.

ਬਾਹਰਿ ਦਿਸੈ ਚਾਨਣਾ ਦਿਲਿ ਅੰਧਿਆਰੀ ਰਾਤਿ ॥

ਗੌਰ ਨਾਲ ਵੇਖਿਆ ਜਾਵੇ ਤਾਂ ਮਨੁੱਖ ਇੱਕ ਸੋਚ ਦਾ ਹੀ ਮੁਜੱਸਮਾ ਹੈ। ਮਨੁਖੀ ਸਰੀਰ ਨਾਲ ਸੋਚ ਵੀ ਵਿਕਸਤ ਹੁੰਦੀ ਹੈ ਤੇ ਇਹੀ, ਚੰਗੀ ਸੋਚ ਉਸ ਨੂੰ ਦੇਵਤਾ ਬਣਾ ਸਕਦੀ ਹੈ, ਤੇ ਮੰਦੀ ਸੋਚ ਉਸ ਨੂੰ ਪਸੂ ਵੀ ਬਣਾ ਸਕਦੀ ਹੈ। ਸੱਚੀ ਸੋਚ ਹੀ ਠੱਗਾਂ ਨੂੰ ਸੱਜਣ ਬਣਾ ਦਿੰਦੀ ਹੈ, ਚੋਰਾਂ ਡਾਕੂਆਂ ਤੇ ਲੁਟੇਰਿਆਂ ਨੂੰ ਸੰਤ ਬਣਾ ਸਕਦੀ ਹੈ ਤੇ ਮੰਦੀ ਸੋਚ ਸੰਤ ਨੂੰ ਬਲਾਤਕਾਰੀ ਬਣਾ ਦਿੰਦੀ ਹੈ, ਅਖੌਤੀ ਗਿਅਨੀਆਂ ਧਿਆਨੀਆਂ ਨੂੰ ਦੁਸ਼ਕਰਮੀ ਬਣਾ ਸਕਦੀ ਹੈ। ਸੋਚ ਚਲੀ ਜਾਏ ਤਾਂ ਮਨੁੱਖ ਨੂੰ ਪਾਗਲ ਕਰਾਰ ਦੇ ਕੇ ਪਾਗਲਖਾਨੇ ਦਾਖਲ ਕੀਤਾ ਜਾਂਦਾ ਹੈ। ਸੋਚ ਬਿਨਾ ਮਨੁੱਖ ਨੂੰ ਨਿਕੰਮਾਂ ਮਨਿਆ ਜਾਂਦਾ ਹੈ। ਮਨੁੱਖ ਦੀ ਅਸਲੀਅਤ ਨੂੰ ਜਾਨਣਾ ਹੋਵੇ ਤਾਂ ਉਸ ਦੀ ਸੋਚ ਤੋਂ ਹੀ ਜਾਣਿਆ ਜਾ ਸਕਦਾ ਹੈ ਪਰ ਮੁਸ਼ਕਿਲ ਇਹ ਹੈ ਕਿ ਸੋਚ ਦਿਸਦੀ ਨਹੀ ਤੇ ਇਸ ਨੂੰ ਛੁਪਾਇਆ ਵੀ ਜਾ ਸਕਦਾ ਹੈ, ਇਸ ਲਈ ਮਨੁੱਖ ਨੂੰ ਬਾਹਰੀ ਦਿੱਖ, ਬੋਲਾਂ ਜਾਂ ਕਰਮ ਕਾਂਡਾਂ ਤੋਂ ਪਹਿਚਾਨਣਾ ਔਖਾ ਹੈ। ਕਈ ਵਾਰ ਐਸਾ ਵੀ ਹੁੰਦਾ ਹੈ ਕਿ ਸੋਚ ਨਾਲੋਂ ਸਰੀਰ ਬਹੁਤਾ ਵਿਕਸਤ ਹੋ ਜਾਂਦਾ ਹੈ ਤਾਂ ਬੁੱਢੇ, ਨਿਆਣਿਆਂ ਵਾਲੀਆਂ ਗੱਲਾਂ ਤੇ ਹਰਕਤਾਂ ਕਰਦੇ ਵੇਖੇ ਗਏ ਹਨ। ਦੂਸਰੇ ਪਾਸੇ ਕਈ ਵਾਰ ਸਰੀਰ ਨਾਲੋਂ ਸੋਚ ਜ਼ਿਆਦਾ ਵਿਕਸਤ ਹੋ ਜਾਂਦੀ ਹੈ ਤਾਂ ਨਿਆਣੇ ਵੀ ਬੁਢਿਆਂ ਵਾਲੀਆਂ ਗਲਾਂ ਕਰਦੇ ਵੇਖੇ ਗਏ ਹਨ। ਬਾਹਰੀ ਦਿੱਖ ਜਾਂ ਵਿਹਾਰ ਤੋਂ ਮਨੁੱਖ ਦੀ ਪੂਰੀ ਪਹਿਚਾਨ ਨਹੀ ਹੋ ਸਕਦੀ ਕਿਉਂਕਿ ਉਹ ਬਹਿਰੂਪੀਆ ਜਾਂ ਨਕਲੀ ਵੀ ਹੋ ਸਕਦਾ ਹੈ। ਅਸਲੀ ਦੀ ਨਕਲ ਕਰਨ ਵਾਲਾ ਨਕਲੀ, ਭੇਖੀ ਜਾਂ ਫਰੇਬੀ ਹੀ ਹੈ ਕਿਉਂਕਿ ਉਹ ਦਿਸਣ ਨੂੰ ਕੁੱਝ ਹੋਰ ਹੈ ਪਰ ਅਸਲੀਅਤ ਕੁੱਝ ਹੋਰ ਹੈ। ਨਕਲੀ ਅਤੇ ਅਸਲੀ ਦੀ ਪਹਿਚਾਨ ਗੁਰਬਾਣੀ ਇਸ ਤਰਾਂ ਕਰਦੀ ਹੈ: ਦਿਲਹੁ ਮੁਹਬਤਿ ਜਿੰਨ੍ਹ੍ਹ ਸੇਈ ਸਚਿਆ ॥ (ਇਹ ਸਚੇ ਤੇ ਅਸਲੀ ਹਨ) ਜਿਨ੍ਹ੍ਹ ਮਨਿ ਹੋਰੁ ਮੁਖਿ ਹੋਰੁ ਸਿ ਕਾਂਢੇ ਕਚਿਆ ॥ 488 (ਇਹ ਕੱਚੇ ਤੇ ਨਕਲੀ ਹਨ)।

ਜਿਨ੍ਹਾਂ ਦੇ ਮਨ ਵਿੱਚ ਕੁੱਛ ਹੋਰ ਹੈ ਪਰ ਬਾਹਰ ਬੋਲਾਂ, ਵੇਸਾਂ ਜਾਂ ਕਰਮ ਕਾਂਡਾਂ ਰਾਹੀਂ ਵਿਖਾਵਾ ਕੁੱਛ ਹੋਰ ਕਰਦੇ ਹਨ ਉਹਨਾਂ ਨੂੰ ਫਰੇਬੀ, ਭੇਖੀ ਜਾਂ ਨਕਲੀ ਹੀ ਆਖਿਆ ਜਾ ਸਕਦਾ ਹੈ। ਜੀਵਨ ਵਿੱਚ ਅਨੇਕ ਮਨੁਖਾਂ ਨਾਲ ਵਾਹ ਪੈਂਦਾ ਹੈ ਜੋ ਵੇਖਣ ਤੇ ਬੋਲਣ ਨੂੰ ਤਾਂ ਪੂਰੇ ਧਾਰਮਿਕ ਤੇ ਨੇਕ ਪੁਰਸ਼ ਲਗਦੇ ਹਨ ਪਰ ਜਦੋਂ ਉਹਨਾਂ ਨਾਲ ਨੇੜਤਾ ਪੈਦਾ ਹੁੰਦੀ ਹੈ ਤਾਂ ਪਤਾ ਚਲਦਾ ਹੈ ਕਿ: ਬਾਹਰਿ ਦਿਸੈ ਚਾਨਣਾ ਦਿਲਿ ਅੰਧਿਆਰੀ ਰਾਤਿ ॥ 1380 ਪਿਛੇ ਜਿਹੇ ਯੂ. ਕੇ ਦੇ ਇੱਕ ਗੁਰਦੁਆਰੇ ਵਿੱਚ ਇੱਕ ਪ੍ਰਚਾਰਕ ਦੀ ਦਸਤਾਰ ਲਾਹੁਣ ਦੀ ਵੀਡੀਓ ਵਾਇਰਲ ਹੋਈ ਇੰਟਰਨੈਟ ਤੇ ਵੇਖੀ ਜਾ ਸਕਦੀ ਹੈ। ਬਾਹਰੀ ਦਿੱਖ ਤੋਂ ਤਾਂ ਇਹ ਕੋਝੀ ਹਰਕਤ ਕਰਨ ਵਾਲੇ ਸਿਖੀ ਬਾਣੇ ਵਿੱਚ ਪੂਰੇ ਧਰਮੀ ਲਗਦੇ ਸਨ ਪਰ ਉਹਨਾਂ ਦਾ ਕਰਮ ਹੀ ਉਹਨਾਂ ਦੀ ਅੰਦਰੂਨੀ ਮਲੀਣ ਤੇ ਕੋਝੀ ਸੋਚ ਦੀ ਅਸਲੀਅਤ ਦਾ ਪ੍ਰਗਟਾਵਾ ਕਰ ਗਿਆ। ਕਰੈ ਦੁਹਕਰਮ ਦਿਖਾਵੈ ਹੋਰੁ ॥ ਰਾਮ ਕੀ ਦਰਗਹ ਬਾਧਾ ਚੋਰੁ ॥ 194

ਜੋ ਗੁੰਡਾ ਗਰਦੀ ਕਰਕੇ ਵੀ ਆਪਣੇ ਆਪ ਨੂੰ ਧਰਮੀ ਸਮਝਦੇ ਹਨ, ਸਿੱਖ ਸਮਝਦੇ ਹਨ ਉਹ ਅਸਲ ਵਿੱਚ ਚੋਰ ਹਨ। ਦਸਤਾਰ ਦੀ ਬੇਪਤੀ ਕਰਨ ਦਾ ਵੱਡ੍ਹਾ ਕਾਰਨ ਇਹੀ ਸੀ ਕਿ ਆਪਸੀ ਸੋਚ ਨਹੀ ਮਿਲਦੀ ਸੀ। ਹੱਦ ਹੋ ਗਈ, ਆਪਸੀ ਸੋਚ ਤਾਂ ਆਪਣੇ ਹੀ ਪ੍ਰਵਾਰਾਂ ਦੀ ਨਹੀ ਮਿਲਦੀ, ਤਾਂ ਕੀ ਉਹਨਾਂ ਦੀ ਮਾਰ ਕੁੱਟ ਕੀਤੀ ਜਾਂਦੀ ਹੈ। ਗਲ ਇਨੀ ਦਸਤਾਰ ਦੀ ਨਹੀ ਜਿਨੀ ਹੱਕਾਂ ਦੀ ਹੈ, ਅਗਰ ਗੁਰੂ ਸਾਹਿਬ ਆਪਣੇ ਜੀਵਨ ਵਿੱਚ ਦੂਜਿਆਂ ਦੇ ਹੱਕਾਂ ਲਈ ਜੂਝਦੇ ਰਹੇ ਤਾਂ ਇਹ ਅਜੋਕੇ ਕਿਹੜੇ ਗੁਰੂ ਦੇ ਸਿੱਖ ਹਨ ਜੋ ਦੂਜਿਆਂ ਦੇ ਬੋਲਣ ਦਾ ਹੱਕ ਖੋਹਣਾ ਚਹੁੰਦੇ ਹਨ? ਹਰ ਕਿਸੇ ਨੂੰ, ਖਾਸ ਕਰਕੇ ਯੂ ਕੇ ਵਿੱਚ, ਆਪਣੀ ਸੋਚ ਪ੍ਰਗਟ ਕਰਨ ਦਾ ਪੂਰਾ ਹੱਕ ਹੈ। ਅਗਰ ਸਿੱਧਾਂ ਦੇ ਵੀਚਾਰ ਬਾਬੇ ਨਾਨਕ ਦੇ ਵੀਚਾਰਾਂ ਨਾਲ ਨਹੀ ਮਿਲਦੇ ਸਨ, ਬ੍ਰਾਹਮਣਾਂ ਨਾਲ ਨਹੀ ਮਿਲਦੇ ਸਨ, ਮੁਸਲਮਾਨਾਂ ਨਾਲ ਨਹੀ ਮਿਲਦੇ ਸਨ ਤਾਂ ਕੀ ਉਥੇ ਕਿਸੇ ਨੇ ਇੱਕ ਦੂਜੇ ਦੀ ਪੱਤ ਨੂੰ ਹੱਥ ਪਾਇਆ, ਕਿਸੇ ਦੇ ਬੋਲਣ ਦਾ ਹੱਕ ਖੋਹਿਆ? ਇਹ ਧਰਮੀ ਅਖਵਾਉਣ ਵਾਲਿਆਂ ਦੀਆਂ ਸੋਚਾਂ ਤੇ ਕਰਤੂਤਾਂ ਹੀ ਇਹਨਾਂ ਦੀ ਪਸੂ ਬਿਰਤੀ ਦਾ ਪ੍ਰਗਟਾਵਾ ਹਨ। ਅਨੇਕ ਕੀਰਤਨੀਆਂ, ਪ੍ਰਚਾਰਕਾਂ, ਕਥਾਕਾਰਾਂ, ਸਾਧਾਂ, ਸੰਤਾਂ ਤੇ ਡੇਰੇਦਾਰ ਬਾਬਿਆਂ ਨਾਲ ਜੀਵਨ ਵਿੱਚ ਵਾਹ ਪੈਂਦਾ ਰਿਹਾ ਹੈ ਪਰ ਜਦੋਂ ਨੇੜੇ ਹੋ ਕੇ ਵੇਖਿਆ, ਭਾਵ ਉਹਨਾਂ ਨੂੰ ਆਪਣੇ ਨਜ਼ਦੀਕੀ ਚੇਲਿਆਂ ਚਾਟੜਿਆਂ ਜਾਂ ਮਿੱਤ੍ਰਾਂ ਨਾਲ ਗਲਾਂ ਬਾਤਾਂ ਕਰਦੇ ਸੁਣਿਆ ਤਾਂ ਉਹਨਾਂ ਵਿੱਚ ਛੁਪੀ ਪਸੂ ਬ੍ਰਿਤੀ ਵੀ ਨਜ਼ਰ ਆ ਗਈ। ਅਗਰ ਅਜੇਹੀ ਪਸੂ ਬ੍ਰਿਤੀ ਵਾਲੇ ਆਪਣੇ ਆਪ ਨੂੰ ਧਾਰਮਿਕ ਅਖਵਾਉਂਦੇ ਹਨ, ਤਾਂ ਮੰਨੇ ਜਾਂਦੇ ਨਾਸਤਿਕ, ਜੋ ਕਿਸੇ ਦੇ ਹੱਕ ਨੂੰ ਨਹੀ ਮਾਰਦੇ, ਇਹਨਾਂ ਤੋਂ ਹਜ਼ਾਰ ਦਰਜੇ ਚੰਗੇ ਹਨ। ਅਜੋਕੇ ਸਮੇ ਅੰਦਰ ਹੀ ਨਹੀ, ਬਲਿਕੇ ਸਦੀਆਂ ਤੋਂ ਧਰਮਾਂ ਵਿੱਚ ਸੱਚੀ ਸੋਚ ਤੇ ਦੈਵੀ ਗੁਣਾਂ ਵਾਲੇ ਨੇਕ ਪੁਰਸ਼ ਦੀ ਭਾਲ ਤੂੜੀ ਵਿੱਚੋਂ ਸੂਈ ਲੱਭਣ ਵਾਲੀ ਗਲ ਹੈ। ਕੋਟਿ ਮਧੇ ਕੋ ਵਿਰਲਾ ਸੇਵਕੁ ਹੋਰਿ ਸਗਲੇ ਬਿਉਹਾਰੀ ॥ 495

ਇਹਨਾਂ ਬਹਿਰੂਪੀਆਂ ਨੇ ਹੀ ਧਰਮ ਨੂੰ ਇੱਕ ਵਾਪਾਰ ਦਾ ਅੱਡਾ ਬਣਾ ਦਿੱਤਾ ਹੈ। ਵੱਖ ਵੱਖ ਗੁਰਦੁਆਰਿਆਂ ਦੇ ਪ੍ਰਬੰਧਕਾਂ ਨਾਲ ਕਾਫੀ ਵਾਹ ਪੈਂਦਾ ਰਿਹਾ ਹੈ ਪਰ ਨਿਜੀ ਤਜਰਬੇ ਅਨੁਸਾਰ (ਇਕ ਅੱਧੇ ਨੂੰ ਛੱਡ ਕੇ) ਕਿਸੇ ਵੀ ਐਸੇ ਪ੍ਰਬੰਧਿਕ ਨਾਲ ਮੇਲ ਨਹੀ ਹੋਇਆ ਜੋ ਗੁਰਬਾਣੀ ਦੀ ਚੰਗੀ ਸੂਝ ਬੂਝ ਰਖਦਾ ਹੋਵੇ। ਉਹਨਾਂ ਦੀ ਸੋਚ ਕੇਵਲ ਬੈਂਕ ਬੈਲੰਸ ਵਧਾਉਣ ਵਲ ਹੀ ਹੁੰਦੀ ਹੈ। ਗੁਰਮਤ ਪ੍ਰਚਾਰ ਨੂੰ ਉਹ ਗਿਲਾ ਪ੍ਹੀਣ ਹੀ ਸਮਝਦੇ ਸਨ। ਇਹੀ ਵੱਡ੍ਹਾ ਕਾਰਨ ਹੈ ਕਿ ਗੁਰਦੁਆਰਿਆਂ ਵਿੱਚ ਗੁਰਮਤ ਲਗ ਪਗ ਅਲੋਪ ਹੀ ਹੋ ਗਈ ਤੇ ਗੁਰਮਤ ਦੇ ਪ੍ਰਚਾਰਕਾਂ ਨੂੰ ਧਮਕੀਆਂ ਦੇ ਦੇ ਕੇ ਡਰਾਇਆ ਜਾ ਰਿਹਾ ਹੈ। ਸਕੂਲਾਂ ਵਿੱਚ ਅਧਿਅਪਕ ਤਰਕ (logic) ਸਿਖਾਉਂਦੇ ਰਹੇ ਕਿਉਂਕਿ ਇਸ ਦੁਆਰਾ ਗਿਆਨ ਵਿਕਸਤ ਹੁੰਦਾ ਹੈ। ਤਰਕ ਲਈ ਪੰਜ ਕਕਾਰਾਂ, ਕਿਉਂ, ਕਿਥੇ, ਕਿਵੇਂ, ਕੌਣ ਤੇ ਕਦੋਂ, ਦੀ ਵਰਤੋਂ ਕਰਨੀ ਸਿਖਾਈ ਗਈ। ਜਿਸ ਨੇ ਇਹ ਪੰਜ ਕਕਾਰ ਧਾਰਨ ਨਹੀ ਕੀਤੇ ਉਸ ਦਾ ਗਿਆਨ ਵਿਕਾਸ ਨਹੀ ਕਰ ਸਕਦਾ, ਪਰ ਜਦੋਂ ਇਸੇ ਤਰਕ ਦੀ ਵਰਤੋਂ ਧਰਮ ਵਿੱਚ ਅਰੰਭੀ ਤਾਂ ਬਿਨਾ ਲੜਾਈ ਝਗੜਿਆਂ ਤੇ ਘਿਰਨਾ ਦੇ ਕੁੱਛ ਪੱਲੇ ਨਹੀ ਪਿਆ। ਇਥੋਂ ਇਹੀ ਸਪਸ਼ਟ ਹੁੰਦਾ ਹੈ ਕਿ (ਅਖੌਤੀ) ਧਰਮ ਵਿੱਚ ਅੰਨ੍ਹੀ ਸ਼ਰਧਾ ਤਾਂ ਕਬੂਲ ਹੈ ਪਰ ਸੁਜਾਖਾ ਗਿਆਨ ਨਹੀ। ਗੁਰਬਾਣੀ ਨੇ ਹਰ ਪੁਰਾਣੀਆਂ ਰੀਤਾਂ ਰਸਮਾਂ ਤੇ ਕਰਮ ਕਾਂਡਾਂ ਨੂੰ ਤਰਕ ਨਾਲ ਹੀ ਨਕਾਰਿਆ ਹੈ, ਪਰ ਜਦੋਂ ਇਸੇ ਤਰਕ ਨੂੰ ਗੁਰਦੁਅਰਿਆਂ ਵਿੱਚ ਵਰਤਿਆ ਜਾਂਦਾ ਹੈ ਤਾਂ ਉਥੇ ਵਿਰੋਧਤਾ ਖੜੀ ਹੋ ਜਾਂਦੀ ਹੈ, ਤਰਕ ਵਿੱਚ ਨਾਸਤਿਕਤਾ ਦਿਸਣ ਲਗ ਪੈਂਦੀ ਹੈ, (ਅੰਨ੍ਹੀ) ਸ਼ਰਧਾ ਵਲੂੰਦਰੀ ਜਾਂਦੀ ਹੈ, ਹਿਰਦੇ ਜ਼ਖਮੀ ਹੋ ਜਾਂਦੇ ਹਨ, ਭਾਵਨਾਵਾਂ ਨੂੰ ਠੇਸ ਪੁਜ ਜਾਂਦੀ ਹੈ ਤੇ ਇਤਿਹਾਸ ਤੇ ਹਮਲਾ ਹੋ ਗਿਆ ਲਗਦਾ ਹੈ। ਤਰਕ, ਤੇ ਗਿਆਨ ਦੋਵੇਂ ਸੰਗੀ ਹਨ ਜਿਨ੍ਹਾ ਤੋਂ ਬਿਨਾ ਧਰਮ ਸੰਭਵ ਹੀ ਨਹੀ: ਕਬੀਰਾ ਜਹਾ ਗਿਆਨੁ ਤਹ ਧਰਮੁ ਹੈ ਜਹਾ ਝੂਠੁ ਤਹ ਪਾਪੁ ॥ 1372

ਧਰਮੀ ਹੋਣ ਦਾ ਰਾਹ ਆਤਮਿਕ ਗਿਆਨ ਹਾਸਲ ਕਰਨਾ ਹੈ, ਅਤੇ ਇਸ ਤੋਂ ਮੁਨਕਰ ਹੋਣਾ ਹੀ ਧਰਮ ਵਲ ਪਿੱਠ ਕਰਨੀ ਹੈ, ਗੁਰੂ ਵਲੋਂ ਮੁਖ ਮੋੜਨਾ ਜਾਂ ਬੇਦਾਵਾ ਦੇਣਾ ਹੈ। ਇਹਨਾਂ ਠਾਠਾਂ, ਟਕਸਾਲਾਂ, ਦਰਬਾਰਾਂ, ਡੇਰਿਆਂ ਤੇ ਧਰਮ ਦੇ ਬਣੇ ਬੈਠੇ ਆਗੂਆਂ ਨੇ ਗੁਰੂ ਨੂੰ ਪਿੱਠ ਦੇ ਕੇ ਆਪਣੇ ਲਾਭ ਲਈ ਗੁਰਮਤ ਤੋਂ ਉਲਟ ਰੀਤਾਂ ਰਸਮਾਂ ਤੇ ਕਰਮ ਕਾਂਡਾਂ ਨੂੰ ਪ੍ਰਚਲਤ ਕੀਤਾ ਹੈ। ਕੀ ਅੱਜ ਇਸੇ ਅਗਿਆਨਤਾ ਕਾਰਨ ਹੀ ਮਨੁੱਖੀ ਫੁੱਟ, ਵੈਰ ਵਿਰੋਧਤਾ ਤੇ ਈਰਖਾ ਨਹੀ ਫੈਲ ਰਹੀ? ਗੁਰੂ ਦੀ ਵੀਚਾਰ (ਗੁਰਮਤ) ਨੂੰ ਇਹ ਅਖੌਤੀ ਧਰਮੀ ਜਾਨਣਾ ਨਹੀ ਚਹੁੰਦੇ ਪਰ ਆਪਣੀ ਸੋਚ ਨੂੰ ਦੂਜਿਆਂ ਤੇ ਡਾਂਗ ਦੇ ਜ਼ੋਰ ਨਾਲ ਜਾਂ ਛੇ ਛੇ ਗੋਲੀਆਂ ਦਾਗ ਕੇ ਥੋਪਣਾ ਚਹੁੰਦੇ ਹਨ, ਜੇ ਇਹ ਧਰਮ ਹੈ ਤਾਂ ਜ਼ੁਲਮ ਕੀ ਹੈ? ਇਹੋ ਜੇਹੀਆਂ ਜਾਨ ਲੇਵਾ ਧਮਕੀਆਂ ਸ਼ਰੇਆਂਮ ਦੇਣ ਵਾਲੇ ਧਰਮੀ ਕਿਵੇਂ ਹੋ ਸਕਦੇ ਹਨ? ਅਲਹ ਅਵਲਿ ਦੀਨ ਕੋ ਸਾਹਿਬੁ ਜੋਰੁ ਨਹੀ ਫੁਰਮਾਵੈ ॥ 480

ਜ਼ੋਰ ਜਾਂ ਧੱਕਾ ਕਰਨ ਵਾਲੇ ਗੁੰਡੇ ਤਾਂ ਹੋ ਸਕਦੇ ਹਨ ਪਰ ਧਰਮੀ ਨਹੀ। ਪੜਿਆ ਸੁਣਿਆ ਹੈ ਕਿ ਧੀਆਂ ਸਭ ਦੀਆਂ ਸਾਂਝੀਆਂ ਹੁੰਦੀਆਂ ਹਨ, ਇਸ ਲਈ ਕਿਸੇ ਦੀ ਬੇਟੀ ਨੂੰ ਮੰਦਾ ਬੋਲਣ ਵਾਲਾ ਅਖੌਤੀ ਧਰਮੀ ਅਸਲ ਵਿੱਚ ਆਪਣੀ ਹੀ ਬੇਟੀ ਨੂੰ ਮੰਦਾ ਬੋਲ ਰਿਹਾ ਹੁੰਦਾ ਹੈ। ਪਰ ਇਸ ਗਲ ਨੂੰ ਪਸੂ ਬਿਰਤੀ ਕਿਵੇਂ ਸਮਝੇ? ਜਿਸ ਟਕਸਾਲ ਦੇ ਇਹੋ ਜਿਹੇ ਸ਼ਰਧਾਲੂ ਤੇ ਪ੍ਰਚਾਰਕ ਹਨ, ਉਸ ਦਾ ਧਰਮ ਨਾਲ ਕੋਈ ਵਾਸਤਾ ਨਹੀ ਹੋ ਸਕਦਾ। ਜੀਅਹੁ ਮੈਲੇ ਬਾਹਰਹੁ ਨਿਰਮਲ ॥ ਬਾਹਰਹੁ ਨਿਰਮਲ ਜੀਅਹੁ ਤ ਮੈਲੇ ਤਿਨੀ ਜਨਮੁ ਜੂਐ ਹਾਰਿਆ ॥ 919

ਬਾਹਰੋਂ ਨਿਰਮਲਤਾ ਦਾ ਵਿਖਾਵਾ ਕਰਕੇ ਅੰਦਰੋਂ ਮੈਲੀ ਸੋਚ ਨਾਲ ਦੰਗੇ ਫਸਾਦ ਕਰਨੇ ਹੀ ਜਨਮ ਦੀ ਬਾਜ਼ੀ ਨੂੰ ਜੂਏ ਵਿੱਚ ਹਾਰਨਾ ਹੈ। ਉਹਨਾਂ ਦੀ ਬੋਲ ਬਾਣੀ ਹੀ ਸਪਸ਼ਟ ਕਰਦੀ ਹੈ ਕਿ ਉਹਨਾਂ ਦੀ ਗੁਰੂ ਨਾਲ ਕੋਈ ਸਾਂਝ ਨਹੀ ਹੈ। ਜਿਸ ਦਾ ਗੁਰੂ ਮਿੱਠ ਬੋਲੜਾ ਹੈ ਤੇ ਕੌੜੇ ਬੋਲ ਜਾਣਦਾ ਹੀ ਨਹੀ ਤਾਂ ਉਸ ਦਾ ਸਿੱਖ ਕਿਵੇਂ ਕੌੜਾ ਬੋਲ ਸਕਦਾ ਹੈ? ਇਹ ਕੌੜੇ ਬੋਲ, ਧਮਕੀਆਂ ਤੇ ਸਰੀਰਕ ਹਮਲੇ ਹੀ ਹਾਰੀ ਹੋਈ ਸੋਚ ਦਾ ਪ੍ਰਗਟਾਵਾ ਹਨ। ਨਿੱਤ ਦੀਆਂ ਅਰਦਾਸਾਂ ਵਿੱਚ ਜਿਥੇ ਬਾਣੀ ਨਾਲ ਪਿਆਰ ਦੀ ਮੰਗ ਕੀਤੀ ਜਾਂਦੀ ਹੈ ਉਥੇ ਨਾਲ ਨਾਲ ਬਾਣੇ ਨਾਲ ਪਿਆਰ ਦੀ ਵੀ ਮੰਗ ਕੀਤੀ ਜਾਂਦੀ ਹੈ। ਬਾਹਰੀ ਬਾਣਾ ਇੱਕ ਸਰੀਰਕ ਸ਼ਿੰਗਾਰ ਹੈ ਜਿਸ ਨੂੰ ਗੁਰਬਾਣੀ ਕੋਈ ਵਿਸ਼ੇਸ਼ਤਾ ਨਹੀ ਦਿੰਦੀ। ਗੁਰਬਾਣੀ ਦਾ ਮਨੋਰਥ ਕੇਵਲ ਮਨ ਨੂੰ ਸ਼ਿੰਗਾਰਨ ਦਾ ਹੈ, ਮਨਮੱਤ ਨੂੰ ਸੁਧਾਰਨ ਦਾ ਹੈ, ਮਨ ਦੀ ਮੈਲੀ ਸੋਚ ਨੂੰ ਬਦਲਨ ਦਾ ਹੈ। ੳਪੁਰੋਕਤ ਘਟਨਾਵਾਂ ਹੀ ਸਪਸ਼ਟ ਕਰਦੀਆਂ ਹਨ ਕਿ ਸਰੀਰਕ ਸ਼ਿੰਗਾਰ ਦੀ ਕੋਈ ਮਹੱਤਾ ਨਹੀ, ਬਾਹਰੋਂ ਸਿੱਖੀ ਸਰੂਪ ਵਿੱਚ ਦਿਸਣ ਵਾਲੇ ਅਸਲ ਵਿੱਚ ਕੋਝੀ ਜਾਂ ਘਟੀਆ ਸੋਚ ਅਤੇ ਹਰਕਤਾਂ ਦੇ ਮਾਲਕ ਸਾਬਤ ਹੋ ਜਾਂਦੇ ਹਨ। ਗੁਰਬਾਣੀ ਤਾਂ ਬਹੁਤ ਸੂਚਤ ਕਰਦੀ ਹੈ:- ਕਰਤੂਤਿ ਪਸੂ ਕੀ ਮਾਨਸ ਜਾਤਿ ॥ ਲੋਕ ਪਚਾਰਾ ਕਰੈ ਦਿਨੁ ਰਾਤਿ ॥ ਬਾਹਰਿ ਭੇਖ ਅੰਤਰਿ ਮਲੁ ਮਾਇਆ ॥ ਛਪਸਿ ਨਾਹਿ ਕਛੁ ਕਰੈ ਛਪਾਇਆ ॥ 267

ਉਪਰੋਂ ਲੋਕ ਪਚਾਰਾ ਧਰਮੀਆਂ ਵਾਲਾ ਤਾਂ ਦਿਨ ਰਾਤ ਕਰਦਾ ਹੈ ਪਰ ਅੰਦਰੂਨੀ ਵਿਕਾਰਾਂ ਦੀ ਮੈਲ ਕਾਰਨ ਕਰਤੂਤਾਂ ਪਸੂਆਂ ਵਾਲੀਆਂ ਹਨ, ਇਹ ਛਲ ਜਾਂ ਫਰੇਬ ਬਹੁਤੀ ਦੇਰ ਛੁਪਿਆ ਨਹੀ ਰਹਿ ਸਕਦਾ। ਬਾਹਰ ਭੇਖਿ ਨ ਪਾਈਐ ਪ੍ਰਭੁ ਅੰਤਰਜਾਮੀ ॥ 1099 ਇਹ ਅੰਦਰੂਨੀ ਮਨ ਦਾ ਕਪਟ, ਬਾਹਰੀ ਭੇਖਾਂ ਨਾਲ, ਮਨੁਖਤਾ ਤੋਂ ਤਾਂ ਛੁਪਾਇਆ ਜਾ ਸਕਦਾ ਹੈ ਪਰ ਜੋ ਅੰਦਰ ਬੈਠਾ "ਹਰਿ ਅੰਤਰਜਾਮੀ ਸਭ ਬਿਧਿ ਜਾਣੈ" ਉਸ ਤੋਂ ਕਿਵੇਂ ਛੁਪਾਇਆ ਜਾਵੇ? ਹਿਰਦੈ ਜਿਨ੍ਹ੍ਹ ਕੈ ਕਪਟੁ ਵਸੈ ਬਾਹਰਹੁ ਸੰਤ ਕਹਾਹਿ ॥ ਤ੍ਰਿਸਨਾ ਮੂਲਿ ਨ ਚੁਕਈ ਅੰਤਿ ਗਏ ਪਛੁਤਾਹਿ ॥ 491

ਬਾਹਰਲੇ ਦਿਖਾਵੇ ਨਾਲ ਮਨ ਦੀ ਬਿਰਤੀ ਜਾਂ ਸੋਚ ਨਹੀ ਬਦਲ ਸਕਦੀ, ਅਗਰ ਹਿਰਦੇ ਵਿੱਚ ਕਪਟ ਹੈ ਤਾਂ ਬਾਹਰੋਂ ਆਪਣੇ ਆਪ ਨੂੰ ਸੰਤ ਕਹਾਉਣ ਨਾਲ ਸੰਤ ਨਹੀ ਬਣਿਆ ਜਾ ਸਕਦਾ, ਬਾਹਰੋਂ ਮੰਨੇ ਜਾਂਦੇ ਸੰਤ ਬਾਣੇ ਵਿੱਚ ਵਿਚਰਨ ਵਾਲਿਆਂ ਦੀਆਂ ਕਰਤੂਤਾਂ ਫਾਹੀ ਸੁਰਤਿ ਮਲੂਕੀ ਵੇਸੁ ॥ ਹਉ ਠਗਵਾੜਾ ਠਗੀ ਦੇਸੁ ॥ 24 ਮੀਡੀਆ ਤੇ ਜਗ ਜਾਹਰ ਹੋ ਰਹੀਆਂ ਹਨ, ਤਾਂ ਫੇਰ ਬਾਹਰੀ ਬਾਣੇ ਦੀ ਮਹੱਤਾ ਕੀ ਰਹਿ ਜਾਂਦੀ ਹੈ? ਅੰਤਰਿ ਮੈਲੁ ਨ ਉਤਰੈ ਧ੍ਰਿਗੁ ਜੀਵਣੁ ਧ੍ਰਿਗੁ ਵੇਸੁ ॥22

ਜੇ ਮਨ ਅੰਦਰੋਂ ਵਿਕਾਰਾਂ ਦੀ ਮੈਲ ਦੂਰ ਨਹੀ ਹੋਈ, ਮਨ ਪੁਨੀਤ ਜਾਂ ਨਿਰਮਲ ਨਹੀ ਹੋਇਆ ਤਾਂ ਬਾਹਰੋਂ ਧਰਮੀ ਹੋਣ ਦੇ ਦਿਖਾਵੇ ਵਾਲਾ ਜੀਵਨ ਤੇ ਵੇਸ ਫਿਟਕਾਰ ਯੋਗ ਹਨ। ਇਸ ਦੇ ਬਿਪਰੀਤ ਅਗਰ ਮਨ ਪਾਕ ਤੇ ਪਵਿੱਤ੍ਰ ਹੈ ਤਾਂ ਪਹਿਨਿਆ ਹਰ ਬਾਹਰੀ ਵੇਸ ਪ੍ਰਵਾਨ ਹੈ ਇਸ ਲਈ ਮਹੱਤਾ ਬਾਹਰੀ ਵੇਸ ਦੀ ਨਹੀ ਮਨ ਦੀ ਪਵਿੱਤ੍ਰਤਾ ਦੀ ਹੈ: ਕਾਮਣਿ ਪਿਰ ਮਨੁ ਮਾਨਿਆ ਤਉ ਬਣਿਆ ਸੀਗਾਰੁ ॥ ਕੀਆ ਤਉ ਪਰਵਾਣੁ ਹੈ ਜਾ ਸਹੁ ਧਰੇ ਪਿਆਰੁ ॥ 788

ਕਾਮਣ ਦਾ ਪਿਰ ਦੇ ਹੁਕਮ ਲਈ ਮਨ ਮੰਨ ਜਾਏ, ਇਹੀ ਸ਼ਿੰਗਾਰ ਪ੍ਰਵਾਨ ਹੈ, ਭਾਵ ਸਹੁ ਦੇ ਪਿਆਰ ਦਾ ਸ਼ਿੰਗਾਰ ਹੀ ਪ੍ਰਵਾਨ ਹੈ। ਗੁਰਬਾਣੀ ਵਿੱਚ ਐਸੇ ਅਨੇਕਾਂ ਗੁਰਪ੍ਰਮਾਣ ਹਨ ਜੋ ਸਰੀਰਕ ਸ਼ਿੰਗਾਰ ਨੂੰ ਨਹੀ ਬਲਿਕੇ ਮਨ ਦੇ ਸ਼ਿੰਗਾਰ ਨੂੰ ਵਿਸ਼ੇਸ਼ਤਾ ਦਿੰਦੇ ਹਨ। ਸਿੱਖ ਜਗਤ ਵਿੱਚ ਬਾਹਰੀ ਬਾਣੇ ਨੂੰ ਇਤਨਾ ਪ੍ਰਚਾਰਿਆ ਗਿਆ ਹੈ ਕਿ ਅਜ ਧਰਮੀ ਪੁਰਸ਼ ਦੀ ਪਹਿਚਾਨ ਉਸ ਦੀ ਸੋਚ ਨਹੀ ਬਲਿਕੇ ਬਾਣਾ ਹੀ ਹੈ। ਜਿਸ ਵੇਸ ਨੂੰ ਗੁਰਬਾਣੀ ਮਹੱਤਾ ਦਿੰਦੀ ਹੈ ਉਸ ਨੂੰ ਕੋਈ ਜਾਨਣਾ ਵੀ ਨਹੀ ਚਹੁੰਦਾ ਕਿਉਂਕਿ ਉਹ ਔਖੀ ਘਾਟੀ ਹੈ: ਨਿਵਣੁ ਸੁ ਅਖਰੁ ਖਵਣੁ ਗੁਣੁ ਜਿਹਬਾ ਮਣੀਆ ਮੰਤੁ ॥ ਏ ਤ੍ਰੈ ਭੈਣੇ ਵੇਸ ਕਰਿ ਤਾਂ ਵਸਿ ਆਵੀ ਕੰਤੁ ॥ 1384 ਨਾਮੁ ਬੀਜੁ ਸੰਤੋਖੁ ਸੁਹਾਗਾ ਰਖੁ ਗਰੀਬੀ ਵੇਸੁ ॥ 595

ਬਾਹਰੀ ਵੇਸ ਅਪਨਾਉਣਾ ਤਾਂ ਬਹੁਤ ਸੌਖਾ ਕੰਮ ਹੈ ਤੇ ਅਨੇਕਾਂ ਨੇ ਅਪਨਾਇਆ ਵੀ ਹੋਇਆ ਹੈ ਪਰ ਗੁਰੂ ਦੇ ਹੁਕਮ ਰਜਾਈ ਚਲਣਾ, ਨਿਮਰਤਾ, ਖਿਮਾ, ਸੰਤੋਖ ਤੇ ਮਿਠ ਬੋਲਾਂ ਵਰਗੇ ਗੁਣਾ ਵਾਲਾ ਵੇਸ ਕੋਈ ਵਿਰਲਾ ਹੀ ਧਾਰਨ ਕਰਦਾ ਹੈ। ਕੀ ਅੱਜ ਇਹ ਬਾਹਰੀ ਬਾਣੇ ਹੀ ਧੋਖੇ ਜਾਂ ਫਰੇਬ ਦਾ ਕਾਰਨ ਨਹੀ ਬਣ ਰਹੇ? ਸਮੁੱਚੀ ਬਾਣੀ ਆਤਮਿਕ ਗਿਆਨ ਦੁਆਰਾ ਮਨੁੱਖ ਨੂੰ (ਕੂੜ ਦੀਆਂ ਪਾਲਾਂ ਨੂੰ ਤੋੜ ਕੇ)) ਸਚਿਆਰਾ ਬਨਾਉਣਾ ਚਹੁੰਦੀ ਹੈ, ਪਸੂ ਬਿਰਤੀ ਵਾਲੀ ਸੋਚ ਨੂੰ ਸੁਚੱਜੀ ਸੋਚ ਵਿੱਚ ਬਦਲਨਾ ਚਹੁੰਦੀ ਹੈ, ਗੁਣਹੀਣ ਨੂੰ ਗੁਣਵਾਂਨ ਬਨਾਉਣਾ ਚਹੁੰਦੀ ਹੈ, ਅਗਿਆਨਤਾ ਦੇ ਹਨੇਰੇ ਵਿੱਚ ਭਟਕਦੇ ਨੂੰ ਗਿਆਨ ਦੇ ਚਾਨਣ ਵਿੱਚ ਲਿਆਉਣਾ ਚਹੁੰਦੀ ਹੈ, ਅਧਿਆਤਮਿਕ ਮੌਤ (ਮਨਮਤ) ਵਲੋਂ ਮੁੜ ਨਵਾਂ ਜੀਵਨ (ਗੁਰਮਤ) ਦੇਣਾ ਚਹੁੰਦੀ ਹੈ, ਖਲਕਤ ਵਿੱਚ ਵਸਦੇ ਖਾਲਕ ਨਾਲ ਜੋੜਨਾ ਚਹੁੰਦੀ ਹੈ, ਮਨਮੁਖ ਨੂੰ ਗੁਰਮੁਖ ਬਨਾਉਣਾ ਚਹੁੰਦੀ ਹੈ, ਮਨੁਖੀ ਜੀਵਨ ਨੂੰ ਸੁਖੀ, ਸ਼ਾਂਤ ਤੇ ਅਨੰਦਿਤ ਬਨਾਉਣਾ ਚਹੁੰਦੀ ਹੈ, ਪਰ ਇਸ ਦੀ ਸਫਲਤਾ ਗੁਰੂ ਦੇ ਹੁਕਮ ਰਜਾਈ ਚਲਣ ਤੇ ਹੀ ਨਿਰਭਰ ਹੈ। ਇਸ ਅਵਘਟ ਘਾਟੀ ਤੋਂ ਬਚਣ ਲਈ ਹੀ ਮਨੁੱਖ ਭੇਖ ਵਾਲਾ ਸੁਖਾਲਾ ਪਰ ਨਿਸਫਲ ਰਸਤਾ ਚੁਣ ਲੈਂਦਾ ਹੈ ਤੇ ਅੰਤ ਵਿੱਚ ਨਿਰਾਸਤਾ ਹੀ ਪੱਲੇ ਰਹਿ ਜਾਂਦੀ ਹੈ। ਕਰਣੋ ਹੁਤੋ ਸੁ ਨਾ ਕੀਓ ਪਰਿਓ ਲੋਭ ਕੈ ਫੰਧ ॥ ਨਾਨਕ ਸਮਿਓ ਰਮਿ ਗਇਓ ਅਬ ਕਿਉ ਰੋਵਤ ਅੰਧ ॥ 1428

ਦਰਸ਼ਨ ਸਿੰਘ,

ਵੁਲਵਰਹੈਂਪਟਨ, ਯੂ. ਕੇ.




.