.

ਸੂਹੀ ਕੀ ਵਾਰ ਮਹਲਾ ੩

(ਪੰ: ੭੮੫ ਤੋਂ੭੯੨)

ਸਟੀਕ, ਲੋੜੀਂਦੇ ਗੁਰਮੱਤ ਵਿਚਾਰ ਦਰਸ਼ਨ ਸਹਿਤ

(ਕਿਸ਼ਤ-ਪੰਜਵੀਂ)

ਪ੍ਰਿਂਸੀਪਲ ਗਿਆਨੀ ਸੁਰਜੀਤ ਸਿੰਘ, ਸਿੱਖ ਮਿਸ਼ਨਰੀ, ਦਿੱਲੀ, ਪ੍ਰਿਂਸੀਪਲ ਗੁਰਮੱਤ ਐਜੂਕੇਸ਼ਨ ਸੈਂਟਰ, ਦਿੱਲੀ,

ਮੈਂਬਰ ਧਰਮ ਪ੍ਰਚਾਰ ਕ: ਦਿ: ਸਿ: ਗੁ: ਪ੍ਰ: ਕਮੇਟੀ, ਦਿੱਲੀ: ਫਾਊਂਡਰ (ਮੋਢੀ) ਸਿੱਖ ਮਿਸ਼ਨਰੀ ਲਹਿਰ ਸੰਨ 1956

ਤਾਂ ਤੇ ਗੁਰਬਾਣੀ ਦਾ ਸੰਪੂਰਨ ਮੰਗਲਾਚਰਣ:-ਸਤਿਨਾਮੁ ਕਰਤਾਪੁਰਖੁ ਨਿਰਭਉ ਨਿਰਵੈਰੁ ਅਕਾਲਮੂਰਤਿ ਅਜੂਨੀ ਸੈਭੰ ਗੁਰਪ੍ਰਸਾਦਿ॥ —ਉਪ੍ਰੰਤ ਇਸ ਦੇ ਚਲ ਰਹੇ ਲੜੀ ਵਾਰ ਸੰਖੇਪ ਅਰਥਾਂ ਵੱਲ ਕੁੱਝ ਹੋਰ ਅੱਗੇ ਵਧਦੇ ਹੋਏ:-

ੴ- ਨੂੰ ਗੁਰਦੇਵ ਨੇ ਭਿੰਨ-ਭਿੰਨ ਤਿੰਨ ਸ਼ਬਦਾਂ ‘੧+ ਓ +ਕਾਰ’ ਦੀ ਸੰਧੀ ਤੋਂ ਇੱਕ ਨਵੇਂ ਸ਼ਬਦ ਦੇ ਰੂਪ `ਚ ਉਜਾਗਰ ਕੀਤਾ ਹੋਇਆ ਹੈ। ਉਪ੍ਰੰਤ ਨੰਬਰਵਾਰ ਇਨ੍ਹਾਂ ਤਿੰਨਾਂ ਲਫ਼ਜ਼ਾਂ ਦੇ ਅਰਥ ਹਨ:-

੧- ਅਕਾਲਪੁਰਖੁ ਇੱਕ ਹੈ। ਇਥੇ `ਚ ਗਿਣਤੀ ਵਾਚਕ ‘ਏਕਾ’ ਲਗਾ ਕੇ ਪਾਤਸ਼ਾਹ ਨੇ ਇਸ ਸੱਚ ਨੂੰ ਸਦਾ ਲਈ ਉਜਾਗਰ ਕਰ ਦਿੱਤਾ ਤੇ ਕਿਸੇ ਭੁਲੇਖੇ ਦੀ ਗੁੰਜਾਇਸ਼ ਹੀ ਨਹੀਂ ਰਹਿਣ ਦਿੱਤੀ ਕਿ ਸੰਪੂਰਨ ਰਚਨਾ ਦਾ ਕਰਤਾ-ਧਰਤਾ ਕੇਵਲ ਤੇ ਕੇਵਲ ‘ਇਕ’ ਹੈ, ਭਿੰਨ ਭਿੰਨ ਨਹੀਂ ਹਨ।

ਓੰ - ਦੇ ਅਰਥ ਹਨ, ਅਕਾਲਪੁਰਖ ਰਚਨਾ ਦੇ ਜ਼ਰੇ ਜ਼ਰੇ `ਚ ਇੱਕ ਰਸ ਵਿਆਪਕ ਹੈ।

ਹਾਥੀ-ਗੈਂਡੇ ਆਦਿ ਵੱਡੇ ਤੋਂ ਵੱਡੇ ਆਕਾਰ ਵਾਲੇ ਜਾਂ ਛੋਟੇ ਤੋਂ ਛੋਟੇ ਨੰਗੀ ਅੱਖ ਨਾਲ ਨਾ ਦੇਖੇ ਜਾ ਸਕਣ ਵਾਲੇ ਜੀਵਾਂ `ਚ ਵੀ ਉਸ ਦਾ ਵਜੂਦ ਇਕੋ ਜਿਹਾ ਹੈ, ਕਿਸੇ `ਚ ਘੱਟ ਜਾਂ ਵੱਧ ਨਹੀਂ।

ਕਾਰ- ਦੇ ਅਰਥ ਹੁੰਦੇ ਹਨ ਲਕੀਰ ਜਿਵੇਂ "ਚਉਗਿਰਦ ਹਮਾਰੈ ਰਾਮ ਕਾਰ" (ਪੰ: ੮੧੯) ਆਦਿ ਗੁਰਬਾਣੀ ਫ਼ੁਰਮਾਨ। ਠੀਕ ਉਸੇ ਤਰ੍ਹਾਂ ਜਿਵੇਂ ਕਿਸੇ ਲਕੀਰ ਦਾ ਅੰਤ ਨਹੀਂ ਹੁੰਦਾ ਉਸੇ ਤਰ੍ਹਾਂ ਅਕਾਲਪੁਰਖ ਦਾ ਵੀ ਅੰਤ ਤੇ ਪਾਰਾਵਾਰ ਨਹੀਂ ਪਾਇਆ ਜਾ ਸਕਦਾ। ਤਾਂ ਤੇ ਦੇ ਸਮੂਚੇ ਅਰਥ ਹਨ:-

ਅਕਾਲਪੁਰਖੁ ਇੱਕ ਹੈ, ਸੰਪੂਰਣ ਰਚਨਾ `ਚ ਇੱਕ ਰਸ ਵਿਆਪਕ ਹੈ ਅਤੇ ਉਸ ਦਾ ਅੰਤ-ਪਾਰਾਵਾਰ ਨਹੀਂ ਪਾਇਆ ਜਾ ਸਕਦਾ। ਤਾਂ ਤੇ:-

ੴ - ਜਿਵੇਂ ਕਿ ਦਰਸ਼ਨ ਕਰ ਆਏ ਹਾਂ ਕਿ ਗੁਰਬਾਣੀ ਆਧਾਰਤ ਸੰਪੂਰਨ ਮੰਗਲਾਚਰਨ "ੴ ਸਤਿਨਾਮੁ ਕਰਤਾਪੁਰਖੁ ਨਿਰਭਉ ਨਿਰਵੈਰੁ ਅਕਾਲਮੂਰਤਿ ਅਜੂਨੀ ਸੈਭੰ ਗੁਰਪ੍ਰਸਾਦਿ॥"

ਦਾ ਮੂਲ ਅਤੇ ਅਰੰਭਕ ਸ਼ਬਦ ‘੧+ ਓਅੰ+ਕਾਰ’ ਗੁਰਦੇਵ ਰਾਹੀਂ ਤਿੰਨ ਸ਼ਬਦਾਂ ਦੇ ਜੋੜ ਤੇ ਸੰਧੀ ਤੋਂ ਘੜਿਆ ਤੇ ਪ੍ਰਗਟ ਕੀਤਾ ਹੋਇਆ ਬਲਕਿ ਸਾਹਿਤ `ਚ ਇਹ ਇੱਕ ਬਿਲਕੁਲ ਨਵਾਂ, ਨਿਵੇਕਲਾ ਅਤੇ ਨਿਤਾਂਤ ਭਿੰਨ ਸ਼ਬਦ ਹੈ।

ਫ਼ਿਰ ਇਹ ਵੀ ਸਮਝ ਆਏ ਹਾਂ ਕਿ ਅਸਲ `ਚ "ੴ" ਤੋਂ "ਤਨੁ ਮਨੁ ਥੀਵੈ ਹਰਿਆ" ਤੀਕ ਸੰਪੂਰਣ ਗੁਰਬਾਣੀ, ਇਸ ਇਕੋ ਇੱਕ "ੴ" ਦੀ ਹੀ ਵਿਆਖਿਆ ਹੈ।

ਫ਼ਿਰ ਇਤਨਾ ਹੀ ਨਹੀਂ ਇਹ ਵੀ ਕਿ ਗੁਰਬਾਣੀ ਵਿੱਚਲਾ ਸੰਪੂਰਣ ਮੰਗਲਾਚਰਣ ਵੀ "ੴ ਸਤਿਨਾਮੁ ਕਰਤਾਪੁਰਖੁ ਨਿਰਭਉ ਨਿਰਵੈਰੁ ਅਕਾਲਮੂਰਤਿ ਅਜੂਨੀ ਸੈਭੰ ਗੁਰਪ੍ਰਸਾਦਿ॥" ਉਸੇ ਦੀ ਹੀ ਪਰ ਅਤੀ ਸੰਖੇਪ ਵਿਆਖਿਆ ਹੈ।

ਇਸ ਲਈ ਦੋਰਾਅ ਦੇਵੀਏ ਤੇ ਪੱਕਾ ਕਰ ਦੇਵੀਏ ਕਿ ਗੁਰਬਾਣੀ ਵਿੱਚਲਾ ਗੁਰਦੇਵ ਰਾਹੀਂ ਸਥਾਪਤ, ਨਿਤਾਂਤ ਨਵਾਂ ਅਤੇ ਪ੍ਰਗਟ ਕੀਤਾ ਹੋਇਆ ਇਕੱਲਾ ਲਫ਼ਜ਼ ੴ:-

() ਗੁਰਬਾਣੀ ਵਿੱਚਲਾ ਸੰਪੂਰਣ ਮੰਗਲਾਚਰਣ ਇਸੇ ਦੀ ਹੀ ਅਤੀ ਸੰਖੇਪ ਵਿਆਖਿਆ ਹੈ।

() ਉਪ੍ਰੰਤ ਇਸ ਤੋਂ ਬਾਅਦ ਇਹ ਵੀ ਕਿ "ੴ" ਤੋਂ "ਤਨੁ ਮਨੁ ਥੀਵੈ ਹਰਿਆ" ਤੀਕ ਸੰਪੂਰਣ ਗੁਰਬਾਣੀ ਵੀ ਆਪਣੇ ਆਪ `ਚ ਦਰਅਸਲ ਇਸ ਇਕੋ ਇੱਕ ਲਫ਼ਜ਼ "ੴ" ਦੀ ਹੀ ਵਿਆਖਿਆ ਹੈ। -ਲੋੜ ਹੈ ਤਾਂ ਗੁਰਬਾਣੀ ਵਿੱਚਲੇ ਇਸ ਮੂਢਲੇ ਤੱਥ ਤੇ ਭੇਦ ਨੂੰ ਪਹਿਚਾਨਣ ਦੀ।

ਉਂਝ "ੴ" ਸੰਬੰਧੀ ਕੁੱਝ ਵੇਰਵਾ ਅਸੀਂ ਪਹਿਲਾਂ ਵੀ ਦੇ ਆਏ ਹਾਂ। ਇਸ ਲਈ ਹੁਣ ਮੰਗਲਾਚਰਨ ਵਿੱਚਲੇ "ੴ" ਤੋਂ ਅੱਗੇ "ਸਤਿਨਾਮੁ ਕਰਤਾਪੁਰਖੁ ਨਿਰਭਉ ਨਿਰਵੈਰੁ ਅਕਾਲਮੂਰਤਿ ਅਜੂਨੀ ਸੈਭੰ ਗੁਰਪ੍ਰਸਾਦਿ" ਦੇ ਲੜੀਵਾਰ ਅਰਥਾਂ ਵੱਲ ਵੱਧਦੇ ਹਾਂ। ਤਾਂ ਤੇ:-

ਸਤਿਨਾਮੁ-ਮੰਗਲਾਚਰਨ `ਚ ਭਾਵ ਅਕਾਲਪੁਰਖ ਨਾਲ ਸੰਬੰਧਤ ਪਹਿਲਾ ਵਿਸ਼ੇਸ਼ਣ ਸਤਿਨਾਮ ਗੁਰਦੇਵ ਰਾਹੀਂ ‘ਸਤਿ +ਨਾਮ’ ਦੋ ਸ਼ਬਦਾਂ ਦੇ ਸੁਮੇਲ ਤੋਂ ਸਥਾਪਤ ਕੀਤਾ ਹੋਇਆ ਹੈ।

ਲਫ਼ਜ਼ ‘ਸਤਿ’ ਸੰਸਕਿੁਤ ਦੀ ‘ਅਸ’ ਧਾਤੂ ਤੋਂ ਹੈ ਜਿਸ ਦਾ ਅਰਥ ਹੈ-ਹੋਂਦ ਵਾਲਾ। ਜਦਕਿ ਇਥੇ ਗੁਰਬਾਣੀ ਵਿੱਚਲੇ ਮੰਗਲਾਚਰਨ ਵਿੱਚਲਾ ਵਿਸ਼ੇਸ਼ਨ ਹੋਣ ਕਰਕੇ ਇਸ ਦੇ ਅਰਥ ਕੁੱਝ ਹੋਰ ਵੀ ਹਨ।

ਇਥੇ ਇਸ ਲਫ਼ਜ਼ ‘ਸਤਿ’ ਦੀ ਸੀਮਾ ਕੇਵਲ ਇਸ ਦੇ ਮੂਲ ਅਰਥਾਂ ਤੀਕ ਹੀ ਸੀਮਤ ਨਹੀਂ ਬਲਕਿ ਦਾ ਵਿਸ਼ੇਸ਼ਨ ਹੋਣ ਕਰਕੇ ਇਥੇ ਇਸਦੇ ਆਪਣੇ ਨਿਵੇਕਲੇ ਅਰਥ ਵੀ ਹਨ।

ਇਥੇ ਇਸਦੇ ਇਸ ਨਵੇਂ ਰੂਪ `ਚ ‘ਸਤਿ’ ਦੇ ਅਰਥ ਹਨ। ਭਾਵ ਅਕਾਲਪੁਰਖੁ, ਸਦੀਵੀ ਹੋਂਦ ਵਾਲੀ ਹਸਤੀ ਹੈ, ਸਦਾ ਥਿੱਰ ਹੈ, ਉਹ ਕਦੇ ਨਾਸ ਹੋਣ ਵਾਲਾ ਨਹੀਂ, ਪ੍ਰਭੂ ਅਵਿਨਾਸ਼ੀ ਹੈ।

ਇਥੇ ਸਤਿਨਾਮ `ਚ ਸ਼ਬਦ ‘ਸਤਿ’, ਭਾਵ ਕਰਤੇ ਅਕਾਲਪੁਰਖ ਪ੍ਰਭੂ ਦੇ ਰੂਪ, ਰੰਗ, ਰੇਖ ਤੋਂ ਨਿਆਰੇ ‘ਨਿਰਗੁਣ’ ਸਰੂਪ’ ਦਾ ਪ੍ਰਗਟਾਵਾ ਵੀ ਹੈ ਅਤੇ ਸ਼ੰਭੰਧਤ ਵੀ।

ਜਦਕਿ ਸਤਿਨਾਮ ਵਿੱਚਲੇ ‘ਨਾਮੁ’ ਦੇ ਅਰਥ ਹਨ "ਆਪੀਨੈੑ ਆਪੁ ਸਾਜਿਓ ਆਪੀਨੈੑ ਰਚਿਓ ਨਾਉ" (ਪੰ: ੪੬੩) ਆਦਿ ਭਾਵ ਪ੍ਰਭੂ ਦਾ ਨਾਮਨਾ, ਵਡਿਆਈਆਂ, ਸਿਫ਼ਤਾਂ ਅਥਵਾ ਕਰਤੇ ਪ੍ਰਭੂ ਦੀ ਤ੍ਰੈਗੁਣੀ ਮਾਇਆ ਦਾ ਅਨੰਤ ਵਿਸਤਾਰ ਅਥਵਾ ਪ੍ਰਭੂ ਦਾ ਸਮੂਚਾ ‘ਸਰਗੁਣ’ ਸਰੂਪ।

‘ਸਰਗੁਣ’ ਦੇ ਅਰਥ ਹਨ ਦਾ ਨਿਜ ਦਾ ਉਹ ਪ੍ਰਗਟਾਵਾ ਜਿਸ ਨੂੰ ਦੇਖਿਆ ਤੇ ਛੂਇਆ ਜਾ ਸਕਦਾ ਹੈ। ਇਸ ਤਰ੍ਹਾਂ ਇਹ ਸੰਪੂਰਨ ਰਚਨਾ ਦਾ ਹੀ ਨਾਮ ਅਥਵਾ ਨਾਮਨਾ ਭਾਵ ਸਾਕਾਰ ਪ੍ਰਗਟਾਵਾ ਹੈ।

ਬਲਕਿ "ਦੁਯੀ ਕੁਦਰਤਿ ਸਾਜੀਐ ਕਰਿ ਆਸਣੁ ਡਿਠੋ ਚਾਉ" (ਪੰ: ੪੬੩ ਉਹੀ) ਪ੍ਰਭੂ ਆਪਣੀ ਸਮੂਚੀ ਰਚਨਾ ਦੇ ਜ਼ਰੇ ਜ਼ਰੇ `ਚ "ਜਲਿ ਥਲਿ ਮਹੀਅਲਿ ਪੂਰਿਆ" (ਪੰ: ੪੮) ਵੱਸ ਵੀ ਰਿਹਾ ਹੈ।

ਫ਼ਿਰ ਇਤਨਾ ਹੀ ਨਹੀਂ, ਕਰਤੇ ਪ੍ਰਭੂ ਦੀਆਂ ਅਨੰਤ ਸਿਫ਼ਤਾਂ, ਵਡਿਆਈਆਂ ਤੇ ਉਸ ਦਾ ਅਂਨਂਤ ਨਾਮਨਾ ਵੀ "ਰੂਪ ਰੰਗ ਰੇਖ" ਤੋਂ ਨਿਆਰੇ ਨਿਰਗੁਣ ਪ੍ਰਭੂ ਦੇ ਸਰਗੁਣ ਸਰੂਪ "ਲੇਖਾ ਹੋਇ ਤ ਲਿਖੀਐ ਲੇਖੈ ਹੋਇ ਵਿਣਾਸੁ॥ ਨਾਨਕ ਵਡਾ ਆਖੀਐ ਆਪੇ ਜਾਣੈ ਆਪੁ" (ਬਾਣੀ ਜਪੁ) ਅਨੁਸਾਰ ਉਸ ਦੀ ਅਸੀਮਤ ਰਚਨਾ `ਚੋਂ ਹੀ ਪ੍ਰਗਟ ਹੁੰਦੀਆਂ ਹਨ।

ਇਹ ਵੀ ਕਿ ਲਫ਼ਜ਼ ਸਤਿਨਾਮੁ `ਚ ‘ਮ’ ਦੇ ਪੈਰ ਹੇਠਾਂ ‘ੁ’ (ਔਂਕੜ) ਇਕਵਚਨ ਦਾ ਲਖਾਇਕ ਹੈ ਅਤੇ ਕਰਤੇ ਪ੍ਰਭੂ ਅਕਾਲਪੁਰਖ ਦੇ ‘ਇਕੋ ਇਕ’ ਇਸ ਨਿਵੇਕਲੇ ਗੁਣ ਨੂੰ ਹੀ ਪ੍ਰਗਟ ਕਰਦਾ ਹੈ।

ਇਸ ਤਰ੍ਹਾਂ ‘ਸਤਿਨਾਮੁ’ ਦੇ ਸਮੂਚੇ ਅਰਥ ਹਨ ‘ਨਿਰਗੁਨੁ ਆਪਿ ਸਰਗੁਨੁ ਭੀ ਓਹੀ॥ ਕਲਾ ਧਾਰਿ ਜਿਨਿ ਸਗਲੀ ਮੋਹੀ’ (ਪੰ: ੨੮੭) ਭਾਵ ਕਰਤਾ ਆਪ ਹੀ ਸਰਗੁਣ ਸਰੂਪ ਵੀ ਹੈ ਅਤੇ ਨਿਰਗੁਣ ਵੀ

ਜਦਕਿ ਲੰਮੇਂ ਸਮੇਂ ਤੋਂ ਇਹੀ ਮੰਨਿਆ ਜਾ ਰਿਹਾ ਸੀ ਕਿ ਨਿਰਗੁਣ ਹਸਤੀ ਹੋਰ ਹੈ ਅਤੇ ਸਰਗੁਣ ਹੋਰ ਬਲਕਿ ਭਾਰਤ `ਚ ਮੂਰਤੀ ਦੇਵੀ-ਦੇਵ ਆਦਿ ਪੂਜਾਵਾਂ ਉਸੇ ਵਿਸ਼ਵਾਸ ਦੀ ਉਪਜ ਹਨ।

ਪਰ ਉਸ ਦੇ ਉਲਟ ਗੁਰਬਾਣੀ ਦਾ ਸਪਸ਼ਟ ਨਿਰਣਾ ਹੈ ਕਿ ‘ਸਰਗੁਣ’ ਤੇ ‘ਨਿਰਗੁਣ’ ਦੋ ਭਿੰਨ ਭਿੰਨ ਹਸਤੀਆਂ ਨਹੀਂ ਹਨ, ਇਹ ਦੋਵੇਂ ਪ੍ਰਗਟਾਵੇ ਕਰਤੇ ਪ੍ਰਭੂ ਦੇ ਆਪਣੇ ਹੀ ਹਨ।

ਕਰਤਾਪੁਰਖੁ- ਸਤਿਨਾਮੁ ਵਾਂਙ ਕਰਤਾਪੁਰਖੁ ਵੀ ਕਰਤਾ+ਪੁਰਖ ਦੋ ਲਖ਼ਜ਼ਾਂ ਦੀ ਸੰਧੀ ਤੋਂ ਅਤੇ ਪੁਰਖੁ ਦੇ ਪੈਰ `ਚ (-) ਲਗਾਉਣ ਬਾਅਦ ਇੱਕ ਵਚਨ ਦਾ ਲਖਾਇਕ ਹੈ। ਗੁਰਬਾਣੀ ਰਾਹੀਂ ਪ੍ਰਗਟ ਇਥੇ ਇਹ ਲਫ਼ਜ਼ ਵੀ ਕੇਵਲ ਤੇ ਕੇਵਲ ਪ੍ਰਭੂ ਅਕਾਲਪੁਰਖੁ ਲਈ ਹੈ, ਕਿਸੇ ਹੋਰ `ਤੇ ਲਾਗੂ ਨਹੀਂ ਹੁੰਦਾ।

ਕਰਤਾ ਦੇ ਅਰਥ ਹਨ ਬਨਾਉਣ ਵਾਲਾ। ‘ਪੁਰਖੁ’ ਦੇ ਅਰਥ ਹਨ "ਸਭ ਕੈ ਮਧੇ ਅਲਿਪਤ ਨਿਰਬਾਣੇ" (ਪੰ: ੧੦੨)

ਭਾਵ ਪ੍ਰਭੂ ਆਪਣੀ ਸਮੂਚੀ ਰਚਨਾ ਦੇ ਜ਼ੱਰੇ ਜ਼ੱਰੇ `ਚ ਇੱਕ ਰਸ ਵਿਆਪਕ ਅਤੇ ਵੱਸ ਰਿਹਾ ਹੈ।

ਤਾਂ ਤੇ ‘ਕਰਤਾਪੁਰਖੁ’ ਦੇ ਸਮੂਹਕ ਅਰਥ ਹਨ ‘ਪ੍ਰਭੂ ਸਮੂਚੀ ਰਚਨਾ ਦਾ ਇਕੋ ਇੱਕ ਕਰਤਾ ਵੀ ਹੈ ਅਤੇ ਉਹ ਆਂਪਣੀ ਸਮੂਚੀ ਰਚਨਾ ਦੇ ਜ਼ਰੇ ਜ਼ਰੇ `ਚ ਇੱਕ ਰਸ ਵਿਆਪਕ ਵੀ ਹੈ। ਜਿਵੇਂ:-

() "ਆਪਿ ਸਤਿ ਕੀਆ ਸਭੁ ਸਤਿ॥ ਤਿਸੁ ਪ੍ਰਭ ਤੇ ਸਗਲੀ ਉਤਪਤਿ॥ ਤਿਸੁ ਭਾਵੈ ਤਾ ਕਰੇ ਬਿਸਥਾਰੁ॥ ਤਿਸੁ ਭਾਵੈ ਤਾ ਏਕੰਕਾਰੁ" (ਪੰ: ੨੯੪)

ਸਪਸ਼ਟ ਹੈ ਕਿ ਸਮੂਚੀ ਰਚਨਾ ਦਾ ਕਰਤਾ, ਪ੍ਰਭੂ ਆਪ ਹੈ ਅਤੇ ਉਸ ਤੋਂ ਛੁੱਟ ਹੋਰ ਕੋਈ ਵੀ ਰਚਨਾ ਦਾ ‘ਕਰਤਾ’ ਨਹੀਂ। ਇਹ ਵੀ ਕਿ ਉਹ ਸਮੂਚੀ ਰਚਨਾ ਦੇ ਜ਼ਰੇ ਜ਼ਰੇ `ਚ ਵੀ ਵਿਆਪਕ ਹੈ। ਉਂਝ ਗੁਰਬਾਣੀ `ਚ ਲਫ਼ਜ਼ ‘ਪੁਰਖੁ’ ਆਤਮਾ ਤੇ ਮਨੁੱਖ ਦੇ ਅਰਥਾਂ `ਚ ਵੀ ਕਈ ਵਾਰ ਆਇਆ ਹੈ।

ਨਿਰਭਉ-ਲਫ਼ਜ਼ ‘ਨਿਰਭਉ’ ਵੀ ਸਤਿਨਾਮੁ, ਕਰਤਾਪੁਰਖੁ ਵਾਂਙ ਨਿਰ+ਭਉ ਦੋ ਲਫ਼ਜ਼ਾਂ ਦੀ ਸੰਧੀ ਤੋਂ ਹੈ ਅਤੇ ਮੰਗਲਾਚਰਣ ਵਿੱਚਲਾ ਇਹ ਵਿਸ਼ੇਸਨ ਵੀ ਮੰਗਲਾਚਰਨ ਵਿੱਚਲੇ ਬਾਕੀ ਵਿਸ਼ੇਸ਼ਨਾ ਵਾਂਙ ਕੇਵਲ ਤੇ ਕੇਵਲ ਲਈ ਹੀ ਹੈ। ੴ ਤੋਂ ਸਿਵਾ ਕਿਸੇ ਹੋਰ `ਤੇ ਲਾਗੂ ਨਹੀਂ ਹੁੰਦਾ।

ਉਂਝ ਵੀ ਸੰਸਾਰ ਦਾ ਹਰੇਕ ਜੀਵ ਜਿਸ ਨੇ ਇੱਕ ਵਾਰ ਜਨਮ ਲੈ ਲਿਆ, ਬਹੁਤਾ ਕਰਕੇ ਉਹ ਹਰੇਕ ਪਲ ਅਨੇਕਾਂ ਡਰਾਂ ਤੇ ਸਹਿਮਾਂ ਆਂਦਿ `ਚ ਗ੍ਰਸਿਆ ਰਹਿ ਕੇ ਹੀ ਜੀਵਨ ਨੂੰ ਬਤੀਤ ਕਰਦਾ ਹੈ।

ਇਥੋਂ ਤੀਕ ਕਿ ਸੰਸਾਰ ਤਲ ਦੇ ਵੱਡੇ ਤੋਂ ਵੱਡਾ ਬਾਦਸ਼ਾਹ, ਮਹਾਂਬਲੀ ਯੋਧਿਆਂ ਨੂੰ ਵੀ ਹਰ ਸਮੇਂ ਇਹੀ ਡਰ ਸਤਾਉਂਦਾ ਹੈ ਕਿ ਅਚਣਚੇਤ ਕਿਸੇ ਵੀ ਸਮੇਂ ਉਨ੍ਹਾਂ `ਤੇ ਕੋਈ ਦੂਜਾ ਭਾਰੂ ਨਾ ਹੋ ਜਾਵੇ। ਜੇ ਉਤਨਾ ਨਹੀਂ ਤਾਂ ਸਰੀਰਕ ਮੌਤ ਦਾ ਡਰ ਤਾਂ ਹਰੇਕ ਸਮੇਂ ਹਰੇਕ ਦੇ ਸਿਰ `ਤੇ ਮੰਡਰਾਂਦਾ ਹੀ ਹੈ।

ਜਦਕਿ ਇਹ ਗੁਣ ਵੀ ਕੇਵਲ ਅਕਾਲਪੁਰਖ `ਤੇ ਹੀ ਲਾਗੂ ਹੁੰਦਾ ਹੈ, ਜਿਸ ਨੂੰ ਮੌਤ ਸਮੇਤ ਕਿਸੇ ਤਰ੍ਹਾਂ ਦਾ ਅਤੇ ਕੋਈ ਵੀ ਡਰ, ਸਹਿਮ ਨਹੀਂ ਪੋਂਦਾ। ਪ੍ਰਭੂ ਜਨਮ ਮਰਨ ਤੋਂ ਰਹਿਤ ਅਤੇ "ਆਦਿ ਸਚੁ ਜੁਗਾਦਿ ਸਚੁ॥ ਹੈ ਭੀ ਸਚੁ ਨਾਨਕ ਹੋਸੀ ਭੀ ਸਚੁ" ਉਹ ਸਦਾ ਥਿਰ ਹਸਤੀ ਹੈ, ਅਵਿਨਾਸ਼ੀ ਹੈ।

ਨਿਰਵੈਰੁ- ਗੁਰਬਾਣੀ ਆਧਾਤਰ ਸੰਪੂਰਣ ਮੰਗਲਾਚਰਣ ਵਿੱਚਲੇ ਨਾਲ ਸੰਬਧੰਤ ਸੱਤ ਵਿਸ਼ੇਸ਼ਨਾ `ਚੋਂ ਵਿਸ਼ੇਸ਼ਨ ਨਿਰਵੈਰੁ’ ਵੀ ਨਿਰ+ਵੈਰੁ ਦੋ ਲਫ਼ਜ਼ਾਂ ਦੀ ਸੰਧੀ ਤੋਂ ਹੈ। ਭਾਵ ਆਂਪਣੇ ਆਪ `ਚ ਅਕਾਲਪੁਰਖ ਹੀ ਇਕੋ ਇੱਕ ਅਜਿਹੀ ਹਸਤੀ ਹੈ ਜਿਸ ਨੂੰ ਕਿਸੇ ਨਾਲ ਵੈਰ ਨਹੀਂ।

ਉਂਝ ਦੁਨੀਆਂ ਦਾ ਵੱਡੇ ਤੋਂ ਵੱਡਾ ਇਨਸਾਫ਼-ਪਸੰਦ ਮਨੁੱਖ ਵੀ ਕਦੇ ਯਕੀਨ ਨਾਲ ਨਹੀਂ ਕਹਿ ਸਕਦਾ ਕਿ ਉਸ ਦੀ ਕਰਣੀ `ਚੋਂ ਕਿਸੇ ਨਾਲ ਵੈਰ ਦਾ ਅੰਸ਼ ਨਹੀਂ ਉਘੜ ਸਕਦਾ।

ਆਮ ਤੌਰ `ਤੇ ਇਮਾਨਦਾਰ ਤੋਂ ਇਮਾਨਦਾਰ ਜੱਜ ਵੀ ਕੁੱਝ ਘਟਨਾਵਾਂ `ਚ ਕਈ ਵਾਰੀ ਗਵਾਹੀਆਂ ਜਾਂ ਪੂਰੀ ਘੋਖ ਪੜਤਾਲ ਨਾ ਹੋਣ ਕਾਰਣ ਕਈ ਲੋਕਾਂ ਨਾਲ ਵੈਰ ਕਮਾਉਣ ਦਾ ਕਾਰਣ ਬਣ ਜਾਂਦਾ ਹੈ।

ਬਲਕਿ ਕਈ ਵਾਰ ਤਾਂ ਕਿਸੇ ਮੁਲਜ਼ਮ ਨੂੰ ਫਾਂਸੀ ਦੀ ਸਜ਼ਾ ਦੇਣ ਤੋਂ ਬਾਅਦ ਹੀ ਪਤਾ ਲਗਦਾ ਹੈ ਕਿ ਅਸਲ ਕਾਤਿਲ ਤਾਂ ਕੋਈ ਹੋਰ ਸੀ; ਬੇਸ਼ੱਕ ਅਜਿਹਾ ਫ਼ੈਸਲਾ ਅਣਜਾਣੇ `ਚ ਗਵਾਹੀਆਂ ਤੇ ਸਬੂਤਾਂ ਆਦਿ ਦੀ ਘਾਤ ਕਾਰਣ ਹੋ ਚੁੱਕਾ ਹੋਵੇ।

ਇਹ ਕੇਵਲ ਅਕਾਲਪੁਰਖ ਹੀ ਅਜਿਹੀ ਹਸਤੀ ਹੈ ਜਿਸ ਦੀ ਕਰਣੀ `ਚ "ਵਡੀ ਵਡਿਆਈ ਜਾ ਸਚੁ ਨਿਆਉ" (ਪੰ: ੪੬੩) ਆਦਿ ਬੇਅੰਤ ਗੁਰਬਾਣੀ ਫ਼ੁਰਮਾਨ ਭਾਵ ਪ੍ਰਭੂ ਅਕਾਲਪੁਰਖ ਦੇ ਨਿਆਂ `ਚ ਕਦੇ ਤੇ ਕਿਸੇ ਤਰ੍ਹਾਂ ਦਾ ਲੇਸ਼ ਮਾਤਰ ਵੀ ਵੈਰ, ਵਿੱਤਕਰਾ ਤੇ ਬੇਇਨਸਾਫ਼ੀ ਜਾਂ ਚੂਕ ਨਹੀਂ ਹੁੰਦੀ।

ਅਕਾਲਮੂਰਤਿ- ਦੇ ਅਰਥ ਹਨ ਪ੍ਰਭੂ "ਅਕਾਲਪੁਰਖ" ਹੀ ਇਕੋ ਇੱਕ ਅਜਿਹੀ ਹਸਤੀ ਹੈ ਜਿਹੜੀ ਸਮੇਂ ਦੀ ਹੱਦ ਤੋਂ ਪਰੇ ਹੈ ਅਤੇ ਜਨਮ-ਮਰਨ `ਚ ਨਹੀਂ ਆਉਂਦੀ।

ਇਥੇ ਮੰਗਲਾਚਰਣ ਵਿੱਚਲਾ ਵਿਸ਼ੇਸ਼ਨ ‘ਅਕਾਲਮੂਰਤਿ’ ਵੀ "ਅਕਾਲ" +" ਮੂਰਤਿ" ਮੰਗਲਾਚਰਣ ਵਿੱਚਲੇ ਬਾਕੀ ਵਿਸ਼ੇਸ਼ਨਾ ਵਾਂਙ ਦੋ ਲਫ਼ਜ਼ਾਂ ਦੀ ਸੰਧੀ ਤੋਂ ਹੈ ਅਤੇ ਕੇਵਲ ਤੇ ਕੇਵਲ ਲਈ ਹੀ ਹੈ।

ਉਂਝ ਪ੍ਰਭੂ ਰਚਨਾ ਦੀ ਹਰੇਕ ਸ਼ੈ, ਜਿਸ ਨੂੰ ਦੇਖ ਜਾਂ ਛੂਹ ਸਕਦੇ ਹਾਂ, ਸਮਾਂ ਬਧ ਹੈ। ਜੜ੍ਹ ਹੋਵੇ ਜਾਂ ਚੇਤੰਨ, ਹਰੇਕ ਦਾ ਅਰੰਭ, ਉਪ੍ਰੰਤ ਜਨਮ, ਬਚਪਣ, ਜੁਆਨੀ, ਬੁਢਾਪਾ ਤੇ ਅੰਤ ਅਵੱਸ਼ ਹੁੰਦੇ ਹਨ।

ਜਦਕਿ ਇਹ ਸਿਫ਼ਤ ਕੇਵਲ ਕਰਤੇ ਪ੍ਰਭੂ `ਚ ਹੀ ਹੈ ਕਿ ਦਾ ਨਾ ਆਦਿ ਹੈ ਤੇ ਨਾ ਅੰਤ। ਸਮੂਚੀ ਰਚਨਾ ਦੇ ਉਲਟ, ਕੇਵਲ ਪ੍ਰਭੂ ਹੀ ਸਦੀਵੀ ਹੈ। ਇਹ ਵੀ ਕਿ ਪ੍ਰਭੂ `ਤੇ ਸਮੇਂ ਦਾ ਕਿਸੇ ਪ੍ਰਕਾਰ ਦਾ ਵੀ ਪ੍ਰਭਾਵ ਨਹੀਂ ਪੈਂਦਾ। ਉਪ੍ਰੰਤ ਵਿਸ਼ੇਸ਼ਨ ‘ਅਕਾਲਮੂਰਤਿ’ ਦੇ ਅਰਥ ਕੁੱਝ ਹੋਰ ਵੇਰਵੇ ਸਹਿਤ:-

ਇਥੇ ਸ਼ਬਦ ‘ਅਕਾਲ’ ਇਸਤ੍ਰਲਿੰਗ ਹੈ। ਜੇਕਰ ਇਥੇ ‘ਅਕਾਲ’ ਵੀ ਸਤਿਨਾਮੁ, ਕਰਤਾਪੁਰਖੁ ਨਿਰਭਉ, ਨਿਰਵੈਰੁ ਵਾਂਙ ਪੁਲਿੰਗ ਤੇ ਦਾ ਸਿੱਧਾ ਗੁਣਵਾਚਕ ਵਿਸ਼ੇਸ਼ਨ ਹੁੰਦਾ ਤਾਂ ਇਸ ਦਾ ਰੂਪ ਵੀ ‘ਅਕਾਲ’ ਦੀ ਬਜਾਇ ‘ਅਕਾਲੁ’ ਭਾਵ ਇਸ ਦੇ ‘ਲ’ ਦੇ ਪੈਰ ਹੇਠਾਂ ਵੀ ‘ੁ’ (ਔਂਕੜ) ਹੋਣਾ ਸੀ

ਠੀਕ ਉਸੇ ਤਰ੍ਹਾਂ ਜਿਵੇਂ ਨਿਰਭਉ, ਨਿਰਵੈਰੁ ਆਦਿ ਦੇ ਪੈਰਾਂ `ਚ। ਪਰ ਇਥੇ ‘ਮੂਰਤਿ’ ਲਫ਼ਜ਼ ‘ਅਕਾਲ’ ਦਾ ਵਿਸ਼ੇਸ਼ਣ ਹੈ ਜਿਹੜਾ ਕਿ ਇਸਤ੍ਰੀਲਿੰਗ ਹੈ ਅਤੇ ਇਸ ਦੇ ਅਰਥ ਹਨ ਪ੍ਰਭੂ ਕੇਵਲ ਕਲਪਣਾ ਮਾਤ੍ਰ ਨਹੀਂ ਬਲਕਿ ਨਿਸ਼ਚੇ ਹੀ ਹੋਂਦ ਵਾਲੀ ਹਸਤੀ ਹੈ।

ਇਸ ਦੇ ਉਲਟ ਜੇਕਰ ਇਥੇ ਲਫ਼ਜ਼ ‘ਮੂਰਤਿ’ ਵੀ ਜੇ ਕਰ ਪੁਲਿੰਗ ਹੁੰਦਾ ਤਾਂ ਇਸ ਦਾ ਸਰੂਪ ਵੀ ਸਿਹਾਰੀ ਸਹਿਤ ਨਹੀਂ ਸੀ ਹੋਣਾ ਬਲਕਿ ‘ਮੂਰਤ’ ਹੋਣਾ ਸੀ ਜਿਹੜਾ ਕਿ ਸੰਸਕ੍ਰਿਤ ਦੇ ਲਫ਼ਜ਼ ਮੁਹੁਰਤ ਦਾ ਬਦਲਵਾਂ ਰੂਪ ਹੈ।

ਇਥੇ ਮੂਰਤਿ ਦਾ ਅਰਥ ਹੈ , ਬਿਨਾ ਸ਼ੱਕ ਹਸਤੀ ਵਾਲਾ ਹੈ, ਕੇਵਲ ਕਲਪਨਾ ਮਾਤ੍ਰ ਨਹੀਂ, ਪ੍ਰਭੂ ਦੀ ਆਪਣੀ ਨਿਵੇਕਲੀ ਹੋਂਦ ਹੈ।

ਉਂਝ ਲਫ਼ਜ਼ ‘ਅਕਾਲਮੂਰਤਿ’ ਦੇ ਅਰਥ ਹਨ ਰੂਪ, ਰੇਖ ਰੰਗ ਤੋਂ ਨਿਾਅਰਾ ਹੋਣ ਦੇ ਬਾਵਜੂਦ ਕਰਤਾ ਪ੍ਰਭੂ ਸਮੇਂ ਦੀ ਹਦ ਤੋਂ ਪਰੇ ਵੀ ਹੈ ਤੇ ਹਸਤੀ ਵਾਲਾ ਵੀ ਹੈ, ਕੇਵਲ ਕਲਪਨਾ ਮਾਤ੍ਰ ਨਹੀ

ਅਜੂਨੀ -ਸੰਸਾਰ ਦੀ ਹਰੇਕ ਸ਼ੈ ਇੱਕ ਜਾਂ ਦੂਜੀ ਖਾਨੀ ਅਥਵਾ ਉਤਪਤੀ ਦੇ ਢੰਗ ਦੀ ਮੋਹਤਾਜ ਹੁੰਦੀ ਹੈ। ਉਹ ਸੰਸਾਰ `ਚ ਪ੍ਰਗਟ `ਤੇ ਸਥਾਪਤ ਹੋਣ ਦੇ ਢੰਗ ਨਾਲ ਸੰਬੰਧਤ ਹੁੰਦੀ ਹੈ। ਅਮੁੱਕੀ ਜੂਨ ਰਾਹੀਂ ਸੰਸਾਰ `ਚ ਆਈ ਹੁੰਦੀ ਹੈ, ਉਸ ਦਾ ਜਨਮ ਹੋਇਆ ਹੁੰਦਾ ਜਾਂ ਹੋਂਦ `ਚ ਆਈ ਹੁੰਦੀ ਹੈ।

ਜਦਕਿ "ਥਾਪਿਆ ਨ ਜਾਇ ਕੀਤਾ ਨ ਹੋਇ॥ ਆਪੇ ਆਪਿ ਨਿਰੰਜਨੁ ਸੋਇ" (ਬਾਣੀ ਜਪੁ) ਆਦਿ। ਭਾਵ ਇਕੋ ਇੱਕ ਕਰਤਾ ਹੀ ਨਿਵੇਕਲੀ ਹਸਤੀ ਹੈ ਜਿਹੜੀ ਕਿਸੇ ਵੀ ਜੂਨੀ `ਚ ਨਹੀਂ ਆਉਂਦੀ ਤੇ ਜਿਸ ਦਾ ਜਨਮ ਅਥਵਾ ਸਥਾਪਨਾ ਕਿਸੇ ਵੀ ਢੰਗ ਨਾਲ ਨਹੀਂ ਹੁੰਦੀ।

ਇਥੇ ਸ਼ਬਦ ‘ਅਜੂਨੀ’ ਵੀ ‘ਅ+ਜੂਨੀ’ ਭਾਵ ਜੂਨੀ ਤੋਂ ਅਜੂਨੀ, ਦੋ ਅੱਖਰਾਂ ਦੇ ਜੋੜ ਤੋਂ ਬਣਿਆ ਹੋਇਆ ਹੈ।

ਸੈਭੰ- ਮੰਗਲਾਚਰਣ ਵਿੱਚਲੇ ਦੇ ਬਾਕੀ ਸਮੂਹ ਵਿਸ਼ੇਸ਼ਨਾਂ ਵਾਂਙ ਸੈਭੰ ਦਾ ਮੂਲ ਵੀ ਸੈ+ਭੰ ਭਾਵ ਦੋ ਅੱਖਰਾਂ ਜੋੜ ਅਤੇ ਸੁਮੇਲ ਤੋਂ ਹੀ ਹੈ।

ਉਂਝ ਇਥੇ ਸੈਭੰ ਸੰਸਕਿੁਤ ਦੇ ਸ਼ਬਦ ਸਯੰਭੂ ਦਾ ਹੀ ਪੰਜਾਬੀ ਰੂਪ ਹੈ। ‘ਸੈਭੰ’ ਦਾ ਅਰਥ ਹੈ ਕਰਤੇ ਦੀ ਹੋਂਦ ਸੁਤੇ-ਸਿਧ ਆਪਣੇ ਆਪ ਤੋਂ ਹੈ। ਅਥਵਾ ਅਕਾਲਪੁਰਖ ਕਰਤੇ ਪ੍ਰਭੂ ਨੂੰ ਬਨਾਉਣ ਵਾਲਾ ਜਾਂ ਪੈਦਾ ਕਰਣ ਵਾਲਾ ਕੋਈ ਵੀ ਹੋਰ ਨਹੀਂ ਅਤੇ ਪ੍ਰਭ ਕਿਸੇ ਮਾਤਾ ਆਦਿ ਦੇ ਗਰਭ `ਚ ਉਸ ਦਾ ਅਸਥਾਪਣ ਨਹੀਂ ਹੁੰਦਾ। ਕਰਤੇ ਪ੍ਰਭੂ ਦਾ ਪ੍ਰਕਾਸ਼ ਸੁਤੇ-ਸਿਧ ਆਪਣੇ ਆਪ ਤੋਂ ਹੈ।

ਗੁਰਪ੍ਰਸਾਦਿ- ਜਿਸ ੴ `ਚ "ਕਰਤਾਪੁਰਖੁ ਨਿਰਭਉ ਨਿਰਵੈਰੁ ਅਕਾਲਮੂਰਤਿ ਅਜੂਨੀ ਸੈਭੰ" ਵਾਲੇ ਸਮੂਹ ਗੁਣ ਹਨ, ਉਸ ਨਾਲ ਜੀਵ ਦਾ ਮਿਲਾਪ ਕੇਵਲ ਅਤੇ ਕੇਵਲ ਗੁਰੂ (ਸ਼ਬਦ ਗੁਰੂ) ਦੀ ਬਖ਼ਸ਼ਿਸ਼ ਤੇ ਕ੍ਰਿਪਾ ਨਾਲ ਹੀ ਸੰਬਵ ਹੈ।

ਇਉਂ ਵੀ ਕਹਿ ਲਵੀਏ ਕਿ ਆਪ ਹੀ ਗੁਰੂ ਰੂਪ ਹੋ ਕੇ ਹਰੇਕ ਗੁਰਮੁਖ ਜੀਊੜੇ `ਤੇ ਕ੍ਰਿਪਾ ਕਰਕੇ ਉਸਦੇ ਜੀਵਨ `ਚੋਂ ਪ੍ਰਗਟ ਹੋ ਜਾਂਦਾ ਹੈ।

ਇਸ ਤਰ੍ਹਾਂ ਉਹ ਮਨੁੱਖ, ਗੁਰਦੀ ਬਖ਼ਸ਼ਿਸ਼ ਤੇ ਕ੍ਰਿਪਾ ਸਦਕਾ ਜੀਂਦੇ ਜੀਅ, ਆਪਣੇ ਅਸਲੇ `ਚ ਹੀ ਸਮਾਅ ਜਾਂਦਾ, ਉਸੇ `ਚ ਅਭੇਦ ਹੋ ਜਾਂਦਾ ਹੈ। ਉਹ ਮੁੜ ਜਨਮਾਂ ਜੂਨਾਂ ਤੇ ਗਰਭਾਂ ਦੇ ਗੇੜ `ਚ ਨਹੀਂ ਪੈਂਦਾ।

ਇਸ ਤਰ੍ਹਾਂ ਉਸ ਜੀਵ ਦਾ ਪ੍ਰਾਪਤ ਮਨੁੱਖਾ ਜਨਮ ਸਫ਼ਲ ਹੋ ਜਾਂਦਾ ਹੈ ਅਤੇਸ਼ ਉਸ ਦਾ ਚਿਰੰਕਾਲ ਤੋਂ ਚਲਦਾ ਆ ਰਿਹਾ ਮਨ ਦੇ ਰੂਪ `ਚ ਤੋਂ ਵਿਛੋੜਾ, ਸਦਾ ਲਈ ਸਮਾਪਤ ਹੋ ਜਾਂਦਾ ਹੈ, । ਜਿਵੇਂ:-

() "ਇਹੁ ਮਨੁ ਕੇਤੜਿਆ ਜੁਗ ਭਰਮਿਆ ਥਿਰੁ ਰਹੈ ਨ ਆਵੈ ਜਾਇ॥ ਹਰਿ ਭਾਣਾ ਤਾ ਭਰਮਾਇਅਨੁ ਕਰਿ ਪਰਪੰਚੁ ਖੇਲੁ ਉਪਾਇ॥ ਜਾ ਹਰਿ ਬਖਸੇ ਤਾ ਗੁਰ ਮਿਲੈ ਅਸਥਿਰੁ ਰਹੈ ਸਮਾਇ॥ ਨਾਨਕ ਮਨ ਹੀ ਤੇ ਮਨੁ ਮਾਨਿਆ ਨਾ ਕਿਛੁ ਮਰੈ ਨ ਜਾਇ" (ਪੰ: ੫੧੩-੧੪) ਆਦਿ

(ਚਲਦਾ) #Instt. 05--Suhi ki.Vaar M.3--03.18#v.

ਸਾਰੇ ਪੰਥਕ ਮਸਲਿਆਂ ਦਾ ਹੱਲ ਅਤੇ ਸੈਂਟਰ ਵੱਲੋਂ ਲਿਖੇ ਜਾ ਰਹੇ ਸਾਰੇ ‘ਗੁਰਮੱਤ ਪਾਠਾਂ’, ਪੁਸਤਕਾ ਤੇ ਹੁਣ ਗੁਰਮੱਤ ਸੰਦੇਸ਼ਾ ਵਾਲੀ ਅਰੰਭ ਹੋਈ ਲੜੀ, ਇਨ੍ਹਾਂ ਸਾਰਿਆਂ ਦਾ ਮਕਸਦ ਇਕੋ ਹੈ-ਤਾ ਕਿ ਹਰੇਕ ਸੰਬੰਧਤ ਪ੍ਰਵਾਰ ਅਰਥਾਂ ਸਹਿਤ ‘ਗੁਰੂ ਗ੍ਰੰਥ ਸਾਹਿਬ’ ਜੀ ਦਾ ਸਹਿਜ ਪਾਠ ਸਦਾ ਚਾਲੂ ਰਖ ਕੇ ਆਪਣੇ ਜੀਵਨ ਨੂੰ ਗੁਰਬਾਣੀ ਸੋਝੀ ਵਾਲਾ ਬਣਾਏ। ਅਰਥਾਂ ਲਈ ਦਸ ਭਾਗ ‘ਗੁਰੂ ਗ੍ਰੰਥ ਦਰਪਣ’ ਪ੍ਰੋ: ਸਾਹਿਬ ਸਿੰਘ ਜਾਂ ਚਾਰ ਭਾਗ ਸ਼ਬਦਾਰਥ ਲਾਹੇਵੰਦ ਹੋਵੇਗਾ ਜੀ।

ਸੂਹੀ ਕੀ ਵਾਰ ਮਹਲਾ ੩

(ਪੰ: ੭੮੫ ਤੋਂ੭੯੨)

ਸਟੀਕ, ਲੋੜੀਂਦੇ ਗੁਰਮੱਤ ਵਿਚਾਰ ਦਰਸ਼ਨ ਸਹਿਤ

(ਕਿਸ਼ਤ-ਪੰਜਵੀਂ)

For all the Self Learning Gurmat Lessons (Excluding Books) written by ‘Principal Giani Surjit Singh’ Sikh Missionary, Delhi-All the rights are reserved with the writer himself; but easily available in proper Deluxe Covers for

(1) Further Distribution within ‘Guru Ki Sangat’

(2) For Gurmat Stalls

(3) For Gurmat Classes & Gurmat Camps

with intention of Gurmat Parsar, at quite nominal printing cost i.e. mostly Rs 400/-(but in rare cases Rs. 450/-) per hundred copies (+P&P.Extra) From ‘Gurmat Education Centre, Delhi’, Postal Address- A/16 Basement, Dayanand Colony, Lajpat Nagar IV, N. Delhi-24

Ph 91-11-26236119, 46548789 ® Ph. 91-11-26487315 Cell 9811292808

Emails- gurbaniguru@yahoo.com & gianisurjitsingh@yahoo.com

web sites-

www.gurbaniguru.org

theuniqeguru-gurbani.com

gurmateducationcentre.com




.