.

ਸੂਹੀ ਕੀ ਵਾਰ ਮਹਲਾ ੩

(ਪੰ: ੭੮੫ ਤੋਂ੭੯੨)

ਸਟੀਕ, ਲੋੜੀਂਦੇ ਗੁਰਮੱਤ ਵਿਚਾਰ ਦਰਸ਼ਨ ਸਹਿਤ

(ਕਿਸ਼ਤ-ਯਾਰ੍ਹਵੀਂ)

ਪ੍ਰਿਂਸੀਪਲ ਗਿਆਨੀ ਸੁਰਜੀਤ ਸਿੰਘ, ਸਿੱਖ ਮਿਸ਼ਨਰੀ, ਦਿੱਲੀ, ਪ੍ਰਿਂਸੀਪਲ ਗੁਰਮੱਤ ਐਜੂਕੇਸ਼ਨ ਸੈਂਟਰ, ਦਿੱਲੀ,

ਮੈਂਬਰ ਧਰਮ ਪ੍ਰਚਾਰ ਕ: ਦਿ: ਸਿ: ਗੁ: ਪ੍ਰ: ਕਮੇਟੀ, ਦਿੱਲੀ: ਫਾਊਂਡਰ (ਮੋਢੀ) ਸਿੱਖ ਮਿਸ਼ਨਰੀ ਲਹਿਰ ਸੰਨ 1956

ਪਉੜੀ ਨੰ: ੪ ਦਾ ਮੂਲ ਪਾਠ ਸਲੋਕਾਂ ਸਹਿਤ:-

ਸਲੋਕੁ ਮਃ ੩॥ ਸੂਹੈ ਵੇਸਿ ਕਾਮਣਿ ਕੁਲਖਣੀ, ਜੋ ਪ੍ਰਭ ਛੋਡਿ ਪਰ ਪੁਰਖ ਧਰੇ ਪਿਆਰੁ॥ ਓਸੁ ਸੀਲੁ ਨ ਸੰਜਮੁ ਸਦਾ ਝੂਠੁ ਬੋਲੈ, ਮਨਮੁਖਿ ਕਰਮ ਖੁਆਰੁ॥ ਜਿਸੁ ਪੂਰਬਿ ਹੋਵੈ ਲਿਖਿਆ, ਤਿਸੁ ਸਤਿਗੁਰੁ ਮਿਲੈ ਭਤਾਰੁ॥ ਸੂਹਾ ਵੇਸੁ ਸਭੁ ਉਤਾਰਿ ਧਰੇ, ਗਲਿ ਪਹਿਰੈ ਖਿਮਾ ਸੀਗਾਰੁ॥ ਪੇਈਐ ਸਾਹੁਰੈ ਬਹੁ ਸੋਭਾ ਪਾਏ, ਤਿਸੁ ਪੂਜ ਕਰੇ ਸਭੁ ਸੈਸਾਰੁ॥ ਓਹ ਰਲਾਈ ਕਿਸੈ ਦੀ ਨਾ ਰਲੈ, ਜਿਸੁ ਰਾਵੇ ਸਿਰਜਨਹਾਰੁ॥ ਨਾਨਕ ਗੁਰਮੁਖਿ ਸਦਾ ਸੁਹਾਗਣੀ, ਜਿਸੁ ਅਵਿਨਾਸੀ ਪੁਰਖੁ ਭਰਤਾਰੁ॥ ੧

ਮਃ ੧॥ ਸੂਹਾ ਰੰਗੁ ਸੁਪਨੈ ਨਿਸੀ, ਬਿਨੁ ਤਾਗੇ ਗਲਿ ਹਾਰੁ॥ ਸਚਾ ਰੰਗੁ ਮਜੀਠ ਕਾ, ਗੁਰਮੁਖਿ ਬ੍ਰਹਮ ਬੀਚਾਰੁ॥ ਨਾਨਕ ਪ੍ਰੇਮ ਮਹਾ ਰਸੀ, ਸਭਿ ਬੁਰਿਆਈਆ ਛਾਰੁ॥ ੨

ਪਉੜੀ॥ ਇਹੁ ਜਗੁ ਆਪਿ ਉਪਾਇਓਨੁ, ਕਰਿ ਚੋਜ ਵਿਡਾਨੁ॥ ਪੰਚ ਧਾਤੁ ਵਿਚਿ ਪਾਈਅਨੁ, ਮੋਹੁ ਝੂਠੁ ਗੁਮਾਨੁ॥ ਆਵੈ ਜਾਇ ਭਵਾਈਐ, ਮਨਮੁਖੁ ਅਗਿਆਨੁ॥ ਇਕਨਾ ਆਪਿ ਬੁਝਾਇਓਨੁ, ਗੁਰਮੁਖਿ ਹਰਿ ਗਿਆਨੁ॥ ਭਗਤਿ ਖਜਾਨਾ ਬਖਸਿਓਨੁ, ਹਰਿ ਨਾਮੁ ਨਿਧਾਨੁ॥ ੪

(ਸਟੀਕ-ਪਉੜੀ ੪, ਸਲੋਕਾਂ ਅਤੇ ਲੋੜੀਂਦੇ ‘ਗੁਰਮੱਤ ਵਿਚਾਰ ਦਰਸ਼ਨ’ ਸਹਿਤ)

ਸਲੋਕੁ ਮਃ ੩॥ ਸੂਹੈ ਵੇਸਿ ਕਾਮਣਿ ਕੁਲਖਣੀ, ਜੋ ਪ੍ਰਭ ਛੋਡਿ ਪਰ ਪੁਰਖ ਧਰੇ ਪਿਆਰੁ॥ ਓੁਸ ਸੀਲੁ ਨ ਸੰਜਮੁ ਸਦਾ ਝੂਠੁ ਬੋਲੈ, ਮਨਮੁਖਿ ਕਰਮ ਖੁਆਰੁ॥ ਜਿਸੁ ਪੂਰਬਿ ਹੋਵੈ ਲਿਖਿਆ, ਤਿਸੁ ਸਤਿਗੁਰੁ ਮਿਲੈ ਭਤਾਰੁ॥ ਸੂਹਾ ਵੇਸੁ ਸਭੁ ਉਤਾਰਿ ਧਰੇ, ਗਲਿ ਪਹਿਰੈ ਖਿਮਾ ਸੀਗਾਰੁ॥ ਪੇਈਐ ਸਾਹੁਰੈ ਬਹੁ ਸੋਭਾ ਪਾਏ, ਤਿਸੁ ਪੂਜ ਕਰੇ ਸਭੁ ਸੈਸਾਰੁ॥ ਓਹ ਰਲਾਈ ਕਿਸੈ ਦੀ ਨਾ ਰਲੈ, ਜਿਸੁ ਰਾਵੇ ਸਿਰਜਨਹਾਰੁ॥ ਨਾਨਕ ਗੁਰਮੁਖਿ ਸਦਾ ਸੁਹਾਗਣੀ, ਜਿਸੁ ਅਵਿਨਾਸੀ ਪੁਰਖੁ ਭਰਤਾਰੁ॥ ੧॥

ਪਦ ਅਰਥ : — ਸੂਹੈ ਵੇਸਿ— ਸੰਸਾਰਕ ਮੋਹ ਮਾਇਆ ਦੇ ਕੱਚੇ ਰਸਾਂ `ਚ ਗ਼ਲਤਾਨ। ਕਾਮਣਿ—ਇਸਤ੍ਰੀ (ਜੀਵ ਇਸਤ੍ਰੀ)। ਕੁਲਖਣੀ—ਭੈੜੇ ਲੱਛਣਾਂ ਵਾਲੀ, ਬਦਕਾਰ। ਸੀਲੁ—ਚੰਗਾ ਆਚਰਨ। ਸੰਜਮੁ—ਬੰਦਸ਼ `ਚ ਟੁਰਣਾ, ਸੰਜਮੀ ਜੀਵਨ। ਮਨਮੁਖਿ—ਮਨਮੁਖੀ ਜੀਵਨ। ਮਨਮੁਖਿ ਕਰਮ ਖੁਆਰੁ—ਮਨਮੁਖੀ ਕਰਮਾਂ ਕਾਰਣ, ਅਜਿਹੀ ਜੀਵ ਇਸਤ੍ਰੀ ਜੀਵਨ ਭਰ ਖੁਆਰ ਹੁੰਦੀ ਹੈ।

ਪੂਰਬਿ—ਪਹਿਲਾਂ ਤੋਂ। ਭਤਾਰੁ—ਰਾਖਾ-ਪ੍ਰਭੂ। ਗਲਿ—ਗਲ `ਚ। ਖਿਮਾ—ਕਿਸੇ ਦੂਜੇ ਦੀ ਵਧੀਕੀ ਨੂੰ ਸਹਾਰਨ ਦਾ ਸੁਭਾਅ। ਪੇਈਐ—ਪੇਕੇ ਘਰ `ਚ, ਇਸ ਲੋਕ `ਚ। ਸਾਹੁਰੈ—ਸਹੁਰੇ ਘਰ `ਚ, ਪ੍ਰਲੋਕ `ਚ, ਸਰੀਰਕ ਮੌਤ ਤੋਂ ਬਾਅਦ ਪ੍ਰਭੂ ਦੇ ਨਿਆਂ `ਚ। ਓਹ—ਉਹ ਜੀਵ-ਇਸਤ੍ਰੀ।

ਅਰਥ : — "ਸੂਹੈ ਵੇਸਿ ਕਾਮਣਿ ਕੁਲਖਣੀ, ਜੋ ਪ੍ਰਭ ਛੋਡਿ ਪਰ ਪੁਰਖ ਧਰੇ ਪਿਆਰੁ" - ਜਿਹੜੀ ਜੀਵ ਇਸਤ੍ਰੀ, ਸਦਾ ਆਪਣੇ ਥਿਰ ਪ੍ਰਭੂ-ਪਤੀ ਨੂੰ ਵਿਸਾਰ ਕੇ, ਉਸ ਦੀ ਤ੍ਰੈਗੁਣੀ ਮਾਇਆ ਦੇ ਦਿਲ-ਖਿੱਚਵੇਂ ਰੰਗਾਂ, ਰਸਾਂ `ਚ ਹੀ ਮਸਤ ਰਹਿੰਦੀ ਹੈ। ਦੁਜੇ ਲਫ਼ਜ਼ਾਂ `ਚ ਜਿਹੜੀ ਜੀਵ ਇਸਤ੍ਰੀ, ਸਮੂਹ ਦਾਤਾਂ ਦੇਣ ਵਾਲੇ ਦਾਤੇ ਪ੍ਰਭੂ ਨੂੰ ਭੁਲਾਅ ਕੇ ਕੇਵਲ ਉਸ ਦੀਆਂ ਦਾਤਾਂ ਨਾਲ ਹੀ ਪਿਆਰ ਕਰਦੀ ਹੈ।

ਪ੍ਰਭੂ ਦੇ ਸੱਚ ਨਿਆਂ `ਚ ਉਹ ਜੀਵ ਇਸਤ੍ਰੀ ਇਉਂ ਹੈ ਜਿਵੇਂ ਸੰਸਾਰ ਤਲ `ਤੇ ਕੋਈ ਬਦਕਾਰ ਔਰਤ ਆਪਣੇ ਪਤੀ ਵੱਲ ਪਿੱਠ ਕਰਕੇ ਪਰਾਏ ਮਰਦਾਂ ਨਾਲ ਪਿਆਰ ਕਰਦੀ ਤੇ ਖੇਹ ਉਡਾਂਦੀ ਫ਼ਿਰੇ।

"ਓੁਸ ਸੀਲੁ ਨ ਸੰਜਮੁ, ਸਦਾ ਝੂਠੁ ਬੋਲੈ, ਮਨਮੁਖਿ ਕਰਮ ਖੁਆਰੁ" - ਦਰਅਸਲ ਉਸ ਜੀਵ ਇਸਤ੍ਰੀ ਦਾ ਨਾ ਆਚਰਨ ਚੰਗਾ ਹੁੰਦਾ ਹੈ ਨਾ ਉਸ `ਚ ਸੰਜਮ ਤੇ ਨਾ ਕਿਸੇ ਚੰਗੀ ਜੁਗਤਿ ਵਾਲਾ ਉਸ ਦਾ ਜੀਵਨ। ਇਸ ਤਰ੍ਹਾਂ ਉਸ ਦੇ ਜੀਵਨ ਦੀ ਸਮੂਚੀ ਕਰਣੀ `ਚ, ਪ੍ਰਭੂ ਪ੍ਰਾਪਤੀ ਲਈ ਮਨੁੱਖਾ ਜਨਮ ਦੀ ਸਫ਼ਲਤਾ ਵਾਲੇ ਇਕੋ-ਇੱਕ ਮਕਸਦ ਦੇ ਉਲਟ, ਕੇਵਲ ਦਿਖਾਵੇ ਦੇ ਧਾਰਮਿਕ ਕਰਮਕਾਂਡ ਹੀ ਹੁੰਦੇ ਹਨ।

ਉਸਦੇ ਸਮੂਚੇ ਧਰਮ-ਕਰਮ ਮੂਲ ਰੂਪ `ਚ ਹਉਮੈ ਯੁਕਤ ਕੇਵਲ ਲੋਕਦਿਖਾਵਾ ਤੇ ਮਨਮੁੱਖੀ ਕਰਮ ਹੁੰਦੇ ਹਨ। ਉਹ ਜੀਵਨ ਭਰ ਆਪ-ਹੁੱਦਰੇ ਮਨਮੱਤੀ ਕਰਮਾਂ `ਚ ਉਲਝੀ ਰਹਿ ਕੇ ਸਦਾ ਖੁਆਰ ਹੁੰਦੀ ਹੈ, ਇਸ ਕਾਰਣ ਉਸ ਦੇ ਜੀਵਨ `ਚ ਕਦੇ ਟਿਕਾਅ ਨਹੀਂ ਆਉਂਦਾ ਬਲਕਿ ਮਾਨਸਿਕ ਉਖਾੜ ਦੇ ਨਾਲ-ਨਾਲ ਚਿੰਤਾ-ਝੋਰੇ, ਡਰ-ਸਹਿਮ, ਪ੍ਰੈਸ਼ਾਂਨੀਆਂ ਤੇ ਦੁਚਿੱਤੀ ਆਦਿ ਹੀ ਭਾਰੂ ਰਹਿੰਦੀ ਹੈ।

ਜਿਸੁ ਪੂਰਬਿ ਹੋਵੈ ਲਿਖਿਆ, ਤਿਸੁ ਸਤਿਗੁਰੁ ਮਿਲੈ ਭਤਾਰੁ" -ਇਸ ਦੇ ਉਲਟ, ਜਿਹੜੀ ਸ਼ਬਦ-ਗੁਰੂ ਦੀ ਸ਼ਰਣ `ਚ ਆ ਜਾਂਦੀ ਅਤੇ ਸ਼ਬਦ-ਗੁਰੂ ਦੀ ਕਮਾਈ ਕਰਣ ਲਗ ਜਾਂਦੀ ਹੈ। ਇਸੇ ਤੋਂ ਉਸ ਦੇ ਜੀਵਨ ਅੰਦਰ ਆਚਰਣਕ ਉੱਚਤਾ ਆ ਜਾਂਦੀ ਹੈ। ਦਰਅਸਲ ਇਹ ਵੀ ਉਸ `ਤੇ ਪ੍ਰਭੂ ਦੀ ਬਖ਼ਸ਼ਿਸ਼ ਹੀ ਹੁੰਦੀ ਹੈ ਕਿ ਪ੍ਰਭੂ ਆਪ ਬਹੁੜੀ ਕਰਕੇ ਉਸਦਾ ਮਿਲਾਪ ਸ਼ਬਦ-ਗੁਰੂ ਨਾਲ ਕਰਵਾ ਦਿੰਦਾ ਹੈ, ਉਪ੍ਰੰਤ ਸ਼ਬਦ-ਗੁਰੂ ਹੀ ਉਸ ਦਾ ਰਖਵਾਲਾ ਬਣ ਜਾਂਦਾ ਤੇ ਉਸ ਨੂੰ ਕੁਰਾਹੇ ਪੈਣ ਤੋਂ ਬਚਾਅ ਲੈਂਦਾ ਹੈ।

"ਸੂਹਾ ਵੇਸੁ ਸਭੁ ਉਤਾਰਿ ਧਰੇ, ਗਲਿ ਪਹਿਰੈ ਖਿਮਾ ਸੀਗਾਰੁ" - ਉਹ ਜੀਵ ਇਸਤ੍ਰੀ ਜਦੋਂ ਆਪਣਾ ਪਹਿਲਾਂ ਵਾਲਾ ਚੁਹਚੁਹਾ ਕਸੁੰਭੜਾ ਲਾਲ ਵੇਸ ਲਾਹ ਦਿੰਦੀ ਹੈ। ਸ਼ਬਦ ਗੁਰੂ ਦੀ ਕਮਾਈ ਕਾਰਣ, ਵਿਕਾਰ ਤੇ ਮੋਹ-ਮਾਇਆ ਦੇ ਦਿਲ-ਖਿੱਚਵੇਂ ਰੰਗ-ਤਮਾਸ਼ੇ, ਕੌਤਕ, ਉਸ ਦੇ ਮਨ ਨੂੰ ਨਹੀਂ ਮੋਹ ਸਕਦੇ। ਸੰਜਮ ਤੇ ਸਹਿਣ-ਸ਼ੀਲਤਾ ਵਰਗੇ ਇਲਾਹੀ ਗੁਣ ਉਸ ਦੇ ਜੀਵਨ ਦਾ ਸ਼ਿੰਗਾਰ ਤੇ ਗਹਿਣਾ ਬਣ ਜਾਂਦੇ ਹਨ, ਉਹ ਹੁਣ ਹਰ ਸਮੇਂ ਪ੍ਰਭੂ-ਪਤੀ ਦੀ ਸਿਫ਼ਤ ਸਲਾਹ ਦੇ ਨਾਮ ਰੰਗ `ਚ ਹੀ ਰੰਗੀ ਰਹਿੰਦੀ ਹੈ।

"ਪੇਈਐ ਸਾਹੁਰੈ ਬਹੁ ਸੋਭਾ ਪਾਏ, ਤਿਸੁ ਪੂਜ ਕਰੇ ਸਭੁ ਸੈਸਾਰੁ" - ਉਸਦੇ ਜੀਵਨ ਅੰਦਰ "ਤਿਸੁ ਸਤਿਗੁਰੁ ਮਿਲੈ ਭਤਾਰੁ" ਗੁਰਮੁਖੀ ਜੀਵਨ ਵਾਲੀ ਆ ਚੁੱਕੀ ਤਬਦੀਲੀ ਕਾਰਣ, ਉਹ ਜੀਵ ਇਸਤ੍ਰੀ ਇਸ ਲੋਕ ਤੇ ਪ੍ਰਲੋਕ ਦੋਨਾਂ `ਚ ਇੱਜ਼ਤ ਪਾਉਂਦੀ ਹੈ, ਪ੍ਰਭੂ ਦੇ ਦਰ `ਤੇ ਕਬੂਲ ਹੋ ਜਾਂਦੀ ਹੈ।

"ਉਹ ਇਸ ਲੋਕ ਅਤੇ ਪ੍ਰਲੋਕ ਦੋਨਾਂ `ਚ ਇੱਜ਼ਤ ਪਾਉਂਦੀ ਹੈ" ਦੇ ਅਰਥ ਹਨ ਸ਼ਬਦ-ਗੁਰੂ ਦੀ ਅਨੁਸਾਰੀ ਹੋ ਜਾਣ ਕਾਰਣ ਉਸ ਦਾ ਪ੍ਰਾਪਤ ਮਨੁੱਖਾ ਜਨਮ ਸਫ਼ਲ ਹੋ ਜਾਂਦਾ ਹੈ। ਉਹ ਜੀਂਦੇ ਜੀਅ ਅਸਲੇ ਪ੍ਰਭੂ `ਚ ਅਭੇਦ ਹੋ ਜਾਂਦੀ, ਪ੍ਰਭੂ `ਚ ਸਮਾਅ ਜਾਂਦੀ ਹੈ। ਉਸ ਦਾ ਜੀਵਨ ਇਲਾਹੀ ਗੁਣਾਂ ਵਾਲਾ ਹੋ ਜਾਂਦਾ ਹੈ ਅਤੇ ਉਹ ਸੁਆਸ-ਸੁਆਸ ਪ੍ਰਭੂ-ਪਤੀ ਦੀ ਸਿਫ਼ਤ-ਸਲਾਹ ਦੇ ਰੰਗ `ਚ ਰੰਗੀ ਰੰਿਹੰਦੀ ਹੈ।

ਮਨ ਦੇ ਰੂਪ `ਚ, ਜੀਵ ਇਸਤ੍ਰੀ ਦਾ ਪ੍ਰਭੂ ਤੋਂ ਬਣਿਆ ਹੋਇਆ ਵਿਛੋੜਾ ਵੀ ਸਦਾ ਲਈ ਸਮਾਪਤ ਹੋ ਜਾਂਦਾ ਹੈ। ਉਸ ਦਾ ਚਲਦਾ ਆ ਰਿਹਾ ਜਨਮਾਂ-ਜੂਨਾਂ ਤੇ ਭਿੰਨ-ਭਿੰਨ ਗਰਭਾਂ ਵਾਲਾ ਗੇੜ ਸਦਾ ਲਈ ਮੁੱਕ ਜਾਂਦਾ ਹੈ, ਉਹ ਮੁੜ ਜਨਮਾਂ-ਜੂਨਾਂ ਤੇ ਭਿੰਨ-ਭਿੰਨ ਗਰਭਾਂ ਦੇ ਗੇੜ `ਚ ਨਹੀਂ ਪੈਂਦੀ।

ਉਹ ਜੀਦੇ ਜੀਅ ਪ੍ਰਭ ਦੇ ਦਰ `ਤੇ ਕਬੂਲ ਤਾਂ ਹੁੰਦੀ ਹੈ ਨਾਲ-ਨਾਲ ਉਸ ਦੇ ਜੀਵਨ ਅੰਦਰ ਪ੍ਰਗਟ ਹੋ ਚੁੱਕੀ ਸੰਜਮੀ ਰਹਿਣੀ, ਇਲਾਹੀ ਗੁਣਾ, ਆਚਰਣਕ ਤੇ ਆਤਮਕ ਉੱਚਤਾ ਕਾਰਣ, ਹੁਣ ਦੂਜੇ ਲੋਕ ਵੀ ਉਸ ਦਾ ਆਦਰ-ਮਾਨ ਤੇ ਸਤਿਕਾਰ ਕਰਣ ਲਗ ਜਾਂਦੇ ਹਨ। ਯਥਾ-

() "ਜਾ ਹਰਿ ਬਖਸੇ ਤਾ ਗੁਰ ਮਿਲੈ ਅਸਥਿਰੁ ਰਹੈ ਸਮਾਇ॥ ਨਾਨਕ ਮਨ ਹੀ ਤੇ ਮਨੁ ਮਾਨਿਆ ਨਾ ਕਿਛੁ ਮਰੈ ਨ ਜਾਇ" (ਪੰ: ੫੧੩-੧੪)

() "ਤਨ ਮਹਿ ਮਨੂਆ, ਮਨ ਮਹਿ ਸਾਚਾ॥ ਸੋ ਸਾਚਾ ਮਿਲਿ, ਸਾਚੇ ਰਾਚਾ॥ ਸੇਵਕੁ ਪ੍ਰਭ ਕੈ ਲਾਗੈ ਪਾਇ॥ ਸਤਿਗੁਰੁ ਪੂਰਾ ਮਿਲੈ ਮਿਲਾਇ" (ਪੰ: ੬੮੩)

"ਓਹ ਰਲਾਈ ਕਿਸੈ ਦੀ ਨਾ ਰਲੈ, ਜਿਸੁ ਰਾਵੇ ਸਿਰਜਨਹਾਰੁ" - ਇਸ ਤਰ੍ਹਾਂ ਜਿਸ ਜੀਵ ਇਸਤ੍ਰੀ ਨੂੰ ਸਾਰੇ ਜਗ ਨੂੰ ਪੈਦਾ ਕਰਣ ਵਾਲਾ ਪ੍ਰਭੁ ਪਤੀ ਆਪ ਅਪਨਾ ਲਵੇ, ਆਪਣੇ ਦਰ `ਤੇ ਕਬੂਲ ਕਰ ਲਵੇ, ਉਸ ਦਾ ਜੀਵਨ ਨਿਰਾਲਾ, ਨਿਵੇਕਲਾ ਅਤੇ ਇਲਾਹੀ ਗੁਣਾ ਨਾਲ ਭਰਪੂਰ ਹੋ ਜਾਂਦਾ ਹੈ।

"ਨਾਨਕ ਗੁਰਮੁਖਿ ਸਦਾ ਸੁਹਾਗਣੀ, ਜਿਸੁ ਅਵਿਨਾਸੀ ਪੁਰਖੁ ਭਰਤਾਰੁ"॥ ੧॥ -ਹੇ ਨਾਨਕ! ਜਿਹੜੀ ਜੀਵ ਇਸਤ੍ਰੀ ਸ਼ਬਦ-ਗੁਰੂ ਦੇ ਆਦੇਸ਼ਾਂ ਦੇ ਅਨੁਸਾਰੀ ਹੋ ਕੇ, ਜੀਵਨ ਕਰਕੇ ਗੁਰਮੁਖ ਭਾਵ ਸ਼ਬਦ-ਗੁਰੂ ਦੀ ਸ਼ਰਣ `ਚ ਜਾਂਦੀ ਹੈ, ਉਸ ਨੂੰ ਜੀਵਨ ਪੱਖੋਂ "ਕਦੇ ਨਾ ਮਰਨ ਵਾਲਾ ਸਦਾ ਥਿਰ ਪ੍ਰਭੂ ਪਤੀ" ਆਪ ਬਹੁੜੀ ਕਰਕੇ ਜੀਵਨ ਪੱਖੋਂ ਕੁਰਾਹੇ ਪੈਣ ਤੋਂ ਉਸ ਨੂੰ ਬਚਾਉਂਦਾ ਵੀ ਆਪ ਹੈ।

ਇਸ ਤਰ੍ਹਾਂ ਉਹ ਜੀਵ-ਇਸਤ੍ਰੀ ਸਦੀਵੀ ਸੁਹਾਗ ਭਾਗ ਵਾਲੀ ਹੋ ਜਾਂਦੀ ਹੈ, ਪ੍ਰਭੂ ਦੇ ਦਰ `ਤੇ ਕਬੂਲ ਹੋ ਜਾਂਦੀ ਹੈ, ਉਹ ਮੁੜ ਜੂਨਾਂ-ਜਨਮਾਂ ਤੇ ਭਿੰਨ-ਭਿੰਨ ਗਰਭਾਂ-ਦੇ ਗੇੜ `ਚ ਨਹੀਂ ਪੈਂਦੀ। ੧।

ਮਃ ੧॥ ਸੂਹਾ ਰੰਗੁ ਸੁਪਨੈ ਨਿਸੀ, ਬਿਨੁ ਤਾਗੇ ਗਲਿ ਹਾਰੁ॥ ਸਚਾ ਰੰਗੁ ਮਜੀਠ ਕਾ ਗੁਰਮੁਖਿ ਬ੍ਰਹਮ ਬੀਚਾਰੁ॥ ਨਾਨਕ ਪ੍ਰੇਮ ਮਹਾ ਰਸੀ, ਸਭਿ ਬੁਰਿਆਈਆ ਛਾਰੁ॥ ੨॥ {ਪੰ: ੭੮੬}

ਪਦ ਅਰਥ : —ਨਿਸੀ—ਰਾਤ। ਬ੍ਰਹਮ ਬੀਚਾਰੁ—ਪ੍ਰਭੂ-ਪ੍ਰਮਾਤਮਾ ਬਾਰੇ ਵਿਚਾਰਾਂ, ਰੱਬ ਜੀ ਦੀਆਂ ਬਾਤਾਂ, ਪ੍ਰਭੂ ਦੀ ਸਿਫ਼ਤ ਸਲਾਹ। ਰਸੀ—ਰਸੀ ਹੋਈ, ਭਿੱਜੀ ਹੋਈ। ਛਾਰੁ—ਸੁਆਹ।

ਅਰਥ : — "ਸੂਹਾ ਰੰਗੁ ਸੁਪਨੈ ਨਿਸੀ, ਬਿਨੁ ਤਾਗੇ ਗਲਿ ਹਾਰੁ" - ਹੇ ਜੀਵ-ਇਸਤ੍ਰੀ! ਮਨ ਨੂੰ ਮੋਹਣ ਵਾਲੇ ਸੰਸਾਰਕ ਪਦਾਰਥਾਂ ਤੇ ਪ੍ਰਾਪਤੀਆਂ ਦੀ ਚਮਕ-ਦਮਕ, ਖਿੱਚਾਂ ਤੇ ਉਨ੍ਹਾਂ ਦਾ ਮੋਹ, ਕਸੁੰਭ ਦੇ ਚੁਹਚੁਹੇ ਲਾਲ ਰੰਗ ਦੀ ਨਿਆਈਂ ਦਿਲਖਿੱਚਵਾਂ ਤਾਂ ਬਹੁਤ ਹੁੰਦਾ ਹੈ ਪਰ ਇਹ ਅਸਲੋਂ ਕੱਚਾ ਤੇ ਨਾ ਟਿੱਕਣ ਵਾਲਾ ਹੀ ਹੁੰਦਾ ਹੈ। ਠੀਕ ਉਸੇ ਤਰ੍ਹਾਂ ਜਿਵੇਂ ਰਾਤ ਨੂੰ ਸੁਤਿਆਂ ਆਉਣ ਵਾਲੇ ਸੁਪਨਿਆਂ ਦਾ ਉੱਕਾ ਵਜੂਦ ਨਹੀਂ ਹੁੰਦਾ ਤਾਂ ਵੀ ਸੁੱਤਾ ਹੋਇਆ ਮਨੁੱਖ ਉਨ੍ਹਾਂ `ਚ ਹੀ ਗੁੰਮ ਹੋਇਆ ਰਹਿੰਦਾ ਹੈ।

ਗੁਰਦੇਵ ਦੂਜੀ ਮਿਸਾਲ ਵਰਤ ਕੇ ਫ਼ੁਰਮਾਉਂਦੇ ਹਨ ਜੇ ਮਨੁੱਖ ਰਾਹੀਂ ਕਿਸੇ ਬੇਸ਼-ਕੀਮਤੀ ਮੋਤੀਆਂ ਦੇ ਹਾਰ ਨੂੰ ਆਪਣੇ ਗਲ `ਚ ਪਾਉਣ ਦੇ ਯਤਣ ਤਾਂ ਬਹੁਤੇਰੇ ਹੋ ਰਹੇ ਹੋਣ ਪਰ ਉਸ ਹਾਰ `ਚ ਮੋਤੀਆਂ ਆਦਿ ਨੂੰ ਇਕੱਠਿਆਂ ਕਰਣ ਜਾਂ ਪਰੌਣ ਲਈ, ਜੇ ਮਨੁੱਖ ਕੋਲ ਕੋਈ ਧਾਗਾ ਆਦਿ ਸਾਧਨ ਹੀ ਨਾ ਹੋਵੇ ਤਾਂ ਉਹ ਹਾਰ ਬਣੇਗਾ ਕਿਵੇਂ ਅਤੇ ਉਸ ਹਾਰ ਨੂੰ ਮਨੁੱਖ ਆਪਣੇ ਗਲ `ਚ ਪਾਵੇਗਾ ਕਿਵੇਂ?

ਗੁਰਦੇਵ ਸਪਸ਼ਟ ਕਰਦੇ ਹਨ, ਠੀਕ ਇਸ ਤਰ੍ਹਾਂ ਮਨਮੁਖ ਪ੍ਰਭੂ ਨੂੰ ਵਿਸਾਰ ਕੇ, ਜੀਵਨ ਭਰ ਸੰਸਾਰਕ ਰੁਝੇਵਿਆਂ ਤੇ ਮਾਇਕ ਰਸਾਂ `ਚ ਹੀ ਉਲਝਿਆ ਰਹਿ ਕੇ ਖੁਆਰ ਤੇ ਪ੍ਰ੍ਰੇਸ਼ਾਨ ਤਾਂ ਹੱਦੋਂ ਵਧ ਹੁੰਦਾ ਰਹਿੰਦਾ ਹੈ। ਜਿਸ ਕਰਕੇ ਉਸ ਦੇ ਜੀਵਨ `ਚ ਟਿਕਾਅ ਨਹੀਂ ਆਉਂਦਾ। ਉਹ ਸੰਸਾਰ `ਚ ਜਿਵੇਂ ਖਾਲੀ ਹੱਥ ਆਉਂਦਾ ਹੈ, ਬਿਅੰਤ ਖੁਆਰੀਆਂ ਭੋਗ-ਭੋਗ ਕੇ ਸੰਸਾਰ ਤੋਂ ਜਾਂਦਾ ਵੀ ਖਾਲੀ ਹੱਥ ਹੀ ਹੈ।

ਤਾਂ ਤੇ ਬਿਨਸਨਹਾਰ ਸੰਸਾਰਕ ਪਦਾਰਥ ਤੇ ਪ੍ਰਾਪਤੀਆਂ, ਉਨ੍ਹਾਂ ਦੀ ਚਮਕ-ਦਮਕ ਅਤੇ ਖਿੱਚਾਂ `ਚ ਉਲਝੇ ਰਹਿਣ ਵਾਲੇ ਮਨਮੁੱਖ ਨੂੰ ਜੀਵਨ ਦੇ ਸੱਚ ਵੱਲ ਮੋੜਣ ਲਈ, ਗੁਰਦੇਵ ਸਪਸ਼ਟ ਕਰਦੇ ਹਨ:-

"ਸਚਾ ਰੰਗੁ ਮਜੀਠ ਕਾ ਗੁਰਮੁਖਿ ਬ੍ਰਹਮ ਬੀਚਾਰੁ" - ਐ ਜੀਵ-ਇਸਤ੍ਰੀ! ਮਨ ਨੂੰ ਮੋਹਣ ਵਾਲੇ ਪਦਾਰਥਾਂ ਦਾ ਪਿਆਰ ਤੇ ਪਕੜ ਛੱਡ ਕੇ ਤੂੰ ਆਪਣੇ ਜੀਵਨ `ਚ ਪ੍ਰਭੂ-ਪ੍ਰਮਾਤਮਾ ਦੇ ਨਾਮ ਰੰਗ ਦਾ ਸ਼ਿੰਗਾਰ ਬਣਾ, ਜਿਹੜਾ ਮਜੀਠ ਦੇ ਪੱਕੇ ਲਾਲ ਰੰਙ ਵਾਂਙ ਦਿਲਖਿੱਚਵਾਂ ਤੇ ਸਦੀਵ ਕਾਲੀਨ ਹੁੰਦਾ ਹੈ।

ਇਹ ਵੀ ਕਿ ਜੀਂਦੇ ਜੀਅ ਪ੍ਰਭੂ-ਪਤੀ `ਚ ਅਭੇਦ ਹੋਣ ਤੇ ਪ੍ਰਭੂ ਦੇ ਦਰ `ਤੇ ਸਦੀਵ ਕਾਲ ਲਈ ਕਬੂਲ ਹੋਣ ਲਈ ਤੂੰ ਸ਼ਬਦ-ਗੁਰੂ ਦੀ ਸ਼ਰਣ `ਚ ਆ ਅਤੇ ਸੁਰਤ ਕਰਕੇ ਪ੍ਰਭੂ ਦੀ ਸਿਫ਼ਤ ਸਲਾਹ ਨਾਲ ਜੁੜ। ਇਸ ਤੋਂ ਤੇਰਾ ਚਲਦਾ ਆ ਰਿਹਾ ਜੂਨਾ-ਜਨਮਾਂ-ਗਰਭਾਂ ਵਾਲਾ ਗੇੜ ਵੀ ਸਦਾ ਲਈ ਮੁੱਕ ਜਾਵੇਗਾ।

"ਨਾਨਕ ਪ੍ਰੇਮ ਮਹਾ ਰਸੀ, ਸਭਿ ਬੁਰਿਆਈਆ ਛਾਰੁ"॥ ੨॥ - ਹੇ ਨਾਨਕ! ਜਿਹੜੀ ਜੀਵ-ਇਸਤ੍ਰੀ ਜੀਵਨ ਕਰਕੇ ਪ੍ਰਭੂ ਪਿਆਰ ਦੇ ਮਹਾ ਰਸ `ਚ ਭਿੱਜ ਜਾਂਦੀ ਹੈ ਉਸ ਦੀ ਸਾਰੀ ਭੈੜ ਭਾਵ ਜਨਮਾਂ-ਜਨਮਾਂਤ੍ਰਾਂ ਦੇ ਕੀਤੇ ਹੋਏ ਗੁਣਾਹ ਤੇ ਮਨ ਦੀ ਮੈਲ ਸਾਰੀ ਸੜ ਕੇ ਸੁਆਹ ਹੋ ਜਾਂਦੀ ਹੈ। ੨।

ਪਉੜੀ॥ ਇਹੁ ਜਗੁ ਆਪਿ ਉਪਾਇਓਨੁ, ਕਰਿ ਚੋਜ ਵਿਡਾਨੁ॥ ਪੰਚ ਧਾਤੁ ਵਿਚਿ ਪਾਈਅਨੁ, ਮੋਹੁ ਝੂਠੁ ਗੁਮਾਨੁ॥ ਆਵੈ ਜਾਇ ਭਵਾਈਐ, ਮਨਮੁਖੁ ਅਗਿਆਨੁ॥ ਇਕਨਾ ਆਪਿ ਬੁਝਾਇਓਨੁ, ਗੁਰਮੁਖਿ ਹਰਿ ਗਿਆਨੁ॥ ਭਗਤਿ ਖਜਾਨਾ ਬਖਸਿਓਨੁ, ਹਰਿ ਨਾਮੁ ਨਿਧਾਨੁ॥ ੪॥ {ਪੰਨਾ ੭੮੬}

ਪਦ ਅਰਥ : —ਉਪਾਇਓਨੁ—ਪ੍ਰਭੂ ਨੇ ਆਪ ਉਪਾਇਆ, ਪ੍ਰਭੂ ਨੇ ਆਪ ਸਾਜਿਆ। ਚੋਜ—ਕੌਤਕ, ਖੇਡਾਂ। ਵਿਡਾਨੁ—ਹੈਰਾਣਗੀ, ਅਸਚਰਜਤਾ, ਵਿਸਮਾਦ। ਪੰਚ ਧਾਤੁ—ਪੰਜ ਤੱਤ। ਪਾਈਅਨੁ—ਉਸ ਪ੍ਰਭੂ ਨੇ ਪਾਈ। ਅਗਿਆਨੁ—ਗਿਆਨ-ਹੀਣ। ਬੁਝਾਇਓਨੁ—ਬੁਝਾਇਆ ਪ੍ਰਭੂ ਨੇ, ਪ੍ਰਭੂ ਨੇ ਸੋਝੀ ਵੀ ਆਪ ਬਖ਼ਸ਼ੀ। ਬਖਸਿਓਨੁ— ਪ੍ਰਭੂ ਨੇ ਬਖ਼ਸ਼ਿਆ ਵੀ ਆਪ। ਹਰਿ ਗਿਆਨੁ—ਪ੍ਰਭੂ ਪਤੀ ਬਾਰ ਸੋਝੀ। ਨਿਧਾਨੁ—ਖ਼ਜ਼ਾਨਾ। ਹਰਿ ਨਾਮੁ ਨਿਧਾਨੁ— ਪ੍ਰਭੂ ਦੀ ਸਿਫ਼ਤ ਸਲਾਹ ਵਾਲਾ ਖਜ਼ਾਨਾ।

ਅਰਥ : — "ਇਹੁ ਜਗੁ ਆਪਿ ਉਪਾਇਓਨੁ, ਕਰਿ ਚੋਜ ਵਿਡਾਨੁ" -ਬਿਅੰਤ ਹੈਰਾਨ ਕਰਨ ਵਾਲੇ ਵਿਸਮਾਦੀ ਕੌਤਕ ਕਰ ਕੇ, ਪ੍ਰਭੂ ਨੇ ਇਸ ਸ਼ੰਸਾਰ ਦੀ ਰਚਨਾ ਵੀ ਆਪ ਕੀਤੀ ਹੋਈ ਹੈ।

ਯਥਾ:- () "ਰੰਗੀ ਰੰਗੀ ਭਾਤੀ ਕਰਿ ਕਰਿ ਜਿਨਸੀ ਮਾਇਆ ਜਿਨਿ ਉਪਾਈ॥ ਕਰਿ ਕਰਿ ਦੇਖੈ ਕੀਤਾ ਆਪਣਾ ਜਿਉ ਤਿਸ ਦੀ ਵਡਿਆਈ" (ਬਾਣੀ ਜਪੁ)

"ਪੰਚ ਧਾਤੁ ਵਿਚਿ ਪਾਈਅਨੁ, ਮੋਹੁ ਝੂਠੁ ਗੁਮਾਨੁ" -ਉਪ੍ਰੰਤ ਆਪਣੀ ਘੜੀ ਹੋਈ ਇਸ ਰਚਨਾ `ਚ ਪ੍ਰਭੂ ਨੇ ਪੰਜ ਤੱਤ ਵੀ ਆਪ ਪਾਏ ਹੋਏ ਹਨ। ਉਹ ਪੰਜ ਤੱਤ ਜਿਹੜੇ ਕਿ ਝੂਠ, ਮੋਹ, ਗੁਮਾਨ (ਹਊਮੈ) ਆਦਿ ਵਿਕਾਰਾਂ ਦਾ ਮੂਲ ਹੁੰਦੇ ਹਨ।

"ਆਵੈ ਜਾਇ ਭਵਾਈਐ, ਮਨਮੁਖੁ ਅਗਿਆਨੁ" - ਇਹ ਵੀ ਕਿ ਮਨਮੁੱਖ, ਗਿਆਨ-ਹੀਨ ਆਪ-ਹੁੱਦਰਾ ਪ੍ਰਭੂ ਵੱਲੋਂ ਦੁਰਲਭ ਮਨੁੱਖਾ ਜਨਮ ਵਾਲਾ ਅਵਸਰ ਪ੍ਰਾਪਤ ਕਰਕੇ ਵੀ, ਆਪਣੀ ਅਗਿਆਨਤਾ ਕਾਰਣ ਜੀਵਨ ਭਰ ਝੂਠ, ਮੋਹ, ਗੁਮਾਨ (ਹਊਮੈ) ਆਦਿ ਇਨ੍ਹਾਂ ਵਿਕਾਰਾਂ `ਚ ਹੀ ਡੁੱਬਿਆ ਰਹਿੰਦਾ ਹੈ। ਇਸ ਤਰ੍ਹਾਂ ਉਸ ਦਾ ਪ੍ਰਾਪਤ ਮਨੁੱਖਾ ਜਨਮ ਵੀ ਸਫ਼ਲ ਨਹੀਂ ਹੁੰਦਾ।

ਜਿਸ ਤੋਂ ਉਹ ਜੀਂਦੇ ਜੀਅ ਸੁਭਾਅ ਕਰਕੇ ਭਿੰਨ-ਭਿੰਨ ਜੂਨਾਂ ਬੌਗਦਾ ਹੈ ਅਤੇ ਸਰੀਰਕ ਮੌਤ ਤੋਂ ਬਾਅਦ ਵੀ ਮੁੜ "ਆਵੈ ਜਾਇ ਭਵਾਈਐ" ਜਨਮ-ਮਰਨ ਤੇ ਭਿੰਨ-ਭਿੰਨ ਗਰਭਾਂ ਦੇ ਉਸੇ ਗੇੜ `ਚ ਪੈਂਦਾ ਹੈ, ਜਿਸ `ਚੋਂ ਕੱਢ ਕੇ ਪ੍ਰਭੂ ਨੇ ਇਸਨੂੰ ਇਹ ਮਨੁੱਖਾ ਜਨਮ ਵਾਲਾ ਅਵਸਰ ਬਖ਼ਸ਼ਿਆ ਹੁੰਦਾ ਹੈ।

"ਇਕਨਾ ਆਪਿ ਬੁਝਾਇਓਨੁ, ਗੁਰਮੁਖਿ ਹਰਿ ਗਿਆਨੁ" -ਜਦਕਿ ਕਈਆਂ ਨੂੰ ਪ੍ਰਭੂ ਆਪ ਸੋਝੀ ਬਖ਼ਸ਼ ਦਿੰਦਾ ਹੈ ਅਤੇ ਉਹ ਜੀਊੜੇ ਸ਼ਬਦ-ਗੁਰੂ ਦੇ ਅਨੁਸਾਰੀ ਹੋ ਕੇ ਜੀਵਨ ਬਤੀਤ ਕਰਦੇ ਹਨ।

ਉਹ ਸ਼ਬਦ-ਗੁਰੂ ਦੀ ਕਮਾਈ ਕਰਦੇ ਹਨ ਜਿਸ ਤੋਂ ਉਹ ਮਨੁੱਖਾ ਜਨਮ ਦੇ ਪ੍ਰਭੂ ਮਿਲਾਪ ਵਾਲੇ ਇਕੋ ਇੱਕ ਮਕਸਦ ਵੱਲੋ ਅਵੇਸਲੇ ਹੋ ਕੇ ਸੰਸਾਰ `ਚ ਨਹੀਂ ਵਿਚਰਦੇ। ਇਸ ਤਰ੍ਹਾਂ ਉਹ ਆਪਣੇ ਇਸ ਦੁਰਲਭ ਮਨੁੱਖਾ ਜਨਮ ਦਾ ਪੂਰਾ ਲਾਭ ਲ਼ੈਂਦੇ ਹਨ ਅਤੇ ਸਫ਼ਲ ਮਨੁੱਖਾ ਜਨਮ ਨੂੰ ਪ੍ਰਾਪਤ ਹੋ ਜਾਂਦੇ ਹਨ।

ਇਸ ਤਰ੍ਹਾਂ ਉਹ ਜੀਂਦੇ ਜੀਅ ਅਸਲੇ ਪ੍ਰਭੂ `ਚ ਸਮਾਅ ਜਾਂਦੇ ਹਨ ਉਪ੍ਰੰਤ ਸਰੀਰਕ ਮੌਤ ਤੋਂ ਬਾਅਦ ਵੀ ਉਹ ਮੁੜ ਜਨਮਾਂ-ਜੂਨਾਂ ਤੇ ਭਿੰਨ-ਭਿੰਨ ਗਰਭਾਂ ਵਾਲੇ ਗੇੜ `ਚ ਨਹੀਂ ਪੈਂਦੇ।

"ਭਗਤਿ ਖਜਾਨਾ ਬਖਸਿਓਨੁ, ਹਰਿ ਨਾਮੁ ਨਿਧਾਨੁ"॥ ੪॥ -ਇਸ ਤਰ੍ਹਾਂ ਜਿਹੜੇ ਮਨੁੱਖਾ ਜਨਮ ਦੌਰਾਨ ਸ਼ਬਦ-ਗੁਰੂ ਦੀ ਸ਼ਰਣ `ਚ ਆ ਜਾਂਦੇ ਹਨ। ਸਤਿਗੁਰੂ ਆਪ ਬਹੁੜੀ ਤੇ ਬਖ਼ਸ਼ਿਸ਼ ਕਰਕੇ "ਭਗਤਿ ਖਜਾਨਾ ਬਖਸਿਓਨੁ, ਹਰਿ ਨਾਮੁ ਨਿਧਾਨੁ" ਉਨ੍ਹਾਂ ਦੇ ਜੀਵਨ ਨੂੰ ਪ੍ਰਭੂ ਦੀ ਸਿਫ਼ਤ ਸਲਾਹ ਵਾਲੇ ਖਜ਼ਾਨੇ ਨਾਲ ਜੋੜ ਦਿੰਦਾ ਹੈ। ਉਨ੍ਹਾਂ ਦੇ ਜੀਵਨ ਨੂੰ ਪ੍ਰਭੂ ਪਿਆਰ ਅਤੇ ਨਾਮ ਦੇ ਰੰਗ `ਚ ਰੰਗ ਦਿੰਦਾ ਹੈ। ੪। (ਚਲਦਾ) #Instt. 4-11th--Suhi ki.Vaar M.3--03.18#v.

ਸਾਰੇ ਪੰਥਕ ਮਸਲਿਆਂ ਦਾ ਹੱਲ ਅਤੇ ਸੈਂਟਰ ਵੱਲੋਂ ਲਿਖੇ ਜਾ ਰਹੇ ਸਾਰੇ ‘ਗੁਰਮੱਤ ਪਾਠਾਂ’, ਪੁਸਤਕਾ ਤੇ ਹੁਣ ਗੁਰਮੱਤ ਸੰਦੇਸ਼ਾ ਵਾਲੀ ਅਰੰਭ ਹੋਈ ਲੜੀ, ਇਨ੍ਹਾਂ ਸਾਰਿਆਂ ਦਾ ਮਕਸਦ ਇਕੋ ਹੈ-ਤਾ ਕਿ ਹਰੇਕ ਸੰਬੰਧਤ ਪ੍ਰਵਾਰ ਅਰਥਾਂ ਸਹਿਤ ‘ਗੁਰੂ ਗ੍ਰੰਥ ਸਾਹਿਬ’ ਜੀ ਦਾ ਸਹਿਜ ਪਾਠ ਸਦਾ ਚਾਲੂ ਰਖ ਕੇ ਆਪਣੇ ਜੀਵਨ ਨੂੰ ਗੁਰਬਾਣੀ ਸੋਝੀ ਵਾਲਾ ਬਣਾਏ। ਅਰਥਾਂ ਲਈ ਦਸ ਭਾਗ ‘ਗੁਰੂ ਗ੍ਰੰਥ ਦਰਪਣ’ ਪ੍ਰੋ: ਸਾਹਿਬ ਸਿੰਘ ਜਾਂ ਚਾਰ ਭਾਗ ਸ਼ਬਦਾਰਥ ਲਾਹੇਵੰਦ ਹੋਵੇਗਾ ਜੀ।

ਸੂਹੀ ਕੀ ਵਾਰ ਮਹਲਾ ੩

(ਪੰ: ੭੮੫ ਤੋਂ੭੯੨)

ਸਟੀਕ, ਲੋੜੀਂਦੇ ਗੁਰਮੱਤ ਵਿਚਾਰ ਦਰਸ਼ਨ ਸਹਿਤ

(ਕਿਸ਼ਤ-ਯਾਰ੍ਹਵੀਂ)

For all the Self Learning Gurmat Lessons (Excluding Books) written by ‘Principal Giani Surjit Singh’ Sikh Missionary, Delhi-All the rights are reserved with the writer himself; but easily available in proper Deluxe Covers for

(1) Further Distribution within ‘Guru Ki Sangat’

(2) For Gurmat Stalls

(3) For Gurmat Classes & Gurmat Camps

with intention of Gurmat Parsar, at quite nominal printing cost i.e. mostly Rs 400/-(but in rare cases Rs. 450/-) per hundred copies (+P&P.Extra) From ‘Gurmat Education Centre, Delhi’, Postal Address- A/16 Basement, Dayanand Colony, Lajpat Nagar IV, N. Delhi-24

Ph 91-11-26236119, 46548789 ® Ph. 91-11-26487315 Cell 9811292808

Emails- gurbaniguru@yahoo.com & gianisurjitsingh@yahoo.com

web sites-

www.gurbaniguru.org

theuniqeguru-gurbani.com

gurmateducationcentre.com




.