.

ਨਾਨਕ ਇਹ ਲਛਣ ਬ੍ਰਹਮ ਗਿਆਨੀ ਹੋਇ ॥

ਬਲਬਿੰਦਰ ਸਿੰਘ ਅਸਟ੍ਰੇਲੀਆ

ਗੁਰਸ਼ਬਦ ਰਤਨਾਕਰ ਮਹਾਨ ਕੋਸ਼ ਉਰਫ਼ ਮਹਾਨ ਕੋਸ਼ , ਭਾਈ ਕਾਨ੍ਹ ਸਿੰਘ ਨਾਭਾ ਦਾ ਲਿਖਿਆ ਪੰਜਾਬੀ ਐਨਸਾਈਕਲੋਪੀਡੀਆ ਜਾਂ ਸ਼ਬਦ ਕੋਸ਼ ਗ੍ਰੰਥ ਹੈ। ਤਕਰੀਬਨ 14 ਸਾਲ ਦੀ ਖੋਜ ਤੋਂ ਬਾਅਦ ਭਾਈ ਕਾਨ੍ਹ ਸਿੰਘ ਨੇ 1926 ਵਿੱਚ ਇਸ ਗ੍ਰੰਥ ਨੂੰ ਪੂਰਾ ਕੀਤਾ| ਸੁਦਰਸ਼ਨ ਪ੍ਰੈਸ, ਅੰਮ੍ਰਿਤਸਰ ਨੇ 1930 ਵਿੱਚ ਮਹਾਨ ਕੋਸ਼ ਨੂੰ ਚਾਰ ਜਿਲਦਾਂ ਵਿੱਚ ਛਾਪਿਆ। ਮਹਾਨ ਕੋਸ਼ ਵਿੱਚ ਸਿੱਖ ਸਾਹਿਤ, ਇਤਿਹਾਸ, ਪੰਜਾਬੀ ਬੋਲੀ ਅਤੇ ਸੱਭਿਆਚਾਰ ਨਾਲ਼ ਸਬੰਧਤ ਲਫ਼ਜ਼ਾਂ ਦੇ ਅਰਥ ਇੱਕ ਸਿਲਸਿਲੇਵਾਰ ਢੰਗ ਨਾਲ਼ ਕੀਤੇ ਗਏ ਹਨ| ਇਹ ਕੇਵਲ ਸਿੱਖ ਧਰਮ ਦਾ ਹੀ ਨਹੀਂ ਸਗੋਂ ਪੰਜਾਬੀ ਬੋਲੀ ਦਾ ਵੀ ਗਿਆਨ ਕੋਸ਼ ਹੈ।

ਮਹਾਨ ਕੋਸ਼ ਦੇ ਪੰਨਾਂ ੮੯੬ ਤੇ ਭਾਈ ਕਾਨ੍ਹ ਸਿੰਘ ਨਾਭਾ ਨੇ ਬ੍ਰਹਮ ਗਿਆਨੀ ਦੇ ਅਰਥ, ਬ੍ਰਹਮ ਦੇ ਜਾਣਨ ਵਾਲਾ, "ਬ੍ਰਹਮ ਗਿਆਨੀ ਸਦਾ ਸਮਦਰਸੀ" ਕੀਤੇ ਹਨ।

ਅੱਜ ਸਿੱਖ ਕੌਮ ਵਿੱਚ ਅਖੌਤੀ ਅਨਪੜ੍ਹ ਸੰਤਾਂ, ਮਹਾਂਪੁਰਖਾਂ, ਬ੍ਰਹਮਗਿਆਨੀਆਂ ਦਾ ਹੜ੍ਹ ਆ ਹੋਇਆ ਹੈ। ਹਰ ਅਨਪੜ੍ਹ ਬਾਬੇ ਨੇ ਆਪਣਾ ਕੋਈ ਨਾ ਕੋਈ ਡੇਰਾ ਬਣਾਇਆ ਹੋਇਆ ਹੈ। ਕਈ ਅਨਪੜ੍ਹ ਬਾਬਿਆਂ ਦੇ ਤਾਂ ਕਈ-ਕਈ ਡੇਰੇ ਹਨ। ਪੰਜਾਬ ਦਾ ਤਾਂ ਸ਼ਾਇਦ ਕੋਈ ਐਸਾ ਸ਼ਹਿਰ, ਨਗਰ, ਪਿੰਡ ਨਹੀਂ ਹੋਣਾ ਜਿਥੇ ਕਿਸੇ ਐਸੇ ਅਖੌਤੀ ਅਨਪੜ੍ਹ ਬਾਬੇ ਦਾ ਡੇਰਾ ਨਾ ਹੋਵੇ। ਇਸ ਲਈ ਅਸੀਂ ਇਨ੍ਹਾਂ ਅਖੌਤੀ ਅਨਪੜ੍ਹ ਸੰਤਾ, ਬਾਬਿਆਂ ਦੇ ਪਸਾਰੇ ਨੂੰ ਅਸੀਂ ਡੇਰਾਵਾਦ ਦਾ ਨਾਂ ਦਿੰਦੇ ਹਾਂ। ਅੱਜ ਗੁਰਦੁਆਰਿਆਂ ਵਿੱਚ ਘੱਟ ਅਤੇ ਇਨ੍ਹਾਂ ਦੇ ਡੇਰਿਆਂ ਵਿੱਚ ਜ਼ਿਆਦਾ ਸਿੱਖ ਜਾਂਦੇ ਦੇਖੇ ਜਾ ਸਕਦੇ ਹਨ। ਉਹ ਇਨ੍ਹਾਂ ਡੇਰਿਆਂ ਵਿੱਚ ਜਾਣ ਨੂੰ ਹੀ ਗੁਰਦੁਆਰੇ ਜਾਣਾ ਸਮਝਦੇ ਹਨ। ਸਿੱਖ ਕੌਮ ਨੂੰ ਇਹ ਡੇਰਾਵਾਦ ਰੂਪੀ ਖਤਰਨਾਕ ਰੋਗ ਲੱਗ ਗਿਆ ਹੈ। ਜਿਵੇਂ ਕਿਸੇ ਪ੍ਰਾਣੀ ਨੂੰ ਕੈਂਸਰ ਦਾ ਰੋਗ ਲੱਗ ਜਾਵੇ, ਤਾਂ ਉਸ ਪ੍ਰਾਣੀ ਦਾ ਸਰੀਰ ਹਰ ਰੋਜ਼ ਨਿਘਰਦਾ ਜਾਂਦਾ ਹੈ, ਬਿਲਕੁਲ ਉਸੇ ਤਰ੍ਹਾਂ ਅੱਜ ਸਿੱਖ ਕੌਮ ਵੀ ਅਖੌਤੀ ਅਨਪੜ੍ਹ ਬਾਬਿਆਂ ਕਾਰਨ ਹਰ ਦਿਨ ਨਿਘਾਰ ਵੱਲ ਜਾ ਰਹੀ ਹੈ। ਜੇ ਛੇਤੀ ਤੋਂ ਛੇਤੀ ਇਸ ਕੌਮੀ ਰੋਗ ਦਾ ਕੋਈ ਸਾਰਥਕ ਇਲਾਜ ਨਾ ਲੱਭਿਆ ਗਿਆ ਤਾਂ ਨਤੀਜਾ ਉਹ ਹੀ ਹੋ ਸਕਦਾ ਹੈ ਜੋ ਕੈਂਸਰ ਦੇ ਰੋਗੀ ਦਾ ਹੁੰਦਾ ਹੈ। ਭਾਵ ਐਸੇ ਅਖੌਤੀ ਅਨਪੜ੍ਹ ਬਾਬਿਆਂ ਦੇ ਮਗਰ ਲੱਗ ਕੇ ਸਿੱਖ ਕੌਮ ਬਹੁਤ ਜਲਦੀ ਤਬਾਹ ਹੋ ਜਾਵੇਗੀ|

ਬ੍ਰਹਮਗਿਆਨੀ ਕਿਸੇ ਪ੍ਰਾਣੀ ਦੀ ਉਸ ਅਵਸਥਾ ਦਾ ਨਾਮ ਹੈ ਜਿੱਥੇ ਉਹ ਪ੍ਰਾਣੀ ਨਾਮ ਬਾਣੀ ਤੋਂ ਸਿਖਿਆ ਲੈ ਕੇ ਆਪਣੀ ਹਉਮੈ ਨੂੰ ਪੂਰੀ ਤਰ੍ਹਾਂ ਖਤਮ ਕਰਕੇ ਅਕਾਲ ਪੁਰਖ ਵਿੱਚ ਮਿਲ ਜਾਂਦਾ ਹੈ ਅਤੇ ਅਕਾਲ ਪੁਰਖ ਦਾ ਹੀ ਰੂਪ ਹੋ ਜਾਂਦਾ ਹੈ। ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ, ਗਉੜੀ ਸੁਖਮਨੀ ਵਿੱਚ ਬ੍ਰਹਮਗਿਆਨੀ ਦੇ ਲਛਣਾਂ ਵਾਰੇ ਵਿਸਥਾਰ ਨਾਲ ਸਮਝਾਇਆ ਗਿਆ ਹੈ ਕਿ ਬ੍ਰਹਮਗਿਆਨੀ ਕੌਣ ਹੁੰਦਾ ਹੈ ਅਤੇ ਉਸ ਦੇ ਕੀ ਗੁਣ ਹੁੰਦੇ ਹਨ। ਇਹ ਅਵਸਥਾ ਉਸ ਗੁਰਮੁੱਖ, ਸਾਧ, ਸੰਤ ਆਦਿ ਦੀ ਹੁੰਦੀ ਹੈ ਜਿਸ ਨੇ ਪੂਰਾ ਗੁਰੂ ਪਾ ਲਿਆ ਹੈ। ਬ੍ਰਹਮਗਿਆਨੀ ਸਰੀਰ ਹੁੰਦੇ ਹੋਏ ਵੀ ਪ੍ਰਭੂ ਵਿੱਚ ਲੀਨ ਹੋਣ ਕਰਕੇ ਪ੍ਰਭੂ ਦਾ ਹੀ ਰੂਪ ਹੁੰਦੇ ਹਨ। ਬ੍ਰਹਮਗਿਆਨੀ ਦੇ ਇਸ ਸ਼ਬਦ ਨੂੰ ਵੀ ਅੱਜ ਕੱਲ ਤਕਰੀਬਨ ਹਰ ‘ਅਖੌਤੀ’ ਅਨਪੜ੍ਹ ਸਿੱਖ ਸਾਧ ਆਪਣੀ ਡਿਗਰੀ ਦੇ ਤੌਰ ਤੇ ਵਰਤ ਰਿਹਾ ਹੈ। ਬਲਕਿ ਇਹ ਅਖੌਤੀ ਅਨਪੜ੍ਹ ਸਾਧ ਤਾਂ ਸਤਿਗੁਰੂ ਤੋਂ ਵੀ ਬਹੁਤ ਅੱਗੇ ਨਿਕਲ ਗਏ ਹਨ, ਕਿਉਂਕਿ ਇਸ਼ਤਿਹਾਰਾਂ ਵਿੱਚ ਅਕਸਰ ਇਨ੍ਹਾਂ ਨੂੰ ੧੦੮, ੧੦੦੮, ਵਿੱਦਿਆ ਮਾਰਤੰਡ ‘ਪੂਰਨ ਬ੍ਰਹਮਗਿਆਨੀ’ ਲਿਖਿਆ ਜਾਂਦਾ ਹੈ। ਇਸ ਵਿੱਚ ਕੋਈ ਸ਼ਕ ਨਹੀਂ ਕਿ ਗੁਰਬਾਣੀ ਬ੍ਰਹਮਗਿਆਨੀ ਦੀ ਬੇਅੰਤ ਉਪਮਾ ਦੱਸਦੀ ਹੈ। ਗਉੜੀ ਸੁਖਮਨੀ, ਗੁਰੂ ਨਾਨਕ ਸਾਹਿਬ ਦੇ ਪੰਜਵੇਂ ਸਰੂਪ, ਗੁਰੂ ਅਰਜਨ ਸਾਹਿਬ ਦੀ ਲਿੱਖੀ ਰਚਨਾ ਹੈ। ਇਸ ਬਾਣੀ ਦੀ ਅਠਵੀਂ ਅਸ਼ਟਪਦੀ ਵਿੱਚ ਸਤਿਗੁਰੂ ਅਰਜਨ ਸਾਹਿਬ ਨੇ ਬ੍ਰਹਮਗਿਆਨੀ ਦੀਆਂ ਵਡਿਆਈਆਂ ਕੀਤੀਆਂ ਹੋਈਆਂ ਹਨ। ਇਸ ਅਸ਼ਟਪਦੀ ਵਿੱਚ ਗੁਰੂ ਅਰਜਨ ਸਾਹਿਬ ਨੇ ਬ੍ਰਹਮਗਿਆਨੀ ਦੇ ਕੁੱਝ ਵਿਸ਼ੇਸ ਗੁਣ ਦੱਸੇ ਹਨ; ਜਿਵੇਂ "ਨਾਨਕ ਬ੍ਰਹਮ ਗਿਆਨੀ ਆਪਿ ਪਰਮੇਸੁਰ" ॥
ਅਸੀਂ ਆਪ ਹੀ ਵਿਚਾਰ ਕੇ ਦੇਖ ਲਈਏ, ਕਿ ਕੀ ਅਜਿਹੇ ਗੁਣ ਕਿਸੇ ਆਮ ਦੁਨਿਆਵੀ ਵਿਅਕਤੀ ਵਿੱਚ ਹੋ ਸਕਦੇ ਹਨ। ਜਿਸ ਵੇਲੇ ਕੋਈ ਇੱਕ ਅਨਪੜ੍ਹ ਬਾਬਾ ਮਰਦਾ ਹੈ ਤਾਂ ਉਸ ਵੇਲੇ ਉਸ ਦੇ ਚੇਲਿਆਂ ਵਿੱਚ ਗੱਦੀ ਵਾਸਤੇ ਡਾਂਗਾਂ, ਬੰਦੂਕਾਂ ਆਦਿ ਰਾਹੀਂ ਲੜਾਈ ਸ਼ੁਰੂ ਹੋ ਜਾਂਦੀਹੈ, ਮਕੱਦਮੇ ਚਲਦੇ ਹਨ ਅਤੇ ਫੇਰ ਇੱਕ-ਇੱਕ ਗੱਦੀ ਦੀਆਂ ਤਿੰਨ, ਤਿੰਨ-ਚਾਰ, ਚਾਰ ਗੱਦੀਆਂ ਬਣੀਆਂ ਹੋਈਆਂ ਅਸੀਂ ਆਮ ਵੇਖਦੇ ਹਾਂ। ਬਹੁਤੇ ਡੇਰਿਆਂ ਉੱਤੇ ਧੀਆਂ-ਭੈਣਾਂ ਦੀ ਪੱਤ ਲੁੱਟੀ ਜਾਣ ਦੀਆਂ ਖਬਰਾਂ, ਇੱਕ ਆਮ ਜਿਹੀ ਗੱਲ ਹੈ। ਦੂਸਰਿਆਂ ਨੂੰ ਮਾਇਆ ਤੋਂ ਨਿਰਲੇਪ ਰਹਿਣ ਦੀ ਸਿੱਖਿਆ ਦੇਣ ਵਾਲੇ ਅਖੌਤੀ ਅਨਪੜ੍ਹ ਸਾਧਾਂ ਕੋਲ ਸਿਵਾਏ ਮਾਇਆ ਇੱਕਠੀ ਦੇ ਹੋਰ ਕੋਈ ਧੰਦਾ ਨਹੀਂ। ਡੇਰਿਆਂ ਦੇ ਨਾਂ ਤੇ ਆਲੀਸ਼ਾਨ ਮਹਿਲ, ਸੇਵਾਦਾਰਾਂ ਦੇ ਨਾਂ ਤੇ ਤੱਪ ਅਸਥਾਨ ਜਾਂ ਸੱਚ ਖੰਡ ਦੇ ਨਾਂ ਤੇ ਠੰਡੀ ਹਵਾ ਵਾਲਾ ਕਮਰਾ, ਨੌਕਰਾਂ-ਚਾਕਰਾਂ ਦੀ ਫੌਜ਼ ਅਤੇ ਵੱਡੀਆਂ-ਵੱਡੀਆਂ ਕੀਮਤੀ ਗੱਡੀਆਂ ਰੱਖੀਆਂ ਹੋਈਆਂ ਹਨ। ਜਿਨ੍ਹੀ ਵੱਡੀ ਗੱਡੀ, ਓਨ੍ਹਾਂ ਵੱਡਾ ਅਖੌਤੀ ਅਨਪੜ੍ਹ ਬਾਬਾ। ਸਤਿਗੁਰਾਂ ਨੇ ਕਦੇ ਵੀ ਐਸੇ ਈਰਖਾ, ਦਵੈਸ਼, ਕਾਮ, ਤ੍ਰਿਸ਼ਨਾ, ਹੰਕਾਰ ਅਤੇ ਵਿਕਾਰਾਂ ਵਿੱਚ ਗਲਤਾਨ ਅਨਪੜ੍ਹ ਵਿਅਕਤੀਆਂ ਵਾਸਤੇ ਸਨਮਾਨਤ ਲਫ਼ਜ਼ ‘ਬ੍ਰਹਮਗਿਆਨੀ’ ਨਹੀਂ ਨਹੀਂ, ਬਿਲਕੁਲ ਨਹੀਂ ਵਰਤਿਆ। ਪਰ ਅੱਜ ਦੁੱਖ ਦੀ ਗੱਲ ਇਹ ਹੈ ਕਿ ਅੰਧੀ ਸ਼ਰਧਾ ਹੇਠ, ਇਨ੍ਹਾਂ ਪਖੰਡੀ ਅਖੌਤੀ ਅਨਪੜ੍ਹ ਸਾਧਾਂ ਦੇ ਸ਼ਰਧਾਲੂਆਂ ਨੂੰ ਇਨ੍ਹਾਂ ਅਖੌਤੀ ਅਨਪੜ੍ਹ ਸਾਧਾਂ ਦੇ ਇਹ ਸਾਰੇ ਔਗੁਣ ਨਜ਼ਰ ਨਹੀਂ ਆਉਂਦੇ ਅਤੇ ਉਹ ਇਨ੍ਹਾਂ ਅਖੌਤੀ ਅਨਪੜ੍ਹ ਸਾਧਾਂ ਵਲੋਂ ਆਪਣੇ-ਆਪ ਲਾਈ, ‘ਬ੍ਰਹਮਗਿਆਨੀ’ ਦੀ ਇਸ ਡਿਗਰੀ ਨੂੰ ਸੱਚ ਸਮਝ ਕੇ ਇਨ੍ਹਾਂ ਦੀ ਪੂਜਾ ਵਿੱਚ ਲੱਗੇ ਹੋਏ ਹਨ।

ਅੱਜ ਦੇ ਬਹੁਤੇ ਇਹ ਅਖੌਤੀ ਸਾਧ ਅਨਪੜ੍ਹ, ਅਪਰਾਧੀ, ਗੁਨਹਗਾਰ, ਗੁਰੂ ਤੋਂ ਬੇਮੁਖ, ਚੋਰ, ਯਾਰ, ਜੂਆਰ ਪਰ-ਘਰ ਜੋਹਣ ਵਾਲੇ, ਗੁਰੂ ਨਿੰਦਕ, ਦੁਸ਼ਟ, ਹਰਾਮਖੋਰ, ਠੱਗ, ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਅਯਾਸ਼ੀ ਵਿੱਚ ਭਰੇ ਹੋਏ ਵਿਸ਼ਵਾਸ਼ਘਾਤੀ ਅਤੇ ਅਕਿਰਤਘਣ ਭੀ ਹਨ|

ਆਓ ਹੁਣ ਗਉੜੀ ਸੁਖਮਨੀ ਵਿਚੋਂ ਅਸਲੀ ਬ੍ਰਹਮ ਗਿਆਨੀ ਦੇ ਕੁੱਝ ਗੁਣਾਂ ਨੂੰ ਵਿਚਾਰ ਕੇ ਸਮਝੀਏ। ਇਸ ਅਸ਼ਟਪਦੀ ਦੇ ਅਰਥ ਕਰਨ ਲਈ ਅਸੀਂ ਪ੍ਰੋਫੈਸਰ ਸਾਹਿਬ ਸਿੰਘ ਦੇ ਟੀਕੇ ਤੋਂ ਸਹਾਇਤਾ ਲਈ ਹੈ।

ਸਭ ਤੋਂ ਪਹਿਲਾ ਪ੍ਰਸ਼ਨ ਪੈਦਾ ਹੁੰਦਾ ਹੈ ਕਿ ਬ੍ਰਹਮ ਗਿਆਨੀ ਕੌਣ ਹੈ? ਇਸ ਦਾ ਉੱਤਰ ਭੀ ਗਉੜੀ ਸੁਖਮਨੀ ਦੀ ਅਠਵੀਂ ਅਸ਼ਟਪਦੀ ਨਾਲ ਆਏ ਸਲੋਕ ਵਿੱਚ ਦਿੱਤਾ ਹੋਇਆ ਹੈ ਜੋ ਕਿ ਇਸ ਤਰ੍ਹਾਂ ਹੈ;
ਸਲੋਕੁ ॥
ਮਨਿ ਸਾਚਾ ਮੁਖਿ ਸਾਚਾ ਸੋਇ ॥
ਅਵਰੁ ਨ ਪੇਖੈ ਏਕਸੁ ਬਿਨੁ ਕੋਇ ॥
ਨਾਨਕ ਇਹ ਲਛਣ ਬ੍ਰਹਮ ਗਿਆਨੀ ਹੋਇ ॥੧॥ ਪੰਨਾਂ ੨੭੨

ਪਦ ਅਰਥ: ਸਾਚਾ-ਸਦਾ ਕਾਇਮ ਰਹਿਣ ਵਾਲਾ ਅਕਾਲ ਪੁਰਖ; ਮੁਖਿ-ਮੂੰਹ ਵਿੱਚ; ਅਵਰੁ ਕੋਇ-ਕੋਈ ਹੋਰ; ਪੇਖੈ-ਮੰਨਦਾ ਹੈ; ਏਕਸੁ ਬਿਨੁ-ਇੱਕ ਪ੍ਰਭੂ ਤੋਂ ਬਿਨ੍ਹਾਂ; ਇਹ ਲਛਣ-ਇਨ੍ਹਾਂ ਗੁਣਾਂ ਨਾਲ; ਬ੍ਰਹਮਗਿਆਨੀ-ਅਕਾਲ ਪੁਰਖ ਦੇ ਗਿਆਨ ਵਾਲਾ; ਗਿਆਨ-ਜਾਣ-ਪਛਾਣ।

ਅਰਥ: ਜਿਸ ਪ੍ਰਾਣੀ ਦੇ ਮਨ ਵਿੱਚ ਸਦਾ-ਥਿਰ ਰਹਿਣ ਵਾਲਾ ਪ੍ਰਭੂ ਵੱਸਦਾ ਹੈ, ਜੋ ਮੂੰਹੋਂ ਭੀ ਉਸ ਪ੍ਰਭੂ ਨੂੰ ਹੀ ਜਪਦਾ ਹੈ, ਜੋ ਪ੍ਰਾਣੀ ਇੱਕ ਅਕਾਲ ਪੁਰਖ ਤੋਂ ਬਿਨ੍ਹਾਂ ਕਿਤੇ ਭੀ ਕਿਸੇ ਹੋਰ ਨੂੰ ਨਹੀਂ ਮੰਨਦਾ, ਹੇ ਨਾਨਕ ! ਉਹ ਪ੍ਰਾਣੀ ਇਨ੍ਹਾਂ ਗੁਣਾਂ ਦੇ ਸਦਕਾ ‘ਬ੍ਰਹਮਗਿਆਨੀ’ ਹੋ ਜਾਂਦਾ ਹੈ।

ਬ੍ਰਹਮਗਿਆਨੀ ਦੇ ਲੱਛਣ: ਹੁਣ ਇਸ ਅਸ਼ਟਪਦੀ ਦੀਆਂ ਹੇਠ ਦਿੱਤੀਆਂ ਅੱਠ ਪਉੜੀਆਂ ਵਿੱਚ ਅਸਲ ਬ੍ਰਹਮਗਿਆਨੀ ਦੇ ਲੱਛਣ ਭਾਵ ਗੁਣ ਦਿੱਤੇ ਜਾ ਰਹੇ ਹਨ;

ਅਸਟਪਦੀ ॥
ਬ੍ਰਹਮ ਗਿਆਨੀ ਸਦਾ ਨਿਰਲੇਪ ॥
ਜੈਸੇ ਜਲ ਮਹਿ ਕਮਲ ਅਲੇਪ ॥
ਬ੍ਰਹਮ ਗਿਆਨੀ ਸਦਾ ਨਿਰਦੋਖ ॥
ਜੈਸੇ ਸੂਰੁ ਸਰਬ ਕਉ ਸੋਖ ॥
ਬ੍ਰਹਮ ਗਿਆਨੀ ਕੈ ਦ੍ਰਿਸਟਿ ਸਮਾਨਿ ॥
ਜੈਸੇ ਰਾਜ ਰੰਕ ਕਉ ਲਾਗੈ ਤੁਲਿ ਪਵਾਨ ॥
ਬ੍ਰਹਮ ਗਿਆਨੀ ਕੈ ਧੀਰਜੁ ਏਕ ॥
ਜਿਉ ਬਸੁਧਾ ਕੋਊ ਖੋਦੈ ਕੋਊ ਚੰਦਨ ਲੇਪ ॥
ਬ੍ਰਹਮ ਗਿਆਨੀ ਕਾ ਇਹੈ ਗੁਨਾਉ ॥
ਨਾਨਕ ਜਿਉ ਪਾਵਕ ਕਾ ਸਹਜ ਸੁਭਾਉ ॥੧॥

ਪਦ ਅਰਥ: ਨਿਰਲੇਪ-ਬੇਦਾਗ਼; ਅਲੇਪ-ਚਿੱਕੜ ਤੋਂ ਸਾਫ਼; ਨਿਰਦੋਖ-ਪਾਪਾਂ ਤੋਂ ਬਰੀ; ਸੂਰੁ-ਸੂਰਜ; ਸੋਖ-ਸੁਕਾਉਣ ਵਾਲਾ; ਦ੍ਰਿਸਟਿ-ਨਜ਼ਰ; ਸਮਾਨਿ-ਇੱਕੋ ਜਿਹੀ; ਰੰਕ-ਕੰਗਾਲ; ਤੁਲਿ-ਬਰਾਬਰ; ਪਵਾਨ-ਪਵਨ, ਹਵਾ; ਏਕ-ਇਕ-ਤਾਰ; ਬਸੁਧਾ-ਧਰਤੀ; ਲੇਪ-ਪੋਚੈ, ਲੇਪਣ; ਗੁਨਾਉ-ਗੁਣ; ਪਾਵਕ-ਅੱਗ; ਸਹਜ-ਕੁਦਰਤੀ।

ਅਰਥ: ਬ੍ਰਹਮਗਿਆਨੀ ਪ੍ਰਾਣੀ ਵਿਕਾਰਾਂ ਵਲੋਂ ਸਦਾ-ਬੇਦਾਗ਼ ਰਹਿੰਦੇ ਹਨ ਜਿਵੇਂ ਪਾਣੀ ਵਿੱਚ ਉੱਗੇ ਹੋਏ ਕਉਲ ਫੁੱਲ ਚਿੱਕੜ ਤੋਂ ਸਾਫ਼ ਹੁੰਦੇ ਹਨ।

ਜਿਸ ਤਰ੍ਹਾਂ ਸੂਰਜ ਸਾਰੇ ਰਸਾਂ ਨੂੰ ਸੁਕਾ ਦਿੰਦਾ ਹੈ ਉਸੇ ਤਰ੍ਹਾਂ ਬ੍ਰਹਮਗਿਆਨੀ ਸਾਰੇ ਪਾਪਾਂ ਨੂੰ ਸਾੜ ਦਿੰਦੇ ਹਨ ਪਾਪਾਂ ਤੋਂ ਬਚੇ ਰਹਿੰਦੇ ਹਨ।

ਜਿਵੇਂ ਹਵਾ ਰਾਜੇ ਅਤੇ ਕੰਗਾਲ ਨੂੰ ਇੱਕੋ ਜਿਹੀ ਲੱਗਦੀ ਹੈ ਤਿਵੇਂ ਬ੍ਰਹਮਗਿਆਨੀ ਦਾ ਸਭ ਵਲ ਇੱਕੋ ਜਿਹੀ ਨਜ਼ਰ ਵਾਲਾ ਸੁਭਾਉ ਹੁੰਦਾ ਹੈ।

ਕੋਈ ਭਲਾ ਕਹੇ ਭਾਵੇਂ ਬੁਰਾ, ਪਰ ਬ੍ਰਹਮਗਿਆਨੀ ਪ੍ਰਾਣੀਆਂ ਦੇ ਅੰਦਰ ਇੱਕ-ਤਾਰ ਹੌਸਲਾ ਕਾਇਮ ਰਹਿੰਦਾ ਹੈ, ਜਿਵੇਂ ਧਰਤੀ ਨੂੰ ਕੋਈ ਤਾਂ ਖੋਦ ਕੇ ਖੇਤੀ ਆਦਿ ਕਰਦਾ ਹੈ ਅਤੇ ਕੋਈ ਚੰਦਨ ਦੇ ਲੇਪਣ ਕਰਦਾ ਹੈ ਪਰ ਧਰਤੀ ਨੂੰ ਪਰਵਾਹ ਨਹੀਂ।

ਹੇ ਨਾਨਕ! ਜਿਵੇਂ ਅੱਗ ਦਾ ਕੁਦਰਤੀ ਸੁਭਾਅ ਹੈ ਹਰੇਕ ਚੀਜ਼ ਦੀ ਮੈਲ ਸਾੜ ਦਿੰਦੀ ਹੈ ਉਸੇ ਤਰ੍ਹਾਂ ਬ੍ਰਹਮਗਿਆਨੀਆਂ ਦਾ ਭੀ ਇਹੀ ਗੁਣ ਹੈ ਕੀ ਉਹ ਆਪਣੇ ਸਾਰੇ ਔਗਣਾਂ ਨੂੰ ਸਾੜ ਦਿੰਦੇ ਹਨ।੧।

ਬ੍ਰਹਮ ਗਿਆਨੀ ਨਿਰਮਲ ਤੇ ਨਿਰਮਲਾ ॥
ਜੈਸੇ ਮੈਲੁ ਨ ਲਾਗੈ ਜਲਾ ॥
ਬ੍ਰਹਮ ਗਿਆਨੀ ਕੈ ਮਨਿ ਹੋਇ ਪ੍ਰਗਾਸੁ ॥
ਜੈਸੇ ਧਰ ਊਪਰਿ ਆਕਾਸੁ ॥
ਬ੍ਰਹਮ ਗਿਆਨੀ ਕੈ ਮਿਤ੍ਰ ਸਤ੍ਰੁ ਸਮਾਨਿ ॥
ਬ੍ਰਹਮ ਗਿਆਨੀ ਕੈ ਨਾਹੀ ਅਭਿਮਾਨ ॥
ਬ੍ਰਹਮ ਗਿਆਨੀ ਊਚ ਤੇ ਊਚਾ ॥
ਮਨਿ ਅਪਨੈ ਹੈ ਸਭ ਤੇ ਨੀਚਾ ॥
ਬ੍ਰਹਮ ਗਿਆਨੀ ਸੇ ਜਨ ਭਏ ॥
ਨਾਨਕ ਜਿਨ ਪ੍ਰਭੁ ਆਪਿ ਕਰੇਇ ॥੨॥

ਪਦ ਅਰਥ: ਮਨਿ-ਮਨ ਵਿੱਚ; ਪ੍ਰਗਾਸੁ-ਚਾਨਣ, ਗਿਆਨ; ਧਰ-ਧਰਤੀ; ਸਤ੍ਰੁ-ਵੈਰੀ; ਜਿਨ-ਜਿਨ੍ਹਾਂ ਨੂੰ; ਕਰੇਇ-ਬਣਾਉਂਦਾ ਹੈ।

ਅਰਥ: ਜਿਸ ਤਰ੍ਹਾਂ ਪਾਣੀ ਨੂੰ ਕਦੇ ਮੈਲ ਨਹੀਂ ਰਹਿ ਸਕਦੀ ਬੁਖ਼ਾਰਾਤ ਆਦਿ ਬਣ ਕੇ ਮੁੜ ਸਾਫ਼ ਦਾ ਸਾਫ਼ ਹੋ ਜਾਂਦਾ ਹੈ, ਇਸੇ ਤਰ੍ਹਾਂ ਹੀ ਬ੍ਰਹਮਗਿਆਨੀ ਵਿਕਾਰਾਂ ਦੀ ਮੈਲ ਤੋਂ ਸਦਾ ਬਚਿਆ ਹੋਣ ਕਰਕੇ ਮਹਾਂ ਨਿਰਮਲ ਰਹਿੰਦਾ ਹੈ।

ਜਿਸ ਤਰ੍ਹਾਂ ਪ੍ਰਭੂ ਧਰਤੀ ਉੱਤੇ ਅਤੇ ਆਕਾਸ਼ ਵਿੱਚ ਸਭ ਥਾਂ ਵਿਆਪਕ ਹੈ, ਉਸੇ ਤਰ੍ਹਾਂ ਬ੍ਰਹਮਗਿਆਨੀ ਦੇ ਮਨ ਵਿੱਚ ਇਹ ਚਾਨਣ ਹੋ ਜਾਂਦਾ ਹੈ ਕਿ ਪ੍ਰਭੂ ਹਰ ਥਾਂ ਮੌਜ਼ੂਦ ਹੈ।

ਬ੍ਰਹਮਗਿਆਨੀ ਨੂੰ ਸੱਜਣ ਅਤੇ ਵੈਰੀ ਇੱਕੋ ਜਿਹਾ ਲੱਗਦਾ ਹੈ ਕਿਉਂਕ ਉਸ ਦੇ ਅੰਦਰ ਹੰਕਾਰ ਨਹੀਂ ਹੁੰਦਾ ਅਤੇ ਉਸ ਨੂੰ ਕਿਸੇ ਦੇ ਚੰਗੇ ਮੰਦੇ ਸਲੂਕ ਦਾ ਹਰਖ ਸੋਗ ਨਹੀਂ ਹੁੰਦਾ।

ਬ੍ਰਹਮਗਿਆਨੀ ਆਤਮਕ ਅਵਸਥਾ ਵਿੱਚ ਸਭ ਤੋਂ ਉੱਚਾ ਹੈ ਪਰ ਆਪਣੇ ਮਨ ਵਿੱਚ ਆਪਣੇ ਆਪ ਨੂੰ ਸਭ ਤੋਂ ਨੀਵਾਂ ਜਾਣਦਾ ਹੈ।

ਹੇ ਨਾਨਕ ! ਉਹੀ ਜੀਵ ਬ੍ਰਹਮਗਿਆਨੀ ਬਣਦੇ ਹਨ ਜਿਨ੍ਹਾਂ ਨੂੰ ਪ੍ਰਭੂ ਆਪ ਬ੍ਰਹਮਗਿਆਨੀ ਬਣਾਉਂਦਾ ਹੈ।੨।

ਬ੍ਰਹਮ ਗਿਆਨੀ ਸਗਲ ਕੀ ਰੀਨਾ ॥
ਆਤਮ ਰਸੁ ਬ੍ਰਹਮ ਗਿਆਨੀ ਚੀਨਾ ॥
ਬ੍ਰਹਮ ਗਿਆਨੀ ਕੀ ਸਭ ਊਪਰਿ ਮਇਆ ॥
ਬ੍ਰਹਮ ਗਿਆਨੀ ਤੇ ਕਛੁ ਬੁਰਾ ਨ ਭਇਆ ॥
ਬ੍ਰਹਮ ਗਿਆਨੀ ਸਦਾ ਸਮਦਰਸੀ ॥
ਬ੍ਰਹਮ ਗਿਆਨੀ ਕੀ ਦ੍ਰਿਸਟਿ ਅੰਮ੍ਰਿਤੁ ਬਰਸੀ ॥
ਬ੍ਰਹਮ ਗਿਆਨੀ ਬੰਧਨ ਤੇ ਮੁਕਤਾ ॥
ਬ੍ਰਹਮ ਗਿਆਨੀ ਕੀ ਨਿਰਮਲ ਜੁਗਤਾ ॥
ਬ੍ਰਹਮ ਗਿਆਨੀ ਕਾ ਭੋਜਨੁ ਗਿਆਨ ॥
ਨਾਨਕ ਬ੍ਰਹਮ ਗਿਆਨੀ ਕਾ ਬ੍ਰਹਮ ਧਿਆਨੁ ॥੩॥ ਪੰਨਾਂ ੨੭੨-੨੭੩

ਪਦ ਅਰਥ: ਰੀਨਾ ਚਰਨਾਂ ਦੀ ਧੂੜ; ਆਤਮ ਰਸੁ-ਆਤਮਾ ਦਾ ਆਨੰਦ; ਚੀਨਾ-ਪਛਾਣਿਆ ਹੈ; ਮਇਆ-ਪ੍ਰਸੰਨਤਾ; ਕਛੁ-ਕੰਮ ਜਾਂ ਗੱਲ; ਸਭਦਰਸੀ-ਸਭ ਵਲ ਇੱਕੋ ਜਿਹਾ ਵੇਖਣ ਵਾਲਾ; ਬਰਸੀ-ਵਰਖਾ ਕਰਨ ਵਾਲੀ; ਮੁਕਤਾ-ਆਜ਼ਾਦ; ਜੁਗਤਾ-ਗੁਜ਼ਾਰਨ ਦਾ ਤਰੀਕਾ।

ਅਰਥ: ਬ੍ਰਹਮਗਿਆਨੀ ਸਾਰੇ ਬੰਦਿਆਂ ਦੇ ਪੈਰਾਂ ਦੀ ਖ਼ਾਕ ਹੋ ਕੇ ਰਹਿੰਦਾ ਹੈ; ਬ੍ਰਹਮਗਿਆਨੀ ਨੇ ਆਤਮਕ ਆਨੰਦ ਨੂੰ ਪਛਾਣ ਲਿਆ ਹੈ।

ਬ੍ਰਹਮਗਿਆਨੀ ਦੀ ਸਾਰਿਆਂ ਉੱਤੇ ਖ਼ੁਸ਼ੀ ਹੁੰਦੀ ਹੈ ਭਾਵ, ਬ੍ਰਹਮ-ਗਿਆਨੀ ਸਾਰਿਆਂ ਨਾਲ ਖਿੜੇ-ਮੱਥੇ ਰਹਿੰਦਾ ਹੈ ਅਤੇ ਉਹ ਕੋਈ ਮੰਦਾ ਕੰਮ ਨਹੀਂ ਕਰਦਾ।

ਬ੍ਰਹਮਗਿਆਨੀ ਸਦਾ ਸਭ ਵਲ ਇੱਕੋ ਜਿਹੀ ਨਜ਼ਰ ਨਾਲ ਤੱਕਦਾ ਹੈ, ਉਸ ਦੀ ਨਜ਼ਰ ਤੋਂ ਸਭ ਉੱਤੇ ਅੰਮ੍ਰਿਤ ਦੀ ਵਰਖਾ ਹੁੰਦੀ ਹੈ।

ਬ੍ਰਹਮਗਿਆਨੀ ਮਾਇਆ ਦੇ ਬੰਧਨਾਂ ਤੋਂ ਆਜ਼ਾਦ ਹੁੰਦਾ ਹੈ ਅਤੇ ਉਸ ਦੀ ਜੀਵਨ-ਜੁਗਤੀ ਵਿਕਾਰਾਂ ਤੋਂ ਰਹਿਤ ਹੈ।

ਬ੍ਰਹਮਗਿਆਨੀ ਦੀ ਖ਼ੁਰਾਕ ਰੱਬੀ-ਗਿਆਨ ਹੈ ਭਾਵ ਬ੍ਰਹਮਗਿਆਨੀ ਨੂੰ ਆਤਮਕ ਜ਼ਿੰਦਗੀ ਦੇ ਗਿਆਨ ਦਾ ਆਸਰਾ ਹੈ। ਹੇ ਨਾਨਕ! ਬ੍ਰਹਮਗਿਆਨੀ ਦੀ ਸੁਰਤ ਅਕਾਲ ਪੁਰਖ ਵਿੱਚ ਜੁੜੀ ਰਹਿੰਦੀ ਹੈ।

ਬ੍ਰਹਮ ਗਿਆਨੀ ਏਕ ਊਪਰਿ ਆਸ ॥
ਬ੍ਰਹਮ ਗਿਆਨੀ ਕਾ ਨਹੀ ਬਿਨਾਸ ॥
ਬ੍ਰਹਮ ਗਿਆਨੀ ਕੈ ਗਰੀਬੀ ਸਮਾਹਾ ॥
ਬ੍ਰਹਮ ਗਿਆਨੀ ਪਰਉਪਕਾਰ ਉਮਾਹਾ ॥
ਬ੍ਰਹਮ ਗਿਆਨੀ ਕੈ ਨਾਹੀ ਧੰਧਾ ॥
ਬ੍ਰਹਮ ਗਿਆਨੀ ਲੇ ਧਾਵਤੁ ਬੰਧਾ ॥
ਬ੍ਰਹਮ ਗਿਆਨੀ ਕੈ ਹੋਇ ਸੁ ਭਲਾ ॥
ਬ੍ਰਹਮ ਗਿਆਨੀ ਸੁਫਲ ਫਲਾ ॥
ਬ੍ਰਹਮ ਗਿਆਨੀ ਸੰਗਿ ਸਗਲ ਉਧਾਰੁ ॥
ਨਾਨਕ ਬ੍ਰਹਮ ਗਿਆਨੀ ਜਪੈ ਸਗਲ ਸੰਸਾਰੁ ॥੪॥

ਪਦ ਅਰਥ: ਆਸ-ਟੇਕ; ਬਿਨਾਸ-ਨਾਸ; ਬ੍ਰਹਮਗਿਆਨੀ ਕੈ-ਬ੍ਰਹਮਗਿਆਨੀ ਦੇ ਮਨ ਵਿੱਚ; ਸਮਾਹਾ-ਟਿਕੀ ਹੋਈ ਹੈ; ਉਮਾਹਾ-ਉਤਸ਼ਾਹ; ਲੇ-ਕਾਬੂ ਕਰ ਕੇ; ਬੰਧਾ-ਬੰਨ੍ਹ ਰੱਖਦਾ ਹੈ; ਸੁਫਲ-ਚੰਗੇ ਫਲ ਵਾਲਾ; ਫਲਾ-ਕਾਮਯਾਬ ਹੁੰਦਾ ਹੈ; ਬ੍ਰਹਮਗਿਆਨੀ ਜਪੈ-ਬ੍ਰਹਮਗਿਆਨੀ ਦੀ ਰਾਹੀਂ ਜਪਦਾ ਹੈ।

ਅਰਥ: ਬ੍ਰਹਮਗਿਆਨੀ ਕੇਵਲ ਇੱਕ ਅਕਾਲ ਪੁਰਖ ਉੱਤੇ ਆਸ ਅਤੇ ਟੇਕ ਰੱਖਦਾ ਹੈ; ਬ੍ਰਹਮਗਿਆਨੀ ਦੀ ਉੱਚੀ ਆਤਮਕ ਅਵਸਥਾ ਦਾ ਕਦੇ ਨਾਸ਼ ਨਹੀਂ ਹੁੰਦਾ।

ਬ੍ਰਹਮਗਿਆਨੀ ਦੇ ਹਿਰਦੇ ਵਿੱਚ ਸਦਾ ਗਰੀਬੀ ਟਿਕੀ ਰਹਿੰਦੀ ਹੈ ਅਤੇ ਉਸ ਨੂੰ ਦੂਜਿਆਂ ਦੀ ਭਲਾਈ ਕਰਨ ਦਾ ਸਦਾ ਚਾਉ ਚੜ੍ਹਿਆ ਰਹਿੰਦਾ ਹੈ।

ਬ੍ਰਹਮਗਿਆਨੀ ਦੇ ਮਨ ਵਿੱਚ ਮਾਇਆ ਦਾ ਕੋਈ ਜੰਜਾਲ ਨਹੀਂ ਹੈ ਕਿਉਂਕਿ ਉਹ ਭਟਕਦੇ ਮਨ ਨੂੰ ਕਾਬੂ ਕਰ ਕੇ ਮਾਇਆ ਵਲੋਂ ਰੋਕ ਲੈਂਦਾ ਹੈ।

ਜੋ ਕੁੱਝ ਪ੍ਰਭੂ ਵਲੋਂ ਹੁੰਦਾ ਹੈ, ਬ੍ਰਹਮਗਿਆਨੀ ਉਸ ਨੂੰ ਆਪਣੇ ਮਨ ਵਿੱਚ ਚੰਗਾ ਸਮਝਦਾ ਹੈ, ਇਸ ਤਰ੍ਹਾਂ ਬ੍ਰਹਮਗਿਆਨੀ ਦਾ ਆਪਣਾ ਜਨਮ ਚੰਗੀ ਤਰ੍ਹਾਂ ਕਾਮਯਾਬ ਹੁੰਦਾ ਹੈ।

ਬ੍ਰਹਮਗਿਆਨੀ ਦੀ ਸੰਗਤ ਵਿੱਚ ਸਭ ਦਾ ਬੇੜਾ ਪਾਰ ਹੁੰਦਾ ਹੈ ਕਿਉਂਕਿ ਹੇ ਨਾਨਕ! ਬ੍ਰਹਮਗਿਆਨੀ ਦੀ ਰਾਹੀਂ ਸਾਰਾ ਸੰਸਾਰ ਹੀ ਪ੍ਰਭੂ ਦਾ ਨਾਮ ਜਪਣ ਲੱਗ ਜਾਂਦਾ ਹੈ।੪।

ਬ੍ਰਹਮ ਗਿਆਨੀ ਕੈ ਏਕੈ ਰੰਗ ॥
ਬ੍ਰਹਮ ਗਿਆਨੀ ਕੈ ਬਸੈ ਪ੍ਰਭੁ ਸੰਗ ॥
ਬ੍ਰਹਮ ਗਿਆਨੀ ਕੈ ਨਾਮੁ ਆਧਾਰੁ ॥
ਬ੍ਰਹਮ ਗਿਆਨੀ ਕੈ ਨਾਮੁ ਪਰਵਾਰੁ ॥
ਬ੍ਰਹਮ ਗਿਆਨੀ ਸਦਾ ਸਦ ਜਾਗਤ ॥
ਬ੍ਰਹਮ ਗਿਆਨੀ ਅਹੰਬੁਧਿ ਤਿਆਗਤ ॥
ਬ੍ਰਹਮ ਗਿਆਨੀ ਕੈ ਮਨਿ ਪਰਮਾਨੰਦ ॥
ਬ੍ਰਹਮ ਗਿਆਨੀ ਕੈ ਘਰਿ ਸਦਾ ਅਨੰਦ ॥
ਬ੍ਰਹਮ ਗਿਆਨੀ ਸੁਖ ਸਹਜ ਨਿਵਾਸ ॥
ਨਾਨਕ ਬ੍ਰਹਮ ਗਿਆਨੀ ਕਾ ਨਹੀ ਬਿਨਾਸ ॥੫॥

ਪਦ ਅਰਥ: ਏਕੈ-ਇੱਕ ਪ੍ਰਭੂ ਦਾ; ਰੰਗ-ਪਿਆਰ; ਸੰਗ-ਨਾਲ; ਅਧਾਰੁ-ਆਸਰਾ; ਸਦ-ਸਦਾ; ਅਹੰਬੁਧਿ-ਹੰਕਾਰ ਵਾਲੀ ਮੱਤ; ਤਿਆਗਤ-ਛੱਡ ਦਿੰਦਾ ਹੈ; ਮਨਿ-ਮਨ ਵਿੱਚ; ਪਰਮਾਨੰਦ-ਉੱਚੇ ਸੁਖ ਦਾ ਮਾਲਕ ਅਕਾਲ ਪੁਰਖ; ਸਹਜ-ਅਡੋਲਤਾ ਦੀ ਹਾਲਤ; ਬਿਨਾਸ-ਨਾਸ਼।

ਅਰਥ: ਬ੍ਰਹਮਗਿਆਨੀ ਦੇ ਹਿਰਦੇ ਵਿੱਚ ਸਦਾ ਇੱਕ ਅਕਾਲ ਪੁਰਖ ਦਾ ਪਿਆਰ ਵੱਸਦਾ ਹੈ। ਇਸ ਲਈ ਬ੍ਰਹਮਗਿਆਨੀ ਦੇ ਮਨ ਅੰਦਰ ਪ੍ਰਭੂ ਹਮੇਸ਼ਾਂ ਅੰਗ-ਸੰਗ ਰਹਿੰਦਾ ਹੈ।

ਬ੍ਰਹਮਗਿਆਨੀ ਦੇ ਮਨ ਵਿੱਚ ਪ੍ਰਭੂ ਦੇ ਨਾਮ ਹੀ ਟੇਕ ਹੈ ਅਤੇ ਨਾਮ ਹੀ ਉਸ ਦਾ ਪਰਵਾਰ ਹੈ।

ਬ੍ਰਹਮਗਿਆਨੀ ਸਦਾ ਵਿਕਾਰਾਂ ਦੇ ਹਮਲੇ ਵਲੋਂ ਸੁਚੇਤ ਰਹਿੰਦਾ ਹੈ, ਅਤੇ ਹੰਕਾਰ ਵਾਲੀ ਮੱਤ ਛੱਡ ਦਿੰਦਾ ਹੈ।

ਬ੍ਰਹਮਗਿਆਨੀ ਦੇ ਮਨ ਵਿੱਚ ਉੱਚੇ ਸੁਖ ਦਾ ਮਾਲਕ, ਅਕਾਲ ਪੁਰਖ ਵੱਸਦਾ ਹੈ। ਇਸ ਲਈ ਬ੍ਰਹਮਗਿਆਨੀ ਦੇ ਹਿਰਦੇ-ਰੂਪ ਘਰ ਵਿੱਚ ਸਦਾ ਖਿੜਾਓ ਅਤੇ ਖ਼ੁਸ਼ੀ ਰਹਿੰਦੀ ਹੈ।

ਬ੍ਰਹਮਗਿਆਨੀ ਸੁਖ ਅਤੇ ਸ਼ਾਂਤੀ ਵਿੱਚ ਟਿਕਿਆ ਰਹਿੰਦਾ ਹੈ ਅਤੇ ਹੇ ਨਾਨਕ ! ਬ੍ਰਹਮਗਿਆਨੀ ਦੀ ਇਸ ਉੱਚੀ ਆਤਮਕ ਅਵਸਥਾ ਦਾ ਕਦੇ ਨਾਸ਼ ਨਹੀਂ ਹੁੰਦਾ।੫।

ਬ੍ਰਹਮ ਗਿਆਨੀ ਬ੍ਰਹਮ ਕਾ ਬੇਤਾ ॥
ਬ੍ਰਹਮ ਗਿਆਨੀ ਏਕ ਸੰਗਿ ਹੇਤਾ ॥
ਬ੍ਰਹਮ ਗਿਆਨੀ ਕੈ ਹੋਇ ਅਚਿੰਤ ॥
ਬ੍ਰਹਮ ਗਿਆਨੀ ਕਾ ਨਿਰਮਲ ਮੰਤ ॥
ਬ੍ਰਹਮ ਗਿਆਨੀ ਜਿਸੁ ਕਰੈ ਪ੍ਰਭੁ ਆਪਿ ॥
ਬ੍ਰਹਮ ਗਿਆਨੀ ਕਾ ਬਡ ਪਰਤਾਪ ॥
ਬ੍ਰਹਮ ਗਿਆਨੀ ਕਾ ਦਰਸੁ ਬਡਭਾਗੀ ਪਾਈਐ ॥
ਬ੍ਰਹਮ ਗਿਆਨੀ ਕਉ ਬਲਿ ਬਲਿ ਜਾਈਐ ॥
ਬ੍ਰਹਮ ਗਿਆਨੀ ਕਉ ਖੋਜਹਿ ਮਹੇਸੁਰ ॥
ਨਾਨਕ ਬ੍ਰਹਮ ਗਿਆਨੀ ਆਪਿ ਪਰਮੇਸੁਰ ॥੬॥

ਪਦ ਅਰਥ: ਬੇਤਾ-ਵਾਕਿਫ਼; ਏਕ ਸੰਗਿ-ਇੱਕ ਪ੍ਰਭੂ ਨਾਲ; ਹੇਤਾ-ਪਿਆਰ; ਅਚਿੰਤ-ਬੇਫ਼ਿਕਰੀ; ਨਿਰਮਲ-ਪਵਿਤ੍ਰ ਕਰਨ ਵਾਲਾ; ਮੰਤ-ਉਪਦੇਸ਼; ਬਡ-ਵੱਡਾ; ਦਰਸੁ-ਦਰਸ਼ਨ; ਪਾਈਐ-ਪਾਈਦਾ ਹੈ; ਬਲਿ ਬਲਿ-ਸਦਕੇ; ਖੋਜਹਿ-ਖੋਜਦੇ ਹਨ; ਮਹੇਸੁਰ-ਮਹਾ ਈਸੁਰ, ਸ਼ਿਵ ਜੀ ਆਦਿ ਦੇਵਤੇ; ਪਰਮੇਸੁਰ-ਅਕਾਲ ਪੁਰਖ।

ਅਰਥ: ਬ੍ਰਹਮਗਿਆਨੀ ਅਕਾਲ ਪੁਰਖ ਦਾ ਮਹਰਮ ਬਣ ਜਾਂਦਾ ਹੈ ਅਤੇ ਉਹ ਇੱਕ ਪ੍ਰਭੂ ਨਾਲ ਹੀ ਪਿਆਰ ਕਰਦਾ ਹੈ।

ਬ੍ਰਹਮਗਿਆਨੀ ਦੇ ਮਨ ਵਿੱਚ ਸਦਾ ਬੇਫ਼ਿਕਰੀ ਰਹਿੰਦੀ ਹੈ, ਉਸ ਦਾ ਉਪਦੇਸ਼ ਭੀ ਸਭ ਨੂੰ ਪਵਿੱਤ੍ਰ ਕਰਨ ਵਾਲਾ ਹੁੰਦਾ ਹੈ।

ਬ੍ਰਹਮਗਿਆਨੀ ਦਾ ਬਹੁਤ ਨਾਮਣਾ ਹੋ ਜਾਂਦਾ ਹੈ ਪਰ ਉਹੀ ਜੀਵ ਬ੍ਰਹਮਗਿਆਨੀ ਬਣਦਾ ਹੈ ਜਿਸ ਨੂੰ ਪ੍ਰਭੂ ਆਪ ਬ੍ਰਹਮਗਿਆਨੀ ਬਣਾਉਂਦਾ ਹੈ।

ਬ੍ਰਹਮਗਿਆਨੀ ਦਾ ਦੀਦਾਰ ਵੱਡੇ ਭਾਗਾਂ ਨਾਲ ਹੁੰਦਾ ਹੈ। ਇਸ ਲਈ ਬ੍ਰਹਮਗਿਆਨੀ ਤੋਂ ਸਦਾ ਸਦਕੇ ਜਾਣਾ ਚਾਹੀਦਾ ਹੈ।

ਸ਼ਿਵ ਆਦਿ ਦੇਵਤੇ ਭੀ ਬ੍ਰਹਮਗਿਆਨੀ ਨੂੰ ਭਾਲਦੇ ਫਿਰਦੇ ਹਨ। ਹੇ ਨਾਨਕ! ਅਕਾਲ ਪੁਰਖ ਆਪ ਭੀ ਬ੍ਰਹਮਗਿਆਨੀ ਦਾ ਰੂਪ ਹੈ।੬।

ਬ੍ਰਹਮ ਗਿਆਨੀ ਕੀ ਕੀਮਤਿ ਨਾਹਿ ॥
ਬ੍ਰਹਮ ਗਿਆਨੀ ਕੈ ਸਗਲ ਮਨ ਮਾਹਿ ॥
ਬ੍ਰਹਮ ਗਿਆਨੀ ਕਾ ਕਉਨ ਜਾਨੈ ਭੇਦੁ ॥
ਬ੍ਰਹਮ ਗਿਆਨੀ ਕਉ ਸਦਾ ਅਦੇਸੁ ॥
ਬ੍ਰਹਮ ਗਿਆਨੀ ਕਾ ਕਥਿਆ ਨ ਜਾਇ ਅਧਾਖ੍ਯ੍ਯਰੁ ॥
ਬ੍ਰਹਮ ਗਿਆਨੀ ਸਰਬ ਕਾ ਠਾਕੁਰੁ ॥
ਬ੍ਰਹਮ ਗਿਆਨੀ ਕੀ ਮਿਤਿ ਕਉਨੁ ਬਖਾਨੈ ॥
ਬ੍ਰਹਮ ਗਿਆਨੀ ਕੀ ਗਤਿ ਬ੍ਰਹਮ ਗਿਆਨੀ ਜਾਨੈ ॥
ਬ੍ਰਹਮ ਗਿਆਨੀ ਕਾ ਅੰਤੁ ਨ ਪਾਰੁ ॥
ਨਾਨਕ ਬ੍ਰਹਮ ਗਿਆਨੀ ਕਉ ਸਦਾ ਨਮਸਕਾਰੁ ॥੭॥

ਪਦ ਅਰਥ: ਸਗਲ-ਸਾਰੇ; ਮਨ ਮਾਹਿ-ਮਨ ਵਿੱਚ; ਭੇਦੁ-ਰਾਜ਼; ਅਦੇਸੁ-ਨਮਸ਼ਕਾਰ; ਅਦਾਖ੍ਯ੍ਯਰ-ਮਹਿਮਾ ਦਾ ਅੱਧਾ ਅੱਖਰ ਭੀ; ਮਿਤਿ-ਅੰਦਾਜ਼ਾ; ਗਤਿ-ਹਾਲਤ; ਬਖਾਨੈ-ਬਿਆਨ ਕਰੇ।

ਅਰਥ: ਬ੍ਰਹਮਗਿਆਨੀ ਦੇ ਗੁਣਾਂ ਦਾ ਮੁੱਲ ਨਹੀਂ ਪੈ ਸਕਦਾ। ਸਾਰੇ ਹੀ ਗੁਣ ਬ੍ਰਹਮਗਿਆਨੀ ਦੇ ਅੰਦਰ ਹਨ।

ਕੋਈ ਭੀ ਬੰਦਾ ਬ੍ਰਹਮਗਿਆਨੀ ਦੀ ਉੱਚੀ ਜ਼ਿੰਦਗੀ ਦਾ ਭੇਤ ਨਹੀਂ ਪਾ ਸਕਦਾ। ਇਸ ਲਈ ਬ੍ਰਹਮਗਿਆਨੀ ਦੇ ਸਾਹਮਣੇ ਸਦਾ ਨਿਊਣਾ ਹੀ ਚੰਗਾ ਹੈ।

ਬ੍ਰਹਮਗਿਆਨੀ ਦੀ ਮਹਿਮਾ ਵਾਸਤੇ ਇੱਕ ਅੱਧਾ ਅੱਖਰ ਭੀ ਨਹੀਂ ਕਿਹਾ ਜਾ ਸਕਦਾ। ਬ੍ਰਹਮਗਿਆਨੀ ਸਾਰੇ ਜੀਵਾਂ ਲਈ ਪੂਜਣ ਯੋਗ ਹੈ।

ਬ੍ਰਹਮਗਿਆਨੀ ਦੀ ਉੱਚੀ ਜ਼ਿੰਦਗੀ ਦਾ ਕੋਈ ਭੀ ਅੰਦਾਜ਼ਾ ਨਹੀਂ ਲਾ ਸਕਦਾ। ਉਸ ਦੀ ਆਤਮਿਕ ਅਵਸਥਾ ਦਾ ਅੰਦਾਜ਼ਾ ਉਸ ਵਰਗਾ ਬ੍ਰਹਮਗਿਆਨੀ ਹੀ ਜਾਣ ਸਕਦਾ ਹੈ।

ਬ੍ਰਹਮਗਿਆਨੀ ਦੇ ਗੁਣਾਂ ਦੇ ਸਮੁੰਦਰ ਦਾ ਕੋਈ ਹੱਦ ਬੰਨਾ ਨਹੀਂ। ਹੇ ਨਾਨਕ! ਤੂੰ ਸਦਾ ਬ੍ਰਹਮਗਿਆਨੀ ਦੇ ਚਰਨਾਂ ਤੇ ਪਿਆ ਰਹਿ।੭।

ਬ੍ਰਹਮ ਗਿਆਨੀ ਸਭ ਸ੍ਰਿਸਟਿ ਕਾ ਕਰਤਾ ॥
ਬ੍ਰਹਮ ਗਿਆਨੀ ਸਦ ਜੀਵੈ ਨਹੀ ਮਰਤਾ ॥
ਬ੍ਰਹਮ ਗਿਆਨੀ ਮੁਕਤਿ ਜੁਗਤਿ ਜੀਅ ਕਾ ਦਾਤਾ ॥
ਬ੍ਰਹਮ ਗਿਆਨੀ ਪੂਰਨ ਪੁਰਖੁ ਬਿਧਾਤਾ ॥
ਬ੍ਰਹਮ ਗਿਆਨੀ ਅਨਾਥ ਕਾ ਨਾਥੁ ॥
ਬ੍ਰਹਮ ਗਿਆਨੀ ਕਾ ਸਭ ਊਪਰਿ ਹਾਥੁ ॥
ਬ੍ਰਹਮ ਗਿਆਨੀ ਕਾ ਸਗਲ ਅਕਾਰੁ ॥
ਬ੍ਰਹਮ ਗਿਆਨੀ ਆਪਿ ਨਿਰੰਕਾਰੁ ॥
ਬ੍ਰਹਮ ਗਿਆਨੀ ਕੀ ਸੋਭਾ ਬ੍ਰਹਮ ਗਿਆਨੀ ਬਨੀ ॥
ਨਾਨਕ ਬ੍ਰਹਮ ਗਿਆਨੀ ਸਰਬ ਕਾ ਧਨੀ ॥੮॥੮॥ ਪੰਨਾਂ ੨੭੩-੨੭੪

ਪਦ ਅਰਥ: ਸ੍ਰਿਸਟਿ-ਦੁਨੀਆਂ; ਸਦ-ਸਦਾ; ਮੁਕਤਿ ਜੁਗਤਿ-ਮੁਕਤੀ ਦਾ ਰਸਤਾ; ਜੀਅ ਕਾ ਦਾਤਾ-ਆਤਮਕ ਜ਼ਿੰਦਗੀ ਦੇਣ ਵਾਲਾ; ਬਿਧਾਤਾ-ਪੈਦਾ ਕਰਨ ਵਾਲਾ; ਪੂਰਨ ਪੁਰਖੁ-ਸਭ ਵਿਚ ਵਿਆਪਕ ਪ੍ਰਭੂ; ਨਾਥੁ-ਖਸਮ; ਸਭ ਊਪਰਿ ਹਾਥੁ-ਸਭ ਦੀ ਸਹਾਇਤਾ ਕਰਦਾ ਹੈ; ਸਗਲ ਅਕਾਰੁ-ਸਾਰਾ ਦਿੱਸਦਾ ਸੰਸਾਰ; ਅਕਾਰੁ-ਸਰੂਪ; ਬਨੀ-ਫਬਦੀ ਹੈ; ਧਨੀ-ਮਾਲਕ।

ਅਰਥ: ਬ੍ਰਹਮਗਿਆਨੀ ਸਾਰੀਆਂ ਨੂੰ ਪੈਦਾ ਕਰਨ ਵਾਲਾ ਹੈ। ਬ੍ਰਹਮਗਿਆਨੀ ਸਦਾ ਹੀ ਜਿਊਂਦਾ ਹੈ। ਬ੍ਰਹਮਗਿਆਨੀ ਕਦੇ ਜਨਮ ਮਰਨ ਦੇ ਗੇੜ ਵਿੱਚ ਨਹੀਂ ਆਉਂਦਾ।

ਬ੍ਰਹਮਗਿਆਨੀ ਮੁਕਤੀ ਦਾ ਰਾਹ ਦੱਸਣ ਵਾਲਾ ਅਤੇ ਉੱਚੀ ਆਤਮਕ ਜ਼ਿੰਦਗੀ ਦਾ ਦੇਣ ਵਾਲਾ ਹੈ। ਬ੍ਰਹਮਗਿਆਨੀ ਹੀ ਪੂਰਨ ਪੁਰਖ ਅਤੇ ਕਾਦਰ ਹੈ।

ਬ੍ਰਹਮਗਿਆਨੀ ਨਿਖ਼ਸਮਿਆਂ ਦਾ ਖ਼ਸਮ ਹੈ। ਬ੍ਰਹਮਗਿਆਨੀ ਸਭ ਦੀ ਸਹਾਇਤਾ ਕਰਦਾ ਹੈ।

ਇਹ ਸਾਰਾ ਸੰਸਾਰ ਬ੍ਰਹਮਗਿਆਨੀ ਦਾ ਆਪਣਾ ਹੈ। ਬ੍ਰਹਮਗਿਆਨੀ ਤਾਂ ਪ੍ਰਤੱਖ ਰੱਬ, ਆਪ ਹੀ ਹੈ।

ਬ੍ਰਹਮਗਿਆਨੀ ਦੀ ਮਹਿਮਾ ਕੋਈ ਬ੍ਰਹਮਗਿਆਨੀ ਹੀ ਕਰ ਸਕਦਾ ਹੈ। ਹੇ ਨਾਨਕ! ਬ੍ਰਹਮਗਿਆਨੀ ਸਭ ਜੀਵਾਂ ਦਾ ਮਾਲਕ ਹੈ।੮।

ਸੋਹਿਲਾ ਬਾਣੀ ਵਿੱਚ ਵੀ ਗੁਰੂ ਅਰਜਨ ਸਾਹਿਬ ਦੱਸਦੇ ਹਨ ਕਿ;

ਇਹੁ ਸੰਸਾਰੁ ਬਿਕਾਰੁ ਸੰਸੇ ਮਹਿ ਤਰਿਓ ਬ੍ਰਹਮ ਗਿਆਨੀ।।
ਜਿਸਹਿ ਜਗਾਇ ਪੀਆਵੈ ਇਹੁ ਰਸੁ ਅਕਥ ਕਥਾ ਤਿਨਿ ਜਾਨੀ।। ਪੰਨਾਂ ੧੩
ਭਾਵ ਇਹ ਸੰਸਾਰ ਵਿਕਾਰਾਂ ਨਾਲ ਭਰਿਆ ਪਿਆ ਹੈ। ਸੰਸਾਰ ਦੇ ਜੀਵ ਤੌਖਲਿਆਂ ਵਿੱਚ ਡੁੱਬ ਰਹੇ ਹਨ। ਉਨ੍ਹਾਂ ਤੌਖਲਿਆਂ ਵਿਚੋਂ ਉਹ ਹੀ ਜੀਵ ਪਾਰ ਨਿਕਲ ਸਕਦਾ ਹੈ ਜਿਸ ਨੇ ਪ੍ਰਮਾਤਮਾ ਨਾਲ ਜਾਣ ਪਛਾਣ ਬਣਾ ਲਈ ਹੈ । ਵਿਕਾਰਾਂ ਵਿੱਚ ਗਲਤਾਨ ਹੋਏ ਜਿਸ ਜੀਵ ਨੂੰ ਪ੍ਰਭੂ ਆਪ ਜਗਾ ਕੇ ਇਹ ਨਾਮ-ਅੰਮ੍ਰਿਤ ਪਿਲਾਉਂਦਾ ਹੈ ਉਸ ਜੀਵ ਨੇ ਅਕੱਥ ਪ੍ਰਭੂ ਦੀਆਂ ਗੱਲਾਂ ਅਤੇ ਉਸ ਦੀ ਸਿਫਤ-ਸਾਲਾਹ ਕਰਨ ਦੀ ਜਾਚ ਸਿੱਖ ਲਈ ਹੈ।

ਗੁਰੂ ਅਰਜਨ ਸਾਹਿਬ ਨੇ ਸਾਨੂੰ ਬ੍ਰਹਮਗਿਆਨੀ ਦੇ ਗੁਣ ਦੱਸ ਦਿੱਤੇ ਹਨ। ਇਸ ਦੇ ਬਾਵਜੂਦ ਜੇ ਤੁਸੀਂ ਬ੍ਰਹਮਗਿਆਨੀ ਦੀ ਪਛਾਣ ਨਾ ਕੀਤੀ ਤਾਂ ਇਸ ਦਾ ਦੋਸ਼ ਅਸੀਂ ਕਿਸੇ ਨੂੰ ਨਹੀਂ ਦੇ ਸਕਦੇ।
ਅੰਤ ਵਿੱਚ ਅਸੀਂ ਇਹ ਹੀ ਦੱਸਣਾ ਚਾਹੁੰਦੇ ਹਾਂ ਕਿ ਬ੍ਰਹਮ ਨਾਲ ਮਿਲਣ ਦੀ ਅਵਸਥਾ ਪੂਰੇ ਗੁਰੂ ਦੇ ਮਿਲਣ ਤੋਂ ਬਗੈਰ ਨਹੀ ਹੋ ਸਕਦੀ। ਈਰਖਾ, ਦਵੈਸ਼, ਕਾਮ, ਤ੍ਰਿਸ਼ਨਾ, ਹੰਕਾਰ ਅਤੇ ਵਿਕਾਰਾਂ ਵਿੱਚ ਗ੍ਰਸੇ, ਅਨਪੜ੍ਹ, ਅਧੂਰੇ ਲਾਲਚੀ, ਪਾਖੰਡੀ, ਸਾਧਾਂ ਮਗਰ ਲੱਗ ਕੇ ਤੁਸੀਂ ਆਪਣਾ ਅਮੋਲਕ ਜੀਵਨ ਬਰਬਾਦ ਨਾ ਕਰੋ ਜੀ। ਉਹ ਅਨਪੜ੍ਹ ਸਾਧ ਤੁਹਾਨੂੰ ਗੁਰੂ ਦੀ ਸਿੱਖਿਆ ਦੀ ਵਜਾਏ ਆਪਣੇ ਨਾਲ ਜੋੜ੍ਹਦੇ ਹਨ। ਸਰੀਰ ਨਾਲ ਜੁੜ੍ਹ ਕੇ ਕਿਸੇ ਵੀ ਪ੍ਰਾਣੀ ਦਾ ਪਾਰ ਉਤਾਰਾ ਨਹੀਂ ਹੋ ਸਕਦਾ। ਸਤਿਗੁਰ ਦੀ ਬਾਣੀ ਹੀ ਸਿੱਖ ਦੇ ਜੀਵਨ ਦਾ ਚਾਨਣ-ਮੁਨਾਰਾ ਹੈ। ਇਸ ਲਈ ਹੀ ਗੁਰੂ ਨਾਨਕ ਸਾਹਿਬ ਨੇ ਸਾਨੂੰ ਗੁਰੂ ਦੀ ਸਿਖਿਆ ਨਾਲ ਜੋੜ੍ਹਿਆ ਹੈ। ਉਨ੍ਹਾਂ ਦਾ ਹੁਕਮ ਹੈ ਕਿ;

ਭਾਈ ਰੇ ਗੁਰ ਬਿਨੁ ਗਿਆਨੁ ਨ ਹੋਇ।।
ਪੂਛਹੁ ਬ੍ਰਹਮੇ ਨਾਰਦੈ ਬੇਦ ਬਿਆਸੈ ਕੋਇ ।।੧।। ਰਹਾਉ।। ਪੰਨਾਂ ੫੯

ਹੇ ਭਾਈ! ਗੁਰੂ ਤੋਂ ਬਿਨ੍ਹਾਂ ਪ੍ਰਮਾਤਮਾ ਨਾਲ ਡੂੰਘੀ ਸਾਂਝ ਨਹੀਂ ਪੈ ਸਕਦੀ। ਬੇਸ਼ੱਕ ਕੋਈ ਜੀਵ ਬ੍ਰਹਮਾ, ਨਾਰਦ ਅਤੇ ਬੇਦਾਂ ਦੇ ਰਚਾਇਤਾ ਰਿਸ਼ੀ ਬਿਆਸ ਆਦਿ ਤੋਂ ਪੁੱਛ ਲਵੋ। ਅਖੌਤੀ ਅਨਪੜ੍ਹ ਸਾਧਾਂ ਮਗਰ ਲੱਗਣ ਦੀ ਬਜਾਏ ਖੰਡੇ-ਬਾਟੇ ਦੀ ਪਾਹੁਲ ਲੈ ਕੇ ਗੁਰਬਾਣੀ ਮੁਤਾਬਕ ਆਪਣੇ ਮਨ ਅਤੇ ਤਨ ਦੀ ਰਹਿਤ ਰੱਖੋ ਅਤੇ ਆਪਣਾ ਜੀਵਨ ਸਫਲਾ ਕਰੋ ਜੀ।

ਖਾਲਸੇ ਦੇ ਜਨਮ ਦਿਹਾੜੇ ਦੀ ਸਭ ਸੰਗਤਾਂ ਨੂੰ ਲੱਖ-ਲੱਖ ਵਾਧਾਈ ਹੋਵੇ ਜੀ।

ਵਾਹਿ ਗੁਰੂ ਜੀ ਕਾ ਖਾਲਸਾ ।।

ਵਾਹਿ ਗੁਰੂ ਜੀ ਕੀ ਫਤਹਿ ।।
.