.

ਕਿਸਮਤ-ਕਰਮ-ਮੁਕੱਦਰ


ਇੱਕ ਕਹਾਵਤ ਹੈ: ਤੁਰਿਆ ਤੁਰਿਆ ਜਾਈਂ ਤੇ ਕਰਮਾਂ ਦਾ ਖੱਟਿਆ ਖਾਈਂ। ਕਿਸਮਤ ਨੂੰ ਕਰਮ ਜਾਂ ਮੁਕੱਦਰ ਵੀ ਆਖਦੇ ਹਨ। ਭਾਵ ਇਹ ਕਿ ਹਰ ਕਿਸੇ ਨੂੰ ਆਪਣੇ ਕਰਮਾਂ ਅਨੁਸਾਰ ਜਾਂ ਆਪੋ ਆਪਣੀ ਕਿਸਮਤ ਜਾਂ ਮੁਕੱਦਰ ਅਨੁਸਾਰ ਹੀ ਪ੍ਰਾਪਤੀ ਹੁੰਦੀ ਹੈ। ਪਰ ਇਹ ਕਰਮ ਹੁੰਦੇ ਕੀ ਹਨ? ਇਨ੍ਹਾਂ ਕਰਮਾਂ ਨੂੰ ਬਣਾਉਂਦਾ ਕੌਣ ਹੈ? ਜਾਂ ਇਹ ਕਿਸਮਤ ਲਿਖਦਾ ਕੌਣ ਹੈ? ਇਹ ਸੋਚ ਹੀ ਗੁੰਝਲ ਪਾ ਦਿੰਦੀ ਹੈ। ਇਥੇ ਹੀ ਭੁਲੇਖਾ ਪੈਅ ਜਾਂਦਾ ਹੈ।
ਬਿਪਰਵਾਦੀ ਸੋਚ ਨੇ ਇਹ ਧਾਰਨਾ ਪੱਕੀ ਕਰਵਾ ਰੱਖੀ ਹੈ ਕਿ ਹਰ ਵਿਅਕਤੀ ਜੋ ਪਿਛਲੇ ਜਨਮ ਵਿਚ ਕਰਮ ਕਰਦਾ ਹੈ, ਉਸ ਨੂੰ, ਇਸ ਜਨਮ ਵਿਚ, ਉਸੇ ਅਨੁਸਾਰ ਫਲ ਮਿਲਦਾ ਹੈ, ਉਸੇ ਅਨੁਸਾਰ ਹੀ ਉਸ ਦੀ ਕਿਸਮਤ ਲਿਖੀ ਜਾਂਦੀ ਹੈ; ਜਾਂ ਪਿਛਲੇ ਕੀਤੇ ਕਰਮਾਂ ਅਨੁਸਾਰ ਹੀ ਉਸ ਦੀ ਕਿਸਮਤ ਬਣ ਜਾਂਦੀ ਹੈ। ਭਾਵ ਇਹ ਕਿ ਇਹ ਸਭ ਪਿਛਲੇ ਜਨਮ ਵਿਚ ਕੀਤੇ ਕਰਮਾਂ ਦਾ ਫਲ ਹੀ ਹੁੰਦਾ ਹੈ ਜੋ ਉਸ ਨੂੰ ਮਿਲਦਾ ਹੈ ਅਤੇ ਉਸੇ ਮੁਤਾਬਕ ਕਿਸੇ ਵਿਅਕਤੀ ਦੀ ਕਿਸਮਤ ਭੈੜੀ ਲਿਖੀ ਜਾਂਦੀ ਹੈ ਜਾਂ ਚੰਗੀ ਹੋ ਜਾਂਦੀ ਹੈ।
ਇਸ ਧਾਰਨਾ ਅਨੁਸਾਰ ਕਰੀਬ ਕਰੀਬ ਹਰ ਧਰਮ ਦੇ ਪ੍ਰਚਾਰਕਾਂ ਅਤੇ ਧਰਮ ਦੇ ਠੇਕੇਦਾਰਾਂ ਨੇ ਇਹ ਹੀ ਸਮਝਾ ਰੱਖਿਆ ਹੈ ਕਿ ਕੋਈ ਰੱਬ ਜੀ ਹਨ ਜੋ ਕਿਸੇ ਅਸਮਾਨ ਤੇ ਬੈਠੇ ਹਨ ਅਤੇ ਉਹ ਸਭ ਲੋਕਾਂ ਦੀ ਕਿਸਮਤ ਲਿਖਦੇ ਰਹਿੰਦੇ ਹਨ ਤੇ ਆਪਣੀ ਮਰਜ਼ੀ ਨਾਲ ਕਿਸੇ ਉਤੇ ਮਹਿਰਬਾਣ ਹੋ ਕੇ ਉਸ ਦੇ ਪਿਛਲੇ ਅਉਗੁਣ ਜਾਂ ਗੁਨਹਾ, ਜਾਂ ਸਾਰੇ ਕੀਤੇ ਪਾਪ ਬੱਖਸ਼ ਕੇ ਉਸ ਦੀ ਕਿਸਮਤ ਚੰਗੀ ਲਿਖ ਦਿੰਦੇ ਹਨ ਅਤੇ ਕਿਸੇ ਉਤੇ ਗੁਸਾ ਕਰਕੇ ਉਸ ਦੀ ਕਿਸਮਤ ਭੈੜੀ ਲਿਖ ਦਿੰਦੇ ਹਨ।
ਹਿੰਦੂ ਮੱਤ ਦੇ ਠੇਕੇਦਾਰਾਂ ਨੇ ਇਸੇ ਸੋਚ ਨੂੰ ਮੁੱਖ ਰੱਖ ਕੇ ਕਈ ਰੱਬ ਭਾਵ ਦੇਵੀ ਦੇਵਤੇ ਘੜ ਦਿਤੇ ਅਤੇ ਹਰ ਇੱਕ ਰੱਬ ਦੀ ਭਾਵ ਹਰ ਇੱਕ ਦੇਵੀ ਦੇਵਤੇ ਦੀ ਵੱਖਰੀ ਵੱਖਰੀ ਸ਼ਕਲ ਬਣਾ ਕੇ ਹਰ ਇੱਕ ਦੇਵੀ ਦੇਵਤੇ ਨੂੰ ਵੱਖਰੀ ਵੱਖਰੀ ਸ਼ਕਤੀ ਵੀ ਪ੍ਰਦਾਨ ਕਰ ਦਿੱਤੀ ਅਤੇ ਇਹ ਸਮਝਾ ਦਿੱਤਾ ਹੈ ਕਿ ਇਹ ਦੇਵੀਆਂ ਜਾਂ ਦੇਵਤੇ ਕਿਸੇ ਦੀ ਵੀ ਕਿਸਮਤ ਕਿਸੇ ਵੀ ਢੰਗ ਨਾਲ ਬਦਲ ਸਕਦੇ ਹਨ। ਇਸ ਦੇ ਨਾਲ ਹੀ ਇਹ ਯਕੀਣ ਵੀ ਪੱਕਾ ਕਰਵਾ ਰੱਖਿਆ ਹੈ ਕਿ ਵੱਖਰੇ ਵੱਖਰੇ ਦੇਵੀ ਦੇਵਤਿਆ ਪਾਸੋਂ ਕਿਸੇ ਦੀ ਵੀ ਕਿਸਮਤ ਚਮਕਾਉਣ ਵਾਸਤੇ ਉਨ੍ਹਾਂ ਦੇਵੀ ਦੇਵਤਿਆ ਦੀ ਵੱਖਰੇ ਵੱਖਰੇ ਢੰਗ ਨਾਲ ਪੂਜਾ ਕਰ ਕੇ ਉਨ੍ਹਾਂ ਨੂੰ ਖੁਸ਼ ਕਰ ਦਿੱਤਾ ਜਾਂਦਾ ਹੈ ਤੇ ਫਿਰ ਉਹ ਸਭ ਕੰਮ ਸਵਾਰ ਦਿੰਦੇ ਹਨ ਅਤੇ ਇਸ ਤਰ੍ਹਾਂ ਕਿਸਮਤ ਵੀ ਚਮਕਾ ਦਿੰਦੇ ਹਨ। ਇਹ ਗੱਲ ਵੱਖਰੀ ਹੈ ਕਿ ਇਸ ਕੰਮ ਵਾਸਤੇ ਬ੍ਰਾਹਮਣ ਦੀ, ਪੰਡਤ ਦੀ ਜਾਂ ਪੂਜਾਰੀ ਦੀ, ਜਿਸ ਨੇ ਦੇਵੀ, ਦੇਵਤੇ ਨੂੰ ਖੁਸ਼ ਕਰਨਾ ਹੁੰਦਾ ਹੈ ਅਤੇ ਪੂਜਾ ਕਰਨੀਂ ਹੁੰਦੀ ਹੈ ਉਸ ਨੂੰ ਕੁਝ ਦਕਸ਼ਣਾ, ਜਾਂ ਭੇਟਾ ਦੇਣੀ ਪੈਂਦੀ ਹੈ ਤੇ ਉਸ ਦੀ ਸੇਵਾ ਵੀ ਕਰਨੀਂ ਪੈਂਦੀ ਹੈ। ਫਿਰ ਇਹ ਵੀ ਸਮਝਾਇਆ ਜਾਂਦਾ ਹੈ ਕਿ ਜਿਤਨੀਂ ਦਕਸ਼ਣਾ ਅਤੇ ਜਿਤਨੀ ਸੇਵਾ ਵੱਧ ਤੇ ਮੁਸ਼ਕਲ ਹੋਵੇ ਉਤਨਾ ਹੀ ਕੰਮ ਜਲਦੀ ਤੇ ਚੰਗਾ ਹੁੰਦਾ ਹੈ।
ਐਸੀ ਬਿਪਰਵਾਦੀ ਵਿਚਾਰਧਾਰਾ ਕਾਰਨ ਹੀ ਬਹੁਤ ਸਾਰੇ ਜੋਤਸ਼ੀ ਪੈਦਾ ਹੋ ਗਏ ਜੋ ਕਿਸਮਤ ਬਦਲਣ ਦਾ ਦਾਵਾ ਕਰਦੇ ਹਨ। ਉਨ੍ਹਾਂ ਮੁਤਾਬਕ ਕਿਸਮਤ ਗ੍ਰਹਿਆ ਕਰਕੇ ਹੀ ਬਣਦੀ ਹੈ। ਹਰ ਗ੍ਰਹਿ ਦੀ ਪੂਜਾ ਕਰਵਾ ਕੇ ਉਸ ਦੀ ਕਰੋਪੀ ਦਾ ਬਚਾਅ ਦਸ ਦਿੱਤਾ ਜਾਂਦਾ ਹੈ ਅਤੇ ਇਸੇ ਤਰ੍ਹਾਂ ਉਨ੍ਹਾਂ ਗ੍ਰਹਿਆ ਦੀ ਕ੍ਰਿਪਾ ਲੈਣ ਖਾਤਰ ਅਤੇ ਉਨ੍ਹਾਂ ਨੂੰ ਖੁਸ਼ ਕਰਨ ਦਾ ਢੰਗ ਦਸ ਦਿੱਤਾ ਜਾਂਦਾ ਹੈ। ਇਹ ਤਾਂ ਇਸ ਤਰ੍ਹਾਂ ਹੋਇਆ ਜਿਵੇਂ ਇਹ ਪੰਡਤ ਗ੍ਰਹਿਆ ਦੀ ਦਿਸ਼ਾ ਜਾਂ ਚਾਲ ਹੀ ਬਦਲ ਦਿੰਦੇ ਹੋਣ। ਇਨ੍ਹਾਂ ਜੋਤਸ਼ੀਆਂ ਦੇ ਨਾਲ ਹੀ ਕਈ ਪਾਖੰਡੀ ਬਾਬੇ, ਪੰਡਤ, ਭਾਈ, ਸਾਧ, ਡੇਰੇਦਾਰ, ਮੁੱਲ੍ਹਾਂ, ਆਦਿ ਵੀ ਪੈਦਾ ਹੋ ਗਏ ਜੋ ਕਿਸਮਤ ਬਦਲਣ ਦਾ ਦਾਵਾ ਕਰਦੇ ਹਨ। ਰੱਬ ਜੀ ਦੇ, ਇਹ ਪਾਖੰਡੀ ਏਜੰਟ, ਇਹ ਲਾਲਚ ਵੀ ਦਿੰਦੇ ਹਨ ਕਿ ਜੇ ਹੁਣ ਕਿਸਮਤ ਚੰਗੀ ਨਹੀਂ ਤੇ ਅਗਲੇ ਜਨਮ ਵਿਚ ਚੰਗੀ ਕਿਸਮਤ ਵਾਸਤੇ ਵੀ ਪੂਜਾ ਕੀਤੀ ਜਾ ਸਕਦੀ ਹੈ। ਇਨ੍ਹਾਂ ਰੱਬ ਦੇ ਪਾਖੰਡੀ ਏਜੰਟਾ ਮਗਰ ਲੱਗ ਕੇ ਅਗਿਆਣੀ ਪੁਰਸ਼, ਬੇਸਮਜ ਲੋਕ, ਆਪਣੀ ਧਨ ਦੌਲਤ ਇਨ੍ਹਾਂ ਰੱਬ ਦੇ ਠੇਕੇਦਾਰਾਂ ਉਤੇ ਖਰਚ ਕਰੀ ਜਾਂਦੇ ਹਨ ਅਤੇ ਆਪਣਾ ਸੁਖ ਅਰਾਮ ਵੀ ਖੋ ਲੈਂਦੇ ਹਨ।
ਦੁਖ ਤੇ ਉਸ ਵਕਤ ਹੁੰਦਾ ਹੈ ਜਦੋਂ ਸਿੱਖ ਅਖਵਾਉਂਦੇ ਸਾਧ, ਬਾਬੇ, ਭਾਈ, ਡੇਰੇਦਾਰ, ਟਕਸਾਲੀਏ ਅਤੇ ਹੋਰ ਇਸ ਤਰ੍ਹਾਂ ਦੇ ਕਈ ਬੇਰੂਪੀਏ, ਜੋ ਆਪਣੇ ਆਪ ਨੂੰ ਸਿੱਖ ਅਖਵਾਉਂਦੇ ਹਨ ਪਰ ਗੁਰਬਾਣੀ ਦੀ ਵਿਆਖਿਆ; ਚਤੁਰ ਬ੍ਰਾਹਮਣ ਮਨੂ ਦੇ ਘੜੇ ਵਰਣਾ ਅਨੁਸਾਰ, ਜਿਸ ਨੇ ਸ਼ੂਦਰ ਜਾਤੀ ਨੂੰ ਨੀਚ ਜਾਤੀ ਬਣਾ ਦਿਤਾ ਅਤੇ ਬ੍ਰਾਹਮਣ ਜਾਤੀ ਨੂੰ ਸਭ ਤੋਂ ਉਤਮ ਸ੍ਰੇਸ਼ਟ ਅਤੇ ਮਹਾਨ ਬਣਾ ਕੇ ਧਰਮ ਦੀ ਵਿਚਾਰਧਾਰਾ ਹੀ ਬਦਲ ਦਿਤੀ ਸੀ। ਉਸੇ ਬ੍ਰਾਹਮਣੀ ਵਿਚਾਰਧਾਰਾ ਅਨੁਸਾਰ ਹੀ ਕਰੀ ਜਾਂਦੇ ਹਨ ਅਤੇ ਇਨ੍ਹਾਂ ਬਾਬਇਆ ਨੇ ਕਈ ਤਰ੍ਹਾਂ ਦੇ ਤੀਰਥ ਅਸਥਾਨ ਵੀ ਬਣਾ ਲਿੱਤੇ ਹਨ। ਇਸੇ ਦੇ ਨਾਲ ਹੀ ਕਈ ਕਰਮ ਕਾਂਡ ਸਥਾਪਤ ਕਰਕੇ ਪੂਜਾ ਦੇ ਵੀ ਨਵੇਂ ਨਵੇਂ ਢੰਗ ਲਭ ਲਿੱਤੇ ਹਨ। ਇਕ ਤਰ੍ਹਾਂ ਇਨ੍ਹਾਂ ਨੂੰ ਕੇਸਾਧਾਰੀ ਬ੍ਰਾਹਮਣ ਕਿਹਾ ਜਾ ਸਕਦਾ ਹੈ। ਇਹ ਸਭ ਕੇਸਾਧਾਰੀ ਬ੍ਰਾਹਮਣ ਵੀ ਸਭ ਕੁਝ ਉਹ ਹੀ ਆਖਦੇ ਹਨ ਜੋ ਕੁਝ ਹੋਰ ਬ੍ਰਾਹਮਣ, ਭੇਖੀ, ਸਾਧੂ, ਸੰਤ ਆਦਿ ਆਖਦੇ ਹਨ। ਇਹ ਵੀ ਆਖਿਆ ਜਾਂਦਾ ਹੈ ਕਿ ਗੁਰਬਾਣੀ ਵਿਚ ਵੀ ਓਹਹੀ ਸਭ ਕੁਝ ਦੱਸਿਆ ਹੈ ਜੋ ਹੋਰ ਗ੍ਰੰਥਾਂ ਜਾਂ ਵੇਦਾਂ ਵਿਚ ਹੈ। ਓਹਹੀ ਅਗਲੇ ਪਿਛਲੇ ਕਰਮਾਂ ਦਾ ਅਤੇ ਚੁਰਾਸੀ ਦਾ ਚਕਰਾਂ ਵਿਚ ਫਸਾਈ ਰਖਦੇ ਹਨ। ਜਦੋਂ ਕਿ ਗੁਰਬਾਣੀ ਦਾ ਫਲਸਫਾ ਬਿਲਕੁਲ ਅਲੱਗ ਹੈ,ਸਾਈਅਨਟਿਫਿਕ, ਵਿਗਿਆਨਕ, ਤੇ ਕਰਮਬੱਧ ਹੈ।
ਇਥੇ ਇਹ ਸਪਸ਼ਟ ਕਰ ਦੇਣਾ ਜ਼ਰੂਰੀ ਹੈ ਕਿ ਗੁਰਬਾਣੀ ਦਾ ਫਲਸਫਾ ਬ੍ਰਾਹਮਣੀ ਵਿਚਾਰਧਾਰਾ, (ਜੋ ਕਿ ਇਕ ਮਿਥਿਹਾਸ ਅਤੇ ਮਨੋਕਲਪਿਤ ਕਹਾਣੀਆਂ ਉਤੇ ਨਿਰਭਰ ਹੈ), ਉਸ ਬ੍ਰਾਹਮਣੀ ਵਿਚਾਰਧਾਰਾ ਤੋਂ ਬਿਲਕੁਲ ਅਲੱਗ ਹੈ। ਗੁਰਬਾਣੀ ਦਾ ਫਲਸਫਾ ਅਸਲ ਵਜੋਂ ਜੀਵਨ ਸੁਧਾਰ ਵਾਸਤੇ, ਇਕ ਚੰਗਾ, ਸੁਚੱਜਾ ਸਮਾਜ ਸਿਰਜਣ ਵਾਸਤੇ ਹੈ। ਗੁਰਬਾਣੀ ਫਲਸਫੇ ਰਾਹੀ ਵਿਵੇਕ ਬੁਧੀ ਤੋਂ ਕੰਮ ਲੈਂਦੇ ਹੋਏ ਸਚਿਆਰ ਹੋਣ ਦਾ ਉਪਦੇਸ਼ ਦਿੱਤਾ ਗਿਆ ਹੈ। ਇਕ ਸੱਚਾ ਸੁੱਚਾ ਇਨਸਾਨੀਅਤ ਦਾ ਧਰਮ ਅਪਣਾਉਣ ਦੀ ਗੱਲ ਕੀਤੀ ਗਈ ਹੈ।
ਇਹ ਇੱਕ ਬੜੀ ਅਜੀਬ ਜਹੀ ਗੱਲ ਲਗਦੀ ਹੈ ਜਦੋਂ ਕਿ ਅੱਜ ਦੇ ਇਸ ਵਿਗਿਆਨਕ ਯੁੱਗ ਵਿਚ ਵੀ ਲੋਕ ਅਗਲੇ ਪਿਛਲੇ ਕਰਮਾਂ ਦੇ ਝਾਂਸੇ ਵਿਚ ਫਸੀ ਤੁਰੇ ਜਾ ਰਹੇ ਹਨ। ਗੁਰਬਾਣੀ ਸਮਝਾਉਂਦੀ ਹੈ: ਅਕਲੀ ਸਾਹਿਬੁ ਸੇਵੀਐ ਅਕਲੀ ਪਾਈਐ ਮਾਨੁ (ਪੰਨਾ 1245) ਭਾਵ ਜਦੋਂ ਰੱਬ ਜੀ ਦੀ ਗੱਲ ਕਰਨੀਂ ਹੈ ਤੇ ਸੋਚ ਕੇ ਅਕਲ ਨਾਲ ਕੀਤੀ ਜਾਵੇ। ਦਲੀਲ ਅਤੇ ਤਰਕ ਦੇ ਅਧਾਰ ਤੇ ਕੀਤੀ ਜਾਵੇ ਤਾਂ ਹੀ ਠੀਕ ਨਤੀਜੇ ਤੇ ਪਹੁੰਚਿਆ ਜਾ ਸਕਦਾ ਹੈ ਭਾਵ ਇਨਸਾਨ ਹੋਣ ਦਾ, ਜਾਂ ਮਨੁੱਖ ਅਖਵਾਉਣ ਦਾ ਮਾਨੁ ਪ੍ਰਾਪਤ ਹੋ ਸਕਦਾ ਹੈ।
ਇਸ ਸੋਚ ਅਨੁਸਾਰ ਕਿਸਮਤ ਦੀ ਗੱਲ ਕਰਨ ਲੱਗਿਆਂ ਇੱਕ ਗੱਲ ਤਾਂ ਸਾਫ ਸਮਝ ਵਿਚ ਆਉਂਦੀ ਹੈ ਕਿ ਕਿਤੇ ਕੋਈ ਰੱਬ ਜੀ ਅਸਮਾਨ ਉਤੇ ਤੇ ਬੈਠੇ ਨਹੀਂ ਜਿਸ ਦੀ ਡੀਊਟੀ ਲੋਕਾਂ ਦੀ ਕਿਸਮਤ ਲਿਖਣ ਦੀ ਲੱਗੀ ਹੋਵੇ। ਰੱਬ ਜੀ ਕਿਸੇ ਨਾਲ ਵਿਤਕਰਾ ਜਾ ਵੈਰ ਵਿਰੋਧ ਵੀ ਨਹੀਂ ਕਰਦੇ। ਰੱਬ ਜੀ ਤਾਂ ਸਭ ਨਾਲ ਪਿਆਰ ਕਰਦੇ ਹਨ ਇਸ ਲਈ ਇਹ ਨਹੀਂ ਹੋ ਸਕਦਾ ਕਿ ਉਹ ਕੋਈ ਵੱਖਰੀ ਵੱਖਰੀ ਕਿਸਮਤ ਲਿਖਦੇ ਹੋਣ।
ਗੁਰਬਾਣੀ ਇਕ ਸਦੀਵੀ ਸੱਚ ਸਮਜਾਉਂਦੀ ਹੈ। ਗੁਰਬਾਣੀ ਦਾ ਫਰਮਾਨ ਹੈ: ਹੁਕਮੈ ਅੰਦਰਿ ਸਭੁ ਕੋ ਬਾਹਰਿ ਹੁਕਮ ਨ ਕੋਇ॥ (ਪੰਨਾ 1) ਹੁਕਮੈ ਦਾ ਅਰਥ ਹੈ ਕੁਦਰਤ ਦੇ ਨਿਯਮ। ਇਸ ਤਰ੍ਹਾਂ ਇਸ ਪੰਕਤੀ ਦਾ ਸਮੁੱਚਾ ਭਾਵ ਇਹ ਹੈ ਕਿ: ਜੋ ਕੁਝ ਵੀ ਵਾਪਰਦਾ ਹੈ ਉਹ ਕੁਦਰਤ ਦੇ ਨਿਯਮ ਅਨੁਸਾਰ ਹੀ ਵਾਪਰਦਾ ਹੈ; ਕੁਦਰਤ ਦੇ ਨਿਯਮ ਤੋਂ ਬਾਹਰ ਕੁਝ ਨਹੀਂ ਹੋ ਸਕਦਾ। ਇਸ ਲਈ ਕਿਸਮਤ ਵੀ ਕੁਦਰਤ ਦੇ ਨੀਯਮ ਅਨੁਸਾਰ ਹੀ ਬਣਦੀ ਹੈ ਜਾਂ ਲਿਖੀ ਜਾਂਦੀ ਹੈ। ਇਹ ਗੱਲ ਵੱਖਰੀ ਹੈ ਕਿ ਕਿਸਮਤ ਦੇ ਸਬੰਧ ਵਿਚ ਹੁਕਮ ਨੂੰ ਭਾਵ ਕੁਦਰਤ ਦੇ ਅਸੂਲ ਨੂੰ ਜਾਂ ਨਿਯਮ ਨੂੰ ਸਮਝ ਲੈਣਾ ਇੱਕ ਬਹੁਤ ਹੀ ਗੁੰਜਲਦਾਰ ਸਮੱਸਿਆ ਹੈ।
ਫਿਰ ਵੀ ਕੁਝ ਵਿਚਾਰ ਤਾਂ ਜ਼ਰੂਰ ਕੀਤੀ ਜਾ ਸਕਦੀ ਹੈ ਕਿ ਕਿਸਮਤ ਬਣਾਉਂਣ ਵਿਚ ਕੁਦਰਤ ਦਾ ਕਿਹੜਾ ਨਿਯਮ ਲਾਗੂ ਹੁੰਦਾ ਹੈ, ਭਾਵ ਕਿਸਮਤ ਕਿਸ ਤਰ੍ਹਾਂ ਚੰਗੀ ਜਾਂ ਮੰਦੀ ਬਣਦੀ ਹੈ।
ਇਸ ਸਬੰਧ ਵਿਚ ਉਸ ਵਕਤ ਬੜਾ ਹੈਰਾਨਗੀ ਮਹਿਸੂਸ ਹੁੰਦੀ ਹੈ ਜਦੋਂ ਇਹ ਮਹਿਸੂਸ ਕਰਦੇ ਹਾਂ ਕਿ ਕਈ ਵਿਅਕਤੀ ਕਿਸਮਤ ਦੇ ਧਣੀ ਹੁੰਦੇ ਹਨ। ਭਾਵ ਉਨ੍ਹਾਂ ਦੀ ਕਿਸਮਤ ਬਹੁਤ ਚੰਗੀ ਹੁੰਦੀ ਹੈ ਜਿਸ ਦੇ ਫਲਸਰੂਪ ਉਹ ਜੋ ਵੀ ਕੰਮ ਕਰਦੇ ਹਨ ਉਨ੍ਹਾਂ ਨੂੰ ਹਰ ਤਰ੍ਹਾਂ ਦੀ ਸਫਲਤਾ ਮਿਲਦੀ ਹੈ। ਇਸ ਦੇ ਉਲਟ ਕਈ ਵਿਅਕਤੀ ਐਸੇ ਵੀ ਹੁੰਦੇ ਹਨ ਜੋ ਵਿਚਾਰੇ ਜਿਸ ਕੰਮ ਨੂੰ ਹੱਥ ਪਾਉਂਦੇ ਹਨ ਉਨ੍ਹਾਂ ਨੂੰ ਅਸਫਲਤਾ ਹੀ ਮਿਲਦੀ ਹੈ, ਜਾਂ ਉਹ ਪੂਰੀ ਤਰ੍ਹਾਂ ਸਫਲ ਨਹੀਂ ਹੁੰਦੇ। ਇਸੇ ਕਾਰਨ ਇਹ ਕਹਿ ਦਿੱਤਾ ਜਾਂਦਾ ਹੈ ਕਿ ਇਹ ਤਾਂ ਕੋਈ ਪਿਛਲੇ ਕਰਮਾਂ ਦਾ ਫਲ ਹੈ। ਐਸੀ ਸੋਚ ਕਾਰਨ ਹੀ ਇਹ ਕਿਸਮਤ ਦੇ ਮਾਰੇ ਪੰਡਤਾਂ ਭਾਈਆਂ ਤੇ ਮੋਲਵੀਆ, ਜਾਂ ਹੋਰ ਬਾਬੇ, ਤੇ ਸਾਧੂਆਂ ਦੀ ਸ਼ਰਨ ਵਿਚ ਚਲੇ ਜਾਂਦੇ ਹਨ ਤੇ ਹੋਰ ਵੀ ਖਜਲ ਖੁਆਰ ਹੁੰਦੇ ਹਨ।
ਇਹ ਵੀ ਬਹੁਤ ਵਾਰ ਸੁਣਿਆ ਹੈ, ਪੜਿਆ ਹੈ ਤੇ ਵੇਖਿਆ ਵੀ ਹੈ ਕਿ ਕੋਈ ਬੱਚਾ ਗਰੀਬ ਘਰ ਵਿਚ ਪੈਦਾ ਹੋ ਕੇ ਵੀ ਆਪਣੀ ਹਿੰਮਤ ਅਤੇ ਆਪਣੀ ਸੂਝ ਬੂਝ ਨਾਲ ਤੇ ਮਹਿਨਤ ਕਰਕੇ ਬੜੀ ਤਰੱਕੀ ਕਰ ਜਾਂਦਾ ਹੈ। ਲੋਕ ਤਾਂ ਆਖ ਦਿੰਦੇ ਹਨ ਕਿ ਉਸ ਦੀ ਕਿਸਮਤ ਚੰਗੀ ਸੀ ਤਾਂ ਹੀ ਉਹ ਇਤਨੀ ਤਰੱਕੀ ਕਰ ਗਿਆ ਹੈ ਪਰ ਉਸ ਵਿਅਕਤੀ ਦੀ ਸੂਝ ਬੂਜ ਅਤੇ ਉਸ ਨੇ ਜਿਸ ਲਗਣ ਨਾਲ ਮਹਿਨਤ ਕੀਤੀ ਹੁੰਦੀ ਹੈ ਸ਼ਾਇਦ ਇਸ ਦਾ ਉਨ੍ਹਾਂ ਨੂੰ ਪਤਾ ਹੀ ਨਹੀਂ ਹੁੰਦਾ। ਉਹ ਤਾਂ ਚੰਗੀ ਕਿਸਮਤ ਆਖ ਕੇ ਉਸ ਦੀ ਕੀਤੀ ਮਹਿਨਤ ਵਿਸਾਰ ਦਿੰਦੇ ਹਨ। ਇਸੇ ਤਰ੍ਹਾਂ ਜੇਕਰ ਕੋਈ ਵਿਅਕਤੀ ਫੇਲ੍ਹ ਹੁੰਦਾ ਹੈ ਤਾਂ ਉਸ ਦਾ ਕਾਰਨ ਇਹ ਹੋ ਸਕਦਾ ਹੈ ਕਿ ਜੋ ਮਹਿਨਤ ਉਸ ਨੇ ਕੀਤੀ ਹੈ ਉਸ ਦਾ ਢੰਗ ਕੁਝ ਠੀਕ ਨਹੀਂ ਹੋਵੇਗਾ, ਕਿਤੇ ਨਾ ਕਿਤੇ ਉਸ ਦੀ ਮਹਿਨਤ ਵਿਚ ਕੋਈ ਉਨਤਾਈ ਹੋਵੇਗੀ ਜਿਸ ਕਾਰਨ ਉਸ ਨੂੰ ਸਫਲਤਾ ਨਹੀਂ ਮਿਲੀ।
ਅਸਲ ਵਿਚ ਸਮਝਣ ਵਾਲੀ ਗੱਲ ਇਹ ਹੈ ਕਿ, ਕਰਮਾਂ ਤੋਂ ਭਾਵ ਉਹ ਕਰਮ ਨਹੀਂ, ਜੋ ਕਿਸੇ ਪਿਛਲੇ ਜਨਮ ਵਿਚ ਕੀਤੇ ਹੋਣ, ਸਗੋਂ ਇਹ ਉਹ ਕਰਮ ਹੁੰਦੇ ਹਨ ਜੋ ਮੋਜੂਦਾ ਸਮੇਂ ਵਿਚ ਕੀਤੇ ਜਾਂਦੇ ਹਨ ਭਾਵ ਅਜੋਕੇ ਸਮੇਂ ਵਿਚ ਕੋਈ ਆਪਣੇ ਪਰਿਵਾਰ ਜਾਂ ਸਮਾਜ ਵਿਚ ਕਿਵੇਂ ਵਿਚਰਦਾ ਹੈ। ਇਹ (ਕਰਮ) ਸਮਾਜ ਵਿਚ ਵਿਚਰਨਾ ਜਾਂ ਵਿਵਹਾਰ ਕਰਨਾ ਹੀ ਉਸ ਦੇ ਕਰਮ ਹੁੰਦੇ ਹਨ ਇਨ੍ਹਾਂ ਕਰਮਾਂ ਦਾ ਹੀ ਨਬੇੜਾ ਹੁੰਦਾ ਹੈ ਅਤੇ ਇਸੇ ਦਾ ਹੀ ਫਲ ਮਿਲਦਾ ਹੈ।
ਤੁਹਾਡਾ ਪਰਿਵਾਰ ਤੇ ਸਮਾਜ ਤੁਹਾਨੂੰ ਕੀ ਸ਼ਿਕਸ਼ਾ ਦਿੰਦਾ ਹੈ ਇਹ ਸਭ ਕਿਸਮਤ ਬਣਾਉਣ ਵਿਚ ਸਹਾਈ ਹੁੰਦੇ ਹਨ। ਮੋਜੂਦਾ ਸਮੇਂ ਵਿਚ ਤੁਹਾਡੀ ਸੋਚ ਕੈਸੀ ਹੈ, ਤੁਹਾਡੀ ਆਪਣੀ ਸੂਝ-ਬੂਜ, ਵਿਵੇਕ ਬੁਧੀ ਕਿਤਨਾ ਕੰਮ ਕਰਦੀ ਹੈ ਅਤੇ ਉਸ ਅਨੁਸਾਰ ਤੁਸੀਂ ਕੀ ਕਰਮ ਕਰਦੇ ਹੋ ਇਹ ਸਭ ਕਿਸਮਤ ਲਿਖਣਾ ਹੀ ਹੁੰਦਾ ਹੈ। ਜਿਵੇਂ ਤੁਸੀਂ ਵਿਚਰਦੇ ਹੋ, ਜੋ ਤੁਹਾਡੀ ਸੋਚ ਹੁੰਦੀ ਹੈ ਉਸੇ ਮੁਤਬਕ ਕਰਮ ਕੀਤੇ ਜਾਂਦੇ ਹਨ ਅਤੇ ਉਸੇ ਅਨੁਸਾਰ ਤੁਹਾਡੀ ਕਿਸਮਤ ਬਣਦੀ ਜਾਂਦੀ ਹੈ।
ਇਹ ਤਾਂ ਹਰ ਕੋਈ ਸਮਝਦਾ ਹੈ ਕਿ ਜੇਕਰ ਸਭ ਕੁਝ ਪਿਛਲੇ ਕਰਮਾਂ ਦਾ ਫਲ ਹੀ ਹੁੰਦਾ ਹੋਵੇ ਤਾਂ ਹਰ ਕੋਈ ਹੱਥ ਤੇ ਹੱਥ ਧਰ ਕੇ ਬੈਠਾ ਰਹੇ ਗਾ ਕਿ ਜੋ ਮੁਕੱਦਰ ਵਿਚ ਹੈ ਉਹ ਆਪਣੇ ਆਪ ਮਿਲ ਹੀ ਜਾਵੇਗਾ। ਪਰ ਹਰ ਕਿਸੇ ਨੂੰ ਇਹ ਸਮਝ ਵੀ ਹੈ ਕਿ ਇਸ ਤਰ੍ਹਾਂ ਕਿਸੇ ਨੂੰ ਕੁਝ ਵੀ ਪ੍ਰਾਪਤ ਨਹੀਂ ਹੋ ਸਕਦਾ। ਅਸਲੀਅਤ ਇਹ ਹੈ ਕਿ ਆਪਣੀ ਕਿਸਮਤ ਬਣਾਉਂਣ ਖਾਤਰ ਕੁਝ ਤੇ ਉਪਰਾਲਾ ਕਰਨਾ ਹੀ ਪਵੇਗਾ। ਤਾਂ ਹੀ ਤੇ ਕਿਹਾ ਜਾਂਦਾ ਹੈ ਕਿ ਰੱਬ ਉਨ੍ਹਾਂ ਦੀ ਮਦੱਦ ਕਰਦਾ ਹੈ ਜੋ ਆਪਣੀ ਮਦੱਦ ਆਪ ਕਰਦੇ ਹਨ।
(God helps those who help themselves)
ਇਸੇ ਸਬੰਧ ਵਿਚ ਇੱਕ ਪੁਰਾਣਾ ਫਿਲਮੀ ਗਾਣਾਂ ਵੀ ਯਾਦ ਆਉਂਦਾ ਹੈ। ਗਾਣੇ ਵਿਚ ਬੱਚਿਆਂ ਨੂੰ ਸਵਾਲ ਕੀਤਾ ਜਾਂਦਾ ਹੈ- “ਨੱਨੇ ਮੁੱਨੇ ਬੱਚੇ ਤੇਰੀ ਮੁੱਠੀ ਮੇਂ ਕਿਆ ਹੈ”? ਫਿਰ ਬੱਚੇ ਜੁਆਬ ਦਿੰਦੇ ਹਨ: “ਇਸ ਮੁੱਠੀ ਮੇਂ ਹੈ ਤਕਦੀਰ ਹਮਾਰੀ ਹੰਮ ਨੇ ਕਿਸਮਤ ਕੋ ਵਸ ਮੇਂ ਕਿਆ ਹੈ”। ਇਹ ਬੜਾ ਢੁਕਵਾ ਗਾਣਾ ਜਾਪਦਾ ਹੈ।
ਕਿਸਮਤ ਘੜਣ ਲਈ ਸੱਚਾਈ ਤਾਂ ਇਹ ਹੈ ਕਿ ਹਰ ਇੱਕ ਦੀ ਸੋਚ, ਸਮਝ ਅਤੇ ਉਸ ਅਨੁਸਾਰ ਕੀਤੇ ਜਾਂਦੇ ਕਰਮ ਹੀ ਕਿਸਮਤ ਬਣਾਉਂਦੇ ਹਨ ਅਤੇ ਇਹ ਸੋਚ ਬਣਾਉਣ ਵਿਚ ਮਹੱਤਵਪੂਰਨ ਰੋਲ ਹੁੰਦਾ ਹੈ ਬੱਚੇ ਦੇ ਪਰਿਵਾਰ ਦਾ ਅਤੇ ਹੋਰ ਬਾਹਰਲੇ ਮਾਹੌਲ, ਸਮਾਜ, ਸਿਆਸਤਦਾਨਾਂ ਤੇ ਧਰਮ ਦਾ ਠੀਕ ਰਸਤਾ ਵਿਖਾਉਣ ਵਾਲਿਆਂ ਦਾ। ਇਨ੍ਹਾਂ ਕਾਰਨਾਂ ਕਰਕੇ ਹੀ ਹਰ ਕਿਸੇ ਦੀ ਸੋਚ ਵਿਕਸਤ ਹੁੰਦੀ ਰਹਿੰਦੀ ਹੈ ਅਤੇ ਉਸ ਅਨੁਸਾਰ ਹੀ ਉਸ ਦੇ ਕੀਤੇ ਜਾਂਦੇ ਕਰਮਾਂ ਦੀ ਦਿਸ਼ਾ ਤਹਿ ਹੁੰਦੀ ਰਹਿੰਦੀ ਹੈ। ਜਿਸ ਕਾਰਨ ਕਿਸਮਤ, ਕੁਝ ਦੀ ਕੁਝ, ਹੋ ਜਾਂਦੀ ਹੈ। ਕਿਸਮਤ ਚੰਗੀ ਵੀ ਹੋ ਜਾਂਦੀ ਹੈ ਮੰਦੀ ਵੀ ਹੋ ਜਾਂਦੀ ਹੈ।
ਵਿਗਿਆਨਕ ਇਹ ਵੀ ਦਸਦੇ ਹਨ ਕਿ ਜਦੋਂ ਕਿਸੇ ਵੀ ਬੱਚੇ ਦੇ ਮਾਂ ਬਾਪ ਬੱਚਾ ਪੈਦਾ ਕਰਨ ਲਈ ਆਪਸ ਵਿਚ ਮਿਲਾਪ ਕਰਦੇ ਹਨ ਤਾਂ ਉਨ੍ਹਾਂ ਦੇ ਮਨ ਦੀ ਸਥਿਤੀ ਉਸ ਵਕਤ ਕੈਸੀ ਹੁੰਦੀ ਹੈ ਉਸ ਨਾਲ ਬੱਚੇ ਨੂੰ ਜੋ ਡੀ:ਐਨ:ਏ: ਅਤੇ ਜੀਨਜ਼ ਮਿਲਦੇ ਹਨ ਕਿਸਮਤ ਬਣਾਉਨ ਵਿਚ ਇਸ ਦਾ ਵੀ ਹੱਥ ਹੁੰਦਾ ਹੈ। ਫਿਰ ਬੱਚੇ ਦੇ ਜੋ ਸੈਲ੍ਹ ਪਲਰਦੇ ਹਨ ਉਹ ਕਿਨ੍ਹਾਂ ਹਾਲਤਾਂ ਵਿਚ ਪਲਰਦੇ ਹਨ। ਇਹ ਸਭ ਕਿਸਮਤ ਦੀ ਇਕ ਲਕੀਰ ਖਿਚਦੇ ਰਹਿੰਦੇ ਹਨ। ਇਹ ਬੱਚੇ ਦਾ ਮੁਢਲਾ ਸੁਭਾਅ ਉਲੀਕ ਦਿੰਦੇ ਹਨ। ਇਹ ਹੀ ਬੱਚੇ ਦੇ ਮੁਢਲੇ ਕਰਮ ਕਹੇ ਜਾ ਸਕਦੇ ਹਨ। ਹਰ ਕਿਸੇ ਦੀ ਕਿਸਮਤ ਬਣਾਉਣ ਵਿਚ ਇਸ ਮੁਢਲੇ ਸੁਭਾਅ ਦਾ ਬਹੁਤ ਵੱਢਾ ਹੱਥ ਹੁੰਦਾ ਹੈ।
ਕਿਸਮਤ ਬਣਾਉਣ ਦੇ ਸਬੰਧ ਵਿਚ ਇਹ ਵੀ ਸਮਝ ਲੈਣਾ ਚਾਹੀਦਾ ਹੈ ਕਿ ਜਿਸ ਤਰ੍ਹਾਂ ਕਿਸੇ ਨੂੰ ਵਿਰਾਸਤ ਵਿਚ ਦੌਲਤ ਮਿਲਦੀ ਹੈ, ਇਸੇ ਤਰ੍ਹਾਂ ਵਿਰਾਸਤ ਵਿਚ ਸੰਸਕਾਰ ਵੀ ਮਿਲਦੇ ਹਨ ਜੋ ਕਿਸਮਤ ਦਾ ਇਕ ਵਿਸ਼ੇਸ਼ ਅੰਗ ਹੁੰਦੇ ਹਨ। ਮਾਤਾ ਪਿਤਾ ਬੱਚੇ ਨੂੰ ਕੀ ਸ਼ਿਕਸ਼ਾ ਦਿੰਦੇ ਹਨ ਇਸ ਦਾ ਪ੍ਰਭਾਵ ਵੀ ਬੱਚੇ ਦੀ ਕਿਸਮਤ ਘੜਨ ਵਿਚ ਸਹਾਈ ਹੁੰਦਾ ਹੈ। ਜੈਸੀ ਸ਼ਿਕਸ਼ਾ ਮਿਲਦੀ ਹੈ ਬੱਚਾ ਉਸੇ ਮੁਤਾਬਕ ਕਰਮ ਕਰਦਾ ਹੈ ਤੇ ਉਸੇ ਮੁਤਾਬਕ ਉਸ ਦੀ ਕਿਸਮਤ ਬਣਦੀ ਹੈ। ਇਸ ਦੇ ਨਾਲ ਹੀ ਬੱਚੇ ਦੇ ਪਰਿਵਾਰ ਦੇ ਹੋਰ ਸਦਸਯ (ਮੈਂਬਰ) ਕਿਤਨੇ ਸੁਲਝੇ ਤੇ ਸੂਝਵਾਨ ਹਨ ਜਾਂ ਕਿਤਨੇ ਰੂੜਵਾਦੀ ਹਨ ਇਸ ਦਾ ਵੀ ਬੱਚੇ ਦੇ ਮੁਕੱਦਰ ਬਣਾਉਣ ਵਿਚ ਹੱਥ ਹੁੰਦਾ ਹੈ। ਜੇਕਰ ਬੱਚੇ ਨੂੰ ਪਰਿਵਾਰ ‘ਤੇ ਸਮਾਜ ਵਲੋਂ ਸੰਸਕਾਰ ਚੰਗੇ ਮਿਲ ਜਾਂਦੇ ਹਨ ਤੇ ਉਸ ਦੀ ਕਿਸਮਤ ਚੰਗੀ ਰਹੇਗੀ ਅਤੇ ਜੇਕਰ ਸੰਸਕਾਰ ਹੀ ਬੁਰੇ ਮਿਲਦੇ ਹਨ ਤਾਂ ਕਿਸਮਤ ਕਦੀ ਚੰਗੀ ਨਹੀਂ ਰਹੇਗੀ। ਇਨ੍ਹਾਂ ਕਾਰਨਾ ਕਰਕੇ ਹੀ ਜੇ ਕੋਈ ਬੱਚਾ ਹਿੰਦੂ, ਮੁਸਲਮਾਨ, ਸਿੱਖ, ਇਸਾਈ ਜਾ ਹੋਰ ਵੀ ਕਿਸੇ ਧਰਮ ਜਾਂ ਫਿਰਕੇ ਦੇ ਪਰਿਵਾਰ ਵਿਚ ਜੰਮਦਾ ਹੈ ਤੇ ਉਸ ਦੇ ਸੰਸਕਾਰ ਉਸੇ ਤਰ੍ਹਾਂ ਦੇ ਹੋਣਗੇ ਅਤੇ ਉਸ ਦੀ ਕਿਸਮਤ ਉਸੇ ਅਨੁਸਾਰ ਹੀ ਚੰਗੀ ਜਾਂ ਮੰਦੀ ਬਣ ਜਾਂਦੀ ਹੈ।
ਇਸ ਦੇ ਉਪਰੰਤ ਵਕਤ ਦੇ ਨਾਲ, ਜੋ ਸਿਖਿਆ ਮਿਲਦੀ ਹੈ; ਜਾਂ ਫਿਰ ਸਮਾਜਕ ਸੰਗਤ ਕੈਸੀ ਹੁੰਦੀ ਹੈ ਉਸ ਨਾਲ ਸੁਭਾਅ ਅਤੇ ਸੋਚ ਬਦਲਦੇ ਰਹਿੰਦੇ ਹਨ। ਚੰਗੀ ਸਿਖਿਆ, ਚੰਗੀ ਸੁਹਭਤ ਅਤੇ ਚੰਗੀ ਸੰਗਤ ਚੰਗਾ ਸੁਭਾਅ ਅਤੇ ਚੰਗੀ ਸੋਚ ਘੜਣ ਵਿਚ ਸਹਾਈ ਹੰਦੇ ਹਨ। ਵਿਗਿਆਨਕ ਖੋਜ ਅਨੁਸਾਰ ਇਹ ਕਿਹਾ ਗਿਆ ਹੈ ਕਿ ਮਨੁੱਖ ਆਪਣੇ ਮਨ ਦੀ ਇਕਾਗਰਤਾ ਅਤੇ ਸੋਚ ਨਾਲ ਆਪਣਾ ਸੁਭਾਅ, ਭਾਵ ਮੁਢਲੇ ਮਿਲੇ ਜੀਨਜ਼ ਦੀ ਪਰੋਗਰਾਮਿੰਗ ਬਦਲ ਸਕਦਾ ਹੈ।
(Mind can override genetic programming)। ਇਸੇ ਨਿਯਮ ਅਨੁਸਾਰ ਕਿਸੇ ਵੀ ਵਿਅਕਤੀ ਦੀ ਬਰੇਨ ਵਾਸ਼ਿੰਗ ਕਰ ਦਿੱਤੀ ਜਾਂਦੀ ਹੈ ਅਤੇ ਉਸ ਨੂੰ ਭੈੜਾ ਜਾਂ ਚੰਗਾ ਬਣਾ ਦਿਤਾ ਜਾਂਦਾ ਹੈ। ਇਸ ਲਈ ਜ਼ਰੂਰੀ ਹੈ ਕਿ ਵਿਅਕਤੀ ਚੰਗੀ ਸੰਗਤ ਵਿਚ ਵਿਚਰੇ। ਚੰਗੀ ਸੰਗਤ ਚੰਗਾ ਸੁਭਾਅ ਬਣਾਉਣ ਵਿਚ ਸਹਾਈ ਹੋਵੇ ਗੀ। ਚੰਗੇ ਸੁਭਾਅ ਵਾਲੇ ਵਿਅਕਤੀ ਦੇ ਕਰਮ ਵੀ ਚੰਗੇ ਹੋਣ ਗੇ ਜਿਸ ਨਾਲ ਉਸ ਦਾ ਪਰਿਵਾਰ ਤੇ ਸਮਾਜ ਸੁਖੀ ਹੋਵੇਗਾ। ਸੁਖੀ ਪਰਿਵਾਰ ਅਤੇ ਸੁਖੀ ਸਮਾਜ ਦੀ ਕਿਸਮਤ ਹੀ ਚੰਗੀ ਕਿਸਮਤ ਗਿਣੀ ਜਾਂਦੀ ਹੈ। ਇਸ ਤਰ੍ਹਾਂ ਜਿਥੇ ਉਸ ਦੀ ਆਪਣੀ ਕਿਸਮਤ ਤੇ ਚੰਗੀ ਹੋਵੇ ਗੀ ਹੀ ਸਗੋਂ ਪਰਿਵਾਰ ਅਤੇ ਸਮਾਜ ਦੀ ਕਿਸਮਤ ਵੀ ਚੰਗੀ ਹੋ ਜਾਵੇਗੀ।
ਵਿਅਕਤੀ ਦੀ ਆਪਣੀ ਸੂਝ-ਭੂਝ ਬਹੁਤ ਮਹਤਵਪੂਰਵਨ ਹੁੰਦੀ ਹੈ। ਇਸ ਸਬੰਧ ਵਿਚ ਇਕ ਰੋਚਿਕ ਗਾਥਾ ਸੁਣਾਈ ਜਾਂਦੀ ਹੈ। ਕਹਿੰਦੇ ਹਨ ਕਿ ਇੱਕ ਸ਼ਰਾਬੀ, ਕਬਾਬੀ ਤੇ ਇਯਾਸ਼ ਵਿਅਕਤੀ ਦੇ ਦੋ ਪੁਤਰ ਸਨ। ਇੱਕ ਬੜਾ ਸ਼ਰਾਬੀ ਕਬਾਬੀ ਸੀ ਅਤੇ ਦੂਸਰਾ ਬੜਾ ਭਲਾਮਾਨਸ, ਸਾਊ ਤੇ ਸ਼ਰਾਬ ਕਬਾਬ ਤੋਂ ਦੂਰ ਨਸਣ ਵਾਲਾ ਸੀ। ਕਿਸੇ ਨੇ ਪਹਿਲੇ ਸ਼ਰਾਬੀ ਕੁਬਾਬੀ ਪੁਤਰ ਪਾਸੋਂ ਪੁਛਿਆ ਕਿ ਤੂੰ ਇਤਨਾ ਸ਼ਰਾਬੀ ਕਬਾਬੀ ਅਤੇ ਇਯਾਸ਼ ਕਿਉਂ ਹੈ? ਇਹ ਸਿਖਆ ਤੂੰ ਕਿਥੋਂ ਲਿੱਤੀ ਹੈ? ਉਸ ਦਾ ਉਤਰ ਸੀ ਕਿ ਇਹ ਸਭ ਉਸ ਨੇ ਆਪਣੇ ਬਾਪ ਪਾਸੋਂ ਸਿਖਿਆ ਹੈ। ਕਿਉਂਕਿ ਉਸ ਦਾ ਬਾਪ ਸ਼ਰਾਬੀ ਕਬਾਬੀ ਤੇ ਦੁਰਾਚਾਰੀ ਸੀ ਇਸ ਲਈ ਉਸ ਨੂੰ ਆਪਣੇ ਬਾਪ ਪਾਸੋਂ ਇਹ ਆਦਤ ਪੈਅ ਗਈ। ਫਿਰ ਉਸੇ ਵਿਅਕਤੀ ਨੇ ਉਸ ਸ਼ਰਾਬੀ ਬਾਪ ਦੇ ਦੂਸਰੇ ਲੜਕੇ ਤੋਂ ਪੁਛਿਆ ਕਿ ਉਹ ਇਤਨ੍ਹਾਂ ਸਾਊ ਕਿਸ ਤਰ੍ਹਾਂ ਬਣਿਆ? ਤੇਰਾ ਪਿਤਾ ਤੇ ਸ਼ਰਾਬੀ ਕਬਾਬੀ ਸੀ। ਉਸ ਲੜਕੇ ਨੇ ਵੀ ਇਹ ਹੀ ਜੁਆਬ ਦਿਤਾ ਕਿ ਉਹ ਆਪਣੇ ਬਾਪ ਦੀ ਸਿਖਿਆ ਕਰਕੇ ਹੀ ਸਾਊ ਬਣ ਗਿਆ ਹੈ ਤੇ ਸ਼ਰਾਬ ਕਬਾਬ ਨੂੰ ਨਫਰਤ ਕਰਦਾ ਹੈ। ਉਹ ਵਿਅਕਤੀ ਹੈਰਾਨ ਹੋ ਗਿਆ ਕਿ ਇੱਕ ਹੀ ਸ਼ਰਾਬੀ ਕਬਾਬੀ ਬਾਪ ਦੇ ਦੋ ਬੇਟੇ ਉਨ੍ਹਾਂ ਦੋਵਾਂ ਨੇ ਆਪਣੇ ਬਾਪ ਨੂੰ ਮੁਖ ਰੱਖਿਆ। ਇੱਕ ਸ਼ਰਾਬੀ ਕਬਾਬੀ ਬਣ ਗਿਆ ਤੇ ਦੂਸਰਾ ਉਸ ਦੇ ਉਲਟ ਬਹੁਤ ਸਾਊ ਹੈ।
ਇਸ ਘਟਣਾਂ ਦਾ ਵਿਸ਼ਲੇਸ਼ਣ ਕਰਦੇ ਇਕ ਸਿਆਣੇ ਵਿਅਕਤੀ ਨੇ ਸਮਝਾਇਆ ਕਿ ਇਹ ਸਭ ਆਪਣੀ ਸੋਚ ਅਤੇ ਸੂਝ-ਬੂਝ ਕਰਕੇ ਹੈ। ਇਕ ਨੇ ਜੋ ਵੇਖਿਆ ਉਹ ਹੀ ਸਿੱਖ ਲਿੱਤਾ ਤੇ ਅਪਣਾਅ ਲਿੱਤਾ। ਦੂਸਰੇ ਨੇ ਇਹ ਮਹਿਸੂਸ ਕੀਤਾ ਕਿ ਇਹ ਬੁਰਾ ਕੰਮ ਹੈ ਤੇ ਇਸ ਦੇ ਨੇੜੇ ਨਹੀਂ ਜਾਣਾ। ਬਸ ਇਹ ਹੀ ਫਰਕ ਸੀ ਦੋਵਾਂ ਭਰਾਵਾਂ ਵਿਚ। ਇਹ ਹੀ ਹੈ ਸੂਝ ਬੂਝ ਜਾਂ ਵਿਵੇਕ ਬੁਦੀ, ਇਸੇ ਤਰ੍ਹਾਂ ਬਣਦੀ ਹੈ ਜਾਂ ਬਦਲਦੀ ਹੈ ਕਿਸਮਤ।
ਗੁਰਬਾਣੀ ਇਸ ਸਬੰਧ ਵਿਚ ਬਹੁਤ ਸੁੰਦਰ ਮਸਾਲ ਦਿੰਦੀ ਹੈ। ਗੁਰਬਾਣੀ ਦਾ ਫਰਮਾਨ ਹੈ: ਕਬੀਰ ਚੰਦਨ ਕਾ ਬਿਰਵਾ ਭਲਾ ਬੇੜਿੑਓ ਢਾਕ ਪਲਾਸ ॥ਓਇ ਭੀ ਚੰਦਨੁ ਹੋਇ ਰਹੇ ਬਸੇ ਜੁ ਚੰਦਨ ਪਾਸਿ ॥ (ਪੰਨਾ 1365) ਕਿਤਨੇ ਸਰਲ ਸ਼ਬਦਾਂ ਦੇ ਵਿਚ ਸਮਝਾਇਆ ਹੈ ਕਿ ਚੰਦਨ ਦਾ ਛੋਟਾ ਜਿਹਾ ਰੁੱਖ ਜੋ ਪਲਾਹ ਦੇ ਰੁੱਖਾਂ ਨਾਲ ਘਿਰਿਆ ਹੁੰਦਾ ਹੈ ਉਸ ਛੋਟੇ ਜਿਹੇ ਚੰਦਨ ਦੇ ਰੁੱਖ ਨਾਲ ਲੱਗ ਕੇ, ਐਸੇ ਖਸ਼ਬੂਦਾਰ ਰੁੱਖ ਦੀ ਸੰਗਤ ਨਾਲ, ਉਨ੍ਹਾਂ ਪਲਾਹ ਦੇ ਰੁੱਖਾਂ ਵਿਚ ਵੀ ਖਸ਼ਬੂ ਆ ਜਾਂਦੀ ਹੈ। ਇਸੇ ਤਰ੍ਹਾਂ ਜੋ ਮਨੁੱਖ ਚੰਗੀ ਸੰਗਤ ਕਰਦਾ ਹੈ ਉਸ ਦੀ ਸੋਚ ਅਤੇ ਸੁਭਾਅ ਵੀ ਚੰਗਾ ਹੋ ਜਾਂਦਾ ਹੈ। ਉਸ ਨਾਲ ਸਾਰੇ ਪਾਸੇ ਖੁਸ਼ਬੂ ਫੈਲਦੀ ਹੈ। ਭਾਵ ਸਭ ਪਾਸੇ ਖੇੜਾ ਹੋ ਜਾਂਦਾ ਹੈ। ਜਿਥੇ ਖੇੜਾ ਹੈ ਉਥੇ ਸਭ ਦੀ ਕਿਸਮਤ ਚੰਗੀ ਹੈ।
ਇਸ ਦੇ ਨਾਲ ਹੀ ਗੁਰਬਾਣੀ ਇਹ ਵੀ ਸਪਸ਼ਟ ਕਰ ਦਿੰਦੀ ਹੈ ਕਿ ਜੇਕਰ ਮਨ ਵਿਚ ਹੰਕਾਰ ਹੈ, ਸੋਚ ਚੰਗੀ ਨਹੀਂ ਉਸ ਹਾਲਤ ਵਿਚ ਚੰਗੀ ਸੁਹਬਤ ਵੀ ਕੁਝ ਨਹੀਂ ਸਵਾਰ ਸਕਦੀ ਉਸ ਨਾਲ ਵੀ ਕਿਸਮਤ ਚੰਗੀ ਨਹੀਂ ਹੋ ਸਕਦੀ ਗੁਰਬਾਣੀ ਦਾ ਫਰਮਾਣ ਹੈ: ਕਬੀਰ ਬਾਂਸੁ ਬਡਾਈ ਬੂਡਿਆ ਇਉ ਮਤ ਡੂਬਹੁ ਕੋਇ ॥ਚੰਦਨ ਕੈ ਨਿਕਟੇ ਬਸੈ ਬਾਂਸੁ ਸੁਗੰਧੁ ਨ ਹੋਇ॥ (ਪੰਨਾ-1365) ਭਾਵ- ਕਬੀਰ ਸਾਹਿਬ ਸਮਝਾਉਂਦੇ ਹਨ! ਬਾਂਸ ਦਾ ਬੂਟਾ ਉੱਚਾ ਲੰਮਾ ਹੋਣ ਦੇ ਮਾਣ ਵਿਚ ਡੁਬਿਆ ਹੋਇਆ ਹੈ; ਭਾਵ ਹੰਕਾਰੀ ਹੈ, ਹੰਕਾਰੀ ਪੁਰਸ਼ ਦੀ ਮਤ ਪੂਠੀ ਹੀ ਹੁੰਦੀ ਹੈ ਇਸ ਤਰ੍ਹਾਂ ਭਾਵੇ ਚੰਦਨ ਦਾ ਬੂਟਾ ਤੇ ਓਹਹੀ ਹੈ ਅਤੇ ਬਾਂਸ ਦੇ ਨਜ਼ਦੀਕ ਵੀ ਹੈ ਪਰ ਜੇਕਰ ਹੰਕਾਰੀ ਬਾਂਸ ਵਾਂਗ ਉਸ ਵਿਅਕਤੀ ਦੀ ਮਤ ਪੁਠੀ ਹੈ ਤਾਂ ਉਹ ਉਸ ਚੰਦਨ ਦੀ ਖਸਬੂ ਗ੍ਰਹਿਣ ਨਹੀਂ ਕਰ ਸਕਦਾ। ਕਿਤਨੀ ਸਰਲ ਉਦਾਹਰਨ ਨਾਲ ਇਹ ਸਮਝਾ ਦਿਤਾ ਗਿਆ ਹੈ ਕਿ ਬਾਂਸ ਦੀ ਆਪਣੀ ਹੰਕਾਰੀ ਤੇ ਭ੍ਰਿਸ਼ਟ ਬੁਧੀ ਕਾਰਨ ਉਸ ਵਿਚ ਚੰਦਨ ਦੀ ਖੁਸ਼ਬੂ ਨਹੀਂ ਆਉਂਦੀ।ਇਸੇ ਤਰ੍ਹਾਂ ਹੰਕਾਰੀ ਭ੍ਰਿਸ਼ਟ ਬੁਧੀ ਵਾਲਾ ਪੁਰਸ਼ ਜੇ ਕਰ ਚੰਗੇ ਸਮਾਜ ਵਿਚ ਵੀ ਰਹਿੰਦਾ ਹੋਵੇ ਜਾਂ ਪਰਿਵਾਰ ਦੇ ਚੰਗੇ ਮੈਂਬਰਾਂ ਨਾਲ ਵੀ ਰਹਿੰਦਾ ਹੋਵੇ ਤਾਂ ਵੀ ਉਹ ਚੰਗੇ ਗੁਣ ਪ੍ਰਾਪਤ ਨਹੀਂ ਕਰ ਸਕਦਾ।
ਇਕ ਹੋਰ ਗੱਲ ਆਮ ਤੌਰ ਤੇ ਇਹ ਵੀ ਆਖੀ ਜਾਂਦੀ ਹੈ ਕਿ ਜੋ ਮੱਥੇ ਤੇ ਲਿਖਿਆ ਹੈ, ਉਹਹੀ ਪ੍ਰਾਪਤ ਹੁੰਦਾ ਹੈ। ਹੁਣ ਵੇਖਣਾਂ ਇਹ ਹੈ ਕਿ ਮੱਥੇ ਉਤੇ ਲਿਖਿਆ ਕਿਵੇਂ ਜਾਂਦਾ ਹੈ। ਗੁਰਬਾਣੀ ਦਾ ਫਰਮਾਨ ਹੈ: ਜੇਹਾ ਬੀਜੈ ਸੋ ਲੁਣੈ ਮਥੈ ਜੋ ਲਿਖਿਆਸੁ॥ (ਪੰਨਾ134) ਪ੍ਰੋ: ਸਾਹਿਬ ਸਿੰਘ ਇਸ ਦੇ ਅਰਥ ਇਸ ਤਰ੍ਹਾਂ ਕਰਦੇ ਹਨ: “(ਕੁਦਰਤਿ ਦਾ ਨਿਯਮ ਹੀ ਐਸਾ ਹੈ ਕਿ) ਮਨੱਖ ਜੇਹਾ ਬੀਜ ਬੀਜਦਾ ਹੈ, (ਕੀਤੇ ਕਰਮਾਂ ੳਨੁਸਾਰ) ਜਿਹੜਾ ਲੇਖ ਉਸਦੇ ਮੱਥੇ ਉਤੇ ਲਿਖਿਆ ਜਾਂਦਾ ਹੈ, ਉਹੋ ਹੀ ਫਲ ਉਹ ਪ੍ਰਾਪਤ ਕਰਦਾ ਹੈ”। ਜੇਕਰ ਇਸ ਨੂੰ ਵਿਸਥਾਰ ਨਾਲ ਸਮਝਿਆ ਜਾਵੇ ਤਾਂ ਪਤਾ ਚਲਦਾ ਹੈ ਕਿ ਗੁਰੂ ਸਾਹਿਬ ਨੇ ਕਿਤਨੇ ਸਰਲ ਢੰਗ ਨਾਲ ਸਮਝਾਇਆ ਹੈ ਕਿ ਜਿਵੇਂ ਧਰਤੀ ਵਿਚ ਜੈਸਾ ਬੀਜ ਬੋਇਆ ਜਾਂਦਾ ਹੈ, ਵੈਸਾ ਹੀ ਫਲ ਮਿਲਦਾ ਹੈ, ਚੰਗੇ ਬੀਜ ਨਾਲ ਫਲ ਵੀ ਚੰਗੇ ਲਗਣ ਗੇ ਅਤੇ ਭੈੜੇ ਬੀਜ ਨਾਲ ਫਲ ਚੰਗੇ ਨਹੀਂ ਲਗ ਸਕਦੇ। ਇਸੇ ਤਰ੍ਹਾਂ ਮਨ ਵਿਚ ਪਲਰਦੇ ਬੁਰੇ ਵਿਚਾਰ ਬੁਧੀ ਭ੍ਰਿਸ਼ਟ ਕਰ ਦਿੰਦੇ ਹਨ ਇਸ ਦੇ ਫਲਸਰੂਪ ਕਰਮ ਚੰਗੇ ਨਹੀਂ ਹੋ ਸਕਣਗੇ। ਜੇਹਾ ਬੀਜੈ – ਮਨ ਇਕ ਧਰਤੀ ਦੀ ਤਰ੍ਹਾਂ ਹੈ ਅਤੇ ਇਸ ਵਿਚ ਪਲਰਦੇ ਵਿਚਾਰ ਹੀ ਬੀਜ ਹੁੰਦੇ ਹਨ ਇਹ ਵਿਚਾਰ ਹੀ ਸੋਚ ਅਤੇ ਸਮਝ ਹੁੰਦੀ ਹੈ। ਭਾਵ ਜੈਸੀ ਤੁਹਾਡੀ ਸੋਚ ਉਸੇ ਅਨੁਸਾਰ ਤੁਸੀ ਕਰਮ ਕਰਦੇ ਹੋ, ਉਸੇ ਅਨੁਸਾਰ ਤੁਸੀਂ ਸਮਾਜ ਵਿਚ ਵਿਚਰਦੇ ਹੋ, ਜੈਸਾ ਤੁਸੀ ਵਿਵਹਾਰ ਕਰਦੇ ਹੋ; ਇਹ ਹੀ ਕਰਮ ਹੁੰਦੇ ਹਨ ਇਹ ਹੀ ਤੁਹਾਡੇ ਮੱਥੇ ਉਤੇ ਭਾਗ ਲਿਖੇ ਜਾਂਦੇ ਹਨ, ਉਸੇ ਮੁਤਾਬਕ ਤੁਹਾਨੂੰ ਫਲ ਮਿਲਦਾ ਹੈ।ਉਸੇ ਮੁਤਾਬਕ ਤੁਸੀਂ ਚੰਗੇ ਜਾਂ ਮੰਦੇ ਹੁੰਦੇ ਹੋ।
ਚੰਗੀ ਸੋਚ ਅਪਣਾਉਣ ਲਈ ਇਹ ਜ਼ਰੂਰੀ ਹੈ ਕਿ ਭੈੜੀ ਸੰਗਤ ਤੋਂ ਬਚਿਆ ਜਾਵੇ। ਭੈੜੀ ਸੰਗਤ ਵਿਚ ਰਹਿ ਕੇ ਸੋਚ ਵੀ ਭੈੜੀ ਹੋ ਜਾਵੇਗਾ।ਇਸ ਤਰ੍ਹਾਂ ਭੈੜੀ ਸੋਚ ਨਾਲ ਸੁਭਾਅ ਵੀ ਭੈੜਾ ਹੋਵੇਗਾ ਅਤੇ ਭੈੜੇ ਸੁਭਾਅ ਕਾਰਨ ਕਰਮ ਵੀ ਭੈੜੇ ਹੋਣਗੇ ਫਿਰ ਭੈੜੇ ਕਰਮਾਂ ਕਾਰਨ ਕਿਸਮਤ ਵੀ ਭੈੜੀ ਹੀ ਹੋਵੇਗੀ। ਐਸੇ ਵਿਅਕਤੀ ਨਾ ਕੇਵਲ ਆਪਣੀ ਕਿਸਮਤ ਭੈੜੀ ਬਣਾਉਂਦੇ ਹਨ ਸਗੋਂ ਆਪਣੇ ਪਰਿਵਾਰ, ਤੇ ਸਮਾਜ ਦੀ ਕਿਸਮਤ ਵੀ ਭੈੜੀ ਕਰ ਦਿੰਦੇ ਹਨ। ਇਸੇ ਲਈ ਗੁਰਬਾਣੀ ਬੁਰੀ ਸੰਗਤ ਤੋਂ ਬਚਣ ਵਾਸਤੇ ਤਾਕੀਦ ਕਰਦੀ ਹੈ। ਗੁਰਬਾਣੀ ਦਾ ਫਰਮਾਨ ਹੈ: ਕਬੀਰ ਸਾਕਤ ਸੰਗੁ ਨ ਕੀਜੀਐ ਦੂਰਹਿ ਜਾਈਐ ਭਾਗਿ ॥ਬਾਸਨੁ ਕਾਰੋ ਪਰਸੀਐ ਤਉ ਕਛੁ ਲਾਗੈ ਦਾਗੁ॥ (ਪੰਨਾ-1371) ਇਸ ਦਾ ਭਾਵ ਇਹ ਹੈ ਕਿ ਜਿਵੇਂ ਕੋਈ ਵਿਅਕਤੀ ਜੇ ਕਿਸੇ ਐਸੇ ਬਰਤਨ ਨਾਲ ਛੂ ਜਾਂਦਾ ਹੈ ਜਿਸ ਨੂੰ ਕਾਲਖ ਲੱਗੀ ਹੈ ਤਾਂ ਉਸ ਕਾਲਖ ਦਾ ਦਾਗ ਉਸ ਵਿਅਕਤੀ ਨੂੰ ਲੱਗ ਹੀ ਜਾਂਦਾ ਹੈ। ਇਸੇ ਤਰ੍ਹਾਂ ਜੇ ਕੋਈ ਵਿਅਕਤੀ ਕਿਸੇ ਬੁਰੇ ਇਨਸਾਨ ਦੀ ਸੰਗਤ ਕਰਦਾ ਹੈ, ਸਾਕਤ ਸੰਗ ਕਰਦਾ ਹੈ, ਕਿਸੇ ਭੈੜੀ ਸੰਗਤ ਨਾਲ ਜੁੜ ਜਾਂਦਾ ਹੈ ਤਾਂ ਉਸ ਉਤੇ ਉਸ ਸੰਗਤ ਦਾ ਅਸਰ ਜ਼ਰੂਰ ਹੋ ਜਾਂਦਾ ਹੈ। ਇਸ ਲਈ ਸਾਕਤ ਤੋਂ, ਬੁਰੇ ਵਿਅਕਤੀ ਤੋਂ ਦੂਰ ਹੀ ਰਹਿਣਾ ਚਾਹੀਦਾ ਹੈ।
ਇਸ ਮੁਤਬਕ ਵੇਖਦੇ ਹਾਂ ਜੇਕਰ ਬੱਚਾ ਪਹਿਲਾਂ ਹੀ ਕਿਸੇ ਅਮੀਰ ਦੇ ਘਰ ਵਿਚ ਪੈਦਾ ਹੁੰਦਾ ਹੈ ਤੇ ਅਮੀਰੀ ਉਸ ਨੂੰ ਵਿਰਾਸਤ ਵਿਚ ਹੀ ਮਿਲ ਜਾਂਦੀ ਹੈ। ਇਥੇ ਫਿਰ ਪਹਿਲੇ ਨਿਯਮ ਅਨੁਸਾਰ ਇਹ ਧਿਆਨ ਰਖਣਾ ਹੋਵੇ ਗਾ ਕਿ ਉਸ ਦਾ ਆਪਣਾ ਸੁਭਾਅ ਅਤੇ ਸੁਹਬਤ ਕੈਸੀ ਹੈ। ਜੇਕਰ ਸੁਹਬਤ ਚੰਗੀ ਹੈ ਤੇ ਐਸਾ ਵਿਅਕਤੀ ਉਸ ਵਿਰਾਸਤ ਵਿਚ ਮਿਲੀ ਦੌਲਤ ਨੂੰ ਸੰਭਾਲ ਲਵੇਗਾ ਅਤੇ ਉਸ ਵਿਚ ਵਾਧਾ ਕਰਕੇ ਆਪਣੀ ਚੰਗੀ ਕਿਸਮਤ ਨੂੰ ਹੋਰ ਚੰਗੇਰਾ ਕਰ ਲਵੇਗਾ ਪਰ ਇਸਦੇ ਉਲਟ ਜੇਕਰ ਸੁਹਬਤ ਬੁਰੀ ਹੈ ਤੇ ਬੁਰੀ ਸੁਹਬਤ ਕਾਰਨ ਸਭ ਕੁਝ ਗੁਆ ਲਵੇਗਾ ਤੇ ਆਪਣੀ ਬੁਰੀ ਕਿਸਮਤ ਸਮਝ ਕੇ ਦੂਸਰਿਆ ਨੂੰ ਦੋਸ਼ੀ ਠਹਿਰਾਵੇਗਾ ਅਤੇ ਆਪਣੀ ਭੈੜੀ ਕਿਸਮਤ ਤੇ ਰੋਵੇਗਾ।
ਅਸਲੀਅਤ ਇਹ ਹੁੰਦੀ ਹੈ ਕਿ ਭੈੜੇ ਸੁਭਾਅ ਅਤੇ ਭੈੜੀ ਸੰਗਤ ਕਾਰਨ ਕਰਮ ਵੀ ਭੈੜੇ ਹੁੰਦੇ ਹਨ। ਭੈੜੇ ਕਰਮਾਂ ਕਾਰਨ ਹੀ ਕਿਸਮਤ ਭੈੜੀ ਹੋ ਜਾਂਦੀ ਹੈ। ਗੁਰਬਾਣੀ ਸਮਝਾਉਂਦੀ ਹੈ: ਦਦੈ ਦੋਸੁ ਨਾ ਦੇਉ ਕਿਸੈ ਦੋਸੁ ਕਰੰਮਾ ਆਪਣਿਆ॥ ਜੋ ਮੈ ਕੀਆ ਸੋ ਮੈ ਪਾਇਆ ਦੋਸੁ ਨ ਦੀਜੈ ਅਵਰ ਜਨਾ॥ (ਪੰਨਾ 433)। ਅਰਥ ਸਪਸ਼ਟ ਹਨ ਕਿ ਆਪਣੀ ਭੈੜੀ ਕਿਸਮਤ ਲਈ ਕਿਸੇ ਉਤੇ ਦੋਸ਼ ਨਹੀਂ ਮੜਿਆ ਜਾ ਸਕਦਾ, ਇਹ ਤਾਂ ਆਪਣੇ ਕਰਮਾਂ ਕਰਕੇ ਹੀ ਭੈੜੀ ਹੁੰਦੀ ਹੈ। ਜਿਸ ਤਰ੍ਹਾਂ ਕੋਈ ਵਿਚਰਦਾ ਹੈ, ਜੈਸੇ ਕਰਮ ਕਰਦਾ ਹੈ ਉਸੇ ਤਰ੍ਹਾਂ ਉਸ ਨੂੰ ਫਲ ਮਿਲਦਾ ਹੈ। ਕਿਸੇ ਹੋਰ ਨੂੰ ਦੋਸ਼ੀ ਨਹੀਂ ਠਹਿਰਾਇਆ ਜਾ ਸਕਦਾ।
ਇਕ ਗੱਲ ਹੋਰ ਸਮਝਣ ਵਾਲੀ ਹੈ ਕਿ ਕਈ ਵਿਅਕਤੀ ਆਪਣੀ ਮਕਾਰੀ ਕਰਕੇ ਵੀ ਤਰੱਕੀ ਕਰ ਜਾਂਦੇ ਹਨ। ਉਨ੍ਹਾਂ ਦੀ ਮਕਾਰੀ ਹੀ ਉਨ੍ਹਾਂ ਦੀ ਮਹਿਨਤ ਹੁੰਦੀ ਹੈ। ਇਸ ਮਕਾਰੀ ਨਾਲ ਕੀਤੀ ਤਰੱਕੀ ਨਾਲ ਪਰਿਵਾਰ, ਸਮਾਜ,ਦੇਸ਼ ਅਤੇ ਕੌਮ ਸਭ ਦਾ ਨੁਕਸਾਨ ਵੀ ਹੁੰਦਾ ਹੈ ਤੇ ਇਹ ਪਰਿਵਾਰ, ਸਮਾਜ,ਦੇਸ਼ ਅਤੇ ਕੌਮ ਦਾ ਦੁਰਭਾਗ ਹੁੰਦਾ ਹੈ। ਐਸੇ ਵਿਅਕਤੀ ਆਪਣੇ ਪਰਿਵਾਰ ਸਮੇਤ ਸਾਰੇ ਸਮਾਜ, ਦੇਸ਼ ਜਾਂ ਕੋਮ ਦੀ ਕਿਸਮਤ ਖਰਾਬ ਕਰ ਦਿੰਦੇ ਹਨ। ਇਸ ਲਈ ਸਮਾਜ ਨੂੰ ਚੁਕੱਣਾ ਰਹਿਣ ਦੀ ਲੋੜ ਹੁੰਦੀ ਹੈ।
ਇਹ ਤਾਂ ਇਸ ਤਰ੍ਹਾਂ ਹੈ ਜਿਵੇ ਕਬੀਰ ਸਾਹਿਬ ਇੱਕ ਉਦਾਹਰਣ ਦੇ ਕੇ ਸਮਝਾਉਂਦੇ ਹਨ: ਕਬੀਰ ਮਾਰੀ ਮਰਉ ਕੁਸੰਗ ਕੀ ਕੇਲੇ ਨਿਕਟਿ ਜੁ ਬੇਰਿ ॥ ਉਹ ਝੂਲੈ ਉਹ ਚੀਰੀਐ ਸਾਕਤ ਸੰਗੁ ਨ ਹੇਰਿ॥ (ਪੰਨਾ-1369) ਭਾਵ- ਜਿਵੇ ਕੇਲੇ ਦੇ ਪੇੜ ਪਾਸ ਬੇਰੀ ਦਾ ਰੁਖ ਹੋਵੇ। ਕੇਲੇ ਦੇ ਕੋਮਲ ਪੱਤੇ ਜਦੋਂ ਝੁਲਦੇ ਹਨ ਤੇ ਨਾਲ ਲਗਦੀ ਬੇਰੀ ਦੇ ਕੰਢੇ ਉਨ੍ਹਾਂ ਪੱਤਿਆਂ ਨੂੰ ਛਲਣੀ ਕਰ ਦਿੰਦੇ ਹਨ; ਇਸੇ ਤਰ੍ਹਾਂ ਬੁਰੀ ਸੋਚ ਬੁਰੇ ਸੁਭਾਅ ਵਾਲਾ ਵਿਅਕਤੀ ਆਪਣੇ ਪਰਿਵਾਰ, ਸਮਾਜ,ਦੇਸ਼ ਅਤੇ ਕੌਮ ਨੂੰ ਦੁਖੀ ਕਰ ਦਿੰਦਾ ਹੈ। ਭਾਵ ਬੁਰੇ ਵਿਚਾਰਾਂ ਵਾਲੇ ਅਤੇ ਬੁਰੇ ਸੁਭਾਅ ਵਾਲੇ ਮਕਾਰ, ਦੁਰਾਚਾਰੀ, ਮਤਲਬੀ, ਮੁਤਅੱਸਬੀ ਵਿਅਕਤੀ ਨਾਲ ਰਹਿੰਦੇ ਚੰਗੇ ਵਿਅਕਤੀਆਂ ਦੀ ਜ਼ਿੰਦਗੀ ਵੀ ਖਰਾਬ ਹੋ ਜਾਂਦੀ ਹੈ; ਭਾਵ ਉਨ੍ਹਾਂ ਦੀ ਕਿਸਮਤ ਵੀ ਖਰਾਬ ਕਰ ਦਿਤੀ ਜਾਂਦੀ ਹੈ। ਇਸ ਲਈ ਜੇ ਕਰ ਐਸੇ ਮਕਾਰ, ਧੋਖੇਬਾਜ਼, ਸੁਆਰਥੀ, ਬੁਰੇ ਵਿਚਾਰਾਂ ਵਾਲੇ ਮੁਤਅੱਸਬੀ ਵਿਅਕਤੀ ਦੇ ਹੱਥ ਵਿਚ ਕੋਈ ਤਾਕਤ ਆ ਜਾਵੇ ਜਾਂ ਕਿਸੇ ਦੇਸ਼ ਦੀ ਵਾਗ ਡੋਰ ਐਸੇ ਵਿਅਕਤੀ ਦੇ ਹੱਥ ਵਿਚ ਆ ਜਾਵੇ ਤੇ ਉਹ ਦੇਸ਼ ਅਤੇ ਕੌਮ ਨੂੰ ਬਰਬਾਦ ਕਰ ਦਿੰਦੇ ਹਨ।
ਕਿਤਨਾ ਅਫਸੋਸ ਹੈ ਕਿ ਅੱਜ ਦੇ ਧਰਮੀ ਅਖਵਾਉਂਦੇ ਲੋਕ ਹੀ ਲੋਕਾਂ ਦੇ ਦਿਲਾਂ ਵਿਚ ਨਫਰਤ, ਵੈਰ, ਵਿਰੋਧ ਵਰਗੇ ਭੈੜੇ ਬੀਜ ਬੋਈ ਜਾ ਰਹੇ ਹਨ। ਨਾਲ ਹੀ ਰਾਜਨੀਤਕ ਲੋਕ ਜਿਨ੍ਹਾਂ ਨੇ ਸੇਵਾ ਕਰਨੀ ਹੁੰਦੀ ਹੈ ਆਪਣੇ ਲੋਭ ਅਤੇ ਲਾਲਚ ਕਾਰਨ ਉਸ ਨਫਰਤ ਨੂੰ ਪ੍ਰਫੁਲਤ ਕਰੀ ਜਾ ਰਹੇ ਹਨ ਤੇ ਭੋਲੀ ਭਾਲੀ ਜੰਤਾ ਨੂੰ ਮੂਰਖ ਬਣਾ ਕੇ ਲੜਾਈ ਜਾ ਰਹੇ ਹਨ ਅਤੇ ਉਨ੍ਹਾਂ ਵਿਚਾਰਿਆ ਦੀ ਕਿਸਮਤ ਬੁਰੀ ਲਿਖੀ ਜਾ ਰਹੇ ਹਨ ਅਤੇ ਦੋਸ਼ ਰੱਬ ਨੂੰ ਦਿੰਦੇ ਹਨ ਕਿ ਉਸ ਨੇ ਹੀ ਇਨ੍ਹਾਂ ਦੇ ਭੈੜੇ ਕਰਮ ਲਿਖ ਦਿਤੇ ਹਨ।
ਸਮੁਚਾ ਭਾਵ ਇਹ ਕਿ ਭੈੜੀ ਸੋਚ, ਭੈੜੀ ਸੰਗਤ ਅਤੇ ਭੈੜੇ ਸੁਭਾਅ ਵਾਲੇ ਵਿਅਕਤੀ ਦੀ ਕਿਸਮਤ ਚੰਗੀ ਨਹੀਂ ਹੋ ਸਕਦੀ। ਕਿਉਂਕਿ ਐਸੇ ਵਿਅਕਤੀ ਨੂੰ ਹਰ ਕਿਸੇ ਤੇ ਗਿਲਾ ਸ਼ਿਕਵਾ ਅਤੇ ਰੋਸ ਹੀ ਰਹੇਗਾ। ਐਸਾ ਵਿਅਕਤੀ ਆਪਣੇ ਮਨ ਦੇ ਵਕਾਰਾਂ ਕਰਕੇ ਹਮੇਸ਼ਾ ਕੁੜਦਾ ਰਹੇਗਾ ਅਤੇ ਦੂਸਰਿਆਂ ਉਤੇ ਦੋਸ਼ ਮੜਦਾ ਰਹੇਗਾ, ਜਾਂ ਫਿਰ ਆਪਣੀ ਭੈੜੀ ਕਿਸਮਤ ਨੂੰ ਕੋਸਦਾ ਰਹੇਗਾ। ਭੈੜੀ ਸੋਚ ਕਾਰਨ ਕਰਮ ਵੀ ਭੈੜੇ ਹੋਣਗੇ। ਐਸੇ ਵਿਅਕਤੀ ਦੀ ਜਿਥੇ ਆਪਣੀ ਕਿਸਤ ਖਰਾਬ ਹੁੰਦੀ ਹੈ ਉਥੇ ਉਹ ਪਰਿਵਾਰ ਅਤੇ ਸਮਾਜ, ਕੋਮ, ਦੇਸ਼ ਦੀ ਕਿਸਮਤ ਵੀ ਖਰਾਬ ਕਰ ਦਿੰਦਾ ਹੈ।
ਇਹ ਸਭ ਵਿਚਾਰਨ ਤੋਂ ਪਤਾ ਇਹ ਚਲਦਾ ਹੈ ਕਿ ਕਿਸਮਤ ਕੋਈ ਅਸਮਾਨ ਵਾਲਾ ਰੱਬ ਨਹੀਂ ਲਿਖਦਾ ਸਗੋਂ ਕਿਸਮਤ ਬਣਾਉਣ ਵਿਚ ਮਾਪਿਆਂ ਦਾ, ਸ਼ਿਕਸ਼ਕਾਂ ਦਾ, ਧਰਮ ਦੇ ਪ੍ਰਚਾਰਕਾਂ ਦਾ, ਸਮਾਜ ਦੇ ਪਰਭਾਵਸ਼ਾਲੀ ਲੋਕਾਂ ਦਾ, ਰਾਜੇ ਰਾਣਿਆਂ ਦਾ ਭਾਵ ਅੱਜਕਲ੍ਹ ਦੇ ਸਿਆਸਤਦਾਨਾਂ ਦਾ ਅਤੇ ਆਪਣੀ ਸੂਝ ਬੂਝ ਦਾ ਮਿਲਾਪ ਹੀ ਕਿਸਮਤ ਬਣਾਉਂਦੇ ਹਨ। ਅਸਮਾਨ ਤੇ ਬੈਠਾ ਕੋਈ ਰੱਬ ਨਹੀਂ
ਨੋਟ: (1) ਇਹ ਵਿਚਾਰ ਕਰਨੀਂ ਵੀ ਬਣਦੀ ਹੈ ਕਿ ਚੰਗੀ ਕਿਸਮਤ ਜਾਂ ਭੈੜੀ ਕਿਸਮਤ ਹੁੰਦੀ ਕੀ ਹੈ? ਪਰ ਇਹ ਇੱਕ ਵੱਖਰਾ ਮੁੱਦਾ ਹੈ ਜਿਸ ਨੂੰ ਵੱਖਰਾ ਵਿਚਾਰਿਆ ਜਾਵੇਗਾ।
(2) ਜੇਕਰ, ਕਿਸੇ ਕਾਰਨ, ਕੋਈ ਪਾਠਕ ਜਾਂ ਪ੍ਰੇਮੀ ਇਨ੍ਹਾਂ ਵਿਚਾਰਾਂ ਨਾਲ ਸਹਿਮਤ ਨਹੀਂ ਹਨ ਤਾਂ ਕਿਰਪਾ ਕਰਕੇ ਮੇਰੀ ਸੁਧਾਈ ਖਾਤਰ ਆਪਣੇ ਵਿਚਾਰ ਜ਼ਰੂਰ ਸਾਂਝੇ ਕਰੋ ਜੀ। ਆਪ ਜੀ ਦਾ ਧੰਨਵਾਦੀ ਹੋਵਾਂਗਾ।

SURINDER SINGH ADVOCATE
20 WIRILDA WAY, MAIDSTONE
VIC-3012, AUSTRALIA CELL - +61-468432632
.