.

ਹਰਿ ਜਨੁ ਐਸਾ ਚਾਹੀਐ

** ਹਰਿ: ਰੱਬ, ਅੱਲਾ, ਖ਼ੁਦਾ।

** ਜਨੁ: ਸੇਵਕ, ਦਾਸ, ਬੱਚਾ।

** ਐਸਾ: ਇਸ ਤਰਾਂ ਦਾ, ਅਜੇਹਾ, ਇਸ ਪ੍ਰਕਾਰ ਦਾ।

** ਚਾਹੀਐ: ਹੋਣਾ ਚਾਹੀਦਾ ਹੈ, ਲੋੜੀਏ, ਮੰਗੀਏ, ਚਾਹੀਦਾ ਹੈ।

** ਹਰਿ ਜਨੁ ਐਸਾ ਚਾਹੀਐ ਜੈਸਾ ਹਰਿ ਹੀ ਹੋਇ ॥੧੪੯॥

** ਜੈਸਾ: ਜਿਸ ਤਰਾਂ ਦਾ, ਜੇਹਾ, ਜਿਸ ਪ੍ਰਕਾਰ ਦਾ।

** ਹਰਿ: ਰੱਬ, ਅੱਲਾ, ਖ਼ੁਦਾ, ਕੁੱਦਰਤ, ਪਾਂਰਬ੍ਰਹਮ, ਪ੍ਰਮੇਸ਼ਰ, ਭਗਵਾਨ, ਵਾਹਿਗੁਰੂ, ਬੀਠਲ, ਮਾਧਵ।

** ਹੀ: ਕੇਵਲ, ਵਰਗਾ।

** ਹੋਇ: ਹੋਣਾ, ਉਸੇ ਵਰਗਾ।

*** ਰੱਬ, ਅੱਲਾ, ਖ਼ੁਦਾ, ਕੁੱਦਰਤ, ਪਾਂਰਬ੍ਰਹਮ, ਪ੍ਰਮੇਸ਼ਰ, ਭਗਵਾਨ, ਵਾਹਿਗੁਰੂ ਜੀ, ਦਾ ਸੇਵਕ, ਦਾਸ,

ਬੱਚਾ,

ਰੱਬ, ਅੱਲਾ, ਖ਼ੁਦਾ, ਕੁੱਦਰਤ, ਪਾਂਰਬ੍ਰਹਮ, ਪ੍ਰਮੇਸ਼ਰ, ਭਗਵਾਨ, ਵਾਹਿਗੁਰੂ ਜੀ, ਵਰਗਾ ਹੀ ਹੋਣਾ

ਚਾਹੀਦਾ ਹੈ।

*** ਬਾਬਾ ਭਗਤ ਕਬੀਰ ਜੀ ਦੀ ਵਿਚਾਰਧਾਰਾ ਬੜੀ ਬਾ-ਕਾਮਾਲ ਫਲਾਸ਼ਫੀ ਹੈ। ਇਤਨੀ ਡੂੰਗਿਆਈ ਤਕ ਜਾਂਦੇ ਹਨ ਕਿ ਦਿਲ ਅਸ਼-ਅਸ਼ ਕਰਨ ਲੱਗਦਾ ਹੈ। ਬਾਬਾ ਜੀ ਦੀ ਨਿਰਭਉਤਾ, ਨਿਰਵੈਰਤਾ, ਅਤੇ ਪਰ-ਉਪਕਾਰਤਾ ਨੂੰ ਸਿਰ ਝੁਕਦਾ ਹੈ।

*** ਇਸੇ ਉੱਪਰਲੀ ਪੰਕਤੀ ਨੂੰ ਲੈਕੇ ਵਿਚਾਰ ਕਰੀਏ ਕਿ "ਹਰਿ ਜਨੁ ਐਸਾ ਚਾਹੀਐ ਜੈਸਾ ਹਰਿ ਹੀ ਹੋਇ"। ਬਾਬਾ ਕਬੀਰ ਜੀ ਮਨੁੱਖ ਨੂੰ ਇਹ ਸਲਾਹ ਦੇ ਰਹੇ ਹਨ, ਕਿ ਐ ਮਨੁੱਖ! ! ਆਪਣੇ ਵਰਤਮਾਨ ਜੀਵਨ ਵਿੱਚ ਤੂੰ ਹਰਿ, ਰੱਬ, ਅੱਲਾ, ਖ਼ੁਦਾ ਵਰਗਾ ਬਨਣਾ ਕਰ।

*** ਹੁਣ ਹਰਿ, ਰੱਬ, ਅੱਲਾ, ਖ਼ੁਦਾ ਵਰਗਾ ਬਨਣ ਵਾਸਤੇ ਮਨੁੱਖ ਨੂੰ ਆਪਣੇ ਅੰਦਰ ਸਾਰੇ ਰੱਬੀ ਗੁਣਾਂ ਨੂੰ ਧਾਰਨ ਕਰਨਾ ਹਵੇਗਾ। ਇਥੇ ਫਿਰ ਸਵਾਲ ਆਏਗਾ ਕਿ ਕਿਹੜੇ ਕਿਹੜੇ ਰੱਬੀ ਗੁਣਾਂ ਨੂੰ ਧਾਰਨ ਕੀਤਾ ਜਾਏ ਤਾਂ ਕਿ ਹਰਿ, ਰੱਬ, ਅੱਲਾ, ਖ਼ੁਦਾ ਵਰਗਾ ਬਣਿਆ ਜਾ ਸਕੇ।

*** ਰੱਬੀ ਗੁਣ ਹਨ:

ਸੱਚ, ਪਿਆਰ, ਮੁਹੱਬਤ, ਪਵਿੱਤਰਤਾ, ਸ਼ਾਂਤੀ, ਸਬਰ, ਸ਼ੰਤੋਖ, ਹਲੀਮੀ, ਕੋਮਲਤਾ, ਸਹਿਜਤਾ ਦਇਆਲਤਾ, ਨਿਰਭਉਤਾ, ਨਿਰਵੈਰਤਾ, ਸ਼ਾਂਝੀਵਾਲਤਾ, ਪਰ-ਉੱਪਕਾਰਤਾ ……

*** "ਤੇਰੇ ਕਵਨ ਕਵਨ ਗੁਣ ਕਹਿ ਕਹਿ ਗਾਵਾ ਤੂ ਸਾਹਿਬ ਗੁਣੀ ਨਿਧਾਨਾ"।

*** "ਤੂ ਬੇਅੰਤੁ ਕਉ ਵਿਰਲਾ ਜਾਣੈ॥ ਗੁਰ ਪ੍ਰਸਾਦਿ ਕੋ ਸਬਦਿ ਪਛਾਣੈ॥ ਮ4॥ ਪੰ 562॥

*** ਹਰਿ, ਰੱਬ, ਅੱਲਾ, ਖ਼ੁਦਾ … ਬੇਅੰਤ ਗੁਣਾਂ ਦਾ ਮਾਲਿਕ ਹੈ। ਉਸਦੇ ਸਾਰੇ ਰੱਬੀ-ਗੁਣਾਂ ਦੇ ਅਨੁਸਾਰੀ ਮਨੁੱਖ ਨੇ ਆਪਣਾ ਜੀਵਨ ਬਨਾਉਣਾ ਹੈ।

ਇਹਨਾਂ ਰੱਬੀ ਗੁਣਾਂ ਦੇ ਅਨੁਸਾਰੀ ਸਾਡਾ ਖਾਣ-ਪੀਣ, ਰਹਿਣ-ਸਹਿਣ, ਵਰਤ-ਵਰਤਾਰਾ, ਬੋਲ-ਚਾਲ ਹੋਵੇ ਤਾਂ ਕਿ ਸਾਡਾ ਮਨੁੱਖਾ ਜੀਵਨ ਰੱਬੀ ਗੁਣਾਂ ਦੇ ਅਨੁਸਾਰੀ ਹੋ ਜਾਵੇ।

*** ਬਾਬਾ ਹੋਰੁ ਖਾਣਾ ਖੁਸੀ ਖੁਆਰੁ ॥ਜਿਤੁ ਖਾਧੈ ਤਨੁ ਪੀੜੀਐ ਮਨ ਮਹਿ ਚਲਹਿ ਵਿਕਾਰ ॥੧॥ ਰਹਾਉ ॥

*** ਬਾਬਾ ਹੋਰੁ ਪੈਨਣੁ ਖੁਸੀ ਖੁਆਰੁ ॥ਜਿਤੁ ਪੈਧੈ ਤਨੁ ਪੀੜੀਐ ਮਨ ਮਹਿ ਚਲਹਿ ਵਿਕਾਰ ॥੧॥ ਰਹਾਉ ॥

*** ਬਾਬਾ ਹੋਰੁ ਚੜਣਾ ਖੁਸੀ ਖੁਆਰੁ ॥ਜਿਤੁ ਚੜਿਐ ਤਨੁ ਪੀੜੀਐ ਮਨ ਮਹਿ ਚਲਹਿ ਵਿਕਾਰ ॥੧॥ ਰਹਾਉ ॥

*** ਬਾਬਾ ਹੋਰੁ ਸਉਣਾ ਖੁਸੀ ਖੁਆਰੁ ॥ ਜਿਤੁ ਸੁਤੈ ਤਨੁ ਪੀੜੀਐ ਮਨ ਮਹਿ ਚਲਹਿ ਵਿਕਾਰ ॥੧॥ ਰਹਾਉ ॥੪॥੭

**** ਬਾਬਾ ਕਬੀਰ ਜੀ, ਆਪਣੀ ਬਾਣੀ ਦੇ ਰਾਂਹੀ ਮਨੁੱਖ ਨੂੰ ਨਿਮਰ, ਨਿਰਮਾਨ ਹੋਣ ਦੀ ਜਾਂਝ ਸਿਖਾਂਉਂਦੇ ਹਨ, ਮਨੁੱਖ ਨੂੰ ਮਨ ਦੀ ਗਰੀਬੀ (ਭਾਵ ਹੰਕਾਰ ਤੋਂ ਰਹਿਤ ਹੋਣਾ) ਲਿਆਉਣ ਦੀ ਜਾਂਝ ਦੱਸਦੇ ਹਨ, ਕਿ ਐ ਇਨਸਾਨ ਤੇਰੇ ਵਿੱਚ ਇਤਨੀ ਨਿਰਮਾਨਤਾ ਹੋਵੇ ਕਿ ਤੂੰ ਆਪਣੇ ਆਪ ਨੂੰ ਕਿਸੇ ਕੱਚੇ ਰੱਸਤੇ ਦਾ ਮਿੱਟੀ ਦਾ ਗੋਲਾ-ਗੁੰਮਾ ਬਣ ਜਾ।

*** ਮਿੱਟੀ ਦਾ ਗੋਲਾ-ਗੁੰਮਾ ਬਨਣਾ ਭਾਵ ਹਮੇਸ਼ਾ ਆਪਣੇ ਆਪ ਵਿੱਚ ਨਿਰਮਾਣਤਾ ਵਿੱਚ ਰਹਿਣਾ, ਭਾਵ ਗਰੀਬੀ ਦਾਵੇ ਰਹਿਣਾ। ਤਾਂ ਹੀ ਤੂੰ ਭਗਵਾਨ ਨੂੰ ਮਿਲਣਾ ਕਰ ਸਕਦੇ ਹੈਂ। (ਭਗਵਾਨ ਨੂੰ ਮਿਲਣਾ ਭਾਵ ਰੱਬੀ ਗੁਣਾਂ ਦੇ ਅਨੁਸਾਰੀ ਆਪਣਾ ਮਨੁੱਖਾ ਜੀਵਨ ਜਾਪਣ ਕਰਨਾ ਸੁਰੂ ਕਰਨਾ ਹੀ ਹੈ)

**** "ਕਬੀਰ ਰੋੜਾ ਹੋਇ ਰਹੁ ਬਾਟ ਕਾ ਤਜਿ ਮਨ ਕਾ ਅਭਿਮਾਨ॥ ਐਸਾ ਕੋਈ ਦਾਸ ਹੋਇ ਤਾਹਿ ਮਿਲੈ ਭਗਵਾਨ॥ 146॥

*** (ਬਾਬਾ ਕਬੀਰ ਜੀ ਦੀ ਸੋਚ ਉਡਾਰੀ ਦੀ ਡੂੰਘਾਨ ਦੇਖੋ, ਕਿਵੇਂ ਗਲਾਂ-ਗਲਾਂ ਵਿੱਚ ਕਹਿੰਦੇ ਆਪਣੇ ਆਪ ਨੂੰ ਹਨ, ਪਰ ਇਹ ਗਿਆਨ ਦੇ ਇਸ਼ਾਰੇ ਸਾਡੇ ਮਨੁੱਖਾ ਲਈ ਹਨ) ਕਿ ਐ ਮਨ! ! ਅਗਰ ਤੂੰ ਕਿਸੇ ਕੱਚੇ ਰੱਸਤੇ ਦਾ ਪੱਥਰ ਭਾਵ ਸ਼ਖਤ ਮਿੱਟੀ ਦਾ ਗੋਲਾ/ਗੁੰਮਾ ਤਾਂ ਬਣ ਗਿਆ …… ਤਾਂ … ਤੂੰ ਕਿਸੇ ਦੂਸਰੇ ਪ੍ਰਾਣੀ … ਭਾਵ ਕਿਸੇ ਦੂਸੇ ਪਾਂਧੀ ਨੂੰ ਦੁੱਖ ਦੇ ਸਕਦਾ ਹੈਂ, ਭਾਵ ਕਿਸੇ ਦੂਸਰੇ ਮਨੁੱਖ ਦੇ ਪੈਰਾਂ ਵਿੱਚ ਵੱਜ ਸਕਦਾ ਹੈਂ, ਉਸਨੂੰ ਦੁੱਖ ਤਕਲੀਫ਼ ਦੇ ਸਕਦੇ ਹੈਂ (ਪੱਥਰ ਜਾਣ ਬੁੱਝਕੇ ਕਿਸੇ ਦੇ ਪੈਰਾਂ ਵਿੱਚ ਨਹੀਂ ਵੱਜਦਾ। ਹਮੇਸ਼ਾਂ ਗਲਤੀ ਉਸ ਰਾਹ ਪਰ ਚੱਲਣ ਵਾਲੇ ਪ੍ਰਾਣੀ ਦੀ ਹੁੰਦੀ ਹੈ, ਕਿ ਜਿਸਨੇ ਆਪਣੇ ਰੱਸਤੇ ਵੱਲ ਵੇਖਣ ਦੀ ਬਜਾਏ ਮੂੰਹ ਉਤਾਂਹ ਵੱਲ ਨੂੰ ਚੁੱਕਿਆ ਹੋਵੇਗਾ ਤਾਂ ਪੈਰ ਵਿੱਚ ਪੱਥਰ ਲੱਗਣ ਦੀ ਸੰਭਾਵਨਾ 100% ਬਣ ਜਾਂਦੀ ਹੈ)। ਪਰ ਕਬੀਰ ਸਾਹਿਬ ਪਾਂਧੀ ਨੂੰ ਗਲਤ ਕਹਿਣ ਦੀ ਬਜਾਏ ਆਪਣੀ ਹੀ ਨਿਰਮਾਣਤਾ ਦਾ ਨਿਰੀਖਣ/ਪੁੱਣਛਾਨ ਕਰ ਰਹੇ ਹਨ।

***** ਕਬੀਰ ਰੋੜਾ ਹੂਆ ਤ ਕਿਆ ਭਇਆ ਪੰਥੀ ਕਉ ਦੁਖੁ ਦੇਇ॥ ਐਸਾ ਤੇਰਾ ਦਾਸੁ ਹੈ ਜਿਉ ਧਰਨੀ ਮਹਿ ਖੇਹ॥ 147॥

** ਐ ਕਬੀਰ! ! ਅਗਰ ਤੇਰੀ ਨਿਰਮਾਨਤਾ ਐਸੀ ਹੈ ਕਿ ਤੂੰ ਦੁਨੀਆਂ/ਲੋਕਾਈ ਦੇ ਚੱਲਣ ਵਾਲੇ ਰਾਹ/ਰੱਸਤੇ ਦਾ ਪੱਥਰ ਬਣ ਗਿਆ ਹੈਂ, ਆਪਣੇ ਆਪ ਵਿੱਚ ਨੀਵਾਂਪਣ ਲੈ ਆਂਦਾ ਹੈ, ਪਰ ਤੇਰੀ ਇਹ ਨਿਰਮਾਨਤਾ ਵਿੱਚ ਅਜੇ ਵੀ ਕੋਈ ਕਮੀ ਹੈ, ਕੋਈ ਘਾਟਾ ਹੈ, ਇਹ ਸਹੀ ਨਹੀਂ …… ਕਿਉਂਕਿ ਤੇਰੀ ਇਸ ਨਿਰਮਾਨਤਾ ਵਾਲੀ ਹਸਤੀ ਨਾਲ ਤੂੰ ਕਿਸੇ ਵੀ ਰਾਹੀ /ਪਾਂਧੀ ਦੇ ਪੈਰਾਂ ਵਿੱਚ ਤੁੰ ਵੱਜ ਸਕਦੇ ਹੈਂ, ਉਸਨੂੰ ਤਕਲੀਫ਼ ਦੇ ਸਕਦੇ ਹੈਂ, ਦੁੱਖ ਦੇ ਸਕਦਾ ਹੈਂ।

*** ਸੋ, ਤੂੰ ਇਉਂ ਕਰ …… ਤੂੰ ਧਰਤੀ/ਧਰਨੀ ਦੀ ਖੇਹ ਬਣ ਜਾ, ਭਾਵ ਧੁੱਧਲ ਬਣ ਜਾ, ਭਾਵ ਮਿੱਟੀ ਦੇ ਗੋਲੇ ਦੀ ਜਗਹ ਆਪਣੀ ਸਖ਼ਤੀ ਭਾਵ ਆਪਣਾ ਕਠੌਰ-ਪੁਣਾ ਛੱਡਕੇ ਜ਼ਰਾ-ਜ਼ਰਾ ਹੋ ਜਾ, ਭਾਵ ਬਰੀਕ ਮਿੱਟੀ/ ਧੁੱਧਲ ਬਣ ਜਾ।

** {{{{ (ਧੁੱਧਲ – ਬਰੀਕ, ਮਹੀਨ ਮਿੱਟੀ ਦੇ ਕਣ। ਪਾਉਡਰ ਦੀ ਨਿਆਂਈਂ, ਪਾਉਡਰ ਦੇ ਵਰਗੀ ਬਰੀਕ-ਮਹੀਨ ਮਿੱਟੀ।)

** ਆਮ ਪਿੰਡਾਂ ਵਿੱਚ ਰਹਿਣ ਵਾਲੇ ਵੀਰ-ਭੈਣ ਲੋਕ ਇਹ ਜਾਣਦੇ ਹੋਣਗੇ, ਇਹ ਪਿੰਡਾਂ ਵਿੱਚ ਬੋਲੀ ਜਾਣ ਵਾਲੀ ਬੋਲੀ ਹੈ ਖਾਸ ਕਰਕੇ ਮਾਲਵੇ ਵਾਲੇ ਏਰੀਏ ਦੇ ਵਿਚ। ਪੰਜਾਹਵੇਂ ਸੱਠਵੇਂ ਦਹਾਕੇ ਵਿੱਚ ਜਦੋਂ ਕਿ ਪੰਜਾਬ ਵਿੱਚ ਏਨੀ ਤਰੱਕੀ ਨਹੀਂ ਸੀ ਹੋਈ, ਆਮ ਕਰਕੇ ਸਾਰੇ ਪਾਸੇ ਰਾਹ ਕੱਚੇ ਹੀ ਹੁੰਦੇ ਸਨ। ਆਉਣ ਜਾਣ ਵਾਸਤੇ ਕੋਈ ਸਰਕਾਰੀ ਸਾਧਨ ਵੀ ਨਹੀਂ ਸਨ ਹੁੰਦੇ। ਜਿਆਦਾਤਰ ਲੋਕ ਪੈਦਲ ਹੀ ਸਫ਼ਰ ਕਰਦੇ ਸਨ। ਕਿਸਾਨੀ ਕਰਨ ਵਾਲੇ ਲੋਕਾਂ ਕੋਲ ਆਪਣੇ ਘਰ ਦੀ ਸਵਾਰੀ ਗੱਡਾ ਹੁੰਦਾ ਸੀ। ਲੱਕੜ ਦਾ ਗੱਡਾ। ਆਸੇ ਪਾਸੇ ਦੋ ਲੱਕੜ ਦੇ ਵੱਡੇ ਵੱਡੇ ਪਹੀਏ। ਅੱਗੇ ਬੱਲਦਾ ਨੂੰ ਜੋੜਨ ਵਾਸਤੇ ਜੂਲਾ।

** ਇਹੀ ਗੱਡਾ ਵਿਆਹਾਂ ਸ਼ਾਦੀਆਂ ਵਿੱਚ ਆਉਣ ਜਾਣ ਲਈ ਕੰਮ ਆਉਂਦਾ। ਕਿਸਾਨੀ ਦੇ ਕੰਮ ਵਿੱਚ ਵੀ ਇਹ ਗੱਡਾ ਸੱਭ ਤੋਂ ਵੱਧ ਕੰਮ ਆਉਦਾ। ਕਣਕਾਂ ਪੱਕ ਜਾਂਦੀਆਂ ਤਾਂ ਕਣਕ ਵੱਢ ਕੇ ਲਾਣ ਨੂੰ (ਵੱਢੀ ਹੋਈ ਕਣਕ ਦੇ ਢੇਰ) ਗਾਹੁਣ ਵਾਸਤੇ ਪਿੰਡ ਨਜ਼ਦੀਕ ਪਿੱੜਾਂ ਵਿੱਚ ਲੈਕੇ ਜਾਣ ਵਾਸਤੇ ਗੱਡਾ ਹੀ ਕੇਵਲ ਸਾਧਨ ਸੀ।

*** ਪਿੰਡਾਂ ਦੇ ਰਾਹ ਕੱਚੇ ਹੋਣ ਕਰਕੇ ਜਦ ਗੱਡਾ ਇਹਨਾਂ ਕੱਚੇ ਰਾਹਾਂ ਉੱਪਰ ਚੱਲਦਾ ਤਾਂ ਆਪਣਾ ਇੱਕ ਰਾਹ ਬਣਾਉਂਦਾ ਜਾਂਦਾ। ਅੱਗੇ ਅੱਗੇ ਬਲਦਾਂ ਨੇ ਚੱਲਣਾ, ਪਿੱਛੇ ਪਿੱਛੇ ਦੋਨੋਂ ਪਾਸੀਂ ਦੋ ਵੱਡੇ ਵੱਡੇ ਲੱਕੜ ਦੇ ਪਹੀਏ, ਜਦ ਚੱਲਦੇ ਤਾਂ ਬੱਲਦਾਂ ਦੇ ਪੈਰਾਂ ਥੱਲੇ ਅਤੇ ਗੱਡੇ ਦੇ ਪਹੀਆਂ ਥੱਲੇ ਆਈ ਮਿੱਟੀ ਬਹੁੱਤ ਬਰੀਕ/ਮਹੀਨ ਹੋ ਜਾਂਦੀ। ਇਸੇ ਬਰੀਕ ਮਹੀਨ ਮਿੱਟੀ ਨੂੰ ਧੁੱਧਲ/ਖੇਹ ਕਿਹਾ ਜਾਂਦਾ ਹੈ।}}}}

**** ਬਾਬਾ ਕਬੀਰ ਜੀ ਨੇ ਪਹਿਲਾਂ ਆਪਣੇ ਆਪ ਨੂੰ ਪੱਥਰ ਬਨਣ ਲਈ ਕਿਹਾ, ਕਿਉਂਕਿ ਪੱਥਰ ਦੀ ਜਗਹ ਪੈਰਾਂ ਵਿੱਚ ਹੈ। ਫਿਰ ਪੱਥਰ ਵਿਚਲੇ ਔਗੁਣ ਦੀ ਪਹਿਚਾਨ ਕਰਕੇ ਉਸ ਤੋਂ ਹੋਰ ਥੱਲੇ ਵਾਲੀ ਨੀਵਾਨਤਾ ਦੀ ਪਾਦਾਨ ਉੱਪਰ ਚੱਲਣ ਲਈ ਆਪਣੇ ਆਪ ਨੂੰ ਕਹਿ ਰਹੇ ਹਨ।

** ਹੁਣ ਪੱਥਰ ਤੋਂ ਖੇਹ ਬਣ ਗਏ, ਮਿੱਟੀ ਧੁੱਧਲ ਬਣ ਗਏ। ਹੁਣ ਕਿਸੇ ਦੇ ਪੈਰ ਵਿੱਚ ਵੱਜਣ ਤੇ ਕਿਸੇ ਨੂੰ ਤਕਲੀਫ਼ ਨਹੀਂ ਹੋਵੇਗੀ ਕਿਉਂਕਿ ਧੁੱਧਲ-ਮਿੱਟੀ ਵਿੱਚ ਸਖ਼ਤੀ ਨਹੀਂ ਹੁੰਦੀ, ਉਹ ਤਾਂ ਪਾਉਡਰ ਦੀ ਨਿਆਈਂ ਜੋ ਹੋਈ। ਚਲੋ ਨਿਮਰਤਾ ਤਾਂ ਆਈ, ਇਸ ਨੂੰ ਮਨ ਦੀ ਗਰੀਬੀ ਕਹਿੰਦੇ ਹਨ।

*** ਪਰ ਬਾਬਾ ਕਬੀਰ ਜੀ ਦੇ ਮਨ ਵਿੱਚ ਅਜੇ ਤਸੱਲੀ ਨਹੀਂ ਹੋ ਰਹੀ, ਮਨ ਵਿੱਚ ਵਿਆਕੁਲਤਾ ਹੈ। ਉਹ ਹੋਰ ਵੀ ਡੂੰਗਿਆਈ ਵਿੱਚ ਜਾਂਦੇ ਹੋਏ, ਵਿਚਾਰਦੇ ਹਨ ……

"ਕਬੀਰ ਖੇਹ ਹੁਈ ਤਉ ਕਿਆ ਭਇਆ ਜਉ ਉਡਿ ਲਾਗੈ ਅੰਗ॥ ਹਰਿ ਜਨੁ ਐਸਾ ਚਾਹੀਐ ਜਿਉਂ ਪਾਨੀ ਸਰਬੰਗ॥" 148॥

*** ਬਾਬਾ ਕਬੀਰ ਜੀ ਖੇਹ/ਧੁੱਧਲ ਬਣ ਕੇ ਵੀ ਆਪਣੇ ਆਪ ਵਿੱਚ ਔਗੁਣ ਵੇਖ ਰਹੇ ਹਨ ਕਿ ਇਹ ਖੇਹ/ਧੁੱਧਲ ਮਿੱਟੀ, ਹਵਾ ਨਾਲ ਉੱਡ ਉੱਡ ਕੇ ਹਰ ਕਿਸੇ ਦੇ ਅੰਗਾਂ ਮੂੰਹ ਸਿਰ ਉੱਪਰ ਪੈ ਜਾਂਦੀ ਹੈ। ਹਰ ਕਿਸੇ ਦੇ ਸਿਰ ਮੂੰਹ ਹੱਥ ਗੰਦੇ ਹੋ ਜਾਂਦੇ ਹਨ। ਸਾਰਿਆਂ ਨੂੰ ਸਫ਼ਾਈ ਕਰਨੀ ਪੈਂਦੀ ਹੈ। ਇਹ ਤਾਂ ਲੋਕਾਂ ਵਾਸਤੇ ਹੋਰ ਵੀ ਸਿਰਦਰਦੀ ਵਾਲਾ ਕੰਮ ਹੋ ਗਿਆ। ਸਾਰੇ ਹੀ ਇਸ ਖੇਹ/ਧੁੱਧਲ਼ ਮਿੱਟੀ ਤੋਂ ਪਰੇਸ਼ਾਨ ਹੋ ਰਹੇ ਹਨ।

** ਕਬੀਰ ਸਾਹਿਬ ਜੀ ਮਹਿਸੂਸ ਕਰ ਰਹੇ ਹਨ, ਕਿ ਇਹ ਨਿਰਮਾਨਤਾ ਨਹੀਂ ਹੋ ਸਕਦੀ, ਜੋ ਕਿਸੇ ਦੂਸਰੇ ਨੂੰ ਪਰੇਸ਼ਾਨ ਕਰੇ।

** ਨਿਰਮਾਨਤਾ ਤਾਂ ਦੂਸਰਿਆਂ ਲਈ ਭਲਾਈ ਦਾ ਕੰਮ ਕਰਨ ਵਾਸਤੇ ਹੈ। ਭਲਾਈ ਦਾ ਕੰਮਕਾਰ ਕਰਨ ਨਾਲ ਹੀ ਜੀਵਨ ਵਿੱਚ ਸਹਿਜਤਾ ਆ ਸਕਦੀ ਹੈ। ਮਨ ਨੂੰ ਸ਼ਾਤੀ ਮਿਲਦੀ ਹੈ। ਸੋ, ਕਿਉਂ ਨਾ ਇਹ ਖੇਹ/ਮਿੱਟੀ ਧੁੱਧਲ ਲਾਹੁਣ ਵਾਲਾ ਕੰਮ ਕੀਤਾ ਜਾਏ। ਇਹ ਖੇਹ/ਮਿੱਟੀ/ਧੁੱਧਲ ਲਾਹੁਣ ਵਾਲਾ ਕੰਮ ਤਾਂ ਪਾਣੀ ਹੀ ਕਰ ਸਕਦਾ ਹੈ। ਸੋ, ਚਲੋ ਪਾਣੀ ਬਣ ਜਾਂਦੇ ਹਾਂ।

** ਪਾਣੀ ਤਾਂ ਆਮ ਸਾਰੇ ਪ੍ਰਾਣੀਆਂ/ਮਨੁੱਖਾ ਜੀਵਾਂ ਦੀ ਵਰਤੋਂ ਦੀ ਮੁੱਖ ਲੋੜ ਹੈ। ਮਨੁੱਖਾ ਜੀਵਨ ਕੀ, ਬਾਕੀ ਦੇ ਸਾਰੇ ਖਾਣੀਆਂ ਦੇ ਜੀਵਾਂ ਲਈ ਵੀ ਪਾਣੀ ਦੀ ਜਰੂਰਤ ਸੱਭ ਤੋਂ ਪਹਿਲਾਂ ਹੈ।

ਗੁਰਬਾਣੀ ਫੁਰਮਾਨ:

"ਪਹਿਲਾ ਪਾਣੀ ਜੀਉ ਹੈ ਜਿਤੁ ਹਰਿਆ ਸਭੁ ਕੋਇ"॥ ਮ 1॥ ਪੰ 472॥

"ਭਰੀਐ ਹਥੁ ਪੈਰੁ ਤਨੁ ਦੇਹ॥ ਪਾਣੀ ਧੋਤੈ ਉਤਰਸੁ ਖੇਹ॥

ਮੂਤ ਪਲੀਤੀ ਕਪੜੁ ਹੋਇ॥ ਦੇ ਸਾਬੂਣੁ ਲਈਐ ੳਹੁ ਧੋਇ"॥ ਮ 1॥ ਪੰ 4॥

"ਮੁਇਆ ਜੀਵਦਿਆ ਗਤਿ ਹੋਵੈ ਜਾਂ ਸਿਰਿ ਪਾਈਐ ਪਾਣੀ"॥ ਮ 1॥ ਪੰ 149॥

** ਸੋ, ਪਾਣੀ ਜੀਵਨ ਦੀ ਮੁੱਖ ਲੋੜ ਹੈ, ਇਸ ਲਈ ਪਾਣੀ ਵਾਲੇ ਗੁਣਾਂ ਨਾਲ ਆਪਣੇ ਆਪ ਨੂੰ ਸ਼ਾਰ ਸ਼ਾਰ ਕਰਨਾ ਚਾਹੀਦਾ ਹੈ। ਬਾਬਾ ਕਬੀਰ ਜੀ ਆਪਣੀ ਨਿਰਮਾਨਤਾ ਵਿੱਚ ਪਾਣੀ ਵਾਲੇ ਗੁਣ ਧਾਰਨ ਕਰ ਲੈਂਦੇ ਹਨ।

**** ਪਰ ਜਦ ਕਬੀਰ ਜੀ ਆਪਣੀ ਨਿਰਮਾਨਤਾ ਵਿੱਚ ਪਾਣੀ ਵਾਲੇ ਗੁਣਾਂ ਨੂੰ ਧਾਰਨ ਕਰਕੇ ਜੀਵਨ ਜਿਉਂਣਾ ਕਰਦੇ ਹਨ ਤਾਂ ਉਹਨਾਂ ਨੂੰ ਫਿਰ ਵੀ ਆਪਣੇ ਆਪ ਵਿੱਚ ਇੱਕ ਅਧੂਰਾਪਣ ਮਹਿਸੂਸ ਹੁੰਦਾ ਹੈ। ਇੱਕ ਖਾਲੀਪਣ ਮਹਿਸੂਸ ਹੁੰਦਾ ਹੈ। ਉਹਨਾਂ ਦੀ ਤਸੱਲੀ ਨਹੀਂ ਹੋ ਰਹੀ। ਉਹਨਾਂ ਨੂੰ ਪਾਣੀ ਵਿੱਚ ਵੀ ਔਗੁਣ ਨਜ਼ਰ ਆ ਰਹੇ ਹਨ। ਪਾਣੀ ਦੀ ਕਮਜ਼ੋਰੀ ਵਿਖਾਈ ਦੇ ਰਹੀ ਹੈ।

**** "ਕਬੀਰ ਪਾਨੀ ਹੂਆ ਤ ਕਿਆ ਭਇਆ ਸੀਰਾ ਤਾਤਾ ਹੋਇ॥ ਹਰਿ ਜਨੁ ਐਸਾ ਚਾਹੀਐ ਜੈਸਾ ਹਰਿ ਹੀ ਹੋਇ"॥

*** ਪਾਣੀ ਦੀ ਕਮਜ਼ੋਰੀ ਇਹ ਹੈ, ਕਿ ਜਦ ਪਾਣੀ ਥੱਲੇ ਅੱਗ ਬਾਲ ਦਿੱਤੀ ਜਾਏ ਤਾਂ ਇਹ ਗਰਮ ਹੋ ਜਾਂਦਾ ਹੈ। ਉੱਬਲਣ ਲੱਗ ਜਾਂਦਾ ਹੈ। ਕੰਮ ਦਾ ਨਹੀਂ ਰਹਿਦਾ ਭਾਵ ਪੀਣ ਯੋਗ ਨਹੀਂ ਰਹਿੰਦਾ।। ਜਦੋਂ ਕਿਤੇ ਜਿਆਦਾ ਠੰਡਾ ਹੋ ਜਾਏ ਤਾਂ ਜੰਮ ਜਾਂਦਾ ਹੈ। ਬਰਫ਼ ਬਣ ਜਾਂਦਾ ਹੈ। ਪੱਥਰ ਦੀ ਨਿਆਈਂ ਸਖ਼ਤ ਹੋ ਜਾਂਦਾ ਹੈ। ਤਾਂ ਵੀ ਪੀਣ ਯੋਗ ਨਹੀਂ ਰਹਿੰਦਾ। ਕਦੇ ‘ਸੀਰਾ’ ਭਾਵ ਠੰਡਾ ਅਤੇ ਕਦੇ ‘ਤਾਤਾ’ ਭਾਵ ਗਰਮ ਤੱਤਾ ਹੋ ਜਾਂਦਾ ਹੈ ਇਹ ਵੀ ਔਗੁਣ ਹੈ।

*** ਕਬੀਰ ਸਾਹਿਬ ਜੀ ਆਪਣੇ ਜੀਵਨ ਵਿੱਚ ਆਪਣੀ ਨਿਰਮਾਨਤਾ ਨੂੰ ਬਰਕਰਾਰ ਰੱਖਣਾ ਚਹੁੰਦੇ ਹਨ। ਉਹ ਇਸ ਰੱਬੀ ਗੁਣ ‘ਨਿਮਰਤਾ’ ਦਾ ਪੱਲਾ ਨਹੀਂ ਛੱਡਣਾ ਚਹੁੰਦੇ। ਬਾਹਰੀ ਵਸਤਾਂ ਦੇ ਗੁਣ ਔਗੁਣ ਵੇਖਦੇ ਹੋਏ ਆਖਰ ਆਪਣੇ ਨੂੰ ਸਮਝਾਉਂਦੇ ਹਨ, ਕਿ ਹੇ ਕਬੀਰ! ! ! ‘ਹਰਿ-ਜਨ’, ਰੱਬ, ਖ਼ੁਦਾ, ਅੱਲਾ, ਵਾਹਿਗੁਰੂ ਜੀ ਦਾ ਸੇਵਕ, ਬੱਚਾ, ਗੁਲਾਮ ਤਾਂ ‘ਹਰੀ’ ਵਰਗਾ ਹੀ ਚਾਹੀਦਾ ਹੈ। ਉਸ ਵਿੱਚ ਹਰੀ ਦੇ ਸਾਰੇ ਹੀ ਗੁਣ ਚਾਹੀਦੇ ਹਨ। ਰੱਬ, ਖ਼ੁਦਾ, ਅੱਲਾ, ਵਾਹਿਗੁਰੂ ਜੀ ਦੇ ਗੁਣਾਂ ਤੋਂ ਬਿਨਾਂ ਤਾਂ ਮਨੁੱਖਾ ਜੀਵਨ ਜਿਉਂਣ ਦਾ ਤੱਤ-ਸਾਰ ਹੀ ਖਤਮ ਹੋ ਜਾਂਦਾ ਹੈ

**** ਆਸਾ ਮਹਲਾ 5 ਦੁਪਦੇ॥ ਭਈ ਪਰਾਪਤਿ ਮਨੁਖ ਦੇਹੁਰੀਆ॥ ਗੋਬਿੰਦ ਮਿਲਣ ਕੀ ਇਹਤੇਰੀ ਬਰੀਆ॥ ਅਵਰਿ ਕਾਜ ਤੇਰੇ ਕਿਤੇ ਨ ਕਾਮ॥ ਮਿਲੁ ਸਾਧਸੰਗਤਿ ਭਜੁ ਕੇਵਲ ਨਾਮ॥ 1॥ ਸਰੰਜਾਮਿ ਲਾਗੁ ਭਵਜਲ ਤਰਨ ਕੈ॥ ਜਨਮੁ ਬ੍ਰਿਥਾ ਜਾਤ ਰੰਗਿ ਮਾਇਆ ਕੈ॥ 1॥ ਰਹਾਉ॥ ਜਪੁ ਤਪੁ ਸੰਜਮੁ ਧਰਮੁ ਨ ਕਮਾਇਆ॥ ਸੇਵਾ ਸਾਧ ਨ ਜਾਨਿਆ ਹਰਿ ਰਾਇਆ॥ ਕਹੁ ਨਾਨ ਹਮ ਨੀਚ ਕਰੰਮਾ॥ ਸਰਣਿ ਪਰੇ ਕੀ ਰਾਖਹੁ ਸਰਮਾ॥ 2॥ ਪੰ 378॥

**** ਕਬੀਰ ਰੋੜਾ ਹੋਇ ਰਹੁ ਬਾਟ ਕਾ ਤਜਿ ਮਨ ਕਾ ਅਭਿਮਾਨ॥ ਐਸਾ ਕੋਈ ਦਾਸ ਹੋਇ ਤਾਹਿ ਮਿਲੈ ਭਗਵਾਨ॥ 146॥

***** ਕਬੀਰ ਰੋੜਾ ਹੂਆ ਤ ਕਿਆ ਭਇਆ ਪੰਥੀ ਕਉ ਦੁਖੁ ਦੇਇ॥ ਐਸਾ ਤੇਰਾ ਦਾਸੁ ਹੈ ਜਿਉ ਧਰਨੀ ਮਹਿ ਖੇਹ॥ 147॥

**** ਕਬੀਰ ਖੇਹ ਹੁਈ ਤਉ ਕਿਆ ਭਇਆ ਜਉ ਉਡਿ ਲਾਗੈ ਅੰਗ॥ ਹਰਿ ਜਨੁ ਐਸਾ ਚਾਹੀਐ ਜਿਉਂ ਪਾਨੀ ਸਰਬੰਗ॥ 148॥

**** ਕਬੀਰ ਪਾਨੀ ਹੂਆ ਤ ਕਿਆ ਭਇਆ ਸੀਰਾ ਤਾਤਾ ਹੋਇ॥ ਹਰਿ ਜਨੁ ਐਸਾ ਚਾਹੀਐ ਜੈਸਾ ਹਰਿ ਹੀ ਹੋਇ॥ 149॥

**** ਸਿੱਖ ਨੂੰ ਜੋ ਇਹ "ਗੁਰਬਾਣੀ" ਰੂਪੀ ਅਮੋਲਕ ਸੋਗਾਤ ਮਿਲੀ ਹੈ, ਇਸ ਦੇ ਵੀਚਾਰਨ ਨਾਲ ਹੀ ਰੱਬੀ ਗੁਣਾਂ ਨੂੰ ਅਸੀਂ ਧਾਰਨ ਕਰ ਸਕਦੇ ਹਾਂ। 35 ਮਹਾਂ-ਪਰਸ਼ਾਂ ਦੇ ਜੀਵਨ ਦਾ ਪਰੈਕਟੀਕਲ ਤੱਤਸਾਰ ਸਾਡੇ ਪਾਸ ਹੈ। ਅਗਰ ਕੋਈ ਸਿੱਖ ਸਿਰਫ਼ ਇਸ ਬਾਣੀ ਅੱਗੇ ਨਤਮਸਤਕ ਤਾਂ ਹੁੰਦਾ ਹੈ,

ਪਰ

ਪੜ੍ਹਕੇ, ਸੁਣਕੇ, ਮੰਨਕੇ, ਸਮਝਕੇ, ਵਿਚਾਰਕੇ ਇਸ ਗੁਰਮੱਤ ਗੁਰਬਾਣੀ ਗਿਆਨ ਨੂੰ ਆਪਣੇ ਮਨੁੱਖਾ ਜੀਵਨ ਵਿੱਚ ਧਾਰਨ ਨਹੀਂ ਕਰਦਾ ਤਾਂ ਅਸੀਂ ਆਪਣੇ ਆਪ ਨੂੰ ਸਚਿਆਰ ਸਿੱਖ ਕਹਾਉਣ ਦੇ ਕਾਬਿਲ ਜਾਂ ਹੱਕਦਾਰ ਨਹੀਂ ਹੋ ਸਕਦੇ। ਇਹ ਗੁਰਬਾਣੀ ਪੂਜਣ ਲਈ ਨਹੀਂ ਸੀ, ਪਰ ਸਾਡਾ ਸਿੱਖ ਸਮਾਜ ਅਤੇ ਸਿੱਖ ਵੀ ਬ੍ਰਾਹਮਣ/ਬਿਪਰ/ਪਾਂਡੇ ਦੀ ਨਿਆਈਂ ਪੂਜਾ ਅਰਚਨਾ ਦੇ ਕਰਮਕਾਡਾਂ ਵਿੱਚ ਉੱਲਝ ਕੇ ਰਹਿ ਗਿਆ।

** ਜੋ ‘ਗੁਰਬਾਣੀ-ਫਲਸ਼ਫਾ’ ਸੀ ਉਹ ਤਾਂ ਅੱਜ ਦੇ ਸਿੱਖ ਸਮਾਜ ਵਿੱਚ ਕਿਧਰੇ ਵੀ ਨਜ਼ਰ ਨਹੀਂ ਆ ਰਿਹਾ। ਸਿੱਖਾ ਦੇ ਸਾਰੇ ਪਰਮੁੱਖ ਧਾਰਮਿੱਕ ਸਥਾਨਾ ਉੱਪਰ ਸ਼ਰੇਆਮ ਕਰਮਕਾਂਡ ਹੋ ਰਹੇ ਹਨ। ਲੋਕ ਵੀ ਉਹਨਾਂ ਨੂੰ ਦੇਖਾ ਦੇਖੀ ਉਹੀ ਕਰਮਕਾਂਡ ਕਰਨ ਕਰਾਉਣ ਵਿੱਚ ਰੱਝੇ ਹੋਏ ਹਨ। ਪਾਖੰਡੀ ਬਾਬਿਆਂ, ਡੇਰੇਦਾਰਾਂ, ਪਾਰੰਪਰਾਵਾਦੀ ਸੰਪਰਦਾਵਾਂ ਦਾ ਤਾਂ ਬੇੜਾ ਹੀ ਗਰਕ ਹੋਇਆ ਪਿਆ ਹੈ। ਬ੍ਰਾਹਮਣ/ਬਿਪਰ/ਪਾਂਡੇ ਦੀ ਹਰ ਮਨਮੱਤ ਨੂੰ ਇਹਨਾਂ ਆਪਣੇ ਡੇਰਿਆਂ ਵਿੱਚ ਕਰਨ ਕਰਾਉਣ ਦੀ ਸਹੁੰ ਖਾਧੀ ਹੋਈ ਹੈ ਜਾਂ ਇਹਨਾਂ ਨੇ ਬ੍ਰਾਹਮਣ/ਬਿਪਰ/ਪਾਂਡੇ ਨਾਲ ਕੋਈ ਭਾਈਵਾਲੀ ਕੀਤੀ ਹੋਈ ਹੈ ਕਿ ਅਸੀਂ ਸਿੱਖ ਸਮਾਜ ਵਿੱਚ ਇਹਨਾਂ ਮੰਨਮਤਾਂ ਦਾ ਪ੍ਰਚਾਰ-ਪ੍ਰਸਾਰ ਕਰਾਂਗੇ। ਗੁਰਮੱਤ ਸਿਧਾਂਤਾਂ/ਅਸੂਲਾਂ ਦੀਆਂ ਧੱਜੀਆਂ ਉਡਾਵਾਂਗੇ। ਅੱਜ ਗੁਰਮੱਤ ਸਿਧਾਂਤਾਂ/ਅਸੂਲਾਂ ਦੀਆਂ ਸ਼ਰੇਆਮ ਧੱਜੀਆਂ ਉਡਾਈਆਂ ਜਾ ਰਹੀਆਂ ਹਨ।

** ਹਰ ਗੁਰਸਿੱਖ ਮਾਈ-ਭਾਈ, ਭੈਣ-ਭਰਾ ਜੋ ਗੁਰਬਾਣੀ ਅਸੂਲਾਂ/ਸਿਧਾਂਤਾਂ ਨੂੰ ਪਿਆਰ ਕਰਦਾ ਹੈ, ਪਹਿਲਾਂ ਆਪ ਆਪਣੇ ਮਨੁੱਖਾ ਜੀਵਨ ਵਿੱਚ ਰੱਬੀ ਗੁਣਾਂ ਦਾ ਧਾਰਨੀ ਹੋਣਾ ਕਰੇ। ਇਹਨਾਂ ਰੱਬੀ ਗੁਣਾਂ ਦੇ ਅਨੁਸਾਰੀ ਹੋ ਕੇ ਜੀਵਨ ਜਿਉਂਣ ਨਾਲ ਆਪਣੇ ਮਨੁੱਖਾ ਜੀਵਨ ਵਿੱਚ "ਹਰੀ ਦੇ ਗੁਣਾਂ" ਦੇ ਗੁਣਾਂ ਦਾ ਵਾਸਾ ਹੋਏਗਾ। ਰੱਬੀ ਗੁਣਾਂ ਦੇ ਅਨੁਸਾਰੀ ਹੋ ਕੇ ਜੀਵਨ ਜਿਉਂਣਾ ਹੀ ਰੱਬ ਜੀ ਦੇ ਦਰਸਨ ਕਰਨਾ ਹੈ। ਜਦ ਸਾਡੇ ਪਾਸ ਰੱਬੀ ਗੁਣ ਹਨ ਤਾਂ ਗੁਰੁ ਜੀ ਮੇਰੇ ਅੰਗ ਸੰਗ ਹਨ।

*** ਗੁਰੂ ਪਿਆਰਿਉ ‘ਗੁਰਬਾਣੀ’ ਸਮਝਣ ਦਾ ਵਿਸ਼ਾ ਹੈ ਅਤੇ ਸਮਝਕੇ ਉਸ ਤਰਾਂ ਦਾ ਜੀਵਨ ਜਿਉਂਣ ਦਾ ਵਿਸ਼ਾ ਹੈ। ਪੂਜਾ ਕਰਨੀ ਕਰਾਉਣੀ ਬ੍ਰਾਹਮਣ ਬਿਪਰ/ਪਾਂਡੇ ਦਾ ਕੰਮ ਹੈ। ਸਿੱਖ ਦਾ ਇਹ ਕੰਮ ਨਹੀਂ। ਪਰ ਅੱਜ ਦਾ 90% ਸਿੱਖ ਅਤੇ ਸਿੱਖ ਸਮਾਜ ਆਪਣੇ ਸਿੱਖੀ-ਮਾਰਗ ਤੋਂ ਭਟਕ ਚੁੱਕਾ ਹੈ। ਇਸੇ ਕਰਕੇ ਭਾਰਤ ਅਤੇ ਭਾਰਤ ਤੋਂ ਬਾਹਰ ਹੋਰਨਾਂ ਦੇਸ਼ਾਂ ਵਿੱਚ ਵੀ ਲੜਾਈ ਝਗੜੇ ਫਸਾਦ ਦਸਤਾਰਾਂ ਨੂੰ ਲਾਹੁਣਾ ਬੇਅਦਬੀ ਕਰਨੀ ਹਰ ਬਾਹਰਲੇ ਦੇਸ਼ ਵਿੱਚ ਵੀ ਆਮ ਹੋ ਚੁੱਕਾ ਹੈ।

**** ਸਿੱਖ ਦਾ ਗੁਰੁ ‘ਗਿਆਨ’ ਹੈ, … ਦੇਹ ਨਹੀਂ।

*** ਸਿਖੀ ਸਿਖਿਆ ਗੁਰ ਵੀਚਾਰਿ॥ ਮ 1॥ ਪੰ 465॥

*** ਸਲੋਕ ਮ 3॥

ਸਤਿਗੁਰ ਨੋ ਸਭੁ ਕੋ ਵੇਖਦਾ ਜੇਤਾ ਜਗਤੁ ਸੰਸਾਰੁ॥

ਡਿਠੈ ਮੁਕਤਿ ਨ ਹੋਵਈ ਜਿਚਰੁ ਸਬਦਿ ਨ ਕਰੇ ਵੀਚਾਰੁ॥ ਪੰ 594॥

ਭੁੱਲ ਚੁੱਕ ਲਈ ਖਿਮਾ ਕਰਨਾ।

ਧੰਨਵਾਧ।

ਇੰਜ ਦਰਸਨ ਸਿੰਘ ਖਾਲਸਾ (ਅਸਟਰੇਲੀਆ)
.