.

ਪ੍ਰਿੰ: ਗੁਰਬਚਨ ਸਿੰਘ ਪੰਨਵਾਂ , ਥਾਈਲੈਂਡ ਵਾਲੇ

ਪਸ਼ੂ ਧਨ ਦੀ ਸੰਭਾਲ਼

ਪਿੰਡਾਂ ਦੇ ਗ੍ਰੰਥੀ ਸਵੇਰੇ ਸ਼ਾਮ ਜਦੋਂ ਅਰਦਾਸ ਕਰਦੇ ਹਨ ਤਾਂ ਇੱਕ ਗੱਲ ਜ਼ਰੂਰ ਆਖਦੇ ਹਨ, ਕਿ ਹੇ ਅਕਾਲ ਪੁਰਖ ਜੀਓ ਸਾਡੇ ਨਗਰ ਖੇੜੇ ਵਿੱਚ ਮਾਲ ਮਨੁੱਖੀ ਸੁੱਖ ਰੱਖਿਓ। ਜਿੱਥੇ ਅਰਦਾਸ ਵਿੱਚ ਮਨੁੱਖਤਾ ਦਾ ਭਲਾ ਮੰਗਿਆ ਜਾਂਦਾ ਹੈ ਓੱਥੇ ਪਿੰਡਾਂ ਵਿੱਚ ਪਸ਼ੂਆਂ ਦੀ ਵੀ ਸੁੱਖ ਮੰਗੀ ਜਾਂਦੀ ਹੈ ਕਿਉਂਕਿ ਪਿੰਡਾਂ ਵਾਲਿਆਂ ਲਈ ਪਸ਼ੂ ਇੱਕ ਧਨ ਹੈ। ਜਿਹੜੇ ਲੋਕ ਵੀ ਪਸ਼ੂ ਪਾਲਦੇ ਹਨ ਉਹਨਾਂ ਲਈ ਇਹ ਇੱਕ ਬਹੁਤ ਲਾਭਦਾਇਕ ਧੰਦਾ ਹੈ। ਪਿੰਡਾਂ ਸ਼ਹਿਰਾਂ ਵਿੱਚ ਦੁੱਧਾਧਾਰੀ ਪਸ਼ੂ ਰੱਖਣ ਦਾ ਆਮ ਰਿਵਾਜ ਸੀ। ਦੁੱਧ ਹਰ ਮਨੁੱਖ ਦੀ ਲੋੜ ਹੈ। ਸ਼ਹਿਰਾਂ ਦਾ ਵਿਕਾਸ ਹੋਣ ਕਰਕੇ ਅੱਜ ਕਲ੍ਹ ਸ਼ਹਿਰਾਂ ਵਿੱਚ ਮੱਝਾਂ ਗਾਵਾਂ ਘਰਾਂ ਵਿੱਚ ਨਹੀਂ ਰੱਖੀਆਂ ਜਾਂਦੀਆਂ ਸਗੋਂ ਵੱਡੇ ਵੱਡੇ ਡੇਅਰੀ ਫਾਰਮ ਬਣ ਗਏ ਹਨ। ਸਾਡਿਆਂ ਪਿੰਡਾਂ ਵਿੱਚ ਦੁੱਧ ਦਹੀਂ ਨੂੰ ਬਹੁਤ ਵੱਡੀ ਨਿਆਮਤ ਸਮਝਿਆ ਜਾਂਦਾ ਹੈ। ਜੇ ਕਿਤੇ ਘਰ ਵਿੱਚ ਦਾਲ-ਸਬਜ਼ੀ ਨਹੀਂ ਵੀ ਬਣੀ ਹੁੰਦੀ ਸੀ ਤਾਂ ਲੋਕ ਦੁੱਧ ਦਹੀਂ ਨਾਲ ਪਰਸ਼ਾਦਾ ਛੱਕ ਕੇ ਅਨੰਦ ਮਾਣਦੇ ਹਨ। ਪਹਿਲਿਆਂ ਸਮਿਆਂ ਵਿੱਚ ਲੋਕ ਦੁੱਧ ਦਾ ਵਪਾਰ ਨਹੀਂ ਕਰਦੇ ਸਨ। ਪੁਰਾਣੇ ਬਜ਼ਰੁਗ ਇਹ ਵੀ ਕਹਿ ਦੇਂਦੇ ਸਨ ਦੁੱਧ ਵੇਚਣਾ ਪੁੱਤ ਵੇਚਣ ਦੇ ਬਰਾਬਰ ਹੈ। ਜਨੀ ਕਿ ਬਜ਼ੁਰਗ ਦੁੱਧ ਵੇਚਣ ਦਾ ਹਮੇਸ਼ਾਂ ਵਿਰੋਧ ਕਰਦੇ ਸਨ। ਉਹਨਾਂ ਦਾ ਤਰਕ ਸੀ ਕਿ ਪੁੱਤਾਂ ਨੂੰ ਤਾਕਤਵਰ ਬਣਾਉਣ ਲਈ ਘਰ ਦੇ ਦੁੱਧ, ਘਿਉ ਤੇ ਦਹੀਂ ਨਾਲ ਦੀ ਕੋਈ ਰੀਸ ਨਹੀਂ ਹੈ। ਜਿਵੇਂ ਜਿਵੇਂ ਸਮੇਂ ਨੇ ਤਰੱਕੀ ਕੀਤੀ ਹੈ ਤਿਵੇਂ ਤਿਵੇਂ ਦੁੱਧ ਦੇ ਧੰਦੇ ਵਿੱਚ ਵੀ ਤਰੱਕੀ ਹੋਈ ਹੈ। ਸਰਕਾਰੀ ਸਹਾਇਤਾ ਨੇ ਦੁੱਧ ਦੇ ਧੰਦੇ ਨੂੰ ਲਾਭਕਾਰੀ ਧੰਦਾ ਬਣਾਉਣ ਵਿੱਚ ਬੜਾ ਵੱਡਾ ਯੋਗਦਾਨ ਪਾਇਆ ਹੈ। ਦੁੱਧਾਧਾਰੀ ਨਸਲਾਂ ਵਿੱਚ ਸੁਧਾਰ ਵੀ ਹੋਇਆ ਹੈ। ਗੁਰਬਾਣੀ ਨੇ ਦੁੱਧ ਨੂੰ ਅੰਮ੍ਰਿਤ ਕਿਹਾ ਹੈ—ਤੇ ਫਰਮਾਣ ਕੀਤਾ ਹੈ ਕਿ ਦੁੱਧਾਧਾਰੀ ਪਸ਼ੂ ਘਾਹ ਆਦ ਖਾ ਕੇ ਅੰਮ੍ਰਿਤ ਵਰਗਾ ਦੁੱਧ ਦੇਂਦੇ ਹਨ ਪਰ ਨਾਮ ਵਿਹੂਣੇ ਆਦਮੀਆਂ ਦੇ ਕਰਮ ਸਮਾਜ ਲਈ ਕੋਈ ਲਾਭਦਾਇਕ ਨਹੀਂ ਹੁੰਦੇ--- ਗੁਰਬਾਣੀ ਵਾਕ ਹੈ—
ਪਸੂ ਮਿਲੈ ਚੰਗਿਆਈਆ ਖੜੁ ਖਾਵਹਿ ਅੰਮ੍ਰਿਤ ਦੇਹਿ।।
ਨਾਮ ਵਿਹੂਣੇ ਆਦਮੀ ਧ੍ਰਿਗ ਜੀਵਣ ਕਰਮ ਕਰਇ।।
ਗੂਜਰੀ ਮਹਲਾ ੧ ਪੰਨਾ ੪੮੯
ਵਰਤਮਾਨ ਸਮਾਂ ਅਧੁਨਿਕ ਤਕਨੀਕ ਤੇ ਮਸ਼ੀਨਾਂ ਦੀ ਸਹਾਇਤਾ ਨਾਲ ਖੇਤੀ ਕਰ ਰਿਹਾ ਹੈ। ਇਹ ਸਾਰੀ ਤਰੱਕੀ ਸਾਡੇ ਦੇਖਦਿਆਂ ਦੇਖਦਿਆਂ ਹੀ ਹੋਈ ਹੈ। ਹੌਲ਼ੀ ਹੌਲ਼ੀ ਖੇਤੀ ਵਾਲੀ ਮਸ਼ਨੀਰੀ ਆਉਂਦੀ ਗਈ ਤੇ ਪੁਰਾਣੀ ਤਕਨੀਕ ਦੂਰ ਹੁੰਦੀ ਗਈ ਹੈ। ਅੱਜ ਤੋਂ ਕੋਈ ਪੰਝੀ ਤੋਂ ਤੀਹ ਕੁ ਸਾਲ ਪਿੱਛੇ ਚਲੇ ਜਾਈਏ ਤਾਂ ਪੰਜਾਬ ਦੀ ਖੇਤੀ ਜ਼ਿਆਦਾਤਰ ਬਲਦਾਂ ਜਾਂ ਝੋਟਿਆਂ ਨਾਲ ਕੀਤੀ ਜਾਂਦੀ ਸੀ। ਭਾਰਤ ਦੇ ਕਈ ਹਿੱਸਿਆਂ ਵਿੱਚ ਅੱਜ ਵੀ ਬਲਦਾਂ ਤੇ ਝੋਟਿਆਂ ਨਾਲ ਹੀ ਖੇਤੀ ਹੁੰਦੀ ਹੈ। ਪੰਜਾਬ ਵਿੱਚ ਗਊਆਂ ਤੇ ਮੱਝਾਂ ਨੂੰ ਬਹੁਤ ਸ਼ੌਂਕ ਨਾਲ ਪਾਲ਼ਿਆਂ ਜਾਂਦਾ ਰਿਹਾ ਹੈ ਕਿਉਂਕਿ ਇਹਨਾਂ ਦੇ ਬਚੜਿਆਂ ਨਾਲ ਵਾਹੀ ਦਾ ਕੰਮ ਕੀਤਾ ਜਾਂਦਾ ਸੀ। ਉਸ ਗਊ ਦਾ ਮੁੱਲ ਜ਼ਿਆਦਾ ਪੈਂਦਾ ਸੀ ਜਿਸ ਦੇ ਮਗਰ ਵਧੀਆ ਨਸਲ ਦਾ ਵੱਛਾ ਹੁੰਦਾ ਸੀ ਤੇ ਉਸ ਮੱਝ ਦਾ ਮੁੱਲ ਵੱਧ ਪੈਂਦਾ ਸੀ ਜਿਸ ਦੇ ਪਿੱਛੇ ਕੱਟੀ ਹੁੰਦੀ ਸੀ। ਪਿੰਡਾਂ ਦੇ ਆਮ ਲੋਕਾਂ ਦੀ ਪਸ਼ੂ ਬਹੁਤ ਵੱਡੀ ਉਪਜੀਵਕਾ ਹਨ।
ਮੈਨੂੰ ਚੰਗੀ ਤਰ੍ਹਾਂ ਯਾਦ ਹੈ ਹਰ ਮੱਸਿਆਂ `ਤੇ ਲੋਕ ਆਪਣੇ ਬਲਦਾਂ ਨੂੰ ਨੇੜਲੇ ਗੁਰਦੁਆਰਿਆਂ ਤੇ ਲੈ ਕੇ ਜਾਂਦੇ ਸਨ। ਏੱਥੇ ਖੂਹ ਚਲਾ ਕੇ ਬਲਦਾਂ ਦੀ ਤਾਕਤ ਦੀ ਦਿਖਾਈ ਜਾਂਦੀ ਸੀ। ਬਲਦਾਂ ਦੇ ਸ਼ੌਕੀਨ ਖੂਹ ਦੇ ਦੁਆਲੇ ਇਕੱਠੇ ਹੁੰਦੇ ਸਨ। ਬਲਦਾਂ ਦੀ ਚਾਲ ਦੇਖ ਕੇ ਲੋਕ ਅੱਸ਼ ਅੱਸ਼ ਕਰ ਉਠਦੇ ਸਨ। ਬਲਦਾਂ ਦੇ ਮੱਥਿਆਂ ਤੇ ਬੀਬੀਆਂ ਵਲੋਂ ਤਿਆਰ ਕੀਤੇ ਕਢਾਈ ਵਾਲੇ ਮੁਕੇਰਨੇ ਬੱਧੇ ਹੁੰਦੇ ਸਨ। ਸਿਆਲ ਨੂੰ ਸੁੰਦਰ ਝੁੱਲਾਂ ਪਾਈਆਂ ਹੁੰਦੀਆਂ ਸਨ ਜੋ ਬੜੀ ਖਿੱਚ ਰੱਖਦੀਆਂ ਸਨ। ਬਲਦਾਂ ਦਿਆਂ ਗਲ਼ਾਂ ਵਿੱਚ ਮੇਲ੍ਹਾਂ ਤੇ ਜੰਗ ਪਾਏ ਹੁੰਦੇ ਸਨ ਜਿਹੜੇ ਖੜਕਦੇ ਬਹੁਤ ਸੋਹਣੇ ਲਗਦੇ ਸਨ। ਪਾਕਿਸਤਾਨ ਬਣਨ ਤੋਂ ਪਹਿਲਾਂ ਚਰਾਂਦਾ ਖੁਲ੍ਹੀਆਂ ਹੁੰਦੀਆਂ ਸਨ। ਲੋਕ ਪਸ਼ੂਆਂ ਨੂੰ ਚਰਾਂਦਾਂ ਵਿੱਚ ਚਾਰਦੇ ਹੁੰਦੇ ਸਨ। ਗੁਜਰ ਲੋਕਾਂ ਦਾ ਅੱਜ ਵੀ ਸਾਰਾ ਕਾਰੋਬਾਰ ਪਸ਼ੂਆਂ `ਤੇ ਹੀ ਨਿਰਭਰ ਕਰਦਾ ਹੈ।
ਲੋਕਾਂ ਨੇ ਆਪਣੀ ਆਪਣੀ ਹੈਸੀਅਤ ਅਨੁਸਾਰ ਮੱਝ, ਗਊ ਤੇ ਬੱਕਰੀ ਨੂੰ ਦੁੱਧ ਦੀ ਵਰਤੋਂ ਲਈ ਪਾਲ਼ਿਆ ਹੁੰਦਾ ਸੀ। ਇਹਨਾਂ ਤਿੰਨਾਂ ਜਨਵਰਾਂ ਵਿਚੋਂ ਗਊ ਨੂੰ ਸਹਜ ਵਾਲਾ ਜਨਵਰ ਸਮਝਿਆ ਜਾਂਦਾ ਹੈ। ਵੈਦਾਂ-ਹਕੀਮਾਂ ਅਨੁਸਾਰ ਗਊ ਦਾ ਦੁੱਧ ਵਧੇਰੇ ਗੁਣਕਾਰੀ ਹੈ। ਅੱਜ ਤਾਂ ਬੱਕਰੀ ਦੇ ਦੁੱਧ ਨੂੰ ਗਊ ਦੇ ਦੁੱਧ ਨਾਲੋਂ ਵੀ ਵੱਧ ਗੁਣਕਾਰੀ ਮੰਨਿਆ ਗਿਆ ਹੈ ਤੇ ਬਜ਼ਾਰ ਵਿੱਚ ਕੀਮਤ ਵੀ ਵੱਧ ਰੱਖਦਾ ਹੈ।
ਅੱਜ ਦੇ ਬੱਚਿਆਂ ਨੂੰ ਪੁਰਾਣੀ ਖੇਤੀ ਸਬੰਧੀ ਜਾਣਕਾਰੀ ਨੈੱਟ ਦੁਆਰਾ ਹੀ ਮਿਲ ਸਕਦੀ ਹੈ ਜਾਂ ਫੋਟੋਆਂ ਬਣਾ ਕੇ ਦਿਖਾਈਆਂ ਜਾਂਦੀਆਂ ਸਨ। ਪਹੁ ਪੁੱਟੀ ਵੇਲੇ ਸਵਾਣੀਆਂ ਆਪਣਿਆਂ ਘਰਾਂ ਵਿੱਚ ਦੁੱਧ ਵਿੱਚ ਮਧਾਣੀ ਚਲਾਉਂਦੀਆਂ ਸਨ। ਮਧਾਣੀਆਂ ਦਾ ਸ਼ੋਰ ਬਹੁਤ ਰਮਣੀਕ ਹੁੰਦਾ ਸੀ।
ਚਿੜੀ ਚੂਕੀ ਜਾ ਪਹੁ ਫੁੱਟੀ ਪਾਈਆਂ ਦੁੱਧਾਂ ਵਿੱਚ ਮਧਾਣੀਆਂ ਜਾ।
ਅਸੀਂ ਉਹ ਸਮਾਂ ਵੀ ਦੇਖਿਆ ਹੈ ਜਦੋਂ ਘਰਦਾ ਪਾਲ਼ਿਆਂ ਹੋਇਆ ਕੋਈ ਪਸ਼ੂ ਮਰ ਜਾਂਦਾ ਸੀ ਤਾਂ ਸਾਰਾ ਪਿੰਡ ਮਰੇ ਪਸ਼ੂ ਦਾ ਅਫਸੋਸ ਕਰਨ ਆਉਂਦਾ ਸੀ।
ਪਸ਼ੂਆਂ ਦੇ ਵਪਾਰ ਨੂੰ ਵਧਾਉਣ ਲਈ ਤਹਿਸੀਲ ਪੱਧਰ ਦੀਆਂ ਮੰਡੀਆਂ ਲਗਦੀਆਂ ਸਨ। ਲੋਕ ਆਪਣੀ ਗ਼ਰਜ਼ ਪੂਰੀ ਕਰਨ ਲਈ ਆਪਣਾ ਪਸ਼ੁ ਵੇਚ ਕੇ ਆਪਣੀ ਗ਼ਰਜ਼ ਪੂਰੀ ਕਰ ਲੈਂਦੇ ਸਨ। ਸਰਦੇ ਪੁਜਦੇ ਘਰ ਆਪਣੀਆਂ ਧੀਆਂ ਦੇ ਵਿਆਹ ਸਮੇਂ ਦਾਜ ਵਿੱਚ ਮੱਝਾਂ ਗਾਵਾਂ ਦੇਂਦੇ ਸਨ।
ਘਰਾਂ ਵਿੱਚ ਆਸ ਵਾਲਿਆਂ ਪਸ਼ੂਆਂ ਨੂੰ ਹੀ ਜਗ੍ਹਾ ਮਿਲਦੀ ਸੀ ਵਿਹਲੜ ਪਸ਼ੂ ਨੂੰ ਵੇਚ ਦਿੱਤਾ ਜਾਂਦਾ ਸੀ। ਇਸ ਤਰ੍ਹਾਂ ਪਸ਼ੂ ਜਾਂਦਾ ਜਾਂਦਾ ਵੀ ਪਰਵਾਰ ਨੂੰ ਲਾਭ ਦੇ ਜਾਂਦਾ ਸੀ। ਜਿਹੜੀ ਗਊ ਦੁੱਧ ਨਹੀਂ ਦੇਂਦੀ ਸੀ ਲੋਕ ਉਸ ਨੂੰ ਵੀ ਵੇਚ ਦੇਂਦੇ ਸਨ। ਗੁਰਬਾਣੀ ਦਾ ਵਾਕ ਹੈ---
ੇਨੁ ਦੁਧੈ ਤੇ ਬਾਹਰੀ ਕਿਤੈ ਨ ਆਵੈ ਕਾਮ।।
ਜਲ ਬਿਨੁ ਸਾਕ ਕੁਮਲਾਵਤੀ ਉਪਜਹਿ ਨਾਹੀ ਦਾਮ।।
ਮਾਝ ਬਾਰਹ ਮਾਹ ਮਹਲਾ ੫ ਪੰਨਾ ੧੩੩

ਦੁੱਧ ਤੋਂ ਬਿਨਾ ਗਊ, ਪਰਾਂ ਤੋਂ ਬਗੈਰ ਪਰਿੰਦਾ ਅਤੇ ਪਾਣੀ ਤੋਂ ਬਗੈਰ ਬਨਾਸਪਤੀ ਕਿਸੇ ਕੰਮ ਨਹੀਂ ਆਉਂਦੀ ਗੁਰਬਾਣੀ ਵਾਕ ਹੈ---
ਦੁਧ ਬਿਨੁ ਧੇਨੁ ਪੰਖ ਬਿਨੁ ਪੰਖੀ ਜਲ ਬਿਨੁ ਉਤਭੁਜ ਕਾਮਿ ਨਾਹੀ।।
ਕਿਆ ਸੁਲਤਾਨੁ ਸਲਾਮ ਵਿਹੂਣਾ ਅੰਧੀ ਕੋਠੀ ਤੇਰਾ ਨਾਮੁ ਨਾਹੀ।।
ਆਸਾ ਮਹਲਾ ੧ ਪੰਨਾ ੩੫੫

ਭਾਵ ਜਿਹੜੀ ਗਾਂ ਦੁੱਧ ਨਾਹ ਦੇਵੇ ਉਹ ਗਾਂ ਕਿਸ ਕੰਮ? ਜਿਹੜੇ ਪੰਛੀ ਦੇ ਖੰਭ ਨਾ ਹੋਣ ਉਸ ਨੂੰ ਹੋਰ ਕੋਈ ਸਹਾਰਾ ਨਹੀਂ, ਬਨਸਪਤੀ ਜਲ ਤੋਂ ਬਿਨਾ ਹਰੀ ਨਹੀਂ ਰਹਿ ਸਕਦੀ। ਉਹ ਬਾਦਸ਼ਾਹ ਕਾਹਦਾ ਹੈ ਜਿਸ ਨੂੰ ਕੋਈ ਸਲਾਮ ਨਹੀਂ ਕਰਦਾ? ਤਿਵੇਂ ਜਿਸ ਹਿਰਦੇ ਕੋਠੀ ਵਿੱਚ ਤੇਰਾ ਨਾਮ ਨਹੀਂ, ਉਹ ਨਿਕੰਮਾ ਹੈ।
ਜਦੋਂ ਦੀ ਕੇਂਦਰ ਵਿੱਚ ਭਗਵੀ ਸਰਕਾਰ ਕਾਇਮ ਹੋਈ ਹੈ ਓਦੋਂ ਤੋਂ ਹਿੰਦੂ ਮੂਲਵਾਦੀ ਜੱਥੇਬੰਦੀਆਂ ਨੇ ਹਿੰਦੂਤਵ ਦਿਖਾਉਣ ਦਾ ਪੂਰਾ ਜ਼ੋਰ ਫੜਿਆ ਹੈ। ਹਰ ਗੱਲ ਨੂੰ ਬੇਲੋੜਾ ਧਰਮ ਦੇ ਨਾਲ ਜੋੜਿਆ ਜਾ ਰਿਹਾ ਹੈ। ਧਰਮ ਦੇ ਨਾਂ `ਤੇ ਬੇਅੰਤ ਜੱਥੇਬੰਦੀਆਂ ਕਾਇਮ ਹੋ ਗਈਆਂ ਹਨ ਜਿਹੜੀਆਂ ਹਕੀਕਤਾਂ ਤੋਂ ਜਾਣੂ ਨਹੀਂ ਪਰ ਧਰਮ ਦੇ ਨਾਂ `ਤੇ ਗੁੰਡਾਗਰਦੀ ਪੂਰੀ ਪੂਰੀ ਕੀਤੀ ਜਾ ਰਹੀ ਹੈ। ਇਹ ਜੱਥੇਬੰਦੀਆਂ ਜਿੱਥੇ ਮਰਜ਼ੀ ਰਾਹ ਖਹਿੜੇ ਜਾਂ ਚੁਰਾਹੇ ਵਿੱਚ ਧਾਰਮਿਕ ਅਸਥਾਨ ਖੜਾ ਕਰ ਦੇਂਦੀਆਂ ਹਨ। ਇਹਨਾਂ ਦਾ ਧਰਮ ਨਾਲ ਕੋਈ ਵਾਹ ਵਾਸਤਾ ਨਹੀਂ ਹੁੰਦਾ ਸਿਰਫ ਗੁੰਡਾ ਗਰਦੀ ਹੀ ਇਹਨਾਂ ਦਾ ਧਰਮ ਹੁੰਦਾ ਹੈ। ਇਹਨਾਂ ਸਾਰੀਆਂ ਜੱਥੇਬੰਦੀਆਂ ਵਿਚੋਂ ਗਊ ਰਕਸ਼ਾ ਹਿੰਦੂ ਸੰਮਤੀ ਨੇ ਪਿੱਛਲੇ ਕਾਫੀ ਤੋਂ ਜ਼ੋਰ ਫੜਿਆ ਹੋਇਆ ਹੈ। ਟੀਵੀ ਮਧੀਅਮ ਰਾਂਹੀ ਇਹਨਾਂ ਦੀ ਦਰਿੰਦਗੀ ਆਮ ਲੋਕਾਂ ਨੇ ਦੇਖੀ ਹੈ। ਸੋਸ਼ਿਲ ਮਾਧੀਅਮ `ਤੇ ਵੀ ਇਹਨਾਂ ਦੀ ਧੱਕੇਸ਼ਾਹੀ ਸਾਰੀ ਦੁਨੀਆਂ ਨੇ ਦੇਖੀ ਹੈ। ਕਾਰਨ ਕਿ ਕੁੱਝ ਲੋਕ ਗਊਆਂ ਦਾ ਵਪਾਰ ਕਰਨ ਲਈ ਗਊਆਂ ਨੂੰ ਟਰੱਕ ਤੇ ਲੱਦ ਕੇ ਦੁਜੇ ਸ਼ਹਿਰਾਂ ਵਿੱਚ ਲਿਜਾ ਰਹੇ ਸਨ ਅਖੇ ਇਹਨਾਂ ਨੇ ਗਊਆਂ ਵੇਚਣੀਆਂ ਸਨ। ਕੀ ਪਸ਼ੂਆਂ ਦਾ ਵਪਾਰ ਕਰਨਾ ਕੋਈ ਮਾੜੀ ਗੱਲ ਹੈ?
ਕਿਸਾਨ ਜੱਥੇਬੰਦੀਆਂ ਅਨੁਸਾਰ ਪਸ਼ੂਆਂ ਦਾ ਵਪਾਰ ਠੱਪ ਹੋਕੇ ਰਹਿ ਗਿਆ ਹੈ ਤੇ ਇਸ ਦਾ ਕਿਸਾਨਾਂ ਨੂੰ ਇੱਕ ਸਾਲ ਵਿੱਚ ਵਿੱਚ ੨੫੦੦ ਕਰੋੜ ਰੁਪਏ ਦਾ ਘਾਟਾ ਪੈ ਰਿਹਾ ਹੈ। ਪੰਜਾਬ ਦੀ ਕਿਸਾਨੀ ਅੱਤ ਮੰਦੇ ਦੇ ਦੌਰ ਵਿੱਚ ਵਿਚਰ ਰਹੀ ਹੈ ਦੂਜਾ ਖਾਸ ਕਰਕੇ ਗਊਆਂ ਦਾ ਵਪਾਰ ਖਤਮ ਹੋ ਗਿਆ ਹੈ।
ਪਸ਼ੂ ਨੇ ਪਸ਼ੁ ਹੀ ਰਹਿਣਾ ਹੈ। ਗਊ ਭਗਤ ਤਰਕ ਦੇਂਦੇ ਹਨ ਗਊਆਂ ਨੂੰ ਮਾਰਨਾ ਨਹੀਂ ਚਾਹੀਦਾ ਪਰ ਬਹੁਤੇ ਮੁਲਕਾਂ ਵਿੱਚ ਜਾਂ ਅਰਬ ਮੁਲਕਾਂ ਵਿੱਚ ਗਊ ਦੇ ਮਾਸ ਖਾਣ ਵਿੱਚ ਕੋਈ ਮਨਾਈ ਨਹੀਂ ਹੈ। ਮਾਸ ਖਾਣਾ ਜਾਂ ਨਾ ਖਾਣਾ ਹਰ ਮਨੁੱਖ ਦਾ ਆਪਣਾ ਨਿੱਜੀ ਫੈਸਲਾ ਹੈ ਇਹ ਵਿਚਾਰ ਕਿਸੇ `ਤੇ ਥੋਪਿਆ ਨਹੀਂ ਜਾ ਸਕਦਾ। ਕਈ ਮੰਦਰਾਂ ਵਿੱਚ ਅੱਜ ਵੀ ਜਨਵਰਾਂ ਦੀਆਂ ਬਲੀਆਂ ਦਿੱਤੀਆਂ ਜਾਂਦੀਆਂ ਹਨ। ਗਊ ਮੇਧ ਜਾਂ ਅਸਵਮੇਧ ਜੱਗਾਂ ਦਾ ਵੇਰਵਾ ਪੁਰਾਣੇ ਗ੍ਰੰਥਾਂ ਵਿਚੋਂ ਮਿਲਦਾ ਹੈ।
ਜਿਹੜੇ ਪਸ਼ੂ ਕਿਸੇ ਕੰਮ ਦੇ ਨਹੀਂ ਰਹਿੰਦੇ ਸਨ ਉਹਨਾਂ ਨੂੰ ਪਸ਼ੂ ਮੰਡੀ ਵਿੱਚ ਵੇਚਿਆ ਜਾਂਦਾ ਸੀ ਤੇ ਜਿਹੜੇ ਮਰ ਜਾਂਦੇ ਸਨ ਉਹਨਾਂ ਨੂੰ ਚਮੜਾ ਉਤਾਰਨ ਵਾਲੇ ਲੈ ਜਾਂਦੇ ਸਨ। ਮਰੇ ਪਸ਼ੂ ਦਾ ਚਮੜਾ ਵੇਚ ਕੇ ਇਹ ਲੋਕ ਆਪਣਾ ਗੁਜ਼ਾਰਾ ਕਰਦੇ ਸਨ।
ਮੁਲਕ ਦਾ ਭਗਵਾ ਕਰਨ ਵਾਲੇ ਲੋਕਾਂ ਨੇ ਗਊ ਦੀ ਰੱਖਿਆ ਦੇ ਨਾਂ `ਤੇ ਕੁੱਟ ਮਾਰ ਕਰਨੀ ਸ਼ੁਰੂ ਕੀਤੀ ਹੋਈ ਹੈ। ਕਈ ਥਾਂਈਂ ਜਬਰੀ ਵਸੂਲੀ ਦੀਆਂ ਖਬਰਾਂ ਵੀ ਲਗਦੀਆਂ ਰਹਿੰਦੀਆਂ ਹਨ। ਸਮਾਜਕ ਤੌਰ `ਤੇ ਇਸ ਦਾ ਬੜਾ ਮਾਰੂ ਨਤੀਜਾ ਨਿਲਕਿਆ ਹੈ। ਅੱਜ ਗਊਆਂ ਤੇ ਵਿਹਲੜ ਬਲਦਾਂ ਦੇ ਝੂੰਡਾਂ ਦੇ ਝੂੰਡਾ ਸੜਕਾਂ `ਤੇ ਸ਼ਰੇਆਮ ਪਏ ਫਿਰਦੇ ਦੇਖੇ ਜਾ ਸਕਦੇ ਹਨ। ਅਜੇਹੇ ਪਸ਼ੂਆਂ ਦੀ ਕੋਈ ਸੰਭਾਲ ਨਹੀਂ ਹੈ। ਕੂੜੇ ਦੇ ਢੇਰ ਤੋਂ ਪਲਾਸਟਕ ਦੇ ਲਿਫਾਫੇ ਖਾਂਦੇ ਰਹਿੰਦੇ ਹਨ ਜੋ ਬਿਮਾਰੀਆਂ ਦਾ ਕਾਰਨ ਬਣਦੇ ਹਨ। ਪੰਜਾਬ ਦੀ ਸਰਕਾਰ ਨੇ ਜਗ੍ਹੋਂ ਤੇਰ੍ਹਵੀਂ ਕਰਦਿਆਂ ਹੋਇਆਂ ਬਿਜਲੀ ਦੇ ਬਿੱਲ ਨਾਲ ਗਊ ਟੈਕਸ ਲਗਾ ਦਿੱਤਾ ਹੈ। ਆ ਇੱਕ ਵੀਰ ਨੇ ਮੁੱਖੜਾ ਕਿਤਾਬ `ਤੇ ਦਰਜ ਕੀਤਾ ਹੈ
ਸਰਕਾਰ ਦੁਆਰਾ ਗਊ ਸੈਸ ਦੇ ਨਾਮ `ਤੇ ਬਿਜਲੀ ਬਿੱਲਾਂ ਰਾਹੀਂ ਕਰੋੜਾਂ ਰੁਪੈ ਇਕੱਠੇ ਕੀਤੇ ਜਾ ਰਹੇ ਨੇ … । ਇਸ ਵਾਰ ਮੈਂ ਘਰ ਦੇ ਬਿਜਲੀ ਬਿੱਲ ਵਿੱਚ ੪੩੦ ਰੁਪੈ ਗਊ ਸੈਸ ਦਿੱਤਾ ਹੈ, ਅਤੇ ਕਰੀਬ ਏਨਾ ਕੁ ਹੀ ਪਿਛਲੇ ਬਿੱਲ ਵਿੱਚ ਦਿੱਤਾ ਸੀ। ਦੋਸਤੋ ਜੇਕਰ ਸਰਕਾਰ ਅਖੌਤੀ ਗਊ ਮਾਤਾ ਲਈ ਏਨਾ ਕੁੱਝ ਕਰ ਰਹੀ ਹੈ ਤਾਂ ਸਾਡਾ ਵੀ ਕੁੱਝ ਫ਼ਰਜ਼ ਬਣਦਾ ਹੈ ਕੇ ਸਰਕਾਰ ਦੀ ਮਦਦ ਕਰੀਏ …. ! ਸੋ ਮੈਂ ਫੈਸਲਾ ਕੀਤਾ ਹੈ ਕਿ ਹੁਣ ਜਦੋਂ ਵੀ ਮੈਨੂੰ ਸੜਕ `ਤੇ ਗਲੀ ਵਿੱਚ ਜਾਂ ਕਿਧਰੇ ਵੀ ਅਵਾਰਾ ਗਊ ਮਿਲੀ ਮੈਂ ਉਸਨੂੰ ਬਿਜਲੀ ਦਫਤਰ, ਜਾਂ ਤਹਿਸੀਲਦਾਰ ਦੇ ਦਫ਼ਤਰ ਦੇ ਬੂਹੇ ਅੱਗੇ ਬੰਨ੍ਹ ਦੇਵਾਂਗਾ। ਇਸ ਲਈ ਭਾਵੇਂ ਮੈਨੂੰ ਕਿਨਾ ਵੀ ਵੇਲਾ ਖਰਾਬ ਕਿਉਂ ਨਾ ਕਰਨਾ ਪਵੇ। ਦੋਸਤੋ ਤੁਸੀ ਵੀ ਇਹ ਕੰਮ ਕਰ ਸਕਦੇ ਹੋ, ਆਪਣੇ ਹਲਕੇ ਦੇ ਮੰਤਰੀ, ਐਮ. ਐਲ. ਏ ਬਿਜਲੀ ਦਫਤਰ, ਡੀ. ਸੀ ਦਫਤਰ ਆਦਿ ਵਿੱਚ ਇਹਨਾਂ ਅਵਾਰਾ ਗਉਆਂ ਨੂੰ ਬੰਨ੍ਹ ਕੇ। ਜਦੋਂ ਇਹ ਸਾਡੇ ਤੋਂ ਪੈਸੇ ਲੈ ਰਹੇ ਨੇ, ਫਿਰ ਗਾਉਆਂ ਅਵਾਰਾ ਕਿਉਂ ਫਿਰ ਰਹੀਆਂ ਨੇ। ਤੁਸੀ ਇਸ ਪੋਸਟ ਨੂੰ ਆਪਣੀ ਪੋਸਟ ਬਣਾ ਕੇ ਸਰਕਾਰ ਨੂੰ ਇਹ ਅਹਿਸਾਸ ਦਵਾ ਸਕਦੇ ਹੋ ਕੇ ਲੋਕ ਹੁਣ ਜਾਗਰੂਕ ਨੇ. ਬੁੱਧੂ ਨਹੀਂ ਰਹੇ। ਪਸ਼ੂਆਂ ਦੇ ਵਪਾਰ ਤੋਂ ਲਾਭ ਹੋਣ ਦੀ ਥਾਂ ਤੇ ਉਲਟਾ ਲੋਕਾਂ `ਤੇ ਹੋਰ ਬੋਝ ਪਾ ਦਿੱਤਾ ਹੈ।
ਕਿਸਾਨੀ ਨਾਲ ਜੁੜੇ ਹੋਏ ਸਹਾਇਕ ਧੰਦਿਆਂ ਵਿੱਚ ਡੇਅਰੀ ਫਾਰਮ, ਮੱਛੀ ਤੇ ਸੂਰ ਪਾਲਣੇ ਆਉਂਦਾ ਨੇ। ਅਸੀਂ ਪਸ਼ੂਆਂ ਤੋਂ ਲਾਭ ਲੈਣ ਦੀ ਥਾਂ `ਤੇ ਧਰਮ ਨਾਲ ਜੋੜ ਦਿੱਤਾ ਹੈ ਜਿਸ ਨਾਲ ਕੁਦਰਤ ਵਿੱਚ ਖਿਲਵਾੜ ਪੈਦਾ ਹੋ ਗਿਆ ਹੈ। ਹੁਣ ਜੇ ਕਿਸਾਨ ਗਊ ਵੇਚੇਗਾ ਨਹੀਂ ਤਾਂ ਦੂਜੀ ਕਿਵੇਂ ਲੈ ਕੇ ਆਏਗਾ? ਨਤੀਜਾ ਇਹ ਨਿਕਲਿਆ ਹੈ ਕਿ ਸੜਕਾਂ ਤੇ ਅਵਾਰਾ ਗਊਆਂ ਬਲਦ ਆਮ ਰਾਹ ਰੋਕੀ ਖੜੇ ਹੁੰਦੇ ਹਨ। ਕਿਸਾਨ ਨੂੰ ਫਾਇਦਾ ਦੇਣ ਦੀ ਬਜਾਏ ਉਲਟਾ ਕਿਸਾਨ ਦੀਆਂ ਫਸਲਾਂ ਉਝੜ ਰਹੀਆਂ ਹਨ। ਨਿਰੀਆਂ ਪੰਜਾਬ ਦੀਆਂ ਗਊਆਂ ਦੀ ਸਮੱਸਿਆ ਨਹੀਂ ਹੈ ਇਹ ਤੇ ਸਗੋਂ ਰਾਜਿਸਤਾਨ ਵਲੋਂ ਜਾਂ ਹੋਰਨਾਂ ਸੂਬਿਆਂ ਵਲੋਂ ਵੀ ਵਾਧੂ ਦੀਆਂ ਗਊਆਂ ਤੇ ਬਲਦ ਪੰਜਾਬ ਵਲ ਨੂੰ ਆ ਰਹੇ ਹਨ ਜੋ ਕਿਸਾਨੀ ਫਸਲ ਦਾ ਉਜਾੜਾ ਕਰ ਰਹੇ ਹਨ।
ਸਾਡਾ ਹੀ ਮੁਲਕ ਐਸਾ ਹੈ ਜਿੱਤੇ ਸੱਪਾਂ, ਪਿੱਪਲ਼ਾਂ, ਹੰਸਾਂ, ਕੁੱਤੇ, ਮੋਰ-ਘੁੱਗੀਆਂ, ਚੂਹਿਆਂ, ਕੁੱਤਿਆਂ ਤੇ ਗਊਆਂ-ਬਲਦਾਂ ਆਦ ਦੀ ਪੂਜਾ ਹੁੰਦੀ ਹੈ। ਚਲੋ ਇਹ ਤੇ ਆਪਣਾ ਆਪਣਾ ਧਰਮ ਹੈ ਹਰ ਬੰਦੇ ਨੂੰ ਅਜ਼ਾਦੀ ਹੈ ਉਹ ਜਿਹੜੀ ਮਰਜ਼ੀ ਪੂਜਾ ਕਰੇ ਪਰ ਕਿਸੇ ਦੂਜੇ `ਤੇ ਥੋਪੀ ਨਹੀਂ ਜਾ ਸਕਦੀ।
ਭਾਰਤ ਇੱਕ ਗਰੀਬ ਮੁਲਕ ਹੈ ਜਿੱਥੇ ਸਾਰੇ ਮੁਲਕ ਅੰਦਰ ਪਾਣੀ ਤੇ ਖਾਧ ਖੁਰਾਕ ਦੀ ਵੱਡੀ ਪੱਧਰ `ਤੇ ਸਮੱਸਿਆ ਹੈ ਓੱਥੇ ਫਾਲਤੂ ਪਸ਼ੂਆਂ ਵਾਧੂ ਦਾ ਬੋਝ ਬਣੇ ਹੋਏ ਹਨ। ਬੰਦੇ ਦੀ ਕੀਮਤ ਨਾਲੋਂ ਏੱਥੇ ਵਿਹਲੜ ਪਸ਼ੂਆਂ ਦੀ ਪੂਜਾ ਜ਼ਿਆਦਾ ਹੋ ਰਹੀ ਹੈ। ਗਊਆਂ ਤਥਾਂ ਹੋਰ ਪਸ਼ੂਆਂ ਨੂੰ ਸੰਭਾਲ ਕਰਨ ਵਾਲੀ ਸਰਕਾਰੀ ਨੀਤੀ ਇਹਨਾਂ ਗਊ ਭਗਤਾਂ ਅੱਗੇ ਬੇ-ਬਸ ਨਜ਼ਰ ਆ ਰਹੀ ਹੈ। ਇਸ ਦਾ ਨੁਕਸਾਨ ਜਿੱਥੇ ਪਸ਼ੂ ਰੱਖਣ ਵਾਲਿਆਂ ਨੂੰ ਹੋ ਰਿਹਾ ਹੈ ਓੱਥੇ ਸਰਕਾਰ ਨੂੰ ਵੀ ਬਹੁਤ ਵੱਡਾ ਘਾਟਾ ਪੈ ਰਿਹਾ ਹੈ। ਅਖੌਤੀ ਗਊ ਭਗਤਾਂ ਅੱਗੇ ਸਰਕਾਰੀ ਨੀਤੀਆਂ ਨੇ ਗੋਡੇ ਟੇਕ ਦਿੱਤੇ ਹੋਏ ਹਨ।
ਜਦੋਂ ਦੀ ਕੇਂਦਰ ਵਿੱਚ ਭਗਵਾ ਸਰਕਾਰ ਕਾਇਮ ਹੋਈ ਹੈ ਓਦੋਂ ਦੀ ਇਹਨਾਂ ਗਊ ਭਗਤਾਂ ਨੇ ਮਨ ਮਾਨੀਆਂ ਕਰਨੀਆਂ ਸ਼ੁਰੂ ਕੀਤੀਆਂ ਹੋਈਆਂ ਹਨ। ਚਾਹੀਦਾ ਤਾਂ ਇਹ ਹੈ ਕਿ ਸਰਕਾਰ ਧਰਮ ਦੀ ਰਾਜਨੀਤੀ ਤੋਂ ਊਪਰ ਉੱਠ ਕੇ ਆਪਣੀਆਂ ਬਣਾਈਆਂ ਠੋਸ ਨੀਤੀਆਂ ਨੂੰ ਲਾਗੂ ਕਰੇ ਤਾਂ ਇਹਨਾਂ ਗਊ- ਬਲਦਾਂ ਦੀ ਕਾਰਖਾਨਿਆਂ ਰਾਂਹੀਂ ਸੰਭਾਲ਼ ਹੋ ਸਕੇ।




.