ ਕਰਦਾ ਹੈ। ਸਿਫਤ-ਸਾਲਾਹ ਕਰਦਾ ਹੈ, ਉਪਮਾਂ ਵਡਿਆਈ ਕਰਦਾ ਹੈ।

… ਅਗਰ! ! ਮਨੁੱਖ ਕਲਜੁੱਗ ਦੇ ਅਸਰ ਹੇਠ ਰਹਿੰਦਾ ਹੈ, ਭਾਵ ਮਨੁੱਖ ਦੇ ਅੰਦਰ ਕਲਹ-ਕਲੇਸ਼ ਵਾਲਾ ਸੁਭਾਉ ਹੈ, ਭਾਵ ਕਲਹ-ਕਲੇਸ਼ ਕਰਨ ਵਾਲੀਆਂ ਆਦਤਾਂ ਹਨ। (ਹਰ ਕਿਸਮ ਦਾ ਨਸ਼ਾ ਕਲਹ-ਕਲੇਸ਼ ਦੀ ਜੜ੍ਹ ਹੈ।)

ਜਾਂ

ਕਿਸੇ ਮਨੁੱਖ ਨੂੰ ਕਲਹ ਕਲੇਸ਼ ਨਾਲ ਵਾਹ ਵਾਸਤਾ ਪੈ ਗਿਆ ਹੈ।

ਤਾਂ ਅਕਾਲ-ਪੁਰਖ ਦੀ ਕੀਰਤੀ, ਕੀਰਤਨ, ਉਸਤਤਿ, ਵਡਿਆਈ, ਮਹਿਮਾ ਕਰਨ ਨਾਲ ‘ਮਨ’ ਨੂੰ ਮੋੜਾ ਪੈਂਦਾ ਹੈ।

ਭਾਵ ਮਨ ਦੇ ਵੇਗ਼ ਦਾ ਰਸਤਾ ਬਦਲ ਜਾਂਦਾ ਹੈ।

ਕ੍ਰੋਧ ਠੰਡਾ ਹੋ ਜਾਂਦਾ ਹੈ।

ਮਨ ਨੂੰ/ਦੇ ਆਪਣੀ ਨਾਰਮਲ ਹਾਲਤ ਵਿੱਚ ਆਉਣ ਨਾਲ ਸਾਰੀ ਸਥਿਤੀ ਸਾਫ਼ ਸਾਫ਼ ਨਜ਼ਰ ਆਉਣ ਲੱਗ ਜਾਂਦੀ ਹੈ।

ਮਨੁੱਖ ਆਪਣੇ ਕੀਤੇ ਦਾ ਪਛਤਾਵਾ ਕਰਦਾ ਹੈ।

ਮੁਆਫ਼ੀਆਂ ਮੰਗਦਾ ਹੈ। ਗਲਤੀਆਂ ਮੰਨਦਾ ਹੈ।

ਅੱਗੇ ਤੋਂ ਇਸ ਤਰਾਂ ਨਾ ਕਰਨ ਦੇ ਵਾਅਦੇ ਵੀ ਕਰਦਾ ਹੈ।

… ਇਹਨਾਂ ਉੱਪਰਲੇ ਸਾਰੇ ਹਾਲਾਤਾਂ ਦੇ ਬਦਲਾਅ ਦਾ ਕਾਰਨ ਹੈ:

. . ਅਕਾਲ-ਪੁਰਖ ਦੀ ਕੀਰਤੀ, ਕੀਰਤਨ, ਸਿਫ਼ਤ-ਸਾਲਾਹ, ਉਸਤਤਿ, ਵਡਿਆਈ, ਮਹਿਮਾ, ਉਪਮਾਂ।

*** ਪਰ ਅਫ਼ਸੋਸ! ! ਸਾਡੇ ਸਿੱਖ ਸਮਾਜ ਵਿੱਚ ‘ਗੁਰਬਾਣੀ’ ਦੇ ਅਰਥਾਂ ਦੇ ਅਨਰਥ ਹੋਣ ਕਰਕੇ ਅਸੀਂ ਗੁਰਬਾਣੀ ਦੇ ਪਾਠ ਭੇਦਾਂ ਨੂੰ ਨਹੀਂ ਸਮਝ ਸਕੇ।

ਡੇਰੇਦਾਰਾਂ, ਨਿਰਮਲੇ ਸਾਧਾਂ, ਹੋਰ ਸੰਪਰਦਾਈ ਸੰਪਰਦਾਵਾਂ ਨੇ ਜਿਹਨਾਂ ਜਿਹਨਾਂ ਨੇ ਗੁਰਬਾਣੀ ਦੇ ਟੀਕੇ ਕੀਤੇ, ਉਹਨਾਂ ਸਾਰਿਆਂ ਨੇ ਗੁਰਬਾਣੀ ਅਰਥਾਂ ਨੂੰ ਸਨਾਤਨੀ ਰੰਗਤ ਦੇ ਦਿੱਤੀ। ਸਨਾਤਨੀ ਰੰਗਤ ਦੇਣ ਦੀ ਚਾਹਤ ਵਿੱਚ ਹੀ ਗੁਰਬਾਣੀ ਅਰਥਾਂ ਦੇ ਅਨਰਥ ਕੀਤੇ ਗਏ ਹਨ।

. . ਇਸ ਪੰਕਤੀ। "ਕਲਜੁਗ ਮਹਿ ਕੀਰਤਨੁ ਪਰਧਾਨਾ" ਦੇ ਭਾਵ ਅਰਥਾਂ ਨੂੰ ਨਾ ਸਮਝਕੇ ਅਸੀਂ ਆਪਣੀ ਮੱਤ ਦੇ ਅਨੁਸਾਰੀ ਕੀਰਤਨ ਕਰਨਾ ਸੁਰੂ ਕਰ ਦਿੱਤਾ। ਇਹ ਸਮਝ ਲਿਆ ਕਿ ‘ਕਲਜੁੱਗ’ ਵਿੱਚ ਕੇਵਲ ਕੀਰਤਨ ਹੀ ਪਰਧਾਨ ਹੈ। ਸੋ ਸਿੱਖ ਸਮਾਜ ਦਾ ਸਾਰਾ ਜੋਰ ਕੀਰਤਨ ਕਰਨ ਕਰਾਉਣ ਵੱਲ ਹੀ ਲੱਗਾ ਹੋਇਆ ਹੈ।

{{{ਮੈਂ ਕੀਰਤਨ ਕਰਨ ਕਰਾਉਣ ਦੇ ਵਿਰੋਧ ਵਿੱਚ ਨਹੀਂ, ਬਲਕਿ ਕੀਰਤਨ ਦੇ ਨਾਲ ਨਾਲ ਕੀਰਤਨ ਕੀਤੇ ਜਾ ਰਹੇ ਸਬਦ ਦੀ ਕਥਾ-ਵਿਚਾਰ ਜਰੂਰੀ ਹੈ। "ਸਿਖੀ ਸਿਖਿਆ ਗੁਰ ਵੀਚਾਰਿ"। ਜਿਹੜੀਆਂ ਸਿੱਖ ਸੰਗਤਾਂ ਗੁਰਬਾਣੀ ਬਾਰੇ ਗੂੜ ਗਿਆਨ ਨਹੀਂ ਰੱਖਦੀਆਂ, ਉਹਨਾਂ ਨੂੰ ਕੀਰਤਨ ਵਿਚੋਂ ਕੇਵਲ ਕੰਨ-ਰਸ ਹੀ ਮਿਲਦਾ ਹੈ, ਸਾਰੇ ਸਬਦ ਦਾ ਸਾਰ ਭਾਵ ਤਾਂ ਉਹਨਾਂ ਦੇ ਪੱਲੇ ਹੀ ਨਹੀਂ ਪੈਂਦਾ। ਕਿਉਂਕਿ ਸਬਦ ਦਾ ਸਾਰ ਭਾਵ ਤਾਂ ਸੰਗਤ ਨੂੰ ਬਾਣੀ ਦੇ ਪ੍ਰਮਾਣਾਂ, ਹੋਰ ਵੇਰਵੇ, ਹਵਾਲੇ, ਉਦਾਹਰਨਾ ਦੇ ਕੇ ਹੀ ਸਮਝਾਇਆ ਜਾ ਸਕਦਾ ਹੈ।}}}

"ਸਤਿਗੁਰ ਨੋ ਸਭੁ ਕੋ ਵੇਖਦਾ ਜੇਤਾ ਜਗਤੁ ਸੰਸਾਰੁ॥

ਡਿਠੈ ਮੁਕਤਿ ਨ ਹੋਵਈ ਜਿਚਰੁ ਸਬਦਿ ਨ ਕਰੇ ਵੀਚਾਰੁ॥ ਮ 3॥ 594॥

… ਅੱਜ ਸਾਰਾ ਸਿੱਖ ਜਗਤ ਇਸੇ ‘ਕੀਰਤਨ’ ਕਰਨ-ਕਰਾਉਣ ਨੂੰ ਆਪਣੇ ਮਨੁੱਖਾ ਜੀਵਨ ਦਾ ਮੁੱਖ ਮਕਸਦ ਸਮਝੀ ਬੈਠਾ ਹੈ। ਤਾਂ ਹੀ ਤਾ ਸਾਰੇ ਸੰਸਾਰ ਭਰ ਵਿੱਚ ਜਿਥੇ ਜਿਥੇ ਵੀ ਕੋਈ ਦੋ-ਚਾਰ ਸਿੱਖ ਪ੍ਰੀਵਾਰ ਬੈਠੇ ਹਨ ਜਾਂ ਰਹਿ ਰਹੇ ਹਨ, ਉਹਨਾਂ ਦੀ ਪ੍ਰਮੁੱਖਤਾ ਕੇਵਲ ਕੀਰਤਨ ਕਰਨ-ਕਰਾਉਣ ਤੱਕ ਹੀ ਸੀਮਿੱਤ ਹੁੰਦੀ ਹੈ।

… ਇਸੇ ਲਈ ਅੱਜ ਸਿੱਖ ਜਗਤ ਵਿੱਚ ਗੁਰਬਾਣੀ ਪ੍ਰਤੀ ਉਦਾਸੀਨਤਾ ਬੜੀ ਸਾਫ਼ ਵਿਖਾਈ ਦੇ ਰਹੀ ਹੈ, ਵਿਖਾਈ ਦਿੰਦੀ ਹੈ। ਕਿਉਂਕਿ ‘ਗੁਰਬਾਣੀ’ ਦੇ ਪਾਠ ਭੇਦਾਂ ਬਾਰੇ ਜਾਣਕਾਰੀ ਨਾ ਹੋਣ ਕਰਕੇ ਕੇਵਲ ਗੁਰਬਾਣੀ ਕੀਰਤਨ ਨਾਲ ਉਹਨਾਂ ਨੂੰ ਕੁੱਝ ਵੀ ਸਮਝ ਨਹੀਂ ਆਉਂਦਾ।

. . ਇਸ ਉਦਾਸੀਨਤਾ ਪਿਛੇ ਦੂਜਾ ਵੱਡਾ ਕਾਰਨ ਹੈ ਡੇਰੇਵਾਦ, ਵਿੱਹਲੜ ਬਾਬਿਆਂ ਨੇ ਲੋਕਾਂ ਨੂੰ ਡਰਾ ਦਿੱਤਾ ਕਿ ‘ਸਬਦ ਗੁਰੂ’ ਨੂੰ ਜੂਠੇ ਗੰਦੇ-ਮੰਦੇ ਹੱਥ ਨਹੀਂ ਲਗਾਨਾ, ਨਹੀਂ ਤਾਂ ਪਾਪ ਲੱਗੇਗਾ। ਤੁਹਾਡੀਆਂ ਸੱਤ ਪੁਸ਼ਤਾਂ ਇਸ ਪਾਪ ਦੀਆਂ ਭਾਗੀਦਾਰ ਹੋਣਗੀਆਂ।

. . ਤੀਜਾ ਕਾਰਨ ਹੈ। ਲੋਕਾਂ ਵਿੱਚ ਅਨਪੜ੍ਹਤਾ, ਅਗਿਆਨਤਾ। ਲੋਕ ਆਪ ਬਾਣੀ ਪੜ੍ਹਨ ਨੂੰ ਬਹੁਤ ਜਿਆਦਾ ਮੁਸ਼ਕਲ ਕੰਮ ਮੰਨਦੇ ਹਨ। ਕੁੱਝ ਬਾਬਿਆਂ ਦੇ ਡਰਾਉਣ ਕਰਕੇ ਲੋਕਾਂ ਨੇ ਇਹ ਗੁਰਬਾਣੀ ਪੜ੍ਹਨ-ਪੜਾਹੁਣ ਵਾਲਾ ਕੰਮ ਵਿਹਲੜ ਬਾਬਿਆਂ ਨੂੰ ਹੀ ਦੇ ਦਿੱਤਾ।

… ਵਿਹਲੜ ਅਨਪੜ੍ਹ ਬਾਬਿਆਂ ਨੇ ਜੋ ਆਪ ਅਕਲੋਂ ਖਾਲੀ ਸਨ, ਉਹਨਾਂ ਨੇ ਕਦੋਂ ਗੁਰਬਾਣੀ ਦੇ ਸਹੀ ਅਰਥ ਕਰ ਕੇ ਦੱਸਣੇ ਸਨ? ? ?

. . ਉਹਨਾਂ ਨੇ ਤਾਂ ਸੁਣੀਆਂ ਸੁਣਾਈਆਂ ਕਥਾਂ ਕਹਾਣੀਆਂ ਸਾਖੀਆਂ ਸੁਣਾ ਸੁਣਾ ਕੇ ਲੋਕਾਂ ਨੂੰ ਗੁਮਰਾਹ ਕਰ ਛੱਡਿਆ ਹੈ।

. . ਆਪ ਵੀ ਉਹ ਕਿਹੜਾ ਸ਼ੁਧ ਗੁਰਬਾਣੀ ਪੜ੍ਹਦੇ ਹੋਣਗੇ? ? ਉਹ ਤਾਂ ਕੇਵਲ ਚੁੱਪ-ਗੜੁੱਪ ਪਾਂਠਾਂ ਦੇ ਮਾਹਰ ਹਨ।

… ਬਾਣੀ ਸੁਨਾਉਣ ਵਾਲਾ ਜਦੋਂ ਅਗਿਆਨੀ, ਅਨਪੜ੍ਹ ਹੈ ਅਤੇ ਅੱਗੇ ਸੁਨਣ ਵਾਲਾ ਵੀ ਅਨਪੜ੍ਹ ਅਗਿਆਨੀ ਹੈ ਤਾਂ ‘ਗੁਰਬਾਣੀ" ਗੁਰਮੱਤ ਗਿਆਨ-ਵਿਚਾਰ ਕੌਣ ਦੇਵੇਗਾ ਅਤੇ ਕਿਸ ਦੇ ਪੱਲੇ ਪਵੇਗਾ? ? ?

*** ਸਿੱਖ ਸਮਾਜ ਵਿੱਚ ਚੱਲਦੇ ਕੀਰਤਨ ਸਮਾਗਮਾਂ ਕਰਕੇ ਅੱਜਕੱਲ ਸਿੱਖ ਸਮਾਜ ਵਿੱਚ ਰਾਗੀ ਜੱਥਿਆਂ ਦੀ ਭਰਮਾਰ ਹੋ ਗਈ ਹੈ। ਮਸ਼ਹੂਰ ਰਾਗੀਆਂ ਦੇ ਕੀਰਤਨ ਕਰਾਉਣ ਦੇ ਰੇਟ ਵੀ ਲੱਖਾਂ ਰੁਪਏ ਵਿੱਚ ਹਨ। ਤਿੰਨਾਂ ਬੰਦਿਆਂ ਦਾ ਆਪਣਾ ਜੱਥਾ ਬਣਾਉ, ਵਾਜ਼ਾ, ਤਬਲਾ ਲਉ, ਇੱਕ ਆਧ ਸੀਡੀ ਕਢਵਾ ਦਿਉ। ਫਿਰ ਬਾਹਰ ਦੇ ਵੀਜ਼ੇ ਲਗਵਾਉਣ ਲਈ ਬਾਹਰ ਰਹਿ ਰਹੇ ਲੋਕਾਂ ਦੀਆਂ ਮਿੰਨਤਾਂ ਤਰਲੇ ਸੁਰੂ, ਕਿ ਸਾਡੇ ਜੱਥੇ ਵਾਸਤੇ ਸਪਾਊਂਸਰ ਭੇਜੋ। ਕਿਉਂਕਿ ਬਹੁਤੇ ਲੋਕਾਂ ਦਾ ਇਹ ਧੰਧਾ ਬਣ ਗਿਆ ਹੈ। ਕਮਾਈ ਦਾ ਸਾਧਨ ਹੈ। ਇਹਨਾਂ ਲੋਕਾਂ ਦਾ ਮਕਸਦ ਕੋਈ ਗੁਰਮੱਤ ਦਾ ਪ੍ਰਚਾਰ-ਪ੍ਰਸਾਰ ਕਰਨਾ ਨਹੀਂ ਹੁੰਦਾ, ਬਲਕਿ "ਰੋਟੀਆ ਕਾਰਣਿ ਪੂਰਹਿ ਤਾਲ" ਹੈ॥ ਮ1॥ 465॥ ।

*** ਅੱਜ ਦਾ ਸਿੱਖ ਸਮਾਜ ‘ਗੁਰਬਾਣੀ’ ਨੂੰ ਸਮਝਣ ਦੀ ਬਜਾਏ ‘ਗੁਰਬਾਣੀ’ ਨੂੰ ਪੂਜਣ ਵਾਲੇ ਪਾਸੇ ਜਿਆਦਾ ਤਰਜ਼ੀਹ ਦੇ ਰਿਹਾ ਹੈ। ਕਿਉਂਕਿ ਸਿੱਖ ਸਮਾਜ ਨੇ ਆਪਣੀਆਂ ਮਨੋਉਤਾਂ ਹੀ ਇਸ ਪ੍ਰਕਾਰ ਦੀਆਂ ਬਣਾ ਲਈਆਂ ਹਨ ਕਿ ਪੂਰੇ ਸਿੱਖ ਸਮਾਜ ਵਿੱਚ ਸਿੱਖ ‘ਗੁਰਮੱਤ ਗਿਆਨ-ਵਿਚਾਰ’ ਦੇ ਅਨੁਸਾਰੀ ਨਾ ਹੋ ਕੇ ਕੇਵਲ ਮਨੋਉਤਾਂ ਨੂੰ ਆਧਾਰ ਮੰਨਕੇ ਜੀਵਨ ਬਸਰ ਕਰ ਰਹੇ ਹਨ।

** ਆਪ ‘ਗੁਰਬਾਣੀ’ ਪੜ੍ਹਕੇ, ਸੁਣਕੇ, ਮੰਨਕੇ, ਵਿਚਾਰਕੇ ਆਪਣੇ ਜੀਵਨ ਵਿੱਚ ਲਾਗੂ ਕਰਨ ਵਾਲੇ ਪਾਸੇ ਨੂੰ ਤਰਜ਼ੀਹ ਨਹੀਂ ਦੇ ਰਹੇ।

… ਇਸਦੇ ਕਾਰਨ ਹਨ;

ਅਨਪੜ੍ਹਤਾ, ਅਗਿਆਨਤਾ, ਸਾਡਾ ਪ੍ਰੀਵਾਰਕ ਪਿਛੌਕੜ, ਸਾਨੂੰ ਮਿਲੇ ਸੰਸਕਾਰ,

ਸਾਡੀ ਸੰਗਤ, ਸਾਡੀ ਅਣਗਹਿਲੀ/ਲਾਪਰਵਰਵਾਹੀ, ਸਾਡਾ ਅਵੇਸਾਪਣ,

ਸਾਡਾ ਗੁਰਬਾਣੀ ਗਿਆਨ ਵਿਚਾਰ ਲੈਣ ਪ੍ਰਤੀ ਪਿਆਰ ਨਾ ਹੋਣਾ।

ਅਸੀਂ ਲੋਕ ਸ਼ਰਧਾਵਾਨ ਤਾਂ ਬਹੁਤ ਹਾਂ, ਪਰ ਸਾਡੀ ਸ਼ਰਧਾ ਅੰਨੀ ਹੈ।

ਕਿਉਂਕਿ ਅਸੀਂ ਆਪ ਅਗਿਆਨੀ ਹਾਂ। ਗਿਆਨ ਵਿਚਾਰ ਤੋਂ ਹੀਣੇ ਹਾਂ, ਅੰਧੇ ਹਾਂ।

ਗੁਰਦੁਆਰੇ ਵਿੱਚ ਤਾਂ ਸਾਡੀ ਅੰਨੀ ਸ਼ਰਧਾ ਕਰਕੇ ਅਸੀਂ ਲੋਕ ਦੁੱਧ, ਪਨੀਰ, ਖੰਡ, ਘਿਉ, ਆਟੇ, ਦਾਲਾਂ, ਮਿਰਚ-ਮਸਾਲਿਆਂ, ਮਠਿਆਈਆਂ ਦੇ ਤਾਂ ਢੇਰ ਲਾ ਦਿੰਦੇ ਹਾਂ।

ਪਰ! ! ! ਉਥੋਂ ਗਿਆਨ ਵਿਚਾਰ ਦਾ ਪ੍ਰਸਾਦ ਲੈਣ ਦੀ ਬਜਾਏ ਕੇਵਲ ਦੇਗ਼ ਅਤੇ ਲੰਗਰ ਛੱਕ ਕੇ ਵਾਪਸ ਆ ਜਾਂਦੇ ਹਾਂ।

ਕੀ ਇਹੀ ਕੰਮ ਸਾਡੀ ਕੌਮ ਸਦੀਆਂ ਤੋਂ ਨਹੀਂ ਕਰੀ ਜਾ ਰਹੀ? ? ?

ਅੱਗੇ ਅਸੀਂ ਆਪਣੇ ਬੱਚਿਆਂ ਨੂੰ ਕੀ ਸੇਧ ਦੇ ਰਹੇ ਹਾਂ? ?

ਦੁਨੀਆਂ ਕਿਥੋਂ ਦੀ ਕਿਥੇ ਪਹੁੰਚ ਗਈ। ਅੱਜ ਹਰ ਫੀਲਡ ਵਿੱਚ ਕੰਮਪੀਟੀਸ਼ਨ ਹੈ। ਸਾਡੇ ਬੱਚਿਆਂ ਨੂੰ ਚੰਗੇ ਧਾਰਮਿੱਕ ਸੰਸਕਾਰਾਂ ਦੇ ਨਾਲ ਨਾਲ ਦੁਨੀਆਂ ਦੇ ਮੁਕਾਬਲੇ ਦੀ ਸਿੱਖਿਆ ਸਖਾਉਣ ਦੀ ਲੋੜ ਹੈ।

ਗੁਰਦੁਆਰੇ ਸਾਡੇ ਪਾਠਸ਼ਾਲਾਵਾਂ ਸਨ।

ਇਥੋਂ ਅਸੀਂ ਸਦਾਚਾਰੀ ਗੁਣਾਂ ਦੇ ਨਾਲ ਨਾਲ ਸਮਾਜਿੱਕ ਅਤੇ ਪ੍ਰਵਾਰਿਕ ਜਿੰਮੇਂਵਾਰੀਆਂ ਨਿਭਾਉਣ ਦੇ ਤੌਰ ਤਰੀਕੇ ਅਤੇ ਗੁਣ ਲੈਣੇ ਸਨ।

ਆਪਣੇ ਜੀਵਨ ਵਿੱਚ ਇੱਕ ਚੰਗੇ ਮਨੁੱਖ ਬਨਣ ਦੀ ਸਿੱਖਿਆ ਲੈਣੀ ਸੀ।

ਪਰ ਇਹ ਸਾਡੇ ਗੁਰਦੁਆਰੇ ਅੱਜ ਕੱਲ ਦੁਕਾਨ-ਦਾਰੀਆਂ ਬਣ ਕੇ ਰਹਿ ਗਏ ਹਨ। ਕੇਵਲ ਪੈਸੇ ਇਕੱਠੇ ਕਰਨ ਲਈ ਗੁਰਦੁਆਰਾ ਕਮੇਟੀਆਂ ਧਾਰਮਿੱਕਤਾ ਦਾ ਢੌਂਗ ਕਰਦੀਆਂ ਹਨ। ਅਸੀਂ ਵੀ ਇਸ ਪਰੋਸਿਸ ਦਾ ਹਿੱਸਾ ਹਾਂ।

ਅੰਦਰੋਂ ਅਸੀਂ ਧਰਮੀਂ ਨਹੀਂ ਹੁੰਦੇ, ਬਾਹਰੋਂ ਅਸੀਂ ਧਰਮੀ ਹੋਣ ਦਾ ਦਾਅਵਾ ਕਰਦੇ ਹਾਂ, ਵਿਖਾਉਂਦੇ ਹਾਂ, ਕਿ ਮੈਂ ਵੱਡਾ ਧਰਮੀ ਹਾਂ।

** ਕਾਸ਼! ! ਉੱਮਰ ਦਰਾਜ਼ ਪੀੜ੍ਹੀ ਵਾਲੇ ਵੀਰ-ਭੈਣਾਂ ਗੁਰਮੱਤ ਅਨੁਸਾਰੀ ਆਪਣੇ ਵਿੱਚ ਬਦਲਾਅ ਲੈ ਆਉਣ ਤਾਂ ਘਰ ਪਰੀਵਾਰ ਵਿੱਚ ਛੋਟੇ ਬੱਚਿਆਂ ਤੇ ਵੀ ਇਸਦਾ ਅਸਰ ਪਵੇਗਾ। ਨੌਜਵਾਨ ਪੀੜ੍ਹੀ ਵੀ ਆਪਣੇ ਆਪ ਵਿੱਚ ਗੁਰਮੱਤ ਅਨੁਸਾਰੀ ਬਦਲਾਅ ਲਿਆ ਕੇ ਆਪਣੇ ਬੱਚਿਆਂ ਦਾ ਪਾਲਣ ਪੋਸ਼ਣ ਕਰਨ। ਅਗਰ ਬੱਚਿਆਂ ਨੂੰ ਸਹੀ ਗੁਰਮੱਤ ਅਨੁਸਾਰੀ ਸੰਸਕਾਰ ਦਿੱਤੇ ਜਾਣ ਤਾਂ ਉਹ ਕਦੇ ਵਹਿਮਾਂ ਭਰਮਾਂ ਪਾਖੰਡਾਂ ਕਰਮਕਾਂਡਾਂ ਅਡੰਬਰਾਂ ਵਾਲੇ ਪਾਸੇ ਨਹੀਂ ਜਾਣਗੇ।

**** ਆਪਣੇ ਆਪ ਨੂੰ ਸਾਤਵਿੱਕ ਗੁਣਾਂ ਨਾਲ ਸ਼ਾਰ ਸ਼ਾਰ ਕਰੋ ਤਾਂ ਕਲਜੁੱਗ ਵਾਲਾ ਪ੍ਰਭਾਵ ਨੇੜੇ ਨਹੀਂ ਆਵੇਗਾ।

*** ਅਗਰ ਤੁਸੀਂ ਕਲੁਜੁਗ ਵਾਲਾ ਭਾਵ ਮਹਿਸੂਸ ਕਰੋ ਤਾਂ ਰੱਬ ਦੀ ਕੀਰਤੀ, ਕੀਰਤਨ, ਵਡਿਆਈ, ਸਿਫਤ ਸਾਲਾਹ, ਉਸਤਤਿ, ਉਪਮਾਂ ਵਾਲੇ ਭਾਵ ਪੈਦਾ ਕਰਨਾ ਸੁਰੂ ਕਰੋ।

ਅਕਾਲ ਪੁਰਖ ਦੀ ਸੱਚੀ ਕੀਰਤੀ, ਕੀਰਤਨ ਤਾਂ ਉਸਦੇ ਰੱਬੀ ਗੁਣਾਂ ਨੂੰ ਧਾਰਨ ਕਰਕੇ ਵੈਸਾ ਮਨੁੱਖਾ ਜੀਵਨ ਜਿਉਂਣਾ ਹੈ। ਇਹ ਕੀਰਤੀ ਕੀਰਤਨ ਅਸੀਂ ਹਰ ਪਲ, ਹਰ ਵਕਤ, ਹਰ ਰੋਜ਼, ਹਰ ਦਿਨ ਕਰ ਸਕਦੇ ਹਾਂ। ਬੱਸ ਗੁਰਮੱਤ ਗਿਆਨ ਵਿਚਾਰ ਸਾਡੇ ਜੀਵਨ ਦਾ ਆਧਾਰ ਬਣ ਜਾਏ। ਰੱਬ ਕਿਤੇ ਦੂਰ ਨਹੀਂ ਬਲਕਿ ਤੁਹਾਡੇ ਅੰਦਰ ਹੀ ਹੈ, ਬਾਹਰ ਮੰਦਿਰ ਮਸਜਦਾਂ ਗੁਰਦੁਆਰਿਆਂ ਵਿੱਚ ਨਹੀਂ ਬੈਠਾ। ਸੋ ਸਚੇ ਮਨੁੱਖ ਬਣ ਕੇ ਮਨੁੱਖਤਾ ਦੀ ਸੇਵਾ ਹੀ ‘ਰੱਬ’ ਦੀ ਕਿਰਪਾ ਦੇ ਪਾਤਰ ਬਨਣਾ ਹੈ। ਸਿਰਫ ਲੋੜ ਹੈ ਬਦਲਾਅ ਦੀ।

ਇਹ ਬਦਲਾਅ ਤੁਹਾਨੂੰ ਆਪਣੇ ਵਿੱਚ ਲੈ ਆਉਂਣਾ ਹੋਵੇਗਾ। ਵਰਨਾ ਤਾਂ ਸਭ ਕੁੱਝ ਚਲੀ ਜਾ ਰਿਹਾ ਹੈ, ਇਸੇ ਤਰਾਂ ਚੱਲੀ ਜਾਵੇਗਾ, ਚੱਲਦਾ ਰਹੇਗਾ।

ਅਕਾਲ-ਪੁਰਖ ਜੀ ਦੀ ‘ਕਿਰਪਾ’ ਵੀ ਤਾਂ ਹਰ ਪਲ ਹੋ ਰਹੀ ਹੈ। ਆਪ ਜੀ ਤੇ ਵੀ ਹੋ ਰਹੀ ਹੈ, ਮੇਰੇ ਉੱਪਰ ਵੀ ਹੋ ਰਹੀ ਹੈ। ਇਸ ਕਿਰਪਾ ਨੂੰ ਪਕੜ ਕਰਨ ਦੀ ਜਾਚ ਸਾਨੂੰ ਆ ਜਾਵੇ। ਜਾਚ ਸਿੱਖ ਲਈਏ ਜੀ।

ਇਹੀ ਬਦਲਾਅ ਹੈ।

ਇਹੀ ਸਿੱਖੀ ਜੀਵਨ ਜਿਉਂਣਾ ਹੈ।

ਇਹੀ ਸਿੱਖੀ ਕਮਾਉਂਣਾ ਹੈ।

ਇਹੀ ਕੀਰਤਨ ਗਉਂਣਾ ਹੈ।

** ਕਲਜੁਗ ਬਾਹਰ ਕਿਤੇ ਵੀ ਨਹੀਂ ਹੈ।

** ਇਹ ‘ਕਲ+ਜੁਗ’ ਭਾਵ ਕਲਹ-ਕਲੇਸ਼ ਵਾਲਾ ਸਮਾਂ-ਸੁਭਾਉ ਮਨੁੱਖ ਆਪ ਹੀ ਪੈਦਾ ਕਰਦਾ ਹੈ, ਬਣਾਉਂਦਾ ਹੈ। ਆਪਣੇ ਆਪ ਵਿੱਚ ਕੀਰਤੀ ਵਾਲਾ ਸੁਭਾਉ ਬਣਾ ਕੇ ਅਕਾਲ-ਪੁਰਖ ਦੀ ਕੀਰਤੀ ਕਰਨਾ ਹੀ ਕੀਰਤਨ ਹੈ।

** ਭਾਵ ਹਮੇਂਸ਼ਾ ‘ਬੀ ਪੌਜ਼ੇਟਿਵ’ ‘ਥਿੰਕ ਪੌਜ਼ੇਟਿਵ’ ਭਾਵ ‘ਸਾਤਵਿਕਤਾ’ ਵਾਲੇ ਭਾਵ ਰੱਖਣਾ ਹੀ ਅਕਾਲ-ਪਰਖ ਦੀ ਕੀਰਤੀ ਗਉਂਣਾ ਹੈ।

. . ਹਰ ਇਨਸਾਨ ਆਜ਼ਾਦ ਹੈ। ਆਪਣੀ ਮਰਜ਼ੀ ਦਾ ਮਾਲਿਕ ਹੈ। ਆਜ਼ਾਦ ਫੈਸਲੇ ਲੈਕੇ ਆਪਣੀ ਜਿੰਦਗੀ ਜਿਉਂ ਸਕਦਾ ਹੈ। ( ( (ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰਿ))) ਮ1॥ ਪੰਨਾ 8॥

ਬਹੁਤ ਬਹੁਤ ਧੰਨਵਾਧ।

ਇੰਜ ਦਰਸਨ ਸਿੰਘ ਖਾਲਸਾ

ਅਸਟਰੇਲੀਆ (15 ਜੂਨ 2018)




.