.

ਕੀ ‘ਰੱਬ’ ਮਨੁੱਖਾਂ ਉੱਪਰ ਹੋ ਰਹੇ ਜ਼ੁਲਮ ਵੇਖਦਾ ਨਹੀਂ ਹੈ?

*** ਕਿਸੇ ਗੁਰਮੁੱਖ ਪਿਆਰੇ ਵੀਰ ਨੇ ਆਪਣੇ ਮਨ ਦਾ ਸ਼ੰਕਾ/ਖਿਆਲ, ਸਵਾਲ ਮੇਰੇ ਨਾਲ ਸਾਂਝਾ ਕੀਤਾ ਸੀ। ਮੈਂ ਉਸ ਵੀਰ ਦੇ ਸਵਾਲ ਦਾ ਜਵਾਬ ਆਪਣੀ ਗੁਰਮੱਤ ਅਨੁਸਾਰੀ ਸੋਝੀ ਨਾਲ ਦੇਣਾ ਕੀਤਾ। ਪਾਠਕ ਵੀਰਾਂ-ਭੈਣਾਂ ਨਾਲ ਉੱਪਰਲੇ ਸਵਾਲ ਬਾਰੇ ਆਪਣੇ ਵਿਚਾਰ ਸਾਂਝੇ ਕਰ ਰਿਹਾ ਹਾਂ। ਸਵਾਲ ਅਤੇ ਜਵਾਬ ਦੋਨੋਂ ਆਪ ਜੀ ਦੇ ਸਾਹਮਣੇ ਹਨ।

*** ਵੀਰ ਦਾ ਸਵਾਲ। (ਮੈਂ ਉਸ ਵੀਰ ਦਾ ਨਾਮ ਨਹੀਂ ਲਿਖ ਰਿਹਾ)

{{{{ਮੇਰਾ ਸਵਾਲ ਹੈ, ਜੋ ਕਲ ਰਾਤ ਤੋਂ ਖਿਆਲ ਵਿੱਚ ਘੁੰਮ ਰਿਹਾ ਹੈ ਕਿਰਪਾ ਕਰਕੇ ਜਵਾਬ ਦੇਣ ਦੀ ਕਿਰਪਾਲਤਾ ਕਰਣੀ।

ਗੁਰਬਾਣੀ ਵਿੱਚ ਵੀ ਅਤੇ ਆਮ ਲੋਕ ਵੀ ਕਹਿੰਦੇ ਹਨ ਕਿ ਰੱਬ ਸਭ ਵੇਖਦਾ ਹੈ। ਮੇਰਾ ਸਵਾਲ ਇਸੇ ਤੇ ਹੀ ਹੈ, ਕਿ ਇੱਕ ਆਮ ਆਦਮੀ ਜਾਂ ਜੋਧਾ, ਧਰਮੀ ਕੋਈ ਵੀ ਇਨਸਾਨ ਜਿਸ ਦੀਆਂ ਅੱਖਾਂ ਦੇ ਸਾਹਮਣੇ ਕੋਈ ਜੁਲਮ ਹੁੰਦਾ ਹੋਏ, ਤਾਂ ਉਹ ਚੁੱਪ ਨਹੀਂ ਰਹਿੰਦਾ, ਉਹ ਜਾਂ ਤਾਂ ਸਿਧੇ ਤਰੀਕੇ ਨਾਲ ਉਸ ਨਾਲ ਗੱਲਬਾਤ ਕਰਦਾ ਹੈ ਜਾਂ ਲੜਦਾ ਹੈ ਜਾਂ ਫਿਰ ਕਿਸੇ ਦੀ ਮਦਦ ਨਾਲ ਉਸ ਜੁਲਮ ਵਿਰੁਧ ਅਵਾਜ਼ ਉਠਾਦਾ ਹੈ, ਸੋ ਸਵਾਲ ਇਹ ਹੈ ਕਿ ਜਦ ਇੱਕ ਇਨਸਾਨ ਜੁਲਮ ਖਿਲਾਫ ਲੜ ਸਕਦਾ ਹੈ ਤਾਂ ਰੱਬ ਦੀਆਂ ਅੱਖਾਂ ਸਾਮਣੇ ਐਨੇ ਜੁਲਮ ਹੁੰਦੇ ਹਨ, ਉਹ ਚੁੱਪ ਕਿਵੇਂ ਰਹਿ ਸਕਦਾ ਹੈ, ਕਿਵੇਂ ਉਹ ਮਾਸੂਮ ਬੱਚੇ ਔਰਤਾਂ ਤੇ ਤਸ਼ੱਦਦ ਵੇਖ ਲੈਂਦਾ ਹੈ। ਇੱਕ ਇਨਸਾਨ ਹਿੰਮਤ ਕਰ ਲੈਂਦਾ ਹੈ ਰੱਬ ਕਿਉਂ ਨਹੀਂ।

ਇਸ ਸਬੰਧੀ ਚਾਨਣਾ ਪਉਣਾ … ਕਿ ਅਸਲ ਵਿੱਚ "ਰੱਬ ਵੇਖਦਾ ਹੈ"।

ਇਸ ਦਾ ਕੀ ਅਰਥ ਹੈ?

ਧੰਨਵਾਧ।}}}}

**** ਮੇਰੇ ਵਲੋਂ ਜਵਾਬ

****** "ਰੱਬ, ਅੱਲਾ, ਖ਼ੁਦਾ, ਵਾਹਿਗੁਰੂ, ਕਰਤਾਰ" :-

**** ਕਿਸੇ ਨੂੰ ਨਹੀਂ ਵੇਖਦਾ। … (ਕਿਉਂ ਨਹੀਂ ਵੇਖਦਾ) ? ? ?

**** ਵੇਖਦਾ ਹੈ। … (ਕਿਵੇਂ ਵੇਖਦਾ ਹੈ) ? ? ? (ਅੱਗੇ ਲੇਖ ਵਿੱਚ ਪੜ੍ਹੋ ਜੀ)

***** ਸਿੱਖੀ ਵਿੱਚ "ਗੁਰਮੱਤ-ਸਿਧਾਂਤ-ਅਸੂਲ" ਦੇ ਅਨੁਸਾਰੀ ‘ਅਕਾਲ-ਪੁਰਖ, ਰੱਬ, ਅੱਲਾ, ਖ਼ੁਦਾ’ ਬਾਰੇ ‘ਗੁਰਮੱਤ’ ਫਲਸ਼ਫਾ ਤਾਂ ਇਹ ਸਮਝਾਉਣਾ ਕਰ ਰਿਹਾ ਹੈ ਜੀ।

### ਸੋ ਮੁਖ ਜਲਉ ਜਿਤੁ ਕਹਹਿ ਠਾਕੁਰੁ ਜੋਨੀ॥ ਮ ੩॥ ੧੧੩੬॥

### ਰੂਪੁ ਨ ਰੇਖ ਨ ਰੰਗੁ ਕਿਛੁ ਤ੍ਰਿਹੁ ਗੁਣ ਤੇ ਪ੍ਰਭ ਭਿੰਨ॥ ਮ ੪॥ ੨੮੩॥

### ਆਇ ਨ ਜਾਵੈ ਮੇਰਾ ਪ੍ਰਭੁ ਅਬਿਨਾਸੀ॥ ੩॥ ਮ ੫॥ ੫੬੨॥

### ੳਹੁ ਅਬਿਨਾਸੀ ਬਿਨਸਤ ਨਾਹੀ॥ ਮ ੫॥ ੭੩੬॥

### ਰੂਪੁ ਨ ਰੇਖ ਨ ਪੰਚ ਤਤ ਠਾਕੁਰ ਅਬਿਨਾਸ॥ ਮ ੫॥ ੮੧੬॥

### ਅਬਿਨਾਸੀ ਅਬਿਗਤ ਆਪੇ ਆਪਿ ਉਤਪਤਿ॥ ਮ ੫॥ ੧੩੮੫॥

"ਗੁਰਬਾਣੀ" ਵਿੱਚ ‘ਸਿੱਖ’, ‘ਗੁਰਸਿੱਖ’, ‘ਸਚਿੱਆਰ-ਸਿੱਖ’ ਲਈ ਬੜਾ ਸਾਫ਼-ਸੁਥਰਾ ਸੰਦੇਸ਼-ਆਦੇਸ਼ ਹੈ, ਜਿਸ ਨੂੰ ਆਪਣੇ ਮਨੁੱਖਾ ਜੀਵਨ ਵਿੱਚ ਧਾਰਨ ਕਰਨ ਨਾਲ ਕਿਸੇ ਵੀ ਸਿੱਖ’, ‘ਗੁਰਸਿੱਖ’, ‘ਸਚਿੱਆਰ-ਸਿੱਖ’ ਨੂੰ ਇਸ ਵਿੱਚ ਰੱਤੀ ਭਰ ਵੀ ਸ਼ੰਕੇ ਦੀ ਗੁੰਜਾਇਸ਼ ਨਹੀਂ ਰਹਿੰਦੀ ਕਿ:

‘ਅਕਾਲ-ਪੁਰਖ’ ਨਿਰ-ਆਕਾਰ ਹੈ, ਅਤੇ ਸਰਬ-ਵਿਆਪਿੱਕ ਹੈ, ਭਾਵ ਸਾਡੇ ਹਰ ਆਸੇ ਪਾਸੇ ਸਮਾਇਆ ਹੋਇਆ ਹੈ, ਭਾਵ ਉਹ ਕਰਤਾਰ ਆਪਣੀ ਕਿਰਤ ਵਿੱਚ ਰਮਿਆ ਹੋਇਆ ਹੈ।

** ਰੱਬ-ਖ਼ੁਦਾ-ਅੱਲਾ-ਵਾਹਿਗੁਰੂ ਜੀ:

ਉਸਦਾ ਕੋਈ ਸਰੀਰ ਨਹੀਂ ਹੈ, ਆਕਾਰ ਨਹੀਂ, ਉਹ ਨਿਰ-ਆਕਾਰ ਹੈ।।

ਉਸਦੀਆਂ ਕੋਈ ਅੱਖਾਂ ਨਹੀਂ ਹਨ। ਉਹ ਵੇਖ ਨਹੀਂ ਸਕਦਾ।

ਉਸਦੇ ਕੋਈ ਕੰਨ ਨਹੀਂ। ਉਹ ਸੁਣ ਨਹੀਂ ਸਕਦਾ।

ਉਸਦਾ ਕੋਈ ਮੂੰਹ ਨਹੀਂ ਹੈ। ਉਹ ਬੋਲ ਨਹੀਂ ਸਕਦਾ।

*** ਪਰ

ਅਕਾਲ-ਪੁਰਖ (ਉਹ) ਸਰਬ ਵਿਆਪੱਕ ਹੈ।

ਸਾਰਿਆਂ ਜੀਵਾਂ ਵਿੱਚ (ਉਹ) ਸਮਾਇਆ ਹੋਇਆ ਹੈ।

ਸਾਰੇ ਜੀਵਾਂ ਦੀਆਂ ਅੱਖਾਂ ਰਾਂਹੀ (ਉਹ) ਵੇਖ ਰਿਹਾ ਹੈ।

ਸਾਰੇ ਜੀਵਾਂ ਦੇ ਕੰਨਾਂ ਰਾਂਹੀ (ਉਹ) ਸੁਣ ਰਿਹਾ ਹੈ।

ਸਾਰੇ ਜੀਵਾਂ ਦੇ ਮੂੰਹਾਂ ਰਾਂਹੀ (ਉਹ) ਗੱਲਬਾਤ ਕਰ ਰਿਹਾ ਹੈ।

** ਸਹਸ ਤਵ ਨੈਨ ਨਨ ਨੈਨ ਹਹਿ ਤੋਹਿ ਕਉ ਸਹਸ ਮੂਰਤਿ ਨਨਾ ਏਕ ਤ+ਹੀ॥ ਮ ੧॥ ਪੰ ੧੩॥

** ਸਹਸ ਪਦ ਬਿਮਲ ਨਨ ਏਕ ਪਦ ਗੰਧ ਬਿਨੁ ਸਹਸ ਤਵ ਗੰਧ ਇਵ ਚਲਤ ਮੋਹੀ॥ ਪੰ13॥

** ਸਭ ਮਹਿ ਜੋਤਿ ਜੋਤਿ ਹੈ ਸੋਇ॥ ਤਿਸ ਦੈ ਚਾਨਣਿ ਸਭ ਮਹਿ ਚਾਨਣੁ ਹੋਇ॥ ਪੰ 13॥

*** ਵੀਰ ਜੀਉ! ! ਅਗਰ ਆਪ ਜੀ ਨੇ ਉਪਰਲੀਆਂ ਪੰਕਤੀਆਂ ਦੇ ਗਿਆਨ/ਵਿਚਾਰ ਦੀ ਪਕੜ ਕੀਤੀ ਹੁੰਦੀ ਤਾਂ ਆਪ ਜੀ ਦਾ ਵਿਸ਼ਵਾਸ ਉਪਰਲੀਆਂ ਗੁਰਬਾਣੀ ਪੰਕਤੀਆਂ ਦੇ ਅੁਨਸਾਰ ਦਾ ਬਣਿਆ ਹੁੰਦਾ ਤਾਂ ਸਾਇਦ ਆਪ ਜੀ ਲਈ ਇਸ ਤਰਾਂ ਦਾ ਸਵਾਲ ਸ਼ਾਇਦ ਨਾ ਖੜਾ ਹੁੰਦਾ।

### "ਸਚਿਆਰ-ਸਿੱਖ" ਦਾ ਗੁਰੂ "ਗਿਆਨ" ਹੈ …

ਕੋਈ ਦੇਹ/ਸਰੀਰ/ਵਯੂਦ ਨਹੀਂ। ###

ਖ਼ੈਰ! ! ਆਉ ਅੱਗੇ ਅਗਾਂਹ ਵਾਲੀ ਵਿਚਾਰ ਕਰੀਏ ……

‘ਅਕਾਲ-ਪੁਰਖ’ ਜੀ ਨੇ ਇਸ ਬ੍ਰਹਿਮੰਡ ਵਿੱਚ ਅਨੇਕਾਂ (ਕਈ ਕੋਟ/ਕਰੋੜਾਂ) ਜੀਵਾਂ ਨੂੰ ਇਸ ਸੰਸਾਰ ਵਿੱਚ ਲਿਆਉਣਾ ਕੀਤਾ ਹੈ, ਉਹਨਾਂ ਦੀ ਸਿਰਜਨਾ ਕੀਤੀ। ਇਹ ਸਾਰੇ ਜੀਵ ਬੀਤੇ ਸਮੇਂ ਵਿੱਚ ਆਏ, ਪੈਦਾ ਹੋਏ ਆ ਕੇ ਚਲੇ ਗਏ।

ਹੁਣ ਵੀ ਜੋ ਆ ਰਹੇ ਹਨ, ਇਹਨਾਂ ਨੇ ਵੀ ਚਲੇ ਜਾਣਾ ਹੈ।

ਭਵਿੱਖ ਵਿੱਚ ਵੀ ਜੋ ਆਉਂਦੇ ਰਹਿਣਗੇ, ਉਹ ਵੀ ਜਾਂਦੇ ਰਹਿਣਗੇ।

ਇਹ ਵਿਧੀ-ਵਿਧਾਨ ਬਿਨਾਂ ਰੁਕੇ ਚਲੀ ਜਾ ਰਿਹਾ ਹੈ ਅਤੇ ਚੱਲਦਾ ਹੀ ਰਹੇਗਾ।

{{{{ਸੁਖਮਨੀ ਸਾਹਿਬ ਜੀ ਦੀ ੧੦ਵੀਂ ਪਉੜੀ ਵਿੱਚ ਗੁਰੁ ਅਰਜਨ ਸਾਹਿਬ ਜੀ ਨੇ ੫੩ ਵਾਰ ‘ਕਈ ਕੋਟ, ਕਈ ਕੋਟ’ ਲਫ਼ਜ ਵਰਤਣਾ ਕੀਤਾ ਹੈ। ‘ਕਈ ਕੋਟ’ ਦਾ ਮਤਲਭ ਇੱਕ ਕਰੋੜ ਤੋਂ ਲੈਕੇ ਬੇਅੰਤ ਕਰੋੜ ਹੋ ਸਕਦਾ ਹੈ (99, 999, 99999, 999999 ਕਰੋੜ)। ਇਥੇ ਕੋਈ ਤਹਿ ਸੰਖਿਆ ਨਹੀਂ ਹੈ। ਮਨੁੱਖੀ ਗਨਣਾ ਦੇ ਹਿਸਾਬ ਨਾਲ ਅੱਠ ਅਰਬ ਦੇ ਆਸ ਪਾਸ ਤਾਂ ਮਨੁੱਖੀ ਆਬਾਦੀ ਹੋ ਚੁੱਕੀ ਹੈ। ਕੀੜੀਆਂ ਦੀ ਆਬਾਦੀ ਦਾ ਕੌਣ ਅੰਦਾਜ਼ਾ ਲਗਾ ਸਕਦਾ ਹੈ? ? ਮੱਖੀਆਂ, ਮੱਛਰਾਂ ਹੋਰ ਬੇਅੰਤ ਜੀਵਾਂ ਦੇ ਆਬਾਦੀ ਦਾ ਕੋਈ ਹਿਸਾਬ ਲਾ ਹੀ ਨਹੀਂ ਸਕਦਾ।}}}

*** ਅਕਾਲ-ਪੁਰਖ ਨੇ ਅਨੇਕਾਂ ਤਰਹ ਦੇ ਅਣਗਿੱਣਤ ਜੀਅ ਪੈਦਾ ਕੀਤੇ ਹਨ। ਸਾਰੇ ਜੀਅ ਅਕਾਲ-ਪੁਰਖੀ ਵਿਧੀ-ਵਿਧਾਨ ਤਹਿਤ ਆਈ ਜਾ ਰਹੇ ਹਨ ਅਤੇ ਜਾਈ ਜਾ ਰਹੇ ਹਨ।

*** ਚਾਰੇ ਖਾਣੀਆਂ (ਅੰਡਜ਼, ਜੇਰਜ਼, ਸੇਤਜ਼, ਉਤਭੁੱਜ) ਵਿੱਚ ਸਾਰੀਆਂ ਸ਼੍ਰੇਣੀਆਂ ਦੇ ਜੀਵਾਂ ਲਈ ‘ਜਨਮ-ਮਰਨ’ ਤਹਿ ਹੈ। ਅਕਾਲ-ਪੁਰਖ ਦੇ ਇਸ ਕੁੱਦਰਤੀ ਵਿਧੀ-ਵਿਧਾਨ/ਸਿਧਾਂਤ ਵਿੱਚ ਕਿਸੇ ਤਰਾਂ ਦੇ ਬਦਲਾਅ ਦੀ ਕੋਈ ਗੂੰਜ਼ਾਇਸ਼ ਹੀ ਨਹੀਂ ਹੈ। ਕਿਉਂਕਿ:

*** ਕਰਨ ਕਰਾਵਨ ਆਪੇ ਆਪਿ॥ ਮ ੫॥ ੨੭੮॥

*** ਆਪੇ ਕਰਣੀ ਕਾਰ ਆਪਿ ਆਪੇ ਕਰੇ ਰਜਾਇ॥ ਮ ੩॥ ੧੦੮੭॥

*** ਆਪਿ ਕਰਾਏ ਕਰੇ ਆਪਿ ਆਪੇ ਹਰਿ ਰਖਾ॥ ਮ ੩॥ ੧੦੮੮॥

ਅਕਾਲ-ਪੁਰਖ ਨੇ ਸਾਰਿਆਂ ਜੀਵਾਂ ਦਾ ਖਾਣ-ਪੀਣ/ਰਾਸ਼ਨ-ਪਾਣੀ ਦਾ ਬੰਦੋਬਸਤ ਕੀਤਾ ਹੋਇਆ ਹੈ, ਪਰ … ਸਾਰਿਆਂ ਜੀਵਾਂ ਨੂੰ ਆਪਣਾ-ਆਪਣਾ ਜੀਵਨ ਜਿਉਂਣ ਲਈ ਅਤੇ ਪੇਟ ਪੂਰਤੀ ਲਈ ਆਪ ਹੀ ਉਪਰਾਲਾ ਕਰਨਾ ਪੈਂਦਾ ਹੈ ਅਤੇ ਅਕਾਲ-ਪੁਰਖ ਨੇ ਹਰ ਸ਼੍ਰੈਣੀ ਦੇ ਜੀਵਾਂ ਨੂੰ ਉਸੇ ਤਰਾਂ ਦੇ ਸਾਧਨ-ਤੌਰ-ਤਰੀਕੇ ਵੀ ਦਿੱਤੇ ਹਨ।

*** ਦਦਾ ਦਾਤਾ ਏਕੁ ਹੈ ਸਭ ਕਉ ਦੇਵਨਹਾਰ॥

ਦੇਂਦੇ ਤੋਟਿ ਨ ਆਵਈ ਅਗਨਤ ਭਰੇ ਭੰਡਾਰ॥ ਮ ੫॥ ੨੫੭॥

*** ਸਤਿਗੁਰੁ ਦਾਤਾ ਜੀਅ ਕਾ ਸਭਨਾ ਦੇਇ ਅਧਾਰੁ॥ ਮ ੫॥ ੫੨॥

ਹਰ ਜੀਵ ਨੂੰ ਆਪਣੀ ਸੁਰੱਖਿਆ ਲਈ ਵੀ ਸਾਧਨ-ਤੌਰ-ਤਰੀਕੇ ਅਤੇ ਹਥਿਆਰ ((ਤਿੱਖੇ ਦੰਦ, ਤਿੱਖੇ ਪੰਜੇ, ਜ਼ਹਿਰੀਲਾਪਣ, ਸਰੀਰਿਕ ਤਾਕਤ, ਤੇਜ਼ ਦੌੜਨ ਦੀ ਸ਼ਕਤੀ, ਖ਼ਤਰਾ ਮਹਿਸੂਸ ਕਰਨ ਦੀ ਸ਼ਕਤੀ)) ਵੀ ਦਿੱਤੇ ਹਨ। ਸਾਰੇ ਜੀਵ-ਜੰਤੂ, ਪਸੂ-ਪੰਛੀ ਆਪਣਾ ਬਚਾਅ ਆਪ ਹੀ ਕਰਦੇ ਹਨ। (ਅਕਾਲ-ਪੁਰਖ ਵਾਹਿਗੁਰੂ ਜੀ ਕਿਸੇ ਜੀਵ ਦੇ ਬਚਾਅ ਲਈ ਨਹੀਂ ਆਉਂਦੇ।)

###### ਪਰ ਅਫ਼ਸੋਸ! ! ! ! ਇਹਨਾਂ ਬੇਜ਼ੁਬਾਨ-ਪਸੂਆਂ-ਪੰਛੀਆਂ, ਜੀਵਾਂ ਦੀ ਬੇਬਸੀ ਉਦੋਂ ਸਾਹਮਣੇ ਆਉਂਦੀ ਹੈ, ਜਦੋਂ ਇਹ ਮਨੁੱਖ ਦੀਆਂ ਚਾਲਾਕੀਆਂ, ਚੁੱਗ਼ਲ (ਫੰਦੇ) ਵਿੱਚ ਫੱਸ ਜਾਂਦੇ ਹਨ। ਤਦੋਂ ਇਹਨਾਂ ਲਈ … ਜ਼ਾਲਮ, ਮੱਕਾਰ, ਫਰੇਬੀ ਮਨੁੱਖ ਦੇ ਅੱਗੇ, ਆਪਣੇ ਗੋਡੇ ਟੇਕਣ ਤੋਂ ਸਿਵਾਏ ਹੋਰ ਕੋਈ ਚਾਰਾ ਨਹੀਂ ਰਹਿੰਦਾ, ਕਿਉਂਕਿ ਮਨੁੱਖ ਦੇ ਕੰਟਰੋਲ ਵਿੱਚ ਇਹ ਜੀਵ ਆਪਣੇ ਕੁੱਦਰਤ ਵਲੋਂ ਮਿਲੇ ਹਥਿਆਰਾਂ ਦੀ ਵਰਤੋਂ ਨਹੀਂ ਕਰ ਸਕਦੇ। ਮਜ਼ਬੂਰ ਹੋ ਜਾਂਦੇ ਹਨ।

** ਮਨੁੱਖਾ ਸਮਾਜ ਵਿੱਚ ਵਿਖਾਈਆਂ ਜਾਂਦੀਆਂ ਸਰਕਸਾਂ ਵਿੱਚ ਇਹਨਾਂ ਪਸੂਆਂ ਜਾਨਵਰਾਂ/ਜੀਵਾਂ ਦੀ ਮਜ਼ਬੂਰੀ, ਅਤੇ ਤਰਸ ਭਰੀ ਹਾਲਤ ਬੜੀ ਸਾਫ਼ ਮਹਿਸੂਸ ਕੀਤੀ ਜਾ ਸਕਦੀ ਹੈ। ਅਲੱਗ ਅਲੱਗ ਦੇਸ਼ਾਂ ਵਿੱਚ ਕਿਸੇ ਵੀ ਜਾਨਵਰ ਨੂੰ ਨਹੀਂ ਬਖਸਿਆ ਜਾਂਦਾ। ਕੁੱਤਾ, ਬਿੱਲੀ, ਚੂਹਾ, ਛਿਪਕਲੀ, ਸੱਪ, ਕਉਕਰੋਚ, ਟਿੱਡੀਆਂ … ਉਹ ਕਿਹੜੀ ਚੀਜ਼ ਹੈ ਜੋ ਮਨੁੱਖ ਨਹੀਂ ਖਾਂਦਾ? ? ?

** ਇਥੌਂ ਤੱਕ ਕਿ ਮਨੁੱਖ ‘ਮਨੁੱਖ’ ਨੂੰ ਹੀ ਖਾਈ ਜਾਂਦਾ ਹੈ।

** ਆਹ! ! ਜਿਹੜੇ ਫ਼ਰ (ਕੁੱਤੇ ਬਿੱਲੀਆਂ ਦੀ ਚਮੜੀ) ਵਾਲੇ ਕੋਟ ਆਪਾਂ ਮਨੁੱਖ ਪਹਿਨਦੇ ਹਾਂ, ਇਹਨਾਂ ਦੀ ਜਾਨਵਰਾਂ ਦੀ ਚਮੜੀ ਲੈਣ ਲਈ, ਪ੍ਰਾਪਤੀ ਲਈ, ਕਿੰਨ੍ਹੀ ਬੇਦਰਦੀ/ਕਰੂਰਤਾ ਨਾਲ ਇਹਨਾਂ ਬੇਜ਼ੁਬਾਨੇ ਜਾਨਵਰਾਂ ਨੂੰ ਮਾਰਿਆ ਜਾਂਦਾ ਹੈ। ਉਹ ਦਰਦ ਬਿਆਨ ਨਹੀਂ ਕੀਤਾ ਜਾ ਸਕਦਾ।

*** ਜੀਅ ਬਧਹੁ ਸੁ ਧਰਮੁ ਕਰਿ ਥਾਪਹੁ ਅਧਰਮੁ ਕਹਹੁ ਕਤ ਭਾਈ॥ ਆਪਸ ਕਉ ਮੁਨਿਵਰ ਕਰਿ ਥਾਪਹੁ ਕਾ ਕਉ ਕਹਹੁ ਕਸਾਈ॥ ਕਬੀਰ ਜੀ॥ ੧੧੦੨॥

**** ਅਕਾਲ-ਪੁਰਖੀ ਵਿਧੀ-ਵਿਧਾਨ ਦੀ ਅਟੱਲ ਸਚਾਈ ਇਹ ਹੈ ਕਿ ਸਾਡੇ ਇਸ ਬ੍ਰਹਿਮੰਡ ਦਾ, ਸੰਸਾਰ ਦਾ ਕਾਰ-ਵਿਹਾਰ ਸੁੱਤੇ-ਸਿੱਧ ਆਪਣੇ ਆਪ ਚਲੀ ਜਾ ਰਿਹਾ ਹੈ, ਜੋ ਰੱਬ-ਖ਼ੁਦਾ-ਅੱਲਾ-ਵਾਹਿਗੁਰੂ ਕਰਤਾਰ ਜੀ ਨੇ ਇੱਕ ਵਾਰ ਤਹਿ ਕਰ ਦਿੱਤਾ ਹੈ, ਉਹ ਨਿਯਮ-ਵਿਧੀ-ਵਿਧਾਨ, ਸਿਸਟਿਮ ਚਲੀ ਜਾ ਰਿਹਾ ਹੈ, ਹਮੇਂਸ਼ਾ ਵਾਸਤੇ ਇਹ ਨਿਯਮ-ਵਿਧੀ-ਵਿਧਾਨ, ਸਿਸਟਿਮ ਅਟੱਲ ਹੈ।

**** ਸਲੋਕ ਮਹਲਾ ੨॥ ਨਾਨਕ ਚਿੰਤਾ ਮਤਿ ਕਰਹੁ ਚਿੰਤਾ ਤਿਸ ਹੇਇ॥ ਜਲ ਮਹਿ ਜੰਤ ਉਪਾਇਅਨੁ ਤਿਨਾ ਭਿ ਰੋਜੀ ਦੇਇ॥ ੳਥੈ ਹਟੁ ਨ ਚਲਈ ਨਾ ਕੋ ਕਿਰਸ ਕਰੇਇ॥ ਸਉਦਾ ਮੂਲਿ ਨ ਹੋਵਈ ਨਾ ਕੋ ਲਏ ਨ ਦੇਇ॥ ਜੀਆ ਕਾ ਆਹਾਰ ਜੀਅ ਖਾਣਾ ਏਹੁ ਕਰੇਇ॥ ਵਿਚਿ ਉਪਾਏ ਸਾਇਰਾ ਤਿਨਾ ਭਿ ਸਾਰ ਕਰੇਇ॥ ਨਾਨਕ ਚਿੰਤਾ ਮਤ ਕਰਹੁ ਚਿੰਤਾ ਤਿਸ ਹੀ ਹੇਇ॥ ੯੫੫॥

*** ਸਮੁੰਦਰ ਵਿੱਚ ਹਰ ਵੱਡਾ ਜੀਵ ਆਪਣੇ ਤੋਂ ਛੋਟੇ ਜੀਵ ਨੂੰ ਖਾ ਜਾਂਦਾ ਹੈ। ਸਾਰੇ ਸਮੁੰਦਰੀ ਜੀਵਾਂ ਦੇ ਜੀਵਨ ਜਿਉਂਣ ਅਤੇ ਆਪਣੀ ਪੇਟ ਪੂਰਤੀ ਦਾ ਇਹੀ ਕੁੱਦਰਤੀ ਵਿਧੀ-ਵਿਧਾਨ ਹੈ। ਇਹਨਾਂ ਸਾਰਿਆਂ ਸਮੁੰਦਰੀ ਜੀਵਾਂ ਨੂੰ ਆਪਣਾ ਬਚਾਅ ਆਪ ਹੀ ਕਰਨਾ ਪੈਂਦਾ ਹੈ। ਕੁੱਝ ਆਪਣਾ ਜੀਵਨ ਬਚਾਉਣ ਵਿੱਚ ਸਫਲ ਹੁੰਦੇ ਹਨ, ਕੁੱਝ ਨਹੀਂ। ਇਹ ਵਰਤਾਰਾ ਸਦੀਆਂ ਤੋਂ ਚਲਦਾ ਆ ਰਿਹਾ ਹੈ।

***** ਅਕਾਲ-ਪੁਰਖ (ਰੱਬ, ਖ਼ੁਦਾ, ਅੱਲਾ) ਚਾਰੇ ਖਾਣੀਆਂ ਦੇ ਕਿਸੇ ਵੀ ‘ਜੀਵ’ ਦੇ ਜੀਵਨ ਵਿੱਚ ਕਿਸੇ ਤਰਾਂ ਦੀ ਦਖਲ-ਅੰਦਾਜ਼ੀ ਨਹੀਂ ਕਰਦਾ।

{{{ਮਨੁੱਖ ਵੀ ਇਸੇ ਵਿੱਚ ਸ਼ਾਮਿਲ ਹੈ}}}

*** ਇਹ ਅਟੱਲ ਸਚਾਈ ਹੈ।

ਅਕਾਲ-ਪੁਰਖ, ਕਰਤਾਰ ਜੀ ਦਾ ਬਣਾਇਆ ਇਹ ਸਾਰਾ ਸਿਸਟਿਮ, ਵਿਧੀ-ਵਿਧਾਨ ਆਪਣੇ-ਆਪ ਹੀ ਚੱਲੀ ਜਾ ਰਿਹਾ ਹੈ। ਚਾਰੇ ਖਾਣੀਆਂ ਦੇ ਜੀਵਾਂ ਦਾ ਇਸ ਸਿਸਟਿਮ ਵਿੱਚ ਕਿਸੇ ਤਰਾਂ ਦੀ ਦਖ਼ਲ-ਅੰਦਾਜ਼ੀ ਕਰਨਾ ਬਿੱਲਕੁੱਲ ਹੀ ਨਾ-ਮੁੰਮਕਿੰਨ ਹੈ।

** ਸਿਵਾਏ ਮਨੁੱਖ ਦੇ ਹੋਰ ਸਾਰੇ ਜੀਵ-ਜੰਤੂ, ਪਸੂ ਪੰਛੀ, ਕੁੱਦਰਤੀ ਜੀਵਨ ਹੀ ਜਿਉਂਦੇ ਹਨ।

** ਕੇਵਲ ਮਨੁੱਖ ਹੈ ਜਿਸਨੇ ਅਕਾਲ-ਪੁਰਖ ਵਲੋਂ ਮਿਲੇ ਗਿਆਨ-ਅਕਲ-ਮੱਤ ਬੁੱਧ ਰਾਂਹੀ ਬਹੁਤ ਹੀ ਤਰੱਕੀ ਕੀਤੀ ਹੈ, ਆਪਣਾ ਆਲਾ ਦੁਆਲਾ ਬਹੁਤ ਕੁੱਝ ਸਵਾਰ ਲਿਆ ਹੈ।

** ਸੋ ਕੇਵਲ ਮਨੁੱਖ ਹੀ ਅਕਾਲ-ਪੁਰਖ ਦੇ ਬਣਾਏ ਇਸ ਵਿਧੀ-ਵਿਧਾਨ-ਸਿਸਟਿਮ ਵਿੱਚ ਦਖ਼ਲ-ਅੰਦਾਜ਼ੀ ਬਾਰੇ ਸੋਚ ਸਕਦਾ ਹੈ,

ਪਰ! ! ! ਕਰ ਕੁੱਝ ਨਹੀਂ ਸਕਦਾ। ਕੁੱਝ ਕਰਨਾ ਚਾਹੇ ਵੀ ਤਾਂ ਵੀ ਨਾ-ਮੁੰਮਕਿੰਨ ਹੈ।

** ਕਰਨ ਕਰਾਵਨ ਆਪੇ ਆਪਿ॥ ਸਦਾ ਸਦਾ ਨਾਨਕ ਹਰਿ ਜਾਪਿ॥ ਮ ੫॥ ੨੭੯॥

*** ‘ਅਕਾਲ-ਪੁਰਖ’ ਲਈ ਮਨੁੱਖਾ-ਸ਼੍ਰੇਣੀ ਦੀ ਕੋਈ ਖਾਸ ਮਹੱਤਤਾ ਨਹੀਂ ਹੈ। ‘ਅਕਾਲ-ਪੁਰਖ’ ਲਈ ਆਪਾਂ ਮਨੁੱਖ ਵੀ ਆਮ ਦੂਸਰੀਆਂ ਸ਼੍ਰੇਣੀਆਂ ਦੇ ਜੀਵਾਂ ਵਾਂਗ ਹੀ ਹਾਂ। ਤਾਂ ਤੇ ਫਿਰ ਮਨੁੱਖਾ ਜਾਮਾਤ/ਸ਼੍ਰੇਣੀ ਵਿੱਚ ਹੋ ਰਹੇ ਫਾਸਾਦਾਂ/ਅਤਿਆਚਾਰ ਕਰਕੇ ‘ਅਕਾਲ-ਪੁਰਖ’ (ਰੱਬ) ਕਿਉਂ! ! ! ਕਿਸੇ ਤਰਾਂ ਦਾ ਫਿਕਰ ਕਰੇਗਾ? ? ? ? ?

***** ਹਾਂ! ! ! ਰੱਬ ਕਿਤੇ ਬਾਹਰ ਨਹੀਂ ਰਹਿੰਦਾ, ਉਹ ਤਾਂ ਸਰਬ-ਵਿਆਪਿਕ ਹੈ, ਹਰ ਜੀਵ ਵਿੱਚ ਹੈ, ਹਰ ਮਨੁੱਖ ਮਾਤਰ ਵਿੱਚ ਹੈ।

*** ਕਾਹੇ ਰੇ ਬਨ ਖੋਜਨ ਜਾਈ॥ ਸਰਬ ਨਿਵਾਸੀ ਸਦਾ ਅਲੇਪਾ ਤੋਹੀ ਸੰਗਿ ਸਮਾਈ॥ ਰਹਾਉ॥ ਮ ੯॥ ਪੰ ੬੮੪॥

** ਅਗਰ ਮਨੁੱਖਾ ਵਿੱਚ ਕੋਈ ਦੰਗਾ/ਫਾਸਾਦ/ਅਤਿਆਚਾਰ ਹੋ ਰਿਹਾ ਹੈ ਤਾਂ ਮਨੁੱਖਾ ਨੂੰ ਹੀ ਇਸ ਲਈ ਤਿਆਰ ਹੋਣਾ ਪਵੇਗਾ। ਦੰਗਾ/ਫਾਸਾਦ/ਅਤਿਆਚਾਰ ਖਤਮ ਕਰਨ ਲਈ ਕੋਈ ਰਾਹ ਕੱਢਣਾ ਹੋਵੇਗਾ। ਚੰਗੇ-ਚੰਗੇ ਮਨੁੱਖ ਏਕਾ/ਏਕਤਾ ਕਰਕੇ ਆਪਣੀ ਤਾਕਤ ਵਿਖਾ ਸਕਦੇ ਹਨ। ਦੰਗਾ/ਫਾਸਾਦ/ਅਤਿਆਚਾਰ ਵਿਰੁੱਧ ਆਪਣੀ ਤਾਕਤ ਦੀ ਵਰਤੋਂ ਕਰਕੇ ਆਪਣਾ ਬਚਾ ਕਰ ਸਕਦੇ ਹਨ।

**** ਵੀਰ ਜੀਉ ਆਪ ਜੀ ਦੇ ਸਵਾਲ ਦਾ ਜਾਵਾਬ ਹੈ, ਅਕਾਲ-ਪੁਰਖ (ਰੱਬ) ਜੀ ਨੂੰ ਸਾਡੇ ਧਰਤੀ/ਸੰਸਾਰ/ਸ੍ਰਿਸਟੀ ਦੀਆਂ ਇਹਨਾਂ ਉਲਝਨਾ-ਦੰਗੇ-ਫਸਾਂਦਾਂ ਨਾਲ ਕੋਈ ਵਾਸਤਾ ਨਹੀ ਹੈ। ਕਿੰਨੀਆਂ ਕੁੱਦਰਤੀ ਆਫਤਾਂ ਇਸ ਧਰਤੀ ਉਪੱਰ ਆਉਂਦੀਆਂ ਹਨ। ਹਜਾਰਾਂ ਹੀ ਜਾਨਾਂ ਚਲੀਆਂ ਜਾਂਦੀਆਂ ਹਨ। ਬਾਰ ਬਾਰ ਇਹ ਕੁੱਦਰਤੀ ਆਫਤਾਂ ਆਉਂਦੀਆਂ ਹੀ ਰਹਿੰਦੀਆਂ ਹਨ। ਕਦੇ ਧਰਤੀ ਉੱਪਰ ਝੱਖੜ/ਹਵਾ/ਹਨੇਰੀ/ ਬਾਰਸ਼ ਅਤੇ ਕਦੇ ਸਮੁੰਦਰ ਵਿਚੋਂ ਆਈ ਸੁਨਾਮੀ ਲਹਿਰ, ਜੋ ਮਨੁੱਖ ਵਲੋਂ ਬਣਾਏ ਆਪਣੇ ਸੁਪਨਿਆਂ ਦੇ ਮਹੱਲਾਂ, ਕਾਰਾਂ, ਹੋਰ ਵੱਡੀਆਂ ਵੱਡੀਆਂ ਇਮਾਰਤਾਂ ਸੱਭ ਕੁੱਝ ਨੂੰ ਆਪਣੇ ਨਾਲ ਵਹਾ ਕੇ ਲੈ ਜਾਂਦੀ ਹੈ। ਪਿਛੇ ਰਹਿ ਜਾਂਦਾ ਹੈ ਰੋਣਾ ਕੁਰਲਾਉਣਾ, ਪਛਤਾਵਾ।

*** ਕੁੱਦਰਤੀ ਆਫਤਾਂ ਦਾ ਆਉਣਾ ‘ਅਕਾਲ –ਪੁਰਖ’ ਦੇ ਬਣਾਏ ਵਿਧੀ-ਵਿਧਾਨ/ਸਿਸਟਿਮ ਦਾ ਹਿੱਸਾ ਹੈ।

ਜੋ ਮਨੁੱਖੀ ਕੰਟਰੋਲ ਤੋਂ ਬਾਹਰ ਹੈ। ਹਾਂ! ! ਮਨੁੱਖ ਜੋ ਕਰ ਸਕਦਾ ਹੈ! !

ਉਹ ਹੈ ਕਿ ਇਹਨਾਂ ਆਫਤਾਂ ਨਾਲ ਕਿਸ ਤਰਾਂ ਜੂਝਨਾ ਹੈ,

ਕਿਸ ਤਰਾਂ ਆਪਣੀ ਸੁਰੱਖਿਆ ਦਾ ਬੰਦੋਬਸਤ ਕਰਨਾ ਹੈ।

ਕਿਸ ਤਰਾਂ ਦੇ ਸਾਧਨਾਂ ਦਾ ਬੰਦੋਬਸਤ ਕਰਨਾ ਹੋਏਗਾ।

***** ਮਨੁੱਖ ਨਾਲ ‘ਮਨੁੱਖ’ ਦੇ ਟਕਰਾਅ ਦਾ ਕਾਰਨ ਵੀ ‘ਮਨੁੱਖ’ ਆਪ ਹੀ ਹੈ। ਇਹ ਮਨੁੱਖਾਂ ਦੀਆਂ ਲੜਾਈਆਂ, ਦੂਸ਼ਣਬਾਜ਼ੀ, ਇਹ ਸਾਰਾਂ ਕੁੱਝ ਮਨੁੱਖ ਦੇ ਈਗੋ ਹੰਕਾਰ ਦੀ ਨਿਸ਼ਾਨੀ ਹੈ, ਮਨੁੱਖਾਂ ਨੇ ਆਪ ਹੀ ਇਹ ਸਾਰਾ ਕੁੱਝ ਸਹੇੜਿਆ ਹੋਇਆ ਹੈ। ਆਪਣੇ ਪੈਰ ਕੁਹਾੜੀ ਮਾਰੀ ਹੋਈ ਹੈ।

ਪੂਰੀ ਦੁਨੀਆਂ ਵਿੱਚ ਮਨੁੱਖ! ! ਹਰ-ਰੋਜ਼, ਨਿਤ-ਪ੍ਰਤੀ-ਦਿਨ ਆਪਣੇ ਸਵਾਦ ਦੀ ਖਾਤਰ ਹਜਾਰਾਂ ਹੀ ਨਹੀਂ, ਬਲਕਿ ਕਈ ਕਰੋੜਾਂ ਦੀ ਸੰਖਿਆ ਵਿੱਚ ਪਸੂਆਂ-ਪੰਛੀਆਂ ਨੂੰ ਜਿਬਾਹ ਕਰਦਾ, ਮਾਰਦਾ ਹੈ।

** ਸਵਾਲ: ਕੀ ਪਸੂਆਂ-ਪੰਛੀਆਂ, ਜੀਵਾਂ ਲਈ ਮਨੁੱਖ ਵਲੋਂ ਕੀਤਾ ਜਾਂਦਾ ਅਤਿਆਚਾਰ ਇਹਨਾਂ ਜੀਵਾਂ ਲਈ ਕਾਬਿਲੇ-ਬਰਦਾਸ਼ਤ ਹੋਵੇਗਾ? ?

** ਜਵਾਬ: ਨਹੀਂ ਨਾ।

** ਸਵਾਲ: ਕੀ ਮਨੁੱਖ ਇਹਨਾਂ ਬੇ-ਜ਼ੁਬਾਨਾਂ ਉੱਪਰ ਤਰਸ ਕਰਦਾ ਹੈ? ? ?

** ਜਵਾਬ: ਨਹੀਂ ਨਾ। (ਇਸ ਸਾਡੀ ਧਰਤੀ ਉੱਪਰ ਕੁੱਝ % ਹੀ ਲੋਕ ਹੋਣਗੇ ਜੋ ਇਹਨਾਂ ਪਸੂਆਂ-ਪੰਛੀਆਂ ਉੱਪਰ ਦਇਆ ਕਰਦੇ ਹੋਣਗੇ, ਬਾਕੀ ਸੱਭ ਇਹਨਾਂ ਨੂੰ ਛਕਣ ਛਕਾਉਣ ਵਾਲੇ ਹੀ ਹਨ)

** ਮਨੁੱਖ ਵਲੋਂ ਇਹ ਬੇਦਰਦੀ ਭਰਿਆ ਅਤਿਆਚਾਰ-ਤਸਦੱਦ, ਪਸੂਆਂ-ਪੰਛੀਆਂ ਜੀਵਾਂ ਨਾਲ ਕਰਨਾ ਅਤੇ ਇਹਨਾਂ ਨੂੰ ਮਾਰਨਾ ਤਾਂ ਲਗਾਤਾਰ ਜ਼ਾਰੀ ਹੈ।

**** ਫਿਰ ਵੀ, ਤਾਂ ਵੀ:

…… ਅਕਾਲ-ਪੁਰਖ ਨੇ ਕਦੀ ਵੀ ਕੋਈ ਉਜ਼ਰ ਨਹੀਂ ਕੀਤਾ ਹੈ,

…… ਅਕਾਲ-ਪੁਰਖ ਨੇ ਕਦੀ ਵੀ ਕੋਈ ਆਹ ਦਾ ਨਹੋਰਾ ਨਹੀਂ ਮਾਰਿਆ ਹੈ,

…… ਅਕਾਲ-ਪੁਰਖ ਨੇ ਕਦੀ ਵੀ ਕੋਈ ਕਿਸੇ ਤਰਾਂ ਦੀ ਦਖ਼ਲ-ਅੰਦਾਜ਼ੀ ਨਹੀਂ ਕੀਤੀ ਹੈ,

……. ਅਤੇ ਨਾ ਹੀ ਅਕਾਲ-ਪੁਰਖ ਨੇ ਕਦੇ ਕਿਸੇ ਦੇਸ਼ ਦੇ ਮਨੁੱਖਾਂ ਲਈ ਕਿਸੇ ਤਰਾਂ ਦੀ ਕੋਈ

ਫਟਕਾਰ ਹੀ ਪਾਈ ਹੈ, ਅਤੇ ਨਾ ਹੀ ਪਾਵੇਗਾ।

### ਕਿਉਂਕਿ ਇਸ ਸ਼੍ਰਿਸਟੀ ਦੇ ਜੀਵਾਂ ਦੇ ਜੀਵਨਾਂ ਵਿੱਚ ਦਖ਼ਲ-ਅੰਦਾਜ਼ੀ ਕਰਨਾ ਵਾਲਾ ਵਿਧੀ-ਵਿਧਾਨ/ਸਿਸਟਿਮ/ਨਿਯਮ ਉਸਨੇ (ਅਕਾਲ-ਪੁਰਖ ਨੇ) ਬਣਾਇਆ ਹੀ ਨਹੀਂ।

### ਜਦੋਂ ਮਨੁੱਖ ਹੋਰਨਾਂ ਜੀਵਾਂ ਨੂੰ ਬੇਦਰਦੀ ਨਾਲ ਮਾਰਦਾ ਹੈ ਤਾਂ ਮਨੁੱਖ ਦੇ ਮਨ ਵਿੱਚ ਉਦੋਂ ਕੋਈ ਹਮਦਰਦੀ/ਤਰਸ/ਦਇਆ ਨਹੀਂ ਹੁੰਦੀ।

** ਉਸ ਵਕਤ ਵੀ ‘ਰੱਬ’ ਕੋਈ ਦਖ਼ਲ-ਅੰਦਾਜ਼ੀ ਨਹੀਂ ਕਰਦਾ।

** ਫਿਰ ਜਦ ਮਨੁੱਖਾਂ ਨੂੰ ਕੋਈ ਔਕੜ ਬਿਪਤਾ ਆਏ ਤਾਂ ‘ਰੱਬ’ ਕਿਉਂਕਰ ਮਨੁੱਖਾਂ ਲਈ ਕਿਸੇ ਤਰਾਂ ਦੀ ਕੋਈ ਦਖ਼ਲ-ਅੰਦਾਜ਼ੀ ਕਰੇਗਾ? ? ?

ਅਗਰ ਮਨੁੱਖ ਲਈ ਕੋਈ ਬਿਪਤਾ-ਔਕੜ ਆਉਂਦੀ ਹੈ ਤਾਂ ਮਨੁੱਖਾਂ ਨੂੰ ਆਪ ਹੀ ਉਸ ਬਿਪਤਾ-ਔਕੜ ਦਾ ਮੁਕਾਬਿਲਾ ਕਰਨਾ ਹੋਵੇਗਾ। ਭਲਾ ‘ਰੱਬ’ ਸਾਡੀ ਮਨੁੱਖਾਂ ਦੀ ਬਹੁੜੀ ਕਿਉਂ ਕਰੇਗਾ?

*** ਅਕਾਲ-ਪੁਰਖ, (ਰੱਬ-ਅੱਲਾ-ਖ਼ੁਦਾ) ਲਈ ਤਾਂ ਅਸੀਂ ‘ਮਨੁੱਖ’ ਵੀ ਉਹਨਾਂ ਪਸੂਆਂ-ਪੰਛੀਆਂ ਵਰਗੇ ਹੀ ਹਾਂ, ਜਿਹਨਾਂ ਨੂੰ ਮਨੁੱਖ ਆਪਣੇ ਸੁਆਦ ਅਤੇ ਪੇਟ-ਪੂਰਤੀ ਲਈ ਲਗਾਤਾਰ ਮਾਰੀ ਜਾ ਰਿਹਾ ਹੈ।

ਅਕਾਲ-ਪੁਰਖ (ਰੱਬ) ਦੇ ਬਾਰੇ ਐਸਾ ਸੋਚਨਾ ਸਾਡੀ ਨਾਦਾਨੀ/ਅਗਿਆਨਤਾ ਹੈ। ਕਿ ਉਹ ਮਨੁੱਖਾਂ ਦਾ ਖਾਸ ਖਿਆਲ ਰੱਖੇ। ਅਕਾਲ-ਪੁਰਖ ((ਰੱਬ-ਅੱਲਾ-ਖ਼ੁਦਾ)) ਲਈ ‘ਮਨੁੱਖ’ ਕੋਈ ਬਹੁਤ ਸਪੈਸ਼ਲ ਕੈਟਾਗਰੀ ਦਾ ਜੀਵ ਨਹੀਂ ਹੈ, ਜੋ ਮਨੁੱਖਾਂ ਦੀ ਵੱਧ ਦੇਖਭਾਲ ਕਰੇ।

‘ਅਕਾਲ-ਪੁਰਖ’ ਲਈ ਮਨੁੱਖਾ ਜੀਵਨ ਵੀ ਜ਼ਮੀਨ ਵਿੱਚ ਰਹਿੰਦੀਆਂ ਉਹਨਾਂ ਕੀੜੀਆਂ ਦੀ ਨਿਆਂਈਂ ਹੀ ਹੈ, ਜਿਹਨਾਂ ਨੂੰ ਮਨੁੱਖ ਆਪਣੇ ਕਿੱਚਨ ਗਾਰਡਨ ਦੀ ਦੇਖਭਾਲ ਕਰਦਾ, ਹਜ਼ਾਂਰਾਂ ਦੀ ਸੰਖਿਆ ਵਿੱਚ ਘਰੋਂ ਬੇਘਰ ਕਰ ਦਿੰਦਾ ਹੈ ਜਾਂ ਮਾਰ ਦਿੰਦਾ ਹੈ।

** ਅਕਾਲ-ਪੁਰਖ (ਰੱਬ-ਅੱਲਾ ਖ਼ੁਦਾ) :-

ਕਿਸੇ ਨੂੰ ਨਹੀਂ ਵੇਖਦਾ,

ਕਿਸੇ ਦੀ ਨਹੀਂ ਸੁਣਦਾ,

… ਕਿਉਂਕਿ ਉਸਦਾ ਕੋਈ ਆਕਾਰ ਨਹੀਂ।

… ਉਹ ਤਾਂ ੴ, ਸਰਬ ਵਿਆਪੱਕ ਹੈ। ਸਾਰਿਆਂ ਜੀਵਾਂ, ਕੁੱਦਰਤੀ ਨਜ਼ਾਰਿਆਂ, ਫੁੱਲਾਂ ਦੇ ਸੁਹੱਪਣ, ਖ਼ੁਸ਼ਬੂ ਵਿੱਚ ਸਮਾਇਆ ਹੋਇਆ ਹੈ। ਸਾਡੇ ਆਸੇ ਪਾਸੇ, ਉੱਪਰ ਨੀਚੇ ਉਸੇ ਦਾ ਹੀ ਰੂਪ/ਨਜ਼ਾਰਾ ਨਜ਼ਰ ਆਉਂਦਾ ਹੈ।

** ਬੁਲਿਆ ਰੱਬ ਤੈਥੋਂ ਵੱਖ ਨਹੀਂ, ਪਰ ਤੇਰੀ ਵੇਖਣ ਵਾਲੀ ਅੱਖ ਨਹੀਂ। ਬਾਬਾ ਬੁੱਲਾ ਜੀ।

*** ਉਹ ਵੇਖਦਾ ਹੈ ਤਾਂ ਸਾਡੀਆਂ ਅੱਖਾਂ ਦੇ ਰਾਂਹੀ, ਉਹ ਸੁਣਦਾ ਹੈ ਸਾਡੇ ਕੰਨਾਂ ਦੇ ਰਾਂਹੀ।

*** ਸੋ, ਜ਼ੁਲਮ-ਅਤਿਆਚਾਰ ਦੇ ਖਿਲਾਫ ਸਾਨੂੰ ਮਨੁੱਖਾਂ-ਇਨਸਾਨਾਂ ਨੂੰ ਹੀ ਆਵਾਜ਼ ਬੁਲੰਦ ਕਰਨੀ ਹੋਵੇਗੀ। ਰੱਬ ਤੋਂ ਕਿਸੇ ਮਦਦ ਦੀ ਆਸ ਕਰਨਾ ਸਾਡੀ ਮਹਾਂ ਬੇਵਕੂਫੀ, ਨਾਦਾਨੀ ਹੋਵੇਗੀ। ਉਸਦੇ ਬਣਾਏ ਨਾਜ਼ਾਮ ਵਿਧੀ-ਵਿਧਾਨ ਨੂੰ ਸਮਝਣਾ ਹੋਏਗਾ। ਬਰਾਹਮਣ-ਬਿਪਰ-ਪਾਂਡੇ ਦੇ ਬਣਾਏ ਨਕਲੀ ਰੱਬ, ਜੋ ਉਸਨੇ ਪੱਥਰ ਦੀਆਂ ਮੂਰਤੀਆਂ ਵਿੱਚ ਬਿਠਾ ਰੱਖਿਆ ਹੈ, ਸਾਡਾ ਸਿੱਖ ਭਾਈ ਚਾਰਾ ਵੀ ਬਰਾਹਮਣ-ਬਿਪਰ-ਪਾਂਡੇ ਦੇ ਰਾਹ ਉੱਪਰ ਚਲਦੇ ਹੋਏ, ‘ਗੁਰਮੱਤ ਗਿਆਨ ਰੂਪੀ ਰੱਬ ਜੀ’ ਨੂੰ ਗਰੰਥ ਦੀ ਵੱਡ ਆਕਾਰੀ ਦੇਹ ਵਿੱਚ ਵੇਖੀ ਜਾ ਰਿਹਾ ਹੈ। (ਗੁਰੁ ਗਰੰਥ ਜੀ ਮਾਨਿਉ ਪ੍ਰਗਟ ਗੁਰਾਂ ਕੀ ਦੇਹ)। ਜਦ ਕਿ …

**ਗੁਰਬਾਣੀ ਫੁਰਮਾਨ ਹੈ:

### ਸੋ ਮੁਖ ਜਲਉ ਜਿਤੁ ਕਹਹਿ ਠਾਕੁਰੁ ਜੋਨੀ॥ ਮ ੩॥ ਪੰ ੧੧੩੬॥

### ਰੂਪੁ ਨ ਰੇਖ ਨ ਰੰਗੁ ਕਿਛੁ ਤ੍ਰਿਹੁ ਗੁਣ ਤੇ ਪ੍ਰਭ ਭਿੰਨ॥ ਮ ੪॥ ਪੰ ੨੮੩॥

ਉਸਨੇ (ਰੱਬ ਅੱਲਾ ਖ਼ੁਦਾ ਵਾਹਿਗੁਰੂ) ਨੇ ਸਾਨੂੰ ਹਰ ਤਰਾਂ ਦੀ ਸੂਝ-ਸਮਝ-ਅਕਲ ਨਾਲ ਨਿਵਾਜਿਆ ਹੈ,

ਸੋ ਸਾਨੂੰ ਉਸ ਅਕਲ/ਮੱਤ/ਬੁੱਧ ਸੂਝ-ਬੂਝ ਦੀ ਵਰਤੋਂ ਕਰਨੀ ਹੋਵੇਗੀ।

‘ਰੱਬ’ ਉਪਰ ਇਲਜ਼ਾਮ ਲਾਉਂਣਾ ਛੱਡਣਾ ਹੋਵੇਗਾ।

ਇਹ ਦੁੱਖ ਦਰਦ ਤਕਲੀਫਾਂ ਮੁਸੀਬਤਾਂ ਤਾਂ ਸਾਰਾ ਕੁੱਝ ਆਪਾਂ ਇਨਸਾਨਾਂ ਦਾ ਹੀ ਸਹੇੜਿਆ ਹੋਇਆ ਹੈ।

ਅਗਰ ਇਨਸਾਨ ਆਪਣੇ ਆਪ ਨੂੰ ਸੁਧਾਰ ਲਵੇ ਤਾਂ ਸੰਸਾਰ ਭਰ ਵਿੱਚ ਹਲੇਮੀ ਰਾਜ ਸਥਾਪਿਤ ਹੋ ਸਕਦਾ ਹੈ। ਬੇਗਮ-ਪੁਰਾ ਬਣ ਸਕਦਾ ਹੈ।

** ਆਸ ਕਰਦਾ ਹਾਂ, ਵੀਰ ਜੀ! ! ਆਪ ਜੀ ਦੇ ਸਵਾਲ ਦਾ ਜਵਾਬ, ‘ਗੁਰਮੱਤ’ ਅਨੁਸਾਰੀ ਸੋਝੀ ਮੁਤਾਬਿਕ ਉੱਪਰ ਦਿੱਤਾ ਹੈ। ਆਪਣੇ ਮਨ ਦਾ ਸ਼ੰਕਾ ਦੂਰ ਕਰਨਾ ਜਾਂ ਨਾ-ਕਰਨਾ ਇਹ ਆਪ ਜੀ ਦਾ ਫੈਸਲਾ ਹੈ। ਕਿਉਂਕਿ! ! ਇਸ ਸੰਸਾਰ ਵਿੱਚ ਕਿਸੇ ਵੀ ਦੋ ਇਨਸਾਨਾਂ ਦੀ ਸੋਚ-ਵਿਚਾਰ ਇਕੋ ਪੱਧਰ, ਇੱਕ ਤਰਾਂ ਦੀ ਨਹੀਂ ਹੋ ਸਕਦੀ। ਉਹ ਗੁਰਸਿੱਖ ਵੀਰ-ਭੈਣ ਜਿਹਨਾਂ ਨੂੰ ‘ਗੁਰਮੱਤ-ਸਿਧਾਂਤਾਂ-ਅਸੂਲ਼ਾਂ’ ਦਾ ਗਿਆਨ ਹੋ ਗਿਆ ਤਾਂ ਉਹਨਾਂ ਦੀ ਵਿਚਾਰਧਾਰਾ ਮਿਲਣ ਦੇ, ਇੱਕ ਹੋਣ ਦੇ ਆਸਾਰ ਬਹੁਤ ਜਿਆਦਾ ਬਣ ਜਾਂਦੇ ਹਨ, ਉਹ ਆਪਣਾ ਤਾਲਮੇਲ ਬਣਾ ਲੈਂਦੇ ਹਨ।

**** ਸਿੱਖ ਸਮਾਜ ਵਿੱਚ ‘ਗੁਰਬਾਣੀ’ ਦੇ ਗਿਆਨ-ਵਿਚਾਰ ਦਾ ਪ੍ਰਚਾਰ-ਪ੍ਰਸਾਰ, ‘ਗੁਰਬਾਣੀ’ ਦੇ ਅਰਥ ‘ਗੁਰ ਨਾਨਕ ਗੁਰਮੱਤ ਫਲਸ਼ਫੇ’ ਦੇ ਅਨੁਸਾਰੀ ਨਾ ਕਰਕੇ,

… ਹਰ ਪਾਰੰਪਰਾਵਾਦੀ ਸੰਪਰਦਾ, ਡੇਰੇਦਾਰਾਂ, ਨਿਰਮਲੇ-ਸਾਧਾਂ ਨੇ ਆਪਣੀ ਆਪਣੀ ਮੱਤ-ਬੁੱਧ ਅਤੇ ਆਪਣੇ ਧੜੇਬੰਦੀ/ਜੱਥੇਬੰਦੀ ਦੀ ਲੋੜ ਅਨੁਸਾਰ ਕੀਤੇ ਹਨ।

**** ਲੋੜ ਹੈ ‘ਨਾਨਕ ਫਲਸ਼ਫੇ’ ਨੂੰ ਸਮਝਦੇ ਹੋਏ ਹਰ ਮਾਈ ਭਾਈ … ਪਾਖੰਡੀ ਬਾਬਿਆਂ-ਡੇਰੇਦਾਰਾਂ ਦੀਆਂ ਸੁਣੀਆਂ ਸੁਣਾਈਆਂ ਸਾਖੀਆਂ ਕਥਾ ਕਹਾਣੀਆਂ ਤੇ ਯਕੀਨ ਨਾ ਕਰਕੇ ਆਪ ‘ਗੁਰਬਾਣੀ’ ਪੜ੍ਹਂਨਾ ਕਰੇ, ਸੁਨਣਾ ਕਰੇ, ਮੰਨਣਾ ਕਰੇ, ਵਿਚਾਰਨਾ ਕਰੇ।

‘ਗੁਰਬਾਣੀ’ ਜੀਵਨ ਜਾਝ ਹੈ।

‘ਗੁਰਬਾਣੀ’ ਗਿਆਨ ਹੈ।

‘ਗੁਰਬਾਣੀ’ ਪੂਜਣ ਵਾਸਤੇ ਨਹੀਂ ਲਿੱਖੀ ਗਈ, ਬਲਕਿ ਗਿਆਨ ਲੈਣ ਵਾਸਤੇ ਲਿਖਤ ਵਿੱਚ ਲਿਆਂਦੀ ਗਈ ਹੈ।

੩੫ ਮਹਾਂ-ਪੁਰਸ਼ਾਂ ਨੂੰ ਯਕੀਨ ਸੀ ਕਿ ਮਨੁੱਖਤਾ ਇਸ ਅਕਾਲ-ਪੁਰਖੀ-ਗਿਆਨ ਨੂੰ ਪੜਕੇ, ਸੁਣਕੇ, ਮੰਨਕੇ, ਵਿਚਾਰਕੇ ਇਸਦੇ ਅਨੁਸਾਰੀ ਚੱਲਣਾ ਕਰਕੇ ਇਸ ਗਿਆਨ ਦਾ ਪੂਰਾ ਲਾਹਾ ਲੈਣਾ ਕਰੇਗੀ।

. . ਪਰ ਅਫ਼ਸੋਸ! ! ਬ੍ਰਾਹਮਣ/ਬਿਪਰ/ਪਾਂਡੇ ਦੇ ਕੋਲ/ਗਵਾਂਢ ਵਿੱਚ ਰਹਿਣ ਕਰਕੇ ਸਿੱਖਾਂ ਉਪੱਰ ਵੀ ਬ੍ਰਾਹਮਣ/ਬਿਪਰ/ਪਾਂਡੇ ਦਾ ਅਸਰ ਭਾਰੂ ਹੋ ਗਿਆ। ਸਿੱਖ ਵੀ ਲਾਹਾ ਲੈਣ ਦੀ ਬਜਾਏ ਇਸ ‘ਗੁਰਬਾਣੀ’ ਨੂੰ ਪੂਜਣ ਲੱਗ ਪਏ, ਰਾਹੋ ਕੁਰਾਹੇ ਪੈ ਗਏ।

… ਕਾਸ਼! ! ! ਸਿੱਖ ਕੌਮ ਨੂੰ ਜਾਗ ਆ ਜਾਏ। ਇਹ ਆਪਣਾ ਨਿਆਰਾਪਣ ਮੁੜ ਬਹਾਲ ਕਰ ਸਕਣ। ਮੁੜ ਸਿੱਖ ਕੌਮ ਉਹਨਾਂ ਸਿੱਖੀ ਰਵਾਇਤਾਂ ਨੂੰ ਕਾਇਮ ਕਰ ਸਕੇ, ਜਿਹਨਾਂ ਰਵਾਇਤਾਂ ਨੂੰ ਕਾਇਮ ਕਰਨ ਲਈ ੨੩੯ ਸਾਲ ਦਾ ਸਮਾਂ ਲੱਗਾ ਸੀ।

. . ਬ੍ਰਾਹਮਣ/ਬਿਪਰ/ਪਾਂਡੇ ਦੀ ਗੁਲਾਮੀ ਦਾ ਜੂਲਾ ਗਲੋਂ ਲਾਹ ਕੇ, ਆਪਣੀਆਂ ਖਾਲਸਾਈ ਰਵਾਇਤਾਂ ਨੂੰ ਸਿੱਖ ਸਮਾਜ ਵਿੱਚ ਮੁੜ ਸੁਰਜੀਤ ਕਰ ਸਕਣ।

ਭੁੱਲ ਚੁੱਕ ਲਈ ਮੁਆਫ ਕਰਨਾ।

ਧੰਨਵਾਧ।

ਇੰਜ ਦਰਸ਼ਨ ਸਿੰਘ ਖਾਲਸਾ। (ਅਸਟਰੇਲੀਆ)

੨੫ ਮਈ ੨੦੧੮.
.