.

ਸੂਹੀ ਕੀ ਵਾਰ ਮਹਲਾ ੩

(ਪੰ: ੭੮੫ ਤੋਂ੭੯੨)

ਸਟੀਕ, ਲੋੜੀਂਦੇ ਗੁਰਮੱਤ ਵਿਚਾਰ ਦਰਸ਼ਨ ਸਹਿਤ

(ਕਿਸ਼ਤ-ਸਤਵੀਂ)

ਪ੍ਰਿਂਸੀਪਲ ਗਿਆਨੀ ਸੁਰਜੀਤ ਸਿੰਘ, ਸਿੱਖ ਮਿਸ਼ਨਰੀ, ਦਿੱਲੀ, ਪ੍ਰਿਂਸੀਪਲ ਗੁਰਮੱਤ ਐਜੂਕੇਸ਼ਨ ਸੈਂਟਰ, ਦਿੱਲੀ,

ਮੈਂਬਰ ਧਰਮ ਪ੍ਰਚਾਰ ਕ: ਦਿ: ਸਿ: ਗੁ: ਪ੍ਰ: ਕਮੇਟੀ, ਦਿੱਲੀ: ਫਾਊਂਡਰ (ਮੋਢੀ) ਸਿੱਖ ਮਿਸ਼ਨਰੀ ਲਹਿਰ ਸੰਨ 1956

ੴ ਸਤਿਗੁਰ ਪ੍ਰਸਾਦਿ॥

ਵਾਰ ਸੂਹੀ ਕੀ ਸਲੋਕਾ ਨਾਲਿ ਮਹਲਾ ੩॥

-ਅਰਥ : — ਅਨੰਤ ਰਚਨਾ ਦਾ ਕਰਤਾ, ਕੇਵਲ ਤੇ ਕੇਵਲ ਇਕੋ-ਇਕ ਅਕਾਲਪੁਰਖ, ਆਪ ਹੀ ਹੈ। ਇਹ ਵੀ ਕਿ ਕਰਤਾ-ਅਕਾਲਪੁਰਖ ਆਪਣੀ ਸਮੂਚੀ ਰਚਨਾ ਦੇ ਜ਼ਰੇ ਜ਼ਰੇ `ਚ ਇੱਕ ਰਸ ਵਿਆਪਕ ਹੈ ਅਤੇ ਉਸ ਪ੍ਰਭੂ ਦਾ ਅੰਤ-ਪਰਾਵਾਰ ਵੀ ਨਹੀਂ ਪਾਇਆ ਜਾ ਸਕਦਾ।

ਸਤਿ-- ਅਰਥ: —ਕਰਤਾ-ਅਕਾਲਪੁਰਖ "ਆਦਿ ਸਚੁ ਜੁਗਾਦਿ ਸਚੁ॥ ਹੈ ਭੀ ਸਚੁ ਨਾਨਕ ਹੋਸੀ ਭੀ ਸਚੁ" ਭਾਵ "ਰੂਪ ਰੇਖ ਰੰਗ" ਤੋਂ ਨਿਆਰੀ ਅਤੇ ਸਦਾ ਥਿਰ ਹਸਤੀ ਹੈ।

"ਗੁਰਪ੍ਰਸਾਦਿ" - ਅਰਥ: — ਗੁਰੂ ਰੂਪ ਹੋ ਕੇ ਪ੍ਰਭੂ ਆਪ ਹੀ "ਸੰਜੋਗੀ ਮੇਲੁ. ." ਜੀਵ `ਤੇ ਬਖ਼ਸ਼ਿਸ਼ ਵੀ ਕਰਦਾ ਹੈ। ਇਸੇ ਤੋਂ ਕਿਸੇ ਮਨੁੱਖਾ ਜਨਮ ਸਮੇਂ ਜੀਵ ਮੁੜ ਆਪਣੇ ਅਸਲੇ ਪ੍ਰਭੂ `ਚ ਹੀ ਸਮਾਅ ਜਾਂਦਾ ਅਤੇ ਸਦਾ ਲਈ ਉਸ `ਚ ਅਭੇਦ ਵੀ ਹੋ ਜਾਂਦਾ ਹੈ।

ਦਰਅਸਲ ਪ੍ਰਭੂ ਦੇ ਹੁਕਮ `ਚ ਹੀ ਮਨ ਦੇ ਰੂਪ `ਚ ਜੀਵ, ਪ੍ਰਭੂ ਤੌਂ ਵਿਛੜਦਾ ਹੈ। ਉਪ੍ਰੰਤ "ਕਿਰਤਿ ਕਰਮ ਕੇ ਵੀਛੁੜੇ. ." ਪ੍ਰਭੂ ਦੇ ਨਿਆਂ `ਚ ਹੀ ਇਹ ਮਨ ਰੂਪ ਜੀਵ ਭਿੰਨ-ਭਿੰਨ ਜਨਮਾਂ-ਜੂਨਾਂ ਅਤੇ ਗਰਭਾਂ ਦੇ ਗੇੜ `ਚ ਪਿਆ ਰਹਿੰਦਾ ਹੈ।

"ਵਿਜੋਗਿ ਮਿਲਿ ਵਿਛੁੜਿਆ, ਸੰਜੋਗੀ ਮੇਲੁ. ." (ਪੰ: ੧੨) ਅਨੁਸਾਰ ਪ੍ਰਭੂ ਦੇ ਇਸੇ ਚਲਣ ਦੌਰਾਨ "ਇਸੁ ਮਨ ਕਉ ਕੋਈ ਖੋਜਹੁ ਭਾਈ॥ ਤਨ ਛੂਟੇ ਮਨੁ ਕਹਾ ਸਮਾਈ" (ਪੰ: ੩੩੦) ਅਨੁਸਾਰ ਪ੍ਰਭੂ ਦਾ ਅੰਸ਼ ਉਸ ਮਨ ਰੂਪ ਜੀਵ ਲਈ ਭਿੰਨ-ਭਿੰਨ ਜੂਨਾਂ-ਜਨਮਾਂ-ਗਰਭਾਂ ਵਾਲਾ ਗੇੜ ਬਣਿਆ ਰਹਿੰਦਾ ਹੈ।

ਜਦਕਿ ਜੀਵ ਦਾ ਇਹ ਗੇੜ ਵੀ, ਪ੍ਰਭੂ ਵੱਲੋਂ "ਸੰਜੋਗੀ ਮੇਲੁ. ." ਅੰਤ ਕਿਸੇ ਸਮੇਂ ਸਦਾ ਲਈ ਸਮਾਪਤ ਵੀ ਹੋ ਜਾਂਦਾ ਹੈ ਅਤੇ ਜੀਵ ਮੁੜ ਆਪਣੇ ਅਸਲੇ ਪ੍ਰਭੂ `ਚ ਹੀ ਸਮਾਅ ਜਾਂਦਾ ਹੈ। ਜਿਵੇਂ:-

". . ਜਿਸ ਨੋ ਕ੍ਰਿਪਾ ਕਰਹਿ ਤਿਨਿ ਨਾਮ ਰਤਨੁ ਪਾਇਆ॥ ਗੁਰਮੁਖਿ ਲਾਧਾ ਮਨਮੁਖਿ ਗਵਾਇਆ॥ ਤੁਧੁ ਆਪਿ ਵਿਛੋੜਿਆ ਆਪਿ ਮਿਲਾਇਆ॥  ॥ ਤੂੰ ਦਰੀਆਉ ਸਭ ਤੁਝ ਹੀ ਮਾਹਿ॥ ਤੁਝ ਬਿਨੁ ਦੂਜਾ ਕੋਈ ਨਾਹਿ॥ ਜੀਅ ਜੰਤ ਸਭਿ ਤੇਰਾ ਖੇਲੁ॥ ਵਿਜੋਗਿ ਮਿਲਿ ਵਿਛੁੜਿਆ, ਸੰਜੋਗੀ ਮੇਲੁ. ." (ਪੰ: ੧੨) ਹੋਰ

". . ਅਨੇਕ ਜੂਨੀ ਭਰਮਿ ਆਵੈ ਵਿਣੁ ਸਤਿਗੁਰ ਮੁਕਤਿ ਨ ਪਾਏ॥ ਫਿਰਿ ਮੁਕਤਿ ਪਾਏ ਲਾਗਿ ਚਰਣੀ ਸਤਿਗੁਰੂ ਸਬਦੁ ਸੁਣਾਏ॥ ਕਹੈ ਨਾਨਕੁ ਵੀਚਾਰਿ ਦੇਖਹੁ ਵਿਣੁ ਸਤਿਗੁਰ ਮੁਕਤਿ ਨ ਪਾਏ॥ ੨੨ ॥" (ਪੰ: ੯੨੦) ਆਦਿ… ਵਿਸ਼ੇ ਨਾਲ ਸੰਬੰਧਤ ਅਨੇਕਾਂ ਗੁਰਬਾਣੀ ਫ਼ੁਰਮਾਨ ਪ੍ਰਾਪਤ ਹਨ।

ਵਾਰ ਸੂਹੀ ਕੀ, ਸਲੋਕਾ ਨਾਲਿ, ਮਹਲਾ ੩॥ ਅਰਥ: —ਸੂਹੀ ਰਾਗ `ਚ ਇਹ ਵਾਰ ਤੀਜੇ ਪਾਤਸ਼ਾਹ ਦੀ ਹੈ। ਇਹ ਵੀ ਕਿ ਇਸ ਵਾਰ ਦਾ ਮੂਲ ਸਰੂਪ ਕੇਵਲ ਪਉੜੀਆਂ ਹੀ ਸਨ। ਉਪ੍ਰੰਤ (ਆਦਿ ਬੀੜ ਦੀ ਸੰਪਾਦਨਾ ਸਮੇਂ) ਇਸ `ਚ ਪਉੜੀਆਂ ਨਾਲ ਸਲੋਕ (ਪੰਜਵੇਂ ਪਾਤਸ਼ਾਹ ਨੇਂ) ਜੋੜੇ ਸਨ।

(ਨੋਟ: — ਇਸ ਵਾਰ ਦਾ ਮੰਗਲਾਚਰਣ "ੴ ਸਤਿ ਗੁਰਪ੍ਰਸਾਦਿ", ਅਸਲ `ਚ ਸੰਪੂਰਨ ਗੁਰਬਾਣੀ ਮੰਗਲਾਚਰਣ ਦਾ ਚੌਥਾ ਅਤੀ ਸੰਖੇਪ ਸਰੂਪ ਹੈ।

ਜਦਕਿ ਗੁਰਬਾਣੀ ਦਾ ਸੰਪੂਰਣ ਮੰਗਲਾਚਰਣ "ੴ ਸਤਿਨਾਮੁ ਕਰਤਾਪੁਰਖੁ ਨਿਰਭਉ ਨਿਰਵੈਰੁ ਅਕਾਲਮੂਰਤਿ ਅਜੂਨੀ ਸੈਭੰ ਗੁਰਪ੍ਰਸਾਦਿ॥" ਹੈ। ਇਹ ਵੀ ਕਿ ਸੰਪੂਰਨ ਮੰਗਲਾਚਰਣ ਅਤੇ ਇਸ ਦੇ ਬਾਕੀ ਤਿੰਨ ਸੰਖੇਪ ਸਰੂਪਾਂ ਸੰਬੰਧੀ ਜਾਣਕਾਰੀ ਅਰਥਾਂ ਸਾਹਿਤ ਪਹਿਲਾਂ ਹੀ ਦਿੱਤੀ ਜਾ ਚੁੱਕੀ ਹੈ।

ਉਪ੍ਰੰਤ ਸਟੀਕ-ਸਲੋਕਾਂ ਸਹਿਤ, ਪਉੜੀ ਵਾਰ--ਤਾਂ ਤੇ:-

ਪਉੜੀ ਨੰ: ੧ ਦਾ ਮੂਲ ਪਾਠ ਸਲੋਕਾਂ ਸਹਿਤ:-

ਸਲੋਕੁ ਮਃ ੩॥ ਸੂਹੈ ਵੇਸਿ ਦੋਹਾਗਣੀ ਪਰ ਪਿਰੁ ਰਾਵਣ ਜਾਇ॥ ਪਿਰੁ ਛੋਡਿਆ ਘਰਿ ਆਪਣੈ ਮੋਹੀ ਦੂਜੈ ਭਾਇ॥ ਮਿਠਾ ਕਰਿ ਕੈ ਖਾਇਆ ਬਹੁ ਸਾਦਹੁ ਵਧਿਆ ਰੋਗੁ॥ ਸੁਧੁ ਭਤਾਰੁ ਹਰਿ ਛੋਡਿਆ ਫਿਰਿ ਲਗਾ ਜਾਇ ਵਿਜੋਗੁ॥ ਗੁਰਮੁਖਿ ਹੋਵੈ ਸੁ ਪਲਟਿਆ ਹਰਿ ਰਾਤੀ ਸਾਜਿ ਸੀਗਾਰਿ॥ ਸਹਜਿ ਸਚੁ ਪਿਰੁ ਰਾਵਿਆ ਹਰਿ ਨਾਮਾ ਉਰ ਧਾਰਿ॥ ਆਗਿਆਕਾਰੀ ਸਦਾ ਸ+ਹਾਗਣਿ ਆਪਿ ਮੇਲੀ ਕਰਤਾਰਿ॥ ਨਾਨਕ ਪਿਰੁ ਪਾਇਆ ਹਰਿ ਸਾਚਾ ਸਦਾ ਸ+ਹਾਗਣਿ ਨਾਰਿ॥ ੧ 

ਮਃ ੩॥ ਸੂਹਵੀਏ ਨਿਮਾਣੀਏ ਸੋ ਸਹੁ ਸਦਾ ਸਮਾੑਲਿ॥ ਨਾਨਕ ਜਨਮੁ ਸਵਾਰਹਿ ਆਪਣਾ ਕੁਲੁ ਭੀ ਛੁਟੀ ਨਾਲਿ॥ ੨ 

ਪਉੜੀ॥ ਆਪੇ ਤਖਤੁ ਰਚਾਇਓਨੁ ਆਕਾਸ ਪਤਾਲਾ॥ ਹੁਕਮੇ ਧਰਤੀ ਸਾਜੀਅਨੁ ਸਚੀ ਧਰਮ ਸਾਲਾ॥ ਆਪਿ ਉਪਾਇ ਖਪਾਇਦਾ ਸਚੇ ਦੀਨ ਦਇਆਲਾ॥ ਸਭਨਾ ਰਿਜਕੁ ਸੰਬਾਹਿਦਾ ਤੇਰਾ ਹੁਕਮੁ ਨਿਰਾਲਾ॥ ਆਪੇ ਆਪਿ ਵਰਤਦਾ ਆਪੇ ਪ੍ਰਤਿਪਾਲਾ॥ ੧ 

(ਉਪ੍ਰੰਤ ਸਟੀਕ ਲੋੜੀਂਦੇ ‘ਗੁਰਮੱਤ ਵਿਚਾਰ ਦਰਸ਼ਨ’ ਸਹਿਤ)

ਸਲੋਕੁ ਮਃ ੩॥ ਸੂਹੈ ਵੇਸਿ ਦੋਹਾਗਣੀ, ਪਰ ਪਿਰੁ ਰਾਵਣ ਜਾਇ॥ ਪਿਰੁ ਛੋਡਿਆ ਘਰਿ ਆਪਣੈ, ਮੋਹੀ ਦੂਜੈ ਭਾਇ॥ ਮਿਠਾ ਕਰਿ ਕੈ ਖਾਇਆ, ਬਹੁ ਸਾਦਹੁ ਵਧਿਆ ਰੋਗੁ॥ ਸੁਧੁ ਭਤਾਰੁ ਹਰਿ ਛੋਡਿਆ, ਫਿਰਿ ਲਗਾ ਜਾਇ ਵਿਜੋਗੁ॥ ਗੁਰਮੁਖਿ ਹੋਵੈ ਸੁ ਪਲਟਿਆ, ਹਰਿ ਰਾਤੀ ਸਾਜਿ ਸੀਗਾਰਿ॥ ਸਹਜਿ ਸਚੁ ਪਿਰੁ ਰਾਵਿਆ, ਹਰਿ ਨਾਮਾ ਉਰ ਧਾਰਿ॥ ਆਗਿਆਕਾਰੀ ਸਦਾ ਸ+ਹਾਗਣਿ, ਆਪਿ ਮੇਲੀ ਕਰਤਾਰਿ॥ ਨਾਨਕ ਪਿਰੁ ਪਾਇਆ ਹਰਿ ਸਾਚਾ, ਸਦਾ ਸ+ਹਾਗਣਿ ਨਾਰਿ॥ ੧ ॥’

ਪਦ ਅਰਥ : —ਸੂਹਾ—ਕਸੁੰਭੇ ਫੁਲ ਵਾਲਾ ਚੁਹਚੁਹਾ ਦਿਲਖਿੱਚਵਾਂ ਸੂਹਾ ਲਾਲ ਰੰਗਵੇਸਿ—ਵੇਸ `ਚ। ਸੂਹੈ ਵੇਸਿ—ਸੂਹੇ ਵੇਸ `ਚ। ਰਾਵਣ ਜਾਇ—ਭੋਗਣ ਜਾਂਦੀ ਹੈ। ਮੋਹੀ—ਠੱਗੀ ਗਈ, ਲੁੱਟੀ ਗਈ। ਮਿਠਾ ਕਰਿ ਕੈ—ਸੁਆਦਲਾ ਜਾਣ ਕੇ। ਸੁਧੁ—ਖ਼ਾਲਸ, ਸ਼ੁਧ, ਨਿਰੋਲ ਆਪਣਾ (ਪ੍ਰਭੂ ਪਤੀ)।

ਗੁਰਮੁਖਿ ਹੋਵੈ—ਜਦੋਂ ਉਹੀ ਜੀਵ ਇਸਤ੍ਰੀ ਸ਼ਬਦ-ਗੁਰੂ ਦੀ ਸ਼ਰਣ `ਚ ਆ ਗਈ। ਪਲਟਿਆ—ਪਰਤਿਆ, ਉਸਦਾ ਜੀਵਨ ਮਾਇਕ ਰਸਾਂ ਵੱਲੋਂ ਪਲਟ ਗਿਆ। ਗੁਰਮੁਖਿ ਹੋਵੈ ਸੁ ਪਲਟਿਆ-ਉਹੀ ਜੀਵ ਇਸਤ੍ਰੀ ਜਦੋਂ ਸ਼ਬਦ-ਗੁਰੂ ਦੀ ਸ਼ਰਣ `ਚ ਆ ਗਈ ਤਾਂ ਉਸ ਦਾ ਜੀਵਨ ਮਾਇਕ ਰਸਾਂ ਵੱਲੋਂ ਪਲਟ ਗਿਆ, ਸ਼ਬਦ-ਗੁਰੂ ਦੀ ਸ਼ਰਣ `ਚ ਆਉਣ ਕਰਕੇ ਉਹ ਮਨੁੱਖਾ ਜਨਮ ਦੇ ਅਸਲ ਤੇ ਇਕੋ-ਇਕ ਮਕਸਦ ਵੱਲ ਟੁਰ ਪਈ। ਸਾਜਿ ਸੀਗਾਰਿ—ਸਜਾ ਬਣਾ ਕੇ। ਸਹਜਿ—ਸਹਜ ਅਵਸਥਾ `ਚ। ਉਰ—ਹਿਰਦਾ। ਸ+ਹਾਗਣਿ—ਅੱਖਰ ‘ਸ’ ਦੀਆਂ ਲਗਾਂ (ੋ) ਤੇ (ੁ) `ਚੋਂ ਏਥੋਂ (ੁ) ਪੜ੍ਹਨਾ ਹੈ। ਕਰਤਾਰਿ—ਕਰਤਾਰ ਨੇ, ਪ੍ਰਭੂ ਨੇ। ਦੋਹਾਗਣਿ—ਮੰਦੇ ਭਾਗਾਂ ਵਾਲੀ, ਰੰਡੀ, (ਪ੍ਰਭੂ ਪਤੀ ਨੂੰ ਵਿਸਾਰ ਕੇ ਮੋਹ ਮਾਇਆ ਤੇ ਸੰਸਾਰਕ ਰਸਾਂ `ਚ ਗ਼ਲਤਾਨ ਜੀਵ ਇਸਤ੍ਰੀ।

ਅਰਥ : — "ਸੂਹੈ ਵੇਸਿ ਦੋਹਾਗਣੀ, ਪਰ ਪਿਰੁ ਰਾਵਣ ਜਾਇ" -ਜਿਹੜੀ ਜੀਵ-ਇਸਤ੍ਰੀ ਸੰਸਾਰਕ ਮੋਹ-ਮਾਇਆ ਰੂਪ ਕਸੁੰਭੇ ਦੇ ਚੁਹਚੁਹੇ ਦਿਲਖਿੱਚਵੇਂ ਰੰਗਾਂ `ਚ ਮਸਤ ਰਹਿੰਦੀ ਹੈ, ਅਸਲ `ਚ ਉਹ ਜੀਵ ਇਸਤ੍ਰੀ ਮੰਦੇ ਭਾਗਾਂ ਵਾਲੀ ਹੁੰਦੀ ਹੈ ਭਾਵ ਉਹ ਪ੍ਰਭੂ ਦੇ ਦਰ `ਤੇ ਕਬੂਲ ਨਹੀਂ ਹੁੰਦੀ।

"ਪਿਰੁ ਛੋਡਿਆ ਘਰਿ ਆਪਣੈ, ਮੋਹੀ ਦੂਜੈ ਭਾਇ" -ਉਹ ਮਾਨੋ ਇਸ ਤਰ੍ਹਾਂ ਹੈ ਜਿਵੇਂ ਸੰਸਾਰ ਤਲ `ਤੇ ਕੋਈ ਦੁਹਾਗਣ ਆਪਣੇ ਪਤੀ ਨੂੰ ਛੱਡ ਕੇ ਪਰਾਏ ਮਰਦਾਂ ਲਈ ਭਟਕਦੀ ਰਹਿੰਦੀ ਹੈ।

"ਸੁਧੁ ਭਤਾਰੁ ਹਰਿ ਛੋਡਿਆ, ਫਿਰਿ ਲਗਾ ਜਾਇ ਵਿਜੋਗੁ" -ਅਜਿਹੀ ਜੀਵ ਇਸਤ੍ਰੀ ਮੋਹ-ਮਾਇਆ ਦੇ ਪਿਆਰ `ਚ ਇੱਤਨੀ ਵੱਧ ਲੁੱਟੀ ਜਾਂਦੀ ਅਤੇ ਗ਼ਲਤਾਨ ਰਹਿੰਦੀ ਹੈ ਕਿ ਉਹ ਆਪਣੇ ਹਿਰਦੇ-ਘਰ `ਚ ਵੱਸ ਰਹੇ ਖਸਮ-ਪ੍ਰਭੂ ਨੂੰ ਵੀ ਨਹੀਂ ਪਹਿਚਾਣ ਸਕਦੀ ਅਤੇ ਵਿਸਾਰੀ ਰਖਦੀ ਹੈ।

ਇਸੇ ਤੋਂ ਉਸਦੇ ਜੀਵਨ ਅੰਦਰ ਤ੍ਰੈ ਗੁਣੀ ਮਾਇਆ ਦੀ ਪੱਕੜ ਵਾਲਾ ਰੋਗ ਹੀ ਵੱਧਦਾ ਜਾਂਦਾ ਹੈ ਜਿਸ ਤੋਂ ਅਜਿਹੀ ਜੀਵ ਇਸਤ੍ਰੀ ਦੀ ਅਸਲ ਪ੍ਰਭੂ ਪਤੀ ਤੋਂ ਦਿਨੋ-ਦਿਨ ਵਿੱਥ ਵੀ ਵਧਦੀ ਹੀ ਜਾਂਦੀ ਹੈ।

"ਮਿਠਾ ਕਰਿ ਕੈ ਖਾਇਆ, ਬਹੁ ਸਾਦਹੁ ਵਧਿਆ ਰੋਗੁ" -ਇਸ ਤਰ੍ਹਾਂ (ਜਿਸ ਜੀਵ-ਇਸਤ੍ਰੀ ਨੇ ਦੁਨੀਆ ਦੇ ਪਦਾਰਥਕ ਰਸਾਂ ਨੂੰ) ਸੁਆਦਲੇ ਜਾਣ ਕੇ ਭੋਗਿਆ, ਬਦਲੇ `ਚ ਇਨ੍ਹਾਂ ਚੱਸਕਿਆਂ ਤੋਂ (ਉਸ ਦੇ ਮਨ `ਚ) ਸੰਸਾਰਕ ਮੋਹ ਮਾਇਆ ਦੀਆਂ ਖਿੱਚਾਂ ਵਾਲਾ ਰੋਗ ਵੀ ਦਬਾ-ਦਬ ਹੋਰ ਵੀ ਵੱਧਦਾ ਗਿਆ। ਉਸੇ ਕਾਰਣ ਉਸਦੇ ਜੀਵਨ `ਚ ਤ੍ਰੈਗੁਣੀ ਮਾਇਆ ਦੀ ਪਕੜ ਤੇ ਖਿੱਚ ਵੀ ਪ੍ਰਬਲ ਹੁੰਦੀ ਜਾਂਦੀ ਹੈ।

ਇਸ ਤਰ੍ਹਾਂ ਉਹ ਜੀਵ ਇਸਤ੍ਰੀ ਜਦੋਂ ਆਪਣੇ ਅਸਲ ਪ੍ਰਭੂ ਪਤੀ ਨੂੰ ਛੱਡ ਬੈਠਦੀ ਹੈ ਤਾਂ ਇਸ ਦਾ ਪ੍ਰਭੂ ਪਤੀ ਤੋਂ ਬਣਿਆ ਹੋਇਆ ਵਿਛੋੜਾ, ਪਹਿਲਾਂ ਤੋਂ ਵੀ ਲੰਬਾ ਹੁੰਦਾ ਜਾਂਦਾ ਹੈ। ਇਸਦੀ ਹਾਲਤ ਤਾਂ:-

"ਜਨਮ ਜਨਮ ਕੀ ਇਸੁ ਮਨ ਕਉ ਮਲੁ ਲਾਗੀ ਕਾਲਾ ਹੋਆ ਸਿਆਹੁ॥

ਖੰਨਲੀ ਧੋਤੀ ਉਜਲੀ ਨ ਹੋਵਈ ਜੇ ਸਉ ਧੋਵਣਿ ਪਾਹੁ" (ਪੰ: ੬੫੧) ਉਪ੍ਰੰਤ

"ਗੁਰਮੁਖਿ ਹੋਵੈ ਸੁ ਪਲਟਿਆ, ਹਰਿ ਰਾਤੀ ਸਾਜਿ ਸੀਗਾਰਿ" -ਭਾਵ:-

"ਗੁਰ ਪਰਸਾਦੀ ਜੀਵਤੁ ਮਰੈ, ਉਲਟੀ ਹੋਵੈ ਮਤਿ ਬਦਲਾਹੁ॥

ਨਾਨਕ ਮੈਲੁ ਨ ਲਗਈ, ਨਾ ਫਿਰਿ ਜੋਨੀ ਪਾਹ" (ਪੰ: ੬੫੧-ਉਹੀ) ਅਨੁਸਾਰ

ਜਦੋਂ ਉਹੀ ਜੀਵ ਇਸਤ੍ਰੀ "ਗੁਰਮੁਖਿ ਹੋਵੈ ਸੁ ਪਲਟਿਆ" ਮੋਹ ਮਾਇਆ ਵੱਲੋਂ ਪਲਟ ਕੇ ਸ਼ਬਦ-ਗੁਰੂ ਦੇ ਹੁਕਮਾਂ `ਚ ਟੁਰਣਾ ਅਰੰਭ ਕਰ ਦਿੰਦੀ ਅਤੇ ਸ਼ਬਦ-ਗੁਰੂ ਦੀ ਕਮਾਈ ਕਰਣ ਲਗ ਜਾਂਦੀ ਹੈ, ਤਾਂ ਉਸ ਦਾ ਮਨ ਆਪਣੇ ਆਪ ਸੰਸਾਰਕ ਭੋਗਾਂ ਵਲੋਂ ਵਾਪਿਸ ਪਰਤ ਆਉਂਦਾ ਹੈ।

ਤਾਂ ਫ਼ਿਰ ਉਹ ਜੀਵ ਇਸਤ੍ਰੀ ਸੰਸਾਰਕ ਭੋਗਾਂ-ਪ੍ਰਾਪਤੀਆਂ ਤੇ ਮੋਹ-ਮਾਇਆ ਦੇ ਬਹੁ ਰੰਗੇ ਦਿਲਖਿੱਚਵੇਂ ਸ਼ਿੰਗਾਰਾਂ ਬਦਲੇ, ਪ੍ਰਭੂ-ਪਿਆਰ ਅਤੇ ਪ੍ਰਭੂ ਦੀ ਸਿਫ਼ਤ ਸਲਾਹ ਰੂਪੀ ਗਹਣਿਆਂ ਨਾਲ ਆਪਣੇ ਆਪ ਨੂੰ ਸ਼ਿੰਗਾਰਦੀ-ਸਜਾਂਦੀ-ਸੁਆਰਦੀ ਤੇ ਪ੍ਰਭੂ ਪਤੀ ਦੇ ਨਾਮ ਰੰਗ `ਚ ਰੰਗੀ ਜਾਂਦੀ ਹੈ।

"ਸਹਜਿ ਸਚੁ ਪਿਰੁ ਰਾਵਿਆ, ਹਰਿ ਨਾਮਾ ਉਰ ਧਾਰਿ" - ਪ੍ਰਭੂ ਦੇ ਨਾਮ ਰੰਗ `ਚ ਰੰਗੀ ਹੋਈ, ਅਜਿਹੀ ਜੀਵ ਇਸਤ੍ਰੀ ਮਨ ਕਰਕੇ ਜੀਵਨ ਦੀ ਸਹਿਜ ਅਵਸਥਾ `ਚ ਟਿੱਕ ਕੇ ਜੀਂਦੇ ਜੀਅ ਸਦਾ ਲਈ, ਸਦਾ-ਥਿਰ ਪ੍ਰਭੂ ਪਤੀ ਦੇ ਮਿਲਾਪ ਵਾਲੇ ਰਸ ਨੂੰ ਮਾਣਦੀ ਅਤੇ ਪ੍ਰਭੂ ਪਤੀ `ਚ ਅਭੇਦ ਹੋ ਜਾਂਦੀ ਹੈ।

"ਆਗਿਆਕਾਰੀ ਸਦਾ ਸ+ਹਾਗਣਿ, ਆਪਿ ਮੇਲੀ ਕਰਤਾਰਿ" -ਹੁਣ ਮੋਹ ਮਾਇਆ ਦੀ ਪਕੜ ਵੱਲੋਂ ਪਰਤਨ ਅਤੇ ਸ਼ਬਦ-ਗੁਰੂ ਦੀ ਆਦੇਸ਼ਾਂ ਅਨੁਸਾਰੀ ਹੋਣ ਕਰਕੇ ਪ੍ਰਭੂ ਦੇ ਹੁਕਮ `ਚ ਟੁਰ ਰਹੀ ਉਹੀ ਜੀਵ-ਇਸਤ੍ਰੀ ਸਦਾ ਲਈ ਸੁਹਾਗ ਭਾਗ ਅਥਵਾ "ਪ੍ਰਭੂ ਪਤੀ" ਲਈ ਹੀ ਹੋ ਜਾਂਦੀ ਹੈ।

ਇਸ ਤਰ੍ਹਾਂ ਖਸਮ-ਪ੍ਰਭੂ ਵੀ ਅਜਿਹੀ ਜੀਵ ਇਸਤ੍ਰੀ ਨੂੰ ਉਸ ਦੇ ਜੀਵਨ ਦੌਰਾਨ ਹੀ ਉਸ ਨੂੰ ਆਪਣੇ ਨਾਲ ਮਿਲਾ ਲੈਂਦਾ ਹੈ, ਅਭੇਦ ਕਰ ਲੈਂਦਾ ਤੇ ਸਦਾ ਲਈ ਆਪਣੇ ਰੰਗ `ਚ ਰੰਗ ਦਿੰਦਾ ਹੈ।

"ਨਾਨਕ ਪਿਰੁ ਪਾਇਆ ਹਰਿ ਸਾਚਾ, ਸਦਾ ਸ+ਹਾਗਣਿ ਨਾਰਿ॥ ੧ ॥" -ਤਾਂ ਤੇ ਹੇ ਨਾਨਕ! ਇਸ ਤਰ੍ਹਾਂ (ਸ਼ਬਦ-ਗੁਰੂ ਦੀ ਅਨੁਸਾਰੀ ਹੋ ਕੇ) ਜਿਹੜੀ ਜੀਵ ਇਸਤ੍ਰੀ ਨੇ ਸਦਾ-ਥਿਰ ਪ੍ਰਭੂ ਖਸਮ ਨੂੰ ਜੀਂਦੇ ਪ੍ਰਾਪਤ ਕਰਕੇ ਸਦਾ ਸੁਹਾਗ ਭਾਗ ਵਾਲੀ ਹੋ ਜਾਂਦੀ ਹੈ, ਉਹ ਪ੍ਰਭੂ `ਚ ਹੀ ਸਮਾਅ ਜਾਂਦੀ ਹੈ। ਯਥਾ:-

"ਸਬਦਿ ਮਰੈ ਸੋ ਮਰਿ ਰਹੈ, ਫਿਰਿ ਮਰੈ ਨ ਦੂਜੀ ਵਾਰ" (ਪੰ: ੫੮) ਅਨੁਸਾਰ ਅਜਿਹੀ ਜੀਵ ਇਸਤ੍ਰੀ ਦਾ ਚਿਰਾਂ ਤੋਂ ਪ੍ਰਭੂ ਪਤੀ ਤੌਂ ਬਣਿਆ ਹੋਇਆ ਵਿਛੋੜਾ ਤੇ ਉਸ ਲਈ ਜਨਮਾਂ-ਜੂਨਾਂ-ਭਿੰਨ ਭਿੰਨ ਗਰਭਾਂ ਵਾਲਾ ਚਲਦਾ ਆ ਰਿਹਾ ਗੇੜ ਵੀ ਸਦਾ ਲਈ ਸਮਾਪਤ ਹੋ ਜਾਂਦਾ ਹੈ। ਉਹ ਜੀਂਦੇ-ਜੀਅ ਹੀ ਸਦਾ ਲਈ ਪ੍ਰਭੂ ਪਤੀ ਨਾਲ ਇਕ-ਮਿੱਕ ਹੋ ਜਾਂਦੀ ਹੈ, ਮੁੜ ਜੂਨਾਂ-ਗਰਭਾਂ ਦੇ ਗੇੜ `ਚ ਨਹੀਂ ਪੈਂਦੀ। ੧।

ਮਃ ੩॥ ਸੂਹਵੀਏ ਨਿਮਾਣੀਏ ਸੋ ਸਹੁ ਸਦਾ ਸਮਾੑਲਿ॥ ਨਾਨਕ ਜਨਮੁ ਸਵਾਰਹਿ ਆਪਣਾ ਕੁਲੁ ਭੀ ਛੁਟੀ ਨਾਲਿ॥ ੨ {ਪੰਨਾ ੭੮੫}

ਪਦ ਅਰਥ : —ਸੂਹਵੀਏ—ਹੇ ਸੂਹੇ ਵੇਸ ਵਾਲੀਏ! ਹੇ ਚੁਹਚਹੇ ਕਸੁੰਭੇ-ਰੰਗ ਨਾਲ ਪਿਆਰ ਕਰਨ ਵਾਲੀ ਮਾਇਕ ਰਸਾਂ `ਚ ਗ਼ਲਤਾਨ ਜੀਵ ਇਸਤ੍ਰੀ! ਨਿਮਾਣੀਏ—ਹੇ ਵਿਚਾਰੀਏ! ਹੇ ਬੇ-ਬੱਸ! ਅਥਵਾ ਹੇ ਮਨੁੱਖਾ ਜਨਮ ਦੇ ਇਕੋ-ਇਕ ਵਿਸ਼ੇਸ਼ ਮਕਸਦ ਵੱਲੋਂ ਗਿਆਨਤਾ ਦੇ ਗਹਿਰੇ ਹਨੇਰੇ `ਚ ਠੋਕਰਾਂ ਖਾ ਰਹੀ ਲਾਚਾਰ ਤੇ ਬੇ-ਬਸ ਹੋ ਚੁੱਕੀ ਜੀਵ ਇਸਤ੍ਰੀ!

ਅਰਥ : —ਹੇ ਤ੍ਰੈ ਗੁਣੀ ਮਾਇਆ ਦੇ ਚੁਹਚੁਹੇ ਕਸੁੰਭੇ-ਸੂਹੇ ਲਾਲ ਰੰਗ ਨਾਲ ਪਿਆਰ ਕਰ ਰਹੀ, ਮਨੁੱਖਾ ਜਨਮ ਦੇ ਇਕੋ ਇੱਕ ਮਕਸਦ ਤੋਂ ਅਨਜਾਣ, ਅਗਿਆਨਤਾ ਦੇ ਗਹਿਰੇ ਹਨੇਰੇ `ਚ ਠੋਕਰਾਂ ਖਾ ਰਹੀ ਲਾਚਾਰ ਤੇ ਬੇ-ਬਸ ਹੋ ਚੁੱਕੀ ਜੀਵ ਇਸਤ੍ਰੀ! ਤੂੰ ਆਪਣੇ ਅਸਲੇ ਪ੍ਰਭੂ-ਪਤੀ ਨੂੰ ਸਦਾ ਆਪਣੇ ਚੇਤੇ `ਚ ਰੱਖ ਭਾਵ ਤੂੰ ਮਨ ਕਰਕੇ ਹਰ ਸਮੇਂ ਪ੍ਰਭੂ-ਪਤੀ ਦੀ ਸਿਫ਼ਤ ਸਲਾਹ ਨਾਲ ਜੁੜ ਜਾ।

ਹੇ ਨਾਨਕ! ਆਖ, ਇਸ ਤਰ੍ਹਾਂ ਤੂੰ ਆਪਣਾ ਜੀਵਨ ਵੀ ਸੁਆਰੇਂਗੀ ਨਾਲ ਤੇਰੀ ਕੁਲ ਭਾਵ ਕੇਵਲ ਤੇਰੇ ਗਿਆਨ ਤੇ ਕਰਮ ਇੰਦ੍ਰੇ ਹੀ ਨਹੀਂ ਬਲਕਿ ਤੇਰੇ ਸੰਗੀ-ਸਾਥੀ ਵੀ ਵਿਕਾਰਾਂ ਤੋਂ ਮੁੱਕਤ ਹੋ ਜਾਣਗੇ।

ਇਸ ਤਰ੍ਹਾਂ ਉਹ ਵੀ ਹਰ ਸਮੇਂ ਪ੍ਰਭੂ ਦੇ ਰੰਗ `ਚ ਰੰਗੇ ਰਹਿ ਕੇ ਸਹਿਜ ਅਵਸਥ ਤੇ ਆਤਮਕ ਆਨੰਦ ਭਰਪੂਰ ਜੀਵਨ ਦਾ ਅਨੰਦ ਮਾਨਣ ਗੇ। ੨।

ਗੁਰਮੱਤ ਵਿਚਾਰ ਦਰਸ਼ਨ: — ਸੰਸਾਰ ਤਲ `ਤੇ ਬੇਸ਼ੱਕ ਮਰਦ ਹੋਣ ਜਾਂ ਇਸਤ੍ਰ੍ਰੀਆਂ, ਮਾਦਾ ਹੋਣ ਜਾਂ ਨਰ, ਪਰ ਗੁਰਬਾਣੀ ਅਨੁਸਾਰ ਅਸੀਂ ਸਾਰੇ ਹੀ ਭਾਵ ਸਮੂਚੀ ਮਨੁੱਖ ਜਾਤੀ- "ਪ੍ਰਭੂ ਪਤੀ" ਦੀਆਂ "ਜੀਵ ਇਸਤ੍ਰੀਆਂ" ਹੀ ਹਾਂ। ਇਹ ਵੀ ਕਿ ਉਸ ਪੱਖੋਂ ਸਮੂਚੀ ਰਚਨਾ `ਚ "ਪੁਰਖ" ਕੇਵਲ ਤੇ ਕੇਵਲ, ਇਕੋ-ਇਕ "ਕਰਤਾ ਪੁਰਖ-ਪ੍ਰਭੂ" ਹੀ ਹੈ, ਦੂਜਾ ਕੋਈ ਨਹੀਂ। ਜਿਵੇਂ-

() "ਇਸੁ ਜਗ ਮਹਿ ਪੁਰਖੁ ਏਕੁ ਹੈ ਹੋਰ ਸਗਲੀ ਨਾਰਿ ਸਬਾਈ॥ ਸਭਿ ਘਟ ਭੋਗਵੈ ਅਲਿਪਤੁ ਰਹੈ ਅਲਖੁ ਨ ਲਖਣਾ ਜਾਈ" (੫ੰ: ੯੧-੯੨) ਹੋਰ

() "ਸਭਨਾ ਖਸਮੁ ਏਕੁ ਹੈ, ਗੁਰਮੁਖਿ ਜਾਣੀਐ" (ਪੰ: ੧੨੯੦)

() "ਸਹੁ ਮੇਰਾ ਏਕੁ ਦੂਜਾ ਨਹੀ ਕੋਈ॥ ਨਦਰਿ ਕਰੇ ਮੇਲਾਵਾ ਹੋਈ" (ਪੰ: ੩੫੭)

() "ਮਨਮੁਖ ਮੈਲੀ ਕਾਮਣੀ ਕੁਲਖਣੀ ਕੁਨਾਰਿ॥ ਪਿਰੁ ਛੋਡਿਆ ਘਰਿ ਆਪਣਾ, ਪਰ ਪੁਰਖੈ ਨਾਲਿ ਪਿਆਰੁ॥ ਤ੍ਰਿਸਨਾ ਕਦੇ ਨ ਚੁਕਈ ਜਲਦੀ ਕਰੇ ਪੂਕਾਰ॥ ਨਾਨਕ ਬਿਨੁ ਨਾਵੈ ਕੁਰੂਪਿ ਕੁਸੋਹਣੀ ਪਰਹਰਿ ਛੋਡੀ ਭਤਾਰਿ" (ਪੰ: ੮੯-੯੦)

() ਭਨਤਿ ਨਾਨਕੁ ਸਭਨਾ ਕਾ ਪਿਰੁ ਏਕੋ ਸੋਇ॥ ਜਿਸ ਨੋ ਨਦਰਿ ਕਰੇ ਸਾ ਸੋਹਾਗਣਿ ਹੋਇ (ਪੰ: ੩੫੧) ਆਦਿ

ਇਸ ਲਈ ਗੁਰਬਾਣੀ ਦੇ ਅਰਥ ਕਰਣ ਤੇ ਸਮਝਣ ਵੇਲੇ ਗੁਰਬਾਣੀ ਵਿੱਚਲੀ, ਸੁਹਾਗਣ, ਦੁਹਾਗਣ, ਕੁਚੱਜੀ ਆਦਿ ਵਾਲੇ ਵਿਸ਼ੇ ਨਾਲ ਸੰਬੰਧਤ, ਪ੍ਰਕਰਣ ਅਨੁਸਾਰ ਸਮੂਚੀ ਸ਼ਬਦਾਵਲੀ ਦੇ ਸੰਸਾਰਕ ਪਤੀ-ਪਤਨੀ ਆਧਾਰਤ ਅਰਥਾਂ ਨੂੰ ਕੇਵਲ ਮਿਸਾਲ ਵਜੋਂ ਹੀ ਲੈਣਾ ਹੁੰਦਾ ਹੈ।

ਉਪ੍ਰੰਤ ਗੁਰਬਾਣੀ ਵਿੱਚਲੀ, ਸੁਹਾਗਣ, ਦੁਹਾਗਣ, ਕੁਚੱਜੀ ਆਦਿ ਵਾਲੇ ਵਿਸ਼ੇ ਨਾਲ ਸੰਬੱਧਤ ਸਮੂਚੀ ਸ਼ਬਦਾਵਲੀ ਦੇ ਗੁਰਬਾਣੀ ਆਧਾਰਤ ਅਰਥਾਂ `ਚ ਸਮਝਣ ਲਈ ਉਨ੍ਹਾਂ ਦੇ ਸਮੂਚੇ ਅਰਥ:-

"ਇਸੁ ਜਗ ਮਹਿ ਪੁਰਖੁ ਏਕੁ ਹੈ ਹੋਰ ਸਗਲੀ ਨਾਰਿ ਸਬਾਈ॥ ਸਭਿ ਘਟ ਭੋਗਵੈ ਅਲਿਪਤੁ ਰਹੈ ਅਲਖੁ ਨ ਲਖਣਾ ਜਾਈ" (੫ੰ: ੯੧-੯੨) ਆਦਿ ਗੁਰਬਾਣੀ ਫ਼ੁਰਮਾਨਾਂ ਅਨੁਸਾਰ ਕੇਵਲ "ਪ੍ਰਭੂ ਪਤੀ" ਅਤੇ "ਜੀਵ ਇਸਤ੍ਰੀ" ਆਧਾਰਤ ਆਤਮਕ ਉੱਚਾਈਆਂ ਵਾਲੇ ਜੀਵਨ ਲਈ ਹੀ ਲੈਣੇ ਹਨ।

ਇਸ ਤੋਂ ਬਿਨਾ ਸਮੂਚੀ ਗੁਰਬਾਣੀ ਰਚਨਾ `ਚੋਂ ਅਸੀਂ ਅਜਿਹੀ ਅਤੇ ਇਸ ਪ੍ਰੀਪੇਖ `ਚ ਵਰਤੀ ਹੋਈ ਸਮੂਚੀ ਸ਼ਬਦਵਾਲੀ ਦੇ ਮੂਲ ਅਰਥ ਕਿਸੇ ਤਰ੍ਹਾਂ ਅਤੇ ਕਦੇ ਵੀ ਨਹੀਂ ਸਮਝ ਸਕਾਂਗੇ।

ਗਹੁ ਨਾਲ ਵਿਚਾਰਿਆ ਜਾਵੇ ਤਾਂ ਹੱਥਲਾ ਵਿਸ਼ਾ "ਰਾਗ ਸੂਹੀ ਕੀ ਵਾਰ ਮ. ੩" ਦੀ ਪਹਿਲੀ ਪਉੜੀ ਨਾਲ ਸੰਬੰਧਤ ਦੋਨਾਂ ਸਲੋਕਾਂ `ਚ ਵੀ ਇਸੇ ਗੁਰਮੱਤ ਸਿਧਾਂਤ ਦੀ ਵਰਤੋਂ ਕੀਤੀ ਹੋਈ ਹੈ।

ਯਕੀਨਣ ਜੇ ਗੁਰਬਾਣੀ ਦੇ ਅਰਥਾਂ ਨਾਲ ਸੰਬੰਧਤ ਇਹ ਵਿਸ਼ਾ ਸਾਡੀ ਸਮਝ `ਚ ਆ ਜਾਵੇ ਤਾਂ ਸਾਨੂੰ ਉਪ੍ਰੌਕਤ ਸਲੋਕਾਂ ਦੇ ਮੂਲ ਅਰਥਾਂ ਨੂੰ ਸਮਝਣ ਲਈ ਬਿਲਕੁਲ ਵੀ ਦਿੱਕਤ ਨਹੀਂ ਹੋਵੇਗੀ।

ਤਾਂ ਤੇ ਇਨ੍ਹਾਂ ਦੋਨਾਂ ਸਲੋਕਾਂ ਦੇ ਮੂਲ ਅਰਥਾਂ ਨੂੰ ਸਮਝਣ ਲਈ ਪ੍ਰਕਰਣ ਅਨੁਸਾਰ, ਸਲੋਕਾਂ ਵਿੱਚਲੀ ਸੰਬੰਧਤ ਸਮੂਹ ਸ਼ਬਦਾਵਲੀ ਨੂੰ ਕੇਵਲ ਮਿਸਾਲਾਂ ਪੱਖੋਂ, ਸੰਸਾਰ ਤਲ ਦੇ ਪਤੀ-ਪਤਨੀ ਦੇ ਰਿਸ਼ਤਿਆਂ ਵਜੋਂ ਲੈਣਾ ਹੈ। ਉਪ੍ਰੰਤ:-

ਉਨ੍ਹਾਂ ਦੇ ਅਰਥ "ਭਨਤਿ ਨਾਨਕੁ ਸਭਨਾ ਕਾ ਪਿਰੁ ਏਕੋ ਸੋਇ॥ ਜਿਸ ਨੋ ਨਦਰਿ ਕਰੇ ਸਾ ਸੋਹਾਗਣਿ ਹੋਇ (ਪੰ: ੩੫੧) ਅਤੇ "ਇਸੁ ਜਗ ਮਹਿ ਪੁਰਖੁ ਏਕੁ ਹੈ ਹੋਰ ਸਗਲੀ ਨਾਰਿ ਸਬਾਈ" (ਪੰ: ੯੦) ਆਦਿ ਗੁਰਬਾਣੀ ਫ਼ੁਰਮਾਨਾਂ ਅਨੁਸਾਰ ਨਿਰੋਲ "ਪ੍ਰਭੂ-ਪਤੀ" ਅਤੇ "ਜੀਵ-ਇਸਤ੍ਰੀ" ਆਧਾਰਤ ਹੀ ਕਰਣੇ, ਸਮਝਣੇ ਅਤੇ ਲੈਣੇ ਹਨ। (ਚਲਦਾ) #Instt.1- 07--Suhi ki.Vaar M.3--03.18#v.

ਸਾਰੇ ਪੰਥਕ ਮਸਲਿਆਂ ਦਾ ਹੱਲ ਅਤੇ ਸੈਂਟਰ ਵੱਲੋਂ ਲਿਖੇ ਜਾ ਰਹੇ ਸਾਰੇ ‘ਗੁਰਮੱਤ ਪਾਠਾਂ’, ਪੁਸਤਕਾ ਤੇ ਹੁਣ ਗੁਰਮੱਤ ਸੰਦੇਸ਼ਾ ਵਾਲੀ ਅਰੰਭ ਹੋਈ ਲੜੀ, ਇਨ੍ਹਾਂ ਸਾਰਿਆਂ ਦਾ ਮਕਸਦ ਇਕੋ ਹੈ-ਤਾ ਕਿ ਹਰੇਕ ਸੰਬੰਧਤ ਪ੍ਰਵਾਰ ਅਰਥਾਂ ਸਹਿਤ ‘ਗੁਰੂ ਗ੍ਰੰਥ ਸਾਹਿਬ’ ਜੀ ਦਾ ਸਹਿਜ ਪਾਠ ਸਦਾ ਚਾਲੂ ਰਖ ਕੇ ਆਪਣੇ ਜੀਵਨ ਨੂੰ ਗੁਰਬਾਣੀ ਸੋਝੀ ਵਾਲਾ ਬਣਾਏ। ਅਰਥਾਂ ਲਈ ਦਸ ਭਾਗ ‘ਗੁਰੂ ਗ੍ਰੰਥ ਦਰਪਣ’ ਪ੍ਰੋ: ਸਾਹਿਬ ਸਿੰਘ ਜਾਂ ਚਾਰ ਭਾਗ ਸ਼ਬਦਾਰਥ ਲਾਹੇਵੰਦ ਹੋਵੇਗਾ ਜੀ।

ਸੂਹੀ ਕੀ ਵਾਰ ਮਹਲਾ ੩

(ਪੰ: ੭੮੫ ਤੋਂ੭੯੨)

ਸਟੀਕ, ਲੋੜੀਂਦੇ ਗੁਰਮੱਤ ਵਿਚਾਰ ਦਰਸ਼ਨ ਸਹਿਤ

(ਕਿਸ਼ਤ-ਸਤਵੀਂ)

For all the Self Learning Gurmat Lessons (Excluding Books) written by ‘Principal Giani Surjit Singh’ Sikh Missionary, Delhi-All the rights are reserved with the writer himself; but easily available in proper Deluxe Covers for

(1) Further Distribution within ‘Guru Ki Sangat’

(2) For Gurmat Stalls

(3) For Gurmat Classes & Gurmat Camps

with intention of Gurmat Parsar, at quite nominal printing cost i.e. mostly Rs 400/-(but in rare cases Rs. 450/-) per hundred copies (+P&P.Extra) From ‘Gurmat Education Centre, Delhi’, Postal Address- A/16 Basement, Dayanand Colony, Lajpat Nagar IV, N. Delhi-24

Ph 91-11-26236119, 46548789 ® Ph. 91-11-26487315 Cell 9811292808

Emails- [email protected] & [email protected]

web sites-

www.gurbaniguru.org

theuniqeguru-gurbani.com

gurmateducationcentre.com




.