.

ਸਾਧ ਜਨਾ ਕੀ ਅਚਰਜ ਕਥਾ ॥

 

ਫਰੀਦਾ ਕਾਲੇ ਮੈਡੇ ਕਪੜੇ ਕਲਾ ਮੈਡਾ ਵੇਸੁ।। ਗੁਨਹੀ ਭਰਿਆ ਮੈ ਫਿਰ ਲੋਕੁ ਕਹੈ ਦਰਵੇਸੁ।।੬੧।। ਅਰਥ: ਹੇ ਫਰੀਦ ਮੇਰੇ ਅੰਦਰ ਉਹ ਜੀਰਾਂਦ ਨਹੀਂ ਹੈ ਜੋ ਇੱਕ ਫਕੀਰ ਦੇ ਅੰਦਰ ਹੋਣੀ ਚਾਹੀਦੀ ਹੈ। ਮੇਰੇ ਕਪੜੇ ਕਾਲੇ ਹਨ, ਮੇਰਾ ਭੇਖ ਅਤੇ ਲਿਬਾਸ ਕਾਲਾ ਹੈ ਅਤੇ ਮੈਂ ਗੁਨਾਹਾਂ ਨਾਲ ਭਰਿਆ ਹੋਇਆ ਹਾਂ ਪਰ ਫਿਰ ਵੀ ਲੋਕ ਮੈਨੂੰ ਫਕੀਰ ਆਖਦੇ ਹਨ। ਇਹ ੬੧ਵਾਂ ਸਲੋਕ ਮਹਾਨ ਹਸਤੀ, ਬਾਬਾ ਸ਼ੇਖ ਫਰੀਦ ਜੀ ਦਾ ਹੈ ਜੋ ਗੁਰੂ ਗ੍ਰੰਥ ਸਾਹਿਬ ਦੇ ਪੰਨਾਂ ੧੩੮੧ ਤੇ ਦਰਜ਼ ਹੈ। ਗੁਰੂ ਗ੍ਰੰਥ ਸਾਹਿਬ ਵਿੱਚ ਕਿਸੇ ਖਾਸ ਭੇਖ ਜਾਂ ਲਿਬਾਸ ਨੂੰ ਧਰਮ ਦਾ ਅਨਿਖੜਵਾਂ ਅੰਗ ਨਹੀਂ ਮੰਨਿਆ ਗਿਆ। ਇਥੇ ਤਾਂ ਗੁਣਾਂ ਦੀ ਕਦਰ ਕੀਤੀ ਜਾਂਦੀ ਹੈ। ਭੇਖ ਵਾਰੇ ਬਾਬਾ ਸ਼ੇਖ ਫਰੀਦ ਜੀ ਨੇ ਹੇਠ ਲਿਖੇ ਇੱਕ ਸਲੋਕ ਵਿੱਚ ਸਵਾਲ ਕੀਤਾ ਹੈ। ਗੁਰੂ ਅਮਰ ਦਾਸ ਅਤੇ ਗੁਰੂ ਅਰਜਨ ਸਾਹਿਬ ਦੇ ਇਸ ਸਵਾਲ ਦੇ ਜਵਾਬ ਵੀ ਹੇਠਾਂ ਦਿੱਤੇ ਜਾਂਦੇ ਹਨ; ਫਰੀਦਾ ਪਾੜਿ ਪਟੋਲਾ ਧਜ ਕਰੀ ਕੰਬਲੜੀ ਪਹਿਰੇਉ ॥ ਜਿਨ੍ਹਹੀ ਵੇਸੀ ਸਹੁ ਮਿਲੈ ਸੇਈ ਵੇਸ ਕਰੇਉ ॥੧੦੩॥ ਪੰਨਾਂ ੧੩੮੩ ਅਰਥ: ਹੇ ਫਰੀਦ! ਪੱਟ ਦਾ ਕੱਪੜਾ ਪਾੜ ਕੇ ਮੈਂ ਲੀਰਾਂ ਕਰ ਦਿਆਂ ਅਤੇ ਮਾੜੀ ਜਿਹੀ ਕੰਬਲੀ ਪਾ ਲਵਾਂ। ਮੈਂ ਉਹ ਹੀ ਵੇਸ ਕਰ ਲਵਾਂ, ਜਿਨ੍ਹਾਂ ਵੇਸਾਂ ਨਾਲ ਮੇਰਾ ਖਸਮ ਪ੍ਰਭੂ ਮੈਨੂੰ ਮਿਲ ਜਾਵੇ।

ਮਃ ੩ ॥ ਕਾਇ ਪਟੋਲਾ ਪਾੜਤੀ ਕੰਬਲੜੀ ਪਹਿਰੇਇ ॥ ਨਾਨਕ ਘਰ ਹੀ ਬੈਠਿਆ ਸਹੁ ਮਿਲੈ ਜੇ ਨੀਅਤਿ ਰਾਸਿ ਕਰੇਇ ॥੧੦੪॥ ਪੰਨਾਂ ੧੩੮੩

ਅਰਥ: ਪਤੀ ਪ੍ਰਮਾਤਮਾ ਨੂੰ ਮਿਲਣ ਵਾਸਤੇ ਜੀਵ-ਇਸਤ੍ਰੀ ਨੂੰ ਸਿਰ ਦੇ ਪੱਟ ਦਾ ਕਪੜਾ ਪਾੜਨ ਅਤੇ ਭੈੜੀ ਜਿਹੀ ਕੰਬਲੀ ਪਹਿਨਣ ਦੀ ਲੋੜ੍ਹ ਨਹੀਂ। ਗੁਰੂ ਨਾਨਕ ਸਾਹਿਬ ਦੇ ਤੀਜੇ ਸਰੂਪ, ਗੁਰੂ ਅਮਰ ਦਾਸ ਕਹਿੰਦੇ ਹਨ ਕਿ ਪਤੀ ਪ੍ਰਮਾਤਮਾ ਤਾਂ ਘਰ ਵਿੱਚ ਬੈਠਿਆਂ ਹੀ ਮਿਲ ਜਾਂਦਾ ਹੈ ਜੇ ਜੀਵ-ਇਸਤ੍ਰੀ ਆਪਣੀ ਨੀਅਤ ਸਾਫ਼ ਅਤੇ ਆਪਣਾ ਮਨ ਪਵਿਤ੍ਰ ਕਰ ਲਵੇ।

ਮਃ ੫ ॥ ਫਰੀਦਾ ਗਰਬੁ ਜਿਨ੍ਹਹਾ ਵਡਿਆਈਆ ਧਨਿ ਜੋਬਨਿ ਆਗਾਹ ॥ ਖਾਲੀ ਚਲੇ ਧਣੀ ਸਿਉ ਟਿਬੇ ਜਿਉ ਮੀਹਾਹੁ ॥੧੦੫॥ ਪੰਨਾਂ ੧੩੮੩

ਅਰਥ: ਗੁਰੂ ਅਰਜਨ ਸਾਹਿਬ ਕਹਿੰਦੇ ਹਨ ਕਿ ਹੇ ਫਰੀਦ! ਜਿਨ੍ਹਾਂ ਲੋਕਾਂ ਨੂੰ ਦੁਨੀਆਵੀ ਇੱਜ਼ਤ, ਬੇਅੰਤ ਧਨ ਜਾਂ ਜੁਆਨੀ ਦਾ ਹੰਕਾਰ ਕੀਤਾ, ਉਹ ਲੋਕ ਸੰਸਾਰ ਵਿੱਚੋਂ ਮਾਲਕ ਪ੍ਰਭੂ ਦੀ ਮੇਹਰ ਤੋਂ ਸੱਖਣੇ ਹੀ ਸੰਸਾਰ ਤੋਂ ਚਲੇ ਗਏ। ਇਹ ਉਸ ਤਰ੍ਹਾਂ ਹੀ ਹੁੰਦਾ ਹੈ ਜਿਵੇਂ ਟਿੱਬੇ ਮੀਂਹ ਪੈਣ ਦੇ ਬਾਵਜੂਦ ਸੁੱਕੇ ਰਹਿ ਜਾਂਦੇ ਹਨ।

ਪਰ ਅੱਜ ਦੇ ਅਖੌਤੀ ਅਨਪੜ੍ਹ ਧਰਮੀ ਲੋਕ ਲਿਬਾਸ ਨੂੰ ਹੀ ਉੱਤਮ ਅਤੇ ਸਭ ਕੁੱਝ ਮੰਨੀ ਬੈਠੇ ਹਨ। ਅੱਜ ਦੇ ਇਹ ਅਖੌਤੀ ਅਨਪੜ੍ਹ ਧਰਮੀ ਲੋਕਾਂ ਦੇ ਜੱਥਿਆਂ ਦਾ ਲਿਬਾਸ, ਦਸਤਾਰ ਸਜਾਉਣ ਦਾ ਢੰਗ ਅਤੇ ਉਸ ਦਾ ਰੰਗ ਵੱਖ-ਵੱਖ ਹਨ। ਹੁਣ ਤਾਂ ਆਪਣੀ ਅੱਲਗ ਪਹਿਚਾਣ ਲਈ ਰਾਗੀ ਜੱਥੇ ਵੱਖਰੇ-ਵੱਖਰੇ ਕਿਸਮ ਦੀਆਂ ਕਿਰਪਾਨਾਂ ਅਤੇ ਉਨ੍ਹਾਂ ਦੇ ਗਾਤਰੇ ਵੀ ਵੱਖਰੇ-ਵੱਖਰੇ ਪਹਿਣਦੇ ਹਨ। ਵਿਰਲਿਆਂ ਨੂੰ ਛੱਡ ਕਿਸੇ ਰਾਗੀ ਜੱਥੇ ਨੂੰ ਬਾਜੇ ਤੋਂ ਵਗੈਰ ਕਿਸੇ ਹੋਰ ਤੰਤੀ ਸਾਜ ਬਜਾਉਣ ਦਾ ਹੁਨਰ ਨਹੀਂ, ਰਾਗ ਦੀ ਸਮਝ ਅਤੇ ਉਸ ਮੁਤਾਬਕ ਗਾਉਣਾ ਤਾਂ ਬਹੁਤ ਦੂਰ ਦੀ ਗੱਲ ਹੈ।

ਇੱਕ ਉਹ ਵੀ ਸਮਾਂ ਸੀ, ਜਦੋਂ ਪੰਜਾਬ ਵਿੱਚ ਲੋਕ ਇਹ ਕਿਹਾ ਕਰਦੇ ਸਨ ਕਿ 'ਚੋਰ ਅਤੇ ਸਾਧ’ ਵਿੱਚ ਫ਼ਰਕ ਕਰਨਾ ਚਾਹੀਦਾ ਹੈ। ਇਸ ਦਾ ਭਾਵ ਇਹ ਹੁੰਦਾ ਸੀ ਕਿ ਚੋਰ ਤਾਂ ਅਪਰਾਧੀ ਹੀ ਹੁੰਦਾ ਹੈ ਪਰ ਚੋਰ ਦੇ ਮੁਕਾਬਲੇ ‘ਸਾਧ’ ਆਪਣੇ ਸਰੀਰ ਅਤੇ ਮਨ ਦੀ ਸਾਧਨਾ ਕਰਦਾ ਹੈ ਅਤੇ ਆਪਣੇ ਸ਼ਰਧਾਲੂਆਂ ਅਤੇ ਆਮ ਲੋਕਾਂ ਨੂੰ ਵੀ ਨੇਕੀ ਦੇ ਪਾਉਂਦਾ ਹੈ। ਇਸ ਕਰਕੇ ਆਮ ਲੋਕ ਸਾਧ-ਸੰਤਾਂ ਦਾ ਬਣਦਾ ਸਤਿਕਾਰ ਕਰਦੇ ਸਨ। ਉਨ੍ਹਾਂ ਵਿੱਚ ਜੇ ਕੋਈ ਸਾਧ-ਸੰਤ ਮਾੜਾ ਵੀ ਹੁੰਦਾ ਸੀ ਤਾਂ ਲੋਕ ਇਹ ਸੋਚ ਕੇ ਅਣਗੌਲਿਆ ਕਰਨ ਵਿੱਚ ਬੁਰਾ ਨਹੀਂ ਸੀ ਸਮਝਦੇ ਕਿ ਕੋਈ ਵਿਰਲਾ ਹੀ ਸਾਧ-ਸੰਤ ਏਦਾਂ ਹੋ ਸਕਦਾ ਹੈ। ਪਰ ਹੁਣ ਇਹ ਗੱਲ ਨਹੀਂ। ਜਿੰਨੇ ਕੇਸ ਅੱਜ ਸਾਧ-ਸੰਤਾਂ ਵਾਰੇ ਵਿਵਾਦਾਂ ਵਿੱਚ ਆਉਣ ਲੱਗ ਗਏ ਹਨ, ਉਨ੍ਹਾਂ ਪਿੱਛੋਂ ਸਮਾਜ ਨੂੰ ਉਨ੍ਹਾਂ ਵਾਰੇ ਵੀ ਨਵੀਂ ਸੋਚ ਸੋਚਣੀ ਪਵੇਗੀ ਅਤੇ ਬਹੁਤ ਸਾਰੇ ਲੋਕ ਏਦਾਂ ਸੋਚਣ ਵੀ ਲੱਗ ਗਏ ਹਨ। ਨਵੀਂ ਸੋਚ ਦਾ ਇਹ ਆਧਾਰ ਉਨ੍ਹਾਂ ਅਨਪੜ੍ਹ ਸਾਧ-ਸੰਤਾਂ ਨੇ ਆਪ ਪੇਸ਼ ਕੀਤਾ ਹੈ, ਜਿਹੜੇ ਮੋਹ-ਮਾਇਆ ਦਾ ਤਿਆਗ ਕਰਨ ਦੀ ਵਜਾਏ ਆਪ ਪੁੱਠੇ ਪਾਸੇ ਪੈ ਗਏ ਸਨ। ਜਿਸ ਤਰ੍ਹਾਂ ਇਸ਼ਕ ਅਤੇ ਮੁਸ਼ਕ ਕਦੀ ਗੁੱਝਾ ਨਹੀਂ ਰਹਿੰਦੇ, ਇੰਝ ਹੀ ਸਾਧ-ਸੰਤਾਂ ਦੇ ਭੇਖ ਵਿੱਚ ਠੱਗ ਅਤੇ ਭੇਡ ਦੇ ਭੇਖ ਵਿੱਚ ਬਘਿਆੜ ਵੀ ਬਹੁਤਾ ਚਿਰ ਗੁੱਝਾ ਨਹੀਂ ਰਹਿ ਸਕਦਾ ਅਤੇ ਅੰਤ ਨੂੰ ਸੱਚ ਸਾਹਮਣੇ ਜਾਂਦਾ ਹੈ। ਸਾਈਕਲਾਂ ਦੇ ਪੰਕਚਰ ਲਾਉਣ ਤੋਂ ਤੁਰਿਆ ਆਸੂ ਮੱਲ ਜਦੋਂ ਸਾਧ ਬਣਿਆ, ਲੋਕਾਂ ਨੇ ਉਸ ਦੀਆਂ ਗੱਲਾਂ ਸੁਣ ਕੇ ਉਸ ਨੂੰ ਸਾਧ ਦਾ ਸਤਿਕਾਰ ਦਿੱਤਾ ਸੀ। ਫਿਰ ਲੋਕ ਉਸ ਨੂੰ ਹੌਲੀ-ਹੌਲੀ 'ਬਾਪੂ ਆਸਾ ਰਾਮ' ਕਹਿਣ ਲੱਗ ਗਏ ਤਾਂ ਹੰਕਾਰ ਉਸ ਦੇ ਸਿਰ ਨੂੰ ਚੜ੍ਹ ਗਿਆ ਅਤੇ ਉਹ ਕਾਨੂੰਨ ਨੂੰ ਭੀ ਟਿੱਚ ਜਾਣਨ ਲੱਗ ਗਿਆ। ਲੋਕਾਂ ਦੀ ਇੱਜ਼ਤ ਨਾਲ ਖਿਲਵਾੜ ਕਰਨ ਅਤੇ ਨਾਜਾਇਜ਼ ਕਬਜ਼ੇ ਕਰਨ ਦੇ ਬਾਰੇ 'ਬਾਪੂ ਆਸਾ ਰਾਮ' ਉੱਤੇ ਦੋਸ਼ਾਂ ਦੀ ਝੜੀ ਲੱਗਣ ਨਾਲ-ਨਾਲ ਬਦਨਾਮੀ ਵੀ ਸਿਖ਼ਰਾਂ ਨੂੰ ਛੋਹਣ ਲੱਗ ਗਈ। ਅੰਤ ਨੂੰ 'ਬਾਪੂ ਆਸਾ ਰਾਮ' ਇਨ੍ਹਾਂ ਬਦਨਾਮ ਹੋ ਗਿਆ ਕਿ ਉਹ ਕਾਨੂੰਨ ਦੀਆਂ ਨਜ਼ਰਾਂ ਹੇਠ ਆ ਗਿਆ। ਇਸ ਕਰਕੇ ਪੁਲਿਸ ਹਰਕਤ ਵਿੱਚ ਆ ਗਈ ਅਤੇ ਅੱਜ 'ਬਾਪੂ ਆਸਾ ਰਾਮ' ਅਤੇ ਉਸ ਦਾ ਪੁੱਤਰ ਦੋਵੇਂ ਜੇਲ੍ਹ ਵਿੱਚ ਹਨ ਅਤੇ ਹਾੜੇ ਕੱਢਣ ਦੇ ਬਾਵਜੂਦ ਕਿਸੇ ਅਦਾਲਤ ਤੋਂ ਜ਼ਮਾਨਤ ਨਹੀਂ ਹੋ ਰਹੀ। ਇਸੇ ਤਰ੍ਹਾਂ ਦਾ ਹੀ ਹਾਲ ਡੇਰੇ ਸੱਚੇ ਸੌਦੇ ਵਾਲੇ ਗੁਰਮੀਤ ਰਾਮ ਰਹੀਮ ਸਿੰਘ ਦਾ ਹੈ। ਅਸੀਂ ਉਸ ਵਕਤ ਨੂੰ ਯਾਦ ਕਰਦੇ ਹਾਂ, ਜਦੋਂ ਉਸ ਡੇਰੇ ਵਾਰੇ ਕੋਈ ਜ਼ਬਾਨ ਨਹੀਂ ਸੀ ਖੋਲ੍ਹ ਸਕਦਾ। ਕੁੱਝ ਲੋਕ ਸ਼ਰਧਾ ਕਾਰਨ ਚੁੱਪ ਸਨ ਅਤੇ ਕੁੱਝ ਡੇਰੇ ਦੀ ਤਾਕਤ ਤੋਂ ਡਰਦੇ ਸਨ। ਸਿਆਸੀ ਲੋਕ ਉਸ ਕੋਲ ਵੋਟਾਂ ਖਾਤਰ ਮਿੰਨਤਾਂ ਤਰਲੇ ਕਰਦੇ ਸਨ। ਜਦੋਂ ਬੀਬੀਆਂ ਦੇ ਬਲਾਤਕਾਰ ਵਿਰੁੱਧ ਕਾਨੂੰਨ ਨੇ ਹੱਥ ਪਾਇਆ ਤਾਂ ਅੱਜ ਉਹ ਸਾਧ ‘ਗੁਰਮੀਤ ਰਾਮ ਰਹੀਮ ਸਿੰਘ’ ਦੋਸ਼ੀ ਕਰਾਰ ਹੋਣ ਤੇ ਜੇਲ ਅੰਦਰ ਕੈਦ ਕੱਟ ਰਿਹਾ ਹੈ ਅਤੇ ਉਸ ਵਿਰੁਧ ਹੋਰ ਵੀ ਕਈ ਮੁਕੱਦਮੇ ਚੱਲ ਰਹੇ ਹਨ। ਇਸ ਤਰ੍ਹਾਂ ਦੇ ਬਹੁਤ ਹੋਰ ਵੀ ਅਖੌਤੀ ਅਨਪੜ੍ਹ ਸਾਧ-ਸੰਤ ਅਤੇ ਅਖੌਤੀ ਜਥੇਦਾਰ ਹਨ ਜਿਨ੍ਹਾਂ ਵਿਰੁੱਧ ਫੌਰੀ ਕਾਨੂੰਨੀ ਕਾਰਵਾਈ ਦੀ ਅਤਿਅੰਤ ਜ਼ਰੂਰਤ ਹੈ। ਅਸੀਂ "ਨਾਨਕ ਇਹ ਲਛਣ ਬ੍ਰਹਮ ਗਿਆਨੀ ਹੋਇ॥" ਵਾਲੇ ਲੇਖ ਵਿੱਚ ਅੱਜ ਦੇ ਅਖੌਤੀ ਵੇਹਲੜ, ਅਨਪੜ੍ਹ ਸਾਧਾਂ, ਸੰਤਾਂ ਅਤੇ ਬ੍ਰਹਮਗਿਆਨੀਆਂ ਦੀ ਅਸਲੀਅਤ ਨੰਗੀ ਕੀਤੀ ਸੀ ਅਤੇ ਗੁਰਬਾਣੀ ਅਨੁਸਾਰ ਬ੍ਰਹਮਗਿਆਨੀ ਦੇ ਗੁਣ ਵਿਸਥਾਰ ਨਾਲ ਦੱਸਣ ਉਪਰੰਤ ਬੇਨਤੀ ਕੀਤੀ ਸੀ ਕਿ ਇਨ੍ਹਾਂ ਅਖੌਤੀ ਅਨਪੜ੍ਹ ਸਾਧ-ਸੰਤਾਂ ਬ੍ਰਹਮਗਿਆਨੀਆਂ ਆਦਿ ਦੇ ਮਗਰ ਲੱਗਣ ਦੀ ਬਜਾਏ ਗੁਰਬਾਣੀ ਮੁਤਾਬਕ ਆਪਣੇ ਮਨ ਅਤੇ ਤਨ ਦੀ ਰਹਿਤ ਰੱਖ ਕੇ ਆਪਣਾ ਜੀਵਨ ਸਫਲਾ ਕਰੋ। ਪਿੱਛਲੇ ਲੇਖ ਵਾਂਗ ਇਸ ਲੇਖ ਵਿੱਚ ਵੀ ਤੁਹਾਨੂੰ ਅੱਜ ਦੇ ਅਖੌਤੀ ਵੇਹਲੜ, ਅਨਪੜ੍ਹ ਸਾਧਾਂ, ਬ੍ਰਹਮਗਿਆਨੀਆਂ, ਸੰਤਾਂ ਆਦਿ ਦੀ ਅਸਲੀਅਤ ਦੱਸ ਦਿੱਤੀ ਹੈ ਅਤੇ ਇਸ ਲੇਖ ਵਿੱਚ ਗੁਰਬਾਣੀ ਵਿੱਚੋਂ ਅਸਲੀ ‘ਸਾਧ’ ਦੇ ਗੁਣਾਂ ਦਾ ਵਿਸਥਾਰ ਦੇਵਾਂਗੇ।

‘ਸਾਧ’ ਦੇ ਅਰਥ: ਮਹਾਨ ਕੋਸ਼ ਦੇ ਪੰਨਾਂ ੧੮੩ ਤੇ ਭਾਈ ਕਾਨ੍ਹ ਸਿੰਘ ਨਾਭਾ ਨੇ ‘ਸਾਧ’ ਦੇ ਅਰਥ, ‘ਜੋ ਪਰਾਏ ਕਾਰਜ ਨੂੰ ਸਿੱਧ ਕਰੇ, ਉਪਕਾਰੀ, ਉੱਤਮ, ਸ਼੍ਰੇਸ਼ਟ, ਭਲਾ, ਨੇਕ, ਮਨੋਹਰ, ਸੁੰਦਰ, ਕੁਲੀਨ, ਯੋਗਯ, ਲਾਇਕ, ‘ਉਤਮ ਸਲੋਕ ਸਾਧੁ ਕੇ ਵਚਨ’ ਆਦਿ ਕੀਤੇ ਹਨ।

੧. ਗੁਰਬਾਣੀ ਵਿੱਚ ਸਾਧੂ ਦੀ ਪ੍ਰੀਭਾਸ਼ਾ: ਸੋ ਸਾਧੂ ਬੈਰਾਗੀ ਸੋਈ ਹਿਰਦੈ ਨਾਮੁ ਵਸਾਏ ॥ ਅੰਤਰਿ ਲਾਗਿ ਨ ਤਾਮਸੁ ਮੂਲੇ ਵਿਚਹੁ ਆਪੁ ਗਵਾਏ ॥ ਨਾਮੁ ਨਿਧਾਨੁ ਸਤਗੁਰੂ ਦਿਖਾਲਿਆ ਹਰਿ ਰਸੁ ਪੀਆ ਅਘਾਏ ॥੩॥ ਪੰਨਾਂ ੨੯

ਅਰਥ: ਉਹ ਮਨੁੱਖ ਅਸਲ ਸਾਧੂ ਹੈ, ਉਹੀ ਬੈਰਾਗੀ ਹੈ ਜਿਹੜਾ ਆਪਣੇ ਹਿਰਦੇ ਵਿੱਚ ਪ੍ਰਭੂ ਦਾ ਨਾਮ ਵਸਾਉਂਦਾ ਹੈ। ਉਸ ਦੇ ਅੰਦਰ ਵਿਕਾਰਾਂ ਦੀ ਕਾਲਖ ਕਦੇ ਭੀ ਕੋਈ ਅਸਰ ਨਹੀਂ ਕਰਦੀ, ਉਹ ਆਪਣੇ ਅੰਦਰੋਂ ਹੰਕਾਰ ਗਵਾਈ ਰੱਖਦਾ ਹੈ। ਸਤਿਗੁਰੂ ਨੇ ਉਸ ਨੂੰ ਪ੍ਰਮਾਤਮਾ ਦਾ ਨਾਮ-ਖ਼ਜ਼ਾਨਾ ਬਖਸ਼ ਦਿੱਤਾ ਹੁੰਦਾ ਹੈ ਅਤੇ ਉਹ ਰੱਜ-ਰੱਜ ਕੇ ਨਾਮ ਦਾ ਰਸ ਪੀਂਦਾ ਹੈ। ੨. ਗੁਰਬਾਣੀ ਅਨੁਸਾਰ ਸਾਧ ਦੇ ਅਰਥ ਗੁਰੂ: ਬਿਲਾਵਲੁ ਮਹਲਾ ੫ ॥ ਪਿੰਗੁਲ ਪਰਬਤ ਪਾਰਿ ਪਰੇ ਖਲ ਚਤੁਰ ਬਕੀਤਾ ॥ ਅੰਧੁਲੇ ਤ੍ਰਿਭਵਣ ਸੂਝਿਆ ਗੁਰ ਭੇਟਿ ਪੁਨੀਤਾ ॥੧॥ ਮਹਿਮਾ ਸਾਧੂ ਸੰਗ ਕੀ ਸੁਨਹੁ ਮੇਰੇ ਮੀਤਾ ॥ ਮੈਲੁ ਖੋਈ ਕੋਟਿ ਅਘ ਹਰੇ ਨਿਰਮਲ ਭਏ ਚੀਤਾ ॥੧॥ ਰਹਾਉ ॥ ਐਸੀ ਭਗਤਿ ਗੋਵਿੰਦ ਕੀ ਕੀਟਿ ਹਸਤੀ ਜੀਤਾ ॥ ਜੋ ਜੋ ਕੀਨੋ ਆਪਨੋ ਤਿਸੁ ਅਭੈ ਦਾਨੁ ਦੀਤਾ ॥੨॥ ਸਿੰਘੁ ਬਿਲਾਈ ਹੋਇ ਗਇਓ ਤ੍ਰਿਣੁ ਮੇਰੁ ਦਿਖੀਤਾ ॥ ਸ੍ਰਮੁ ਕਰਤੇ ਦਮ ਆਢ ਕਉ ਤੇ ਗਨੀ ਧਨੀਤਾ ॥੩॥ ਕਵਨ ਵਡਾਈ ਕਹਿ ਸਕਉ ਬੇਅੰਤ ਗੁਨੀਤਾ ॥ ਕਰਿ ਕਿਰਪਾ ਮੋਹਿ ਨਾਮੁ ਦੇਹੁ ਨਾਨਕ ਦਰ ਸਰੀਤਾ ॥੪॥ ਪੰਨਾਂ ੮੦੯

ਅਰਥ:ਹੇ ਮੇਰੇ ਮਿੱਤਰ! ਗੁਰੂ ਦੀ ਸੰਗਤ ਦੀ ਵਡਿਆਈ ਧਿਆਨ ਨਾਲ ਸੁਣ। ਜਿਹੜਾ ਭੀ ਮਨੁੱਖ ਨਿੱਤ ਗੁਰੂ ਦੀ ਸੰਗਤ ਕਰਦਾ ਹੈ, ਉਸ ਦਾ ਮਨ ਪਵਿੱਤਰ ਹੋ ਜਾਂਦਾ ਹੈ, ਉਸ ਦੇ ਅੰਦਰੋਂ ਵਿਕਾਰਾਂ ਦੀ ਮੈਲ ਦੂਰ ਹੋ ਜਾਂਦੀ ਹੈ, ਉਸ ਦੇ ਕ੍ਰੋੜਾਂ ਪਾਪ ਨਾਸ਼ ਹੋ ਜਾਂਦੇ ਹਨ।੧। ਰਹਾਉ। ਹੇ ਮਿੱਤਰ! ਗੁਰੂ ਨੂੰ ਮਿਲ ਕੇ ਮਨੁੱਖ ਪਵਿੱਤਰ ਜੀਵਨ ਵਾਲੇ ਹੋ ਜਾਂਦੇ ਹਨ, ਮਾਨੋ, ਲੂਲ੍ਹੇ ਮਨੁੱਖ ਪਹਾੜਾਂ ਤੋਂ ਪਾਰ ਲੰਘ ਜਾਂਦੇ ਹਨ, ਮਹਾਂ ਮੂਰਖ ਮਨੁੱਖ ਸਿਆਣੇ ਵਖਿਆਨ-ਕਰਤਾ ਬਣ ਜਾਂਦੇ ਹਨ, ਅੰਨ੍ਹੇ ਨੂੰ ਤਿੰਨਾਂ ਭਵਨਾਂ ਦੀ ਸੋਝੀਹੋਜਾਂਦੀ ਹੈ। ਹੇ ਮਿੱਤਰ! ਸਾਧ ਸੰਗਤ ਵਿਚ ਆ ਕੇ ਪ੍ਰਮਾਤਮਾ ਦੀ ਭਗਤੀ ਅਚਰਜ ਤਾਕਤ ਰੱਖਦੀ ਹੈ, ਇਸ ਦੀ ਬਰਕਤ ਨਾਲ ਕੀੜੀ ਰੂਪੀ ਨਿਮ੍ਰਤਾ ਨੇ ਹਾਥੀ ਰੂਪੀ ਹੰਕਾਰ ਨੂੰ ਜਿੱਤ ਲਿਆ ਹੈ। ਭਗਤੀ ਤੇ ਪ੍ਰਸੰਨ ਹੋ ਕੇ ਜਿਸ-ਜਿਸ ਮਨੁੱਖ ਨੂੰ ਪ੍ਰਮਾਤਮਾ ਨੇ ਆਪਣਾ ਬਣਾ ਲਿਆ, ਉਸ ਨੂੰ ਪ੍ਰਮਾਤਮਾ ਨੇ ਨਿਰਭੈਤਾ ਬਖਸ਼ ਦਿੱਤੀ। ਹੇ ਮਿੱਤਰ! ਗੁਰੂ ਦੀ ਸੰਗਤ ਦੀ ਬਰਕਤ ਨਾਲ ਸ਼ੇਰ ਰੂਪੀ ਹੰਕਾਰ ਬਿੱਲੀ ਰੂਪੀ ਨਿਮ੍ਰਤਾ ਬਣ ਜਾਂਦਾ ਹੈ, ਤੀਲਾ ਰੂਪੀ ਗ਼ਰੀਬੀ ਸ਼ੁਭਾਉ ਸੁਮੇਰ ਪਰਬਤ ਰੂਪੀ ਬਹੁਤ ਵੱਡੀ ਤਾਕਤ ਬਣ ਜਾਂਦਾ ਹੈ। ਜਿਹੜੇ ਮਨੁੱਖ ਪਹਿਲਾਂ ਅੱਧੀ-ਅੱਧੀ ਕੌਡੀ ਨੂੰ ਤਰਸਦੇ ਸਨ, ਉਹ ਧਨਾਢ ਬਣ ਕੇ ਮਾਇਆ ਵਲੋਂ ਬੇ-ਮੁਥਾਜ ਹੋ ਜਾਂਦੇ ਹਨ। ਹੇ ਮਿੱਤਰ! ਸਾਧ ਸੰਗਤ ਵਿੱਚੋਂ ਮਿਲਦੇ ਹਰੀ-ਨਾਮ ਦੀ ਮੈਂ ਕਿਹੜੀ ਕਿਹੜੀ ਵਡਿਆਈ ਦੱਸਾਂ? ਪ੍ਰਮਾਤਮਾ ਦਾ ਨਾਮ ਬੇਅੰਤ ਗੁਣਾਂ ਦਾ ਮਾਲਕ ਹੈ। ਹੇ ਨਾਨਕ! ਮੈਂ ਪ੍ਰਭੂ ਦੇ ਦਰ ਦਾ ਗ਼ੁਲਾਮ ਹਾਂ, ਹੇ ਪ੍ਰਭੂ! ਮੇਹਰ ਕਰ ਅਤੇ ਮੈਨੂੰ ਆਪਣਾ ਨਾਮ ਬਖ਼ਸ਼।

੩. ਗੁਰਬਾਣੀ ਅਨੁਸਾਰ ਸਾਧ ਦੇ ਅਰਥ ਗੁਰੂ ਅਤੇ ਗੁਰੂ ਦੀ ਸੰਗਤ ਦੇ ਲਾਭ: ਮੇਰੇ ਮਨ ਹਰਿ ਹਰਿ ਨਾਮੁ ਧਿਆਇ ॥ ਕਰਿ ਸੰਗਤਿ ਨਿਤ ਸਾਧ ਕੀ ਗੁਰ ਚਰਣੀ ਚਿਤੁ ਲਾਇ ॥੧॥ ਰਹਾਉ ॥ ...... ...... ਕਰਿ ਸੰਗਤਿ ਤੂ ਸਾਧ ਕੀ ਅਠਸਠਿ ਤੀਰਥ ਨਾਉ ॥ ਜੀਉ ਪ੍ਰਾਣ ਮਨੁ ਤਨੁ ਹਰੇ ਸਾਚਾ ਏਹੁ ਸੁਆਉ ॥ ਐਥੈ ਮਿਲਹਿ ਵਡਾਈਆ ਦਰਗਹਿ ਪਾਵਹਿ ਥਾਉ ॥੩॥ ਪੰਨਾਂ ੪੭ ਅਰਥ: ਹੇ ਮੇਰੇ ਮਨ! ਸਦਾ ਪ੍ਰਮਾਤਮਾ ਦਾ ਨਾਮ ਸਿਮਰ। ਸਦਾ ਗੁਰੂ ਦੀ ਸੰਗਤ ਕਰ ਅਤੇ ਗੁਰੂ ਦੇ ਚਰਨਾਂ ਵਿੱਚ ਚਿੱਤ ਜੋੜ।੧। ਰਹਾਉ। ਹੇ ਭਾਈ! ਗੁਰੂ ਦੀ ਸੰਗਤ ਕਰ, ਇਹ ਹੀ ਅਠਾਹਠ ਤੀਰਥਾਂ ਦਾ ਇਸ਼ਨਾਨ ਹੈ। ਗੁਰੂ ਦੀ ਸ਼ਰਨ ਵਿੱਚ ਰਹਿਣ ਨਾਲ ਜੀਵ ਦੀ ਜਿੰਦ, ਪ੍ਰਾਣ, ਮਨ, ਸਰੀਰ ਆਦਿ ਸਭ ਆਤਮਕ ਜੀਵਨ ਵਾਲੇ ਹੋ ਜਾਂਦੇ ਹਨ। ਮਨੁੱਖਾ ਜਨਮ ਦਾ ਅਸਲ ਮਨੋਰਥ ਭੀ ਕੇਵਲ ਪ੍ਰਮਾਤਮਾ ਦਾ ਨਾਮ ਸਿਮਰਨ ਹੀ ਹੈ। ਹੇ ਜੀਵ ਪ੍ਰਮਾਤਮਾ ਦਾ ਨਾਮ ਸਿਮਰਨ ਨਾਲ ਤੈਨੂੰ ਸੰਸਾਰ ਦੇ ਸਾਰੇ ਆਦਰ-ਮਾਣ ਮਿਲਣਗੇ ਅਤੇ ਪ੍ਰਮਾਤਮਾ ਦੀ ਦਰਗਹ ਵਿੱਚ ਭੀ ਆਦਰ ਮਿਲੇਗਾ। ਮੇਰੇ ਸਾਜਨ ਹਰਿ ਹਰਿ ਨਾਮੁ ਸਮਾਲਿ ॥ ਸਾਧੂ ਸੰਗਤਿ ਮਨਿ ਵਸੈ ਪੂਰਨ ਹੋਵੈ ਘਾਲ ॥੧॥ ਰਹਾਉ ॥ ਪੰਨਾਂ ੫੨ ਅਰਥ: ਹੇ ਮੇਰੇ ਮਿੱਤਰ! ਪ੍ਰਮਾਤਮਾ ਦਾ ਨਾਮ ਆਪਣੇ) ਹਿਰਦੇ ਵਿੱਚ ਵਸਾ ਅਤੇ ਗੁਰੂ ਦੇ ਚਰਨਾਂ ਵਿੱਚ ਟਿਕਿਆ ਰਹਿ। ਗੁਰੂ ਦੀ ਸੰਗਤ ਵਿੱਚ ਰਹਿ ਕੇ ਪ੍ਰਮਾਤਮਾ ਦਾ ਨਾਮ ਮਨ ਵਿੱਚ ਵੱਸਦਾ ਹੈ ਅਤੇ ਮਿਹਨਤ ਸਫ਼ਲ ਹੋ ਜਾਂਦੀ ਹੈ।

੪. ਗੁਰਬਾਣੀ ਅਨੁਸਾਰ ਸਾਧ ਦੇ ਅਰਥ ਗੁਰਮੁੱਖ ਅਤੇ ਉਨ੍ਹਾਂ ਦੀ ਸੰਗਤ ਦੇ ਲਾਭ: 1. ਮਾਘਿ ਮਜਨੁ ਸੰਗਿ ਸਾਧੂਆ ਧੂੜੀ ਕਰਿ ਇਸਨਾਨੁ ॥ ਹਰਿ ਕਾ ਨਾਮੁ ਧਿਆਇ ਸੁਣਿ ਸਭਨਾ ਨੋ ਕਰਿ ਦਾਨੁ ॥ ਜਨਮ ਕਰਮ ਮਲੁ ਉਤਰੈ ਮਨ ਤੇ ਜਾਇ ਗੁਮਾਨੁ ॥ ਕਾਮਿ ਕਰੋਧਿ ਨ ਮੋਹੀਐ ਬਿਨਸੈ ਲੋਭੁ ਸੁਆਨੁ ॥ ਸਚੈ ਮਾਰਗਿ ਚਲਦਿਆ ਉਸਤਤਿ ਕਰੇ ਜਹਾਨੁ ॥ ਅਠਸਠਿ ਤੀਰਥ ਸਗਲ ਪੁੰਨ ਜੀਅ ਦਇਆ ਪਰਵਾਨੁ ॥ ਜਿਸ ਨੋ ਦੇਵੈ ਦਇਆ ਕਰਿ ਸੋਈ ਪੁਰਖੁ ਸੁਜਾਨੁ ॥ ਜਿਨਾ ਮਿਲਿਆ ਪ੍ਰਭੁ ਆਪਣਾ ਨਾਨਕ ਤਿਨ ਕੁਰਬਾਨੁ ॥ ਮਾਘਿ ਸੁਚੇ ਸੇ ਕਾਂਢੀਅਹਿ ਜਿਨ ਪੂਰਾ ਗੁਰੁ ਮਿਹਰਵਾਨੁ ॥੧੨॥ ਬਾਰਹ ਮਾਹਾ ਮਾਂਝ ਮਹਲਾ ੫ ਪੰਨਾਂ ੧੩੬

ਅਰਥ: ਮਾਘ ਵਿੱਚ ਮਾਘੀ ਵਾਲੇ ਦਿਨ ਲੋਕ ਪ੍ਰਯਾਗ ਆਦਿ ਤੀਰਥਾਂ ਤੇ ਇਸ਼ਨਾਨ ਕਰਨ ਨੂੰ ਬਹੁਤ ਪੁੰਨ ਸਮਝਦੇ ਹਨ, ਪਰ ਤੂੰ ਹੇ ਭਾਈ! ਗੁਰਮੁੱਖਾਂ ਦੀ ਸੰਗਤ ਵਿੱਚ ਬੈਠ, ਇਹੀ ਤੀਰਥਾਂ ਦਾ ਇਸ਼ਨਾਨ ਹੈ। ਉਨ੍ਹਾਂ ਗੁਰਮੁੱਖਾਂ ਦੀ ਚਰਨ ਧੂੜ ਵਿੱਚ ਇਸ਼ਨਾਨ ਕਰ ਨਿਮ੍ਰਤਾ-ਭਾਵ ਨਾਲ ਗੁਰਮੁੱਖਾਂ ਦੀ ਸੰਗਤ ਕਰ, ਉੱਥੇ ਪ੍ਰਮਾਤਮਾ ਦਾ ਨਾਮ ਜਪ, ਪ੍ਰਮਾਤਮਾ ਦੀ ਸਿਫ਼ਤ-ਸਾਲਾਹ ਸੁਣ, ਹੋਰ ਸਭਨਾਂ ਨੂੰ ਇਹ ਨਾਮ ਦੀ ਦਾਤ ਵੰਡ, ਇਸ ਤਰ੍ਹਾਂ ਕਈ ਜਨਮਾਂ ਦੇ ਕੀਤੇ ਕਰਮਾਂ ਤੋਂ ਪੈਦਾ ਹੋਈ ਵਿਕਾਰਾਂ ਦੀ ਮੈਲ ਤੇਰੇ ਮਨ ਤੋਂ ਲਹਿ ਜਾਵੇਗੀ, ਤੇਰੇ ਮਨ ਵਿੱਚੋਂ ਹੰਕਾਰ ਦੂਰ ਹੋ ਜਾਵੇਗਾ। ਸਿਮਰਨ ਦੀ ਬਰਕਤ ਨਾਲ ਕਾਮ ਅਤੇ ਕ੍ਰੋਧ ਤੋਂ ਬਚੇ ਰਹੀਦਾ ਹੈ, ਲੋਭ-ਕੁੱਤਾ ਭੀ ਮੁੱਕ ਜਾਂਦਾ ਹੈ, ਜਿਸ ਦੇ ਅਸਰ ਹੇਠ ਮਨੁੱਖ ਕੁੱਤੇ ਵਾਂਗ ਦਰ-ਦਰ ਤੇ ਭਟਕਦਾ ਹੈ। ਇਸ ਸੱਚੇ ਰਸਤੇ ਉੱਤੇ ਤੁਰਿਆਂ ਜਗਤ ਦੀ ਸ਼ੋਭਾ ਕਰਦਾ ਹੈ। ਅਠਾਹਠ ਤੀਰਥਾਂ ਦਾ ਇਸ਼ਨਾਨ, ਸਾਰੇ ਪੁੰਨ ਕਰਮ, ਜੀਵਾਂ ਉੱਤੇ ਦਇਆ ਕਰਨੀ ਜੋ ਧਾਰਮਿਕ ਕੰਮ ਮੰਨੇ ਗਏ ਹਨ, ਇਹ ਸਭ ਕੁੱਝ ਸਿਮਰਨ ਦੀ ਬਰਕਤ ਵਿੱਚ ਹੀ ਆ ਜਾਂਦਾ ਹੈ। ਪ੍ਰਮਾਤਮਾ ਜਿਸ ਮਨੁੱਖ ਨੂੰ ਸਿਮਰਨ ਦੀ ਦਾਤ ਬਖਸ਼ਦਾ ਹੈ, ਉਹ ਮਨੁੱਖ ਜ਼ਿੰਦਗੀ ਦੇ ਸਹੀ ਰਸਤੇ ਦੀ ਪਛਾਨਣ ਵਾਲਾ ਅਤੇ ਸਿਆਣਾ ਹੋ ਜਾਂਦਾ ਹੈ। ਹੇ ਨਾਨਕ! ਜਿਨ੍ਹਾਂ ਜੀਵਾਂ ਨੂੰ ਪਿਆਰਾ ਪ੍ਰਭੂ ਮਿਲ ਗਿਆ ਹੈ, ਮੈਂ ਉਨ੍ਹਾਂ ਤੋਂ ਸਦਕੇ ਜਾਂਦਾ ਹਾਂ। ਮਾਘ ਮਹੀਨੇ ਵਿੱਚ ਕੇਵਲ ਉਹ ਹੀ ਸੁੱਚੇ ਬੰਦੇ ਆਖੇ ਜਾਂਦੇ ਹਨ, ਜਿਨ੍ਹਾਂ ਉੱਤੇ ਪੂਰਾ ਸਤਿਗੁਰੂ ਦਇਆਵਾਨ ਹੁੰਦਾ ਹੈ ਅਤੇ ਜਿਨ੍ਹਾਂ ਨੂੰ ਪ੍ਰਭੂ ਸਿਮਰਨ ਦੀ ਦਾਤ ਬਖਸ਼ਦਾ ਹੈ। ਗੁਰੂ ਅਰਜਨ ਸਾਹਿਬ ਨੇ ਆਪਣੀ ਬਾਣੀ ਗਉੜੀ ਸੁਖਮਨੀ ਵਿੱਚ ਸਾਧ ਵਾਰੇ ਬਹੁਤ ਜਾਣਕਾਰੀ ਦਿੱਤੀ ਹੈ ਜਿਸ ਦੀ ਅੱਜ ਦੇ ਅਖੌਤੀ ਅਨਪੜ੍ਹ ਸਾਧਾਂ ਨੇ ਅਯੋਗ ਵਰਤੋਂ ਕਰਕੇ ਲੋਕਾਂ ਨੂੰ ਮੂਰਖ ਬਣਾ ਕੇ ਖੂਬ ਲੁੱਟਿਆ ਹੈ। ਅਸੀਂ ਇਥੇ ਦੱਸਣਾ ਜ਼ਰੂਰੀ ਸਮਝਦੇ ਹਾਂ ਕਿ ਗਉੜੀ ਸੁਖਮਨੀ ਵਿੱਚ ਸਾਧ ਲਫਜ਼ "ਗੁਰਮੁੱਖਾਂ" ਲਈ ਵਰਤਿਆ ਹੈ ਨਾ ਕਿ ਕਿਸੇ ਖਾਸ ਸ਼ਰੇਣੀ ਦੇ ਅਨਪੜ੍ਹ ਸਾਧਾਂ ਲਈ। ਆਓ ਹੁਣ ਗਉੜੀ ਸੁਖਮਨੀ ਵਿੱਚੋਂ ਅਸਲੀ "ਗੁਰਮੁੱਖਾਂ" ਦੇ ਗੁਣਾਂ ਦੀ ਜਾਣਕਾਰੀ ਹਾਸਲ ਕਰੀਏ।

2. ਸਲੋਕੁ ॥ ਅਗਮ ਅਗਾਧਿ ਪਾਰਬ੍ਰਹਮੁ ਸੋਇ ॥ ਜੋ ਜੋ ਕਹੈ ਸੁ ਮੁਕਤਾ ਹੋਇ ॥ ਸੁਨਿ ਮੀਤਾ ਨਾਨਕੁ ਬਿਨਵੰਤਾ ॥ ਸਾਧ ਜਨਾ ਕੀ ਅਚਰਜ ਕਥਾ ॥੧॥ ਗਉੜੀ ਸੁਖਮਨੀ ਮ: ੫ ਪੰਨਾਂ ੨੭੧

ਪਦ ਅਰਥ: ਅਗਮ-ਜਿਸ ਤੱਕ ਪਹੁੰਚ ਨਾ ਹੋ ਸਕੇ; ਅਗਾਧਿ-ਅਥਾਹ; ਮੁਕਤਾ-ਮਾਇਆ ਦੇ ਬੰਧਨਾਂ ਤੋਂ ਆਜ਼ਾਦ; ਮੀਤਾ-ਹੇ ਮਿਤ੍ਰ!; ਨਾਨਕੁ ਬਿਨਵੰਤਾ-ਨਾਨਕ ਬੇਨਤੀ ਕਰਦਾ ਹੈ; ਸਾਧ-ਉਹ ਜੀਵ ਜਿਸ ਨੇ ਆਪਣੇ ਆਪ ਨੂੰ ਸਾਧਿਆ ਅਤੇ ਆਪਣੇ ਮਨ ਨੂੰ ਵੱਸ ਵਿੱਚ ਕੀਤਾ ਹੋਇਆ ਹੈ ਭਾਵ ਗੁਰਮੁਖ; ਅਚਰਜ-ਹੈਰਾਨ ਕਰਨ ਵਾਲੀ; ਕਥਾ-ਗੱਲ-ਬਾਤ।

ਅਰਥ: ਬੇਅੰਤ ਪ੍ਰਭੂ ਜੀਵ ਦੀ ਪਹੁੰਚ ਤੋਂ ਪਰੇ ਹੈ ਅਤੇ ਅਥਾਹ ਹੈ। ਜੋ ਜੋ ਜੀਵ ਉਸ ਪ੍ਰਭੂ ਨੂੰ ਸਿਮਰਦਾ ਹੈ ਉਹ ਜੀਵ ਵਿਕਾਰਾਂ ਦੇ ਜਾਲ ਤੋਂ ਖ਼ਲਾਸੀ ਪਾ ਲੈਂਦਾ ਹੈ। ਹੇ ਮਿਤ੍ਰ! ਸੁਣ, ਨਾਨਕ ਬੇਨਤੀ ਕਰਦਾ ਹੈ ਕਿ ਸਿਮਰਨ ਕਰਨ ਵਾਲੇ ਗੁਰਮੁੱਖਾਂ ਦੇ ਗੁਣਾਂ ਦਾ ਜ਼ਿਕਰ ਹੈਰਾਨ ਕਰਨ ਵਾਲਾ ਹੈ ਭਾਵ, ਸਿਮਰਨ ਦੀ ਬਰਕਤ ਨਾਲ ਭਗਤ ਜਨਾਂ ਵਿੱਚ ਇਨ੍ਹੇ ਗੁਣ ਪੈਦਾ ਹੋ ਜਾਂਦੇ ਹਨ ਕਿ ਉਨ੍ਹਾਂ ਗੁਣਾਂ ਨੂੰ ਸੁਣ ਕੇ ਅਚਰਜ ਰਹਿ ਜਾਈਦਾ ਹੈ।

3. ਅਸਟਪਦੀ ॥ ਸਾਧ ਕੈ ਸੰਗਿ ਮੁਖ ਊਜਲ ਹੋਤ ॥ ਸਾਧਸੰਗਿ ਮਲੁ ਸਗਲੀ ਖੋਤ ॥ ਸਾਧ ਕੈ ਸੰਗਿ ਮਿਟੈ ਅਭਿਮਾਨੁ ॥ ਸਾਧ ਕੈ ਸੰਗਿ ਪ੍ਰਗਟੈ ਸੁਗਿਆਨੁ ॥ ਸਾਧ ਕੈ ਸੰਗਿ ਬੁਝੈ ਪ੍ਰਭੁ ਨੇਰਾ ॥ ਸਾਧਸੰਗਿ ਸਭੁ ਹੋਤ ਨਿਬੇਰਾ ॥ ਸਾਧ ਕੈ ਸੰਗਿ ਪਾਏ ਨਾਮ ਰਤਨੁ ॥ ਸਾਧ ਕੈ ਸੰਗਿ ਏਕ ਊਪਰਿ ਜਤਨੁ ॥ ਸਾਧ ਕੀ ਮਹਿਮਾ ਬਰਨੈ ਕਉਨੁ ਪ੍ਰਾਨੀ ॥ ਨਾਨਕ ਸਾਧ ਕੀ ਸੋਭਾ ਪ੍ਰਭ ਮਾਹਿ ਸਮਾਨੀ ॥੧॥ ਪੰਨਾਂ ੨੭੧

ਪਦਅਰਥ: ਊਜਲ-ਉਜਲਾ; ਮੁਖ ਊਜਲ ਹੋਤ-ਮੂੰਹ ਉੱਜਲਾ ਹੁੰਦਾ ਹੈ, ਇੱਜ਼ਤ ਬਣ ਆਉਂਦੀ ਹੈ; ਸਗਲੀ-ਸਾਰ; ਖੋਤ-ਨਾਸ਼ ਹੋ ਜਾਂਦੀ ਹੈ; ਸੁ ਗਿਆਨੁ-ਸ੍ਰੇਸ਼ਟ ਗਿਆਨ; ਨੇਰਾ-ਅੰਗ-ਸੰਗ; ਨਿਬੇਰਾ-ਫ਼ੈਸਲਾ; ਏਕ ਊਪਰਿ-ਇੱਕ ਪ੍ਰਭੂ ਦੇ ਮਿਲਣ ਲਈ; ਮਹਿਮਾ-ਵਡਿਆਈ; ਬਰਨੈ-ਬਿਆਨ ਕਰੇ; ਪ੍ਰਭ ਮਾਹਿ ਸਮਾਨੀ-ਪ੍ਰਭੂ ਦੀ ਸੋਭਾ ਦੇ ਬਰਾਬਰ ਹੈ। ਅਰਥ: ਗੁਰਮੁਖਾਂ ਦੀ ਸੰਗਤ ਵਿੱਚ ਰਹਿਣ ਨਾਲ ਮੂੰਹ ਉਜਲੇ ਹੋ ਜਾਂਦੇ ਹਨ ਭਾਵ, ਇੱਜ਼ਤ ਬਣ ਆਉਂਦੀ ਹੈ ਕਿਉਂਕਿ ਸਾਧ ਜਨਾਂ ਦੇ ਪਾਸ ਰਹਿਣ ਨਾਲ ਵਿਕਾਰਾਂ ਦੀ ਸਾਰੀ ਮੈਲ ਮਿਟ ਜਾਂਦੀ ਹੈ। ਸਾਧ ਜਨਾਂ ਦੀ ਸੰਗਤ ਵਿੱਚ ਹੰਕਾਰ ਦੂਰ ਹੋ ਜਾਂਦਾ ਹੈ ਅਤੇ ਸ੍ਰੇਸ਼ਟ ਗਿਆਨ ਪਰਗਟ ਹੋ ਜਾਂਦਾ ਭਾਵ ਚੰਗੀ ਮਤ ਆ ਜਾਂਦੀ ਹੈ। ਗੁਰਮੁਖਾਂ ਦੀ ਸੰਗਤ ਵਿੱਚ ਪ੍ਰਭੂ ਅੰਗ-ਸੰਗ ਵੱਸਦਾ ਲਗਦਾ ਹੈ। ਇਸ ਤਰ੍ਹਾਂ ਮੰਦੇ ਸੰਸਕਾਰਾਂ ਜਾਂ ਵਾਸ਼ਨਾਵਾਂ ਦਾ ਖਾਤਮਾ ਹੋ ਜਾਂਦਾ ਹੈ ਜਿਨ੍ਹਾਂ ਕਰਕੇ ਜੀਵ ਮੰਦੇ ਪਾਸੇ ਨਹੀਂ ਜਾਂਦਾ। ਗੁਰਮੁਖਾਂ ਦੀ ਸੰਗਤ ਵਿੱਚ ਜੀਵ ਨੂੰ ਨਾਮ-ਰੂਪ ਰਤਨ ਲੱਭ ਜਾਂਦਾ ਹੈ ਅਤੇ ਇੱਕ ਪ੍ਰਭੂ ਨੂੰ ਮਿਲਣ ਦਾ ਜਤਨ ਕਰਦਾ ਹੈ। ਗੁਰਮੁਖਾਂ ਦੀ ਵਡਿਆਈ ਕੋਈ ਜੀਵ ਬਿਆਨ ਨਹੀਂ ਕਰ ਸਕਦਾ ਕਿਉਂਕਿ ਹੇ ਨਾਨਕ! ਗੁਰਮੁਖ ਜਨਾਂ ਦੀ ਸ਼ੋਭਾ ਪ੍ਰਭੂ ਦੀ ਸ਼ੋਭਾ ਦੇ ਬਰਾਬਰ ਹੋ ਜਾਂਦੀ ਹੈ।

4. ਸਾਧ ਕੈ ਸੰਗਿ ਅਗੋਚਰੁ ਮਿਲੈ ॥ ਸਾਧ ਕੈ ਸੰਗਿ ਸਦਾ ਪਰਫੁਲੈ ॥ ਸਾਧ ਕੈ ਸੰਗਿ ਆਵਹਿ ਬਸਿ ਪੰਚਾ ॥ ਸਾਧਸੰਗਿ ਅੰਮ੍ਰਿਤ ਰਸੁ ਭੁੰਚਾ ॥ ਸਾਧਸੰਗਿ ਹੋਇ ਸਭ ਕੀ ਰੇਨ ॥ ਸਾਧ ਕੈ ਸੰਗਿ ਮਨੋਹਰ ਬੈਨ ॥ ਸਾਧ ਕੈ ਸੰਗਿ ਨ ਕਤਹੂੰ ਧਾਵੈ ॥ ਸਾਧਸੰਗਿ ਅਸਥਿਤਿ ਮਨੁ ਪਾਵੈ ॥ ਸਾਧ ਕੈ ਸੰਗਿ ਮਾਇਆ ਤੇ ਭਿੰਨ ॥ ਸਾਧਸੰਗਿ ਨਾਨਕ ਪ੍ਰਭ ਸੁਪ੍ਰਸੰਨ ॥੨॥

ਪਦਅਰਥ: ਗੋ-ਗਿਆਨ-ਇੰਦ੍ਰਾ; ਗੋਚਰ-ਸਰੀਰਕ ਇੰਦ੍ਰਿਆਂ ਦੀ ਪਹੁੰਚ; ਅਗੋਚਰ-ਉਹ ਪ੍ਰਭੂ ਜੋ ਸਰੀਰਕ ਇੰਦ੍ਰਿਆਂ ਦੀ ਪਹੁੰਚ ਤੋਂ ਪਰੇ ਹੈ; ਪਰਫੁਲੈ-ਖਿੜਦਾ ਹੈ; ਬਸਿ-ਕਾਬੂ; ਪੰਚ-ਪੰਜ ਵਿਕਾਰ ਭਾਵ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ; ਅੰਮ੍ਰਿਤ ਰਸੁ-ਨਾਮ ਰੂਪ ਅੰਮ੍ਰਿਤ ਦਾ ਸੁਆਦ; ਭੁੰਚਾ-ਖਾਧਾ; ਰੇਨ-ਚਰਨਾਂ ਦੀ ਧੂੜ; ਮਨੋਹਰ-ਮਨ ਨੂੰ ਖਿੱਚ ਪਾਉਣ ਵਾਲੇ; ਬੈਨ-ਬੋਲ; ਕਤਹੂੰ-ਕਿਸੇ ਪਾਸੇ; ਧਾਵੈ-ਦੌੜਦਾ; ਅਸਥਿਤਿ-ਟਿਕਾਉ; ਭਿੰਨ-ਵੱਖਰਾ ਅਤੇ ਬੇ-ਦਾਗ਼।

ਅਰਥ: ਗੁਰਮੁਖਾਂ ਦੀ ਸੰਗਤ ਵਿੱਚ ਜੀਵ ਨੂੰ ਉਹ ਪ੍ਰਭੂ ਮਿਲ ਜਾਂਦਾ ਹੈ ਜੋ ਸਰੀਰਕ ਇੰਦ੍ਰਿਆਂ ਦੀ ਪਹੁੰਚ ਤੋਂ ਪਰੇ ਹੈ ਅਤੇ ਜੀਵ ਸਦਾ ਖਿੜੇ ਮੱਥੇ ਰਹਿੰਦਾ ਹੈ। ਗੁਰਮੁਖ ਜਨਾਂ ਦੀ ਸੰਗਤ ਵਿੱਚ ਰਹਿਣ ਨਾਲ ਜੀਵ ਦੇ ਕਾਮਾਦਿਕ ਪੰਜੇ ਵਿਕਾਰ ਭਾਵ ਭਾਵ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਕਾਬੂ ਹੋ ਜਾਂਦੇ ਹਨ ਕਿਉਂਕਿ ਜੀਵ ਨਾਮ ਰੂਪ ਅੰਮ੍ਰਿਤ ਦਾ ਰਸ ਪੀ ਲੈਂਦਾ ਹੈ। ਗੁਰਮੁਖ ਜਨਾਂ ਦੀ ਸੰਗਤ ਕੀਤਿਆਂ ਜੀਵ ਸਭ ਪ੍ਰਾਣੀਆਂ ਦੇ ਚਰਨਾਂ ਦੀ ਧੂੜ ਬਣ ਜਾਂਦਾ ਹੈ ਅਤੇ ਸਾਰੀਆਂ ਨਾਲ ਮਿੱਠੇ ਬਚਨ ਬੋਲਦਾ ਹੈ। ਗੁਰਮੁਖ ਜਨਾਂ ਦੇ ਸੰਗ ਰਹਿਣ ਨਾਲ ਜੀਵ ਦਾ ਮਨ ਕਿਸੇ ਪਾਸੇ ਨਹੀਂ ਦੌੜਦਾ ਅਤੇ ਜੀਵ ਪ੍ਰਭੂ ਦੇ ਚਰਨਾਂ ਵਿੱਚ ਟਿਕਾਉ ਹਾਸਲ ਕਰ ਲੈਂਦਾ ਹੈ। ਹੇ ਨਾਨਕ! ਗੁਰਮੁਖਾਂ ਦੀ ਸੰਗਤ ਵਿੱਚ ਟਿਕਣ ਨਾਲ ਜੀਵ ਮਾਇਆ ਦੇ ਅਸਰ ਤੋਂ ਵਖਰਾ ਅਤੇ ਬੇ-ਦਾਗ਼ ਰਹਿੰਦਾ ਹੈ ਅਤੇ ਅਕਾਲ ਪੁਰਖ ਉਸ ਜੀਵ ਉੱਤੇ ਦਇਆਵਾਨ ਹੋ ਜਾਂਦਾ ਹੈ।

5. ਸਾਧਸੰਗਿ ਦੁਸਮਨ ਸਭਿ ਮੀਤ ॥ ਸਾਧੂ ਕੈ ਸੰਗਿ ਮਹਾ ਪੁਨੀਤ ॥ ਸਾਧਸੰਗਿ ਕਿਸ ਸਿਉ ਨਹੀ ਬੈਰੁ ॥ ਸਾਧ ਕੈ ਸੰਗਿ ਨ ਬੀਗਾ ਪੈਰੁ ॥ ਸਾਧ ਕੈ ਸੰਗਿ ਨਾਹੀ ਕੋ ਮੰਦਾ ॥ ਸਾਧਸੰਗਿ ਜਾਨੇ ਪਰਮਾਨੰਦਾ ॥ ਸਾਧ ਕੈ ਸੰਗਿ ਨਾਹੀ ਹਉ ਤਾਪੁ ॥ ਸਾਧ ਕੈ ਸੰਗਿ ਤਜੈ ਸਭੁ ਆਪੁ ॥ ਆਪੇ ਜਾਨੈ ਸਾਧ ਬਡਾਈ ॥ ਨਾਨਕ ਸਾਧ ਪ੍ਰਭੂ ਬਨਿ ਆਈ ॥੩॥

ਪਦਅਰਥ: ਮਹਾ ਪੁਨੀਤ-ਬਹੁਤ ਪਵਿਤ੍ਰ; ਬੈਰੁ-ਵੈਰ; ਬੀਗਾ-ਵਿੰਗਾ; ਕੋ-ਜੀਵ; ਪਰਮਾਨੰਦਾ-ਸਭ ਤੋਂ ਉੱਚੇ ਸੁਖ ਦਾ ਮਾਲਕ; ਹਉ-ਹਉਮੈ; ਤਜੈ-ਦੂਰ ਕਰ ਦਿੰਦਾ ਹੈ; ਸਾਧ ਬਡਾਈ-ਗੁਰਮੁਖ ਜਨਾਂ ਦੀ ਵਡਿਆਈ; ਬਨਿ ਆਈ-ਪ੍ਰੀਤ ਪੱਕੀ ਤਰ੍ਹਾਂ ਬੱਝ ਜਾਂਦੀ ਹੈ।

ਅਰਥ: ਗੁਰਮੁਖਾਂ ਦੀ ਸੰਗਤ ਵਿੱਚ ਰਹਿਣ ਨਾਲ ਸਾਰੇ ਵੈਰੀ ਭੀ ਮਿੱਤ੍ਰ ਦਿੱਸਣ ਲੱਗ ਜਾਂਦੇ ਹਨ ਕਿਉਂਕਿ ਗੁਰਮੁਖ ਜਨਾਂ ਦੀ ਸੰਗਤ ਵਿੱਚ ਜੀਵ ਦਾ ਆਪਣਾ ਹਿਰਦਾ ਬਹੁਤ ਸਾਫ਼ ਹੋ ਜਾਂਦਾ ਹੈ। ਗੁਰਮੁਖ ਜਨਾਂ ਦੀ ਸੰਗਤ ਵਿੱਚ ਬੈਠਣ ਨਾਲ ਕਿਸੇ ਨਾਲ ਵੈਰ ਨਹੀਂ ਰਹਿ ਜਾਂਦਾ ਅਤੇ ਕਿਸੇ ਮੰਦੇ ਪਾਸੇ ਪੈਰ ਨਹੀਂ ਜਾਂਦਾ। ਭਲਿਆਂ ਦੀ ਸੰਗਤ ਵਿੱਚ ਕੋਈ ਮਨੁੱਖ ਭੈੜਾ ਨਹੀਂ ਦਿੱਸਦਾ ਕਿਉਂਕਿ ਹਰ ਥਾਂ ਹਰ ਜੀਵ ਉੱਚੇ ਸੁਖ ਦੇ ਮਾਲਕ ਪ੍ਰਭੂ ਨੂੰ ਹੀ ਜਾਣਦਾ ਹੈ। ਗੁਰਮੁਖ ਦੀ ਸੰਗਤ ਕਰਨ ਨਾਲ ਹਉਮੈ ਰੂਪ ਤਾਪ ਨਹੀਂ ਰਹਿ ਜਾਂਦਾ ਕਿਉਂਕਿ ਗੁਰਮੁਖਾਂ ਦੀ ਸੰਗਤ ਵਿੱਚ ਜੀਵ ਸਾਰਾ ਹੰਕਾਰ ਛੱਡ ਦਿੰਦਾ ਹੈ। ਗੁਰਮੁਖਾਂ ਦੀ ਵਡਿਆਈ ਪ੍ਰਭੂ ਆਪ ਹੀ ਜਾਣਦਾ ਹੈ ਕਿਉਂਕਿ ਹੇ ਨਾਨਕ! ਗੁਰਮੁਖਾਂ ਅਤੇ ਪ੍ਰਭੂ ਦਾ ਪੱਕਾ ਪਿਆਰ ਹੋ ਜਾਂਦਾ ਹੈ।

6. ਸਾਧ ਕੈ ਸੰਗਿ ਨ ਕਬਹੂ ਧਾਵੈ ॥ ਸਾਧ ਕੈ ਸੰਗਿ ਸਦਾ ਸੁਖੁ ਪਾਵੈ ॥ ਸਾਧਸੰਗਿ ਬਸਤੁ ਅਗੋਚਰ ਲਹੈ ॥ ਸਾਧੂ ਕੈ ਸੰਗਿ ਅਜਰੁ ਸਹੈ ॥ ਸਾਧ ਕੈ ਸੰਗਿ ਬਸੈ ਥਾਨਿ ਊਚੈ ॥ ਸਾਧੂ ਕੈ ਸੰਗਿ ਮਹਲਿ ਪਹੂਚੈ ॥ ਸਾਧ ਕੈ ਸੰਗਿ ਦ੍ਰਿੜੈ ਸਭਿ ਧਰਮ ॥ ਸਾਧ ਕੈ ਸੰਗਿ ਕੇਵਲ ਪਾਰਬ੍ਰਹਮ ॥ ਸਾਧ ਕੈ ਸੰਗਿ ਪਾਏ ਨਾਮ ਨਿਧਾਨ ॥ ਨਾਨਕ ਸਾਧੂ ਕੈ ਕੁਰਬਾਨ ॥੪॥

ਪਦਅਰਥ: ਕਬਹੂ-ਕਦੇ ਭੀ; ਧਾਵੈ-ਭਟਕਦਾ; ਅਗੋਚਰ-ਜਿਸ ਤੱਕ ਸਰੀਰਕ ਇੰਦ੍ਰਿਆਂ ਦੀ ਪਹੁੰਚ ਨ ਹੋ ਸਕੇ; ਲਹੈ-ਲੱਭ ਲੈਂਦਾ ਹੈ; ਅਜਰੁ-ਜੋ ਜਰਿਆ ਨ ਜਾ ਸਕੇ; ਧਰਮ-ਫ਼ਰਜ਼; ਨਿਧਾਨ-ਖ਼ਜ਼ਾਨਾ; ਕੁਰਬਾਨ-ਸਦਕੇ।

ਅਰਥ: ਗੁਰਮੁਖਾਂ ਦੀ ਸੰਗਤ ਵਿੱਚ ਰਹਿਣ ਨਾਲ ਜੀਵ ਦਾ ਮਨ ਕਦੇ ਭਟਕਦਾ ਨਹੀਂ ਕਿਉਂਕਿ ਗੁਰਮੁਖ ਜਨਾਂ ਦੀ ਸੰਗਤ ਵਿੱਚ ਜੀਵ ਸਦਾ ਸੁਖ ਮਾਣਦਾ ਹੈ। ਗੁਰਮੁਖ ਜਨਾਂ ਦੀ ਸੰਗਤ ਵਿੱਚ ਪ੍ਰਭੂ ਦਾ ਨਾਮ ਰੂਪ ਅਗੋਚਰ ਵਸਤ ਮਿਲ ਜਾਂਦੀ ਹੈ ਅਤੇ ਜੀਵ ਇਹ ਨਾ ਜ਼ਰਿਆ ਜਾਣ ਵਾਲਾ ਮਰਤਬਾ ਜ਼ਰ ਲੈਂਦਾ ਹੈ। ਗੁਰਮੁਖਾਂ ਦੀ ਸੰਗਤ ਵਿੱਚ ਰਹਿ ਕੇ ਜੀਵ ਉੱਚੇ ਆਤਮਕ ਟਿਕਾਣੇ ਤੇ ਵੱਸ ਜਾਂਦਾ ਹੈ ਅਤੇ ਅਕਾਲ ਪੁਰਖ ਦੇ ਚਰਨਾਂ ਵਿੱਚ ਜੁੜਿਆ ਰਹਿੰਦਾ ਹੈ। ਗੁਰਮੁਖਾਂ ਦੀ ਸੰਗਤ ਵਿੱਚ ਰਹਿ ਕੇ ਜੀਵ ਸਾਰੇ ਧਰਮਾਂ ਅਤੇ ਫ਼ਰਜ਼ਾਂ ਨੂੰ ਚੰਗੀ ਤਰ੍ਹਾਂ ਸਮਝ ਲੈਂਦਾ ਹੈ ਅਤੇ ਕੇਵਲ ਅਕਾਲ ਪੁਰਖ ਨੂੰ ਹਰ ਥਾਂ ਵੇਖਦਾ ਹੈ। ਗੁਰਮੁਖਾਂ ਦੀ ਸੰਗਤ ਵਿੱਚ ਜੀਵ ਪ੍ਰਭੂ ਦਾ ਨਾਮ ਖ਼ਜ਼ਾਨਾ ਲੱਭ ਲੈਂਦਾ ਹੈ। ਹੇ ਨਾਨਕ! ਮੈਂ ਗੁਰਮੁਖਾਂ ਤੋਂ ਸਦਕੇ ਜਾਂਦਾ ਹਾਂ।

7. ਸਾਧ ਕੈ ਸੰਗਿ ਸਭ ਕੁਲ ਉਧਾਰੈ ॥ ਸਾਧਸੰਗਿ ਸਾਜਨ ਮੀਤ ਕੁਟੰਬ ਨਿਸਤਾਰੈ ॥ ਸਾਧੂ ਕੈ ਸੰਗਿ ਸੋ ਧਨੁ ਪਾਵੈ ॥ ਜਿਸੁ ਧਨ ਤੇ ਸਭੁ ਕੋ ਵਰਸਾਵੈ ॥ ਸਾਧਸੰਗਿ ਧਰਮ ਰਾਇ ਕਰੇ ਸੇਵਾ ॥ ਸਾਧ ਕੈ ਸੰਗਿ ਸੋਭਾ ਸੁਰਦੇਵਾ ॥ ਸਾਧੂ ਕੈ ਸੰਗਿ ਪਾਪ ਪਲਾਇਨ ॥ ਸਾਧਸੰਗਿ ਅੰਮ੍ਰਿਤ ਗੁਨ ਗਾਇਨ ॥ ਸਾਧ ਕੈ ਸੰਗਿ ਸ੍ਰਬ ਥਾਨ ਗੰਮਿ ॥ ਨਾਨਕ ਸਾਧ ਕੈ ਸੰਗਿ ਸਫਲ ਜਨੰਮ ॥੫॥ ਪੰਨਾਂ ੨੭੧-੭੨

ਪਦਅਰਥ: ਉਧਾਰੈ-ਬਚਾ ਲੈਂਦਾ ਹੈ; ਕੁਟੰਬ-ਪਰਵਾਰ; ਨਿਸਤਾਰੈ-ਤਾਰ ਲੈਂਦਾ ਹੈ; ਵਰਸਾਵੈ-ਬਲਵਾਨ ਅਤੇ ਨਾਮ ਵਾਲਾ ਹੋ ਜਾਂਦਾ ਹੈ; ਸੁਰ-ਦੇਵਤੇ; ਪਲਾਇਨ- ਨਾਸ਼ ਹੋ ਜਾਂਦੇ ਹਨ; ਸ੍ਰਬ-ਸਾਰੇ; ਗੰਮਿ-ਪਹੁੰਚ।

ਅਰਥ: ਗੁਰਮੁਖਾਂ ਦੀ ਸੰਗਤ ਵਿੱਚ ਰਹਿ ਕੇ ਜੀਵ ਆਪਣੀਆਂ ਸਾਰੀਆਂ ਕੁੱਲਾਂ ਨੂੰ ਵਿਕਾਰਾਂ ਤੋਂ ਬਚਾ ਲੈਂਦਾ ਹੈ ਅਤੇ ਆਪਣੇ ਸੱਜਣਾਂ, ਮਿੱਤ੍ਰਾਂ ਅਤੇ ਪਰਵਾਰ ਨੂੰ ਭਵ ਸਾਗਰ ਤੋਂ ਤਾਰ ਲੈਂਦਾ ਹੈ। ਗੁਰਮੁਖਾਂ ਦੀ ਸੰਗਤ ਵਿੱਚ ਜੀਵ ਨੂੰ ਉਹ ਧਨ ਲੱਭ ਜਾਂਦਾ ਹੈ ਜਿਸ ਧਨ ਦੇ ਮਿਲਣ ਨਾਲ ਹਰੇਕ ਜੀਵ ਮਸ਼ਹੂਰ ਵਾਲਾ ਹੋ ਜਾਂਦਾ ਹੈ। ਗੁਰਮੁਖਾਂ ਦੀ ਸੰਗਤ ਵਿੱਚ ੫ਰਹਿਨ ਨਾਲ ਧਰਮਰਾਜ ਭੀ ਸੇਵਾ ਕਰਦਾ ਹੈ ਅਤੇ ਦੇਵਤੇ ਭੀ ਸ਼ੋਭਾ ਕਰਦੇ ਹਨ। ਗੁਰਮੁਖਾਂ ਦੀ ਸੰਗਤ ਵਿੱਚ ਪਾਪ ਦੂਰ ਹੋ ਜਾਂਦੇ ਹਨ, ਕਿਉਂਕਿ ਉਥੇ ਪ੍ਰਭੂ ਦੇ ਅਮਰ ਕਰਨ ਵਾਲੇ ਗੁਣ ਸਾਰੇ ਜੀਵ ਗਾਉਂਦੇ ਹਨ। ਗੁਰਮੁਖਾਂ ਦੀ ਸੰਗਤ ਵਿੱਚ ਰਹਿ ਕੇ ਜੀਵ ਦੀ ਸਭ ਥਾਈਂ ਪਹੁੰਚ ਹੋ ਜਾਂਦੀ ਹੈ ਅਤੇ ਉਸ ਨੂੰ ਉੱਚੀ ਆਤਮਕ ਸਮਰੱਥਾ ਆ ਜਾਂਦੀ ਹੈ। ਹੇ ਨਾਨਕ! ਗੁਰਮੁਖਾਂ ਦੀ ਸੰਗਤ ਵਿੱਚ ਮਨੁੱਖਾ ਜਨਮ ਦਾ ਸਫਲ ਹੋ ਜਾਂਦਾ ਹੈ।

8. ਸਾਧ ਕੈ ਸੰਗਿ ਨਹੀ ਕਛੁ ਘਾਲ ॥ ਦਰਸਨੁ ਭੇਟਤ ਹੋਤ ਨਿਹਾਲ ॥ ਸਾਧ ਕੈ ਸੰਗਿ ਕਲੂਖਤ ਹਰੈ ॥ ਸਾਧ ਕੈ ਸੰਗਿ ਨਰਕ ਪਰਹਰੈ ॥ ਸਾਧ ਕੈ ਸੰਗਿ ਈਹਾ ਊਹਾ ਸੁਹੇਲਾ ॥ ਸਾਧਸੰਗਿ ਬਿਛੁਰਤ ਹਰਿ ਮੇਲਾ ॥ ਜੋ ਇਛੈ ਸੋਈ ਫਲੁ ਪਾਵੈ ॥ ਸਾਧ ਕੈ ਸੰਗਿ ਨ ਬਿਰਥਾ ਜਾਵੈ ॥ ਪਾਰਬ੍ਰਹਮੁ ਸਾਧ ਰਿਦ ਬਸੈ ॥ ਨਾਨਕ ਉਧਰੈ ਸਾਧ ਸੁਨਿ ਰਸੈ ॥੬॥ ਪੰਨਾਂ ੨੭੨

ਪਦਅਰਥ: ਘਾਲ-ਮੇਹਨਤ, ਜਪ, ਤਪ ਆਦਿ ਸਹਾਰਨੇ; ਨਿਹਾਲ-ਪ੍ਰਸੰਨ; ਕਲੂਖਤ-ਪਾਪ ਅਤੇ ਵਿਕਾਰ; ਹਰੈ-ਦੂਰ ਕਰ ਲੈਂਦਾ ਹੈ; ਪਰਹਰੈ-ਪਰੇ ਹਟਾ ਲੈਂਦਾ ਹੈ; ਈਹਾ-ਇਸ ਜਨਮ ਵਿੱਚ, ਊਹਾ-ਪਰਲੋਕ ਵਿੱਚ; ਸੁਹੇਲਾ-ਸੁਖੀ; ਬਿਛੁਰਤ-ਪ੍ਰਭੂ ਤੋਂ ਵਿਛੁੜੇ ਹੋਏ ਦਾ; ਇਛੈ-ਚਾਹੁੰਦਾ ਹੈ; ਬਿਰਥਾ-ਖ਼ਾਲੀ, ਰਿਦ-ਹਿਰਦਾ; ਸਾਧ ਰਸੈ- ਗੁਰਮੁਖਾਂ ਦੀ ਰਸਨਾ ਤੋਂ। ਅਰਥ: ਗੁਰਮੁਖਾਂ ਦੀ ਸੰਗਤ ਵਿੱਚ ਰਹਿਣ ਨਾਲ ਜਪ, ਤਪ ਆਦਿ ਕਰਨ ਦੀ ਲੋੜ ਨਹੀਂ ਰਹਿੰਦੀ ਕਿਉਂਕਿ ਉਨ੍ਹਾਂ ਦਾ ਦਰਸ਼ਨ ਹੀ ਕਰ ਕੇ ਹਿਰਦਾ ਖਿੜ ਜਾਂਦਾਹੈ। ਗੁਰਮੁਖਾਂ ਦੀ ਸੰਗਤ ਵਿੱਚ ਰਹਿ ਕੇ ਜੀਵ ਆਪਣੇ ਪਾਪ ਨਾਸ਼ ਕਰ ਲੈਂਦਾ ਹੈ ਅਤੇ ਇਸ ਤਰ੍ਹਾਂ ਨਰਕਾਂ ਤੋਂ ਬਚ ਜਾਂਦਾ ਹੈ। ਗੁਰਮੁਖਾਂ ਦੀ ਸੰਗਤ ਵਿੱਚ ਰਹਿ ਕੇ ਜੀਵ ਇਸ ਲੋਕ ਅਤੇ ਪਰਲੋਕ ਵਿੱਚ ਸੌਖਾ ਹੋ ਜਾਂਦਾ ਹੈ ਅਤੇ ਪ੍ਰਭੂ ਤੋਂ ਵਿਛੁੜਿਆ ਹੋਇਆ ਫਿਰ ਪ੍ਰਭੂ ਨੂੰ ਮਿਲ ਜਾਂਦਾ ਹੈ। ਗੁਰਮੁਖਾਂ ਦੀ ਸੰਗਤ ਵਿੱਚ ਰਹਿ ਕੇ ਜੀਵ ਬੇ-ਮੁਰਾਦ ਹੋ ਕੇ ਨਹੀਂ ਜਾਂਦਾ ਸਗੋਂ ਜੋ ਇੱਛਾ ਕਰਦਾ ਹੈ ਉਹ ਹੀ ਫਲ ਉਸ ਨੂੰ ਮਿਲ ਜਾਂਦਾ ਹੈ। ਅਕਾਲ ਪੁਰਖ ਗੁਰਮੁਖਾਂ ਦੇ ਹਿਰਦੇ ਵਿੱਚ ਵੱਸਦਾ ਹੈ। ਹੇ ਨਾਨਕ! ਜੀਵ ਗੁਰਮੁਖਾਂ ਦੀ ਰਸਨਾ ਤੋਂ ਪ੍ਰਭੂ-ਉਪਦੇਸ਼ ਸੁਣ ਅਤੇ ਮੰਨ ਕੇ ਵਿਕਾਰਾਂ ਤੋਂ ਬਚ ਜਾਂਦਾ ਹੈ।

9. ਸਾਧ ਕੈ ਸੰਗਿ ਸੁਨਉ ਹਰਿ ਨਾਉ ॥ ਸਾਧਸੰਗਿ ਹਰਿ ਕੇ ਗੁਨ ਗਾਉ ॥ ਸਾਧ ਕੈ ਸੰਗਿ ਨ ਮਨ ਤੇ ਬਿਸਰੈ ॥ ਸਾਧਸੰਗਿ ਸਰਪਰ ਨਿਸਤਰੈ ॥ ਸਾਧ ਕੈ ਸੰਗਿ ਲਗੈ ਪ੍ਰਭੁ ਮੀਠਾ ॥ ਸਾਧੂ ਕੈ ਸੰਗਿ ਘਟਿ ਘਟਿ ਡੀਠਾ ॥ ਸਾਧਸੰਗਿ ਭਏ ਆਗਿਆਕਾਰੀ ॥ ਸਾਧਸੰਗਿ ਗਤਿ ਭਈ ਹਮਾਰੀ ॥ ਸਾਧ ਕੈ ਸੰਗਿ ਮਿਟੇ ਸਭਿ ਰੋਗ ॥ ਨਾਨਕ ਸਾਧ ਭੇਟੇ ਸੰਜੋਗ ॥੭॥

ਪਦਅਰਥ: ਸੁਨਉ-ਮੈਂ ਸੁਣਾਂ; ਗਾਉ-ਮੈਂ ਗਾਵਾਂ; ਬਿਸਰੈ-ਭੁੱਲ ਜਾਏ; ਸਰਪਰ-ਜ਼ਰੂਰ; ਘਟਿ ਘਟਿ-ਹਰੇਕ ਸਰੀਰ ਵਿੱਚ; ਆਗਿਆਕਾਰੀ-ਪ੍ਰਭੂ ਦਾ ਹੁਕਮ ਮੰਨਣ ਵਾਲੇ; ਸੰਜੋਗ-ਭਾਗਾਂ ਨਾਲ। ਅਰਥ: ਮੈਂ ਗੁਰਮੁਖਾਂ ਦੀ ਸੰਗਤ ਵਿੱਚ ਰਹਿ ਕੇ ਪ੍ਰਭੂ ਦਾ ਨਾਮ ਸੁਣਾਂ ਅਤੇ ਪ੍ਰਭੂ ਦੇ ਗੁਣ ਗਾਵਾਂ ਇਹ ਮੇਰੀ ਕਾਮਨਾ ਹੈ। ਗੁਰਮੁਖਾਂ ਦੀ ਸੰਗਤ ਵਿੱਚ ਰਹਿ ਕੇ ਪ੍ਰਭੂ ਮਨ ਤੋਂ ਨਹੀਂ ਭੁੱਲਦਾ, ਗੁਰਮੁਖਾਂ ਦੀ ਸੰਗਤ ਵਿੱਚ ਰਹਿ ਕੇ ਜੀਵ ਵਿਕਾਰਾਂ ਤੋਂ ਅਵੱਸ਼ ਬਚ ਜਾਂਦਾ ਹੈ। ਗੁਰਮੁਖਾਂ ਦੀ ਸੰਗਤ ਵਿੱਚ ਰਹਿ ਕੇ ਪ੍ਰਭੂ ਪਿਆਰਾ ਲੱਗਣ ਲੱਗ ਜਾਂਦਾ ਹੈ ਅਤੇ ਉਹ ਹਰੇਕ ਸਰੀਰ ਅਤੇ ਥਾਂ ਵਿੱਚ ਦਿਖਾਈ ਦੇਣ ਲੱਗ ਜਾਂਦਾ ਹੈ। ਗੁਰਮੁਖਾਂ ਦੀ ਸੰਗਤ ਵਿੱਚ ਰਹਿ ਕੇ ਅਸੀ ਪ੍ਰਭੂ ਦਾ ਹੁਕਮ ਮੰਨਣ ਵਾਲੇ ਹੋ ਜਾਂਦੇ ਹਾਂ ਅਤੇ ਸਾਡੀ ਆਤਮਕ ਅਵਸਥਾ ਸੁਧਰ ਜਾਂਦੀ ਹੈ। ਗੁਰਮੁਖਾਂ ਦੀ ਸੰਗਤ ਵਿੱਚ ਰਹਿ ਕੇ ਵਿਕਾਰ ਅਤੇ ਸਾਰੇ ਰੋਗ ਮਿਟ ਜਾਂਦੇ ਹਨ। ਹੇ ਨਾਨਕ! ਵੱਡੇ ਭਾਗਾਂ ਨਾਲ ਗੁਰਮੁਖਾਂ ਦੀ ਸੰਗਤ ਮਿਲਦੀ ਹੈ।

10. ਸਾਧ ਕੀ ਮਹਿਮਾ ਬੇਦ ਨ ਜਾਨਹਿ ॥ ਜੇਤਾ ਸੁਨਹਿ ਤੇਤਾ ਬਖਿਆਨਹਿ ॥ ਸਾਧ ਕੀ ਉਪਮਾ ਤਿਹੁ ਗੁਣ ਤੇ ਦੂਰਿ ॥ ਸਾਧ ਕੀ ਉਪਮਾ ਰਹੀ ਭਰਪੂਰਿ ॥ ਸਾਧ ਕੀ ਸੋਭਾ ਕਾ ਨਾਹੀ ਅੰਤ ॥ ਸਾਧ ਕੀ ਸੋਭਾ ਸਦਾ ਬੇਅੰਤ ॥ ਸਾਧ ਕੀ ਸੋਭਾ ਊਚ ਤੇ ਊਚੀ ॥ ਸਾਧ ਕੀ ਸੋਭਾ ਮੂਚ ਤੇ ਮੂਚੀ ॥ ਸਾਧ ਕੀ ਸੋਭਾ ਸਾਧ ਬਨਿ ਆਈ ॥ ਨਾਨਕ ਸਾਧ ਪ੍ਰਭ ਭੇਦੁ ਨ ਭਾਈ ॥੮॥

ਪਦਅਰਥ: ਮਹਿਮਾ-ਵਡਿਆਈ; ਨ ਜਾਨਹਿ-ਨਹੀਂ ਜਾਣਦੇ; ਜੇਤਾ-ਜਿਨ੍ਹਾਂ; ਤੇਤਾ-ਉਨ੍ਹਾਂ; ਬਖਿਆਨਹਿ-ਬਿਆਨ ਕਰਦੇ ਹਨ; ਉਪਮਾ-ਸਮਾਨਤਾ; ਰਹੀ ਭਰਪੂਰਿ-ਸਭ ਥਾਈਂ ਵਿਆਪਕ ਹੈ; ਮੂਚ-ਵੱਡੀ; ਸਾਧ ਬਨਿ ਆਈ-ਗੁਰਮੁਖ ਨੂੰ ਹੀ ਜਚਦੀ ਹੈ; ਭੇਦੁ-ਫ਼ਰਕ।

ਅਰਥ: ਗੁਰਮੁਖਾਂ ਦੀ ਵਡਿਆਈ ਵੇਦ ਭੀ ਨਹੀਂ ਜਾਣਦੇ, ਉਹ ਤਾਂ ਜਿਨ੍ਹਾਂ ਸੁਣਦੇ ਹਨ, ਉਨ੍ਹਾਂ ਹੀ ਬਿਆਨ ਕਰ ਸਕਦੇ ਹਨ ਪਰ ਗੁਰਮੁਖਾਂ ਦੀ ਮਹਿਮਾ ਬਿਆਨ ਤੋਂ ਪਰੇ ਹੈ। ਗੁਰਮੁਖਾਂ ਦੀ ਸਮਾਨਤਾ ਤਿੰਨਾਂ ਗੁਣਾਂ ਤੋਂ ਪਰੇ ਹੈ ਭਾਵ ਜਗਤ ਦੀ ਰਚਨਾ ਵਿੱਚ ਕੋਈ ਅਜਿਹੀ ਹਸਤੀ ਨਹੀਂ ਜਿਸ ਨੂੰ ਗੁਰਮੁਖਾਂ ਵਰਗਾ ਕਿਹਾ ਜਾ ਸਕੇ ਪਰ ਗੁਰਮੁਖਾਂ ਦੀ ਸਮਾਨਤਾ ਉਸ ਪ੍ਰਭੂ ਨਾਲ ਹੀ ਹੋ ਸਕਦੀ ਹੈ ਜੋ ਹਰ ਥਾਂ ਵਿਆਪਕ ਹੈ। ਗੁਰਮੁਖਾਂ ਦੀ ਸ਼ੋਭਾ ਦਾ ਅੰਦਾਜ਼ਾ ਨਹੀਂ ਲੱਗ ਸਕਦਾ, ਇਸ ਨੂੰ ਕੇਵਲ ਬੇਅੰਤ ਹੀ ਕਿਹਾ ਜਾ ਸਕਦਾ ਹੈ। ਸਾਧੂ ਦੀ ਸ਼ੋਭਾ ਹੋਰ ਸਭ ਦੀ ਸ਼ੋਭਾ ਤੋਂ ਬਹੁਤ ਉੱਚੀ ਹੈ ਅਤੇ ਬਹੁਤ ਵੱਡੀ ਹੈ। ਗੁਰਮੁਖਾਂ ਦੀ ਸ਼ੋਭਾ ਗੁਰਮੁਖਾਂ ਨੂੰ ਹੀ ਜਚਦੀ ਹੈ ਕਿਉਂਕਿ ਗੁਰੂ ਨਾਨਕ ਸਾਹਿਬ ਦੇ ਪੰਜਵੇਂ ਸਰੂਪ ਅਰਜਨ ਸਾਹਿਬ ਦੱਸਦੇ ਹਨ ਕਿ ਹੇ ਭਾਈ! ਗੁਰਮੁਖਾਂ ਅਤੇ ਪ੍ਰਭੂ ਵਿੱਚ ਕੋਈ ਫ਼ਰਕ ਨਹੀਂ ਹੈ।

ਸਾਡੇ ਲਈ ਅਸਲੀ ਸਾਧ ਸਾਡਾ ਗੁਰੂ, ਗੁਰੂ ਗ੍ਰੰਥ ਸਾਹਿਬ ਹੀ ਹੈ। ਗੁਰੂ ਅਰਜਨ ਸਾਹਿਬ ਅਤੇ ਬਾਕੀ ਗੁਰੂ ਸਾਹਿਬਾਂ ਨੇ ਅਮਲੀ ਜੀਵਨ ਜਿਉਂ ਕੇ ਸਾਡੇ ਲਈ ਪੂਰਨੇ ਪਾਏ ਹਨ। ਉਨ੍ਹਾਂ ਵਲੋਂ ਗੁਰੂ ਗ੍ਰੰਥ ਸਾਹਿਬ ਵਿੱਚ ਦਿੱਤੀ ਸਿੱਖਿਆ ਤੇ ਹੀ ਸਾਨੂੰ ਭਰੋਸਾ ਕਰਨਾ ਚਹੀਦਾ ਹੈ।

ਗੁਰਬਾਣੀ ਦੀ ਸਿੱਖਿਆ ਤੇ ਚਲਦੇ ਹੋਏ ਅਨਪੜ੍ਹ ਸਾਧ-ਸੰਤਾਂ ਨੂੰ ਆਪਣਾ ਧਨ-ਦੌਲਤ ਨਾ ਲੁਟਾਓ। ਸਾਨੂੰ ਚਾਹੀਦਾ ਹੈ ਕਿ ਗਰੀਬ ਲੋਕਾਂ ਦੀ ਸੇਵਾ ਕਰੀਏ। ਕ੍ਰਿਪਾ ਕਰਕੇ ਅਨਪੜ੍ਹ ਸਾਧ-ਸੰਤਾਂ, ਬਾਬਿਆਂ ਦੇ ਮਗਰ ਲੱਗ ਕੇ ਜੀਵਨ ਬਰਬਾਦ ਨਾ ਕਰੋ। ਆਓ ਆਪ ਗੁਰਬਾਣੀ ਪੜ੍ਹੀਏ, ਸਮਝੀਏ ਅਤੇ ਗੁਰਬਾਣੀ ਦੀ ਸਿੱਖਿਆ ਅਨੁਸਾਰ ਆਪਣਾ ਜੀਵਨ ਜਿਉਂ ਕੇ ਆਪਣਾ ਜੀਵਨ ਸਫਲਾ ਕਰੀਏ।

ਵਾਹਿ ਗੁਰੂ ਜੀ ਕਾ ਖਾਲਸਾ।। ਵਾਹਿ ਗੁਰੂ ਜੀ ਕੀ ਫ਼ਤਹਿ।।

ਬਲਬਿੰਦਰ ਸਿੰਘ




.