.

ਰੱਬੀ ਮਿਲਨ ਦੀ ਬਾਣੀ

ਸਲੋਕ ਮ: ੯

ਦੀ ਵਿਚਾਰ

ਭਾਗ - 13

ਵੀਰ ਭੁਪਿੰਦਰ ਸਿੰਘ

11. ਗਿਆਰ੍ਹਵਾਂ ਸਲੋਕ -

ਪਾਂਚ ਤਤ ਕੋ ਤਨੁ ਰਚਿਓ ਜਾਨਹੁ ਚਤੁਰ ਸੁਜਾਨ ॥

ਜਿਹ ਤੇ ਉਪਜਿਓ ਨਾਨਕਾ ਲੀਨ ਤਾਹਿ ਮੈ ਮਾਨੁ ॥11॥

ਸਾਡਾ ਸਰੀਰ ਪੰਜਾਂ ਤੱਤਾ ਦਾ ਬਣਿਆ ਹੈ ਪਰ ਇਹ ਗਲ ਇੱਥੋਂ ਤੱਕ ਸੀਮਿਤ ਨਹੀਂ ਹੈ। ਜਾਨਹੁ ਚਤੁਰ ਸੁਜਾਨ ਹੈ ਤਾਂ ਜ਼ਰੂਰ ਹੋਰ ਕੋਈ ਗਹਿਰਾਈ ਹੈ। ਗੁਰੂ ਸਾਹਿਬ ਸਾਨੂੰ ਜੀਵਨ ਸੇਧ ਦੇਣਾ ਚਾਹੁੰਦੇ ਹਨ ਜਿਸਨੂੰ ਸਮਝਣਾ ਬਹੁਤ ਜ਼ਰੂਰੀ ਹੈ। ਗੁਰੂ ਪਾਤਸ਼ਾਹ ਆਪਣੀ ਬਾਣੀ ਵਿਚ ਕਹਿ ਰਹੇ ਹਨ ਕਿ, ਜਿਨਾ ਸਤਿਗੁਰੁ ਪੁਰਖੁ ਨ ਸੇਵਿਓ ਸਬਦਿ ਨ ਕੀਤੋ ਵਿਚਾਰੁ ॥

ਓਇ ਮਾਣਸ ਜੂਨਿ ਨ ਆਖੀਅਨਿ ਪਸੂ ਢੋਰ ਗਾਵਾਰ ॥ (1418) ਜਿਸ ਵੀ ਇਨਸਾਨ ਨੇ ਸੱਚ ਨੂੰ ਨਹੀਂ ਸਮਝਿਆ ਅਤੇ ਉਸ ਅਨੁਸਾਰ ਨਹੀਂ ਜੀਵਿਆ ਤਾਂ ਉਹ ਮਨੁੱਖਾ ਜੂਨ ਵਿਚ ਹੈ ਹੀ ਨਹੀਂ। ਇਹ ਗੁਰੂ ਗ੍ਰੰਥ ਸਾਹਿਬ ਜੀ ਮੁਤਾਬਕ ਮਾਨਸ ਜੂਨ ਦੀ ਪਰਿਭਾਸ਼ਾ ਹੈ। ਅਸੀਂ ਇਨਸਾਨ ਹੈ ਹੀ ਨਹੀਂ। ਅਸੀਂ ਪਸ਼ੂ ਢੋਰ ਗਵਾਰ ਹਾਂ ਜੇ ਸੱਚ ਤੇ ਜਿਊ ਨਹੀਂ ਰਹੇ।

ਨੋਟ: ਇਸ ਪੰਕਤੀ ਵਿਚ ‘ਜਾਨਹੁ’ ਦੇ ‘ਹ’ ਨੂੰ ਔਕੜ ਹੈ। ਜਦੋਂ ਵੀ ‘ਹ’ ਨੂੰ ਔਕੜ ਹੋਵੇ ਜਿਵੇਂਕਿ, ‘ਆਵਹੁ ਮੀਤ ਪਿਆਰੇ ॥ ਮੰਗਲ ਗਾਵਹੁ ਨਾਰੇ ॥’ (764) ਜਾਂ ‘ਆਵਹੁ ਸਿਖ ਸਤਿਗੁਰੂ ਕੇ ਪਿਆਰਿਹੋ ਗਾਵਹੁ ਸਚੀ ਬਾਣੀ ॥’ (920) ਜਦੋਂ ਵੀ ‘ਹ’ ਨੂੰ ਔਕੜ ਹੋਵੇ ਉੱਥੇ ਹੁਕਮੀ ਭਵਿਖਤ ਕਾਲ ਵਿਚ ‘ਹ’ ਤੇ ਜ਼ੋਰ ਪਾਕੇ ਉਚਾਰਨ ਕਰਨਾ ਚਾਹੀਦਾ ਹੈ।

ਗੁਰੂ ਪਾਤਸ਼ਾਹ ਕਹਿ ਰਹੇ ਹਨ ਕਿ ਸਾਡਾ ਸਰੀਰ ਪੰਜ ਤੱਤਾਂ ਅੱਗ, ਪਾਣੀ, ਧਰਤੀ, ਹਵਾ ਤੇ ਅਕਾਸ਼ ਦਾ ਬਣਿਆ ਹੋਇਆ ਹੈ। ਪਰ ਸਾਨੂੰ ਇਹ ਸਮਝਣਾ ਹੈ ਕਿ ਪੰਜਾਂ ਤੱਤਾ ਦਾ ਸਰੀਰ ਬਣਿਆ ਹੈ ਤੇ ਸਫਲਾ ਕਿੰਝ ਬਣਾਉਣਾ ਹੈ। ਪੰਜ ਤੱਤਾ ਦਾ ਸਰੀਰ ਸ਼ੇਰ ਦਾ ਵੀ ਬਣਿਆ। ਹੁਣ ਸਾਰਿਆਂ ਦਾ ਪੰਜਾਂ ਤੱਤਾਂ ਦਾ ਬਣਿਆ ਹੈ ਤੇ ਲਫਜ਼ੀ ਅਰਥ ਛੇਤੀ ਨਾਲ ਕਰ ਕੇ ਅੱਗੇ ਚਲ ਪਈਏ ਤਾਂ ਗੁਰੂ ਪਾਤਸ਼ਾਹ ਜੀ ਵੱਲੋਂ ਦਿੱਤੇ ਰਤਨ ਜਵਾਹਰ ਪੱਲੇ ਨਹੀਂ ਪੈਂਦੇ।

ਪੰਜਾਂ ਤੱਤਾਂ ਦਾ ਸਰੀਰ ਬਣਿਆ ਹੈ ਪੰਜਾਂ ਤੱਤਾਂ ਵਿਚ ਮਿਲ ਜਾਏਗਾ। ‘ਪਾਂਚ ਤਤ ਕੋ ਤਨੁ ਰਚਿਓ ਜਾਨਹੁ ਚਤੁਰ ਸੁਜਾਨ ॥’ ਇਸ ਪੰਕਤੀ ਵਿਚ ਧਿਆਨ ਦੇਣ ਜੋਗ ਗਲ ਇਹ ਹੈ ਕਿ ਜਾਨਹੁ ਦੇ ‘ਹ’ ਨੂੰ ਔਕੜ ਹੈ। ਭਾਵ, ਐ ਮਨੁੱਖ ਤੂੰ ਇਵੇ ਹੀ ਚਲਾਕ-ਚਤੁਰ ਬਣਿਆ ਫਿਰਦਾ ਹੈਂ, ਆਪਣੇ ਆਪ ਨੂੰ ਸਿਆਣਾ ਕਰਕੇ ਜਾਣਦਾ ਹੈਂ, ਆਪਣੇ ਤੋਂ ਕਮਜ਼ੋਰ ਲੋਕਾਂ ਦਾ ਸ਼ੋਸ਼ਣ ਕਰ ਸਕਦਾ ਹੈਂ, ਗੱਲਾਂ ਘੁਮਾ ਸਕਦਾ ਹੈਂ, ਝੂਠ ਬੋਲ ਸਕਦਾ ਹੈਂ, ਹੇਰਾ ਫੇਰੀ ਕਰ ਸਕਦਾ ਹੈਂ, ਝੂਠ ਬੋਲਣ ਵਿਚ ਵੀ ਇਤਨੀ ਮਹਾਰਤ ਕਿ ਤੇਰੇ ਚਿਹਰੇ ਤੋਂ ਪਤਾ ਨਾ ਚਲੇ, ਆਪਣੀ ਜ਼ੁਬਾਨ ਤੋਂ ਇਕਦਮ ਫਿਰ ਜਾਂਦਾ ਹੈਂ ਆਦਿ। ਇਹ ਸਾਰੀਆਂ ਅਸਲੀ ਸਿਆਣਪ ਨਹੀਂ ਹਨ। ਹਵਾ, ਪਾਣੀ, ਅਗਨੀ, ਅਕਾਸ਼ ਤੇ ਧਰਤੀ ਇਨ੍ਹਾਂ ਪੰਜ ਤੱਤਾਂ ਦਾ ਸਰੀਰ ਬਣਿਆ ਹੈ ਅਤੇ ਤੈਨੂੰ ਇਸਦੇ ਵਿੱਚੋਂ ਧਾਰਮਿਕਤਾ ਦੇ (ਸਪਰਿਟਿੁੳਲਟਿੇ) ਪੰਜ ਤੱਤ ਹੋਰ ਪੈਦਾ ਕਰਨੇ ਹਨ ਜਿਸ ਰਾਹੀਂ ਮਨ ਦਾ ਤਨ ਬਣਾਉਣਾ ਹੈ। ਉਹ ਪੰਜ ਤੱਤ ਕਿਹੜੇ ਹਨ ਇਹ ਸਮਝਣਾ ਹੈ।

ਇਹ ਪੰਚ ਤੱਤ ਉਹ ਹਨ ਜਿਨ੍ਹਾਂ ਨਾਲ ‘ਮਨ’ ਦਾ ਸਰੀਰ ਬਣਦਾ ਹੈ। ਸੋ ਹੁਣ ਉਨ੍ਹਾਂ ਪੰਜਾ ਤੱਤਾਂ ਦੀ ਗੱਲ ਕਰੀਏ ਗੁਰੂ ਪਾਤਸ਼ਾਹ ਕਹਿੰਦੇ ਹਨ ‘ਮਨੁ ਮਾਰੇ ਧਾਤੁ ਮਰਿ ਜਾਇ’ ਇਸ ਪੰਕਤੀ ਵਿਚ ਧਾਤ ਕੀ ਹੈ? ਧਾਤ ਹਨ ਵਿਕਾਰ - ਕਾਮ, ਕ੍ਰੌਧ, ਲੋਭ, ਮੋਹ, ਹੰਕਾਰ ਆਦਿ। ਇਹ ਵਿਕਾਰ ਸਾਡੇ ਸਰੀਰ ਦੇ ਅੰਦਰ ਹਨ। ਇਸ ਸਾਡੇ ਸਰੀਰਕ ਪੰਜਾਂ ਤੱਤਾਂ ਦੇ ਨਾਲ ਹੀ ਆਏ ਹਨ। ਇਹਨਾਂ ਪੰਜਾਂ ਤੱਤਾਂ ਦੇ ਨਾਲ ਕਾਮ, ਕ੍ਰੋਧ, ਲੋਭ ਆਦਿ ਵਿਕਾਰ ਦੇ ਨਾਲ ਇਕ ਸੰਤੁਲਿਤ ਕਰਕੇ ਇਨ੍ਹਾਂਨੂੰ ਕਾਬੂ ਕਰ ਕੇ ਇਕ ਨਵਾਂ ਸਰੀਰ ਬਣਾ। ਗੁਰਬਾਣੀ ਦਾ ਕਥਨ ਹੈ - ‘ਸਤਿਗੁਰ ਕੈ ਜਨਮੇ ਗਵਨੁ ਮਿਟਾਇਆ’ ਜਦੋਂ ਸਤਿਗੁਰ ਦੇ ਘਰ ਤੂੰ ਜਨਮ ਲਵੇਂਗਾ, ਉਹ ਜਿਹੜਾ ਤੇਰਾ ਕਾਬੂ ਹੋਏ ਪੰਜਾਂ ਤੱਤਾਂ ਦਾ ਸਰੀਰ ਬਣਾਏਗਾ ਉਸਨੂੰ ‘ਜਾਨਹੁ ਚਤੁਰ ਸੁਜਾਨ’ ਤਾਂ ਉਸਨੂੰ ਸੁਜਾਨ ਸਮਝੋ। ਪਰ ਹੁਣੇ ਤਾਂ ਚੰਚਲ ਮਤ ਹੈ। ਗੁਰਬਾਣੀ ਦਾ ਕਥਨ ਹੈ - ‘ਗੁਰ ਸਾਖੀ ਕਾ ਉਜੀਆਰਾ ॥ ਤਾ ਮਿਟਿਆ ਸਗਲ ਅੰਧੵਾਰਾ ॥ ਗੁਰ ਸਾਖੀ ਅੰਤਰਿ ਜਾਗੀ ॥ ਤਾ ਚੰਚਲ ਮਤਿ ਤਿਆਗੀ ॥’ (599) ਜਦੋਂ ਗੁਰੂ ਦੀ ਸਿਖਿਆ ਅੰਦਰ ਜਾਗ ਪਈ ਤਾਂ ਮੇਰੇ ਅੰਦਰੋਂ ਫਰੇਬ ਕਰਨ ਵਾਲੀ ਮਤ, ਦੂਜਿਆਂ ਨੂੰ ਦਬਾਉਣ ਵਾਲੇ ਮਲੀਨ ਖਿਆਲ, ਲੋਕਾਂ ਨੂੰ ਲੜਾਉਣ ਵਾਲੀ ਸੋਚਣੀ, ਲੋਕਾਂ ਨਾਲ ਵੈਰੀ-ਮੀਤ ਵਾਲੀ ਅਤੇ ਤੇਰ-ਮੇਰ ਕਰਨ ਵਾਲੀ ਆਦਤ, ਅੰਦਰੋਂ ਹੋਰ ਬਾਹਰੋਂ ਹੋਰ ‘ਜਿਨ੍ ਮਨਿ ਹੋਰੁ ਮੁਖਿ ਹੋਰੁ’ ਆਦਿ ਐਸੀਆਂ ਜਿਤਨੀਆਂ ਵੀ ਮੇਰੀਆਂ ਮਨੋ ਬਿਰਤੀਆਂ ਸਨ ਉਹ ਸਾਰੀਆਂ ਮੁੱਕ ਗਈਆਂ। ਮੇਰੀ ਚੰਚਲ ਮਤ ਚਲੀ ਗਈ। ਜਦੋਂ ਚੰਚਲ ਮੱਤ ਚਲੀ ਜਾਂਦੀ ਹੈ ਤਾਂ ਕਾਮ, ਕ੍ਰੋਧ, ਲੋਭ ਮੋਹ ਅਹੰਕਾਰ ਕਾਬੂ ਆ ਜਾਂਦੇ ਹਨ। ਜਦੋਂ ਕਾਬੂ ਆ ਜਾਂਦੇ ਹਨ ਤਾਂ ਇਸਨੂੰ ਜਾਨਹੁ ਚਤੁਰ ਸੁਜਾਨ ਸਮਝ। ਇਹ ਹੁਣ ਸਕਾਰਾਤਮਕ ਲਹਿਜ਼ੇ ਵਿਚ ਕਹਿ ਰਹੇ ਹਨ ਤਾਂ ਇਸਨੂੰ ਤੂੰ ਚੰਗਾ ਸਮਝ, ਇਸਨੂੰ ਤੂੰ ਲਾਇਕ ਸਮਝ, ਉਸਨੂੰ ਕਹਿੰਦੇ ਹਨ ਬਿਬੇਕ ਬੁਧੀ ਵਾਲਾ।

ਗੁਰੂ ਪਾਤਸ਼ਾਹ ਕਹਿੰਦੇ ਹਨ, ਚਤੁਰਾਈ ਸਿਆਣਪਾ ਕਿਤੈ ਕਾਮਿ ਨ ਆਈਐ ॥ ਤੁਠਾ ਸਾਹਿਬੁ ਜੋ ਦੇਵੈ ਸੋਈ ਸੁਖੁ ਪਾਈਐ ॥ (396) ਜਿਤਨੀ ਚਤੁਰਾਈ ਸਿਆਣਪਾਂ ਅਸੀਂ ਕਰਦੇ ਹਾਂ ਉਹ ਕਿਸੇ ਕੰਮ ਨਹੀਂ ਆਉਂਦੀਆਂ। ਕਿਉਂਕਿ ਚਤੁਰਾਈ ਸਿਆਣਪਾਂ ਬਾਹਰ ਰਹਿ ਜਾਂਦੀਆਂ ਹਨ। ਉਸ ਨਾਲ ਅਸੀਂ ਦੁਨੀਆਵੀ ਪਦਾਰਥ ਤਾਂ ਕਮਾਂ ਸਕਦੇ ਹਾਂ ਪਰ ਇਹ ਚਤੁਰਾਈ-ਸਿਆਣਪ ਸਾਡੇ ਕਾਮ, ਕ੍ਰੋਧ ਆਦਿ ਵਿਕਾਰਾਂ ਨੂੰ ਨਹੀਂ ਰੋਕ ਸਕਦੀਆਂ। ਹੰਕਾਰ ਨੂੰ ਚੰਚਲ ਮਤ ਘੁਮਾ ਰਹੀ ਹੈ।

ਪਾਂਚ ਤਤ ਕੋ ਤਨੁ ਰਚਿਓ ਜਾਨਹੁ ਚਤੁਰ ਸੁਜਾਨ ॥

ਜਿਹ ਤੇ ਉਪਜਿਓ ਨਾਨਕਾ ਲੀਨ ਤਾਹਿ ਮੈ ਮਾਨੁ ॥

ਜਿਸ ਰੱਬ ਤੋਂ ਪੈਦਾ ਹੋਏ ਹਾਂ ਉਸ ਤੋਂ ਪੈਦਾ ਹੋਣ ਵੇਲੇ ਤਾਂ ਇਹ ਪੰਜ ਤੱਤ ਸਾਨੂੰ ਮਿਲੇ ਹਨ ਇਸੇ ਸਰੀਰ ਦੇ ਅੰਦਰ ‘ਮਾਣਸੁ ਭਰਿਆ ਆਣਿਆ ਮਾਣਸੁ ਭਰਿਆ ਆਇ ॥’ (554) ਦਾ ਭਾਵ ਹੈ ਕਿ ਜਦੋਂ ਅਸੀਂ ਮਨੁੱਖਾ ਸਰੀਰ ਲੈਕੇ ਆਉਂਦੇ ਹਾਂ ਤਾਂ ਇਸ ਵਿੱਚ ਕਾਮ, ਕ੍ਰੋਧ ਆਦਿ ਜਨਮ ਤੋਂ ਹੀ ਮਿਲੇ ਹਨ। ਇਨ੍ਹਾਂ ਨੂੰ ਛੱਡਣਾ ਨਹੀਂ ਹੈ, ਇਹ ਕੀਮਤੀ ਹਨ।

ਸੋ ਇਨ੍ਹਾਂ ਵਿਕਾਰਾਂ ਨੂੰ ਸਹੀ ਦਿਸ਼ਾ ਵਿਚ ਵਰਤਣਾ ਹੈ। ਜਦੋਂ ਅਸੀਂ ਇਨ੍ਹਾਂ ਨੂੰ ਸਹੀ ਦਿਸ਼ਾ ਦੇਵਾਂਗੇ ਤਾਂ ਇਹ ਰੱਬੀ ਇਕਮਿਕਤਾ ਲਈ ਮੇਰੇ ਸਹਾਈ ਹੁੰਦੇ ਹਨ। ‘ਲੀਨ ਤਾਹਿ ਮੈ ਮਾਨੁ’ ਤੋਂ ਭਾਵ ਹੈ ਕਿ ਰੱਬੀ ਲੀਨਤਾ ਵੀ ਇਨ੍ਹਾਂ ਨੂੰ ਸਹੀ ਦਿਸ਼ਾ ਦੇਕੇ ਹੀ ਪ੍ਰਾਪਤ ਹੁੰਦੀ ਹੈ। ਇਕ ਵਾਰ ਮੈਂ ਸਾਂਝ ਕੀਤੀ ਸੀ ਕਿ ‘ਜਿਤੁ ਪੀਤੈ ਮਤਿ ਦੂਰਿ ਹੋਇ ਬਰਲੁ ਪਵੈ ਵਿਚਿ ਆਇ ॥’ (554) ਇਹ ਸ਼ਬਦ ਕੇਵਲ ਅਸੀਂ ਸ਼ਰਾਬ ਲਈ ਹੀ ਵਰਤਦੇ ਹਾਂ। ਜਦੋਂ ਇਸ ਤੋਂ ਪਹਿਲੀ ਤੁੱਕ ਵੀ ਨਾਲ ਪੜ੍ਹਾਂਗੇ ਤਾਂ ਕਹਿੰਦੇ ਹਨ, ਮਾਣਸੁ ਭਰਿਆ ਆਣਿਆ ਮਾਣਸੁ ਭਰਿਆ ਆਇ ॥ ਜਿਤੁ ਪੀਤੈ ਮਤਿ ਦੂਰਿ ਹੋਇ ਬਰਲੁ ਪਵੈ ਵਿਚਿ ਆਇ ॥ (554)

ਮਨੁੱਖ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਆਦਿ ਵਿਕਾਰਾਂ ਦੇ ਨਾਲ ਹੀ ਇਸ ਧਰਤੀ ਤੇ ਆਉਂਦਾ ਹੈ। ਇਨ੍ਹਾਂ ਵਿਚੋਂ ‘ਜਿਤੁ ਪੀਤੈ’ ਭਾਵ ਜਿਹੜੇ ਵੀ ਵਿਕਾਰ ਦੇ ਨਸ਼ੇ ਵਿਚ ਮਨੁੱਖ ਰਹੇਗਾ ਉਸ ਦੀ ਮਤ ਟਿਕਾਣੇ ਨਹੀਂ ਰਹੇਗੀ। ਕਾਮ ਦੀ ਸ਼ਰਾਬ ਪੀਵੇਗਾ ਤਾਂ ਵੀ ਮੱਤ ਟਿਕਾਣੇ ਨਹੀਂ ਰਹੇਗੀ, ਕ੍ਰੋਧ ਦੀ ਸ਼ਰਾਬ ਪੀਵੇਗਾ ਤਾਂ ਵੀ ਮੱਤ ਟਿਕਾਣੇ ਨਹੀਂ ਰਹੇਗੀ, ਲੋਭ ਦੀ ਸ਼ਰਾਬ ਪੀਵੇਗਾ ਤਾਂ ਵੀ ਮੱਤ ਟਿਕਾਣੇ ਨਹੀਂ ਰਹੇਗੀ।

ਜਿਹੜੇ ਵੀ ਵਿਕਾਰ ਦਾ ਨਸ਼ਾ ਸਾਨੂੰ ਚੜ੍ਹ ਜਾਂਦਾ ਹੈ। ‘ਬਰਲੁ ਪਵੈ ਵਿਚਿ ਆਇ’ ਅਕਲ ਟਿਕਾਣੇ ਨਹੀਂ ਰਹਿੰਦੀ। ਗੰਦਗੀ ਹੋਰ ਆ ਜਾਂਦੀ ਹੈ ਤਾਂ ਉਸ ਨਾਲ ਕੀ ਹੋ ਜਾਂਦਾ ਹੈ? ‘ਆਪਣਾ ਪਰਾਇਆ ਨ ਪਛਾਣਈ ਖਸਮਹੁ ਧਕੇ ਖਾਇ ॥’ (554) ਆਪਣਾ ਪਰਾਇਆ ਸਮਝ ਹੀ ਨਹੀਂ ਆਉਂਦਾ। ਜਦੋਂ ਕ੍ਰੋਧ ਆਉਂਦਾ ਹੈ ਤਾਂ ਮਨੁੱਖ ਜਿਸਨੂੰ ਪਿਆਰ ਕਰ ਰਿਹਾ ਹੁੰਦਾ ਹੈ ਉਸ ਤੇ ਹੀ ਕ੍ਰੋਧ ਕਰਣ ਲਗ ਪੈਂਦਾ ਹੈ। ਜਿਨ੍ਹਾਂ ਬਚਿਆਂ ਖਾਤਿਰ ਹੇਰਾ ਫੇਰੀ ਕਰਕੇ ਧਨ ਕਮਾਉਂਦਾ ਹੈ ਉਨ੍ਹਾਂ ਤੇ ਹੀ ਕ੍ਰੋਧ ਕਰਨ ਲਗ ਪੈਂਦਾ ਹੈ। ਆਪਣੇ ਮਾਤਾ ਪਿਤਾ ਤੇ ਹੀ ਕ੍ਰੋਧ ਕਰਨ ਲਗ ਪੈਂਦਾ ਹੈ। ਆਪਣਾ ਪਰਾਇਆ ਨ ਪਛਾਣਈ ਖਸਮਹੁ ਧਕੇ ਖਾਇ ॥ ਭਾਵ ਉਹ ਆਪਣਾ ਜੀਵਨ ਖੁਆਰ ਕਰ ਰਿਹਾ ਹੈ। ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਸਾਡੇ ਸਰੀਰ ਵਿਚ ਹੀ ਸਨ। ਪਾਂਚ ਤਤ ਕੋ ਤਨੁ ਰਚਿਓ ਜਾਨਹੁ ਚਤੁਰ ਸੁਜਾਨ ॥

ਇਸ ਨੂੰ ਚਤੁਰ ਸੁਜਾਨ ਤਾਂ ਹੀ ਸਮਝ ਸਕਦੇ ਹਾਂ ਜੇ ਅਸੀਂ ਕਾਮ, ਕ੍ਰੋਧ, ਲੋਭ ਆਦਿ ਵਿਕਾਰਾਂ ਨੂੰ ਕਾਬੂ ਕੀਤਾ। ਇਨ੍ਹਾਂ ਨਾਲ ਇੱਕਮਿਕਤਾ ਦੀ ਅਵਸਥਾ ਪ੍ਰਾਪਤ ਕੀਤੀ ਜਾ ਸਕਦੀ ਹੈ।

ਇਹ ਸਰੀਰ ਪੰਜ ਤੱਤਾਂ ਮਿਟੀ, ਪਾਣੀ, ਹਵਾ, ਅੱਗ, ਧਰਤੀ ਦਾ ਬਣਿਆ ਹੋਇਆ ਹੈ, ਇਹ ਰੱਬ ਨਾਲ ਇੱਕਮਿੱਕ ਨਹੀਂ ਹੁੰਦਾ।

‘ਲੀਨ ਤਾਹਿ ਮੈ ਮਾਨੁ’ ਉਹ ਹੋਰ ਖੇਡ ਹੈ। ਮਰਨ ਤੋਂ ਮਗਰੋਂ ਤਾਂ ਮਿੱਟੀ ਹੋਣਾ ਹੀ ਹੈ ਭਾਵੇਂ ਮੰਨੋ ਜਾਂ ਨਾ ਮੰਨੋ। ਭਾਵੇ ਚੋਰ ਬਣੋ ਭਾਵੇ ਸਾਧ, ਭਾਵੇਂ ਸ਼ਰੀਫ ਬਣੋ ਭਾਵੇਂ ਬਦਮਾਸ਼! ਮਰਨ ਮਗਰੋਂ ਸਾਰੇ ਹੀ ਮਿੱਟੀ ਹੋ ਜਾਂਦੇ ਹਨ। ਤਾਂ ਕੀ ਸਾਰੇ ਹੀ ‘ਲੀਨ ਤਾਹਿ ਮੈ ਮਾਨੁ’ ਹੋ ਗਏ। ਨਹੀਂ! ਉਹੀ ਮਨ ਚਤੁਰ ਸੁਜਾਨ ਹੈ ਜਿਹੜਾ ਕਾਮ, ਕ੍ਰੋਧ ਆਦਿ ਪੰਜ ਤੱਤਾਂ ਨੂੰ ਕਾਬੂ ਕਰ ਕੇ ਬਣਾਇਆ ਹੈ। ਉਹੀ ਇੱਕ ਨਵਾ ਜੀਵਨ ਹੈ। ਜਦੋਂ ਮਨ ਚਤੁਰ ਸੁਜਾਨ ਬਣ ਜਾਂਦਾ ਹੈ ਤਾਂ ਉਹ ਸਰੀਰ ਕੋਲੋਂ ਵੀ ਚੰਗੇ ਕੰਮ ਕਰਵਾਂਦਾ ਹੈ। ਅੱਖਾਂ ਭੈੜ ਨਹੀਂ ਦੇਖਦੀਆਂ, ਕੰਨ ਨਿੰਦਾ ਨਹੀਂ ਸੁਣਦੇ। ਜਦੋਂ ਇਹ ਕਾਮ, ਕ੍ਰੋਧ ਆਦਿ ਵਿਕਾਰ ਕਾਬੂ ਆ ਜਾਣ ਤਾਂ ਮਨੁੱਖ ਦੂਜੇ ਮਨੁੱਖਾਂ ਵਿਚ ਰੱਬ ਵੇਖਦਾ ਹੈ। ਉਸ ਦਾ ਦੂਜਿਆਂ ਮਨੁੱਖਾਂ ਨਾਲ ਬਿਨਾਂ ਵਿਤਕਰੇ ਦੇ ਪਿਆਰ ਪੈ ਜਾਂਦਾ ਹੈ।

ਹੁਣ ਅਸੀਂ ਪੰਜ ਤੱਤ ਦੇ ਇਸ ਸਰੀਰ ਨੂੰ ਬਣਾਉਣਾ ਹੈ। ਦੁਲਭ ਦੇਹ ਜਿਹੜੀ ਮਿਲੀ ਹੈ ਉਸਨੂੰ ਵੀ ਸੰਵਾਰ। ਗੁਰੂ ਪਾਤਸ਼ਾਹ ਕਹਿੰਦੇ ਹਨ ‘ਆਪੁ ਸਵਾਰਹਿ ਮੈ ਮਿਲਹਿ ਮੈ ਮਿਲਿਆ ਸੁਖੁ ਹੋਇ ॥’ (1382) ਜੇ ਤੂੰ ਆਪਣੇ ਆਪ ਨੂੰ ਸੰਵਾਰ ਲਏਂ ਤਾਂ ਸਮਝ ਤੂੰ ਰੱਬੀ ਮਿਲਨ ਦੇ ਰਾਹ ਤੇ ਹੈਂ ਤੇ ਤੈਨੂੰ ਸਦੀਵੀ ਸੁੱਖ ਪ੍ਰਾਪਤ ਹੋ ਰਿਹਾ ਹੈ। ‘ਫਰੀਦਾ ਜੇ ਤੂ ਮੇਰਾ ਹੋਇ ਰਹਹਿ ਸਭੁ ਜਗੁ ਤੇਰਾ ਹੋਇ ॥’ (1382) ਆਪਣੇ ਆਪ ਨੂੰ ਸੰਵਾਰ। ਜੇ ਦੇਹ ਨੂੰ ਸੰਵਾਰ ਕੇ ਦੁਰਲਭ ਬਣਾ ਲਿਆ ਤਾਂ ਤੇ ਠੀਕ ਨਹੀਂ ਤਾਂ ਅੰਦਰ ਦਰਗਾਹ ਵਿਚ ਹਾਰਨਾ ਪਵੇਗਾ ‘ਦੁਲਭ ਦੇਹ ਸਵਾਰਿ ॥ ਜਾਹਿ ਨ ਦਰਗਹ ਹਾਰਿ ॥’ (895) ਜੇ ਤੂੰ ਆਪਣੇ ਆਪ ਨੂੰ ਨਾ ਸੰਵਾਰਿਆ ਤਾਂ ਗੁਰੂ ਪਾਤਸ਼ਾਹ ਕਹਿੰਦੇ ਹਨ - ‘ਮਨੁ ਤਨੁ ਥਾਪਿ ਕੀਆ ਸਭੁ ਅਪਨਾ ਏਹੋ ਆਵਣ ਜਾਣਾ ॥’ (882) ਜੇ ਮਨ ਨੂੰ ਸੰਵਾਰਿਆ ਨਹੀਂ ਤਾਂ ਇਸਨੂੰ ਆਵਣ ਜਾਣਾ ਕਹਿੰਦੇ ਹਨ। ਜਦੋਂ ਮੈਂ ਕਾਮ, ਕ੍ਰੋਧ ਆਦਿ ਵਿਕਾਰਾਂ ਵਿਚ ਫਸਦਾ ਹਾਂ ਤਾਂ ਮੇਰਾ ਮਨ ਟਿਕਾਣੇ ਨਹੀਂ ਰਹਿੰਦਾ। ਮੇਰਾ ਜੀਵਨ ਖੁਆਰ ਹੁੰਦਾ ਹੈ। ਮੈਂ ਦੀਨ-ਇਮਾਨ ਤੋਂ ਡੋਲਦਾ ਹਾਂ। ਮੇਰੀ ਅੰਦਰ ਦੀ ਪੱਤ ਲੁੱਟੀ ਜਾਂਦੀ ਹੈ। ਇਸਨੂੰ ਗੁਰਮਤ ਦੀ ਨਜ਼ਰ ਵਿਚ ਆਵਣ ਜਾਣਾ ਕਹਿੰਦੇ ਹਨ।

ਜਦੋਂ ਇਹ ਕਾਮ, ਕ੍ਰੋਧ ਆਦਿ ਵਿਕਾਰ ਕਾਬੂ ਆ ਜਾਣ ਤਾਂ ਮਨੁੱਖ ਦੂਜੇ ਮਨੁੱਖਾਂ ਵਿਚ ਰੱਬ ਵੇਖਦਾ ਹੈ। ਉਸਦਾ ਦੂਜਿਆਂ ਨਾਲ ਬਿਨਾਂ ਵਿਤਕਰੇ ਦੇ ਪਿਆਰ ਪੈ ਜਾਂਦਾ ਹੈ।

ਆਪਣੇ ਅਵਗੁਣਾਂ ਤੋਂ ਖਲਾਸੀ ਪਾਉਣ ਲਈ ਤੈਨੂੰ ਪੰਜਾਂ ਤੱਤਾਂ ਦੀ ਕਾਂਇਆ ਬਣਾਉਣੀ ਪਏਗੀ। ਇੱਕ ਤੇ ਤੈਨੂੰ ਪੰਜਾਂ ਤੱਤਾਂ ਦਾ ਸਰੀਰ ਮਿਲਿਆ ਹੈ ਅੱਗ, ਪਾਣੀ, ਧਰਤੀ, ਹਵਾ, ਅਕਾਸ਼। ਤੈਨੂੰ ਇਕ ਹੋਰ ਪੰਜ ਤੱਤਾਂ ਦਾ ਸਰੀਰ ਬਣਾਉਣਾ ਹੈ ਉਹ ਪੰਜ ਤੱਤ ਹਨ ਦਇਆ, ਧਰਮ, ਸੰਤਖ, ਸ਼ੀਤਲਤਾ, ਮਿੱਠਾ ਬੋਲ, ਪਿਆਰ, ਹਮਦਰਦੀ, ਨਮਰਤਾ ਆਦਿ ਸਾਰੇ ਗੁਣ ਪੰਜ ਤੱਤ ਹਨ। ਪਾਂਚ ਦਾ ਅਰਥ ਗਿਣਤੀ ਵਾਲਾ ਪੰਜ ਨਹੀਂ ਹੈ। ਪੰਚ ਗੁਰਬਾਣੀ ਵਿਚ ਸਿਰਮੋਰ ਚੰਗੇ ਗੁਣਾਂ ਲਈ ਆਇਆ ਹੈ।

ਪੰਚ ਪਰਵਾਣ ਪੰਚ ਪਰਧਾਨੁ ॥ ਪੰਚੇ ਪਾਵਹਿ ਦਰਗਹਿ ਮਾਨੁ ॥ ਪੰਚੇ ਸੋਹਹਿ ਦਰਿ ਰਾਜਾਨੁ ॥ ਪੰਚਾ ਕਾ ਗੁਰੁ ਏਕੁ ਧਿਆਨੁ ॥ (3)

ਤੇਰੇ ਅੰਦਰ ਜਿਹੜੇ ਚੰਗੇ-ਚੰਗੇ ਗੁਣ ਹਨ, ਇਨ੍ਹਾਂ ਗੁਣਾਂ ਬਾਰੇ ਕਹਿੰਦੇ ਹਨ, ਕਿ ਐ ਮਨੁੱਖ ਜੇ ਤੂੰ ਇਨ੍ਹਾਂ ਤੱਤਾਂ ਦੇ ਨਾਲ ਆਪਣਾ ਤਨ ਰਚ ਲੈ ‘ਪਾਂਚ ਤਤ ਕੋ ਤਨੁ ਰਚਿਓ’। ਜੇ ਚੰਗੇ ਗੁਣਾਂ ਨਾਲ ਰਚ ਜਾਵੇ ਤਾਂ ਇਸਨੂੰ ‘ਜਾਨਹੁ ਚਤੁਰ ਸੁਜਾਨ’ ਭਾਵ ਚਤੁਰ, ਸੁਜਾਨ, ਸ਼ਰੀਫ ਸਮਝ ਸਕਦਾ ਹੈਂ। ਮਨ ਨੂੰ ਸਮਝਾ ਰਹੇ ਹਨ ‘ਜਾਨਹੁ’ ਦੇ ‘ਹ’ ਨੂੰ ਔਕੜ ਹੈ। ਗੁਰਬਾਣੀ ਵਿਚ ਇਕ ਥਾਂ ਗੁਰੂ ਸਾਹਿਬ ਕਹਿੰਦੇ ਹਨ, ਰਾਮ ਰਤਨੁ ਤਬ ਪਾਈਐ ਜਉ ਪਹਿਲੇ ਤਜਹਿ ਸਰੀਰੁ ॥ (1366)

ਸੋ ਪਹਿਲਾਂ ਇਸ ਸਰੀਰ ਦੇ ਮੋਹ ਤੋਂ ਉੱਪਰ ਉੱਠਾਂਗੇ। ਆਪਣੇ ਅੰਦਰ ਪੰਜ ਤੱਤਾਂ ਦਾ ਸਰੀਰ ਬਣਾ। ਗੁਰਬਾਣੀ ਦਾ ਕਥਨ ਹੈ, ਪੰਚ ਮਨਾਏ ਪੰਚ ਰੁਸਾਏ ॥ ਪੰਚ ਵਸਾਏ ਪੰਚ ਗਵਾਏ ॥ (430) ਪੰਚ ਦਾ ਅਰਥ ਹੈ ਚੰਗੇ-ਚੰਗੇ ਗੁਣ। ‘ਪੰਚ ਮਨਾਏ’ ਮੈਂ ਚੰਗੇ-ਚੰਗੇ ਗੁਣ ਮਨਾ ਲਏ। ‘ਪੰਚ ਰੁਸਾਏ’ ਮੈਂ ਕਾਮ, ਕ੍ਰੋਧ, ਲੋਭ ਆਦਿ ਵਿਕਾਰ ਰੁਸਾ ਲਏ। ਆਪਣੇ ਨਗਰ ਨੂੰ ਵਸਾ ਲਿਆ।

ਅਸੀਂ ਵਿਚਾਰ ਕੀਤੀ ਸੀ ਕਿ ‘ਚਾਰਿ ਪਦਾਰਥ’ ਗੁਰਮਤਿ ਵਿੱਚ ਕਿਸਨੂੰ ਕਹਿੰਦੇ ਹਨ। ਚਾਰ ਗਿਣਤੀ ਦੇ 4 ਨੂੰ ਨਹੀਂ ਕਹਿੰਦੇ ਹਨ। ਇਸੇ ਤਰ੍ਹਾਂ ਗੁਰਬਾਣੀ ਵਿਚ ਆਉਂਦਾ ਹੈ ‘ਚਾਰਿ ਦਿਵਸ ਕੇ ਪਾਹੁਨੇ’। ਸੋ ਚਾਰ ਦਾ ਅਰਥ ਹੈ ‘ਕੁਝ’ ।

ਇੰਞ ਅਸੀਂ ਪੰਚ ਅਗਨ ਸਮਝਿਆ ਸੀ। ਪੰਚ ਅਗਨ ਹੈ - ‘ਹੰਸੁ ਹੇਤੁ ਲੋਭੁ ਕੋਪੁ ਚਾਰੇ ਨਦੀਆ ਅਗਿ ॥’ (147) ਇਹ ਸਾਰੀਆਂ ਸਾਡੇ ਅੰਦਰ ਅੱਗ ਹਨ, ਪੰਚ ਅਗਨ ਦੀ ਸਾਡੇ ਅੰਦਰ ਭੱਠੀ ਬਲ ਰਹੀ ਹੈ। ਇਕ ਥਾਂ ਤੇ ਗੁਰਬਾਣੀ ਵਿਚ ਪੰਚ ਸਖੀ ਦਾ ਵੀ ਪਰਕਰਣ ਆਇਆ ਹੈ। ਇੰਦ੍ਰੀਆਂ ਨੂੰ, ਪੰਚ ਸਖੀ ਮਿਲਿ ਮੰਗਲੁ ਗਾਇਆ ॥ ਅਨਹਦ ਬਾਣੀ ਨਾਦੁ ਵਜਾਇਆ ॥ (375)

ਮਨੁੱਖ ਦੀਆਂ ਇੰਦ੍ਰੀਆਂ ਨੂੰ ਸਖੀ ਕਹਿੰਦੇ ਹਨ। ਇਸੇ ਤਰ੍ਹਾਂ ਪੰਚ ਸਬਦ ਦਾ ਵੀ ਜ਼ਿਕਰ ਆਇਆ ਹੈ। ਪੰਚ ਸਬਦ - ਜਿਵੇਂ ਪੁਰਾਤਨ ਸਮੇਂ ਵਿਚ ਰਾਜੇ ਦੇ ਅੱਗੇ ਨਰਸਿੰਘਾ, ਸ਼ੰਖ, ਭੇਰੀ ਆਦਿ ਵਜਾਂਦੇ ਸੀ ਉਨ੍ਹਾਂ ਨੂੰ ਪੰਚ ਸਬਦ ਕਹਿੰਦੇ ਸੀ। ਪਰ ਜੋਗੀਆਂ ਦੀ ਬੋਲੀ ਭਾਰਤ ਵਿਚ ਪ੍ਰਚਲਿਤ ਸੀ। ਉਹ ਸ਼ੰਖ, ਕਿੰਗਰੀ, ਮੁਰਲੀ, ਵੀਣਾਂ, ਇਨ੍ਹਾਂ ਨੂੰ ਸਮਝਦੇ ਸਨ। ਪਰ ਇਹ ਪੰਚ ਸਬਦ ਨੂੰ ਸੰਗੀਤ ਦੇ ਸਾਜ਼ ਕਿਉਂ ਮੰਨਦੇ ਸਨ? ਕਿਉਂਕਿ ਉਹ ਸਮਝਦੇ ਸਨ ਜਦੋਂ ਇਹ ਸੰਗੀਤ ਦੇ ਸਾਜ਼ ਵਜਾਓ ਤਾਂ ਇਨ੍ਹਾਂ ਦੇ ਨਾਲ ਮਨੁੱਖ ਦਾ ਦਸਮ ਦ੍ਵਾਰ ਖੁਲ੍ਹ ਜਾਂਦਾ ਹੈ। ਪਰ ਗੁਰੂ ਸਾਹਿਬ ਕਹਿੰਦੇ ਹਨ ਕਿ ਦਸਮ ਦ੍ਵਾਰ ਤਦੋਂ ਖੁਲ੍ਹਦਾ ਹੈ ਜੇ ਤੂੰ ਪੰਚ ਸਬਦ ਭਾਵ ਸਤਿਗੁਰ ਦੇ ਗਿਆਨ ਦੇ ਨਾਲ ਹਮੇਸ਼ਾਂ ਲਈ ‘ਧੁਨਿ ਮਹਿ ਧਿਆਨੁ’ ਹੋ ਜਾਵੇ।

ਸੋ ਹੁਣ ਸਮਝ ਆਈ ਕਿ ਦੋ ਸਰੀਰ ਹੋ ਗਏ, ਇਕ ਇਹ ਦਿਸਦਾ ਤਨ ਜਿਹੜਾ ਕਿ ਹਵਾ, ਪਾਣੀ ਆਦਿ ਪੰਜ ਤੱਤਾਂ ਤੋਂ ਬਣਿਆ ਹੈ। ਇਕ ਹੋਰ ਸਰੀਰ ਹੈ, ਉਹ ਆਤਮਕ ਸਰੀਰ ਹੀ ਦੁਰਲਭ ਦੇਹ ਹੈ। ਜਿਸ ਵਿਚ ਸਾਡਾ ਪੰਜਾਂ ਤੱਤਾ ਦਾ ਗਿਆਨਵਾਨ ਮਨ ਅਸੀਂ ਸਤਿਗੁਰ ਦੀ ਮਤ ਲੈਕੇ ਪੈਦਾ ਕੀਤਾ। ਇਸ ਬਾਰੇ ਗੁਰੂ ਸਾਹਿਬ ਕੀ ਕਹਿੰਦੇ ਹਨ, ਉਹ ਸਮਝਣਾ ਹੈ। ਜਦੋਂ ਅੰਦਰਲਾ ਸਰੀਰ ਬਣਾ ਲਿਆ ਤਾਂ ਉਸਨੂੰ ਜਿਊਂਦਿਆਂ ਮੁਕਤੀ ਕਹਿੰਦੇ ਹਨ। ਪੰਜਾਂ ਤੱਤਾਂ ਦਾ ਸਰੀਰ ਜੇ ਅਸੀਂ ਘੜਨ ਦੇ ਲਾਇਕ ਹੋ ਜਾਈਏ। ਜਿਹ ਤੇ ਉਪਜਿਓ ਨਾਨਕਾ ਲੀਨ ਤਾਹਿ ਮੈ ਮਾਨੁ ॥ ਤਾਂ ਉਸ ਵਿਚ ਲੀਨ ਹੋ ਸਕਦੇ ਹਾਂ। ਬਾਹਰੋਂ-ਬਾਹਰੋਂ ਕਰਨ ਨਾਲ ਕੁਝ ਨਹੀਂ ਹੋਵੇਗਾ ਕਿਉਂਕਿ ਮਨਿ ਮੈਲੈ ਸਭੁ ਕਿਛੁ ਮੈਲਾ ਤਨਿ ਧੋਤੈ ਮਨੁ ਹਛਾ ਨ ਹੋਇ ॥ (558) ਭਾਵ ਬਾਹਰੋਂ-ਬਾਹਰੋਂ ਤੀਰਥਾਂ ਤੇ ਜਾ ਸਕਦਾ ਹੈਂ, ਕਰਮ ਕਾਂਡ ਕਰ ਸਕਦਾ ਹੈਂ ਪਰ ਅੰਦਰ ਲਈ ਤਾਂ ਤੂੰ ਕੁਝ ਵੀ ਨਹੀਂ ਕੀਤਾ। ਜੇ ਅੰਦਰ ਲਈ ਤੂੰ ਕੁਝ ਕਰਨਾ ਹੈ ਤਾਂ ਇਸ ਪੰਚ ਤੱਤ ਦੇ ਆਤਮਕ ਸਰੀਰ ਨੂੰ ਘੜਨਾ ਪਵੇਗਾ।

ਜੇਕਰ ਇਸ ਨਜ਼ਰੀਏ ਤੋਂ ਗੁਰਬਾਣੀ ਨੂੰ ਪੜ੍ਹਕੇ ਵਿਚਾਰ ਕੇ ਵੇਖੀਏ ਤਾਂ ਹਰ ਮਨੁੱਖ ਦਾ ਇਸੇ ਜੀਵਨ ਵਿਚ ਜਿਊਂਦੇ ਜੀ ਆਪਣੀਆਂ ਮਾੜੀਆਂ ਕਰਨੀਆਂ ਵਲ ਧਿਆਨ ਪੈਂਦਾ ਹੈ ਅਤੇ ਉਹ ਸਤਿਗੁਰ ਦੀ ਮਤ ਲੈਕੇ ਇਨ੍ਹਾਂ ਤੋਂ ਛੁੱਟ ਵੀ ਸਕਦਾ ਹੈ। ਜਿਸ ਵਿੱਚੋਂ ਤੂੰ ਉਪਜਿਆਂ ਹੈਂ ਉਸ ਵਿਚ ਹੀ ਸਮਾਂ ਸਕਦਾ ਹੈਂ ਬਸ਼ਰਤੇ ਤੂੰ ਆਪਣੇ ਮਨ ਦੀ ਗਲ ਕਰ। ਬਾਹਰਲਾ ਸਰੀਰ ਤੇ ਪੰਜਾਂ ਤੱਤਾਂ ਦਾ ਹੈ ਇੱਥੇ ਹੀ ਰਹਿ ਜਾਏਗਾ। ਜਿਉਂ ਹੀ ਅਸੀਂ ਮਰਾਂਗੇ ਹਵਾ - ਹਵਾ ਵਿਚ, ਪਾਣੀ - ਪਾਣੀ ਵਿਚ ਭਾਵ ਸਾਰੇ ਤੱਤ ਇਸੇ ਧਰਤੀ ਤੇ ਆਪਸ ਵਿਚ ਸਮਾ ਜਾਂਦੇ ਹਨ। ਪਰ ਜੇ ਤੂੰ ਜਿਊਂਦਿਆਂ ਮੁਕਤੀ ਪ੍ਰਾਪਤ ਕਰਨਾ ਚਾਹੁੰਦਾ ਹੈਂ ਤਾਂ ਐ ਮਨੁੱਖ ਸੋਚ ਤੈਨੂੰ ਇਹ ਅਮੁਲਾ ਜੀਵਨ ਮਿਲਿਆ ਹੈ।

ਇਸ ਸਲੋਕ ਮਗਰੋਂ ਅੱਗੇ ਕਹਿੰਦੇ ਹਨ ਕਿ ਜੇ ਤੂੰ ਆਪਣੇ ਅਉਗੁਣਾਂ ਨੂੰ ਦੂਰ ਕਰ ਲਿਆ ਤਾਂ ਤੈਨੂੰ ਇੱਕ ਖੇਡ ਸਮਝ ਆ ਜਾਏਗੀ ਜਿਸਨੂੰ ਅਗਲੇ ਸਲੋਕ ਵਿਚ ਦਰਜ ਕੀਤਾ ਗਿਆ ਹੈ।
.