.

ਤ੍ਰਿਯਾ ਚਰਿਤ੍ਰ ਦੀ ਨੂਪ ਕੁਅਰਿ
(ਕਿਸ਼ਤ ਤੀਜੀ)

ਸਰਵਜੀਤ ਸਿੰਘ ਸੈਕਰਾਮੈਂਟੋ

ਡਾ ਹਰਭਜਨ ਸਿੰਘ, ਕਹਾਣੀ ਦੇ ਇਸ ਹਿਸੇ ਨੂੰ ਸੰਖੇਪ ਵਿਚ ਲਿਖਦਾ ਹੈ, “ਰਾਜੇ ਅਤੇ ਅਨੂਪ ਕੌਰ ਦੇ ਵਾਰਤਾਲਾਪ ਦੇ ਕੀਮਤੀ ਅੰਸ਼ ਮੈਂ ਮਗਰੋਂ ਪ੍ਰਸਤੁਤ ਕਰਾਂਗਾ। ਰਾਜੇ ਦਾ ਹਠ ਵੇਖ ਕੇ ਉਸ ਇਸਤ੍ਰੀ ਨੇ ਡਰਾਉਣ ਵਾਸਤੇ ਚੋਰ-ਚੋਰ ਕਹਿ ਕੇ ਸ਼ੋਰ ਮਚਾਇਆ। ਉਸ ਇਸਤ੍ਰੀ ਦੇ ਸੇਵਕ ਅਤੇ ਆਸ-ਪਾਸ ਦੇ ਲੋਕ ਜਾਗ ਪਏ ਅਤੇ ਉਨ੍ਹਾਂ ਨੇ ਰਾਜੇ ਨੂੰ ਚਾਰੇ ਪਾਸਿਓਂ ਘੇਰ ਲਿਆ। ਉਨ੍ਹਾਂ ਵਿਚੋਂ ਕੁਝ ਨੇ ਤਲਵਾਰਾਂ ਸੂਤ ਲਈਆਂ ਅਤੇ ਲਲਕਾਰ ਕੇ ਕਿਹਾ “ਤੈਨੂੰ ਭਜਣ ਨਹੀਂ ਦੇਵਾਂਗੇ।” ਜਦੋਂ ਘਿਰੇ ਹੋਏ ਰਾਜੇ ਨੂੰ ਬਚਾਓ ਦਾ ਕੋਈ ਤਰੀਕਾ ਨਾ ਦਿਸਿਆ, ਤਾਂ ਉਸ ਨੇ ਅਨੂਪ ਕੌਰ ਦੇ ਭਾਈ ਦੇ ਸਿਰ ਉਤੋਂ ਪਗੜੀ ਲਾਹ ਦਿੱਤੀ ਅਤੇ ਉਸ ਨੂੰ ਪਕੜ ਕੇ ਸ਼ੋਰ ਮਚਾਇਆ ਕਿ ਚੋਰ ਇਹ ਹੈ। ਲੋਕਾਂ ਨੇ ਉਸ ਨੂੰ ਚੋਰ ਜਾਣ ਕੇ ਪਕੜ ਲਿਆ ਅਤੇ ਮਾਰ-ਕੁਟਾਈ ਕਰ ਕੇ ਅਧਿਕਾਰੀਆਂ ਦੇ ਹਵਾਲੇ ਕਰ ਦਿੱਤਾ, ਜਿਨ੍ਹਾਂ ਉਸ ਨੂੰ ਜੇਲ੍ਹ ਭੇਜ ਦਿੱਤਾ”।
ਡਾ ਜੋਧ ਸਿੰਘ ਅਤੇ ਪੰਡਿਤ ਨਰੈਣ ਸਿੰਘ ਬੜੇ ਸਪੱਸ਼ਟ ਸ਼ਬਦਾਂ ਵਿੱਚ ਲਿਖਦੇ ਹਨ ਕਿ ਲੋਕਾਂ ਨੇ ਹੱਥ ਨਾਲ ਉਹਦੀ ਦਾਹੜੀ ਫੜ ਲਈ ਅਤੇ ਉਹਦੀ ਪੱਗ ਵੀ ਲਾਹ ਦਿੱਤੀ। ਸੋਟੇ ਲਗਣ ਨਾਲ ਰਾਜਾ ਧਰਤੀ ਤੇ ਡਿੱਗ ਪਿਆ ਤੇ ਬੇਹੋਸ਼ ਹੋ ਗਿਆ ਅਤੇ ਉਹਨਾਂ ਨੇ ਰਾਜੇ ਦੇ ਹੱਥ ਬੰਨ੍ਹ ਦਿੱਤੇ। ਡਾ ਰਤਨ ਸਿੰਘ ਜੱਗੀ ਅਤੇ ਡਾ ਹਰਭਜਨ ਸਿੰਘ ਵੀ ਮੰਨਦੇ ਹਨ ਕਿ ਜੁੱਤੀ ਅਤੇ ਚਾਦਰ ਛੱਡ ਕੇ ਭਜਦਾ ਤਾਂ ਰਾਜਾ ਹੀ ਹੈ ਅਤੇ ਲੋਕਾਂ ਵੱਲੋਂ ਘੇਰਿਆ ਵੀ ਰਾਜੇ ਨੂੰ ਹੀ ਜਾਂਦਾ ਹੈ। ਪਰ ਅੱਗੋਂ ਕਹਾਣੀ ਨੂੰ ਹੋਰ ਮੋੜ ਦੇ ਦਿੰਦੇ ਹਨ। ਦਾੜ੍ਹੀ ਕਿਸ ਦੀ ਫੜੀ ਗਈ, ਪੱਗ ਕਿਸ ਦੀ ਉਤਾਰੀ ਗਈ? ਜੇ ਅਸੀਂ ਇਸ ਵਿਵਾਦ ਵਿੱਚ ਨਾ ਵੀ ਪਈਏ ਤਾਂ ਵੀ ਇਹ ਤਾਂ ਸਪੱਸ਼ਟ ਹੈ ਕਿ ਕਹਿਲੂਰ ਰਿਆਸਤ ਵਿੱਚ ਨੈਣਾਂ ਦੇਵੀ ਦੇ ਨੇੜੇ, ਸਤਲੁਜ ਨਦੀ ਕੰਢੇ ਵਸੇ ਆਨੰਦਪੁਰ ਦਾ ਰਾਜਾ ਭੇਸ ਬਦਲ ਕੇ (ਚਲਿਯੋ ਧਾਰਿ ਆਤੀਤ ਕੋ ਭੇਸ ਰਾਈ) ਨੂਪ ਕੌਰ ਦੇ ਘਰ ਗਿਆ ਹੈ। ਜੋ ਅੱਗੇ ਘਟਨਾ ਵਾਪਰਦੀ ਹੈ, ਉਸ ਦਾ ਡਾ ਹਰਭਜਨ ਸਿੰਘ ਨੇ ਬਹੁਤ ਹੀ ਰੌਚਿਕਤਾ ਭਰਪੂਰ, ਸਵਾਲ–ਜਵਾਬ ਦੇ ਰੂਪ ਵਿਚ ਸ਼ਬਦ ਚਿੱਤਰ ਉੱਕਰਿਆ ਹੈ, ਕਰੋ ਦਰਸ਼ਨ!
ਅਨੂਪ ਕੌਰ: ਮੈਂ ਸ਼ਿਵ ਦੇ ਵੈਰੀ ਕਾਮਦੇਵ ਤੋਂ ਪੀੜਿਤ ਹਾਂ। ਤੁਹਾਡੇ ਤੋਂ ਵਿਕ ਚੁਕੀ ਹਾਂ। ਮੇਰੇ ਨਾਲ ਕਾਮ-ਭੋਗ ਕਰੋ। ਪੂਜਣ ਯੋਗ ਹੋ ਗਏ ਤਾਂ ਕੀ ਹੋਇਆ? ਧਨਵਾਨ (ਗੁਣਵੰਤ) ਹੋ, ਤਾਂ ਨਿਰਧਨਾਂ (ਔਗੁਣਵੰਤਿਆਂ) ਨੂੰ ਕਿਉਂ ਸਤਾਉਂਦੇ ਹੋ? ਇਹ ਠੀਕ ਹੈ, ਤੁਸੀਂ ਰੂਪਵੰਤ ਹੋ, ਪਰ ਅਭਿਮਾਨ ਕਿਉਂ ਕਰਦੇ ਹੋ? ਧਨ, ਜੋਬਨ ਆਖ਼ਿਰ ਚਾਰ ਦਿਨਾਂ ਦਾ ਪ੍ਰਾਹੁਣਾ ਹੈ।
ਗੁਰੂ ਜੀ: ਧਰਮ-ਕਰਮ ਨਾਲ ਪਵਿਤ੍ਰ ਜੀਵਨ ਮਿਲਦਾ ਹੈ। ਧਰਮ ਤੋਂ ਹੀ ਸੁੰਦਰਤਾ ਮਿਲਦੀ ਹੈ। ਧਨ-ਧਾਮ ਧਰਮ ਤੋਂ ਮਿਲਦੇ ਹਨ। ਧਰਮ ਹੀ ਰਾਜ ਦੀ ਸ਼ੋਭਾ ਹੈ। ਤੇਰਾ ਕਿਹਾ ਮੰਨ ਕੇ ਧਰਮ ਦਾ ਤਿਆਗ ਕਿਉਂ ਕਰਾਂ? ਕਿਉਂ ਇਸ ਪਵਿਤ੍ਰ ਕਾਇਆ ਨੂੰ (ਕਾਮ ਦੇ) ਨਰਕ ਵਿੱਚ ਸੁੱਟਾਂ। ਤੇਰਾ ਕਿਹਾ ਮੰਨ ਕੇ ਕਦੇ ਕਾਮ-ਭੋਗ ਨਹੀਂ ਕਰਾਂਗਾ। ਮੈਂ ਆਪਣੀ ਕੁਲ ਨੂੰ ਕਿਉਂ ਦਾਗ਼ ਲਗਾਵਾਂ? ਮੈਂ ਵਿਆਹੁਤਾ ਪਤਨੀ ਨੂੰ ਤਿਆਗ ਕੇ ਤੇਰੇ ਨਾਲ ਕਦੇ ਵੀ ਭੋਗ ਨਹੀਂ ਕਰਾਂਗਾ। ਭੋਗ-ਵਿਲਾਸ ਕਰ ਕੇ ਮੈਂ ਧਰਮਰਾਜ ਦੀ ਸਭਾ ਵਿੱਚ ਕਿਵੇਂ ਸ਼ੋਭਾ ਪਾ ਸਕਾਂਗਾ?
ਅਨੂਪ ਕੌਰ: ਕਾਮਤੁਰ ਇਸਤ੍ਰੀ ਜੇ ਮਰਦ ਕੋਲ ਜਾਵੇ। ਉਹ ਉਸ ਨੂੰ ਨਿਰਾਸ਼ ਜਾਣ ਦੇਵੇ, ਤਾਂ ਉਸ ਨੂੰ ਮਹਾਨ ਨਰਕ ਵਿੱਚ ਹੀ ਸੁੱਟਣਾ ਚਾਹੀਦਾ ਹੈ।
ਗੁਰੂ ਜੀ: ਤੂੰ ਹਮੇਸ਼ਾ ਮੇਰੇ ਪੈਰੀਂ ਪੈਂਦੀ ਹੈਂ, ਮੇਰੀ ਪੂਜਾ ਕਰਦੀ ਹੈਂ। ਮੇਰੇ ਨਾਲ ਭੋਗ ਕਰਦਿਆਂ ਤੈਨੂੰ ਸ਼ਰਮ ਨਹੀਂ ਆਵੇਗੀ।
ਅਨੂਪ ਕੌਰ: ਸ਼੍ਰੀ ਕ੍ਰਿਸ਼ਨ ਵੀ ਜਗਤ ਵਿੱਚ ਪੂਜੇ ਜਾਂਦੇ ਸਨ, ਫਿਰ ਵੀ ਰਾਸ-ਲੀਲਾ ਰਚਦੇ ਸਨ। ਰਾਧਾ ਨਾਲ ਭੋਗ ਕਰ ਕੇ, ਉਹ ਤਾਂ ਨਹੀਂ ਨਰਕ ਵਿੱਚ ਚਲੇ ਗਏ। ਰੱਬ ਨੇ ਇਨਸਾਨ ਦੀ ਦੇਹੀ ਪੰਜ ਤਤਾਂ ਤੋਂ ਬਣਾਈ ਹੈ। ਕਾਮ-ਭੋਗਣ ਨਾਲ ਕੀ ਫ਼ਰਕ ਪੈਂਦਾ ਹੈ? ਇਸਤ੍ਰੀ-ਪੁਰੁਖ ਦੀ ਪ੍ਰੀਤ ਉਸੇ ਨੇ ਬਣਾਈ ਹੈ। ਮੇਰੇ ਸਰੀਰ ਵਿੱਚ ਕਾਮ-ਅਗਨੀ ਹੈ, ਉਸ ਨੂੰ ਤ੍ਰਿਪਤ ਕਰੋ। ਤੁਹਾਡੇ ਸੰਜੋਗ ਬਿਨਾ ਮੈਂ ਵਿਜੋਗ ਵਿੱਚ ਸੜ ਮਰਾਂਗੀ।
ਗੁਰੂ ਜੀ: ਹੇ ਜੋਬਨਵੰਤੀ! ਮਨ ਵਿੱਚ ਧੀਰਜ ਕਰ, ਕਾਮਦੇਵ ਤੇਰਾ ਕੀ ਵਿਗਾੜੇਗਾ? ਮਨ ਵਿੱਚ ਮਹਾ ਰੁਦ੍ਰ (ਪ੍ਰਭੂ) ਦਾ ਧਿਆਨ ਕਰ, ਤੇਰਾ ਕਾਮ ਦਾ ਸੰਤਾਪ ਨਸ਼ਟ ਹੋ ਜਾਵੇਗਾ। ਮੈਂ ਆਪਣੀ ਧਰਮ-ਪਤਨੀ ਤਿਆਗ ਕੇ ਨਾ ਤੈਨੂੰ ਪ੍ਰਣਾਵਾਂਗਾ, ਨਾ ਤੇਰੇ ਨਾਲ ਪ੍ਰੀਤ ਸਹਿਤ ਭੋਗ ਕਰਾਂਗਾ। ਤੇਰਾ ਕਿਹਾ ਮੰਨ ਕੇ ਕਾਮ-ਭੋਗ ਕਿਉਂ ਕਰਾਂ? ਕਿਉਂ ਨਰਕ ਵਿੱਚ ਜਾਵਾਂ? ਮੈਂ ਧਰਮ ਦੇ ਵੈਰੀ ਕਾਮ ਨੂੰ ਕਦੇ ਗ੍ਰਹਿਣ ਨਹੀਂ ਕਰ ਸਕਦਾ। ਕਾਮ ਵਿੱਚ (ਦੁਨੀਆਂ ਅੰਦਰ) ਮੇਰੇ ਅਪਜਸ ਦੀ ਕਥਾ ਚਲ ਪਵੇਗੀ। ਮੈਂ ਲੋਕਾਂ ਨੂੰ ਮੂੰਹ ਕਿਵੇਂ ਵਿਖਾਵਾਂਗਾ? ਧਰਮ ਰਾਜ ਨੂੰ ਜਵਾਬ ਕਿਵੇਂ ਦੇਵਾਂਗਾ? ਹੇ ਸੁੰਦਰੀ! ਮੇਰੇ ਨਾਲ ਇਸ਼ਕ ਦੇ ਵਿਚਾਰ ਛਡ ਦੇ। ਜੋ ਤੂੰ ਕਹਿ ਦਿਤਾ ਸੋ ਕਹਿ ਦਿਤਾ, ਫਿਰ ਅਜਿਹਾ ਕਹਿਣ ਦਾ ਕਦੇ ਸਾਹਸ ਨਾ ਕਰਨਾ।
ਅਨੂਪ ਕੌਰ: ਹੇ ਪ੍ਰੀਤਮ! ਮੇਰੇ ਨਾਲ ਭੋਗ ਕਰ ਕੇ ਨਰਕ ਵਿੱਚ ਨਹੀਂ ਜਾਓਗੇ। ਤੁਸੀਂ ਮਨ ਵਿਚੋਂ ਇਹ ਡਰ ਤਿਆਗ ਦਿਓ। ਲੋਕ ਤੁਹਾਡੀ ਨਿੰਦਾ ਨਹੀਂ ਕਰ ਸਕਦੇ, ਉਹ ਤੁਹਾਡੇ ਤੋਂ ਡਰਦੇ ਹਨ। ਫਿਰ ਜੇ ਕਿਸੇ ਨੂੰ ਪਤਾ ਲਗੇਗਾ, ਤਾਂ ਹੀ ਨਿੰਦਾ ਕਰੇਗਾ। ਜੇ ਕੋਈ ਜਾਣ ਵੀ ਲਵੇ, ਤੁਹਾਡੇ ਤੋਂ ਡਰ ਕੇ ਚੁਪ ਰਹੇਗਾ। ਭੋਗ ਨਾ ਕਰੋਗੇ, ਤਾਂ ਲੱਤ ਹੇਠੋਂ ਨਿਕਲਣਾ ਹੋਵੇਗਾ।
ਗੁਰੂ ਜੀ: ਲੱਤਾਂ ਹੇਠੋਂ ਉਹ ਨਿਕਲੇਗਾ, ਜੋ ਕਾਮ ਦੇ ਅਸਮਰਥ ਹੋਵੇ। ਨਪੁੰਸਕ ਹੋਵੇ। ਮੈਂ ਧਰਮ ਦਾ ਬੰਨ੍ਹਿਆ, ਲੋਕ ਮਰਯਾਦਾ ਦਾ ਬੰਨ੍ਹਿਆ ਕਾਮ-ਭੋਗ ਤੋਂ ਨਿਰਲਿਪਤ ਰਹਿੰਦਾ ਹਾਂ। ਕਿਸੇ ਸਰੀਰਿਕ ਹੀਣਤਾ ਕਾਰਨ ਨਹੀਂ॥
ਅਨੂਪ ਕੌਰ: ਤੁਸੀਂ ਅਨੇਕ ਯਤਨ ਕਰ ਕੇ ਵੀ ਇਥੋਂ ਭੋਗ-ਵਿਲਾਸ ਕੀਤੇ ਬਿਨਾ ਜਾ ਨਹੀਂ ਸਕਦੇ। ਅਜ ਰਾਤ ਕਾਮ-ਕ੍ਰੀੜਾ ਕਰਨੀ ਹੋਵੇਗੀ। ਤੁਹਾਡੇ ਲਈ ਮੈਂ ਕਾਸ਼ੀ ਵਿੱਚ ਆਰੇ ਨਾਲ ਚੀਰੇ ਜਾਣ ਵਾਸਤੇ ਤਿਆਰ ਹਾਂ। ਧਰਮਰਾਜ ਦੀ ਸਭਾ ਵਿੱਚ ਡਟ ਕੇ ਉਤਰ ਦੇ ਸਕਦੀ ਹਾਂ। ਅਜ ਦੀ ਰਾਤ ਮੈਂ ਰੁਚੀ ਪੂਰਵਕ ਤੁਹਾਡੇ ਨਾਲ ਕਾਮ-ਆਨੰਦ ਮਾਣਾਂਗੀ। ਤੁਹਾਡੇ ਸੰਜੋਗ ਨਾਲ ਮੈਂ ਅਜ ਸ਼ਿਵ ਦੇ ਵੈਰੀ ਕਾਮਦੇਵ ਦਾ ਅਹੰਕਾਰ ਤੋੜ ਦੇਵਾਂਗੀ।
ਗੁਰੂ ਜੀ: ਪਹਿਲਾਂ ਤਾਂ ਅਕਾਲ-ਪੁਰੁਖ ਨੇ ਮੈਨੂੰ ਖਤਰੀਆਂ ਦੀ ਸ਼੍ਰੇਸ਼ਠ ਕੁਲ ਵਿੱਚ ਪੈਦਾ ਕੀਤਾ ਹੈ। ਫਿਰ (ਗੁਰੁਗਦੀ ਤੇ ਵਿਰਾਜਮਾਨ ਕਰ ਕੇ) ਸਾਡੀ ਕੁਲ ਨੂੰ ਜਗਤ ਵਿੱਚ ਸਨਮਾਨ ਦਿਤਾ ਹੈ। ਮੈਂ ਸਾਰਿਆਂ ਵਿੱਚ ਬੈਠ ਕੇ ਪੂਜਣਯੋਗ ਅਖਵਾਉਂਦਾ ਹਾਂ। ਤੇਰੇ ਨਾਲ ਕਾਮ ਭੋਗ ਕੇ ਨੀਚ ਕੁਲ ਵਿੱਚ ਜਾਵਾਂਗਾ।
ਅਨੂਪ ਕੌਰ: ਜਨਮ ਦੀ ਕੀ ਗੱਲ ਹੈ? ਜਨਮ ਤਾਂ ਤੁਹਾਡੇ ਹੀ ਅਧੀਨ ਹਨ। ਜੇ ਅਜ ਮੇਰਾ ਸੰਗ ਨਾ ਕਰੋਗੇ, ਤਾਂ ਮੈਂ ਆਪਣੀ ਬਦਨਸੀਬੀ ਸਮਝਾਂਗੀ। ਤੁਹਾਡੇ ਵਿਜੋਗ ਵਿੱਚ ਸੜ ਮਰਾਂਗੀ, ਜ਼ਹਿਰ ਪੀ ਲਵਾਂਗੀ। ਮੇਰੇ ਨਾਲ ਸੰਜੋਗ ਕਰੋ, ਤਾਂ ਕਿ ਦਿਲ ਦਾ ਰੋਗ ਦੂਰ ਹੋਵੇ। ਤੁਹਾਡਾ ਸੰਗ ਨਹੀਂ ਮਿਲ ਰਿਹਾ, ਮੇਰੀ ਕਾਮ-ਅਗਨੀ ਭੜਕ ਰਹੀ ਹੈ।
ਗੁਰੂ ਜੀ: ਭਾਂਵੇਂ ਤੂੰ ਕਿਤਨੀ ਕਾਮਾਤੁਰ ਹੋ ਜਾਵੇਂ? ਮੈਂ ਇਹ ਪਾਪ ਨਹੀਂ ਕਰਾਂਗਾ।
ਅਨੂਪ ਕੌਰ: ਪਰਮੇਸ਼ਰ ਨੇ ਤੁਹਾਨੂੰ ਜਵਾਨੀ ਦਿਤੀ ਹੈ। ਮੈ ਵੀ ਜਵਾਨ ਹਾਂ। ਤੁਹਾਡੀ ਜਵਾਨੀ ਅਤੇ ਸੁੰਦਰਤਾ ਨੇ ਮਨ ਵਿੱਚ ਅਗ ਲਾ ਦਿਤੀ ਹੈ। ਸਭ ਸ਼ੰਕੇ ਛਡ ਕੇ ਮੇਰਾ ਸੰਗ ਮਾਣੋ।
ਗੁਰੂ ਜੀ: ਜੋ ਸੁੰਦਰੀ ਮੈਨੂੰ ਪੂਜਣ ਯੋਗ ਮੰਨ ਕੇ ਮੇਰੇ ਦਰਬਾਰ ਵਿੱਚ ਆਉਂਦੀ ਹੈ, ਉਹ ਮੇਰੀ ਪੁਤਰੀ ਸਮਾਨ ਹੈ। ਕਾਮ-ਅੰਧੀਨ ਇਸਤ੍ਰੀ ਦੀ ਪ੍ਰੀਤ ਝੂਠੀ ਹੈ, ਕਦੇ ਓੜਕ ਨਹੀਂ ਨਿਭਦੀ। ਇੱਕ ਮਰਦ ਛਡਿਆ, ਦੂਜਾ ਗ੍ਰਹਿਣ ਕਰ ਲਿਆ। ਇਹ ਕਾਹਦੀ ਪ੍ਰੀਤ ਹੈ, ਕੇਵਲ ਨੰਗਾ ਸਰੀਰ ਦੂਜੇ ਦੇ ਹਵਾਲੇ ਕਰਨ ਵਾਲਾ ਕਰਮ ਹੈ।
ਅਨੂਪ ਕੌਰ: ਕੀ ਕਰਾਂ? ਕਾਮ ਤੋਂ ਕਿਵੇਂ ਬਚਾਂ? ਮਨ ਸ਼ਾਂਤ ਨਹੀਂ ਹੁੰਦਾ। ਤੈਨੂੰ ਮਾਰ ਕੇ ਕਿਵੇਂ ਜੀਵਾਂ? ਤੇਰੇ ਬੋਲ ਬਹੁਤ ਰਸੀਲੇ ਲਗਦੇ ਹਨ।
ਗੁਰੂ ਜੀ: ਹੇ ਇਸਤ੍ਰੀ! ਤੇਰਾ ਰੂਪ ਧੰਨ ਹੈ। ਤੇਰੇ ਜਨਮ-ਦਾਤੇ ਧੰਨ ਹਨ। ਤੇਰਾ ਦੇਸ਼ ਧੰਨ ਹੈ। ਧੰਨ ਹੈ ਉਹ, ਜਿਸ ਨੇ ਤੇਰੀ ਪਾਲਣਾ ਕੀਤੀ। ਤੇਰਾ ਮੁਖੜਾ ਧੰਨ ਹੈ, ਜਿਸ ਦੀ ਸ਼ੋਭਾ ਵੇਖ ਕੇ ਕਮਲ, ਸੂਰਜ, ਚੰਦ੍ਰਮਾ ਅਤੇ ਕਾਮਦੇਵ ਦਾ ਅਹੰਕਾਰ ਚੂਰ ਹੋ ਜਾਂਦਾ ਹੈ। ਤੇਰਾ ਸੁੰਦਰ ਸਰੀਰ ਸੌਭਾਗਸ਼ਾਲੀ ਹੈ। ਤੇਰੇ ਸੋਹਣੇ ਚੰਚਲ ਨੈਣ ਸਜੀਲੇ ਹਨ। ਇਹ ਪੰਛੀਆਂ, ਹਿਰਣਾਂ, ਯਕਸ਼ਾਂ, ਸਪਾਂ, ਦੈਤਾਂ, ਦੇਵਤਿਆਂ, ਮੁਨੀਆਂ ਅਤੇ ਪੁਰਖਾਂ ਦਾ ਮਨ ਮੋਹ ਲੈਂਦੇ ਹਨ। ਸ਼ਿਵ ਅਤੇ ਬ੍ਰਹਮਾ ਦੇ ਚਾਰ ਪੁਤਰ ਤੇਰੇ ਨੈਣਾਂ ਨੂੰ ਵੇਖ ਕੇ ਥਕ ਗਏ ਹਨ। ਪਰ ਮੈਂ ਹੈਰਾਨ ਹਾਂ ਕਿ ਮੇਰੇ ਹਿਰਦੇ ਵਿੱਚ ਨਹੀਂ ਚੁਭਦੇ।
ਅਨੂਪ ਕੌਰ: ਮੈਂ ਤੁਹਾਡੇ ਨਾਲ ਬਿਸਤਰ ਉਤੇ ਲੇਟ ਕੇ ਵੀ ਕਿਸੇ ਨੂੰ ਕੁੱਝ ਨਹੀਂ ਦਸਾਂਗੀ। ਕਾਮ-ਲਿਪਤ ਹੋਇਆਂ ਸਾਰੀ ਰਾਤ ਇਉਂ ਪਲਾਂ ਵਿੱਚ ਗ਼ੁਜ਼ਰ ਜਾਵੇਗੀ। ਇਸ ਭੋਗ ਦਾ ਸਵਾਦ ਇਤਨਾ ਵੀ ਫਿਕਾ ਨਹੀਂ ਹੁੰਦਾ। ਹੇ ਸਜਣੀ! ਜਾਗਣ ਤੇ ਲਾਜ ਲਗਦੀ ਹੈ। ਜਾਗਣ ਨਾਲੋਂ ਬਸ ਅਜਿਹਾ ਸੌਣ ਹੀ ਚੰਗਾ ਹੈ। ਅਜ ਜਾਂ ਤੁਹਾਡਾ ਸੰਗ ਮਾਣਾਂਗੀ, ਜਾਂ ਜ਼ਹਿਰ ਖਾ ਕੇ ਮਰ ਜਾਵਾਂਗੀ।
ਗੁਰੂ ਜੀ: ਤੇਰੇ ਨੈਣ ਤੀਰ ਵਰਗੇ ਹਨ, ਪਰ ਮੇਰਾ ਕਵਚ ਹਯਾ ਹੈ। ਤੇਰੇ ਨੈਣ ਬਹੁਤ ਸਜੇ ਹਨ। ਵੇਖਦਿਆਂ ਹੀ ਗਿਆਨ ਹਰ ਲੈਂਦੇ ਹਨ। ਪਰ ਇਹ ਤੀਰ ਮੇਰੇ ਦਿਲ ਵਿੱਚ ਨਹੀਂ ਖੁਭ ਸਕਦੇ। ਗਲਘੋਟੂ ਬੇਰਾਂ ਵਾਂਗ ਇਨ੍ਹਾਂ ਵਿੱਚ ਕੋਈ ਖਿਚ ਨਹੀਂ।
ਅਨੂਪ ਕੌਰ: ਤੁਹਾਡੇ ਤੋਂ ਤਾਂ ਬੇਰੀ ਹੀ ਧੰਨ ਹੈ। ਰਾਹੀਆਂ ਨੂੰ ਬੇਰ ਖੁਆ ਕੇ ਘਰ ਜਾਣ ਦੇਂਦੀ ਹੈ।
ਗੁਰੂ ਜੀ: ਮੈਂ ਜਦੋਂ ਤੋਂ ਹੋਸ਼ ਸੰਭਾਲੀ ਹੈ, ਮੇਰੇ ਗੁਰੁਦੇਵ ਪਿਤਾ ਨੇ ਇਕੋ ਪ੍ਰਤਿਗਿਆ ਦ੍ਰਿੜ੍ਹ ਕਰਵਾਈ ਹੈ ਕਿ ਜਦੋਂ ਤਕ ਸਰੀਰ ਵਿੱਚ ਪ੍ਰਾਣ ਹਨ, ਆਪਣੀ ਇਸਤ੍ਰੀ ਨਾਲ ਪ੍ਰੀਤ ਵਧਾਉਂਦੇ ਰਹਿਣਾ, ਪਰ ਪਰਾਈ ਨਾਰੀ ਦੀ ਸੇਜ ਉਤੇ ਸੁਪਨੇ ਵਿੱਚ ਵੀ ਨਾ ਜਾਣਾ। ਪਰਨਾਰੀ ਦੇ ਸੰਜੋਗ ਕਾਰਨ ਇੰਦ੍ਰ ਸਹਸ-ਭਗਾਂ ਦੇ ਨਿਸ਼ਾਨ ਨਾਲ ਕੁਰੂਪ ਹੋਇਆ। ਪਰਨਾਰੀ ਦੇ ਸੰਗ ਕਾਰਨ ਚੰਦ੍ਰਮਾ ਕਲੰਕਿਤ ਹੋਇਆ। ਪਰਨਾਰੀ ਕਾਰਨ ਰਾਵਣ ਮਾਰਿਆ ਗਿਆ। ਪਰਨਾਰੀ ਕਾਰਨ ਕੌਰਵਾਂ ਦੀ ਵਿਸ਼ਾਲ ਸੈਨਾ ਨਸ਼ਟ ਹੋ ਗਈ। ਪਰਨਾਰੀ ਦੀ ਪ੍ਰੀਤ ਤਿਖੀ ਛੁਰੀ ਸਮਝੋ। ਪਰਨਾਰੀ ਦਾ ਸੰਗ ਸਰੀਰਿਕ ਮੌਤ ਸਮਝੋ। ਪਰਨਾਰੀ ਭੋਗਣ ਵਲਾ ਮਕਾਰ ਹੁੰਦਾ ਹੈ। ਉਹ ਚੰਡਾਲ ਹਥੋਂ ਕੁਤੇ ਦੀ ਮੌਤ ਮਰਦਾ ਹੈ। ਮੇਰੇ ਪਿਤਾ ਨੇ ਕਿਹਾ ਸੀ- ਹੇ ਬਾਲਕ! ਸਾਡੇ ਕੋਲ ਦੂਰ ਦੇਸ਼ਾਂ ਤੋਂ ਨਾਰੀਆਂ ਆਉਂਦੀਆਂ ਹਨ। ਸਾਨੂੰ ਗੁਰੂ ਜਾਣ ਕੇ, ਸੀਸ ਝੁਕਾ ਕੇ ਮਨ-ਬਾਂਛਤ ਵਰਦਾਨ ਪਾਉਂਦੀਆਂ ਹਨ। ਤੂੰ ਹਮੇਸ਼ਾ ਸਿਖਾਂ ਨੂੰ ਪੁਤਰ ਅਤੇ ਇਸਤ੍ਰੀਆਂ ਨੂੰ ਪੁਤਰੀਆਂ ਸਮਝਣਾ। ਹੁਣ ਪਿਤਾ ਜੀ ਦੀ ਪੁਨੀਤ ਸਿਖਿਆ ਵਿਰੁਧ ਮੈਂ ਉਨ੍ਹਾਂ ਪੁਤਰੀਆਂ ਨਾਲ ਕਿਵੇਂ ਕਾਮਭੋਗ ਕਰ ਸਕਦਾ ਹਾਂ?
ਅਨੂਪ ਕੌਰ: ਤੁਸੀਂ ਹਸਦੇ ਖੇਡਦੇ ਸੁਖ ਪੂਰਵਕ ਮੇਰੇ ਨਾਲ ਆਨੰਦੇ ਮਾਣੋ, ਕਿਉਂ ਅਜਾਈਂ ਰੋਸ ਕਰਦੇ ਹੋ? ਕਿਉਂ ਫ਼ਜ਼ੂਲ ਵਿਚਾਰਾਂ ਵਿੱਚ ਪਏ ਹੋ? ਮੇਰੀਆਂ ਅਖਾਂ ਨੀਵੀਆਂ ਹੋ ਗਈਆਂ ਹਨ? ਇਨ੍ਹਾਂ ਨੂੰ ਲੱਜਿਤ ਕਰ ਕੇ ਤੁਹਾਨੂੰ ਕੋਈ ਪਾਪ ਨਹੀਂ ਲਗੇਗਾ?
ਗੁਰੂ ਜੀ: ਮੈਂ ਇਸੇ ਕਰ ਕੇ ਇਨ੍ਹਾਂ ਵਲ ਵੇਖਦਾ ਨਹੀਂ। ਕਿਤੇ ਵਿਜੋਗੇ ਨੈਣਾਂ ਵਿੱਚ ਮੇਰਾ ਵੀ ਚਿਤ ਨਾ ਲਗ ਜਾਵੇ? ਮੇਰੇ ਸਿਖਿਆ ਭਰੇ ਬਚਨ ਸੁਣ ‘ਬ੍ਰਾਹਮਣਾਂ ਅਰਥਾਤ ਗ਼ਰੀਬਾਂ ਨੂੰ ਦਾਨ ਦਿਓ। ਦੁਸ਼ਟਾਂ ਨੂੰ ਤਾੜ ਕੇ ਰਖੋ। ਸੇਵਕ-ਸਿਖਾਂ ਨੂੰ ਸੁਖੀ ਰਖੋ, ਵੈਰੀਆਂ ਦੇ ਸਿਰ ਤੇ ਤਲਵਾਰ ਖੜਕਾਉਂਦੇ ਰਹੋ। ਲੋਕ-ਲਾਜ ਦਾ ਤਿਆਗ ਕਰ ਕੇ ਬੁਰੇ ਕੰਮ ਨਾ ਕਰੋ। ਪਰ ਨਾਰੀ ਦੀ ਸੇਜ ਭੁਲ ਕੇ ਸੁਪਨੇ ਵਿੱਚ ਨਾ ਜਾਓ।’ ਮੇਰੇ ਤੋਂ ਜਦੋਂ ਦਾ ਗੁਰੂ-ਪਿਤਾ ਜੀ ਨੇ ਪ੍ਰਣ ਲਿਆ ਹੈ, ਮੇਰੇ ਲਈ ਪਰਾਇਆ ਧਨ ਪਥਰ ਸਮਾਨ ਹੈ ਅਤੇ ਪਰਾਈ ਇਸਤ੍ਰੀ ਮਾਤਾ ਸਮਾਨ। (ਇਸ ਲੰਬੇ ਸੰਵਾਦ ਤੋਂ ਬਾਅਦ ਅਨੂਪ ਕੌਰ ਚੋਰ-ਚੋਰ ਦਾ ਸ਼ੋਰ ਮਚਾਉਂਦੀ ਹੈ ਅਤੇ ਗੁਰੂ ਜੀ ਚਤੁਰਾਈ ਨਾਲ ਸਾਰੀਆਂ ਸਥਿਤੀਆਂ ਨੂੰ ਭੇਦ ਕੇ ਉਥੋਂ ਚਲੇ ਜਾਂਦੇ ਹਨ)।
ਅੱਗਲੇ ਦਿਨ ਸਵੇਰੇ ਅਨੂਪ ਕੌਰ ਨੇ ਇੱਕ ਹੋਰ ਚਾਲ ਚਲੀ। ਉਸ ਨੇ ਰਾਜੇ ਦੀ ਜੁਤੀ ਅਤੇ ਵਿਸ਼ੇਸ਼ ਚੋਲਾ ਵਿਖਾ ਕੇ ਲੋਕਾਂ ਨੂੰ ਕਹਿ ਦਿਤਾ ਕਿ ਅਸਲ ਵਿੱਚ ਰਾਜਾ ਹੀ ਮੇਰੇ ਘਰ ਚੋਰੀ ਕਰਨ ਆਇਆ ਸੀ, ਮੇਰਾ ਭਰਾ ਨਿਰਦੋਸ਼ ਹੈ। ਪਰ ਰਾਜੇ ਨੇ ਉਸ ਦੀ ਇਸ ਮਕਾਰੀ ਦਾ ਜਵਾਬ ਦੇਣ ਵਾਸਤੇ ਆਪਣੇ ਸਿਖ-ਸੇਵਕਾਂ ਨੂੰ ਕਿਹਾ ਕਿ ਸਾਡੀ ਜੁਤੀ ਅਤੇ ਵਿਸ਼ੇਸ਼ ਚੋਲਾ ਕਿਸੇ ਨੇ ਚੁਰਾ ਲਿਆ ਹੈ। ਸਿਖਾਂ ਨੇ ਅਨੂਪ ਕੌਰ ਨੂੰ ਪਕੜ ਕੇ ਰਾਜੇ ਦੇ ਦਰਬਾਰ ਵਿੱਚ ਪੇਸ਼ ਕੀਤਾ। ਰਾਏ ਨੇ ਆਪਣੇ ਸਿਖਾਂ ਨੂੰ ਨਸੀਹਤ ਦਿਤੀ ਕਿ ਉਸ ਇਸਤ੍ਰੀ ਨਾਲ ਦੁਰ-ਵਿਵਹਾਰ ਬਿਲਕੁਲ ਨਹੀਂ ਕਰਨਾ। ਇਸਤ੍ਰੀ ਨੂੰ ਰਾਜੇ ਦੇ ਦਰਬਾਰ ਵਿੱਚ ਪੇਸ਼ ਕੀਤਾ, ਤਾਂ ਉਸ ਦੀਆਂ ਅਖਾਂ ਨੀਵੀਆਂ ਹੋ ਗਈਆਂ। ਉਹ ਬਹੁਤ ਸ਼ਰਮਸਾਰ ਹੋਈ। ਰਾਏ ਨੇ ਸਿਖਾਂ ਨੂੰ ਕਿਹਾ ‘ਇਸ ਨੂੰ ਕੁੱਝ ਨਹੀਂ ਕਹਿਣਾ। ਕੇਵਲ ਇਸ ਦੇ ਘਰ ਵਿੱਚ ਹੀ ਇਸ ਨੂੰ ਨਜ਼ਰ ਬੰਦ ਕਰ ਦਿਓ। ਅਸੀਂ ਇਸ ਨੂੰ ਫਿਰ ਕਿਸੇ ਵਿਹਲੇ ਸਮੇਂ ਬੁਲਾ ਕੇ ਗਲ ਕਰਾਂਗੇ।’ ਅਗਲੀ ਸਵੇਰ ਇਸਤ੍ਰੀ ਨੂੰ ਬੁਲਾ ਕੇ ਰਾਏ ਨੇ ਕਿਹਾ ਤੂੰ ਕਾਮ-ਵਸ ਹੋ ਕੇ ਸਾਡੇ ਉਤੇ ਚਰਿਤ੍ਰ ਕੀਤਾ ਸੀ, ਇਸ ਲਈ ਸਾਨੂੰ ਵੀ ਚਰਿਤ੍ਰ ਕਰਨਾ ਪਿਆ। ਉਸ ਇਸਤ੍ਰੀ ਨੇ ਮੁਆਫ਼ੀ ਮੰਗਦਿਆਂ ਕਿਹਾ ਕਿ ਅਗੇ ਤੋਂ ਕਦੇ ਵੀ ਉਹ ਅਜਿਹੀ ਗੱਲ ਆਪਣੇ ਮਨ ਵਿੱਚ ਨਹੀਂ ਲਿਆਵੇਗੀ। ਉਸ ਦਾ ਦੋਸ਼ ਮੁਆਫ਼ ਕਰ ਦਿਤਾ ਜਾਵੇ। ਰਾਏ ਨੇ ਉਸ ਦੇ ਭਰਾ ਨੂੰ ਰਿਹਾ ਕਰਵਾ ਦਿਤਾ ਅਤੇ ਅਨੂਪ ਕੌਰ ਦੇ ਵਲ-ਛਲ ਤੋਂ ਬਚਾਓ ਹਿਤ ਜੋ ਕੌਤੁਕ ਕੀਤਾ, ਉਸ ਲਈ ਖਿਮਾ ਵੀ ਮੰਗੀ। ਅਨੂਪ ਕੌਰ ਰਾਜੇ ਦੀ ਸਿਖ ਹੋ ਗਈ ਅਤੇ ਰਾਜੇ ਵਲੋਂ ਉਸ ਦੇ ਗ਼ੁਜ਼ਰਾਨ ਵਾਸਤੇ ਹਰ ਛੇ ਮਹੀਨਿਆਂ ਬਾਅਦ ਵੀਹ ਹਜ਼ਾਰ ਟਕੇ ਦੇਣ ਦਾ ਪ੍ਰਬੰਧ ਕਰਵਾ ਦਿਤਾ”।
ਇਹ ਹੈ ਪੂਰੀ ਕਹਾਣੀ ਜਿਸ ਵਿਚ ਡਾ ਹਰਭਜਨ ਸਿੰਘ ਨੂੰ ਕੁਝ ਵੀ ਗੁਰੂ ਜੀ ਦੀ ਸ਼ਾਨ ਦੇ ਖਿਲਾਫ਼ ਨਹੀ ਦਿਸਦਾ, “ਉਕਤ ਪਦਾਂ ਵਿੱਚ ਕਾਮਾਤੁਰ ਇਸਤ੍ਰੀ ਦਾ ਹਠ ਅਤੇ ਸਚੇ ਅਧਿਆਤਮਵਾਦੀ ਵਿਅਕਤੀ ਦੀ ਭੋਗ ਨਿਰਲਿਪਤਾ ਅਤਿ-ਉਤਮ ਰੀਤੀ ਨਾਲ ਰੂਪਮਾਨ ਹੋਏ ਹਨ। ਇਸ ਅਮ੍ਰਿਤ ਕਥਾ ਵਿੱਚ ਕੁਝ ਵੀ ਅਜਿਹਾ ਨਹੀਂ, ਜਿਸ ਨੂੰ ਅਸ਼ਲੀਲ ਕਿਹਾ ਜਾਵੇ ਜਾਂ ਗੁਰੂ ਜੀ ਦੇ ਵਿਅਕਤਿਤ੍ਵ ਨੂੰ ਛੁਟਿਆਉਣ ਵਾਲਾ ਹੋਵੇ। ਇਹ ਕਹਾਣੀ ਗੁਰੂ ਜੀ ਦੇ ਉਚ-ਆਚਾਰ ਦਾ ਉਤਕ੍ਰਿਸ਼ਟ ਨਮੂਨਾ ਹੈ”।
ਹੁਣ ਜਦੋਂ ਅਖੌਤੀ ਗ੍ਰੰਥ ਦੇ ਸਮਰਥੱਕ ਆਪਣੇ ਹੀ ਬੁਣੇ ਜਾਲ ਵਿੱਚ ਬਹੁਤ ਬੁਰੀ ਤਰ੍ਹਾਂ ਘਿਰ ਚੁੱਕੇ ਹਨ, ਸਵਾਲ ਪੁੱਛਣ ਤੇ ਉੱਚੀ-ਉੱਚੀ ਬੋਲ ਕੇ ਡਰਾਉਣ ਦਾ ਅਸਫਲ ਯਤਨ ਕਰਦੇ ਹਨ, ਸਵਾਲ ਦਾ ਦਲੀਲ ਨਾਲ ਜਵਾਬ ਦੇਣ ਦੀ ਬਿਜਾਏ ਕਹਿਣਾ ਪੈਦਾ ਹੈ ਕਿ “ਮੈਂ ਇਥੇ ਲੈਕਚਰ ਕਰਨ ਆਇਆ ਹਾਂ ਨਾਕਿ ਤੁਹਾਡੇ ਨਾਲ ਬਹਿਸ ਕਰਨ (ਭਾਵ ਸਵਾਲ ਦੇ ਜਵਾਬ ਦੇਣ) ਨਹੀ ਆਇਆ। ਤਾਂ ਆਪਣੇ ਆਪ ਨੂੰ ਵਿਦਵਾਨ ਸਮਝਣ ਵਾਲੇ, ਅਨੁਰਾਗ ਸਿੰਘ ਅਤੇ ਉਸ ਦੀ ਭਜਨ ਮੰਡਲੀ ਹੁਣ ਇਸ ਕਹਾਣੀ ਨੂੰ ਗੁਰੂ ਜੀ ਦੀ ਆਪ ਬੀਤੀ ਮੰਨਣ ਤੋਂ ਇਨਕਾਰੀ ਹੋ ਰਹੇ ਹਨ। ਅਖੈਂ ਕਹਾਣੀ ਵਿੱਚ ਕਿਤੇ ਵੀ ਸ਼੍ਰੀ ਗੁਰੂ ਜੀ ਦਾ ਨਾਮ ਨਹੀਂ ਆਇਆ, ਇਸ ਲਈ ਇਸ ਕਹਾਣੀ ਨਾਲ ਸ਼੍ਰੀ ਗੁਰੂ ਜੀ ਦਾ ਕੋਈ ਸੰਬੰਧ ਨਹੀਂ ਹੈ।
ਵੱਖ-ਵੱਖ ਲਿਖਤਾਂ ਦੇ ਹਵਾਲੇ ਦੇਣ ਦਾ ਮਕਸਦ ਇਹ ਹੀ ਹੈ ਕਿ ਵੇਖੋ ਕਿੰਨੇ ਵਿਦਵਾਨ ਇਸ ਕਹਾਣੀ ਨੂੰ ਗੁਰੂ ਜੀ ਦੀ ਆਪ ਬੀਤੀ ਮੰਨਦੇ ਅਤੇ ਉਨ੍ਹਾਂ ਦੀਆਂ ਲਿਖਤਾਂ ਨੂੰ ਕਿੰਨੇ ਸੰਤਾਂ, ਮਹੰਤਾਂ, ਡੇਰੇਦਾਰਾਂ ਅਤੇ ਜਥੇਦਾਰਾਂ ਨੇ ਪ੍ਰਮਾਣਿਤ ਕੀਤਾ ਹੈ। ਕਿੰਨੀ ਹੈਰਾਨੀ ਦੀ ਗੱਲ ਹੈ ਕਿ ਹਰਬੰਸ ਸਿੰਘ ਨਿਰਣੈਕਾਰ ਇਸ ਕਹਾਣੀ ਨੂੰ ਗੁਰੂ ਜੀ ਦੀ ਆਪ ਬੀਤੀ ਮੰਨਦਾ ਹੈ, ਅਤੇ ਡਾ ਤ੍ਰਲੋਚਨ ਸਿੰਘ “ਦੋ ਸ਼ਬਦ” ਦੇ ਸਿਰਲੇਖ ਹੇਠ ਉਸ ਨੂੰ ਤਸਦੀਕ ਕਰਦਾ ਹੈ। ਅਨੁਰਾਗ ਸਿੰਘ ਵੱਲੋਂ ਲਿਖੇ ਗਏ ਟਰੈਕਟ, “ਸ੍ਰੀ ਦਸਮ ਗ੍ਰੰਥ ਸਬੰਧੀ ਸ਼ੰਕਿਆਂ ਦੇ ਉੱਤਰ” ਦੇ ਆਰੰਭ ਵਿੱਚ ਗਿਆਨੀ ਮੋਹਣ ਸਿੰਘ ਜੀ (ਭਿੰਡਰਾ) ਦਾ ਸੰਦੇਸ਼ ਦਰਜ ਹੈ। ਜਿਸ ਵਿਚ ਗਿਆਨੀ ਜੀ ਵੀ ਇਸ ਨੂੰ ਗੁਰੂ ਜੀ ਦੀ ਆਪ ਬੀਤੀ ਹੀ ਮੰਨਦੇ ਹਨ ਤਾਂ ਅਨੁਰਾਗ ਸਿੰਘ ਡਾ ਹਰਭਜਨ ਸਿੰਘ ਦਾ ਇਸ ਕਰਕੇ ਵਿਰੋਧ ਕਰਦਾ ਹੈ ਕਿ ਉਸ ਨੇ, ਇਸ ਕਹਾਣੀ ਨੂੰ ਗੁਰੂ ਜੀ ਦੀ ਆਪ ਬੀਤੀ ਮੰਨਿਆ ਹੈ। ਅਨੁਰਾਗ ਸਿੰਘ ਤਾ ਬੇਸ਼ਰਮੀ ਦੀਆਂ ਹੱਦਾਂ ਵੀ ਪਾਰ ਕਰ ਗਿਆ। ਜਿਸ ਲੇਖ, “ਚਰਿਤਰੋ ਪਾਖਿਆਨ ਦੀ ਅਨੂਪ ਕੌਰ ਅਸਲ ਕਹਾਣੀ-ਅਸਲ ਸੰਦੇਸ਼” ਨੂੰ ਅਧਾਰ ਬਣਾ ਕੇ ਅੱਜ ਡਾ ਹਰਭਜਨ ਸਿੰਘ ਨੂੰ ਚੰਗਾ-ਮੰਦਾ ਲਿਖ ਰਿਹਾ ਹੈ। ਉਹ ਲੇਖ ਤਾਂ ਡਾ ਹਰਭਜਨ ਸਿੰਘ ਦੀ ਕਿਤਾਬ, “ਸ਼੍ਰੀ ਦਸਮ ਗ੍ਰੰਥ ਸਾਹਿਬ-ਕਰਤਾ ਸਬੰਧੀ ਵਿਵਾਦ ਦੀ ਪੁਨਰ ਸਮੀਖਿਆ” ਵਿੱਚ ਦਰਜ ਹੈ। ਇਹ ਕਿਤਾਬ 12 ਦਸੰਬਰ 2009 ਈ: ਦਿਨ ਸ਼ਨਿਚਰਵਾਰ ਨੂੰ ਗੁਰੂ ਨਾਨਕ ਭਵਨ ਅੰਮ੍ਰਿਤਸਰ ਵਿਖੇ ਰਿਲੀਜ਼ ਕੀਤੀ ਗਈ ਸੀ। ਅਨੁਰਾਗ ਸਿੰਘ ਉਸ ਸਮਾਗਮ ਵਿਚ ਬੁਲਾਰਾ ਸੀ। ਕੀ ਅਨੁਰਾਗ ਸਿੰਘ ਕਿਤਾਬ ਪੜ੍ਹਨ ਤੋਂ ਬਿਨਾ ਹੀ ਰਿਲੀਜ਼ ਕਰਨ ਤੁਰ ਪਿਆ ਸੀ? 10 ਅਪ੍ਰੈਲ 2016 ਈ: ਨੂੰ ਕੈਲੀਫੋਰਨੀਆ ਵਿਚ ਹੋਏ ਸੈਮੀਨਾਰ ਵਿੱਚ ਡਾ ਹਰਭਜਨ ਸਿੰਘ ਅਤੇ ਅਨੁਰਾਗ ਸਿੰਘ ਦੋਵੇਂ ਸ਼ਾਮਿਲ ਸਨ। ਕੀ ਉਸ ਵੇਲੇ ਵੀ ਅਨੁਰਾਗ ਸਿੰਘ ਨੂੰ ਨਹੀਂ ਸੀ ਪਤਾ ਕਿ ਡਾ ਹਰਭਜਨ ਸਿੰਘ ਛਜਿਆ ਅਤੇ ਨੂਪ ਕੌਰ ਵਾਲੀ ਕਹਾਣੀ ਨੂੰ ਗੁਰੂ ਗੋਬਿੰਦ ਸਿੰਘ ਜੀ ਦੀ ਆਪ ਬੀਤੀ ਮੰਨਣ ਕਰਕੇ ਪੰਥ ਦੋਖੀ ਹੈ? ਅੱਜ, ਅਨੁਰਾਗ ਸਿੰਘ ਅਤੇ ਉਸ ਦੀ ਭਜਨ ਮੰਡਲੀ, ਇਸ ਗੱਲ ਤੋਂ ਇਨਕਾਰੀ ਹੋ ਰਹੇ ਹਨ ਕਿ ਇਹ ਗੁਰੂ ਜੀ ਦੀ ਆਪ ਬੀਤੀ ਨਹੀਂ ਹੈ।
ਸਤਿਕਾਰ ਯੋਗ ਪਾਠਕੋਂ, ਇਹ ਹੈ ਅਖੌਤੀ ਗ੍ਰੰਥ ਦੇ ਅਖੌਤੀ ਵਿਦਵਾਨਾਂ ਦੀ ਅਸਲੀਅਤ, ਜੋ ਦੁਨੀਆ ਭਰ ਦੇ ਗੰਦ ਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪਵਿੱਤਰ ਨਾਮ ਨਾਲ ਨੱਥੀ ਕਰਨ ਦਾ ਕੋਝਾ ਯਤਨ ਵੀ ਕਰ ਰਹੇ ਹਨ ਅਤੇ ਜਾਗਰੂਕ ਸੰਗਤਾਂ ਦੇ ਸਵਾਲਾਂ ਤੋਂ ਬਚਣ ਦਾ ਰਾਹ ਵੀ ਭਾਲਦੇ ਹਨ। ਉਪਰ ਪੜ੍ਹ ਆਏ ਹਾਂ ਕਿ ਛਜਿਆ ਅਤੇ ਨੂਪ ਕੁਅਰਿ ਵਾਲੇ ਚਰਿਤ੍ਰਾਂ ਦੇ ਵਿੱਚ ਜੋ ਭੂਗੋਲਿਕ ਜਾਣਕਾਰੀ ਅਨੰਦਪੁਰ ਬਾਰੇ ਦਿੱਤੀ ਹੈ ਉਸ ਮੁਤਾਬਕ ਤਾਂ ਉਹੀ ਅਨੰਦਪੁਰ ਹੈ ਜਿਹੜਾ ਕਿ ਗੁਰੂ ਜੀ ਨੇ ਵਸਾਇਆ ਸੀ। ਅਜੇ ਵੀ ਜੇ ਅਨੁਰਾਗ ਸਿੰਘ ਇਹ ਸਮਝਦਾ ਹੈ ਕਿ ਇਹ ਕਹਾਣੀ ਗੁਰੂ ਜੀ ਦੀ ਆਪ ਬੀਤੀ ਨਹੀ ਤਾਂ ਉਹ ਇਸ ਚਰਿਤ੍ਰ (12, 22 ਅਤੇ 23) ਦੇ ਅਰਥ ਲਿਖਤੀ ਰੂਪ ਵਿੱਚ ਸਾਂਝੇ ਕਰੇ ਤਾਂ ਜੋ ਉਨ੍ਹਾਂ ਤੇ ਵਿਚਾਰ ਕੀਤੀ ਜਾ ਸਕੇ।
.