.

ਸੂਹੀ ਕੀ ਵਾਰ ਮਹਲਾ ੩

(ਪੰ: ੭੮੫ ਤੋਂ੭੯੨)

ਸਟੀਕ, ਲੋੜੀਂਦੇ ਗੁਰਮੱਤ ਵਿਚਾਰ ਦਰਸ਼ਨ ਸਹਿਤ

(ਕਿਸ਼ਤ-ਬਾਰ੍ਹਵੀਂ)

ਪ੍ਰਿਂਸੀਪਲ ਗਿਆਨੀ ਸੁਰਜੀਤ ਸਿੰਘ, ਸਿੱਖ ਮਿਸ਼ਨਰੀ, ਦਿੱਲੀ, ਪ੍ਰਿਂਸੀਪਲ ਗੁਰਮੱਤ ਐਜੂਕੇਸ਼ਨ ਸੈਂਟਰ, ਦਿੱਲੀ,

ਮੈਂਬਰ ਧਰਮ ਪ੍ਰਚਾਰ ਕ: ਦਿ: ਸਿ: ਗੁ: ਪ੍ਰ: ਕਮੇਟੀ, ਦਿੱਲੀ: ਫਾਊਂਡਰ (ਮੋਢੀ) ਸਿੱਖ ਮਿਸ਼ਨਰੀ ਲਹਿਰ ਸੰਨ 1956

ਪਉੜੀ ਨੰ: ੫ ਦਾ ਮੂਲ ਪਾਠ ਸਲੋਕਾਂ ਸਮੇਤ:-

ਸਲੋਕੁ ਮਃ ੩॥ ਸੂਹਵੀਏ ਸੂਹਾ ਵੇਸੁ ਛਡਿ ਤੂ, ਤਾ ਪਿਰ ਲਗੀ ਪਿਆਰੁ॥ ਸੂਹੈ ਵੇਸਿ ਪਿਰੁ ਕਿਨੈ ਨ ਪਾਇਓ, ਮਨਮੁਖਿ ਦਝਿ ਮੁਈ ਗਾਵਾਰਿ॥ ਸਤਿਗੁਰਿ ਮਿਲਿਐ ਸੂਹਾ ਵੇਸੁ ਗਇਆ, ਹਉਮੈ ਵਿਚਹੁ ਮਾਰਿ॥ ਮਨੁ ਤਨੁ ਰਤਾ ਲਾਲੁ ਹੋਆ, ਰਸਨਾ ਰਤੀ ਗੁਣ ਸਾਰਿ॥ ਸਦਾ ਸੋਹਾਗਣਿ ਸਬਦੁ ਮਨਿ, ਭੈ ਭਾਇ ਕਰੇ ਸੀਗਾਰੁ॥ ਨਾਨਕ ਕਰਮੀ ਮਹਲੁ ਪਾਇਆ, ਪਿਰੁ ਰਾਖਿਆ ਉਰ ਧਾਰਿ॥ ੧ 

ਮਃ ੩॥ ਮੁੰਧੇ ਸੂਹਾ ਪਰਹਰਹੁ, ਲਾਲੁ ਕਰਹੁ ਸੀਗਾਰੁ॥ ਆਵਣ ਜਾਣਾ ਵੀਸਰੈ, ਗੁਰ ਸਬਦੀ ਵੀਚਾਰੁ॥ ਮੁੰਧ ਸੁਹਾਵੀ ਸੋਹਣੀ, ਜਿਸੁ ਘਰਿ ਸਹਜਿ ਭਤਾਰੁ॥ ਨਾਨਕ ਸਾ ਧਨ ਰਾਵੀਐ, ਰਾਵੇ ਰਾਵਣਹਾਰੁ॥ ੨ 

ਪਉੜੀ॥ ਮੋਹੁ ਕੂੜੁ ਕੁਟੰਬੁ ਹੈ, ਮਨਮੁਖੁ ਮੁਗਧੁ ਰਤਾ॥ ਹਉਮੈ ਮੇਰਾ ਕਰਿ ਮੁਏ, ਕਿਛੁ ਸਾਥਿ ਨ ਲਿਤਾ॥ ਸਿਰ ਉਪਰਿ ਜਮਕਾਲੁ ਨ ਸੁਝਈ, ਦੂਜੈ ਭਰਮਿਤਾ॥ ਫਿਰਿ ਵੇਲਾ ਹਥਿ ਨ ਆਵਈ, ਜਮਕਾਲਿ ਵਸਿ ਕਿਤਾ॥ ਜੇਹਾ ਧੁਰਿ ਲਿਖਿ ਪਾਇਓਨੁ, ਸੇ ਕਰਮ ਕਮਿਤਾ॥ ੫ 

(ਸਟੀਕ-ਪਉੜੀ ੫, ਸਲੋਕਾਂ ਅਤੇ ਲੋੜੀਂਦੇ ‘ਗੁਰਮੱਤ ਵਿਚਾਰ ਦਰਸ਼ਨ’ ਸਹਿਤ)

ਸਲੋਕੁ ਮਃ ੩॥ ਸੂਹਵੀਏ ਸੂਹਾ ਵੇਸੁ ਛਡਿ ਤੂ, ਤਾ ਪਿਰ ਲਗੀ ਪਿਆਰੁ॥ ਸੂਹੈ ਵੇਸਿ ਪਿਰੁ ਕਿਨੈ ਨ ਪਾਇਓ, ਮਨਮੁਖਿ ਦਝਿ ਮੁਈ ਗਾਵਾਰਿ॥ ਸਤਿਗੁਰਿ ਮਿਲਿਐ ਸੂਹਾ ਵੇਸੁ ਗਇਆ, ਹਉਮੈ ਵਿਚਹੁ ਮਾਰਿ॥ ਮਨੁ ਤਨੁ ਰਤਾ ਲਾਲੁ ਹੋਆ, ਰਸਨਾ ਰਤੀ ਗੁਣ ਸਾਰਿ॥ ਸਦਾ ਸੋਹਾਗਣਿ ਸਬਦੁ ਮਨਿ, ਭੈ ਭਾਇ ਕਰੇ ਸੀਗਾਰੁ॥ ਨਾਨਕ ਕਰਮੀ ਮਹਲੁ ਪਾਇਆ, ਪਿਰੁ ਰਾਖਿਆ ਉਰ ਧਾਰਿ॥ ੧॥"

ਪਦ ਅਰਥ : — ਸੂਹਵੀਏ—ਹੇ ਮੋਹ-ਮਾਇਆ ਦੇ ਕਸੁੰਭੇ ਚੁਹਚੁਹੇ ਰੰਗ ਨਾਲ ਪਿਆਰ ਕਰਨ ਵਾਲੀ ਜੀਵ ਇਸਤ੍ਰੀ! ਸੂਹਾ ਵੇਸੁ—ਚੁਹਚੁਹੇ ਰੰਗ ਵਾਲਾ ਵੇਸ, ਮਨ ਨੂੰ ਮੋਹਣ ਵਾਲੇ ਪਦਾਰਥਾਂ ਦਾ ਚਾਉ, ਮੋਹ-ਮਾਇਆ ਦੀ ਪਕੜ, ਸੰਸਾਰਕ ਰਸ। ਦਝਿ—ਸੜ ਕੇ। ਗਾਵਾਰਿ—ਗਵਾਰਨ, ਮੂਰਖ। ਗੁਣ ਸਾਰਿ—ਪ੍ਰਭੂ ਦੇ ਗੁਣ ਚੇਤੇ ਕਰ। ਕਰਮੀ—ਪ੍ਰਭੂ ਦੀ ਮਿਹਰ ਨਾਲ। ਉਰ—ਹਿਰਦਾ।

ਅਰਥ : — "ਸੂਹਵੀਏ ਸੂਹਾ ਵੇਸੁ ਛਡਿ ਤੂ, ਤਾ ਪਿਰ ਲਗੀ ਪਿਆਰੁ" -ਹੇ ਮੋਹ ਮਾਇਆ ਦੇ ਚੂਹਚੂਹੇ ਕਸੁੰਭੇ-ਰੰਗ ਨਾਲ ਪਿਆਰ ਕਰਨ ਵਾਲੀ, ਸੰਸਾਰਕ ਰਸਾਂ ਤੇ ਰੰਗ ਤਮਾਸ਼ਿਆਂ `ਚ ਮਸਤ ਜੀਵ ਇਸਤ੍ਰੀ! ਤੂੰ ਨਾਸ਼ਵਾਨ ਸੰਸਾਰਕ ਪਦਾਰਥਾਂ ਦਾ ਮੋਹ ਤਿਆਗ; ਕੇਵਲ ਇਹੀ ਢੰਗ ਹੈ ਜਿਸ ਰਾਹੀਂ ਤੂੰ ਸਮੂਹ ਦਾਤਾਂ ਦੇਣ ਵਾਲੇ ਸਦਾ ਥਿਰ ਪ੍ਰਭੂ-ਪਤੀ ਪ੍ਰਮਾਤਮਾ ਦੇ ਸੱਚੇ ਪਿਆਰ ਨੂੰ ਹਾਸਲ ਕਰ ਸਕਦੀ ਹੈਂ।

"ਸੂਹੈ ਵੇਸਿ ਪਿਰੁ ਕਿਨੈ ਨ ਪਾਇਓ, ਮਨਮੁਖਿ ਦਝਿ ਮੁਈ ਗਾਵਾਰਿ" - ਐ ਜੀਵ-ਇਸਤ੍ਰੀ! ਸ਼ੱਚ ਵੀ ਇਹ ਹੈ ਕਿ ਇਸ ਚੁਹਚੁਹੇ ਰੰਗ ਨਾਲ ਬੱਝੀ ਤੇ ਮੋਹ-ਮਾਇਆ ਦੇ ਸੰਸਾਰਕ ਰੰਗ ਤਮਾਸ਼ਿਆਂ ਵੱਲ ਖਿੱਚੀ ਰਹਿ ਕੇ ਕੋਈ ਵੀ ਜੀਵ-ਇਸਤ੍ਰੀ, ਪ੍ਰਭੂ-ਪਤੀ ਦੇ ਦਰ `ਤੇ ਕਬੂਲ ਨਹੀਂ ਹੁੰਦੀ।

ਬਲਕਿ ਅਜਿਹੀ ਆਪ-ਹੁੱਦਰੀ ਮੂਰਖ ਤੇ ਗਵਾਰ ਜੀਵ ਇਸਤ੍ਰੀ, ਇਸ ਮੋਹ ਮਾਇਆ, ਵਿਕਾਰਾਂ ਤੇ ਤ੍ਰਿਸਨਾ ਦੀ ਅੱਗ `ਚ ਹੀ ਜੀਵਨ ਭਰ ਸੜਦੀ ਤੇ ਮਰਦੀ ਰਹਿ ਕੇ ਅੰਤ ਪ੍ਰਭੂ ਬਖ਼ਸ਼ੇ ਇਸ ਮਨੁੱਖਾ ਜਨਮ ਵਾਲੇ ਵਿਸ਼ੇਸ਼ ਤੇ ਦੁਰਲਭ ਅਵਸਰ ਨੂੰ ਵੀ ਬਿਰਥਾ ਕਰਕੇ ਹੀ ਸੰਸਾਰ ਤੋਂ ਜਾਂਦੀ ਹੈ।

"ਸਤਿਗੁਰਿ ਮਿਲਿਐ ਸੂਹਾ ਵੇਸੁ ਗਇਆ, ਹਉਮੈ ਵਿਚਹੁ ਮਾਰਿ" -ਪਰ ਜੇ ਉਹੀ ਜੀਵ ਇਸਤ੍ਰੀ ਮਨ ਕਰਕੇ ਸ਼ਬਦ-ਗੁਰੂ ਦੀ ਸ਼ਰਣ `ਚ ਆ ਜਾਵੇ ਤਾਂ ਆਪਣੇ ਅੰਦਰੋਂ ਹਉਮੈ ਨੂੰ ਮਾਰ ਕੇ ਨਾਸ਼ਮਾਨ ਸੰਸਾਰ ਦੀ ਦਿਲਖਿੱਚਵੀਂ ਦਿਖਾਵਾ ਮਾਤ੍ਰ ਚਮਕ-ਦਮਕ ਵੱਲੋਂ ਛੁਟਕਾਰਾ ਪਾਉਣ `ਚ ਸਫ਼ਲ ਹੋ ਜਾਂਦੀ ਹੈ। ਇਸ ਤਰ੍ਹਾਂ ਮਾਇਕ ਖਿਚਾਂ ਤੇ ਵਿਕਾਰ ਆਦਿ ਵੀ ਉਸ ਦੇ ਮਨ ਨੂੰ ਨਹੀਂ ਮੋਹ ਸਕਦੇ।

"ਮਨੁ ਤਨੁ ਰਤਾ ਲਾਲੁ ਹੋਆ, ਰਸਨਾ ਰਤੀ ਗੁਣ ਸਾਰਿ" -ਜੀਵਨ ਦੀ ਬਦਲ ਚੁੱਕੀ ਰਹਿਣੀ ਤੇ ਇਸ ਗੁਰਮੁਖੀ ਜੀਵਨ ਕਾਰਣ ਉਸ ਜੀਵ ਇਸਤ੍ਰੀ ਦਾ ਮਨ ਤੇ ਸਰੀਰ ਪ੍ਰਭੂ ਦੇ ਨਾਮ ਰੰਗ `ਚ ਰੰਗੇ ਜਾਂਦੇ ਹਨ ਬਲਕਿ ਰਸਨਾ ਕਰਕੇ ਵੀ ਉਹ ਪ੍ਰਭੂ ਦੀ ਸਿਫ਼ਤ-ਸਲਾਹ ਦੇ ਗੁਣ ਹੀ ਗਾਉਂਦੀ ਰਹਿੰਦੀ ਹੈ।

"ਸਦਾ ਸੋਹਾਗਣਿ, ਸਬਦੁ ਮਨਿ, ਭੈ ਭਾਇ ਕਰੇ ਸੀਗਾਰੁ" -ਹੇ ਭਾਈ! ਜਿਸ ਜੀਵ-ਇਸਤ੍ਰੀ ਨੇ ਮੋਹ ਮਾਇਆ ਦੇ ਸੰਸਾਰਕ ਕਸੁੰਭ ਦੇ ਕੱਚੇ ਰੰਗ ਬਦਲੇ ਪ੍ਰਭੂ ਦੇ ਨਿਰਮਲ ਭਉ ਤੇ ਪਿਆਰ ਨੂੰ ਹੀ ਆਪਣੇ ਮਨ ਤੇ ਜੀਵਨ ਦਾ ਸ਼ਿੰਗਾਰ ਬਲਕਿ ਸ਼ਬਦ-ਗੁਰੂ ਦੀ ਕਮਾਈ ਹੀ ਜਿਸ ਦਾ ਗਹਿਣਾ ਬਣ ਗਈ ਉਹ ਜੀਵ ਇਸਤ੍ਰੀ ਸਦਾ ਲਈ ਸੁਹਾਗ ਭਾਗ ਵਾਲੀ ਹੋ ਜਾਂਦੀ ਹੈ।

ਉਹ ਸਦਾ ਲਈ ਪ੍ਰਭੂ ਪਤੀ ਦੇ ਦਰ `ਤੇ ਕਬੂਲ ਹੋ ਜਾਂਦੀ ਹੈ ਅਤੇ ਸਦੀਵ ਕਾਲ ਲਈ ਜੀਵਨ ਦਾਤੇ ਪ੍ਰਭੂ `ਚ ਸਮਾਅ ਜਾਂਦੀ ਹੈ, ਉਸਦਾ ਮਨੁੱਖਾ ਜਨਮ ਸਫ਼ਲ ਹੋ ਜਾਂਦਾ ਹੈ, ਉਹ ਮੁੜ ਗਰਭਾਂ-ਜੂਨਾਂ ਦੇ ਗੇੜ `ਚ ਨਹੀਂ ਪੈਂਦੀ ਤੇ ਆਉਂਦੀ।

"ਨਾਨਕ ਕਰਮੀ ਮਹਲੁ ਪਾਇਆ, ਪਿਰੁ ਰਾਖਿਆ ਉਰ ਧਾਰਿ"॥ ੧॥ - ਹੇ ਨਾਨਕ! ਪ੍ਰਭੂ ਦੀ ਮਿਹਰ ਸਦਕਾ, ਪ੍ਰਭੂ ਨੂੰ ਹਿਰਦੇ `ਚ ਟਿਕਾਇਆਂ ਹੀ, ਜੀਵ ਨੂੰ ਪ੍ਰਭੂ ਦੀ ਹਜ਼ੂਰੀ ਹਾਸਲ ਹੁੰਦੀ ਹੈ।

ਭਾਵ ਅਜਿਹੀ ਜੀਵ ਇਸਤ੍ਰੀ, ਕਰਤੇ ਪ੍ਰਭੂ ਦੀ ਬਖ਼ਸ਼ਿਸ਼ ਕਾਰਣ ਆਤਮਕ ਤਲ `ਤੇ ਜੀਵਨ ਦੀ ਉੱਚਤੱਮ ਅਵਸਥਾ ਨੂੰ ਪ੍ਰਾਪਤ ਹੋ ਜਾਂਦੀ ਤੇ ਜੀਂਦੇ ਜੀਅ ਸਦਾ ਲਈ ਪ੍ਰਭੂ `ਚ ਹੀ ਸਮਾਅ ਜਾਂਦੀ ਹੈ। ੧।

ਮਃ ੩॥ ਮੁੰਧੇ ਸੂਹਾ ਪਰਹਰਹੁ ਲਾਲੁ ਕਰਹੁ ਸੀਗਾਰੁ॥ ਆਵਣ ਜਾਣਾ ਵੀਸਰੈ, ਗੁਰ ਸਬਦੀ ਵੀਚਾਰੁ॥ ਮੁੰਧ ਸੁਹਾਵੀ ਸੋਹਣੀ, ਜਿਸੁ ਘਰਿ ਸਹਜਿ ਭਤਾਰੁ॥ ਨਾਨਕ ਸਾ ਧਨ ਰਾਵੀਐ, ਰਾਵੇ ਰਾਵਣਹਾਰੁ॥ ੨॥ {ਪੰਨਾ ੭੮੭}

ਪਦ ਅਰਥ : —ਮੁੰਧੇ—ਹੇ ਜੀਵ ਇਸਤ੍ਰੀ! ਪਰਹਰਹੁ—ਛੱਡ ਦੇ, ਤਿਆਗ ਦੇ। ਲਾਲੁ ਕਰਹੁ ਸੀਗਾਰ—ਆਪਣੇ ਜੀਵਨ ਨੂੰ ਪ੍ਰਭੂ ਦੀ ਸਿਫ਼ਤ ਸਲਾਹ ਵਾਲੇ ਰੰਗ `ਚ ਰੰਗ ਲੈ। ਆਵਣ ਜਾਣਾ ਵੀਸਰੈ—ਤੇਰਾ ਪਹਿਲਾਂ ਤੋਂ ਚਲਦਾ ਆ ਰਿਹਾ ਜਨਮ-ਮਰਨ ਵਾਲਾ ਗੇੜ ਵੀ ਸਦਾ ਲਈ ਮੁੱਕ ਜਾਵੇਗਾ। ਗੁਰ ਸਬਦੀ ਵੀਚਾਰੁ—ਸ਼ਬਦ-ਗੁਰੂ ਦੀ ਕਮਾਈ ਤੇ ਵਿਚਾਰ ਕਾਰਣ।

ਘਰਿ—ਹਿਰਦੇ ਘਰ `ਚ। ਸਹਜਿ—ਸਹਿਜ ਅਵਸਥਾ, ਮਨ ਦੇ ਟਿਕਾਅ ਵਾਲੀ ਜੀਵਨ ਦੀ ਅਵਸਥਾ। ਸਾ ਧਨ—ਉਹ ਜੀਵ ਇਸਤ੍ਰੀ। ਰਾਵੀਐ—ਮਾਣਦੀ ਹੈ, ਜੀਂਦੇ ਜੀਅ ਪ੍ਰਭੂ ਪਤੀ `ਚ ਸਮਾਅ ਜਾਂਦੀ ਹੈ। ਰਾਵਣਹਾਰੁ—ਚੋਜੀ ਪ੍ਰੀਤਮ ਪ੍ਰਭੂ-ਪਤੀ, ਸਦੀਵੀ ਅਨੰਦ ਦਾ ਸੋਮਾ ਪ੍ਰਭੂ।

ਅਰਥ : — "ਮੁੰਧੇ ਸੂਹਾ ਪਰਹਰਹੁ, ਲਾਲੁ ਕਰਹੁ ਸੀਗਾਰੁ" -ਹੇ ਜੀਵ-ਇਸਤ੍ਰੀ! ਮਨ ਨੂੰ ਮੋਹਣ ਵਾਲੇ ਸੰਸਾਰ ਦੇ ਨਾਸ਼ਵਾਨ ਪਦਾਰਥਾਂ ਦਾ ਪਿਆਰ ਤਿਆਗ ਦੇ ਅਤੇ ਪ੍ਰਮਾਤਮਾ ਦੇ ਨਾਮ ਭਾਵ ਪ੍ਰਭੂ ਦੀ ਸਿਫ਼ਤ ਸਲਾਹ ਨੂੰ ਆਪਣੇ ਜੀਵਨ ਦਾ ਸਿੰਗਾਰ ਬਣਾ ਲੈ। ਕਿਉਂਕਿ ਮਜੀਠ ਦੇ ਪੱਕੇ ਲਾਲ ਰੰਗ ਵਾਂਙ, ਪ੍ਰਭੂ ਪਤੀ `ਚ ਸਦਾ ਅਭੇਦ ਹੋਣ ਲਈ ਉਹੀ ਸ਼ਿੰਗਾਰ ਪੱਕਾ ਹੁੰਦਾ ਹੈ ਤੇ ਕਦੇ ਨਹੀਂ ਉਤਰਦਾ।

"ਆਵਣ ਜਾਣਾ ਵੀਸਰੈ, ਗੁਰ ਸਬਦੀ ਵੀਚਾਰੁ" - ਮਜੀਠ ਦੇ ਪੱਕੇ ਲਾਲ ਰੰਗ ਵਾਂਙ ਸ਼ਬਦ-ਗੁਰੂ ਦੀ ਕਮਾਈ ਤੇ ਵਿਚਾਰ ਰਾਹੀਂ ਮਨੁੱਖਾ ਜੀਵਨ ਤੇ ਮਨ `ਤੇ ਪ੍ਰਭੂ ਦੀ ਸਿਫ਼ਤ ਸਲਾਹ ਵਾਲਾ ਚੜ੍ਹ ਚੁੱਕਾ ਪ੍ਰਭੂ ਪਿਆਰ ਵਾਲਾ ਲਾਲ ਰੰਙ ਫ਼ਿਰ ਕਦੇ ਨਹੀਂ ਉਤਰਦਾ। ਇਸ ਤਰ੍ਹਾਂ ਤੂੰ ਵੀ ਪ੍ਰਭੂ ਦੇ ਦਰ `ਤੇ ਸਦਾ ਲਈ ਕਬੂਲ ਹੋ ਜਾਵੇਂਗੀ, ਤੇਰਾ ਮਨੁੱਖਾ ਜਨਮ ਵੀ ਸਫ਼ਲ ਹੋ ਜਾਵੇਗਾ।

ਇਸ ਤਰ੍ਹਾਂ ਪ੍ਰਭੂ ਦੇ ਅੰਸ਼, ਮਨ ਦੇ ਰੂਪ `ਚ, ਤੇਰੇ ਲਈ ਜਨਮਾਂ-ਜੂਨਾਂ ਤੇ ਭਿੰਨ-ਭਿੰਨ ਗਰਭਾਂ ਵਾਲਾ ਚਿਰਾਂ ਤੇ ਬਣਿਆ ਹੋਇਆ ਵਿਛੋੜਾ ਭਾਵ ਜਨਮ-ਮਰਨ ਵਾਲਾ ਸਿਲਸਿਲਾ ਸਦਾ ਲਈ ਮੁੱਕ ਜਾਵੇਗਾ। ਤੂੰ ਜੀਂਦੇ-ਜੀਅ ਸਦਾ ਲਈ ਆਪਣੇ ਅਸਲੇ ਪ੍ਰਭੂ ਪਤੀ `ਚ ਹੀ ਸਮਾਅ ਜਾਵੇਂਗੀ ਉਸ ਨਾਲ ਇਕ-ਮਿਕ ਹੋ ਜਾਵੇਂਗੀ, ਉਸੇ `ਚ ਅਭੇਦ ਹੋ ਜਾਵੇਂਗੀ।

"ਮੁੰਧ ਸੁਹਾਵੀ ਸੋਹਣੀ, ਜਿਸੁ ਘਰਿ ਸਹਜਿ ਭਤਾਰੁ" - ਦਰਅਸਲ ਆਤਮਕ ਤਲ `ਤੇ ਕੇਵਲ ਉਹੀ ਜੀਵ-ਇਸਤ੍ਰੀ ਸੋਹਣੀ ਤੇ ਸੁੰਦਰ ਹੁੰਦੀ ਤੇ ਉਹ ਸਫ਼ਲ ਮਨੁੱਖਾ ਜਨਮ ਨੂੰ ਪ੍ਰਾਪਤ ਹੁੰਦੀ ਹੈ। ਜਿਹੜੀ "ਗੁਰ ਸਬਦੀ ਵੀਚਾਰੁ" ਕਾਰਣ ਮਨ ਦੀ ਅਡੋਲ ਤੇ ਸਹਿਜ ਅਵਸਥਾ ਨੂੰ ਪ੍ਰਪਤ ਹੋ ਜਾਂਦੀ ਹੈ। ਉਪ੍ਰੰਤ ਪ੍ਰਭੂ ਆਪ ਬਹੁੜੀ ਕਰਕੇ ਅਜਿਹੀ ਜੀਵ-ਇਸਤ੍ਰੀ ਨੂੰ ਆਪਣੇ ਦਰ `ਤੇ ਕਬੂਲ ਵੀ ਕਰ ਲੈਂਦਾ ਹੈ।

"ਨਾਨਕ ਸਾਧਨ ਰਾਵੀਐ, ਰਾਵੇ ਰਾਵਣਹਾਰੁ"॥ ੨॥ -ਹੇ ਨਾਨਕ! ਮਨ ਤੇ ਆਤਮਕ ਤਲ `ਤੇ ਉੱਚਤਮ ਬਲਕਿ ਜੀਵਨ ਕਰਕੇ ਤੁਰੀਆ ਅਵਸਥਾ ਨੂੰ ਪ੍ਰਾਪਤ ਹੋ ਚੁੱਕੀ ਅਜਿਹੀ ਜੀਵ-ਇਸਤ੍ਰੀ ਨੂੰ ਚੋਜੀ ਪ੍ਰੀਤਮ ਪ੍ਰਭੂ ਆਪ ਹੀ ਆਪਣੇ ਨਾਲ ਮਿਲਾ ਲੈਂਦਾ ਹੈ॥ ਉਸ ਜੀਵ ਇਸਤ੍ਰੀ ਦਾ, ਮਨ ਦੇ ਰੂਪ `ਚ ਪ੍ਰਭੂ ਤੋਂ ਬਣਿਆ ਹੋਇਆ ਵਿਛੋੜਾ ਵੀ ਸਦਾ ਲਈ ਸਮਾਪਤ ਹੋ ਜਾਂਦਾ ਹੈ। ੨।

ਪਉੜੀ॥ ਮੋਹੁ ਕੂੜੁ ਕੁਟੰਬੁ ਹੈ, ਮਨਮੁਖੁ ਮੁਗਧੁ ਰਤਾ॥ ਹਉਮੈ ਮੇਰਾ ਕਰਿ ਮੁਏ, ਕਿਛੁ ਸਾਥਿ ਨ ਲਿਤਾ॥ ਸਿਰ ਉਪਰਿ ਜਮਕਾਲੁ ਨ ਸੁਝਈ, ਦੂਜੈ ਭਰਮਿਤਾ॥ ਫਿਰਿ ਵੇਲਾ ਹਥਿ ਨ ਆਵਈ, ਜਮਕਾਲਿ ਵਸਿ ਕਿਤਾ॥ ਜੇਹਾ ਧੁਰਿ ਲਿਖਿ ਪਾਇਓਨੁ, ਸੇ ਕਰਮ ਕਮਿਤਾ॥ ੫॥ {ਪੰਨਾ ੭੮੭}

ਪਦ ਅਰਥ : —ਮੁਗਧੁ—ਮੂਰਖ, ਅਗਿਆਨੀ। ਕੁਟੰਬੁ—ਸਮਾਜਕ ਤੇ ਪ੍ਰਵਾਰਕ ਮੋਹ ਮਾਇਆ ਵਾਲੇ ਝਮੇਲੇ। ਕੂੜ—ਨਾਸ਼ਵਾਨ। ਮੋਹੁ ਕੂੜੁ ਕੁਟੰਬੁ—ਨਾਸ਼ਵਾਨ੍ਰਵਾਰਕ ਮੋਹ ਆਦਿ ਦੀ ਪਕੜ। ਫਿਰਿ ਵੇਲਾ ਹਥਿ ਨ ਆਵਈ—ਦੁਰਲਭ ਮਨੁੱਖਾ ਜਨਮ ਵਾਲਾ ਇਹ ਪ੍ਰਾਪਤ ਸਮਾਂ ਮੁੜ ਸੌਖੇ ਹਾਸਲ ਨਹੀਂ ਹੁੰਦਾ। ਜਮਕਾਲਿ—ਜਮਕਾਲ ਨੇ, ਮੌਤ ਨੇ।

ਜਮਕਾਲਿ ਵਸਿ ਕਿਤਾ —ਮੌਤ ਤਾਂ ਹਰ ਸਮੇ ਬੰਦੇ ਦੇ ਸਿਰ `ਤੇ ਖੜੀ ਰਹਿੰਦੀ ਹੈ, ਬੰਦੇ ਦੀ ਮੌਤ ਤਾਂ ਉਸ ਤੋਂ ਪੁਛੇ ਬਿਨਾ ਕਿਸੇ ਸਮੇਂ ਵੀ ਹਮਲਾ ਕਰ ਸਕਦੀ ਹੈ। ਪਾਇਓਨੁ— ਉਸ (ਪ੍ਰਭੂ) ਨੇ ਆਪ ਪਾਈ ਹੋਈ ਹੈ। ਜੇਹਾ ਧੁਰਿ ਲਿਖਿ ਪਾਇਓਨ—ਪ੍ਰਭੂ ਦੇ ਨਿਆਂ `ਚ। ਕਮਿਤਾ—ਕੀਤੀ ਹੋਈ ਕਮਾਈ। ਸੇ ਕਰਮ ਕਮਿਤਾ— ਜਿਹੋ ਜਿਹੀ ਮਨੁੱਖ ਨੇ ਜੀਵਨ ਦੌਰਾਨ ਕਮਾਈ ਕੀਤੀ ਹੋਈ ਹੁੰਦੀ ਹੈ।

ਅਰਥ : — "ਮੋਹੁ ਕੂੜੁ ਕੁਟੰਬੁ ਹੈ, ਮਨਮੁਖੁ ਮੁਗਧੁ ਰਤਾ" - ਹਰੇਕ ਨਿਗੁਰਾ ਮਨੁੱਖ, ਰਹਿਣੀ ਕਰਣੀ ਤੇ ਸੁਭਾਅ ਕਰਕੇ ਸਦਾ ਆਪਣੇ ਮਨ ਦੇ ਪਿਛੇ ਟੁਰਣ ਵਾਲਾ ਕੇਵਲ ਆਪਹੁੱਦਰਾ ਅਤੇ ਮਨਮੁਖ ਹੀ ਹੁੰਦਾ ਹੈ। ਉਹ ਆਪਣੇ ਦੁਰਲਭ ਮਨੁੱਖਾ ਜਨਮ ਦੇ ਇਕੋ ਇੱਕ ਮਕਸਦ ਵੱਲੋਂ ਜੀਵਨ ਭਰ ਅਣਜਾਣ ਰਹਿ ਕੇ ਬਦਲੇ `ਚ ਉਸਦੀ ਸਮੂਚੀ ਰਹਿਣੀ ਕਰਣੀ ਤੇ ਸੋਚਨੀ `ਚ ਕੇਵਲ ਨਾਸ਼ਵੰਤ ਪਦਾਰਥਾਂ ਦਾ ਮੋਹ, ਪ੍ਰਾਪਤੀਆਂ ਦੀ ਹੋੜ ਤੇ ਪ੍ਰਵਾਰਕ ਝਮੇਲੇ ਹੀ ਪ੍ਰਬਲ ਰਹਿੰਦੇ ਹਨ।

"ਹਉਮੈ ਮੇਰਾ ਕਰਿ ਮੁਏ, ਕਿਛੁ ਸਾਥਿ ਨ ਲਿਤਾ" - ਅਜਿਹੇ ਮਨਮੁਖ ਹਰ ਸਮੇਂ "ਮੈਂ, ਮੇਰੀ" "ਮੈਂ ਵੱਡਾ ਹਾਂ", "ਧਨ ਪਦਾਰਥ ਮੇਰੇ ਹਨ" ਆਦਿ ਕਹਿ ਕਹਿ ਕੇ ਜੀਵਨ ਭਰ ਖ਼ੁਆਰ ਹੁੰਦੇ ਹਨ ਅੰਤ ਮੌਤ ਤਾਂ ਹੋ ਹੀ ਜਾਂਦੀ ਹੈ ਪਰ ਉਹ ਮਨੁੱਖਾ ਜਨਮ ਦੌਰਾਨ ਵੀ ਇਕੋ ਇੱਕ ਪ੍ਰਭੂ ਮਿਲਾਪ ਵਾਲੇ ਮਕਸਦ ਪੱਖੋਂ ਉਸੇ ਤਰ੍ਹਾਂ ਖਾਲੀ ਹੱਥ ਜਾਂੰਦੇ ਹਨ ਜਿਵੇਂ ਸੰਸਾਰ `ਚ ਆਉਂਦੇ ਵੀ ਖਾਲੀ ਹੱਥ ਹੀ ਹਨ।

"ਸਿਰ ਉਪਰਿ ਜਮਕਾਲੁ ਨ ਸੁਝਈ, ਦੂਜੈ ਭਰਮਿਤਾ" - ਮਾਇਕ ਲਾਲਸਾਵਾਂ `ਚ ਉਲਝੇ ਇਨ੍ਹਾਂ ਮਨਮੁਖਾਂ ਨੂਮ ਜੀਵਨ ਭਰ ਸਿਰ `ਤੇ ਖਲੋਤੀ ਹੋਈ ਆਪਣੀ ਮੌਤ ਵੀ ਨਹੀਂ ਸੁੱਝਦੀ। ਉਹ ਸਮੂਹ ਦਾਤਾਂ ਦੇਣ ਵਾਲੇ ਦਾਤੇ ਪ੍ਰਭੂ ਨੂੰ ਵਿਸਾਰ ਕੇ ਅੰਤ ਸਮੇਂ ਤੀਕ ਕੇਵਲ ਤੇ ਕੇਵਲ ਸੰਸਾਰਕ ਪ੍ਰਾਪਤੀਆਂ ਤੇ ਪ੍ਰਭੂ ਦੀਆਂ ਦਾਤਾਂ ਨਾਲ ਹੀ ਚੰਬੜੇ ਰਹਿੰਦੇ ਅਤੇ ਉਨ੍ਹਾਂ ਲਈ ਹੀ ਭਟਕਦੇ ਤੇ ਪ੍ਰੇਸ਼ਾਨ ਹੁੰਦੇ ਰਹਿੰਦੇ ਹਨ।

"ਫਿਰਿ ਵੇਲਾ ਹਥਿ ਨ ਆਵਈ, ਜਮਕਾਲਿ ਵਸਿ ਕਿਤਾ" -ਫ਼ਿਰ ਅਚਾਣਕ ਸਰੀਰਕ ਇੱਕ ਦਿਨ ਜਦੋਂ ਮੌਤ ਵੀ ਆ ਕੇ ਉਨ੍ਹਾਂ ਮਨਮੁੱਖਾਂ ਨੂੰ ਕਾਬੂ ਕਰ ਲੈਂਦੀ ਹੈ, ਦਬੋਚ ਲੈਂਦੀ ਹੈ ਤਾਂ ਉਨ੍ਹਾਂ ਦੀ ਮੌਤ ਹੋ ਜਾਂਦੀ ਹੈ ਪਰ ਉਸ ਸਮੇਂ ਸੰਸਾਰਕ ਰਸਾਂ-ਕਸਾਂ `ਚ ਖੱਚਤ ਰਹਿਕੇ ਬਿਰਥਾ ਕੀਤਾ ਜਾ ਚੁੱਕਾ ਦੁਰਲਭ ਮਨੁੱਖਾ ਜਨਮ ਵਾਲਾ ਉਹ ਕੀਮਤੀ ਤੇ ਅਮੁੱਲਾ ਅਵਸਰ ਮੁੜ ਬੰਦੇ ਦੇ ਹੱਥ ਨਹੀਂ ਆਉਂਦਾ।

"ਜੇਹਾ ਧੁਰਿ ਲਿਖਿ ਪਾਇਓਨੁ, ਸੇ ਕਰਮ ਕਮਿਤਾ"॥ ੫॥ - ਪਰ ਸਮਾਂ ਵਿਹਾਜਣ ਭਾਵ ਸਰੀਰਕ ਮੌਤ ਹੋ ਜਾਣ ਬਾਅਦ ਉਹ ਮਨਮੁਖ ਵੀ ਹੁਣ ਕੀ ਕਰ ਸਕਦੇ ਹਣ ਕੁੱਝ ਵੀ ਨਹੀਂ?

ਕਿਉਂਕਿ ਪ੍ਰਭੂ ਦੇ ਸੱਚ ਨਿਆਂ `ਚ ਜੀਵਾਂ ਨੂੰ ਆਪਣੀ ਕੀਤੀ ਹੋਈ ਕਮਾਈ, ਕੀਤੇ ਹੋਏ ਕਰਮਾਂ ਤੋਂ ਬਣੇ ਸੰਸਕਾਰਾਂ ਅਨੁਸਾਰ ਹੀ ਉਂਨ੍ਹਾਂ ਦਾ ਲੇਖਾ-ਜੋਖਾ ਤਾਂ ਧੁਰੋਂ ਹੀ ਤਿਆਰ ਹੋ ਕੇ ਆ ਚੁੱਕਾ ਹੁੰਦਾ ਹੈ ਅਤੇ ਉਹ ਸਰੀਰਕਮੌਤ ਤੋਂ ਬਾਅਦ ਉਸੇ ਤਰ੍ਹਾਂ ਅੱਗੇ ਚਲਦਾ ਅਤੇ ਚਾਲੂ ਵੀ ਰਹਿੰਦਾ ਹੈ।। ੫। ਕਿਉਂਕਿ

ਗੁਰਬਾਣੀ ਅਨੁਸਾਰ ਇਹ ਸਿਲਸਿਲਾ ਓਦੋਂ ਤੀਕ ਕਾਇਮ ਰਹਿੰਦਾ ਹੈ ਜਦੋਂ ਤੀਕ ਇਹ ਮਨ ਰੂਪ ਪ੍ਰਭੂ ਦਾ ਅੰਸ਼ ਅਥਵਾ ਜੀਵ ਫ਼ਿਰ ਕਿਸੇ ਮਨੁੱਖਾ ਜਨਮ ਸਮੇਂ ਸ਼ਬਦ ਗੁਰੂ ਦੀ ਕਮਾਈ ਕਰਕੇ, ਪ੍ਰਭੂ ਦੀ ਬਖ਼ਸ਼ਿਸ਼ ਸਦਕਾ, ਜੀਦੇ ਜੀਅ, ਆਪਣੇ ਅਸਲੇ ਪ੍ਰਭੂ `ਚ ਅਭੇਦ ਹੀ ਨਾ ਹੋ ਜਾਵੇ ਯਥਾ:-

() ਜੇ ਕੋ ਗੁਰ ਤੇ ਵੇਮੁਖੁ ਹੋਵੈ ਬਿਨੁ ਸਤਿਗੁਰ ਮੁਕਤਿ ਨ ਪਾਵੈ॥ ਪਾਵੈ ਮੁਕਤਿ ਨ ਹੋਰ ਥੈ ਕੋਈ ਪੁਛਹੁ ਬਿਬੇਕੀਆ ਜਾਏ॥ ਅਨੇਕ ਜੂਨੀ ਭਰਮਿ ਆਵੈ ਵਿਣੁ ਸਤਿਗੁਰ ਮੁਕਤਿ ਨ ਪਾਏ॥ ਫਿਰਿ ਮੁਕਤਿ ਪਾਏ ਲਾਗਿ ਚਰਣੀ ਸਤਿਗੁਰੂ ਸਬਦੁ ਸੁਣਾਏ॥ ਕਹੈ ਨਾਨਕੁ ਵੀਚਾਰਿ ਦੇਖਹੁ ਵਿਣੁ ਸਤਿਗੁਰ ਮੁਕਤਿ ਨ ਪਾਏ॥ ੨੨ ॥" (ਪੰ: ੯੨੦) ਹੋਰ

() ਅੰਦਰਿ ਰਾਜਾ ਤਖਤੁ ਹੈ ਆਪੇ ਕਰੇ ਨਿਆਉ॥ ਗੁਰ ਸਬਦੀ ਦਰੁ ਜਾਣੀਐ ਅੰਦਰਿ ਮਹਲੁ ਅਸਰਾਉ॥ ਖਰੇ ਪਰਖਿ ਖਜਾਨੈ ਪਾਈਅਨਿ ਖੋਟਿਆ ਨਾਹੀ ਥਾਉ॥ ਸਭੁ ਸਚੋ ਸਚੁ ਵਰਤਦਾ ਸਦਾ ਸਚੁ ਨਿਆਉ॥ ਅੰਮ੍ਰਿਤ ਕਾ ਰਸੁ ਆਇਆ ਮਨਿ ਵਸਿਆ ਨਾਉ" (ਪੰ: ੧੦੯੨)

() ਮਨਮੁਖ ਬੋਲਿ ਨ ਜਾਣਨੀੑ ਓਨਾ ਅੰਦਰਿ ਕਾਮੁ ਕ੍ਰੋਧੁ ਅਹੰਕਾਰੁ॥ ਥਾਉ ਕੁਥਾਉ ਨ ਜਾਣਨੀ ਸਦਾ ਚਿਤਵਹਿ ਬਿਕਾਰ॥ ਦਰਗਹ ਲੇਖਾ ਮੰਗੀਐ ਓਥੈ ਹੋਹਿ ਕੂੜਿਆਰ॥ ਆਪੇ ਸ੍ਰਿਸਟਿ ਉਪਾਈਅਨੁ ਆਪਿ ਕਰੇ ਬੀਚਾਰੁ॥ ਨਾਨਕ ਕਿਸ ਨੋ ਆਖੀਐ ਸਭੁ ਵਰਤੈ ਆਪਿ ਸਚਿਆਰੁ" (ਪੰ: ੧੨੪੮)

() ਸਭਨਾ ਕਾ ਦਰਿ ਲੇਖਾ ਹੋਇ॥ ਕਰਣੀ ਬਾਝਹੁ ਤਰੈ ਨ ਕੋਇ" (ਪੰ: ੯੫੨)

() ਕਰਮੀ ਕਰਮੀ ਹੋਇ ਵੀਚਾਰੁ॥ ਸਚਾ ਆਪਿ, ਸਚਾ ਦਰਬਾਰੁ॥ ਤਿਥੈ, ਸੋਹਨਿ ਪੰਚ ਪਰਵਾਣੁ॥ ਨਦਰੀ ਕਰਮਿ ਪਵੈ ਨੀਸਾਣੁ॥ ਕਚ ਪਕਾਈ ਓਥੈ ਪਾਇ॥ ਨਾਨਕ ਗਇਆ ਜਾਪੈ ਜਾਇ॥ ੩੪ ॥" (ਬਾਣੀ ਜਪੁ)

() "ਕਸਿ ਕਸਵਟੀ ਲਾਈਐ, ਪਰਖੈ ਹਿਤੁ ਚਿਤੁ ਲਾਇ॥ ਖੋਟੇ ਠਉਰ ਨ ਪਾਇਨੀ, ਖਰੇ ਖਜਾਨੈ ਪਾਇ" (ਪੰ: ੫੭)

() "ਸਾਈ ਵਸਤੁ ਪਰਾਪਤਿ ਹੋਈ ਜਿਸੁ ਸਿਉ ਲਾਇਆ ਹੇਤੁ॥ ਕਹੁ ਨਾਨਕ ਪ੍ਰਾਣੀ ਚਉਥੈ ਪਹਰੈ ਲਾਵੀ ਲੁਣਿਆ ਖੇਤੁ" (ਪੰ: ੭੪)

() "ਦੀਬਾਨੁ ਏਕੋ ਕਲਮ ਏਕਾ ਹਮਾ ਤੁਮਾੑ ਮੇਲੁ॥ ਦਰਿ ਲਏ ਲੇਖਾ ਪੀੜਿ ਛੁਟੈ ਨਾਨਕਾ ਜਿਉ ਤੇਲੁ" (ਪੰ: ੪੭੩)

() "ਆਪੇ ਕੁਦਰਤਿ ਸਾਜਿ ਕੈ ਆਪੇ ਕਰੇ ਬੀਚਾਰੁ॥ ਇਕਿ ਖੋਟੇ ਇਕਿ ਖਰੇ ਆਪੇ ਪਰਖਣਹਾਰੁ॥ ਖਰੇ ਖਜਾਨੈ ਪਾਈਅਹਿ ਖੋਟੇ ਸਟੀਅਹਿ ਬਾਹਰ ਵਾਰਿ॥ ਖੋਟੇ ਸਚੀ ਦਰਗਹ ਸੁਟੀਅਹਿ ਕਿਸੁ ਆਗੈ ਕਰਹਿ ਪੁਕਾਰ" (ਪੰ: ੧੪੩)

() "ਦੇਹੀ ਜਾਤਿ ਨ ਆਗੈ ਜਾਏ॥ ਜਿਥੈ ਲੇਖਾ ਮੰਗੀਐ ਤਿਥੈ ਛੁਟੈ ਸਚੁ ਕਮਾਏ॥ ਸਤਿਗੁਰੁ ਸੇਵਨਿ ਸੇ ਧਨਵੰਤੈ ਐਥੈ ਓਥੈ ਨਾਮਿ ਸਮਾਵਣਿਆ" (ਪੰ: ੧੧੨) ਆਦਿ (ਚਲਦਾ) #Instt. 5-12th--Suhi ki.Vaar M.3--03.18# v.

ਸਾਰੇ ਪੰਥਕ ਮਸਲਿਆਂ ਦਾ ਹੱਲ ਅਤੇ ਸੈਂਟਰ ਵੱਲੋਂ ਲਿਖੇ ਜਾ ਰਹੇ ਸਾਰੇ ‘ਗੁਰਮੱਤ ਪਾਠਾਂ’, ਪੁਸਤਕਾ ਤੇ ਹੁਣ ਗੁਰਮੱਤ ਸੰਦੇਸ਼ਾ ਵਾਲੀ ਅਰੰਭ ਹੋਈ ਲੜੀ, ਇਨ੍ਹਾਂ ਸਾਰਿਆਂ ਦਾ ਮਕਸਦ ਇਕੋ ਹੈ-ਤਾ ਕਿ ਹਰੇਕ ਸੰਬੰਧਤ ਪ੍ਰਵਾਰ ਅਰਥਾਂ ਸਹਿਤ ‘ਗੁਰੂ ਗ੍ਰੰਥ ਸਾਹਿਬ’ ਜੀ ਦਾ ਸਹਿਜ ਪਾਠ ਸਦਾ ਚਾਲੂ ਰਖ ਕੇ ਆਪਣੇ ਜੀਵਨ ਨੂੰ ਗੁਰਬਾਣੀ ਸੋਝੀ ਵਾਲਾ ਬਣਾਏ। ਅਰਥਾਂ ਲਈ ਦਸ ਭਾਗ ‘ਗੁਰੂ ਗ੍ਰੰਥ ਦਰਪਣ’ ਪ੍ਰੋ: ਸਾਹਿਬ ਸਿੰਘ ਜਾਂ ਚਾਰ ਭਾਗ ਸ਼ਬਦਾਰਥ ਲਾਹੇਵੰਦ ਹੋਵੇਗਾ ਜੀ।

ਸੂਹੀ ਕੀ ਵਾਰ ਮਹਲਾ ੩

(ਪੰ: ੭੮੫ ਤੋਂ੭੯੨)

ਸਟੀਕ, ਲੋੜੀਂਦੇ ਗੁਰਮੱਤ ਵਿਚਾਰ ਦਰਸ਼ਨ ਸਹਿਤ

(ਕਿਸ਼ਤ-ਬਾਰ੍ਹਵੀਂ)

For all the Self Learning Gurmat Lessons (Excluding Books) written by ‘Principal Giani Surjit Singh’ Sikh Missionary, Delhi-All the rights are reserved with the writer himself; but easily available in proper Deluxe Covers for

(1) Further Distribution within ‘Guru Ki Sangat’

(2) For Gurmat Stalls

(3) For Gurmat Classes & Gurmat Camps

with intention of Gurmat Parsar, at quite nominal printing cost i.e. mostly Rs 400/-(but in rare cases Rs. 450/-) per hundred copies (+P&P.Extra) From ‘Gurmat Education Centre, Delhi’, Postal Address- A/16 Basement, Dayanand Colony, Lajpat Nagar IV, N. Delhi-24

Ph 91-11-26236119, 46548789 ® Ph. 91-11-26487315 Cell 9811292808

Emails- gurbaniguru@yahoo.com & gianisurjitsingh@yahoo.com

web sites-

www.gurbaniguru.org

theuniqeguru-gurbani.com

gurmateducationcentre.com




.