.

ਖਾਲਸਾ ਪੰਥ ਬਨਾਮ ਡੇਰਾਵਾਦ

(ਭਾਗ ਬਤਾਲ੍ਹੀਵਾਂ)

ਮੌਜੂਦਾ ਦੌਰ ਦਾ ਸੰਤਵਾਦ

ਜਥਾ ਭਿੰਡਰਾਂ (ਅਖੌਤੀ ਦਮਦਮੀ ਟਕਸਾਲ) ਆਖਰੀ ਭਾਗ ੮

ਦਿਨਾਂ ਵਿੱਚ ਹੀ ਸੁਖਬੀਰ ਸਿੰਘ ਬਾਦਲ `ਤੇ ਧੁੰਮਾ ਘਿਓ ਖਿਚੜੀ ਹੋ ਗਏ। ਜਿਵੇਂ ਦਾਸ ਨੇ ਪਹਿਲਾਂ ਵੀ ਲਿਖਿਆ ਹੈ, ਰਾਜਨੀਤਿਕ ਅਤੇ ਧਾਰਮਿਕ ਪੁਜਾਰੀ ਲੋਕਾਂ ਦੇ ਗੱਠਜੋੜ ਨੇ ਸਦਾ ਹੀ ਮਨੁੱਖਤਾ ਅਤੇ ਸਮਾਜ ਦਾ ਭਾਰੀ ਨੁਕਸਾਨ ਅਤੇ ਘਾਣ ਕੀਤਾ ਹੈ। ਇਨ੍ਹਾਂ ਵੀ ਰੱਲ ਕੇ ਪੰਥ `ਤੇ ਪਹਿਲੀ ਵੱਡੀ ਚੋਟ ਇਹ ਮਾਰੀ ਕਿ ਕਈ ਦਹਾਕਿਆਂ ਦੀ ਮਿਹਨਤ ਅਤੇ ਸੰਘਰਸ਼ ਤੋਂ ਬਾਅਦ ਹੋਂਦ ਵਿੱਚ ਆਏ ਨਾਨਕਸ਼ਾਹੀ ਕੈਲੰਡਰ ਦਾ ਕਤਲ ਕਰ ਦਿੱਤਾ।

ਇਥੇ ਇਹ ਦੱਸ ਦੇਣਾ ਯੋਗ ਹੋਵੇਗਾ ਕਿ ਤਕਰੀਬਨ ਹਰ ਆਜ਼ਾਦ ਕੌਮ ਦਾ ਆਪਣਾ ਕਲੰਡਰ ਹੁੰਦਾ ਹੈ, ਜੋ ਉਨ੍ਹਾਂ ਦੀ ਕੌਮ ਦੇ ਪੈਗੰਬਰ, ਗੁਰੂ ਜਾਂ ਹੋਰ ਮਹੱਤਵਪੂਰਨ ਸਖਸ਼ੀਅਤਾਂ ਦੇ ਸੰਸਾਰ ਆਗਮਨ ਯਾ ਉਸ ਦੇ ਜੀਵਨ ਨਾਲ ਸਬੰਧਤ ਕਿਸੇ ਖਾਸ ਘਟਨਾ ਨਾਲ ਜੁੜਿਆ ਹੁੰਦਾ ਹੈ। ਕਿਸੇ ਕੌਮ ਦਾ ਆਪਣਾ ਕਲੰਡਰ ਉਸ ਕੌਮ ਦੀ ਵਿਲਖਣਾ ਦਰਸਾਉਣ ਵਿੱਚ ਇੱਕ ਵੱਡਾ ਪ੍ਰਮਾਣ ਹੁੰਦਾ ਹੈ। ਜਿਵੇਂ ਇਸਾਈ ਕੌਮ ਦਾ ਈਸਾ ਦੇ ਜਨਮ ਨਾਲ ਸਬੰਧਤ ਬੀ. ਸੀ. (BC) ਭਾਵ ਈਸਾ ਤੋਂ ਪਹਿਲਾਂ ਅਤੇ ਏ. ਡੀ. (AD) ਭਾਵ ਈਸਾ ਤੋਂ ਬਾਅਦ, ਜਿਸਨੂੰ ਹੁਣ ਦੇ ਮੌਜੂਦਾ ਰੂਪ ਵਿੱਚ ‘ਸੀ. ਈ. ` (C.E. Common era) ਕਲੰਡਰ ਕਿਹਾ ਜਾਂਦਾ ਹੈ। ਜੋ ਸੰਸਾਰ ਵਿੱਚ ਸਭ ਤੋਂ ਵਧੇਰੇ ਪ੍ਰਚਲਤ ਅਤੇ ਪ੍ਰਵਾਣਤ ਮੰਨਿਆਂ ਜਾਂਦਾ ਹੈ। ਇਸੇ ਤਰ੍ਹਾਂ ਮੁਸਲਮਾਨ ਕੌਮ ਦਾ ਹਿਜਰੀ, ਯਹੂਦੀਆਂ ਦਾ ਹੈਬਰਿਊ ਅਤੇ ਹਿੰਦੂ ਮਤ ਦਾ ਬਿਕਰਮੀ ਕੈਲੰਡਰ ਆਦਿ. . । ਇਹ ਬਿਕਰਮੀ ਕਲੰਡਰ ਕਿਉਂਕਿ ਚੰਦ੍ਰਮਾਂ ਦੀ ਚਾਲ ਅਨੁਸਾਰ ਚਲਦਾ ਹੈ, ਇਸ ਮੁਤਾਬਕ ਸਾਲ ਦੇ ੩੫੪ ਦਿਨ ਹੁੰਦੇ ਹਨ। ਧਰਤੀ ਸੂਰਜ ਦਾ ਚੱਕਰ ੩੬੫ ਦਿਨਾ ਵਿੱਚ ਲਾਉਂਦੀ ਹੈ, ਇਸ ਵਾਸਤੇ ਸੂਰਜੀ ਕਲੰਡਰ ਦੇ ੩੬੫ ਦਿਨ ਹੁੰਦੇ ਹਨ ਅਤੇ ਚੰਦ੍ਰਮਾਂ ਅਧਾਰਤ ਕਲੰਡਰ ਨਾਲੋਂ ਇਸ ਦਾ ਹਰ ਸਾਲ ੧੧ ਦਿਨ ਦਾ ਫਰਕ ਪੈ ਜਾਂਦਾ ਹੈ। ਪਿਛਲੇ ਲੰਬੇ ਸਮੇਂ ਤੋਂ ਸਿੱਖ ਕਲੰਡਰ ਦੀ ਅਣਹੋਂਦ ਕਾਰਨ ਸਿੱਖ ਆਪਣੇ ਦਿਨ-ਦਿਹਾੜੇ ਅਤੇ ਤਿਓਹਾਰ ਬ੍ਰਾਹਮਣਵਾਦੀ ਬਿਕਰਮੀ ਕਲੰਡਰ ਅਨੁਸਾਰ ਹੀ ਮਨਾਉਂਦੇ ਚਲੇ ਆਏ ਹਨ। ਇਸੇ ਕਾਰਨ ਅਸੀਂ ਵੇਖਦੇ ਹਾਂ ਕਿ ਗੁਰਪੁਰਬਾਂ ਦੇ ਦਿਨ ਵੀ ਹਰ ਸਾਲ ਬਦਲ ਜਾਂਦੇ ਹਨ, ਇਥੋਂ ਤੱਕ ਕਿ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਪ੍ਰਕਾਸ਼ ਪੁਰਬ ਕਦੇ ਸਾਲ ਵਿੱਚ ਦੋ ਵਾਰੀ ਆ ਜਾਂਦਾ ਹੈ ਅਤੇ ਕਿਸੇ ਸਾਲ ਆਉਂਦਾ ਹੀ ਨਹੀਂ। ਬ੍ਰਾਹਮਣਾਂ ਨੂੰ ਵੀ ਹਰ ਤਿੰਨ ਸਾਲਾਂ ਬਾਅਦ, ਸਾਲ ਵਿੱਚ ਇੱਕ ਮਹੀਨੇ ਦਾ ਵਾਧਾ ਕਰਕੇ, ਜਿਸਨੂੰ ਇਹ ਮਦ ਮਾਸ ਕਹਿੰਦੇ ਹਨ ਅਤੇ ਬਹੁਤ ਅਸ਼ੁਭ ਸਮਝਦੇ ਹਨ, ਆਪਣਾ ਕਲੰਡਰ ਸੂਰਜੀ ਕਲੰਡਰ ਨਾਲ ਹੀ ਮੇਲਣਾ ਪੈਂਦਾ ਹੈ।

ਕੌਮ ਦੀ ਇਸ ਵੱਡੀ ਲੋੜ ਨੂੰ ਮਹਿਸੂਸ ਕਰਦੇ ਹੋਏ ਇੱਕ ਉਘੇ ਵਿਦਵਾਨ ਪਾਲ ਸਿੰਘ ਪੁਰੇਵਾਲ ਨੇ ਗੁਰੂ ਨਾਨਕ ਸਾਹਿਬ ਦੇ ਪ੍ਰਕਾਸ਼ ਨੂੰ ਆਧਾਰ ਬਣਾਕੇ ਕਈ ਸਾਲਾਂ ਦੀ ਮਿਹਨਤ ਨਾਲ, ਸਿੱਖ ਕਲੰਡਰ ਤਿਆਰ ਕੀਤਾ, ਜਿਸਦਾ ਨਾਂ ਸੁਭਾਵਕ ਹੀ ‘ਨਾਨਕਸ਼ਾਹੀ ਕਲੰਡਰ` ਰਖਿਆ ਗਿਆ। ਇਹ ਸੂਰਜ ਦੀ ਚਾਲ ਅਨੁਸਾਰ ਸੂਰਜੀ ਕਲੰਡਰ ਹੋਣ ਕਾਰਨ ਹਰ ਗੁਰਪੁਰਬ ਆਦਿ ਦੇ ਦਿਨ ਨੀਯਤ ਹੋ ਗਏ ਅਤੇ ਇਹ ਸਰਵਪ੍ਰਵਾਨਤ ਸੀ. ਈ. ਕਲੰਡਰ ਅਨੁਸਾਰ ਹੀ ਆਉਣ ਲੱਗੇ। ਇਸ ਸਿੱਖ ਕਲੰਡਰ ਦੇ ਹੋਂਦ ਵਿੱਚ ਆਉਣ ਨਾਲ ਹੀ ਹਿੰਦੂਤਵੀ ਤਾਕਤਾਂ ਵੱਲੋਂ ਇਸ ਦਾ ਭਰਪੂਰ ਵਿਰੋਧ ਕੀਤਾ ਗਿਆ। ਸਭ ਤੋਂ ਵੱਡੀ ਬ੍ਰਾਹਮਣਵਾਦੀ ਸੰਸਥਾ ਰਾਸ਼ਟਰੀ ਸਵਯੰਮ ਸੇਵਕ ਸੰਘ (ਆਰ. ਐਸ. ਐਸ.) ਵਲੋਂ ਇਹ ਕਿਹਾ ਗਿਆ ਕਿ ਅਸੀਂ ਇਹ ਕਲੰਡਰ ਕਦੇ ਲਾਗੂ ਨਹੀਂ ਹੋਣ ਦੇਵਾਂਗੇ। ਉਨ੍ਹਾਂ ਦਾ ਇਹ ਵਿਰੋਧ ਸੁਭਾਵਕ ਹੈ, ਉਹ ਕਦੋਂ ਚਾਹੁੰਦੇ ਹਨ ਕਿ ਸਿੱਖ ਕੌਮ ਕਦੇ ਉਨ੍ਹਾਂ ਦੇ ਜੁਲੇ ਥਲੋਂ ਨਿਕਲ ਸਕੇ? ਬੜੀ ਵੱਡੀ ਕੌਮੀ ਮਿਹਨਤ ਅਤੇ ਤਸ਼ੱਦਦ ਨਾਲ ੨੦੦੩ ਵਿੱਚ ਨਾਨਕਸ਼ਾਹੀ ਕਲੰਡਰ ਨੂੰ ਅਕਾਲ ਤਖਤ ਵੱਲੋਂ ਪੰਥਕ ਤੌਰ `ਤੇ ਮਾਨਤਾ ਦੇ ਦਿੱਤੀ ਗਈ ਅਤੇ ਸ਼੍ਰੋਮਣੀ ਕਮੇਟੀ ਵੱਲੋਂ ਇਸ ਨੂੰ ਲਾਗੂ ਕਰ ਦਿੱਤਾ ਗਿਆ।

ਆਰ. ਐਸ. ਐਸ. ਵਲੋਂ ਇਸ ਦਾ ਵਿਰੋਧ ਜਾਰੀ ਸੀ ਅਤੇ ਉਹ ਇਸ ਨੂੰ ਕਿਸੇ ਤਰ੍ਹਾਂ ਵੀ ਖਤਮ ਕਰਾਉਣਾ ਚਾਹੁੰਦੇ ਸਨ, ਤਾਂ ਕਿ ਸਿੱਖ ਮੁੜ ਤੋਂ ਆਪਣੇ ਦਿਨ ਦਿਹਾੜੇ, ਗੁਰਪੁਰਬਾਂ ਆਦਿ ਦੀਆਂ ਤਾਰੀਖਾਂ ਬ੍ਰਾਹਮਣ ਕੋਲੋਂ ਪੁੱਛ ਕੇ ਨੀਯਤ ਕਰਨ। ਆਰ. ਐਸ. ਐਸ ਦਾ ਇਹ ਕਠਿਨ ਕਾਰਜ ਹਰਨਾਮ ਸਿੰਘ ਧੁੰਮੇ ਨੇ ਸਹਿਜੇ ਹੀ ਕਰ ਦਿੱਤਾ, ਜਦੋਂ ਅਕਾਲੀ ਦੱਲ ਨਾਲ ਸਾਂਝ ਪਾਕੇ ਇਸ ਨੇ ੨੦੧੦ ਵਿੱਚ ਨਾਨਕਸ਼ਾਹੀ ਕਲੰਡਰ ਵਿੱਚ ਸੋਧ ਕਰਨ ਦੇ ਨਾਂ `ਤੇ ਨਾਨਕਸ਼ਾਹੀ ਕਲੰਡਰ ਦਾ ਕਤਲ ਕਰਾ ਦਿੱਤਾ ਅਤੇ ਸਿੱਖਾਂ ਦੇ ਗੁਰਪੁਰਬ ਮੁੜ ਬਿਕਰਮੀ ਕਲੰਡਰ ਅਨੁਸਾਰ ਨੀਯਤ ਹੋਣੇ ਸ਼ੁਰੂ ਹੋ ਗਏ।

ਗੁਰੂ ਗੋਬਿੰਦ ਸਿੰਘ ਸਾਹਿਬ ਆਪਣੇ ਅਕਾਲ ਪਇਆਣੇ ਤੋਂ ਪਹਿਲਾਂ ਆਪ ਗੁਰੂ ਗ੍ਰੰਥ ਸਾਹਿਬ ਨੂੰ ਗੁਰਗੱਦੀ `ਤੇ ਸੁਸ਼ੋਭਿਤ ਕਰਕੇ ਗਏ ਸਨ। ਉਨ੍ਹਾਂ ਕੌਮ ਨੂੰ ਹੁਕਮ ਕੀਤਾ ਸੀ ਕਿ ਅੱਜ ਤੋਂ ਤੁਹਾਡੇ ਗੁਰੂ ਕੇਵਲ ਗੁਰੂ ਗ੍ਰੰਥ ਸਾਹਿਬ ਹਨ, ਤੁਸੀਂ ਕੇਵਲ ਗੁਰੂ ਗ੍ਰੰਥ ਸਾਹਿਬ ਦੀ ਸ਼ਰਨ ਵਿੱਚ ਰਹਿਣਾ ਹੈ। ਸਤਿਗੁਰੂ ਦੇ ਇਸ ਉਪਦੇਸ਼ ਨੂੰ ਅਸੀਂ ਗਿਆਨੀ ਗਿਆਨ ਸਿੰਘ ਜੀ ਦੇ ਸ਼ਬਦਾਂ ਵਿੱਚ ਰੋਜ਼ ਇੰਝ ਦ੍ਰਿੜ ਕਰਦੇ ਹਾਂ, "ਆਗਿਆ ਭਈ ਅਕਾਲ ਕੀ ਤਭੀ ਚਲਾਯੋ ਪੰਥ। ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਯੋ ਗ੍ਰੰਥ। " ਸਿੱਖ ਨੇ ਅੱਜ ਤੱਕ ਕਿਸੇ ਹੋਰ ਕਿਤਾਬ ਨੂੰ ਆਪਣੇ ਸਤਿਗੁਰੂ, ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਮਾਨਤਾ ਜਾਂ ਸਤਿਕਾਰ ਨਹੀਂ ਦਿੱਤਾ। ਸਿੱਖ ਰਹਿਤ ਮਰਯਾਦਾ ਵਿੱਚ ਇਹ ਸਪੱਸ਼ਟ ਲਿਖ ਦਿੱਤਾ ਗਿਆ ਕਿ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਵਾਕਰ (ਤੁਲ) ਕਿਸੇ ਹੋਰ ਕਿਤਾਬ ਜਾਂ ਗ੍ਰੰਥ ਦਾ ਪ੍ਰਕਾਸ਼ ਨਹੀਂ ਕੀਤਾ ਜਾ ਸਕਦਾ।

ਸਿੱਖ ਕੌਮ ਦਾ ਬੇੜਾ ਡੋਬਣ ਦਾ ਦੂਸਰਾ ਮਹਾਨ ਕਾਰਜ ਜੋ ਇਸ ਨੇ ਕੀਤਾ, ੧੧-੧੨-੧੩ ਨਵੰਬਰ ੨੦੦੬ ਨੂੰ ਫਤਹਿ ਦਿਵਸ ਮਨਾਉਣ ਦੇ ਨਾਂ `ਤੇ ਦਿਆਲਪੁਰਾ ਭਾਈਕਾ, ਜ਼ਿਲਾ ਬਠਿੰਡਾ ਵਿਖੇ ਇੱਕ ਬਚਿੱਤ੍ਰ ਨਾਟਕ ਨਾਮੀ ਸਾਕਤੀ ਪੁਸਤਕ, ਜਿਸ ਨੂੰ ਸਿੱਖ ਕੌਮ ਵਿੱਚ ਭੁਲੇਖਾ ਪਾਉਣ ਲਈ ਹੁਣ ਦਸਮ ਗ੍ਰੰਥ ਦਾ ਨਾਂ ਦੇ ਦਿਤਾ ਗਿਆ ਹੈ, ਦਾ ਅਖੰਡ ਪਾਠ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਰੱਖ ਕੇ ਕਰਾਉਣ ਦਾ ਮਹਾਪਾਪ ਕੀਤਾ। ਇਥੇ ਇਹ ਦਸ ਦੇਣਾ ਜ਼ਰੂਰੀ ਹੋਵੇਗਾ ਕਿ ਇਸ ਤੋਂ ਪਹਿਲਾਂ ਭਾਵੇਂ ਪਟਨਾ ਸਾਹਿਬ ਅਤੇ ਹਜੂਰ ਸਾਹਿਬ, ਨੰਦੇੜ ਵਿਖੇ ਇਸ ਬਚਿੱਤ੍ਰ ਨਾਟਕ ਦਾ ਪ੍ਰਕਾਸ਼ ਕੀਤਾ ਹੋਇਆ ਸੀ ਪਰ ਗੁਰੂ ਗ੍ਰੰਥ ਸਾਹਿਬ ਦੇ ਇੱਕ ਪਾਸੇ ਕੀਤਾ ਹੋਇਆ ਹੈ। ਉਸ ਵੇਲੇ ਜਿਸ ਵੇਲੇ ਖਾਲਸਾ ਪੰਥ ਵਿੱਚ ਗੁਰੂ ਗ੍ਰੰਥ ਸਾਹਿਬ ਦਾ ੪੦੦ ਸਾਲਾ ਪਹਿਲਾ ਪ੍ਰਕਾਸ਼ ਪੁਰਬ ਮਨਾਉਣ ਦਾ ਚਾਅ ਅਜੇ ਠੰਡਾ ਨਹੀਂ ਸੀ ਹੋਇਆ ਅਤੇ ਪੰਥ ਵਿੱਚ ਅੱਗੋਂ ਆਪਣੇ ਸਤਿਗੁਰੂ ਦਾ ੩੦੦ ਸਾਲਾ ਗੁਰਤਾ ਗੱਦੀ ਦਿਵਸ ਮਨਾਉਣ ਦੇ ਉਮੰਗ ਭਰੇ ਚਾਅ ਸਿਖਰਾਂ `ਤੇ ਪੁੱਜੇ ਹੋਏ ਸਨ, ਇਨ੍ਹਾਂ ਗੁਰੂ ਗ੍ਰੰਥ ਸਾਹਿਬ ਦਾ ਅਪਮਾਨ ਕਰਨ ਦਾ ਇਹ ਘ੍ਰਿਣਤ ਕਾਰਜ ਕੀਤਾ। ਇਸ ਤੋਂ ਬਾਅਦ ਇਹ ਥਾਂ ਥਾਂ `ਤੇ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਇਸ ਕਿਤਾਬ ਦਾ ਪ੍ਰਕਾਸ਼ ਕਰਾਉਣ ਦੇ ਆਹਰ ਲੱਗਾ ਹੋਇਆ ਹੈ। ਇਹ ਇੱਕ ਐਸਾ ਪਾਪ ਅਤੇ ਗੁਰੂ ਗ੍ਰੰਥ ਸਾਹਿਬ ਦੀ ਘੋਰ ਬੇਅਦਬੀ ਹੈ ਜਿਸ ਦੇ ਵਾਸਤੇ ਇਸ ਨੂੰ, ਇਨ੍ਹਾਂ ਦੇ ਡੇਰੇ ਅਤੇ ਸਮੂਹ ਅਖੌਤੀ ਸੰਤ ਸਮਾਜ ਨੂੰ ਕਦੇ ਮਾਫ ਨਹੀਂ ਕੀਤਾ ਜਾ ਸਕਦਾ।

ਪਾਠਕਾਂ ਨੂੰ ਇਸ ਬਚਿੱਤ੍ਰ ਨਾਟਕ ਗ੍ਰੰਥ ਬਾਰੇ ਵੀ ਕੁੱਝ ਸੰਖੇਪ ਜਾਣਕਾਰੀ ਦੇ ਦੇਵਾਂ:

ਗੁਰੂ ਨਾਨਾਕ ਸਾਹਿਬ ਨੇ ਧਰਮ ਦੇ ਖੇਤਰ ਵਿੱਚ ਫੈਲੇ ਅੰਧ ਵਿਸ਼ਵਾਸ, ਜਾਤੀਵਾਦ ਅਤੇ ਕਰਮਕਾਂਡਾਂ ਵਿਰੁਧ ਇੱਕ ਇਨਕਲਾਬ ਸ਼ੁਰੂ ਕੀਤਾ ਸੀ। ਇਹ ਇਨਕਲਾਬ ਕਿਉਂਕਿ ਬ੍ਰਾਹਮਣੀ ਸੋਚ ਅਤੇ ਵਿਵਸਥਾ ਨੂੰ ਇੱਕ ਸਿੱਧੀ ਚੁਣੌਤੀ ਦੇਂਦਾ ਹੈ ਬ੍ਰਾਹਮਣਵਾਦੀ ਤਾਕਤਾਂ ਮੁੱਢ ਤੋਂ ਹੀ ਇਸ ਸਿੱਖ ਇਨਕਲਾਬ ਨੂੰ ਖਤਮ ਕਰਨ ਦੀਆਂ ਸਾਜਿਸ਼ਾਂ ਘੜਦੀਆਂ ਰਹੀਆਂ ਹਨ। ਪਰ ਗੁਰੂ ਸਾਹਿਬ ਦੇ ਜੀਵਨ ਕਾਲ ਵਿੱਚ ਇਨ੍ਹਾਂ ਦੀ ਕੋਈ ਕੋਸ਼ਿਸ਼ ਕਾਮਯਾਬ ਨਹੀਂ ਹੋਈ।

ਜਦੋਂ ਸਤਿਗੁਰੂ ਗੋਬਿੰਦ ਸਿੰਘ ਪਾਤਿਸ਼ਾਹ ੮ ਅਕਤੂਬਰ ੧੭੦੮ ਨੂੰ ਗੁਰੂ ਗ੍ਰੰਥ ਸਾਹਿਬ ਨੂੰ ਗੁਰਗੱਦੀ ਦੇ ਕੇ ਅਤੇ ਪੰਥ ਨੂੰ ਇਨ੍ਹਾਂ ਦੀ ਤਾਬਿਆ ਕਰਕੇ ਅਕਾਲ ਪਇਆਣਾ ਕਰ ਗਏ, ਉਸ ਦਿਨ ਤੋਂ ਹੀ ਬ੍ਰਾਹਮਣ ਨੇ ਆਪਣਾ ਨਿਸ਼ਾਨਾ ਗੁਰੂ ਗ੍ਰੰਥ ਸਾਹਿਬ ਵੱਲ ਸੇਧ ਲਿਆ ਹੈ। ਕਿਉਂਕਿ ਇਹ ਸਪਸ਼ਟ ਸਮਝਦੇ ਹਨ ਕਿ ਜਿਤਨਾ ਚਿਰ ਗੁਰੂ ਗ੍ਰੰਥ ਸਾਹਿਬ ਜੀ ਮੌਜੂਦ ਹਨ, ਨਾ ਗੁਰਮਤਿ ਫਲਸਫਾ ਮੁੱਕ ਸਕਦਾ ਹੈ ਅਤੇ ਨਾ ਖਾਲਸਾ ਪੰਥ।

ਕਿਸੇ ਵੀ ਸਖਸ਼ੀਅਤ ਨੂੰ ਨੀਵਾਂ ਕਰਨ ਦਾ ਸਭ ਤੋਂ ਕਾਮਯਾਬ ਤਰੀਕਾ ਇਹ ਹੈ ਕਿ ਉਸ ਦੇ ਬਰਾਬਰ ਇੱਕ ਦੂਸਰੀ ਸਖਸ਼ੀਅਤ ਖੜੀ ਕਰ ਦਿਓ, ਅਤੇ ਉਸ ਦੇ ਵਧੇਰੇ ਗੁਣ ਗਾਓ, ਪਹਿਲੀ ਸਖਸ਼ੀਅਤ ਆਪੇ ਹਰ ਦਿਨ ਕਮਜ਼ੋਰ ਪੈਂਦੀ ਜਾਵੇਗੀ। ਹੋਰ ਨਹੀਂ ਤਾਂ ਘੱਟੋ-ਘੱਟ ਬਹੁਤੇ ਕੱਚੇ ਪਿਲਿਆਂ ਦੇ ਮਨਾਂ ਵਿੱਚ ਦੁਬਿਧਾ ਤਾਂ ਖੜ੍ਹੀ ਹੋ ਹੀ ਜਾਵੇਗੀ। ਸੋ ਇਨ੍ਹਾਂ ਨੇ ਸਤਿਗੁਰੂ ਗੋਬਿੰਦ ਸਿੰਘ ਪਾਤਿਸ਼ਾਹ ਦੇ ਸਰੀਰਕ ਤੌਰ `ਤੇ ਜਾਣ ਤੋਂ ੭੦- ੮੦ ਸਾਲਾਂ ਵਿੱਚ ਹੀ ਇੱਕ ਸਾਕਤੀ ਪੁਸਤਕ ਪੰਥ ਦੇ ਵਿਹੜੇ ਵਿੱਚ ਲਿਆ ਸੁੱਟੀ ਅਤੇ ਇਸ ਨੂੰ ਗੁਰੂ ਗ੍ਰੰਥ ਸਾਹਿਬ ਦੇ ਸ਼ਰੀਕ ਦੇ ਤੌਰ `ਤੇ ਉਭਾਰਨਾ ਸ਼ੁਰੂ ਕਰ ਦਿੱਤਾ।

ਇਹ ਕਿਤਾਬ ਹੈ ਅਖੌਤੀ ਦਸਮ ਗ੍ਰੰਥ। ਇਸ ਕਿਤਾਬ ਦੇ ਬਹੁਤੇ ਪੁਰਾਣੇ ਹੱਥ ਲਿਖਤ ਖਰੜਿਆਂ ਉਪਰ ਤਾਂ ਇਸ ਦਾ ਕੋਈ ਨਾਂਅ ਹੀ ਨਹੀਂ ਲਿਖਿਆ ਹੋਇਆ, ਪਰ, ਅੰਦਰ ਤੱਤਕਰੇ ਵਿੱਚ ਤੇ ਹੋਰ ਕਈ ਥਾਵਾਂ `ਤੇ ਬਚਿੱਤ੍ਰ ਨਾਟਕ ਗ੍ਰੰਥ ਸ਼ਬਦ ਲਿਖੇ ਹੋਣ ਕਾਰਨ ਇਸ ਦਾ ਨਾਂ ਬਚਿੱਤ੍ਰ ਨਾਟਕ ਗ੍ਰੰਥ ਰੱਖ ਦਿੱਤਾ ਗਿਆ। ਪਰ ਇਸ ਨਾਂਅ ਨਾਲ ਇਹ ਸਿੱਖਾਂ ਨੂੰ ਬਹੁਤੇ ਭਰਮਜਾਲ ਵਿੱਚ ਫਸਾਉਂਣ ਵਿੱਚ ਬਹੁਤੀ ਕਾਮਯਾਬ ਨਾ ਹੋ ਸਕੀ। ਸੋ ਇਸਦੇ ਸੰਯੋਜਕਾਂ ਨੇ ਇਸ ਦਾ ਨਾਂਅ ਬਦਲ ਕੇ ਦਸਮ ਗ੍ਰੰਥ ਰੱਖ ਦਿਤਾ ਤਾਂਕਿ ਇਸ ਨੂੰ ਦਸਮ ਪਾਤਿਸ਼ਾਹ ਦੀ ਬਾਣੀ ਕਹਿਕੇ ਪ੍ਰਚਾਰਿਆ ਜਾ ਸਕੇ। ਇਸੇ ਕਿਤਾਬ ਨੂੰ ਅੱਜ ਗੁਰੂ ਗ੍ਰੰਥ ਸਾਹਿਬ ਦੇ ਸ਼ਰੀਕ ਦੇ ਤੌਰ `ਤੇ ਉਭਾਰਿਆ ਜਾ ਰਿਹਾ ਹੈ ਅਤੇ ਇਸ ਦਾ ਨਾਂਅ ਸ੍ਰੀ ਦਸਮ ਗ੍ਰੰਥ ਸਾਹਿਬ ਤੋਂ ਅਗੇ ਦਸਮ ਸ੍ਰੀ ਗੁਰੂ ਗ੍ਰੰਥ ਸਾਹਿਬ ਤੱਕ ਪਹੁੰਚਾ ਦਿੱਤਾ ਗਿਆ ਹੈ।

ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਦਰਸਾਉਣ ਲਈ ਇਸ ਕਿਤਾਬ ਨੂੰ ਵੀ ੧੪੨੮ ਪੰਨਿਆਂ ਦੀ ਬਣਾ ਦਿੱਤਾ ਗਿਆ ਹੈ। ਪਹਿਲੇ ੩੮ ਪੰਨੇ ਛੱਡ ਕੇ ਬਾਕੀ ਸਾਰਾ ਹਿੰਦੂ ਦੇਵੀ ਵੇਵਤਿਆਂ ਦੀਆਂ ਮਿਥਿਹਾਸਕ ਕਹਾਣੀਆਂ ਅਤੇ ਸਾਕਤੀ ਸਨਾਤਨੀ ਵਿਚਾਰਧਾਰਾ ਨਾਲ ਭਰਪੂਰ ਹੈ। ਇਸ ਦਾ ਕੋਈ ਵੀ ਸਿਧਾਂਤ ਗੁਰਮਤਿ ਵਿਚਾਰਧਾਰਾ ਨਾਲ ਮੇਲ ਨਹੀਂ ਖਾਂਦਾ। ਪਰ ਇਕਾ ਦੁੱਕਾ ਪੰਗਤੀਆਂ ਕੱਢ ਕੇ ਇਸ ਨੂੰ ਗੁਰਮਤਿ ਅਨੁਸਾਰੀ ਦਰਸਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ।

ਇਸ ਕਿਤਾਬ ਵਿੱਚ ੬੦੦ ਦੇ ਕਰੀਬ ਪੰਨਿਆਂ ਵਿੱਚ ਤਕਰੀਬਨ ੪੦੦ ਤੋਂ ਵੱਧ ਕਹਾਣੀਆਂ ਅਸ਼ਲੀਲਤਾ ਨਾਲ ਭਰੀਆਂ ਹੋਈਆਂ ਹਨ, ਜਿਨ੍ਹਾਂ ਦੀ ਸ਼ਬਦਾਵਲੀ ਇਤਨੀ ਨੰਗੇਜ ਭਰਪੂਰ ਹੈ ਕੋਈ ਸਭਯ ਵਿਅਕਤੀ ਆਪਣੇ ਪਰਿਵਾਰ ਵਿੱਚ ਬੈਠਕੇ ਇਸ ਨੂੰ ਪੜ੍ਹ ਵੀ ਨਹੀਂ ਸਕਦਾ। ਇਨ੍ਹਾਂ ਪੰਨਿਆਂ ਤੋਂ ਇਲਾਵਾ ਵੀ, ਹਿੰਦੂ ਮਿਥਿਹਾਸਕ ਕਹਾਣੀਆ ਲਿਖਦੇ ਸਮੇਂ, ਇਸ ਪੁਸਤਕ ਦੇ ਲੇਖਕਾਂ ਨੂੰ ਜਦੋਂ ਵੀ ਮੌਕਾ ਮਿਲਿਆ ਹੈ, ਉਨ੍ਹਾਂ ਆਪਣੇ ਸੁਭਾ ਅਨੁਸਾਰ ਗੰਦਗੀ ਭਰ ਦਿੱਤੀ ਹੈ। ਕਈ ਸੱਜਣ ਇਹ ਕਹਿੰਦੇ ਹਨ ਕਿ ਇਹ ਸਿੱਖ ਨੂੰ ਵਿਕਾਰਾਂ ਤੋਂ ਬਚਣ ਲਈ ਪ੍ਰੇਰਣਾ ਦੇਣ ਲਈ ਲਿਖੀਆਂ ਗਈਆਂ ਹਨ, ਹਾਲਾਂਕਿ ਕਿਸੇ ਕਹਾਣੀ ਨਾਲ ਇੱਕ ਸ਼ਬਦ ਵੀ ਐਸਾ ਲਿਖਿਆ ਨਹੀਂ ਮਿਲਦਾ। ਫੇਰ ਪ੍ਰੇਰਣਾ ਦੇਣ ਲਈ ਕੀ ਇਤਨਾ ਨੰਗੇਜ ਭਰਨਾ ਜਰੂਰੀ ਸੀ? ਸੰਗਤਾਂ ਆਪ ਹੀ ਨਿਰਣਾ ਕਰ ਲੈਣ ਕਿ ਕੀ ਦਸਵੇਂ ਨਾਨਕ ਸਾਹਿਬ ਗੁਰੂ ਗੋਬਿੰਦ ਸਿੰਘ ਪਾਤਿਸ਼ਾਹ ਐਸੀਆਂ ਅਸ਼ਲੀਲ ਰਚਨਾਵਾਂ ਰੱਚ ਸਕਦੇ ਸਨ? ਜਾਪਦਾ ਹੈ ਕਿ ਇਹੋ ਜਿਹਾ ਲਿਟਰੇਚਰ ਗੁਰੂ ਗੋਬਿੰਦ ਸਿੰਘ ਪਾਤਿਸ਼ਾਹ ਜਿਹੀ ਅਗੰਮੀ ਸ਼ਖਸੀਅਤ ਦੇ ਨਾਂ ਲਗਾ ਕੇ ਉਨ੍ਹਾਂ ਦੇ ਉੱਚੇ-ਸੁੱਚੇ, ਲਾਸਾਨੀ ਕਿਰਦਾਰ ਨੂੰ ਵਿਗਾੜ ਕੇ ਪੇਸ਼ ਕਰਨ ਦੀ ਕੋਝੀ ਸਾਜਿਸ਼ ਹੈ, ਅਤੇ ਨਾਲ ਹੀ ਇਹ ਸਾਬਤ ਕਰਨ, ਦੀ ਕਿ ਦਸਮ ਪਾਤਿਸ਼ਾਹ ਦੇ ਸਿਧਾਂਤ ਗੁਰੂ ਨਾਨਕ ਪਾਤਿਸ਼ਾਹ ਦੁਆਰਾ ਪਰਗਟ ਕੀਤੇ ਅਤੇ ਬਾਕੀ ਸਤਿਗੁਰਾਂ ਦੁਆਰਾ ਦ੍ਰਿੜ ਕਰਾਏ ਇਲਾਹੀ ਸਿਧਾਂਤਾਂ ਨਾਲੋਂ ਅਲੱਗ ਸਨ।

ਅਸੀਂ ਇਨ੍ਹਾਂ ਸਾਰੀਆਂ ਗੱਲਾਂ ਨੂੰ ਪਾਸੇ ਵੀ ਰੱਖ ਦਈਏ ਤਾਂ ਵੀ, ਇਸ ਬਾਰੇ ਤਾਂ ਕੋਈ ਸ਼ੱਕ ਨਹੀਂ ਕਿ ਸਾਡੇ ਸਤਿਗੁਰੂ ਕੇਵਲ ਤੇ ਕੇਵਲ ਗੁਰੂ ਗ੍ਰੰਥ ਸਾਹਿਬ ਜੀ ਹਨ। ਗੁਰੂ ਗੋਬਿੰਦ ਸਿੰਘ ਪਾਤਿਸ਼ਾਹ ਨੇ ਆਪ ਸਾਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲਾਇਆ ਹੈ। ਆਪ ਅੰਤਮ ਆਦੇਸ਼ ਦਿੱਤਾ ਹੈ, "ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ"। ਫੇਰ ਕਿਸ ਹੱਕ ਨਾਲ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਇਸ ਦਾ ਪ੍ਰਕਾਸ਼ ਕੀਤਾ ਜਾ ਰਿਹਾ ਹੈ, ਇਸ ਅੱਗੇ ਅਰਦਾਸਾਂ ਕੀਤੀਆਂ ਜਾ ਰਹੀਆਂ ਹਨ, ਅਤੇ ਇਸ ਵਿਚੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਾਕਰ ਅਤੇ ਬਰਾਬਰ ਹੁਕਮਨਾਮੇ ਲਏ ਜਾ ਰਹੇ ਹਨ? ਸਿੱਖ ਕਿਸ ਹੁਕਮਨਾਮੇ `ਤੇ ਸ਼ਰਧਾ ਲਿਆਉਣ, ਆਪਣੇ ਸਤਿਗੁਰੂ ਦੇ ਜਾਂ ਇਸ ਕਿਤਾਬ ਦੇ? ਕੀ ਸਤਿਗੁਰੂ ਤੋਂ ਸਿਵਾ ਕਿਸੇ ਹੋਰ ਦਾ ਹੁਕਮਨਾਮਾ ਹੋ ਸਕਦਾ ਹੈ?

ਇਹ ਕੌਣ ਲੋਕ ਹਨ ਜੋ ਇਹ ਸਭ ਕਰ ਅਤੇ ਕਰਵਾ ਰਹੇ ਹਨ ਅਤੇ ਕਿਉਂ? ਇਹ ਲੋਕ ਕਿਤਨਾ ਕੁ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਮੰਨਦੇ ਹਨ ਅਤੇ ਗੁਰੂ ਗ੍ਰੰਥ ਸਾਹਿਬ ਦਾ ਸਤਿਕਾਰ ਕਰਦੇ ਹਨ? ਇਹ ਕਿਉਂ ਗੁਰੂ ਗੋਬਿੰਦ ਸਿੰਘ ਪਾਤਿਸ਼ਾਹ ਦੇ ਆਖਰੀ ਆਦੇਸ਼ ਨੂੰ ਮੰਨਣ ਤੋਂ ਇਨਕਾਰੀ ਹਨ? ਕਿਹੜੀ ਤਾਕਤ ਹੈ, ਇਨ੍ਹਾਂ ਪਿਛੇ? ਬੇਸ਼ਕ ਕਾਫੀ ਭਾਵੁਕ ਕਿਸਮ ਦੇ ਅਗਿਆਨੀ, ਭੁਲੱੜ ਪਿਛਲੱਗ ਕਿਸਮ ਦੇ ਸਿੱਖ ਵੀਰ ਵੀ ਹੋਣਗੇ, ਪਰ ਬਹੁਤੇ ਇਸ ਸੋਚ ਦੇ ਆਗੂਆਂ ਬਾਰੇ ਤਾਂ ਗਲ ਤਕਰੀਬਨ ਸਪਸ਼ਟ ਹੀ ਹੈ। ਪਿਛਲੇ ਦਿਨੀ ਕੱਟੜ ਹਿੰਦੂਤਵੀ ਜਥੇਬੰਦੀਆਂ ਦਾ ਇੱਕ ਪਰਮੁਖ ਆਗੂ ਪੰਜਾਬ ਆਇਆ ਤਾਂ ਉਸਨੇ ਇਸ ਅਖੌਤੀ ਦਸਮ ਗ੍ਰੰਥ ਵਿਚੋਂ ਕੁੱਝ ਪ੍ਰਮਾਣ ਦੇਕੇ ਸਿੱਖ ਕੌਮ ਨੂੰ ਹਿੰਦੂ ਕੌਮ ਦਾ ਹੀ ਅੰਗ ਸਾਬਤ ਕਰਨ ਦੀ ਕੋਸ਼ਿਸ਼ ਕੀਤੀ। ਇੱਕ ਪਤਰਕਾਰ ਨੇ ਉਸ ਨੂੰ ਪੁੱਛਿਆ ਕਿ ਸਿੱਖ ਤਾਂ ਦਸਮ ਗ੍ਰੰਥ ਨੂੰ ਮੰਨਦੇ ਨਹੀਂ, ਤਾਂ ਅਗੋਂ ਉਸ ਜੁਆਬ ਦਿੱਤਾ, "ਵੋਹ ਮਾਨੇ ਯਾ ਨਾ ਮਾਨੇ ਹਮ ਤੋਂ ਮਾਨਤੇ ਹੈਂ। "

(ਇਸ ਵਿਸ਼ੇ `ਤੇ ਵਧੇਰੇ ਜਾਣਕਾਰੀ ਲਈ ਇਸੇ ਕਲਮ ਤੋਂ ਲਿਖਤ ਕਿਤਾਬ "ਮਹੱਤਵਪੂਰਨ ਸਿੱਖ ਮੁੱਦੇ" ਵਿਚਲਾ ਲੇਖ ‘ਬਚਿਤ੍ਰ ਨਾਟਕ ਗੁਰਮਤਿ ਦੀ ਕਸਵਟੀ `ਤੇ ਅਤੇ ਸ੍ਰ. ਦਲਬੀਰ ਸਿੰਘ ਐਮ. ਐਸ. ਸੀ. ਲਿਖਤ ਕਿਤਾਬ "ਦਸਮ ਗ੍ਰੰਥ ਦੀ ਅਸਲੀਅਤ" ਪੜ੍ਹੇ ਜਾ ਸਕਦੇ ਹਨ)

ਜੇ ਇਸ ਕਿਤਾਬ ਨੂੰ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਰਚਨਾ ਜਾਂ ਸਿੱਖ ਸਾਹਿਤ ਮੰਨ ਲਿਆ ਜਾਵੇ ਤਾਂ ਸਿੱਖ ਕੌਮ ਨੂੰ ਸਹਿਜੇ ਹੀ ਹਿੰਦੂ ਧਰਮ ਦਾ ਅੰਗ ਸਾਬਤ ਕੀਤਾ ਜਾ ਸਕਦਾ ਹੈ ਅਤੇ ਇਸੇ ਮਕਸਦ ਨਾਲ ਇਸ ਨੂੰ ਤਿਆਰ ਕੀਤਾ ਗਿਆ ਹੈ।

ਗੱਲ ਬੜੀ ਸਪਸ਼ਟ ਹੈ ਗੁਰੂ ਗ੍ਰੰਥ ਸਾਹਿਬ ਦਾ ਸ਼ਰੀਕ ਪੈਦਾ ਕੀਤਾ ਜਾ ਰਿਹਾ ਹੈ। ਪਹਿਲਾ ਪੜਾਅ ਹੈ ਗੁਰੂ ਗ੍ਰੰਥ ਸਾਹਿਬ ਜੀ ਦੇ ਬਰਾਬਰ ਪ੍ਰਕਾਸ਼ ਕਰਨਾ। ਫਿਰ ਹੌਲੀ-ਹੌਲੀ ਮਨਮਰਜ਼ੀ ਹੋ ਜਾਵੇਗੀ, ਜਿਹੜੇ ਮਰਜ਼ੀ ਇੱਕ ਗ੍ਰੰਥ ਦਾ ਪ੍ਰਕਾਸ਼ ਕਰ ਲਵੋ, ਕਿਉਂਕਿ ਦੋਨੋ ਬਰਾਬਰ ਜੋ ਸਥਾਪਤ ਹੋ ਜਾਣਗੇ। ਭੋਲੇ-ਭਾਲੇ, ਅਗਿਆਨੀ ਸਿੱਖਾਂ ਨੂੰ ਕੀ ਫਰਕ ਪੈਣਾ ਹੈ? ਉਨ੍ਹਾਂ ਤਾਂ ਚੰਗੇ ਸਜੇ ਹੋਏ, ਕੀਮਤੀ ਰੁਮਾਲਿਆਂ ਨਾਲ ਕੱਜੇ ਹੋਏ ਗ੍ਰੰਥ ਅੱਗੇ ਮੱਥਾ ਹੀ ਟੇਕਣਾ ਹੈ ਜਾਂ ਬਗੈਰ ਸੁਣੇ, ਸਮਝੇ ਕਿਸੇ ਗ੍ਰੰਥ ਦਾ ਆਖੰਡ ਪਾਠ ਕਰਵਾਉਣਾ ਹੈ। ਇਸੇ ਸੋਚ ਤਹਿਤ ਇਹ ਪ੍ਰਚਾਰਿਆ ਜਾ ਰਿਹਾ ਹੈ ਕਿ ਦਸਮ ਗ੍ਰੰਥ ਦੀ ਬਾਣੀ ਮਹਿੰਗੀ ਬਾਣੀ ਹੈ ਅਤੇ ਪਟਨਾ ਆਦਿ ਸਥਾਨਾਂ `ਤੇ ਜਿਥੇ ਇਸ ਦੇ ਅਖੰਡ ਪਾਠ ਕਰਾਉਣ ਦੀ ਪਿਰਤ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਉਥੇ ਇਸ ਦੇ ਅਖੰਡ ਪਾਠ ਦਾ ਮੁੱਲ ਜ਼ਿਆਦਾ ਰਖਿਆ ਗਿਆ ਹੈ। ਅਖੰਡ ਪਾਠ ਕਰਾਉਣ ਵਾਲਿਆਂ ਨੂੰ ਤਾਂ ਕੋਈ ਫਰਕ ਨਹੀਂ ਪੈਣਾ। ਉਨ੍ਹਾਂ ਤਾਂ ਇਸੇ ਗੱਲ ਵਿੱਚ ਪ੍ਰਸੰਨ ਹੋ ਜਾਣਾ ਹੈ ਕਿ ਉਨ੍ਹਾਂ ਨੇ ਮਹਿੰਗਾ ਪਾਠ ਕਰਾਇਆ ਹੈ ਪਰ ਮਾੜੀ ਮੋਟੀ ਸਮਝ ਰਖਣ ਵਾਲਿਆਂ ਵਾਸਤੇ ਤਾਂ ਸਿਧਾਂਤਕ ਭਰਮ ਭੁਲੇਖੇ, ਇਥੇ ਹੀ ਵੱਡੇ ਪੱਧਰ `ਤੇ ਖੜੇ ਹੋ ਜਾਣਗੇ। ਸਿੱਖ ਉਸੇ ਦੁਬਿਧਾ ਵਿੱਚ ਫਸ ਜਾਣਗੇ ਜਿਸ ਵਿਚੋਂ ਸਤਿਗੁਰੂ ਨੇ ਸਾਨੂੰ ਸਦੀਆਂ ਦਾ ਸਮਾਂ ਲਾਕੇ ਕੱਢਿਆ ਹੈ। ਹੌਲੀ ਹੌਲੀ ਗੁਰੂ ਗ੍ਰੰਥ ਸਾਹਿਬ ਨੂੰ ਪਾਸੇ ਕਰ ਦਿਤਾ ਜਾਵੇਗਾ। ਇਕੋ ਗ੍ਰੰਥ ਰਹਿ ਜਾਵੇਗਾ, ਫੇਰ ਉਸ ਨੂੰ ਜੋ ਮਰਜ਼ੀ ਨਾਂਅ ਦੇ ਦਿੱਤਾ ਜਾਵੇ। ਕਿਉਂਕਿ, ਇਹ ਜੋ ਗੁਰੂ ਗ੍ਰੰਥ ਸਾਹਿਬ ਨੂੰ ਬੇਦਾਵਾ ਦੇਈ ਬੈਠੇ ਹਨ, ਇਨ੍ਹਾਂ ਬਚਿਤ੍ਰ ਨਾਟਕ ਨੂੰ ਵੀ ਤਾਂ ਹੁਣ "ਸ੍ਰੀ ਦਸਮ ਗੁਰੂ ਗ੍ਰੰਥ ਸਾਹਿਬ" ਹੀ ਬਣਾ ਦਿਤਾ ਹੈ।

ਅੱਜ ਇਹ ਅਖੌਤੀ ਟਕਸਾਲ, ਇਸ ਦਾ ਜਥੇਦਾਰ ਧੁੰਮਾ ਅਤੇ ਪੂਰਾ ਅਖੌਤੀ ਸੰਤ ਸਮਾਜ ਇਸ ਕਿਤਾਬ ਨੂੰ ਜ਼ਬਰਦਸਤੀ ਸਿਖ ਕੌਮ `ਤੇ ਮੜ੍ਹਨ ਦੀ ਪੂਰੀ ਕੋਸ਼ਿਸ਼ ਕਰ ਰਹੇ ਹਨ। ਇਹ ਕਿਸ ਦੇ ਇਸ਼ਾਰੇ `ਤੇ ਕੀਤਾ ਜਾ ਰਿਹਾ ਹੈ, ਸੂਝਵਾਨ ਪਾਠਕ ਆਪ ਹੀ ਅੰਦਾਜ਼ਾ ਲਗਾ ਸਕਦੇ ਹਨ।

ਮੈਂ ਉਪਰ ਸ੍ਰ. ਗੁਰਤੇਜ ਸਿੰਘ ਸਾਬਕਾ ਆਈ. ਏ. ਐਸ. ਦੇ ਇੱਕ ਅੰਗ੍ਰੇਜ਼ੀ ਲੇਖ "Strange Concoction: gyrating Giani, pseudo Nirmalas, the Sant and agiani asant." ਦਾ ਜ਼ਿਕਰ ਕੀਤਾ ਸੀ। ਆਪਣੇ ਇਸ ਲੇਖ ਵਿੱਚ ਸ੍ਰ. ਗੁਰਤੇਜ ਸਿੰਘ ਨੇ ਭਾਈ ਜਰਨੈਲ ਸਿੰਘ ਭਿੰਡਰਾਂਵਾਲੇ ਦਾ ਜ਼ਿਕਰ ਕਰਦੇ ਹੋਏ, ਹਰਨਾਮ ਸਿੰਘ ਧੁੰਮੇ ਬਾਰੇ ਇੰਝ ਲਿਖਿਆ ਹੈ:

"Now we have had his second successor for the last decade or so. He appears to be a complete anti-thesis of Baba Jarnail Singh. Under him the Taksal has become a centre for spreading a peculiar brand of rigidity totally alien to the Sikh ethos, shaped by five centuries of history. He has apparently sold his soul to the forces of the netherworld in exchange for money and ephemeral power. He has undertaken to unhinge the great Sikh tradition, just to enjoy a brief interval of borrowed political power, which really is tantamount to crumbs from the high table - the favourite diet of beggars. Camouflaged with the cloak of Khalistan, a fake scripture in one hand and holding the dagger provided by the political support of the Punjab and the Indian governments in the other, his followers are making a worldwide bid to take over all Sikh shrines by force and intimidation, on the pretext of implementing the newly formulated self serving orthodoxy. He accepts whole heartedly, the supremacy of the very political leaders and their religious ideology both of which, his predecessor had confronted bitterly (from 1978 to 1984). The present incumbent wants to obliterate even the innocuous expression of Sikh identity (the Nanakshahi Calendar), and is resorting to arms to stop the mainstream preachers from functioning. One was murdered recently, though the main target miraculously escaped being lynched. The wheel has taken a full circle. It is a lesson for everyone that no single leader, howsoever devoted, of howsoever exalted a nature, can replace the collective leadership prescribed by the Guru for the Khalsa. Our refuge forever is the Guru Granth Sahib and the Guru Khalsa Panth, if we are to remain steadfast on the original spiritual path dear to the Guru and are to increasingly become capable of benefitting humankind spiritually."

ਇਸ ਪੈਰ੍ਹੇ ਦਾ ਪੰਜਾਬੀ ਉਲੱਥਾ ਇੰਝ ਹੈ:

ਹੁਣ ਕਰੀਬ ਪਿਛਲੇ ਇੱਕ ਦਹਾਕੇ ਤੋਂ ਅਸੀਂ ਉਹਨਾਂ ਦੇ ਦੂਸਰੇ ਉੱਤਰਾ-ਅਧਿਕਾਰੀ ਨੂੰ ਦੇਖ ਰਹੇ ਹਾਂ। ਇਹ ਬਾਬਾ ਜਰਨੈਲ ਸਿੰਘ ਦਾ ਮੁਕੰਮਲ ਪ੍ਰਤੀਰੂਪ ਦਿੱਸ ਆਉਂਦਾ ਹੈ। ਏਸ ਦੀ ਅਗਵਾਈ ਹੇਠ ਟਕਸਾਲ ਪੰਜ ਸਦੀਆਂ ਦੇ ਇਤਿਹਾਸ ਰਾਹੀਂ ਸਥਾਪਤ ਹੋਈਆਂ ਸਿੱਖ ਕਦਰਾਂ-ਕੀਮਤਾਂ ਤੋਂ ਬਿਲਕੁਲ ਓਪਰੀ ਕੱਟੜਤਾ ਦੀ ਇੱਕ ਖ਼ਾਸ ਅਵੱਲੀ ਵੰਨਗੀ ਦੇ ਪਸਾਰ ਦਾ ਕੇਂਦਰ ਬਣ ਕੇ ਰਹਿ ਗਈ ਹੈ। ਏਸ ਨੇ ਪੈਸੇ ਅਤੇ ਛਿਣ ਭੰਗਰੀ ਤਾਕਤ ਬਦਲੇ ਪਿਸ਼ਾਚੀ ਸ਼ਕਤੀਆਂ ਕੋਲ ਸ਼ਰ੍ਹੇਆਮ ਆਪਣੀ ਜ਼ਮੀਰ ਵੇਚ ਦਿੱਤੀ ਹੈ। ਏਸ ਨੇ ਮਹਿਜ਼ ਉਧਾਰੀ ਲਈ ਸਿਆਸੀ ਸ਼ਕਤੀ ਦਾ ਛੋਟਾ ਜਿਹਾ ਵਕਫ਼ਾ ਮਾਨਣ ਲਈ ਮਹਾਨ ਸਿੱਖ ਪਰੰਪਰਾ ਨੂੰ ਦਾਅ `ਤੇ ਲਾ ਦਿੱਤਾ ਹੈ ਜੋ ਕਿ ਅਸਲ ਵਿੱਚ ਸਿਆਸੀ ਜੂਠ ਸੇਵਨ ਦੇ ਤੁੱਲ ਹੈ, ਜਿਹੜੀ ਕਿ ਮੰਗਤਿਆਂ ਦੀ ਮਨ-ਭਾਉਂਦੀ ਖੁਰਾਕ ਹੁੰਦੀ ਹੈ। ਖ਼ਾਲਿਸਤਾਨ ਦੇ ਚੋਗ਼ੇ `ਚ ਇੱਕ ਹੱਥ `ਚ ਜਾਅਲੀ ਧਰਮ-ਗ੍ਰੰਥ ਅਤੇ ਦੂਸਰੇ ਵਿੱਚ ਪੰਜਾਬ ਅਤੇ ਹਿੰਦੁਸਤਾਨ ਦੀਆਂ ਸਰਕਾਰਾਂ ਦੇ ਰਾਜਸੀ ਸਮਰਥਨ ਰਾਹੀਂ ਮੁਹੱਈਆਂ ਕੀਤਾ ਖੰਜਰ ਲੈ ਕੇ, ਛਲਾਵੇ ਨਾਲ ਏਸ ਦੇ ਅਨੁਯਾਈ ਨਵੇਂ ਘੜੇ ਸਵਯੰ-ਸੇਵੀ ਕੱਟੜਵਾਦ ਨੂੰ ਲਾਗੂ ਕਰਨ ਬਹਾਨੇ ਸੰਸਾਰ ਦੇ ਸਮੂਹ ਗੁਰਦੁਆਰਿਆਂ `ਤੇ ਜ਼ੋਰ-ਜ਼ਬਰੀ ਕਬਜ਼ਾ ਕਰਨ ਲਈ ਯਤਨਸ਼ੀਲ ਹਨ। ਏਸ ਨੇ ਉਹਨਾਂ ਹੀ ਰਾਜਸੀ ਨੇਤਾਵਾਂ ਅਤੇ ਧਾਰਮਕ ਵਿਚਾਰਧਾਰਾ ਨੂੰ ਤਹਿ-ਦਿਲ਼ੋਂ ਸਰਵ-ਉੱਚ ਪ੍ਰਵਾਨ ਕੀਤਾ ਹੈ ਜਿਨ੍ਹਾਂ ਦੋਹਾਂ ਦਾ ਸੰਤ ਜਰਨੈਲ ਸਿੰਘ ਨੇ ਤਿੱਖਾ ਵਿਰੋਧ (੧੯੭੮ ਤੋਂ ੧੯੮੪) ਕੀਤਾ ਸੀ। ਓਸ ਦਾ ਮੌਜੂਦਾ ਪਦਧਾਰੀ ਸਿੱਖ-ਪਛਾਣ ਦੇ ਹਾਨੀ-ਰਹਿਤ ਪ੍ਰਗਟਾਵੇ (ਨਾਨਕਸ਼ਾਹੀ ਕੈਲੰਡਰ) ਦਾ ਖੁਰਾ-ਖੋਜ ਮਿਟਾਉਣਾ ਲੋਚਦਾ ਹੈ ਅਤੇ ਸ਼ੁਧ ਸਿੱਖੀ ਦੇ ਪ੍ਰਚਾਰਕਾਂ ਨੂੰ ਹਥਿਆਰਾਂ ਦੀ ਨੋਕ `ਤੇ ਹੋੜ ਰਿਹਾ ਹੈ। ਹਾਲ ਹੀ ਵਿੱਚ ਇੱਕ ਦਾ ਕਤਲ ਕੀਤਾ ਜਾ ਚੁੱਕਾ ਹੈ ਭਾਵੇਂ ਕਿ ਅਸਲ ਸ਼ਿਕਾਰ ਚਮਤਕਾਰ-ਪੂਰਵਕ ‘ਟੁਕੜੇ-ਟੁਕੜੇ` ਹੋਣੋਂ ਬਚ ਗਿਆ। ਸਮੇਂ ਦੇ ਪਹੀਏ ਨੇ ਇੱਕ ਮੁਕੰਮਲ ਪੁੱਠਾ ਗੇੜ ਪੂਰਾ ਕਰ ਲਿਆ ਹੈ। ਇਹ ਹਰੇਕ ਲਈ ਇੱਕ ਸਬਕ ਹੈ ਕਿ ਕੋਈ ਵੀ ਇਕੱਲਾ ਲੀਡਰ, ਭਾਵੇਂ ਉਹ ਕਿਤਨਾ ਹੀ ਸ਼ਰਧਾਵਾਨ ਤੇ ਉੱਚੀ ਮੱਤ ਵਾਲਾ ਹੋਵੇ, ਗੁਰੂ ਵੱਲੋਂ ਖ਼ਾਲਸੇ ਲਈ ਨਿਰਧਾਰਤ ਕੀਤੀ ਸਮੂਹਕ ਲੀਡਰਸ਼ਿਪ ਦੀ ਥਾਂ ਨਹੀਂ ਲੈ ਸਕਦਾ। ਜੇਕਰ ਅਸੀਂ ਗੁਰੂ ਨੂੰ ਭਾਉਂਦੇ ਮੁੱਢਲੇ ਰੂਹਾਨੀ ਰਸਤੇ ਉੱਤੇ ਸਾਬਤ-ਕਦਮੀਂ ਤੁਰਨਾ ਹੈ ਅਤੇ ਮਨੁੱਖਤਾ ਦੀ ਰੂਹਾਨੀ ਬਿਹਤਰੀ ਕਰਨਯੋਗ ਆਪਣੀ ਸਮਰੱਥਾ ਵਿੱਚ ਵਾਧਾ ਕਰਦੇ ਰਹਿਣਾ ਹੈ ਤਾਂ ਸਾਡੀ ਸਦੀਵੀ ਸ਼ਰਨਗਾਹ ਕੇਵਲ ਅਤੇ ਕੇਵਲ ਗੁਰੂ ਗ੍ਰੰਥ ਸਾਹਿਬ ਅਤੇ ਗੁਰੂ ਖ਼ਾਲਸਾ ਪੰਥ ਹੀ ਹੈ।

(ਇਸ ਅੰਗ੍ਰੇਜ਼ੀ ਪੈਰ੍ਹੇ ਦਾ ਪੰਜਾਬੀ ਉਲੱਥਾ ਧੰਨਵਾਦ ਸਹਿਤ ਪ੍ਰੋ. ਕੁਲਬੀਰ ਸਿੰਘ ਜੀ ਨੇ ਕੀਤਾ ਹੈ)

ਜਿਵੇਂ ਸ੍ਰ. ਗੁਰਤੇਜ ਸਿੰਘ ਨੇ ਲਿਖਿਆ ਹੈ, ਰਾਜਸੀ ਸ਼ਹਿ ਪ੍ਰਾਪਤ ਹੋਣ ਨਾਲ ਹਰਨਾਮ ਸਿੰਘ ਧੁੰਮੇ ਦਾ ਇੱਕ ਲੱਠ-ਮਾਰ ਰੂਪ ਪ੍ਰਗਟ ਹੋਇਆ ਹੈ। ਜੋ ਇਨ੍ਹਾਂ ਦੀ ਵਿਚਾਰਧਾਰਾ ਨਾਲ ਸਹਿਮਤ ਨਾ ਹੋਵੇ, ਉਸ ਨੂੰ ਡਾਂਗ ਦੇ ਜੋਰ `ਤੇ ਮਨਾਉਣਾ। ਅਤੇ ਇਸੇ ਸੋਚ ਤਹਿਤ ਪਿਛਲੇ ਦਿਨੀ ਸਿੱਖ ਕੌਮ ਦੇ ਇੱਕ ਸਤਿਕਾਰਤ ਪ੍ਰਚਾਰਕ ਭਾਈ ਰਣਜੀਤ ਸਿੰਘ ਢਡਰੀਆਂਵਾਲੇ `ਤੇ ਇਸ ਨੇ ਆਪਣੇ ਗੁੰਡਿਆਂ ਤੋਂ ਹਥਿਆਰਾਂ ਨਾਲ ਹਮਲਾ ਕਰਵਾ ਦਿੱਤਾ। ਇਹ ਅਕਾਲ ਪੁਰਖ ਦਾ ਇੱਕ ਕ੍ਰਿਸ਼ਮਾ ਹੀ ਸੀ ਕਿ ਇਸ ਵਿੱਚ ਭਾਈ ਰਣਜੀਤ ਸਿੰਘ ਢਡਰੀਆਂ ਵਾਲੇ ਜ਼ਿੰਦਾ ਬੱਚ ਗਏ ਪਰ ਉਨ੍ਹਾਂ ਦੇ ਇੱਕ ਨੇੜਲੇ ਸਾਥੀ ਭਾਈ ਭੁਪਿੰਦਰ ਸਿੰਘ ਦੀ ਮੌਤ ਹੋ ਗਈ। ਇਸ ਦਾ ਸੰਕੇਤ ਸ੍ਰ. ਗੁਰਤੇਜ ਸਿੰਘ ਨੇ ਵੀ ਆਪਣੇ ਉਪਰਲੇ ਲੇਖ ਵਿੱਚ ਕੀਤਾ ਹੈ। ਇਸ ਹਮਲੇ ਵਾਸਤੇ ਤਰੀਕਾ ਇਹ ਵਰਤਿਆ ਗਿਆ ਕਿ ਜਿਸ ਰਸਤੇ ਤੋਂ ਭਾਈ ਰਣਜੀਤ ਸਿੰਘ ਨੇ ਆਪਣੇ ਸਾਥੀਆਂ ਸਮੇਤ ਲੰਘਣਾ ਸੀ, ਉਸ ਰਸਤੇ `ਤੇ ਇੱਕ ਜੱਲ ਦੀ ਛਬੀਲ ਲਗਾਈ ਗਈ ਕਿ ਭਾਈ ਰਣਜੀਤ ਸਿੰਘ ਢਡਰੀਆਂ ਵਾਲਿਆਂ ਨੂੰ ਉਥੇ ਜੱਲ ਛਕਾਉਣ ਦੇ ਬਹਾਨੇ ਰੋਕ ਕੇ ਮਾਰ ਦਿੱਤਾ ਜਾਵੇ। ਲੰਗਰ ਪੰਥ ਦੀ ਇੱਕ ਪਵਿੱਤਰ ਸੰਸਥਾ, ਅਤੇ ਇਸ ਦਾ ਹੀ ਇੱਕ ਅੰਗ ਜਲ ਦੀ ਛਬੀਲ ਹੈ। ਇਹ ਅਤਿ ਦੁਖਦਾਈ ਹੈ ਕਿ ਇਨ੍ਹਾਂ ਨੇ ਆਪਣੇ ਘੱਟੀਆ ਕਰਮਾਂ ਵਿੱਚ, ਪੰਥ ਦੀ ਇੱਕ ਪਵਿੱਤਰ ਸੰਸਥਾ ਨੂੰ ਵੀ ਨਹੀਂ ਬਖਸ਼ਿਆ। ਇਸ ਦੀ ਪਕੜ ਉਸ ਸਮੇਂ ਦੀ ਅਕਾਲੀ ਸਰਕਾਰ `ਤੇ ਇਸ ਕਦਰ ਵਧ ਚੁੱਕੀ ਸੀ ਕਿ ਇਸ ਦੇ ਸਿਧੇ ਧਮਕੀਆਂ ਦੇਣ ਅਤੇ ਆਪਣੇ ਬੰਦਿਆਂ ਦੀ ਇਸ ਹਮਲੇ ਵਿੱਚ ਸ਼ਮੂਲੀਅਤ ਕਬੂਲਨ ਦੇ ਬਾਵਜੂਦ ਪੁਲੀਸ ਨੇ ਇਸ ਕੋਲੋਂ ਪੁੱਛ ਗਿੱਛ ਤੱਕ ਨਹੀਂ ਕੀਤੀ।

ਹਰਨਾਮ ਸਿੰਘ ਧੁੰਮੇ ਦੇ ਅਕਾਲੀਆਂ ਨਾਲ ਸਾਂਝ ਪਾਉਣ ਨਾਲ ਅਖੌਤੀ ਟਕਸਾਲ ਦੇ ਦੂਜੇ ਧੜੇ ਦਾ ਅਮਰੀਕ ਸਿੰਘ ਅਜਨਾਲਾ ਬਾਦਲ ਵਿਰੋਧੀ ਸਫਾਂ ਵਿੱਚ ਸਰਗਰਮ ਹੋ ਗਿਆ ਹੈ ਅਤੇ ਉਹ ਵੀ ਆਪਣਾ ਖਾੜਕੂ ਰੂਪ ਵਿਖਾ ਕੇ ਆਪਣਾ ਪ੍ਰਭਾਵ ਵਧਾਉਣ ਦੀ ਕੋਸ਼ਿਸ਼ ਕਰ ਰਿਹਾ ਹੈ। ਇਹ ਕਿਹਾ ਜਾ ਸਕਦਾ ਹੈ ਕਿ ਇਹ ਅਖੌਤੀ ਟਕਸਾਲ, ਹੁਣ ਧਾਰਮਿਕ ਪਹਿਰਾਵੇ ਵਿੱਚ ਇੱਕ ਲੱਠ ਮਾਰਾਂ ਦਾ ਧੜਾ ਬਣ ਚੁੱਕਾ ਹੈ।

ਸਿਧਾਂਤਕ ਤੌਰ `ਤੇ ਬਾਕੀ ਡੇਰਿਆਂ ਅਤੇ ਇਸ ਅਖੌਤੀ ਟਕਸਾਲ ਵਿੱਚ ਕੋਈ ਫਰਕ ਨਹੀਂ ਹੈ। ਜਿਥੇ ਇਹ ਇਨ੍ਹਾਂ ਦੀ ਵਿਚਾਰਧਾਰਾ ਅਤੇ ਕਰਮਾਂ ਤੋਂ ਸਪੱਸ਼ਟ ਹੈ, ਉਥੇ ਇਹ ਇਨ੍ਹਾਂ ਆਪ ਵੀ ਇੱਕ ਸਾਂਝਾ ਸੰਤ ਸਮਾਜ ਬਣਾ ਕੇ ਸਾਬਤ ਕਰ ਦਿੱਤਾ ਹੈ।

(ਚਲਦਾ ….)

(ਦਾਸ ਦੀ ਨਵੀਂ ਕਿਤਾਬ "ਖਾਲਸਾ ਪੰਥ ਬਨਾਮ ਡੇਰਾਵਾਦ" ਵਿਚੋਂ)

ਰਾਜਿੰਦਰ ਸਿੰਘ

(ਮੁੱਖ ਸੇਵਾਦਾਰ, ਸ਼੍ਰੋਮਣੀ ਖਾਲਸਾ ਪੰਚਾਇਤ)

email: [email protected]




.