.

** ਕੀ ਅੱਜ ਦਾ ਸਿੱਖ ਸਮਾਜ ‘ਗੁਰਬਾਣੀ ਸਿਧਾਂਤਾਂ-ਅਸੂਲਾਂ’ ਦੇ ਅਨੁਸਾਰੀ ਹੈ? **

** ਸਿਧਾ-ਸਾਧਾ ਮੋਟਾ ਜਿਹਾ ਜਵਾਬ ਹੈ: 90% ਨਹੀਂ, 10% ਹਾਂ, (ਅੰਦਾਜ਼ਨ)।

"ਗੁਰੁ ਦੁਆਰੈ ਹੋਇ ਸੋਝੀ ਪਾਇਸੀ॥" ਮ1॥ 730॥

** ਕਿਉਂਕਿ ਅੱਜ ਦਾ ਸਿੱਖ ਅਤੇ ਸਿੱਖ ਸਮਾਜ ਬਹੁਤਾ ਬ੍ਰਾਹਮਣ/ਬਿਪਰ/ਪਾਂਡੇ ਦੀ ਝੋਲੀ ਵਿੱਚ ਪੈ ਚੁੱਕਾ ਹੈ। ਬ੍ਰਾਹਮਣ/ਬਿਪਰ/ਪਾਂਡੇ ਦਾ ਉਹ ਕਿਹੜਾ ਕਰਮਕਾਂਡ, ਮੰਨਮੱਤ ਹੈ, ਜੋ ਅੱਜ ਦਾ ਸਿੱਖ ਨਹੀਂ ਕਰ ਰਿਹਾ। ਇਹ ਕਰਮਕਾਂਡ, ਮੰਨਮੱਤਾਂ ਸਿੱਖਾਂ ਦੇ ਸਾਰੇ ਮੁੱਖ ਧਾਰਮਿੱਕ ਮੁੱਖ-ਸਥਾਨਾਂ ਉੱਪਰ/ਵਿਚ ਸ਼ਰੇਆਮ ਹੋ ਰਹੀਆਂ ਹਨ। ਕਰਨ ਕਰਾਉਣ ਵਾਲੇ ਸਾਰੇ ਆਪਣੇ ਆਪ ਨੂੰ ਬਾਬੇ ਨਾਨਕ ਦੇ ਸਿੱਖ ਅਖਵਾ ਰਹੇ ਹਨ। ਇਹ ਸਾਰੇ ਆਪਣੇ ਆਪ ਨੂੰ ਅੰਮ੍ਰਿਤਧਾਰੀ ਸਿੱਖ ਅਖਵਾਉਂਣ ਵਿੱਚ ਫਖ਼ਰ ਵੀ ਮਹਿਸੂਸ ਕਰਦੇ ਹਨ। ਜ਼ਰਾ ਜਿੰਨ੍ਹੀ ਵੀ ਸ਼ਰਮ ਨਹੀਂ ਇਹਨਾਂ ਲੋਕਾਂ ਨੂੰ, ਸਿਰ ਉੱਚਾ ਚੁੱਕ ਕੇ ਕਰਮਕਾਂਡ ਅਤੇ ਮੰਨਮੱਤਾਂ ਕਰਨ ਕਰਾਉਣ ਵਿੱਚ ਆਪਣਾ ਪੂਰਾ ਯੋਗਦਾਨ ਪਾ ਰਹੇ ਹਨ। ਇੱਕ ਗੁਰਦੁਆਰੇ ਵਿੱਚ ਨਹੀਂ ਬਲਕਿ ਆਵਾ ਹੀ ਊਤਿਆ ਪਿਆ ਹੈ, ਭਾਵ ਕਿ ਹਰ ਗੁਰਦੁਆਰੇ ਵਿੱਚ ਅਜੇਹੇ ਭਾਈ/ਗਰੰਥੀ ਸਿੱਖ ਬੈਠੇ ਹਨ, ਜਿਹਨਾਂ ਨੂੰ ਗੁਰਮੱਤ ਦਾ ਕੋਈ ਗਿਆਨ ਨਹੀਂ, ਪਰ ਡਿਊਟੀ ਗਰੰਥੀ-ਸਿੰਘ ਦੀ ਨਿਭਾ ਰਹੇ ਹਨ। ਅਜੇਹੇ ਲੋਕ ਵਿਖਾਵੇ ਲਈ ਸਿੱਖੀ ਸਰੂਪ ਧਾਰਨ ਕਰਦੇ ਹਨ, ਖੰਡੇ ਦੀ ਪਾਹੁਲ ਵੀ ਛੱਕਦੇ ਹਨ, ਫਿਰ ਕਿਸੇ ਰਜਵਾੜੇ ਨੇਤਾ ਜਾਂ ਸਿਰੌਂ-ਮੁੰਨੀ ਕਮੇਟੀ ਦੇ ਕਿਸੇ ਨੌਕਰਸ਼ਾਹ ਦੀ ਮਿੰਨਤ-ਤਰਲਾ ਕਰਕੇ ਸਿਰੌਂ-ਮੁੰਨੀ ਕਮੇਟੀ ਦੇ ਕਿਸੇ ਨਾ ਕਿਸੇ ਗੁਰਦੁਆਰੇ ਵਿੱਚ ਗਰੰਥੀ ਦੀ ਡਿਊਟੀ ਸੰਭਾਲ ਲੈਂਦੇ ਹਨ। ਫਿਰ ਜੋ ਹੁੰਦਾ ਹੈ ਉਹ ਸਾਡੇ ਸਾਹਮਣੇ ਹੈ।

** "ਜੇ ਜੀਵੈ ਪਤਿ ਲਥੀ ਜਾਇ॥ ਸਭੂ ਹਰਾਮੁ ਜੇਤਾ ਕਿਛੂ ਖਾਇ॥ ਮ1॥ 142॥

*** ਲਉ ਪੇਸ਼ ਹਨ, ਕੁੱਝ ਕੁ ਉਦਾਹਰਨਾ ਉਹਨਾਂ ਮੰਨਮੱਤਾਂ ਅਤੇ ਕਰਮਕਾਂਡਾਂ ਦੀਆਂ ਜੋ ਬ੍ਰਾਹਮਣ/ ਬਿਪਰ/ਪਾਂਡਾ ਤਾਂ ਆਪਣੇ ਮੰਦਰਾਂ ਵਿੱਚ ਕਰਦਾ ਹੀ ਹੈ, ਪਰ ਅੱਜ ਦੇ ਸਿੱਖ ਸਮਾਜ ਦੇ ਮੁੱਖ ਧਾਰਮਿੱਕ ਸਥਾਂਨਾ ਅਤੇ ਆਮ ਗੁਰੁ-ਘਰਾਂ ਵਿੱਚ ਵੀ ਹੋ ਰਹੀਆਂ ਹਨ।

** ਬ੍ਰਾਹਮਣ/ਬਿਪਰ/ਪਾਂਡਾ: ਮੰਦਰਾਂ ਵਿੱਚ ਦੇਹ ਵਾਲੀ ਮੂਰਤੀਆਂ ਨੂੰ ਪੂਜਦਾ ਹੈ। ਪੂਜਾ ਕਰਦਾ ਹੈ।

*** ਅੱਜ ਦਾ ਸਿੱਖ: ਗੁਰਦੁਆਰੇ ਵਿੱਚ ਗਰੰਥ ਸਾਹਿਬ ਜੀ ਨੂੰ ਦੇਹ ਮੰਨਕੇ ਪੂਜਾ ਕਰ ਰਿਹਾ ਹੈ।

** ਬ੍ਰਾਹਮਣ/ਬਿਪਰ/ਪਾਂਡਾ: ਮੰਦਰ ਵਾਲੀ ਮੂਰਤੀ ਦੇ ਕੱਪੜੇ ਹਰ ਰੋਜ਼ ਬਦਲਦਾ ਹੈ, ਨਵੀਆਂ ਪੁਸ਼ਾਕਾ ਪਾਉਂਦਾ ਹੈ, ਹਾਰ-ਸ਼ਿੰਗਾਰ ਕਰਦਾ ਹੈ।

*** ਅੱਜ ਦਾ ਸਿੱਖ: ਗੁਰਦੁਆਰੇ ਵਿੱਚ ਹਰ ਰੋਜ਼ ਗਰੰਥ ਸਾਹਿਬ ਜੀ ਦੇ ਰੁਮਾਲੇ ਬਦਲੀ ਕੀਤੇ ਜਾਂਦੇ ਹਨ। ਤਾਜ਼ੇ ਫੁਲਾਂ ਨਾਲ ਸਜਾਵਟ ਕੀਤੀ ਜਾਂਦੀ ਹੈ

** ਬ੍ਰਾਹਮਣ/ਬਿਪਰ/ਪਾਂਡਾ: ਮੰਦਰ ਵਿੱਚ ਸ਼ਿਵ-ਲਿੰਗ ਨੂੰ ਦੁੱਧ ਨਾਲ ਧੋਂਦਾ ਹੈ, ਨਹਾਉਂਦਾ ਹੈ।

*** ਅਜ ਦਾ ਸਿੱਖ: ਗੁਰਦੁਆਰੇ ਦੇ ਫ਼ਰਸਾਂ ਨੂੰ ਅਤੇ ਨਿਸ਼ਾਨ ਸਾਹਿਬ ਨੂੰ ਦੁੱਧ ਨਾਲ ਧੋਈ ਜਾਂਦਾ ਹੈ।

** ਬ੍ਰਾਹਮਣ/ਬਿਪਰ/ਪਾਂਡਾ: ਮੰਦਰ ਵਿੱਚ ਟੱਲ ਖੜਕਾਉਂਦਾ ਹੈ।

*** ਅੱਜ ਦਾ ਸਿੱਖ: ਗੁਰਦੁਆਰੇ ਵਿੱਚ ਘੜਿਆਲ ਖੜਕਾਉਂਦਾ ਹੈ।

** ਬ੍ਰਾਹਮਣ/ਬਿਪਰ/ਪਾਂਡਾ: ਮੰਦਰ ਵਿੱਚ ਪੱਥਰ ਦੀਆਂ ਮੂਰਤੀਆਂ ਅੱਗੇ ਮੱਥਾ ਰਗੜਦਾ ਹੈ।

*** ਅੱਜ ਦਾ ਸਿੱਖ: ਗੁਰਦੁਆਰੇ ਵਿੱਚ ਨਿਸ਼ਾਨ ਸਾਹਿਬ ਦੇ ਥੱੜਿਆਂ ਉਤੇ ਮੱਥਾ ਰਗੜੀ ਜਾਂਦਾ ਹੈ।

** ਬ੍ਰਾਹਮਣ/ਬਿਪਰ/ਪਾਂਡਾ: ਮੰਦਰ ਵਿੱਚ ਪ੍ਰਸਾਦ ਦਿੰਦਾ ਹੈ।

*** ਅੱਜ ਦਾ ਸਿੱਖ: ਗੁਰਦੁਆਰੇ ਵਿੱਚ ਸਿੱਖ ਵੀ ਪ੍ਰਸਾਦ ਦਿੰਦਾ ਹੈ।

** ਬ੍ਰਾਹਮਣ/ਬਿਪਰ/ਪਾਂਡਾ: ਮੰਦਰ ਵਿੱਚ ਮੂਰਤੀ ਨੂੰ ਭੋਗ ਲਵਾਉਂਦਾ ਹੈ।

*** ਅੱਜ ਸਦਾ ਸਿੱਖ: ਗੁਰਦੁਆਰੇ ਵਿੱਚ ਗਰੰਥ ਸਾਹਿਬ ਨੂੰ ਭੋਗ ਲਵਾਉਂਦਾ ਹੈ।

** ਬ੍ਰਾਹਮਣ/ਬਿਪਰ/ਪਾਂਡਾ: ਮੰਦਰ ਵਿੱਚ ਜੋਤ ਜਗਾਉਂਦਾ ਹੈ।

*** ਅੱਜ ਦਾ ਸਿੱਖ: ਗੁਰਦੁਆਰੇ ਵਿੱਚ ਜੋਤ ਜਗਾਉਂਦਾ ਹੈ।

** ਬ੍ਰਾਹਮਣ/ਬਿਪਰ/ਪਾਂਡਾ: ਮੰਦਰ ਵਿੱਚ ਚਰਨਾਮ੍ਰਿਤ ਦਿੰਦਾ ਹੈ।

*** ਅੱਜ ਦਾ ਸਿੱਖ: ਗੁਰਦੁਆਰੇ ਵਿੱਚ ਪੈਰ ਧੋਣ ਵਾਲੇ ਪਾਣੀ ਵਿਚੋਂ ਚੁਲੀ ਭਰ ਅੰਮ੍ਰਿਤ ਸਮਝ ਕੇ ਪੀਂਦਾ ਹੈ।

** ਬ੍ਰਾਹਮਣ/ਬਿਪਰ/ਪਾਂਡਾ: ਮੰਦਰ ਵਿੱਚ ਗਰੁੜ ਪੁਰਾਣ ਦਾ ਅਖੰਡਪਾਠ ਕਰਦਾ ਹੈ।

*** ਅੱਜ ਦਾ ਸਿੱਖ: ਗੁਰਦੁਆਰੇ ਵਿੱਚ ਗਰੰਥ ਸਾਹਿਬ ਜੀ ਦਾ ਅਖੰਡਪਾਠ ਕਰਦਾ ਹੈ।

** ਬ੍ਰਾਹਮਣ/ਬਿਪਰ/ਪਾਂਡਾ: ਮੰਦਰ (ਮਾਤਾ ਦੇ ਮੰਦਰਾਂ ਵਿਚ) ਲਾਲ ਰੰਗ ਦੀਆਂ ਚੁੰਨੀਆਂ ਸਿਰੋਪੇ ਵਜੋਂ ਮਿਲਦੀਆਂ ਹਨ।

*** ਅੱਜ ਦਾ ਸਿੱਖ: ਗੁਰਦੁਆਰਿਆਂ ਵਿੱਚ ਸਿਰੋਪੇ ਦੇਣ ਨੂੰ ਪਹਿਲ ਦੇ ਰਿਹਾ ਹੈ।

** ਬ੍ਰਾਹਮਣ/ਬਿਪਰ/ਪਾਂਡਾ: ਮੰਦਰ ਵਿੱਚ ਚੌਂਦੇ, ਪੁੰਨਿਆ, ਮੱਸਿਆ, ਸੰਕਰਾਤੀ, ਇਕਾਦਸੀ ਮਨਾਉਂਦਾ ਹੈ।

*** ਅੱਜ ਦਾ ਸਿੱਖ: ਗੁਰਦੁਆਰੇ ਵਿੱਚ ਚੌਂਦੇ, ਪੁੰਨਿਆ, ਮੱਸਿਆ ਸੰਗਰਾਂਦ ਮਨਾਉਂਦਾ ਹੈ।

**** ਇਹ ਤਾਂ ਕੁੱਝ ਕੁ ਹਨ, ਬ੍ਰਾਹਮਣ/ਬਿਪਰ/ਪਾਂਡੇ ਦੇ ਮੰਦਰਾਂ ਵਿੱਚ ਹੋ ਰਹੀਆਂ ਮੰਨਮੱਤਾਂ ਅਤੇ ਕਰਮਕਾਡਾਂ ਦੀ ਨਕਲ, ਜੋ ਅੱਜ ਕੱਲ ਸਿੱਖਾਂ ਦੇ ਗੁਰਦੁਆਰਿਆਂ ਵਿੱਚ ਵੀ ਹੋ ਰਹੀਆਂ ਹਨ। ਗੁਰਦੁਆਰਿਆਂ ਤੋਂ ਬਾਹਰ ਸਿੱਖ ਸਮਾਜ ਵਿੱਚ ਜੋ ਬ੍ਰਾਹਮਣ/ ਬਿਪਰ/ ਪਾਂਡੇ ਦੀ ਨਕਲ ਹੋ ਰਹੀ ਹੈ ਉਸਦੇ ਵੀ ਦਰਸ਼ਨ ਕਰ ਲਈਏ।

** ਬ੍ਰਾਹਮਣ/ਬਿਪਰ/ਪਾਂਡਾ: ਸਰੀਰ ਤੇ ਜਨੇਉ ਪਾਉਂਦਾ ਹੈ

*** ਅੱਜ ਦਾ ਸਿੱਖ: ਸਰੀਰ ਤੇ ਗਾਤਰਾ ਪਾਂਉਂਦਾ ਹੈ।

** ਬ੍ਰਾਹਮਣ/ਬਿਪਰ/ਪਾਂਡੇ: ਹਿੰਦੂ ਸਮਾਜ ਵਿੱਚ ਪਤੀ ਦੀ ਲੰਬੀ ਉੱਮਰ ਲਈ ਚਲਾਇਆ ਕਰੂਏ ਦਾ ਵਰਤ, ਸਾਰੀਆਂ ਹਿੰਦੂ ਬੀਬੀਆਂ ਰੱਖਦੀਆਂ ਹਨ।

*** ਸਿੱਖ ਸਮਾਜ: ਦੀਆਂ ਸਿੱਖ-ਬੀਬੀਆਂ ਨੇ ਇੰਨ-ਬਿੰਨ ਪੂਰੀ ਤਰਾਂ ਨਕਲ ਕਰ ਲਈ, ਕਿਸੇ ਵੀ ਤਰਾਂ ਦਾ ਭੋਰਾ ਵੀ ਫਰਕ ਨਹੀਂ ਰਹਿਣ ਦਿੱਤਾ।

** ਬ੍ਰਾਹਮਣ/ਬਿਪਰ/ਪਾਂਡੇ: ਹਿੰਦੂ ਸਮਾਜ ਵਿੱਚ ਨਰਾਤਿਆਂ ਦੇ ਦਿਨ ਵਾਰ ਮਨਾਏ ਜਾਂਦੇ ਹਨ।

*** ਸਿੱਖ ਸਮਾਜ ਵਿੱਚ: ਰੀਸੋ-ਰੀਸ ਸਿੱਖ-ਬੀਬੀਆਂ ਵੀ ਕੰਨਿਆਵਾਂ ਨੂੰ ਪ੍ਰਸਾਦਾ ਪਾਣੀ ਛਕਾਉਂਦੀਆਂ ਹਨ।

** ਬ੍ਰਾਹਮਣ/ਬਿਪਰ/ਪਾਂਡੇ: ਹਿੰਦੂ ਸਮਾਜ ਵਿੱਚ ਮਰੇ ਹੋਏ ਪਿਤਰਾਂ ਦੇ ਸਰਾਧ ਖਵਾਏ ਜਾਂਦੇ ਹਨ, ਜੋ ਬਾਹਮਣ ਖਾਂਦਾ ਹੈ।

*** ਸਿੱਖ ਸਮਾਜ: ਨੇ ਸਰਾਧ ਖਵਾਉਂਣ ਲਈ ਵੀ ਪੂਰੀ ਨਕਲ ਮਾਰੀ, ਆਪਣੇ ਗੁਰਦੁਆਰਿਆਂ ਦੇ ਭਾਈ ਇਸ ਕੰਮ ਲਈ ਤਿਆਰ ਕਰ ਲਏ। ਜਾਂ ਪੰਜ ਪਿਆਰੇ ਬੁਲਾ ਲਏ ਜਾਂਦੇ ਹਨ।

** ਬ੍ਰਾਹਮਣ/ਬਿਪਰ/ਪਾਂਡੇ: ਕਰਕੇ ਹਿੰਦੂ ਸਮਾਜ ਵਿੱਚ ‘ਨਜ਼ਰ’ ਬਹੁਤ ਲੱਗਦੀ ਹੈ। ਇਸ ਲਈ ਨਿੰਬੂ ਅਤੇ ਹਰੀਆਂ ਮਿਰਚਾਂ ਦਾ ਵਾਪਾਰ ਚੰਗਾ ਚੱਲਦਾ ਹੈ। ਹਰ ਘਰ ਅਤੇ ਦੁਕਾਨ ਵਿੱਚ ਟੰਗੀਆਂ ਨਿੰਬੂ+ਮਿਰਚਾਂ ਦੇ ਦਰਸ਼ਨ ਤਾਂ ਆਮ ਹੀ ਹੋ ਜਾਂਦੇ ਹਨ।

*** ਸਿੱਖ ਸਮਾਜ: ਵਿੱਚ ਵੀ ਇਹ ਮੰਨਮੱਤ ਸਿੱਖਾਂ ਦੀਆਂ ਦੁਕਾਨਾਂ ਵਿੱਚ ਵੇਖਣ ਨੂੰ ਮਿਲਦੀ ਹੈ। ਜੇ ਪੁਛੋ ਤਾਂ ਕਹਿਣਗੇ … ਕਿ ਯਾਰ ਉਹ ਤਾਂ ਪਾਂਡਾ ਐਵੇਂ ਟੰਗ ਗਿਆ।

** ਬ੍ਰਾਹਮਣ/ਬਿਪਰ/ਪਾਂਡੇ: ਹਰ ਹਿੰਦੂ ਦੇ ਘਰ ਦੇ ਬਾਹਰ ਮਕਾਨ ਉੱਪਰ ਇੱਕ ਨਜ਼ਰ-ਵੱਟੂ ਟੰਗਿਆ ਵੇਖਣ ਨੂੰ ਮਿਲਦਾ ਹੈ।

*** ਸਿੱਖ ਸਮਾਜ: ਦੇ ਵੀ ਹਰ ਘਰ ਦੇ ਬਾਹਰ ਤੁਹਾਨੂੰ ਇਸਦੇ (ਨਜ਼ਰ-ਵੱਟੂ) ਦੇ ਦਰਸ਼ਨ ਹੋ ਜਾਣਗੇ।

** ਬ੍ਰਾਹਮਣ/ਬਿਪਰ/ਪਾਂਡੇ: ਬਿੱਲੀ ਰਸਤਾ ਕੱਟ ਗਈ ਜਾਂ ਕਿਸੇ ਨੇ ਛਿੱਕ ਮਾਰ ਦਿੱਤੀ ਤਾਂ ਵਾਪਸ ਘਰ ਮੁੜ ਕੇ ਜਾਉ।

*** ਸਿੱਖ ਸਮਾਜ: ਦੇ ਘਰਾਂ ਵਿੱਚ ਵੀ ਇਹੀ ਕੁੱਝ ਹੋ ਰਿਹਾ ਹੈ। ਵਹਿਮ, ਭਰਮ, ਪਾਖੰਡ।

** ਬ੍ਰਾਹਮਣ/ਬਿਪਰ/ਪਾਂਡੇ: ਰੰਗ ਬਰੰਗੇ ਰੰਗਾਂ ਦੀ ਹੋਲੀ ਮਨਾਉਂਦਾ ਹੈ।

*** ਸਿੱਖ ਸਮਾਜ: ਰੰਗ ਬਰੰਗੇ ਰੰਗਾਂ ਦਾ ਹੋਲਾ ਮਨਾਉਂਦਾ ਹੈ।

** ਬ੍ਰਾਹਮਣ/ਬਿਪਰ/ਪਾਂਡਾ: ਦੁਰਾਚਾਰੀ ਅਤੇ ਪਾਪੀ ਬੰਦਿਆਂ ਨੂੰ ਤੀਰਥਾਂ ਉੱਪਰ ਇਸ਼ਨਾਨ ਕਰਾਕੇ ਮੁਕਤੀ ਦਵਾਉਂਦਾ ਹੈ।

*** ਸਿੱਖ ਸਮਾਜ: ਵੀ ਸਰੋਵਰਾਂ ਵਿੱਚ ਇਸ਼ਨਾਨ ਕਰਾਕੇ ਪਵਿਤਰ ਕਰਾਉਂਦਾ ਹੈ। ਦਰਬਾਰ ਸਾਹਿਬ ਦੁੱਖ ਭੰਜਨੀ ਬੇਰੀ ਥੱਲੇ ਨੁਹਾ ਕੇ ਦੁੱਖ ਦੂਰ ਕਰਾਉਂਦਾ ਹੈ। (ਕੋਈ ਗਰੰਟੀ ਨਹੀਂ)।

** ਬ੍ਰਾਹਮਣ/ਬਿਪਰ/ਪਾਂਡਾ: ਕਿਸੇ ਬੰਦੇ ਮਰਨ ਤੋਂ ਬਾਅਦ ਦੀ ਮੁਕਤੀ ਵੀ ਕਰਾਉਂਦਾ ਹੈ। ਮਰਨ ਵਾਲੇ ਬੰਦ ਦੇ ਘਰ ਵਾਲਿਆਂ ਨੂੰ ਹੱਡੀਆਂ ਰੋੜਨ ਲਈ ਹਰਿਦੁਆਰ/ਬਨਾਰਸ ਵੀ ਬਲਾਉਂਦਾ ਹੈ।

*** ਸਿੱਖ ਸਮਾਜ: ਵੀ ਹੱਡੀਆਂ ਰੋੜਨ ਲਈ ਕੀਰਤਪੁਰ ਜਾਂ ਗੋਇੰਦਵਾਲ ਬਲਾਉਂਦਾ ਹੈ। (ਕੋਈ ਆਵੇ ਜਾਂ ਨਾ ਆਵੇ, ਪ੍ਰੀਵਾਰ ਦੀ ਆਪਣੀ ਮਰਜ਼ੀ ਹੈ, ਭਾਵੇਂ ਹਰਦੁਆਰ ਜਾਵੇ।

** ਸਿੱਖ ਸਮਾਜ ਨੇ ਹੋਰ ਵੀ ਅਨੇਕਾਂ ਮੰਨਮੱਤਾਂ ਅਤੇ ਕਰਮਕਾਂਡਾਂ ਲਈ ਬ੍ਰਾਹਮਣ/ਬਿਪਰ/ਪਾਂਡੇ ਦੀ ਨਕਲ ਮਾਰੀ ਹੋਈ ਹੈ, ਜੋ ਸਿੱਖਾਂ ਦੇ ਕਾਰ-ਵਿਵਹਾਰ ਵਿੱਚ ਵੇਖਣ ਨੂੰ ਮਿਲਦੀ ਹੈ। (ਪਾਠਕਾਂ ਨੂੰ ਸਨਿਮਰ ਬੇਨਤੀ ਹੈ ਸਿੱਖ ਸਮਾਜ ਵਿੱਚ ਹੋ ਰਹੀਆਂ ਮੰਨਮੱਤਾਂ, ਕਰਮਕਾਂਡ ਜੋ ਇਸ ਲਿਖਤ ਵਿੱਚ ਨਹੀਂ ਆ ਸਕੇ, ਉਹਨਾਂ ਬਾਰੇ ਲੇਖਕ ਦੀ ਜਾਣਕਾਰੀ ਵਿੱਚ ਵਾਧਾ ਕੀਤਾ ਜਾਵੇ। ਜਿਸ ਨਾਲ ਅੱਗੇ ਤੋਂ ਸਾਰੀਆਂ ਮੰਨਮੱਤਾਂ ਅਤੇ ਕਰਮਕਾਂਡਾਂ ਬਾਰੇ ਹੋਰ ਵਧੇਰੇ ਖੋਹਲ ਕੇ ਲਿਖਿਆ ਜਾ ਸਕੇ।

** ਇਸ ਵਿੱਚ ਆਮ ਪੇਂਡੂ-ਸ਼ਹਿਰੀ ਸਿੱਖ ਤਾਂ ਲਾਈ ਲੱਗ ਬਣਕੇ, ਹੋਰਨਾਂ ਦੀ ਦੇਖਾ ਦੇਖੀ ਪਿਛੇ-ਪਿਛੇ ਉਹੀ ਕੁੱਝ ਕਰਦਾ ਚੱਲੀ ਜਾ ਰਿਹਾ ਹੈ ਜੋ ਕੁੱਝ ਉਹ ਸਿੱਖਾਂ ਦੇ ਪ੍ਰਮੁੱਖ ਧਾਰਮਿੱਕ ਸਥਾਨਾਂ ਉੱਪਰ ਹੁੰਦਾ ਵੇਖਦਾ ਹੈ। ਪ੍ਰਮੁੱਖ ਸਥਾਨਾਂ ਉੱਪਰ ਤਾਂ ਹਰ ਪਾਸੇ ਮੰਨਮੱਤਾਂ, ਕਰਮਕਾਂਡਾਂ, ਪਾਖੰਡਾਂ ਆਡੰਬਰਾਂ ਦਾ ਹੀ ਬੋਲਬਾਲਾ ਹੈ। ਇਸਦਾ ਕਾਰਨ ਹੈ ਇਹਨਾਂ ਪ੍ਰਮੁੱਖ ਧਾਰਮਿੱਕ ਸਥਾਨਾਂ ਦੇ ਮੁੱਖ ਕਰਤਾ-ਧਰਤਾ (ਸੇਵਾਦਾਰ, ਜੱਥੇਦਾਰ, ਜੱਫੇਦਾਰ) ਸਾਰੇ ਹੀ ਜੋ ਕਹਿਣ ਨੂੰ ਤਾਂ ਆਪਣੇ ਆਪ ਨੂੰ ਸਿੱਖ/ਗੁਰਸਿੱਖ/ ਖਾਲਸਾ ਅਖਵਾਉਂਦੇ ਹਨ, ਪਰ ਅਸਲ ਵਿੱਚ ਇਹ ਆਪ ਖੁਦ ਅਤੇ ਇਹਨਾਂ ਦੇ ਪੋਲੀਟੀਕਲ ਆਕਾ ਸਾਰੇ ਹੀ ਬ੍ਰਾਹਮਣ/ਬਿਪਰ/ਪਾਂਡੇ ਦੇ ਜੀ-ਹਜ਼ੂਰੀਏ ਬਣ ਚੁੱਕੇ ਹਨ। ਇਹਨਾਂ ਸਾਰਿਆਂ ਨੇ ਸਿੱਖੀ ਬਾਣਾ ਤਾਂ ਵਿਖਾਵੇ ਲਈ ਪਾਇਆ ਹੋਇਆ ਹੈ। ਅੰਦਰੋਂ ਇਹ ਸਾਰੇ ਲੋਕ ਲੋਭੀ, ਲਾਲਚੀ, ਸਵਾਰਥਵਾਦੀ, ਮਤਲਭੀ ਆਪਣੇ ਅਤੇ ਆਪਣੇ ਪ੍ਰੀਵਾਰ ਦੀ ਖਾਤਰ ਆਪਣੇ ਆਪ ਦਾ ਜ਼ਮੀਰ, ਬ੍ਰਾਹਮਣ/ਬਿਪਰ/ ਪਾਂਡੇ ਦੇ ਪਾਸ ਵੇਚ ਚੁੱਕੇ ਹਨ। ਇਹਨਾਂ ਲੋਕਾਂ ਨੂੰ ਸਿੱਖੀ ਅਤੇ ਸਿੱਖੀ-ਸਿਧਾਂਤਾਂ ਨਾਲ ਕੋਈ ਦੂਰ ਦਾ ਵੀ ਕੋਈ ਵਾਸਤਾ ਨਹੀਂ ਹੈ। ਨਾ ਹੀ ਇਹਨਾਂ ਦੇ ਮਨਾਂ ਵਿੱਚ ਆਪਣੇ ਰਾਜ ਅਤੇ ਰਾਜ ਦੇ ਲੋਕਾਂ ਲਈ ਕੋਈ ਹਮਦਰਦੀ ਹੈ। ਬੱਸ ਵਿਖਾਵਾ ਅਤੇ ਲੁਭਾਵਣੇ ਭਾਸ਼ਨ, ਲੋਕਾਂ ਨੂੰ ਖ਼ੁਸ਼ ਕਰਨ ਵਾਸਤੇ ਝੂਠੇ ਵਾਧੇ, ਮੱਕਾਰੀ ਇਹਨਾਂ ਦਾ ਧਰਮ ਹੈ। ਵੱਡੇ ਤੋਂ ਵੱਡਾ ਝੂਠ ਬੋਲਣਾ ਇਹ ਆਪਣੀ ਸ਼ਾਨ ਸਮਝਦੇ ਹਨ।

** ਰਾਜੇ ਸੀਂਹ ਮੁਕਦਮ ਕੁਤੇ॥ ਜਾਇ ਜਗਾਇਨਿਹ ਬੈਠੇ ਸੁਤੇ॥ ਮ1॥ 1288॥

*** ਸਿੱਖ ਸਮਾਜ ਵਿੱਚ ਬਹੁਤੇ ਪੋਲੀਟੀਕਲ ਲੀਡਰ ਕਹਿਣ ਨੂੰ ਤਾਂ ਸਿੱਖੀ ਸਰੂਪ ਵਿੱਚ ਹਨ, ਪਰ ਸਿੱਖੀ ਬਾਣਾ ਪਾ ਕੇ ਸਿੱਖ ਸਮਾਜ ਨਾਲ ਉਹ ਧ੍ਰੋਹ ਕਮਾ ਰਹੇ ਹਨ। ਭਾਰਤ ਦੀ ਅਜ਼ਾਦੀ ਤੋਂ ਪਹਿਲਾਂ ਵੀ ਹਮੇਸ਼ਾ ਪੰਜਾਬ ਲੜਾਈਆਂ ਵਿੱਚ ਰੁੱਝਿਆ ਰਿਹਾ ਅਤੇ ਆਜ਼ਾਦੀ ਤੋਂ ਬਾਦ ਭਾਰਤ ਸਰਕਾਰ ਨੇ ਇਸ ਵੰਡੇ ਪੰਜਾਬ ਦੇ ਤਿੰਨ ਟੋਟੇ ਕਰ ਦਿੱਤੇ। ਲੰਗੜਾ ਕਰ ਕੇ ਪੰਜਾਬ ਸਿੱਖਾਂ ਦੇ ਹੱਥ ਵਿੱਚ ਦੇ ਦਿੱਤਾ। ਅਜ਼ਾਦੀ ਤੋਂ ਬਾਅਦ ਦੇ ਪੰਜਾਬ ਦੀ ਸਿੱਖ ਲੀਡਰਸ਼ਿੱਪ ਅਗਰ ਸਿੱਖੀ ਅਸੂਲਾਂ, ਸਿਧਾਂਤਾਂ ਅਨੁਸਾਰ ਚੱਲਦੀ ਤਾਂ ਪੰਜਾਬ ਦੀ ਨੁਹਾਰ ਚਿਹਰਾ-ਮੁਹਰਾ ਕੁੱਝ ਹੋਰ ਹੋਣਾ ਸੀ। ਵੀਹਵੀਂ ਸਦੀ, ਸੰਨ 1984 ਦਾ ਦੁਖਾਂਤ ਵੀ ਸਿੱਖਾਂ ਲਈ ਅਠਾਰਵੀਂ ਸਦੀ ਵਿੱਚ ਵਾਪਰੇ ਘੱਲੂਘਾਰਿਆਂ ਤੋਂ ਕਿਸੇ ਤਰਾਂ ਵੀ ਘੱਟ ਨਹੀਂ ਹੈ। ਹੋਰ ਅਨੇਕਾਂ ਸਾਕਿਆਂ ਵਾਂਗ ਸੰਨ 1984 ਵੀ ਸਿੱਖਾਂ ਲਈ ਨਾ ਭੁਲਾਇਆ ਜਾ ਸਕਣ ਵਾਲਾ ‘ਸਾਕਾ’ ਹੈ। ਜਦੋਂ ਕੇ ਸਿੱਖੀ ਬਾਣੇ ਵਿੱਚ ਸਿੱਖਾਂ ਦੇ ਆਪਣੇ ਕਹਿਣ ਕਹਾਉਣ ਵਾਲੇ ਮੌਜੂਦਾ ਸਰਕਾਰਾਂ ਵਿੱਚ ਸ਼ਾਮਿਲ ਸਨ। ਪਰ ਆਪਣੇ ਨਿਜ਼ੀ ਲਾਲਚਾਂ, ਸਵਾਰਥਾਂ ਦੀ ਖਾਤਰ ਆਪਣੇ ਰਾਜ ਅਤੇ ਰਾਜ ਦੇ ਲੋਕਾਂ ਨਾਲ ਗੱਦਾਰੀਆਂ ਕਰ ਗਏ ਅਤੇ ਅੱਜ ਵੀ ਇਹ ਗੱਦਾਰੀਆਂ ਕਰ ਰਹੇ ਹਨ। ਇਹਨਾਂ ਪੋਲੀਟੀਕਲ ਲੀਡਰਾਂ ਨੂੰ ਤਾਂ ਸਿਰਫ ਆਪਣੀਆਂ ਵੋਟਾਂ ਨਾਲ ਹੀ ਮਤਲਭ ਹੈ, ਇਸ ਪਿਛੇ ਸਾਡੇ ਰਾਜ ਦੀ ਅਨਪੜ੍ਹ ਅਗਿਆਨੀ ਜਨਤਾ ਵੀ ਜ਼ਿੰਮੇਵਾਰ ਹੈ, ਜੋ ਬਿਨਾਂ ਕਿਸੇ ਛਾਨਬੀਨ ਦੇ, ਕੁੱਝ ਪੈਸਿਆਂ ਦੇ ਲਾਲਚ ਵਿੱਚ ਆਕੇ ਆਪਣਾ ਕੀਮਤੀ ਵੋਟ ਇਹਨਾਂ ਭੁੱਖਿਆਂ ਬੈਗੇਰਤਾਂ ਨੂੰ ਪਾ ਕੇ ਜੇਤੂ ਬਣਾ ਦਿੰਦੇ ਹਨ। ਜਿੱਤ ਕੇ ਇਹ ਲੋਕ ਆਪਣੇ ਵਾਅਦੇ ਭੁੱਲ ਕੇ ਆਪਣੀ ਮਨਮਰਜ਼ੀ ਚਲਾਉਂਦੇ ਹਨ। ਇਲੈਕਸ਼ਨ ਜਿੱਤਣ ਤੋਂ ਬਾਅਦ ਇਹ ਲੋਕ ਭੁੱਲ ਜਾਂਦੇ ਹਨ ਕਿ ਤੂੰ ਕੌਣ ਅਤੇ ਮੈਂ ਕੌਣ?

*** ਅੱਜ ਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੀ ਇਹਨਾਂ ਬੈਗੇਰਤ ਪੋਲੀਟੀਕਲ ਲੋਕਾਂ ਦੇ ਹੱਥ ਵਿੱਚ ਹੈ। ਜਿਹੜੇ ਪੋਲੀਟੀਕਲ ਲੋਕ ਇਸ ਗੁਰਦੁਆਰਾ ਕਮੇਟੀ ਉਤੇ ਕਾਬਜ਼ ਹਨ, ਉਹਨਾਂ ਦਾ ਸਾਡਾਂ-ਗਾਢਾਂ, ਲੈਣ-ਦੇਣ ਕਿਤੇ ਹੋਰ ਹੈ। ਭਾਵ ਕਿ ਉਹ ਆਰ ਐਸ ਐਸ ਦੇ ਦੱਲੇ ਬਣੇ ਹੋਏ ਹਨ। ਆਰ ਐਸ ਐਸ ਜਿਸ ਦਾ ਹੈਡਕੁਆਟਰ ਨਾਗਪੁਰ ਵਿੱਚ ਹੈ, ਇੱਕ ਸਨਾਤਨੀ (ਹਿੰਦੂ) ਸੰਗਠਨ ਹੈ, ਜੋ ਬ੍ਰਾਹਮਣ/ ਬਿਪਰ/ਪਾਂਡੇ ਦੇ ਅਨੁਸਾਰੀ ਚੱਲਦਾ ਹੈ। ਜਦ ਇਸ ਤਰਾਂ ਬ੍ਰਾਹਮਣ/ਬਿਪਰ/ਪਾਂਡੇ ਦੇ ਚਮਚੇ ਗੁਰਦੁਆਰਿਆਂ ਦੀ ਸਾਂਭ ਸੰਭਾਲ ਵਾਲੀ ਕਮੇਟੀ ਦੇ ਮਾਲਿਕ ਹੋਣ ਤਾਂ ਉਸ ਗੁਰਦੁਆਰਾ ਕਮੇਟੀ ਤੋਂ ਸਿੱਖ ਸਮਾਜ ਕੀ ਉਮੀਦ ਕਰ ਸਕਦਾ ਹੈ? ? ?

** ਕੀ ਸਿੱਖ-ਸਮਾਜ ਦਾ ਭਲਾ ਇਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕਰ ਸਕੇਗੀ? ? ਕਦੇ ਵੀ ਨਹੀਂ।

** ਸਾਡੇ ਸਿੱਖ ਸਮਾਜ ਵਿੱਚ ਪੰਜ ਤਖ਼ਤ ਬਣਾਏ ਗਏ ਹਨ (ਮੇਰੀ ਸਮਝ ਦੇ ਅਨੁਸਾਰ ਸਾਨੂੰ ਕੇਵਲ ਸਿਰਫ਼ ਇੱਕ ਤਖ਼ਤ ‘ਅਕਾਲ-ਤਖ਼ਤ’ ਹੀ ਰੱਖਣਾ ਚਾਹੀਦਾ ਹੈ)। ਅਕਾਲ ਤੱਖ਼ਤ ਸਿੱਖੀ-ਸਿਧਾਂਤ ਹੈ ਨਾ ਕੇ ਬਿਲਡਿੰਗ ਦਾ ਨਾਂ ਹੈ। ਪੰਜਾਂ ਤੱਖ਼ਤਾਂ ਦੇ ਪੰਜ ਜੱਫੇਦਾਰ ਹਨ। ਲੇਕਿੰਨ ਅੱਜ ਦੇ ਸਮੇਂ ਇਹ ਪੰਜੋ ਜੱਫੇਦਾਰ:

** ਕੀ ਸਿੱਖ ਕੌਮ ਨੂੰ ਕੋਈ ਸੇਧ ਦੇ ਰਹੇ ਹਨ? ਨਹੀਂ ਬਿੱਲਕੁੱਲ ਵੀ ਨਹੀਂ।

** ਸਿੱਖ ਕੌਮ ਨਿਵਾਣਾਂ ਵੱਲ ਨੂੰ ਜਾ ਰਹੀ ਹੈ।

(ਅਗਰ ਪੰਜਾਂ ਤਖ਼ਤਾਂ ਦੀ ਜਗਹ ਇੱਕ ਹੋਵੇ ਤਾਂ ਕੋਈ ਸਿਧਾਂਤਿਕ ਸੇਧ ਮਿਲ ਸਕਦੀ ਹੈ। ਪੰਜਾਂ ਜੱਫੇਦਾਰਾਂ ਦੀ ਰਾਏ ਇੱਕ ਹੋਣੀ ਨਾ ਮੁਮਕਿੰਨ ਹੈ ਜੋ ਅਸੀਂ ਵੇਖਦੇ ਵੀ ਹਾਂ। (ਅਲੱਗ ਵਿਸ਼ਾ ਹੈ ਹੋਰ ਖੁੱਲਕੇ ਇਸ ਵਿਸ਼ੇ ਤੇ ਗੱਲ ਕੀਤੀ ਜਾ ਸਕਦੀ ਹੈ।))

** ਸਾਡੇ ਪ੍ਰਚਾਰਕ: ਜਿਆਦਾਤਰ ਸਿੱਖ ਸਮਾਜ ਦੇ ਪ੍ਰਚਾਰਕਾਂ ਨੇ ਸਿੱਖੀ ਪ੍ਰਚਾਰ ਨੂੰ ਧੰਧਾ ਬਣਾਇਆ ਹੋਇਆ ਹੈ। ਉਹ ਪ੍ਰਚਾਰ ਕਰਦੇ ਹਨ ਤਾਂ ਉਹਨਾਂ ਦਾ ਧਿਆਨ ਤਾਂ ਆ ਰਹੀ ਮਾਇਆ ਵੱਲ ਜਿਆਦਾ ਹੁੰਦਾ ਹੈ, ਸਿੱਖੀ ਪਰਚਾਰ ਤਾਂ ਉਹ ਲੋਕਾਂ ਦੇ ਪਸੰਦ ਦੇ ਅਨੁਸਾਰ ਹੀ ਰੱਟੀਆਂ ਰਟਾਈਆਂ ਕਥਾ ਕਹਾਣੀਆਂ ਸਾਖੀਆਂ ਸੁਣਾ ਕੇ ਡੰਗ ਸਾਰ ਲੈਂਦੇ ਹਨ। ਜਿਆਦਾਤਰ ਇਹ ਪ੍ਰਚਾਰਕ ਗੁਰੂਆਂ ਦੀਆਂ ਪ੍ਰਚੱਲਤ ਕਥਾ ਕਹਾਣੀਆਂ ਸਾਖੀਆਂ, ਜਾਂ ਸਿੱਖ ਇਤਿਹਾਸ ਕੁੱਝ ਕੁ ਘਟਨਾਵਾਂ ਸਮੇਂ ਦੇ ਅਨੁਸਾਰੀ ਸੰਗਤ ਨਾਲ ਸਾਂਝੀਆਂ ਕਰ ਲੈਦੇ ਹਨ। ਸਿੱਖ ਸਮਾਜ ਨੇ ਕਵੀ ਸੰਤੋਖ ਸਿੰਘ ਦੇ ਲਿਖੇ ਗਰੰਥ ਨੂੰ ਮਾਨਤਾ ਦੇ ਕੇ ਆਪਣੇ ਪੈਰ ਕੁਹਾੜਾ ਮਾਰ ਲਿਆ। ਬ੍ਰਾਹਮਣ/ਬਿਪਰ/ਪਾਂਡੇ ਦੀਆਂ ਮੰਨਮੱਤਾਂ ਕਰਮਕਾਂਡਾਂ ਭਰਪੂਰ ਕਥਾ ਕਹਾਣੀਆਂ ਨੂੰ ਇਸੇ ਕਵੀ ਸੰਤੋਖ ਸਿੰਘ ਨੇ ਸਿੱਖ ਸਮਾਜ ਲਿਆ ਕੇ ਵਾੜ ਦਿੱਤਾ। ਅੱਜ ਵੀ ਕਈ ਪਾਰੰਪਰਾਵਾਦੀ ਸੰਪਰਦਾਵਾਂ ਕਵੀ ਸੰਤੋਖ ਸਿੰਘ ਦੇ ਲਿਖੇ ਗਰੰਥ ਦੀ ਕਥਾ ਆਮ ਗੁਰਦੁਆਰਿਆ ਵਿੱਚ ਸੁਣੀ ਜਾ ਸਕਦੀ ਹੈ। ਸਾਡੇ ਪ੍ਰਚਾਰਕ ਵੀ ਇਸੇ ਗਰੰਥ ਵਿਚੋਂ ਹਵਾਲੇ ਦੇ ਕੇ ਕਥਾ ਕਰਦੇ ਹਨ, ਤਾਂ ਹੀ ਉਹਨਾਂ ਦਾ ਆਪਣਾ ਤੋਰੀ ਫੁਲਕਾ ਚਲਦਾ ਹੈ।

** ਅਸੰਤ ਸਮਾਜ: ਸਿੱਖ ਸਮਾਜ ਵਿੱਚ ਇਹ ਇੱਕ ਅਜੇਹਾ ਲਾਣਾ ਹੈ, ਜੋ ਸ਼ਰੇਆਮ ਸਨਾਤਨ ਮੱਤ ਦੀ ਵਕਾਲਤ ਕਰਦਾ ਹੈ। ਬਾਣਾ ਇਸ ਲਾਣੇ ਨੇ ਸਿੱਖੀ ਵਾਲਾ ਪਾਇਆ ਹੈ, ਪਰ ਕੰਮ ਸਾਰੇ ਬ੍ਰਾਹਮਣ/ਬਿਪਰ/ਪਾਂਡਾ ਵਾਲੇ ਹਨ। ਆਮ ਪਿੰਡਾਂ ਦੀ ਅਨਪੜ੍ਹ ਜਨਤਾ ਇਹਨਾਂ ਦੀਆਂ ਲੂੰਬੜ ਚਾਲਾਂ ਵਿੱਚ ਛੇਤੀ ਫੱਸ ਜਾਂਦੀ ਹੈ। ਕਿਉਂਕਿ ਇਹਨਾਂ ਦਾ ਸ਼ਿਕਾਰ ਆਮ ਕਰਕੇ ਪਿੰਡਾਂ ਦੀਆਂ ਅਨਪੜ ਬੀਬੀਆਂ ਹੁੰਦੀਆਂ ਹਨ, ਪਾਖੰਡੀ ਬਾਬੇ ਇਹਨਾਂ ਬੀਬੀਆਂ ਨੂੰ ਛੇਤੀ ਆਪਣੇ ਭਰਮ ਜਾਲ ਵਿੱਚ ਫੱਸਾ ਲੈਂਦੇ ਹਨ। ਇਸ ਅਸੰਤ ਸਮਾਜ ਨੇ ਸਿੱਖ ਕੌਮ ਨੂੰ ਗਰੰਥ ਸਾਹਿਬ ਵਿੱਚ ਦਰਜ਼ ਗੁਰਬਾਣੀ ਦੀ ਗਿਆਨ-ਵਿਚਾਰ ਨਾਲੋਂ ਤੋੜ ਕੇ ਆਪਣੇ ਪਾਖੰਡੀ ਬਾਬਿਆਂ ਦੀ ਝੂਠੀਆਂ ਕਥਾ ਕਹਾਣੀਆਂ ਸਾਖੀਆਂ ਦੇ ਮੱਕੜ ਜਾਲ ਵਿੱਚ ਫਸਾ ਕੇ ਨਾਨਕ ਫਲਸ਼ਫੇ ਤੋਂ ਦੂਰ ਕਰ ਦਿੱਤਾ। ਹਰ ਤਰਾਂ ਦਾ ਬਰਾਹਮਣੀ ਕਰਮਕਾਂਡ ਮੰਨਮੱਤਾਸਵੀਰ ਪੂਜਾ ਇਹ ਆਪਣੇ ਆਪਣੇ ਠਾਠਾਂ ਵਿੱਚ ਕਰਵਾਉਂਦੇ ਹਨ।

*** ਅਨਪੜ੍ਹ ਲੋਕ: ਹਰ ਸਿੱਖ/ਗੁਰਸਿੱਖ ਲਈ "ਸਬਦ ਗੁਰੁ ਗਰੰਥ ਸਾਹਿਬ ਜੀ" ਅਤੇ ਇਸ ਵਿੱਚ ਦਰਜ਼ ਗੁਰਬਾਣੀ ਬਾਰੇ ਜਾਣਕਾਰੀ ਹੋਣਾ, ਜਾਣਕਾਰੀ ਲੈਣਾ, ਜਾਣਕਾਰੀ ਲੈ ਕੇ ਉਸਨੂੰ ਸਮਝਣਾ, ਵਿਚਾਰਨਾ ਅਤੇ ਫਿਰ ਸਮਝ ਵਿੱਚ ਆਏ ਗੁਰਮੱਤ ਗਿਆਨ/ਵਿਚਾਰ ਨੂੰ ਆਪਣੇ ਮਨੁੱਖਾ ਜੀਵਨ ਦੇ ਅਮਲਾਂ ਵਿੱਚ ਲਿਆ ਕੇ ਜੀਵਨ-ਜਾਪਣ ਕਰਨਾ ਬਹੁਤ ਹੀ ਜਰੂਰੀ ਹੈ, ਤਾਂ ਹੀ ਹਰ ਸਿੱਖ/ਗੁਰਸਿੱਖ ਮਾਈ ਭਾਈ, "ਸਬਦ ਗੁਰੁ ਗਰੰਥ ਸਾਹਿਬ ਜੀ", "ਗੁਰਬਾਣੀ" ਅੰਦਰ ਦਰਜ਼ ਗੁਰਬਾਣੀ-ਸਿਧਾਂਤਾਂ, ਗੁਰਬਾਣੀ ਗਿਆਨ-ਵਿਚਾਰ, ਗੁਰਬਾਣੀ ਸੁਨੇਹੇ-ਸੰਦੇਸ਼-ਆਦੇਸ਼ ਬਾਰੇ ਜਾਗਰੂਕ ਹੋ ਸਕਦਾ ਹੈ, ਆਪਣੇ ਜੀਵਨ ਵਿੱਚ ਅਪਨਾ ਸਕਦਾ ਹੈ।

*** ਵਰਨਾ, ਗੁਰਬਾਣੀ ਪੜ੍ਹਨ ਨੂੰ ਤਾਂ ਸਾਰਾ ਸਿੱਖ ਜਗਤ ਇਸ ਕਰਮ ਵਿੱਚ ਦਿਨ-ਰਾਤ ਲੱਗਾ ਹੋਇਆ ਹੈ, ਪਰ ਰਜੱਲਟ ਜ਼ੀਰੋ ਵਿਖਾਈ ਦੇ ਰਿਹਾ ਹੈ। ਸਿੱਖ ਸਮਾਜ ਵਿੱਚ ਜਦ ਤੋਂ "ਸਬਦ ਗੁਰੁ ਗਰੰਥ ਸਾਹਿਬ ਜੀ" ਨੂੰ ਗੁਰਤਾ ਗੱਦੀ ਉੱਪਰ ਬਿਰਾਜ਼ਮਾਨ ਕੀਤਾ ਗਿਆ ਹੈ, ਸਿੱਖ ਸਮਾਜ ਵਿੱਚ ਗੁਰਬਾਣੀ ਪੜ੍ਹਨ-ਪੜਾਉਣ ਉੱਪਰ ਹੀ ਜਿਆਦਾ ਜ਼ੋਰ ਦਿੱਤਾ ਜਾ ਰਿਹਾ ਹੈ। ਗੁਰਬਾਣੀ ਦੇ ਅਨੁਸਾਰੀ ਸਿੱਖਾਂ ਵਿੱਚ ਪਰੈਕੀਟੀਕਲ ਜੀਵਨ ਜਿਉਂਣ ਦਾ ਰੰਗ-ਢੰਗ ਗੁਰਬਾਣੀ ਦੇ ਅਨੁਸਾਰੀ ਨਹੀਂ ਹੈ। ਇਸ ਦੇ ਪਿਛੇ ਕਈ ਕਾਰਨ ਹਨ, ਜੋ ਸਿੱਖ/ਗੁਰਸਿੱਖ ਨੂੰ ਉਸਦੇ ਅਸਲ ਮਨੁੱਖ ਜੀਵਨ ਮਨੋਰਥ ਨੂੰ ਭੁੱਲਣ/ਭਲਾਉਣ ਵਿੱਚ ਸਹਾਈ ਹੋ ਰਹੇ ਹਨ।

*** ਸਿੱਖ ਸਮਾਜ ਨੇ ਵੀ ਸਨਾਤਨੀ ਮੱਤ ਦੇ ਮੂਰਤੀ ਪੂਜਾ ਕਰਨ ਕਰਾਉਣ ਦੇ ਰੰਗ-ਢੰਗ ਅਪਣਾ ਲਏ ਹਨ। ਸਨਾਤਨ ਮੱਤ ਦੇਹਧਾਰੀ ਪ੍ਰਥਾ ਨੂੰ ਮਾਨਤਾ ਦਿੰਦਾ ਹੈ। ਗੁਰਮੱਤ ਸਿੱਖੀ ਸਿਧਾਂਤ ਇਸ ਦੀ ਆਗਿਆ ਨਹੀਂ ਦਿੰਦੇ। ਪਰ ਸਿੱਖਾਂ ਨੇ "ਸਬਦ ਗੁਰੁ ਗਰੰਥ ਸਾਹਿਬ ਜੀ" ਨੂੰ ਦੇਹ ਰੂਪ ਸਮਝਦੇ ਹੋਏ ਇਸ ਗਰੰਥ ਸਾਹਿਬ ਜੀ ਦੀ ਪੂਜਾ-ਅਰਚਨਾ ਸੁਰੂ ਕਰ ਦਿੱਤੀ ਹੋਈ ਹੈ। ਇਸ ਪੂਜਾ-ਅਰਚਨਾ ਕਰਨ ਕਰਾਉਣ ਦੇ ਚੱਕਰ ਵਿਚ, ਗੁਰਬਾਣੀ ਸੁਨੇਹਾ-ਸੰਦੇਸ਼-ਆਦੇਸ਼ ਗੁਆਚ ਗਿਆ।

** ਗੁਰਬਾਣੀ ਸੁਨੇਹੇ-ਸੰਦੇਸ਼-ਆਦੇਸ਼ ਪ੍ਰਤੀ ਸਿੱਖ ਸਮਾਜ ਦਾ ਕੋਈ ਧਿਆਨ ਹੀ ਨਹੀਂ ਹੈ, ਕਿਉਂਕਿ ਅਗਰ ਸਿੱਖ ਸਮਾਜ ਦੇ ਪੁਜਾਰੀਆਂ ਨੇ ਬਿਪਰ-ਪਾਂਡੇ ਵਾਲੀਆਂ ਰਸਮੋਂ ਰਿਵਾਜਾਂ ਨੂੰ ਨਾ ਅਪਨਾਇਆ ਤਾਂ ਉਹਨਾਂ ਨਾਲੋਂ ਛੋਟੇ ਹੋ ਜਾਣਗੇ, ਉਹਨਾਂ ਨਾਲੋਂ ਘੱਟ ਜਾਣਗੇ। ਇਹਨਾਂ ਨੇ ਵੀ ਤਾਂ ਉਹਨਾਂ ਦੀ ਬਰਾਬਰੀ ਜੋ ਕਰਨੀ ਹੋਈ।

*** ਇਹਨਾਂ ਪੱਪੂਆਂ (ਜੱਫੇਦਾਰਾਂ) ਦੇ ਸਾਰੇ ਫੈਸਲੇ ਸਿੱਖ ਕੌਮ ਵਿਰੋਧੀ ਹੀ ਆ ਰਹੇ ਹਨ। ਕੋਈ ਵੀ ਫੈਸਲਾ ਇਹ ਪੂਪੂ ਆਪ ਨਹੀਂ ਕਰਦੇ, ਬਲਕਿ ਜੋ ਫੈਸਲਾ ਉਪਰੋਂ (ਆਰ ਐਸ ਐਸ) ਵਲੋਂ ਦਿੱਤਾ ਜਾਂਦਾ ਹੈ ਉਹ ਪੜ੍ਹਕੇ ਸੁਣਾ ਦਿੰਦੇ ਹਨ। ਇਹ ਫੈਸਲਾ ਸਨਾਉਣ ਲਈ ਕੱਝ ਸਮੇਂ ਤੱਕ ਇੱਕ ਡਰਾਮਾ ਵੀ ਖੇਡਿਆ ਜਾਂਦਾ ਹੈ, ਤਾਂ ਲੋਕਾਂ ਨੂੰ ਬੇਵਕੂਫ਼ ਬਣਾਇਆ ਜਾ ਸਕੇ। ਲੇਕਿੰਨ ਸਿੱਖ ਕੌਮ ਸੁੱਤੀ ਪਈ ਹੈ, ਜਾਂ ਕਹਿ ਲਉ ਕਿ ਸਿੱਖ ਕੌਮ ਵਿੱਚ ਸਵਾਰਥੀ, ਅਕਿਰਤਘਣ, ਲਾਲਚੀ ਬੇਈਮਾਨ, ਅਗਿਆਨੀ, ਬੇਮੁਖਾਂ ਦੀ ਗਿਣਤੀ ਬਹੁਤ ਹੀ ਜਿਆਦਾ ਹੈ, ਜੋ ਕਿਸੇ ਵੀ ਸਿੱਖ ਕੌਮ ਵਿਰੋਧੀ ਫੈਸਲੇ ਦਾ ਵਿਰੋਧ ਨਹੀਂ ਕਰਦੇ। ਖਿੜੇ ਮੱਥੇ ਜੇਕਾਰੇ ਛੱਡ ਕੇ ਪੱਪੂਆਂ ਦੇ ਫੈਸਲਿਆਂ ਨੂੰ ਪ੍ਰਵਾਨਗੀ ਦਿੰਦੇ ਹਨ।

**** ਇਹਨਾਂ ਸਾਰੀਆਂ ਬੇਵਕੂਫੀਆਂ, ਅਗਿਆਨਤਾਵਾਂ, ਨਾਦਾਨੀਆਂ ਪਿਛੇ ਹੋਰ ਕਾਰਨ ਹੈ ਗੁਰਮੱਤ ਸਿਧਾਂਤਾਂ ਪ੍ਰਤੀ ਮਨ ਵਿੱਚ ਦ੍ਰਿੜਤਾ ਦਾ ਨਾ ਹੋਣਾ। ਦ੍ਰਿੜਤਾ ਨਾ ਹੋਣ ਦਾ ਅਸਲ ਕਾਰਨ ਹੈ ਮਨ ਵਿੱਚ ਆਤਮ-ਗਿਆਨ ਲੈਣ ਦਾ ਚਾਅ/ਲਗਨ/ਸ਼ੌਕ ਦਾ ਨਾ ਹੋਣਾ। ਅੱਜ ਸਿੱਖ ਦਾ ਜੀਵਨ ਬਾਹਰਮੁੱਖੀ ਜਿਆਦਾ ਹੈ। ਉਸਨੇ ਗੁਰਬਾਣੀ ਦੇ ਸੰਦੇਸ਼-ਅੰਦੇਸ਼ ਨੂੰ ਭੁਲਾਇਆ ਕਰਕੇ ਅੰਤਰਮੁਖਤਾ ਵਾਲੇ ਪਾਸੇ ਤਾਂ ਸਿੱਖ ਸੋਚਦਾ ਵੀ ਨਹੀਂ ਹੈ।

*** ਅੱਜ ਜੋ ਲੋੜ ਹੈ, ਉਹ ਹੈ ਗੁਰਬਾਣੀ ਨੂੰ ਆਪਣੇ ਲਈ ਗਿਆਨ-ਵਿਚਾਰ ਦਾ ਖ਼ਜ਼ਾਨਾ ਸਮਝਦੇ ਹੋਏ, ਇਸਨੂੰ ਪੜ੍ਹਕੇ, ਮੰਨਕੇ, ਸਮਝਕੇ, ਵਿਚਾਰਕੇ, ਅਕਾਲ-ਪੁਰਖ, ਕਰਤਾਰ ਕਰਤੇ ਦੇ ਰੱਬੀ ਗੁਣਾਂ ਨੂੰ ਆਪਣੇ ਮਨੁੱਖਾ ਜੀਵਨ ਵਿੱਚ ਧਾਰਨ ਕਰਨਾ।

*** ਜਦ ਤੱਕ ਹਰ ਸਿੱਖ/ਗੁਰਸਿੱਖ ਆਪਣੇ ਪ੍ਰਤੀ, ਆਪਣੇ ਫਰਜ਼ਾ ਪ੍ਰਤੀ, ਆਪਣੇ ਪਰੀਵਾਰ ਪ੍ਰਤੀ, ਆਪਣੇ ਪ੍ਰਾਂਤ ਪ੍ਰਤੀ ਸੰਜੀਦਾ ਨਹੀਂ ਹੁੰਦਾ, ਅਤੇ ਸਬਦ ਗੁਰੁ ਗਰੰਥ ਸਾਹਿਬ ਜੀ ਦੇ ਅਨੁਸਾਰੀ ਆਪਣੇ ਜੀਵਨ ਦੀ ਘਾੜਤ ਨਹੀਂ ਘੜਦਾ, ਤੱਦ ਤੱਕ ਸਿੱਖ ਸਮਾਜ ਵਿੱਚ ਬੇਹਤਰੀ ਦੇ ਆਸਾਰ ਨਜ਼ਰ ਨਹੀਂ ਅਉਣਗੇ। ਇਹ ਨਿਵਾਣਾਂ ਵੱਲ ਦਾ ਸਫ਼ਰ ਜ਼ਾਰੀ ਹੀ ਰਹੇਗਾ।

*** ਇਸ ਲਈ ਹਰ ਸਿੱਖ/ਗੁਰਸਿੱਖ ਨੂੰ ਜਾਗਣਾ ਹੋਵੇਗਾ, ਆਪਣੇ ਆਪ ਨੂੰ ਆਤਮ-ਗਿਆਨ ਦੀ ਰੌਸ਼ਨੀ ਵਿੱਚ ਲਿਆ ਕੇ ਆਪਣੇ ਮਨੁੱਖਾ ਜੀਵਨ ਨੁਹਾਰ ਨੂੰ ਬਦਲਨਾ ਹੋਵੇਗਾ। ਤਾਂ ਹੀ ਮਨੁੱਖਾ ਜੀਵਨ ਵਿੱਚ ਚੜ੍ਹਦੀ ਕਲਾ ਦਾ ਵਰਤਾਰਾ ਵਰਤੇਗਾ।

** ਕੁੱਦਰਤ (ਰੱਬ) ਦਾ ਵਿਧੀ-ਵਿਧਾਨ ਸਾਰਿਆਂ ਮਨੁੱਖਾਂ ਲਈ ਇਕੋ ਜਿਹਾ ਹੀ ਹੈ। ਉਹ ਕਿਸੇ ਖ਼ਾਸ ਮਜ਼ਹਬ ਦੀ ਫੇਵਰ ਨਹੀਂ ਕਰਦਾ। ਇਸ ਲਈ ਸਿੱਖਾਂ ਨੂੰ ਵੀ ਆਪਣੀ ਅਤੇ ਆਪਣੀ ਕੌਮ ਦੀ ਬੇਹਤਰੀ ਲਈ ਆਪ ਹੀ ਇਕੱਠੇ ਹੋ ਕੇ ਉੱਦਮ-ਉਪਰਾਲੇ ਕਰਨੇ ਹੋਣਗੇ। ਰੱਬ ਉਤੇ ਡੋਰੀਆਂ ਛੱਡਕੇ ਬੈਠ ਜਾਣਾ ਕੋਈ ਬੁੱਧੀਮਤਾ ਵਾਲੀ ਗੱਲ ਨਹੀਂ। ਤੁਹਾਡੇ ਕੰਮ ਤੁਹਾਨੂੰ ਹੀ ਕਰਨੇ ਪੈਣੇ ਹਨ, ਰੱਬ ਨੇ ਆਕੇ ਨਹੀਂ ਕਰਨੇ। ਬਾਬੇ ਧੰਨੇ ਦੀਆਂ ਗਾਵਾਂ ਚਾਰ ਦਿੱਤੀਆਂ, ਬਾਬੇ ਨਾਨਕ ਦੀ ਮੱਝਾਂ ਦੁਆਰਾ ਖਾਧੀ ਖੇਤੀ ਹਰੀ ਕਰ ਦਿੱਤੀ, ਇਹ ਸਾਰੀਆਂ ਚਮਤਕਾਰੀ, ਕਰਾਮਾਤੀ ਕਥਾ ਕਹਾਣੀਆਂ ਵਿੱਚ ਕੋਈ ਸਚਾਈ ਨਹੀਂ। ਬੀਤੇ ਸਮੇਂ ਦੇ ਲੋਕਾਂ ਨੂੰ ਇਸ ਤਰਾਂ ਦੀਆਂ ਕਥਾ ਕਹਾਣੀਆਂ ਪਸੰਦ ਸਨ, ਉਹ ਸੁਣ ਲੈਂਦੇ ਸਨ, ਪਰ ਅੱਜ ਕੱਲ ਇਸ ਬ੍ਰਹਿਮੰਡ ਦੇ ਬਾਰੇ ਬਹੁਤ ਸਾਰੀ ਜਾਣਕਾਰੀ ਲੈ ਲਈ ਗਈ ਹੈ। ਬ੍ਰਹਿਮੰਡ ਦੇ ਭੇਦਾਂ ਦੀਆਂ ਪਰਤਾਂ ਖੁਲਦੀਆਂ ਜਾ ਰਹੀਆਂ ਹਨ।

ਗੁਰਬਾਣੀ ਦੀ ਸੁਰੂਆਤ ਹੀ ਸਾਨੂੰ ਇਸ਼ਾਰਾ ਕਰ ਰਹੀ ਹੈ, ‘ੴ` ਕਿ ਇਸ ਬ੍ਰਹਿਮੰਡ ਦਾ ਕਰਤਾ, ਆਪ ਸਰਬਵਿਆਪੱਕ ਹੈ, ਭਾਵ ਸਾਡੇ ਆਸੇ ਪਾਸੇ, ਹਰ ਪਾਸੇ ਰਮਿਆ ਹੋਇਆ ਹੈ। ਉਹ ਦੇਹਧਾਰੀ ਹੋ ਕੇ ਕਿਸੇ ਸਵਰੱਗ ਵਿੱਚ ਨਹੀਂ ਬੈਠਾ। ਦੇਹਧਾਰੀ ਨਾ ਹੋਣ ਕਰਕੇ ਉਸਦੇ ਕੋਈ ਕੰਨ, ਨੱਕ, ਮੂੰਹ ਹੈ। ਨਾ ਉਹ ਸੁਣ ਸਕਦਾ ਹੈ, ਨਾ ਹੀ ਬੋਲ ਸਕਦਾ ਹੈ। ਪਰ ਸਰਬ-ਵਿਆਪੱਕ ਹੋਣ ਕਰਕੇ ਸਾਡੇ ਆਸੇ ਪਾਸੇ ਫਿਰਦੇ ਮਨੁੱਖ ਉਸ ਦਾ ਹੀ ਰੂਪ ਹਨ।

**ਗੁਰਬਾਣੀ ਫੁਰਮਾਨ:

ਸਹਸ ਤਵ ਨੈਨ ਨਨ ਨੈਨ ਹਹਿ ਤੋਹਿ ਕਉ ਸਹਸ ਮੂਰਤਿ ਨਨਾ ਏਕ ਤ+ਹੀ॥

ਸਹਸ ਪਦ ਬਿਮਲ ਨਨ ਏਕ ਪਦ ਗੰਧ ਬਿਨੁ ਸਹਸ ਤਵ ਗੰਧ ਇਵ ਚਲਤ ਮੋਹੀ॥ ਮ1॥ 663॥

** ਸੋ ਗੁਰਬਾਣੀ ਤੋਂ ਆਤਮ ਗਿਆਨ ਲੈਕੇ ਆਪਣੇ ਆਪ ਵਿੱਚ ਗੁਰਬਾਣੀ ਦੇ ਅਨੁਸਾਰੀ ਬਦਲਾਅ ਲਿਆਉਂਣਾ ਹੀ ਬੁੱਧੀਮਤਾ ਦੀ ਨਿਸ਼ਾਨੀ ਹੈ। ਵਰਨਾ ਸਾਰਾ ਸਿੱਖ ਸਮਾਜ ਗੁਰਬਾਣੀ ਪੜ੍ਹੀ ਜਾਂਦਾ, ਪੜ੍ਹੀ ਜਾਂਦਾ, ਵੱਡੀਆਂ ਵੱਡੀਆਂ ਲੰਬੀਆਂ ਲੰਬੀਆਂ ਅਰਦਾਸਾਂ ਹੋਈ ਜਾਂਦੀਆਂ, ਪਰ ਸਿੱਖ ਕੌਮ ਦਾ ਨਿਵਾਣਾਂ ਵੱਲ ਦੀ ਯਾਤਰਾ ਲਗਾਤਾਰ ਜ਼ਾਰੀ ਹੈ।

** ਇਸ ਵਿੱਚ ਖੜੋਤ ਲਿਆਂਦੀ ਜਾ ਸਕਦੀ ਹੈ, ਅਗਰ ਅਸੀ ਸਿੱਖ/ਗੁਰਸਿੱਖ ‘ਗੁਰਬਾਣੀ ਗਿਆਨ ਵਿਚਾਰ’ ਦੇ ਅਨੁਸਾਰੀ ਆਪਣੇ ਆਪ ਵਿੱਚ ਬਦਲਾਅ ਲੈ ਆਈਏ। ਸਾਡੀ ਸੋਚ, ਸਾਡੇ ਫੁਰਨੇ, ਸਾਡੀ ਬੋਲ-ਚਾਲ, ਸਾਡਾ ਖਾਣ-ਪੀਣ, ਸਾਡਾ ਵਰਤ-ਵਰਤਾਰਾ, ਸਾਡਾ ਲੈਣ-ਦੇਣ, ਭਾਵ ਕੀ "ਹਰਿ ਜਨੁ ਐਸਾ ਚਾਹੀਐ ਜੈਸਾ ਹਰਿ ਹੀ ਹੋਇ" ਕਬੀਰ ਜੀ 1372. ਵਾਲੀ ਖੇਡ ਬਣ ਜਾਏ।

** "ਗੁਰਬਾਣੀ" ਸਾਡੇ ਅੰਦਰ ਬਦਲਾਅ ਲੈਕੇ ਆਉਣ ਵਾਸੇ ‘ਆਤਮ-ਗਿਆਨ’ ਹੈ ਇਸ ਦੀ ਵਰਤੋਂ ਸਾਨੂੰ ਆਪਣੇ ਆਪ ਲਈ ਕਰਨੀ ਹੋਵੇਗੀ। ਵਰਨਾ ਪੜ੍ਹ-ਪੜ੍ਹਕੇ, ਗੁਰਬਾਣੀ ਪੜ੍ਹਦਿਆਂ ਸਾਡੇ ਸਿੱਖ ਸਮਾਜ ਨੂੰ 310 ਸਾਲ ਹੋ ਗਏ। ਸਾਡਾ ਸਿੱਖ ਸਮਾਜ ਖੱਖੜੀਆਂ ਖੱਖੜੀਆਂ ਕਿਉਂ ਹੁੰਦਾ? ? ? ?

** ਕਿਉਂਕਿ ਅਸੀਂ ਸਿਰਫ ਪੜ੍ਹੀ ਜਾਂਦੇ ਹਾਂ, ਪਰੈਕਟੀਕਲੀ ਆਪਣੇ ਜੀਵਨ ਵਿੱਚ ਇਸ ਗੁਰਬਾਣੀ ਗਿਆਨ ਵਿਚਾਰ ਨੂੰ ਧਾਰਨ ਨਹੀਂ ਕਰਦੇ।

** ਅੱਜ ਸਿੱਖ ਸਮਾਜ ਵਿੱਚ ਬਹੁਤੇ ਪ੍ਰਚਾਰਕ ਬਾਹਰਮੁੱਖੀ ਸਿੱਖ ਸਮਾਜ ਵਿੱਚ ਹੋਰਨਾਂ ਨੂੰ ਸਿੱਖੀ ਸਿਧਾਂਤਾਂ ਬਾਰੇ ਲੈਕਚਰ ਕਰੀ ਜਾਣਗੇ, ਹੋਰਨਾਂ ਨੂੰ ਕਹੀ ਜਾਣਗੇ ਕਿ ਤੁਸੀਂ ਬਦਲ ਜਾਉ, ਇਸ ਤਰਾਂ ਕਰ ਲਉ, ……… ਪਰ ਆਪ ਨਹੀਂ ਕਰਦੇ, ਆਪਣੇ ਜੀਵਨ ਵਿੱਚ ਉਸ ਗਿਆਨ ਵਿਚਾਰ ਨੂੰ ਲਾਗੂ ਨਹੀਂ ਕਰਦੇ।

** ਫਿਰ ਐਸੇ ਪ੍ਰਚਾਰ ਦਾ ਕੀ ਅਸਰ ਹੋਵੇਗਾ? ? ? ? ? ਜ਼ੀਰੋ।

** ਸੋ ਆਉ ਇਸ ਪਿਉ-ਦਾਦੇ ਦੇ ਖ਼ਜ਼ਾਨੇ ਵਿਚੋਂ ਗਿਆਨ ਰੂਪੀ ਹੀਰੇ ਮੋਤੀ ਚੁਨਣਾ ਕਰੀਏ ਤਾਂ ਜੋ ਅਸੀਂ ਆਪਣੇ ਆਪ ਨੂੰ ਗਿਆਨਵਾਨ ਬਣਾਈਏ, ਫਿਰ ਹੋਰਨਾਂ ਨਾਲ ਵੀ ਆਪਣਾ ਤਾਜੁਰਬਾ ਸਾਂਝਾਂ ਕਰੀਏ ਤਾਂ ਜੋ ਉਹ ਵੀ ਆਪਣੇ ਜੀਵਨ ਵਿੱਚ ਲਾਹਾ ਲੈ ਸਕਣ। ਇਸ ਲਈ ਪਹਿਲਾਂ ਆਪ ਨੂੰ ਪੂਰਾ ਤਿਆਰ ਕਰਨਾ ਹੋਵੇਗਾ। ਆਪਣਾ ਜੀਵਨ ਗੁਰਬਾਣੀ ਅਨੁਸਾਰੀ ਬਨਾਉਣਾ ਹੋਵੇਗਾ। ਤਾ ਹੀ "ਆਪਿ ਜਪਹੁ ਅਵਰਾ ਨਾਮੁ ਜਪਾਵਹੁ" ਮ5॥ 288॥ ਵਾਲੀ ਪੰਕਤੀ ਸਹੀ ਮਾਇਨਿਆਂ ਵਿੱਚ ਅਸੀਂ ਜਿਉਂ ਰਹੇ ਹੋਵਾਂਗੇ।

** ਸੋ ਰੱਬ ਨੇ ਸਿੱਖਾਂ ਨਾਲ ਕੋਈ ਲਿਹਾਜ਼ ਨਹੀਂ ਕਰਨਾ ਅਗਰ ਸਿੱਖ ਕੌਮ ਨੇ ਆਪ ਆਪਨੀ ਚੜ੍ਹਦੀ ਕਲਾ ਲਈ ਕਮਰ ਨਾ ਕੱਸੀ ਤਾਂ ……… ਜੋ ਹੋ ਰਿਹਾ ਹੈ, ਉਸ ਨੂੰ ਕੋਈ ਨਹੀਂ ਰੋਕ ਸਕਦਾ। ਕੁਦਰੱਤ-ਅਕਾਲ-ਪੁੱਰਖ ਦਾ ਵਿਧੀ-ਵਿਧਾਨ ਅਟੱਲ ਹੈ। ਕੁਦਰਤ ਦੇ ਸਾਹਮਣੇ ਅਸੀ ਸਾਰੇ ਮਨੁੱਖ, ਇਸ ਸੰਸਾਰ ਦੇ ਹੋਰਾਂ ਜੀਵਾਂ ਦੇ ਨਿਆਈਂ ਹੀ ਹਾਂ, ਭਾਵ ਇੱਕ ਕੀੜੀ ਦੀ ਨਿਆਈਂ ਹੀ ਹਾਂ। ਸਾਨੂੰ ਮਨੁੱਖਾ ਨੂੰ ਬਹੁਤਾ ਗੁਮਾਨ ਨਹੀਂ ਕਰਨਾ ਚਾਹੀਦਾ। ਅਸੀਂ ਮਨੁੱਖ ਸਿਰਫ ‘ਸੁਰਤ, ਮੱਤ, ਮਨ, ਬੁੱਧ ਕਰਕੇ ਹੋਰਨਾਂ ਜੀਵਾਂ ਤੋਂ ਬੇਹਤਰ ਹਾਂ, ਵਰਨਾ ਬਾਕੀ ਵਿਧੀ-ਵਿਧਾਨ ਸਾਡੇ ਉਪਰ ਇੰਨ ਬਿੰਨ ਲਾਗੂ ਹੁੰਦਾ ਹੈ।

** ਸੋ ਆਉ ਆਪਣੀ ਅਤੇ ਆਪਣੀ ਕੌਮ ਦੀ ਬੇਹਤਰੀ ਲਈ ਪਹਿਲਾਂ ਆਪਣੇ ਆਪ ਨੂੰ ਸੁਆਰਨਾ ਕਰੀਏ, ਫਿਰ ਸਾਰੇ ਇਕੱਠੇ ਹੋ ਕੇ ਹੰਭਲਾ ਮਾਰੀਏ ਤਾਂ ਕੌਮ ਦੀ ਚੜ੍ਹਦੀ ਕਲਾ ਸੋ ਸਕੇ।

ਭੁੱਲ ਚੁੱਕ ਲਈ ਖਿਮਾ

ਧੰਨਵਾਦ।

ਇੰਜ ਦਰਸ਼ਨ ਸਿੰਘ ਖਾਲਸਾ

ਸਿੱਡਨੀ (ਅਸਟਰੇਲੀਆ)
.