.

ਖਾਲਸਾ ਪੰਥ ਬਨਾਮ ਡੇਰਾਵਾਦ

(ਭਾਗ ਇਕਤਾਲ੍ਹੀਵਾਂ)

ਮੌਜੂਦਾ ਦੌਰ ਦਾ ਸੰਤਵਾਦ

ਜਥਾ ਭਿੰਡਰਾਂ (ਅਖੌਤੀ ਦਮਦਮੀ ਟਕਸਾਲ) ਭਾਗ ੭

ਕਿਉਂਕਿ ਭਾਈ ਜਰਨੈਲ ਸਿੰਘ ਦੀ ਸ਼ਹੀਦੀ ਨਹੀਂ ਐਲਾਨੀ ਗਈ ਸੀ ਇਸ ਵਾਸਤੇ ਭਾਈ ਠਾਕਰ ਸਿੰਘ ਨੂੰ ਜਥੇ ਦਾ ਕਾਰਜਕਾਰੀ ਜਥੇਦਾਰ ਥਾਪਿਆ ਗਿਆ। ਭਾਈ ਠਾਕਰ ਸਿੰਘ ਦੀ ਸਖਸ਼ੀਅਤ ਭਾਈ ਜਰਨੈਲ ਸਿੰਘ ਦੀ ਸਖਸ਼ੀਅਤ ਤੋਂ ਬਿਲਕੁਲ ਉਲਟ ਸੀ, ਜੋ ਬਹੁਤ ਹੀ ਘੱਟ ਬੋਲਦਾ ਸੀ। ਜੋਸ਼ ਅਤੇ ਜਜ਼ਬਾ ਤਾਂ ਉਸ ਦੇ ਨੇੜਿਓ ਵੀ ਨਹੀਂ ਸੀ ਲੰਘਿਆ। ਭਾਈ ਜਰਨੈਲ ਸਿੰਘ ਦੇ ਇੱਕ ਕੌਮੀ ਆਗੂ ਦੇ ਤੌਰ `ਤੇ ਉਭਰਨ ਕਾਰਨ ਕੌਮ ਜਥਾ ਭਿੰਡਰਾਂ-ਮਹਿਤਾ ਤੋਂ ਕੌਮੀ ਅਗਵਾਈ ਦੀ ਆਸ ਕਰਦੀ ਸੀ। ਸਹੀ ਲਫਜ਼ਾਂ ਵਿੱਚ ਐਸੇ ਸੰਕਟਮਈ ਸਮੇਂ ਵਿੱਚ ਭਾਈ ਠਾਕਰ ਸਿੰਘ ਕੌਮ ਨੂੰ ਕੋਈ ਵੀ ਸਾਰਥਕ ਅਗਵਾਈ ਦੇਣ ਦੇ ਸਮਰੱਥ ਨਹੀਂ ਸੀ। ਵੈਸੇ ਤਾਂ ਇਹ ਆਪਣੇ ਸਾਰੇ ਗੱਦੀਦਾਰਾਂ ਨੂੰ ਬ੍ਰਹਮਗਿਆਨੀ ਆਖਦੇ ਹਨ ਪਰ ਠਾਕਰ ਸਿੰਘ ਦੀ ਇਸ ਕਮਜ਼ੋਰੀ ਨੂੰ ਲੁਕਾਉਣ ਲਈ ਇਹ ਕਹਿ ਦਿੱਤਾ ਜਾਂਦਾ ਹੈ ਕਿ ਉਹ ਬ੍ਰਹਮਗਿਆਨੀ ਦੀ ਅਵਸਥਾ ਵਿੱਚ ਸਨ। ਜੋ ਮਾੜੀ ਮੋਟੀ ਅਗਵਾਈ ਠਾਕਰ ਸਿੰਘ ਦੇ ਨੇੜਲੇ ਸਾਥੀ ਭਾਈ ਮੋਹਕਮ ਸਿੰਘ ਅਤੇ ਭਾਈ ਮਲਕੀਤ ਸਿੰਘ ਹੀ ਆਪਣੀ ਸੀਮਿਤ ਸੋਚ ਅਨੁਸਾਰ ਦੇਂਦੇ ਸਨ ਅਤੇ ਉਹ ਹੀ ਜਥੇ ਦੇ ਬਾਕੀ ਕਾਰਜ ਚਲਾਉਂਦੇ ਸਨ। ਠਾਕਰ ਸਿੰਘ ਦਾ ਬਸ ਨਾਂ ਵਰਤਿਆ ਜਾਂਦਾ ਸੀ।

ਆਪਣੇ ਇਸ ਝੂਠ ਨੂੰ ਕਾਇਮ ਰਖਣ ਲਈ ਰੋਜ਼ ਇੱਕ ਨਵਾਂ ਝੂਠ ਜਥੇ ਦੇ ਆਗੂਆਂ ਵਲੋਂ ਘੜਿਆ ਅਤੇ ਬੋਲਿਆ ਜਾਂਦਾ। ਜਿਵੇਂ ਕਿ ਜਥੇ ਦੇ ਇੱਕ ਸਰਗਰਮ ਆਗੂ ਅਤੇ ਭਾਈ ਜਰਨੈਲ ਸਿੰਘ ਦੇ ਭਤੀਜੇ ਭਾਈ ਜਸਬੀਰ ਸਿੰਘ ਰੋਡੇ ਵਲੋਂ ਇਹ ਬਿਆਨ ਦਿੱਤਾ ਗਿਆ ਕਿ ੭ ਜੂਨ ਨੂੰ ਭਾਈ ਜਰਨੈਲ ਸਿੰਘ ਨੇ ਉਸ ਨੂੰ ਆਪ ਟੈਲੀਫੋਨ ਕਰ ਕੇ ਕਿਹਾ ਸੀ ਕਿ ਉਹ ਚੜ੍ਹਦੀਆਂ ਕਲਾਂ ਵਿੱਚ ਹੈ। ਇਸ ਨਾਲ ਉਸ ਨੇ ਇੱਕ ਜਾਦੂਈ ਕਹਾਣੀ ਵੀ ਜੋੜ ਦਿੱਤੀ ਕਿ ਭਾਈ ਜਰਨੈਲ ਸਿੰਘ ਨੇ ਇੱਕ ਵਿਸ਼ੇਸ਼ ਘੜੇ ਵਲ ਸੰਕੇਤ ਦੇ ਕੇ ਇਹ ਵੀ ਕਿਹਾ ਸੀ ਕਿ ਉਹ ਜਦੋਂ ਸ਼ਹੀਦ ਹੋਵੇਗਾ ਤਾਂ ਉਸ ਘੜੇ ਦਾ ਪਾਣੀ ਲਾਲ ਹੋ ਜਾਵੇਗਾ।

ਭਾਈ ਜਰਨੈਲ ਸਿੰਘ ਭਿਡਰਾਂਵਾਲੇ ਨਾਲ ਸਬੰਧਤ ਇੱਕ ਕਹਾਣੀ ਇਨਟਰਨੈਟ `ਤੇ ਦਮਦਮੀ ਟਕਸਾਲ ਦੀ ਅਧਿਕਾਰਤ ਵੈਬ ਸਾਈਟ (damdamitaksaal.org) `ਤੇ ਪਾਈ ਹੋਈ ਹੈ। ਅਸਲ ਵਿੱਚ ਇਹ ਕਹਾਣੀ ਤਾਂ ਸੁੰਦਰ ਸਿੰਘ ਭਿੰਡਰਾਂਵਾਲੇ ਦੇ ਨਾਂ `ਤੇ ਘੜੀ ਗਈ ਹੈ, ਪਰ ਇਸ ਦਾ ਸਬੰਧ ਭਾਈ ਜਰਨੈਲ ਸਿੰਘ ਭਿੰਡਰਾਂਵਾਲੇ ਨਾਲ ਜੋੜਿਆ ਗਿਆ ਹੈ। ਕਹਾਣੀ ਇੰਝ ਹੈ:

"ਇਕ ਵਾਰੀ ਸੰਤ ਸੁੰਦਰ ਸਿੰਘ ਜੀ ਭਿੰਡਰਾਂਵਾਲੇ ਜਥੇ ਸਮੇਤ ਦਰਬਾਰ ਸਾਹਿਬ ਦੇ ਦਰਸ਼ਨਾਂ ਲਈ ਗਏ। ਪ੍ਰਕਰਮਾ ਕਰਦੇ ਹੋਏ ਉਹ ਉਸ ਸਥਾਨ `ਤੇ ਰੁਕ ਗਏ ਜਿਥੇ ਬਾਬਾ ਦੀਪ ਸਿੰਘ ਜੀ ਸ਼ਹੀਦ ਹੋਏ ਸਨ। ਉਨ੍ਹਾਂ ਨੇ ਉਥੇ ਆਸੇ ਪਾਸੇ ਵੇਖਣਾ ਸ਼ੁਰੂ ਕਰ ਦਿੱਤਾ। ਤਾਂ ਸਿੰਘਾਂ ਨੇ ਪੁੱਛਿਆ ਕਿ ਆਪ ਇਥੇ ਕਿਉਂ ਰੁੱਕ ਗਏ ਹੋ? ਅਤੇ ਆਸੇ ਪਾਸੇ ਕੀ ਵੇਖ ਰਹੇ ਹੋ? ਤਾਂ ਫਿਰ ਸੰਤ ਜੀ ਨੇ ਜੁਆਬ ਦਿੱਤਾ, "ਖ਼ਾਲਸਾ ਜੀ ਦਮਦਮੀ ਟਕਸਾਲ ਦਾ ਇੱਕ ਜਥੇਦਾਰ ਹੋਵੇਗਾ ਜੋ ਇਥੇ ਆਵੇਗਾ। ਜਦੋਂ ਉਹ ਆਵੇਗਾ ਤਾਂ ਭਾਰਤ ਸਰਕਾਰ ਆਪਣੀ ਫੌਜ ਨਾਲ ਇਥੇ ਹਮਲਾ ਕਰ ਦੇਵੇਗੀ। ਹਮਲੇ ਤੋਂ ਬਾਅਦ ਦਮਦਮੀ ਟਕਸਾਲ ਦਾ ਜਥੇਦਾਰ ਇਥੋਂ ਬੱਚ ਕੇ ਨਿਕਲ ਜਾਵੇਗਾ। ਲੋਕ ਸਮਝਣਗੇ ਕਿ ਉਹ ਸ਼ਹੀਦ ਹੋ ਗਿਆ ਹੈ ਪਰ ਉਹ ਸ਼ਹੀਦ ਨਹੀਂ ਹੋਵੇਗਾ। ਸਿਰਫ ਇੱਕ ਵਿਅਕਤੀ ਨੂੰ ਪਤਾ ਹੋਵੇਗਾ ਕਿ ਉਹ ਕਿਥੇ ਹੈ ਅਤੇ ਕਦੋਂ ਵਾਪਸ ਆਵੇਗਾ। " ਸੰਤ ਜੀ ਨੇ ਇਹ ਵੀ ਕਿਹਾ ਕਿ ਉਹ ਜਦੋਂ ਮੁੜ ਵਾਪਸ ਆਵੇਗਾ, ਤਾਂ ਅਟਾਰੀ ਬਾਰਡਰ ਰਾਹੀਂ ਫੌਜ ਸਮੇਤ ਵਾਪਸ ਆਵੇਗਾ, ਉਸ ਸਮੇਂ ਜੰਗ ਚਲ ਰਹੀ ਹੋਵੇਗੀ। ਉਹ ਸਿੱਧਾ ਦਰਬਾਰ ਸਾਹਿਬ ਆਵੇਗਾ, ਕੀਰਤਨ ਸੁਣੇਗਾ ਅਤੇ ਫਿਰ ਉਸ ਤੋਂ ਬਾਅਦ ਜੰਗ ਕਰੇਗਾ ਅਤੇ ਸਿੱਖ ਕੌਮ ਵਾਸਤੇ ਖ਼ਾਲਸਾ ਰਾਜ ਪ੍ਰਾਪਤ ਕਰੇਗਾ। "

ਅਗਲੇ ਪੈਰੇ ਵਿੱਚ ਲਿਖਿਆ ਹੈ:

"ਸੰਤ ਸੁੰਦਰ ਸਿੰਘ ਭਿੰਡਰਾਂਵਾਲੇ ਨੇ ਇਹ ਬਚਨ ਜਥੇ ਦੇ ਸਾਮ੍ਹਣੇ ਕਹੇ, ਉਸ ਵੇਲੇ ਸਤਿਕਾਰਯੋਗ ਬੀਬੀ ਦਲੀਪ ਕੌਰ ਬੋਪਾਰਾਏ ਵਾਲੀ ਦੇ ਸਾਮ੍ਹਣੇ ਕਹੇ ਜਿਸ ਦੀ ਉਮਰ ਉਸ ਵੇਲੇ ੧੩ ਵਰ੍ਹਿਆਂ ਦੀ ਸੀ। ਇਹ ਬੀਬੀ ਸੰਤ ਸੁੰਦਰ ਸਿੰਘ ਭਿੰਡਰਾਂ ਵਾਲਿਆਂ ਦੇ ਸਮੇਂ ਤੋਂ ਸੰਤ ਬਾਬਾ ਠਾਕਰ ਸਿੰਘ ਦੇ ਸਮੇਂ ਤੱਕ ਜਥੇ ਵਿੱਚ ਸੇਵਾਦਾਰ ਰਹੀ। ਕੁੱਝ ਸਮਾਂ ਪਹਿਲੇ ਉਹ ਸਚਖੰਡ ਚਲੀ ਗਈ ਹੈ। " (ਇਹ ਕਹਾਣੀ ਅੰਗ੍ਰੇਜ਼ੀ ਵਿੱਚ ਲਿਖੀ ਹੋਈ ਹੈ। ਦਾਸ ਨੇ ਆਪਣੀ ਸੀਮਿਤ ਸੂਝ ਮੁਤਾਬਕ ਇਨ-ਬਿਨ ਉਲਥਾ ਕਰਨ ਦੀ ਕੋਸ਼ਿਸ਼ ਕੀਤੀ ਹੈ।)

ਇਹ ਕਹਾਣੀ ਪੜ੍ਹ ਕੇ ਸਪੱਸ਼ਟ ਪਤਾ ਚਲਦਾ ਹੈ ਕਿ ਇਹ ਕਹਾਣੀ ਉਸ ਵੇਲੇ ਘੜੀ ਗਈ, ਜਿਸ ਵੇਲੇ ਇਨ੍ਹਾਂ ਵਲੋਂ ਕੀਤਾ ਗਿਆ ਇਹ ਕੂੜ ਪ੍ਰਚਾਰ ਜ਼ੋਰਾਂ `ਤੇ ਸੀ ਕਿ ਭਾਈ ਜਰਨੈਲ ਸਿੰਘ ਭਿੰਡਰਾਂਵਾਲੇ ਜ਼ਿੰਦਾ ਬੱਚ ਕੇ ਨਿਕਲ ਗਏ ਹਨ। ਇਸ ਨਾਲ ਜਿਥੇ ਸੁੰਦਰ ਸਿੰਘ ਭਿੰਡਰਾਂਵਾਲੇ ਦਾ ਨਾਂ ਵਰਤ ਕੇ ਇੱਕ ਝੂਠ ਨੂੰ ਸੱਚ ਸਾਬਤ ਕਰਨ ਦੀ ਕੋਸ਼ਿਸ਼ ਕੀਤੀ ਗਈ, ਉਥੇ ਸੁੰਦਰ ਸਿੰਘ ਭਿੰਡਰਾਂਵਾਲੇ ਦੇ ਨਾਂ ਨਾਲ ਇੱਕ ਹੋਰ ਕਰਿਸ਼ਮਾ ਜੋੜ ਕੇ, ਉਸ ਨੂੰ ਇੱਕ ਭਵਿੱਖ ਵਕਤਾ ਦੇ ਤੌਰ `ਤੇ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਗਈ। "

ਸੰਨ ੧੯੮੬-੮੭ ਵਿੱਚ ਮੈਂ (ਇਸ ਕਿਤਾਬ ਦਾ ਲੇਖਕ) ਟਾਡਾ (TADA) ਅਧੀਨ ਚੰਡੀਗੜ੍ਹ ਦੀ ਬੁੜੈਲ ਜੇਲ੍ਹ ਵਿੱਚ ਬੰਦ ਸੀ ਤਾਂ ਭਾਈ ਜਰਨੈਲ ਸਿੰਘ ਦੇ ਭਰਾ, ਕੈਪਟਨ ਹਰਚਰਨ ਸਿੰਘ ਰੋਡੇ ਜੋ ਉਸ ਵੇਲੇ ਪਟਿਆਲਾ ਜੇਲ੍ਹ ਵਿੱਚ ਬੰਦੀ ਸੀ, ਨੂੰ ਐਨ. ਐਸ. ਏ. ਬੋਰਡ ਅਗੇ ਪੇਸ਼ ਕਰਨ ਲਈ ਦੋ ਦਿਨਾਂ ਲਈ ਚੰਡੀਗੜ੍ਹ ਜੇਲ੍ਹ ਵਿੱਚ ਲਿਆਂਦਾ ਗਿਆ। ਰਾਤ ਦਾ ਪ੍ਰਸ਼ਾਦਾ ਇਕੱਠੇ ਛਕਦੇ ਮੈਂ ਉਨ੍ਹਾਂ ਨੂੰ ਪੁੱਛ ਲਿਆ ਕਿ ਤੁਸੀਂ ਆਪ ਤਾਂ ਭਾਈ ਜਰਨੈਲ ਸਿੰਘ ਭਿੰਡਰਾਂਵਾਲੇ ਦੀ ਮਿਰਤਕ ਦੇਹ ਦੀ ਪਛਾਣ ਕੀਤੀ ਸੀ ਤਾਂ ਹੁਣ ਤੁਸੀਂ ਕਿਵੇਂ ਕਹਿ ਰਹੇ ਹੋ ਕਿ ਉਹ ਜ਼ਿੰਦਾ ਹਨ? ਇਸ ਦੇ ਜੁਆਬ ਵਿੱਚ ਉਹ ਕਹਿਣ ਲੱਗਾ ਕਿ ਉਸ ਵੇਲੇ ਮੇਰਾ ਤਾਂ ਰੋ ਰੋ ਕੇ ਬਹੁਤ ਬੁਰਾ ਹਾਲ ਸੀ। ਮੈਂ ਤਾਂ ਚੰਗੀ ਤਰ੍ਹਾਂ ਵੇਖਿਆ ਵੀ ਨਹੀਂ, ਉਹੋ ਜਿਹੇ ਕੱਦ ਬੁੱਤ ਦੀ ਲਾਸ਼ ਪਈ ਸੀ, ਮੈਂ ਕਹਿ ਦਿੱਤਾ ਕਿ ਹਾਂ ਜਰਨੈਲ ਸਿੰਘ ਹੀ ਹੈ। ਮੈਨੂੰ ਉਸ ਦੇ ਝੂਠ ਤੋਂ ਇਤਨੀ ਤਕਲੀਫ ਹੋਈ ਕਿ ਮੇਰੇ ਮੂੰਹੋਂ ਸੁਭਾਵਕ ਹੀ ਨਿਕਲ ਗਿਆ ਕਿ ਤੁਹਾਡੀ ਹਾਲਤ ਦਾ ਅੰਦਾਜ਼ਾ ਮੈਂ ਸਹਿਜੇ ਹੀ ਲਗਾ ਸਕਦਾ ਹਾਂ ਕਿਉਂਕਿ ਦਰਬਾਰ ਸਾਹਿਬ ਉਤੇ ਮੰਦਭਾਗੇ ਹਮਲੇ ਤੋਂ ਬਾਅਦ, ਹਜ਼ਾਰਾਂ ਸਿੱਖ ਫੌਜੀਆਂ ਨੇ ਆਪਣੀਆਂ ਬੈਰਕਾਂ ਛੱਡ ਕੇ ਬਗਾਵਤ ਕਰ ਦਿੱਤੀ, ਕਈ ਸ਼ਹੀਦ ਵੀ ਹੋ ਗਏ, ਪਰ ਤੁਸੀਂ ਆਪਣਾ ਕਪਤਾਨੀ ਦਾ ਅਹੁਦਾ ਅਤੇ ਪੈਨਸ਼ਨ ਲੈ ਕੇ ਰਿਟਾਇਰ ਹੋ ਕੇ ਆਏ ਹੋ, ਤਾਂ ਉਹ ਬਹੁਤ ਗੁੱਸਾ ਮੰਨ ਗਏ ਅਤੇ ਰੋਟੀ ਵਿਚੇ ਛੱਡ ਕੇ ਉਠ ਗਏ।

ਹੈਰਾਨਗੀ ਦੀ ਗੱਲ ਹੈ ਕਿ ਇਨ੍ਹਾਂ ਦੇ ਬਹੁਤੇ ਮੋਹਰਲੇ ਆਗੂ ਸੱਚ ਜਾਣਦੇ ਅਤੇ ਪੜਦੇ ਪਿੱਛੇ ਮੰਨਦੇ ਵੀ ਸਨ, ਪਰ ਪਤਾ ਨਹੀਂ ਸੰਗਤ ਸਾਮ੍ਹਣੇ ਸੱਚ ਕਹਿਣ ਦੀ ਜੁਰਅਤ ਕਿਉਂ ਨਹੀਂ ਸੀ? ੧੯੯੦ਵਿਆਂ ਦੀ ਗੱਲ ਹੈ, ਉਸ ਵੇਲੇ ਦੇ ਜਥੇ ਦੇ ਮੁਹਰਲੀ ਕਤਾਰ ਦੇ ਆਗੂਆਂ `ਚੋਂ ਇੱਕ ਭਾਈ ਮੋਹਕਮ ਸਿੰਘ ਨੇ ਮੈਨੂੰ ਟੈਲੀਫੋਨ `ਤੇ ਸੰਪਰਕ ਕਰ ਕੇ ਕਿਹਾ ਕਿ ਬਾਬਾ ਠਾਕੁਰ ਸਿੰਘ ਇੱਕ ਪ੍ਰੈਸ ਕਾਨਫਰੈਂਸ ਕਰਨ ਲਈ ਚੰਡੀਗੜ੍ਹ ਆ ਰਹੇ ਹਨ, ਤੁਸੀਂ ਅਤੇ ਜਨਰਲ ਨਰਿੰਦਰ ਸਿੰਘ ਉਨ੍ਹਾਂ `ਤੇ ਜ਼ੋਰ ਪਾਓ ਕਿ ਉਹ ਭਾਈ ਜਰਨੈਲ ਸਿੰਘ ਦੀ ਸ਼ਹੀਦੀ ਵੀ ਐਲਾਨ ਦੇਣ। ਜਨਰਲ ਨਰਿੰਦਰ ਸਿੰਘ ਹੋਰਾਂ ਨਾਲ ਮੇਰੇ ਬਹੁਤ ਨੇੜਲੇ ਸਬੰਧ ਸਨ, ਅਸੀਂ ਦੋ ਸਾਲ ਤੋਂ ਵਧੇਰੇ ਸਮਾਂ ਜੇਲ੍ਹ ਵਿੱਚ ਵੀ ਇਕੱਠੇ ਰਹੇ ਸਾਂ। ਮੈਂ ਉਨ੍ਹਾਂ ਨਾਲ ਇਸ ਵਿਸ਼ੇ `ਤੇ ਗੱਲ ਵੀ ਕਰ ਲਈ, ਪਰ ਪਤਾ ਨਹੀਂ ਕੀ ਕਾਰਨ ਕਿ ਚੰਡੀਗੜ੍ਹ ਪਹੁੰਚਦੇ ਹੀ ਭਾਈ ਮੋਹਕਮ ਸਿੰਘ ਨੇ ਆਪ ਹੀ ਮੈਨੂੰ ਫਿਲਹਾਲ ਗੱਲ ਕਰਨ ਤੋਂ ਰੋਕ ਦਿੱਤਾ।

ਹਾਲਾਂਕਿ ਜੂਨ ੧੯੮੪ ਅਤੇ ਉਸ ਤੋਂ ਬਾਅਦ ਨਵੰਬਰ ੧੯੮੪ ਦੇ ਘੱਲੂਘਾਰਿਆਂ ਤੋਂ ਬਾਅਦ ਸਿੱਖ ਕੌਮ ਵਿੱਚ ਅਥਾਹ ਰੋਸ ਅਤੇ ਜੋਸ਼ ਪੈਦਾ ਹੋਇਆ, ਜਿਸ ਦਾ ਨਤੀਜਾ ਬਹੁਤ ਸਾਰੇ ਨਵੇਂ ਸਿੱਖ ਨੌਜੁਆਨ ਵੀ ਜੁਝਾਰੂ ਸਫਾਂ ਵਿੱਚ ਸ਼ਾਮਲ ਹੋ ਗਏ ਅਤੇ ਕਈ ਨਵੇਂ ਗਰੁਪ ਅਤੇ ਜਥੇਬੰਦੀਆਂ ਵੀ ਬਣੀਆਂ, ਖਾੜਕੂ ਕਾਰਵਾਈਆਂ ਵੀ ਕਾਫੀ ਵਧ ਗਈਆਂ, ਪਰ ਸਾਰਿਆਂ ਦੇ ਆਪਣੇ ਆਪਣੇ ਅਲੱਗ ਅਲੱਗ ਆਗੂ ਸਨ। ਕੋਈ ਇੱਕ ਜਾਂ ਸਾਂਝੀ ਲੀਡਰਸ਼ਿਪ ਨਾ ਉਭਰ ਸਕੀ ਜੋ ਸਾਰੀ ਲਹਿਰ ਨੂੰ ਸੁਚੱਜੀ ਅਗਵਾਈ ਦੇ ਸਕੇ। ਭਾਈ ਠਾਕਰ ਸਿੰਘ ਆਪ ਅਗਵਾਈ ਦੇਣ ਦੀ ਸਮਰੱਥਾ ਨਹੀਂ ਸੀ ਰਖਦਾ ਅਤੇ ਭਾਈ ਜਰਨੈਲ ਸਿੰਘ ਦੇ ਜ਼ਿੰਦਾ ਹੋਣ ਦੇ ਦਾਅਵਿਆਂ ਨੇ ਨਵੀਂ ਲੀਡਰਸ਼ਿਪ ਉਭਰਨ ਨਹੀਂ ਦਿੱਤੀ। ਜਿਵੇਂ ਸਾਰੀ ਕੌਮ ਜਰਨੈਲ ਸਿੰਘ ਦੀ ਇੰਤਜ਼ਾਰ ਕਰ ਰਹੀ ਸੀ। ਇੰਝ ਭਾਈ ਜਰਨੈਲ ਸਿੰਘ ਦੇ ਆਪਣੇ ਵਾਰਸਾਂ ਨੇ ਹੀ ਭਾਈ ਜਰਨੈਲ ਸਿੰਘ ਦੀ ਸ਼ਹਾਦਤ ਵੀ ਰੋਲ ਦਿੱਤੀ ਅਤੇ ਵੱਡੇ ਕੌਮੀ ਨੁਕਸਾਨ ਦਾ ਕਾਰਨ ਵੀ ਬਣੇ।

ਇਸ ਸਭ ਤੋਂ ਇੰਝ ਵੀ ਜਾਪਦਾ ਹੈ ਕਿ ਭਾਈ ਜਰਨੈਲ ਸਿੰਘ ਦੀ ਜ਼ਿੰਦਗੀ ਵਿੱਚ ਹੀ ਸਰਕਾਰੀ ਏਜੰਸੀਆਂ ਦੇ ਬੰਦੇ ਜਥਾ ਭਿੰਡਰਾਂ-ਮਹਿਤਾ ਵਿੱਚ ਘੁਸਪੈਠ ਕਰ ਚੁੱਕੇ ਸਨ ਅਤੇ ਉਹ ਇਹ ਵੱਡਾ ਭਰਮ-ਜਾਲ ਫੈਲਾਉਣ ਵਿੱਚ ਕਾਮਯਾਬ ਰਹੇ। ਸੁਭਾਵਕ ਭਾਈ ਜਰਨੈਲ ਸਿੰਘ ਦੀ ਸ਼ਹਾਦਤ ਤੋਂ ਬਾਅਦ ਉਹ ਲੋਕ ਹੋਰ ਵੀ ਤਾਕਤਵਰ ਹੋ ਗਏ ਹੋਣਗੇ। ਇਹ ਸ਼ੱਕ ਇਸ ਤੋਂ ਵੀ ਮਜਬੂਤ ਹੁੰਦਾ ਹੈ ਕਿ ਹਜ਼ਾਰਾਂ ਸਿੱਖ ਨੌਜੁਆਨਾਂ ਦਾ ਨਾਜਾਇਜ਼ ਤਰੀਕੇ ਨਾਲ ਘਾਣ ਕਰਨ ਵਾਲੇ ਕੇ. ਪੀ. ਐਸ. ਗਿਲ, ਜੋ ਆਪਣੇ ਜ਼ੁਲਮਾਂ ਕਾਰਨ ਸਿਖ ਕੌਮ ਵਿੱਚ ‘ਬੁਚੜ` ਕਰ ਕੇ ਮਸ਼ਹੂਰ ਹੈ, ਨੂੰ ੧੪ ਅਕਤੂਬਰ ੧੯੯੨ ਨੂੰ ਜਥਾ ਭਿੰਡਰਾਂ-ਮਹਿਤਾ ਦੇ ਮੁੱਖ ਡੇਰੇ ਚੌਕ ਮਹਿਤਾ ਵਿਖੇ, ਸਿਰੋਪਾ ਪਾ ਕੇ ਸਨਮਾਨਤ ਕੀਤਾ ਗਿਆ।

ਭਾਈ ਠਾਕਰ ਸਿੰਘ ਦੇ ਸਮੇਂ ਹੀ ਆਰ. ਆਰ. ਐਸ. ਦੇ ਵਰਕਰਾਂ ਦਾ ਇੱਕ ਜਥਾ ਸਿਖੀ ਰੂਪ ਧਾਰਨ ਕਰ ਕੇ ਇਨ੍ਹਾਂ ਦੇ ਮਹਿਤਾ ਚੌਕ ਡੇਰੇ ਤੋਂ ਗੁਰਮਤਿ ਪ੍ਰਚਾਰ ਦੀ ਟਰੇਨਿੰਗ ਲੈ ਕੇ ਗਿਆ। ਉਨ੍ਹਾਂ ਨੇ ਟਰੇਨਿੰਗ ਲਈ ਇਨ੍ਹਾਂ ਦਾ ਡੇਰਾ ਇਸ ਲਈ ਚੁਣਿਆਂ ਕਿਉਂਕਿ ਇਨ੍ਹਾਂ ਦੀ ਵਿਚਾਰਧਾਰਾ ਤਾਂ ਪਹਿਲਾਂ ਹੀ ਗੁਰਮਤਿ ਅਤੇ ਸਨਾਤਨੀ ਵਿਚਾਰਧਾਰਾ ਦਾ ਮਿਲਗੋਭਾ ਹੈ, ਜੋ ਉਨ੍ਹਾਂ ਨੂੰ ਬਹੁਤ ਮਾਫਕ ਆਉਂਦਾ ਹੈ। ਇਹ ਇਸ ਨੂੰ ਆਪਣੀ ਵੱਡੀ ਪ੍ਰਾਪਤੀ ਦਸਦੇ ਹਨ ਕਿ ਦੇਖਹੁ ਕਿਤਨੇ ਹਿੰਦੂਆਂ ਨੂੰ ਸਿੱਖੀ ਦੇ ਪ੍ਰਚਾਰਕ ਬਣਾ ਦਿੱਤਾ। ਜਦਕਿ ਉਨ੍ਹਾਂ ਜਿਸ ਮਕਸਦ ਲਈ ਟਰੇਨਿੰਗ ਲਈ ਹੈ, ਉਸ ਨੂੰ ਪੂਰਾ ਕਰਦੇ ਹੋਏ, ਪੰਜਾਬ ਅਤੇ ਬਾਹਰ ਦੇ ਕਈ ਸਥਾਨਾਂ, ਖਾਸ ਤੌਰ `ਤੇ ਪਿੰਡਾਂ ਆਦਿਕ ਵਿੱਚ ਸਿੱਖੀ ਦਾ ਬ੍ਰਾਹਮਣੀਕਰਣ ਕਰਨ ਦੇ ਆਹਰ ਲੱਗੇ ਹੋਏ ਹਨ ਅਤੇ ਕੌਮ ਦੀਆਂ ਬੇੜੀਆਂ ਵਿੱਚ ਵੱਟੇ ਪਾ ਰਹੇ ਹਨ। ਇਨ੍ਹਾਂ ਵਿੱਚੋਂ ਵੀ ਬਹੁਤੇ ਉਹੀ ਪਹਿਰਾਵਾ ਪਾ ਕੇ ਰਹਿੰਦੇ ਹਨ, ਜਿਸ ਨੂੰ ਇਹ ਭਿੰਡਰਾਂ ਜਥੇ ਵਾਲੇ ਆਪਣਾ ‘ਬਾਣਾ` ਕਹਿੰਦੇ ਹਨ।

੨੦ ਸਾਲ ਤੋਂ ਉੱਤੇ, ਕੂੜ ਦਾ ਭਾਰ ਇੰਝ ਹੀ ਢੋਂਦੇ ਹੋਏ, ੨੪ ਦਸੰਬਰ ੨੦੦੪ ਨੂੰ ਭਾਈ ਠਾਕਰ ਸਿੰਘ ਦੀ ਮੌਤ ਹੋ ਗਈ। ਇਸ ਨਾਲ ਸੁਭਾਵਕ ਹੀ ਨਵੇਂ ਗੱਦੀਦਾਰ ਦਾ ਸੁਆਲ ਆ ਖੜਾ ਹੋਇਆ। ਭਾਈ ਠਾਕਰ ਸਿੰਘ ਦੇ ਜੀਵਨ ਕਾਲ ਵਿੱਚ ਹੀ ਇਸ ਅਹੁਦੇ ਵਾਸਤੇ ਭਾਈ ਰਾਮ ਸਿੰਘ ਜੋ ਭਾਈ ਕਰਤਾਰ ਸਿੰਘ ਭਿੰਡਰਾਂਵਾਲੇ ਦਾ ਭਤੀਜਾ ਹੈ, ਦਾ ਨਾਂ ਚਰਚਾ ਵਿੱਚ ਰਿਹਾ ਸੀ। ਇੱਕ ਵਾਰੀ ਤਾਂ ਭਾਈ ਠਾਕਰ ਸਿੰਘ ਨੇ ਭਾਈ ਰਾਮ ਸਿੰਘ ਨੂੰ ਇਹ ਲਿਖ ਕੇ ਵੀ ਦੇ ਦਿੱਤਾ ਸੀ ਕਿ ਉਨ੍ਹਾਂ ਤੋਂ ਬਾਅਦ ਰਾਮ ਸਿੰਘ ਜਥੇ ਦਾ ਮੁਖੀ ਹੋਵੇਗਾ। ਇਹ ਗੱਲ ਭਾਈ ਜਰਨੈਲ ਸਿੰਘ ਦੇ ਪਰਵਾਰ ਅਤੇ ਜਥੇ ਦੇ ਕੁੱਝ ਹੋਰ ਸਰਗਰਮ ਆਗੂਆਂ ਨੂੰ ਹਜ਼ਮ ਨਾ ਹੋਈ ਅਤੇ ਇਨ੍ਹਾਂ ਦੇ ਅੰਦਰ ਇੱਕ ਵੱਡਾ ਵਿਵਾਦ ਛਿੱੜ ਗਿਆ। ਅਖੀਰ ਭਾਈ ਠਾਕਰ ਸਿੰਘ ਨੂੰ ਇਸ ਗੱਲ ਨੂੰ ਅਫਵਾਹ ਕਹਿ ਕੇ ਨਕਾਰਨਾ ਪਿਆ। ਉਸ ਨੇ ਇਨਕਾਰੀ ਹੋਣ ਵਾਸਤੇ ਜੋ ਸ਼ਬਦਾਵਲੀ ਵਰਤੀ ਉਹ ਇਹ ਸੀ ਕਿ ਜਦ ਭਾਈ ਜਰਨੈਲ ਸਿੰਘ ਖਾਲਸਾ ਚੜ੍ਹਦੀਆਂ ਕਲਾਂ ਵਿੱਚ ਹਨ ਤਾਂ ਕਿਸੇ ਹੋਰ ਦਾ ਜਥੇਦਾਰ ਬਣਨ ਦਾ ਸੁਆਲ ਹੀ ਪੈਦਾ ਨਹੀਂ ਹੁੰਦਾ।

ਭਾਈ ਠਾਕਰ ਸਿੰਘ ਦੀ ਮੌਤ ਬਾਅਦ, ਹੁਣ ਗੱਦੀ ਦੇ ਸੁਆਲ `ਤੇ ਫੇਰ ਵਿਵਾਦ ਖੜਾ ਹੋ ਗਿਆ। ਭਾਈ ਰਾਮ ਸਿੰਘ ਤਾਂ ਆਪਣੇ ਆਪ ਨੂੰ ਵਾਰਸ ਸਮਝਦਾ ਹੀ ਸੀ, ਉਸ ਤੋਂ ਇਲਾਵਾ ਭਾਈ ਮੋਹਕਮ ਸਿੰਘ ਅਤੇ ਭਾਈ ਮਲਕੀਤ ਸਿੰਘ ਜੋ ਉਸ ਸਮੇਂ ਤੱਕ ਭਾਈ ਠਾਕਰ ਸਿੰਘ ਦੇ ਨਾਂ `ਤੇ ਡੇਰੇ ਦਾ ਸਾਰਾ ਕੰਮ ਚਲਾ ਰਹੇ ਸਨ, ਸੁਭਾਵਕ ਉਮੀਦਵਾਰ ਸਨ। ਇਨ੍ਹਾਂ ਵਿਚੋਂ ਭਾਈ ਮੋਹਕਮ ਸਿੰਘ ਦਾ ਨਾਂ ਮੋਹਰੀ ਸੀ। ਉਨ੍ਹਾਂ ਤੋਂ ਇਲਾਵਾ ਭਾਈ ਜਰਨੈਲ ਸਿੰਘ ਦਾ ਭਤੀਜਾ ਜਸਬੀਰ ਸਿੰਘ ਰੋਡੇ ਵੀ ਬਹੁਤ ਮਜ਼ਬੂਤ ਉਮੀਦਵਾਰ ਸੀ। ਇਸ ਨੂੰ ਸਰਕਾਰੀ ਏਜੰਸੀਆਂ ਦੀ ਅੰਦਰੂਨੀ ਬਹੁਤ ਹਮਾਇਤ ਹਾਸਲ ਸੀ। ਉਨ੍ਹਾਂ ਦੇ ਮੇਲਜੋਲ ਨਾਲ ਹੀ ਇਹ ਪਹਿਲਾਂ ਅਕਾਲ ਤਖਤ ਦਾ ਜਥੇਦਾਰ ਵੀ ਰਹਿ ਚੁੱਕਾ ਸੀ ਅਤੇ ਉਨ੍ਹਾਂ ਦੇ ਇਸ਼ਾਰੇ `ਤੇ ਹੀ ਆਪਣੇ ਨਾਲ ਮਤਭੇਦ ਰਖਣ ਵਾਲੇ ਬਹੁਤ ਸਾਰੇ ਜੁਝਾਰੂ ਨੌਜੁਆਨ ਵੀ ਇਸ ਨੇ ਸ਼ਹੀਦ ਕਰਾਏ ਸਨ। ਇਸ ਤਰ੍ਹਾਂ ਆਪਣੀਆਂ ਗੁਪਤ ਖੇਡਾਂ ਨਾਲ ਸਮੇਂ ਦੇ ਕੌਮੀ ਸੰਘਰਸ਼ ਨੂੰ ਵੀ ਬਹੁਤ ਪੁੱਠਾ ਗੇੜ ਦਿੱਤਾ ਸੀ। (ਇਸ ਵਿਸ਼ੇ `ਤੇ ਵਧੇਰੇ ਜਾਣਕਾਰੀ ਲਈ ਸ੍ਰ. ਹਰਦੀਪ ਸਿੰਘ ਡਿਬਡਿਬਾ ਦੀ ਕਿਤਾਬ "ਸਾਕਾ ਨੀਲਾ ਤਾਰਾ ਤੋਂ ਬਾਅਦ-ਤਬਾਹੀ ਕੀ ਤਵਾਰੀਖ" ਤੋਂ ਲਈ ਜਾ ਸਕਦੀ ਹੈ, ਕਿਉਂਕਿ ਉਨ੍ਹਾਂ ਨੇ ਜਿਥੇ ਇਸ ਸਾਰੇ ਖੇਡ-ਤਮਾਸ਼ੇ ਨੂੰ ਬਹੁਤ ਨੇੜਿਉ ਵੇਖਿਆ ਹੈ, ਉਥੇ ਇਤਿਹਾਸ ਪ੍ਰਤੀ ਆਪਣਾ ਫਰਜ਼ ਨਿਭਾਉਂਦੇ ਹੌਏ, ਬਹੁਤ ਨਿਰਭੈਤਾ ਨਾਲ ਸਾਰੀ ਸਚਿਆਈ ਨੂੰ ਬਿਆਨ ਵੀ ਕੀਤਾ ਹੈ, ਜਿਸ ਵਿੱਚ ਉਨ੍ਹਾਂ ਨੇ ਭਾਈ ਜਸਬੀਰ ਸਿੰਘ ਰੋਡੇ ਨੂੰ ਸਰਕਾਰੀ ਏਜੰਸੀਆਂ ਦਾ ਹੱਥ ਠੋਕਾ ਦਸਿਆ ਹੈ।)

ਇਸ ਦੇ ਸਰਕਾਰੀ ਏਜੰਸੀਆਂ ਦੇ ਸਹਿਯੋਗ ਨਾਲ ਜਥੇਦਾਰ ਅਕਾਲ-ਤਖ਼ਤ ਬਣਨ ਦਾ ਇੱਕ ਜ਼ਿੰਦਾ ਸਬੁਤ ਮੇਰੇ ਕੋਲ ਵੀ ਹੈ। ਮਾਰਚ ੧੯੮੮ ਵਿੱਚ ਜਦੋਂ ਇਸ ਨੂੰ ਜੇਲ੍ਹ ਵਿਚੋਂ ਰਿਹਾ ਕਰ ਕੇ ਜਥੇਦਾਰ ਅਕਾਲ ਤਖਤ ਬਣਾਇਆ ਗਿਆ, ਮੈਂ ਤਕਰੀਬਨ ਦੋ ਸਾਲ ਤੋਂ ਵਧੇਰੇ ਸਮੇਂ ਤੋਂ ਚੰਡੀਗੜ੍ਹ ਦੀ ਬੁੜੈਲ ਜੇਲ੍ਹ ਵਿੱਚ ਬੰਦੀ ਸੀ। ਮੇਰੇ ਨਾਲ ਬੀਬੀ ਬਿਮਲ ਕੌਰ ਖਾਲਸਾ (ਸੁਪਤਨੀ ਸ਼ਹੀਦ ਭਾਈ ਬਿਅੰਤ ਸਿੰਘ), ਜਰਨਲ ਨਰਿੰਦਰ ਸਿੰਘ ਅਤੇ ਪ੍ਰੋ. ਵਕੀਲ ਭੁਪਿੰਦਰ ਸਿੰਘ ਵੀ ਸਨ। ਸਾਡੇ ਸਾਰਿਆਂ ਉਤੇ ਇਕੋ ਕੇਸ ਸੀ। ਜਸਬੀਰ ਸਿੰਘ ਰੋਡੇ ਦੇ ਜਥੇਦਾਰ ਬਣਨ ਤੋਂ ਦੋ ਤਿੰਨ ਦਿਨਾਂ ਬਾਅਦ ਹੀ ਰਾਤ ਦੇ ਪਹਿਲੇ ਪਹਿਰ ਵਿੱਚ ਜਨਰਲ ਨਰਿੰਦਰ ਸਿੰਘ ਦੀ ਰਿਹਾਈ ਦਾ ਹੁਕਮ ਆ ਗਿਆ। ਸਾਰੇ ਹੈਰਾਨ ਸਨ ਕਿ ਇਕੋ ਕੇਸ ਵਿਚੋਂ ਕੇਵਲ ਇੱਕ ਵਿਅਕਤੀ ਤੋਂ ਕੇਸ ਵਾਪਸ ਲੈ ਕੇ, ਕਿਵੇਂ ਰਿਹਾ ਕੀਤਾ ਜਾ ਰਿਹਾ ਹੈ? ਪਹਿਲਾਂ ਤਾਂ ਜਨਰਲ ਨਰਿੰਦਰ ਸਿੰਘ ਨੇ ਇਕੱਲੇ ਰਿਹਾ ਹੋਣ ਤੋਂ ਇਨਕਾਰ ਕਰ ਦਿੱਤਾ ਪਰ ਜੇਲ ਅਧਿਕਾਰੀਆਂ ਨੇ ਕਿਹਾ ਕਿ ਰਿਹਾਈ ਦਾ ਹੁਕਮ ਆ ਜਾਣ `ਤੇ ਅਸੀਂ ਤੁਹਾਨੂੰ ਇਥੇ ਨਹੀਂ ਰਖ ਸਕਦੇ। ਅਸੀਂ ਵੀ ਉਨ੍ਹਾਂ ਨੂੰ ਇਸ ਗੱਲ ਨੂੰ ਮੁੱਦਾ ਨਾ ਬਨਾਉਣ ਦੀ ਬੇਨਤੀ ਕੀਤੀ ਅਤੇ ਘਰ ਜਾਣ ਲਈ ਆਖਿਆ। ਵੈਸੇ ਤਾਂ ਅਗਲੇ ਸਵੇਰ ਹੀ ਸੰਕੇਤ ਮਿਲ ਗਏ, ਪਰ ਦੋ ਦਿਨਾਂ ਬਾਅਦ ਜਦੋਂ ਜਨਰਲ ਨਰਿੰਦਰ ਸਿੰਘ ਸਾਨੂੰ ਮਿਲਣ ਵਾਸਤੇ ਆਏ ਤਾਂ ਸਾਰੀ ਗੱਲ ਸਪੱਸ਼ਟ ਹੋ ਗਈ। ਉਨ੍ਹਾਂ ਦੱਸਿਆ ਕਿ ਜਸਬੀਰ ਸਿੰਘ ਰੋਡੇ ਸਰਕਾਰ ਨਾਲ ਇਹ ਸਮਝੌਤਾ ਕਰ ਕੇ ਜਥੇਦਾਰ ਬਣਿਆ ਹੈ ਕਿ ਉਹ ਛੇਤੀ ਹੀ ਖਾੜਕੂਵਾਦ ਖਤਮ ਕਰਾ ਕੇ ਪੰਜਾਬ ਦੇ ਹਾਲਾਤ ਆਮ ਵਰਗੇ ਬਣਵਾ ਦੇਵੇਗਾ। ਉਸ ਨੇ ਸਰਕਾਰ ਨੂੰ ਜੇਲ੍ਹ ਵਿੱਚ ਉਨ੍ਹਾਂ ਬੰਦੀ ਸਿੱਖਾਂ ਦੀ ਇੱਕ ਲਿਸਟ ਦਿੱਤੀ ਹੈ ਜੋ ਇਸ ਮਕਸਦ ਵਿੱਚ ਉਸ ਨੂੰ ਸਹਾਈ ਹੋ ਸਕਦੇ ਹਨ। ਉਸ ਲਿਸਟ ਵਿੱਚ ਮੇਰਾ ਵੀ ਨਾਂ ਹੈ ਜਿਸ ਕਰ ਕੇ ਮੈਨੂੰ ਰਿਹਾ ਕਰ ਦਿਤਾ ਗਿਆ ਹੈ। ਭਲਾ ਇਸ ਤੋਂ ਵੱਡਾ ਹੋਰ ਕੀ ਸਬੂਤ ਚਾਹੀਦਾ ਹੈ? ਹਾਲਾਂਕਿ ਇਹ ਵੀ ਸਚਾਈ ਹੈ ਕਿ ਜਸਬੀਰ ਸਿੰਘ ਰੋਡੇ ਦੀ ਲਿਸਟ ਕਾਰਨ, ਹੋਰ ਵੀ ਜੇਲ੍ਹਾਂ `ਚੋਂ ਰਿਹਾ ਹੋਏ ਬਹੁਤ ਸਾਰੇ ਸੱਚੇ ਪੰਥ ਦਰਦੀਆਂ ਦੀ ਤਰ੍ਹਾਂ ਜਨਰਲ ਨਰਿੰਦਰ ਸਿੰਘ ਵੀ ਉਸ ਦੀ ਨਾਪਾਕ ਖੇਡ ਵਿੱਚ ਸ਼ਾਮਲ ਨਹੀਂ ਹੋਏ।

ਭਾਈ ਜਰਨੈਲ ਸਿੰਘ ਦੇ ਸਤਿਕਾਰ ਵਜੋਂ ਅਤੇ ਕੌਮੀ ਅਜ਼ਾਦੀ ਦੇ ਚਲ ਰਹੇ ਸੰਘਰਸ਼ ਦੇ ਨਾਂ `ਤੇ ਜਥੇ ਦੀ ਮਾਲੀ ਹਾਲਤ ਬਹੁਤ ਮਜ਼ਬੂਤ ਹੋ ਚੁੱਕੀ ਸੀ। ਹਰ ਕੋਈ ਇਸ `ਤੇ ਕਾਬਜ਼ ਹੋਣਾ ਚਾਹੁੰਦਾ ਸੀ। ਅਚਾਨਕ ਇੱਕ ਹੋਰ ਨਾਂ ਜੋ ਪਹਿਲਾਂ ਜਥੇ ਵਿੱਚ ਬਿਲਕੁਲ ਚਰਚਿਤ ਨਹੀਂ ਸੀ, ਉਭਰ ਕੇ ਸਾਹਮਣੇ ਆਇਆ, ਉਹ ਸੀ ਹਰਨਾਮ ਸਿੰਘ ਧੁੰਮਾ ਦਾ।

ਹਰਨਾਮ ਸਿੰਘ ਧੁੰਮਾ ੧੯੯੦ਵਿਆਂ ਵਿੱਚ ਅਮਰੀਕਾ ਚਲਾ ਗਿਆ ਸੀ ਅਤੇ ਹੁਣ ਉਥੇ ਦੀ ਨਾਗਰਿਕਤਾ ਲੈ ਕੇ ਉਥੇ ਦਾ ਨਿਵਾਸੀ ਹੀ ਬਣ ਚੁੱਕਾ ਸੀ। ਉਸ ਨੂੰ ਫੌਰੀ ਤੌਰ `ਤੇ ਭਾਰਤ ਲਿਆਂਦਾ ਗਿਆ। ਬਹੁਤੇ ਵਿਚਾਰਵਾਨਾਂ ਦਾ ਖਿਆਲ ਹੈ ਕਿ ਹਰਨਾਮ ਸਿੰਘ ਧੁੰਮਾ ਨੂੰ ਭਾਰਤ ਲਿਆਉਣ ਅਤੇ ਕਾਰਜਕਾਰੀ ਜਥੇਦਾਰ ਬਨਵਾਉਣ ਵਿੱਚ ਕੇ. ਪੀ. ਐਸ. ਗਿਲ ਅਤੇ ਹੋਰ ਸਰਕਾਰੀ ਏਜੰਸੀਆਂ ਦਾ ਬਹੁਤ ਵੱਡਾ ਹੱਥ ਹੈ। ਜਸਬੀਰ ਸਿੰਘ ਰੋਡੇ ਜੋ ਆਪ ਜਥੇਦਾਰ ਬਣਨ ਦਾ ਇਛੁਕ ਸੀ, ਵਲੋਂ ਉਸ ਨੂੰ ਕੁੱਝ ਸਮੇਂ ਲਈ ਕਾਰਜਕਾਰੀ ਜਥੇਦਾਰ ਬਨਾਉਣ ਦੀ ਤਜਵੀਜ਼ ਦਿੱਤੀ ਗਈ। ਸਮਝਿਆ ਜਾਂਦਾ ਹੈ ਕਿ ਇਹ ਸਕੀਮ ਭਾਰਤੀ ਏਜੰਸੀਆਂ ਦੀ ਸੀ। ਉਨ੍ਹਾਂ ਦੀ ਸਕੀਮ ਇਹ ਸੀ ਕਿ ਕੁੱਝ ਸਮੇਂ ਬਾਅਦ ਉਸ ਨੂੰ ਹਟਾ ਕੇ ਜਸਬੀਰ ਸਿੰਘ ਰੋਡੇ ਨੂੰ ਪੱਕਾ ਜਥੇਦਾਰ ਬਣਾ ਦਿੱਤਾ ਜਾਵੇਗਾ।

ਹਰਨਾਮ ਸਿੰਘ ਧੁੰਮਾਂ ਦਾ ਧੜਾ ਵਧੇਰੇ ਭਾਰੀ ਪੈ ਗਿਆ ਅਤੇ ਭਾਈ ਰਾਮ ਸਿੰਘ ਵੀ ਆਪਣੀ ਜਗ੍ਹਾ `ਤੇ ਅਡਿਗ ਸੀ। ਉਸ ਦੇ ਨਾਲ ਵੀ ਜਥੇ ਦੇ ਬਹੁਤ ਮੈਂਬਰ ਸਨ। ਕਹਿੰਦੇ ਹਨ ਕਿ ਕਿਸੇ ਝੂਠ ਨੂੰ ਸੌ ਵਾਰੀ ਬੋਲਿਆ ਜਾਵੇ ਤਾਂ ਉਹ ਸੱਚ ਜਾਪਣ ਲੱਗ ਪੈਂਦਾ ਹੈ, ਇਸ ਤਰ੍ਹਾਂ ਇਹ ਭਿੰਡਰਾਂ ਮਹਿਤਾ ਜਥਾ ਵੀ ਹੁਣ ਤੱਕ ਦਮਦਮੀ ਟਕਸਾਲ ਦੇ ਤੌਰ `ਤੇ ਆਪਣੀ ਪੱਕੀ ਪਹਿਚਾਣ ਬਣਾ ਚੁੱਕਾ ਸੀ। ਇਸ ਤਰ੍ਹਾਂ ਜਿਵੇਂ ਜਥਾ ਭਿੰਡਰਾਂ ਪਹਿਲੇ ਦੋ ਹਿਸਿਆਂ ਵਿੱਚ ਵੰਡਿਆ ਗਿਆ ਸੀ, ਹੁਣ ਇਹ ਅਖੌਤੀ ਦਮਦਮੀ ਟਕਸਾਲ ਮੁੜ ਵੰਡੀ ਗਈ ਅਤੇ ੨ ਜਨਵਰੀ ੨੦੦੫ ਨੂੰ ਇਕੋ ਦਿਨ, ਇੱਕ ਪਾਸੇ ਸੰਗਰਾਵਾਂ ਵਿਖੇ ਭਾਈ ਰਾਮ ਸਿੰਘ ਨੂੰ ਜਥੇਦਾਰੀ ਦੀ ਪੱਗ ਬਨ੍ਹਵਾਈ ਗਈ ਤਾਂ ਦੂਸਰੇ ਪਾਸੇ ਚੌਕ ਮਹਿਤਾ ਦੇ ਡੇਰੇ `ਤੇ ਹਰਨਾਮ ਸਿੰਘ ਧੁੰਮਾਂ ਨੂੰ ਕਾਰਜਕਾਰੀ ਜਥੇਦਾਰ ਦੇ ਤੌਰ `ਤੇ ਪੱਗ ਬਨ੍ਹਵਾਈ ਗਈ। ਭਾਈ ਰਾਮ ਸਿੰਘ ਨੇ ਕਾਰਜਕਾਰੀ ਜਥੇਦਾਰ ਦੀ ਨਹੀਂ ਸਗੋਂ ਪੂਰੇ ਜਥੇਦਾਰ ਦੀ ਪੱਗ ਬੰਨ੍ਹੀ। ਇਸ ਤਰ੍ਹਾਂ ਉਸ ਨੇ ਤਾਂ ਖੁਲ੍ਹਾ ਐਲਾਨ ਕਰ ਹੀ ਦਿੱਤਾ ਕਿ ਭਾਈ ਜਰਨੈਲ ਸਿੰਘ ਸ਼ਹੀਦ ਹੋ ਚੁੱਕਾ ਹੈ। ਅਕਾਲੀ ਦੱਲ, ਉਸ ਦੀ ਮਤਾਹਤ ਸ਼੍ਰੋਮਣੀ ਗੁਰਦੁਆਰਾ ਕਮੇਟੀ ਅਤੇ ਜਥੇਦਾਰ ਅਕਾਲ ਤਖਤ ਨੇ ਭਾਈ ਰਾਮ ਸਿੰਘ ਨੂੰ ਮਾਨਤਾ ਦਿੱਤੀ। ਇਨ੍ਹਾਂ ਦੇ ਆਗੂ ਰਾਮ ਸਿੰਘ ਦੀ ਦਸਤਾਰ ਬੰਦੀ ਵਿੱਚ ਸ਼ਾਮਲ ਹੋਏ ਤਾਂ ਬਹੁਤੀਆਂ ਗਰਮ ਖਿਆਲੀ ਅਤੇ ਹੋਰ ਪੰਥਕ ਜਥੇਬੰਦੀਆਂ ਦੇ ਨੁਮਾਇੰਦੇ ਹਰਨਾਮ ਸਿੰਘ ਧੁੰਮੇ ਦੀ ਦਸਤਾਰ ਬੰਦੀ ਵਿੱਚ ਸ਼ਾਮਲ ਹੋਏ। ਬਾਕੀ ਸੰਤ ਸਮਾਜ ਕਹਾਉਣ ਵਾਲੇ ਵੀ ਦੋ ਧੜਿਆਂ ਵਿੱਚ ਵੰਡੇ ਗਏ।

ਇਤਨਾ ਵੱਡਾ ਫੇਰ ਬਦਲ ਹੋਇਆ ਕਿ ਜੋ ਕੱਲ ਤੱਕ ਭਾਈ ਠਾਕਰ ਸਿੰਘ ਦੇ ਸੱਜੇ ਖੱਬੇ ਹੋਕੇ ਜਥੇਬੰਦੀ ਦੇ ਸਾਰੇ ਕਰਤਾ ਧਰਤਾ ਬਣੇ ਹੋਏ ਸਨ, ਉਹ ਜ਼ੀਰੋ ਹੋ ਗਏ। ਭਾਈ ਮਲਕੀਤ ਸਿੰਘ ਅਤੇ ਮੋਹਕਮ ਸਿੰਘ ਨੂੰ ਇਹ ਅਖੌਤੀ ਟਕਸਾਲ ਛੱਡ ਕੇ ਜਾਣਾ ਪਿਆ। ਭਾਈ ਮਲਕੀਤ ਸਿੰਘ ਤਾਂ ਉਸ ਤੋਂ ਬਾਅਦ ਤਕਰੀਬਨ ਗੁੰਮਨਾਮ ਹੋ ਗਿਆ ਅਤੇ ਭਾਈ ਮੋਹਕਮ ਸਿੰਘ ਆਪਣੀ ਗੁਆਚੀ ਹੋਈ ਚੌਧਰ ਦੀ ਭਾਲ ਵਿੱਚ ਅਜੇ ਵੀ ਸਿੱਖ ਸਿਆਸਤ ਵਿੱਚ ਆਪਣੇ ਹੱਥ ਅਜਮਾਉਂਦਾ ਰਹਿੰਦਾ ਹੈ।

ਕਾਬਜ਼ ਹੁੰਦਿਆਂ ਹੀ ਹਰਨਾਮ ਸਿੰਘ ਧੁੰਮੇ ਨੇ ਆਪਣੀ ਪੁਜ਼ੀਸ਼ਨ ਮਜ਼ਬੂਤ ਕਰਨੀ ਸ਼ੁਰੂ ਕਰ ਦਿੱਤੀ ਅਤੇ ਆਪਣਾ ਪੱਕਾ ਕਬਜ਼ਾ ਕਰਨ ਦੀਆਂ ਵਿਓਂਤਾਂ ਘੜਨ ਵਿੱਚ ਲੱਗ ਗਿਆ। ਉਸ ਨੂੰ ਹੁਣ ਇਹ ਕਾਰਜਕਾਰੀ ਜਥੇਦਾਰੀ ਵੀ ਚੁਭਦੀ ਸੀ। ਉਸ ਦੇ ਪੱਕਾ ਜਥੇਦਾਰ ਬਣਨ ਵਿੱਚ ਸਭ ਤੋਂ ਵੱਡੀ ਰੁਕਾਵਟ ਇਹ ਝੂਠ ਸੀ ਕਿ ਭਾਈ ਜਰਨੈਲ ਸਿੰਘ ਜ਼ਿੰਦਾ ਹਨ ਅਤੇ ਚੜ੍ਹਦੀਆਂ ਕਲਾਂ ਵਿੱਚ ਹਨ। ਅਜੇ ਤੱਕ ਇਸ ਕੂੜ ਨੂੰ ਇਹ ਇੰਝ ਹੀ ਢੋਅ ਰਹੇ ਸਨ, ਪਰ ਝੂਠ ਦੀ ਹਾਂਡੀ ਕਿਤਨੇ ਦਿਨ ਚੜ੍ਹਦੀ ਹੈ? ਗੁਰੂ ਨਾਨਕ ਪਾਤਿਸ਼ਾਹ ਦੇ ਪਾਵਨ ਬਚਨ, "ਕੂੜ ਨਿਖੁਟੇ ਨਾਨਕਾ ਓੜਕ ਸਚਿ ਰਹੀ।। " (ਪੰਨਾ ੯੫੩), ਅਨੁਸਾਰ ਸੱਚ ਆਖਰ ਉਘੜ ਕੇ ਸਾਮ੍ਹਣੇ ਆ ਹੀ ਜਾਂਦਾ ਹੈ।

ਸਰਕਾਰੀ ਏਜੰਸੀਆਂ ਨੂੰ ਹਰਨਾਮ ਸਿੰਘ ਧੁੰਮਾ ਵਧੇਰੇ ਮਾਫਕ ਆ ਚੁੱਕਾ ਸੀ, ਉਹ ਵੀ ਉਸ ਨੂੰ ਹੀ ਪੱਕਾ ਜਥੇਦਾਰ ਬਨਾਉਣਾ ਚਾਹੁੰਦੀਆਂ ਸਨ। ਉਨ੍ਹਾਂ ਕੋਲ ਹਰਨਾਮ ਸਿੰਘ ਧੁੰਮਾ ਦੀ ਇੱਕ ਹੋਰ ਵੱਡੀ ਕਮਜ਼ੋਰੀ ਹੈ ਕਿ ਉਹ ਅਮਰੀਕਾ ਦੀ ਨਾਗਰਿਕਤਾ ਲੈਕੇ ਉੱਥੇ ਦਾ ਪੱਕਾ ਨਿਵਾਸੀ ਬਣ ਚੁੱਕਾ ਹੈ। ਭਾਰਤ ਵਿੱਚ ਉਹ ਵੀਜ਼ਾ `ਤੇ ਹੈ, ਸਰਕਾਰੀ ਏਜੰਸੀਆਂ ਜਦੋਂ ਚਾਹੁਣ ਉਸ ਦਾ ਵੀਜ਼ਾ ਕੈਂਸਲ ਕਰਾ ਕੇ ਉਸ ਨੂੰ ਵਾਪਸ ਅਮਰੀਕਾ ਭੇਜ ਸਕਦੀਆਂ ਹਨ। (ਇਨ੍ਹਾਂ ਦੇ ਜਥੇ ਦੇ ਹੀ ਇੱਕ ਪਹਿਲੀ ਕਤਾਰ ਦੇ ਆਗੂ ਲੱਖਾ ਸਿੰਘ ਨੇ ਹਰਨਾਮ ਸਿੰਘ ਧੁੰਮੇ `ਤੇ ਖੁਲ੍ਹ ਕੇ ਇਹ ਇਲਜ਼ਾਮ ਲਗਾਏ ਹਨ ਕਿ ਉਹ ਕੇ. ਪੀ. ਐਸ. ਗਿੱਲ ਅਤੇ ਹੋਰ ਸਰਕਾਰੀ ਏਜੰਸੀਆਂ ਦਾ ਹੱਥ ਠੋਕਾ ਹੈ। ਵੈਬ ਸਾਈਟਾਂ ‘ਸਿੱਖ ੨੪. ਕਾਮ` (sikh24.com) ਅਤੇ ‘ਪੰਥਕ. ਓਆਰਜੀ` (www.panthic.org ) `ਤੇ ਵੀ ਇਸ ਬਾਰੇ ਕਾਫੀ ਜਾਣਕਾਰੀ ਮਿਲਦੀ ਹੈ।)

ਹੁਣ ਹਰਨਾਮ ਸਿੰਘ ਧੁੰਮਾ ਦੀ ਆਪਣੀ ਮਜ਼ਬੂਰੀ ਆਨ ਬਣੀ ਕਿ ਉਹ ਪੂਰਾ ਜਥੇਦਾਰ ਬਣਨਾ ਚਾਹੁੰਦਾ ਸੀ, ਇਸ ਲਈ ਇਸ ਕੂੜ `ਚੋਂ ਨਿਕਲਨ ਦੇ ਰਾਹ ਲੱਭੇ ਜਾ ਰਹੇ ਸਨ। ਪਰ ੨੦ ਸਾਲ ਤੋਂ ਸੰਗਤ ਵਿੱਚ ਬੋਲੇ ਹੋਏ ਝੂਠ `ਚੋਂ ਨਿਕਲਨਾ ਕਿਹੜਾ ਸੌਖਾ ਸੀ। ਪਹਿਲਾਂ ਅੰਦਰ ਖਾਤੇ ਇਹ ਸਕੀਮ ਘੜੀ ਗਈ ਕਿ ਇੱਕ ਤਰੀਕ ਨੀਅਤ ਕਰ ਕੇ ਐਲਾਨ ਕੀਤਾ ਜਾਵੇ ਕਿ ਜੇ ਭਾਈ ਜਰਨੈਲ ਸਿੰਘ ਖਾਲਸਾ ਜ਼ਿੰਦਾ ਹਨ ਤਾਂ ਉਹ ਇਸ ਤਾਰੀਖ ਤੱਕ ਆਪਣੇ ਆਪ ਨੂੰ ਪ੍ਰਗੱਟ ਕਰ ਦੇਣ ਨਹੀਂ ਤਾਂ ਉਨ੍ਹਾਂ ਨੂੰ ਸ਼ਹੀਦ ਸਮਝ ਲਿਆ ਜਾਵੇਗਾ। ਪਰ ਇਹ ਸਕੀਮ ਬਹੁਤੀ ਪ੍ਰਵਾਨ ਨਹੀਂ ਹੋਈ ਜਾਪਦੀ।

ਇਸ ਤੋਂ ਦੋ ਸਾਲ ਪਹਿਲਾਂ ਸ਼੍ਰੋਮਣੀ ਕਮੇਟੀ ਵਲੋਂ, ਅਕਾਲ ਤਖਤ ਸਾਹਿਬ ਵਿਖੇ ਘਲੂਘਾਰੇ ਦੀ ਯਾਦ ਮਨਾਉਂਦੇ ਹੋਏ ਭਾਈ ਜਰਨੈਲ ਸਿੰਘ ਦੇ ਵੱਡੇ ਸਪੁਤਰ ਈਸ਼ਰ ਸਿੰਘ ਨੂੰ ਸ਼ਹੀਦ ਭਾਈ ਜਰਨੈਲ ਸਿੰਘ ਦੀ ਸੰਤਾਨ ਦੇ ਤੌਰ `ਤੇ ਸਨਮਾਨਤ ਕੀਤਾ ਜਾ ਚੁੱਕਾ ਸੀ। ਸੋ ਉਹ ਇੱਕ ਤਰ੍ਹਾਂ ਨਾਲ ਐਲਾਨ ਕਰ ਹੀ ਚੁੱਕੇ ਸਨ ਕਿ ਭਾਈ ਜਰਨੈਲ ਸਿੰਘ ਸ਼ਹੀਦ ਹੋ ਗਏ ਹਨ। ਪਰ ਕਿਉਂਕਿ ਇਹ ਅਖੌਤੀ ਟਕਸਾਲ ਵਾਲੇ ਆਪਣੀ ਗੱਲ `ਤੇ ਬਜ਼ਿਦ ਸਨ ਕਿ ਭਾਈ ਜਰਨੈਲ ਸਿੰਘ ਚੜ੍ਹਦੀਆਂ ਕਲਾਂ ਵਿੱਚ ਹਨ, ਬਹੁਤੇ ਗਰਮ-ਖਿਆਲੀ ਸਮਝੇ ਜਾਣ ਵਾਲੇ ਆਗੂ ਇਸ ਪ੍ਰਤੀ ਆਪਣੀ ਜੁਬਾਨ ਬੰਦ ਰਖਣ ਵਿੱਚ ਹੀ ਭਲਾ ਸਮਝਦੇ ਸਨ।

ਅਖੀਰ ੨੫ ਮਈ ੨੦੦੫ ਨੂੰ ਇੱਕ ਪ੍ਰੈਸ ਕਾਨਫਰੈਂਸ ਕਰ ਕੇ ਅਖੌਤੀ ਦਮਦਮੀ ਟਕਸਾਲ ਵਲੋਂ ਇਹ ਐਲਾਨ ਕਰ ਦਿੱਤਾ ਗਿਆ ਕਿ ਭਾਈ ਜਰਨੈਲ ਸਿੰਘ ਖਾਲਸਾ ਸਾਕਾ ਨੀਲਾ ਤਾਰਾ ਦੀ ਫੌਜੀ ਕਾਰਵਾਈ ਵਿੱਚ ਸ਼ਹੀਦ ਹੋ ਚੁਕੇ ਹਨ। ਇਤਨੀ ਦੇਰ ਝੂਠ ਬੋਲ ਕੇ ਕੌਮ ਨਾਲ ਇਤਨਾ ਵੱਡਾ ਫਰੇਬ ਕਰਨ ਦਾ ਸਾਰਾ ਭਾਂਡਾ ਮਰ ਚੁੱਕੇ ਭਾਈ ਠਾਕਰ ਸਿੰਘ ਦੇ ਸਿਰ ਭੰਨ ਦਿੱਤਾ ਗਿਆ ਕਿ ਇਹ ਉਹ ਹੀ ਜਾਣਦੇ ਸਨ ਕਿ ਉਨ੍ਹਾਂ ਭਾਈ ਜਰਨੈਲ ਸਿੰਘ ਨੂੰ ਸ਼ਹੀਦ ਕਿਉਂ ਨਹੀਂ ਐਲਾਨਿਆਂ ਅਤੇ ਜ਼ਿੰਦਾ ਕਿਉਂ ਦਸਦੇ ਰਹੇ? ਨਾਲ ਇਹ ਕਹਿ ਦਿੱਤਾ ਗਿਆ ਕਿ ਭਾਈ ਠਾਕਰ ਸਿੰਘ ਪੂਰਨ ਬ੍ਰਹਮਗਿਆਨੀ ਸਨ। ੧੨ ਜੂਨ, ੨੦੦੫ ਨੂੰ ੨੧ ਸਾਲਾਂ ਬਾਅਦ ਪਹਿਲੀ ਵਾਰੀ, ਅਖੌਤੀ ਟਕਸਾਲ ਵਲੋਂ ਆਪਣੇ ਮੁੱਖ ਡੇਰੇ ਚੌਕ ਮਹਿਤਾ ਵਿਖੇ ਭਾਈ ਜਰਨੈਲ ਸਿੰਘ ਦਾ ਸ਼ਹੀਦੀ ਦਿਨ ਵੀ ਮਨਾਇਆ ਗਿਆ ਅਤੇ ਨਾਲ ਹੀ ਹਰਨਾਮ ਸਿੰਘ ਧੁੰਮੇ ਨੂੰ ਪੱਕਾ ਜਥੇਦਾਰ ਬਣਾ ਦਿੱਤਾ ਗਿਆ। ਭਾਈ ਜਸਬੀਰ ਸਿੰਘ ਰੋਡੇ ਜੋ ਪੱਕਾ ਜਥੇਦਾਰ ਬਣਨ ਦੇ ਸੁਫਨੇ ਲੈ ਰਿਹਾ ਸੀ ਅਤੇ ਇਸੇ ਆਸ ਵਿਚ, ਹਰਨਾਮ ਸਿੰਘ ਧੁੰਮੇ ਨੂੰ ਕਾਰਜਕਾਰੀ ਜਥੇਦਾਰ ਬਨਾਉਣ ਦੀ ਸਾਰੀ ਵਿਉਂਤ ਦਾ ਖਾਸ ਹਿੱਸਾ ਸੀ, ਸੁਫਨੇ ਹੀ ਵੇਖਦਾ ਰਹਿ ਗਿਆ।

ਸਭ ਤੋਂ ਵੱਡੀ ਹੈਰਾਨਗੀ ਦੀ ਗੱਲ ਇਹ ਹੈ ਕਿ ਇਤਨੀ ਵੱਡੀ ਘਟਨਾ ਦਾ ਕੌਮੀ ਤੌਰ ਉਤੇ ਕੋਈ ਖਾਸ ਪ੍ਰਤੀਕਰਮ ਨਹੀਂ ਹੋਇਆ। ਸ਼ਾਇਦ ਕੌਮ ਤਾਂ ਪਹਿਲੇ ਹੀ ਸਚਾਈ ਨੂੰ ਜਾਣਦੀ ਸੀ, ਇਸ ਲਈ ਉਨ੍ਹਾਂ ਲਈ ਇਹ ਐਲਾਨ ਕੋਈ ਅਚੰਭੇ ਵਾਲੀ ਗੱਲ ਨਹੀਂ ਸੀ। ਪਰ ਕਮਾਲ ਤਾਂ ਇਹ ਹੈ ਕਿ ਕਿਸੇ ਨੇ ਵੀ ਧਰਮ ਦੇ ਠੇਕੇਦਾਰਾਂ ਨੂੰ ਇਹ ਨਹੀਂ ਪੁੱਛਿਆ ਕਿ ਤੁਸੀਂ ੨੧ ਸਾਲ ਝੂਠ ਕਿਉਂ ਬੋਲਦੇ ਰਹੇ ਹੋ? ਨਾ ਹੀ ਕਿਸੇ ਨੇ ਜਸਬੀਰ ਸਿੰਘ ਰੋਡੇ ਨੂੰ ਪੁੱਛਿਆ ਕਿ ਉਸ ਘੜੇ ਦਾ ਪਾਣੀ ਲਾਲ ਹੋਇਆ ਹੈ ਕਿ ਨਹੀਂ? ਅਤੇ ਨਾ ਹੀ ਪੁੱਛਿਆ ਗਿਆ ਕਿ (ਸੰਤ, ਬ੍ਰਹਮਗਿਆਨੀ, ਮਹਾਪੁਰਖ) ਸੁੰਦਰ ਸਿੰਘ ਜੀ ਦੀ ਭਵਿਖਬਾਣੀ ਦਾ ਕੀ ਹੋਵੇਗਾ? ਸ਼ਾਇਦ ਹੌਲੀ ਹੌਲੀ ਸਿੱਖ ਕੌਮ ਵਿਚੋਂ ਗੁਰੂ ਨਾਨਕ ਪਾਤਿਸ਼ਾਹ ਦੇ ਸੱਚ ਦੀ ਅਹਿਮੀਅਤ ਖ਼ਤਮ ਹੁੰਦੀ ਜਾ ਰਹੀ ਹੈ?

ਇਸ ਝੂਠ ਦਾ ਸਭ ਤੋਂ ਵੱਡਾ ਲਾਭ ਅਕਾਲੀ ਦੱਲ ਨੂੰ ਹੋਇਆ ਕਿ ਜੋ ਜਥੇਬੰਦੀ ਕੌਮ ਦੀਆਂ ਸਫਾਂ `ਚੋਂ ਇੱਕ ਵਾਰੀ ਬਿਲਕਲੁ ਨਾਕਾਰੀ ਜਾ ਚੁੱਕੀ ਸੀ, ਭਾਈ ਜਰਨੈਲ ਸਿੰਘ ਦੀ ਇੰਤਜ਼ਾਰ ਵਿੱਚ ਉਸ ਕੱਦ ਦਾ ਹੋਰ ਲੀਡਰ ਨਾ ਉਭਰ ਸਕਿਆ ਅਤੇ ਨਤੀਜੇ ਵਜੋਂ ਅਕਾਲੀ ਪੰਥਕ ਅਤੇ ਪੰਜਾਬ ਦੀ ਸਿਆਸਤ ਉਤੇ ਫਿਰ ਭਾਰੂ ਹੋ ਗਏ।

ਇਥੇ ਇੱਕ ਹੋਰ ਘਟਨਾ ਵਾਪਰੀ ਕਿ ਜਥੇ ਦਾ ਇੱਕ ਹੋਰ ਪਹਿਲੀ ਕਤਾਰ ਦਾ ਆਗੂ ਭਾਈ ਅਮਰੀਕ ਸਿੰਘ, ਜਿਸ ਦੇ ਨਾਲ ਜਥੇ ਦੇ ਕਾਫੀ ਸਰਗਰਮ ਮੈਂਬਰ ਸਨ, ਇਸ ਐਲਾਨ ਦੇ ਬਹੁਤ ਖਿਲਾਫ ਸੀ। ਉਹ ਨਹੀਂ ਸੀ ਚਾਹੁੰਦਾ ਕਿ ਭਾਈ ਜਰਨੈਲ ਸਿੰਘ ਨੂੰ ਸ਼ਹੀਦ ਐਲਾਨਿਆਂ ਜਾਵੇ ਅਤੇ ਉਨ੍ਹਾਂ ਦੀ ਜਗ੍ਹਾ `ਤੇ ਕੋਈ ਹੋਰ ਪੱਕਾ ਜਥੇਦਾਰ ਬਣੇ। ਪਰ ਹਰਨਾਮ ਸਿੰਘ ਧੁੰਮੇ ਦੇ ਹੱਥ ਇਤਨੇ ਮਜ਼ਬੂਤ ਹੋ ਚੁਕੇ ਸਨ ਕਿ ਉਸ ਦੀ ਕਿਸੇ ਨਾ ਸੁਣੀ ਅਤੇ ਉਹ ਆਪਣੇ ਕੁੱਝ ਸਾਥੀਆਂ ਨੂੰ ਨਾਲ ਲੈ ਕੇ ਅਲੱਗ ਹੋ ਗਿਆ। ਉਸ ਨੇ ਅੰਮ੍ਰਿਤਸਰ ਦੇ ਨੇੜੇ ਅਜਨਾਲਾ ਵਿੱਚ ਆਪਣਾ ਅਲੱਗ ਡੇਰਾ ਬਣਾ ਲਿਆ। ਇਸ ਤਰ੍ਹਾਂ ਇਹ ਅਖੌਤੀ ਦਮਦਮੀ ਟਕਸਾਲ ਮੁੜ ਤਿੰਨ ਹਿਸਿਆਂ ਵਿੱਚ ਵੰਡੀ ਗਈ। ਗੁਰਨਾਮ ਸਿੰਘ ਅਜਨਾਲਾ ਦੇ ਧੜੇ ਵਾਲੇ ਅੱਜ ਵੀ ਇਹ ਮੰਨਦੇ ਹਨ ਕਿ ਭਾਈ ਜਰਨੈਲ ਸਿੰਘ ਜ਼ਿੰਦਾ ਹਨ।

ਹਰਨਾਮ ਸਿੰਘ ਧੁੰਮਾ ਅਖੌਤੀ ਦਮਦਮੀ ਟਕਸਾਲ ਦੇ ਵੱਡੇ ਹਿੱਸੇ ਦਾ ਜਥੇਦਾਰ ਤਾਂ ਬਣ ਹੀ ਚੁੱਕਾ ਸੀ, ਜਥੇ ਦੇ ਚੌਕ ਮਹਿਤਾ ਵਿਚਲੇ ਹੈਡ ਕੁਆਟਰ ਸਮੇਤ ਬਹੁਤੀ ਜਾਇਦਾਦ `ਤੇ ਵੀ ਉਸ ਦਾ ਕਬਜ਼ਾ ਹੋ ਚੁੱਕਾ ਸੀ। ਉਸਨੇ ਬਹੁਤੇ ਅਖੌਤੀ ਸੰਤਾਂ ਦੀ ਵੀ ਇੱਕ ਯੂਨੀਅਨ ਬਣਾ ਲਈ, ਉਸ ਦਾ ਨਾਂ ਸੰਤ ਸਮਾਜ ਰਖ ਲਿਆ ਅਤੇ ਆਪ ਉਸ ਦਾ ਵੀ ਮੁੱਖੀ ਬਣ ਗਿਆ।

ਪਹਿਲੇ ਪਹਿਲ ਇਸ ਨੇ ਬਾਦਲ ਦਲ ਦੇ ਵਿਰੋਧੀ ਰੁਖ ਅਪਨਾਇਆ, ਜਿਸ ਨਾਲ ਬਾਦਲ ਵਿਰੋਧੀ ਪੰਥਕ ਜਥੇਬੰਦੀਆਂ ਵਿੱਚ ਇਸ ਨੇ ਆਪਣਾ ਚੰਗਾ ਸਤਿਕਾਰ ਬਣਾ ਲਿਆ। ਕੁੱਝ ਸਤਿਕਾਰ ਤਾਂ ਇਸ ਨੂੰ ਸੁਭਾਵਕ ਹੀ ਭਾਈ ਜਰਨੈਲ ਸਿੰਘ ਦਾ ਵਾਰਸ ਹੋਣ ਕਾਰਨ ਮਿਲਦਾ ਸੀ। ੨੦੦੫ ਵਿੱਚ ਹੀ ਪੰਜਾਬ ਵਿਧਾਨ ਸਭਾ ਵਿੱਚ ਇੱਕ ਬਿਆਨ ਦੇਂਦਿਆਂ ਪ੍ਰਕਾਸ਼ ਸਿੰਘ ਬਾਦਲ ਨੇ ਸ਼ਹੀਦ ਭਾਈ ਜਰਨੈਲ ਸਿੰਘ ਨੂੰ ਇੱਕ ਅਤਿਵਾਦੀ ਅਤੇ ਕਾਂਗਰਸ ਦੀ ਉਪਜ ਗਰਦਾਨਿਆਂ ਤਾਂ ਇਸ ਨੇ ਅਕਾਲ ਤਖਤ ਸਾਹਿਬ ਦੇ ਅਖੌਤੀ ਜਥੇਦਾਰ ਨੂੰ ਪ੍ਰਕਾਸ਼ ਸਿੰਘ ਬਾਦਲ ਖਿਲਾਫ ਕਾਰਵਾਈ ਕਰਨ ਲਈ ਅਪੀਲ ਕੀਤੀ ਕਿ ਉਸ ਨੇ ਇੱਕ ਕੌਮੀ ਸ਼ਹੀਦ ਦਾ ਅਪਮਾਨ ਕੀਤਾ ਹੈ।

ਉਸ ਤੋਂ ਬਾਅਦ ਸਿੱਖ ਸਿਆਸਤ ਵਿੱਚ ਇੱਕ ਵੱਡੀ ਤਬਦੀਲੀ ਆਈ ਕਿ ਜਿਸ ਭਾਈ ਰਾਮ ਸਿੰਘ ਨੂੰ ਅਕਾਲੀ ਦੱਲ ਨੇ ਅਖੌਤੀ ਦਮਦਮੀ ਟਕਸਾਲ ਦੇ ਜਥੇਦਾਰ ਦੇ ਤੌਰ `ਤੇ ਮਾਨਤਾ ਦਿੱਤੀ ਸੀ ਉਹ ਨੁਕਰੇ ਲਗਣਾ ਸ਼ੁਰੂ ਹੋ ਗਿਆ ਅਤੇ ਧੁੰਮਾ ਤੇ ਧੁੰਮੇ ਵਾਲੀ ਟਕਸਾਲ ਦੀ ਅਕਾਲੀ ਦੱਲ ਨਾਲ ਨੇੜਤਾ ਵਧਣ ਲੱਗੀ। ਇਹ ਇੱਕ ਵੱਡੀ ਤਬਦੀਲੀ ਸੀ, ਕਿਉਂਕਿ ਅਖੌਤੀ ਟਕਸਾਲ ਅਕਾਲੀ ਆਗੂਆਂ ਨੂੰ ਭਾਈ ਜਰਨੈਲ ਸਿੰਘ ਦਾ ਕਾਤਲ ਮੰਨਦੀ ਸੀ। ਉਨ੍ਹਾਂ ਦਾ ਕਹਿਣਾ ਸੀ ਕਿ ਅਕਾਲੀ ਆਗੂਆਂ ਨੇ ਇੰਦਰਾਂ ਗਾਂਧੀ ਨਾਲ ਮਿਲ ਕੇ ਜਰਨੈਲ ਸਿੰਘ ਭਿੰਡਰਾਂਵਾਲੇ ਨੂੰ ਖਤਮ ਕਰਾਉਣ ਲਈ ਦਰਬਾਰ ਸਾਹਿਬ `ਤੇ ਹਮਲਾ ਕਰਵਾਇਆ ਹੈ, ਜੋ ਕਾਫੀ ਹੱਦ ਤੱਕ ਸੱਚ ਵੀ ਹੈ। ਇਸ ਤਰ੍ਹਾਂ ਹਰਨਾਮ ਸਿੰਘ ਧੁੰਮੇ ਨੇ ਭਾਈ ਜਰਨੈਲ ਸਿੰਘ ਦੇ ਕਾਤਲਾਂ ਨਾਲ ਹੀ ਸਾਂਝ ਪਾ ਲਈ।

(ਚਲਦਾ ….)

(ਦਾਸ ਦੀ ਨਵੀਂ ਕਿਤਾਬ "ਖਾਲਸਾ ਪੰਥ ਬਨਾਮ ਡੇਰਾਵਾਦ" ਵਿਚੋਂ)

ਰਾਜਿੰਦਰ ਸਿੰਘ

(ਮੁੱਖ ਸੇਵਾਦਾਰ, ਸ਼੍ਰੋਮਣੀ ਖਾਲਸਾ ਪੰਚਾਇਤ)

email: rajindersinghskp@yahoo.co.in
.