.

ਖਾਲਸਾ ਪੰਥ ਬਨਾਮ ਡੇਰਾਵਾਦ

(ਭਾਗ ਤਰਤਾਲ੍ਹੀਵਾਂ)

ਮੌਜੂਦਾ ਦੌਰ ਦਾ ਸੰਤਵਾਦ

ਕਾਰ ਸੇਵਾ ਵਾਲੇ ਡੇਰੇ:

ਸਿੱਖ ਕੌਮ ਵਿੱਚ ਸੇਵਾ ਦੀ ਬਹੁਤ ਖਾਸ ਮਹੱਤਤਾ ਹੈ। ਜੇ ਮੈਂ ਸਿੱਖੀ ਮਹਲ ਦੇ ਚਾਰ ਥੰਮਾਂ ਦੀ ਗੱਲ ਕਰਾਂ ਤਾਂ ‘ਵਿਸਾਹ, ਭਰੋਸਾ, ਸਤਿ-ਸੰਗਤ` ਦੇ ਨਾਲ ਚੌਥਾ ਨੰਬਰ ਸੇਵਾ ਦਾ ਹੀ ਆਉਂਦਾ ਹੈ। ਇਸ ਤਰ੍ਹਾਂ ਸਿੱਖ ਨੂੰ ਸੇਵਾ ਭਾਵਨਾ ਕੌਮੀ ਤੌਰ `ਤੇ ਗੁੜ੍ਹਤੀ ਵਿੱਚ ਮਿਲੀ ਹੈ। ਜੇ ਆਪਣੇ ਗੁਰੂ ਸਾਹਿਬਾਨ ਦੇ ਜੀਵਨ ਵੱਲ ਝਾਤੀ ਮਾਰੀਏ ਤਾਂ ਸਾਰੇ ਗੁਰੂ ਸਾਹਿਬਾਨ ਦਾ ਸਾਰਾ ਜੀਵਨ ਸੇਵਾ ਨੂੰ ਹੀ ਸਮਰਪਤ ਸੀ। ਹਾਂ ਸੇਵਾ ਦੇ ਰੂਪ ਅਲੱਗ ਅਲੱਗ ਸਨ, ਕਿਤੇ ਮਨੁੱਖਤਾ ਨੂੰ ਵਹਿਮਾਂ ਭਰਮਾਂ ਚੋਂ ਕੱਢ ਕੇ, ਸੱਚ ਧਰਮ ਦਾ ਮਾਰਗ ਦਸਣ ਦੀ ਸੇਵਾ, ਕਿਤੇ ਸਮਾਜ ਵਿਚੋਂ ਊਚ-ਨੀਚ, ਵਰਣ-ਵੰਡ ਦਾ ਭੇਦਭਾਵ ਮਿਟਾਉਣ ਦੀ ਸੇਵਾ, ਕਿਤੇ ਲੋਕਾਈ ਨੂੰ ਪੂਜਾਰੀ ਸ਼੍ਰੇਣੀ ਦੀ ਮਾਨਸਿਕ ਗ਼ੁਲਾਮੀ ਤੋਂ ਮੁਕਤ ਕਰਾਉਣ ਅਤੇ ਆਰਥਿਕ ਲੁੱਟ ਤੋਂ ਬਚਾਉਣ ਦੀ ਸੇਵਾ, ਕਿਤੇ ਨਵੇਂ ਨਗਰ ਵਸਾਉਣ ਦੀ ਸੇਵਾ, ਕਿਤੇ ਪਾਣੀ ਦੀ ਥੁੜ੍ਹ ਨੂੰ ਦੂਰ ਕਰਨ ਲਈ ਖੂਹ, ਬਉਲੀਆਂ, ਸਰੋਵਰ ਬਨਵਾਉਣ ਦੀ ਸੇਵਾ, ਕਿਤੇ ਆਪਣੇ ਹੱਥੀ ਰੋਗੀਆਂ ਦੀ ਸੇਵਾ, ਕਿਤੇ ਉਨ੍ਹਾਂ ਲਈ ਦਵਾਈਆਂ ਆਦਿ ਦਾ ਪ੍ਰਬੰਧ ਕਰਨ ਦੀ ਸੇਵਾ, ਕਿਤੇ ਸਮੇਂ ਦੇ ਹਾਕਮਾਂ ਵੱਲੋਂ ਲੋਕਾਈ `ਤੇ ਕੀਤੇ ਜਾ ਰਹੇ ਜ਼ੁਲਮਾਂ ਨੂੰ ਨੰਗਾ ਕਰਨਾ, ਉਨ੍ਹਾਂ ਖਿਲਾਫ ਆਵਾਜ਼ ਬੁਲੰਦ ਕਰਨ ਦੀ ਸੇਵਾ ਤਾਂ ਕਿਤੇ ਮਨੁੱਖਤਾ `ਤੇ ਜ਼ੁਲਮ ਢਾਅ ਰਹੇ ਦੁਸ਼ਟਾਂ ਖਿਲਾਫ ਸੰਘਰਸ਼ ਦੀ ਸੇਵਾ। ਸਤਿਗੁਰੂ ਦੇ ਸਾਰੇ ਉਪਕਾਰ ਤਾਂ ਅਸੀਂ ਗਿਣ ਵੀ ਨਹੀਂ ਸਕਦੇ। ਸਤਿਗੁਰੂ ਨੇ ਇਹ ਸਭ ਸੇਵਾਵਾਂ ਨਿਸ਼ਕਾਮ ਭਾਵਨਾ ਨਾਲ ਕੀਤੀਆਂ। ਅਸਲ ਵਿੱਚ ਸੇਵਾ ਹੁੰਦੀ ਹੀ ਨਿਸ਼ਕਾਮ ਭਾਵਨਾ ਨਾਲ ਹੈ, ਜੋ ਕਿਸੇ ਭਾਵਨਾ ਜਾਂ ਸੁਆਰਥ ਤਹਿਤ ਕੀਤੀ ਜਾਵੇ, ਉਹ ਸੇਵਾ ਨਹੀਂ, ਵਪਾਰ ਹੁੰਦਾ ਹੈ। ਪਾਵਨ ਗੁਰਬਾਣੀ ਦਾ ਫੁਰਮਾਨ ਹੈ:

"ਸੇਵਾ ਕਰਤ ਹੋਇ ਨਿਹਕਾਮੀ।। ਤਿਸ ਕਉ ਹੋਤ ਪਰਾਪਤਿ ਸੁਆਮੀ।। " {ਗਉੜੀ ਸੁਖਮਨੀ ਮਹਲਾ ੫, ਪੰਨਾ ੨੮੬}

ਜੋ ਸੇਵਕ (ਗੁਰੂ ਦੀ) ਸੇਵਾ ਕਰਦਾ ਹੋਇਆ ਕਿਸੇ ਫਲ ਦੀ ਖ਼ਾਹਸ਼ ਨਹੀਂ ਰੱਖਦਾ, ਉਸ ਨੂੰ ਮਾਲਿਕ ਪ੍ਰਭੂ ਮਿਲ ਪੈਂਦਾ ਹੈ।

ਹਰ ਸਿੱਖ ਨੂੰ ਆਪਣੀ ਕਿਰਤ ਕਮਾਈ ਵਿਚੋਂ ਅਤੇ ਅਕਾਲ-ਪੁਰਖ ਦੇ ਬਖਸ਼ੇ ਸੁਆਸਾਂ ਦੀ ਪੂੰਜੀ ਵਿਚੋਂ ਧਰਮ ਦੇ ਨਾਂ `ਤੇ ਦਸਵੰਧ ਕਢਣ ਦਾ ਹੁਕਮ ਹੈ, ਇਸ ਨੂੰ ਕਾਰ ਕਿਹਾ ਜਾਂਦਾ ਹੈ। ਇਸੇ ਲਈ ਸਿੱਖ ਜਿੱਥੇ ਆਪਣੀ ਕਿਰਤ ਕਮਾਈ `ਚੋਂ ਧਰਮ ਕਾਰਜਾਂ ਲਈ ਦਸਵੰਧ ਜਾਂ ਕਾਰ ਕਢਦਾ ਹੈ, ਉੱਥੇ ਸੁਆਸਾਂ ਦੇ ਦਸਵੰਧ ਦੀ ਸੇਵਾ ਭਾਵਨਾ ਵਿਚੋਂ ਵੀ ਸਿੱਖ ਆਪਣੇ ਹੱਥਾਂ ਨਾਲ ਸੇਵਾ ਕਰਨ ਨੂੰ ਵਿਸ਼ੇਸ਼ ਮਹੱਤਤਾ ਦੇਂਦਾ ਰਿਹਾ ਹੈ। ਇਸੇ ਨੂੰ ‘ਕਾਰ ਸੇਵਾ` ਕਿਹਾ ਜਾਂਦਾ ਹੈ। ਸਿੱਖ ਸੰਧਰਬ ਵਿੱਚ ਕਿਸੇ ਸਰੋਵਰ ਦੀ ਤਹਿ ਵਿੱਚ ਇਕੱਠੀ ਹੋ ਜਾਣ ਵਾਲੀ ਗਾਰ ਨੂੰ ਵੀ ਕਾਰ ਕਿਹਾ ਜਾਂਦਾ ਹੈ ਅਤੇ ਸਰੋਵਰ ਵਿਚੋਂ ਸਮੇਂ ਸਮੇਂ `ਤੇ ਇਹ ਗਾਰ ਕਢ ਕੇ ਉਸ ਦੇ ਜੱਲ ਨੂੰ ਸਵੱਛ ਕਰਨ ਦੀ ਸੇਵਾ ਨੂੰ ਵੀ ਕਾਰ ਸੇਵਾ ਕਿਹਾ ਜਾਂਦਾ ਹੈ। ਸਿੱਖ ਕੌਮ ਇਹ ਸੇਵਾ ਵੀ ਬੜੀ ਸ਼ਰਧਾ ਅਤੇ ਸੱਚੀ ਸੁੱਚੀ ਭਾਵਨਾ ਨਾਲ ਕਰਦੀ ਆਈ ਹੈ। ਸਿੱਖ ਦੀ ਇਸ ਸੇਵਾ ਭਾਵਨਾ ਨੂੰ ਆਧਾਰ ਬਣਾ ਕੇ ਕੁੱਝ ਲੋਕਾਂ ਨੇ ਇਸ ਦਾ ਵੱਡਾ ਸੋਸ਼ਣ ਕੀਤਾ ਹੈ। ਇਹ ਸੋਸ਼ਣ ਕਰਨ ਵਾਲੇ, ਡੇਰੇਦਾਰਾਂ ਦੀ ਹੀ ਇੱਕ ਅਲੱਗ ਸ਼ਾਖ ‘ਕਾਰ ਸੇਵਾ ਵਾਲੇ ਡੇਰੇ` ਹਨ।

ਇਸ ਦੀ ਸ਼ੁਰੂਆਤ ਇੱਕ ਬਹੁਤ ਪਵਿਤ੍ਰ ਭਾਵਨਾ ਨਾਲ ਕਾਰ ਸੇਵਾ ਵਾਲੇ ਜਥਿਆਂ ਤੋਂ ਹੋਈ। ਜਦੋਂ ਕਿਸੇ ਗੁਰਦੁਆਰੇ ਦੇ ਸਰੋਵਰ ਵਿਚੋਂ ਗਾਰ ਕਢਣੀ ਹੁੰਦੀ ਜਾਂ ਕਿਸੇ ਗੁਰਦੁਆਰੇ ਦੀ ਇਮਾਰਤ ਆਦਿ. . ਬਣਨੀ ਹੁੰਦੀ ਤਾਂ ਕੁੱਝ ਸੇਵਾ ਭਾਵਨਾ ਵਾਲੇ ਸਿੱਖਾਂ ਵੱਲੋਂ, ਜਿਨ੍ਹਾਂ ਕੋਲ ਸਮਾਂ ਹੁੰਦਾ ਅਤੇ ਉਹ ਆਪਣੇ ਸਮੇਂ ਨੂੰ ਸਕਾਰਥਾ ਕਰਨਾ ਚਾਹੁੰਦੇ, ਕਾਰ ਸੇਵਾ ਜਥਾ ਬਣਾ ਲਿਆ ਜਾਂਦਾ। ਇਸ ਜਥੇ ਦੇ ਮੈਂਬਰ ਜਿਥੇ ਆਪਣੇ ਹੱਥਾ ਨਾਲ ਸੇਵਾ ਕਰਦੇ ਉਥੇ ਨਾਲ ਆਉਂਦੀ ਜਾਂਦੀ ਸੰਗਤ ਨੂੰ ਵੀ ਸੇਵਾ ਵਿੱਚ ਹਿੱਸਾ ਲੈਣ ਲਈ ਪ੍ਰੇਰਦੇ। ਹੌਲੀ ਹੌਲੀ ਇਨ੍ਹਾਂ ਜੱਥਿਆਂ ਦਾ ਰੂਪ ਬਦਲਣ ਲੱਗਾ। ਸੁਭਾਵਕ ਜਥੇ ਦਾ ਇੱਕ ਜਥੇਦਾਰ ਵੀ ਹੁੰਦਾ ਸੀ ਅਤੇ ਇਸ ਦਾ ਸਤਿਕਾਰ ਵੀ ਹੁੰਦਾ ਸੀ। ਸੰਤਗਿਰੀ ਦੇ ਚੱਲ ਰਹੇ ਦੌਰ ਵਿੱਚ ਇਸੇ ਜਥੇਦਾਰ ਅਤੇ ਉਸ ਨੂੰ ਦਿੱਤੇ ਜਾ ਰਹੇ ਸਤਿਕਾਰ ਨੇ ਹੀ ਬਾਬਾਜੀ, ਸੰਤ ਅਤੇ ਫਿਰ ਮਹਾਂਪੁਰਖ ਦਾ ਰੂਪ ਬਦਲ ਲਿਆ। ਇਹ ਸੰਸਥਾਵਾਂ ਸਥਾਈ ਬਣ ਗਈਆਂ ਅਤੇ ਇਨ੍ਹਾਂ ਅਖੋਤੀ ਮਹਾਪੁਰਖਾਂ ਦੇ ਡੇਰੇ ਵੀ ਬਣ ਗਏ, ਜਿੱਥੇ ਕਿਸੇ ਵੱਡੇ ਇਮਾਰਤੀ ਠੇਕੇਦਾਰ ਦੇ ਗੋਦਾਮ ਨਾਲੋਂ ਵਧੇਰੇ ਇਮਾਰਤ ਸਾਜੀ ਦਾ ਸਮਾਨ ਹੁੰਦਾ ਹੈ।

ਪਹਿਲੇ ਪਹਿਲ ਡੇਰੇ ਬਣ ਜਾਣ ਤੋਂ ਬਾਅਦ ਵੀ ਸੇਵਾ ਦਾ ਬਹੁਤਾ ਰੂਪ ਉਹੀ ਜਥਿਆਂ ਵਾਲਾ ਹੀ ਸੀ। ਮੈਂ ਆਪਣੇ ਬਚਪਨ ਵਿੱਚ ਦਰਬਾਰ ਸਾਹਿਬ ਅੰਮ੍ਰਿਤਸਰ ਦੀ ਪ੍ਰਕਰਮਾਂ ਵਿੱਚ ਇਹੋ ਜਿਹੀਆਂ ਸੇਵਾਵਾਂ ਅਕਸਰ ਚਲਦੀਆਂ ਵੇਖੀਆਂ ਹਨ। ਮਿੱਟੀ, ਰੇਤਾ, ਇੱਟਾਂ ਆਦਿ, ਇਮਾਰਤ ਉਸਾਰੀ ਦਾ ਕੋਈ ਸਮਾਨ ਇੱਕ ਸਥਾਨ ਤੋਂ ਦੂਜੇ ਸਥਾਨ `ਤੇ ਲੈ ਜਾਣਾ ਹੁੰਦਾ, ਉਥੇ ਕੁੱਝ ਟੋਕਰੀਆਂ ਰੱਖੀਆਂ ਹੁੰਦੀਆਂ ਅਤੇ ਇੱਕ ਸੇਵਾਦਾਰ ਕੋਲ ਖਲੋ ਕੇ ਲੰਘਦੀਆਂ ਸੰਗਤਾਂ ਨੂੰ ਅਵਾਜ਼ ਲਗਾਈ ਜਾਂਦਾ ਕਿ ਭਾਈ ਇੱਕ ਇੱਕ ਟੋਕਰੀ ਨਾਲ ਲਈ ਜਾਓ। ਸੰਗਤਾਂ ਬੜੇ ਚਾਅ ਨਾਲ ਇਹ ਸੇਵਾ ਕਰਦੀਆਂ, ਜਿਨ੍ਹਾਂ ਕੋਲ ਸਮਾਂ ਹੁੰਦਾ, ਇੱਕ ਦੀ ਬਜਾਏ ਕਈ ਕਈ ਚੱਕਰ ਲਗਾ ਦੇਂਦੇ ਅਤੇ ਵੱਡਾ ਕੰਮ ਵੀ ਪਲਾਂ ਵਿੱਚ ਮੁੱਕ ਜਾਂਦਾ। ਉਸ ਸਥਾਨ `ਤੇ ਇੱਕ ਟੋਕਰੀ ਕੁੱਝ ਪੈਸਿਆਂ ਨਾਲ ਸਜਾ ਕੇ ਰੱਖੀ ਹੁੰਦੀ ਸੀ, ਜਿਸ ਦੇ ਨਾਲ ਬੈਠਾ ਸੇਵਦਾਰ ਕਾਰ ਸੇਵਾ ਵਾਸਤੇ ਮਾਇਆ ਭੇਟ ਕਰਨ ਦੀ ਪ੍ਰੇਰਨਾ ਦੇਂਦਾ। ਲੰਘਣ ਵਾਲੀ ਸੰਗਤ ਜਿਥੇ ਹੱਥਾਂ ਨਾਲ ਸੇਵਾ ਕਰਦੀ, ਆਪਣੀ ਸਮਰੱਥਾ ਅਨੁਸਾਰ ਕੁੱਝ ਮਾਇਆ ਵੀ ਉਸ ਵਿੱਚ ਪਾਈ ਜਾਂਦੀ। ਹੌਲੀ ਹੌਲੀ ਇਸ ਦਾ ਰੂਪ ਬਦਲ ਕੇ ਕਾਰ ਸੇਵਾ ਤੋਂ ਕੇਵਲ ਮਾਇਆ ਦੀ ਸੇਵਾ ਤੱਕ ਸੀਮਿਤ ਹੋ ਗਿਆ ਹੈ। ਸ਼ਾਇਦ ਇਸ ਦਾ ਕਾਰਨ ਇਹ ਵੀ ਹੈ ਕਿ ਅੱਜ ਦੇ ਪਦਾਰਥ ਵਾਦੀ ਯੁੱਗ ਵਿੱਚ ਪੈਸੇ ਦੀ ਆਮਦ ਵਧਣ ਕਾਰਨ, ਕੋਈ ਹੱਥਾਂ ਨਾਲ ਸੇਵਾ ਨਹੀਂ ਕਰਨਾ ਚਾਹੁੰਦਾ, ਹਰ ਕੋਈ ਪੈਸੇ ਨਾਲ ਧਰਮ ਖਰੀਦਣਾ ਚਾਹੁੰਦਾ ਹੈ। ਇਸ ਦਾ ਅੰਦਾਜ਼ਾ ਇਸੇ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਅੱਜ ਗੁਰਦੁਆਰਿਆਂ ਵਿੱਚ ਲੰਗਰ ਤਿਆਰ ਕਰਨ ਲਈ ਸੰਗਤਾਂ ਦਾ ਉਤਸਾਹ ਬਹੁਤ ਘੱਟ ਗਿਆ ਹੈ ਅਤੇ ਮਜ਼ਦੂਰੀ ਦੇ ਕੇ ਲੰਗਰ ਤਿਆਰ ਕਰਨ ਵਾਲੀਆਂ ਬੀਬੀਆਂ ਦਾ ਪ੍ਰਬੰਧ ਕਰਨਾ ਪੈਂਦਾ ਹੈ।

ਅੱਜ ਇਸ ਸੇਵਾ ਦੀ ਸੰਸਥਾ ਦਾ ਪੂਰਾ ਵਪਾਰੀ-ਕਰਨ ਹੋ ਚੁੱਕਾ ਹੈ। ਇਨ੍ਹਾਂ ਕਾਰ-ਸੇਵਾ ਵਾਲੇ ਡੇਰਿਆਂ ਦੀ ਆਮਦਨ ਇਤਨੀ ਵਧ ਚੁੱਕੀ ਹੈ ਕਿ ਆਮ ਸੰਗਤ ਉਸ ਦਾ ਅੰਦਾਜ਼ਾ ਵੀ ਨਹੀਂ ਲਗਾ ਸਕਦੀ। ਪਾਠਕਾਂ ਨੂੰ ਇਸ ਬਾਰੇ ਥੋੜ੍ਹੀ ਜਾਣਕਾਰੀ ਦੇਣ ਲਈ ਇਹੀ ਦਸਣਾ ਚਾਹੁੰਦਾ ਹਾਂ ਕਿ ਅੱਜ ਕਿਸੇ ਨਵੇਂ ਗੁਰਦੁਆਰੇ ਦੀ ਇਮਾਰਤ ਬਨਾਉਣ ਦੀ (ਅਖੌਤੀ) ਸੇਵਾ ਲੈਣ ਲਈ, ਕਾਰ ਸੇਵਾ ਵਾਲੇ ਡੇਰਿਆਂ ਵਲੋਂ ਬੋਲੀ ਲਗਾਈ ਜਾਂਦੀ ਹੈ। ਇਹ ਬੋਲੀ ਪੈਸੇ ਲੈਣ ਲਈ ਨਹੀਂ ਸਗੋਂ ਗੁਰਦੁਆਰਾ ਬਣਾ ਕੇ ਦੇਣ ਬਦਲੇ, ਸ਼੍ਰੋਮਣੀ ਕਮੇਟੀ ਜਾਂ ਇਸ ਦੇ ਅਹੁਦੇਦਾਰਾਂ ਨੂੰ ਲਾਭ ਪਹੁੰਚਾਉਣ ਦੀ ਹੁੰਦੀ ਹੈ।

ਕਾਰਨ ਇਕੋ ਹੈ, ਜਿਵੇਂ ਹੀ ਕਿਸੇ ਗੁਰਦੁਆਰੇ ਦੀ ਇਮਾਰਤ ਬਣਨ ਦੀ ਸੇਵਾ ਸ਼ੁਰੂ ਹੁੰਦੀ ਹੈ, ਇੱਕ ਪਾਸੇ ਤਾਂ ਇਮਾਰਤ ਬਨਾਉਣ ਦੇ ਹਰ ਸਮਾਨ ਜਿਵੇਂ ਸੀਮਿੰਟ, ਰੇਤਾ, ਇਟਾਂ, ਸਰੀਆ ਆਦਿ ਦੇ ਟਰੱਕ ਸ਼ਰਧਾਲੂ ਸਿੱਖਾਂ ਵਲੋਂ ਪਹੁੰਚਣੇ ਸ਼ੁਰੂ ਹੋ ਜਾਂਦੇ ਹਨ, ਦੂਸਰੇ ਪਾਸੇ ਮਾਇਆ ਦੇ ਖੁਲ੍ਹੇ ਗੱਫੇ ਆਉਣੇ ਸ਼ੁਰੂ ਹੋ ਜਾਂਦੇ ਹਨ। ਹਰ ਕਾਰ ਸੇਵਾ ਵਾਲੇ ਡੇਰੇਦਾਰ ਨੇ ਐਸੀਆਂ ਸੇਵਾਵਾਂ ਕਰਨ ਵਾਲਿਆਂ ਦੀਆਂ ਲਿਸਟਾਂ ਬਣਾ ਕੇ ਰੱਖੀਆਂ ਹੋਈਆਂ ਹਨ, ਬਸ ਇਸ਼ਾਰਾ ਕਰਨ ਦੀ ਲੋੜ ਹੈ। ਸ਼ਰਧਾਲੁਆਂ ਦੀ ਕਿਰਪਾ ਨਾਲ ਹੀ ਹਰ ਕਾਰ ਸੇਵਾ ਵਾਲੇ ਡੇਰੇ ਕੋਲ ਇਮਾਰਤ ਸਾਜ਼ੀ ਵਿੱਚ ਕੰਮ ਆਉਣ ਵਾਲੀਆਂ ਸਭ ਨਵੇਂ ਯੁਗ ਦੀਆਂ ਮਸ਼ੀਨਾਂ ਆਪਣੀ ਜਾਇਦਾਦ ਬਣ ਚੁਕੀਆਂ ਹਨ। ਬਹੁਤ ਸਾਰੇ ਭਾਵੁਕ ਸਿੱਖ ਸ਼ਰਧਾ ਨਾਲ ਹੱਥੀਂ ਸੇਵਾ ਵਾਸਤੇ ਵੀ ਪਹੁੰਚ ਜਾਂਦੇ ਹਨ। ਕਈ ਤਾਂ ਸਥਾਈ ਰੂਪ ਵਿੱਚ ਇਨ੍ਹਾਂ ਦੇ ਡੇਰਿਆਂ ਵਿੱਚ ਹੀ ਰਹਿੰਦੇ ਹਨ। ਬਸ ਕੁੱਝ ਤਕਨੀਕੀ ਸੇਵਾਵਾਂ ਕਈ ਵਾਰੀ ਮਾਇਆ ਖਰਚ ਕੇ ਲੈਣੀਆਂ ਹੁੰਦੀਆਂ ਹਨ। ਇਥੇ ਕਿਹੜਾ ਕੋਈ ਕਿਸੇ ਨੂੰ ਹਿਸਾਬ ਦੇਣਾ ਹੈ ਕਿ ਕਿਤਨਾ ਸਮਾਨ ਆਇਆ, ਕਿਤਨੀ ਮਾਇਆ ਆਈ ਅਤੇ ਕੀ ਖਰਚ ਹੋਇਆ?

ਧੰਦਾ ਇਤਨਾ ਲਾਹੇਵੰਦਾ ਹੋ ਗਿਆ ਹੈ ਕਿ ਚੰਗੇ ਭਲੇ ਬਣੇ ਹੋਏ ਗੁਰਦੁਆਰਿਆਂ ਦੀਆਂ ਇਮਾਰਤਾਂ ਢਾਹ ਕੇ ਮੁੜ ਉਸਾਰੀਆਂ ਜਾ ਰਹੀਆਂ ਹਨ। ਕਿਤੇ ਨਵੇਂ ਸਿਰਿਓਂ ਸੰਗਮਰਮਰ (Marble) ਲਗਾਏ ਜਾ ਰਹੇ ਹਨ, ਕਿਤੇ ਸੋਨੇ ਦੇ ਕਲਸ਼ ਚੜ੍ਹਾਏ ਜਾ ਰਹੇ ਹਨ। ਰਾਜਸਥਾਨ ਦੇ ਮਕਰਾਨਾ ਦਾ ਬਹੁਤਾ ਚਿੱਟਾ ਸੰਗਮਰਮਰ ਸਾਡੇ ਗੁਰਦੁਆਰਿਆਂ ਵਿੱਚ ਹੀ ਸੁਸ਼ੋਭਤ ਹੋਇਆ ਹੈ। ਸੰਗਤਾਂ ਦੀ ਭਾਵਨਾ ਅਥਾਹ ਹੈ ਅਤੇ ਉਸ ਦੀ ਰੱਜ ਕੇ ਦੁਰਵਰਤੋਂ ਕੀਤੀ ਜਾ ਰਹੀ ਹੈ।

ਸੰਗਤਾਂ ਦੀ ਭਾਓ-ਭਾਵਨਾ ਨਾਲ ਭੇਟ ਕੀਤੀ ਮਾਇਆ ਕਿਵੇਂ ਲੁੱਟੀ ਜਾ ਰਹੀ ਹੈ ਉਸ ਦਾ ਇੱਕ ਲਾਜੁਆਬ ਪ੍ਰਮਾਣ ਪਾਠਕਾਂ ਦੀ ਨਜ਼ਰ ਕਰਨਾ ਚਾਹਾਂਗਾ। ਕੁੱਝ ਸਾਲ ਪਹਿਲੇ ਪਾਕਿਸਤਾਨ ਵਿਚਲੇ ਗੁਰਦੁਆਰਿਆਂ ਦੀ ਸੇਵਾ ਦੀ ਗੱਲ ਚੱਲੀ। ਪਹਿਲਾਂ ਤਾਂ ਇਹ ਸੇਵਾ ਲੈਣ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਮ੍ਰਿਤਸਰ ਅਤੇ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਵਿੱਚ ਮੁਕਾਬਲਾ ਚਲਿਆ। ਉਸ ਵੇਲੇ ਦਿੱਲੀ ਕਮੇਟੀ `ਤੇ ਸਰਨਾ ਭਰਾਵਾਂ ਦਾ ਕਬਜ਼ਾ ਸੀ ਅਤੇ ਉਹ ਪਾਕਿਸਤਾਨ ਵਿਚਲੇ ਗੁਰਦੁਆਰਿਆਂ ਦੇ ਪ੍ਰਬੰਧਕਾਂ ਦੇ ਵਧੇਰੇ ਨੇੜੇ ਸਨ। ਸੋ ਸੰਨ ੨੦੦੨ ਵਿੱਚ ਇਹ ਸੇਵਾ ਉਨ੍ਹਾਂ ਨੂੰ ਮਿਲ ਗਈ। ਉਨ੍ਹਾਂ ਇਹ ਸੇਵਾ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਨਾਂ `ਤੇ ਨਹੀਂ ਸਗੋਂ ਆਪਣੀ ਜਥੇਬੰਦੀ ‘ਅਕਾਲੀ ਦੱਲ ਦਿੱਲੀ, ਦੇ ਨਾਂ `ਤੇ ਲਈ। ਅੱਗੋਂ ਇਨ੍ਹਾਂ ਇਹ ਸੇਵਾ (ਬਾਬਾ) ਜਗਤਾਰ ਸਿੰਘ (ਗੋਇੰਦਵਾਲ) ਕਾਰ ਸੇਵਾ ਵਾਲਿਆਂ ਦੇ ਹਵਾਲੇ ਕਰ ਦਿੱਤੀ। ਭਾਈ ਜਗਤਾਰ ਸਿੰਘ ਨੇ ਅੱਗੋਂ ਆਪਣੇ ਇੱਕ ਖਾਸ ਭਰੋਸੇ ਮੰਦ, ਭਾਈ ਅਮਰੀਕ ਸਿੰਘ ਨੂੰ ਪਾਕਿਸਤਾਨ ਵਿਚਲੇ ਗੁਰਦੁਆਰਿਆਂ ਦੀ ਸੇਵਾ ਦਾ ਇੰਚਾਰਜ ਬਣਾ ਕੇ ਪਾਕਿਸਤਾਨ ਭੇਜ ਦਿੱਤਾ।

ਸ਼੍ਰੋਮਣੀ ਅਕਾਲੀ ਦੱਲ, ਦਿੱਲੀ ਕਹਿ ਲਓ ਜਾਂ ਸਰਨਾ ਭਰਾ, ਇਨ੍ਹਾਂ ਇੱਕ ਹੋਰ ਸੇਵਾ ਸ਼ੂਰੂ ਕਰਾਈ। ਕੁੱਝ ਸਮਾਂ ਪਹਿਲਾਂ ਸ਼੍ਰੋਮਣੀ ਕਮੇਟੀ, ਅੰਮ੍ਰਿਤਸਰ ਨੇ ਨਗਰ ਕੀਰਤਨ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੁਪ ਲੈ ਕੇ ਜਾਣ ਲਈ, ਸੋਨੇ ਦੀ ਪਾਲਕੀ ਬਣਵਾਈ ਸੀ। ਹੁਣ ਭਲਾ ਸਰਨਾ ਭਰਾ ਕਿਵੇਂ ਪਿੱਛੇ ਰਹਿ ਸਕਦੇ ਸਨ। ਉਨ੍ਹਾਂ ਵੀ ਸੋਨੇ ਦੀ ਪਾਲਕੀ ਬਨਵਾਉਣ ਦਾ ਐਲਾਨ ਕਰ ਦਿੱਤਾ। ਉਨ੍ਹਾਂ ਕਿਹਾ ਕਿ ਅਸੀਂ ਇਹ ਪਾਲਕੀ ਪਾਕਿਸਤਾਨ ਲੈ ਕੇ ਜਾਵਾਂਗੇ ਅਤੇ ਉਥੇ ਨਨਕਾਣਾ ਸਾਹਿਬ ਇਸ ਨੂੰ ਸੁਸ਼ੋਭਤ ਕਰਾਂਗੇ। ਉਨ੍ਹਾਂ ਇਹ ਪਾਲਕੀ ਬਨਾਉਣ ਦੀ ਸੇਵਾ ਵੀ ਭਾਈ ਜਗਤਾਰ ਸਿੰਘ (ਗੋਇੰਦਵਾਲ) ਕਾਰ ਸੇਵਾ ਵਾਲੇ ਨੂੰ ਦੇ ਦਿੱਤੀ ਅਤੇ ਅੱਗੋਂ ਜਗਤਾਰ ਸਿੰਘ ਨੇ ਇਹ ਜ਼ੁਮੇਂਵਾਰੀ ਵੀ ਅਮਰੀਕ ਸਿੰਘ ਨੂੰ ਦੇ ਦਿੱਤੀ।

ਅਮਰੀਕ ਸਿੰਘ ਦੇ ਪਟਿਆਲੇ ਜ਼ਿਲੇ ਵਿਚਲੇ ਘਰ ਦੇ ਨੇੜਲੇ ਕੁੱਝ ਲੋਕਾਂ ਨੇ ਮਹਿਸੂਸ ਕੀਤਾ ਕਿ ਦਿਨਾਂ ਵਿੱਚ ਹੀ ਉਸ ਦੀ ਜਾਇਦਾਦ ਬਹੁਤ ਵਧਣੀ ਸ਼ੁਰੂ ਹੋ ਗਈ ਹੈ। ਗੱਲ ਭਾਈ ਜਗਤਾਰ ਸਿੰਘ ਤੱਕ ਵੀ ਪਹੁੰਚੀ ਅਤੇ ਪੁਲੀਸ ਤੱਕ ਵੀ। ਜਿਸ ਵੇਲੇ ਸਾਰੀ ਪੜਤਾਲ ਹੋਈ ਤਾਂ ਪਤਾ ਲੱਗਾ ਕਿ ਅਮਰੀਕ ਸਿੰਘ ਕਾਰ ਸੇਵਾ ਲਈ ਆ ਰਹੀ ਮਾਇਆ ਵਿਚੋਂ ਤਕਰੀਬਨ ਚਾਰ ਕਰੋੜ ਰੁਪਿਆ ਡਕਾਰ ਚੁੱਕਾ ਸੀ। ਉਸ ਨੇ ਸੋਨੇ ਦੀ ਪਾਲਕੀ ਬਨਵਾਉਣ ਲਈ ਆਏ ਸੋਨੇ ਵਿਚੋਂ ਵੀ ਚਾਰ ਕਿਲੋ ਸੋਨਾ ਆਪ ਹਜਮ ਕਰ ਲਿਆ ਸੀ।

ਭਾਈ ਜਗਤਾਰ ਸਿੰਘ ਕਾਰ ਸੇਵਾ ਵਾਲੇ ਵੱਲੋਂ, ਅਮਰੀਕ ਸਿੰਘ ਖ਼ਿਲਾਫ ਰਿਪੋਰਟ ਦਰਜ ਕਰਾਈ ਗਈ ਅਤੇ ੯ ਜਨਵਰੀ ੨੦੦੭ ਨੂੰ ਪੁਲੀਸ ਵਲੋਂ, ਪਟਿਆਲੇ ਵਿੱਚ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ। ਉਸ ਦੀ ਗ੍ਰਿਫਤਾਰੀ ਦੀ ਖ਼ਬਰ ਪੰਜਾਬ ਦੀਆਂ ਸਾਰੀਆਂ ਅਖਬਾਰਾਂ ਦੀ ਸੁਰਖੀ ਬਣੀ।

ਹੁਣ ਪਾਠਕ ਆਪ ਹੀ ਅੰਦਾਜ਼ਾ ਲਗਾ ਲੈਣ ਕਿ ਕਿਤਨੀ ਕੁ ਮਾਇਆ ਆਈ ਹੋਵੇਗੀ, ਜਿਸ ਵਿਚੋਂ ਚਾਰ ਕਰੋੜ ਅਮਰੀਕ ਸਿੰਘ ਗਾਇਬ ਕਰ ਗਿਆ ਅਤੇ ਕਿਸੇ ਨੂੰ ਪਤਾ ਹੀ ਨਹੀਂ ਲੱਗਾ। ਪਾਲਕੀ ਬਨਾਉਣ ਲਈ ਕਿਨਾਂ ਕੁ ਸੋਨਾ ਆਇਆ ਹੋਵੇਗਾ, ਜਿਸ ਵਿਚੋਂ ਚਾਰ ਕਿਲੋ ਸੋਨੇ ਦਾ ਗਬਨ ਅਮਰੀਕ ਸਿੰਘ ਨੇ ਬਗ਼ੈਰ ਕਿਸੇ ਨੂੰ ਸੂਹ ਲੱਗਣ ਦੇਣ ਦੇ ਕਰ ਲਿਆ।

ਇਹ ਕਾਰ ਸੇਵਾ ਵਾਲੇ ਡੇਰੇਦਾਰ ਆਪਣੇ ਕੰਮ ਵਿੱਚ ਪੂਰੇ ਪ੍ਰਬੀਨ ਹੋ ਚੁੱਕੇ ਹਨ ਅਤੇ ਸਿੱਖ ਮਾਨਸਿਕਤਾ ਨੂੰ ਵੀ ਬਹੁਤ ਚੰਗੀ ਤਰ੍ਹਾਂ ਸਮਝਣ ਲੱਗ ਪਏ ਹਨ। ਕੰਮ ਭਾਵੇਂ ਗੁਰਦੁਆਰੇ ਦੀ ਇਮਾਰਤ ਬਨਾਉਣ ਦਾ ਹੋਵੇ ਜਾਂ ਕੋਈ ਹੋਰ, ਉਸ ਨੂੰ ਬਹੁਤ ਸਹਿਜੇ ਸਹਿਜੇ ਕੀਤਾ ਜਾਂਦਾ ਹੈ। ਕਿਉਂਕਿ ਜਿਤਨੀ ਦੇਰ ਸੇਵਾ ਚਲਦੀ ਰਹੇਗੀ, ਉਤਨੀ ਦੇਰ ਮਾਇਆ ਅਤੇ ਸਮੱਗਰੀ ਆਉਂਦੀ ਰਹੇਗੀ। ਸਿੱਖਾਂ ਦੀ ਇਸ ਮਾਨਸਿਕਤਾ ਦਾ ਕਈ ਵਾਰੀ ਦੂਸਰੇ ਹੁਸ਼ਿਆਰ ਲੋਕ ਵੀ ਫਾਇਦਾ ਚੁੱਕ ਲੈਂਦੇ ਹਨ। ਚੰਡੀਗੜ੍ਹ ਦੇ ਇੱਕ ਗੁਰਦੁਆਰੇ ਵਿੱਚ ਨਵੀਂ ਕਮੇਟੀ ਬਣੀ ਤਾਂ ਨਵੇਂ ਪ੍ਰਧਾਨ ਨੇ ਆਉਂਦੇ ਹੀ, ਉਸਾਰੀ ਦਾ ਕੰਮ ਸ਼ੁਰੂ ਕਰਾ ਦਿੱਤਾ। ਪਹਿਲਾਂ ਬਣਿਆ ਹੋਇਆ ਸੁਹਣਾ ਗੇਟ, ਤੁੜਵਾ ਕੇ ਨਵਾਂ ਬਨਾਉਣਾ ਸ਼ੁਰੂ ਕਰ ਦਿੱਤਾ। ਮੈਂ ਤਕਰੀਬਨ ਤਿੰਨ ਸਾਲ ਬਾਅਦ ਵੀ ਵੇਖਿਆ ਕਿ ਉਥੇ ਕੋਈ ਨਾ ਕੋਈ ਉਸਾਰੀ ਦਾ ਕੰਮ ਚਲੀ ਜਾਂਦਾ ਸੀ। ਮੈਂ ਜਗਿਆਸਾ ਵਸ ਪੁੱਛ ਹੀ ਲਿਆ ਕਿ ਇਤਨੀ ਦੇਰ ਤੋਂ ਕੀ ਉਸਾਰੀ ਜਾ ਰਹੇ ਹੋ? ਉਸਨੇ ਜੁਆਬ ਦਿੱਤਾ ਕਿ ਵੀਰ ਜੀ! ਕੁੱਝ ਨਾ ਕੁੱਝ ਲਾਈ ਰੱਖੀ ਦਾ ਹੈ। ਕਿਉਂਕਿ ਸੰਗਤ ਮਾਇਆ ਕਾਰ ਸੇਵਾ ਵਾਸਤੇ ਹੀ ਦੇਂਦੀ ਹੈ। ਜਿਤਨੀ ਦੇਰ ਉਸਾਰੀ ਚਲਦੀ ਹੈ, ਮਾਇਆ ਆਈ ਜਾਂਦੀ ਹੈ। ਨਾਲੇ ਸੰਗਤ ਪ੍ਰਸੰਨ ਰਹਿੰਦੀ ਹੈ ਕਿ ਇਸ ਪ੍ਰਧਾਨ ਨੇ ਕਿਤਨੀ ਉਸਾਰੀ ਕਰਾਈ ਹੈ, ਜਿਸ ਦਾ ਲਾਹਾ ਅਗਲੀਆਂ ਚੋਣਾਂ ਵਿੱਚ ਮਿਲਦਾ ਹੈ।

ਜੋ ਜ਼ੁਲਮ ਸਿੱਖ ਕੌਮ `ਤੇ ਇਨ੍ਹਾਂ ਕਾਰ ਸੇਵਾ ਵਾਲੇ ਡੇਰਿਆਂ ਨੇ ਢਾਹਿਆ ਹੈ, ਉਹ ਕਿਸੇ ਤਰ੍ਹਾਂ ਵੀ ਦੂਸਰੇ ਡੇਰਿਆਂ ਵਲੋਂ ਕੀਤੀ ਬਰਬਾਦੀ ਨਾਲੋਂ ਘੱਟ ਨਹੀਂ, ਬਲਕਿ ਉਸ ਤੋਂ ਕੁੱਝ ਵਧ ਹੀ ਹੈ। ਜੇ ਦੂਸਰੇ ਡੇਰਿਆਂ ਨੇ ਸੰਗਤਾਂ ਨੂੰ ਮਾਨਸਿਕ ਗੁਲਾਮ ਬਨਾਉਣ ਤੋਂ ਇਲਾਵਾ, ਸਿੱਖੀ ਨੂੰ ਸਿਧਾਂਤਕ ਅਤੇ ਆਰਥਕ ਤੌਰ `ਤੇ ਕੰਗਾਲ ਕੀਤਾ ਹੈ ਤਾਂ ਇਨ੍ਹਾਂ ਉਸ ਤੋਂ ਅੱਗੇ ਇਤਿਹਾਸਕ ਤੌਰ `ਤੇ ਵੀ ਸਿੱਖ ਕੌਮ ਦਾ ਉਜਾੜਾ ਕੀਤਾ ਹੈ।

ਸਿੱਖ ਕੌਮ ਦਾ ਇਤਿਹਾਸਕ ਉਜਾੜਾ:

ਸਿੱਖ ਕੌਮ ਦੁਨੀਆਂ ਦੀ ਨਵੀਨਤਮ ਕੌਮ ਹੈ, ਜਿਸ ਦੇ ਇਤਿਹਾਸ ਦੇ ਬਹੁਤੇ ਸਾਖਸ਼ਾਤ ਪ੍ਰਮਾਣ ਮਿਲਦੇ ਹਨ। ਇਹ ਪ੍ਰਮਾਣ ਪ੍ਰਾਚੀਨ ਇਤਿਹਾਸਕ ਸਥਾਨਾਂ, ਇਮਾਰਤਾਂ, ਸਾਜੋ ਸਮਾਨ, ਅਸਤ੍ਰ ਸ਼ਸਤ੍ਰ, ਸੰਸਥਾਵਾਂ ਅਤੇ ਸਾਹਿਤ ਦੇ ਰੂਪ ਵਿੱਚ ਹੁੰਦੇ ਹਨ। ਇਹ ਸਭ ਚੀਜ਼ਾਂ ਕਿਸੇ ਕੌਮ ਵਾਸਤੇ ਇੱਕ ਕੀਮਤੀ ਵਿਰਾਸਤ ਹੁਦੀਆਂ ਹਨ। ਹਰ ਕੌਮ ਆਪਣੀਆਂ ਇਨ੍ਹਾਂ ਅਨਮੋਲ ਵਿਰਾਸਤਾਂ ਦੀ ਵਿਸ਼ੇਸ਼ ਸੰਭਾਲ ਕਰਦੀ ਹੈ।

ਪ੍ਰਮਾਣ ਦੇ ਤੌਰ ਤੇ, ੧੧੯੦-੯੨ ਦੇ ਨੇੜੇ ਦਿੱਲੀ ਵਿੱਚ ਕੁਤਬ-ਦੀਨ-ਐਬਕ ਵਲੋਂ ਬਣਵਾਈ ਗਈ ‘ਕੁਤਬ ਮਿਨਾਰ` ਜੇ ਤੁਰਕੀ ਤੋਂ ਹਮਲਾਵਾਰ ਹੋ ਕੇ ਆਏ ਤੁਰਕਾਂ ਦੇ ਗੁਲਾਮ ਵੰਸ ਦੇ ਭਾਰਤ ਵਿੱਚ ਰਾਜ ਦਾ ਸਾਖਸ਼ਾਤ ਪ੍ਰਮਾਣ ਹੈ ਤਾਂ ੧੬੩੯ ਵਿੱਚ ਮੁਗਲ ਬਾਦਸ਼ਾਹ ਸ਼ਹਿਨਸ਼ਾਹ ਵਲੋਂ ਬਣਵਾਇਆ ਗਿਆ ਲਾਲ ਕਿਲਾ ਦਿੱਲੀ ਦੀ ਛਾਤੀ `ਤੇ ਖੜਾ, ਭਾਰਤ `ਤੇ ਮੁਗਲਾਂ ਦੇ ਦੋ ਸੌ ਸਾਲ ਤੋਂ ਵਧੇਰੇ ਸਮੇਂ ਦੇ ਰਾਜ ਦੀ ਗਵਾਹੀ ਭਰਦਾ ਹੈ। ਇਨ੍ਹਾਂ ਦੋਹਾਂ ਵਿੱਚ ਇੱਕ ਵਿਲਖਣਤਾ ਇਹ ਹੈ ਕਿ ਇਤਨੀਆਂ ਸਦੀਆਂ ਬੀਤ ਜਾਣ `ਤੇ ਵੀ ਇਨ੍ਹਾਂ ਦੇ ਮੂਲ ਰੂਪ ਨੂੰ ਉਂਝੇ ਬਰਕਰਾਰ ਰਖਿਆ ਗਿਆ ਹੈ। ਇਨ੍ਹਾਂ ਦੇ ਇਤਨਾ ਪੁਰਾਣਾ ਹੋਣ `ਤੇ ਕੋਈ ਸ਼ੰਕਾ ਨਹੀਂ ਕੀਤਾ ਜਾ ਸਕਦਾ।

ਜਿਸ ਕੌਮ ਨੂੰ ਖ਼ਤਮ ਕਰਨਾ ਹੋਵੇ, ਉਸ ਦੀ ਵਿਰਾਸਤ ਦੁਸ਼ਮਨਾਂ ਵਲੋਂ ਬਰਬਾਦ ਕਰ ਦਿੱਤੀ ਜਾਂਦੀ ਹੈ। ਉਸਦੀ ਜਗ੍ਹਾ `ਤੇ ਭੁਲੇਖਾ ਪਾਊ ਨਵੀਆਂ ਵਿਰਾਸਤਾਂ ਉਸਾਰ ਦਿੱਤੀਆਂ ਜਾਂਦੀਆ ਹਨ। ਜਿਸ ਤਰ੍ਹਾਂ ਭਾਰਤ ਵਿਚੋਂ ਬੁੱਧ ਧਰਮ ਦੀ ਹਰ ਸਿਧਾਂਤਕ ਨਿਸ਼ਾਨੀ ਮਿਟਾਉਣ ਦੀ ਕੋਸ਼ਿਸ਼ ਕੀਤੀ ਗਈ। ਉਨ੍ਹਾਂ ਦੇ ਮਹਾਨ ਰਾਜਭਾਗ ਦੀਆਂ ਪ੍ਰਮਾਣਿਕ ਇਮਾਰਤਾਂ ਢਹਿ ਢੇਰੀ ਕਰ ਦਿੱਤੀਆਂ ਗਈਆਂ। ਬੋਧੀਆਂ ਦੇ ਰਾਜ ਦੇ ਸਮੇਂ ਦੀ ਵਿਸ਼ਵ ਪ੍ਰਸਿਧ ਯੂਨੀਵਰਸਿਟੀ ਨਾਲੰਦਾ ਜੋ ਪਟਨਾ ਤੋਂ ਤਕਰੀਬਨ ਸੌ ਕਿਲੋਮੀਟਰ ਮਗਧ ਵਿੱਚ ਸਥਾਪਤ ਸੀ, ਸਾੜ ਕੇ ਸੁਆਹ ਕਰ ਦਿੱਤੀ ਗਈ। ਕਿਸੇ ਸਮੇਂ ਚੀਨ, ਤਿਬੱਤ, ਕੋਰੀਆ ਆਦਿ ਦੇਸ਼ਾਂ ਤੋਂ ਵਿਦਿਆਰਥੀ ਉਥੇ ਪੜ੍ਹਨ ਲਈ ਆਉਂਦੇ ਸਨ। ਕਿਹਾ ਜਾਂਦਾ ਹੈ ਕਿ ਉਥੇ ਪੜ੍ਹਦੇ ਦਸ ਹਜ਼ਾਰ ਦੇ ਕਰੀਬ ਵਿਦਿਆਰਥੀਆਂ ਵਿਚੋਂ ਵੀ ਬਹੁਤੇ ਨਾਲ ਹੀ ਸਾੜ ਦਿੱਤੇ ਗਏ `ਤੇ ਵਿਚੇ ਹੀ ਉਨ੍ਹਾਂ ਦਾ ਪ੍ਰਮੁਖ ਸਹਿਤ ਫੂਕ ਦਿੱਤਾ ਗਿਆ। ਉਸ ਦੀ ਜਗ੍ਹਾ `ਤੇ ਨਵਾਂ ਬ੍ਰਾਹਮਣੀ ਮਿਲਾਵਟ ਵਾਲਾ ਸਾਹਿਤ ਘੁਸੇੜ ਦਿੱਤਾ ਗਿਆ। ਮਹਾਤਮਾ ਬੁੱਧ ਨੇ ਮੂਰਤੀ ਪੂਜਾ ਦੇ ਖਿਲਾਫ ਪ੍ਰਚਾਰ ਕੀਤਾ ਸੀ। ਉਸੇ ਮਹਾਤਮਾ ਬੁੱਧ ਦੀਆਂ ਹਜ਼ਾਰਾਂ ਮੂਰਤੀਆਂ ਬਣਾ ਦਿੱਤੀਆਂ ਗਈਆਂ। ੨੦੧੬ ਵਿੱਚ ਯੁਨੈਸਕੋ ਵਲੋਂ ਨਾਲੰਦਾ ਯੂਨੀਵਰਸਿਟੀ ਵਾਲੇ ਸਥਾਨ ਨੂੰ ਵਿਸ਼ਵ ਵਿਰਾਸਤ ਦਾ ਦਰਜਾ ਦੇ ਕੇ ਉਸ ਸਥਾਨ ਦਾ ਪ੍ਰਬੰਧ ਅਤੇ ਸੰਭਾਲ ਆਪਣੇ ਅਧੀਨ ਲੈ ਲਈ। ਹੁਣ ਜਦੋਂ ਨਾਲੰਦਾ ਯੂਨੀਵਰਸਿਟੀ ਵਾਲੇ ਸਥਾਨ ਦੀ ਖੁਦਾਈ ਕਰਵਾਈ ਜਾ ਰਹੀ ਹੈ ਤਾਂ ਉਸ ਦੇ ਖੰਡਰ ਵੇਖ ਕੇ ਮਨ ਹੈਰਾਨ ਹੋ ਜਾਂਦਾ ਹੈ ਕਿ ਬੋਧੀ ਰਾਜਿਆਂ ਦੇ ਰਾਜ ਸਮੇਂ ਤਕਨੀਕੀ ਤੌਰ `ਤੇ ਕਿਤਨਾ ਵਿਕਾਸ ਸੀ। ਉਨ੍ਹਾਂ ਖੰਡਰਾਤ ਦੀਆਂ ਕਾਲੀਆਂ ਦੀਵਾਰਾਂ ਉਥੇ ਵਰਤਾਏ ਅਗਨੀ ਕਾਂਡ ਦੀ ਅੱਜ ਵੀ ਗਵਾਹੀ ਭਰਦੀਆਂ ਹਨ।

ਵਿਰਾਸਤ ਦੇ ਤੌਰ `ਤੇ ਸਿੱਖ ਕੌਮ ਕੋਲ ਸਭ ਤੋਂ ਪਹਿਲਾਂ ਗੁਰੂ ਸਾਹਿਬਨ ਦੇ ਜੀਵਨ ਨਾਲ ਸਬੰਧਤ ਇਤਿਹਾਸਕ ਸਥਾਨ ਹਨ, ਇਸ ਤੋਂ ਇਲਾਵਾ ਸਿੱਖ ਗੁਰੂ ਸਹਿਬਾਨ ਨੇ ਮਨੁੱਖਤਾ ਦੀ ਭਲਾਈ ਦੇ ਇਤਨੇ ਕਾਰਜ ਕੀਤੇ ਹਨ ਕਿ ਥਾਂ ਥਾਂ `ਤੇ ਇਨ੍ਹਾਂ ਦੇ ਪ੍ਰਮਾਣ ਮਿਲਦੇ ਹਨ ਜਿਵੇਂ ਕਿ ਅੰਮ੍ਰਿਤਸਰ ਦੇ ਨੇੜੇ ਛੇ ਹਰਟਾਂ ਵਾਲਾ ਖੂਹ ਬਨਵਾਉਣਾ, ਜਿਸ ਤੋਂ ਉਸ ਨਗਰ ਦਾ ਨਾਂ ਹੀ ਛੇਹਰਟਾ ਪਿਆ, ਗੁਰੂ ਕੀ ਵਡਾਲੀ ਵਿੱਚ ਦੋ ਹਰਟਾਂ ਵਾਲਾ ਖੂਹ ਬਨਵਾਉਣਾ, ਸ੍ਰੀ ਹਰ ਗੋਬਿੰਦਪੁਰ ਵਿੱਚ ਮੁਸਲਮਾਨਾਂ ਵਾਸਤੇ ਮਸੀਤ ਬਨਵਾਉਣੀ, ਗੋਇੰਦਵਾਲ ਵਿੱਚ ਬਉਲੀ ਤਿਆਰ ਕਰਵਾਉਣੀ ਅਤੇ ਅਨੇਕਾਂ ਨਵੇਂ ਨਗਰ ਵਸਾਉਣੇ। ਇਸ ਤੋਂ ਇਲਾਵਾ ਗੁਰੂ ਸਾਹਿਬਾਨ ਨੇ ਅਤੇ ਗੁਰਸਿੱਖਾਂ ਨੇ ਅਨੇਕ ਕੁਰਬਾਨੀਆਂ ਕਰਕੇ ਇੱਕ ਵਿਲੱਖਣ ਇਤਿਹਾਸ ਰਚਿਆ ਹੈ, ਜਿਸ ਦੀਆਂ ਪੈੜਾਂ ਅਜੇ ਵੀ ਸਜਰੀਆਂ ਮਿਲਦੀਆਂ ਹਨ।

ਇਤਨੀ ਮਾਨਮਤੀ ਵਿਰਾਸਤ ਸ਼ਾਇਦ ਹੀ ਕਿਸੇ ਹੋਰ ਕੌਮ ਕੋਲ ਹੋਵੇ। ਇਸਨੂੰ ਹਰ ਕੀਮਤ `ਤੇ ਸੰਭਾਲਣ ਦੀ ਲੋੜ ਸੀ। ਸਾਡੀ ਕੌਮ ਦੀ ਵਿਰਾਸਤ ਨੂੰ ਬਰਬਾਦ ਕਰਨ ਲਈ ਕਿਸੇ ਬਾਹਰਲੇ ਦੁਸ਼ਮਨ ਦੀ ਲੋੜ ਨਹੀਂ ਪਈ। ਇਨ੍ਹਾਂ ਕਾਰ ਸੇਵਾ ਵਾਲੇ ਡੇਰਿਆਂ ਨੇ ਗੁਰਦੁਆਰਿਆਂ ਦੇ ਨਵੀਨੀ ਕਰਨ ਅਤੇ ਸੁੰਦਰੀ ਕਰਨ ਦੇ ਨਾਂ `ਤੇ ਇਸ ਅਨਮੋਲ ਵਿਰਾਸਤ ਨੂੰ ਪੁਰੀ ਤਰ੍ਹਾਂ ਬਰਬਾਦ ਕਰ ਦਿੱਤਾ ਹੈ। ਅੱਜ ਕਿਸੇ ਇਤਿਹਾਸਕ ਸਥਾਨ `ਤੇ ਚਲੇ ਜਾਓ, ਇਕੋ ਜਿਹੇ ਮਿਲਦੇ ਜੁਲਦੇ ਰੂਪ ਵਿੱਚ ਸੰਗਮਰਮਰ ਦੀਆਂ ਬੁਲੰਦ ਗੁਰਦੁਆਰਿਆਂ ਦੀਆਂ ਇਮਾਰਤਾਂ ਹੀ ਨਜ਼ਰ ਆਉਣਗੀਆਂ। ਇਤਿਹਾਸ ਦੀ ਗਵਾਹੀ ਭਰਦਾ ਕੋਈ ਸਥਾਨ ਮੌਲਿਕ ਰੂਪ ਵਿੱਚ ਕਿਧਰੇ ਵੀ ਨਜ਼ਰ ਨਹੀਂ ਆਉਂਦਾ।

ਆਪਣੇ ਬਚਪਨ ਵਿੱਚ ਦਾਸ ਨੇ ਅੰਮ੍ਰਿਤਸਰ ਵਿੱਚ ਰਹਿੰਦੇ ਗੁਰੂ ਹਰਗੋਬਿੰਦ ਸਾਹਿਬ ਵਲੋਂ ਬਨਵਾਇਆ ਲੋਹਗੜ੍ਹ ਕਿਲਾ ਅਤੇ ਕਾਠ ਦੀ ਤੋਪ, ਕਾਫੀ ਪੁਰਾਣੇ ਰੂਪ ਵਿੱਚ ਵੇਖੇ ਸਨ। ਜੁਆਨੀ ਦੀ ਉਮਰ ਵਿੱਚ ਚਮਕੌਰ ਦੀ ਕੱਚੀ ਗੜ੍ਹੀ ਵੀ ਤਕਰੀਬਨ ਕੱਚੀ ਵੇਖੀ ਸੀ। ਸਰਹੰਦ ਦੀਆਂ ਗਲੀਆਂ ਵਿੱਚ ਪੁਰਾਤਨ ਛੋਟੀਆਂ ਇੱਟਾਂ ਦੇ ਖੰਡਰ ਅਤੇ ਫਤਿਹਗੜ੍ਹ ਸਾਹਿਬ ਵਿੱਚ ਉਹ ਜ਼ੁਲਮੀ ਦੀਵਾਰਾਂ ਵੀ ਦੇਖੀਆਂ ਸਨ, ਜਿਨ੍ਹਾਂ ਵਿੱਚ ਗੁਰੂ ਗੋਬਿੰਦ ਸਿੰਘ ਪਾਤਿਸ਼ਾਹ ਦੇ ਛੋਟੇ ਲਾਲਾਂ ਨੂੰ ਜਿਉਂਦੇ ਚਿਣ ਕੇ ਸ਼ਹੀਦ ਕੀਤਾ ਗਿਆ ਸੀ। ਉਸ ਰੂਪ ਵਿੱਚ ਇਹ ਸਥਾਨ ਆਪਣਾ ਇਤਿਹਾਸ ਆਪ ਬੋਲਦੇ ਸਨ। ਜਾਪਦਾ ਸੀ, ਇਨ੍ਹਾਂ ਬਾਰੇ ਪੜ੍ਹਿਆ ਸੁਣਿਆ ਇਤਿਹਾਸ ਇਹ ਆਪ ਬਿਆਨ ਕਰ ਰਹੇ ਹੋਣ। ਅੱਜ ਐਸੇ ਸਭ ਇਤਿਹਾਸਕ ਪ੍ਰਮਾਣ ਕਾਰ ਸੇਵਾ ਵਾਲੇ ਬਾਬਿਆਂ ਦੀ ਭੇਟਾ ਚੜ੍ਹ ਚੁੱਕੇ ਹਨ। ਜਿਥੇ ਚਲੇ ਜਾਓ, ਇਕੋ ਜਿਹਾ ਪ੍ਰਭਾਵ ਹੀ ਮਿਲਦਾ ਹੈ। ਇਸ ਸਬੰਧ ਵਿੱਚ ਕਾਫੀ ਸਾਲ ਪਹਿਲੇ ਟ੍ਰਿਬਿਊਨ ਅਖਬਾਰ ਵਿੱਚ ਫੌਜ ਦੇ ਇੱਕ ਰਿਟਾਇਰਡ ਕਰਨਲ ਵਲੋਂ ਇਸੇ ਵਿਸ਼ੇ `ਤੇ ਲਿਖਿਆ ਇੱਕ ਵਧੀਆ ਲੇਖ, ਜੋ ਇੱਕ ਸੂਝਵਾਨ ਸਿੱਖ ਦੇ ਮਨ ਦਾ ਸੱਚਾ ਦਰਦ ਬਿਆਨ ਕਰਦਾ ਹੈ, ਪਾਠਕਾਂ ਨਾਲ ਸਾਂਝਾ ਕਰ ਕੇ ਅੱਗੇ ਚਲਦੇ ਹਾਂ। ਇਹ ਕਰਨਲ ਸਾਬ੍ਹ ਲਿਖਦੇ ਹਨ:

"ਬਚਪਨ ਵਿੱਚ ਸਾਡੇ ਦਾਦਾ ਜੀ ਸਾਨੂੰ ਫਤਿਹਗੜ੍ਹ ਸਾਹਿਬ ਗੁਰਦੁਆਰੇ ਦਰਸ਼ਨ ਕਰਾਉਣ ਲਈ ਨਾਲ ਲੈ ਕੇ ਜਾਂਦੇ ਸਨ। ਰਸਤੇ ਵਿੱਚ ਬੱਸ ਵਿੱਚ ਬੈਠੇ ਉਹ ਸਾਨੂੰ ਇਤਿਹਾਸ ਸੁਣਾਉਂਦੇ ਕਿ ਜਿਸ ਸਥਾਨ `ਤੇ ਮੈਂ ਤੁਹਾਨੂੰ ਲੈ ਕੇ ਜਾ ਰਿਹਾ ਹਾਂ, ਉਥੇ ਸਰਹੰਦ ਦੇ ਨਵਾਬ ਵਜੀਦ ਖਾਨ ਨੇ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਬੇਕਸੂਰ ਛੋਟੇ ਸਾਹਿਬਜ਼ਾਦਿਆਂ, ਬਾਬਾ ਜੋਰਾਵਰ ਸਿੰਘ ਅਤੇ ਬਾਬਾ ਫਤਹਿ ਸਿੰਘ ਨੂੰ ਦੀਵਾਰਾਂ ਵਿੱਚ ਚਿਣਵਾ ਕੇ ਸ਼ਹੀਦ ਕਰਵਾ ਦਿੱਤਾ ਸੀ। ਵਜੀਦ ਖਾਨ ਨੇ ਉਨ੍ਹਾਂ ਨੂੰ ਬੜੇ ਲਾਲਚ ਅਤੇ ਡਰਾਵੇ ਦਿੱਤੇ ਪਰ ਛੇ ਅਤੇ ਅਠ ਸਾਲ ਦੇ ਸਾਹਿਬਜ਼ਾਦੇ ਰਤਾ ਵੀ ਨਹੀਂ ਡੋਲੇ। ਉਨ੍ਹਾਂ ਜ਼ਿੰਦਾ ਨੀਹਾਂ ਵਿੱਚ ਚਿਣਵਾਏ ਜਾਣਾ ਕਬੂਲ ਕਰ ਲਿਆ ਪਰ ਧਰਮ ਨਹੀਂ ਹਾਰਿਆ। ਫੇਰ ਬਾਬਾ ਬੰਦਾ ਸਿੰਘ ਬਹਾਦਰ ਉਸ ਵਜੀਦ ਖਾਨ ਨੂੰ ਉਸ ਦੇ ਪਾਪਾਂ ਦੀ ਸਜ਼ਾ ਦੇਣ ਆਇਆ। ਉਸ ਨੇ ਸਰਹੰਦ ਦੀ ਇੱਟ ਨਾਲ ਇੱਟ ਖੜਕਾ ਦਿੱਤੀ ਅਤੇ ਵਜੀਦ ਖਾਨ ਨੂੰ ਮੌਤ ਦੇ ਘਾਟ ਉਤਾਰ ਦਿੱਤਾ।

ਬੱਸ `ਚੋਂ ਉਤਰ ਕੇ ਜਦੋਂ ਅਸੀਂ ਸਰਹੰਦ ਦੀਆਂ ਗੱਲੀਆਂ ਵਿਚੋਂ ਲੰਘਦੇ, ਉਥੇ ਖਿਲਰੀਆਂ ਠੀਕਰੀਆਂ ਵੇਖ ਕੇ ਅਸੀਂ ਦਾਦਾ ਜੀ ਨੂੰ ਪੁੱਛਦੇ ਤਾਂ ਉਹ ਦਸਦੇ ਕਿ ਮੈਂ ਤੁਹਾਨੂੰ ਦੱਸਿਆ ਸੀ ਕਿ ਜਦੋਂ ਬਾਬਾ ਬੰਦਾ ਸਿੰਘ ਬਹਾਦਰ ਵਜੀਦ ਖਾਨ ਨੂੰ ਸਜ਼ਾ ਯਾਫਤਾ ਕਰਨ ਆਇਆ ਸੀ, ਉਸ ਨੇ ਸਰਹੰਦ ਦੀ ਇੱਟ ਨਾਲ ਇੱਟ ਖੜਕਾ ਦਿੱਤੀ ਸੀ, ਇਹ ਠੀਕਰੀਆਂ ਅੱਜ ਵੀ ਇਸ ਦਾ ਸਬੂਤ ਹਨ। ਫਤਹਿਗੜ੍ਹ ਸਾਹਿਬ ਗੁਰਦੁਆਰੇ ਜਾ ਕੇ ਸਾਨੂੰ ਉਹ ਦੀਵਾਰਾਂ ਦਿਖਾਂਦੇ ਜਿਨ੍ਹਾਂ ਵਿੱਚ ਛੋਟੇ ਸਾਹਿਬਜ਼ਾਦਿਆਂ ਨੂੰ ਖੜੇ ਕਰ ਕੇ ਜ਼ਿੰਦਾ ਚਿਣਿਆਂ ਗਿਆ ਸੀ। ਇੰਝ ਜਾਪਦਾ ਜਿਵੇਂ ਅਸੀਂ ਇਤਿਹਾਸ ਸਾਖ਼ਸ਼ਾਤ ਵਾਪਰਦਾ ਵੇਖ ਰਹੇ ਹੋਈਏ। ਇਸ ਨੇ ਸਾਡੇ ਮਨਾਂ ਵਿੱਚ ਜਿਥੇ ਸਿੱਖੀ ਦੀਆਂ ਜੜ੍ਹਾਂ ਬਹੁਤ ਮਜ਼ਬੂਤ ਕਰ ਦਿੱਤੀਆਂ ਉਥੇ ਕੌਮ ਪ੍ਰਤੀ ਭਾਰੀ ਸਤਿਕਾਰ ਅਤੇ ਜਜ਼ਬਾ ਭਰ ਦਿੱਤਾ।

ਮੈਂ ਫੌਜ `ਚੋਂ ਰਿਟਾਇਰ ਹੋ ਕੇ ਆਇਆ ਤਾਂ ਸੋਚਿਆ ਕਿ ਆਪਣੇ ਬੱਚਿਆਂ ਪ੍ਰਤੀ ਆਪਣੇ ਦਾਦਾ ਜੀ ਵਾਲਾ ਫਰਜ਼ ਮੈਨੂੰ ਵੀ ਨਿਭਾਉਣਾ ਚਾਹੀਦਾ ਹੈ। ਮੈਂ ਵੀ ਆਪਣੇ ਪੋਤਰੇ, ਪੋਤੀਆਂ ਨੂੰ ਫਤਹਿਗੜ੍ਹ ਸਾਹਿਬ ਦੇ ਦਰਸ਼ਨ ਕਰਾਉਣ ਲਈ ਲੈ ਕੇ ਗਿਆ। ਰਸਤੇ ਵਿੱਚ ਮੈਂ ਵੀ ਉਨ੍ਹਾਂ ਨੂੰ ਸਾਰਾ ਇਤਿਹਾਸ ਸੁਣਾਇਆ। ਜਦੋਂ ਅਸੀ ਸਰਹੰਦ ਦੀਆਂ ਗਲੀਆਂ ਵਿਚੋਂ ਲੰਘੇ, ਸਾਨੂੰ ਉਥੇ ਕੋਈ ਠੀਕਰੀਆਂ ਨਜ਼ਰ ਨਹੀਂ ਆਈਆਂ। ਮੈਂ ਲੋਕਾਂ ਨੂੰ ਪੱਛਿਆ ਤਾਂ ਉਹ ਕਹਿਣ ਲੱਗੇ ਕਿ ਜੀ ਹੁਣ ਨਗਰ ਦਾ ਵਿਕਾਸ ਹੋ ਗਿਆ ਹੈ, ਨਵੀਆਂ ਗੱਲੀਆਂ ਬਾਜ਼ਾਰ ਬਣ ਗਏ ਹਨ। ਹੁਣ ਠੀਕਰੀਆਂ ਕਿੱਥੇ? ਮੈਂ ਪੁੱਛਿਆ ਕਿ ਕੀ ਕੋਈ ਥੋੜ੍ਹਾ ਬਹੁਤ ਇਲਾਕਾ ਇਤਿਹਾਸਕ ਪ੍ਰਮਾਣ ਦੇ ਤੌਰ `ਤੇ ਸੰਭਾਲਿਆ ਵੀ ਹੋਇਆ ਹੈ ਤਾਂ ਜੁਆਬ ਨਾਂਹ ਵਿੱਚ ਮਿਲਿਆ।

ਮੈਂ ਕੁੱਝ ਨਿਰਾਸ ਹੋ ਕੇ ਅੱਗੇ ਤੁਰ ਪਿਆ ਪਰ ਬੱਚਿਆਂ ਨੂੰ ਕਿਹਾ ਕਿ ਹੁਣ ਗੁਰਦੁਆਰੇ ਮੈਂ ਤੁਹਾਨੂੰ ਉਹ ਦੀਵਾਰਾਂ ਦਿਖਾਵਾਂਗਾ ਜਿਨ੍ਹਾਂ ਵਿੱਚ ਸਾਹਿਬਜ਼ਾਦਿਆਂ ਨੂੰ ਜ਼ਿੰਦਾ ਚਿਣਾਇਆ ਗਿਆ ਸੀ। ਪਰ ਗੁਰਦੁਆਰੇ ਜਾ ਕੇ ਮੇਰੀ ਹੈਰਾਨਗੀ ਦੀ ਕੋਈ ਹੱਦ ਨਾ ਰਹੀ, ਜਦੋਂ ਉਥੇ ਉਹ ਦੀਵਾਰਾਂ ਵੀ ਨਜ਼ਰ ਨਾ ਆਈਆਂ, ਸਗੋਂ ਉਨ੍ਹਾਂ ਦੀ ਜਗ੍ਹਾ `ਤੇ ਇੱਕ ਸੰਗਮਰਮਰ ਦਾ ਥੜ੍ਹਾ ਬਣਾ ਕੇ, ਉਤੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕੀਤਾ ਹੋਇਆ ਸੀ। ਜੋ ਪ੍ਰੇਰਨਾ ਮੈਨੂੰ ਉਨ੍ਹਾਂ ਇਤਿਹਾਸਕ ਯਾਦਗਾਰਾਂ ਤੋਂ ਮਿਲੀ ਸੀ ਮੈਂ ਉਹ ਆਪਣੇ ਪੋਤੇ ਪੋਤੀਆਂ ਤੱਕ ਨਹੀਂ ਪਹੁੰਚਾ ਸਕਿਆ। "

ਸਾਡੇ ਲਾਸਾਨੀ ਇਤਿਹਾਸ `ਤੇ ਇਹ ਜ਼ੁਲਮ ਇਨ੍ਹਾਂ ਕਾਰ ਸੇਵਾ ਵਾਲੇ ਬਾਬਿਆਂ ਹੀ ਢਾਹਿਆ ਹੈ। ਬੇਸ਼ਕ ਇਸ ਦੇ ਵਾਸਤੇ ਗੁਰਦੁਆਰਿਆਂ ਦੇ ਪ੍ਰਬੰਧਕ ਆਗੂ ਵੀ ਬਰਾਬਰ ਦੇ ਜ਼ਿਮੇਂਵਾਰ ਹਨ, ਜਿਨ੍ਹਾਂ ਨੇ ਅੱਖਾਂ ਬੰਦ ਕਰ ਕੇ (ਜਾਂ ਇੱਕ ਸਾਜਸ਼ ਅਧੀਨ) ਇਹ ਸਭ ਹੋਣ ਦਿੱਤਾ। ਕਾਫੀ ਹੱਦ ਤੱਕ ਗੁਣਹਗਾਰ ਅਸੀ ਸਾਰੇ ਸਿੱਖ ਵੀ ਹਾਂ, ਜਿਨ੍ਹਾਂ ਨੇ ਬਜਾਏ ਇਸ ਦਾ ਵਿਰੋਧ ਕਰਨ ਦੇ, ਆਪਣੇ ਵੱਡਮੁਲੇ ਇਤਿਹਾਸ ਦੀ ਅਹਿਮੀਅਤ ਨਾ ਸਮਝਦੇ ਹੋਏ, ਅੰਧੀ ਸ਼ਰਧਾ ਭਾਵਨਾ ਅਧੀਨ, ਸਤਿਨਾਮ ਵਾਹਿਗੁਰੂ ਕੂਕਦੇ ਹੋਏ, ਅਨਮੋਲ ਵਿਰਾਸਤ ਨੂੰ ਟੋਕਰੀਆਂ ਵਿੱਚ ਪਾਕੇ ਨਾਲੀਆਂ ਵਿੱਚ ਰੋੜ੍ਹ ਦਿੱਤਾ ਜਾਂ ਟੋਏ ਟਿੱਬਿਆਂ ਵਿੱਚ ਦਫਨ ਕਰ ਦਿੱਤਾ।

ਪੁਰਾਤਨ ਇਤਿਹਾਸ ਦੀ ਗੱਲ ਤਾਂ ਹੋਈ ਅਸੀਂ ਹੁਣ ਵੀ ਕੀ ਸਿੱਖਿਆ ਹੈ? ਜਲਿਆਵਾਲੇ ਬਾਗ਼ ਵਿੱਚ ਗੋਲੀ ੧੩ ਅਪ੍ਰੈਲ ੧੯੧੯ ਨੂੰ ਚੱਲੀ ਸੀ। ਅੱਜ ਵੀ ਉਥੇ ਜਾਓ, ਜਗ੍ਹਾ ਜਗ੍ਹਾ `ਤੇ ਗੋਲੀਆਂ ਦੀਆਂ ਨਿਸ਼ਾਨੀਆਂ ਸੰਭਾਲੀਆਂ ਹੋਈਆਂ ਹਨ, ਨਾਲ ਲਿੱਖ ਕੇ ਲਾਇਆ ਹੈ "ਗੋਲੀਓਂ ਕੇ ਨਿਸ਼ਾਨ"। ਖੂਹ ਵਿੱਚ ਭਾਵੇਂ ਪਾਣੀ ਸੁੱਕ ਚੁੱਕਾ ਹੈ ਪਰ ਉਤੇ ਲਿਖਿਆ ਹੈ, "ਇਸ ਕੂਏਂ ਕਾ ਪਾਨੀ ਅਭੀ ਭੀ ਲਾਲ ਹੈ"। ਜੂਨ ੧੯੮੪ ਵਿੱਚ ਭਾਰਤੀ ਫੌਜ ਵਲੋਂ ਦਰਬਾਰ ਸਾਹਿਬ `ਤੇ ਕੀਤਾ ਗਿਆ ਹਮਲਾ, ਇਸ ਨਾਲੋਂ ਕਿਤੇ ਵੱਡੀ ਵਹਿਸ਼ੀ ਕਾਰਵਾਈ ਸੀ। ਜਿਸ ਵਿੱਚ ਕਿਤੇ ਵਧੇਰੇ ਸ਼ਹਾਦਤਾਂ ਹੋਈਆਂ। ਪਵਿੱਤਰ ਦਰਬਾਰ ਸਾਹਿਬ ਦਾ ਸੀਨਾ ਛਲਨੀ ਛਲਨੀ ਕਰ ਦਿੱਤਾ ਗਿਆ, ਸਾਰਾ ਦਰਬਾਰ ਸਾਹਿਬ ਸਮੂਹ ਖੰਡਰ ਬਣਾ ਦਿੱਤਾ ਗਿਆ, ਅਕਾਲ ਤਖ਼ਤ ਢਹਿ ਢੇਰੀ ਕਰ ਦਿੱਤਾ ਗਿਆ। ਇਹ ਤਾਂ ਅਜੇ ਕੱਲ ਦੀ ਗੱਲ ਹੈ।

ਦਿਨਾਂ ਵਿੱਚ ਹੀ ਸਾਰਾ ਕੁੱਝ ਪੋਚ ਪੁਚਾ ਕੇ ਹਰ ਨਿਸ਼ਾਨ ਖ਼ਤਮ ਕਰ ਦਿੱਤਾ ਗਿਆ। ਬਰਬਾਦੀ ਦੀ ਹਰ ਨਿਸ਼ਾਨੀ ਮਿੱਟਾ ਦਿੱਤੀ ਗਈ। ਇਹ ਸਭ ਸ਼੍ਰੋਮਣੀ ਕਮੇਟੀ ਦੇ ਪ੍ਰਬੰਧ ਵਿੱਚ ਅਤੇ ਮਹਾਨ ਕਾਰ ਸੇਵਾ ਸਦਕਾ ਹੀ ਹੋਇਆ ਹੈ। ਅਕਾਲ ਤਖਤ ਦੀ ਦੁਬਾਰਾ ਉਸਾਰੀ ਤਾਂ ਇਸ ਸੰਘਰਸ਼ ਦੀ ਠੇਕੇਦਾਰ ਅਖਵਾਉਣ ਵਾਲੀ ਅਖੌਤੀ ਦਮਦਮੀ ਟਕਸਾਲ ਵਲੋਂ ਕਰਾਈ ਗਈ ਹੈ, ਕੋਈ ਸੱਜਣ ਉਸ ਬਰਬਾਦੀ ਦੀ ਕੋਈ ਨਿਸ਼ਾਨੀ ਲੱਭ ਕੇ ਤਾਂ ਵਿਖਾਵੇ। ਹੁਣ ਇਸ ਘਲੂਘਾਰੇ ਦੀ ਯਾਦਗਾਰ ਵਜੋਂ ਸੰਗਮਰਮਰ ਦਾ ਇੱਕ ਹੋਰ ਗੁਰਦੁਆਰਾ ਬਣਾ ਦਿੱਤਾ ਗਿਆ ਹੈ। ਇਸਨੂੰ ਬੜੀ ਵੱਡੀ ਪ੍ਰਾਪਤੀ ਦੱਸਿਆ ਜਾ ਰਿਹਾ ਹੈ। ਕੀ ਇਸ ਸੰਗਮਰਮਰ ਦੀ ਇਮਾਰਤ `ਚੋਂ ਦਰਬਾਰ ਸਾਹਿਬ ਦੇ ਸੀਨੇ ਦਾ ਰਿਸਦਾ ਹੋਇਆ ਕੋਈ ਜ਼ਖ਼ਮ ਨਜ਼ਰ ਆ ਸਕਦਾ ਹੈ?

(ਚਲਦਾ ….)

(ਦਾਸ ਦੀ ਨਵੀਂ ਕਿਤਾਬ "ਖਾਲਸਾ ਪੰਥ ਬਨਾਮ ਡੇਰਾਵਾਦ" ਵਿਚੋਂ)

ਰਾਜਿੰਦਰ ਸਿੰਘ

(ਮੁੱਖ ਸੇਵਾਦਾਰ, ਸ਼੍ਰੋਮਣੀ ਖਾਲਸਾ ਪੰਚਾਇਤ)

email: rajindersinghskp@yahoo.co.in
.