.

ਅਮੁੱਲ ਗੁਣਾਂ (ਨਿਰਗੁਣ ਪਾਰਬ੍ਰਹਮ) ਦੀ ਗੁਰਬਾਣੀ ਅਨੁਸਾਰ ਵਿਆਖਿਆ

ਡਾ: ਦਲਵਿੰਦਰ ਸਿੰਘ ਗ੍ਰੇਵਾਲ

ਦਾਤੇ ਦੇ ਗੁਣ ਅਮੁੱਲ ਹਨ। ਇਨ੍ਹਾਂ ਗੁਣਾਂ ਦਾ ਸ਼ੁਮਾਰ ਵੀ ਕੋਈ ਨਹੀਂ।ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸ਼ੁਰੂਆਤ ਹੀ ਵਾਹਿਗੁਰੂ ਦੇ ਸ਼ੁਭ ਗੁਣ ਗਾਇਨ ਨਾਲ ਸ਼ੁਰੂ ਹੁੰਦੀ ਹੈ ਜੋ ਪਹਿਲੀ ਬਾਣੀ ਜਪੁਜੀ ਦੇ ਮੰਗਲਾਚਰਣ (ਮੂਲਮੰਤਰ) ਵਿਚ ਦਿਤੀ ਗਈ ਹੈ:

ੴ ਸਤਿ ਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ ॥ (ਜਪੁਜੀ, ਪੰਨਾ ੧)

ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਵਾਹਿਗੁਰੂ ਨੂੰ ਨਿਰਗੁਣ ਤੇ ਸਰਗੁਣ ਸਰੂਪ ਵਿਚ ਲਿਆ ਗਿਆ ਹੈ। ਇਨ੍ਹਾਂ ਵਿਚ ਨਿਰਗੁਣ ਪਾਰਬ੍ਰਹਮ ਤੇ ਸਰਗੁਣ ਬ੍ਰਹਮ ਦੋਨਾਂ ਰੂਪਾਂ ਦੇ ਗੁਣ ਸ਼ਾਮਿਲ ਹਨ।ਪਾਰਬ੍ਰਹਮ ਨਿਰਗੁਣ ਤੇ ਬ੍ਰਹਮ ਸਰਗੁਣ ਲਈ ਵਰਤਿਆ ਗਿਆ ਹੈ।ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਬ੍ਰਹਮ ਤੇ ਪਾਰਬ੍ਰਹਮ ਸ਼ਬਦ ਕ੍ਰਮਵਾਰ ਨਿਉਨ ਬ੍ਰਹਮ ਤੇ ਪਰਮ-ਉੱਚ ਬ੍ਰਹਮ ਲਈ ਆਏ ਹਨ।

ਨਿਰਗੁਣੁ ਸਰਗੁਣੁ ਹਰਿ ਹਰਿ ਮੇਰਾ ਕੋਈ ਹੈ ਜੀਉ ਆਣਿ ਮਿਲਾਵੈ ਜੀਉ ॥ ੧ ॥ (ਮਾਝ ਮ: ੫, ਪੰਨਾ ੯੮)

ਨਿਰਗੁਣ ਸਰਗੁਣ ਆਪੇ ਸੋਈ॥ (ਮਾਝ ੩ ਪੰਨਾ ੧੨੮)

ਨਿਰਗੁਨੁ ਆਪ ਸਰਗੁਨੁ ਭੀ ਓਹੀ॥ (ਗਉੜੀ ਮ: ੫, ਪੰਨਾ ੨੮੭)

ਤੂੰ ਨਿਰਗੁਣੁ ਸਰਗੁਣੁ ਸੁਖਦਾਤਾ ॥ (ਮਾਝ ਮਹਲਾ ੫, ਪੰਨਾ ੧੦੨)

ਨਿਰੰਕਾਰ ਆਕਾਰ ਆਪੁ ਨਿਰਗੁਨ ਸਰਗੁਨ ਏਕ॥

ਏਕਹਿ ਏਕ ਬਖਾਨਨੋ ਨਾਨਕ ਏਕ ਅਨੇਕ॥ (ਗਉੜੀ ਬਾਵਨ ਅਖਰੀ, ਮ: ੫, ਪੰਨਾ ੨੫੦)

ਨਿਰਗੁਣ ਰੂਪ ਤੋਂ ਹੀ ਸਰਗੁਣ ਰੂਪ ਵਿਚ ਆ ਕੇ ਵਾਹਿਗੁਰੂ ਨੇ ਅਪਣੇ ਆਪ ਨੂੰ ਦ੍ਰਿਸ਼ਟਾਇਆ ਹੈ, ਜ਼ਾਹਿਰ ਕੀਤਾ ਹੈ:

ਨਿਰਗੁਨ ਤੇ ਸਰਗੁਨ ਦ੍ਰਿਸਟਾਰੰ॥ (ਗੳੜੀ, ਮ:੫, ਪੰਨਾ ੨੫੦)

ਨਿਰਗੁਣ ਤੋਂ ਹੀ ਕਰਤਾ ਬਣ ਕੇ ਸਾਰੀ ਰਚਨਾ ਰਚੀ ਤੇ ਸਰਗੁਣ ਹੋ ਗਿਆ ਤੇ ਫਿਰ ਸਰਗੁਣ ਸਰੂਪ ਵਿਚ ਕਰਤਾ ਬਣਕੇ ਕੁਦਰਤ ਨੂੰ ਪ੍ਰਫੁਲਤ ਕਰਦਾ ਵਧਾਉਂਦਾ, ਸੰਭਾਲਦਾ, ਪ੍ਰਿਤਪਾਲਦਾ ਰਿਹਾ ਤੇ ਫਿਰ ਢਾਉਂਦਾ ਬਣਾਉਂਦਾ ਹੈ:

ਨਿਰਗੁਨ ਕਰਤਾ ਸਰਗੁਨ ਕਰਤਾ॥ (ਗੌਂਡ ਮ: ੫, ਪੰਨਾ ੮੬੨)

ਨਿਰਗੁਣ ਸਰੂਪ

ਪਾਰਬ੍ਰਹਮ (ਪਰਮ-ਉੱਚ ਬ੍ਰਹਮ) ਨਿਰਗੁਣ ਸਰੂਪ ਹੈ।

ਨਾਨਕ ਪਾਰਬ੍ਰਹਮ ਨਿਰਲੇਪਾ॥(ਗਉੜੀ ਮ ੫ ਪੰਨਾ ੨੬੧)

ਨਿਰਗੁਣ ਰਾਮ ਗੁਣਹ ਵਸ ਹੋਇ॥ (ਗਉੜੀ ਮ:੧, ਪੰਨਾ ੨੨੨)

ਨਿਰਗੁਣ ਨਿਸਤਾਰੇ॥ (ਸਿਰੀ ੩, ਪੰਨਾ ੬੮)

ਨਿਰਗੁਣ ਨਿਰੰਕਾਰ ਅਬਿਨਾਸੀ ਹੈ, ਅਤੁਲ ਹੈ:

ਨਿਰਗੁਣ ਨਿਰੰਕਾਰ ਅਬਿਨਾਸੀ ਅਤੁਲੋ ਤੁਲਿਓ ਨ ਜਾਵਤ॥(ਸਾਰ ਮ:੫, ਪੰਨਾ ੧੨੦੫)

ਉਹ ਅਗਾਧ ਹੈ, ਅਗਾਧ ਬੋਧਿ ਹੈ, ਅਗੰਮ ਹੈ, ਅਕਥੁ ਹੈ, ਅਗੋਚਰ ਹੈ, ਅਲਖ ਹੈ, ਅਮੋਲ ਹੈ, ਅਪਰ ਅਪਾਰ ਹੈ।

ਅਗਾਧ ਬੋਧਿ ਹਰਿ ਅਗਮ ਅਪਾਰੇ॥(ਗਉੜੀ ਮ:੫, ਪੰਨਾ ੨੦੨}

ਅਗਾਧ ਬੋਧਿ ਅਕਥੁ ਕਥੀਐ ਸਹਜਿ ਪ੍ਰਭ ਗੁਣ ਗਾਵਏ॥ (ਬਿਲਾਵਲ ਮ:੧, ਪੰਨਾ ੮੪੩)

ਅਗਮ ਅਗੋਚਰ ਪਾਰਬ੍ਰਹਮ ਸਤਿਗੁਰਿ ਦਰਸਾਯਓ॥ (ਸਵੈਯੇ ਮ:੫, ਕਲ੍ਹ, ਪੰਨਾ ੧੪੦੭)

ਅਗਮ ਅਗੋਚਰ ਲਖਿਆ ਨ ਜਾਇ॥ (ਬਿਲਾਵਲ ਮ: ੨, ਪੰਨਾ ੮੪੧)

ਅਗਮ ਅਮੋਲਾ ਅਪਰ ਅਪਾਰ॥ (ਰਾਮਕਲੀ ਮ: ੫, ਪੰਨਾ ੯੫੭)

ਪਰਮਾਤਮਾ (ਪਾਰਬ੍ਰਹਮ) ਇਕ ਹੈ, ਉਸ ਦਾ ਨਾਂ ਸਤ ਹੈ ਉਹ ਰਚਨਹਾਰ ਹੈ ਉਸਨੂੰ ਕਿਸੇ ਤੋਂ ਭੈ ਨਹੀਂ, ਕਿਸੇ ਨਾਲ ਵੈਰ ਨਹੀਂ, ਉਹ ਅਬਿਨਾਸ਼ੀ ਹੈ ਕਿਸੇ ਜੂਨ ਵਿਚ ਨਹੀਂ ਆਉਂਦਾ ਅਤੇ ਆਪਣੇ ਆਪ ਤੋਂ ਪ੍ਰਕਾਸ਼ਮਾਨ ਹੈ। ਉਹ ਗੁਰੂ ਦੀ ਕ੍ਰਿਪਾ ਦੁਆਰਾ ਪ੍ਰਾਪਤ ਕੀਤਾ ਜਾ ਸਕਦਾ ਹੈ।

ਅਨੇਕਤਾ ਵਿਚ ਇੱਕ:

ਇਕੋ ਵਾਹਿਗੁਰੂ ਹੀ ਹੈ ਜੋ ਸਾਰੀ ਦੁਨੀਆਂ ਦਾ ਰਚਿਤਾ ਹੈ ਤੇ ਹਰ ਆਕਾਰ ਵਿਚ ਵਸਦਾ ਹੈ।

ੴ (ਜਪੁਜੀ ਪੰਨਾ ੧)

ਸਭ ਮਹਿ ਵਰਤੈ ਏਕੋ ਸੋਇ॥(ਰਾਮਕਲੀ ਮ: ੧, ਪੰਨਾ ੯੩੧)

ਸਭ ਮਹਿ ਪੂਰਿ ਰਹੇ ਪਾਰਬ੍ਰਹਮ॥(ਗਉੜੀ ਮ: ੫, ਪੰਨਾ ੨੯੯)

ਏਕਮ ਏਕੰਕਾਰੁ ਨਿਰਾਲਾ॥ ਅਮਰੁ ਅਜੋਨੀ ਜਾਤਿ ਨ ਜਾਲਾ ॥

ਅਗਮ ਅਗੋਚਰੁ ਰੂਪੁ ਨ ਰੇਖਿਆ ॥ ਖੋਜਤ ਖੋਜਤ ਘਟਿ ਘਟਿ ਦੇਖਿਆ ॥ (ਬਿਲਾਵਲ ਮ:੧, ਪੰਨਾ ੮੩੮)

ਤੂੰ ਏਕੰਕਾਰ ਨਿਰਾਲਮ ਰਾਜਾ॥(ਮਾਰੂ ਮ ੧ ਪੰਨਾ ੧੦੩੯)

ਏਕੋ ਏਕੁ ਏਕੁ ਹਰਿ ਆਪ॥ (ਗਉੜੀ ਸੁਖਮਨੀ ਮ: ੫ )

ਤਿਸੁ ਬਿਨੁ ਦੂਸਰ ਹੋਆ ਨ ਹੋਗੁ॥ (ਗਉੜੀ ਸੁਖਮਨੀ ਮ: ੫ )

ਨਿਰੰਕਾਰ ਆਕਾਰ ਆਪਿ ਨਿਰਗੁਨ ਸਰਗੁਨ ਏਕ ॥ ਏਕਹਿ ਏਕ ਬਖਾਨਨੋ ਨਾਨਕ ਏਕ ਅਨੇਕ ॥ ੧॥

(ਸਲੋਕੁ, ਗਉੜੀ ਬਾਵਨ ਅਖਰੀ ਮ: ੫, ਪੰਨਾ ੨੫੦)

ਬੂਝੈ ਦੇਖੈ ਕਰੇ ਬਿਬੇਕ॥ਆਪਹਿ ਏਕ ਆਪਹਿ ਅਨੇਕ॥ ( ਗਉੜੀ ਸੁਖਮਨੀ ਨ: ੫, ਪੰਨਾ ੨੭੯)

ਜੀਅ ਜੰਤ ਕੇ ਠਾਕੁਰਾ ਆਪੇ ਵਰਤਣਹਾਰ ॥ ਨਾਨਕ ਏਕੋ ਪਸਰਿਆ ਦੂਜਾ ਕਹ ਦ੍ਰਿਸਟਾਰ ॥ ੧ ॥ ॥ ਸਲੋਕੁ ॥

ਬਾਜੀਗਰਿ ਜੈਸੇ ਬਾਜੀ ਪਾਈ॥ ਨਾਨਾ ਰੂਪ ਭੇਖ ਦਿਖਲਾਈ॥

ਸਾਂਗੁ ਉਤਾਰਿ ਥੰਮਿਓ ਪਾਸਾਰਾ॥ ਤਬ ਏਕੋ ਏਕੰਕਾਰਾ॥(ਸੂਹੀ ਮ: ੫, ਪੰਨਾ ੭੩੬)

ਸਹਸ ਘਟਾ ਮਹਿ ਏਕੁ ਆਕਾਸੁ॥ ਘਟ ਪੂਰੇ ਤੇ ਓਹੀ ਪ੍ਰਗਾਸੁ॥(ਸੂਹੀ ਮ: ੫, ਪੰਨਾ ੭੩੬)

ਪਾਰਬ੍ਰਹਮ ਅਰੰਭ ਤੋਂ ਹੀ ਹੈ (ਆਦਿ), ਬਿਲਕੁਲ ਹੀ ਅਰੰਭ ਤੋਂ ਹੈ (ਪਰਮਾਦਿ) ਅਤੇ ਉਸ ਦਾ ਅਰੰਭ ਵੀ ਕੋਈ ਨਹੀਂ (ਅਨਾਦਿ)।

ਆਦਿ ਜੁਗਾਦਿ ਜੁਗਾਦਿ ਜੁਗੋ ਜਗਿੁ ਤਾ ਕਾ ਅੰਤੁ ਨ ਜਾਨਿਆ॥(ਪ੍ਰਭਾ ਨਾਮਦੇਵ, ਪੰਨਾ ੧੨੫੧)

ਆਦਿ ਜੁਗਾਦੀ ਹੈ ਭੀ ਹੋਗੁ॥ (ਬਿਲਾਵਲ ਮ:, ਪੰਨਾ ੮੪੦)

ਆਦਿ ਅੰਤ ਮਧਿ ਪ੍ਰਭ ਸੋਈ॥ (ਮਾਰੂ ੫, ਪੰਨਾ ੧੦੮੫)

ਆਦਿ ਮਧਿ ਅੰਤਿ ਨਿਰੰਕਾਰੰ॥(ਗਉੜੀ ੫, ਪੰਨਾ ੨੫੦)

ਪਰਮਾਦਿ ਪੁਰਖਮਨਿਪਮੰ ਸਤਿ ਆਦਿ ਭਾਵ ਰਤੰ॥(ਗੂਜਰੀ ਜੈਦੇਵ, ਪੰਨਾ ੫੨੬)

ਸਤ-ਸਰੂਪ:

ਉਹ ਅਪ੍ਰੰਪਰ ਹਸਤੀ ਹੈ, ਜਿਸ ਨੂੰ ਸੱਚ (ਸਤ-ਸਰੂਪ) ਕਿਹਾ ਗਿਆ ਹੈ।ਉਸ ਸੱਚ ਅਜ ਵੀ ਹੈ ਤੇ ਅੱਗੇ ਨੂੰ ਵੀ ਉਹ ਹੀ ਸੱਚ ਸਦਾ ਹੋਵੇਗਾ। ਆਦਿ ਤੋਂ ਹੈ, ਜੁਗਾਂ ਤੋਂ ਵੀ ਪਹਿਲਾਂ ਦਾ ਹੈ ਤੇ ਹੁਣ ਵੀ ਹੈ । ਸੱਚ ਦਾ ਨਾ ਕੋਈ ਆਦਿ ਹੈ ਤੇ ਨਾ ਹੀ ਅੰਤ:

ਆਦਿ ਸਚੁ ਜੁਗਾਦਿ ਸਚੁ ॥ ਹੈ ਭੀ ਸਚੁ ਨਾਨਕ ਹੋਸੀ ਭੀ ਸਚੁ ॥ ੧ ॥ (ਜਪੁਜੀ ਪੰਨਾ ੧)

ਤੂ ਸਚਾ ਸਾਹਿਬ ਸਚੁ ਹੈ ਸਚ ਸਚਾ ਗੋਸਾਈ॥ (ਗੳੇੜੀ ਮ ੪, ਪੰਨਾ ੩੦੧)

ਆਪਿ ਸਤਿ ਕੀਆ ਸਭੁ ਸਤਿ ॥(ਸੁਖਮਨੀ, ਮ: ੫, ਪੰਨਾ ੨੯੩)

ਸਾਚੇ ਸਚਿਆਰ ਵਿਟਹੁ ਕੁਰਬਾਣੁ ॥ (ਸੋਰਠਿ ਮ: ੧, ਪੰਨਾ ੫੯੭)

ਪ੍ਰੀਤਿ ਲਗੀ ਤਿਸੁ ਸਚ ਸਿਉ ਮਰੈ ਨ ਆਵੈ ਜਾਇ ॥ (ਸਿਰੀਰਾਗੁ ਮਹਲਾ ੫, ਪੰਨਾ ੪੬)

ਸਰਬਵਿਆਪਤ ਹੈ, ਸਰਬਪ੍ਰਵਾਣਤ ਹੈ, ਸਰਬਕਰਤਾ ਹੈ, ਬਹੁਰੰਗੀ ਹੈ, ਦਇਆਲ ਹੈ, ਸਿਮਰਨ ਕਰਨ ਵਾਲੇ ਨੂੰ ਨਿਹਾਲ ਕਰ ਦਿੰਦਾ ਹੈ:

ਪਾਰਬ੍ਰਹਮ ਕੇ ਸਗਲੇ ਠਾਉ ॥ ਜਿਤੁ ਜਿਤੁ ਘਰਿ ਰਾਖੈ ਤੈਸਾ ਤਿਨ ਨਾਉ ॥ ਆਪੇ ਕਰਨ ਕਰਾਵਨ ਜੋਗੁ ॥ ਪ੍ਰਭ ਭਾਵੈ ਸੋਈ ਫੁਨਿ ਹੋਗੁ ॥ ਪਸਰਿਓ ਆਪਿ ਹੋਇ ਅਨਤ ਤਰੰਗ ॥ ਲਖੇ ਨ ਜਾਹਿ ਪਾਰਬ੍ਰਹਮ ਕੇ ਰੰਗ ॥ ਜੈਸੀ ਮਤਿ ਦੇਇ ਤੈਸਾ ਪਰਗਾਸ ॥ ਪਾਰਬ੍ਰਹਮੁ ਕਰਤਾ ਬਿਨਾਸ ॥ ਸਦਾ ਸਦਾ ਸਦਾ ਦਇਆਲ ॥ ਸਿਮਰਿ ਸਿਮਰਿ ਨਾਨਕ ਭਏ ਨਿਹਾਲ ॥ ੮ ॥ ੯ ॥( ਸੁਖਮਨੀ ਮ: ੫, ਪੰਨਾ ੨੭੫)

ਉਸਦਾ ਪੂਰਬਲਾ ਨਾਮ ਸਤਿਨਾਮ ਹੈ। ਬਾਕੀ ਸਭ ਨਾਮ ਤਾਂ ਕਿਰਤਮ ਹਨ ਜੋ ਰਚੇ ਹੋਏ ਜੀੜ ਦੀ ਜੀਭ ਬੋਲਦੀ ਹੈ:

ਕਿਰਤਮ ਨਾਮ ਕਥੇ ਤੇਰੇ ਜਿਹਬਾ॥ਸਤਿਨਾਮੁ ਤੇਰਾ ਪਰਾ ਪੂਰਬਲਾ॥ (ਮਾਰੂ ਮ: ੫)

ਮਾਤਾ, ਪਿਤਾ, ਪੁਤਰ, ਰਿਸ਼ਤੇਦਾਰ ਨਹੀਂ, ਕਾਮ ਨਹੀਂ, ਨਾਰੀ ਨਹੀਂ।

ਨਾ ਤਿਸੁ ਮਾਤ ਪਿਤਾ ਸੁਤ ਬੰਧਪ ਨਾ ਤਿਸੁ ਕਾਮੁ ਨ ਨਾਰੀ ॥ (ਸੋਰਠਿ ਮ:੧, ਪੰਨਾ ੫੯੭)

ਅਦ੍ਰਿਸ਼ਟ, ਸਮਝੋਂ ਬਾਹਰ, ਅਪ੍ਰੰਪਾਰ

ਉਹ ਅਦ੍ਰਿਸ਼ਟ ਹੈ, ਸਮੇਂ ਸਥਾਨ ਤੇ ਮਨੁਖੀ ਸੂਝ ਦੀ ਪਕੜ ਤੋਂ ਬਾਹਰ ਹੈ (ਅਦ੍ਰਿਸ਼ਟ, ਅਸੂਝ, ਨਿਰਬੂਝ, ਅਭੇਦ, ਗੁਪਤ, ਅਗਾਧ, ਅਗੰਮ, ਅਲਖ, ਅਕਹ, ਬੇਸ਼ੁਮਾਰ, ਅਪਾਰ, ਅਮਿਤ, ਬਿਸੀਆਰ, ਅਪਰ-ਅਪਾਰ, ਬੇਕੀਮਤ, ਅਤੋਲ, ਅਕਰਮ, ਅਕ੍ਰੈ, ਵਰਣ ਚਿੰਨ ਬਾਹਰਾ)। ਕੋਈ ਦੇਵੀ ਦੇਵਤਾ ਉਸ ਨੂੰ ਦੇਖ ਨਹੀਂ ਸਕਿਆ, ਸੰਪੂਰਨ ਤੌਰ ਤੇ ਸਮਝ ਨਹੀਂ ਸਕਿਆ।ਜੋ ਕਰਦਾ ਹੈ ਉਹ ਅਪਣੇ ਆਪ ਹੀ ਕਰਦਾ ਹੈ:

ਮਹਿਮਾ ਨ ਜਾਨਹਿ ਬੇਦ ॥ ਬ੍ਰਹਮੇ ਨਹੀ ਜਾਨਹਿ ਭੇਦ ॥ ਅਵਤਾਰ ਨ ਜਾਨਹਿ ਅੰਤੁ ॥ ਪਰਮੇਸਰੁ ਪਾਰਬ੍ਰਹਮ ਬੇਅੰਤੁ ॥ ੧ ॥ ਅਪਨੀ ਗਤਿ ਆਪਿ ਜਾਨੈ ॥ ਸੁਣਿ ਸੁਣਿ ਅਵਰ ਵਖਾਨੈ ॥ ੧ ॥ਰਹਾਉ ॥ ਸੰਕਰਾ ਨਹੀ ਜਾਨਹਿ ਭੇਵ ॥ ਖੋਜਤ ਹਾਰੇ ਦੇਵ ॥ ਦੇਵੀਆ ਨਹੀ ਜਾਨੈ ਮਰਮ ॥ ਸਭ ਊਪਰਿ ਅਲਖ ਪਾਰਬ੍ਰਹਮ ॥ ੨ ॥ ਅਪਨੈ ਰੰਗਿ ਕਰਤਾ ਕੇਲ ॥ ਆਪਿ ਬਿਛੋਰੈ ਆਪੇ ਮੇਲ ॥ ਇਕਿ ਭਰਮੇ ਇਕਿ ਭਗਤੀ ਲਾਏ ॥ ਅਪਣਾ ਕੀਆ ਆਪਿ ਜਣਾਏ ॥ ੩ ॥ (ਰਾਮਕਲੀ ਮਹਲਾ ੫, ਪੰਨਾ ੮੯੪)

ਪਪਾ ਅਪਰ ਅਪਾਰ ਨਹੀ ਪਾਵਾ॥(ਗਊੜੀ ਕਬੀਰ, ਪੰਨਾ ੩੪੧)

ਉਹ ਦੂਰ ਦ੍ਰਿਸ਼ਟਾ ਸਮਦਰਸੀ ਤੇ ਸਾਰੀ ਦੁਨੀਆਂ ਦੇ ਮੁੱਢ ਤੋਂ ਅੰਤ ਤਕ ਦੇ ਤੱਤ ਜਾਣਦਾ ਹੈ।

ਸੋ ਸਮਦਰਸੀ ਤਤ ਕਾ ਬੇਤਾ ॥ ਨਾਨਕ ਸਗਲ ਸ੍ਰਿਸਟਿ ਕਾ ਜੇਤਾ ॥ ੧ ॥ (ਸੁਖਮਨੀ, ਮ:੫, ਅਸਟਪਦੀ, ਪੰਨਾ ੨੯੨)

ਨੇਤਿ ਨੇਤਿ ਹੀ ਕਹਿ ਸਕਦੇ ਹਾਂ ਨਾਂਹ ਪੱਖੀ ਬਿਆਨ ਸਕਦੇ ਹਾਂ। ਉਹ ਅਜੂਨੀ ਹੈ, ਅਕਾਲ ਹੈ, ਅਸੀਮ ਹੈ, ਅਲਖ ਹੈ, ਅਲੇਖ ਹੈ, ਅਗੰਮ ਹੈ, ਅਪਾਰ ਹੈ, ਨਿਰਾਲਾ ਹੈ, ਅਗੋਚਰ ਹੈ, ਸੈਭੰ ਹੈ, ਨਿਰੰਜਨ ਹੈ, ਕਾਲ ਰਹਿਤ ਹੈ, ਕੋਈ ਜਾਤ ਅਜਾਤਿ ਨਹੀਂ, ਕੋਈ ਭਾਉ ਨਹੀਂ ਕੋਈ ਭਰਮ ਨਹੀਂ, ਰੂਪ ਨਹੀੰ, ਵਰਨ ਨਹੀਂ, ਰੇਖ ਨਹੀਂ। ਇਸੇ ਲਈ ਉਸ ਨੂੰ ਨਿਰਗੁਣ ਬ੍ਰਹਮ ਵੀ ਕਿਹਾ ਗਿਆ ਹੈ:

ਤੂ ਅਕਾਲ ਪੁਰਖੁ ਨਾਹੀ ਸਿਰਿ ਕਾਲਾ॥ਤੂ ਪੁਰਖੁ ਅਲੇਖ ਅਗੰਮ ਨਿਰਾਲਾ॥(ਮਾਰੂ ਸੋਲਹੇ ਮ: ੧, ਪੰਨਾ ੧੦੩੮)

ਅਲਖ ਅਪਾਰ ਅਗੰਮ ਅਗੋਚਰ ਨਾ ਤਿਸੁ ਕਾਲੁ ਨ ਕਰਮਾ ॥

ਜਾਤਿ ਅਜਾਤਿ ਅਜੋਨੀ ਸੰਭਉ ਨਾ ਤਿਸੁ ਭਾਉ ਨ ਭਰਮਾ ॥ ੧ ॥ (ਸੋਰਠਿ ਮ: ੧, ਪੰਨਾ ੫੯੭)

ਸਦਾ-ਸਥਾਪਿਤ, ਜੰਮਣ-ਮਰਨ ਤੋਂ ਪਰੇ

ਸਾਹਿਬੁ ਮੇਰਾ ਸਦਾ ਹੈ ਦਿਸੈ ਸਬਦੁ ਕਮਾਇ ॥ ਓਹੁ ਅਉਹਾਣੀ ਕਦੇ ਨਾਹਿ ਨਾ ਆਵੈ ਨਾ ਜਾਇ ॥ ਸਦਾ ਸਦਾ ਸੋ ਸੇਵੀਐ ਜੋ ਸਭ ਮਹਿ ਰਹੈ ਸਮਾਇ ॥ ਅਵਰੁ ਦੂਜਾ ਕਿਉ ਸੇਵੀਐ ਜੰਮੈ ਤੈ ਮਰਿ ਜਾਇ ॥ ਨਿਹਫਲੁ ਤਿਨ ਕਾ ਜੀਵਿਆ ਜਿ ਖਸਮੁ ਨ ਜਾਣਹਿ ਆਪਣਾ ਅਵਰੀ ਕਉ ਚਿਤੁ ਲਾਇ ॥ ਨਾਨਕ ਏਵ ਨ ਜਾਪਈ ਕਰਤਾ ਕੇਤੀ ਦੇਇ ਸਜਾਇ ॥ ੧ ॥ (ਸਲੋਕੁ ਮਃ ੩, ਪੰਨਾ ੫੦੯)

ਨਿਰਲੇਪ, ਪਾਪ-ਪੁੰਨ ਰਹਿਤ

ਨਹੀ ਲੇਪੁ ਤਿਸੁ ਪੁੰਨਿ ਨ ਪਾਪਿ ॥ ਨਾਨਕ ਕਾ ਪ੍ਰਭੁ ਆਪੇ ਆਪਿ ॥ ੪ ॥ ੨੫ ॥ ੩੬ ॥ (ਰਾਮਕਲੀ ਮਹਲਾ ੫, ਪੰਨਾ ੮੯੪)

ਪਾਰਬ੍ਰਹਮ ਵਾਹਿਗੁਰੂ ਅਥਾਹ ਹੈ, ਬੇਅੰਤ ਹੈ, ਅਪਰੰਪਾਰ ਹੈ, ਗਹਿਰ ਗੰਭੀਰ ਹੈ, ਅਪਹੁੰਚ ਹੈ, ਅਗਮ ਹੈ, ਅਗਾਧਿ ਹੈ, ਅਗੋਚਰ ਹੈ, ਅਤੋਲ ਹੈ, ਅਮੋਲ ਹੈ, ਅਸਚਰਜ ਹੈ, ਅਕਾਲ ਹੈ, ਅਨਾਦਿ ਹੈ:

ਬੇਅੰਤ ਹੈ, ਅਪਾਰ ਹੈ

ਬੇਅੰਤ ਗੁਣ ਅਨੇਕ ਮਹਿਮਾ ਕੀਮਤਿ ਕਛੂ ਨ ਜਾਇ ਕਹੀ ॥ ਪ੍ਰਭ ਏਕ ਅਨਿਕ ਅਲਖ ਠਾਕੁਰ ਓਟ ਨਾਨਕ ਤਿਸੁ ਗਹੀ ॥ ੧ ॥ (ਆਸਾ ਮਹਲਾ ੫, ਪੰਨਾ ੪੫੮)

ਬੇਅੰਤ ਅੰਤੁ ਨ ਜਾਇ ਪਾਇਆ ਗਹੀ ਨਾਨਕ ਚਰਣ ਸਰਨ ॥ ੪ ॥ ੫ ॥ ੮ ॥ (ਆਸਾ ਮਹਲਾ ੫, ਪੰਨਾ ੪੫੮)

ਹਰਿ ਅੰਤੁ ਨ ਪਾਈਐ ਗੁਰ ਗੋਪਾਲਾ ॥ (ਮ:੧, ਪੰਨਾ ੧੦੨੭)

ਪਾਰਬ੍ਰਹਮ ਕਾ ਅੰਤੁ ਨ ਪਾਰੁ॥ (ਗਉੜੀ ਮ: ੫, ਪੰਨਾ ੨੩੭)

ਊਚ ਅਪਾਰ ਅਗੋਚਰ ਥਾਨਾ ਓਹੁ ਮਹਲੁ ਗੁਰੂ ਦੇਖਾਈ ਜੀਉ ॥ ੩ ॥ ਗਹਿਰ ਗੰਭੀਰ ਅੰਮ੍ਰਿਤ ਨਾਮੁ ਤੇਰਾ ॥ (ਮਾਝ ਮਹਲਾ ੫, ਪੰਨਾ ੧੦੧)

ਪਾਰਬ੍ਰਹਮ ਅਪਰੰਪਰ ਦੇਵਾ ॥ ਅਗਮ ਅਗੋਚਰ ਅਲਖ ਅਭੇਵਾ ॥ ਦੀਨ ਦਇਆਲ ਗੋਪਾਲ ਗੋਬਿੰਦਾ ਹਰਿ ਧਿਆਵਹੁ ਗੁਰਮੁਖਿ ਗਾਤੀ ਜੀਉ ॥ ੧ ॥ (ਮਾਝ ਮਹਲਾ ੫ ਪੰਨਾ ੯੮)

ਅਗਮ, ਅਗਾਧਿ, ਅਗੋਚਰ, ਅਚਰਜ

ਅਗਮ ਅਗਾਧਿ ਸੁਨਹੁ ਜਨ ਕਥਾ ॥ ਪਾਰਬ੍ਰਹਮ ਕੀ ਅਚਰਜ ਸਭਾ ॥ ੧ ॥ (ਸਾਰੰਗ ਮਹਲਾ ੫ ਅਸਟਪਦੀ ਘਰੁ ੬, ਪੰਨਾ ੧੨੩੫)

ਹਰਿ ਅਗਮ ਅਗਾਹੁ ਅਗਾਧਿ ਨਿਰਾਲਾ ॥ (ਮ:੧, ਪੰਨਾ ੧੦੨੭)

ਅਗਮ ਅਗੋਚਰੁ ਸੁਆਮੀ ਅਪੁਨਾ ਗੁਰ ਕਿਰਪਾ ਤੇ ਸਚੁ ਧਿਆਈ ਜੀਉ ॥ ੨ ॥ (ਮਾਝ ਮਹਲਾ ੫, ਪੰਨਾ ੧੦੧)

ਸਚੁ ਸਾਹਿਬੋ ਆਦਿ ਪੁਰਖੁ ਅਪਰੰਪਰੋ ਧਾਰੇ ਰਾਮ ॥ ਅਗਮ ਅਗੋਚਰੁ ਅਪਰ ਅਪਾਰਾ ਪਾਰਬ੍ਰਹਮੁ ਪਰਧਾਨੋ ॥ ਆਦਿ ਜੁਗਾਦੀ ਹੈ ਭੀ ਹੋਸੀ ਅਵਰੁ ਝੂਠਾ ਸਭੁ ਮਾਨੋ ॥ (ਆਸਾ ਮਹਲਾ ੧, ਪੰਨਾ ੪੩੭)

ਲਾਲ ਗੁਪਾਲ ਗੋਬਿੰਦ ਪ੍ਰਭ ਗਹਿਰ ਗੰਭੀਰ ਅਥਾਹ ॥ ਦੂਸਰ ਨਾਹੀ ਅਵਰ ਕੋ ਨਾਨਕ ਬੇਪਰਵਾਹ ॥ ੧ ॥ ਪਉੜੀ ॥ ਲਲਾ ਤਾ ਕੈ ਲਵੈ ਨ ਕੋਊ ॥ ਏਕਹਿ ਆਪਿ ਅਵਰ ਨਹ ਹੋਊ ॥ ਹੋਵਨਹਾਰੁ ਹੋਤ ਸਦ ਆਇਆ ॥ ਉਆ ਕਾ ਅੰਤੁ ਨ ਕਾਹੂ ਪਾਇਆ ॥ (ਮਹਲਾ ੫ ਪੰਨਾ ੨੫੨)

ਖੋਜਤ ਫਿਰੇ ਅਸੰਖ ਅੰਤੁ ਨ ਪਾਰੀਆ ॥ ॥( ਰਾਗੁ ਗਉੜੀ ਮਾਝ ਮਹਲਾ ੫ ਪੰਨਾ ੨੫੨)

ਨਿਰਗੁਣ ਪਾਰਬ੍ਰਹਮ ਅਬੁਝ ਹੈ, ਅਲਖ ਹੈ, ਅਕੱਥ ਹੈ।

ਸਤਿਗੁਰੁ ਅਲਖੁ ਕਹਹੁ ਕਿਉ ਲਖੀਐ ਜਿਸੁ ਬਖਸੇ ਤਿਸਹਿ ਪਛਾਤਾ ਹੇ ॥ ੧੪ ॥(ਪੰਨਾ ੧੦੩੨)

ਅਕਥ ਕਥਉ ਨਹ ਕੀਮਤਿ ਪਾਈ॥(ਆਸਾ ਮ: ੧ ਪੰਨਾ ੪੧੨)

ਅਕਥਾ ਹਰਿ ਅਕਥ ਕਥਾ ਕਿਛੁ ਜਾਇ ਨ ਜਾਣੀ ਰਾਮ॥ (ਆਸਾ ਮ: ੫, ਪੰਨਾ ੪੫੩)

ਅਕਥੀ ਕਥਉ ਚਿਹਨੁ ਨਹੀ ਕੋਈ ਪੂਰਿ ਰਹਿਆ ਮਨਿ ਭਾਇਦਾ॥ (ਮਾਰੂ ਮ:੧, ਪੰਨਾ ੧੦੩੩)

ਅਕਥ ਕਥਉ ਕਿਆ ਮੈ ਜੋਰੁ॥(ਪ੍ਰਭਾਤੀ ਮ: ੧, ਪੰਨਾ ੧੩੩੧)

ਅਕਥ ਕਾ ਕਿਆ ਕਥੀਐ ਭਾਈ ਚਾਲਉ ਸਦਾ ਰਜਾਈ॥(ਸੋਰਠੁ ਮ:੧, ਪੰਨਾ ੬੩੫)

ਰੂਪ ਨਹੀਂ, ਵਰਨ ਨਹੀਂ, ਰੇਖ ਨਹੀਂ, ਨਾਂ ਹੀ ਰਜ, ਤਮ, ਸਤ ਗੁਣ ਹਨ ।

ਅਗਮ ਅਗੋਚਰ ਰੂਪੁ ਨ ਰੇਖਿਆ॥ (ਬਿਲਾਵਲ ਮ: ੧, ਪੰਨਾ ੮੩੮)

ਨਾ ਤਿਸੁ ਰੂਪ ਵਰਨੁ ਨਹੀ ਰੇਖਿਆ ਸਾਚੈ ਸਬਦਿ ਨੀਸਾਣੁ ॥ ਰਹਾਉ ॥ (ਸੋਰਠਿ ਮ: ੧, ਪੰਨਾ ੫੯੭)

ਰੂਪੁ ਨ ਰੇਖ ਨ ਰੰਗੁ ਕਿਛੁ ਤ੍ਰਿਹੁ ਗੁਣ ਤੇ ਪ੍ਰਭ ਭਿੰਨ॥ (ਮ:੫, ਪੰਨਾ ੨੮੩)

ਬ੍ਰਹਮ ਦੀ ਹੋਂਦ

ਉਹ ਗਰਭ ਜੂਨ ਵਿਚ ਨਹੀੰ ਆਉਂਦਾ (ਅਜੂਨੀ)। ਪ੍ਰਭੂ ਦਾ ਇਹ ਗੁਣ ਅਵਤਾਰ ਸਿਧਾਂਤ ਦਾ ਖੰਡਨ ਕਰਦਾ ਹੈ।

ਤੂ ਪਾਰਬ੍ਰਹਮ ਪ੍ਰਮੇਸਰੁ ਜੋਨਿ ਨ ਆਵਹੀ॥(ਮਾਰੂ ਮ ੫, ਪੰਨਾ ੧੦੯੫)

ਅਪਣੇ ਆਪ ਤੋਂ ਹੈ।ਉਹ ਸਵੈ ਤੋਂ ਰਚਿਤ ਹੈ (ਸੈਭੰ)।

ਥਾਪਿਆ ਨ ਜਾਇ ਕੀਤਾ ਨ ਹੋਇ॥ ਆਪੇ ਆਪਿ ਨਿਰੰਜਨੁ ਸੋਇ॥ (ਜਪੁਜੀ)

ਉਹ ਅਪਣੇ ਆਪ ਵਿਚ ਪੂਰਨ ਹੈ, ਸਦਾ ਹੀ ਪੂਰਨ ਹੈ॥ਹਰ ਥਾਂ ਤੇ ਵਾਕਿਆ ਹੈ ਕੋਈ ਅਜਿਹੀ ਥਾਂ ਨਹੀਂ ਜਿਥੇ ਉਹ ਮੌਜੂਦ ਨਹੀਂ। ਉਹ ਅਪਹੁੰਚ ਹੈ:

ਆਦਿ ਪੂਰਨ ਮਧਿ ਪੂਰਨ ਅੰਤਿ ਪੂਰਨ ਪਰਮੇਸੁਰਹ॥ (ਜੈਤਸਰੀ ਮ: ੫, ਪੰਨਾ ੭੦੫)

ਪੂਰਨ ਪੂਰ ਰਹਿਉ ਸ੍ਰਬ ਠਾਈ॥ (ਸਾਰੰਗ ਮ:੫, ਪੰਨਾ ੧੨੩੬)

ਪੂਰਨ ਪਾਰਬ੍ਰਹਮ ਪਰਮੇਸੁਰ ਊਚਾ ਅਗਮ ਅਪਾਰੋ॥(ਗਊੜੀ ਮ: ੫, ਪੰਨਾ ੨੧੦)

ਪਾਰਬ੍ਰਹਮੁ ਅਬਿਨਾਸੀ ਕਰਤਾ ਹੈ:

ਪਾਰਬ੍ਰਹਮੁ ਕਰਤਾ ਅਬਿਨਾਸ॥(ਗਉੜੀ ਮ: ੫, ਪੰਨਾ ੨੭੫)

ਨਿਕਟਿ ਜੀਅ ਕੈ ਸਦ ਹੀ ਸੰਗਾ ॥ ਕੁਦਰਤਿ ਵਰਤੈ ਰੂਪ ਅਰੁ ਰੰਗਾ ॥ ੧ ॥

ਕਰ੍ਹੈ ਨ ਝੁਰੈ ਨਾ ਮਨੁ ਰੋਵਨਹਾਰਾ ॥ ਅਵਿਨਾਸੀ ਅਵਿਗਤੁ ਅਗੋਚਰੁ ਸਦਾ ਸਲਾਮਤਿ ਖਸਮੁ ਹਮਾਰਾ ॥ ੧ ॥

(ਆਸਾ ਮਹਲਾ ੫, ਪੰਨਾ ੩੭੬)

ਬ੍ਰਹਮੰਡ ਉਤਪਤੀ ਤੋਂ ਪਹਿਲਾਂ ਸਿਵਾਏ ਪਾਰਬ੍ਰਹਮ ਦੇ ਇਥੇ ਕੁਝ ਵੀ ਨਹੀਂ ਸੀ ।ਚਾਰੇ ਪਾਸੇ ਧੁੰਧੂਕਾਰ ਸੀ, ਹਨੇਰਾ ਸੀ, ਧੁੰਦ ਸੀ। ਪਾਰਬ੍ਰਹਮ ਸੁੰਨ ਸਮਾਧੀ ਵਿਚ ਲੀਨ ਸੀ। ਕਿਤੇ ਵੀ ਕੁਝ ਨਹੀਂ ਸੀ: ਨਾ ਧਰਤੀ ਸੀ ਨਾ ਅਸਮਾਨ। ਉਸਦਾ ਹੁਕਮ ਕਿਸ ਉਤੇ ਚਲਦਾ ਜਦ ਕੋਈ ਹੈ ਹੀ ਨਹੀਂ ਸੀ। ਨਾਂ ਦਿਨ ਸੀ ਨਾਂ ਰਾਤ. ਨਾ ਸੂਰਜ ਸੀ ਨ ਚੰਦ। ਬਸ ਉਹ ਆਪ ਹੀ ਸੁੰਨ ਸਮਾਧੀ ਲਾਈ ਬੈਠਾ ਸੀ।ਨਾਂ ਕੋਈ ਖਾਣੀ ਸੀ (ਅੰਡਜ, ਜੇਰਜ, ਸੇਤਜ, ਉਤਭੁਜ ਰਾਹੀਂ ਕੋਈ ਪੈਦਾ ਹੀ ਨਹੀਂ ਸੀ ਹੋਇਆ।ਨਾ ਕਿਧਰੋਂ ਕੋਈ ਬੋਲ਼ ਉਠਦਾ ਸੀ, ਨਾਂ ਹੀ ਕੋਈ ਬੋਲੀ ਸੀ। ਨਾ ਪਉਣ ਸੀ, ਨਾ ਹੀ ਪਾਣੀ ਸੀ, ਫਿਰ ਪੌਣ-ਪਾਣੀ ਕਿਥੇ ਨਾ ਕੁਝ ੳਪਜਦਾ ਸੀ ਨਾ ਖਪਤ ਹੁੰਦਾ ਸੀ, ਨਾ ਕੋਈ ਰਚਨਾ ਸੀ, ਨਾ ਤਬਾਹੀ, ਨਾ ਕੋਈ ਆਉਣ ਜਾਣ ਭਾਵ ਮਰਨਜੰਮਣ ਸੀ।ਨਾ ਕੋਈ ਉਪਰਲਾ, ਵਿਚਕਾਰਲਾ ਜਾਂ ਹੇਠਲਾ ਮੰਡਲ ਸੀ।ਨਾ ਉਦੋ ਸੁਰਗ ਸੀ ਨਾ ਨਰਕ, ਨਾ ਮੌਤ ਸੀ ਨਾ ਵਕਤ।ਨ ਕੋਈ ਦੁਖਾਂ ਦਾ ਸੰਸਾਰ ਸੀ ਨਾ ਸੁਖ ਆਰਾਮਾਂ ਦਾ ਮੰਡਲ, ਨਾ ਹੀ ਪੈਦਾਇਸ਼ ਸੀ ਨਾ ਹੀ ਮੌਤ।ਨਾ ਕੋਈ ਆਉਂਦਾ ਸੀ ਨਾ ਕੋਈ ਜਾਂਦਾ ਸੀ। ਨਾ ਬ੍ਰਹਮਾ, ਨਾ ਵਿਸ਼ਣੂ ਤੇ ਨਾਂ ਹੀ ਸ਼ਿਵਜੀ ਸੀ।ਪਰਮਾਤਮਾ ਬਿਨਾ ਹੋਰ ਕੋਈ ਨਜ਼ਰ ਨਹੀਂ ਸੀ ਆਉਂਦਾ।………ਭਾਵ ਕਿ ਜੋ ਅੱਜ ਹੈ ਜਾਂ ਕੱਲ ਸੀ ਉਹ ਕੁਝ ਵੀ ਨਹੀੰ ਸੀ ਸਿਰਫ ਇਕੋ ਇਕ ਪ੍ਰਮਾਤਮਾ ਸੀ:

ਅਰਬਦ ਨਰਬਦ ਧੁੰਧੂਕਾਰਾ ॥ ਧਰਣਿ ਨ ਗਗਨਾ ਹੁਕਮੁ ਅਪਾਰਾ ॥ ਨਾ ਦਿਨੁ ਰੈਨਿ ਨ ਚੰਦੁ ਨ ਸੂਰਜੁ ਸੁੰਨ ਸਮਾਧਿ ਲਗਾਇਦਾ ॥ ੧ ॥ ਖਾਣੀ ਨ ਬਾਣੀ ਪਉਣ ਨ ਪਾਣੀ ॥ ਓਪਤਿ ਖਪਤਿ ਨ ਆਵਣ ਜਾਣੀ ॥ ਖੰਡ ਪਤਾਲ ਸਪਤ ਨਹੀ ਸਾਗਰ ਨਦੀ ਨ ਨੀਰੁ ਵਹਾਇਦਾ ॥ ੨ ॥ ਨਾ ਤਦਿ ਸੁਰਗੁ ਮਛੁ ਪਇਆਲਾ ॥ ਦੋਜਕੁ ਭਿਸਤੁ ਨਹੀ ਖੈ ਕਾਲਾ ॥ ਨਰਕੁ ਸੁਰਗੁ ਨਹੀ ਜੰਮਣੁ ਮਰਣਾ ਨਾ ਕੋ ਆਇ ਨ ਜਾਇਦਾ ॥ ੩ ॥ ਬ੍ਰਹਮਾ ਬਿਸਨੁ ਮਹੇਸੁ ਨ ਕੋਈ ॥ ਅਵਰੁ ਨ ਦੀਸੈ ਏਕੋ ਸੋਈ ॥ ਨਾਰਿ ਪੁਰਖੁ ਨਹੀ ਜਾਤਿ ਨ ਜਨਮਾ ਨਾ ਕੋ ਦੁਖੁ ਸੁਖੁ ਪਾਇਦਾ ॥ ੪ ॥ ਨਾ ਤਦਿ ਜਤੀ ਸਤੀ ਬਨਵਾਸੀ ॥ ਨਾ ਤਦਿ ਸਿਧ ਸਾਧਿਕ ਸੁਖਵਾਸੀ ॥ ਜੋਗੀ ਜੰਗਮ ਭੇਖੁ ਨ ਕੋਈ ਨਾ ਕੋ ਨਾਥੁ ਕਹਾਇਦਾ ॥ ੫ ॥ ਜਪ ਤਪ ਸੰਜਮ ਨਾ ਬ੍ਰਤ ਪੂਜਾ ॥ ਨਾ ਕੋ ਆਖਿ ਵਖਾਣੈ ਦੂਜਾ ॥ ਆਪੇ ਆਪਿ ਉਪਾਇ ਵਿਗਸੈ ਆਪੇ ਕੀਮਤਿ ਪਾਇਦਾ ॥ ੬ ॥ ਨਾ ਸੁਚਿ ਸੰਜਮੁ ਤੁਲਸੀ ਮਾਲਾ ॥ ਗੋਪੀ ਕਾਨੁ ਨ ਗਊ ਗੋੁਆਲਾ ॥ ਤੰਤੁ ਮੰਤੁ ਪਾਖੰਡੁ ਨ ਕੋਈ ਨਾ ਕੋ ਵੰਸੁ ਵਜਾਇਦਾ ॥ ੭ ॥ ਕਰਮ ਧਰਮ ਨਹੀ ਮਾਇਆ ਮਾਖੀ ॥ ਜਾਤਿ ਜਨਮੁ ਨਹੀ ਦੀਸੈ ਆਖੀ ॥ ਮਮਤਾ ਜਾਲੁ ਕਾਲੁ ਨਹੀ ਮਾਥੈ ਨਾ ਕੋ ਕਿਸੈ ਧਿਆਇਦਾ ॥ ੮ ॥ ਨਿੰਦੁ ਬਿੰਦੁ ਨਹੀ ਜੀਉ ਨ ਜਿੰਦੋ ॥ ਨਾ ਤਦਿ ਗੋਰਖੁ ਨ ਮਾਛਿੰਦੋ ॥ ਨਾ ਤਦਿ ਗਿਆਨੁ ਧਿਆਨੁ ਕੁਲ ਓਪਤਿ ਨਾ ਕੋ ਗਣਤ ਗਣਾਇਦਾ ॥ ੯ ॥ ਵਰਨ ਭੇਖ ਨਹੀ ਬ੍ਰਹਮਣ ਖਤ੍ਰੀ ॥ ਦੇਉ ਨ ਦੇਹੁਰਾ ਗਊ ਗਾਇਤ੍ਰੀ ॥ ਹੋਮ ਜਗ ਨਹੀ ਤੀਰਥਿ ਨਾਵਣੁ ਨਾ ਕੋ ਪੂਜਾ ਲਾਇਦਾ ॥ ੧੦ ॥ ਨਾ ਕੋ ਮੁਲਾ ਨਾ ਕੋ ਕਾਜੀ ॥ ਨਾ ਕੋ ਸੇਖੁ ਮਸਾਇਕੁ ਹਾਜੀ ॥ ਰਈਅਤਿ ਰਾਉ ਨ ਹਉਮੈ ਦੁਨੀਆ ਨਾ ਕੋ ਕਹਣੁ ਕਹਾਇਦਾ ॥ ੧੧ ॥ ਭਾਉ ਨ ਭਗਤੀ ਨਾ ਸਿਵ ਸਕਤੀ ॥ ਸਾਜਨੁ ਮੀਤੁ ਬਿੰਦੁ ਨਹੀ ਰਕਤੀ ॥ ਆਪੇ ਸਾਹੁ ਆਪੇ ਵਣਜਾਰਾ ਸਾਚੇ ਏਹੋ ਭਾਇਦਾ ॥ ੧੨ ॥ ਬੇਦ ਕਤੇਬ ਨ ਸਿੰਮ੍ਰਿਤਿ ਸਾਸਤ ॥ ਪਾਠ ਪੁਰਾਣ ਉਦੈ ਨਹੀ ਆਸਤ ॥ ਕਹਤਾ ਬਕਤਾ ਆਪਿ ਅਗੋਚਰੁ ਆਪੇ ਅਲਖੁ ਲਖਾਇਦਾ ॥ ੧੩ ॥ ਮਾਰੂ ਮਹਲਾ ੧, ਪੰਨਾ ੧੦੩੫)

ਅੰਤਰਜਾਮੀ

ਪਾਰਬ੍ਰਹਮ ਪ੍ਰਭ ਅੰਤਰਜਾਮੀ॥(ਮਾਝ ਮ:੫, ਪੰਨਾ ੧੦੭)

ਪਾਰਬ੍ਰਹਮ ਸੁਘੜ ਸੁਜਾਨ ਹੈ

ਪਾਰਬ੍ਰਹਮੁ ਪ੍ਰਭੁ ਸੁਘੜ ਸੁਜਾਣੁ॥ (ਪ੍ਰਭਾ ਮ: ੫, ਪੰਨਾ ੧੩੪੦)

ਕ੍ਰਿਪਾਲ ਹੈ, ਦਇਆਲ ਹੈ, ਬਖਸ਼ਿੰਦ ਹੈ:

ਪਾਰਬ੍ਰਹਮ ਪ੍ਰਭ ਭਏ ਕ੍ਰਿਪਾਲ॥ (ਗਂੌਡ ਮ: ੫, ਪੰਨਾ ੮੨੬)

ਪਾਰਬ੍ਰਹਮ ਭਏ ਦਇਆਲਾ॥ (ਭੈਰਉ ਮ: ੫, ਪੰਨਾ ੧੨੭੨)

ਪਾਰਬ੍ਰਹਮ ਪੂਰਨ ਬਖਸ਼ਿੰਦ॥(ਗੌਡ ਮ: ੫, ਪੰਨਾ ੮੬੬)

ਪਾਰਬ੍ਰਹਮੁ ਪ੍ਰਿਤਪਾਲਕ ਹੈ:

ਪਾਰਬ੍ਰਹਮੁ ਕਰੇ ਪ੍ਰਿਤਪਾਲਾ॥ (ਸੋਰਠ ਮ: ੫, ਪੰਨਾ ੬੨੩)

ਪਾਰਬ੍ਰਹਮ ਸਭਨੀ ਥਾਂਈ ਵਿਚਰ ਰਿਹਾ ਹੈ:

ਪਾਰਬ੍ਰਹਮ ਪੂਰਨ ਪਰਮੇਸਰੁ ਰਵਿ ਰਹਿਆ ਸਭਨੀ ਜਾਈ॥ (ਸੋਰਠ ਮ: ੫, ਪੰਨਾ ੬੨੮)

ਪਾਰਬ੍ਰਹਮੁ ਸਰਬਤਰ ਜਾਣੀ ਜਾਣ ਹੈ:

ਪਾਰਬ੍ਰਹਮੁ ਪਰਮੇਸਰੋ ਸਭ ਬਿਧਿ ਜਾਨਣਹਾਰ॥(ਗਉੜੀ ਮ: ੫, ਪੰਨਾ ੩੦੦)

ਪਾਰਬ੍ਰਹਮੁ ਪਰਮੇਸਰੁ ਸੁਆਮੀ ਦੂਖ ਨਿਵਾਰਣ ਨਾਰਾਇਣੇ॥ (ਕਲਿ ਮ: ੪, ਪੰਨਾ ੧੩੨੧)

ਅਮੁਲੋ ਅਮੁਲੁ ਆਖਿਆ ਜਾਇ॥

ਉਹ ਤਾਂ ਸਾਰੀਆਂ ਮੁੱਲ ਵਾਲੀਆਂ ਪਦਵੀਆਂ ਤੋਂ ਉਪਰ ਅਮੁੱਲ ਹੈ। ਉਸ ਦੇ ਗੁਣ ਵੀ ਸਾਰੇ ਗੁਣਾਂ ਤੋਂ ਉਪਰ ਅਮੁੱਲ ਹਨ, ਕਿਉਂਕਿ ਉਸ ਦੇ ਗੁਣ ਧਾਰਨ ਕੀਤੀ ਵਸਤੂ ਨਹੀਂ ਸਗੋਂ ਉਸ ਦੇ ਗੁਣ ਉਸ ਦਾ ਸਰੂਪ ਹਨ। ਸਾਰੇ ਗਣਿ ਉਸ ਤੋਂ ਉਪਜੇ ਹਨ:

ਸਭਿ ਗੁਣ ਤੇਰੇ ਮੈ ਨਹੀ ਕੋਇ॥

ਮੈਂ ਤਾਂ ਕੀ ਜੋ ਇੱਕ ਨਿਗੂਣੀ ਵਸਤੂ ਹੈ ਇਹ ਤਾਂ ਸਾਰਾ ਸੰਸਾਰ ਹੀ ਉਸ ਤੋਂ ਗੁਣ ਪ੍ਰਾਪਤ ਹੈ। ਸਿਫਤ ਸਲਾਹ ਦਾ ਗੁਣ ਵੀ ਉਹ ਹਰ ਇੱਕ ਨੂੰ ਨਹੀਂ ਬਖਸ਼ਦਾ ਬੜੇ ਥੋੜੇ ਹਨ ਜਿਨ੍ਹਾਂ ਨੂੰ ਨਾਮ ਦੀ ਸਿਫਤ ਸਲਾਹ ਬਖਸ਼ਦਾ ਹੈ:

ਆਪੇ ਜਾਣੇ ਆਪੇ ਦੇਇ॥ ਆਖਹਿ ਸਿ ਭਿ ਕੇਈ ਕੇਇ॥

ਪਾਤਿਸ਼ਾਹਾਂ ਦੇ ਪਾਤਿਸ਼ਾਹ ਵੀ ਉਹ ਹੀ ਬਣਦੇ ਹਨ ਜਿਨ੍ਹਾਂ ਨੂੰ ਉਹ ਸਿਫਤ ਸਲਾਹ ਦਾ ਗੁਣ ਬਖਸ਼ਦਾ ਹੈ:

ਜਿਸ ਨੋ ਬਖਸੇ ਸਿਫਤ ਸਾਲਾਹ॥ ਨਾਨਕ ਪਾਤਸਾਹੀ ਪਾਤਿਸਾਹੁ॥

ਸਦਾ ਸਦਾ ਸਤਿਗੁਰ ਨਮਸਕਾਰ॥ ਗੁਰ ਕਿਰਪਾ ਤੇ ਗੁਨ ਗਾਇ ਅਪਾਰ॥ ਮਨ ਭੀਤਰਿ ਹੋਵੈ ਪਰਗਾਸੁ॥ ਗਿਆਨ ਅੰਜਨੁ ਅਗਿਆਨ ਬਿਨਾਸੁ॥  ੧ ॥ ਮਿਤਿ ਨਾਹੀ ਜਾ ਕਾ ਬਿਸਥਾਰੁ॥ ਸੋਭਾ ਤਾ ਕੀ ਅਪਰ ਅਪਾਰ॥ ਅਨਿਕ ਰੰਗ ਜਾ ਕੇ ਗਨੇ ਨ ਜਾਹਿ॥ ਸੋਗ ਹਰਖ ਦੁਹਹੂ ਮਹਿ ਨਾਹਿ॥  ੨ ॥ (ਸਾਰੰਗ ਮਹਲਾ ੫ ਅਸਟਪਦੀ ਘਰੁ ੬, ਪੰਨਾ ੧੨੩੫-੧੨੩੬)

ਤੇ ਉਹ ਗੁਣਾਂ ਦੇ ਮਾਲਿਕ ਵਾਂਗੂੰ ਅਮੁਲ ਹੋ ਜਾਂਦੇ ਹਨ। ਜਿਨ੍ਹਾ ਨੂ ਇਹ ਅਮੁਲ ਦਾਤ ਮਿਲਦੀ ਹੈ ਉਹ ਮੁਲਾਂ ਤੋਂ ਉਪਰ ਹੋ ਗਏ।

ਜੈਸਾ ਸੇਵੈ ਤੈਸਾ ਹੋਇ॥ (ਗਉੜੀ ਮ: ੧, ਪੰਨਾ ੨੨੪)

ਜਿਨਿ ਜਾਤਾ ਸੋ ਤਿਸ ਹੀ ਜੇਹਾ॥ (ਦਖਣੀ ਓਅੰਕਰ ਮ: ੧, ਪੰਨਾ ੯੩੧)

ਭੇਦੁ ਜਾਣਹੁ ਮੂਲਿ ਸਾਂਈ ਜੇਹਿਆ॥ (ਆਸਾ ਮ: ੫, ਪੰਨਾ ੩੯੭)

ਇਸ ਦਾਤ ਦਾ ਲੈਣ ਦੇਣ ਵੀ ਅਮੁਲ ਹੈ। ਇਹੀ ਸਿਧਾਂਤ ੨੬ਵੀਂ ਪਉੜੀ ਵਿੱਚ ਸਮਝਾਇਆ ਗਿਆ ਹੈ।

ਕਈ ਵਾਰ ਅਸੀਂ ਉਸ ਵਸਤ ਨੂੰ ਵੀ ਅਮੁਲ ਕਹਿ ਦਿੰਦੇ ਹਾਂ ਜਿਸ ਦਾ ਕੋਈ ਮੁੱਲ ਨਹੀਂ ਹੁੰਦਾ। ਮਿਸਾਲ ਵਜੋਂ ਜਦੋਂ ਕੋਹਿਨੂਰ ਹੀਰਾ ਇੱਕ ਗਧੇ ਦੇ ਗਲ ਵਿੱਚ ਲਟਕਦਾ ਸੀ ਤਾਂ ਉਹ ਸੋਹਣਾ ਪੱਥਰ ਸਮਝਕੇ ਲਟਕਾ ਦਿਤਾ ਗਿਆ ਸੀ ਕੋਈ ਕੀਮਤੀ ਪੱਥਰ ਸਮਝਕੇ ਨਹੀਂ। ਜਦ ਉਸਨੂੰ ਕਿਸੇ ਜੌਹਰੀ ਨੇ ਪਛਾਣ ਲਿਆ ਤਾਂ ਥੋੜੇ ਜਿਹੇ ਪੈਸੇ ਦੇ ਕੇ ਉਸਨੇ ਘੁਮਿਆਰ ਤੋਂ ਖਰੀਦ ਲਿਆ। ਅਗੇ ਜੌਹਰੀ ਬਾਦਸ਼ਾਹ ਕੋਲ ਲੈ ਗਿਆ ਤਾਂ ਉਸ ਨੇ ਜੌਹਰੀ ਮਾਲਾ ਮਾਲ ਕਰ ਦਿਤਾ। ਅਗੇ ਕੋਹਿਨੂਰ ਦੀ ਖਿਚ ਨੇ ਰਾਜਿਆਂ ਵਿੱਚ ਲੜਾਈਆਂ ਪਾ ਦਿਤੀਆਂ ਤੇ ਦੁਨੀਆਂ ਦੇ ਸਭ ਤੋਂ ਵੱਡੇ ਰਾਜ ਦੀ ਮਹਾਰਾਣੀ ਦੇ ਗਲ ਜਾ ਪਿਆ।

ਪਰ ਏਥੇ ਅਮੁਲ ਦਾ ਅਰਥ ਬੜਾ ਗਹਿਰਾ ਹੈ ਜੋ ਸਿਰਫ ਵਾਹਿਗੁਰੂ ਲਈ ਜਾਂ ਵਾਹਿਗੁਰੂ ਦੇ ਗੁਣਾਂ ਲਈ ਹੀ ਵਰਤਿਆ ਗਿਆ ਹੈ। ਪਰ ਪਰਮਾਤਮਾ ਤਾਂ ਸਾਰੀਆਂ ਦੁਨਿਆਬੀ ਕੀਮਤਾਂ ਤੋਂ ਉਪਰ ਹੈ ਅਮੁਲ ਹੈ, ਅਮੁਲ ਹਨ ਉਸਦੀਆਂ ਦਾਤਾਂ ਤੇ ਅਮੁਲ ਹਨ ਉਸ ਦੇ ਗੁਣ। ਉਸ ਦਾ ਹਰ ਗੁਣ ਅਸਚਰਜ ਭਰਿਆ ਹੈ ਇਸ ਲਈ ਕਈ ਵਾਰੀ ਅਮੁਲ ਨੂੰ ਅਸਚਰਜ ਦੇ ਤੌਰ ਤੇ ਵੀ ਵਰਤਿਆ ਗਿਆ ਹੈ ਤੇ ਇਨ੍ਹਾਂ ਗੁਣਾਂ ਨੂੰ ਅਸਚਰਜ ਗੁਣ ਵੀ ਕਿਹਾ ਗਿਆ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਇਨ੍ਹਾਂ ਅਮੁਲ ਗੁਣਾਂ ਨੂੰ ਬੜੀ ਥਾਈਂ ਬਿਆਨਿਆ ਗਿਆ ਹੈ।

ਇਸ ਲਈ ਆਓ ਉਸ ਪਾਰਬ੍ਰਹਮ ਪਰਮੇਸ਼ਵਰ ਅਗੇ ਬੇਨਤੀ ਕਰੀਏ ਕਿ ਹੇ ਪੂਰਨ, ਦੁਖ ਭੰਜਨ, ਨਿਰਗੁਣ, ਨਿਰੰਕਾਰ, ਗੁਣ ਨਿਧਾਨ, ਅਪਰੰਪਰ, ਅਕਾਲ ਪੁਰਖ, ਨਿਆਸਰਿਆਂ ਦੇ ਆਸਰਾ, ਨਿਰਗੁਣਿਆਰਿਆਂ ਦੇ ਗੁਣ, ਅਚੁਤ ਅਵਿਨਾਸ਼ੀ ਪਾਰਬ੍ਰਹਮ, ਅਪਣੇ ਸੇਵਕ ਨੂੰ ਨਾਮ ਦਾਨ ਬਖਸ਼ ਤੇ ਸਦਾ ਹਿਰਦੇ ਵਿੱਚ ਵਸਿਆ ਰਹਿ।

ਹੇ ਅਚੁਤ ਹੇ ਪਾਰਬ੍ਰਹਮ ਅਬਿਨਾਸੀ ਅਘਨਾਸ॥ ਹੇ ਪੂਰਨ ਹੇ ਸਰਬ ਮੈ ਦੁਖ ਭੰਜਨ ਗੁਣਤਾਸ॥ ਹੇ ਸੰਗੀ ਹੇ ਨਿਰੰਕਾਰ ਹੇ ਨਿਰਗੁਣ ਸਭ ਟੇਕ॥ ਹੇ ਗੋਬਿਦ ਹੇ ਗੁਣ ਨਿਧਾਨ ਜਾ ਕੈ ਸਦਾ ਬਿਬੇਕ॥ ਹੇ ਅਪਰੰਪਰ ਹਰਿ ਹਰੇ ਹਹਿ ਭੀ ਹੋਵਨਹਾਰ॥ ਹੇ ਸੰਤਹ ਕੈ ਸਦਾ ਸੰਗਿ ਨਿਧਾਰਾ ਆਧਾਰ॥ ਹੇ ਠਾਕੁਰ ਹਉ ਦਾਸਰੋ ਮੈ ਨਿਰਗੁਨ ਗੁਨੁ ਨਹੀ ਕੋਇ॥ ਨਾਨਕ ਦੀਜੈ ਨਾਮ ਦਾਨੁ ਰਾਖਉ ਹੀਐ ਪਰੋਇ॥ ੫੫॥ (ਪੰਨਾ ੨੬੧)




.