.

"ਬਾਣੀ ਗੁਰੂ ਗੁਰੂ ਹੈ ਬਾਣੀ. ."

"ਸਤਿਗੁਰੁ ਮੇਰਾ ਸਦਾ ਸਦਾ. ."

"ਗੁਰ ਬਿਨੁ ਘੋਰ ਅੰਧਾਰ"

(ਭਾਗ ਪੰਜਾਂਵਾਂ)

ਪ੍ਰਿਂਸੀਪਲ ਗਿਆਨੀ ਸੁਰਜੀਤ ਸਿੰਘ, ਸਿੱਖ ਮਿਸ਼ਨਰੀ, ਦਿੱਲੀ, ਪ੍ਰਿਂਸੀਪਲ ਗੁਰਮੱਤ ਐਜੂਕੇਸ਼ਨ ਸੈਂਟਰ, ਦਿੱਲੀ,

ਮੈਂਬਰ ਧਰਮ ਪ੍ਰਚਾਰ ਕ: ਦਿ: ਸਿ: ਗੁ: ਪ੍ਰ: ਕਮੇਟੀ, ਦਿੱਲੀ: ਫਾਊਂਡਰ (ਮੋਢੀ) ਸਿੱਖ ਮਿਸ਼ਨਰੀ ਲਹਿਰ ਸੰਨ 1956

"ਇਕਾ ਬਾਣੀ ਇਕੁ ਗੁਰੁ. ."- ਵਿਚਾਰਣ ਦਾ ਵਿਸ਼ਾ ਹੈ ਕਿ ਕੇਵਲ ਸਮੂਚੇ ਪੰਥਕ ਤਲ `ਤੇ ਹੀ ਨਹੀਂ ਬਲਕਿ ਲਗਭਗ ਨਿਜੀ ਤਲ ਤੀਕ ਪਹੁੰਚ `ਤੇ ਵੀ ਅਜੋਕੇ ਗੁਰੂ ਕੇ ਸਮੂਚੇ ਪੰਥ ਦਾ ਵੱਡਾ ਹਿੱਸਾ ਅਣਗਿਣਤ ਧੜੇ ਬੰਦੀਆਂ, ਆਪਸੀ ਵੈਰ-ਵਿਰੋਧ, ਲੜਾਈ-ਝਗੜਿਆਂ, ਸਿਰ ਫਟੋਲਾਂ, ਮਾਰ-ਕੁਟਾਈਆਂ, ਨਿਜੀ ਤਲ ਤੀਕ ਭੱਦੀ ਤੇ ਅਸਭਯ ਭਾਸ਼ਾ ਬਲਕਿ ਬਹੁਤ ਥਾਵੇਂ ਤਾਂ ਉਸ ਤੋਂ ਵੀ ਬਹੁਤ ਅੱਗੇ ਜਾ ਕੇ, ਸਿੱਖੀ ਜੀਵਨ ਅਤੇ ਸਿੱਖ ਪੰਥ ਦੀ ਸ਼ਾਨ-ਇਕ, ਦੂਜੇ ਦੀਆਂ ਦਸਤਾਰਾਂ ਤੀਕ ਉਤਾਰਣ ਵਾਲੇ ਗ਼ਲੀਚ ਕਾਰਿਆਂ ਤੋਂ ਵੀ ਗੁਰੇਜ਼ ਨਹੀਂ ਕਰ ਰਿਹਾ, ਆਖ਼ਿਰ ਐਸਾ ਕਿਉਂ?

ਜਦਕਿ ਅਸੀਂ ਸਾਰੇ ਮੂਲ ਰੂਪ `ਚ ਅਖਵਾਉਂਦੇ ਉਸੇ ਇਕੋ ਇੱਕ "ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ" ਦੇ ਹੀ ਸਿੱਖ ਹਾਂ ਜਿਨ੍ਹਾਂ ਵਿੱਚਲੇ "ੴ ਤੋਂ "ਤਨੁ ਮਨੁ ਥੀਵੈ ਹਰਿਆ" ਤੀਕ:-

() "ਇਕਾ ਬਾਣੀ ਇਕੁ ਗੁਰੁ ਇਕੋ ਸਬਦੁ ਵੀਚਾਰਿ" (ਪੰ: ੬੪੬) ਭਾਵ ੩੫ ਲਿਖਾਰੀ ਹੋਣ ਦੇ ਬਾਵਜੂਦ ਸਮੂਚੀ ਗੁਰਬਾਣੀ `ਚ ਕਿੱਧਰੇ ਵੀ ਵਿਚਾਰ ਅੰਤਰ, ਭੇਦ ਜਾਂ ਵਿਚਾਰ ਵਿਰੋਧ ਨਹੀਂ। ਬਲਕਿ ਸਮੂਚੀ ਗੁਰਬਾਣੀ ਰਾਹੀਂ-

(ੳ) ਸਮੂਚੇ ਮਨੁੱਖ ਮਾਤ੍ਰ ਨੂੰ, ਸਮੂਚੀ ਰਚਨਾ ਦੇ ਜਨਮ-ਮਰਨ ਤੋਂ ਰਹਿਤ ਰੂਪ-ਰੰਗ ਰੇਖ ਤੋਂ ਨਿਆਰੇ ਇਕੋ ਇੱਕ ਪਰਵਦਿਗਾਰ ਅਕਾਲਪੁਰਖ ਨਾਲ ਜੋੜਿਆ ਹੋਇਆ ਹੈ। ਹੋਰ ਤਾਂ ਹੋਰ, ਸਮੂਚੀ ਰਚਨਾ ਨੂੰ ਉਸ ਪ੍ਰਭੂ ਦਾ ਸਰਗੁਣ ਸਰੂਪ ਹੀ ਬਿਆਣਿਆ ਹੋਇਆ ਹੈ, ਉਸ ਤੋਂ ਭਿੰਨ ਨਹੀਂ।

(ਅ) ਗੁਰਬਾਣੀ ਨੇ ਸਮੂਚੇ ਮਨੁੱਖ ਮਾਤ੍ਰ ਦੇ ਇਲਾਹੀ ਤੇ ਰੱਬੀ ਇਕੋ-ਇਕ "ਗੁਰੂ" ਅਥਵਾ "ਸ਼ਬਦ-ਗੁਰੂ" ਵਾਲੇ ਵਿਸ਼ੇ ਨੂੰ ਵੀ ਪੂਰੀ ਤਰ੍ਹਾਂ ਉਘਾੜਿਆ ਤੇ ਸਪਸ਼ਟ ਕੀਤਾ ਹੋਇਆ ਹੈ। ਬਦਲੇ `ਚ, ਸੰਸਾਰ ਤਲ ਦੇ ਭਿੰਨ-ਭਿੰਨ ਗੁਰੂਆਂ ਵਾਲੀ ਵਿਚਾਰਧਾਰਾ ਨੂੰ ਕੱਟਿਆ ਹੋਇਆ ਹੈ।

(ੲ) ਇਤਨਾ ਹੀ ਨਹੀਂ, ਗੁਰਬਾਣੀ ਰਾਹੀਂ ਸਮੂਚੇ ਮਨੁੱਖ ਮਾਤ੍ਰ ਲਈ ਪ੍ਰਭੂ ਵੱਲੌਂ ਨਿਯਤ ਇਕੋ-ਇਕ "ਧਰਮ" ਅਥਵਾ "ਸੱਚ-ਧਰਮ" ਉਜਾਗਰ ਕੀਤਾ ਤੇ ਦ੍ਰਿੜ ਕਰਵਾਇਆ ਹੋਇਆ ਹੈ। ਸਪਸ਼ਟ ਕੀਤਾ ਹੋਇਆ ਹੈ ਪ੍ਰਭੂ ਵੱਲੋਂ ਮਨੁੱਖ-ਮਨੁੱਖ ਦੇ ਭਿੰਨ-ਭਿੰਨ ਧਰਮ ਵੀ ਨਹੀਂ ਹਨ।

(ਸ) ਗੁਰਬਾਣੀ `ਚ, ਬਿਨਾ ਵਿੱਤਕਰਾ ਸਮੂਚੇ ਮਨੁੱਖ ਮਾਤ੍ਰ ਦੇ ਇਕੋ-ਇਕ "ਮਨੁੱਖੀ ਭਾਈਚਾਰੇ" ਅਥਵਾ "ਮਾਨਵ-ਵਾਦ" ਵਾਲੇ ਵਿਸ਼ੇ ਨੂੰ ਵੀ ਪੂਰੀ ਤਰ੍ਹਾਂ ਸਪਸ਼ਟ ਕੀਤਾ ਹੋਇਆ ਹੈ।

ਕੁਲ ਮਿਲਾ ਕੇ "ਇਕਾ ਬਾਣੀ ਇਕੁ ਗੁਰੁ ਇਕੋ ਸਬਦੁ ਵੀਚਾਰਿ" ਵਾਲੇ ਗੁਰ ਫ਼ੁਰਮਾਨ ਰਾਹੀਂ ਸਪਸ਼ਟ ਕੀਤਾ ਹੋਇਆ ਹੈ (ੳ) ਸਮੂਚੀ ਰਚਨਾ ਦਾ ਕਰਤਾ-ਧਰਤਾ ਪਰਵਦਿਗਾਰ ਅਕਾਲ- ਪ੍ਰਰਖ (ਅ) ਗੁਰੂ (ੲ) ਪ੍ਰਭੂ ਵੱਲੋਂ ਸਮੂਚੇ ਮਨੁੱਖ ਮਾਤ੍ਰ ਲਈ ਨਿਯਤ "ਧਰਮ" ਅਤੇ (ਸ) ਬਿਨਾ-ਵਿੱਤਕਰਾ ਸਮੂਚੇ ਮਨੁੱਖ ਦਾ ਭਾਈਚਾਰਾ---ਇਕ-ਇਕ ਹੀ ਹਨ, ਭਿੰਨ-ਭਿੰਨ ਨਹੀਂ।

"ਸਚਾ ਸਉਦਾ ਹਟੁ ਸਚੁ ਰਤਨੀ ਭਰੇ ਭੰਡਾਰ" (ਉਹੀ-ਪੰ: ੬੪੬) ਉਪ੍ਰੰਤ ਉਪ੍ਰੋਕਤ ਇਕ-ਇਕ ਵਾਲੇ ਅਮੁੱਲੇ ਸਿਧਾਂਤਾਂ ਤੋਂ ਇਲਾਵਾ ਗੁਰਬਾਣੀ ਦੇ ਇਸੇ ਫ਼ੁਰਮਾਨ ਰਾਹੀਂ:-

ਇਹ ਵੀ ਸਪਸ਼ਟ ਕੀਤਾ ਹੋਇਆ ਹੈ ਕਿ ਪ੍ਰਭੂ ਵੱਲੋਂ ਪ੍ਰਾਪਤ ਇਸ ਦੁਰਲਭ ਮਨੁੱਖਾ ਜਨਮ ਦੀ ਸੰਭਾਲ ਤੇ ਸਫ਼ਲਤਾ ਲਈ ਰੱਬੀ ਗੁਣਾਂ ਦਾ ਇਥੇ ਗੁਰਬਾਣੀ `ਚ ਅਜਿਹਾ ਖਜ਼ਾਨਾ ਭਰਿਆ ਪਿਆ ਹੈ। ਇਥੋਂ ਉਹ ਇਲਾਹੀ ਗੁਣ ਪ੍ਰਾਪਤ ਹੁੰਦੇ ਹਨ ਜਿਹੜੇ ਸੰਸਾਰ ਤਲ ਦੇ ਸਭ ਤੋਂ ਵੱਧ ਕੀਮਤੀ ਪਦਾਰਥ, ਜਿਵੇਂ ਹੀਰਿਆਂ ਤੇ ਜਵਾਹਰਤਾਂ ਆਦਿ ਨਾਲ ਵੀ ਨਹੀਂ ਖ਼ਰੀਦੇ ਜਾ ਸਕਦੇ।

ਤਾਂ ਤੇ ਅਜੋਕੇ "ਗੁਰੂ ਕੇ ਸਮੂਚੇ ਪੰਥ" ਦੀਆਂ ਵਿਸ਼ੇਸ਼ ਕਰ ਉਨ੍ਹਾਂ ਧੜੇਬੰਦੀਆਂ, ਜੱਥੇਬੰਦੀਆਂ, ਆਪਸੀ ਵੈਰ-ਵਿਰੋਧ ਤੇ ਲੜਾਈ-ਝਗੜਿਆਂ, ਸਿਰ ਫਟੋਲਾਂ, ਮਾਰ-ਕੁਟਾਈਆਂ ਜਾਂ ਨਿਜੀ ਤਲ ਤੀਕ ਭੱਦੀ- ਅਸਭਯ ਭਾਸ਼ਾ ਵਰਤ ਰਹੀਆਂ ਬਲਕਿ ਬਹੁਤ ਥਾਵੇਂ:-

ਉਸ ਤੋਂ ਵੀ ਅੱਗੇ ਜਾ ਕੇ, ਸਿੱਖੀ ਜੀਵਨ ਤੇ ਸਿੱਖ ਪੰਥ ਦੀ ਸ਼ਾਨ-ਇਕ, ਦੂਜੇ ਦੀਆਂ ਦਸਤਾਰਾਂ ਤੀਕ ਉਤਾਰਣ ਵਾਲੇ ਗ਼ਲੀਚ ਕਾਰਿਆਂ ਤੋਂ ਵੀ ਗੁਰੇਜ਼ ਨਾ ਕਰਣ ਵਾਲੇ, ਉਂਝ ਤਾਂ ਸਮੂਚੀ ਲੋਕਾਈ ਪਰ ਖਾਸਕਰ ਅਜਿਹੇ ਸੱਜਨਾਂ ਦੀ ਸੇਵਾ `ਚ ਕੁੱਝ ਗੁਰਬਾਣੀ ਆਦੇਸ਼, ਉਪਦੇਸ਼ ਤੇ ਸੇਧਾਂ:-

(੧) "ੜਾੜੈ ਰਾੜਿ ਕਰਹਿ ਕਿਆ ਪ੍ਰਾਣੀ,. ."- ਗੁਰਬਾਣੀ `ਚ ਸਮੂਚੀ ਮਾਨਵਤਾ ਲਈ ਅਨੰਤ ਉਪਦੇਸ਼ ਤੇ ਆਦੇਸ਼ ਅਜਿਹੇ ਵੀ ਹਨ ਜਿਨ੍ਹਾਂ ਰਾਹੀਂ ਮਨੁੱਖ ਤੇ ਖਾਸਕਰ ਗੁਰੂ ਕੀਆਂ ਸੰਗਤਾਂ ਨੂੰ ਸੁਚੇਤ ਕੀਤਾ ਹੋਇਆ ਹੈ ਕਿ ਉਨ੍ਹਾਂ ਵਾਦ-ਵਿਵਾਦਾਂ `ਚ ਨਹੀਂ ਪੈਣਾ। ਭਾਈ ਗੁਰਦਾਸ ਜੀ ਅਨੁਸਾਰ ਤਾਂ ਉਨ੍ਹਾਂ ਹੰਸ ਬਿਰਤੀ ਨਾਲ ਆਪਣੇ ਵਿਚਾਰ ਦੇਣੇ ਤੇ ਬਦਲੇ `ਚ ਦੂਜੇ ਦੇ ਵਿਚਾਰਾਂ ਨੂੰ ਸੁਨਣਾ ਹੈ। ਇਸ ਤਰ੍ਹਾਂ ਆਪਸੀ ਪਿਆਰ ਤੇ ਵਿਸ਼ਵਾਸ ਦੇ ਵਾਤਵਰਣ ਨੂੰ ਵੀ ਕਾਇਮ ਰਖਣਾ ਹੈ।

ਤਾਂ ਤੇ "ਗੁਰਬਾਣੀ-ਗੁਰੂ" ਰਸਤੇ ਮੂਲ ਰੂਪ `ਚ ਸਮੂਚੇ ਮਨੁੱਖ ਮਾਤ੍ਰ ਤੇ ਖਾਸਕਰ "ਗੁਰੂ ਕੀਆਂ ਸਮੂਹ ਸੰਗਤਾਂ" ਲਈ ਕੁੱਝ ਸੰਬੰਧਤ ਗੁਰਬਾਣੀ ਆਦੇਸ਼, ਨਸੀਹਤਾਂ, ਸੇਧਾਂ ਅਤੇ ਉਪਦੇਸ਼:-

() "ਬਾਦੁ ਬਿਬਾਦੁ ਕਾਹੂ ਸਿਉ ਨ ਕੀਜੈ॥ ਰਸਨਾ ਰਾਮ ਰਸਾਇਨੁ ਪੀਜੈ" (ਪੰ: ੧੧੬੪)

() "ਝਝਾ ਉਰਝਿ ਸੁਰਝਿ ਨਹੀ ਜਾਨਾ॥ ਰਹਿਓ ਝਝਕਿ ਨਾਹੀ ਪਰਵਾਨਾ॥ ਕਤ ਝਖਿ ਝਖਿ ਅਉਰਨ ਸਮਝਾਵਾ॥ ਝਗਰੁ ਕੀਏ ਝਗਰਉ ਹੀ ਪਾਵਾ" (ਪੰ: ੩੪੧)

() "ੜਾੜੈ ਰਾੜਿ ਕਰਹਿ ਕਿਆ ਪ੍ਰਾਣੀ, ਤਿਸਹਿ ਧਿਆਵਹੁ ਜਿ ਅਮਰੁ ਹੋਆ" (ਪੰ: ੪੩੪) ਬਲਕਿ ਇਥੋਂ ਤੀਕ:-

() "ਹੋਇ ਇਕਤ੍ਰ ਮਿਲਹੁ ਮੇਰੇ ਭਾਈ ਦੁਬਿਧਾ ਦੂਰਿ ਕਰਹੁ ਲਿਵ ਲਾਇ॥ ਹਰਿ ਨਾਮੈ ਕੇ ਹੋਵਹੁ ਜੋੜੀ, ਗੁਰਮੁਖਿ ਬੈਸਹੁ ਸਫਾ ਵਿਛਾਇ" (ਪੰ: ੧੧੮੫) ਹੋਰ ਤਾਂ ਹੋਰ:-

() "ਮੈ ਬਧੀ ਸਚੁ ਧਰਮ ਸਾਲ ਹੈ॥ ਗੁਰਸਿਖਾ ਲਹਦਾ ਭਾਲਿ ਕੈ॥ ਪੈਰ ਧੋਵਾ ਪਖਾ ਫੇਰਦਾ, ਤਿਸੁ ਨਿਵਿ ਨਿਵਿ ਲਗਾ ਪਾਇ ਜੀੳ" (ਪੰ: ੭੩-੭੪)

() "ਨਰ ਪ੍ਰਾਣੀ ਪ੍ਰੀਤਿ ਮਾਇਆ ਧਨੁ ਖਾਟੇ॥ ਗੁਰਸਿਖ ਪ੍ਰੀਤਿ, ਗੁਰੁ ਮਿਲੈ ਗਲਾਟੇ" (ਪੰ: ੧੬੪) ਆਦਿ

(੨) "ਮਿਠਤੁ ਨੀਵੀ ਨਾਨਕਾ. ."-ਫ਼ਿਰ ਗੁਰਬਾਣੀ `ਚ ਸਮੂਚੀ ਮਾਨਵਤਾ ਲਈ ਅਨੰਤ ਉਪਦੇਸ਼ ਅਤੇ ਆਦੇਸ਼ ਅਜਿਹੇ ਵੀ ਹਨ ਜਿਨ੍ਹਾਂ ਰਾਹੀਂ ਮਨੂੱਖ ਨੂੰ ਸੁਚੇਤ ਕੀਤਾ ਹੋਇਆ ਹੈ ਕਿ ਮਨੁੱਖ-ਮਨੁੱਖ ਵਿਚਾਲੇ ਆਪਸੀ ਬੋਲਚਾਲ ਦਾ ਪੱਧਰ ਕੀ ਹੋਣਾ ਹੈ। ਕੁੱਝ ਗੁਰਬਾਣੀ ਫ਼ੁਰਮਾਨ:-

() "ਇਕੁ ਫਿਕਾ ਨ ਗਾਲਾਇ ਸਭਨਾ ਮੈ ਸਚਾ ਧਣੀ" (ਪੰ: ੧੩੮੪)

() "ਮਿਠਤੁ ਨੀਵੀ ਨਾਨਕਾ ਗੁਣ ਚੰਗਿਆਈਆ ਤਤੁ॥ ਸਭੁ ਕੋ ਨਿਵੈ ਆਪ ਕਉ ਪਰ ਕਉ ਨਿਵੈ ਨ ਕੋਇ॥ ਧਰਿ ਤਾਰਾਜੂ ਤੋਲੀਐ ਨਿਵੈ ਸੁ ਗਉਰਾ ਹੋਇ" (ਪੰ: ੪੭੦)

() "ਇਕਿ ਕਹਿ ਜਾਣਹਿ, ਕਹਿਆ ਬੁਝਹਿ ਤੇ ਨਰ ਸੁਘੜ ਸਰੂਪ" (ਪੰ: ੧੨੪੬)

() "ਜਬ ਲਗੁ ਦੁਨੀਆ ਰਹੀਐ ਨਾਨਕ, ਕਿਛੁ ਸੁਣੀਐ ਕਿਛੁ ਕਹੀਐ" (ਪੰ: ੬੬੧)

() "ਰਸਨਾ ਫਿਕਾ ਬੋਲਣਾ, ਨਿਤ ਨਿਤ ਹੋਇ ਖੁਆਰੁ" (ਪੰ: ੭੯੧)

() "ਨਾਨਕ ਫਿਕੈ ਬੋਲਿਐ ਤਨੁ ਮਨੁ ਫਿਕਾ ਹੋਇ।। ਫਿਕੋ ਫਿਕਾ ਸਦੀਐ, ਫਿਕੇ ਫਿਕੀ ਸੋਇ॥ ਫਿਕਾ ਦਰਗਹ ਸਟੀਐ, ਮੁਹਿ ਥੁਕਾ ਫਿਕੇ ਪਾਇ।। ਫਿਕਾ ਮੂਰਖੁ ਆਖੀਐ, ਪਾਣਾ ਲਹੈ ਸਜਾਇ" (ਪੰ: ੪੭੩)

() "ਅਹਿਰਖ ਵਾਦੁ ਨ ਕੀਜੈ ਰੇ ਮਨ॥ ਸੁਕ੍ਰਿਤੁ ਕਰਿ ਕਰਿ ਲੀਜੈ ਰੇ ਮਨ" (ਪੰ: ੪੭੯)

() "ਟੂਟੈ ਨੇਹੁ ਕਿ ਬੋਲਹਿ ਸਹੀ॥ ਟੂਟੈ ਬਾਹ ਦੁਹੂ ਦਿਸ ਗਹੀ॥ ਟੂਟਿ ਪਰੀਤਿ ਗਈ ਬੁਰ ਬੋਲਿ" (ਪੰ: ੯੩੩)

() "ਲਬੁ ਲੋਭੁ ਅਹੰਕਾਰੁ ਤਜਿ ਤ੍ਰਿਸਨਾ, ਬਹੁਤੁ ਨਾਹੀ ਬੋਲਣਾ" (ਪੰ: ੯੧੮)

() "ਗੁਰਮਤ ਗੁਰਮਤੁ ਗੁਰਮਤਿ ਸਾਚੀ, ਹੁਜਤਿ ਦੂਰਿ॥ ਬਹੁਤੁ ਸਿਆਣਪ ਲਾਗੈ ਧੂਰਿ॥ ਲਾਗੀ ਮੈਲੁ ਮਿਟੈ, ਸਚ ਨਾਇ॥ ਗੁਰ ਪਰਸਾਦਿ ਰਹੈ ਲਿਵ ਲਾਇ" (ਪੰ: ੩੫੨) ਆਦਿ

(੩) "ਗੁਰ ਕੀ ਮਤਿ ਤੂੰ ਲੇਹਿ ਇਆਨੇ. . - ਇਥੋਂ ਤੀਕ ਕਿ ਗੁਰਬਾਣੀ `ਚ ਬੇਅੰਤ ਫ਼ੁਰਮਾਨ ਅਜਿਹੇ ਵੀ ਹਨ ਜਿਨ੍ਹਾਂ ਰਾਹੀਂ ਗੁਰੂ ਕੀਆਂ ਸਮੂਹ ਸੰਗਤਾਂ ਨੂੰ ਬਾਰ-ਬਾਰ ਸੁਚੇਤ ਕੀਤਾ ਹੋਇਆ ਹੈ ਕਿ ਜੇਕਰ ਉਹ ਤਨੋ-ਮਨੋ "ਗੁਰਬਾਣੀ-ਗੁਰੂ" ਦੇ ਸਿੱਖ ਹਨ ਤਾਂ ਉਨ੍ਹਾਂ ਨੇ ਆਪਣੇ ਜੀਵਨ `ਚ ਹਰ ਪੱਖੋਂ, "ਗੁਰਬਾਣੀ-ਗੁਰੂ" ਦੇ ਆਦੇਸ਼ਾ ਅਨੁਸਾਰ ਹੀ ਵਿਚਰਨਾ ਹੈ।

ਇਸ ਤਰ੍ਹਾਂ ਸਚ-ਮੁਚ ਜੇ ਅਸੀਂ ਇਸ ਪੱਖੋਂ ਹੀ "ਗੁਰਬਾਣੀ-ਗੁਰੂ" ਦੇ ਆਗਿਆਕਾਰੀ ਸਿੱਖ ਹੋਵੀਏ ਤਾਂ ਵੀ ਅਜੋਕੇ ਅੰਦਰੂਨੀ ਪੰਥਕ ਵਿਗਾੜ ਦਾ ਨਾਮੋ-ਜਨਸ਼ਾਨ ਵੀ ਨਹੀਂ ਰਹਿੰਦਾ। ਤਾਂ ਤੇ ਵਿਸ਼ੇ ਨਾਲ ਸੰਬੰਧਤ ਕੁੱਝ ਗੁਰਬਾਣੀ ਆਦੇਸ਼:-

() "ਮਤਿ ਵਿਚਿ ਰਤਨ ਜਵਾਹਰ ਮਾਣਿਕ ਜੇ ਇੱਕ ਗੁਰ ਕੀ ਸਿਖ ਸੁਣੀ" (ਬਾਣੀ ਜਪੁ)

() "ਗੁਰਸਿਖ ਮੀਤ ਚਲਹੁ ਗੁਰ ਚਾਲੀ॥ ਜੋ ਗੁਰੁ ਕਹੈ ਸੋਈ ਭਲ ਮਾਨਹੁ ਹਰਿ ਹਰਿ ਕਥਾ ਨਿਰਾਲੀ" (ਪੰ: ੬੬੭)

() "ਗੁਰ ਕੀ ਮਤਿ ਤੂੰ ਲੇਹਿ ਇਆਨੇ॥ ਭਗਤਿ ਬਿਨਾ ਬਹੁ ਡੂਬੇ ਸਿਆਨੇ॥ ਹਰਿ ਕੀ ਭਗਤਿ ਕਰਹੁ ਮਨ ਮੀਤ॥ ਨਿਰਮਲ ਹੋਇ ਤੁਮਾੑਰੋ ਚੀਤ" (ਪੰ: ੨੮੮-੮੯)

() "ਗੁਰ ਕੀ ਬਾਣੀ ਨਾਮਿ ਵਜਾਏ॥ ਨਾਨਕ ਮਹਲੁ ਸਬਦਿ ਘਰੁ ਪਾਏ॥ ਗੁਰਮਤਿ ਸਤ ਸਰਿ, ਹਰਿ ਜਲਿ ਨਾਇਆ॥ ਦੁਰਮਤਿ ਮੈਲੁ ਸਭੁ ਦੁਰਤੁ ਗਵਾਇਆ" (ਪੰ: ੩੬੨)

() "ਗੁਰਮਤਿ ਮਨੁ ਠਹਰਾਈਐ ਮੇਰੀ ਜਿੰਦੁੜੀਏ ਅਨਤ ਨ ਕਾਹੂ ਡੋਲੇ ਰਾਮ॥ ਮਨ ਚਿੰਦਿਅੜਾ ਫਲੁ ਪਾਇਆ ਹਰਿ ਪ੍ਰਭੁ ਗੁਣ ਨਾਨਕ ਬਾਣੀ ਬੋਲੇ ਰਾਮ" (ਪੰ: ੫੩੮)

() "ਸੋ ਸਿਖੁ ਸਖਾ ਬੰਧਪੁ ਹੈ ਭਾਈ, ਜਿ ਗੁਰ ਕੇ ਭਾਣੇ ਵਿਚਿ ਆਵੈ॥ ਆਪਣੈ ਭਾਣੈ ਜੋ ਚਲੈ ਭਾਈ ਵਿਛੁੜਿ ਚੋਟਾ ਖਾਵੈ" (ਪੰ: ੬੦੧)

() "ਇਤੁ ਮਾਰਗਿ ਚਲੇ ਭਾਈਅੜੇ ਗੁਰੁ ਕਹੈ ਸੁ ਕਾਰ ਕਮਾਇ ਜੀਉ॥ ਤਿਆਗੇਂ ਮਨ ਕੀ ਮਤੜੀ ਵਿਸਾਰੇਂ ਦੂਜਾ ਭਾਉ ਜੀਉ॥ ਇਉ ਪਾਵਹਿ ਹਰਿ ਦਰਸਾਵੜਾ ਨਹ ਲਗੈ ਤਤੀ ਵਾਉ ਜੀਉ" (ਪੰ: ੭੬੩)

() "ਮਨ ਕੀ ਮਤਿ ਤਿਆਗਹੁ ਹਰਿ ਜਨ, ਏਹਾ ਬਾਤ ਕਠੈਨੀ॥ ਅਨਦਿਨੁ ਹਰਿ ਹਰਿ ਨਾਮੁ ਧਿਆਵਹੁ ਗੁਰ ਸਤਿਗੁਰ ਕੀ ਮਤਿ ਲੈਨੀ" (ਪੰ: ੮੦੦)

() "ਮਨੁ ਤਨੁ ਮੈਲਾ ਵਿਚਿ ਜੋਤਿ ਅਪਾਰਾ॥ ਗੁਰਮਤਿ ਬੂਝੈ ਕਰਿ ਵੀਚਾਰਾ॥ ਹਉਮੈ ਮਾਰਿ ਸਦਾ ਮਨੁ ਨਿਰਮਲੁ ਰਸਨਾ ਸੇਵਿ ਸੁਖਦਾਤਾ ਹੇ" (ਪੰ: ੧੦੫੦)

() "ਗੁਰਮਤਿ ਊਚੋ ਊਚੀ ਪਉੜੀ ਗਿਆਨਿ ਰਤਨਿ ਹਉਮੈ ਮਾਰੀ ਹੇ" (੧੦੫੦)

() "ਸਤਿਗੁਰ ਕੀ ਬਾਣੀ ਸਤਿ ਸਤਿ ਕਰਿ ਜਾਣਹੁ ਗੁਰਸਿਖਹੁ ਹਰਿ ਕਰਤਾ ਆਪਿ ਮੁਹਹੁ ਕਢਾਏ" (ਪੰ: ੩੦੮)

() "ਉਪਦੇਸੁ ਜਿ ਦਿਤਾ ਸਤਿਗੁਰੂ ਸੋ ਸੁਣਿਆ ਸਿਖੀ ਕੰਨੇ॥ ਜਿਨ ਸਤਿਗੁਰ ਕਾ ਭਾਣਾ ਮੰਨਿਆ ਤਿਨ ਚੜੀ ਚਵਗਣਿ ਵੰਨੇ॥ ਇਹ ਚਾਲ ਨਿਰਾਲੀ ਗੁਰਮੁਖੀ ਗੁਰ ਦੀਖਿਆ ਸੁਣਿ ਮਨੁ ਭਿੰਨੇ" (ਪੰ: ੩੧੪)

() "ਸਤਿਗੁਰ ਆਖੈ ਸੁ ਕਾਰ ਕਮਾਵਨਿ ਸੁ ਜਪੁ ਕਮਾਵਹਿ ਗੁਰਸਿਖਾਂ ਕੀ ਘਾਲ ਸਚਾ ਥਾਇ ਪਾਵੈ" (ਪੰ: ੩੧੭)

() "ਸਤਿਗੁਰੁ ਸਾਹੁ ਸਿਖ ਵਣਜਾਰੇ॥ ਪੂੰਜੀ ਨਾਮੁ ਲੇਖਾ ਸਾਚੁ ਸਮ੍ਹਾਰੇ’ (ਪੰ: ੪੩੦)

() "ਸਿਖੀ ਸਿਖਿਆ ਗੁਰ ਵੀਚਾਰਿ॥ ਨਦਰੀ ਕਰਮਿ ਲਘਾਏ ਪਾਰਿ" (੪੬੫)

() "ਏ ਮਨ ਗੁਰ ਕੀ ਸਿਖ ਸੁਣਿ ਹਰਿ ਪਾਵਹਿ ਗੁਣੀ ਨਿਧਾਨੁ॥ ਹਰਿ ਸੁਖਦਾਤਾ ਮਨਿ ਵਸੈ ਹਉਮੈ ਜਾਇ ਗੁਮਾਨੁ॥ ਨਾਨਕ ਨਦਰੀ ਪਾਈਐ ਤਾ ਅਨਦਿਨੁ ਲਾਗੈ ਧਿਆਨੁ" (ਪੰ: ੫੧੧)

() "ਗੁਰਸਿਖ ਹਰਿ ਬੋਲਹੁ ਹਰਿ ਗਾਵਹੁ ਲੇ ਗੁਰਮਤਿ ਹਰਿ ਜਪਣੇ॥ ਜੋ ਉਪਦੇਸੁ ਸੁਣੇ ਗੁਰ ਕੇਰਾ ਸੋ ਜਨੁ ਪਾਵੈ ਹਰਿ ਸੁਖ ਘਣੇ" (ਪੰ: ੧੧੩੫) ਆਂਦਿ

ਇਸਤਰ੍ਹਾਂ ਇਥੇ ਚਲਦੇ ਵਿਸ਼ੇ ਨਾਲ ਸੰਬੰਧਤ ਘਟੋ-ਘਟ ਤਿੰਨ ਪਾਸਿਆ ਤੋਂ ਭਿੰਨ-ਭਿੰਨ "ਗੁਰ-ਫ਼ੁਰਮਾਨ" ਪ੍ਰਾਪਤ ਹਨ। ਜਿਹੜੇ ਸਪਸ਼ਟ ਕਰ ਰਹੇ ਹਨ ਕਿ ਆਪਣੇ-ਆਪ ਨੂੰ "ਗੁਰਬਾਣੀ-ਗੁਰੂ" ਦੇ ਸਿੱਖ ਦੱਸਨ ਤੇ ਕਹਿਣ ਵਾਲੇ ਲੋਕਾਂ ਦਾ ਗੁਰਬਾਣੀ ਆਧਾਰਤ ਜੀਵਨ ਕਿਹੋ ਜਿਹਾ ਸਾਫ਼-ਸੁਥਰਾ ਅਤੇ ਨਿਰੋਲ ਗੁਰਬਾਣੀ ਵਿਚਾਰਧਾਰਾ ਆਧਾਰਤ ਹੋਣਾ ਚਾਹੀਦਾ ਹੈ?

ਉਸ ਤੌਂ ਬਾਅਦ, ਕੀ ਫ਼ਿਰ ਵੀ ਇਹੀ ਮੰਨਿਆ ਜਾਵੇ ਕਿ ਗੁਰਬਾਣੀ ਦੇ ਅਜਿਹੇ ਉਪਦੇਸ਼, ਆਦੇਸ਼, ਸੇਧਾਂ ਅਤੇ ਨਸੀਹਤਾਂ ਕੇਵਲ ਦੂਜਿਆਂ ਅਤੇ ਬਾਕੀ ਲੋਕਾਈ ਲਈ ਹੀ ਹਨ।

ਕੀ ਅਜਿਹੇ ਸਮੂਹ ਗੁਰਬਾਣੀ ਉਪਦੇਸ਼, ਆਦੇਸ਼, ਸੇਧਾਂ ਅਤੇ ਨਸੀਹਤਾਂ, "ਗੁਰਬਾਣੀ-ਗੁਰੂ" ਕੀਆਂ ਸੰਗਤਾਂ ਦੇ ਖਾਲੀ ਪੜ੍ਹਣ ਤੇ ਸੁਨਣ ਲਈ ਹੀ ਹਨ, ਉਨੑਾਂ ਰਾਹੀਂ ਅਮਲ ਲਈ ਨਹੀਂ ਹਨ?

ਕੀ ਇਹ ਅਤੇ ਅਜਿਹੇ ਬੇਅੰਤ "ਗੁਰ ਫ਼ੁਰਮਾਨ" ਉਨ੍ਹਾਂ ਲੋਕਾਂ `ਤੇ ਲਾਗੂ ਨਹੀਂ ਹੁੰਦੇ ਜਿਹੜੇ ਗੁਰਬਾਣੀ ਦੇ ਸਿੱਖ ਅਖਵਾ ਕੇ ਵੀ ਪੰਥ ਵਿਚਾਲੇ ਬੇਅੰਤ ਧੜੇਬੰਦੀਆਂ ਅਤੇ ਆਪਸੀ ਤਲ `ਤੇ ਲੜਾਈ-ਝਗੜਿਆਂ ਆਦਿ ਨੂੰ ਹਵਾ ਦੇ ਰਹੇ ਹਨ? ਕੀ ਉਨ੍ਹਾਂ ਨੂੰ ਅਜਿਹੇ ਸਮੂਹ ਗੁਰਬਾਣੀ ਉਪਦੇਸ਼ਾਂ, ਆਦੇਸ਼ਾਂ, ਸੇਧਾਂ ਅਤੇ ਨਸੀਹਤਾਂ `ਤੇ ਅਮਲ ਕਰਣ ਦੀ ਲੋੜ ਨਹੀਂ?

ਕਿਉਂਕਿ ਸੱਚ ਹੈ- ਘਟੋ ਘੱਟ ਜੇਕਰ ਅੱਜ ਵੀ "ਗੁਰੂ ਕੀਆਂ ਸੰਗਤਾਂ" ਵਿਚਾਲੇ "ਗੁਰਬਾਣੀ-ਗੁਰੂ" ਦੇ ਉਨ੍ਹਾਂ ਭਿੰਨ-ਭਿੰਨ ਤਿੰਨਾਂ ਪੱਖਾਂ `ਤੇ ਪ੍ਰਾਪਤ "ਗੁਰਬਾਣੀ ਆਦੇਸ਼ਾਂ, ਸੇਧਾਂ, ਨਸੀਹਤਾਂ ਤੇ ਉਪਦੇਸਾਂ" `ਤੇ ਇਮਨਦਾਰੀ ਨਾਲ ਅਤੇ ਮਨ ਕਰੇ ਸਿਦਕਦਿਲੀ ਨਾਲ ਅਮਲ ਹੋ ਜਾਵੇ ਜਾਂ ਹੋ ਰਿਹਾ ਹੁੰਦਾ ਤਾਂ ਪੰਥਕ ਤਲ `ਤੇ ਅੱਜ ਇਤਨਾ ਵੱਡਾ ਵਿਗਾੜ ਬਿਲਕੁਲ ਵੀ ਨਹੀਂ ਸੀ ਹੋਣਾ। ਉਹ ਵਿਗਾੜ ਜਿਸਦਾ ਬਾਰ-ਬਾਰ ਅਤੇ ਬਰਾਬਰ ਵਰਨਣ ਤੇ ਜ਼ਿਕਰ ਕਰਦੇ ਆ ਰਹੇ ਹਾਂ।

ਭਾਵ ਪੰਥ ਵਿਚਾਲੇ ਅਜੋਕੀਆਂ ਅਣਗਿਣਤ ਧੜੇਬੰਦੀਆਂ, ਆਪਸੀ ਲੜਾਈਆਂ-ਝਗੜੇ, ਵੈਰ-ਵਿਰੋਧ, ਸਿਰ ਫਟੋਲਾਂ, ਮਾਰ-ਕੁਟਾਈਆਂ, ਹੋਰ ਤਾਂ ਹੋਰ ਬਹੁਤ ਥਾਵੇਂ ਬਦ-ਜ਼ੁਬਾਨੀ ਤੇ ਕੁੱਝ ਥਾਵੇਂ ਉਸ ਤੋਂ ਵੀ ਅੱਗੇ ਜਾ ਕੇ, "ਸਿੱਖੀ ਜੀਵਨ" ਤੇ "ਸਿੱਖ ਧਰਮ ਦੀ ਸ਼ਾਨ", ਇਕ-ਦੂਜੇ ਦੀਆਂ ਦਸਤਾਰਾਂ ਤੀਕ ਉਤਾਰਣ ਵਾਲੇ ਗ਼ਲੀਚ ਕਾਰਿਆਂ ਦੀ ਕੱਤਈ ਨੋਬਤ ਹੀ ਨਾ ਆਉਂਦੀ। ਤਾਂ ਤੇ:-

"ਦੇ ਲੰਮੀ ਨਦਰਿ ਨਿਹਾਲੀਐ" (ਪੰ: ੪੭੪) - ਸ਼ੱਕ ਨਹੀਂ ਆਰ-ਐਸ-ਐਸ ਸਮੇਤ ਅੱਜ ਦਸ-ਬਾਰਾਂ ਬਲਕਿ ਇਸ ਤੋਂ ਵੀ ਵੱਧ ਬਾਹਰਲੀਆਂ ਤਾਕਤਾਂ ਸਮੂਹਿਕ ਤੌਰ `ਤੇ ਆਪਣੇ-ਆਪਣੇ ਢੰਗ ਨਾਲ ਸਿੱਖ ਮਾਨਸ ਦੇ ਜੀਵਨ ਅੰਦਰੋਂ, ਸਿੱਖੀ ਜੀਵਨ, ਸਿੱਖੀ ਵਿਚਾਰਧਾਰਾ ਤੇ ਸਿੱਖ ਰਹਿਣੀ ਨੂੰ ਨਸ਼ਟ ਕਰਣ ਲਈ ਦਿਨ-ਰਾਤ ਆਪਣਾ-ਆਪਣਾ ਜ਼ੋਰ ਲਗਾ ਰਹੀਆਂ ਹਨ। ਅੱਜ ਲੋੜ ਹੈ ਤਾਂ ਸਮੂਚੇ ਪੰਥ ਨੂੰ ਬਿਨਾ ਢਿੱਲ ਇਸ ਪੱਖੋਂ ਸੁਚੇਤ ਹੋ ਹੋਣ ਦੀ।

ਦੋ ਰਖਸ਼ ਅਤੇ ਗੁਰੂ ਕਾ ਅਜੋਕਾ ਪੰਥ? -ਸਾਰੇ ਦੇ ਬਾਵਜੂਦ, ਚਲਦੇ ਆ ਰਹੇ ਵੇਰਵੇ ਅਨੁਸਾਰ ਹਰ ਸਮੇਂ ਅੱਜ ਇਸ ਨੂੰ ਦੋ ਰਖਸ਼ ਹੋਰ ਵੀ ਚਿੰਬੜੇ ਹੋਏ ਹਨ। ਪੰਥ ਨੂੰ ਚਿੰਬੜੇ ਹੋਏ ਇਨ੍ਹਾਂ ਦੋਨਾਂ ਰਾਖਸ਼ਾਂ ਵਲੋਂ "ਗੁਰੂ ਕਾ ਪੰਥ" ਜੇਕਰ ਅੱਜ ਵੀ ਸੁਚੇਤ ਹੋ ਜਾਵੇ ਤੇ ਉਨ੍ਹਾਂ ਤੋਂ ਆਪਣਾ ਪਿੱਛਾ ਛੁੱਡਵਾ ਲਵੇ ਤਾਂ ਯਕੀਨਣ "ਗੁਰੂ ਕਾ ਇਹ ਲਾਡਲਾ ਪੰਥ" ਆਰ-ਐਸ-ਐਸ ਸਮੇਤ ਉਨ੍ਹਾਂ ਸਮੂਹ ਵਿਰੋਧੀ ਹਮਲਿਆਂ ਤੇ ਬਾਹਰਲੀਆਂ ਤਾਕਤ ਤੋਂ ਵੀ ਸਾਹਿਜੇ ਹੀ ਆਜ਼ਾਦ ਹੋ ਸਕਦਾ ਹੈ।

ਇਸ ਲਈ ਇਹ ਵੀ ਚੇਤੇ ਕਰਵਾ ਤੇ ਦੋਰਾਅ ਦੇਵੀਏ ਕਿ "ਗੁਰੂ ਕੇ ਪੰਥ" ਨੂੰ ਚਿੰਬੜੇ ਹੋਏ ਆਖ਼ਿਰ ਉਹ ਦੌ ਰਾਖਸ਼ ਹੈਣ ਕਿਹੜੇ? ਤਾਂ ਤੇ ਪੰਥ ਨੂੰ ਚਿੰਬੜੇ ਹੋਏ ਉਹ ਦੋ ਰਾਖਸ਼ ਹਨ:-

(੧) ਮਨੂਵਾਦੀ ਤੇ ਬ੍ਰਾਹਮਣੀ ਵਰਣ-ਵੰਡ ਤੇ ਉੱਚੀ-ਨੀਵੀਂ ਜਾਤ-ਪਾਤ ਦੇ ਝਮੇਲੇ ਦੀ ਦਲ-ਦਲ `ਚ ਫ਼ਸ ਚੁੱਕਾ "ਗੁਰੂ ਕਾ ਪੰਥ" ਜਿਸਦਾ ਗੁਰਬਾਣੀ ਅਤੇ ਸਿੱਖੀ ਵਿਚਾਰਧਾਰਾ ਨਾਲ ਦੂਰ ਦਾ ਵੀ ਵਾਸਤਾ ਨਹੀਂ।

ਜਿਸਦਾ ਫਸਤਾ ਤਾਂ ਗੁਰੂ ਨਾਨਕ ਪਾਤਸ਼ਾਹ ਨੇ ਨੌ ਸਾਲ ਦੀ ਉਮਰ `ਚ ਜੰਜੂ ਪਾਉਣ ਤੌ ਇਨਕਾਰ ਕਰਕੇ, ਆਪਣੇ ਪਹਿਲੇ ਜਾਮੇ `ਚ ਹੀ ਵੱਢ ਦਿੱਤਾ ਸੀ। ਜਦਕਿ ਵਿਸ਼ੇ ਸੰਬੰਧੀ ਪੂਰਾ ਵੇਰਵਾ ਦੇ ਚੁੱਕੇ ਹਾ, ਇਥੇ ਦੌਰਾਉਣ ਦੀ ਲੋੜ ਨਹੀਂ।

(੨) "ਗੁਰੂ ਕੇ ਪੰਥ" ਨੂੰ ਚਿੰਬੜਿਆ ਹੋਇਆ ਦੂਜਾ ਰਾਖਸ਼ ਕਿਹੜਾ ਹੈ ਇਸ ਬਾਰੇ ਵੀ ਖੁੱਲ ਕੇ ਜ਼ਿਕਰ ਕਰ ਆਏ ਹਾਂ। ਤਾਂ ਵੀ ਉਹ ਰਾਖਸ਼ ਹੈ:-

() "ਸਭੁ ਕੋ ਪੂਰਾ ਆਪੇ ਹੋਵੈ ਘਟਿ ਨ ਕੋਈ ਆਖੈ" (ਪੰ: ੪੬੮) ਅਥਵਾ

() "ਆਪਸ ਕਉ ਦੀਰਘੁ ਕਰਿ ਜਾਨੈ ਅਉਰਨ ਕਉ ਲਗ ਮਾਤ" (ਪੰ: ੧੧੦੫)

ਕਾਸ਼ ਅਸਾਂ ਗੁਰਬਾਣੀ ਦੀਆਂ ਇਨ੍ਹਾਂ ਪੰਕਤੀਆਂ ਦਾ ਬਾਕੀ ਹਿੱਸਾ ਵੀ ਪੜ੍ਹ ਤੇ ਸਮਝ ਲਿਆ ਹੁੰਦਾ। ਗੁਰਬਾਣੀ ਦੀਆਂ ਇਹ ਪੂਰੀਆਂ-ਪੂਰੀਆਂ ਪੰਕਤੀਆਂ ਅਥਵਾ ਗੁਰਮੱਤ ਸਿਧਾਂਤ ਹਨ:-

() "ਸਭੁ ਕੋ ਪੂਰਾ ਆਪੇ ਹੋਵੈ ਘਟਿ ਨ ਕੋਈ ਆਖੈ॥ ਪਤਿ ਪਰਵਾਣਾ ਪਿਛੈ ਪਾਈਐ ਤਾ ਨਾਨਕ ਤੋਲਿਆ ਜਾਪੈ" (ਪੰ: ੪੬੮) ਉਪ੍ਰੰਤ

() "ਆਪਸ ਕਉ ਦੀਰਘੁ ਕਰਿ ਜਾਨੈ ਅਉਰਨ ਕਉ ਲਗ ਮਾਤ॥ ਮਨਸਾ ਬਾਚਾ ਕਰਮਨਾ ਮੈ ਦੇਖੇ ਦੋਜਕ ਜਾਤ" (ਪੰ: ੧੧੦੫)

ਇਸ ਤਰ੍ਹਾਂ ਇਕੋ-ਇਕ "ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ" ਦੇ ਸਿੱਖ ਅਖਵਾ ਕੇ ਅਤੇ ਮੰਨ ਕੇ ਵੀ "ਗੁਰੂ ਕੇ ਪੰਥ" ਵਿਚਾਲੇ ਅੱਜ ਆਪਣੇ ਆਪ ਨੂੰ ਕੇਵਲ ਹਰੇਕ ਸਿੱਖ ਹੀ ਨਹੀਂ ਬਲਕਿ ਹਰੇਕ ਸੰਸਥਾ, ਜੱਥੇਬੰਦੀ ਤੇ ਧੜਾ ਵੀ ਆਪਣੇ ਆਪ ਨੂੰ ਹੀ ਵੱਡਾ, ਸੋਝੀਵਾਨ ਅਤੇ ਸਿਆਣਾ ਮੰਨੀ ਬੈਠਾ ਹੈ ਜਿਹੜਾ ਕਿ ਸਪਸ਼ਟ ਤੌਰ `ਤੇ ਗੁਰਬਾਣੀ ਆਦੇਸ਼ਾ ਦੇ ਉਲਟ ਹਉਮੈ ਦਾ ਪ੍ਰਤੀਕ ਹੈ। ਇਹੀ ਕਾਰਣ ਹੈ ਕਿ ਅੱਜ ਕੇਵਲ ਪੰਥਕ ਤਲ `ਤੇ ਹੀ ਨਹੀਂ ਬਲਕਿ ਨਿਜੀ ਤਲ ਤੀਕ ਵੀ:-

ਅਜੋਕੇ ਗੁਰੂ ਕੇ ਸਮੂਚੇ ਪੰਥ ਦਾ ਵੱਡਾ ਹਿੱਸਾ ਅਣਗਿਣਤ ਧੜੇਬੰਦੀਆਂ, ਜੱਤੇਬੰਦੀਆਂ, ਆਪਸੀ ਵੈਰ-ਵਿਰੋਧ, ਲੜਾਈਆਂ-ਝਗੜਿਆਂ, ਸਿਰ ਫਟੋਲਾਂ, ਮਾਰ-ਕੁਟਾਈਆਂ, ਨਿਜੀ ਤਲ ਤੀਕ ਭੱਦੀ ਤੇ ਅਸਭਯ ਭਾਸ਼ਾ ਦੀ ਵਰਤੋਂ ਹੋਰ ਤਾ ਹੋਰ ਬਹੁਤ ਥਾਵੇਂ ਤਾਂ ਉਸ ਤੋਂ ਵੀ ਬਹੁਤ ਅੱਗੇ ਜਾ ਕੇ, ਸਿੱਖੀ ਜੀਵਨ ਅਤੇ ਸਿੱਖ ਪੰਥ ਦੀ ਸ਼ਾਨ-ਇਕ, ਦੂਜੇ ਦੀਆਂ ਦਸਤਾਰਾਂ ਤੀਕ ਉਤਾਰਣ ਵਾਲੇ ਗ਼ਲੀਚ ਕਾਰਿਆਂ ਤੋਂ ਵੀ ਗੁਰੇਜ਼ ਨਹੀਂ ਕਰ ਰਿਹਾ। ਜਦਕਿ ਗੁਰਬਾਣੀ ਅਨੁਸਾਰ:-

() "ਨਾਨਕ ਜੇ ਕੋ ਆਪੌ ਜਾਣੈ ਅਗੈ ਗਇਆ ਨ ਸੋਹੈ" (ਬਾਣੀ ਜਪੁ)

() "ਆਪਸ ਕਉ ਜੋ ਭਲਾ ਕਹਾਵੈ॥ ਤਿਸਹਿ ਭਲਾਈ ਨਿਕਟਿ ਨ ਆਵੈ" (ਪੰ: ੨੭੮)

ਜਦਕਿ ਉਪ੍ਰੌਕਤ ਗੁਰ ਫ਼ੁਰਮਾਨ ਅਨੁਸਾਰ ਵੀ, ਅਜਿਹਾ ਨਿਆਂ ਅਕਾਲਪਰਖ ਨੇ ਆਪ ਹੀ ਕਰਨਾ ਹੁੰਦਾ ਹੈ ਕਿ ਕੌਣ ਤੇ ਕਿਹੜਾ ਮਨੁੱਖ, ਧੜਾ ਅਥਵਾ ਸੰਸਥਾ:-

() "ਪਤਿ ਪਰਵਾਣਾ ਪਿਛੈ ਪਾਈਐ ਤਾ ਨਾਨਕ ਤੋਲਿਆ ਜਾਪੈ" (ਪੰ: ੪੬੮)

ਬਲਕਿ ਆਪਣੇ ਆਪ ਨੁੰ ਆਪ ਹੀ ਵੱਡਾ, ਸੋਝੀਵਾਨ ਅਤੇ ਸਿਆਣਾ ਮੰਨ ਕੇ ਚਲਣ ਤੇ ਸਮਝਣ ਵਾਲੇ ਆਪਣੇ ਪ੍ਰਾਪਤ ਮਨੁੱਖਾ ਨੂੰ ਵੀ:-

() "ਮਨਸਾ ਬਾਚਾ ਕਰਮਨਾ ਮੈ ਦੇਖੇ ਦੋਜਕ ਜਾਤ" (ਪੰ: ੧੧੦੫)

ਭਾਵ ਉਹ ਪ੍ਰਾਪਤ ਮਨੁੱਖਾ ਜਨਮ ਨੂੰ ਵੀ ਬਿਰਥਾ ਹਰਕੇ ਜਾਂਦੇ ਅਤੇ ਮੁੜ ਉਨ੍ਹਾਂ ਹੀ ਭਿੰਨ-ਭਿੰਨ ਜੂਨਾਂ, ਜਨਮਾਂ ਤੇ ਗਰਭਾਂ ਦੇ ਗੇੜ `ਚ ਪੈਂਦੇ ਹਨ। ਇਥੇ ਤਾਂ:-

() "ਆਪਸ ਕਉ ਜੋ ਭਲਾ ਕਹਾਵੈ॥ ਤਿਸਹਿ ਭਲਾਈ ਨਿਕਟਿ ਨ ਆਵੈ॥ ਸਰਬ ਕੀ ਰੇਨ ਜਾ ਕਾ ਮਨੁ ਹੋਇ॥ ਕਹੁ ਨਾਨਕ ਤਾ ਕੀ ਨਿਰਮਲ ਸੋਇ" (ਪੰ: ੨੭੮)

"ਏਹੜ ਤੇਹੜ ਛਡਿ ਤੂ, ਗੁਰ ਕਾ ਸਬਦੁ ਪਛਾਣੁ" - ਤਾਂ ਤੇ ਗੁਰੂ- ਗੁਰਬਾਣੀ ਦੇ ਸਿਖਾਂ ਲਈ ਤਾਂ ਗੁਰਬਾਣੀ ਦਾ ਆਦੇਸ਼ ਹੈ ਕਿ:-

"ਏਹੜ ਤੇਹੜ ਛਡਿ ਤੂ ਗੁਰ ਕਾ ਸਬਦੁ ਪਛਾਣੁ॥ ਸਤਿਗੁਰ ਅਗੈ ਢਹਿ ਪਉ ਸਭੁ ਕਿਛੁ ਜਾਣੈ ਜਾਣੁ॥ ਆਸਾ ਮਨਸਾ ਜਲਾਇ ਤੂ ਹੋਇ ਰਹੁ ਮਿਹਮਾਣੁ॥ ਸਤਿਗੁਰ ਕੈ ਭਾਣੈ ਭੀ ਚਲਹਿ ਤਾ ਦਰਗਹ ਪਾਵਹਿ ਮਾਣੁ॥ ਨਾਨਕ ਜਿ ਨਾਮੁ ਨ ਚੇਤਨੀ ਤਿਨ ਧਿਗੁ ਪੈਨਣੁ ਧਿਗੁ ਖਾਣੁ" (ਪੰ: ੬੪੬)

ਭਾਵ ਗੁਰੂ ਕੀਆਂ ਸੰਗਤਾਂ ਦੀਆਂ ਅਜੋਕੇ ਸਮੂਹ ਧੜਿਆਂ ਅਤੇ ਜੱਥੇਬੰਦੀਆਂ ਆਦਿ ਨੇ ਗੁਰਬਾਣੀ-ਗੁਰੂ ਦੀ ਆਗਿਆ ਅਨੁਸਾਰ ਬਿਲਕੁਲ ਵੀ ਹਉਮੈ ਦਾ ਸ਼ਿਕਾਰ ਨਹੀਂ ਹੋਣਾ ਕਿ ਮੈ ਅਥਵਾ ਸਾਡੀ ਜੱਥੇਬੰਦੀ ਜਾਂ ਧੜਾ ਹੀ ਠੀਕ ਤੇ ਪਰੀ-ਪੂਰਣ ਹੈ।

ਬਲਕਿ ਸਮੂਚੇ "ਗੁਰੂ ਕੇ ਪੰਥ" ਨੇ ਵੱਡੀ ਸਿਦਕਦਿਲੀ ਅਤੇ ਦਿਆਨਤਦਾਰੀ ਨਾਲ "ਜੁਗੋ-ਜੁਗ ਅਟੱਲ", "ਅਖਰ ਰੂਪ" "ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ" ਦੇ ਚਰਣਾ `ਚ ਬੈਠ ਕੇ ਕੇਵਲ ਤੇ ਕੇਵਲ ਉਨ੍ਹਾਂ ਪਾਸੋਂ ਹੀ ਅਗਵਾਹੀ ਲੈਣੀ ਹੈ।

ਵੱਡੇ ਯਕੀਨ ਨਾਲ ਕਿਹਾ ਜਾ ਸਕਦਾ ਹੈ ਕਰਤਾਪੁਰਖ ਜੀ ਆਪ ਬਖ਼ਸ਼ਿਸ਼ ਤੇ ਨਦਰਿ-ਕਰਮ ਕਰਕੇ ਆਪਣੇ ਇਸ ਦੂਲੇ ਪੰਥ ਨੂੰ ਉਨ੍ਹਾਂ ਦੋਨਾਂ ਰਾਖ਼ਸ਼ਾਂ ਤੋਂ ਛੁਟਕਾਰਾ ਦੁਆ ਦੇਣਗੇ। (ਸਮਾਪਤ) #234P-XXXXX-02.17-0217#P50v

ਸਾਰੇ ਪੰਥਕ ਮਸਲਿਆਂ ਦਾ ਹੱਲ ਅਤੇ ਸੈਂਟਰ ਵੱਲੋਂ ਲਿਖੇ ਜਾ ਰਹੇ ਸਾਰੇ ‘ਗੁਰਮੱਤ ਪਾਠਾਂ’, ਪੁਸਤਕਾ ਤੇ ਹੁਣ ਗੁਰਮੱਤ ਸੰਦੇਸ਼ਾ ਵਾਲੀ ਅਰੰਭ ਹੋਈ ਲੜੀ, ਇਨ੍ਹਾਂ ਸਾਰਿਆਂ ਦਾ ਮਕਸਦ ਇਕੋ ਹੈ-ਤਾ ਕਿ ਹਰੇਕ ਸੰਬੰਧਤ ਪ੍ਰਵਾਰ ਅਰਥਾਂ ਸਹਿਤ ‘ਗੁਰੂ ਗ੍ਰੰਥ ਸਾਹਿਬ’ ਜੀ ਦਾ ਸਹਿਜ ਪਾਠ ਸਦਾ ਚਾਲੂ ਰਖ ਕੇ ਆਪਣੇ ਜੀਵਨ ਨੂੰ ਗੁਰਬਾਣੀ ਸੋਝੀ ਵਾਲਾ ਬਣਾਏ। ਅਰਥਾਂ ਲਈ ਦਸ ਭਾਗ ‘ਗੁਰੂ ਗ੍ਰੰਥ ਦਰਪਣ’ ਪ੍ਰੋ: ਸਾਹਿਬ ਸਿੰਘ ਜਾਂ ਚਾਰ ਭਾਗ ਸ਼ਬਦਾਰਥ ਲਾਹੇਵੰਦ ਹੋਵੇਗਾ ਜੀ।

Including this Self Learning Gurmat Lesson No.234-XXXXX

"ਬਾਣੀ ਗੁਰੂ ਗੁਰੂ ਹੈ ਬਾਣੀ. ."

"ਸਤਿਗੁਰੁ ਮੇਰਾ ਸਦਾ ਸਦਾ. ."

"ਗੁਰ ਬਿਨੁ ਘੋਰ ਅੰਧਾਰ"

(ਭਾਗ ਪੰਜਾਵਾਂ)

For all the Self Learning Gurmat Lessons (Excluding Books) written by ‘Principal Giani Surjit Singh’ Sikh Missionary, Delhi-All the rights are reserved with the writer himself; but easily available in proper Deluxe Covers for

(1) Further Distribution within ‘Guru Ki Sangat’

(2) For Gurmat Stalls

(3) For Gurmat Classes & Gurmat Camps

with intention of Gurmat Parsar, at quite nominal printing cost i.e. mostly Rs 400/-(but in rare cases Rs. 450/-) per hundred copies (+P&P.Extra) From ‘Gurmat Education Centre, Delhi’, Postal Address- A/16 Basement, Dayanand Colony, Lajpat Nagar IV, N. Delhi-24

Ph 91-11-26236119, 46548789 ® Ph. 91-11-26487315 Cell 9811292808

Emails- gurbaniguru@yahoo.com & gianisurjitsingh@yahoo.com

web sites-

www.gurbaniguru.org

theuniqeguru-gurbani.com

gurmateducationcentre.com
.