.

ਪ੍ਰਿੰ: ਗੁਰਬਚਨ ਸਿੰਘ ਪੰਨਵਾਂ , ਥਾਈਲੈਂਡ ਵਾਲੇ

ਸ਼ਾਨਾਮਤੀ ਸੰਸਥਾਵਾਂ `ਤੇ ਬਦਨੁਮਾ ਧੱਬੇ

ਗੁਰਦੁਆਰੇ ਨੂੰ ਪਹਿਲਾਂ ਧਰਮਸਾਲ ਕਿਹਾ ਜਾਂਦਾ ਸੀ ਜਿਸ ਦੇ ਅਰਥ ਹਨ—ਧਰਮਮੰਦਰ, ਬਿਨਾ ਕਰਾਇਆ ਲੈਣ ਦੇ ਜਿਸ ਮਕਾਨ ਵਿੱਚ ਮੁਸਾਫਰਾਂ ਨੂੰ ਨਿਵਾਸ ਦਿੱਤਾ ਜਾਵੇ। ਸਿੱਖਾਂ ਦਾ ਧਰਮ ਅਸਥਾਨ ਜਿਸ ਵਿੱਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੋਵੇ, ਅਤਿੱਥੀ ਨੂੰ ਨਿਵਾਸ ਅਤੇ ਅੰਨ ਮਿਲੇ, ਅਰ ਵਿਦਿਆ ਸਿਖਾਈ ਜਾਵੇ— “ਮੈਂ ਬਧੀ ਸਚੁ ਧਰਮਸਾਲ ਹੈ ਗੁਰਸਿੱਖਾਂ ਲਹਦਾ ਭਾਲਿ ਕੈ”।
ਮਹਾਨ ਕੋਸ਼ ਅਨੁਸਾਰ ਗੁਰੂ ਹਰਿ ਗੋਬਿੰਦ ਸਾਹਿਬ ਜੀ ਦੇ ਸਮੇਂ ਧਰਮਸਾਲਾ ਸ਼ਬਦ ਦੀ ਗੁਰਦੁਆਰਾ ਸੰਗਿਆ ਹੋਈ ਹੈ। ਸਿੱਖਾਂ ਦਾ ਗੁਰਦੁਆਰਾ ਵਿਦਿਆਰਥੀਆਂ ਲਈ ਸਕੂਲ, ਆਤਮ ਜਗਿਆਸਾ ਵਾਲਿਆਂ ਲਈ ਗਿਆਨ ਉਪਦੇਸ਼ ਆਚਾਰਯ, ਰੋਗੀਆਂ ਲਈ ਸ਼ਫ਼ਾਖ਼ਾਨਾ, ਭੁੱਖਿਆਂ ਲਈ ਅੰਨਪੂਰਣਾ, ਇਸਤ੍ਰੀ ਜਾਤਿ ਦੀ ਪਤ ਰੱਖਣ ਲਈ ਲੋਹਮਈ ਦੁਰਗਾ, ਅਤੇ ਮੁਸਾਫ਼ਰਾਂ ਲਈ ਵਿਸ਼੍ਰਾਮ ਦਾ ਅਸਥਾਨ ਹੈ। ਮਹਾਨ ਕੋਸ਼ ਦੇ ਕਰਤਾ ਅੱਗੇ ਲਿਖਦੇ ਹਨ—ਕਿ “ਜ਼ਮਾਨੇ ਦੀ ਗਰਦਿਸ਼ ਨੇ ਮਹਾਰਾਜਾ ਰਣਜੀਤ ਸਿੰਘ ਵੇਲੇ ਡੋਗਰਿਆਂ ਦੀ ਪ੍ਰਧਾਨਗੀ ਵਿੱਚ ਮੁੱਖ ਗੁਰਦੁਆਰਿਆਂ ਦਾ ਪ੍ਰਬੰਧ ਸਾਰਾ ਉਲਟ ਪੁਲਟ ਕਰ ਦਿੱਤਾ, ਜਿਸ ਦਾ ਅਸਰ ਦੇਸ਼ ਦੇ ਗੁਰਦੁਆਰਿਆਂ ਤੇ ਭੀ ਹੌਲ਼ੀ ਹੌਲ਼ੀ ਹੋਇਆ ਅਰ ਕੌਮ ਵਿਚੋਂ ਜਿਉਂ ਜਿਉਂ ਗੁਰਮਤ ਦਾ ਪ੍ਰਚਾਰ ਲੋਪ ਹੁੰਦਾ ਗਿਆ, ਤਿਉਂ ਤਿਉਂ ਗੁਰਦੁਆਰਿਆਂ ਦੀ ਮਰਯਾਦਾ ਬਿਗੜਦੀ ਗਈ ਅਰ ਇੱਥੋਂ ਤਕ ਦੁਰਦਸ਼ਾ ਹੋਈ ਕਿ ਸਿੱਖ ਗੁਰਦੁਆਰੇ ਕੇਵਲ ਕਹਿਣ ਨੂੰ ਗੁਰਧਾਮ ਰਹਿ ਗਏ। ਗੁਰਦੁਆਰਿਆਂ ਦੇ ਸੇਵਕਾਂ ਨੇ ਗੁਰਦੁਆਰਿਆਂ ਦੀ ਜਾਇਦਾਦ ਨੂੰ ਆਪਣੀ ਘਰੋਗੀ ਬਣਾ ਲਿਆ। ਅਰ ਪਵਿੱਤ੍ਰ ਅਸਥਾਨਾਂ ਵਿੱਚ ਉਹ ਅਪਵਿੱਤ੍ਰ ਕੰਮ ਹੋਣ ਲੱਗੇ, ਜਿੰਨ੍ਹਾਂ ਦਾ ਜ਼ਿਕਰ ਕਰਨਾ ਵੀ ਲੱਜਿਆ ਆਉਂਦੀ ਹੈ”।
ਇਸ ਵਿੱਚ ਕੋਈ ਦੋ ਰਾਏ ਨਹੀਂ ਹਨ ਕਿ ਸਾਡੇ ਪੁਰਖਿਆਂ ਨੇ ਆਪਣੀਆਂ ਸ਼ਹਾਦਤਾਂ ਦੇ ਕੇ ਪਿਤਾ ਪੁਰਖੀ ਮਹੰਤ ਤੇ ਬਦਕਾਰ ਕਿਸਮ ਦੇ ਧਾਰਮਕ ਆਗੂਆਂ ਕੋਲੋਂ ਗੁਰਦੁਆਰੇ ਅਜ਼ਾਦ ਕਰਾਏ ਸਨ। ਸਵਲਾਂ ਦਾ ਸਵਾਲ ਹੈ ਕਿ ਉਹਨਾਂ ਬਦਕਾਰਾਂ ਪਾਸੋਂ ਤਾਂ ਅਸੀਂ ਗੁਰਦੁਆਰੇ ਅਜ਼ਾਦ ਕਰਾ ਲਏ ਸਨ ਤੇ ਸ਼੍ਰੋਮਣੀ ਕਮੇਟੀ ਹੋਂਦ ਵਿੱਚ ਆ ਗਈ ਸੀ ਪਰ ਜਿਹੜੇ ਹੁਣ ਵਰਤਮਾਨ ਕਾਲ ਵਿੱਚ ਜਿਹੜੇ ਪ੍ਰਬੰਧਕ ਕਾਬਜ਼ ਹੋ ਗਏ ਹਨ ਇਹਨਾਂ ਪਾਸੋਂ ਗੁਰਦੁਆਰੇ ਕਿਸ ਤਰ੍ਹਾਂ ਆਜ਼ਾਦ ਕਰਾਏ ਜਾਣਗੇ?
ਗੁਰਦੁਆਰੇ ਤਾਂ ਹਰੇਕ ਪ੍ਰਕਾਰ ਦੀ ਸੋਝੀ ਲਈ ਸਨ—
ਗੁਰੂ ਦੁਆਰੈ ਹੋਇ ਸੋਝੀ ਪਾਇਸੀ॥
ਏਤ ਦੁਆਰੈ ਧੋਇ ਹਛਾ ਹੋਇਸੀ॥
ਰਾਗ ਸੂਹੀ ਮਹਲਾ 1 ਪੰਨਾ 730

ਗੁਰਦੁਆਰੇ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੈ—ਇਸ ਦਾ ਭਾਵ ਅਰਥ ਹੈ ਕਿ ਗੁਰਦੁਆਰੇ ਵਿਚੋਂ ਗੁਰਬਾਣੀ ਦੁਆਰਾ ਚੌਤਰਫਾ ਗਿਆਨ ਹਾਸਲ ਕਰਨਾ ਸੀ। ਮਨੁੱਖਤਾ ਪ੍ਰਤੀ ਜ਼ਿੰਮੇਵਾਰੀ, ਆਪਸੀ ਸਾਂਝ, ਰਾਜਨੀਤਕ, ਧਾਰਮਕ. ਆਰਥਕ, ਇਸਤ੍ਰੀਆਂ ਦਾ ਸਮਾਜ ਵਿੱਚ ਅਸਥਾਨ, ਵਾਤਾਵਰਣ, ਆਪਣੇ ਪ੍ਰਤੀ ਜ਼ਿੰਮੇਵਾਰੀ ਤੇ ਹੋਰ ਕਈ ਪ੍ਰਕਾਰ ਦੀ ਸੋਝੀ ਲੈਣੀ ਸੀ। ਗੁਰਦੁਆਰਿਆਂ ਵਿਚੋਂ ਬਦਨੁਮਾ ਮਹੰਤਾਂ ਨੂੰ ਬਾਹਰ ਦਾ ਰਸਤਾ ਇਸ ਲਈ ਦਿਖਾਇਆ ਸੀ ਕਿ ਇਹਨਾਂ ਨੇ ਗੁਰੂ ਗ੍ਰੰਥ ਸਾਹਿਬ ਜੀ ਤੋਂ ਸੋਝੀ ਲੈਣ ਦੇ ਸਾਰੇ ਰਸਤੇ ਬੰਦ ਕਰ ਦਿੱਤੇ ਸਨ। ਗੁਰਦੁਆਰਾ ਸੁਧਾਰ ਲਹਿਰ ਵਿਚੋਂ ਰਾਜਨੀਤਕ ਤੇ ਧਾਰਮਕ ਦੋ ਸੰਸਥਾਂਵਾਂ ਦਾ ਜਨਮ ਹੋਇਆ ਸੀ। ਸ਼੍ਰੋਮਣੀ ਅਕਾਲੀ ਦਲ ਨੇ ਸਿੱਖ ਕੌਮ ਦੀ ਰਾਜਨੀਤਕ ਅਗਵਾਈ ਕਰਨੀ ਅਰੰਭ ਕੀਤੀ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਗੁਰਦੁਆਰਾ ਪ੍ਰਬੰਧ, ਧਰਮ ਦਾ ਪ੍ਰਚਾਰ, ਪੰਜਾਬੀ ਜ਼ਬਾਨ ਦੀ ਉਨਤੀ, ਵਿਦਿਆ ਦਾ ਪਸਾਰ, ਸਰਾਵਾਂ-ਹਸਪਤਾਲਾਂ ਤੇ ਹੋਰ ਲੋਕ ਭਲਾਈ ਦੇ ਕੰਮ ਕਰਨ ਦੀ ਜ਼ਿੰਮੇਵਾਰੀ ਸੰਭਾਲ਼ ਲਈ। ਸ਼ੁਰੂਆਤ ਵਿੱਚ ਸ਼੍ਰੋਮਣੀ ਅਕਾਲੀ ਦਲ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਧੀਨ ਹੋ ਕੇ ਚੱਲਦਾ ਰਿਹਾ ਹੈ।
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਗੁਰਦੁਆਰਿਆਂ ਵਿੱਚ ਵੱਡੀ ਪੱਧਰ `ਤੇ ਸੁਧਾਰ ਕੀਤਾ। ਖਾਲਸਾ ਸਕੂਲ-ਕਾਲਜ ਤੇ ਹਸਪਤਾਲ ਖੋਹਲਣ ਦੇ ਸਾਰਥਕ ਯਤਨ ਅਰੰਭੇ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਸ਼੍ਰੋਮਣੀ ਅਕਾਲੀ ਦਲ ਦਾ ਸ਼ਾਨਾਮਤਾ ਇਤਿਹਾਸ ਰਿਹਾ ਹੈ। ਇਸ ਦੇ ਮੈਂਬਰ ਨਿਰਪੱਖ, ਨਿਸ਼ਕਾਮ ਸੇਵਕ, ਪਰਉਪਕਾਰੀ, ਉੱਚੇ ਆਚਰਣ, ਪੰਥ ਲਈ ਮਰ ਮਿੱਟਣ ਵਾਲਾ ਜ਼ਜਬਾ ਰੱਖਦੇ ਸਨ। ਮੁਲਕ ਦੀ ਅਜ਼ਾਦੀ ਵਿੱਚ ਇਹਨਾਂ ਜੱਥੇਬੰਦੀਆਂ ਨੇ ਆਪਣੀਆਂ ਨਿਰੀਆਂ ਸ਼ਹੀਦੀਆਂ ਹੀ ਨਹੀਂ ਦਿੱਤੀਆਂ ਸਗੋਂ ਆਪਣੇ ਘਰਬਾਰ ਵੀ ਬਰਬਾਦ ਕਰਾ ਲਏ ਸਨ ਪਰ ਮਰਜੀਵੜਿਆਂ ਨੇ ਮੁੜ ਕਿ ਪਿਛਾਂਹ ਨਹੀਂ ਦੇਖਿਆ। ਨਿੱਜੀ ਲਾਭ, ਲਾਲਚ ਤਾਂ ਇਹਨਾਂ ਦੇ ਨੇੜੇ ਤੇੜੇ ਵੀ ਨਹੀਂ ਸੀ ਢੁਕ ਸਕਦਾ। ਕਾਲ਼ੇਪਾਣੀਆਂ ਦੀ ਸਜ਼ਾਵਾਂ, ਆਪਣੇ ਦੇਸ ਦੀਆਂ ਜੇਲ੍ਹਾਂ ਤੇ ਸਰਕਾਰੀ ਤਸ਼ੱਦਦ ਇਹਨਾਂ ਨੂੰ ਆਪਣੇ ਅਕੀਦੇ ਤੋਂ ਥਿੜਕਾ ਨਹੀਂ ਸਕਿਆ। ਨਿਰਸੰਦੇਹ ਇਹਨਾਂ ਨੇ ਸਿੱਖ, ਸਿੱਖੀ ਤੇ ਪੰਥ ਦੀਆਂ ਅਣਮੋਲ ਰਵਾਇਤਾਂ `ਤੇ ਠੋਕ ਕੇ ਪਹਿਰਾ ਦਿੱਤਾ। ਬ੍ਰਾਹਮਣੀ ਮਤ ਵਿੱਚ ਭਿੱਜ ਚੁੱਕੇ ਸਿੱਖਾਂ ਨੂੰ ਨਿਆਰੇ ਪੇਸ਼ ਕਰਨ ਲਈ ਸਿੱਖ ਰਹਿਤ ਮਰਯਾਦਾ ਤਿਆਰ ਕਰਾਈ। ਭਾਂਵੇ ਅਜੋਕੇ ਸਮੇਂ ਵਿੱਚ ਇਸ ਵਿੱਚ ਸੋਧ ਸੁਧਾਈ ਦੀ ਲੋੜ ਹੈ ਪਰ ਉਸ ਵੇਲੇ ਕੌਮ ਨੂੰ ਏਕੇ ਵਿੱਚ ਪਰੋਣ ਲਈ ਸਾਡੇ ਪੁਰਖਿਆਂ ਨੇ ਚੰਗਾ ਉਪਰਾਲਾ ਕੀਤਾ ਸੀ। ਹੁਣ ਹਾਲਾਤ ਤਾਂ ਏਦਾਂ ਦੇ ਬਣ ਗਏ ਹਨ ਕਿ ਅੱਜ ਕੋਈ ਏਦਾਂ ਦਾ ਵਿਧੀ-ਵਿਧਾਨ ਜਾਂ ਕਈ ਹੋਰ ਦਸਤਾਵੇਦ ਤਿਆਰ ਕਰਨਾ ਹੋਵੇ ਤਾਂ ਸਾਡੀ ਕਿਸੇ ਵੀ ਸਿੱਖ ਜੱਥੇਬੰਦੀ ਨੇ ਵੀ ਬਣਨ ਨਹੀਂ ਦੇਣਾ। ਜਨੀ ਕਿ ਅੱਜ ਦੇ ਮਹੌਲ ਵਿੱਚ ਆਪਾਧਾਪੀ ਪਈ ਹੋਈ ਹੈ।
ਸ਼੍ਰੋਮਣੀ ਅਕਾਲੀ ਦਲ ਦੇ ਨਾਲ ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਨਾਂ ਦੀ ਜੱਥੇਬੰਦੀ ਕਾਇਮ ਹੋਈ। ਇਸ ਜੱਥੇਬੰਦੀ ਨੇ ਨੌਜਵਾਨਾਂ ਵਿੱਚ ਸਿੱਖ, ਸਿੱਖੀ ਤੇ ਪੰਥ ਦੀ ਰੂਹ ਫੂੱਕੀ। ਵਰਤਮਾਨ ਬਜ਼ੁਰਗਾਂ ਵਿੱਚ ਸਿੱਖ ਸਟੂਡੈਂਟ ਫੈਡਰੇਸ਼ਨ ਵਲੋਂ ਕੀਤੇ ਹੋਏ ਕੰਮ ਜਾਂ ਉਹਨਾਂ ਵਲੋਂ ਲਗਾਏ ਗਏ ਗੁਰਮਤ ਕੈਂਪਾਂ ਦੀ ਮੂੰਹ ਬੋਲਦੀ ਤਸਵੀਰ ਜੀਵਨ ਵਿਚੋਂ ਦੇਖੀ ਜਾ ਸਕਦੀ ਹੈ। ਇਹਨਾਂ ਤਿੰਨਾਂ ਜੱਥੇਬੰਦੀਆਂ ਨੇ ਮੁੱਢਲੇ ਰੂਪ ਵਿੱਚ ਜਾਨਾਂ ਵਾਰ ਕੇ ਸਿੱਖ, ਸਿੱਖੀ ਤੇ ਪੰਥਕ ਸਿਧਾਂਤ ਨੂੰ ਕਾਇਮ ਰੱਖਿਆ।
ਸੰਸਥਾ ਕੋਈ ਵੀ ਮਾੜੀ ਨਹੀਂ ਹੁੰਦੀ ਬਸ਼ਰਤੇ ਕਿ ਉਸ ਨੂੰ ਚਲਾਉਣ ਵਾਲਿਆਂ ਵਿੱਚ ਸੁਹਿਦਰਤਾ ਹੋਣੀ ਜ਼ਰੂਰੀ ਹੈ। ਜੇ ਕਿਸੇ ਕਾਲਜ ਦਾ ਪ੍ਰਿੰਸੀਪਲ ਮਾੜੇ ਕਿਰਦਾਰ ਵਾਲਾ ਆ ਜਾਏ ਤਾਂ ਕਾਲਜ ਦੀ ਇਮਾਰਤ ਨਹੀਂ ਢਾਹ ਦਈਦੀ ਸਗੋਂ ਪ੍ਰਿੰਸੀਪਲ ਬਦਲਣ ਦਾ ਹੱਲ ਲੱਭਣਾ ਚਾਹੀਦਾ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਧੀਨ ਸ਼੍ਰੋਮਣੀ ਅਕਾਲੀ ਦਲ ਨੇ ਰਾਜਨੀਤੀ ਚਲਾਉਣੀ ਸੀ ਪਰ ਪਿੱਛਲੇ ਕੁੱਝ ਸਮੇਂ ਤੋਂ ਸ਼੍ਰੋਮਣੀ ਅਕਾਲੀ ਦਲ ਦਾ ਕੇਵਲ ਇੱਕ ਧੜਾ ਹੀ ਸ਼੍ਰੋਮਣੀ ਕਮੇਟੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਚਲਾ ਰਿਹਾ ਹੈ। ਹੁਣ ਤਾਂ ਹਾਲਾਤ ਏਨੇ ਮਾੜੇ ਹੋ ਗਏ ਹਨ ਕਿ ਸ਼੍ਰੋਮਣੀ ਅਕਾਲੀ ਦਲ ਤੇ ਸਮੁੱਚਾ ਕਬਜ਼ਾ ਕੁੱਝ ਪਰਵਾਰਾਂ ਦਾ ਹੀ ਹੋ ਕੇ ਰਹਿ ਗਿਆ ਹੈ ਤੇ ਉਹ ਪ੍ਰਵਾਰ ਹੀ ਸ਼੍ਰੋਮਣੀ ਕਮੇਟੀ ਨੂੰ ਚਲਾ ਰਹੇ ਹਨ।
ਸ਼੍ਰੋਮਣੀ ਅਕਾਲੀ ਦਲ ਨੇ ਆਪਣੇ ਆਪ ਨੂੰ ਪੰਥਕ ਮੁੱਦਿਆਂ ਤੋਂ ਪਾਸੇ ਕਰਨ ਲਈ ਪੰਜਾਬੀ ਨਾਂ ਦੀ ਪਾਰਟੀ ਤਿਆਰ ਕਰ ਲਈ। ਵਰਤਮਾਨ ਸਮੇਂ ਵਿੱਚ ਸਿੱਖ ਨੇਤਾਵਾਂ ਦੀ ਸਿਰਫ ਇੱਕ ਹੀ ਭਾਵਨਾ ਰਹਿ ਗਈ ਹੈ ਕਿ ਪੰਥਕ ਪਉੜੀ ਵਰਤ ਕੇ ਆਪਣੇ ਪਰਵਾਰ ਦੀਆਂ ਨਿੱਜੀ ਲਾਲਸਾਂਵਾਂ ਪੂਰੀਆਂ ਕੀਤੀਆਂ ਜਾਣ। ਅੱਜ ਦੇ ਸਿੱਖ ਨੇਤਾਵਾਂ ਵਿੱਚ ਨੈਤਕਤਾ ਵਾਲੇ ਗੁਣ ਵਿਸਰ ਚੁੱਕੇ ਹਨ ਇਹ ਕੇਵਲ ਆਪਣੀਆਂ ਨਿੱਜੀ ਗ਼ਰਜ਼ਾਂ ਤੱਕ ਸੀਮਤ ਹੋ ਕੇ ਰਹਿ ਗਏ ਹਨ। ਤਰਾਸਦੀ ਤਾਂ ਓਦੋਂ ਤੋਂ ਹੀ ਸ਼ੂਰੂ ਹੋ ਗਈ ਸੀ ਜਦੋਂ ਤੋਂ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ, ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਦੇ ਲਿਫਾਫੇ ਵਿਚੋਂ ਨਿਕਲਣਾ ਸ਼ੁਰੂ ਹੋ ਗਿਆ ਸੀ।
ਵੈਸਾਖ 1978 ਵਿੱਚ ਸ਼੍ਰੋਮਣੀ ਅਕਾਲੀ ਦੀ ਸਰਕਾਰ ਸੀ ਜਦੋਂ ਤੇਰ੍ਹਾਂ ਸਿੰਘ ਨਿੰਰਕਾਰੀਆਂ ਵਲੋਂ ਸ਼ਹੀਦ ਕੀਤੈ ਗਏ ਪਰ ਨਿੰਰਕਾਰੀ ਬਾਬੇ ਨੂੰ ਗ੍ਰਿਫਤਾਰ ਨਾ ਕਰਨਾ ਸਰਕਾਰ ਸ਼ੱਕ ਦੇ ਘੇਰੇ ਵਿੱਚ ਆਉਂਦੀ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸ਼੍ਰੋਮਣੀ ਅਕਾਲੀ ਦਲ ਵਿੱਚ ਓਦੋਂ ਹੀ ਨਿਘਾਰ ਆਉਣਾ ਸ਼ੂਰੂ ਹੋ ਗਿਆ ਜਦੋਂ ਅਕਾਲ ਤੱਖਤ `ਤੇ ਜਿਉਂਦਿਆਂ ਸੜ ਮਰਣ ਲਈ ਅਗਨ ਕੁੰਟ ਬਣਾ ਲਏ ਸਨ ਪਰ ਸੜਨ ਮਰਣ ਵਲੋਂ ਕੰਨੀ ਕਤਰਾ ਗਏ। ਸਰਕਾਰੀ ਜੂਸ ਦੇ ਪਿਆਲੇ ਪੀ ਕੇ ਕਹਿੰਦੇ ਹੁਣ ਫਿਰ ਕਦੇ ਮਰ ਜਾਂਵਾਂਗੇ ਸਰਕਾਰ ਨੇ ਭਰੋਸਾ ਦਿੱਤਾ ਹੈ ਦਿੱਤਾ ਹੈ ਕਿ ਤੁਹਡੀਆਂ ਮੰਗਾਂ `ਤੇ ਗੰਭੀਰਤਾ ਨਾਲ ਵਿਚਾਰ ਕਰਾਂਗੇ। ਆਪਣੀਆਂ ਪ੍ਰਧਾਨਗੀਆਂ ਨੂੰ ਬਚਾਉਣ ਲਈ ਅਕਾਲ ਤੱਖਤ ਕਹਿਣ ਨੂੰ ਮਹਾਨ ਹੈ ਪਰ ਜਦੋਂ ਆਪਣੇ ਹਿੱਤ ਪੂਰੇ ਨਾ ਹੁੰਦੇ ਦਿਸਦੇ ਹੋਣ ਤਾਂ ਓਦੋਂ ਅਕਾਲ ਤੱਖਤ ਦੇ ਜੱਥੇਦਾਰ ਨੂੰ ਇਹ ਅਦੇਸ਼ ਦਿੱਤਾ ਜਾਂਦਾ ਹੈ ਕਿ ਜੱਥੇਦਾਰ ਜੀ ਇਸ਼ਨਾਨ ਤਾਂ ਫਿਰ ਵੀ ਹੁੰਦੇ ਰਹਿਣੇ ਹਨ, ਪ੍ਰਧਾਨ ਜੀ ਦਾ ਹੁਕਮ ਆਇਆ ਹੈ ਕਿ ਪਹਿਲਾਂ ਆਪਣਾ ਅਸਤੀਫਾ ਲ਼ਿਖ ਦਿਓ। ਅਗਲਿਆਂ ਇਸ਼ਨਾਨ ਵੀ ਨਹੀਂ ਕਰਨ ਦਿੱਤਾ ਸੀ। ਇੱਕ ਹੋਰ ਜੱਥੇਦਾਰ ਆਇਆ ਅੱਖੇ ਮੈਂ ਸਮੁੱਚੇ ਪੰਥ ਵਿੱਚ ਏਕਤਾ ਲਿਆਉਣੀ ਹੈ ਇਸ ਲਈ ਸਾਰੇ ਅਕਾਲੀ ਦਲ ਅੰਮ੍ਰਿਤਸਰ ਪਹੁੰਚੋ। ਧਾਕੜ ਅਕਾਲੀਦਲ ਦੇ ਬੰਦਿਆਂ ਨੇ ਜਦੋਂ ਅਕਾਲ ਤੱਖਤ ਦੇ ਜੱਥੇਦਾਰ ਨੂੰ ਪੁੱਛਿਆ ਕਿ ਭਈ ਤੂੰ ਕੌਣ ਹੁੰਦੇ ਏਂ ਸਾਡੀ ਏਕਤਾ ਕਰਾਉਣ ਵਾਲਾ ਤਾਂ ਵਿਚਾਰੇ ਆਕਲ ਤੱਖਤ ਦੇ ਜੱਥੇਦਾਰ ਨੂੰ ਗੁਸਲਖਾਨੇ ਵਿੱਚ ਵੜ੍ਹ ਕੇ ਆਪਣੀ ਜਾਨ ਬਚਾਉਣੀ ਪਈ। ਅਗਲੇ ਗੁਸਲਖਾਨੇ ਨੂੰ ਹੀ ਠੁੱਡ ਮਾਰ ਕੇ ਚਲਦੇ ਬਣੇ ਤੇ ਕਹਿੰਦੇ ਵੱਡਾ ਆਇਆ ਹੈ ਸਾਡੀ ਏਕਤਾ ਕਰਾਉਣ ਵਾਲਾ।
ਇਕ ਅਕਾਲ ਤੱਖਤ ਦਾ ਜੱਥੇਦਾਰ ਨੂੰ ਕਿਸੇ ਸਿਆਣੇ ਨੇ ਰਾਏ ਦਿੱਤੀ ਕਿ ਭਈ ਥੋਕ ਵਿੱਚ ਹੁਕਮਨਾਮੇ ਜਾਰੀ ਨਹੀ ਕਰੀਦੇ। ਅੱਗੋਂ ਕੌਮ ਦਾ ਜੱਥੇਦਾਰ ਬਣਾ ਸਵਾਰ ਕੇ ਕਹਿੰਦਾ ਜੇ ਮੈਂ ਹੁਕਮ ਨਾਮੇ ਜਾਰੀ ਨਹੀਂ ਕਰਨੇ ਤਾਂ ਮੈਂ ਕੀ ਦਰੀਆਂ ਝਾੜਨ ਲਈ ਜੱਥੇਦਾਰ ਬਣਿਆ ਹਾਂ? ਇਸ ਜੱਥੇਦਾਰ ਨੇ ਬਿਨਾ ਵਿਚਾਰ ਕੀਤਿਆਂ ਹੁਕਮਨਾਮਾ ਜਾਰੀ ਕਰ ਦਿੱਤਾ ਕਿ ਸਾਰੀ ਕੌਮ ਤੱਪੜਾਂ `ਤੇ ਬੈਠ ਕੇ ਹੀ ਲੰਗਰ ਛਕੇ। ਜਿਸ ਦਾ ਨਤੀਜਾ ਇਹ ਨਿਕਲਿਆ ਕਿ ਕੌਮ ਦੋ ਭਾਗਾਂ ਵਿੱਚ ਵੰਡੀ ਗਈ। ਅੱਜ ਤੀਕ ਕੌਮ ਵਿੱਚ ਦੁਬਿਧਾ ਬਣੀ ਹੋਈ ਹੈ। ਕਈ ਨਵੇਂ ਗੁਰਦੁਆਰੇ ਬਣ ਗਏ ਪਰ ਤੱਪੜਾ ਵਾਲਾ ਮਸਲਾ ਹੱਲ ਨਹੀਂ ਹੋਇਆ। ਅਕਾਲ ਤੱਖਤ ਦੀ ਮਹਾਨ ਸੰਸਥਾ ਦੇ ਜੱਥੇਦਾਰ ਨੇ ਸ਼੍ਰੋਮਣੀ ਕਮੇਟੀ ਦੇ ਖਰਚੇ `ਤੇ ਗੁਰ ਬਿਲਾਸ ਪਾਤਸ਼ਾਹੀ ਛੇਵੀਂ ਵਰਗੀ ਗੁਰੂ ਨਿਂਦਕ ਪੁਸਤਕ ਛਪਵਾ ਕਿ ਸਿੱਖੀ ਦੇ ਵਿਹੜੇ ਵਿੱਚ ਸੇਹ ਦਾ ਤਕਲ਼ਾ ਗੱਡਿਆ। ਇਹਨਾਂ ਜੱਥੇਦਾਰਾਂ ਨੇ ਕੌਮ ਦੇ ਭਲੇ ਲਈ ਕੋਈ ਪ੍ਰਗਰਾਮ ਤਾਂ ਨਹੀਂ ਦਿੱਤਾ ਪਰ ਕੌਮ ਵਿੱਚ ਛੇਕਣ ਵਰਗੀਆਂ ਕਾਰਵਾਈਆਂ ਜ਼ਰੂਰ ਕੀਤੀਆਂ ਹਨ।
ਸ਼੍ਰੋਮਣੀ ਅਕਾਲੀ ਦਲ ਨੇ ਪੰਥਕ ਅਤੇ ਪੰਜਾਬ ਦੇ ਮੁੱਦਿਆਂ ਦੀ ਗੱਲ ਕਰਨੀ ਸੀ। ਇਸ ਦਾ ਦੁਖਾਂਤ ਹੈ ਕਿ ਜਦੋਂ ਇਹਨਾਂ ਨੇ ਵੋਟਾਂ ਲੈਣੀਆਂ ਹੁੰਦੀਆਂ ਹਨ ਤਾਂ ਇੱਕ ਸਬਕ ਬਾਰ ਬਾਰ ਦੁਹਾਰਿਆ ਜਾਂਦਾ ਹੈ ਕਿ ਕਾਂਗਰਸ ਸਿੱਖਾਂ ਦੀ ਦੁਸ਼ਮਣ ਹੈ ਇਸ ਨੇ ਬਹੁਤ ਧੱਕੇ ਕੀਤੇ ਹਨ ਸਾਡੀ ਸਰਕਾਰ ਬਣੀ ਤਾਂ ਅਸੀਂ ਇਹਨਾਂ ਵਲੋਂ ਕੀਤੇ ਧੱਕਿਆਂ ਦਾ ਹਿਸਾਬ ਕਿਤਾਬ ਲਵਾਂਗੇ। ਦੂਜੇ ਪਾਸੇ ਭਾਰਤੀ ਜਨਤਾ ਪਾਰਟੀ ਨੇ ਵੀ ਤਾਂ ਪੰਜਾਬ ਨਾਲ ਹੁੰਦੇ ਧੱਕਿਆਂ ਵਿੱਚ ਵਾਧਾ ਹੀ ਕੀਤਾ ਹੈ ਪਰ ਪੰਜਾਬ ਨੂੰ ਬਣਦੇ ਹੱਕ ਇਹਨਾਂ ਨੇ ਵੀ ਕੋਈ ਨਹੀਂ ਦਿੱਤੇ।
ਸ਼੍ਰੋਮਣੀ ਅਕਾਲੀ ਦਲ ਦੀ ਕਈ ਵਾਰੀ ਸਰਕਾਰ ਬਣੀ ਹੈ ਪਰ ਅਜੇ ਤਕ ਪੰਥਕ ਮੁੱਦਿਆਂ ਦੀ ਗੱਲ ਛੱਡੋ ਪੰਜਾਬ ਦੇ ਵੀ ਕਿਸੇ ਮੁੱਦੇ ਦੀ ਗੱਲ ਨਹੀਂ ਕੀਤੀ। ਸ਼੍ਰਮੋਣੀ ਅਕਾਲੀ ਦਲ ਦੀ ਸਰਕਾਰ ਨੇ ਹਰਿਆਣੇ ਦੀ ਸਰਕਾਰ ਪਾਸੋਂ ਐਸ. ਵਾਈ. ਐਲ. ਨਹਿਰ ਬਣਾਉਣ ਦੀ ਖਾਤਰ ਰੁਪਏ ਵਸੂਲ ਕਰਕੇ, ਪੰਜਾਬ ਦੇ ਕਿਸਾਨਾਂ ਪਾਸੋਂ ਜ਼ਮੀਨ ਹਾਸਲ ਕੀਤੀ ਹੋਵੇ ਤੇ ਫਿਰ ਹੁਣ ਇਹ ਕਹੀ ਜਾਣ ਕੇ ਅਸਾਂ ਨਹਿਰ ਨਹੀਂ ਬਣਨ ਦੇਣੀ ਭਾਂਵੇ ਸਾਨੂੰ ਕਿੰਨੀਆਂ ਵੀ ਕੁਰਬਾਨੀਆਂ ਕਿਉਂ ਨਾ ਦੇਣੀਆਂ ਪੈਣ। ਅਕਾਲੀ ਨੇਤਾਵਾਂ ਦੀਆਂ ਅਜੇਹੀਆਂ ਲੂੰਬੜ ਚਾਲਾਂ ਨੇ ਪੰਜਾਬ ਦੇ ਲੋਕਾਂ ਨਾਲ ਧੋਖਾ ਹੀ ਕੀਤਾ ਹੈ।
ਸਿੱਖਾਂ ਦੀ ਰਾਜਨੀਤਕ ਜੱਥੇਬੰਦੀ ਸ਼੍ਰੋਮਣੀ ਅਕਾਲੀ ਦਲ ਇਹ ਦੁਹਾਈ ਦੇਵੇ ਜੇ ਦਰਬਾਰ ਸਾਹਿਬ `ਤੇ ਕੇਂਦਰ ਦੀ ਸਰਕਾਰ ਨੇ ਹਮਲਾ ਕੀਤਾ ਤਾਂ ਭਾਰਤੀ ਫੌਜਾਂ ਸਾਡੀਆਂ ਲਾਂਸ਼ਾਂ ਦੇ ਉੱਤੋਂ ਦੀ ਲੰਘ ਕੇ ਜਾਣਗੀਆਂ। ਭਾਰਤੀ ਫੌਜਾਂ ਨੇ ਦਰਬਾਰ ਸਾਹਿਬ `ਤੇ ਹਮਲਾ ਕਰ ਦਿੱਤਾ ਪਰ ਇਹ ਦਗਮਜੇ ਮਾਰਨ ਵਾਲਿਆਂ ਦਾ ਵਾਲ ਵਿੰਗਾ ਨਹੀਂ ਹੋਇਆ। ਕਈ ਵਾਰੀ ਸ਼੍ਰੋਮਣੀ ਅਕਾਲੀ ਦਲ ਦੀਆਂ ਸਰਕਾਰਾਂ ਬਣੀਆਂ ਹਨ ਪਰ ਮਸਲਾ ਇੱਕ ਵੀ ਹੱਲ ਨਹੀ ਹੋਇਆ।
ਸ਼੍ਰੋਮਣੀ ਅਕਾਲੀ ਦਲ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ, ਅਤੇ ਬਹੁਤ ਸਾਰੇ ਅਕਾਲੀ ਦਲ ਤੇ ਹੋਰ ਸਿੱਖੀ ਨਾਲ ਸਬੰਧ ਰੱਖਣ ਵਾਲੀਆਂ ਧਿਰਾਂ ਨੇ ਸੁਹਿਰਦ ਹੋ ਕੇ ਪੰਥਕ ਮੁਦਿਆਂ ਦੀ ਗੱਲ ਨਹੀਂ ਕੀਤੀ। ਹਾਂ ਜੇ ਕੀਤੀ ਵੀ ਹੈ ਤਾਂ ਸਿਰਫ ਗੋਂਗਲ਼ੂਆਂ ਤੋਂ ਮਿੱਟੀ ਹੀ ਝਾੜੀ ਹੈ ਪਰ ਪ੍ਰਾਪਤੀ ਕੋਈ ਨਹੀਂ ਹੋਈ।
ਗੁਰੂਆਂ ਦੇ ਪੁਰਬਾਂ ਦੀਆਂ ਤਰੀਕਾਂ ਸਹੀ ਕਰਨ ਹਿੱਤ ਇਕੱਤਰਤਾਵਾਂ `ਤੇ ਇਕੱਤਰਤਾਵਾਂ ਹੁੰਦੀਆਂ ਰਹੀਆਂ। ਅਖੀਰ ਸ਼੍ਰੋਮਣੀ ਕਮੇਟੀ ਨੇ ਨਾਨਕ ਸ਼ਾਹੀ ਕੈਲੰਡਰ ਲਾਗੂ ਕਰ ਦਿੱਤਾ। ਥੱੜੇ ਸਮੇਂ ਵਿੱਚ ਹੀ ਸ਼੍ਰੋਮਣੀ ਕਮੇਟੀ ਨੇ ਆਪਣੇ `ਤੇ ਬਦਨੁਮਾ ਧੱਬਾ ਲਗਾਉਂਦਿਆਂ ਨਾਨਕ ਸ਼ਾਹੀ ਕੈਲੰਡਰ ਰੱਦ ਕਰਕੇ ਕੌਮ ਨੂੰ ਦੋ ਧੜਿਆਂ ਵਿੱਚ ਵੰਡ ਦਿੱਤਾ। ਕਿਸੇ ਗੁਰਪੁਰਬ ਦੀ ਕੋਈ ਸਹੀ ਤਰੀਕ ਨਹੀਂ ਹੈ। ਕਦੇ ਅਕਾਲ ਤਖਤ ਦਾ ਜੱਥੇਦਾਰ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਨੂੰ ਛੇਕਦਾ ਹੈ `ਤੇ ਕਦੇ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਅਕਾਲ ਤੱਖਤ ਦੇ ਜੱਥੇਦਾਰ ਦਾ ਬਿਸਰਤਾ ਗੋਲ ਕਰਦਾ ਹੈ।
ਅਕਾਲ ਤੱਖਤ ਦੇ ਜੱਥੇਦਾਰ ਵਲੋਂ ਸੁਨੇਹਾਂ ਆਉਂਦਾ ਹੈ ਕਿ ਸੌਦਾ ਸਾਧ ਤੇ ਉਸ ਦੀ ਜੱਥੇਬੰਦੀ ਨਾਲ ਸਿੱਖਾਂ ਨੇ ਕੋਈ ਸਾਂਝ ਨਹੀਂ ਰੱਖਣੀ ਕਿਉਂਕਿ ਇਸ ਨੇ ਸਿੱਖ ਰਵਾਇਤਾਂ ਦਾ ਮਾਖੌਲ ਉਡਾਇਆ ਹੈ। ਜਦੋਂ ਸ਼੍ਰੋਮਣੀ ਅਕਾਲੀ ਦਲ ਨੂੰ ਜਾਪਿਆ ਕਿ ਸਾਨੂੰ ਵੋਟਾਂ ਵਿੱਚ ਫਾਇਦਾ ਸੌਦਾ ਸਾਧ ਵਲੋਂ ਹੋ ਸਕਦਾ ਹੈ ਤਾਂ ਚੋਰ ਤਰੀਕੇ ਨਾਲ ਉਸ ਨੂੰ ਮੁਆਫ਼ ਕੀਤਾ ਜਿਹੜਾ ਸਿੱਖ ਅਵਾਮ ਨੇ ਪਰਵਾਨ ਨਾ ਕੀਤਾ। ਸਾਡੀਆਂ ਸਿਰਮੋਰ ਜੱਥੇਬੰਦੀਆਂ ਨੂੰ ਇਸ ਮੁਆਫੀ ਨਾਮੇ ਦੁਆਰ ਸ਼ਰਮਸਾਰ ਹੋਣਾ ਪਿਆ। ਰਹਿੰਦੀ ਕਸਰ ਆ ਸ਼ਹੀਦਾਂ ਦੀ ਜੱਥੇਬੰਦੀ ਨੇ ਸੌਦਾ ਸਾਧ ਦੇ ਡੇਰੇ ਜਾ ਕੇ ਵੋਟਾਂ ਦੀ ਖਾਤਰ ਲਿਲਕੜੀਆਂ ਕੱਢ ਕੇ ਪੂਰੀ ਕਰ ਦਿੱਤੀ ਹੈ।
ਪੰਜਾਬ ਵਿੱਚ ਅਕਾਲੀ ਦਲ ਬੁਰੀ ਤਰ੍ਹਾਂ ਹਾਰਿਆ ਹੈ। ਇਹ ਇੱਕ ਸੋਚਣ ਵਾਲਾ ਮੁੱਦਾ ਹੈ ਕਿ ਦਸ ਸਾਲ ਲਗਾਤਾਰ ਰਾਜ ਕਰਨੀ ਵਾਲੀ ਪੰਥਕ ਪਾਰਟੀ ਦੀ ਇਹ ਦੁਰ ਦਸ਼ਾ ਕਿਉਂ ਹੋਈ? ਰਾਜਨੀਤਕ ਕਾਰਨ ਤਾਂ ਬਹੁਤ ਹਨ ਪਰ ਮੌਜੂਦਾ ਅਕਾਲੀ ਦਲ ਦੇ ਨੇਤਾਵਾਂ ਨੇ ਸਿੱਖੀ ਰਵਾਇਤਾਂ ਵਲੋਂ ਮੂੰਹ ਮੋੜ ਕੇ ਡੇਰਾ ਵਾਦ, ਅਖੌਤੀ ਸਾਧ ਲਾਣੇ ਦੀ ਟੇਕ ਲੈਣੀ, ਨਾਨਕਸ਼ਾਹੀ ਕੈਲੰਡਰ ਦਾ ਹਿੰਦੂਤਵ ਕਰਨਾ, ਬਚਿੱਤ੍ਰ ਨਾਟਕ ਨੂੰ ਗਰੂ ਗ੍ਰੰਥ ਦੇ ਬਰਾਬਰ ਦਾ ਸਥਾਨ ਦੇਣਾ, ਰੋਜ਼ਗਾਰ ਦੇਣ ਦੀ ਥਾਂ ਬੇਲੋੜੀ ਮੁਫਤ ਦੀ ਤੀਰਥ ਯਾਤਰਾ ਸ਼ੁਰੂ ਕਰਨੀ ਆਦਕ ਕੰਮਾਂ ਕਰਕੇ ਸਿੱਖ ਅਵਾਮ ਨੇ ਅਕਾਲੀ ਦਲ ਵਲੋਂ ਮੂੰਹ ਮੋੜ ਲਿਆ। ਸਭ ਤੋਂ ਵੱਡਾ ਕਾਰਨ ਇਹ ਹੈ ਕਿ ਪੰਥਕ ਸਰਕਾਰ ਸਮੇਂ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਹੋਣੀ ਤੇ ਮੁਲਜ਼ਮਾਂ ਨੂੰ ਨਾ ਫੜਨਾ ਤੇ ਸ਼ਾਂਤਮਈ ਰੋਸ ਪ੍ਰਗਟ ਕਰਦਿਆਂ `ਤੇ ਲਾਠੀਆਂ ਗੋਲ਼ੀਆਂ ਦਾ ਮੀਂਹ ਵਰਾਹੁੰਣਾ ਸ਼੍ਰੋਮਣੀ ਅਕਾਲੀ ਦਲ `ਤੇ ਬਦਨੁਮਾ ਧੱਬੇ ਹਨ।
ਮੌਜੂਦਾ ਦੌਰ ਵਿੱਚ ਕੌਮੀ ਆਪਾਧਾਪੀ ਦਾ ਮਾਹੌਲ ਹੈ। ਕੋਈ ਧਾਰਮਕ ਮਸਲਾ ਨਹੀ ਜਿਸਦਾ ਰਾਜਨੀਤੀਕਰਣ ਨਹੀਂ ਹੋਇਆ। ਨਿਤ ਦਿਹਾੜੇ ਨਵੇਂ ਤੋਂ ਨਵਾਂ ਵਿਵਾਦ ਉਠ ਖਲੋਂਦਾ ਹੈ ਤੇ ਉਨ੍ਹਾਂ ਨਾਲ ਨਜਿੱਠਣ ਲਈ ਕੋਈ ਸ਼ਕਤੀ ਜਥੇਬੰਦਕ ਤੌਰ ਤੇ ਕੌਮ ਕੋਲ ਨਹੀਂ। ਇੱਕ ਪਾਸੇ ਕੌਮ ਦੀ ਜੁਆਨੀ ਆਧੁਨਿਕਤਾ ਦੇ ਹੜ੍ਹ `ਚ ਵਹਿ ਰਹੀ ਹੈ ਤੇ ਕੌਮੀ ਸੰਸਥਾਵਾਂ ਭਗਵੇਂ ਕਰਨ ਵੱਲ ਵਧ ਰਹੀਆਂ ਹਨ। ਕੌਮ ਦੀ ਹਾਲਤ ਤੇ ਭਵਿੱਖ ਚਿੰਤਾਵਾਲੇ ਨਜ਼ਰ ਆ ਰਹੇ ਹਨ। ਸਿੱਖ ਵਿਦਵਾਨ, ਧਾਰਮਕ ਤੇ ਰਾਜਸੀ ਲੀਡਰ ਹਉਮੈਂ ਅਤੇ ਸੁਆਰਥ ਦੇ ਸ਼ਿਕਾਰ ਹਨ। ਕੀ ਅਜਿਹੇ ਮਾਹੌਲ ਵਿੱਚ ਕੋਈ ਨਵਾਂ ਜਥੇਬੰਦਕ ਢਾਂਚਾ ਉਭਰ ਕੇ ਸਾਹਮਣੇਂ ਆਵੇਗਾ ਜੋ ਕੌਮੀ ਹਿਤਾਂ ਦੀ ਪਹਿਰੇਦਾਰੀ ਕਰੇ? ਇਸ ਸੁਆਲ ਦਾ ਜੁਆਬ ਭਵਿੱਖ ਤਹਿ ਕਰੇਗਾ।
.