.

ਖਾਲਸਾ ਪੰਥ ਬਨਾਮ ਡੇਰਾਵਾਦ

(ਭਾਗ ਛਤਾਲ੍ਹੀਵਾਂ)

ਡੇਰਿਆਂ ਦਾ ਸਮਾਜਿਕ ਪ੍ਰਭਾਵ:

ਪੁਜਾਰੀ ਸ਼੍ਰੇਣੀ ਨੇ ਸਦਾ ਹੀ ਧਰਮ ਦੇ ਨਾਂ `ਤੇ ਭੋਲੀ ਭਾਲੀ ਲੋਕਾਈ ਦਾ ਸੋਸ਼ਣ ਕੀਤਾ ਹੈ। ਇਹ ਸੋਸ਼ਣ ਕਿਸੇ ਇੱਕ ਖੇਤਰ ਵਿੱਚ ਨਹੀਂ ਸਗੋਂ ਬਹੁਪੱਖੀ ਹੈ, ਬਲਕਿ ਮਨੁੱਖੀ ਜੀਵਨ ਦੇ ਹਰ ਪੱਖ ਨੂੰ ਪ੍ਰਭਾਵਤ ਕਰਦਾ ਰਿਹਾ ਹੈ ਅਤੇ ਕਰ ਰਿਹਾ ਹੈ। ਇਹ ਸਾਰੇ ਡੇਰੇ ਸਿੱਖ ਕੌਮ ਵਿੱਚ ਗੈਰ ਸਿਧਾਂਤਕ ਤਰੀਕੇ ਨਾਲ ਪ੍ਰਫੁਲਤ ਹੋਇਆ ਪੁਜਾਰੀਵਾਦ ਹੀ ਹੈ। ਬੇਸ਼ਕ ਇਸ ਦਾ ਬਾਹਰੀ ਰੂਪ ਅਤੇ ਭੇਖ ਹਰ ਕੌਮ ਅੰਦਰ ਬਦਲ ਜਾਂਦਾ ਹੈ, ਪਰ ਮਨੁੱਖਤਾ ਦਾ ਘਾਣ ਕਰਨ ਦਾ ਇਨ੍ਹਾਂ ਸਭ ਦਾ ਪ੍ਰੋਗਰਾਮ ਇਕੋ ਜਿਹਾ ਹੈ। ਇਨ੍ਹਾਂ ਡੇਰੇਦਾਰਾਂ ਦਾ ਅਸਲ ਕੰਮ ਧਰਮ ਦੇ ਨਾਂ `ਤੇ ਆਪਣੇ ਪੈਰੋਕਾਰਾਂ ਦਾ ਸੋਸ਼ਣ ਕਰਨਾ ਹੈ। ਇਹ ਸੋਸ਼ਣ ਮਾਨਸਿਕ, ਸ਼ਰੀਰਕ, ਆਰਥਿਕ, ਨੈਤਕ ਕਈ ਰੂਪਾਂ ਵਿੱਚ ਹੁੰਦਾ ਹੈ। ਉਸ ਵਿੱਚ ਅਮੀਰ, ਗਰੀਬ ਜਾਂ ਕਿਸੇ ਵੀ ਜਾਤ ਕੌਮ ਦੇ ਲੋਕ ਆਉਂਦੇ ਹਨ, ਬੇਸ਼ਕ ਇਸ ਦੇ ਤਰਕ ਵਿਤਰਕ ਅਲੱਗ ਅਲੱਗ ਹੋ ਸਕਦੇ ਹਨ। ਇਨ੍ਹਾਂ ਡੇਰਿਆਂ ਦੇ ਸਿੱਖ ਕੌਮ `ਤੇ ਪੈ ਰਹੇ ਮਾੜੇ ਪ੍ਰਭਾਵ ਬਾਰੇ ਮੈਂ ਨਾਲ ਨਾਲ ਕਾਫੀ ਵਿਚਾਰ ਕੀਤੀ ਹੈ ਪਰ ਇਨ੍ਹਾਂ ਦਾ ਪ੍ਰਭਾਵ ਕੇਵਲ ਸਿੱਖ ਕੌਮ ਤੱਕ ਹੀ ਸੀਮਤ ਨਹੀਂ ਸਗੋਂ ਸਮੂਹਕ ਤੌਰ `ਤੇ ਮਨੁੱਖੀ ਸਮਾਜ `ਤੇ ਬਹੁਤ ਮਾਰੂ ਪੈ ਰਿਹਾ ਹੈ। ਇਸ ਨੂੰ ਡੁੰਘਾਈ ਨਾਲ ਵਿਚਾਰਨਾ ਅਤੇ ਇਸ ਦੁਆਰਾ ਸਮਾਜ ਦੇ ਅਲੱਗ ਅਲੱਗ ਪੱਖਾਂ ਤੋਂ ਹੋ ਰਹੇ ਸੋਸ਼ਣ ਨੂੰ ਸਮਝਣਾ ਬਹੁਤ ਜ਼ਰੂਰੀ ਹੈ। ਭਾਵੇਂ ਆਪਣੇ ਵਲੋਂ ਇਹ ਕਿਸੇ ਮਨੁੱਖ ਮਾਤਰ ਨੂੰ ਨਹੀਂ ਬਖਸ਼ਦੇ ਪਰ ਕਿਸੇ ਔਕੜ ਵਿੱਚ ਫਸਿਆ ਵਿਅਕਤੀ ਇਨ੍ਹਾਂ ਦਾ ਸਹਿਜ ਨਿਸ਼ਾਨਾ ਹੁੰਦਾ ਹੈ।

ਮਾਨਸਿਕ ਸੋਸ਼ਣ:

ਜਿਵੇਂ ਪਹਿਲਾਂ ਵੀ ਵਿਚਾਰ ਕੀਤਾ ਜਾ ਚੁੱਕਾ ਹੈ, ਸਭ ਤੋਂ ਪਹਿਲਾਂ ਡੇਰੇਦਾਰਾਂ ਦੇ ਪ੍ਰਭਾਵ ਵਿੱਚ ਪ੍ਰਫੁਲਤ ਹੋਣ ਵਾਲਾ ਸਮਾਜ ਮਾਨਸਿਕ ਤੌਰ `ਤੇ ਗੁਲਾਮ ਪ੍ਰਵਿਰਤੀ ਵਾਲਾ ਹੁੰਦਾ ਹੈ। ਗੁਲਾਮ ਪ੍ਰਵਿਰਤੀ ਵਾਲਾ ਸਮਾਜ ਕਦੇ ਵੀ ਖੁਲ੍ਹਾ ਵਿਕਾਸ ਨਹੀਂ ਕਰ ਸਕਦਾ ਕਿਉਂਕਿ ਉਹ ਸਦਾ ਇੱਕ ਸੀਮਤ ਸੋਚ ਵਿੱਚ ਹੀ ਬੱਝਾ ਰਹਿੰਦਾ ਹੈ। ਜਿਵੇਂ ਮੈਂ ਉਪਰ ਵੀ ਪ੍ਰਮਾਣ ਦੇ ਤੌਰ `ਤੇ ਦੱਸਿਆ ਸੀ ਕਿ ਬ੍ਰਾਹਮਣ ਦੀ ਮਾਨਸਿਕ ਗ਼ੁਲਾਮੀ ਵਿੱਚ ਫਸਿਆ ਹਿੰਦੂ ਸਮਾਜ ਅੱਜ ਵੀ ਦੁਨੀਆਂ ਦੇ ਵਿਕਸਤ ਸਮਾਜ ਤੋਂ ਸਦੀਆਂ ਪਿੱਛੇ ਹੈ। ਜਿਸ ਚੰਦ੍ਰਮਾ ਦੇ ਉਪਰ ਮਨੁੱਖ ਚੱਕਰ ਲਾ ਕੇ ਆ ਗਿਆ, ਇਹ ਅੱਜ ਵੀ ਉਸ ਚੰਦ੍ਰਮਾਂ ਨੂੰ ਦੇਵਤਾ ਮੰਨ ਕੇ, ਉਸ ਦੀ ਪੂਜਾ ਕਰ ਕੇ, ਉਸ ਨੂੰ ਪ੍ਰਸੰਨ ਕਰਨ ਦੀ ਸੋਚ ਰਖਦੇ ਹਨ। ਜਿਸ ਸੂਰਜ ਨੂੰ ਵਿਗਿਆਨੀਆਂ ਨੇ ਇੱਕ ਬਹੁਤ ਵੱਡੇ ਆਕਾਰ ਵਾਲੇ ਅੱਗ ਦੇ ਭਖਦੇ ਗੋਲੇ ਦੇ ਰੂਪ ਵਿੱਚ ਪ੍ਰਤੱਖ ਵੇਖ ਲਿਆ। ਜਿਸ ਦਾ ਘੇਰਾ ੬੯੫੭੦੦ ਕਿਲੋਮੀਟਰ ਦਾ ਦੱਸੀਦਾ ਹੈ ਅਤੇ ਇਹ ਧਰਤੀ ਤੋਂ ੧੪੯੬ ਲੱਖ ਕਿਲੋਮੀਟਰ ਦੂਰ ਹੈ, ਇੱਕ ਪਾਸੇ ਉਸ ਨੂੰ ਦੇਵਤਾ ਸਮਝ ਕੇ ਪੂਜਦੇ ਹਨ, ਦੂਸਰੇ ਪਾਸੇ ਅੱਜ ਵੀ ਵਿਸ਼ਵਾਸ ਕਰਦੇ ਹਨ ਕਿ ਇੱਕ ਬਾਲਕ ਬਾਂਦਰ ਉਡ ਕੇ ਗਿਆ ਤੇ ਉਸ ਨੇ ਸੂਰਜ ਨੂੰ ਨਿਗਲ ਲਿਆ।

ਇਥੇ ਕੋਈ ਇਹ ਵੀ ਕਹਿ ਸਕਦਾ ਹੈ ਕਿ ਚੰਦ੍ਰਮਾਂ `ਤੇ ਖੋਜੀ ਬੱਘੀ ਤਾਂ ਭਾਰਤ ਨੇ ਵੀ ਭੇਜੀ ਸੀ ਅਤੇ ਹੋਰ ਗ੍ਰਹਾਂ `ਤੇ ਵੀ ਪੁਲਾੜ ਖੋਜੀ ਜੰਤ੍ਰ ਭੇਜੇ ਜਾ ਰਹੇ ਹਨ। ਬੇਸ਼ਕ ਵਿਗਿਆਨੀ ਵੀ ਸਮੇਂ ਦੇ ਹਾਣੀ ਬਣਨ ਦੀ ਕੋਸ਼ਿਸ਼ ਕਰ ਰਹੇ ਹਨ ਪਰ ਨਾਲ ਹੀ ਪੂਜਾਰੀ ਸ਼੍ਰੇਣੀ ਵੀ ਆਪਣੀ ਪੂਰੀ ਤਾਕਤ ਨਾਲ ਆਮ ਲੋਕਾਈ ਨੂੰ ਆਪਣੇ ਭਰਮਜਾਲ ਵਿੱਚ ਜਕੜੀ ਰਖਣ ਲਈ ਪੂਰੀ ਵਾਹ ਲਾ ਰਹੀ ਹੈ ਅਤੇ ਭਾਰਤੀ ਤੰਤ੍ਰ ਅਤੇ ਪ੍ਰਚਾਰ ਪ੍ਰਸਾਰ ਸਾਧਨ ਵੀ ਪੁਜਾਰੀ ਸ਼੍ਰੇਣੀ ਦੀ ਇਸ ਨਾਪਾਕ ਕੋਸ਼ਿਸ਼ ਵਿੱਚ ਪੂਰਾ ਸਾਥ ਦੇ ਰਹੇ ਹਨ।

ਸਤਿਗੁਰੂ ਤੋਂ ਗੁਰਬਾਣੀ ਦਾ ਅਲੌਕਿਕ ਗਿਆਨ ਪ੍ਰਾਪਤ ਕਰ ਕੇ, ਸਿੱਖ ਕੌਮ ਨੇ ਬ੍ਰਾਹਮਣ ਦੀ ਮਾਨਸਿਕ ਗੁਲਾਮੀ ਤੋਂ ਮੁਕਤੀ ਪ੍ਰਾਪਤ ਕੀਤੀ। ਗੁਰੂ ਦੀ ਬਖਸ਼ਿਸ਼ ਨਾਲ ਸਿੱਖ ਦੀ ਸਮਰੱਥਾ ਇਤਨੀ ਵਧੀ ਕਿ ਇਸ ਨੇ ਸਾਰੇ ਬ੍ਰਹਮੰਡ ਨੂੰ ਆਪਣੇ ਕਲਾਵੇ ਵਿੱਚ ਲੈ ਲਿਆ। ਜਿਸ ਚੰਨ, ਸੂਰਜ ਨੂੰ ਸੱਦੀਆਂ ਤੋਂ ਪੂਿਜਆ ਜਾ ਰਿਹਾ ਸੀ, ਸ੍ਰਿਸ਼ਟੀ ਦੇ ਇਸ ਅਦਭੁਤ ਖੇਲ੍ਹ ਵਿਚ, ਸੰਸਾਰ ਨੂੰ ਚਾਨਣ ਦੇਣ ਲਈ ਇਹ ਇਸ ਨੂੰ ਅਕਾਲ ਪੁਰਖ ਵਲੋਂ ਥਾਪੇ ਦੋ ਦੀਵੇ ਦਿੱਸਣ ਲੱਗ ਪਏ। ਜਿਨ੍ਹਾਂ ਦੇਵੀ-ਦੇਵਤਿਆਂ ਦੇ ਵਿਕਰਾਲ ਰੂਪ ਤੋਂ ਇਹ ਸਦੀਆਂ ਤੋਂ ਡਰਦਾ ਰਿਹਾ ਸੀ, ਉਹ ਇਸ ਨੂੰ ਖਿਡੌਣਿਆਂ ਵਾਂਗੂ ਭਾਸਣ ਲੱਗ ਪਏ। ਇਸ ਨੇ ਧਰਤੀ ਦਾ ਭਾਰ ਚੁੱਕੀ ਖੜ੍ਹੇ ਬੱਲਦ ਨੂੰ ਉਸ ਦੇ ਸਹੀ ਰੂਪ ਵਿੱਚ ਪਹਿਚਾਣ ਲਿਆ ਕਿ ਕੇਵਲ ਧਰਤੀ ਹੀ ਨਹੀਂ, ਸਗੋਂ ਸਾਰਾ ਬ੍ਰਹਮੰਡ ਅਕਾਲ-ਪੁਰਖ ਦੇ ਬਣਾਏ ਇੱਕ ਅਟੱਲ ਨੇਮ (ਧਰਮ) ਦੇ ਆਸਰੇ ਹੀ ਖੜ੍ਹਾ ਹੈ ਅਤੇ ਉਸੇ ਅਨੁਸਾਰ ਕਾਰ ਕਮਾ ਰਿਹਾ ਹੈ। ਸਿੱਖ ਦੀ ਇਸ ਗਿਆਨ ਭਰਪੂਰ ਵਿਕਸਤ ਸੋਚ ਦਾ ਸਾਰੇ ਸਮਾਜ `ਤੇ ਪ੍ਰਭਾਵ ਪੈਣਾ ਕੁਦਰਤੀ ਸੀ। ਅੱਜ ਬਹੁਤੇ ਸਮਾਜ ਨੂੰ ਚੰਦ ਅਤੇ ਸੂਰਜ ਦੇ ਗ੍ਰਹਣ ਲੱਗਣ ਤੋਂ ਡਰ ਨਹੀਂ ਲਗਦਾ ਕਿਉਂਕਿ ਉਸ ਨੂੰ ਪਤਾ ਲੱਗ ਗਿਆ ਹੈ ਕਿ ਇਹ ਇੱਕ ਕੁਦਰਤੀ ਕਿਰਿਆ ਹੈ। ਬੇਸ਼ਕ ਬ੍ਰਾਹਮਣ ਨੇ ਆਪਣੀ ਵਿਚਾਰਧਾਰਾ ਨਹੀਂ ਬਦਲੀ ਅਤੇ ਉਹ ਅਜੇ ਵੀ ਆਪਣਾ ਭਰਮਜਾਲ ਫੈਲਾਉਣ ਦੇ ਉਪਰਾਲੇ ਕਰਦਾ ਰਹਿੰਦਾ ਹੈ, ਪਰ ਅੱਜ ਕੋਈ ਕੁਦਰਤੀ ਕਰੋਪੀ ਆਉਣ `ਤੇ ਬਹੁਤਾ ਸੂਝਵਾਨ ਸਮਾਜ ਦੇਵੀ ਦੇਵਤਿਆਂ ਨੂੰ ਖੁਸ਼ ਕਰਨ ਦੀ ਬਜਾਏ, ਉਸ ਆਫਤ ਤੋਂ ਬਚਣ ਦੇ ਸਾਰਥਕ ਹੱਲ ਲਭਣ ਦੀ ਕੋਸ਼ਿਸ਼ ਕਰਦਾ ਹੈ।

ਐਸੇ ਵਿਕਸਤ ਸਮਾਜ ਵਿੱਚ ਪੁਜਾਰੀ ਸ਼੍ਰੇਣੀ ਵਾਸਤੇ ਕੋਈ ਜਗ੍ਹਾ ਹੀ ਨਹੀਂ ਹੈ, ਪਰ ਬ੍ਰਾਹਮਣੀ ਵਿਵਸਥਾ ਨੇ ਅੱਜ ਵੀ ਆਪਣਾ ਹੱਠ ਨਹੀਂ ਛੱਡਿਆ। ਡੇਰਿਆਂ ਦਾ ਰੋਲ ਵੀ ਸਿੱਖ ਸਮਾਜ ਵਿੱਚ ਉਹੀ ਬ੍ਰਾਹਮਣ ਵਾਲਾ ਹੀ ਹੈ ਜਾਂ ਇਹ ਕਹਿ ਲਈਏ ਕਿ ਸਿੱਖ ਕੌਮ ਅੰਦਰ ਇਹ ਬ੍ਰਾਹਮਣ ਦਾ ਬਦਲਿਆ ਹੋਇਆ ਰੂਪ ਹੈ, ਤਾਂ ਇਹ ਅਕਥ ਕਥਨੀ ਨਹੀਂ ਹੋਵੇਗੀ। ਅੱਜ ਇਹ ਡੇਰੇਦਾਰ ਸਮਾਜ ਨੂੰ ਮੁੜ ਉਨ੍ਹਾਂ ਹੀ ਭਰਮਾਂ ਵਿੱਚ ਫਸਾ ਕੇ ਮੁੜ ਤੋਂ ਮਾਨਸਿਕ ਗੁਲਾਮੀ ਵਿੱਚ ਜਕੜਨ ਦੇ ਆਹਰ ਵਿੱਚ ਲੱਗੇ ਹੋਏ ਹਨ ਤਾਂ ਕਿ ਇਨ੍ਹਾਂ ਦੀਆਂ ਦੁਕਾਨਦਾਰੀਆਂ ਉਂਝੇ ਹੀ ਚਲਦੀਆਂ ਰਹਿਣ।

ਮਾਨਸਿਕ ਤੌਰ `ਤੇ ਗ਼ੁਲਾਮ ਸਮਾਜ ਇੱਕ ਡਰਪੋਕ ਸਮਾਜ ਹੁੰਦਾ ਹੈ, ਜੋ ਹਰ ਚੀਜ਼ ਤੋਂ ਡਰੀ ਜਾਂਦਾ ਹੈ। ਕਦੇ ਸੁਭਾਵਕ ਤੌਰ `ਤੇ ਆਉਣ ਵਲੀਆਂ ਨਿੱਛਾਂ, ਉਬਾਸੀਆਂ ਅਤੇ ਅੰਗ-ਫੋਰ ਜਿਵੇਂ ਅੱਖ ਫਰਕਨਾ ਆਦਿ ਤੋਂ ਡਰੀ ਜਾਂਦਾ ਹੈ। ਕਦੇ ਇਹ ਛੋਟੇ ਜਿਹੇ ਜਾਨਵਰ ਦੇ ਅੱਗੋਂ ਲੰਘ ਜਾਣ ਨਾਲ ਡਰ ਜਾਂਦਾ ਹੈ ਤਾਂ ਕਦੇ ਕਿਸੇ ਪੰਛੀ ਦੀ ਅਵਾਜ਼ ਤੋਂ ਡਰ ਜਾਂਦਾ ਹੈ। ਦਿਨ ਵਿੱਚ ਵੇਖੇ ਤਾਰੇ ਤੋਂ ਡਰਦਾ ਹੈ ਤਾਂ ਰਾਤ ਨੂੰ ਵੇਖੇ ਸੁਫਨੇ ਤੋਂ ਡਰੀ ਜਾਂਦਾ ਹੈ। ਇੱਕ ਸਹਿਮਿਆਂ ਹੋਇਆ ਡਰਪੋਕ ਸਮਾਜ ਹੀ ਪੁਜਾਰੀ ਸ਼੍ਰੇਣੀ ਦਾ ਸਭ ਤੋਂ ਸਹਜ ਨਿਸ਼ਾਨਾ ਹੈ। ਇਸ ਲਈ ਡੇਰੇਦਾਰ ਆਪਣੇ ਪੈਰੋਕਾਰਾਂ ਨੂੰ ਵੱਧ ਤੋਂ ਵੱਧ ਡਰਾ ਕੇ ਰਖਦੇ ਹਨ। ਬਾਕੀ ਡਰ ਤਾਂ ਇੱਕ ਪਾਸੇ ਜੋ ਇਨ੍ਹਾਂ ਵਿੱਚ ਵਿਸ਼ਵਾਸ ਰਖਦੇ ਹਨ, ਉਹ ਤਾਂ ਇਸੇ ਡਰ ਨਾਲ ਹੀ ਕੰਬਦੇ ਰਹਿੰਦੇ ਹਨ ਕਿ ਕਿਤੇ ਮਹਾਪੁਰਖ ਨਰਾਜ਼ ਹੋ ਕੇ ਕੋਈ ਸਰਾਪ ਹੀ ਨਾ ਦੇ ਦੇਣ। ਇੱਕ ਐਸਾ ਡਰ ਜਿਸਦਾ ਨਾ ਕੋਈ ਅਧਾਰ ਹੈ ਅਤੇ ਨਾ ਸਾਰਥਿਕਤਾ। ਪਰ ਇੱਕ ਮਾਨਸਿਕ ਗੁਲਾਮ ਵਿਅਕਤੀ ਵਲੋਂ ਇਸ ਵਿਚੋਂ ਨਿਕਲਨਾ ਮੁਸ਼ਕਲ ਹੀ ਨਹੀਂ, ਨਾਮੁਮਕਿਨ ਹੈ।

ਜੀਵਨ ਵਿੱਚ ਦੁੱਖ-ਸੁੱਖ, ਚੰਗਾ ਮਾੜਾ ਸਮਾਂ ਕੁਦਰਤ ਦਾ ਇੱਕ ਖੇਲ ਹੈ, ਜੋ ਹਰ ਮਨੁੱਖ ਦੇ ਜੀਵਨ ਵਿੱਚ ਆਉਂਦੇ ਹਨ। ਸਤਿਗੁਰੂ ਗੁਰਬਾਣੀ ਵਿੱਚ ਵੀ ਸਮਝਾਉਂਦੇ ਹਨ:

ਮ: ੧।। ਨਾਨਕ ਬੋਲਣੁ ਝਖਣਾ ਦੁਖ ਛਡਿ ਮੰਗਿਅਹਿ ਸੁਖ।। ਸੁਖੁ ਦੁਖੁ ਦੁਇ ਦਰਿ ਕਪੜੇ ਪਹਿਰਹਿ ਜਾਇ ਮਨੁਖ।।

ਜਿਥੈ ਬੋਲਣਿ ਹਾਰੀਐ ਤਿਥੈ ਚੰਗੀ ਚੁਪ।। ੨।। {ਪੰਨਾ ੧੪੯}

ਹੇ ਨਾਨਕ! (ਇਹ ਜੋ) ਦੁਖ ਛੱਡ ਕੇ ਸੁਖ ਪਏ ਮੰਗਦੇ ਹਨ, ਅਜੇਹਾ ਬੋਲਣਾ ਸਿਰ ਖਪਾਈ ਹੀ ਹੈ, ਸੁਖ ਤੇ ਦੁਖ ਦੋਵੇਂ ਪ੍ਰਭੂ ਦੇ ਦਰ ਤੋਂ ਕੱਪੜੇ ਮਿਲੇ ਹੋਏ ਹਨ ਜੋ, ਮਨੁੱਖ ਜਨਮ ਲੈ ਕੇ ਇਥੇ ਪਹਿਨਦੇ ਹਨ (ਭਾਵ, ਦੁੱਖਾਂ ਤੇ ਸੁਖਾਂ ਦੇ ਚੱਕਰ ਹਰੇਕ ਉੱਤੇ ਆਉਂਦੇ ਹੀ ਰਹਿੰਦੇ ਹਨ); ਸੋ ਜਿਸ ਦੇ ਸਾਹਮਣੇ ਇਤਰਾਜ਼ ਗਿਲਾ ਕੀਤਿਆਂ (ਅੰਤ) ਹਾਰ ਹੀ ਮੰਨਣੀ ਪੈਂਦੀ ਹੈ ਓਥੇ ਚੁੱਪ ਰਹਿਣਾ ਹੀ ਚੰਗਾ ਹੈ (ਭਾਵ ਰਜ਼ਾ ਵਿੱਚ ਤੁਰਨਾ ਸਭ ਤੋਂ ਚੰਗਾ ਹੈ)।

ਡੇਰੇਦਾਰਾਂ ਦੇ ਭਰਮਜਾਲ ਵਿੱਚ ਫਸਿਆ ਮਨੁੱਖ ਔਖਾ ਸਮਾਂ ਆਉਣ `ਤੇ ਜਿਥੇ ਡੇਰੇਦਾਰਾਂ ਦੀ ਸ਼ਰਨ ਵਿੱਚ ਜਾ ਪਹੁੰਚਦਾ ਹੈ ਉਥੇ ਵਕਤ ਬਦਲਣ `ਤੇ ਅਕਾਲ ਪੁਰਖ ਦਾ ਸ਼ੁਕਰਾਨਾ ਕਰਨ ਦੀ ਬਜਾਏ ਜਾਂ ਆਪਣੀ ਸਮਰੱਥਾ `ਤੇ ਭਰੋਸਾ ਕਰਨ ਦੀ ਬਜਾਏ, ਇਹ ਵੀ ਡੇਰੇਦਾਰ ਦੀ ਕਿਰਪਾ ਹੀ ਸਮਝਦਾ ਹੈ।

ਆਪਣੇ ਡਰ ਦੇ ਪ੍ਰਭਾਵ ਨੂੰ ਵਧੇਰੇ ਸਾਰਥਿਕ ਬਨਾਉਣ ਲਈ ਬ੍ਰਾਹਮਣ ਨੇ ਕਰਮਕਾਂਡਾਂ ਦਾ ਇੱਕ ਵੱਡਾ ਚੱਕਰਵਿਊ ਰਚਿਆ ਹੋਇਆ ਹੈ। ਆਪਣੇ ਜਜਮਾਨ ਨੂੰ ਡਰਾ ਕੇ ਕਦੇ ਉਸ ਤੋਂ ਕਰਮਕਾਂਡੀ ਪੂਜਾ ਕਰਵਾਉਂਦਾ ਹੈ, ਕਦੇ ਉਸ ਨੂੰ ਤੀਰਥਾਂ ਦੇ ਭ੍ਰਮਣ `ਤੇ ਭੇਜ ਦੇਂਦਾ ਹੈ, ਕਦੇ ਉਸ ਕੋਲੋਂ ਵਰਤ ਕਰਾਉਂਦਾ ਹੈ ਤਾਂ ਕਦੇ ਤੱਪ ਕਰਾਉਂਦਾ ਹੈ।

ਗੁਰੂ ਗ੍ਰੰਥ ਸਾਹਿਬ ਦੇ ਇਲਾਹੀ ਗਿਆਨ ਨੇ ਸਿੱਖ ਨੂੰ ਸੱਚ ਧਰਮ ਦੀ ਜੁਗਤਿ ਸਮਝਾ ਕੇ, ਹਰ ਤਰ੍ਹਾਂ ਦੀ ਕਰਮਕਾਂਡੀ ਸੋਚ ਤੋਂ ਆਜ਼ਾਦ ਕਰਾ ਦਿੱਤਾ। ਜਿਨ੍ਹਾਂ ਕਰਮਾਂ ਨੂੰ ਬ੍ਰਾਹਮਣ ਆਪਣੇ ਧਰਮ ਦਾ ਆਧਾਰ ਮੰਨਦਾ ਹੈ, ਉਨ੍ਹਾਂ ਕਰਮਾਂ ਨੂੰ ਸਤਿਗੁਰੂ ਨੇ ਪਾਖੰਡ ਦੱਸਿਆ। ਪਾਵਨ ਗੁਰਵਾਕ ਹੈ:

"ਕਰਮ ਧਰਮ ਪਾਖੰਡ ਜੋ ਦੀਸਹਿ ਤਿਨ ਜਮੁ ਜਾਗਾਤੀ ਲੂਟੈ।।

ਨਿਰਬਾਣ ਕੀਰਤਨੁ ਗਾਵਹੁ ਕਰਤੇ ਕਾ ਨਿਮਖ ਸਿਮਰਤ ਜਿਤੁ ਛੂਟੈ।। " {ਸੂਹੀ ਮਹਲਾ ੫, ਪੰਨਾ ੭੪੭}

ਹੇ ਭਾਈ ! (ਤੀਰਥ-ਇਸ਼ਨਾਨ ਆਦਿਕ ਮਿਥੇ ਹੋਏ) ਧਾਰਮਿਕ ਕੰਮ ਵਿਖਾਵੇ ਦੇ ਪਖੰਡ ਹਨ, ਇਹ ਪਖੰਡ ਜਿਤਨੇ ਭੀ ਲੋਕ ਕਰਦੇ ਦਿੱਸਦੇ ਹਨ, ਉਹਨਾਂ ਨੂੰ ਮਸੂਲੀਆ ਜਮ ਲੁੱਟ ਲੈਂਦਾ ਹੈ। (ਇਸ ਵਾਸਤੇ) ਵਾਸਨਾ-ਰਹਿਤ ਹੋ ਕੇ ਕਰਤਾਰ ਦੀ ਸਿਫ਼ਤਿ-ਸਾਲਾਹ ਕਰਿਆ ਕਰੋ, ਕਿਉਂਕਿ ਇਸ ਦੀ ਬਰਕਤਿ ਨਾਲ ਛਿਨ-ਭਰ ਨਾਮ ਸਿਮਰਿਆਂ ਹੀ ਮਨੁੱਖ ਵਿਕਾਰਾਂ ਤੋਂ ਖ਼ਲਾਸੀ ਪਾ ਲੈਂਦਾ ਹੈ।

ਗੁਰਬਾਣੀ ਵਿੱਚ ਕਰਮਕਾਂਡਾਂ ਨੂੰ ਰੱਦ ਕਰਦੇ ਅਨੇਕ ਸ਼ਬਦ ਹਨ ਜਿਥੇ ਸਤਿਗੁਰੂ ਨੇ ਗਿਣ ਗਿਣ ਕੇ ਹਰ ਕਰਮਕਾਂਡ ਦੇ ਪਾਜ ਉਘੇੜੇ ਹਨ। ਇਨ੍ਹਾਂ ਵਿਚੋਂ ਇੱਕ ਸ਼ਬਦ ਪਾਠਕਾਂ ਨਾਲ ਸਾਂਝਾ ਕਰ ਰਿਹਾ ਹਾਂ:

"ਸੋਰਠਿ ਮਹਲਾ ੫ ਘਰੁ ੨ ਅਸਟਪਦੀਆ

ੴ ਸਤਿਗੁਰ ਪ੍ਰਸਾਦਿ।।

ਪਾਠੁ ਪੜਿਓ ਅਰੁ ਬੇਦੁ ਬੀਚਾਰਿਓ ਨਿਵਲਿ ਭੁਅੰਗਮ ਸਾਧੇ।।

ਪੰਚ ਜਨਾ ਸਿਉ ਸੰਗੁ ਨ ਛੁਟਕਿਓ ਅਧਿਕ ਅਹੰਬੁਧਿ ਬਾਧੇ।। ੧।।

ਪਿਆਰੇ ਇਨ ਬਿਧਿ ਮਿਲਣੁ ਨ ਜਾਈ ਮੈ ਕੀਏ ਕਰਮ ਅਨੇਕਾ।।

ਹਾਰਿ ਪਰਿਓ ਸੁਆਮੀ ਕੈ ਦੁਆਰੈ ਦੀਜੈ ਬੁਧਿ ਬਿਬੇਕਾ।। ਰਹਾਉ।।

ਮੋਨਿ ਭਇਓ ਕਰਪਾਤੀ ਰਹਿਓ ਨਗਨ ਫਿਰਿਓ ਬਨ ਮਾਹੀ।।

ਤਟ ਤੀਰਥ ਸਭ ਧਰਤੀ ਭ੍ਰਮਿਓ ਦੁਬਿਧਾ ਛੁਟਕੈ ਨਾਹੀ।। ੨।।

ਮਨ ਕਾਮਨਾ ਤੀਰਥ ਜਾਇ ਬਸਿਓ ਸਿਰਿ ਕਰਵਤ ਧਰਾਏ।।

ਮਨ ਕੀ ਮੈਲੁ ਨ ਉਤਰੈ ਇਹ ਬਿਧਿ ਜੇ ਲਖ ਜਤਨ ਕਰਾਏ।। ੩।।

ਕਨਿਕ ਕਾਮਿਨੀ ਹੈਵਰ ਗੈਵਰ ਬਹੁ ਬਿਧਿ ਦਾਨੁ ਦਾਤਾਰਾ।।

ਅੰਨ ਬਸਤ੍ਰ ਭੂਮਿ ਬਹੁ ਅਰਪੇ ਨਹ ਮਿਲੀਐ ਹਰਿ ਦੁਆਰਾ।। ੪।। " {ਪੰਨਾ ੬੪੧-੬੪੨}

ਹੇ ਭਾਈ ! ਕੋਈ ਮਨੁੱਖ ਵੇਦ (ਆਦਿਕ ਧਰਮ-ਪੁਸਤਕ ਨੂੰ) ਪੜ੍ਹਦਾ ਹੈ ਅਤੇ ਵਿਚਾਰਦਾ ਹੈ। ਕੋਈ ਮਨੁੱਖ ਨਿਵਲੀਕਰਮ ਕਰਦਾ ਹੈ, ਕੋਈ ਕੁੰਡਲਨੀ ਨਾੜੀ ਰਸਤੇ ਪ੍ਰਾਣ ਚਾੜ੍ਹਦਾ ਹੈ। (ਪਰ ਇਹਨਾਂ ਸਾਧਨਾਂ ਨਾਲ ਕਾਮਾਦਿਕ) ਪੰਜਾਂ ਨਾਲੋਂ ਸਾਥ ਮੁੱਕ ਨਹੀਂ ਸਕਦਾ। (ਸਗੋਂ) ਵਧੀਕ ਅਹੰਕਾਰ ਵਿੱਚ (ਮਨੁੱਖ) ਬੱਝ ਜਾਂਦੇ ਹਨ। ੧।

ਹੇ ਭਾਈ ! ਮੇਰੇ ਵੇਖਦਿਆਂ ਲੋਕ ਅਨੇਕਾਂ ਹੀ (ਮਿਥੇ ਹੋਏ ਧਾਰਮਿਕ) ਕਰਮ ਕਰਦੇ ਹਨ, ਪਰ ਇਹਨਾਂ ਤਰੀਕਿਆਂ ਨਾਲ ਪਰਮਾਤਮਾ ਦੇ ਚਰਨਾਂ ਵਿੱਚ ਜੁੜਿਆ ਨਹੀਂ ਜਾ ਸਕਦਾ। ਹੇ ਭਾਈ ! ਮੈਂ ਤਾਂ ਇਹਨਾਂ ਕਰਮਾਂ ਦਾ ਆਸਰਾ ਛੱਡ ਕੇ ਮਾਲਕ-ਪ੍ਰਭੂ ਦੇ ਦਰ `ਤੇ ਆ ਡਿੱਗਾ ਹਾਂ (ਤੇ ਅਰਜ਼ੋਈ ਕਰਦਾ ਰਹਿੰਦਾ ਹਾਂ—ਹੇ ਪ੍ਰਭੂ ! ਮੈਨੂੰ ਭਲਾਈ ਬੁਰਾਈ ਦੀ) ਪਰਖ ਕਰ ਸਕਣ ਵਾਲੀ ਅਕਲ ਦੇਹ। ਰਹਾਉ।

ਹੇ ਭਾਈ ! ਕੋਈ ਮਨੁੱਖ ਚੁੱਪ ਸਾਧੀ ਬੈਠਾ ਹੈ, ਕੋਈ ਕਰ-ਪਾਤੀ ਬਣ ਗਿਆ ਹੈ (ਭਾਂਡਿਆਂ ਦੇ ਥਾਂ ਆਪਣੇ ਹੱਥ ਹੀ ਵਰਤਦਾ ਹੈ), ਕੋਈ ਜੰਗਲ ਵਿੱਚ ਨੰਗਾ ਤੁਰਿਆ ਫਿਰਦਾ ਹੈ। ਕੋਈ ਮਨੁੱਖ ਸਾਰੇ ਤੀਰਥਾਂ ਦਾ ਰਟਨ ਕਰ ਰਿਹਾ ਹੈ, ਕੋਈ ਸਾਰੀ ਧਰਤੀ ਦਾ ਭ੍ਰਮਣ ਕਰ ਰਿਹਾ ਹੈ, (ਪਰ ਇਸ ਤਰ੍ਹਾਂ ਭੀ) ਮਨ ਦੀ ਡਾਂਵਾਂ-ਡੋਲ ਹਾਲਤ ਮੁੱਕਦੀ ਨਹੀਂ। ੨।

ਹੇ ਭਾਈ ! ਕੋਈ ਮਨੁੱਖ ਆਪਣੀ ਮਨੋ-ਕਾਮਨਾ ਅਨੁਸਾਰ ਤੀਰਥਾਂ ਉੱਤੇ ਜਾ ਵੱਸਿਆ ਹੈ, (ਮੁਕਤੀ ਦਾ ਚਾਹਵਾਨ ਆਪਣੇ) ਸਿਰ ਉਤੇ (ਸ਼ਿਵ ਜੀ ਵਾਲਾ) ਆਰਾ ਰਖਾਂਦਾ ਹੈ (ਤੇ, ਆਪਣੇ ਆਪ ਨੂੰ ਚਿਰਾ ਲੈਂਦਾ ਹੈ)। ਪਰ ਜੇ ਕੋਈ ਮਨੁੱਖ (ਇਹੋ ਜਿਹੇ) ਲੱਖਾਂ ਹੀ ਜਤਨ ਕਰੇ, ਇਸ ਤਰ੍ਹਾਂ ਭੀ ਮਨ ਦੀ (ਵਿਕਾਰਾਂ ਦੀ) ਮੈਲ ਨਹੀਂ ਲਹਿੰਦੀ। ੩।

ਹੇ ਭਾਈ ! ਕੋਈ ਮਨੁੱਖ ਸੋਨਾ, ਇਸਤ੍ਰੀ, ਵਧੀਆ ਘੋੜੇ, ਵਧੀਆ ਹਾਥੀ (ਅਤੇ ਇਹੋ ਜਿਹੇ) ਕਈ ਕਿਸਮਾਂ ਦੇ ਦਾਨ ਕਰਨ ਵਾਲਾ ਹੈ। ਕੋਈ ਮਨੁੱਖ ਅੰਨ ਦਾਨ ਕਰਦਾ ਹੈ, ਕੱਪੜੇ ਦਾਨ ਕਰਦਾ ਹੈ, ਜ਼ਿਮੀਂ ਦਾਨ ਕਰਦਾ ਹੈ। (ਇਸ ਤਰ੍ਹਾਂ ਭੀ) ਪਰਮਾਤਮਾ ਦੇ ਦਰ `ਤੇ ਪਹੁੰਚ ਨਹੀਂ ਸਕੀਦਾ। ੪।

"ਪੂਜਾ ਅਰਚਾ ਬੰਦਨ ਡੰਡਉਤ ਖਟੁ ਕਰਮਾ ਰਤੁ ਰਹਤਾ।।

ਹਉ ਹਉ ਕਰਤ ਬੰਧਨ ਮਹਿ ਪਰਿਆ ਨਹ ਮਿਲੀਐ ਇਹ ਜੁਗਤਾ।। ੫।।

ਜੋਗ ਸਿਧ ਆਸਣ ਚਉਰਾਸੀਹ ਏ ਭੀ ਕਰਿ ਕਰਿ ਰਹਿਆ।।

ਵਡੀ ਆਰਜਾ ਫਿਰਿ ਫਿਰਿ ਜਨਮੈ ਹਰਿ ਸਿਉ ਸੰਗੁ ਨ ਗਹਿਆ।। ੬।।

ਰਾਜ ਲੀਲਾ ਰਾਜਨ ਕੀ ਰਚਨਾ ਕਰਿਆ ਹੁਕਮੁ ਅਫਾਰਾ।।

ਸੇਜ ਸੋਹਨੀ ਚੰਦਨੁ ਚੋਆ ਨਰਕ ਘੋਰ ਕਾ ਦੁਆਰਾ।। ੭।।

ਹਰਿ ਕੀਰਤਿ ਸਾਧ ਸੰਗਤਿ ਹੈ ਸਿਰਿ ਕਰਮਨ ਕੈ ਕਰਮਾ।।

ਕਹੁ ਨਾਨਕ ਤਿਸੁ ਭਇਓ ਪਰਾਪਤਿ ਜਿਸੁ ਪੁਰਬ ਲਿਖੇ ਕਾ ਲਹਨਾ।। ੮।।

ਤੇਰੋ ਸੇਵਕੁ ਇਹ ਰੰਗਿ ਮਾਤਾ।।

ਭਇਓ ਕ੍ਰਿਪਾਲੁ ਦੀਨ ਦੁਖ ਭੰਜਨੁ ਹਰਿ ਹਰਿ ਕੀਰਤਨਿ ਇਹੁ ਮਨੁ ਰਾਤਾ।। ਰਹਾਉ ਦੂਜਾ।। ੧।। ੩।। " {ਪੰਨਾ ੬੪੨}

ਹੇ ਭਾਈ ! ਕੋਈ ਮਨੁੱਖ ਦੇਵ-ਪੂਜਾ ਵਿਚ, ਦੇਵਤਿਆਂ ਨੂੰ ਨਮਸਕਾਰ ਡੰਡਉਤ ਕਰਨ ਵਿਚ, ਛੇ ਕਰਮਾਂ ਦੇ ਕਰਨ ਵਿੱਚ ਮਸਤ ਰਹਿੰਦਾ ਹੈ। ਪਰ ਉਹ ਭੀ (ਇਹਨਾਂ ਮਿੱਥੇ ਹੋਏ ਧਾਰਮਿਕ ਕਰਮਾਂ ਦੇ ਕਰਨ ਕਰ ਕੇ ਆਪਣੇ ਆਪ ਨੂੰ ਧਰਮੀ ਜਾਣ ਕੇ) ਅਹੰਕਾਰ ਨਾਲ ਕਰਦਾ ਕਰਦਾ (ਮਾਇਆ ਦੇ ਮੋਹ ਦੇ) ਬੰਧਨਾਂ ਵਿੱਚ ਜਕੜਿਆ ਰਹਿੰਦਾ ਹੈ। ਇਸ ਤਰੀਕੇ ਭੀ ਪਰਮਾਤਮਾ ਨੂੰ ਨਹੀਂ ਮਿਲ ਸਕੀਦਾ। ੫।

ਜੋਗ-ਮਤ ਵਿੱਚ ਸਿੱਧਾਂ ਦੇ ਪ੍ਰਸਿੱਧ ਚੌਰਾਸੀ ਆਸਣ ਹਨ। ਇਹ ਆਸਣ ਕਰ ਕਰ ਕੇ ਭੀ ਮਨੁੱਖ ਥੱਕ ਜਾਂਦਾ ਹੈ। ਉਮਰ ਤਾਂ ਲੰਮੀ ਕਰ ਲੈਂਦਾ ਹੈ, ਪਰ ਇਸ ਤਰ੍ਹਾਂ ਪਰਮਾਤਮਾ ਨਾਲ ਮਿਲਾਪ ਨਾਲ ਨਹੀਂ ਬਣਦਾ, ਮੁੜ ਮੁੜ ਜਨਮਾਂ ਦੇ ਗੇੜ ਵਿੱਚ ਪਿਆ ਰਹਿੰਦਾ ਹੈ। ੬।

ਹੇ ਭਾਈ ! ਕਈ ਐਸੇ ਹਨ ਜੋ ਰਾਜ-ਹਕੂਮਤ ਦੇ ਰੰਗ-ਤਮਾਸ਼ੇ ਮਾਣਦੇ ਹਨ, ਰਾਜਿਆਂ ਵਾਲੇ ਠਾਠ-ਬਾਠ ਬਣਾਂਦੇ ਹਨ, ਲੋਕਾਂ ਉੱਤੇ ਹੁਕਮ ਚਲਾਂਦੇ ਹਨ, ਕੋਈ ਉਹਨਾਂ ਦਾ ਹੁਕਮ ਮੋੜ ਨਹੀਂ ਸਕਦਾ। ਸੁੰਦਰ ਇਸਤ੍ਰੀ ਦੀ ਸੇਜ ਮਾਣਦੇ ਹਨ, (ਆਪਣੇ ਸਰੀਰ ਉਤੇ) ਚੰਦਨ ਤੇ ਅਤਰ ਵਰਤਦੇ ਹਨ। ਪਰ ਇਹ ਸਭ ਕੁੱਝ ਤਾਂ ਭਿਆਨਕ ਨਰਕ ਵਲ ਲੈ ਜਾਣ ਵਾਲਾ ਹੈ। ੭।

ਹੇ ਭਾਈ ! ਸਾਧ ਸੰਗਤਿ ਵਿੱਚ ਬੈਠ ਕੇ ਪਰਮਾਤਮਾ ਦੀ ਸਿਫ਼ਤਿ-ਸਾਲਾਹ ਕਰਨੀ—ਇਹ ਕੰਮ ਹੋਰ ਸਾਰੇ ਕਰਮਾਂ ਨਾਲੋਂ ਸ੍ਰੇਸ਼ਟ ਹੈ। ਪਰ, ਹੇ ਨਾਨਕ ! ਆਖ—ਇਹ ਅਵਸਰ ਉਸ ਮਨੁੱਖ ਨੂੰ ਹੀ ਮਿਲਦਾ ਹੈ ਜਿਸ ਦੇ ਮੱਥੇ ਉਤੇ ਪੂਰਬਲੇ ਕੀਤੇ ਕਰਮਾਂ ਦੇ ਸੰਸਕਾਰਾਂ ਅਨੁਸਾਰ ਲੇਖ ਲਿਖਿਆ ਹੁੰਦਾ ਹੈ। ੮।

ਹੇ ਭਾਈ ! ਤੇਰਾ ਸੇਵਕ ਤੇਰੀ ਸਿਫ਼ਤਿ-ਸਾਲਾਹ ਦੇ ਰੰਗ ਵਿੱਚ ਮਸਤ ਰਹਿੰਦਾ ਹੈ। ਹੇ ਭਾਈ ! ਦੀਨਾਂ ਦੇ ਦੁੱਖ ਦੂਰ ਕਰਨ ਵਾਲਾ ਪਰਮਾਤਮਾ ਜਿਸ ਮਨੁੱਖ ਉਤੇ ਦਇਆਵਾਨ ਹੁੰਦਾ ਹੈ, ਉਸ ਦਾ ਇਹ ਮਨ ਪਰਮਾਤਮਾ ਦੀ ਸਿਫ਼ਤਿ-ਸਾਲਾਹ ਦੇ ਰੰਗ ਵਿੱਚ ਰੰਗਿਆ ਰਹਿੰਦਾ ਹੈ। ਰਹਾਉ ਦੂਜਾ। ੧। ੩।

ਜਿਵੇਂ ਅਸੀਂ ਇਸ ਸ਼ਬਦ ਵਿੱਚ ਵੇਖਿਆ ਹੈ ਸਤਿਗੁਰੂ ਨੇ ਜਾਪ ਕਰਨੇ, ਯੋਗ ਵਿਧੀ ਨਾਲ ਪੇਟ ਦੀਆਂ ਨਾੜੀਆਂ ਆਦਿ ਨੂੰ ਸਾਫ ਕਰਨਾ, ਨਿਉਲੀ ਆਸਨ ਕਰਨੇ, ਮੌਨ ਵਰਤ ਰਖਣੇ, ਕਰਪਾਤੀ ਬਨਣਾ, ਨੰਗੇ ਰਹਿਣਾ, ਤੀਰਥਾਂ ਤੇ ਜਾਣਾ, ਧਰਤੀ ਦਾ ਭ੍ਰਮਣ ਕਰਨਾ, ਸ਼ਿਵ ਜੀ ਦੇ ਕਹੇ ਜਾਂਦੇ ਆਰੇ ਨਾਲ ਸਰੀਰ ਕਟਾਉਣਾ, ਭਾਂਤ ਭਾਂਤ ਦੇ ਦਾਨ ਕਰਨੇ, ਪੂਜਾ ਕਰਨੀ, ਡੰਡਉਤ ਕਰਨੇ, ਮੱਥੇ ਟੇਕਣੇ, ਤੀਰਥਾਂ ਤੇ ਵਾਸ ਕਰਨਾ, ਜੋਗੀਆਂ ਵਾਲੇ ੮੪ ਆਸਣ ਕਰਨੇ, ਆਦਿ ਇੱਕ ਇੱਕ ਕਰਮਕਾਂਡ ਨੂੰ ਗਿਣ ਗਿਣ ਕੇ ਰੱਦ ਕੀਤਾ ਹੈ ਪਰ ਇਹ ਡੇਰੇਦਾਰ ਅੱਜ ਸਿੱਖ ਕੌਮ ਨੂੰ ਉਨ੍ਹਾਂ ਹੀ ਕਰਮਕਾਂਡਾਂ ਵਿੱਚ ਮੁੜ ਉਲਝਾਉਣ ਦਾ ਮਹਾਨ ਕਾਰਜ ਕਰ ਰਹੇ ਹਨ। ਫਰਕ ਸਿਰਫ ਇਤਨਾ ਹੈ ਕਿ ਬਹੁਤੇ ਕਰਮਕਾਂਡਾਂ ਦਾ ਸਿੱਖੀ ਕਰਨ ਕਰ ਲਿਆ ਗਿਆ ਹੈ। ਇਨ੍ਹਾਂ ਦੇ ਭਰਮਜਾਲ ਵਿੱਚ ਫਸਿਆ ਸਿੱਖ ਤੀਰਥ ਕਰਨ ਲਈ ਹਰਦੁਆਰ, ਕਾਂਸ਼ੀ ਜਾਂ ੬੮ ਤੀਰਥਾਂ `ਤੇ ਨਹੀਂ ਜਾਂਦਾ। ਉਹ ਹੇਮਕੁੰਟ, ਮੰਨੀਕਰਨ ਆਦਿ. . ਪਹਾੜਾਂ `ਤੇ ਜਾ ਕੇ ਪ੍ਰਮਾਤਮਾਂ ਨੂੰ ਲਭਦਾ ਫਿਰਦਾ ਹੈ, ਗੁਰਧਾਮਾਂ ਦੇ ਦਰਸ਼ਨਾਂ ਦੇ ਨਾਂ `ਤੇ ਉਂਝ ਹੀ ਮਨ ਦੀ ਸ਼ਾਂਤੀ ਵਾਸਤੇ ਭਟਕਦਾ ਫਿਰਦਾ ਹੈ।

ਉਹ ਗੰਗਾ ਜਾਂ ਗੋਦਾਵਰੀ ਦੇ ਇਸ਼ਨਾਨ ਨੂੰ ਮਹੱਤਤਾ ਨਾ ਵੀ ਦੇਂਦਾ ਹੋਵੇ, ਉਹ ਗੁਰਦੁਆਰਿਆਂ ਦੇ ਨਾਲ ਬਣੇ ਸਰੋਵਰਾਂ ਵਿੱਚ ਉਸੇ ਭਾਵਨਾ ਨਾਲ ਇਸ਼ਨਾਨ ਕਰਦਾ ਹੈ ਕਿ ਇਸ ਨਾਲ ਉਸ ਦੇ ਸਭ ਪਾਪ ਧੁਲ ਜਾਣਗੇ ਜਾਂ ਉਸ ਦੇ ਰੋਗ ਕੱਟੇ ਜਾਣਗੇ।

ਉਹ ਆਪਣੇ ਚਲਾਣਾ ਕਰ ਗਏ ਪ੍ਰਵਾਰਕ ਮੈਂਬਰਾਂ ਦੇ ਫੁਲ ਗੰਗਾ ਵਿੱਚ ਪਾਉਣ ਨਹੀਂ ਜਾਂਦਾ, ਉਸ ਨੇ ਕੀਰਤਪੁਰ ਕੋਲ ਇੱਕ ਆਪਣੀ ਅਲੱਗ ਗੰਗਾ ਤਿਆਰ ਕਰ ਲਈ ਹੈ। ਉਥੇ ਹੱਡ ਪਾ ਕੇ ਉਨ੍ਹਾਂ ਦੀ ਮੁਕਤੀ ਵਾਸਤੇ ਅਰਦਾਸਾਂ ਕਰਦਾ ਹੈ।

ਉਹ ਕਰਪਾਤੀ ਨਹੀਂ ਬਣਿਆਂ, ਸਰਬ ਲੋਹੀ ਬਣਿਆਂ ਹੈ। ਭੋਜਨ ਛਕਦਾ ਤਾਂ ਭਾਂਡਿਆਂ ਵਿੱਚ ਹੈ, ਪਰ ਕੇਵਲ ਸਰਬ ਲੋਹ ਦੇ ਭਾਂਡਿਆਂ ਵਿੱਚ ਛਕਦਾ ਹੈ।

ਜੋਗ ਕਿਰਿਆਵਾਂ ਅਤੇ ਸਾਧਨਾ ਵੀ ਕਰਦਾ ਹੈ ਪਰ ਬਗੈਰ ਗੁਰਬਾਣੀ ਦਾ ਭਾਵ ਸਮਝੇ, ਉਸ ਨੂੰ ਨਾਨਕ ਦੇ ਜੋਗ ਦਾ ਨਾਂ ਦੇ ਦੇਂਦਾ ਹੈ।

ਲੰਬੀ ਲਿਸਟ ਹੈ ਜਿਤਨਾ ਮਰਜ਼ੀ ਗਿਣੀ ਜਾਈਏ। ਹੋ ਸਕਦਾ ਹੈ ਬ੍ਰਾਹਮਣ ਦੇ ਮਿੱਥੇ ਕਰਮਕਾਂਡਾਂ ਨਾਲੋਂ ਵੀ ਵੱਡੀ ਹੋ ਜਾਵੇ। ਕਹਿਣ ਦਾ ਅਸਲ ਭਾਵ ਹੈ ਕਿ ਮਨੁੱਖਤਾ `ਤੇ ਭਾਰੀ ਪਰਉਪਕਾਰ ਕਰਦੇ ਹੋਏ, ਜਿਨ੍ਹਾਂ ਕਰਮਕਾਂਡਾਂ ਤੋਂ ਸਤਿਗੁਰੂ ਨੇ ਸਮਾਜ ਦਾ ਖਹਿੜਾ ਛੁੜਵਾਇਆ, ਇਹ ਡੇਰੇਦਾਰ ਸਿੱਖ ਨੂੰ ਉਨ੍ਹਾਂ ਕੋਲੋਂ ਮੁਕਤ ਨਹੀਂ ਹੋਣ ਦੇਣਾ ਚਾਹੁੰਦੇ। ਸਿੱਖੀ ਦੇ ਨਾਂ `ਤੇ ਉਨ੍ਹਾਂ ਦਾ ਰੂਪ ਬਦਲ ਕੇ, ਉਨ੍ਹਾਂ ਵਿੱਚ ਹੀ ਉਲਝਾਈ ਰਖਣਾ ਚਾਹੁੰਦੇ ਹਨ, ਤਾਂ ਕਿ ਮਾਨਸਿਕ ਰੋਗੀ ਬਣਿਆਂ ਸਿੱਖ ਸਮਾਜ ਡਰਿਆ ਅਤੇ ਸਹਿਮਿਆ ਰਹੇ ਅਤੇ ਇਹ ਸਮਾਜ ਦਾ ਮਾਨਸਿਕ ਸੋਸ਼ਣ ਕਰਦੇ ਰਹਿਣ।

ਸੁਭਾਵਕ ਹੈ ਕਿ ਮਾਨਸਿਕ ਗੁਲਾਮ, ਸਹਿਮਿਆਂ ਅਤੇ ਡਰਿਆ ਹੋਇਆ ਸਮਾਜ, ਕਦੇ ਅਣਖੀਲਾ ਅਤੇ ਬਹਾਦਰ ਨਹੀਂ ਹੋ ਸਕਦਾ। ਸਗੋਂ ਉਹ ਸਦਾ ਦੂਸਰਿਆਂ ਦੇ ਭਰੋਸੇ `ਤੇ ਜਿਉਂਦਾ ਹੈ ਅਤੇ ਅਕਸਰ ਸਰੀਰਕ ਗੁਲਾਮੀ ਵਿੱਚ ਵੀ ਜਕੜਿਆ ਜਾਂਦਾ ਹੈ। ਸਤਿਗੁਰੂ ਨੇ ਗੁਰਬਾਣੀ ਵਿੱਚ ਵੀ ਫੁਰਮਾਇਆ ਹੈ:

"ਬਲੁ ਛੁਟਕਿਓ ਬੰਧਨ ਪਰੇ ਕਛੂ ਨ ਹੋਤ ਉਪਾਇ।। ਕਹੁ ਨਾਨਕ ਅਬ ਓਟ ਹਰਿ ਗਜ ਜਿਉ ਹੋਹੁ ਸਹਾਇ।। "

(ਸਲੋਕ ਮਹਲਾ ੯, ਪੰਨਾ ੧੪੨੯)

ਗੁਰਬਾਣੀ ਅਨੁਸਾਰ ਬਲਹੀਣ ਹੋਣ ਨਾਲ ਗ਼ੁਲਾਮੀ ਦੇ ਬੰਧਨ ਪੈਣਾ ਇੱਕ ਸੁਭਾਵਕ ਕਿਰਿਆ ਹੈ। ਇਹੀ ਕਾਰਨ ਸੀ ਕਿ ਭਾਰਤ ਇਤਨੀ ਵੱਡੀ ਵਸੋਂ ਵਾਲਾ ਦੇਸ਼ ਹੋਣ ਦੇ ਬਾਵਜੂਦ ਸੈਂਕੜੇ ਸਾਲ ਗੁਲਾਮ ਰਿਹਾ। ਹਜ਼ਾਰਾਂ ਦੀ ਗਿਣਤੀ ਵਿੱਚ ਵਿਦੇਸ਼ੀ ਆਉਂਦੇ, ਕਈ ਇਸ ਦੇਸ਼ ਨੂੰ ਲੁੱਟ-ਪੁੱਟ ਕੇ ਚਲੇ ਜਾਂਦੇ ਤਾਂ ਕਈ ਇਥੇ ਦੇ ਵਸਨੀਕਾਂ ਨੂੰ ਗ਼ੁਲਾਮ ਬਣਾ ਕੇ ਇਥੇ ਦੇ ਹਾਕਮ ਬਣ ਬੈਠਦੇ। ਇਹ ਸਿੱਖ ਕੌਮ ਦੀ ਮਾਨਸਿਕ ਅਜ਼ਾਦੀ ਹੀ ਸੀ ਜਿਸ ਨੇ ਸਿੱਖ ਅੰਦਰ ਇਤਨੀ ਜੁਰਅਤ ਅਤੇ ਤਾਕਤ ਭਰ ਦਿੱਤੀ ਕਿ ਤਕਰੀਬਨ ਇੱਕ ਹਜ਼ਾਰ ਸਾਲ ਦੀ ਗੁਲਾਮੀ ਦੀਆਂ ਜੰਜੀਰਾਂ ਨੂੰ ਤੋੜ ਕੇ ਸਾਰਾ ਦੇਸ਼ ਆਜ਼ਾਦ ਕਰਾ ਦਿੱਤਾ।

ਸਾਡੇ ਕੋਲ ਇੱਕ ਲਾਜੁਆਬ ਪ੍ਰਮਾਣ ਹੈ ਕਿ ਕਿਵੇਂ ਇੱਕ ਬਹਾਦਰ ਕੌਮ ਵੀ ਮਾਨਸਿਕ ਗੁਲਾਮ ਹੋਣ `ਤੇ ਸਾਹ ਸਤ ਹੀਣ ਹੋ ਕੇ ਗ਼ੁਲਾਮੀ ਦੀਆਂ ਜੰਜੀਰਾਂ ਵਿੱਚ ਜੱਕੜੀ ਜਾਂਦੀ ਹੈ। ਪਠਾਣ ਅਫਗਾਨਿਸਤਾਨ ਵੱਲੋਂ ਹਮਲਾਵਾਰ ਹੋ ਕੇ ਆਏ ਅਤੇ ਲੰਬਾ ਸਮਾਂ ਭਾਰਤ ਦੇ ਕਈ ਖੇਤਰਾਂ ਉਤੇ ਰਾਜ ਕਰਦੇ ਰਹੇ। ਇੱਕ ਤਾਂ ਰਾਜ ਭਾਗ ਮਿਲਣ ਨਾਲ ਐਯਾਸ਼ ਹੋ ਗਏ ਦੂਸਰਾ ਸਮਾਂ ਪਾ ਕੇ ਭਾਰਤੀ ਬ੍ਰਾਹਮਣਵਾਦੀ ਮਾਹੌਲ ਦਾ ਬਹੁਤ ਅਸਰ ਇਨ੍ਹਾਂ `ਤੇ ਵੀ ਭਾਰੀ ਹੋ ਗਿਆ। ਮੁਸਲਮਾਨ ਕੌਮ ਦੀ ਭਾਰਤ ਵਿੱਚ ਹੋਈ ਇਸ ਅਧੋਗਤੀ ਦੇ ਬਾਰੇ ਇੱਕ ਸ਼ਾਇਰ ਨੇ ਬਹੁਤ ਖੂਬਸੂਰਤ ਲਾਈਨਾਂ ਲਿਖੀਆਂ ਹਨ:

"ਯਹ ਦੀਨੇ ਹਜਾਜ਼ੀ ਕਾ ਬੇਬਾਕ ਬੇੜਾ, ਨਾ ਜੇਹੂੰ ਮੇਂ ਅਟਕਾ ਨਾ ਸੇਹੂੰ ਮੇਂ ਠਹਿਰਾ।

ਕੀਏ ਪਾਰ ਜਿਸਨੇ ਥੇ ਸਾਤੋਂ ਸਮੰਦਰ, ਵੋਹ ਡੂਬਾ ਦਹਾਨੇ ਮੇਂ ਗੰਗਾ ਕੇ ਆਕਰ। "

ਗੁਰੂ ਨਾਨਕ ਸਾਹਿਬ ਦੇ ਸਮੇਂ `ਤੇ ਬਾਬਰ ਦੀ ਅਗਵਾਈ ਵਿੱਚ ਜਦੋਂ ਮੁਗਲ ਹਮਲਾਵਾਰ ਹੋ ਕੇ ਆਏ ਤਾਂ ਉਨ੍ਹਾਂ ਦੇ ਟਾਕਰੇ ਵਿੱਚ ਡਟਣ ਦੀ ਬਜਾਏ, ਇਨ੍ਹਾਂ ਨੇ ਵੀ ਉਸੇ ਕਰਮਕਾਂਡੀ ਸੋਚ ਅਧੀਨ ਪੀਰਾਂ, ਫਕੀਰਾਂ ਅਤੇ ਬ੍ਰਾਹਮਣਾਂ ਨੂੰ ਇਕੱਠਾ ਕਰ ਲਿਆ ਕਿ ਤੁਸੀ ਸਾਰੇ ਰੱਲ ਕੇ ਮੰਤਰ ਪੜ੍ਹੋ ਤਾਕਿ ਇਸ ਸਾਰੇ ਮੁਗਲ ਅੰਨ੍ਹੇ ਹੋ ਜਾਣ। ਨਤੀਜਾ ਇਹ ਹੋਇਆ ਕਿ ਮੁਗਲਾਂ ਦੀ ਫੌਜ ਨੇ ਵੱਡੇ ਵੱਡੇ ਮਹਿਲ-ਮਾੜੀਆਂ ਸਾੜ ਕੇ ਸੁਆਹ ਕਰ ਦਿੱਤੇ। ਜਿਹੜੇ ਕੱਲ ਤੱਕ ਰਾਜ ਭਾਗ ਦੇ ਨਸ਼ੇ ਵਿੱਚ ਪਾਗਲ ਹੋਏ, ਆਪਣੇ ਆਪ ਨੂੰ ਸ਼ਹਿਜ਼ਾਦੇ ਅਖਵਾਉਂਦੇ ਸਨ, ਉਨ੍ਹਾਂ ਦੀਆਂ ਲਾਸ਼ਾਂ ਗਲੀਆਂ ਵਿੱਚ ਰੋਲ ਦਿੱਤੀਆਂ। ਉਨ੍ਹਾਂ ਪੀਰਾਂ ਫਕੀਰਾਂ ਦੀਆਂ ਤਸਬੀਆਂ ਅਤੇ ਮੰਤਰ ਕੋਈ ਕਰਿਸ਼ਮਾਂ ਨਾ ਕਰ ਸਕੇ ਅਤੇ ਕੋਈ ਮੁਗਲ ਅੰਨ੍ਹਾਂ ਨਾ ਹੋਇਆ। ਗੁਰੂ ਨਾਨਕ ਪਾਤਿਸ਼ਾਹ ਨੇ ਇਸ ਸਾਰੇ ਸਾਕੇ ਦਾ ਇੱਕ ਅਦਭੁਤ ਨਜ਼ਾਰਾ ਪਾਵਨ ਗੁਰਬਾਣੀ ਵਿੱਚ ਇੰਝ ਪੇਸ਼ ਕੀਤਾ ਹੈ:

"ਕੋਟੀ ਹੂ ਪੀਰ ਵਰਜਿ ਰਹਾਏ ਜਾ ਮੀਰੁ ਸੁਣਿਆ ਧਾਇਆ।।

ਥਾਨ ਮੁਕਾਮ ਜਲੇ ਬਿਜ ਮੰਦਰ ਮੁਛਿ ਮੁਛਿ ਕੁਇਰ ਰੁਲਾਇਆ।।

ਕੋਈ ਮੁਗਲੁ ਨ ਹੋਆ ਅੰਧਾ ਕਿਨੈ ਨ ਪਰਚਾ ਲਾਇਆ।। " {ਆਸਾ ਮਹਲਾ ੧, ਪੰਨਾ ੪੧੭}

ਜਦੋਂ ਪਠਾਣ ਹਾਕਮਾਂ ਨੇ ਸੁਣਿਆ ਕਿ ਮੀਰ ਬਾਬਰ ਹੱਲਾ ਕਰ ਕੇ (ਵਗਾ ਤਗ) ਆ ਰਿਹਾ ਹੈ, ਤਾਂ ਉਹਨਾਂ ਅਨੇਕਾਂ ਹੀ ਪੀਰਾਂ ਨੂੰ (ਜਾਦੂ ਟੂਣੇ ਕਰਨ ਲਈ) ਰੋਕ ਰੱਖਿਆ। (ਪਰ ਉਹਨਾਂ ਦੀਆਂ ਤਸਬੀਆਂ ਫਿਰਨ `ਤੇ ਭੀ) ਪੱਕੇ ਥਾਂ ਮੁਕਾਮ ਪੱਕੇ ਮਹਲ (ਮੁਗ਼ਲਾਂ ਦੀ ਲਾਈ ਅੱਗ ਨਾਲ) ਸੜ (ਕੇ ਸੁਆਹ ਹੋ) ਗਏ। ਉਹਨਾਂ ਨੇ ਪਠਾਣ ਸ਼ਾਹਜ਼ਾਦਿਆਂ ਨੂੰ ਟੋਟੇ ਕਰ ਕਰ ਕੇ (ਮਿੱਟੀ ਵਿਚ) ਰੋਲ ਦਿੱਤਾ। (ਪੀਰਾਂ ਦੀਆਂ ਤਸਬੀਆਂ ਨਾਲ) ਕੋਈ ਇੱਕ ਭੀ ਮੁਗ਼ਲ ਅੰਨ੍ਹਾ ਨਾ ਹੋਇਆ, ਕਿਸੇ ਭੀ ਪੀਰ ਨੇ ਕੋਈ ਕਰਾਮਾਤ ਕਰ ਨਾ ਵਿਖਾਈ।

ਅੱਜ ਇਹ ਡੇਰੇਦਾਰ ਸਿੱਖ ਕੌਮ ਨੂੰ ਇਸੇ ਤਰ੍ਹਾਂ ਭਰਮਾਂ ਵਿੱਚ ਫਸਾ ਕੇ ਕਮਜ਼ੋਰ ਕਰਨ ਦੀ ਕੋਸ਼ਿਸ਼ ਕਰ ਰਹੇ ਹਨ ਤਾਕਿ ਕੌਮ ਆਪਣਾ ਵਿਲੱਖਣ ਬਹਾਦਰ ਵਿਰਸਾ ਭੁੱਲ ਕੇ, ਇਨ੍ਹਾਂ ਦੇ ਭਰੋਸੇ `ਤੇ ਜੀਣਾ ਸ਼ੁਰੂ ਕਰ ਦੇਵੇ। ਇਸੇ ਸੋਚ ਅਧੀਨ ਇਨ੍ਹਾਂ ਦੇ ਡੇਰਿਆਂ `ਤੇ ਨਿਸ਼ਾਨ ਸਾਹਿਬ ਨਹੀਂ ਝੁਲਾਏ ਜਾਂਦੇ, ਅਤੇ ਨਾ ਹੀ ਨਗਾਰੇ ਵਜਾਏ ਜਾਂਦੇ ਹਨ। ਇਨ੍ਹਾਂ ਦੇ ਡੇਰਿਆਂ `ਤੇ ਸਿੱਖ ਜੋਧਿਆਂ ਦਾ ਮਾਨਮਤਾ ਇਤਿਹਾਸ ਸੁਨਾਉਣ ਦੀ ਬਜਾਏ, ਆਪਣੇ ਅਖੌਤੀ ਮਹਾਪੁਰਖਾਂ ਦੀਆਂ ਝੂਠੀਆਂ ਕਰਾਮਾਤੀ ਕਹਾਣੀਆਂ ਸੁਣਾਈਆਂ ਜਾਂਦੀਆਂ ਹਨ। ਇਸ ਨਾਲ ਜਿਥੇ ਇਨ੍ਹਾਂ ਦੇ ਆਕਾਵਾਂ ਦਾ ਸਿੱਖ ਕੌਮ ਨੂੰ ਮਾਨਸਿਕ ਗ਼ੁਲਾਮ ਬਣਾ ਕੇ ਰਖਣ ਦਾ ਸੁਫਨਾ ਪੂਰਾ ਹੁੰਦਾ ਹੈ, ਉਥੇ ਇਨ੍ਹਾਂ ਦੀਆਂ ਦੁਕਾਨਦਾਰੀਆਂ ਵੀ ਵਧੇਰੇ ਪ੍ਰਫੁਲਤ ਹੁੰਦੀਆਂ ਹਨ। ਜਿਹੜੇ ਆਪਣੀ ਰਖਿਆ ਲਈ ਏ ਕੇ ੪੭ ਅਤੇ ਸਟੇਨਗਨਾਂ ਵਾਲੇ ਕਈ ਕਈ ਸੁਰੱਖਿਆ ਕਰਮੀ ਨਾਲ ਲਈ ਫਿਰਦੇ ਹਨ, ਉਹ ਗਪੌੜ ਐਸੇ ਸੁਣਾਉਂਦੇ ਹਨ, ਜਿਵੇਂ ਉਨ੍ਹਾਂ ਕੋਲ ਦੁਨੀਆਂ ਭਰ ਦੀਆਂ ਗ਼ੈਬੀ ਸ਼ਕਤੀਆਂ ਹੋਣ।

ਪ੍ਰਮਾਣ ਦੇ ਤੌਰ `ਤੇ ਇੱਕ ਟਕਸਾਲੀ ਪ੍ਰਚਾਰਕ ਹੈ, ਠਾਕਰ ਸਿੰਘ। ਆਮ ਤੌਰ `ਤੇ ਬਹੁਤੇ ਸੂਝਵਾਨ ਗੁਰਸਿੱਖ ਤਾਂ ਇਸ ਨੂੰ ਠਾਕਰ ਸਿੰਘ ਗੱਪੀ ਹੀ ਕਹਿੰਦੇ ਹਨ। ਇਸ ਦੀ ਇਹ ਖਾਸੀਅਤ ਹੈ ਕਿ ਆਪਣੇ ਅਖੌਤੀ ਮਹਾਪੁਰਖਾਂ ਦੀਆਂ ਕਰਾਮਾਤਾਂ ਦਸਣ ਲੱਗਿਆਂ, ਗੱਪਾਂ ਦੀਆਂ ਸਾਰੀਆਂ ਹੱਦਾਂ ਟੱਪ ਜਾਂਦਾ ਹੈ। ਗੱਲ ਵੀ ਠੀਕ ਹੈ ਕਿ ਜਿਹੜੀ ਗੱਪ ਹੱਦ ਵਿੱਚ ਹੋਵੇਗੀ ਉਹ ਕਰਾਮਾਤ ਕਿਵੇਂ ਬਣੇਗੀ? ਇਹ ਗਪੌੜ ਸਿੰਘ ਇੱਕ ਕਥਾ ਕਰਦਾ ਹੈ ਕਿ "ਭਾਈ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੇ ਨਾਲ ਹਰ ਵੇਲੇ ੧੦੦ ਤੋਂ ਵਧ ਸ਼ਹੀਦ ਸਿੰਘ ਰਹਿੰਦੇ ਸਨ, ਜਿਨ੍ਹਾਂ ਦੇ ੨੦-੨੫ ਫੁਟ ਲੰਬੇ ਕੱਦ ਹੁੰਦੇ ਸਨ ਅਤੇ ਉਨ੍ਹਾਂ ਕੋਲ ਬੜੇ ਖਾਸ ਕਿਸਮ ਦੇ ਵਧੀਆ ਹਥਿਆਰ ਹੁੰਦੇ ਸਨ, ਪਰ ਉਹ ਕਿਸੇ ਨੂੰ ਨਜ਼ਰ ਨਹੀਂ ਸਨ ਆਉਂਦੇ। ਉਹ ਹਰ ਵੇਲੇ ਭਾਈ ਜਰਨੈਲ ਸਿੰਘ ਦੀ ਰੱਖਿਆ ਕਰਦੇ ਸਨ। ਇਸ ਦਾ ਕਹਿਣਾ ਹੈ ਕਿ ਭਾਈ ਜਰਨੈਲ ਸਿੰਘ ਨੇ ਆਪਣੇ ਡਰਾਈਵਰ ਜਸਬੀਰ ਸਿੰਘ ਨੂੰ ਉਹ ਸ਼ਹੀਦ ਸਿੰਘ ਇੱਕ ਵਾਰੀ ਆਪ ਵਿਖਾਏ ਸਨ ਅਤੇ ਇਹ ਗੱਲ ਉਸ ਨੂੰ ਜਸਬੀਰ ਸਿੰਘ ਨੇ ਆਪ ਸੁਣਾਈ ਸੀ। ਇਤਨੇ ਸ਼ਹੀਦ ਸਿੰਘਾਂ ਦਾ ਪਹਿਰਾ ਹੋਣ ਦੇ ਬਾਵਜੂਦ ਭਾਈ ਜਰਨੈਲ ਸਿੰਘ ਭਿੰਡਰਾਂਵਾਲੇ ਸ਼ਹੀਦ ਕਿਵੇਂ ਹੋ ਗਏ? ਇਸ ਦੀ ਦਲੀਲ ਵਿੱਚ ਇਹ ਕਹਿੰਦਾ ਹੈ ਕਿ ਅਕਾਲ ਪੁਰਖ ਨੇ ਉਨ੍ਹਾਂ ਸ਼ਹੀਦ ਸਿੰਘਾਂ ਨੂੰ ਕਿਹਾ ਹੋਇਆ ਹੈ ਕਿ ਤੁਸੀਂ ਸਾਡੀ ਰਜ਼ਾ ਵਿੱਚ ਦਖਲ ਨਹੀਂ ਦੇਣਾ। ਜਦੋਂ ਉਸ ਦਾ ਭਾਣਾ ਵਰਤਦਾ ਹੈ ਤਾਂ ਉਹ ਪਾਸੇ ਹੋ ਜਾਂਦੇ ਹਨ। "

ਕਿਆ ਵਧੀਆ ਦਲੀਲ ਹੈ? ਜਿਨਾਂ ਚਿਰ ਜਿਊਂਦੇ ਰਹੇ, ਸ਼ਹੀਦ ਸਿੰਘਾਂ ਦਾ ਪਹਿਰਾ! ਜਦੋਂ ਮਾਰੇ ਗਏ ਅਕਾਲ ਪੁਰਖ ਦੀ ਰਜ਼ਾ? ਕੀ ਸਾਰੀ ਜ਼ਿੰਦਗੀ ਅਕਾਲ ਪੁਰਖ ਦੀ ਰਜ਼ਾ ਵਿੱਚ ਨਹੀਂ ਚਲਦੀ? ਕੀ ਕੁੱਝ ਅਕਾਲ ਪੁਰਖ ਦੀ ਰਜ਼ਾ ਤੋਂ ਬਾਹਰ ਵੀ ਹੈ? ਗੁਰਮਤਿ ਵਿੱਚ ਕਿਹੜਾ ਸਿਧਾਂਤ ਹੈ, ਰੂਹਾਂ ਦਾ? ਕੀ ਧਰਮ ਵਾਸਤੇ ਵਡੀਆਂ ਕੁਰਬਾਨੀਆਂ ਕਰ ਕੇ ਵੀ ਉਹ ਸ਼ਹੀਦ ਸਿੰਘ ਮੁਕਤ ਨਹੀਂ ਹੋਏ? ਕੀ ਉਨ੍ਹਾਂ ਦੀਆਂ ਰੂਹਾਂ ਸਦਾ ਲਈ ਭਟਕਦੀਆਂ ਰਹਿੰਦੀਆਂ ਹਨ? (ਇਹ ਸਾਰੀ ਕਹਾਣੀ ਯੂ ਟਿਊਬ ਦੇ https://youtu.be/lSvEhc5ae2s ਸੰਪਰਕ `ਤੇ ‘Giani Thakur Singh Ji Patiala Wale - Shaheed Singhs - Driver Of Sant Jarnail Singh Ji’ ਸਿਰਲੇਖ ਹੇਠ ਵੇਖੀ ਤੇ ਸੁਣੀ ਜਾ ਸਕਦੀ ਹੈ)।

ਗੱਲ ਇਥੇ ਹੀ ਨਹੀਂ ਮੁਕਦੀ। ਇਸ ਗੱਪੀ ਦਾ ਕਹਿਣਾ ਹੈ ਕਿ ਉਹ ਕਿਸੇ ਹੋਰ ਲੋਕ ਵਿੱਚ ਐਸੇ ਹਜ਼ਾਰਾਂ ਸਹੀਦ ਸਿੰਘਾਂ ਨੂੰ ਆਪ ਮਿਲ ਕੇ ਆਇਆ ਹੈ। ਉਹ ਤਿਆਰ ਬਰ ਤਿਆਰ ਬੈਠੇ ਹਨ। ਕੌਮ `ਤੇ ਭੀੜ ਸਮੇਂ ਉਹ ਫੌਰਨ ਸਾਡੀ ਰੱਖਿਆ ਲਈ ਆ ਜਾਣਗੇ। ਇਸ ਦਾ ਭਾਵ ਸਪੱਸ਼ਟ ਹੈ ਕਿ ਕੌਮ ਨੂੰ ਕੋਈ ਸੰਘਰਸ਼ ਕਰਨ ਦੀ ਲੋੜ ਨਹੀਂ, ਕੌਮ ਦੇ ਜੁਝਾਰੂਆਂ ਨੂੰ ਐਵੇਂ ਕੁਰਬਾਨੀਆਂ ਕਰਨ ਦੀ, ਆਪਣੀਆਂ ਜਾਨਾਂ ਗੁਆਉਣ ਦੀ ਬਿਲਕੁਲ ਲੋੜ ਨਹੀਂ। ਸਭ ਕੁੱਝ ਸ਼ਹੀਦ ਸਿੰਘਾਂ ਨੇ ਆ ਕੇ ਕਰ ਦੇਣਾ ਹੈ।

ਜੂਨ ੧੯੮੪ ਦੇ ਮੰਦਭਾਗੇ ਅਤੇ ਅਤਿ ਦੁਖਦਾਈ ਸਾਕੇ ਸਮੇਂ ਦਰਬਾਰ ਸਾਹਿਬ ਤੇ ਹੋਰ ੩੮ ਗੁਰਦੁਆਰਿਆਂ ਦਾ ਸੀਨਾ ਛਲਨੀ ਕਰ ਦਿੱਤਾ ਗਿਆ, ਅਕਾਲ ਤਖਤ ਢਹਿ ਢੇਰੀ ਕਰ ਦਿੱਤਾ ਗਿਆ, ਹਜ਼ਾਰਾਂ ਸਿੰਘ ਸਿੰਘਣੀਆਂ ਸ਼ਹੀਦ ਹੋ ਗਏ, ਉਹ ੨੦-੨੫ ਫੁਟ ਲੰਬੇ ਸ਼ਹੀਦ ਨਾ ਆਏ।

ਨਵੰਬਰ ੧੯੮੪ ਵਿੱਚ ਦਿੱਲੀ ਅਤੇ ਦੇਸ਼ ਦੇ ਹੋਰ ਸ਼ਹਿਰਾਂ ਵਿੱਚ ਹਜ਼ਾਰਾਂ ਸਿੱਖਾਂ ਨੂੰ ਕੋਹ ਕੋਹ ਕੇ ਮਾਰਿਆ ਗਿਆ, ਜ਼ਿੰਦਾ ਸਾੜ ਦਿੱਤੇ ਗਿਆ, ਛੋਟੇ ਛੋਟੇ ਬੱਚਿਆਂ ਨੂੰ ਸਟੋਵਾਂ `ਤੇ ਭੁਨਿਆ ਗਿਆ, ਜ਼ੁਲਮ ਦੀ ਇੰਤਹਾ ਹੋ ਗਈ- ਉਹ ਕਮਾਲ ਦੇ ਹਥਿਆਰਾਂ ਵਾਲੇ ਸ਼ਹੀਦ ਸਿੰਘ ਨਾ ਆਏ।

ਵੀਹਵੀਂ ਸਦੀ ਦੇ ਆਖਰੀ ਤਿੰਨ ਦਹਾਕਿਆਂ ਵਿੱਚ ਪੰਜਾਬ ਵਿੱਚ ਜ਼ੁਲਮ ਦੀ ਕਾਲੀ ਹਨੇਰੀ ਝੁੱਲੀ। ਹਜ਼ਾਰਾਂ ਦੀ ਗਿਣਤੀ ਵਿੱਚ ਬੇਕਸੂਰ ਸਿੱਖ ਨੌਜੁਆਨਾਂ ਨੂੰ ਝੂਠੇ ਪੁਲੀਸ ਮੁਕਾਬਲੇ ਵਿਖਾ ਕੇ ਮਾਰ ਦਿੱਤਾ ਗਿਆ, ਧੀਆਂ ਭੈਣਾਂ ਦੀ ਪੱਤ ਲੁੱਟੀ ਗਈ, ਹਜ਼ਾਰਾਂ ਪਰਿਵਾਰ ਉਜਾੜ ਦਿੱਤੇ ਗਏ- ਉਹ ਗ਼ੈਬੀ ਸ਼ਕਤੀ ਵਾਲੇ ਸ਼ਹੀਦ ਸਿੰਘ ਨਾ ਬਹੁੜੇ।

ਪਿਛਲੇ ਦਿਨੀਂ ਪਾਵਨ ਗੁਰੂ ਗ੍ਰੰਥ ਸਾਹਿਬ ਦੇ ਅੰਕ ਗਲੀਆਂ ਵਿੱਚ ਰੋਲ ਦਿੱਤੇ ਗਏ, ਰੋਸ ਕਰਦੇ ਨਿਹਥੇ ਸਿੱਖਾਂ ਨੂੰ ਗੋਲੀਆਂ ਨਾਲ ਭੁੰਨ ਦਿੱਤਾ ਗਿਆ- ਉਹ ਕੌਮ ਦੀ ਰੱਖਿਆ ਲਈ ਤਿਆਰ ਬੈਠੇ ਸ਼ਹੀਦ ਸਿੰਘ ਨਾ ਆਏ। ਪਤਾ ਨਹੀਂ ਉਹ ਭੀੜ ਦਾ ਸਮਾਂ ਹੋਰ ਕਿਹੜਾ ਹੋਵੇਗਾ? ਕਿਆ ਸੋਹਣਾ ਤਰੀਕਾ ਹੈ, ਕੌਮ ਨੂੰ ਨਪੁੰਸਕ ਬਨਾਉਣ ਦਾ।

ਐਸੇ ਗਪੌੜ ਸਿਰਫ ਟਕਸਾਲੀ ਠਾਕਰ ਸਿੰਘ ਤੱਕ ਹੀ ਸੀਮਤ ਨਹੀਂ, ਬਲਕਿ ਇਹ ਸਾਰੇ ਹੀ ਡੇਰੇਦਾਰ ਸਮੇਂ ਸਮੇਂ `ਤੇ ਆਪਣੇ ਅਖੌਤੀ ਮਹਾਪੁਰਖਾਂ ਦੀਆਂ ਐਸੀਆਂ ਗ਼ੈਬੀ ਤਾਕਤਾਂ ਦੇ ਵਖਿਆਨ ਕਰਦੇ ਹੀ ਰਹਿੰਦੇ ਹਨ। ਇੱਕ ਹੋਰ ਪਖੰਡੀ ਮਾਨ ਸਿੰਘ ਪਿਹੋਵੇਵਾਲਾ ਆਪਣੇ ਇੱਕ ਅਖੌਤੀ ਮਹਾਂਪੁਰਖ ਮਹਾ ਹਰਨਾਮ ਸਿੰਘ ਬਾਰੇ ਬਿਆਨ ਕਰਦਾ ਹੈ ਕਿ ਜਦੋਂ ਹਿਟਲਰ ਕਿਸੇ ਦੇ ਵੱਸ ਨਹੀਂ ਸੀ ਆ ਰਿਹਾ, ਹਰ ਮੋਰਚੇ `ਤੇ ਅਗੇ ਹੀ ਵਧਦਾ ਜਾ ਰਿਹਾ ਸੀ ਤਾਂ ਮਹਾ ਹਰਨਾਮ ਸਿੰਘ ਨੇ ਜ਼ਮੀਨ `ਤੇ ਹੱਥ ਮਾਰਿਆ ਅਤੇ ਕਿਹਾ ਮਰ ਪਰ੍ਹਾਂ ਅਗੇ ਹੀ ਵਧਦਾ ਆਉਂਦੈ। ਉਸੇ ਵੇਲੇ ਉਧਰ ਵਾਟਰਲੂ ਦੇ ਜੰਗ ਵਿੱਚ ਜਿਥੇ ਨੈਪੋਲੀਅਨ ਦੀ ਮੌਤ ਹੋਈ ਸੀ, ਉਸ ਦੇ ਨੇੜੇ ਹਿਟਲਰ ਦੀ ਮੌਤ ਹੋ ਗਈ। ਇਹ ਉਸ ਅਸਥਾਨ ਨੂੰ ਵੇਖੇ ਹੋਣ ਦਾ ਦਾਅਵਾ ਕਰਦਾ ਹੈ, ਪਰ ਇਸ ਅਨਪੜ੍ਹ ਗਵਾਰ ਮੂਰਖ ਨੂੰ ਇਹ ਵੀ ਨਹੀਂ ਪਤਾ ਕਿ ੧੮੧੫ ਵਿੱਚ ਜਿਸ ਅਸਥਾਨ `ਤੇ ਵਾਟਰਲੂ ਦੀ ਜੰਗ ਹੋਈ ਸੀ, ਉਹ ਅੱਜ ਦੇ ਬੈਲਜੀਅਮ ਵਿੱਚ ਹੈ ਅਤੇ ਹਿਟਲਰ ਨੇ ੩੦ ਅਪ੍ਰੈਲ ੧੯੪੫ ਨੂੰ ਆਤਮ ਹੱਤਿਆ ਬਰਲਿਨ ਜੋ ਜਰਮਨੀ ਵਿੱਚ ਹੈ, ਦੇ ਇੱਕ ਬੰਕਰ ਵਿੱਚ ਕੀਤੀ ਸੀ ਅਤੇ ਦੋਹਾਂ ਵਿੱਚ ਤਕਰੀਬਨ ੮੦੦ ਕਿਲੋਮੀਟਰ ਦਾ ਫਰਕ ਹੈ। ਪਰ ਕੀ ਫਰਕ ਪੈਂਦਾ ਹੈ, ਅੱਗੋਂ ਸੁਣਨ ਵਾਲੇ ਵੀ ਤਾਂ ਉਹੋ ਜਿਹੇ ਹੀ ਹਨ, ਜੋ ਮਰਜ਼ੀ ਗਪੌੜ ਛੱਡੀ ਜਾਓ। (ਇਸ ਦੇ ਇਹ ਗਪੌੜ ਯੂਟਿਊਬ ਦੇ ਸੰਪਰਕ https://youtu.be/8c0ZbxJU0kg `ਤੇ ਸੁਣੇ ਜਾ ਸਕਦੇ ਹਨ।)

ਮੈ ਬਹੁਤ ਸਾਰੇ ਕੌਮੀ ਸੰਤਾਪ ਉਪਰ ਦਰਜ ਕੀਤੇ ਹਨ। ਉਸ ਵੇਲੇ ਕਿਸੇ ਅਖੌਤੀ ਸੰਤ ਨੇ ਧਰਤੀ `ਤੇ ਹੱਥ ਨਹੀਂ ਮਾਰਿਆ ਕਿ ਕੌਮ ਨੂੰ ਇਤਨੇ ਗਹਿਰੇ ਜ਼ਖਮ ਦੇਣ ਵਾਲੇ ਜ਼ਾਲਮਾਂ ਨੂੰ ਸਜ਼ਾ ਮਿਲ ਸਕੇ। ਉਨ੍ਹਾਂ ਦੁਸ਼ਟਾਂ ਨੂੰ ਸਜ਼ਾ ਯਾਫਤਾ ਕਰਨ ਵਾਸਤੇ ਕੌਮ ਦੇ ਦੂਲਿਆਂ ਨੂੰ ਆਪਣੀਆਂ ਜਾਨਾਂ `ਤੇ ਖੇਡਣਾ ਪਿਆ। ਉਨ੍ਹਾਂ ਦੇ ਪਰਵਾਰਾਂ ਅਤੇ ਮਾਸੂਮ ਬੱਚਿਆਂ ਨੂੰ ਗਹਿਰੇ ਸੰਤਾਪ ਭੋਗਣੇ ਪਏ।

ਆਪਣੀ ਝੂਠੀ ਸ਼ੋਹਰਤ ਵਾਸਤੇ ਗਪੌੜ ਛਡਦਿਆਂ, ਇਹ ਵੀ ਨਹੀਂ ਸੋਚਦੇ ਕਿ ਇਸ ਦਾ ਕੌਮ `ਤੇ ਕੀ ਅਸਰ ਪਵੇਗਾ? ਇਸੇ ਮਹਾ ਹਰਨਾਮ ਸਿੰਘ ਦੇ ਨਾਂ `ਤੇ ਇਹ ਮਾਨ ਸਿੰਘ ਇੱਕ ਹੋਰ ਕਹਾਣੀ ਸੁਣਾਇਆ ਕਰਦਾ ਹੈ ਕਿ ਮਹਾ ਹਰਨਾਮ ਸਿੰਘ ਨੇ ਬਹੁਤ ਕੁੱਤੇ ਪਾਲੇ ਹੋਏ ਸਨ। ਉਹ ਉਨ੍ਹਾਂ ਨੂੰ ਬਹੁਤ ਦੁੱਧ ਪਿਆਉਂਦਾ ਸੀ। ਉਨ੍ਹਾਂ ਵਿੱਚ ਇੱਕ ਕੁੱਤੀ ਸੀ, ਜਿਸ ਦਾ ਨਾਂ ਉਸ ਨੇ ਰਾਜਮਾਤਾ ਰੱਖਿਆ ਹੋਇਆ ਸੀ। ਇੱਕ ਵਾਰੀ ਸੇਵਾਦਾਰ ਉਸ ਕੁੱਤੀ ਨੂੰ ਦੁੱਧ ਪਿਆਉਣ ਵਾਸਤੇ ਗਿਆ ਤਾਂ ਵੇਖਿਆ ਕਿ ਕੁੱਤੀ ਮਰੀ ਪਈ ਸੀ। ਉਸ ਨੇ ਆਕੇ ਮਹਾ ਹਰਨਾਮ ਸਿੰਘ ਨੂੰ ਦੱਸਿਆ ਕਿ ਰਾਜਮਾਤਾ ਮਰ ਗਈ ਹੈ। ਮਹਾ ਹਰਨਾਮ ਸਿੰਘ ਨੇ ਸੇਵਕ ਨੂੰ ਕਿਹਾ ਕਿ ਜਾ ਕੇ ਕੁੱਤੀ (ਰਾਜਮਾਤਾ) ਨੂੰ ਕਹੋ ਕਿ ਤੈਨੂੰ ਗੋਰੀ ਮੇਮ ਬਣਨ ਦਾ ਬਹੁਤ ਸ਼ੌਕ ਹੈ, ਮਹਾਪੁਰਖ ਕਹਿੰਦੇ ਹਨ ਕਿ ਉਹ ਤਾਂ ਤੂੰ ਬਣ ਹੀ ਜਾਣਾ ਹੈ, ਜਾਂਦੀ ਜਾਂਦੀ ਸਾਡਾ ਦੁਧ ਤਾਂ ਪੀ ਜਾ। ਇਤਨਾ ਕਹਿਣ ਦੀ ਦੇਰ ਸੀ ਕੁੱਤੀ ਉਠ ਕੇ ਬੈਠ ਗਈ ਤੇ ਦੁਧ ਪੀ ਕੇ ਬਾਅਦ ਵਿੱਚ ਮਰ ਗਈ। ਇਸ ਦਾ ਕਹਿਣਾ ਹੈ ਕਿ ਉਹ ਕੁੱਤੀ ਅਗਲੇ ਜਨਮ ਵਿੱਚ ਇੰਗਲੈਂਡ ਦੀ ਰਾਣੀ (ਕੁਈਨ) ਵਿਕਟੋਰੀਆ ਬਣੀ। (ਇਹ ਕਹਾਣੀ ਵੀ ਯੂ-ਟਿਊਬ ਦੇ ਉਪਰ ਦਿੱਤੇ ਸੰਪਰਕ `ਤੇ ਸੁਣੀ ਜਾ ਸਕਦੀ ਹੈ।)

ਹੁਣ ਪਾਠਕ ਆਪ ਹੀ ਸੋਚ ਲੈਣ ਕਿ ਜੇ ਬਰਤਾਨੀਆਂ ਦੇ ਲੋਕਾਂ ਨੂੰ ਪਤਾ ਲੱਗੇ ਕਿ ਇਹ ਮੂਰਖ ਉਨ੍ਹਾਂ ਦੀ ਰਾਣੀ ਬਾਰੇ ਐਸੀ ਬਕਵਾਸ ਕਰਦਾ ਹੈ ਤਾਂ ਸਾਡੇ ਕੌਮੀ ਸਬੰਧਾਂ `ਤੇ ਕੈਸਾ ਪ੍ਰਭਾਵ ਪਵੇਗਾ?

ਇਹ ਮਾਨਸਿਕ ਗੁਲਾਮੀ ਦੀਆਂ ਜਕੜੀਆਂ ਜਾ ਰਹੀਆਂ ਜੰਜੀਰਾਂ ਦਾ ਹੀ ਪ੍ਰਭਾਵ ਹੈ ਕਿ ਜਿਸ ਸਿੱਖ ਕੌਮ ਨੇ ਭਾਰਤ ਦੇਸ਼ ਨੂੰ ਸੈਂਕੜੇ ਸਾਲਾਂ ਦੀ ਗੁਲਾਮੀ ਤੋਂ ਮੁਕਤ ਕਰਾਇਆ, ਅੱਜ ਆਪ ਗੁਲਾਮੀ ਦੇ ਮਾਹੌਲ ਵਿੱਚ ਵਿਚਰ ਰਹੀ ਹੈ। ਡੇਰਾਵਾਦ ਦਾ ਪ੍ਰਭਾਵ ਜਿਤਨਾ ਵਧੇਗਾ, ਇਹ ਮਾਨਸਿਕ ਗੁਲਾਮੀ ਉਤਨੀ ਹੀ ਵਧੇਗੀ। ਜਿਤਨੀ ਮਾਨਸਿਕ ਗੁਲਾਮੀ ਵਧੇਗੀ ਕੌਮ ਉਤਨੀ ਹੀ ਕਮਜ਼ੋਰ ਹੁੰਦੀ ਜਾਵੇਗੀ ਅਤੇ ਫਿਰ ਕੌਮੀ ਅਜ਼ਾਦੀ ਦੀ ਗੱਲ ਕੋਈ ਸੁਫਨਾ ਜਾਪਣ ਲੱਗ ਪਵੇਗੀ।

(ਚਲਦਾ ….)

(ਦਾਸ ਦੀ ਨਵੀਂ ਕਿਤਾਬ "ਖਾਲਸਾ ਪੰਥ ਬਨਾਮ ਡੇਰਾਵਾਦ" ਵਿਚੋਂ)

ਰਾਜਿੰਦਰ ਸਿੰਘ

(ਮੁੱਖ ਸੇਵਾਦਾਰ, ਸ਼੍ਰੋਮਣੀ ਖਾਲਸਾ ਪੰਚਾਇਤ)

email: [email protected]




.