.

ਰੱਬੀ ਮਿਲਨ ਦੀ ਬਾਣੀ

ਸਲੋਕ ਮ: ੯

ਦੀ ਵਿਚਾਰ

ਭਾਗ - 18

ਵੀਰ ਭੁਪਿੰਦਰ ਸਿੰਘ

18. ਅਠਾਰ੍ਹਵਾਂ ਸਲੋਕ -

ਜਿਹਿ ਮਾਇਆ ਮਮਤਾ ਤਜੀ ਸਭ ਤੇ ਭਇਓ ਉਦਾਸੁ ॥

ਕਹੁ ਨਾਨਕ ਸੁਨੁ ਰੇ ਮਨਾ ਤਿਹ ਘਟਿ ਬ੍ਰਹਮ ਨਿਵਾਸੁ ॥18॥

ਪਿਛਲੇ ਸਲੋਕ ਵਿਚ ਬੈਰਾਗ ਸੀ ਤੇ ਹੁਣ ਇਸ ਸਲੋਕ ਵਿਚ ਆ ਗਿਆ ਉਦਾਸ। ਬੈਰਾਗ ਅਤੇ ਉਦਾਸ ਇੱਕੋ ਆਤਮਕ ਅਵਸਥਾ ਦੀ ਗਲ ਹੈ। ਇਹ ਅਸੀਂ ਸਮਝ ਚੁਕੇ ਹਾਂ ਕਿ ਵਹੁਟੀ, ਬੱਚੇ, ਘਰ ਆਦਿ ਛੱਡਣ ਨੂੰ ਮਾਇਆ ਨਹੀਂ ਕਹਿੰਦੇ ਹਨ। ਬਿਖਿਆ ਤਜੀ ਨੂੰ ਮਾਇਆ ਮਮਤਾ ਤਜੀ ਕਹਿੰਦੇ ਹਨ। ਜਿਹੜਾ ਮਨ ਸਤਿਗੁਰ ਦੀ ਮੱਤ ਲੈ ਕੇ ਭਰਮ ਅਤੇ ਵਿਕਾਰਾਂ ਦੀ ਬਿਖਿਆ ਤੋਂ ਛੁੱਟਣ ਲਈ ਮਿਹਨਤ ਕਰਦਾ ਹੈ।

ਕਹੁ ਨਾਨਕ ਸੁਨੁ ਰੇ ਮਨਾ ਤਿਹ ਘਟਿ ਬ੍ਰਹਮ ਨਿਵਾਸੁ ॥

‘ਤਿਹ ਘਟਿ’ ਭਾਵ ਉਹ ਮਹਿਸੂਸ ਕਰਦਾ ਹੈ ਕਿ ਉਸਦੇ ਹਿਰਦੇ ਵਿਚ ਬ੍ਰਹਮ ਦਾ ਨਿਵਾਸ ਹੈ। ਹੁਣ ਇਸ ਦੀ ‘ਭਇਓ ਉਦਾਸੁ’, ‘ਬੈਰਾਗ’, ‘ਕਰਤਾ ਰਾਮੁ ਪਛਾਨਿ’ ਵਾਲੇ ਨੂੰ ਹੂਬਹੂ ਉਹੀ ਤਸ਼ਬੀ ਦੇਂਦੇ ਹਨ। ਹੁਣ ਨਾ ਅਸੀਂ ਉਦਾਸੀਨ ਹੋਣਾ ਹੈ, ਕਿਸੇਨੂੰ ਛੱਡਣਾ ਨਹੀਂ। ਗੁਰਬਾਣੀ ਨਾ ਹੀ ਸਥੂਲ ਚੀਜ਼ਾ ਦਾ ਤਿਆਗ ਤੇ ਨਾ ਹੀ ਇਨ੍ਹਾਂ ਵੱਲੋਂ ਬੈਰਾਗ ਸਿਖਾਉਂਦੀ ਹੈ। ਮਾਇਆ, ਮਮਤਾ, ਹਉਮੈ, ਬਿਖਿਆ ਨੂੰ ਪਛਾਣ ਲੈਣ ਨੂੰ ਮੁਕਤ ਨਰ ਕਹਿੰਦੇ ਹਨ। ਗੁਰਬਾਣੀ ਵਿਚੋਂ ਹੁਣ ਬ੍ਰਹਮ ਨਿਵਾਸ ਸਮਝਣਾ ਪਵੇਗਾ। ਸਾਰੀ ਦੁਨੀਆ ਬਾਹਰ ਕਿਸੇ ਖਾਸ ਰੱਬ ਨੂੰ ਮੰਨਦੀ ਹੈ ਤੇ ਉਸੇ ਦਾ ਹੀ ਬ੍ਰਹਮ ਗਿਆਨ ਬਾਹਰ ਭਾਲਦੀ ਰਹਿੰਦੀ ਹੈ। ਗੁਰੂ ਸਾਹਿਬ ਕਹਿੰਦੇ ਹਨ ਜਿਹੜਾ ਆਪਣੇ ਅੰਤਰ ਆਤਮੇ ਦੀ ਸੋਝੀ ਰੱਖਣ ਲਗ ਪੈਂਦਾ ਹੈ, ਮਨ ਤੂੰ ਜੋਤਿ ਸਰੂਪੁ ਹੈ ਆਪਣਾ ਮੂਲੁ ਪਛਾਣੁ ॥

ਮਨ ਹਰਿ ਜੀ ਤੇਰੈ ਨਾਲਿ ਹੈ ਗੁਰਮਤੀ ਰੰਗੁ ਮਾਣੁ ॥ (441)

ਹਰੀ, ਰੱਬ, ਬ੍ਰਹਮ ਇਹ ਸਾਰੇ ਤਾਂ ਸਾਡੇ ਅੰਦਰ ਹਨ। ਗੁਰਬਾਣੀ ਦਾ ਫੁਰਮਾਨ ਹੈ ‘ਮਨ ਹਰਿ ਜੀ ਤੇਰੈ ਨਾਲਿ ਹੈ’ ਜੋ ਅੰਦਰ ਦਾ ਮੂਲ ਪਛਾਣ ਲਵੇ ਉਸਨੂੰ ਬ੍ਰਹਮ ਦੀ ਸੋਝੀ ਹੋ ਗਈ। ਭਾਵ ਬ੍ਰਹਮ ਦਾ ਗਿਆਨ ਹੋ ਗਿਆ। ਜਿਸਨੂੰ ਆਪਣੇ ਅੰਤਰ ਦੀ ਗਤਿ ਦੀ ਸੋਝੀ ਹੋ ਜਾਂਦੀ ਹੈ ਉਸਨੂੰ ਬ੍ਰਹਮ ਗਿਆਨੀ ਕਹਿੰਦੇ ਹਨ। ਜਿਹੜਾ ਇਕ ਡੇਰਾ ਬਣਾ ਲਵੇ, ਵਿਆਹ ਨਾ ਕਰਵਾਏ, ਉਸਦੇ ਚੇਲੇ ਬੜੇ ਸਾਰੇ ਹੋਣ, ਪੈਸੇ ਬੜਾ ਮੱਥਾ ਟੇਕਦੇ ਹੋਣ, ਬਹੁ ਸੰਖਿਆ ਵਿਚ ਲੋਕ ਉਸਨੂੰ ਮੰਨਦੇ ਹੋਣ ਅਸੀਂ ਉਸਦਾ ਨਾਮ ਬ੍ਰਹਮ ਗਿਆਨੀ ਰੱਖਿਆ ਹੋਇਆ ਹੈ। ਜਿਸ ਗਿਆਨ ਨਾਲ ਆਪਣੇ ਅੰਦਰ ਦੀ ਸਮਝ ਲੈ ਲੈਂਦਾ ਹੈ ਉਸਨੂੰ ਗੁਰਬਾਣੀ ਵਿਚ ਬ੍ਰਹਮਗਿਆਨੀ ਦੀ ਮੱਤ ਕਹਿੰਦੇ ਹਨ।

‘ਮੂਲੁ ਪਛਾਣਹਿ ਤਾਂ ਸਹੁ ਜਾਣਹਿ ਮਰਣ ਜੀਵਣ ਕੀ ਸੋਝੀ ਹੋਈ ॥’ (441)

ਜਦੋਂ ਮਨੁੱਖ ਆਪਣੇ ਆਪੇ ਨੂੰ ਸਮਝ ਜਾਂਦਾ ਹੈ - ਇਹ ਬ੍ਰਹਮ ਵਿਚਾਰ ਹੈ ਕਿਉਂਕਿ ਰੱਬ ਜੀ ਅੰਦਰ ਹਨ। ਸਾਨੂੰ ਇਹ ਪਤਾ ਹੈ ਕਿ ਸਾਡੀ ਵਹੁਟੀ ਕਿੱਥੇ ਜਾਂਦੀ ਹੈ, ਕੀ ਕਰਦੀ ਹੈ, ਉਸਦਾ ਖਾਤਾ ਨੰਬਰ ਕੀ ਹੈ, ਉਹ ਆਪਣੇ ਪੇਕੇ ਗਲ ਕਦੋਂ ਕਰਦੀ ਹੈ। ਪਰ ਮੈਨੂੰ ਆਪਣੇ ਬਾਰੇ ਨਹੀਂ ਪਤਾ। ਸਾਨੂੰ ਆਪਣੇ ਬੱਚੇ ਦੇ ਬਾਰੇ, ਸਹੁਰਾ ਸਾਹਿਬ ਬਾਰੇ, ਮਾਂ ਬਾਰੇ ਆਦਿ ਸਾਰਿਆਂ ਬਾਰੇ ਸਭ ਕੁਝ ਪਤਾ ਹੈ, ਕੌਣ ਆਸਤਿਕ ਹੈ, ਕੌਣ ਨਾਸਤਿਕ ਹੈ ਸਾਰਿਆਂ ਬਾਰੇ ਪਤਾ ਹੈ, ਸਾਰੀ ਦੁਨੀਆ ਬਾਰੇ ਪਤਾ ਹੈ ਪਰ ਆਪਣੇ ਬਾਰੇ ਕੁਝ ਵੀ ਨਹੀਂ ਪਤਾ। ਕਾਸ਼ ਆਪਣੇ ਬਾਰੇ ਪਛਾਣਨਾ ਆ ਜਾਏ, ਤਾਂ ਕੀ ਹੋਵੇਗਾ? ਮੂਲੁ ਪਛਾਣਹਿ ਤਾਂ ਸਹੁ ਜਾਣਹਿ ਮਰਣ ਜੀਵਣ ਕੀ ਸੋਝੀ ਹੋਈ ॥ (441) ਇਹ ਬਹੁਤ ਅੱਛੀ ਅਵਸਥਾ ਹੈ ਕਿ ਜਦੋਂ ਮਨੁੱਖ ਨੂੰ ਆਪਣੇ ਬਾਰੇ ਪਤਾ ਚਲ ਜਾਂਦਾ ਹੈ ਕਿ ਕਦੋਂ-ਕਦੋਂ ਮੈਂ ਆਤਮਕ ਮੌਤ ਮਰਦਾ ਹਾਂ ਤੇ ਕਦੋਂ-ਕਦੋਂ ਮੈਂ ਜਿਊਂਦਾ ਹਾਂ। ਸੋ ਗੁਰਬਾਣੀ ਵਿਚ ਆਪਣੇ ਅੰਤਰ ਆਤਮਾ ਬਾਰੇ ਜਾਣਨ ਵਾਲੇ ਗਿਆਨ ਨੂੰ ਹੀ ‘ਬ੍ਰਹਮ ਗਿਆਨ’ ਦੀ ਮੱਤ ਕਹਿੰਦੇ ਹਨ।

ਜਿਹੜਾ ਮਨ ਸਤਿਗੁਰ ਦੀ ਮਤ ਲੈ ਕੇ ਬਿਖਿਆ ਵਾਲੀ ਮਤ ਤਿਆਗ ਦੇਂਦਾ ਹੈ ਉਸਨੂੰ ਆਪਣੇ ਅੰਤਰ ਆਤਮੇ ਨੂੰ ਜਾਣਨ ਦੀ ਸੋਝੀ ਪ੍ਰਾਪਤ ਹੁੰਦੀ ਹੈ। ਜੋ ਅੰਦਰ ਦਾ ਮੂਲ ਪਛਾਣ ਲਏ ਉਸਨੂੰ ਆਪਣੇ ਅੰਦਰ ਵਸਦੇ ਰੱਬ (ਬ੍ਰਹਮ) ਦੀ ਸੋਝੀ ਹੋ ਜਾਂਦੀ ਹੈ।




.