.

ਮੇਰੇ ਮਾਤਾ, ਜ. ਕੌਰ ਜੀ


ਲਿਖਾਰੀ :ਅਮਰੀਕ ਸਿੰਘ ਧੌਲ


''ਤੇ ਗੁਰ ਕੇ ਸਿਖ ਮੇਰੇ ਹਰਿ ਪ੍ਰਭਿ ਭਾਏ૴''
(ਨਟ ਮਹਲਾ ੪, ਪੰਨਾ ੯੭੭-੮)

ਸਜਣ ਮੇਰੇ ਰੰਗੁਲੇ ਜਾਇ ਸੁਤੇ ਜੀਰਾਣਿ॥ ਹੰਭੀ ਵੰਞਾ ਡੁਮਣੀ ਰੋਵਾ ਝੀਣੀ ਬਾਣਿ॥੨॥
(ਪੰਨਾ ੨੩, ਸ੍ਰੀ ਗੁਰੂ ਗ੍ਰੰਥ ਸਾਹਿਬ)


ਉਹ ਗੁਰੂ ਕੇ ਸਿਖ ਜਿਹੜੇ ਗੁਰੂ ਜੀ ਨੂੰ ਭਾਅ ਜਾਂਦੇ ਹਨ ਉਨ੍ਹਾਂ ਨੂੰ ਮਨ, ਬਚ (ਬਚਨ), ਕ੍ਰਮ (ਸਰੀਰ) ਕਰਕੇ ਗੁਰੂ ਜੀ ਦੀ ਯਾਦ ਹਰ ਵੇਲੇ ਬਣੀ ਰਹਿੰਦੀ ਹੈ। ਅਜਿਹੇ ਗੁਰਸਿਖ ਮੇਰੇ ਮਾਤਾ ਜੀ ਸਨ। ਉਨ੍ਹਾਂ ਦਾ ਜਨਮ ਅਕਾਲੀ ਮੋਰਚਿਆਂ ਦੇ ਵਕਤਾਂ ਵਿਚ ਸ਼ਿਮਲੇ ਲਾਗੇ ਸ਼ਹਿਰ 'ਸਪਾਟੂ' ਦੇ ਮਿਲਟਰੀ ਹਸਪਤਾਲ ਵਿਖੇ ੧੭ ਨਵੰਬਰ ੧੯੨੪ ਈ. ਨੂੰ ਹੋਇਆ। ਆਪ ਜੀ ਦੀ ਮਾਤਾ ਦਾ ਨਾਮ ਬ. ਕੌਰ ਅਤੇ ਪਿਤਾ ਜੀ ਦਾ ਨਾਮ ਕ. ਸਿੰਘ ਸੀ। ਆਪ ਜੀ ਦੇ ਮਾਤਾ ਪਿਤਾ ਜੀ ਇੱਕ ਸੁਭਾਗੀ ਜੋੜੀ ਸਨ, ਜਿਨ੍ਹਾਂ ਦੇ ਘਰ ਵਿਚ ਇਸ ਧੁਰੋਂ ਬਖ਼ਸ਼ੀ ਰੂਹ ਦਾ ਜਨਮ ਹੋਇਆ।

ਬੀ ਜੀ ਦੇ ਚਾਰ ਵੱਡੇ ਭਰਾ ਆਪ ਜੀ ਦੇ ਜਨਮ ਤੋਂ ਪਹਿਲਾਂ ਗੁਜ਼ਰ ਚੁੱਕੇ ਸਨ। ਏਡੇ ਵੱਡੇ ਦੁਖਾਂਤ ਦਾ ਉਨ੍ਹਾਂ ਦੀ ਮਾਤਾ ਜੀ ਦੀ ਸਿਹਤ ਉਪਰ ਬਹੁਤ ਬੁਰਾ ਅਸਰ ਪਿਆ। ਬੀ ਜੀ ਦੇ ਮਾਤਾ ਜੀ ਸਾਰੀ ਉਮਰ ਬੀਮਾਰੀ ਦੀ ਹਾਲਤ ਵਿਚ ਆਪਣੇ ਦੁਖੀ ਦਿਨ ਕੱਟ ਕੇ, ਬਿਰਧ ਉਮਰ ਭੋਗ ਕੇ, ਆਪਣਾ ਲੰਮਾ ਜੀਵਨ ਸਫਰ ਖਤਮ ਕਰ ਕੇ ਇਸ ਅਸਾਰ ਸੰਸਾਰ ਦੀ ਚਲਣੀ ਸਰਾਂ ਤੋਂ ਕੂਚ ਕਰ ਗਏ। ਬੀ ਜੀ ਦੇ ਮਾਤਾ ਜੀ ਦੇ ਦਰਸ਼ਣ ਮੈਨੂੰ ਉਨ੍ਹਾਂ ਦੀ ਹਯਾਤੀ (ਜੀਵਨ ਕਾਲ) ਦੌਰਾਨ ਉਦੋਂ ਹੋਏ ਜਦੋਂ ਬੀ ਜੀ ਆਪਣੇ ਮਾਤਾ ਪਿਤਾ ਨੂੰ ਮਿਲਣ ਜਾਇਆ ਕਰਦੇ ਸਨ ਅਤੇ ਮੈਨੂੰ ਵੀ ਨਾਲ ਲੈ ਜਾਂਦੇ ਸਨ। ਬੀ ਜੀ ਦੇ ਪਿਤਾ ਜੀ ਫੌਜ ਵਿਚ ਡਾਕਟਰ ਰੈਂਕ ਦੇ ਉਚੇ ਰੁਤਬੇ ਉੱਤੇ ਨਿਯੁਕਤ ਸਨ, ਜਿਨ੍ਹਾਂ ਦੀ ਪਲਟਨ ਉਸ ਵਕਤ 'ਸਪਾਟੂ' ਦੀ ਫੌਜੀ ਛਾਉਣੀ ਵਿਖੇ ਮੁਕੀਮ ਸੀ।

ਬੀ ਜੀ ਦੇ ਜਨਮ ਸਮੇਂ ਖੁਸ਼ੀ ਵਿਚ ਲੱਡੂ ਵੰਡੇ ਗਏ। ਇਹ ਪੰਜਾਬ ਵਿਚ ਉਸ ਵਕਤ ਇੱਕ ਬੜੀ ਵੱਡੀ ਘਟਨਾ ਸੀ, ਕਿਉਂਕਿ ਕੁੜੀ ਦੇ ਜਨਮ ਸਮੇਂ ਘੱਟ ਹੀ ਲੱਡੂ ਵੰਡਣ ਦਾ ਰਿਵਾਜ ਸੀ। (ਇਹ ਤੱਥ ਨਾ ਭੁੱਲੇ ਕਿ ਅੱਜ ਕੁੜੀਆਂ ਨੂੰ ਪੇਟ ਵਿਚ ਹੀ ਮਾਰਨ ਦਾ ਰਿਵਾਜ ਏਡੇ ਜ਼ੋਰ ਵਿਚ ਸਿੱਖ ਕੌਮ ਵਿਚ ਚਲਿਆ ਕਿ ਇਸ ਨੂੰ ਠਿੱਲ਼੍ਹ ਪਾਉਣ ਲਈ ਕਈ ਜਾਗਰੂਕ ਸਿੱਖਾਂ ਨੂੰ ਮੁਹਿੰਮ ਚਲਾਉਣੀ ਪਈ)। ਬੀ ਜੀ ਦਾ ਨਾਮ ਸਿੱਖ ਰਹੁ ਰੀਤੀ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੋਂ ਹੁਕਮਨਾਮਾ ਜਾਂ ਵਾਕ ਲੈ ਕੇ ਰੱਖਿਆ ਗਿਆ। ਆਪ ਜੀ ਦੇ ਜਨਮ ਸਮੇਂ ਘਰ ਵਿਚ ਜਿਥੇ ਇਕ ਪਾਸੇ ਖੁਸ਼ੀ ਦਾ ਪ੍ਰਗਟਾਵਾ ਸੀ, ਉਥੇ ਦੂਜੇ ਪਾਸੇ ਨਾਲੋ-ਨਾਲ ਰੱਬ ਦਾ ਸ਼ੁਕਰਾਨਾ ਵੀ ਅਦਾ ਹੋ ਰਿਹਾ ਸੀ ਕਿ ਉਸ ਰੱਬ ਨੇ ਇਕ ਜੀਅ ਘਰ ਵਿਚ ਭੇਜਿਆ।

ਮੇਰੇ ਬੀਜੀ ਦਾ ਪਾਲਣ ਪੋਸਣ ਬੜੇ ਸ਼ਾਹਾਨਾ ਤਰਜ਼ੋ-ਤਰੀਕੇ ਨਾਲ ਹੋਇਆ। ਆਪ ਜੀ ਨੇ ਦਸਿਆ ਸੀ ਕਿ ''ਜਿਹੜਾ ਕੱਪੜਾ ਅੱਜ ਪਾਇਆ ਉਹ ਕਲ੍ਹ ਨੂੰ ਨਹੀਂ ਪਾਉਣਾ''। ਅੰਗ਼ਰੇਜ਼ਾਂ ਦਾ ਸਮਾਂ ਸੀ। ਵਧੀਆ ਚੌਕਲੇਟ ਖਾਣ ਨੂੰ ਮਿਲਦੀਆਂ ਸਨ। ਉਨ੍ਹਾਂ ਦਿਨਾਂ ਵਿਚ ਡਬਲ ਰੋਟੀ ਸੂਜੀ ਦੀ ਬਣੀ ਹੁੰਦੀ ਸੀ। ''ਸਾਡੇ ਨਹਾਉਣ ਲਈ ਪਾਣੀ ਚੁਬਾਰੇ ਵਿਚ ਹੀ ਉਪੜਦਾ ਹੁੰਦਾ ਸੀ, '' ਬੀ ਜੀ ਨੇ ਦਸਿਆ।

ਛੇ ਸਾਲ ਦੀ ਉਮਰੇ, ਬੀ ਜੀ ਅਪਰੈਲ ੧੯੩੦ ਈ. ਨੂੰ ਪਿਸ਼ੌਰ ਦੇ ਗੁਰਦੁਆਰੇ ਦੇ ਖ਼ਾਲਸਾ ਸਕੂਲੇ ਪੜ੍ਹਨੇ ਪਏ ਸਨ। ਪਹਿਲੀਆਂ ਪੰਜ ਜਮਾਤਾਂ ਉਨ੍ਹਾਂ ਪਸ਼ੌਰੋਂ ਹੀ ਪਾਸ ਕੀਤੀਆਂ ਸਨ। ਸਕੂਲੀ ਵਿਦਿਆ ਦੇ ਸੰਗ ਸਾਥ ਸਿੱਖ ਇਤਿਹਾਸ ਨਾਲ ਸੰਬੰਧਿਤ ਸਥਾਨਾਂ ਦੀ ਯਾਤਰਾ ਵੀ ਉਨ੍ਹਾਂ ਨੇ ਕੀਤੀ ਸੀ, ਜਿਵੇਂ ਲੰਡੀ ਕੋਤਲ, ਲੰਡੀ ਖਾਨਾਂ ਜਿਥੇ ਕਿਲ੍ਹੇ ਵਿਚ ਸ. ਹਰੀ ਸਿੰਘ ਨਲੂਏ ਦੀ ਸਮਾਧ ਹੈ, ਜਿਸ ਉਪਰ ਰੋਜ਼ ਨਵਾਂ ਰੁਮਾਲਾ ਦਿੱਤਾ ਜਾਂਦਾ ਸੀ। ਆਪ ਜੀ ਨੇ ਇਹ ਸਾਰੇ ਸਥਾਨ ਵੇਖੇ ਸਨ, ਅਤੇ ਕਾਬਲ ਵੀ ਗਏ ਸਨ। ਭਾ. ਜੋਗਾ ਸਿੰਘ ਦੇ ਗੁਰਦੁਆਰੇ ਪਸ਼ੌਰ ਹਰ ਅੱਠੀਂ ਦਿਨੀ ਜਾਂਦੇ ਹੁੰਦੇ ਸਨ। ਮੈਨੂੰ ਦੱਸਿਆ ਕਰਦੇ ਸਨ ਕਿ ਆਪ ਜੀ ਨੇ ਬਚਪਨ ਵਿਚ ਪੰਜਾ ਸਾਹਿਬ ਵੀ ਦੇਖਿਆ ਸੀ। ੧੯੩੫ ਈ. ਵਿਚ ਪੰਜਵੀਂ ਪਾਸ ਕਰਕੇ ਜਲੰਧਰ ਛਾਉਣੀ ਆ ਗਏ ਸਨ।

ਬੀ ਜੀ ਨੂੰ ਗੁਰੂ ਨਾਨਕ ਦੇ ਘਰ ਦੀਆਂ ਸਾਖੀਆਂ ਸੁਣਨ ਦਾ ਬਚਪਨ ਤੋਂ ਹੀ ਸ਼ੌਕ ਸੀ। ਆਪ ਜੀ ਕਿਹਾ ਕਰਦੇ ਸਨ ਕਿ ''ਮੈਨੂੰ ਗੁਰੂ ਨਾਨਕ ਦੇ ਘਰ ਦੀਆਂ ਸਾਖੀਆਂ ਸੁਣਨ ਦਾ ਬਹੁਤ ਸ਼ੌਕ ਸੀ ਕਿ ਕੋਈ ਗੁਰੂ ਦੀ ਸਾਖੀ ਸੁਣਾਵੇ।'' ਜਲੰਧਰ ਛਾਉਣੀ ਛੇਵੀਂ ਵਿਚ ਦਾਖਲ ਹੋਏ ਸਨ। ਉਦੋਂ ਅਜੋਕੇ ਭਾਰਤੀ ਪੰਜਾਬ ਵਿਚ ਸਕੂਲ ਘੱਟ ਸਨ। ਬੀ ਜੀ ਨੇ ਛੇਵੀਂ, ਸੱਤਵੀਂ ਅਤੇ ਅੱਠਵੀਂ ਜਲੰਧਰੋਂ ਪਾਸ ਕੀਤੀਆਂ ਸਨ, ਜਦ ਕਿ ਪਰਵਾਰ ਨੂੰ ਰਹਾਇਸ਼ (੧੯੩੮ ਈ.) ਲਾਹੌਰ ਲਿਜਾਣੀ ਪੈ ਗਈ। ਆਪ ਜੀ ਦੇ ਪਿਤਾ ਜੀ ਘਰ ਵਿਚ ਬਚਿਆਂ ਨੂੰ ਸਿੱਖ ਇਤਿਹਾਸ ਦੀਆਂ ਸਾਖੀਆਂ ਸੁਣਾਉਂਦੇ ਰਹਿੰਦੇ ਸਨ ਜਿਵੇਂ ਪੰਜਵੇਂ ਪਾਤਸ਼ਾਹ ਦੀ ਸ਼ਹਾਦਤ ਅਤੇ ਹੋਰ ਸਾਖੀਆਂ ਆਦਿ।

ਬੀ ਜੀ ਨੇ ਅਗਾਂਹ ਕਪੂਰਥਲੇ ਮਿਲਟਰੀ ਅਕੈਡਮੀ ਵਿਚ ਦਾਖਲਾ ਲੈ ਕੇ ਅਜੇ ਹੋਰ ਪੜ੍ਹਾਈ ਕਰਨੀ ਸੀ, ਪਰ ਲੜਾਈ (ਦੂਜੀ ਸੰਸਾਰ ਜੰਗ) ਲੱਗਣ ਕਰਕੇ ਆਪ ਜੀ ਨੂੰ ਉਥੇ ਨਹੀਂ ਭੇਜਿਆ ਗਿਆ । ਆਪ ਜੀ ਦੇ ਦੋ ਸਾਲ ਐਵੇਂ ਹੀ ਦੁਬਿਧਾ, ਉਡੀਕ, ਆਸ, ਨਿਰਾਸਤਾ, ਅਨਿਸਚਿਤਤਾ ਦੇ ਅਸਚਰਜ ਆਲਮ ਵਿਚ ਵਿਚਰਦਿਆਂ ਅਵਾਜਾਰੀ ਵਿਚ ਲੰਘੇ ਕਿ ਅੱਜ ਲੜਾਈ ਹਟਦੀ ਹੈ, ਕਲ੍ਹ ਹਟਦੀ ਹੈ ਤਾਂ ਦਾਖਲਾ ਮਿਲੇਗਾ, ਪਰ ਲੜਾਈ ਨਾ ਹਟੀ। ਆਪ ਜੀ ਦਾ ਮਨ ਉਚੇਰੀ ਪੜ੍ਹਾਈ ਵਿਚ ਦਾਖਲ ਨਾ ਹੋਣ ਕਰਕੇ ਔਖਾ ਰਹਿੰਦਾ ਸੀ ਕਿ ਪੜ੍ਹਾਈ ਕਰਨ ਦਾ ਵਕਤ ਐਵੇਂ ਹੀ ਲੰਘ ਰਿਹਾ ਸੀ। ਉਂਞ, ਮਿਲੇ ਵਿਹਲ ਨੂੰ ਨਿਤਨੇਮ ਅਤੇ ਸੁਖਮਨੀ ਸਾਹਿਬ ਆਦਿ ਬਾਣੀਆਂ ਦਾ ਪਾਠ ਕਰਕੇ, ਆਪ ਜੀ ਸਫਲਾ ਕਰਦੇ ਰਹਿੰਦੇ ਸਨ। ਜਦ ਨੂੰ ਬੀ ਜੀ ਦੀ ਉਮਰ ੧੫ ਸਾਲ ਦੀ ਹੋ ਚੁੱਕੀ ਸੀ।

ਘਰ ਵਿਚ ਬਾਬਾ ਜੀ (ਸੰਤ ਬਾਬਾ ਹਰਨਾਮ ਸਿੰਘ ਜੀ, ਗੁਰਦੁਆਰਾ ਰਾਮ ਪੁਰ ਖੇੜਾ) ਦਾ ਆਉਣ ਜਾਣ ਚਿਰੋਕਾ ਅਤੇ ਮੁਤਵਾਤਰ ਚਾਲੂ ਹੀ ਸੀ। ਬਾਬਾ ਜੀ ਨੇ ਜਦ ਵੀ ਇਨ੍ਹਾਂ ਦੇ ਘਰ ਆਉਣਾ ਗੁਰਮਤਿ ਦੇ ਵਚਨ ਸੌਖੀ ਅਤੇ ਸਾਦੀ ਬੋਲੀ ਵਿਚ ਦੱਸਿਆ ਕਰਨੇ, ਤਾਂ ਆਪ ਜੀ ਨੇ ਉਹ ਬੜੇ ਗਹੁ ਨਾਲ ਸੁਣਦੇ ਰਹਿਣਾਂ। ਮੇਰੀ (ਲਿਖਾਰੀ) ਪ੍ਰੌਢ ਉਮਰ ਵਿਚ, ਮਈ ੨੦੧੩ ਈ ਤੱਕ, ਆਪ ਜੀ ਨੇ ਕਹਿਣਾਂ ਕਿ ਜਿੰਨੇ ਵੀ ਵਚਨ ਬਾਬਾ ਜੀ ਨੇ ਉਦੋਂ ਕੀਤੇ ਸਨ, ਉਹ ਆਪ ਜੀ ਦੇ ਹੀ ਮਤਲਬ ਦੇ ਸਨ ਅਤੇ ਉਹ ਰੂਹਾਨੀ ਵਚਨ ਮਗਰੋਂ ਬੀਜੀ ਦੇ ਹੀ ਕੰਮ ਆਏ।

ਬੀਜੀ ਦੇ ਵਿਆਹ ਦੇ ਪੱਕ ਠੱਕ ਲਈ 'ਬਾਬਾ' (ਚੇਤਾ ਰਹੇ, 'ਬਾਬਾ' ਜੀ ਸੰਤ ਹਰਨਾਮ ਸਿੰਘ ਜੀ ਗੁਰਦੁਆਰਾ ਰਾਮ ਪੁਰ ਖੇੜਾ ਲਈ ਇੱਕ ਮੁਖ਼ਾਤਬੀ ਸੰਖਿਪਤ ਨਾਂ (short addressing code) ਵਰਤਿਆ ਜਾਂਦਾ ਸੀ) ਜੀ ਦੀ ਅਸ਼ੀਰਵਾਦ ਮਿਲੀ। ਉਨ੍ਹਾਂ ਆਪਣੇ ਦਸਤੂਰ ਮੂਜਬ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਹੁਕਮਨਾਮਾ ਲਿਆ ਅਤੇ ਵਿਆਹ ਲਈ ''ਹਾਂ'' ਕੀਤੀ । ਬੀ ਜੀ ਦਾ ਨਣਦੋਈਆ (ਜਿਹੜਾ ਬਾਬਾ ਜੀ ਦੇ ਸਕੇ ਮਾਸੜ ਦਾ ਪੋਤਾ ਸੀ) ਵਿਚੋਲਾ ਬਣਿਆ। ਬੀ ਜੀ ਦਾ ਵਿਆਹ ਪਰਵਾਰ ਨੇ ਬੜੀ ਧੂਮ ਧਾਮ ਨਾਲ ਕਰ ਦਿੱਤਾ। ਬੀ ਜੀ ਦੇ ਪਿਤਾ ਜੀ ਦੀ ਪਲਟਨ ਲੜਾਈ ਦੇ ਮੈਦਾਨਿ-ਜੰਗ ਲਈ ਬੀ ਜੀ ਦੇ ਵਿਆਹ ਤੋਂ ਇਕ ਹਫਤਾ ਮਗਰੋਂ (ਸੰਨ ੧੯੪੦ ਈ ) ਮਿਸਰ ਨੂੰ ਰਵਾਨਾ ਹੋ ਗਈ ਸੀ। ਇਕ ਕਿਸਮ ਨਾਲ ਇਹ ਵਿਆਹ 'ਬਾਬਾ' ਜੀ ਦੀ ਰਿਸ਼ਤੇਦਾਰੀ ਵਿਚ ਹੀ ਹੋਇਆ ਸੀ ਕਿਉਂਕਿ ਬਾਬਾ ਜੀ ਦੇ ਸਕੇ ਮਾਸੀ ਮਾਸੜ ਜੀ ਦਾ ਪਰਵਾਰ ਵੀ ਵਿਚ ਸ਼ਾਮਿਲ ਸੀ। ਮੈਂ ਇਸ਼ਾਰਤਨ ਇਹ ਹਵਾਲਾ ਦੇਣਾ ਚੰਗਾ ਸਮਝਦਾ ਹਾਂ ਕਿ ਬਾਬਾ ਜੀ ਦੇ ਨਾਨਕੇ ਗੜ੍ਹਦੀਵਾਲਾ ਦੇ ਖ਼ਾਲਸਾ ਕਾਲਿਜ ਵਿਖੇ ਹਿਸਾਬ ਦੇ ਪ੍ਰੋਫੈੱਸਰ ਰਹੇ, ਸ. ਸਰੂਪ ਸਿੰਘ 'ਸਹੋਤਾ' ਦੇ ਪਰਵਾਰ ਵਿਚ ਸਨ।

ਮੇਰੇ ਬੀ ਜੀ ਨੇ ਉਨ੍ਹਾਂ ਦੇ ਜੀਵਨ ਵਿਚ ਘਟੀਆਂ ਰੂਹਾਨੀਅਤ ਨਾਲ ਸੰਬੰਧਿਤ ਕਾਫੀ ਸਾਖੀਆਂ ਸੁਣਾਈਆਂ ਸਨ ਜਿਨ੍ਹਾਂ ਵਿਚੋਂ ਪਹਿਲੀ ਇਉਂ ਸ਼ੁਰੂ ਹੁੰਦੀ ਹੈ: ਮੇਰੇ ਮਾਤਾ ਜੀ ਨੂੰ ਕੋਈ ਇਕ ਰਾਧਾਸੁਆਮੀ ਬਜ਼ੁਰਗ ਖੌਰੇ ਰਿਸ਼ਤੇਦਾਰ ਜਾਂ ਕੋਈ ਟੱਬਰ ਦਾ ਵਾਕਫਕਾਰ, ਇਕ ਵਾਰ ਕਹਿਣ ਲੱਗਾ, ਕਿ ਮੈਂ ਤੈਨੂੰ 'ਰਾਧਾਸੁਆਮੀ' ਬਣਾਉਣਾ ਹੈ। ਆਪ ਜੀ ਨੇ ਬੜੇ ਠਰ੍ਹੰਮੇ ਅਤੇ ਧੀਰਜ ਨਾਲ ਉੱਤਰ ਦਿੱਤਾ ਕਿ ''ਭਾਈਆ ਜੀ, ਤੁਸੀਂ ਬਣਾ ਲਓ''। ਤਦ ਉਸ ਸ਼ਖ਼ਸ ਨੇ ਕਿਹਾ, ''ਤੂੰ ਮੈਨੂੂੰ ਆਪਣਾ ਤਨ, ਮਨ, ਧਨ ਦੇਹ।'' ਬੀਜੀ ਬੋਲੇ: ਭਾਈਆ ਜੀ! 'ਧਨ' ਮਿਰ ਕੋਲ ਹੈ ਕੋਈ ਨਹੀਂ, 'ਤਨ' ਮੈਂ ਆਪਣੇ ਪਤੀ ਨੂੰ ਦਿੱਤਾ ਹੋਇਆ ਹੈ, ਅਤੇ 'ਮਨ' ਹੈ ਉਹ ਤੁਸੀਂ ਲੈ ਲਓ, ਜੇ ਲੈ ਹੁੰਦਾ ਤਾਂ''। ਉਹ ਨਿਰੁੱਤਰ ਹੋ ਗਏ। ਉਸ ਬਜ਼ੁਰਗ ਰਾਧਾਸੁਆਮੀ ਦਾ ਸਾਰੀ ਉਮਰ ਮੁੜ ਅਜੇਹੀ ਗੱਲ ਕਰਨ ਦਾ ਕਦੇ ਹੀਆ ਨਾ ਪਿਆ।

ਬਚਪਨ ਵਿਚ ਮੇਰੇ ਮਾਤਾ ਜੀ ਪੜ੍ਹਾਈ ਵਿਚ ਬਹੁਤ ਹੋਸ਼ਿਆਰ ਸਨ। ਉਹ ਹੋਰ ਪੜ੍ਹਾਈ ਕਰਨ ਮਗਰੋਂ ਡਾਕਟਰ ਬਣ ਕੇ ਦੁਨੀਆਂ ਦੀ ਮੁਫਤ ਸੇਵਾ ਕਰਨੀ ਚਾਹੁੰਦੇ ਸਨ। ਪਰ ਕੁਦਰਤ ਨੂੰ ਇਉਂ ਮੰਨਜ਼ੂਰ ਨਾ ਸੀ। ਰੱਬ ਨੇ ਭਜਨ ਸਿਮਰਨ ਅਤੇ ਪਰਵਾਰਕ ਜੀਵਨ ਜੀਊਂਦਿਆਂ ਉਨ੍ਹਾਂ ਦੇ ਸੰਪਰਕ ਵਿਚ ਆਏ ਲੋਕਾਂ ਦੀ ਭਲਾਈ ਕਰਨ ਵਰਗੀ ਉੱਚਕੋਟੀ ਦੀ ਪੰਥਕ ਸੇਵਾ ਆਪ ਜੀ ਤੋਂ ਲੈਣੀ ਸੀ। ਕਿਥੇ ਬਚਪਨ ਦੀ ਸ਼ਾਹਾਨਾ ਪਰਵਰਿਸ਼ ਅਤੇ ਕਿਥੇ ਪੰਜਾਬੀ ਪੇਂਡੂ ਜ਼ਿਮੀਦਾਰਾ।

ਆਪ ਜੀ ਦੀ ਕੁਖੋਂ ਤਿੰਨ ਬੱਚੇ, ਦੋ ਪੁੱਤਰ ਅਤੇ ਇੱਕ ਲੜਕੀ ਪੈਦਾ ਹੋਏ। ਉਨ੍ਹਾਂ ਨੇ ਆਪਣੀ ਲੜਕੀ ਨੂੰ ਅਰਥ ਸ਼ਾਸਤਰ ਦੀ M. A. ਕਰੁਆਈ । ਬਚਿਆਂ ਦੇ ਅਗਾਂਹ ਆਪਣੇ ਪਰਵਾਰ ਹਨ। ਉਨ੍ਹਾਂ ਦਾ ਇੱਕ ਜੁਆਨ ਪੁੱਤਰ ੧੯੭੮ ਈ. ਨੂੰ ਭਾਣੇ ਵਿਚ ਕੰਮ ਉੱਤੇ ਹਾਦਸੇ ਵਿਚ ਅਕਾਲ ਚਲਾਣਾ ਕਰ ਗਿਆ ਸੀ। ਆਪਣੀ ਸੰਸਾਰ ਯਾਤਰਾ ਦੇ ਅੰਤ ਦੇ ਸਮੇਂ, ਜੁਲਾਈ ੨੦੧੩ ਵਿਚ ਸਰੀਰ ਦੀ ਕਲਾ ਸਮੇਟਣ ਵੇਲੇ ਸਾਡੇ ਬੀ ਜੀ ਵੱਡ-ਪਰਵਾਰੇ ਸਨ। ਉਨ੍ਹਾਂ ਦੇ ਪਿੰਡ ਪਰਵਾਰ ਦੀ ਆਲੀਸ਼ਾਨ ਕੋਠੀ ਵਿਖੇ ਸਾਰੇ ਪਰਵਾਰ ਦੇ ਮੈਂਬਰਾਂ ਸਮੇਤ ਵੱਡੀ ਫੋਟੋ ਲੱਗੀ ਹੋਈ ਹੈ।

ਘਰ ਵਿਚ ਬਾਬਾ ਜੀ ਦਾ ਆਮ ਆਉਣ ਜਾਣ ਰਹਿੰਦਾ ਹੀ ਸੀ, ਜਿਵੇਂ ਕਿ ਉਪਰ ਕਿਹਾ ਹੈ। ਬਾਬਾ ਜੀ ਨੂੰ ਅਤੇ ਆਪ ਜੀ ਦੇ ਪਿਤਾ ਜੀ ਦੋਹਾਂ ਨੂੰ ਨਿਤਨੇਮ ਦੀਆਂ ਬਾਣੀਆਂ ਤੋਂ ਇਲਾਵਾ, ਹੋਰ ਸਮਗਰ ਗੁਰਬਾਣੀ ਸਹਿਤ ਸ੍ਰੀ ਸੁਖਮਨੀ ਸਾਹਿਬ ਅਤੇ ਆਸਾ ਦੀ ਵਾਰ ਦੇ ਪਾਠ ਜ਼ੁਬਾਨੀ ਯਾਦ ਸਨ।

੧੯੪੭ ਈ. ਦੀ ਯੁਗ ਗਰਦੀ ਤੋਂ ਪਹਿਲਾਂ ਬਾਬਾ ਜੀ ਨੇ ਗੁ. ਰਾਮ ਪੁਰ ਖੇੜਾ ਦੇ ਪੁਰਾਤਨ ਥੇਹ ਉਤੇ ੧੯੪੦ ਜਾਂ ੧੯੪੧ ਈ. ਵਿਚ ਅੱਠ ਦਸ ਮਹੀਨੇ ਇਸ ਨਿਰਜਨ ਪਰ ਸੁਭਾਗੀ ਉਜਾੜ ਵਿਚ ਅਟੰਕ (ਅਟੁੱਟ, ਲਗਾਤਾਰ) ਸਿਮਰਨ ਭਜਨ ਕੀਤਾ ਸੀ। ਇਸ ਇਲਾਕੇ ਦੇ ਭਾਗ ਜਾਗੇ ਤਾਂ ਆਪ ਜੀ ਮੁੜ ੧੯੫੦ ਜਾਂ ੧੯੫੧ ਈ. ਵਿਚ ਉਥੇ ਹੀ ਪੱਕੇ ਟਿਕ ਗਏ ਸਨ, ਜਿਥੇ ਹੁਣ ਬੜਾ ਵੱਡਾ ਗੁਰਦੁਆਰਾ, ਰਾਮ ਪੁਰ ਖੇੜਾ ਸ਼ਸ਼ੋਭਿਤ ਹੈ। ਇਥੇ ਆਉਣ ਅਤੇ ਪੱਕੇ ਟਿਕ ਜਾਣ ਤੋਂ ਪਹਿਲਾਂ, ਗੜ੍ਹਦੀਵਾਲਾ ਤੋਂ ਚੜ੍ਹਦੇ ਪਾਸੇ ਪੈਂਦੇ ਪਿੰਡ ਕੁਢਾਲੀਆਂ ਅਤੇ ਪਿੰਡ ਕੇਸੂਪੁਰ ਦੇ ਵਿਚਕਾਰਲੇ ਬਾਗਾਂ ਵਿਚ ਵੀ ਬਾਬਾ ਜੀ ਦਸ ਕੁ ਮਹੀਨੇ ਭਜਨ ਸਿਮਰਨ ਕਰਦੇ ਰਹੇ ਸਨ। ਸ਼ਾਇਦ ਸੰਤ ਅਮਰ ਸਿੰਘ 'ਬੋਰੀ ਵਾਲਿਆਂ' ਦੇ ਚਲਾਣੇ ਤੋਂ ਬਾਦ ਉਨ੍ਹਾਂ ਦੀ ਗੁਫਾ ਵਿਚ ਕੁਝ ਅਰਸਾ ਟਿਕ ਕੇ ਭਜਨ ਸਿਮਰਨ ਕੀਤਾ ਸੀ। ਇਥੇ ਖੂਹ ਉੱਤੇ ਨਿੱਕੀ ਹਲ਼ਟੀ ਲੱਗੀ ਹੋਈ ਸੀ, ਜਿਸ ਨੂੰ ਇੱਕੋ ਬੰਦਾ ਗੇੜ ਕੇ ਪਾਣੀ ਕੱਢ ਲੈਂਦਾ ਸੀ। ਚੇਤਾ ਰਹੇ, ਇਥੇ ਹੀ ਪਹਿਲਾਂ ਸਰਦਾਰ ਬਾਵਾ ਸਿੰਘ ਜੀ, ਖੂਹ (ਗੁਰਦੁਆਰਾ ਰਾਮ ਪੁਰ ਖੇੜਾ ਦੇ ਨਾਲ ਲਗਦੇ) ਵਾਲਿਆਂ ਨਾਲ ਮਿਲਾਪ ਹੋਇਆ ਸੀ। ਬਾਬਾ ਜੀ ਪਖੰਡੀ ਸਾਧਾਂ ਵਰਗੇ ਸਾਧ ਨਹੀਂ ਸਨ। ਉਨ੍ਹਾਂ ਕਦੇ ਮੱਥਾ ਨਹੀਂ ਸੀ ਟਿਕਾਇਆ। ਆਪ ਨੂੰ ਸਿੱਖ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਤਖਤ ਚਵਰ ਦੇ ਮਾਲਿਕ ਪਰਤੱਖ ਗੁਰੂ ਮੰਨਦੇ ਅਤੇ ਇਹੋ ਸੱਚ ਹੋਰਨਾਂ ਨੂੰ ਉਮਰ ਭਰ ਦ੍ਰਿੜਾਉਂਦੇ ਰਹੇ ਸਨ।

ਬੀ ਜੀ ਦੇ ਜ਼ਿਹਨ ਵਿਚ ਇਨ੍ਹਾਂ ਦੋਹਾਂ ਸ਼ਖਸੀਅਤਾਂ ਦਾ ਉਚੇਚਾ ਪਰਭਾਵ ਜ਼ਾਹਰਾ ਯਾਦ ਵਜੋਂ ਸਾਂਭਿਆ ਹੋਇਆ ਸੀ। ਬੀਜੀ ਨੇ ਆਪਣੇ ਪਰਵਾਰ ਵਿਚ ਘਰ ਦਾ ਸਾਰਾ ਕੰਮ ਕਾਰ ਕਰਦਿਆਂ ਜਦ ਵੀ ਵਕਤ ਲੱਗਣਾ ਭਾਈ ਵੀਰ ਸਿੰਘ ਜੀ ਦੇ ਰਚਿਤ ਸਿੱਖ ਇਤਿਹਾਸ ਜਿਵੇਂ ਗੁਰੂ ਨਾਨਕ ਅਤੇ ਕਲਗੀਧਰ ਚਮਤਕਾਰ ਆਦਿ ਦਾ ਬੜਾ ਦੀਰਘ ਅੀਧਐਨ ਕੀਤਾ। ਉਨ੍ਹਾਂ ਪੁਰਾਣੇ ਵਕਤਾਂ ਵਿਚ ਹੋਰ ਕਿਤਾਬਾਂ ਏਨੀਆਂ ਆਮ ਨਹੀਂ ਸੀ ਮਿਲਦੀਆਂ।

ਮੱਝਾਂ ਦੀਆਂ ਧਾਰਾਂ ਚੋਣੀਆਂ, ਸੁਵਖਤੇ ਉਠ ਕੇ ਦੁੱਧ ਰਿੜਕਣਾਂ, ਪਰਵਾਰ ਤੇ ਕਾਮਿਆਂ ਅਤੇ ਪੱਕੇ ਨੌਕਰਾਂ ਦੀਆਂ ਰੋਟੀਆਂ ਪਕਾਉਣੀਆਂ, ਦਾਲਾਂ ਸਬਜ਼ੀਆਂ ਬਣਾਉਣੀਆਂ ਆਪ ਦਾ ਰੋਜ਼ਾਨਾ ਕੰਮ ਸੀ, ਭਾਵੇਂ ੳਨ੍ਹਾਂ ਦਾ ਘਰੇਲੂ ਕੰਮ ਵਿਚ ਹੱਥ ਵਟਾਉਣ ਲਈ ਨੌਕਰਾਣੀਆਂ ਅਤੇ ਨੌਕਰ ਰੱਖੇ ਹੋਏ ਸਨ। ਖੇਤੀ ਦਾ ਕੰਮ ਕਰਨ ਲਈ ਅਤੇ ਮੱਝਾਂ ਨੂੰ ਪੱਠੇ ਪਾਉਣ ਆਦਿ ਕੰਮਾਂ ਲਈ ਤਾਂ ਕਾਮੇ ਅਕਸਰ ਸਦਾ ਹੀ ਮੌਜੂਦ ਰਹੇ ਸਨ।

ਅੰਮ੍ਰਿਤ ਵੇਲੇ ਉੱਠ ਕੇ ਸਾਰੇ ਪਰਵਾਰ ਨੇ ਪਹਿਲਾਂ ਪੰਜਾਂ ਬਾਣੀਆਂ ਦਾ ਪਾਠ ਕਰਨਾ। ਇਸ ਤੋਂ ਪਹਿਲਾਂ ਬੀਜੀ ਨੇ ਨੈਣ ਮੁੰਦ ਕੇ ਸਮਾਧ ਸਥਿਤ ਵੀ ਕਾਫੀ ਸਮਾਂ ਬੈਠਣਾਂ। ਪਰਵਾਰ ਦੇ ਮੈਂਬਰਾਂ ਨੇ ਜਿਉਂ ਜਿਉਂ ਉਠਦੇ ਜਾਣਾਂ ਤੇ ਇਕੱਠੇ ਹੋ ਕੇ ਜਾਂ ਸ਼ਖਸੀ ਤੌਰ 'ਤੇ ਆਪਣਾ ਆਪਣਾ ਨਿਤਨੇਮ ਕਰਨਾ। ਦਿਨ ਚੜ੍ਹੇ ਖੂਹ 'ਤੇ ਆਲੂ ਚੁਣਦੀਆਂ ਔਰਤ-ਕਾਮਿਆਂ ਦੀ ਹੌਸਲਾ-ਅਫ਼ਜ਼ਾਈ ਤੇ ਨਿਗਰਾਨੀ ਕਰਨ ਵੀ ਜਾਣਾਂ ਤੇ ਵਕਤ ਮਿਲੇ 'ਤੇ ਆਪ ਵੀ ਆਲੂ ਚੁਣਨੇ। ਫੇਰ ਗੁ. ਰਾਮ ਪੁਰ ਖੇੜੇ ਦੇ ਹਰ ਸੰਗਰਾਂਦੇ ਅਤੇ ਹੋਰ ਸਮਾਗਮਾਂ ਵਿਚ ਦੁੱਧ ਲੈ ਕੇ ਪਹੁੰਚਣਾਂ। ਬੀਜੀ ਦਾ ਜੀਵਨ ਅਸਲ ਅਰਥਾਂ ਵਿਚ ਇੱਕ ਆਦਰਸ਼ਕ ਰੂਹਾਨੀ ਪਤੀ-ਬਰਤਾ ਸਿੱਖ ਬੀਬੀ ਦਾ ਉੱਚਕੋਟੀ ਦਾ ਜੀਵਨ ਨਮੂਨਾ ਹੈ। ਕਿਉਂਕਿ ਆਪ ਜੀ ਨੇ ਜੀਵਨ ਦੇ ਹਰ ਕਾਰਜ ਵਿਚ ਆਪਣੇ ਪਰਵਾਰ ਨਾਲ ਮੋਢੇ ਨਾਲ ਮੋਢਾ ਡਾਹ ਕੇ ਇਕ ਜਾਨ ਹੋ ਕੇ ਕਿਰਤ ਵਿਰਤ ਕਰਦਿਆਂ ਜੀਵਨ ਜੀਵਿਆ ਅਤੇ ਹਰ ਜ਼ੁੰਮੇਵਾਰੀ ਨੂੰ ਰੱਬੀ ਸਿਦਕ ਵਿਚ, ਨਾਮ ਸਿਮਰਦਿਆਂ, ਉਦਮ ਕਰੇਂਦਿਆਂ, 'ਹਸੰਦਿਆਂ ਖੇਲੰਦਿਆਂ ਵਿਚੇ ਹੋਵੈ ਮੁਕਤਿ' ਮਹਾਂਵਾਕ ਦੀ ਸਚਾਈ ਉੱਤੇ ਪੂਰੇ ਉਤਰਦਿਆਂ ਖਿੜੇ ਮੱਥੇ ਨਿਭਾਇਆ।

ਆਪ ਜੀ ਆਪਣੇ ਅਤੇ ਪਰਾਏ ਬੱਚਿਆਂ ਨਾਲ ਇਕੋ ਜਿਹਾ ਪ੍ਰੇਮ ਵਾਲਾ ਵਰਤਾਉ ਕਰਦੇ ਸਨ। ਮੈਨੂੰ ਉਨ੍ਹਾਂ ਕਈ ਵਾਰ ਕਹਿਣਾਂ ''ਮੇਰਾ ਬਹੁਤ ਗਰਮ ਸੁਭਾਅ ਹੈ।'' ਮੈਂ ਜਦ ਨਾ ਮੰਨਣਾਂ ਤਾਂ ਉਨ੍ਹਾਂ ਆਪਣੇ ਇਕ ਰਿਸ਼ਤੇਦਾਰਾਂ ਦੇ ਬੱਚੇ ਦੀ ਮਿਸਾਲ ਦੱਸੀ ਕਿ ਉਹ ਜਦ ਉਨ੍ਹਾਂ ਕੋਲ ਰਹਿ ਕੇ ਸਕੂਲੇ ਪੜ੍ਹਾਈ ਕਰਦਾ ਸੀ ਤਾਂ ਉਹਦੀ ਸੁਧਾਈ ਉਨ੍ਹਾਂ ਆਪ ਕੀਤੀ ਸੀ। ਦੱਸਦੇ ਸਨ ਕਿ ਉਦੋਂ ''ਮੈਂ ਵੀ ਜੁਆਨ ਸਾਂ ਤੇ ਬੜੇ ਕਰਾਰੇ ਥੱਪੜ ਲੱਗੇ ਉਸ ਬੱਚੇ ਦੇ''। ਮੈਨੂੰ ਫੇਰ ਵੀ ਉਨ੍ਹਾਂ ਦੇ ਗਰਮ ਸੁਭਾਅ ਕਹਿਣ ਉੱਤੇ ਯਕੀਨ ਨਾ ਆਇਆ ਕਿਉਂਕਿ ਆਪ ਜੀ, ਮੇਰੇ ਲਈ, ਪਰਲੇ ਦਰਜੇ ਦੇ ਦਿਆਲੂ ਅਤੇ ਸਦਾ ਮਿਹਰਬਾਨ ਸਨ। ਮੇਰੀਆਂ ਭੁੱਲਾਂ ਨਹੀਂ ਸੀ ਕਦੇ ਚਿਤਾਰਦੇ, ਭਾਵੇਂ ਮੈਂ ਸਦਾ ਹੀ ਉਨ੍ਹਾਂ ਦਾ ਭੁੱਲਣਹਾਰ ਅਤੇ ਖਿਨ ਖਿਨ ਡੋਲਣਹਾਰ ਬੱਚਾ ਹੀ ਰਿਹਾ ਹਾਂ। ਹੋ ਸਕਦੈ, ਉਸ ਬੱਚੇ ਨੇ ਗ਼ਲਤੀ ਏਡੀ ਵੱਡੀ ਕੀਤੀ ਹੋਵੇ, ਜਿਸ ਕਰਕੇ ਬੀ ਜੀ ਨੂੰ ਉਹਦੀ ਸੁਧਾਈ ਅਤੇ ਮੁਰੰਮਤ ਆਪ ਕਰਨੀ ਪਈ ਹੋਵੇ। ਆਪ ਜੀ ਦੇ ਦਿਆਲੂ ਹੋਣ ਦੀ ਦੂਜੀ ਮਿਸਾਲ ਵੀ ਐਉਂ ਉਪਲਭਦ ਹੈ। ਆਪ ਜੀ ਦੇ ਟੱਬਰ ਵਿਚੋਂ ਹੀ ਕਿਸੇ ਇਕ ਹੋਰ ਬੱਚੇ ਦੀ ਮਾਤਾ, ਗੰਭੀਰ ਬੀਮਾਰੀ ਦੀ ਹਾਲਤ ਵਿਚ, ਆਪਣੇ ਅਕਾਲ ਚਲਾਣੇ ਤੋਂ ਥੋੜ੍ਹਾ ਅਰਸਾ ਪਹਿਲਾਂ ਬੀ ਜੀ ਨੂੰ ਬੇਨਤੀ ਕਰ ਗਈ ਕਿ ਉਸ ਦੇ ਸਰੀਰ ਛੁੱਟਣ ਤੋਂ ਬਾਦ ਆਪ ਜੀ ਉਸ ਦੇ ਬੱਚੇ ਦੀ ਪਰਵਰਿਸ਼ ਕਰਨ। ਉਸ ਦਾ ਮਤਲਬ ਬੜਾ ਸਾਫ ਸੀ ਕਿ ਕਈ ਵਾਰੀ ਪਿਤਾ ਦੀਆਂ ਕਈ ਮਜਬੂਰੀਆਂ ਵਿਚ ਬੱਚਾ ਰੁਲ਼ ਵੀ ਜਾਂਦਾ ਹੈ। ਬੀ ਜੀ ਨੇ ਉਸ ਬੱਚੇ ਨੂੰ ਆਪਣੇ ਬਚਿਆਂ ਵਾਂਗ ਹੀ ਪਾਲ਼ਿਆ, ਪੜ੍ਹਾਇਆ, ਤੇ ਜਦ ਉਹ ਨੌਕਰੀ ਲੱਗਾ ਤਾਂ ਫੇਰ ਆਪਣੇ ਬੱਚਿਆਂ ਵਾਂਗ ਹੀ ਵਿਆਹਿਆ। ਇਵੇਂ ਹੀ (ਆਪ ਜੀ ਦੇ ਦਿਆਲੂ ਸੁਭਾਅ ਦੀ) ਤੀਜੀ ਮਿਸਾਲ ਹੈ, ਕਿ ਇਕ ਹੋਰ ਬੱਚੇ ਦੀ ਬਹੁਤ ਲੰਮਾ ਸਮਾਂ ਆਪਣਾ ਪੁੱਤ੍ਰ ਬਣਾ ਕੇ ਪ੍ਰਵਰਿਸ਼ ਕਰਨ ਦੇ ਨਾਲ ਨਾਲ ਸੇਵਾ ਸੰਭਾਲ ਅਤੇ ਹਰ ਤਰ੍ਹਾਂ ਦੀ ਹਿਫਾਜ਼ਤ ਕੀਤੀ। ਉਸ ਦੇ ਪਰਵਾਰ ਵਿਚ ਕਹਿਰਾਂ ਦਾ ਕਲੇਸ਼ ਅਤੇ ਅੰਤਾਂ ਦੀ ਗ਼ਰੀਬੀ ਸੀ, ਪਰਵਾਰ ਵੀ ਵੱਡਾ ਸੀ। ਉਸ ਦੀ ਇਕ ਭੈਣ ਨੇ ਖ਼ੁਦਕੁਸ਼ੀ ਵੀ ਕਰ ਲਈ ਸੀ। ਉਸ ਨੂੰ ਪੜ੍ਹਾ ਲਿਖਾ ਕੇ ਬਾਹਰਲੇ ਮੁਲਕ ਭੇਜਿਆ, ਜਿਥੇ ਉਹ ਐਸਾ ਬੀਮਾਰ ਪਿਆ ਕਿ ਉਸ ਦੇ ਬਚਣ ਦੀ ਕੋਈ ਆਸ ਨਾ ਸੀ। ਫੇਰ ਵੀ ਉਹਦਾ ਸਾਰੀ ਉਮਰ ਆਸਰਾ ਬਣੇ ਰਹੇ। ਦੋਵੇਂ ਬੀਜੀ ਅਤੇ ਭਾਪਾ ਜੀ ਨੇ ਧਿਰ ਬਣ ਕੇ ਪੂਰੇ ਮਾਂ-ਬਾਪ ਵਾਲੇ ਫ਼ਰਜ਼ ਨਿਭਾਏ ਜਦ ਉਹ ਵਿਦੇਸ਼ ਪਹੁੰਚ ਕੇ ਰੋਗ ਨਾਲ ਗ੍ਰਸਿਆ ਗਿਆ ਸੀ। ਹਰ ਸਾਲ ਉਹਨੂੰ ਸੱਦ ਕੇ ਆਪਣੇ ਕੋਲ ਰੱਖਣਾ। ਇਕ ਵਾਰ (੨੦੦੨ ਈ ਵਿਚ) ਚਾਰ ਪੰਜ ਮਹੀਨੇ ਕੋਲ ਰੱਖ ਕੇ ਉਹਦਾ ਇਲਾਜ ਕਰਵਾਇਆ; ਉਹਨੂੰ ਥਾਂ ਥਾਂ ਲੈ ਕੇ ਜਾਣਾ, ਪਹਿਲਾਂ ਹਕੀਮਾਂ ਦੇ, ਫੇਰ ਗੁਰਸਿੱਖ ਸੰਤਾਂ ਦੇ ਚਰਨਾਂ ਵਿਚ ਵਾਰ ਵਾਰ, ਅਨੇਕਾਂ ਵਾਰ ਲੈ ਕੇ ਜਾਂਦੇ ਰਹੇ। ਅਖੀਰ, ਗੁਰੂ ਸਾਹਿਬ ਨੇ ਉਸ ਉਪਰ ਕਿਰਪਾ ਕੀਤੀ ਤਾਂ ਕਿਤੇ ਜਾ ਕੇ ਉਹ ਜੀਣ ਜੋਗਾ ਹੋਇਆ।

ਮੁਕਦੀ ਗੱਲ, ਮੇਰੇ ਬੀ ਜੀ, ਆਪਣੇ ਗਰੀਬ ਨਿਵਾਜ਼ ਗੁਰੂ ਦੇ ਗ਼ਰੀਬ ਨਿਵਾਜ਼ ਸਿੱਖ ਸਨ। ਇਸ ਤੱਥ ਵਿਚ ਕੋਈ ਅਤਿਕਥਨੀ ਨਹੀਂ ਹੈ। ਇਕ ਵਾਰ ਇਕ ਉਹ ਬੱਚਾ ਬੀਮਾਰ ਹੋ ਗਿਆ, ਜਿਸ ਦੀ ਮਾਂ ਮਰਨ ਤੋਂ ਪਹਿਲਾਂ, ਆਪਣੇ ਬੱਚੇ ਦੀ ਬਾਂਹ ਸਾਡੇ ਬੀ ਜੀ ਦੇ ਹੱਥ ਫੜਾ ਗਏ ਸਨ। ਤਾਂ ਬੀ ਜੀ ਨੇ ਉਸਦੇ ਨਮਿੱਤ ਅਰਦਾਸ ਕਰਨੀ ਸ਼ੁਰੂ ਕਰ ਦਿੱਤੀ ਅਤੇ ਉਹ ਬੱਚਾ ਰਾਜ਼ੀ ਹੋ ਗਿਆ। ਪਰ ਆਪ ਕਾਫੀ ਚਿਰ ਬਿਮਾਰ ਰਹੇ। ਇਵੇਂ ਹੀ, ਚੌਥੀ ਮਿਸਾਲ, ਇਕ ੧੪-੧੫ ਸਾਲਾ ਬੱਚੀ ਦੀ ਹੈ ਜਿਸ ਨੂੰ ਕਿਸੇ ਨੇ ਕੜਾਹ ਵਿਚ ਪਾ ਕੇ ਕੁਝ ਖੁਆ ਦਿੱਤਾ ਤਾਂ ਕੁੜੀ ਗੂੰਗੀ ਹੋ ਗਈ ਸੀ। ਉਹ ਦੀ ਮਾਂ ਨੇ ਬੀਜੀ ਨੂੰ ਦੁੱਖ ਦਸਿਆ ਤਾਂ ਆਪ ਜੀ ਨੇ ਉਸ ਮਾਤਾ ਅਤੇ ਬੱਚੀ ਦੀ ਮਦਦ ਕੀਤੀ। ਤਾਂ ਕਿਤੇ ਜਾ ਕੇ ਕਾਕੀ ਬੋਲਣ ਲੱਗੀ। ਅਜਿਹੇ ਬਚਿਆਂ ਦੀਆਂ ਹੋਰ ਬਹੁਤ ਮਿਸਾਲਾਂ ਹਨ। ਕਈ ਵਾਰ ਕਈ ਬਚਿਆਂ ਨੇ ਆਪਣੀ ਗ਼ਲਤੀ ਨਾਲ ਅਜਿਹੇ ਔਖੇ ਕਸ਼ਟਾਂ ਵਿਚ ਫਸ ਜਾਣਾਂ, ਜਿਥੋਂ ਉਨ੍ਹਾਂ ਨੂੰ ਬਚ ਕੇ ਨਿਕਲਣਾ ਬਹੁਤ ਮੁਸ਼ਕਲ ਹੁੰਦਾ ਤਾਂ ਬੀਜੀ ਨੇ ਆਪਣੇ ਪਰਮ ਦਿਆਲੂ ਸੁਭਾਅ ਅਤੇ ਪੁਰਖ਼ਲੂਸ ਤਬੀਅਤ ਸਦਕਾ ਉਨ੍ਹਾਂ ਦੀ ਮਦਦ ਕਰਕੇ ਪਹਿਲਾਂ ਉਨ੍ਹਾਂ ਨੂੰ ਮੁਸੀਬਤ ਦੇ ਘੋਰ ਸੰਕਟ ਵਿਚੋਂ ਕੱਢਣਾ, ਫੇਰ ਠੀਕ ਰਾਹਿ-ਰਾਸਤ ਉਤੇ ਲਿਆਉਣਾ। ਪੰਜਵੀਂ ਮਿਸਾਲ ਹੈ ਜਿਵੇਂ ਇਕ ਕੁਆਰੀ ਮੁਟਿਆਰ ਬੱਚੀ ਹਾਮਲਾ (ਗਰਭਿਤ) ਹੋ ਗਈ ਸੀ ਜਿਸ ਵਾਰੇ ਉਸ ਕੰਨਿਆਂ ਦੀ ਮਾਤਾ ਨੂੰ ਵੀ ਨਹੀਂ ਸੀ ਪਤਾ। ਅਚਾਨਕ ਕਿਸੇ ਵਜਾਹ ਕਰਕੇ ਉਸ ਕਾਕੀ ਦਾ ਬੀ ਜੀ ਕੋਲ ਕਿਸੇ ਕੰਮ ਲਈ ਆਉਣਾ ਹੋਇਆ ਤਾਂ ਉਨ੍ਹਾਂ ਉਸ ਦੀ ਮਾਂ ਨੂੰ ਇਸ ਤੱਥ ਤੋਂ ਜਾਣੂੰ ਕਰਾਇਆ। ਫੇਰ ਉਸ ਬੱਚੀ ਦੇ ਬੱਚੇ ਦਾ ਜਨਮ ਕਿਸੇ ਦੂਰ ਰਿਸ਼ਤੇਦਾਰਾਂ ਕੋਲ ਬੜੀ ਹਿਫ਼ਾਜ਼ਤ ਨਾਲ ਹੋਣ ਦਾ ਬੰਦੋਬਸਤ ਕੀਤਾ। ਪੈਦਾਇਸ਼ ਤੋਂ ਬਾਦ ਬੱਚਾ ਕਿਸੇ ਲੋੜਕੂ ਨੇ ਗੋਦੀ ਲੈ ਲਿਆ। ਅਤੇ ਉਸ ਦੇ ਮਾਤਾ ਪਿਤਾ ਨੇ ਬੱਚੀ ਦਾ ਵਿਆਹ ਕੀਤਾ। ਇਉਂ ਭੁੱਲੇ ਭਟਕੇ ਅਨੇਕਾਂ ਜੀਵਾਂ ਨੂੰ ਰਾਹੇ ਪਾਉਂਦੇ ਰਹੇ। ਇਨ੍ਹਾਂ ਮਿਸਾਲਾਂ ਤੋਂ ਪਰਤੱਖ ਸਾਬਿਤ ਹੁੰਦਾ ਹੈ ਕਿ ਸੱਚ ਮੁੱਚ ਹੀ ਬੀਜੀ 'ਗ਼ਰੀਬ ਨਿਵਾਜ਼ ਗੁਰੂ ਦੇ ਗ਼ਰੀਬ ਨਿਵਾਜ਼ ਸਿਖ' ਸਨ।

ਆਪ ਜੀ ਹਰ ਵਕਤ ਸਿਮਰਨ ਭਜਨ ਕਰਦੇ ਰਹਿੰਦੇ ਸਨ। ਉਨ੍ਹਾਂ ਸਾਰੀ ਉਮਰ ਪ੍ਰਯੰਤ ਸਾਦਗੀ ਭਰਪੂਰ ਜੀਵਨ ਜੀਵਿਆ। ਆਪ ਸਾਦਾ ਪਹਿਨਦੇ ਸਨ। ਪਰ ਜਦ ਕਿਸੇ ਰਿਸ਼ਤੇਦਾਰ ਜਾਂ ਲੋੜਕੂ ਆਦਿ ਨੂੰ ਕੱਪੜਾ ਦੇਣਾ ਤਾਂ ਬਹੁਤ ਵਧੀਆ ਚੰਗਾ ਕੱਪੜਾ ਦੇਣਾ ਤਾਂ ਜੋ ਉਹ ਪਹਿਨਣ ਵੇਲੇ ਮਾਣ ਨਾਲ ਪਹਿਨ ਕੇ ਖ਼ੁਸ਼ੀ ਹਾਸਿਲ ਕਰੇ। ਲੋੜਵੰਦਾਂ ਦੀ ਤਨ ਮਨ ਧਨ ਦੁਆਰਾ ਹਰ ਸੰਭਵ ਮਦਦ ਕੀਤਾ ਕਰਦੇ ਸਨ। ਇਕ ਮੁੰਡਾ ਜਿਸਦੇ ਦੋਵੇਂ ਮਾਂ ਬਾਪ ਉਸਦੇ ਬਚਪਨ ਵਿਚ ਹੀ ਗੁਜ਼ਰ ਗਏ ਸਨ, ਉਹਨੂੰ ਸਾਰੀ ਉਮਰ ਆਸਰਾ ਦਿੱਤਾ। ਉਹ ਬੀਜੀ ਦੇ ਚਲਾਣੇ ਉਤੇ ਰੋਈ ਜਾਵੇ, ਕਹੇ: 'ਜੇ ਮਾਤਾ (ਬੀਜੀ) ਜੀ ਨਾ ਹੁੰਦੇ ਤਾਂ ਮੈਨੂੰ ਕਿਨ ਸਾਂਭਣਾਂ ਸੀ?' ਇਨ੍ਹਾਂ ਮਿਸਾਲਾਂ ਤੋਂ ਜ਼ਾਹਰ ਹੈ ਕਿ ਬੀ ਜੀ ਰੱਬੀ ਨਾਮ ਨਾਲ ਆਪ ਧੁਰ ਅੰਦਰੋਂ ਉਤਸ਼ਾਹਿਤ ਸਨ, ਨਾਮ ਵਿਚ ਪੂਰੇ ਗੜੂੰਦ ਅਤੇ 'ਨਾਮ ਖ਼ੁਮਾਰੀ ਨਾਨਕਾ ਚੜ੍ਹੀ ਰਹੇ ਦਿਨ ਰਾਤ' ਜ਼ਰੀਏ ਆਪ ਜੀ ਨਾਮ ਵਿਚ ਸਦਾ ਮਖ਼ਮੂਰ ਰਹਿੰਦੇ ਸਨ। ਨਾ ਆਪ ਡੋਲਦੇ ਸਨ ਅਤੇ ਨਾ ਹੀ ਨਿਕਟਵਰਤੀਆਂ ਨੂੰ ਡੋਲਣ ਦਿੰਦੇ ਸਨ। ਆਪ ਜੀ ਸਦਾ ਦਿਆਲੂ ਅਤੇ ਸਦਾ ਮਿਹਰਵਾਨ ਅਤੇ ਰਹਿਮ-ਦਿਲ ਵਿਚਰਦੇ ਸਨ। ਉਹ ਅੱਜ ਦੇ ਯੁਗ (ਵੀਹਵੀਂ, ਇਕੀਵੀਂ ਸਦੀ) ਵਿਚ ਪਰਉਪਕਾਰ ਅਤੇ ਭਲੇ ਦੀ ਸਿਖਰ ਸਨ, ਭਾਈ ਲੱਧੇ ਵਾਂਗ ਪੜਦੇ-ਢੱਕ ਅਤੇ ਭਾਈ ਘਨੱਈਏ ਵਾਂਗ ਪਰਉਪਕਾਰੀ ਸਨ। ਉਹ ਅਕਸਰ ਰੂਹਾਨੀ ਰਹਿਬਰ ਸਨ ਅਤੇ ਜਗਿਆਸੂ ਨੂੰ ਠੀਕ ਰਾਹ ਦੀ ਸਦਾ ਦੱਸ ਪਾਉਂਦੇ ਸਨ। ਮੇਰੇ ਬੀ ਜੀ ''ਸੋ ਸੰਤੁ ਸੁਹੇਲਾ ਨਹੀ ੧ ਡੁਲਾਵੈ॥'' ਗੁਰੂ ਬਚਨਾਂ ਦਾ ਰੂਪ, ਸਦਾ ਪੂਰਨ ਮੁਜੱਸਮਾ ਸਨ, ਕਿਉਂਕਿ ਉਨ੍ਹਾਂ ਨੂੰ ਹਰ ਵਕਤ ਪ੍ਰਭੂ ਚਿੱਤ ਆਉਂਦਾ ਸੀ ਜਿਸ ਕਰਕੇ ਉਹ ਕਦੇ ਵੀ ਡੋਲਦੇ ਨਹੀਂ ਸਨ।''ਡਿਗੈ ਨ ਡੋਲੈ ਦ੍ਰਿੜੁ ਕਰਿ ੨ ਰਹਿਓ॥''

ਇਵੇਂ ਹੀ ਉਨ੍ਹਾਂ ਮੈਨੂੰ ਇਕ ਵਾਰ ਸਿਖਿਆ ਦਿੰਦਿਆਂ ਕਿਸੇ ਸਾਧਾਂ ਦੇ ਡੇਰੇ ਰਹਿੰਦੇ ਇੱਕ ਉਸ ਸਿੱਖ ਦੀ ਮਿਸਾਲ ਦੱਸੀ, ਜਿਸ ਨੇ ਵਿਆਹ ਵੀ ਨਹੀਂ ਸੀ ਕਰਾਇਆ ਭਾਵ ਗ੍ਰਿਹਸਤ ਵਿਚ ਨਹੀਂ ਸੀ ਪਿਆ। ਉਸ ਦੀ ਮਨੋਬਿਰਤੀ ਦਾ ਤਬਸਰਾ ਬਤੌਰ ਇਕ ਮਿਸਾਲ ਅਤੇ ਸਾਧਾਰਣ ਵਿਸ਼ਲੇਸ਼ਣ ਦੇ, ਇੱਕ ਵਾਰ ਮੈਨੂੰ ਕੋਈ ਉਪਦੇਸ਼ ਦ੍ਰਿੜ੍ਹ ਕਰਾਉਣ ਹਿੱਤ ਗੱਲ ਬਾਤ ਦੌਰਾਨ ਇਉਂ ਸੁਣਾਇਆ ਕਿ ''ਤਖਤਾ ਸਿਉਂ ਤਾਂ ਇਉਂ ਹੈ ਜਿਵੇਂ ਕੋਈ ਰੁੱਖ ਵਿਚ ਅੜਿਆ ਹੋਇਆ ਪਤੰਗ ਹੋਵੇ, ਜਿਸ ਨੂੰ ਉਡਾਉਣ ਵਾਲੇ ਬੱਚੇ ਰੁੱਖ ਦੀਆਂ ਨਾਜ਼ਕ ਟਾਹਣੀਆਂ ਤੱਕ ਪਹੁੰਚ ਕੇ ਕੱਢਣੋਂ ਅਸਮਰੱਥ ਰਹਿੰਦਿਆਂ, ਅਵਾਜ਼ਾਰ ਹੋ ਕੇ ਛੱਡ ਗਏ ਹੋਣ''। ਜਾਂ ਇਉਂ ਕਹੋ, ''ਤਖਤਾ ਸਿਉਂ ਤਾਂ ਇੱਕ ਉਸ ਮੁਸਾਫਰ ਦੀ ਨਿਆਈਂ ਹੈ ਜਿਹੜਾ ਰੇਲਵੇ ਸਟੇਸ਼ਨ ਜਾਂ ਜਲ਼ੰਧਰ ਵਰਗੇ ਵੱਡੇ ਬੱਸ ਅੱਡੇ ਉਤੇ ਖੜਾ ਪੁੱਛੀ ਜਾਂਦਾ ਹੈ ਕਿ ਆਹ ਗੱਡੀ ਜਾਂ ਬੱਸ ਕਿਥੇ ਜਾਣੀ ਹੈ, ਔਹ ਗੱਡੀ ਜਾਂ ਬੱਸ ਕਿਥੇ ਜਾਣੀ ਹੈ, ਪਰ ਚੜ੍ਹਦਾ ਕਿਸੇ ਗੱਡੀ/ਬੱਸ ਉੱਤੇ ਵੀ ਨਹੀਂ''। ਹੋਰ ਕਈਆਂ ਦੇ ਜ਼ਿੰਦਾ ਵਿਸ਼ਲੇਸ਼ਣਾਂ ਦਾ ਤਬਸਰਾ ਵੀ ਕਈ ਵਾਰ ਉਹ ਅਕਸਰ ਦੱਸ ਦਿਆ ਕਰਦੇ ਸਨ, ਜਿਨ੍ਹਾਂ ਦੇ ਅੰਦਰ ਦੀ ਭਟਕਣ ਅੱਜ ਤੱਕ ਨਾ ਮੁੱਕੀ, ਅਤੇ ਉਹ ਸਦਾ ਤਮਾਸ਼ਬੀਨਾਂ ਦੇ ਹੱਥੀਂ ਵਿਕਦੇ ਰਹੇ। ਜਾਂ, ਉਨ੍ਹਾਂ ਨੇ ਆਪਣੇ ਜੀਵਨ ਮਨੋਰਥ ਦਾ ਨਿਸ਼ਾਨਾ ਹੀ ਐਸਾ ਤ੍ਰਿਸ਼ਨਾਲੂ ਵਾਲਾ ਵਿੱਢ ਲਿਆ ਹੋਇਆ ਹੋਵੇ ਕਿ ਉਹ ਲੋਕ, ਗੁਰਮੁਖ ਦੇ ਓਪਰੇ ਓਪਰੇ 'ਮੋਹ' ਨੂੰ ਹੀ ਗੁਰਮੁਖ ਨਾਲ 'ਸੱਚਾ' ਪਿਆਰ ਗਰਦਾਨਦੇ ਰਹੇ। ਰੂਹਾਨੀ ਰਾਹ ਦੇ ਰੋੜਿਆਂ ਵਿਚ ਅਟਕ ਕੇ ਸਾਰੀ ਸਾਰੀ ਉਮਰ ਠੋਹਕਰਾਂ ਖਾਂਦੇ ਰਹੇ। ਹਾਸਿਲ ਕੁਝ ਨਾ ਹੋਇਆ। ਦੁਨੀਆਂ ਹੀ ਸਿੱਧ ਕੀਤੀ, ਦੁਨਿਆਵੀ ਮਲਕੀਤਾਂ ਬਣਾ ਬਣਾ ਕੇ। ਰੂਹ ਦੇ ਰਾਹ ਦੇ ਪਾਂਧੀ ਨਾ ਬਣ ਸਕੇ, ਉਂਞ, ਦੇਖਣ ਨੂੰ ਪੂਰੇ ਸੂਰੇ ਗੁਰਸਿੱਖ। ਬੀਜੀ ਤਾਂ ਮੈਨੂੰ ਸਾਰੀ ਉਮਰ ਪ੍ਰਯੰਤ ਇਹੋ ਹੀ ਆਮ ਤੌਰ ਤੇ ਕਹਿੰਦੇ ਰਹੇ ਕਿ ਬਾਬਾ ਜੀ ਦੇ ਸਿੱਖੀ ਦੇ ਉਤਕ੍ਰਿਸ਼ਟ ਰੂਹਾਨੀ ਰਾਹ ਨੂੰ ਨਿਰਾ ਭੇਖੀ ਬਣ ਕੇ ਨਾ ਆਪਣੇ ਆਪ ਨੂੰ ਧੋਖਾ ਦਵੋ। ਬਾਬਾ ਜੀ ਬਹੁਤ ਉਚੇ ਸਿੱਖ ਸਨ, ਉਨ੍ਹਾਂ ਵਰਗਾ ਕਹਿਣੀ ਅਤੇ ਕਰਨੀ ਦਾ ਪੂਰਾ ਸੂਰਾ, ਉਚਕੋਟੀ ਦਾ ਸਿੱਖ, ਮਰਦ ਦੂਲਾ ਲੱਭਣਾ ਅੱਜ ਬਹੁਤ ਕਠਨ ਕੰਮ ਹੈ। 'ਸਾਧ' ਅਖਵਾਉਂਦੀਆਂ ਭੇਖੀਆਂ ਦੀਆਂ ਹੇੜ੍ਹਾਂ ਦੀਆਂ ਹੇੜ੍ਹਾਂ ਦੇਸ ਪਰਦੇਸ ਤੁਰੀਆਂ ਫਿਰਦੀਆਂ ਅੱਜ ਜਗਤ ਉੱਤੇ ਕੰਡੇ ਖਿਲਾਰ ਰਹੀਆਂ ਹਨ, ਜਿਨ੍ਹਾਂ ਕੰਡਿਆਂ ਨੂੰ ਸਾਧਾਰਨ ਸੰਸਾਰੀ ਲੋਕਾਂ ਦੁਆਰਾ ਚੁਗਣਾਂ ਔਖਾ ਹੋਇਆ ਪਿਆ ਹੈ।

ਆਪ ਜੀ ਦੇ ਘਰ ਵਿਚ ਆਏ ਗਏ ਦੀ ਆਓ ਭਗਤ ਅਤੇ ਪਰਸ਼ਾਦਾ ਪਾਣੀ ਦੀ ਸੇਵਾ ਹੁੰਦੀ ਸੀ। ਪਰਸ਼ਾਦਾ ਛਕਣ ਮਗਰੋਂ ਗੁੜ ਨਾਲ ਮੂੰਹ ਮਿੱਠਾ ਕਰਾਇਆ ਜਾਂਦਾ ਸੀ। ਇੱਕ ਵਾਰ ਇੱਕ ਰਿਸ਼ਤੇਦਾਰ ਗੁਰਸਿੱਖ ਮੈਨੂੰ (ਲਿਖਾਰੀ) ਕਹਿੰਦਾ ਜਦ ਉਨ੍ਹਾਂ ਦੇ ਪਰਸ਼ਾਦਾ ਛਕਣ ਉਪਰੰਤ ਮੈਂ ਗੁੜ ਉਨ੍ਹਾਂ ਦੀ ਥਾਲੀ ਵਿਚ ਰੱਖਿਆ ''ਤੁਸੀਂ ਤਾਂ ਅੰਤਰਜਾਮੀ ਲਗਦੇ ਆਂ''। ਮੈਂ ਬੇਨਤੀ ਕੀਤੀ ਮੈਨੂੰ ਕੁਝ ਨਹੀਂ ਪਤਾ ਅੰਤਰਜਾਮਤਾ ਦਾ, ਮੈਂ ਤਾਂ ਜੋ ਮੇਰੇ ਬੀ ਜੀ ਕਹਿੰਦੇ ਹਨ ਪਰਸ਼ਾਦਾ ਛਕਣ ਵਾਲਿਆਂ ਨੂੰ ਦੇ ਆ, ਉਹੀ ਮੈਂ ਦਈ ਜਾਂਦਾ ਹਾਂ।

ਬੀਜੀ ਦੀ ਰੂਹ ਦੇ ਬੁਰਜ ਬਹੁਤ ਉੱਚੇ ਹਨ। ਮੈਂ ੧੯੬੯ ਈ. ਵਿਚ, ਮੇਰੀ ੧੬/੧੭ ਸਾਲ ਦੀ ਉਮਰੇ, ਇਕ ਕਿਸਮ ਨਾਲ ਬੀ ਜੀ ਦੀ ਰੂਹਾਨੀ ਉੱਚਤਾ ਦੀ ਕੰਨਸੋਅ ਗੁ. ਰਾਮ ਪੁਰ ਖੇੜੇ ਦੀ ਸੰਗਤ ਕੋਲੋਂ ਸਹਿਜੇ ਹੀ ਸੁਣ ਚੁੱਕਾ ਸੀ। ਇਹ ਦਾਸਤਾਂ ਇਉਂ ਹੋਈ ਕਿ ਮੈਂ ਅੰਮ੍ਰਿਤ ਛਕ ਕੇ (੨੯ ਜੁਲਾਈ ੧੯੬੯ ਈ.) ਨੂੰ ਗੁ. ਰਾਮ ਪੁਰ ਖੇੜਾ ਦੇ ਮੁਖ ਦਰਵਾਜ਼ੇ ਤੋਂ ਨਿਸ਼ਾਨ ਸਾਹਿਬ ਵਲ ਨੂੰ, ਉਪਰ ਨੂੰ ਚੜ੍ਹਦੀ ਫਿਰਨੀ ਦੇ ਖੱਬੇ ਪਾਸੇ (ਜਿਥੇ ਕੁ ਅੱਜ ਕਲ੍ਹ ਰਾਗ ਵਿਦਿਆਲੇ ਦਾ ਮੁਖ ਦਰਵਾਜ਼ਾ ਹੈ) ਇਕ ੧੦ ਕੁ ਫੁਟ ਉਚੇ ਤੂਤ ਦੇ ਹੇਠਾਂ, ਆਪਣੇ ਬਚਪਨ ਦੀ ਬੱਚਿਆਂ ਵਾਲ਼ੀ ਮਾਸੂਮੀਅਤ ਥੀਂ ਹੋਰ ਬਚਿਆਂ ਦੇ ਸੰਗ ਸਾਥ, ਇਕ ਮੰਜੇ ਉਤੇ ਬੈਠੇ ਗੱਲਾਂ ਬਾਤਾਂ ਰਾਹੀਂ ਸਮਾਂ ਬਸਰ ਕਰ ਰਹੇ ਸਾਂ, ਕਿ ਬੀਜੀ ਦੇ ਕਿਸੇ ਰਿਸ਼ਤੇਦਾਰਾਂ ਦੇ ਛੋਟੇ ਕਾਕੇ ਨੇ ਬਚਿਆਂ ਦੇ ਮਾਸੂਮ ਅੰਦਾਜ਼ ਵਿਚ ਇਹ ਕਹਿ ਦਿੱਤਾ ਕਿ ''ਸਾਡੇ ਮਾਮੀ ਜੀ ਨੂੰ ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ ਸਾਹਿਬ ਦੇ ਮੁਖਵਾਕ ਦਾ ਪਤਾ ਲੱਗ ਜਾਂਦਾ ਹੈ।'' ਉਹ ਬੱਚੇ ਮੇਤੋਂ ਵੀ ਉਮਰ ਵਿਚ ਛੋਟੇ ਸਨ। ਇਸ ਲਈ ਮੇਰੇ ਉੱਤੇ ਉਸ ਵਚਨ ਦਾ ਅਚੱਲ ਅਤੇ ਅਮਿੱਟ ਪ੍ਰਭਾਵ ਪਿਆ। ਮੈਂ ਇਹ ਬਚਨ ਨਿਰਯਤਨ ਹੀ ਭੁੱਲ ਨਾ ਸਕਿਆ।

ਏਸੇ ਤਰ੍ਹਾਂ ਦਾ ਇੱਕ ਵਚਨ ਬੀ ਜੀ ਆਮ ਸੁਣਾਇਆ ਕਰਦੇ ਸਨ ਕਿ ਉਨ੍ਹਾਂ ਦੇ ਇੱਕ ਬੱਚੇ ਦੀ ਉਮਰ ਪੌਣੇ ਕੁ ਤਿੰਨ ਸਾਲ ਦੀ ਸੀ ਕਿ ਨਿਆਣਿਆਂ ਦੇ ਬਾਬਾ ਜੀ ਬੀਮਾਰ ਹੋ ਗਏ। ਉਹ ਰਾਜ਼ੀ ਹੋਣ ਨਾ। ਬੀਮਾਰੀ ਦੌਰਾਨ ਉਹ ਆਪਣੀ ਛੋਟੀ ਲੜਕੀ ਦੇ ਵਿਆਹੁਣ ਦਾ ਫਿਕਰ ਜ਼ਾਹਰ ਕਰਦੇ ਰਹਿੰਦੇ ਸਨ। ਜਿਸ ਕਰਕੇ ਬੀ ਜੀ ਨੇ ਉਨ੍ਹਾਂ ਦੇ ਰਾਜ਼ੀ ਹੋਣ ਨਮਿੱਤ ਅਰਦਾਸ ਕਰਨੀ ਸ਼ੁਰੂ ਕਰ ਦਿੱਤੀ ਅਤੇ ਡੇਢ ਮਹੀਨਾ ਲਗਾਤਾਰ ਅਰਦਾਸ ਕਰੀ ਗਏ। ਉਹ ਬਜ਼ੁਰਗ ਰਾਜ਼ੀ ਹੋ ਗਏ, ਪਰ ਬੀ ਜੀ ਆਪ ਸਖਤ ਬੀਮਾਰ ਹੋ ਗਏ। ਬੀ ਜੀ ਨੂੰ ਆਪਣੇ ਸਰੀਰ ਦੀ ਵੀ ਸੁੱਧ ਬੁੱਧ ਨਾ ਰਹੀ, ਅਤੇ ਨਾ ਆਪਣੇ ਬੱਚੇ ਨੂੰ ਹੀ ਸਾਂਭਣ ਦੀ ਕੋਈ ਸੁਰਤ ਰਹੀ। ਬੀ ਜੀ ਨੇ ਦੱਸਿਆ ਕਿ ਉਨ੍ਹਾਂ ਨੂੰ ਐਉਂ ਲੱਗਾ ਕਿ ''ਮੈਂ ਨਹੀਂ ਹੁਣ ਬਚਣਾ।'' ਆਪ ਜੀ ਦਾ ਮਨ ਸੰਸਾਰ ਤੋਂ ਉਪਰਾਮ ਹੋ ਚੁੱਕਾ ਸੀ। ਕਿਉਂਕਿ ਉਹਨਾਂ ਵਿਚ ਆਪਣੇ ਲਈ ਅਰਦਾਸ ਕਰਨ ਜੋਗੀ ਵੀ ਹਿੰਮਤ ਨਹੀਂ ਸੀ ਬਾਕੀ ਰਹੀ। ਇਸ ਲਈ ਦੁਨਿਆਵੀ ਓਟ ਆਸਰਿਆਂ ਦੀ ਉਨ੍ਹਾਂ ਦੇ ਮਨ ਵਿਚ ਕੋਈ ਆਸ ਨਾ ਸੀ ਰਹੀ। ਇਕ ਸੱਚੇ ਰੱਬ ਦਾ ਆਸਰਾ ਹੀ ਦਿਲ ਵਿਚ ਕਾਇਮ ਰਿਹਾ ਕਿ ਜੇ ਬਚਾਉਣਗੇ ਤਾਂ ''ਗੁਰੂ ਜੀ ਮੈਨੂੰ ਬਚਾਉਣਗੇ।'' ਆਪ ਜੀ ਦੀ ਬੀਮਾਰੀ ਵਾਰੇ ਆਪ ਜੀ ਦੇ ਮਾਤਾ ਪਿਤਾ ਨੂੰ ਵੀ ਪਤਾ ਲੱਗ ਚੁਕਾ ਸੀ।

ਬੀ ਜੀ ਦੇ ਸਤਿਕਾਰਯੋਗ ਮਾਤਾ ਪਿਤਾ ਦੇ ਸੁਨੇਹੇ 'ਤੇ, ਕਿ ਬੀ ਜੀ ਨੂੰ ਸਹੁਰਾ ਪਰਵਾਰ ਵਿਚੋਂ ਕੋਈ ਮੈਂਬਰ, ਜਲੰਧਰ ਉਨ੍ਹਾਂ ਦੇ ਪਿਤਾ ਜੀ ਕੋਲ ਛੱਡ ਜਾਣ। ਬੀ ਜੀ ਨੂੰ ਜਲੰਧਰ ਛਾਉਣੀ ਦੇ ਸਟੇਸ਼ਨ ਉੱਤੇ ਪਰਵਾਰ ਦੇ ਕਿਸੇ ਮੈਂਬਰ ਨੇ ਲਾਹ ਦਿੱਤਾ। ਉਥੇ ਬੀ ਜੀ ਨੂੰ ਪੌਣੇ ਤਿੰਨ ਸਾਲ ਦੇ ਬੱਚੇ ਨਾਲ, ਬੀਮਾਰੀ ਦੀ ਹਾਲਤ ਵਿਚ ਘਰ ਤੱਕ ਪਹੁੰਚਣ ਲਈ, ਇਕ ਬਿੱਲ਼ੀਆਂ ਅੱਖਾਂ ਵਾਲੀ ਕਿਸੇ ਦਿਆਲੂ ਅਤੇ ਗ਼ੈਬੀ ਪਰ ਅਜੀਬੋ-ਗ਼ਰੀਬ ਅਤੇ ਅਜਨਬੀ ਔਰਤ ਨੇ ਮਦਦ ਕਰਕੇ ਘਰ ਤੱਕ ਅਪੜਾਇਆ। ਕਿਊਂਕਿ ਬੀ ਜੀ ਵਿਚ ਤੁਰਨ ਦੀ ਵੀ ਹਿੰਮਤ ਹੌਸਲਾ ਨਾ ਸੀ, ਅਤੇ ਬੱਚਾ ਕਿਨ ਚੁੱਕਣਾਂ ਸੀ? ਉਸ ਨੇਕ-ਸੀਰਤ ਬੀਬੀ ਦੀਆਂ ਅੱਖਾਂ, ਬੀਜੀ ਦੱਸਦੇ ਸਨ, ਨੀਲੇ ਰੰਗ ਦੀਆਂ ਸਨ। ਉਹ ਨੇਕ ਔਰਤ, ਬੀ ਜੀ ਨੂੰ ਸਟੇਸ਼ਨ ਉੱਤੇ ਰੋਂਦਿਆਂ ਦੇਖ ਕੇ ਕਿਤਿਓਂ ਅਚਾਨਕ ਮਦਦ ਲਈ ਆ ਬਹੁੜੀ ਸੀ। ਉਸ ਨੇ ਇਹ ਵੀ ਕਿਹਾ ਕਿ ''ਬੀਬੀ ਤੂੰ ਰੋ ਨਾ, ਆਪਾਂ ਤੁਰ ਕੇ ਚਲਦੇ ਆਂ, ਝੋਲ਼ਾ (ਕਾਕੇ ਦੇ ਕੱਪੜਿਆਂ ਅਤੇ ਬੀ ਜੀ ਦੇ ਸੂਟ ਵਾਲਾ) ਅਤੇ ਕਾਕਾ ਮਿਰ ਕੋ ਫੜਾ ਦੇ, ਜਿਥੇ ਤੱਕ ਤੁਰ ਹੋਊ ਤੁਰ ਲਈਂ, ਨਹੀਂ ਤਾਂ ਬੈਠ ਬੈਠ ਕੇ ਚਲੇ ਚਲਾਂਗੇ।'' ਜਦ ਘਰ ਪਹੁੰਚ ਗਏ ਤਾਂ ਉਸ ਨੇਕ ਔਰਤ ਨੇ ਕਿਹਾ ''ਹੁਣ ਘਰ ਆ ਗਿਆ, ਆਹ ਲੈ ਕਾਕਾ 'ਤੇ ਆਹ ਲੈ ਝੋਲ਼ਾ''। ਬੀ ਜੀ ਨੇ ਦੱਸਿਆ ਕਿ ਆਪ ਜੀ ਨੂੰ ਉਸ ਭਲੀ ਪਰ ਅਜਨਬੀ ਔਰਤ ਤੋਂ ''ਨਾ ਕੋਈ ਉਪਰਾਂਦ ਹੀ ਹੋਈ ਨਾ ਡਰ ਭੈਅ ਲੱਗਾ, ਉਹ ਸਗੋਂ ਆਪਣੀ ਆਪਣੀ ਲੱਗੇ'' । ਬੀ ਜੀ ਮੈਨੂੰ ਦੱਸਦੇ ਸਨ ਕਿ ਉਹ ਉਸ ਨੇਕ-ਸੀਰਤ, ਅਤੇ ਸੁਹਣੀ ਸੂਰਤ ਵਾਲੀ, ਨੀਲੀਆਂ ਅੱਖਾਂ ਵਾਲੀ ਮਿੱਠਬੋਲੜੀ ਬੀਬੀ ਦਾ ਬੀਮਾਰੀ ਦੀ ਹਾਲਤ ਵਿਚ ਧੰਨਵਾਦ ਕਰਨਾ ਵੀ ਭੁੱਲ ਗਏ ਸਨ। ਅਤੇ ਰਹਿ ਰਹਿ ਕੇ ਉਮਰ ਪ੍ਰਯੰਤ ਇਸ ਗੱਲੇ ਪਛਤਾਉਂਦੇ ਰਹੇ ਸਨ।

ਪੰਜਾਬੋਂ ਬਾਹਰਲੀ ਕਿਸੇ ਦੇਸੀ ਰਿਆਸਤ ਵਲ ਨੂੰ ਅਤੇ ਉਥੋਂ ਮੁੜ ਪੰਜਾਬ ਨੂੰ ਮੁਸਾਫਰੀ ਕਰਨ ਦੇ ਦੌਰਾਨ ਆਪ ਜੀ ਨੂੰ ਹੋਏ ਤਜਰਬੇ ਵਾਰੇ ਵੀ ਬੀਜੀ ਕੋਲੋਂ ਸੁਣਿਆਂ ਸੀ। ਜਿਨ੍ਹਾਂ ਵਿਚ ਪੁਰਾਣੇ ਵਕਤਾਂ ਦੀਆਂ ਪੈਂਡੇ ਤੁਰਨ ਜਾਂ ਸਵਾਰੀ ਕਰਨ ਦੀਆਂ ਦੁਸ਼ਵਾਰੀਆਂ ਵਾਰੇ ਵੀ ਅਕਸਰ ਦਸਦੇ ਸਨ ਕਿ ਜੇ ਰੇਲ ਗੱਡੀ ਦੁਆਰਾ ਜਾਣਾਂ ਤਾਂ ਮੁਸਾਫਰੀ ਵਿਚ ਹੀ ਦੋ ਦਿਨ ਲੱਗ ਜਾਂਦੇ ਸਨ। ਫੇਰ ਵੀ, ਉਸ ਰਿਆਸਤ ਦੇ ਮੁੱਖ ਸਟੇਸ਼ਨ ਤੋਂ ਉਤਰ ਕੇ, ਉਥੋਂ ਅਗਾਂਹ ਨੂੰ ਕਾਫੀ ਮੀਲ ਦੂਰ ਆਪਣੇ ਨਿਸ਼ਾਨੇ (ਉਸ ਰਿਆਸਤ ਵਿਚਲੇ ਆਪਣੇ ਪਿੰਡ) ਵਲ ਨੂੰ ਪਰਤਣ ਲਈ ਪਿੰਡਾਂ ਵਿਚੀਂ ਊਠਾਂ ਦੀ ਸਵਾਰੀ ਕਰਨੀ ਪੈਂਦੀ ਸੀ। ਇਕ ਵਾਰ ਇੰਜ ਮੁਸਾਫਰੀ ਕਰਦਿਆਂ ਪੱਚੀ ਛੱਬੀ ਜਾਂ ਤੀਹ ਘੰਟੇ ਤੋਂ ਵੀ ਵੱਧ ਸਮਾਂ ਲੱਗ ਗਿਆ ਹੋਵੇਗਾ। ਇਸ ਮਾਈਆਂ ਬੀਬੀਆਂ ਦੇ ਜਥੇ ਨਾਲ਼ ਇਕ ਛੋਟਾ ਬੱਚਾ ਅਤੇ ਦੋਹਾਂ ਘਰਾਂ ਦੇ ਦੋ ਸੰਬੰਧਿਤ ਜ਼ੁਮੇਵਾਰ ਮਰਦ ਵੀ ਨਾਲ ਹੀ ਮੁਸਾਫਰ ਸਨ, ਜਿਨ੍ਹਾਂ ਸਭਨਾਂ ਨੂੰ ਭੁਖਿਆਂ ਹੀ ਸਾਰੀ ਵਾਟ ਊਠਾਂ ਦੀ ਸਵਾਰੀ ਕਈ ਘੰਟੇ ਕਰਨੀ ਪਈ। ਮਰਦ ਸ਼ਾਇਦ ਕਿਤੇ ਹੋਟਲ ਆਦਿ ਉੱਤੇ ਰੋਟੀ ਖਾ ਹੀ ਆਏ ਹੋਣ, ਇਹ ਪੱਕਾ ਪਤਾ ਨਹੀਂ। ਬੀਜੀ ਕਹਿੰਦੇ, ਪੁਰਾਣੇ ਵਕਤਾਂ ਵਿਚ ਇਉਂ ਸਫਰ ਕਰਦਿਆਂ ਕੜਾਕੇ ਫਾਕੇ ਵੀ ਕੱਟਣੇ ਪੈਂਦੇ ਸਨ। ਅਜਿਹੇ ਔਖੇ ਸਮੇਂ ਦੌਰਾਨ ਇੱਕ ਵਾਰ ਊਠਾਂ ਦੇ ਰਾਜਸਥਾਨੀ ਚਾਲਕ ਕਹਿਣ ਕਿ ''ਅਸੀਂ ਮੰਗ ਕੇ ਤੁਹਾਡੇ ਖਾਣ ਨੂੰ ਕੁਝ ਲਿਆ ਦਿੰਦੇ ਹਾਂ।'' ਤਾਂ ਬੀਜੀ ਕਹਿੰਦੇ ''ਮੈਂ ਉਨ੍ਹਾਂ ਨੂੰ ਮਨ੍ਹਾਂ ਕਰ ਦਿੱਤਾ ਕਿ ਅਸੀਂ ਮੰਗ ਕੇ ਲਿਆਂਦਾ ਨਹੀਂ ਖਾਣਾਂ।'' ਸਾਡੇ ਬੀ ਜੀ ਬੜੇ ਸਬਰ ਸ਼ੁਕਰ ਵਿਚ ਰਹਿਣ ਵਾਲੇ ਪੁਰਾਣੇ ਸਿੰਘਾਂ ਵਾਗ ਦ੍ਰਿੜ੍ਹ ਨਿਸਚੇ ਵਾਲੇ, ਚੜ੍ਹਦੀ ਕਲਾ ਵਾਲੇ ਗੁਰਸਿੱਖ ਜੀਊੜੇ ਸਨ।''ਸਬਰ ਅੰਦਰਿ ਸਾਬਰੀ ਤਨੁ ਏਵੈ ੩ ਜਾਲੇਨਿ૲'' ਮਹਾਂਵਾਕ ਦੀ ਸਚਾਈ ਕਮਾਉਣ ਹੰਢਾਉਣ ਵਾਲੇ ਸਿਦਕੀ ਗੁਰਸਿੱਖ ਸਨ; ਭੁੱਖੇ ਰਹਿ ਲਿਆ, ਮੰਗ ਕੇ ਨਹੀਂ ਖਾਧਾ। ਮੇਰੇ ਬੀ ਜੀ ਪੁਰਾਤਨ ਸਿੱਖਾਂ ਵਾਂਗ, ਸਿੱਖੀ ਦੀ ਉੱਚੀ ਸੁੱਚੀ ਕਰਨੀ ਵਾਲੇ ਸਨ। ਪਾਣੀ ਆਏ ਤੋਂ ਪਹਿਲਾਂ ਹੀ ਮੌਜੇ ਨਹੀਂ ਸਨ ਲਾਹੁੰਦੇ।

ਇਕ ਵਾਰ ਉਸ ਪੰਜਾਬੋਂ ਬਾਹਰਲੀ ਰਿਆਸਤ ਵਿਚੋਂ ਪੰਜਾਬ ਨੂੰ ਆਉਂਦਿਆਂ 'ਘਮੂੰਡ ਬਾਈ' ਪਿੰਡ ਲਾਗੇ ਸੜਕ ਹਾਦਸੇ ਵਿਚੋਂ ਗੁਰੂ ਮਹਾਰਾਜ ਨੇ ਆਪ ਜੀ ਨੂੰ ਅਤੇ ਨਿੱਕੇ ਨਿੱਕੇ ਬਚਿਆਂ ਨੂੰ ਹੱਥ ਦੇ ਕੇ ਬਚਾਇਆ। ਵਾਕਿਆ ਇਉਂ ਹੋਇਆ ਕਿ ਇਕੱਠੇ ਦੋ ਟੱਬਰ ਮੁਸਾਫਰੀ ਕਰਦੇ ਆ ਰਹੇ ਸਨ ਕਿ ਚਲਦੇ ਟਰੈੱਕਟਰ ਪਿੱਛੋਂ ਟਰਾਲੀ, ਕੁੰਡਾ ਟੁਟੱਣ ਨਾਲ ਭੁੰਜੇ ਡਿਗ ਪਈ। ਟਰੈੱਕਟਰ ਮੀਲ ਕੁ ਦੇ ਫਾਸਲੇ ਤੱਕ ਅਗਾਂਹ ਲੰਘ ਗਿਆ ਸੀ ਕਿ ਜਦ ਨੂੰ ਕਿਸੇ ਸਾਈਕਲ ਸਵਾਰ ਨੇ ਇਸ ਹਾਦਸੇ ਵਾਰੇ ਡਰਾਈਵਰ ਨੂੰ ਜਾ ਪਤਾ ਦਿੱਤਾ।

ਅਜਿਹੀ ਹੀ ਖੇਤੀਬਾੜੀ ਕਾਰੋਬਾਰ ਨਾਲ਼ ਸੰਬੰਧਿਤ ਇਕ ਹੋਰ ਦੁਸ਼ਵਾਰੀ ਦੀ ਦਾਸਤਾਂ ਵੀ ਸੁਣਨ ਵਿਚ ਆਈ ਹੈ ਕਿ ਬੰਬੀ ਦਾ ਬੋਰ ਕਰਨ ਵਾਲ਼ੇ ਕਾਮੇ ਬੋਰ ਕਰ ਰਹੇ ਸਨ ਕਿ ਪਾਣੀ ਅਉਣ ਦਾ ਕੋਈ ਲਲ੍ਹ ਨਜ਼ਰ ਨਾ ਆਵੇ। ਹਾਰ ਹੁੱਟ ਕੇ, ਥੱਕ ਟੁੱਟ ਕੇ, ਉਨ੍ਹਾਂ ਕਾਮਿਆਂ ਨੇ ਦਿਲ ਛੱਡ ਦਿੱਤਾ 'ਅਖੇ, ਇਥੇ ਪਾਣੀ ਨਹੀਂ ਆਉਣਾ'। ਬਾਕੀ ਵੀ ਸਾਰੇ ਦਿਲ ਛੱਡ ਗਏ ਸਨ। ਤਦ ਗੁ. ਰਾਮ ਪੁਰ ਖੇੜੇ (ਜ਼ਿਲਾ ਹੋਸ਼ਿਆਰ ਪੁਰ) ਤੋਂ 'ਬਾਬਾ ਜੀ' ਨੂੰ ਲਿਆਂਦਾ ਗਿਆ। 'ਬਾਬਾ ਜੀ' ਨੇ ਬੀ ਜੀ ਨੂੰ ਕਿਹਾ ਕਿ ''ਬੀਬੀ ਜੀ, ਤੁਸੀਂ ਗੁਰੂ ਸਾਹਿਬ ਨੂੰ ਪੁੱਛੋ ਕਿ ਕੀ ਉਪਚਾਰ ਕੀਤਾ ਜਾਵੇ''। ਬੀਜੀ ਹਰ ਰੋਜ਼ ਦੀ ਤਰ੍ਹਾਂ ਸਮਾਧ ਸਥਿਤ ਹੋਏ ਤਾਂ ਉਨ੍ਹਾਂ ਨੂੰ ਜੋ ਗੁਰੂ ਸਾਹਿਬ ਜੀ ਦਾ ਵਚਨ ਮਰਾਕਬੇ (ਸਮਾਧੀ) ਵਿਚੋਂ ਮੁਹੱਈਆ ਹੋਇਆ ਸੀ, ਦੱਸਿਆ ਕਿ ਗੁਰੂ ਜੀ ਨੇ ਕਿਹਾ ਹੈ ਕਿ ''ਪਾਣੀ ਇਥੋਂ ਹੀ ਨਿਕਲ ਆਵੇਗਾ ਜੇ ਦਸ ਫੁੱਟ ਬੋਰ ਹੋਰ ਪੁੱਟੋ ਤਾਂ।'' ਕਾਮਿਆਂ ਸਮੇਤ ਸਾਰੇ ਇਕ ਵਾਰ ਫਿਰ ਦ੍ਰਿੜ੍ਹ-ਚਿੱਤ ਹੋ ਕੇ, ਕਾਇਮ ਹੋ ਕੇ ਜੁੱਟ ਗਏ ਅਤੇ ਸਾਰੇ ਘਰ ਦੇ 'ਤੇ ਕਾਮੇ ਫਿਰ ਦ੍ਰਿੜਤ੍ਹਾ ਨਾਲ ਇਕ ਜਾਨ ਹੋ ਕੇ ਲੱਗ ਪਏ। ਤਾਂ ਦਸ ਫੁੱਟ ਹੋਰ ਪੁੱਟਣ ਨਾਲ ਬੰਬੀ ਦਾ ਬਹੁਤ ਜ਼ਿਆਦਾ ਪਾਣੀ ਉਸੇ ਬੋਰ ਵਿਚੋਂ ਨਿਕਲ ਪਿਆ।

ਇਵੇਂ ਹੀ, ਇਕ ਉਸ ਬੰਦੇ ਦੀ ਵੀ ਗਲ ਬੀ ਜੀ ਨੇ ਸੁਣਾਈ ਸੀ ਕਿ ਜਿਹੜਾ ਬੰਦਾ 'ਬਾਬਾ ਜੀ' ਦੇ ਦਰਸ਼ਣ ਕਰਨੇ ਨਹੀਂ ਸੀ ਚਾਹੁੰਦਾ। ਉਸ ਨੇ ਆਪਣੇ ਮਰਨ ਬਿਸਤਰ ਉੱਤੇ ਪਏ ਨੇ ਆਪਣਾ ਮੂੰਹ ਢੱਕ ਲਿਆ ਸੀ ਜਦ ਬਾਬਾ ਜੀ ਉਸਨੂੰ ਮਿਲਣ ਗਏ ਤਾਂ। ਮੈਨੂੰ ਚੇਤਾ ਭੁੱਲ ਗਿਆ ਉਹ ਕੌਣ ਸੀ। ਦੂਜੇ ਪਾਸੇ ਘਰ ਦੇ ਪਾਲਤੂ ਕੁੱਤੇ ਦੀ ਕਥਾ ਬੜੀ ਨਿਰਾਲੀ ਦਸੀਦੀ ਹੈ। ਕਹਾਣੀ ਇਉਂ ਸੀ ਕਿ ਲਿਆਦੇ ਤਾਂ ਕੁੱਤਾ ਕੁੱਤੀ ਦੋਵੇਂ ਸਨ ਪਰ ਕੁੱਤੀ ਕੁਝ ਸਮੇਂ ਬਾਦ ਮਰ ਗਈ ਸੀ ਅਤੇ ਕੁੱਤਾ ਮਗਰੋਂ ਕਾਫੀ ਚਿਰ ਜ਼ਿੰਦਾ ਰਿਹਾ। ਕੁੱਤਾ ਬੜਾ ਖ਼ਬਰਦਾਰ ਤੇ ਤਕੜਾ ਰਾਖਾ ਸੀ। ਹਰੇਕ ਆਏ ਗਏ ਦੀ ਨਿਗਰਾਨੀ ਰਖਦਾ ਸੀ ਅਤੇ ਹਰ ਇਕ ਨੂੰ ਵੱਢਣ ਪੈਂਦਾ ਸੀ ਪਰ 'ਬਾਬਾ ਜੀ' ਨੇ ਜਦੋਂ ਘਰ ਆ ਜਾਣਾਂ ਤਾਂ ਉਸ ਨੇ ਸਾਊ ਬਣ ਜਾਣਾਂ। ਉਨ੍ਹਾਂ ਦੇ ਮੰਜੇ ਹੇਠਾਂ ਬੈਠੇ ਰਹਿਣਾਂ। ਜਦ ਕਦੇ 'ਬਾਬਾ ਜੀ' ਨੇ ਖੂਹ ਵਲ ਨੂੰ ਫਿਰਨ ਤੁਰਨ ਨਿਕਲਣਾਂ ਤਾਂ ਨਾਲ ਹੋ ਤੁਰਨਾ। ਨੇਤ ਰੱਬ ਦੀ, ਜਦੋਂ ਉਸ ਭਾਗਾਂ ਵਾਲੇ ਕੁੱਤੇ ਦੀ ਮੌਤ ਆਈ ਤਾਂ 'ਬਾਬਾ ਜੀ' ਵੀ ਕੁਦਰਤੀ ਘਰ ਆਏ ਹੋਏ ਸਨ। 'ਬਾਬਾ ਜੀ' ਦੇ ਉਥੇ ਹੁੰਦਿਆਂ ਉਸ ਕੁੱਤੇ ਦੇ ਸਵਾਸ ਨਿਕਲੇ ਤਾਂ 'ਬਾਬਾ ਜੀ' ਨੇ ਉਸ ਨਮਿਤ 'ਸੋਹਿਲੇ' ਦਾ ਪਾਠ ਕੀਤਾ। ਉਪਰੰਤ, ਕੱਪੜਾ ਪਾ ਕੇ ਉਹ ਕੁੱਤਾ ਦਫਨਾਇਆ ਗਿਆ।

ਘਰੇਲੂ ਅਤੇ ਗ੍ਰਿਹਸਤੀ ਜ਼ਿੰਦਗੀ ਵਿਚ ਕੌੜੇ ਕੁਸੈਲੇ ਵਕਤਾਂ ਵਿਚ ਵੀ, ਆਪ ਜੀ ਦੱਸਦੇ ਸਨ, ਕਿ ਉਨ੍ਹਾਂ ਨੇ ਕਿਸੇ, ਨਾ ਘਰ ਦੇ ਨਾ ਬਾਹਰ ਦੇ, ਨੂੰ ਕੌੜਾ ਜਾਂ ਮੰਦਾ ਵਚਨ ਕਦੇ ਬੋਲਿਆ, ਭਾਵੇਂ ਜ਼ਿੰਦਗੀ ਵਿਚ ਬਤੇਰੀ ਵਾਰ ਕਸ਼ੀਦਗੀ ਅਤੇ ਕੁੜੱਤਣ ਦਾ ਸਾਹਮਣਾ ਕਰਨਾ ਪਿਆ। ਜੇ ਕਿਸੇ ਨੇ ਮੰਦਾ ਵਚਨ ਕਹਿ ਦਿੱਤਾ ਤਾਂ ਆਪ ਜੀ ਸਾਫ਼ ਕਹਿ ਦਿਆ ਕਰਦੇ ਸਨ ਕਿ '' ---. ਜੀ, ਮੰਦਾ ਵਚਨ ਤੂੰ ਭਾਵੇਂ ਕਹਿ ਲੈ, ਮੈਂ ਨਹੀਂ ਕਹਿਣਾ।'' ਹੁਣ ਜਦ ਸਿਆਣੇ ਹੋਇਆਂ ਆਪ ਜੀ ਨੂੰ ਪੁਛਿਆ ਤਾਂ ਉਨ੍ਹਾਂ ਹੁਣੇ ਕਥੇ ਆਪਣੇ ਅਸੂਲ ਨੂੰ ਰੂਹਾਨੀ ਰੰਗ ਵਿਚ ਇਉਂ ਕਿਹਾ ਕਿ ''ਮੈਂ ਕਿਸੇ ਨੂੰ ਸਤਾਇਆ ਨਹੀਂ।'' ਕਰਮਾਂ-ਹੀਣੇ ਜੀਵਾਂ ਦੇ ਨਿਤਾਣੇਪਣ ਦੇ ਸੰਬੰਧ ਵਿਚ ਇਕ ਹੋਰ ਵਚਨ ਆਪ ਜੀ ਆਮ ਕਿਹਾ ਕਰਦੇ ਸਨ ਕਿ 'ਹੁੰਦੀਆਂ ਨਾ ਦਿਲ-ਲਗੀਆਂ, ਲਗਦੇ ਨਾ ਭਾਗ ਪਰਾਏ'।

ਮੇਰੇ ਬੀ ਜੀ ਨੇ ੧੯੭੩ ਈ. ਤੋਂ ੧੯੭੮ ਈ. ਤੱਕ ਲਗਾਤਾਰ ਪੰਜ ਸਾਲ ਪਰਸ਼ਾਦੇ ਦਾ ਆਹਾਰ ਨਹੀਂ ਕੀਤਾ। ਉਂਞ, ਉਹੀ ਆਹਾਰ ਕਰਦੇ ਸਨ ਜੋ ਗੁਰੂ ਹੁਕਮ ਵਿਚ ਛਕਣ ਲਈ ਹੁੰਦਾ ਸੀ। ਆਪ ਜੀ ਇਲਾਹੀ ਹੁਕਮ ਵਿਚ ਕੋਈ ਪਾਠ ਕਰਦੇ ਸਨ। ਮੈਂ ਬਾਹਰੋਂ ਪਿੰਡ ਗਿਆ ਹੋਇਆ ਸਾਂ ਤਾਂ ਸਿਆਲ ਦੇ ਦਿਨ ਸਨ। ਜਦ ਪੰਜ ਕੁ ਵੱਜਣ ਲੱਗੇ ਤਾ ਆਪ ਜੀ ਨੇ ਪਿੰਡ ਦੀ ਦੁਕਾਨ ਤੋਂ ਨੌਕਰ ਤੋਂ ਸੌਗੀ ਮੰਗਵਾਈ ਅਤੇ 'ਬਾਬਾ' ਜੀ ਵਾਂਗ ਗੁਰੂ ਮਹਾਰਾਜ ਤੋਂ ਭੋਗ ਲੁਆਉਣ ਦੀ ਅਰਦਾਸ ਕਰਕੇ ਕੁਝ ਸੌਗੀ ਦਾਣੇ ਮੈਨੂੰ ਵੀ ਛਕਣ ਨੂੰ ਦਿੱਤੇ। ਮੈਂ ਕਿਹਾ ਆਪ ਜੀ ਛਕੋ, ਤੁਸੀਂ ਪਰਸ਼ਾਦਾ ਨਹੀਂ ਛਕਣਾ, ਮੈਂ ਤਾਂ ਪਰਸ਼ਾਦੇ ਵੀ ਛਕ ਲੈਣੇ ਹਨ। ਆਪ ਜੀ ਦਾ ਹੁਕਮ ਮੰਨ ਕੇ ਮੈਂ ਵੀ ਸੌਗੀ ਛਕ ਲਈ। ਆਪ ਜੀ ਦਿਆਲੂ ਹੋਣ ਕਰਕੇ ਮੈਨੂੰ ਕਹਿਣ ਕਿ ''ਮੈਂ ਤੈਨੂੰ ਦੱਸ ਦਿਆਂ ਕਿ ਮੈਂ ਕਿਉਂ ਅਜਿਹਾ ਕਠਨ ਤਪ ਵਰਗਾ ਪਾਠ ਕਰਦੀ ਹਾਂ ਅਤੇ ਪਰਸ਼ਾਦਾ ਵੀ ਨਹੀਂ ਛਕਦੀ ? ਪਰ ਗੁਰੂ ਸਾਹਿਬ ਨੇ ਕਿਸੇ ਪ੍ਰਾਣੀ ਮਾਤਰ ਨੂੰ ਨਾ ਦੱਸਣ ਦੀ ਹਦਾਇਤ ਮੈਨੂੰ ਕੀਤੀ ਹੋਈ ਹੈ।'' ਮੈਂ ਝੱਟ ਮਾਤਾ ਜੀ ਦੇ ਚਰਨਾਂ ਵਿਚ ਬੇਨਤੀ ਕੀਤੀ ਕਿ ਬੀ ਜੀ ਆਪ ਜੀ ਮੈਨੂੰ ਨਾ ਦੱਸੋ, ਜੇ ਆਪ ਜੀ ਨੂੰ ਨਾ ਦੱਸਣ ਦਾ ਇਲਾਹੀ ਹੁਕਮ ਹਾਸਿਲ ਹੈ। ਮੈਂ ਆਪ ਜੀ ਦੀ ਚੜ੍ਹਦੀ ਕਲਾ ਦਾ ਇੱਛੁਕ ਹਾਂ। ਮੈਂ ਨਹੀਂ ਚਾਹੁੰਦਾ ਆਪ ਜੀ ਨੂੰ ਕੋਈ ਰੂਹਾਨੀ ਘਾਟਾ ਪਵੇ ਮੈਨੂੰ ਦੱਸਣ ਨਾਲ। ਆਪ ਜੀ ਨੇ ਫਿਰ ਇੱਕ ਹੋਰ ਅਜਿਹੀ ਘਟਨਾ ਦੀ ਦਾਸਤਾਂ ਵੀ ਸੁਣਾਈ ਜਦੋਂ ਕਿਸੇ ਨੇ ਚਾਹ ਦਾ ਕੱਪ ਆਪ ਜੀ ਨੂੰ ਪੀਣ ਨੂੰ ਫੜਾ ਦਿੱਤਾ ਸੀ। ਪਰ ਕੁਝ ਮਿੰਟ ਆਪ ਜੀ ਨੇ ਚਾਹ ਦਾ ਕੱਪ ਫੜੀ ਰਖਿਆ ਪਰ ਚਾਹ ਪੀਤੀ ਨਹੀਂ, ਤਦ ਅਚਾਨਕ ਉਸ ਚਾਹ ਫੜਾਉਣ ਵਾਲੇ ਸ਼ਖ਼ਸ ਨੂੰ ਹੀ ਹੁੱਥੂ ਆਉਣ ਉੱਤੇ ਉਹੀ ਚਾਹ ਦਾ ਕੱਪ ਬੀ ਜੀ ਨੇ ਉਸ ਬਜ਼ੁਰਗ ਅੱਗੇ ਕਰ ਦਿੱਤਾ ਤਾਂ ਉਨ੍ਹਾਂ ਉਹ ਚਾਹ ਪੀਤੀ ਅਤੇ ਉਸ ਸਤਿਕਾਰਤ ਬਜ਼ੁਰਗ ਨੂੰ ਹੁੱਥੂ ਤੋਂ ਚੈਨ ਆ ਗਿਆ। ਉਹ ਬਜ਼ੁਰਗ ਬੀ ਜੀ ਦੇ ਸ਼ੁਕਰਗੁਜ਼ਾਰ ਹੋਏ। ਕਿਉਂਕਿ ਉਸ ਵਕਤ ਤੱਕ ਚਾਹ ਵਰਤ ਹਟੀ ਸੀ ਅਤੇ ਹੋਰ ਚਾਹ ਬਚੀ ਨਹੀਂ ਸੀ। ਇਹ ਚੇਤਾ ਨਾ ਭੁੱਲੇ ਕਿ ਇਸ ਪੰਜ ਸਾਲ ਦੇ ਲੰਮੇ ਅਰਸੇ ਦੌਰਾਨ ਇਕ ਵਾਰ ਬੀ ਜੀ ਕੰਮਜ਼ੋਰੀ ਦੀ ਦਸ਼ਾ ਵਿਚ ਸ੍ਰੀ ਦਰਬਾਰ, ਅੰਮ੍ਰਿਤਸਰ ਸਾਹਿਬ ਦਰਸ਼ਣ ਇਸ਼ਨਾਨ ਕਰਨ ਗਏ ਹੋਏ ਦਰਸ਼ਣੀ ਡਿਓਢੀ ਤੋਂ ਦਰਬਾਰ ਸਾਹਿਬ ਵਲ ਨੂੰ ਜਾਂਦਿਆਂ ਡਿਗ ਵੀ ਪਏ ਸਨ। ਪਰ ਸੱਟ ਚੋਟ ਤੋਂ ਬੱਚ ਗਏ ਸਨ। ਚਿਤਾਵਨੀ ਦਿੰਦਿਆਂ ਆਪ ਜੀ ਨੇ ਮੈਨੂੰ ਵਾਰ ਵਾਰ ਇਹੋ ਕਿਹਾ ਕਿ ''ਦੇਖੀਂ! ਤੂੰ ਨਾ ਮੇਰੇ ਵਲਾਂ ਦੇਖ ਕੇ ਕਿਤੇ ਰੋਟੀ ਖਾਣੀ ਛੱਡ ਦਈਂ।''

ਇਹ ਦੱਸਣਾਂ ਕੁਥਾਂ ਨਹੀਂ ਹੋਵੇਗਾ ਕਿ ਇਕ ਵਾਰ ਜਦ ਬੀਜੀ ਹਸਪਤਾਲ ਵਿਖੇ ਬੇਹੋਸ਼ੀ ਦੀ ਹਾਲਤ ਵਿਚ ਜ਼ੇਰੇ-ਇਲਾਜ ਪਏ ਸਨ ਤਾਂ ਡਾਕਟਰਾਂ ਨੇ ਉਨ੍ਹਾਂ ਦੀਆਂ ਸੱਜੇ ਹੱਥ ਦੀਆਂ ਉਂਗਲਾਂ ਇਉਂ ਹਿਲਦੀਆਂ ਸਦੀਵ ਹਰਕਤ ਵਿਚ ਦੇਖੀਆਂ ਜਿਵੇਂ ਆਪ ਜੀ ਮਾਲਾ ਫੇਰ ਰਹੇ ਹੋਣ। ਉਨ੍ਹਾਂ ਭਾਪਾ ਜੀ ਨੂੰ ਪੁਛਿਆ ਕਿ ਮਾਤਾ ਜੀ ਦੀਆਂ ਉਂਗਲਾਂ ਇਸ ਤਰ੍ਹਾਂ ਕਿਉਂ ਹਿਲਦੀਆਂ ਅਤੇ ਲਗਾਤਾਰ ਹਰਕਤ ਵਿਚ ਹਨ? ਤਾਂ ਭਾਪਾ ਜੀ ਨੇ ਉਨ੍ਹਾਂ ਨੂੰ ਦਸਿਆ ਕਿ ਇਹ (ਬੀਜੀ ਵਲ ਨੂੰ ਇਸ਼ਾਰਾ ਕਰਦਿਆਂ) ਸਾਰੀ ਉਮਰ ਇਨ੍ਹਾਂ ਉਂਗਲਾਂ ਨਾਲ ਮਾਲ਼ਾ ਫੇਰਦੀ ਰਹੀ ਹੈ। ਇਸ ਲਈ ਇਹ ਬੇਹੋਸ਼ੀ ਦੀ ਹਾਲਤ ਵਿਚ ਵੀ, ਜਾਣੋ, ਮਾਲਾ ਹੀ ਫੇਰੀ ਜਾਂਦੀ ਹੈ।

ਬੀ ਜੀ ਨੇ ੨੦੦੨ ਵਿਚ ਮੈਨੂੰ ਇੱਕ ਸੱਪ ਦੀ ਉਨ੍ਹਾਂ ਨਾਲ ਵਾਪਰੀ ਘਟਨਾ ਸੁਣਾਈ ਜਿਹੜੀ ਭਾਵੇਂ ਸਾਰੇ ਪਰਵਾਰ ਦੇ ਮੈਂਬਰਾਂ ਲਈ ਇੱਕ ਸੁਖਾਂਤ ਹੀ ਹੋ ਨਿਬੜੀ ਸੀ ਪਰ ਹੈ ਬੜੀ ਰੌਂਗਟੇ ਖੜੇ ਕਰਨ ਵਾਲੀ। ਬੀ ਜੀ ਆਪਣੇ ਮੰਜੇ (ਨਵੀਂ ਕਿਸਮ ਦੇ ਬੈੱਡ) ਉਪਰ ਰਾਤ ਸੁੱਤੇ ਪਏ ਸਨ। ਰਾਤ ਦੇ ਹਨੇਰੇ ਵਿਚ ਇੱਕ ਬਹੁਤ ਵੱਡਾ ਸੱਪ, ਕੰਧ ਦੇ ਪੈਰਾਂ ਵਿਚ ਫ਼ਰਸ਼ ਨੂੰ ਧੋ ਕੇ ਪਾਣੀ ਬਾਹਰ ਕੱਢਣ ਲਈ ਰੱਖੀ ਹੋਈ ਮੋਰੀ ਵਿਚੀਂ, ਆਪ ਜੀ ਦੇ ਮੰਜੇ ਦੇ ਸਿਰ੍ਹਾਣੇ ਵਲੋਂ ਅੰਦਰ ਆ ਵੜਿਆ। ਉਸ ਮੋਰੀ ਦੇ ਸੌਂਹੇ ਆਪ ਜੀ ਦਾ ਮੰਜਾ ਸੀ। ਸੱਪ ਉਸ ਮੰਜੇ ਦੇ ਸੱਜੇ ਪਾਵੇ ਉਪਰ ਆ ਚੜ੍ਹਿਆ। ਫੇਰ ਮੰਜੇ ਦੇ ਉਪਰ ਬੀਜੀ ਦੇ ਸੱਜੇ ਪਾਸਿਓਂ ਦੀ ਬਿਸਤਰੇ ਉਪਰ ਦੀ ਪੌਂਦ ਵਲ ਨੂੰ ਰੀਗਦਾ ਗਿਆ। ਇਸ ਕਿਰਿਆ ਦੌਰਾਨ ਉਹ ਬੀਜੀ ਦੀ ਸੱਜੀ ਲੱਤ ਨਾਲ ਘਿਸਰਦਾ ਲੰਘਿਆ ਤਾਂ ਆਪ ਜੀ ਨੂੰ ਜਾਗ ਆ ਗਈ। ਅਤੇ ਇਹ ਭਾਂਪ ਕੇ ਕਿ ਇਹ ਸੱਪ ਹੈ, ਆਪ ਜੀ ਆਪਣੇ ਰੱਬ ਦੇ ਧਿਆਨ ਮਗਨ ਹੋ ਗਏ, ਕਿ ਸ਼ਾਇਦ ਉਹ ਆਪ ਜੀ ਦਾ ਅੰਤ ਕਰਨ ਆਇਆ ਹੈ। ਨਾਲ ਸੱਪ ਦੀ ਹਰਕਤ ਵਲ ਵੀ ਨਜ਼ਰ ਰੱਖੀ ਛੱਡੀ। ਸੱਪ ਪੌਂਦ ਵਾਲੇ ਪਾਵੇ ਉਪਰ ਜਾ ਕੇ, ਇੱਕ ਹੱਥ ਉੱਚਾ ਖੜਾ ਹੋ ਕੇ, ਕੁਝ ਸੈਕੰਡ ਕੁਝ ਦੇਖਦਾ ਰਿਹਾ। ਬੀਜੀ ਆਪਣੇ ਰੱਬ ਨਾਲ ਆਪਣੇ ਬਚਾੱ ਦੇ ਸੰਵਾਦ ਵਿਚ ਮਸਰੂਫ਼ ਰਹੇ। ਸੱਪ ਏਨੇ ਨੂੰ ਉਤਰ ਕੇ ਫਰਸ਼ ਉੱਤੇ ਰੀਂਗਦਾ ਅਗਾਂਹ ਵਰਾਂਡੇ ਵਿਚੀਂ ਨਿਕਲ ਕੇ ਗੁਆਂਢੀਆਂ ਦੇ ਵੀਰਾਨ ਪਏ ਮਕਾਨ ਵਲ ਨੁੰ ਚਲਾ ਗਿਆ। ਜਦ ਸਵੇਰ ਹੋਈ ਤਾਂ ਆਪ ਜੀ ਨੇ ਸਾਰੇ ਪਰਵਾਰ ਨਾਲ ਇਹ ਘਟਨਾ ਸਾਂਝੀ ਕੀਤੀ ਕਿ ਕਿਵੇਂ ਰਾਤੀਂ ਸੱਪ ਤੋਂ ਆਪ ਜੀ ਦਾ ਰੱਬ ਨੇ ਬਚਾੱ ਕੀਤਾ ਸੀ।

ਸਾਡੇ ਬੀਜੀ ਦੇ ਪੰਜ ਭੌਤਿਕ ਜਿਸਮ ਦਾ ਅੰਤ ਜੁਲਾਈ ੨੦੧੩ ਨੂੰ ਇਉਂ ਹੋਇਆ ਕਿ ਅਖੀਰ ਵੇਲੇ ਆਪ ਜੀ ਬੋਲਣੋਂ ਵੀ ਅਸਮਰਥ ਅਤੇ ਅਵਾਜ਼ਾਰ ਹੋ ਗਏ ਸਨ। ਐਸਾ ਵੀ ਵਕਤ ਆਇਆ ਕਿ ਨਾ ਕਿਸੇ ਨੂੰ ਪਛਾਨਣ ਨਾ ਬੁਲਾਉਣ। ਮੁਕਦੀ ਗੱਲ, ਜੀ! ਆਪ ਜੀ ਦਾ ਇਸ ਮਿੱਟੀ ਦੀ ਮੜੋਲੀ ਨੂੰ ਛੱਡ ਅਕਾਲ ਦੇ ਦੇਸ਼, ਸੱਚਖੰਡ, ਨੂੰ ਜਾਣ ਦਾ ਵਕਤ ਆਣ ਪਹੁੰਚਾ ਸੀ। ਭੈਣ ਜੀ ਅਤੇ ਭਾਜੀ ਦੀ ਦਿਨ ਰਾਤ ਦੀ ਅਣਥੱਕ ਸੇਵਾ ਥਾਏਂ ਪਈ ਅਤੇ ਬੀ ਜੀ ਇਕ ਵਾਰ ਤੰਦਰੁਸਤ ਵੀ ਹੋ ਗਏ ਸਨ, ਚਿਹਰਾ ਵੀ ਟਹਿਕ ਪਿਆ ਸੀ, ਗੱਲਾਂ ਵੀ ਕਰਨ ਲੱਗ ਪਏ। ਪਰ ਦੂਏ ਦਿਨ, ਐਸੇ ਢਿਲੇ ਹੋਏ ਕਿ ਮੁੜ ਰਾਤ ਸੁੱਤਿਆਂ ਉਠੇ ਨਹੀਂ। ਇਹ ਗੱਲ ੨੨ ਜੁਲਾਈ ੨੦੧੩ ਈ. ਦੀ ਸਵੇਰ ਸਾਰ ਦੀ ਸੀ। ਹਸਪਤਾਲ ਵਾਲਿਆਂ, ਸੁਵਖਤੇ ਪਹੁੰਚੇ ਭੈਣ ਜੀ ਅਤੇ ਭਾਜੀ ਨੂੰ, ਰਾਤ ਮਾਤਾ ਜੀ ਦੇ ਉੱਚੇ ਰੂਹਾਨੀ ਮੰਡਲਾਂ ਦੇ ਸਾਰੀ ਉਮਰ ਭਰ ਦੇ ਸਫਲ ਉਡਾਰੂ ਪਰ ਨਿਰਮਲ ਭੌਰ, ਦੇ ਸਦਾ ਲਈ ਲੰਮੀ ਉਡਾਰੀ ਮਾਰ ਜਾਣ ਵਾਰੇ ਆਗਾਹ (ਜਾਣੂੰ ਕਰਾ) ਕਰ ਦਿੱਤਾ ਕਿ ਤੁਹਾਡੇ ਮਾਤਾ ਜੀ ਤਾਂ ਅਗਲੇ ਸੰਸਾਰ ਨੂੰ ਰਾਤੀਂ ਕੂਚ ਕਰ ਚੁੱਕੇ ਸਨ।

ਆਹ! ਅਲਾਹ ਮਗ਼ਫ਼ਰਤ (ਬਖ਼ਸ਼ ਲਵੇ) ਕਰੇ! ਜਾਂ ਰੱਬ ਉਨ੍ਹਾਂ ਦੀ ਪਵਿੱਤਰ ਰੂਹ ਨੂੰ ਸ਼ਾਂਤੀ ਬਖ਼ਸ਼ੇ, ਆਪਣੇ ਚਰਨਾਂ ਵਿਚ ਨਿਵਾਸ ਦੇਵੇ! ਸਾਡੀ ਮਾਤਾ ਇਕ ਉੱਚੀ ਅਜਬ ਅਜਾਬ ਰੂਹ ਸਨ, ਜਿਸ ਦੀ ਅਸੀਂ ਦੁਨੀਆਂਦਾਰ ਜੀਵ ਏਡੀ ਕਦਰ ਨਾ ਕਰ ਸਕੇ ਜਿੰਨੀ ਸਾਨੂੰ ਕਰਨੀ ਚਾਹੀਦੀ ਸੀ। ਅਸੀਂ ਸਾਰੇ ਉਸੇ ਸਵਾਰਥੀ ਜਗਤ ਦਾ ਅਨਿੱਖੜ ਹਿੱਸਾ ਹਾਂ, ਜਿਸ ਵਾਰੇ ਦਾਨਿਆਂ ਨੇ ਕਿਹਾ ਹੈ ਕਿ, ਹੇ ਜਗਤ! ਤੂੰ ਰੱਬੀ ਜੀਊੜਿਆਂ ਦੀ ਕਦੇ ਕਦਰ ਨਾ ਕੀਤੀ। ਕਦੇ ਤੂੰ ਅਜਿਹੀਆਂ ਰੂਹਾਨੀ ਔਜ ਵਾਲੀਆਂ ਰੂਹਾਂ ਨੂੰ ਤੱਤੀ ਤਵੀ ਉਤੇ ਬਿਠਾ ਕੇ ਤਸੀਹੇ ਦਿੱਤੇ, ਕਦੇ ਤੂੰ ਉਨ੍ਹਾਂ ਦੀਆਂ ਰੰਬੀਆਂ ਨਾਲ ਖੋਪਰੀਆਂ ਲਾਹੀਆਂ। ਕਦੇ ਦੇਗਾਂ ਵਿਚ ਉਬਾਲਿਆ ਅਤੇ ਕਦੇ ਫੱਟਿਆਂ ਨਾਲ ਬੰਨ੍ਹ ਬੰਨ੍ਹ ਚੀਰਿਆ। ਪਰ ਆਪ ਹਰਗਿਜ਼ ਨਾ ਪਤੀਜਿਆ ਅਤੇ ਨਾ ਕੁਝ ਸਿਖਿਆ। ਜੇ ਉਹ ਰੂਹਾਂ ਤੇਰੇ ਘਰ ਵਿਚ ਤੇਰੇ ਵਰਗੀਆਂ ਬਣ ਕੇ ਵੀ ਆ ਗਈਆਂ, ਜਿਹੜੀ ਤੇਰੀ ਆਪਣੀ ਹੀ ਮੰਗ ਅਤੇ ਅਰਦਾਸ ਦਾ ਫਲ ਸੀ, ਤਾਂ ਤੈਨੂੰ ਰੱਬ ਨੇ ਉਹਨਾਂ ਨੂੰ ਦੇਖਣ ਅਤੇ ਪਛਾਨਣ ਲਈ ਅੱਖ ਨਾ ਦਿੱਤੀ। ਤੇਰੇ ਹਨ੍ਹੇਰ ਦੇ ਛਉੜ ਉਵੇਂ ਦੇ ਉਵੇਂ ਹੀ ਰਹੇ, ਤੇਤੋਂ ਕੱਟੇ ਨਾ ਗਏ। ਬਾਬੇ ਮਹਿਤੇ ਕਾਲੂ ਦੇ ਪਿਛਲੇ ਜਨਮ ਵਿਚ ਤਪ ਕਰਨ ਅਤੇ ਵਰ ਪ੍ਰਾਪਤ ਹੋਣ ਉੱਤੇ ਉਹਦੇ ਸਿਖਿਆ ਦਾਤੇ ਵਲੋਂ ਦਿੱਤੀ ਚਿਤਾਵਨੀ ਕਿ 'ਜਦ ਤੈਨੂੰ ਮਿਲਾਪ ਹੋਵੇਗਾ ਤਾਂ ਤੂੰ ੪ ਹਨੇਰੇ ਵਿਚ ਹੋਵੇਂਗਾ'ਨੂੰ ਯਾਦ ਕਰੀਏ! ਆਪਾਂ ਖਬਰਦਾਰ ਹੋਈਏ ਅਤੇ ਆਪਣੇ ਗਿਰੀਵਾਨ ਵਿਚ ਨਿਗਾਹ ਮਾਰ ਕੇ ਦੇਖੀਏ! ਕਿਤੇ ਸਾਡੇ ਨਾਲ ਤਾਂ ਨਹੀਂ ਉਹੋ ਕੁਝ ਬਾਬਾ ਮਹਿਤੇ ਕਾਲੂ ਜੀ ਵਾਲਾ ਵਰਤਾਰਾ ਵਰਤ ਰਿਹਾ!

ਵੱਡੇ ਭੈਣ ਜੀ, ਭਾਜੀ ਅਤੇ ਭਾਪਾ ਜੀ, ਜਿਨ੍ਹਾਂ ਨੇ ਸਾਡੇ ਬੀਜੀ ਨੂੰ, ਸਾਡੇ ਸਾਰਿਆਂ ਨਾਲੋਂ ਸਭ ਤੋਂ ਵੱਧ ਸਮੇਂ ਲਈ ਬਹੁਤ ਹੀ ਨੇੜਿਓਂ ਹੋ ਕੇ ਤੱਕਿਆ, ਦੱਸਦੇ ਸਨ ਕਿ ਆਪ ਜੀ ਉਚਕੋਟੀ ਦੇ ਗੁਰਸਿੱਖ ਸਨ। ਪੰਜਾਂ ਬਾਣੀਆਂ ਅਤੇ ਸੁਖਮਨੀ ਸਾਹਿਬ ਦੇ ਪਾਠ ਤੋਂ ਵਾਧੂ, ਹਰ ਵੇਲੇ ਸਦਾ ਹੀ ਨਾਮ ਸਿਮਰਦੇ ਰਹਿੰਦੇ ਸਨ। ਅਸੀਂ ਸਾਰੇ ਬੱਚੇ ਉਨ੍ਹਾਂ ਕੋਲੋਂ ਸਦਾ ਹੀ ਸਿਖਿਆ ਅਤੇ ਰਾਹਨੁਮਾਈ ਹਾਸਿਲ ਕਰਦੇ ਰਹੇ ਸਾਂ। ਆਪ ਜੀ ਨੇ ਸਿੱਖੀ ਦੀ ਗੁੜ੍ਹਤੀ ਆਪਣੇ ਪੂਜਯ ਪਿਤਾ ਜੀ ਤੋਂ ਵਿਰਸੇ ਵਿਚ, ਜਦ ਕਿ ਸਿੱਖੀ ਰਹਿਤ ਰਹਿਣੀ ਅਤੇ ਅੰਮ੍ਰਿਤ ਦੀ ਦਾਤ, ਸੰਤ ਬਾਬਾ ਹਰਨਾਮ ਸਿੰਘ ਜੀ ਤੋਂ ਪੰਜਾਂ ਪਿਆਰਿਆਂ ਦੇ ਰਾਹੀਂ ਗੁ. ਰਾਮ ਪੁਰ ਖੇੜਾ ਤੋਂ ਮੁਹੱਈਆ ਕੀਤੀ ਸੀ। ਸਦਕਾ ਜਿਸ ਦਾ, ਬੀਜੀ ਨੇ ਆਪ ਵੀ ਉਮਰ ਪ੍ਰਯੰਤ ਉੱਚਾ ਗੁਰਸਿੱਖੀ ਵਾਲਾ ਰੂਹਾਨੀ ਜੀਵਨ ਅੱਜ ਦੇ ਯੁਗ ਵਿਚ ਜੀਊ ਕੇ ਇੱਕ ਮਿਸਾਲ ਕਾਇਮ ਕੀਤੀ ਹੈ। ਮੇਰੀ ਜਾਚੇ ਮੇਰੇ ਬੀ ਜੀ ਉਪਰ ਗੁਰਬਾਣੀ ਦੀ ਇਹ ਟੂਕ ਇੰਨ ਬਿੰਨ ਢੁੱਕਦੀ ਹੈ:

ਜਨਮ ਮਰਣ ਦੁਹਹੂ ਮਹਿ ਨਾਹੀ ਜਨ ਪਰਉਪਕਾਰੀ ਆਏ॥
ਜੀਅ ਦਾਨੁ ਦੇ ਭਗਤੀ ਲਾਇਨਿ ਹਰਿ ਸਿਉ ਲੈਨਿ ਮਿਲਾਏ॥

ਅਜਿਹਾ ਉਪਰੋਕਤ ਓਜਮਈ ਰੂਹਾਨੀ ਸਿੱਖੀ ਜੀਵਨ ਆਉਣ ਵਾਲੀਆਂ ਨਸਲਾਂ ਲਈ ਇਕ ਨਮੂਨਾ ਬਣ ਗਿਆ ਹੈ। (ਭਾਵੇਂ, ਉਨ੍ਹਾਂ ਦੇ ਰੂਹਾਨੀ ਜੀਵਨ ਦਾ ਬਹੁਤ ਵੱਡਾ ਹਿੱਸਾ ਅਜੇ ਅਣਲਿਖਿਆ ਤੇ ਅਣਛੋਹਿਆ ਰਹਿ ਗਿਆ ਹੈ।)

ਨੋਟ:- ਜਦ ਮੈਨੂੰ ਮੇਰੇ ਮਾਤਾ ਜੀ ਦੇ ਅਕਾਲ ਚਲਾਣੇ ਦਾ ਪਤਾ ਲੱਗਾ ਤਾਂ ਮੇਰੇ ਬਹੁਤਾ ਰੁਦਨ ਕਰਨ ਉੱਤੇ ਭੈਣ ਜੀ ਨੇ ਦਸਿਆ ਕਿ ਜਦ ਮੇਰੇ ਪੂਜਯ ਬੀਜੀ ਹਸਪਤਾਲ ਵਿਖੇ ਜ਼ੇਰੇ-ਇਲਾਜ ਸਨ ਤਾਂ ਉਨ੍ਹਾਂ ਇਕ ਦਿਨ ਗੱਲੀਂ ਗੱਲੀਂ ਇਸ਼ਾਰਾ ਮਾਰ ਦਿੱਤਾ ਸੀ ਕਿ ''ਹੁਣ, ਆਪਣੇ ਘਰ ਨੂੰ ਚਲੀਏ''। ਇਹ ਸੁਣ ਕੇ ਭੈਣ ਜੀ ਨੇ ਪੁਛਿਆ ਕਿ ''ਉਨ੍ਹਾਂ ਆਪਣੇ ਘਰਦਿਆਂ ਨਾਲ ਵੀ ਸਲਾਹ ਕਰ ਲਈ ਹੈ ?'' ਤਾਂ ਉਨ੍ਹਾਂ ਨੈਣ ਮੁੰਦ ਲਏ ਸਨ, ਬੋਲੇ ਕੁਝ ਨਹੀਂ। ਜਿਸ ਗੱਲ ਤੋਂ ਭੈਣ ਜੀ ਸਮਝ ਗਏ ਸਨ ਕਿ ਹੁਣ ਮਾਤਾ ਜੀ ਨੇ ਆਪਣੀ ਪੰਜ ਭੌਤਿਕ ਮਿੱਟੀ ਦੀ ਮੜੌਲੀ ਨੂੰ ਛੱਡਣ ਦਾ ਭਾਣਾਂ ਵਰਤਾ ਜਾਣਾ ਹੈ। ਰੂਹਾਨੀ ਮੰਡਲਾਂ ਦੀਆਂ ਉਚੇਰੀਆਂ ਬੁਲੰਦੀਆਂ ਦੀਆਂ ਸਫਲ ਉਡਾਰੂ ਰੂਹਾਂ ਦੇ ਅਜਿਹੇ ਗੂੜ੍ਹ ਰੂਹਾਨੀ ਸੰਵਾਦ ਨੂੰ ਕੋਈ ਦੁਨੀਆਂਦਾਰ ਕੀ ਸਮਝੇ!?


- ਅਮਰੀਕ ਸਿੰਘ ਧੌਲ
੦੯/੦੫/੨੦੧੮

ਹਵਾਲੇ:-

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਪੰਨਾ ੨੮੧,
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਪੰਨਾ ੬੭੧
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਪੰਨਾ ੧੩੮੪
ਸ੍ਰੀ ਗੁਰੂ ਨਾਨਕ ਚਮਤਕਾਰ, ਭਾਗ ਪਹਿਲਾ, ੨੦੦੩, ਖ਼ਾਲਸਾ ਸਮਾਚਾਰ, ਸਫਾ ੬੦
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਸੂਹੀ ਮਹਲਾ ੫, ਪੰਨਾ ੭੪੯


ਵਾਧੂ ਘਾਟੂ ਲ਼ਫਜ਼:-

ਭੈਣ ਜੀ ਨੇ ਦਸਿਆ ਸੀ ਕਿ ਬੀ ਜੀ ਆਪਣੀ ਮਿੱਟੀ ਦੀ ਮੜੋਲੀ ਨੂੰ ਤਿਆਗਣ ਤੋਂ ਕਾਫੀ ਅਰਸਾ ਪਹਿਲਾਂ ਹਸਪਤਾਲ ਵਿਖੇ ਇੱਕ ਦਿਨ ਭੈਣ ਜੀ ਨਾਲ ਗੱਲਾਂ ਕਰਦਿਆਂ ਕਰਦਿਆਂ ਕਹਿ ਗਏ ਸਨ ਕਿ: 'ਚਲੋ ਘਰ ਨੂੰ ਚਲੀਏ ਹੁਣ'। ਤਾਂ ਭੈਣ ਜੀ ਨੇ ਸਹਿ ਸੂਤ ਹੀ ਮੋਹਰਿਓਂ ਕਹਿ ਦਿੱਤਾ ਕਿ ''ਕੀ ਘਰਦਿਆਂ ਨਾਲ ਤੁਸੀਂ ਸਲਾਹ ਕਰ ਲਈ ਹੈ?'' ਤਾਂ ਸਾਡੇ ਬੀ ਜੀ ਨੇ ਕੋਈ ਜਵਾਬ ਨਾ ਸੀ ਦਿੱਤਾ


ਮੇਰੇ ਬੀ ਜੀ ਨੇ ੧੯੭੩ ਤੋਂ ੧੯੭੮ ਤੱਕ ਲਗਾਤਾਰ ਪੰਜ ਸਾਲ ਪਰਸ਼ਾਦਾ ਨਹੀਂ ਛਕਿਆ। ਕੋਈ ਪਾਠ ਕਰਦੇ ਸਨ। ਆਹਾਰ ਜ਼ਰੂਰ ਕਰਦੇ ਸਨ ਪਰ ਗੁਰੁ ਹੁਕਮ ਵਿਚ।ਏਸੇ ਹੀ ਅਰਸੇ ਦੌਰਾਨ, ਸਿਆਲ਼ ਦੇ ਦਿਨ ਸਨ, ਉਨ੍ਹਾਂ ਨੌਕਰ ਤੋਂ ਪਿੰਡ ਦੀ ਦੁਕਾਨੋਂ ਸੌਗੀ ਮੰਗਵਾਈ ਅਤੇ ਮੈਨੂੰ ਵੀ ਕੁਝ ਸੌਗੀ ਦਾਣੇ ਖਾਣ ਨੂੰ ਦਿਤੇ। ਬੀਜੀ ਮੈਨੂੰ ਇਕ ਦਿਨ ਕਹਿਣ ਕਿ ਤੈਨੂੰ ਦੱਸ ਦਿਆਂ ਕਿ ਮੈਂ ਕਿਉਂ ਪਰਸ਼ਾਦਾ ਨਹੀਂ ਛਕਦੀ ? ਨਾਲ ਹੀ ਉਨ੍ਹਾਂ ਇਹ ਇਜ਼ਹਾਰ ਕੀਤਾ ਕਿ ਆਪ ਜੀ ਨੂੰ ਕਿਸੇ ਪ੍ਰਾਣੀ ਮਾਤਰ ਨੂੰ ਦੱਸਣ ਦਾ ਹੁਕਮ ਨਹੀਂ ਹੈ। ਮੈਂ ਤਦ ਬੇਨਤੀ ਕੀਤੀ ਕਿ ਬੀ ਜੀ ਤੁਸੀਂ ਮੈਂਨੂੰ ਨਾ ਦੱਸੋ ਕਿਉਂਕਿ ਮੈਂ ਆਂਪ ਜੀ ਦੀ ਚੜ੍ਹਦੀ ਕਲਾ ਦਾ ਇੱਛੁਕ ਹਾਂ । ਇਹ ਅਸਰਾਰ (ਭੇਤ) ਮਿਰ ਕੋਲ ਪ੍ਰਗਟ ਕਰਨ ਨਾਲ ਇੱਕ ਤਾਂ ਗੁਰੂ ਜੀ ਦੀ ਹੁਕਮ ਅਦੂਲੀ ਹੋਵੇਗੀ, ਤੇ ਦੂਜਾ ਮੇਰੇ ਮਨ ਨੂੰ ਵੀ ਕਸ਼ਟ ਹੋਵੇਗਾ ਅਤੇ ਆਪ ਜੀ ਨੂੰ ਵੀ ਖੇਦ ਪਹੁੰਚੇਗਾ। ਇਸ ਵਕਤ ਦੌਰਾਨ ਆਪ ਜੀ ਮੈਨੂੰ ਵਾਰ ਵਾਰ ਇਹ ਹਦਾਇਤ ਕਰਦੇ ਰਹਿੰਦੇ ਸਨ ਕਿ ਮੈਂ ਉਨ੍ਹਾਂ ਵਲਾਂ ਦੇਖ ਕੇ ਰੋਟੀ ਖਾਣੀ ਨਹੀਂ ਛੱਡਣੀ।




.