.

ਵਿਣੁ ਗੁਣ ਕੀਤੇ ਭਗਤਿ ਨ ਹੋਇ

ਹਾਕਮ ਸਿੰਘ

ਗੁਰਬਾਣੀ ਉਪਦੇਸ਼ ਹੈ ਕਿ ਅਧਿਆਤਮਕ ਗੁਣਾਂ ਤੋਂ ਬਿਨਾ ਪ੍ਰਭੂ ਭਗਤੀ ਨਹੀਂ ਹੋ ਸਕਦੀ। ਅਧਿਆਤਮਕ ਗੁਣਾਂ ਰਾਹੀਂ ਪ੍ਰਭੂ ਨਾਲ ਸਾਂਝ ਪਾ ਕੇ ਹੀ ਮਨੁੱਖ ਆਪਣੇ ਅੰਦਰ ਉਸ ਦੇ ਦਰਸ਼ਨ ਕਰਨਯੋਗ ਬਣਦਾ ਹੈ। ਇਸ ਪ੍ਰਥਾਏ ਗੁਰਬਾਣੀ ਦਾ ਕਥਨ ਹੈ: "ਸਚੁ ਸੰਜਮੋ ਸਾਰਿ ਗੁਣਾ ਗੁਰ ਸਬਦੁ ਕਮਾਈਐ ਰਾਮੁ॥ ਸਚੁ ਸਬਦੁ ਕਮਾਈਐ ਨਿਜ ਘਰ ਜਾਈਐ ਪਾਈਐ ਗੁਣਾ ਨਿਧਾਨਾ" (ਪੰ: ੪੩੬)। ਸਚੇ ਪ੍ਰਭੂ ਵਿੱਚ ਧਿਆਨ ਧਾਰ, ਸੰਜਮ ਦੁਆਰਾ ਇੰਦ੍ਰੀਆਂ ਵਸ ਕਰ ਅਤੇ ਪ੍ਰਭੂ ਦੇ ਗੁਣਾਂ ਨੂੰ ਹਿਰਦੇ ਵਿੱਚ ਸੰਭਾਲ ਕੇ ਗੁਰ ਸ਼ਬਦ ਦੀ ਕਮਾਈ ਕਰਨ ਨਾਲ ਆਪਣੇ ਨਿਜ ਵਿਚੋਂ ਗੁਣਾਂ ਦੇ ਖਜ਼ਾਨੇ ਪ੍ਰਭੂ ਦੀ ਪ੍ਰਾਪਤੀ ਹੁੰਦੀ ਹੈ ਕਿਊਂਕੇ "ਨਿਰਗੁਣ ਰਾਮ ਗੁਣਹ ਵਸਿ ਹੋਇ।" (ਪੰ: ੨੨੨)। ਗੁਰਬਾਣੀ ਅਨੁਸਾਰ ਮਨੁੱਖ ਨੂੰ ਔਗਣ ਵਧੇਰੇ ਆਕਰਸ਼ਤ ਕਰਦੇ ਹਨ ਅਤੇ ਕੋਈ ਵਿਰਲਾ ਹੀ ਪ੍ਰਭੂ ਦੇ ਗੁਣ ਧਾਰਨ ਕਰਨ ਦੀ ਹਿੰਮਤ ਜੁਟਾ ਪਾਉਂਦਾ ਹੈ: "ਲੋਕੁ ਅਵਗੁਣਾ ਕੀ ਬੰਨੈ ਗੰਠੜੀ ਗੁਣ ਨ ਵਿਹਾਝੈ ਕੋਇ॥ ਗੁਣ ਕਾ ਗਾਹਕੁ ਨਾਨਕਾ ਵਿਰਲਾ ਕੋਈ ਹੋਇ॥" (ਪੰ: ੧੦੯੨)। ਉਹ ਕੈਸੇ ਗੁਣ ਹੋਣਗੇ ਜਿਨ੍ਹਾਂ ਦਾ ਗਾਹਕ ਕੋਈ ਵਿਰਲਾ ਹੀ ਹੁੰਦਾ ਹੈ?

ਮਨੁੱਖ ਨਾਲ ਸਬੰਧਤ ਗੁਣਾਂ ਨੂੰ ਤਿੰਨ ਸ਼੍ਰੇਣੀਆਂ ਵਿੱਚ ਵੰਡਿਆ ਜਾ ਸਕਦਾ ਹੈ:

  1. ਮਾਇਆ ਦੇ ਤ੍ਰੈ ਗੁਣ; (੨) ਧਰਮ; ਅਤੇ (੩) ਅਧਿਆਤਮਕ ਗੁਣ।

ਦਿਖਾਈ ਦੇ ਰਹੇ ਗਤੀਸ਼ੀਲ ਸੰਸਾਰ ਵਿੱਚ ਮਾਇਆ ਦੇ ਤ੍ਰੈ ਗੁਣ ਕਿਰਿਆਸ਼ੀਲ ਹਨ। ਇਹ ਤਮੋ, ਰਜੋ ਅਤੇ ਸਤੋ ਜਾਂ ਤਮ ਗੁਣ, ਰਜ ਗੁਣ ਅਤੇ ਸਤ ਗੁਣ ਵਜੋਂ ਜਾਣੇ ਜਾਂਦੇ ਹਨ। ਗੁਰੁਫਰਮਾਨ ਹੈ: "ਰਜ ਗੁਣ ਤਮ ਗੁਣ ਸਤਿ ਗੁਣ ਕਹੀਐ ਇਹੁ ਤੇਰੀ ਸਭ ਮਾਇਆ॥" (ਪੰ: ੧੧੨੩) ਅਤੇ "ਤਿਹੁ ਗੁਣ ਮਹਿ ਵਰਤੈ ਸੰਸਾਰਾ॥" (ਪੰ: ੩੮੯)।

ਤਮ ਜਾਂ ਤਮੋ ਗੁਣ ਅਗਿਆਨਤਾ, ਕ੍ਰੋਧ ਅਤੇ ਅੰਧਕਾਰ ਦਾ ਪ੍ਰਤੀਕ ਹੈ। ਇਹ ਗੁਣ ਮਨੁੱਖ ਨੂੰ ਅਗਿਆਨੀ ਅਤੇ ਹਿੰਸਕ ਬਣਾ ਦਿੰਦਾ ਹੈ। ਰਜ ਜਾ ਰਜੋ ਗੁਣ ਮੋਹ, ਜੋਸ਼ ਅਤੇ ਅਹੰਕਾਰ ਦਾ ਪ੍ਰਤੀਕ ਹੈ। ਇਸ ਦੇ ਪ੍ਰਭਾਵ ਅਧੀਨ ਵਿਅਕਤੀ ਸੁਆਰਥੀ, ਜੋਸ਼ੀਲਾ, ਐਸ਼ ਪ੍ਰਸਤ ਅਤੇ ਹੰਕਾਰੀ ਬਣ ਜਾਂਦਾ ਹੈ। ਇਸ ਗੁਣ ਦੇ ਪ੍ਰਭਾਵ ਅਧੀਨ ਲੋਕਾਂ ਵਿੱਚ ਰਾਜਸੀ ਆਗੂਆਂ ਦੀ ਮਾਤਰਾ ਵਧੇਰੀ ਹੁੰਦੀ ਹੈ। ਸਤ ਜਾਂ ਸਤੋ ਗੁਣ ਸ਼ਾਂਤੀ, ਦਇਆ, ਦਾਨ, ਖਿਮਾ, ਪ੍ਰਸੰਨਤਾ ਆਦਿ ਦਾ ਪ੍ਰਤੀਕ ਹੈ। ਇਸ ਗੁਣ ਦੇ ਧਾਰਨੀ ਨੇਕ, ਦਿਆਲੂ ਅਤੇ ਮਿਲਾਪੜੇ ਹੁੰਦੇ ਹਨ ਅਤੇ ਨੈਤਕ ਮੰਨੇ ਜਾਂਦੇ ਹਨ।

ਹਰ ਮਨੁੱਖ ਮਾਇਆ ਦੇ ਇਨ੍ਹਾਂ ਤਿੰਨੇ ਗੁਣਾਂ ਤੋਂ ਪ੍ਰਭਾਵਤ ਹੁੰਦਾ ਹੈ ਪਰ ਇਨ੍ਹਾਂ ਦਾ ਪ੍ਰਭਾਵ ਇੱਕੋ ਜਿਹਾ ਨਹੀਂ ਹੁੰਦਾ। ਕਈ ਮਨੁੱਖਾਂ ਵਿੱਚ ਤਮ ਗੁਣ ਹਾਵੀ ਹੁੰਦਾ ਹੈ ਅਤੇ ਕਈਆਂ ਵਿੱਚ ਰਜ ਗੁਣ। ਕਈ ਮਨੁੱਖਾਂ ਦਾ ਰੁਝਾਨ ਸਤ ਗੁਣ ਵਲ ਹੁੰਦਾ ਹੈ। ਲੋਕਾਂ ਵਿੱਚ ਇਨ੍ਹਾਂ ਤਿੰਨੋ ਗੁਣਾਂ ਦੇ ਪ੍ਰਭਾਵ ਦੀ ਮਾਤਰਾ ਵਖੋ ਵਖਰੀ ਤੇ ਹੁੰਦੀ ਹੀ ਹੈ ਪਰ ਹਾਲਾਤ ਬਦਲਣ ਨਾਲ ਬਦਲਦੀ ਵੀ ਰਹਿੰਦੀ ਹੈ। ਸਮਾਜ ਸੁਧਾਰਕ ਅਤੇ ਧਾਰਮਕ ਪ੍ਰਚਾਰਕ ਲੋਕਾਂ ਨੂੰ ਸਤੋ ਗੁਣ ਧਾਰਨ ਕਰਨ ਲਈ ਪ੍ਰੇਰਤ ਕਰਦੇ ਹਨ ਕਿਊਂਕੇ ਨੈਤਕਤਾ ਸਮਾਜ ਵਿੱਚ ਸ਼ਾਂਤੀ ਕਾਇਮ ਕਰਨ ਵਿੱਚ ਸਹਾਇਕ ਹੁੰਦੀ ਹੈ। ਸਤ ਗੁਣ ਨੂੰ ਅਕਸਰ ਧਾਰਮਕ ਗੁਣ ਸਮਝ ਲਿਆ ਜਾਂਦਾ ਹੈ ਪਰ ਨੈਤਕਤਾ ਧਰਮ ਤੋਂ ਵਖਰੀ ਹੁੰਦੀ ਹੈ।

ਧਰਮ ਅਤੇ ਸੰਸਾਰ ਦੇ ਤ੍ਰੈ ਗੁਣਾਂ ਵਿੱਚ ਮੂਲ ਅੰਤਰ ਹੈ ਕਿਊਂਕੇ ਸੰਸਾਰਕ ਗੁਣ ਮਾਇਆ ਦੀ ਉਪਜ ਹੁੰਦੇ ਹਨ ਅਤੇ ਧਰਮ ਮਾਇਆ ਦੇ ਪ੍ਰਭਾਵ ਤੋਂ ਮੁਕਤ ਅਧਿਆਤਮਕ ਸੋਚ ਅਤੇ ਵਿਹਾਰ ਹੁੰਦਾ ਹੈ। ਮਾਇਆ ਅਤੇ ਧਰਮ ਦਾ ਪ੍ਰਸਪਰ ਵਿਰੋਧ ਹੈ। ਗੁਰਬਾਣੀ ਵਿੱਚ ਮਾਇਆ ਨੂੰ "ਮਾਈ ਮਾਇਆ ਛਲੁ॥" (ਪੰ: 717) ਅਤੇ "ਮਾਇਆ ਮਮਤਾ ਮੋਹਣੀ ਜਿਨਿ ਵਿਣੁ ਦੰਤਾ ਜਗੁ ਖਾਇਆ॥" (ਪੰ: 643) ਆਖਿਆ ਗਿਆ ਹੈ ਅਤੇ ਸੰਸਾਰਕ ਵਡਿਆਈਆਂ ਨੂੰ "ਨਾਨਕ ਦੁਨੀਆ ਕੀਆ ਵਡਿਆਈਆ ਅਗੀ ਸੇਤੀ ਜਾਲਿ॥ ਏਨੀ ਜਲੀਈ ਨਾਮੁ ਵਿਸਾਰਿਆ ਇੱਕ ਨ ਚਲੀਆ ਨਾਲਿ॥" (ਪੰ: ੧੨੯੦)। ਮਾਇਆ ਦੇ ਤ੍ਰੈ ਗੁਣਾਂ ਦੇ ਵਿਪ੍ਰੀਤ ਧਰਮ ਅਧਿਆਤਮਕ ਗਿਆਨ ਪ੍ਰਾਪਤੀ ਦਾ ਸਾਧਨ ਹੈ।

ਗੁਰਬਾਣੀ ਅਨੁਸਾਰ ਪ੍ਰਭੂ ਨੇ ਧਰਤੀ ਦੀ ਸਥਾਪਨਾ ਧਰਮਸਾਲ, ਧਾਰਮਕ ਕਾਰਜ ਖੇਤਰ, ਵਜੋਂ ਕੀਤੀ ਹੈ: "ਰਾਤੀ ਰੁਤੀ ਥਿਤੀ ਵਾਰ॥ ਪਵਣ ਪਾਣੀ ਅਗਨੀ ਪਾਤਾਲ॥ ਤਿਸੁ ਵਿੱਚ ਧਰਤੀ ਥਾਪਿ ਰਖੀ ਧਰਮਸਾਲ" (ਪੰ: 7)। ਉਸ ਨੇ ਧਰਤੀ ਨੂੰ ਧਰਮ ਕਰਮ ਦਾ ਸਥਾਨ ਬਣਾਇਆ ਹੈ: "ਧਰਤਿ ਉਪਾਇ ਧਰੀ ਧਰਮ ਸਾਲਾ॥ ਉਤਪਤਿ ਪਰਲਉ ਆਪਿ ਨਿਰਾਲਾ॥" (ਪੰ: 1033)। ਉਸ ਦੇ ਨਾਮ ਰੂਪੀ ਧਰਮ ਦੁਆਰਾ ਸਾਰੀ ਸ੍ਰਿਸ਼ਟੀ ਦਾ ਉਧਾਰ ਹੋ ਰਿਹਾ ਹੈ: "ਸਭ ਕਲਿ ਉਧਰੀ ਇੱਕ ਨਾਮ ਧਰਮ॥" (ਪੰ: 1387)। ਗੁਰਬਾਣੀ ਵਿੱਚ ਧਰਮ ਨੂੰ "ਧੌਲ ਧਰਮੁ ਦਇਆ ਕਾ ਪੂਤੁ ਸੰਤੋਖੁ ਥਾਪਿ ਰਖਿਆ ਜਿਨਿ ਸੂਤਿ॥" (ਪੰ: 5) ਆਖਿਆ ਗਿਆ ਹੈ। ਧਰਮ ਦਇਆ ਤੋਂ ਉਤਪੰਨ ਹੁੰਦਾ ਹੈ ਅਤੇ ਮਨੁੱਖਾ ਜੀਵਨ ਵਿੱਚ ਸਬਰ ਸੰਤੋਖ ਦੀ ਸਥਾਪਨਾ ਕਰਕੇ ਧੌਲ ਬਲ੍ਹਦ ਦੇ ਰੂਪ ਵਿੱਚ ਸੰਸਾਰ ਨੂੰ ਵਿਨਾਸ਼ ਤੋਂ ਬਚਾਉਂਦਾ ਹੈ।

ਗੁਰਬਾਣੀ ਵਿੱਚ ਧਰਮ ਨੂੰ ਸੰਤੋਖ ਦੇ ਪੇੜ ਦਾ ਫੁਲ ਆਖਿਆ ਗਿਆ ਹੈ ਜਿਸ ਨੂੰ ਅਧਿਆਤਮਕ ਗਿਆਨ ਦਾ ਫਲ ਲਗਦਾ ਹੈ: "ਨਾਨਕ ਗੁਰੁ ਸੰਤੋਖੁ ਰੁਖੁ ਧਰਮੁ ਫੁਲੁ ਫਲ ਗਿਆਨੁ॥" (ਪੰ: 147) ਅਤੇ "ਕਰਮ ਪੇਡੁ ਸਾਖਾ ਹਰੀ ਧਰਮੁ ਫੁਲੁ ਫਲੁ ਗਿਆਨ॥" (ਪੰ: 1168)। ਮਨੁੱਖ ਦੀਆਂ ਚੰਗਿਆਈਆਂ ਅਤੇ ਬੁਰਾਈਆਂ ਦਾ ਲੇਖਾ ਜੋਖਾ ਵੀ ਧਰਮ ਦੀ ਕਸਵੱਟੀ ਤੇ ਹੀ ਹੁੰਦਾ ਹੈ: "ਚੰਗਿਆਈਆ ਬੁਰਿਆਈਆ ਵਾਚੈ ਧਰਮੁ ਹਦੂਰਿ॥" (ਪੰ: ੫)। ਧਰਮ ਦੀ ਅਗਵਾਈ ਵਿੱਚ ਸੰਤੋਖ ਦੇ ਰਾਹ ਤੇ ਚਲਣ ਵਾਲੇ ਮਨੁੱਖ ਸਤਜੁਗੀ ਪੁਰਸ਼ ਹੁੰਦੇ ਹਨ: "ਸਤਜੁਗਿ ਰਥੁ ਸੰਤੋਖ ਕਾ ਧਰਮੁ ਅਗੈ ਰਥਵਾਹੁ॥" (ਪੰ: 470)। ਗੁਰਬਾਣੀ ਅਨੁਸਾਰ ਧਰਮ ਦੇ ਮਾਰਗ ਦੇ ਪਾਂਧੀ ਨੂੰ ਪ੍ਰਭੂ ਪ੍ਰਵਾਨ ਕਰਕੇ ਵਡਿਆਈ ਬਖਸ਼ਦਾ ਹੈ ਅਤੇ ਉਹ ਆਤਮ ਗਿਆਨ ਪ੍ਰਾਪਤ ਕਰਕੇ ਅਨੰਦਤ ਹੋ ਜਾਂਦਾ ਹੈ। ਹੋਰ ਉਦੱਮ ਕਰਨ ਨਾਲ ਉਸ ਦਾ ਮਨ ਸੁੰਦਰ ਅਤੇ ਸੁਰਤ, ਮਤ, ਮਨ ਅਤੇ ਬੁੱਧ ਸਿੱਧਾਂ ਵਾਲੇ ਬਣ ਜਾਂਦੇ ਹਨ ਅਤੇ ਪ੍ਰਭੂ ਦੀ ਮਿਹਰ ਹੋ ਜਾਣ ਤੇ ਉਸ ਨੂੰ ਆਤਮ-ਬਲ ਦੀ ਪ੍ਰਾਪਤੀ ਹੋ ਜਾਂਦੀ ਹੈ। ਉਸ ਦੇ ਰੋਮ ਰੋਮ ਵਿੱਚ ਪ੍ਰਭੂ ਦਾ ਵਾਸਾ ਹੋ ਜਾਂਦਾ ਹੈ ਅਤੇ ਉਹ ਸੱਚ ਖੰਡ ਵਿੱਚ ਪ੍ਰਵੇਸ਼ ਕਰਕੇ ਸਾਰੀ ਸ਼੍ਰਿਸ਼ਟੀ ਦੀ ਸੰਭਾਲ ਕਰ ਰਹੇ ਪ੍ਰਭੂ ਨਾਲ ਇੱਕ ਮਿੱਕ ਹੋ ਜਾਂਦਾ ਹੈ। ਉਹ ਪ੍ਰਭੂ ਵਲੋਂ ਸਾਜੀ ਸ੍ਰਿਸ਼ਟੀ ਦੀ ਹੋ ਰਹੀ ਸੰਭਾਲ ਅਤੇ ਖੁਸ਼ੀ ਮਾਣਦਾ ਹੈ ਜਿਸ ਨੂੰ ਬਿਆਨ ਕਰਨਾ ਔਖਾ ਹੈ।

ਧਰਮ ਮਨੁੱਖ ਦੀ ਨਿੱਜੀ ਅਧਿਆਤਮਕ ਕਿਰਿਆ ਹੈ। ਧਰਮ ਦੇ ਮਾਰਗ ਤੇ ਚਲਣ ਲਈ ਮਨੁੱਖ ਨੂੰ ਮਾਇਆ ਅਤੇ ਉਸ ਦੇ ਪੰਜ ਵਿਸ਼ੇ ਵਿਕਾਰਾਂ, ਕਾਮ, ਕ੍ਰੋਧ, ਲੋਭ, ਮੋਹ ਅਤੇ ਅਹੰਕਾਰ, ਦਾ ਤਿਆਗ ਕਰਨਾ ਪੈਂਦਾ ਹੈ। ਗੁਰੁਫਰਮਾਨ ਹੈ: "ਇਹੁ ਸੰਸਾਰੁ ਤੇ ਤਬ ਹੀ ਛੂਟਉ ਜਉ ਮਾਇਆ ਨਹ ਲਪਟਾਵਉ॥ ਮਾਇਆ ਨਾਮੁ ਗਰਭ ਜੋਨਿ ਕਾ ਤਿਹ ਤਜਿ ਦਰਸਨੁ ਪਾਵਉ॥" (ਪੰ: 693)। ਧਰਮ ਦੇ ਮਾਰਗ ਦਾ ਪਾਂਧੀ ਬਨਣ ਲਈ ਮਨੁੱਖ ਨੂੰ ਆਪਣੀ ਹਉਮੈ ਜਾਂ ਵਖਰੀ ਹਸਤੀ ਦਾ ਭਰਮ ਵੀ ਮਿਟਾਉਣਾ ਪੈਂਦਾ ਹੈ: "ਤੈ ਸਾਹਿਬ ਕੀ ਬਾਤ ਜਿ ਆਖੈ ਕਹੁ ਨਾਨਕ ਕਿਆ ਦੀਜੈ॥ ਸੀਸੁ ਵਢੇ ਕਰਿ ਬੈਸਣੁ ਦੀਜੈ ਵਿਣੁ ਸਿਰ ਸੇਵ ਕਰੀਜੈ॥" (ਪੰ: 558); "ਆਪਨੜਾ ਮਨੁ ਵੇਚੀਐ ਸਿਰੁ ਦੀਜੈ ਨਾਲੇ॥" (ਪੰ: ੪੨੦) ਅਤੇ "ਹਉ ਹਉ ਕਰਤ ਨਹੀ ਸਚੁ ਪਾਈਐ ਹਉਮੈ ਜਾਇ ਪਰਮਪਦੁ ਪਾਈਐ॥" (ਪੰ: 226)।

ਧਰਮ ਦਾ ਗੁਰਮਤਿ ਦੇ ਮੂਲ ਸਿਧਾਂਤ ਨਾਲ ਡੂੰਘਾ ਸਬੰਧ ਹੈ। ਗੁਰਮਤਿ ਦਾ ਮੂਲ ਸਿਧਾਂਤ ਹੈ: ਅਦਵੈਤ ਅਤੇ ਅਦ੍ਰਿਸ਼ਟ ਪ੍ਰਭੂ ਨੇ ਸ੍ਰਿਸ਼ਟੀ ਨੂੰ ਦ੍ਰਿਸ਼ਟਮਾਨ, ਤ੍ਰੈਗੁਣੀ, ਗਤੀਸ਼ੀਲ ਸਰਗੁਣ ਸਰੂਪ ਦੇ ਕੇ ਦਵੈਤ ਭਾਵਨਾ ਦੀ ਖੇਡ ਰਚ ਦਿੱਤੀ ਹੈ ਜਿਸ ਦੀ ਮਾਇਆ ਨੇ ਸਾਰੇ ਸੰਸਾਰ ਨੂੰ ਭਰਮਾ ਲਿਆ ਹੈ ਅਤੇ ਮਾਇਆ ਵਲੋਂ ਪ੍ਰਸਾਰੀ ਅਗਿਆਨਤਾ ਦੂਰ ਕਰਨ ਲਈ ਪ੍ਰਭੂ ਨੇ ਧਰਮ ਦੀ ਸਥਾਪਨਾ ਕੀਤੀ ਹੈ। ਗੁਰਬਾਣੀ ਦੇ ਕਥਨ ਹਨ: "ਜਲੁ ਤਰੰਗ ਅਗਨੀ ਪਵਨੈ ਫੁਨਿ ਤ੍ਰੈ ਮਿਲਿ ਜਗਤੁ ਉਪਾਇਆ॥ ਐਸਾ ਬਲ ਛਲੁ ਤਿਨ ਕਉ ਦੀਆ ਹੁਕਮੀ ਠਾਕਿ ਰਹਾਇਆ॥" (ਪੰ: ੧੩੪੫); "ਸਦਾ ਸਦਾ ਤੂ ਏਕ ਹੈ ਤੁਧੁ ਦੂਜਾ ਖੇਲੁ ਰਚਾਇਆ॥ ਹਉਮੈ ਗਰੁਬ ਉਪਾਇ ਕੈ ਲੋਭੁ ਅੰਤਰਿ ਜੰਤਾ ਪਾਇਆ॥ ਜਿਉ ਭਾਵੈ ਤਿਉ ਰਖੁ ਤੂ ਸਭ ਕਰੇ ਤੇਰਾ ਕਰਾਇਆ" (ਪੰ: 139); "ਨਾਨਕ ਸਚਾ ਏਕੁ ਹੈ ਦੁਹੁ ਵਿਚਿ ਹੈ ਸੰਸਾਰੁ॥" (ਪੰ: 950); "ਆਪੀ ਨੇ ਆਪੁ ਸਾਜਿਓ ਆਪੀਨੈ ਰਓਿ ਨਾਉ॥ ਦੁਯੀ ਕੁਦਰਤਿ ਸਾਜੀਐ ਕਰਿ ਆਸਣੁ ਡਿਠੋ ਚਾਉ॥" (ਪੰ: 463); "ਏਕਸ ਤੇ ਸਭ ਦੂਜਾ ਹੂਆ॥ ਏਕੋ ਵਰਤੈ ਅਵਰੁ ਨ ਬੀਆ॥" (ਪੰ: 842); "ਏਕੋ ਧਰਮੁ ਦ੍ਰਿੜੈ ਸਚੁ ਕੋਈ॥ ਗੁਰਮਤਿ ਪੂਰਾ ਜੁਗਿ ਜੁਗਿ ਸੋਈ॥ ਅਨਹਦਿ ਰਾਤਾ ਏਕ ਲਿਵ ਤਾਰ॥ ਓਹੁ ਗੁਰਮੁਖਿ ਪਾਵੈ ਅਲਖ ਅਪਾਰ॥" (ਪੰ: ੧੧੮੮) ਅਤੇ "ਪਰਵਿਰਤਿ ਨਿਰਵਿਰਤਿ ਹਾਠਾ ਦੋਵੈ ਵਿਚਿ ਧਰਮੁ ਫਿਰੈ ਰੈਬਾਰਿਆ॥" (ਪੰ: 1280)। ਪ੍ਰਭੂ ਨੇ ਸੰਸਾਰ ਵਿੱਚ ਦਵੈਤ ਭਾਵ ਸਿਰਜ ਕੇ ਇਸ ਨੂੰ ਦੁਖਦਾਈ ਅਤੇ ਭੌਜਲ ਬਣਾ ਦਿੱਤਾ ਹੈ। ਗੁਰਬਾਣੀ ਵਿੱਚ ਇਸ ਨੂੰ "ਦੂਜੈ ਭਾਇ ਅਗਿਆਨੁ ਦੁਹੇਲਾ॥" (ਪੰ: ੨੨੬) ਅਤੇ "ਇਹੁ ਸੰਸਾਰੁ ਬਖੁ ਵਤ ਅਤਿ ਭਉਜਲੁ ਗੁਰ ਸਬਦੀ ਹਰਿ ਪਾਰਿ ਲੰਘਾਈ॥" (ਪੰ: ੩੫੩) ਆਖਿਆ ਗਿਆ ਹੈ। ਮਾਇਆ ਤੋਂ ਪ੍ਰਭਾਵਤ ਸੰਸਾਰ ਦਾ ਹਰ ਅਸਤਿੱਤਵ ਹੀ ਦੋ ਪ੍ਰਸਪਰ ਵਿੋਰਧੀ ਰੂਪਾਂ ਵਿੱਚ ਕਿਰਿਆਸ਼ੀਲ ਹੈ। ਵਿਗਿਆਨ ਇਸ ਨੂੰ ਐਕਸ਼ਨ (Action) ਦੇ ਵਿਪ੍ਰੀਤ ਅਤੇ ਬਰਾਬਰ ਰੀਐਕਸ਼ਨ (Reaction) ਅਤੇ ਮੈਟਰ (Matter) ਦੇ ਵਿਪ੍ਰੀਤ ਅਤੇ ਬਰਾਬਰ ਐਂਟੀਮੈਟਰ (Antimatter) ਦੇ ਸਿਧਾਂਤਾਂ ਦੁਆਰਾ ਬਿਆਨ ਕਰਦਾ ਹੈ। ਪ੍ਰਭੂ ਨੇ ਮਾਇਆ ਦੇ ਵਿਰੁਧ ਧਰਮ ਸਿਰਜ ਕੇ ਸੰਸਾਰ ਨੂੰ ਇਨ੍ਹਾਂ ਦੀ ਜਦੋਜੈਹਦ ਦਾ ਪਿੜ ਬਣਾ ਦਿੱਤਾ ਹੈ। ਮਾਇਆ ਸਮਾਜਕ ਸ਼ਕਤੀ ਹੋਣ ਕਾਰਨ ਸਮਾਜ ਵਿੱਚ ਪ੍ਰਭਾਵਸ਼ਾਲੀ ਹੁੰਦੀ ਹੈ ਅਤੇ ਉਸ ਦੇ ਮੁਕਾਬਲੇ ਧਰਮ ਮਨੁੱਖੀ ਅੰਤਹਿਕਰਣ ਵਿੱਚ ਸ਼ਾਂਤਮਈ ਅਤੇ ਉਦਾਸੀਨ ਰਹਿੰਦਾ ਹੈ। ਉਦਾਸੀਨ ਹੁੰਦੇ ਹੋਏ ਵੀ ਧਰਮ ਮਾਇਆ ਦੀਆਂ ਵਿਨਾਸ਼ਕਾਰੀ ਗਤੀਵਿਧੀਆਂ ਤੋਂ ਮਨੁੱਖ ਦੀ ਸੁਤੀ ਜ਼ਮੀਰ ਨੂੰ ਜਗਾਉਣ ਲਈ ਤਤਪਰ ਰਹਿੰਦਾ ਹੈ। ਗੁਰੁਫਰਮਾਨ ਹਨ: "ਮਾਇਆ ਮੋਹਿ ਸਭੋ ਜਗੁ ਸੋਇਆ ਇਹੁ ਭਰਮੁ ਕਹਹੁ ਕਿਉ ਜਾਈ॥" (ਪੰ: 205); "ਦੁਤਰ ਅੰਧ ਬਿਖਮ ਇਹ ਮਾਇਆ॥ ਗੁਰਿ ਪੂਰੈ ਪਰਗਟ ਮਾਰਗੁ ਦਿਖਾਇਆ॥" (ਪੰ: 377) ਅਤੇ "ਜਾਗੁ ਸਲੋਨੜੀਏ ਬੋਲੈ ਗੁਰਬਾਣੀ ਰਾਮ॥" (ਪੰ: 844)।

ਅਧਿਆਤਮਕ ਗੁਣਾਂ ਦਾ ਵਰਨਨ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਮੰਗਲਾਚਰਨ ਵਿੱਚ ਕੀਤਾ ਗਿਆ ਹੈ। ਮਨੁੱਖ ਉਨ੍ਹਾਂ ਵਿਚੋਂ ਦੋ ਗੁਣ, ਰਿਨਭੈਤਾ ਅਤੇ ਨਿਰਵੈਰਤਾ ਹੀ ਧਾਰਨ ਕਰਨ ਦੇ ਸਮਰਥ ਹੈ। ਮਨੁੱਖ ਨੂੰ ਨਿਰਭੈਤਾ ਪ੍ਰਭੂ ਦੀ ਬਖਸ਼ਿਸ਼ ਅਤੇ ਉਸ ਦੇ ਭੈ ਤੋਂ ਪ੍ਰਾਪਤ ਹੁੰਦੀ ਹੈ: "ਮਨ ਰੇ ਸਾਚੁ ਮਿਲੈ ਭਾਉ ਜਾਇ॥ ਭੈ ਬਿਨ ਨਿਰਭਉ ਕਿਉ ਥੀਐ ਗੁਰਮੁਖਿ ਸਬਦਿ ਸਮਾਇ॥" (ਪੰ: ੧੮)। ਨਿਰਵੈਰਤਾ ਦਾ ਗੁਣ ਵੀ ਪ੍ਰਭੂ ਦੀ ਕਿਰਪਾ ਦੁਆਰਾ ਹੀ ਪ੍ਰਾਪਤ ਕੀਤਾ ਜਾ ਸਕਦਾ ਹੈ। ਜਿਨ੍ਹਾਂ ਮਨੁੱਖਾਂ ਨੂੰ ਨਿਰਭੈਤਾ ਅਤੇ ਨਿਰਵੈਰਤਾ ਦੇ ਗੁਣਾਂ ਦੀ ਬਖਸ਼ਿਸ਼ ਹੋ ਜਾਂਦੀ ਹੈ ਉਨ੍ਹਾਂ ਦੀ ਪ੍ਰਭੂ ਨਾਲ ਸਾਂਝ ਬਣ ਆਉਂਦੀ ਹੈ ਅਤੇ ਉਹ ਮਾਨਵਤਾ ਵਿੱਚ ਪ੍ਰਭੂ ਦੀ ਹੋਂਦ ਨੂੰ ਅਨੁਭਵ ਕਰਨਯੋਗ ਹੋ ਜਾਂਦੇ ਹਨ।

ਗਰਬਾਣੀ ਵਿੱਚ ਬਿਆਨ ਕੀਤਾ ਧਰਮ ਸਿੱਖ ਰਹਿਤ ਮਰਯਾਦਾ ਅਨੁਸਾਰੀ ਜਾਂ ਸੰਪ੍ਰਦਾਈ ਸਿੱਖ ਧਰਮ ਨਾਲੋਂ ਵਖਰਾ ਹੈ। ਗੁਰਬਾਣੀ ਵਿੱਚ ਧਰਮ ਨੂੰ ਅਧਿਆਤਮਕ ਗਿਆਨ ਪ੍ਰਾਪਤੀ ਦਾ ਪਹਿਲਾ ਪੜਾ ਦੱਸਿਆ ਗਿਆ ਹੈ। ਇਸ ਦੇ ਵਿਪ੍ਰੀਤ ਸੰਪ੍ਰਦਾਈ ਧਰਮ ਇੱਕ ਸਮਾਜਕ ਵਰਤਾਰਾ ਅਤੇ ਸਮਾਜਕ ਗੁੱਟ ਹੈ। ਗੁਰਬਾਣੀ ਅਨੁਸਾਰ ਸਮਾਜ ਵਿੱਚ ਮਾਇਆ ਦਾ ਬੋਲ ਬਾਲਾ ਹੈ ਅਤੇ ਮਾਇਆ ਗੁਰਮਤਿ ਦੇ ਧਰਮ ਦੀ ਵਿਰੋਧੀ ਹੈ ਅਤੇ ਉਸ ਨੂੰ ਖਤਮ ਕਰਨਾ ਲੋੜਦੀ ਹੈ। ਪਰ ਧਰਮ ਅਧਿਆਤਮਕ ਸੱਤਾ ਹੈ ਅਤੇ ਪਦਾਰਥਕ ਮਾਇਆ ਦੀ ਪਹੁੰਚ ਤੋਂ ਬਾਹਰ ਹੈ। ਮਾਇਆ ਸੰਸਾਰ ਵਿਚੋਂ ਗੁਰਮਤਿ ਦੇ ਧਰਮ ਨੂੰ ਤੇ ਖਤਮ ਨਹੀਂ ਕਰ ਸਕਦੀ ਇਸ ਲਈ ਉਹ ਸਮਾਜ ਵਿਚੋਂ ਉਸ ਦੇ ਪ੍ਰਭਾਵ ਨੂੰ ਖਤਮ ਕਰਨ ਦਾ ਯਤਨ ਕਰਦੀ ਹੈ। ਧਰਮ ਦੇ ਪ੍ਰਭਾਵ ਨੂੰ ਖਤਮ ਕਰਨ ਲਈ ਉਹ ਸਮਾਜਕ ਸ਼ਕਤੀਆਂ ਨੂੰ ਗੁਰਮਤਿ ਦੇ ਧਰਮ ਦੇ ਸਮਰੂਪ ਦੁਨਿਆਵੀ ਧਰਮ ਦਾ ਨਿਰਮਾਣ ਕਰਨ ਲਈ ਉਤਸ਼ਾਹਤ ਕਰਦੀ ਹੈ। ਦੁਨਿਆਵੀ ਧਰਮ ਅਦ੍ਰਿਸ਼ਟ ਪ੍ਰਭੂ ਨੂੰ ਉਸ ਦੇ ਕਿਸੇ ਕਲਪਤ ਦੂਤ ਦੀ ਮੂਰਤ ਜਾਂ ਪਦਾਰਥ ਰਾਹੀਂ ਨਿਰੂਪਣ ਕਰਦਾ ਹੈ ਅਤੇ ਕੁੱਝ ਚੋਣਵੇਂ ਅਧਿਆਤਮਕ ਵਿਚਾਰਾਂ ਵਿੱਚ ਕਲਪਤ ਇਤਹਾਸ, ਸਭਿਆਚਾਰਕ ਰੀਤਾਂ ਅਤੇ ਕਰਮ ਕਾਂਡ ਰਲਗੱਡ ਕਰਕੇ ਦੁਨਿਆਵੀ ਧਾਰਮਕ ਵਿਚਾਰਧਾਰਾ ਸਿਰਜ ਦਿੰਦਾ ਹੈ। ਇਸ ਤਰ੍ਹਾਂ ਪ੍ਰਭੂ ਦੇ ਕਾਸਦ ਦੀ ਕਿਆਸੀ ਮੂਰਤ ਦੀ ਪੂਜਾ ਅਤੇ ਅਧਿਆਤਮਕ ਵਿਚਾਰਾਂ ਦਾ ਮਿਲਗੋਭਾ ਨਵੇਂ ਦੁਨਿਆਵੀ ਧਰਮ ਵਜੋਂ ਸਥਾਪਤ ਹੋ ਜਾਂਦੇ ਹਨ। ਪੁਜਾਰੀ ਸ਼ਰਧਾਲੂਆਂ ਨੂੰ ਮੂਰਤੀ ਅਤੇ ਮੰਤਰਾਂ ਦੁਆਰਾ ਉਨ੍ਹਾਂ ਦੀਆਂ ਬੇਨਤੀਆਂ ਪ੍ਰਵਾਨ ਅਤੇ ਮਨੋਕਾਮਨਾਵਾਂ ਪੂਰੀਆਂ ਹੋਣ ਦਾ ਭਰੋਸਾ ਦਿਵਾ ਕੇ ਉਨ੍ਹਾਂ ਦਾ ਖਾਣ ਪੀਣ, ਪਹਿਰਾਵਾ, ਰਹਿਣੀ ਬਹਿਣੀ, ਸਮਾਜਕ ਰੀਤਾਂ ਅਤੇ ਧਾਰਮਕ ਕਿਰਿਆਵਾਂ ਨੇਮਬੱਧ ਕਰ ਦਿੰਦੇ ਹਨ ਅਤੇ ਉਨ੍ਹਾਂ ਦੀ ਸੋਚ ਨੂੰ ਕਾਬੂ ਵਿੱਚ ਰੱਖਣ ਲਈ ਨਵੀਂ ਸੋਚ ਪ੍ਰਣਾਲੀ ਸਿਰਜ ਦਿੰਦੇ ਹਨ। ਦੁਨਿਆਵੀ ਧਰਮ ਨਾਲ ਜੁੜੇ ਕਈ ਪੁਜਾਰੀ ਗੁਰੂ, ਅਚਾਰਿਆ, ਸੰਤ, ਸਾਧੂ ਜਾਂ ਮਹੰਤ ਦੀ ਪਦਵੀ ਧਾਰਨ ਕਰਕੇ ਆਪਣੀਆਂ ਸੰਪ੍ਰਦਾਵਾਂ ਕਾਇਮ ਕਰ ਲੈਂਦੇ ਹਨ ਅਤੇ ਨਿਵੇਕਲੇ ਕਰਮ ਕਾਂਡ ਪ੍ਰਚਲਤ ਕਰਕੇ ਸਾਧਾਰਣ ਲੋਕਾਂ ਦਾ ਸ਼ੋਸ਼ਣ ਕਰਨਾ ਸ਼ੁਰੂ ਕਰ ਦਿੰਦੇ ਹਨ।

ਸਿੱਖ ਸੰਪ੍ਰਦਾਈ ਧਰਮ ਸਨਾਤਨੀ ਪਰੰਪਰਾ ਅਤੇ ਸਿੱਖ ਇਤਹਾਸ ਤੇ ਆਧਾਰਤ ਹੈ। ਅਜੋਕੇ ਸਿੱਖ ਜਗਤ ਵਿੱਚ ਇਸ ਨੂੰ ਹੀ ਅਸਲੀ ਧਰਮ ਸਮਝਿਆ ਜਾਂਦਾ ਹੈ। ਹਰ ਵਿਅਕਤੀ ਨੂੰ ਆਪਣੀ ਸਮਝ ਅਤੇ ਵਿਸ਼ਵਾਸ ਅਨੁਸਾਰ ਆਪਣੇ ਧਰਮ ਦੀ ਪਾਲਣਾ ਅਤੇ ਪ੍ਰਚਾਰ ਕਰਨ ਦਾ ਅਧਿਕਾਰ ਹੈ ਪਰ ਪ੍ਰਚਲਤ ਸਿੱਖ ਸੰਪ੍ਰਦਾਈ ਧਰਮ ਗੁਰਮਤਿ ਦੀ ਅਧਿਆਤਮਕ ਵਿਚਾਰਧਾਰਾ ਨੂੰ ਵਿਗਾੜ ਕੇ ਉਸ ਨੂੰ ਆਪਣੀ ਪ੍ਰਸਿਧੀ ਲਈ ਵਰਤਦਾ ਹੈ ਜੋ ਅਨੈਤਕ ਹੈ। ਬਹੁਤੇ ਸਿੱਖ ਵਿਦਵਾਨ ਵੀ ਸਿੱਖ ਧਰਮ ਦੀ ਵਿਆਖਿਆ ਕਰਨ ਸਮੇਂ ਗੁਰਮਿਤ ਦੇ ਅਧਿਆਤਮਕ ਸੰਕਲਪਾਂ ਵਿੱਚ ਪ੍ਰਚਲਤ ਰਹਿਤ ਮਰਯਾਦਾ ਅਤੇ ਮਿਥਕ ਸਿੱਖ ਇਤਹਾਸ ਨੂੰ ਰਲਗੱਡ ਕਰ ਦਿੰਦੇ ਹਨ। ਗੁਰਮਤਿ ‘ਖਸਮ ਕੀ ਬਾਣੀ’ ਤੇ ਆਧਾਰਤ ਅਧਿਆਤਮਕ ਵਿਚਾਰਧਾਰਾ ਹੈ ਇਸ ਦੀ ਸੰਸਾਰਕ ਵਿਚਾਰ ਅਤੇ ਵਿਹਾਰ ਨਾਲ ਕੋਈ ਸਾਂਝ ਨਹੀਂ ਹੈ ਕਿਊਂਕੇ ਮਾਇਆ ਦੀ ਅਗਿਆਨਤਾ ਦਾ ਗੁਰਬਾਣੀ ਦੇ ਸੱਚ ਨਾਲ ਮੇਲ ਸੰਭਵ ਹੀ ਨਹੀਂ ਹੈ। ਅਸਲ ਵਿੱਚ ਪ੍ਰਭੂ, ਮਨ ਅਤੇ ਮਾਇਆ ਅਦ੍ਰਿਸ਼ਟ ਅਸਤਿੱਤਵ ਹਨ। ਮਨੁੱਖੀ ਸਰੀਰ ਦੀਆਂ ਨੌਂ ਇੰਦਰੀਆਂ ਵਿੱਚ ਇਨ੍ਹਾਂ ਦੀ ਸੂਝ ਪ੍ਰਾਪਤ ਕਰਨ ਦੀ ਯੋਗਤਾ ਨਹੀਂ ਹੈ। ਇਨ੍ਹਾਂ ਤੇ ਵਿਸ਼ਵਾਸ ਤੇ ਕੀਤਾ ਜਾ ਸਕਦਾ ਹੈ ਪਰ ਇਨ੍ਹਾਂ ਨੂੰ ਜਾਨਣ, ਸਮਝਣ ਅਤੇ ਗ੍ਰੈਹਣ ਕਰ ਲਈ ਪ੍ਰਭੂ ਦੇ ਗੁਣ ਧਾਰਨ ਕਰਨੇ ਪੈਂਦੇ ਹਨ ਕਿਉਂਕੇ ਗੁਰਮਤਿ ਵਿਚਾਰਧਾਰਾ ਦੀ ਸੂਝ ਸੰਸਾਰ ਦੇ ਤ੍ਰੈਗੁਣਾਂ ਤੋਂ ਉਪਰ ਉਠ ਕੇ ਹੀ ਪੈਂਦੀ ਹੈ। ਗੁਰਬਾਣੀ ਦਾ ਨਿਰਨਾ ਹੈ "ਚਉਥੇ ਪਦ ਕਉ ਜੋ ਨਰੁ ਚੀਨੈ ਤਿਨ ਹੀ ਪਰਮ ਪਦੁ ਪਾਇਆ॥" (ਪੰ: ੧੧੨੩)। ਸਿੱਖ ਧਰਮ ਤ੍ਰੈਗੁਣੀ ਸੰਸਾਰ ਦੀ ਕਿਰਿਆ ਹੈ ਇਸ ਵਿੱਚ ਗੁਰਬਾਣੀ ਦੀ ਅਧਿਆਤਮਕ ਵਿਚਾਰਧਾਰਾ ਨੂੰ ਰਲਗੱਡ ਕਰਨਾ ਸਹੀ ਨਹੀਂ ਹੈ। ਇਨ੍ਹਾਂ ਨੂੰ ਨਖੇੜਣ ਨਾਲ ਹੀ ਗੁਰਮਤਿ ਦੇ ਗਿਆਨ ਦੀ ਸੂਝ ਪ੍ਰਾਪਤ ਹੋ ਸਕਦੀ ਹੈ।

ਗੁਰਬਾਣੀ ਵਿੱਚ ਦਰਸਾਏ ਧਰਮ ਦੇ ਮਾਰਗ ਤੇ ਚਲਣਾ ਅਤੇ ਸੰਸਾਰ ਦੇ ਤ੍ਰੈ ਗੁਣਾਂ ਤੋਂ ਉਪਰ ਉਠ ਕੇ ਪ੍ਰਭੂ ਦਾ ਗਿਆਨ ਪ੍ਰਾਪਤ ਕਰਨਾ ਸੁਖਾਲਾ ਨਹੀਂ ਹੈ ਕਿਊਂਕੇ ਗੁਰਬਾਣੀ ਵਿੱਚ ਪ੍ਰਭੂ ਨੂੰ "ਰੂਪੁ ਨ ਰੇਖ ਨ ਰੰਗੁ ਕਿਛੁ ਤ੍ਰਿਹੁ ਗੁਣ ਤੇ ਪ੍ਰਭ ਭਿੰਨ॥" (ਪੰ: ੨੮੩) ਅਤੇ "ਜੇਤਾ ਸਬਦੁ ਸੁਰਤਿ ਧੁਨਿ ਤੇਤੀ ਜੇਤਾ ਰੂਪ ਕਾਇਆ ਤੇਰੀ॥ ਤੂੰ ਆਪੇ ਰਸਨਾ ਆਪੇ ਬਸਨਾ ਅਵਰੁ ਨ ਦੂਜਾ ਕਹਉ ਮਾਈ॥" (ਪੰ: ੩੫੦) ਆਖਿਆ ਗਿਆ ਹੈ। ਗੁਰਬਾਣੀ ਅਨੁਸਾਰ ਪ੍ਰਭੂ ਮਨੁੱਖੀ ਇੰਦ੍ਰੀਆਂ ਦੁਆਰਾ ਅਨੁਭਵ ਕੀਤਾ ਜਾਣ ਵਾਲਾ ਤ੍ਰੈ ਗੁਣੀ ਸੰਸਾਰ ਦਾ ਪਦਾਰਥ ਨਹੀਂ ਹੈ ਪਰ ਉਸ ਦਾ ਪਸਾਰਾ ਸਭ ਪਾਸੇ ਹੈ। ਅਜਿਹੇ ਅਦ੍ਰਿਸ਼ਟ ਪਰ ਸਰਬ ਵਿਆਪਕ ਅਤੇ ਸ੍ਰਿਸ਼ਟੀ ਦੇ ਸਿਰਜਣਹਾਰ ਪ੍ਰਭੂ ਨੂੰ ਜਾਨਣਾ ਤੇ ਦੂਰ ਦੀ ਗੱਲ ਉਸ ਦੀ ਤੇ ਕਲਪਨਾ ਕਰਨੀ ਵੀ ਔਖੀ ਹੈ। ਇਸ ਲਈ ਗੁਰਬਾਣੀ ਆਗਾਹ ਕਰਦੀ ਹੈ: "ਕਿਵ ਕਰਿ ਆਖਾ ਕਿਵ ਸਾਲਾਹੀ ਕਿਉ ਵਰਨੀ ਕਿਵ ਜਾਣਾ॥ ਨਾਨਕ ਆਖਣ ਸਭੁ ਕਉ ਆਖੈ ਇੱਕ ਦੂ ਇਕੁ ਸਿਆਣਾ॥ ਵਡਾ ਸਾਹਿਬੁ ਵਡੀ ਨਾਈ ਕੀਤਾ ਜਾ ਕਾ ਹੋਵੈ। ਨਾਨਕ ਜੇ ਕੋ ਆਪੌ ਜਾਣੈ ਅਗੈ ਗਇਆ ਨ ਸੋਹੈ॥ ੨੧॥ ਪਾਤਾਲਾ ਪਾਤਾਲ ਲਖ ਆਗਾਸਾ ਆਗਾਸ॥ ਓੜਕ ਓੜਕ ਭਾਲਿ ਥਕੇ ਵੇਦ ਕਹਿਨ ਇੱਕ ਵਾਤ॥ ਸਹਸ ਅਠਾਰਹ ਕਹਨਿ ਕਤੇਬਾ ਅਸੁਲੂ ਇਕੁ ਧਾਤੁ॥ ਲੇਖਾ ਹੋਇ ਤਾ ਲਿਖੀਐ ਲੇਖੈ ਹੋਇ ਵਿਣਾਸੁ॥ ਨਾਨਕ ਵਡਾ ਆਖੀਐ ਆਪੇ ਜਾਣੈ ਆਪੁ॥" (ਪੰ: ੪-੫)। ਜਿਸ ਪ੍ਰਭੂ ਦਾ ਕੋਈ ਰੂਪ ਨਹੀਂ, ਜੋ ਨਜ਼ਰ ਨਹੀਂ ਆਉਂਦਾ, ਜੋ ਨਿਰਗੁਣ ਹੈ, ਸਰਬ ਵਿਆਪਕ ਹੈ ਅਤੇ ਜਿਸ ਨੂੰ ਬਿਆਨ ਕਰਨਾ ਵੀ ਸੰਭਵ ਨਹੀਂ ਉਸ ਨੂੰ ਕਿਵੇਂ ਕਲਪਿਆ ਜਾ ਸਕਦਾ ਹੈ? ਮਨੁੱਖੀ ਬੁੱਧੀ ਤੇ ਕੇਵਲ ਪਦਾਰਥ ਬਾਰੇ ਕੁੱਝ ਜਾਣਕਾਰੀ ਪ੍ਰਾਪਤ ਕਰਨਯੋਗ ਹੈ ਸ੍ਰਿਸ਼ਟੀ ਦੇ ਕਰਤੇ ਨੂੰ ਜਾਨਣ ਦੀ ਯੋਗਤਾ ਉਸ ਵਿੱਚ ਨਹੀਂ ਹੈ। ਪਰ ਗੁਰੁਫਰਮਾਨ ਇਹ ਵੀ ਹੈ: "ਦਰਸਨ ਕੀ ਪਿਆਸ ਜਿਸੁ ਨਰ ਹੋਇ॥ ਏਕਤੁ ਰਾਚੈ ਪਰਹਰਿ ਦੋਇ॥" (ਪੰ: ੧੧੮੮)। ਇਹੋ ਨਹੀਂ ਗੁਰਬਾਣੀ ਵਿੱਚ ਤੇ ਮਨੁੱਖ ਨੂੰ "ਤੋਹੀ ਮੋਹੀ ਮੋਹੀ ਤੋਹੀ ਅੰਤਰੁ ਕੈਸਾ॥ ਕਨਕ ਕਟਿਕ ਜਲ ਤਰੰਗ ਜੈਸਾ॥ (ਪੰ: ੯੩) ਅਤੇ "ਜਬ ਹਮ ਹੋਤੇ ਤਬ ਤੂ ਨਾਹੀ ਅਬ ਤੂਹੀ ਮੈ ਨਾਹੀ॥ ਅਨਲ ਅਗਮ ਜੈਸੇ ਲਹਿਰ ਮਾਇਓਦਧਿ ਜਲ ਕੇਵਲ ਜਲ ਮਾਹੀ॥" (ਪੰ: ੬੫੭) ਵੀ ਆਖਿਆ ਗਿਆ ਹੈ। ਇੱਕ ਪਾਸੇ ਤੇ ਗੁਰਬਾਣੀ ਮਨੁੱਖ ਨੂੰ ਪ੍ਰਭੂ ਦੀ ਕਲਪਨਾ ਕਰਨਯੋਗ ਵੀ ਨਹੀਂ ਮੰਨਦੀ ਅਤੇ ਦੂਜੇ ਪਾਸੇ ਪ੍ਰਭੂ ਦੇ ਦਰਸ਼ਨ ਕਰਨ ਦੀ ਵਿਧੀ ਦੱਸਦੀ ਅਤੇ ਦੋਨਾਂ ਵਿੱਚ ਅਭੇਦਤਾ ਹੋਣ ਦਾ ਜ਼ਿਕਰ ਕਰਦੀ ਹੈ। ਇਸ ਅੰਤਰਵਿਰੋਧਤਾ ਦਾ ਕਾਰਨ ਮਨੁੱਖੀ ਮਨ ਵਿੱਚ ਦੋ ਵਿਰੋਧੀ ਭਾਵਨਾਵਾਂ ਦੀ ਹੋਂਦ ਹੈ। ਗੁਰਬਾਣੀ ਵਿੱਚ ਇਨ੍ਹਾਂ ਭਾਵਨਾਵਾਂ ਅਤੇ ਉਨ੍ਹਾਂ ਦੀ ਪ੍ਰਸਪਰ ਵਿਰੋਧਤਾ ਦੀ ਵਿਸਤਰਤ ਵਿਆਖਿਆ ਕੀਤੀ ਗਈ ਹੈ ਅਤੇ ਮਨੁੱਖ ਨੂੰ ਮਾਇਆ ਦਾ ਪ੍ਰਭਾਵ ਤੋਂ ਮੁਕਤ ਹੋ ਕੇ ਧਰਮ ਦਾ ਮਾਰਗ ਅਪਨਾਉਣ ਦਾ ਉਪਦੇਸ਼ ਕੀਤਾ ਗਿਆ ਹੈ।

ਸਿੱਖ ਧਰਮ ਦੇ ਉਪਾਸ਼ਕ ਆਪਣੇ ਧਰਮ ਦੇ ਦੁਨੀਆ ਦਾ ਪੰਜਵਾਂ ਵਡਾ ਧਰਮ ਹੋਣ ਦਾ ਮਾਨ ਮੈਹਸੂਸ ਕਰਦੇ ਹਨ। ਕਈ ਧਾਰਮਕ ਆਗੂਆਂ ਦਾ ਵਿਚਾਰ ਹੈ ਕਿ ਜੇਕਰ ਸਿੱਖ ਧਰਮ ਪੰਥ ਦਾ ਰੂਪ ਧਾਰਨ ਨਾ ਕਰਦਾ ਤਾਂ ਗੁਰਮਤਿ ਦੇ ਧਾਰਨੀ ਸਿੱਖ ਸਾਧਾਂ ਦੀ ਮੰਡਲੀ ਬਣ ਕੇ ਰਹਿ ਜਾਣੇ ਸਨ। ਇਹ ਗੁਰਮਤਿ ਵਿਰੋਧੀਆਂ ਦਾ ਨਿੰਦਣਯੋਗ ਵਿਚਾਰ ਹੈ। ਪਰ ਇਸ ਵਿੱਚ ਕੋਈ ਸ਼ੱਕ ਨਹੀਂ ਕਿ ਅਜੋਕੇ ਵਿਗਿਆਨਕ, ਜਾਣਕਾਰੀ, ਸੁਆਰਥੀ, ਪੂੰਜੀਵਾਦੀ ਅਤੇ ਖਪਤਕਾਰੀ ਯੁਗ ਵਿੱਚ ਅਦ੍ਰਿਸ਼ਟ ਪ੍ਰਭੂ ਵਿੱਚ ਵਿਸ਼ਵਾਸ ਰਖਣ ਵਾਲਿਆਂ ਦੀ ਗਿਣਤੀ ਘੱਟ ਹੈ ਅਤੇ ਦੁਨਿਆਵੀ ਧਰਮਾਂ ਵਲੋਂ ਫੈਲਾਈ ਨਫਰਤ, ਝਗੜੇ ਅਤੇ ਜੰਗਾਂ ਨੇ ਕੌਮਾਂ ਅਤੇ ਦੁਨੀਆਂ ਨੂੰ ਵਿਨਾਸ਼ ਦੀ ਸੀਮਾ ਤੇ ਲਿਆ ਖੜ੍ਹਾ ਕੀਤਾ ਹੈ। ਆਪਣੇ ਭਵਿਖ ਦਾ ਫੈਸਲਾ ਮਨੁੱਖਤਾ ਨੇ ਆਪ ਕਰਨਾ ਹੈ। ਗੁਰਮਤਿ ਤੇ ਸਦਾ ਹੀ ਮਨੁਖਤਾ ਦੀ ਅਗਵਾਈ ਕਰਦੀ ਰਹੇਗੀ ਤਾਂ ਜੋ ਸੰਸਾਰ ਨੂੰ ਸਵੈ-ਵਿਨਾਸ਼ ਕਰਨ ਤੋਂ ਬਚਾਇਆ ਜਾ ਸਕੇ।
.