.

ਕਬੀਰ ਜੋਰੀ ਕੀਏ ਜੁਲਮੁ ਹੈ

ਮਨੁੱਖੀ ਫਿਤਰਤ ਹੈ ਕਿ ਆਪਣੀ ਮਨੌਤ, ਜੋ ਭਾਵੇਂ ਸੱਚ ਦੀ ਕਸਵੱਟੀ ਤੇ ਪੂਰੀ ਵੀ ਨਾ ਉਤਰਦੀ ਹੋਵੇ, ਨੂੰ ਦੂਸਰਿਆਂ ਤੇ ਠੋਸਣ ਦਾ ਯਤਨ ਕੀਤਾ ਜਾਂਦਾ ਹੈ। ਪਰ ਜਦੋਂ ਦਲੀਲਾਂ ਨਾਲ ਉਸ ਮਨੌਤ ਨੂੰ ਸੱਚ ਦੀ ਕਸਵੱਟੀ ਤੇ ਚ੍ਹਾੜ ਕੇ ਰੱਦ ਕੀਤਾ ਜਾਂਦਾ ਹੈ ਤਾਂ ਉਥੇ ਤੂੰ ਤੂੰ, ਮੈ ਮੈ, ਘਸੁੰਨ ਮੁੱਕੀ, ਡਾਂਗਾਂ ਤੇ ਤਲਵਾਰਾਂ ਖੜਕ ਜਾਂਦੀਆਂ ਹਨ, ਪੱਗਾਂ, ਜਿਨ੍ਹਾਂ ਦੀ ਵਡਿਆਈ ਕਰਦੇ ਨਹੀ ਥੱਕਦੇ, ਪੈਰਾਂ ਵਿੱਚ ਰੁਲਦੀਆਂ ਵੇਖੀਆਂ ਜਾਂਦੀਆਂ ਹਨ। ਵੀਚਾਰ ਜੇਹਾ ਗੁਣ ਤਾਂ ਜਿਵੇਂ ਅਲੋਪ ਹੀ ਹੋ ਗਿਆ ਹੋਵੇ। ਜਾਤੀ ਤਜਰਬਾ ਦਸਦਾ ਹੈ ਕਿ ਧਰਮ ਦੀ ਵੀਚਾਰ ਨੂੰ ਬਹਿਸ ਵਿੱਚ ਬਦਲਦਿਆਂ ਦੇਰ ਨਹੀ ਲਗਦੀ। ਕੁਦਰਤੀ ਹਕੀਕਤ ਅਨੁਸਾਰ ਸਭ ਦੇ ਵੀਚਾਰ ਇਕੋ ਜੇਹੇ ਨਹੀ ਹੁੰਦੇ ਅਤੇ ਸਭ ਨੂੰ ਆਪੋ ਆਪਣੇ ਵੀਚਾਰ ਰੱਖਣ ਦਾ ਪੂਰਾ ਹੱਕ ਹੈ। ਕਿਸੇ ਦੇ ਵੀਚਾਰਾਂ ਨੂੰ ਧੱਕਾ ਜੋਰੀਂ, ਜਾਂ ਜ਼ਬਰਦਸਤੀ ਨਾਲ ਬਦਲਨ ਦੀ ਕੋਸ਼ਿਸ਼ ਜ਼ੁਲਮ ਅਤੇ ਕਾਨੂੰਨੀ ਜੁਰਮ ਵੀ ਹੈ। ਇਹੀ ਵੈਰ ਵਿਰੋਧਤਾ, ਈਰਖਾ ਤੇ ਕਹੇ ਜਾਂਦੇ ਧਰਮ ਯੁੱਧਾਂ ਦੀ ਜੜ੍ਹ ਹੈ, ਪਰ ਧਰਮ ਦੀ ਦੁਨੀਆਂ ਵਿੱਚ ਇਹ ਅਨਰਥ ਸਦੀਆਂ ਤੋਂ ਹੁੰਦੇ ਆਏ ਹਨ ਤੇ ਹੁਣ ਵੀ ਹੋ ਰਹੇ ਹਨ। ਅਸਲ ਵਿੱਚ ਜਦੋਂ ਤੋਂ ਧਰਮ ਨੇ ਸੰਪ੍ਰਦਾਇਕ ਰੂਪ ਧਾਰਨ ਕੀਤਾ ਹੈ ਉਦੋਂ ਤੋਂ ਹੀ ਇਸ ਦੀ ਦੁਰਵਰਤੋਂ ਹੁੰਦੀ ਆ ਰਹੀ ਹੈ, ਹੁਣ ਵੀ ਹੋ ਰਹੀ ਹੈ ਤੇ ਅਗੇ ਨੂੰ ਵੀ ਹੁੰਦੀ ਰਹੇਗੀ। ਕੀ ਦੁਨੀਆਂ ਵਿੱਚ ਅਜ ਤਕ ਕੋਈ ਐਸਾ ਸੰਪਰਦਾਇਕ ਧਰਮ ਜਾਂ ਸੰਸਥਾ ਵੀ ਹੈ ਜਿਸ ਦੇ ਸਾਰੇ ਸ਼ਰਧਾਲੂ ਸੱਚ ਨਾਲ ਜੁੜੇ ਹੋਵਣ? ਕੀ ਕੋਈ ਐਸਾ ਧਰਮ ਹੈ ਜਿਸ ਦੇ ਸਾਰੇ ਅਨੁਯਾਈ ਰੱਬੀ ਗੁਣਾਂ ਦੇ ਧਾਰਨੀ ਹੋਵਣ ਤੇ ਜਿਨ੍ਹਾਂ ਵਿੱਚ ਮਨੁਖਤਾ ਦੀ ਭਲਾਈ, ਹਮਦਰਦੀ, ਸਾਂਝੀਵਾਲਤਾ, ਸਹਿਣਸ਼ੀਲਤਾ, ਕੋਮਲਤਾ, ਨਿਮਰਤਾ, ਨਿਰਪੱਖਤਾ, ਮਿੱਠਬੋਲ, ਪਿਆਰ ਅਤੇ ਰਹਿਮਦਿਲੀ. . ਆਦਿਕ. . ਗੁਣਾਂ ਦਾ ਕੋਈ ਜਜ਼ਬਾ ਹੋਵੇ? ਇਹ ਹੋਣਾ ਅਸੰਭਵ ਹੈ ਕਿਉਂਕਿ ਹਰ ਮਨੁੱਖ ਦੀ ਵੱਖਰੀ ਸੋਚ, ਮਾਇਆ (ਵਿਕਾਰਾਂ) ਦਾ ਮਨੁਖੀ ਮਨ ਤੇ ਪ੍ਰਭਾਵ ਅਤੇ ਮਨੁਖੀ ਅਗਿਆਨਤਾ ਦੇ ਹੁੰਦਿਆਂ ਧਰਮ ਇੱਕ ਸਫਲ਼ ਸੰਗਠਨਤਾ, ਸੰਸਥਾਗਤ ਜਾਂ ਸੰਪ੍ਰਦਾਇਕ ਨਹੀ ਹੋ ਸਕਦਾ। ਫੁੱਲਾਂ ਨਾਲ ਕੰਡਿਆਂ ਦਾ ਹੋਣਾ ਵੀ ਕੁਦਰਤੀ ਹੈ। ਧਰਮ ਇੱਕ ਸੁਚੱਜਾ ਜੀਵਨ ਪੰਥ, ਮਾਰਗ ਜਾਂ ਰਾਹ ਹੈ (ਸੰਪ੍ਰਦਾ ਨਹੀ) ਪਰ ਇਸ ਦੀ, ਨਿਜੀ ਸਵਾਰਥਾਂ ਲਈ, ਵਰਤੋਂ ਕਰਨ ਲਈ ਇਸ ਨੂੰ ਇੱਕ ਸੰਪ੍ਰਦਾ ਦਾ ਰੂਪ ਦੇ ਕੇ ਨਿਰਮਲ ਪੰਥ, ਸਿੱਖ ਪੰਥ ਜਾਂ ਖਾਲਸਾ ਪੰਥ ਦਾ ਨਾਮ ਦੇ ਦਿੱਤਾ ਗਿਆ ਹੈ ਅਤੇ ਏਸੇ ਧਰਮ ਵਿੱਚ ਹੀ ਸਾਂਝੀਵਾਲਤਾ ਦੇ ਦੁਸ਼ਮਣ, ਕਠੋਰ ਦਿਲ, ਹੱਕਾਂ ਦੇ ਲੁਟੇਰੇ, ਮਨੁੱਖੀ ਜਾਨਾਂ ਦੇ ਵੈਰੀ, ਪੱਖਪਾਤੀ, ਆਤਮਿਕ ਗਿਆਨ ਤੋਂ ਕੋਰੇ, ਝੂਠ ਦੇ ਪੁਜਾਰੀ ਆਪਣੇ ਆਪ ਨੂੰ ਖਾਲਸਾ ਪੰਥ ਜਾਂ ਨਿਰਮਲ ਪੰਥ ਦੇ ਮੁਖੀ ਸਾਜੀ ਬੈਠੇ ਹਨ।

ਧਰਮ ਇੱਕ ਸੁਚੱਜੀ, ਸੁਖੀ ਤੇ ਅਨੰਦਮਈ ਜੀਵਨ ਸ਼ੈਲੀ ਸਿਖਾਂਦਾ ਹੈ, ਆਪ ਖੁਸ਼, ਸ਼ਾਂਤ ਤੇ ਸੁਖੀ ਜੀਵਨ ਜੀਓ ਤੇ ਦੂਜਿਆਂ ਨੂੰ ਸੁਖੀ, ਸ਼ਾਂਤ ਤੇ ਖੁਸ਼੍ਹਾਲ ਜੀਵਨ ਜੀਣ ਦਿਉ। ਪਰ ਧਰਮ ਦੇ ਠੇਕੇਦਾਰਾਂ ਨੇ ਧਰਮ ਦੀ ਵਿਆਖਿਆ ਨੂੰ ਹੀ ਆਪਣੇ ਮਤਲਬ ਲਈ ਬਦਲ ਦਿੱਤਾ। ਮੌਜੂਦਾ ਦੌਰ ਅੰਦਰ, ਵੇਸ, ਰੀਤਾਂ ਰਸਮਾਂ ਤੇ ਕਰਮ ਕਾਂਡਾਂ ਨੂੰ ਹੀ ਧਰਮ ਸਮਝਿਆ ਜਾ ਰਿਹਾ ਹੈ। ਧਰਮ ਦੇ ਨਾਮ ਤੇ ਅਧਰਮ ਚੱਲ ਰਿਹਾ ਹੈ। ਗੁਰਬਾਣੀ (ਆਤਮਿਕ ਗਿਆਨ) ਹੀ ਸਿੱਖ ਦਾ ਧਰਮ ਹੈ ਅਤੇ ਜਿਨ੍ਹਾਂ ਨਿਰਰਥਕ ਤੇ ਨਿਸਫਲ਼ ਵੇਸਾਂ, ਰੀਤਾਂ ਰਸਮਾਂ ਤੇ ਕਰਮ ਕਾਂਡਾਂ ਦਾ ਗੁਰਬਾਣੀ ਖੰਡਣ ਕਰਦੀ ਹੈ, ਉਹੀ ਧਰਮ ਅਸਥਾਨਾਂ ਤੇ ਪ੍ਰਚਲਿਤ ਕਰ ਦਿੱਤੇ ਗਏ ਹਨ। ਇਥੋਂ ਸੌ ਫੀ ਸਦੀ ਇਹ ਸਪਸ਼ਟ ਹੁੰਦਾ ਹੈ ਕਿ ਸਿੱਖ ਜਗਤ ਵਿੱਚ ਗੁਰਬਾਣੀ ਨੂੰ ਪੜ੍ਹਿਆ, ਸੁਣਿਆ, ਗਾਵਿਆ ਤੇ ਪੂਜਿਆ ਤਾਂ ਬਹੁਤ ਜਾਂਦਾ ਹੈ ਪਰ ਇਸ ਨੂੰ ਜਾਣਿਆ, ਬੁਝਿਆ, ਵੀਚਾਰਿਆ ਤੇ, ਸਭ ਨਾਲੋਂ ਜ਼ਰੂਰੀ, ਅਮਲਾਇਆ ਬਹੁਤ ਘਟ ਜਾਂਦਾ ਹੈ। ਗੁਰਬਾਣੀ ਦਾ ਉਪਦੇਸ਼, ਪੜ੍ਹਨ ਸੁਣਨ ਵਾਲੇ ਲਈ ਨਿੱਜੀ ਹੈ, ਇਸ ਨੂੰ ਦੂਜਿਆਂ ਤੇ ਨਹੀ ਠੋਸਣਾ ਬਲਿਕੇ ਆਪਣੇ ਆਪ ਤੇ ਢਾਲਣਾ ਹੈ। ਇਸ ਦੁਆਰਾ ਪਹਿਲਾਂ ਆਪਾ ਚੀਨਣਾਂ ਹੈ, ( ਨਾਨਕ ਚੀਨੈ ਆਪ ਕਉ ਸੋ ਅਪਰ ਅਪਾਰਾ ॥229) ਪੰਡਤਾਂ ਦੀ ਪੱਤਰੀ ਛੱਡ ਕੇ ਮਨ ਦੀ ਪੱਤਰੀ ਵਾਚਣੀ ਹੈ, ( ਮਨ ਕੀ ਪਤ੍ਰੀ ਵਾਚਣੀ ਸੁਖੀ ਹੂ ਸੁਖੁ ਸਾਰੁ ॥ 1093) ਪੜੋਸੀ ਦੀ ਪੜਚੋਲ ਛੱਡ ਕੇ ਆਪੇ ਦੀ ਪੜਚੋਲ ਕਰਨੀ ਹੈ, (ਆਪਣਾ ਆਪੁ ਨ ਪਛਾਣੈ ਮੂੜਾ ਅਵਰਾ ਆਖਿ ਦੁਖਾਏ ॥ 549) ਦੂਜਿਆਂ ਦੇ ਨਹੀ, ਆਪਣੇ ਗਿਰੀਵਾਨ ਵਿੱਚ ਸਿਰ ਨੀਵਾਂ ਕਰਕੇ ਵੇਖਣਾ ਹੈ, (ਆਪਨੜੇ ਗਿਰੀਵਾਨ ਮਹਿ ਸਿਰੁ ਨੀ=ਵਾਂ ਕਰਿ ਦੇਖੁ ॥ 1378) ਤੇ ਫੇਰ ਗੁਰਮਤ ਦੁਆਰਾ ਆਪਾ ਸਵਾਰਨਾ ਹੈ, ਜਨਮਾਂ ਜਨਮਾਂ ਦੇ ਕਾਲੇ ਸੁਆਹ ਹੋਏ ਮਨ ਦੀ ਮੈਲ ਨੂੰ ਗੁਰਬਾਣੀ ਦੇ ਸਾਬਣ ਨਾਲ ਪਾਕ ਜਾਂ ਪਵਿੱਤ੍ਰ ਕਰਨਾ ਹੈ, ਅਉਗੁਣਾਂ ਨੂੰ ਛੱਡ ਕੇ ਰੱਬੀ ਗੁਣਾਂ ਨੂੰ ਧਾਰਨ ਕਰਨਾ ਹੈ। ਜੋ ਵਿਅਕਤੀ ਗੁਰਬਾਣੀ (ਆਤਮਿਕ ਗਿਆਨ) ਨਾਲ ਸਾਂਝ ਪਾ ਲਵੇਗਾ, ਉਹ ਗਿਆਨੀ ਹੋ ਜਾਵੇਗਾ, ਉਸ ਦੀ ਨਿਰੰਕਾਰ ਜਾਂ ਗੁਰੂ ਨਾਲ ਸਾਂਝ ਪੈ ਜਾਵੇਗੀ, ਤੇ ਫਿਰ ਉਹ ਕਿਸੇ ਇੱਕ ਦੁਨਿਆਵੀ ਮਤ ਨਾਲ ਕਦੇ ਨਹੀ ਜੁੜ ਸਕਦਾ ਕਿਉਂਕਿ ਗਿਆਨੀ ਕੇਵਲ ਗਿਆਨੀ ਹੀ ਹੁੰਦਾ ਹੈ। ਗਿਆਨੀ ਹਿੰਦੂ, ਮੁਸਲਿਮ, ਸਿੱਖ, ਇਸਾਈ ਜਾਂ ਕਿਸੇ ਹੋਰ ਮਤ ਦਾ ਨਹੀ ਹੋ ਸਕਦਾ। ਜੋ ਨਿਰੰਕਾਰ ਜਾਂ ਗੁਰੂ ਨਾਲ ਜੁੜ ਗਿਆ ਉਹ ਤਮਾਮ ਮਨੁਖਤਾ ਨਾਲ ਜੁੜ ਜਾਵੇਗਾ, ਉਹ ਪੱਖਪਾਤੀ ਨਹੀ ਹੋ ਸਕਦਾ, ਉਹ ਮਨੁਖਤਾ ਵਿੱਚ ਕਿਸੇ ਤਰਾਂ ਦੇ ਵਿਤਕਰੇ ਨਹੀ ਪਾ ਸਕਦਾ, ਉਹ ਸਭਨਾਂ ਦਾ ਸਾਂਝੀਵਾਲ ਜਾਂ ਸਾਜਣ ਹੋ ਜਾਵੇਗਾ ਕਿਉਂਕਿ ਲੋਗਾ ਭਰਮਿ ਨ ਭੂਲਹੁ ਭਾਈ ॥ ਖਾਲਿਕੁ ਖਲਕ ਖਲਕ ਮਹਿ ਖਾਲਿਕੁ ਪੂਰਿ ਰਹਿਓ ਸ੍ਰਬ ਠਾਂਈ ॥ 1349 ਆਪਣੀ ਹੀ ਸਾਜੀ ਖਲਕਤ, ਵਿੱਚ ਖਾਲਿਕ ਆਪ ਹੀ ਵਸਦਾ ਹੈ ਇਸ ਲਈ ਮਨੁਖਤਾ ਨਾਲ ਪਿਆਰ ਕਰਨਾ ਖਾਲਿਕ ਨਾਲ ਪਿਆਰ ਕਰਨਾ ਹੈ। ਜੋ ਧਰਮ (ਅਸਲ ਵਿੱਚ ਮਜ਼੍ਹਬ) ਮਨੁਖਤਾ ਵਿੱਚ ਵਿਤਕਰੇ ਪੈਦਾ ਕਰੇ ਉਹ ਧਰਮ ਸੱਚ ਦਾ ਪੰਥ (ਮਾਰਗ) ਨਹੀ ਹੋ ਸਕਦਾ। ਗੁਰਬਾਣੀ ਦਾ ਹੀ ਕਥਨ ਹੈ ਕਿ:- ਮੰਨੈ ਮਗੁ ਨ ਚਲੈ ਪੰਥੁ ॥ ਮੰਨੈ ਧਰਮ ਸੇਤੀ ਸਨਬੰਧੁ ॥ 3 ਜਿਸ ਦਾ ਨਿਰੰਕਾਰ ਨਾਲ ਸਨਬੰਧ ਜੁੜ ਜਾਂਦਾ ਹੈ ਉਹ ਫਿਰ ਦੁਨਿਆਵੀ ਮਜ਼੍ਹਬਾਂ ਜਾਂ ਕਿਸੇ ਸੰਪ੍ਰਦਾਵਾਂ ਨਾਲ ਨਹੀ ਜੁੜ ਸਕਦਾ। ਗੁਰਬਾਣੀ ਫੁਰਮਾਨ ਹੈ ਕਿ ਨਾ ਹਮ ਹਿੰਦੂ ਨ ਮੁਸਲਮਾਨ ॥ ਅਲਹ ਰਾਮ ਕੇ ਪਿੰਡੁ ਪਰਾਨ ॥ 1136 ਜੋ ਅੱਲਹ ਦਾ ਹੋ ਗਿਆ ਉਹ ਕਿਸੇ ਮਜ਼੍ਹਬ ਜਾਂ ਸੰਪ੍ਰਦਾ ਨਾਲ ਕਿਵੇਂ ਜੁੜ ਸਕਦਾ ਹੈ? ਉਹ ਦੋ ਬੇੜੀਆਂ ਵਿੱਚ ਸਵਾਰ ਨਹੀ ਹੋਵੇਗਾ, ਇਹੀ ਉਸ ਦਾ ਨਿਰਾਲਾਪਣ ਜਾਂ ਨਿਆਰਾਪਣ ਹੈ। ਪ੍ਰਭੂ ਪ੍ਰੇਮ ਵਿੱਚ ਰੰਗੇ ਬੁੱਲੇ ਦੇ ਬੋਲ ਵੀ ਇਹੀ ਹਨ: ਬੁੱਲਾ ਸ਼ਹੁ ਜੋ ਹਰਿ ਚਿੱਤ ਲਾਗੇ। ਹਿੰਦੂ ਤੁਰਕ ਹਮ ਦੋਊ ਤਿਆਗੇ। ਗੁਰ ਉਪਦੇਸ਼ ਹੈ: ਤਜਿ ਸਭਿ ਭਰਮ ਭਜਿਓ ਪਾਰਬ੍ਰਹਮੁ ॥ ਕਹੁ ਨਾਨਕ ਅਟਲ ਇਹੁ ਧਰਮੁ ॥ {ਪੰਨਾ 195} ਸਾਰੇ ਭਰਮ ਭੁਲੇਖਿਆਂ ਨੂੰ ਛੱਡ ਕੇ ਜੋ ਪਾਰਬ੍ਰਹਮ ਦਾ ਹੋ ਗਿਆ ਉਹੀ ਸੱਚ ਜਾਂ ਅਟੱਲ ਧਰਮ ਦਾ ਪਾਂਧੀ ਹੈ, ਉਹੀ ਨਿਰਮਲ ਪੰਥ ਦਾ ਰਾਹੀ ਹੈ, ਉਹੀ ਖਾਲਸਾ ਪੰਥ ਦਾ ਯਾਤਰੀ ਹੈ।

ਧਰਮੀ ਹੋਣ ਦੀ ਪਹਿਚਾਣ ਬਾਹਰੀ ਵੇਸ, ਰੀਤਾਂ ਰਸਮਾਂ ਜਾਂ ਕਰਮ ਕਾਂਡਾਂ ਤੇ ਨਿਰਭਰ ਨਹੀ ਬਲਿਕੇ ਪਾਰਬ੍ਰਹਿਮ (ਸੱਚ) ਨਾਲ ਸਾਂਝ ਤੇ ਨਿਰਭਰ ਹੈ। ਜਿਸ ਦਾ ਧੜਾ ਹਰਿ ਆਪ ਹੈ ਉਸ ਲਈ ਹੋਰ ਸਭ ਧੜੇ ਨਿਰਰਥਕ ਹੋ ਜਾਂਦੇ ਹਨ। ਗੁਰਬਾਣੀ ਫੁਰਮਾਨ ਹੈ:- ਹਮ ਹਰਿ ਸਿਉ ਧੜਾ ਕੀਆ ਮੇਰੀ ਹਰਿ ਟੇਕ ॥ ਮੈ ਹਰਿ ਬਿਨੁ ਪਖੁ ਧੜਾ ਅਵਰੁ ਨ ਕੋਈ ਹਉ ਹਰਿ ਗੁਣ ਗਾਵਾ ਅਸੰਖ ਅਨੇਕ ॥ 366 ਗੁਰਬਾਣੀ ਦਾ ਹੀ ਇਹ ਅਟੱਲ ਫੈਸਲਾ ਹੈ ਕਿ ਹਰੀ ਦੇ ਧੜੇ ਨੂੰ ਛੱਡ ਕੇ ਕਿਸੇ ਹੋਰ ਧੜੇ ਨਾਲ ਜੁੜਨ ਵਾਲਾ ਕਿਸੇ ਧਾਰਮਿਕ ਸੰਸਥਾ, ਮਜ਼੍ਹਬ ਜਾਂ ਜਥੇਬੰਦੀ ਦਾ ਸੰਗੀ ਤਾਂ ਹੋ ਸਕਦਾ ਹੈ ਪਰ ਹਰੀ ਦੇ ਸੱਚੇ ਧੜੇ ਦਾ ਨਹੀ ਹੋ ਸਕਦਾ। ਬਾਹਰੀ ਰੂਪ ਰੰਗ ਜਾਂ ਰੇਖ ਭੇਖ ਤੋਂ ਧਰਮੀ ਪੁਰਖ ਨੂੰ ਪਛਾਣਿਆ ਨਹੀ ਜਾ ਸਕੇਗਾ ਕੇਵਲ ਸ਼ੁਭ ਅਮਲਾਂ, ਨਿਰਮਲ ਕਰਮਾਂ, ਤੇ ਸਮਦ੍ਰਿਸ਼ਟੀ ਜਿਹੇ ਰੱਬੀ ਗੁਣਾਂ ਤੋਂ ਹੀ ਜਾਣਿਆ ਜਾਵੇਗਾ। ਐਸੇ ਗੁਰਮੁਖਾਂ ਦਾ ਕੋਈ ਇਕੱਠ ਨਹੀ ਹੋਇਆ ਕਰਦਾ ਤੇ ਇਹ ਵੀ ਜ਼ਰੂਰੀ ਨਹੀ ਕਿ ਕਿਸੇ ਇਕੱਠ ਵਿੱਚ ਕੋਈ ਗੁਰਮੁਖ ਹੋਵੇ ਕਿਉਂਕਿ ਗੁਰਬਾਣੀ ਦਾ ਹੀ ਕਥਨ ਹੈ ਕਿ: (1) ਜਗ ਮਹਿ ਉਤਮ ਕਾਢੀਅਹਿ ਵਿਰਲੇ ਕੇਈ ਕੇਇ ॥ 517 (2) ਹੈਨਿ ਵਿਰਲੇ ਨਾਹੀ ਘਣੇ ਫੈਲ ਫਕੜੁ ਸੰਸਾਰੁ ॥ 1411 ਐਸੇ ਗੁਰਮੁਖਾਂ ਦੀ ਕੋਈ ਸੰਪ੍ਰਦਾ, ਸੰਸਥਾ ਜਾਂ ਸ਼੍ਰੇਣੀ ਬਾਰੇ ਕਦੇ ਪੜ੍ਹਨ ਸੁਣਨ ਵਿੱਚ ਨਹੀ ਆਇਆ। ਉਹਨਾਂ ਦੀ ਸੰਗਤ ਕਰਨ ਵਾਲੇ ਤਾਂ ਭਾਵੇਂ ਅਨੇਕਾਂ ਹੁੰਦੇ ਹੋਣਗੇ ਪਰ ਉਹਨਾਂ ਦੀ ਸੋਚ ਤੇ ਪੂਰਾ ਕੋਈ ਵਿਰਲਾ ਹੀ ਉਤਰਦਾ ਸੀ। ਉਹ ਆਪਣਾ ਉਪਦੇਸ਼ (ਜਾਂ ਮਨੌਤ) ਕਿਸੇ ਤੇ ਠੋਸਦੇ ਨਹੀ ਸਨ, ਗਿਆਨ ਭਰਪੂਰ ਐਸੀਆਂ ਦਲੀਲਾਂ ਦਿੰਦੇ ਸਨ ਜਿਨ੍ਹਾਂ ਤੋਂ ਮੁਨਕਰ ਨਹੀ ਹੋਇਆ ਜਾ ਸਕਦਾ ਸੀ ਪਰ ਫੇਰ ਵੀ ਮੰਨਣ ਦੀ ਕੋਈ ਜ਼ਬਰਦਸਤੀ ਨਹੀ ਹੁੰਦੀ ਸੀ। ਕਿਸੇ ਮੰਨਣਾਂ ਹੈ ਮੰਨੇ, ਤੇ ਜਿਸ ਨੇ ਨਹੀ ਮੰਨਣਾਂ ਉਹ ਨਾ ਮੰਨੇ, ਕੋਈ ਜ਼ਬਰਦਸਤੀ ਜਾਂ ਜ਼ੋਰ ਨਹੀ ਤੇ ਹਰ ਕੋਈ ਇਹ ਚੋਣ ਕਰਨ ਲਈ ਪੂਰਨ ਤੌਰ ਤੇ ਸੁਤੰਤ੍ਰ ਹੁੰਦਾ ਸੀ।

ਗੁਰੂ ਸਾਹਿਬਾਨਾਂ ਨੂੰ ਪੰਡਤਾਂ, ਮੁਲਾਂ ਤੇ ਸਿੱਧਾਂ ਨਾਲ ਵੀਚਾਰਾਂ ਕਰਦੇ ਤਾਂ ਪੜ੍ਹਿਆ ਸੁਣਿਆ ਹੈ ਪਰ ਕਿਸੇ ਨਾਲ ਬਹਿਸ ਕਰਕੇ ਉਸ ਨੂੰ ਕਿਸੇ ਗੱਲ ਤੇ ਮਜਬੂਰ ਕਰਦੇ ਕਿਤੇ ਨਹੀ ਪੜ੍ਹਿਆ (ਬਾਦੁ ਬਿਬਾਦੁ ਕਾਹੂ ਸਿਉ ਨ ਕੀਜੈ ॥)। ਅਸਲ ਵਿੱਚ ਵੀਚਾਰ ਦਾ ਮਤਲਬ ਦੂਸਰੇ ਨੂੰ ਮਨਵਾਉਣਾ ਜਾਂ ਨੀਵਾਂ ਦਖਾਉਣਾ ਨਹੀ ਹੁੰਦਾ, ਕਿਸੇ ਨੂੰ ਹਰਾਉਣਾ ਨਹੀ ਹੁੰਦਾ, ਬਲਿਕੇ ਸੱਚ ਤਕ ਪਹੁੰਚਣ ਦਾ ਉਪਰਾਲਾ ਹੁੰਦਾ ਹੈ। ਇਸ ਲਈ ਇਹ ਕਹਿਣਾ ਵੀ ਅਤਿਕਥਨੀ ਨਹੀ ਹੋਵੇਗੀ ਕਿ ਵੀਚਾਰ ਵੀ ਕੋਈ ਸੱਚ ਦਾ ਖੋਜੀ ਹੀ ਕਰ ਸਕਦਾ ਹੈ ਕਿਉਂਕਿ ਹੋ ਸਕਦਾ ਹੈ ਕਿ ਸੱਚ ਦੀ ਵੀਚਾਰ ਅਗੇ ਆਪਣੇ ਅੰਦਰ ਅਪਨਾਈਆਂ ਝੂਠੀਆਂ ਮਨੌਤਾਂ ਤੇ ਅਉਗਣਾਂ ਨੂੰ ਛੱਡਣਾ ਪੈ ਜਾਵੇ। ਜੋ ਮਨੁੱਖ ਇਹ ਕਰਨ ਲਈ ਤਿਆਰ ਨਹੀ ਉਹ ਬਹਿਸ ਹੀ ਕਰੇਗਾ, ਵੀਚਾਰ ਨਹੀ, ਕਿਉਂਕਿ ਮਨੌਤਾਂ ਨੂੰ ਛੱਡਣ ਨਾਲ ਉਸ ਦੇ ਹੰਕਾਰ ਨੂੰ ਚੋਟ ਲਗਦੀ ਹੈ। ਵੇਖਣ ਵਿੱਚ ਆਵੇਗਾ ਕਿ ਟਕਸਾਲ, ਠਾਠ, ਦਰਬਾਰ ਤੇ ਬਾਬਿਆਂ ਦੇ ਡੇਰੇ ਕਿਵੇਂ ਆਪਣੀਆਂ ਹੀ ਮਨੌਤਾਂ, ਜੋ ਗੁਰਮਤ ਨਾਲ ਮੇਲ ਨਹੀ ਖਾਂਦੀਆਂ, ਨੂੰ ਦੂਜਿਆਂ ਤੇ ਠੋਸਦੇ ਹਨ। ਜਦੋਂ ਕੋਈ ਇਹਨਾਂ ਮਨੌਤਾਂ ਦਾ ਸੱਚ ਦੀਆਂ ਦਲੀਲਾਂ ਨਾਲ ਵਿਰੋਧ ਕਰਦਾ ਹੈ ਤਾਂ ਜਾਨੀ ਹਮਲੇ ਵੀ ਕੀਤੇ ਜਾਂਦੇ ਹਨ। ਇਹ ਧਰਮ ਨਹੀ ਸੀਨਾ ਜੋਰੀ ਹੈ। ਇਹਨਾਂ ਸੰਪ੍ਰਦਾਵਾਂ ਵਿਚੋਂ ਕਿਸੇ ਦੀ ਵੀ ਗੁਰੂ ਨਾਲ ਸਾਂਝ ਨਹੀ ਹੋ ਸਕਦੀ, ਕਿਉਂਕਿ ਅਗਰ ਹੁੰਦੀ ਤਾਂ ਉਹ ਗੁਰਮਤ (ਸੱਚ) ਨੂੰ ਛੱਡ ਕੇ ਮਨਮਤੀ (ਝੂਠੀ) ਲਹਿਰ ਨਾਲ ਕਿਵੇਂ ਜੁੜ ਸਕਦਾ ਹੈ? ਹਰ ਉਠਦੀ ਮਨੁਖੀ ਸੋਚ ਲਹਿਰ ਦੀ ਬੁਨਿਆਦ ਉਸ ਦੇ ਬਾਨੀ ਤੇ ਹੀ ਅਧਾਰਤ ਹੈ। ਉਸ ਦੇ ਜਾਣ ਪਿਛੋਂ ਲਹਿਰ ਸ਼ਾਂਤ ਹੋਣੀ ਸ਼ੁਰੂ ਹੋ ਜਾਂਦੀ ਹੈ ਕਿਉਂਕਿ ਉਸ ਦੀ ਸੋਚ ਨੂੰ ਪੂਰਨ ਤੌਰ ਤੇ ਸਮਝਣ ਤੇ ਅਗੇ ਤੋਰਨ ਵਾਲਾ ਹੋਰ ਕੋਈ ਨਹੀ ਹੁੰਦਾ। ਸਮੂਹ ਧਰਮਾਂ ਦਾ ਇਹੀ ਦੁਖਾਂਤ ਹੈ ਕਿ ਉਹ ਆਪਣੇ ਮੁਰਸ਼ਦ ਦੀ ਸਿਖਿਆ ਨੂੰ ਸਮਝ ਨਾ ਸਕੇ। ਸੱਚ ਦੀ ਲਹਿਰ ਦਾ ਬਾਨੀ ਕਿਉਂਕਿ (ਜਨਮ ਮਰਨ ਤੋਂ ਰਹਿਤ) ਗੁਰੂ (ਗੁਰਬਾਣੀ ਆਤਮਿਕ ਗਿਆਨ) ਹੈ, ਇਸ ਲਈ ਇਸ ਲਹਿਰ ਦੀ ਬੁਨਿਆਦ ਸਦੀਵੀ ਹੈ। ਜਦੋਂ ਵੀ ਕੋਈ ਇਸ ਗਿਆਨ ਦੀ ਲਹਿਰ (ਗੁਰਬਾਣੀ) ਨਾਲ ਜੁੜੇਗਾ, ਉਹ ਸਮੁੰਦਰ ਰੂਪ (ਸੱਚ) ਹੋ ਜਾਵੇਗਾ। ਉਹ ਫਿਰ ਨਾਲਿਆਂ, ਟੋਬਿਆਂ ਜਾਂ ਛੱਪੜਾਂ (ਝੂਠੀਆਂ ਸੰਸਥਾਵਾਂ) ਵਿੱਚ ਨਹੀ ਭਟਕੇਗਾ। ਇਹਨਾਂ ਸੰਸਥਾਵਾਂ ਨੇ ਸੱਚ ਨੂੰ ਨਹੀ ਜਾਣਿਆ ਤੇ ਝੂਠ ਤੇ ਪਲਦੀਆਂ ਹਨ। ਇਹਨਾਂ ਦੇ ਕਰਮ ਧਰਮ ਨੂੰ ਗੁਰਬਾਣੀ ਬਿਆਨ ਕਰਦੀ ਹੈ ਪੰਡਿਤ ਵਾਚਹਿ ਪੋਥੀਆ ਨਾ ਬੂਝਹਿ ਵੀਚਾਰੁ ॥ ਅਨ ਕਉ ਮਤੀ ਦੇ ਚਲਹਿ ਮਾਇਆ ਕਾ ਵਾਪਾਰੁ ॥ 56

ਗੁਰਬਾਣੀ ਦੇ ਸੱਚ ਨੂੰ ਪੜ੍ਹਦੇ, ਸੁਣਦੇ ਤੇ ਮੱਥੇ ਤਾਂ ਟੇਕਦੇ ਹਨ, ਦੂਜਿਆਂ ਨੂੰ ਮੱਤਾਂ ਵੀ ਦਿੰਦੇ ਹਨ ਪਰ ਆਪ ਸੱਚ ਨਾਲ ਨਹੀ ਜੁੜੇ, ਇਸ ਲਈ ਇਹ ਸਭ ਮਾਇਆ ਦਾ ਹੀ ਵਾਪਾਰ ਹੈ। ਗੁਰਬਾਣੀ ਦੇ ਅਨੇਕ ਤਰਾਂ ਦੇ ਪਾਠ ਵੀ ਕਰਦੇ ਹਨ ਪਰ ਨਾਲ ਨਾਲ ਉਸ ਦੇ ਸ਼ਰੀਕ ਨੂੰ ਵੀ ਪੈਦਾ ਕਰੀ ਜਾਂਦੇ ਹਨ। ਸੱਚ (ਨਿਰੰਕਾਰ, ਗੁਰਬਾਣੀ) ਦਾ ਕੋਈ ਸ਼ਰੀਕ ਨਹੀ ਹੈ ਤੇਰੀ ਵਡਿਆਈ ਤੂਹੈ ਜਾਣਦਾ ਤੁਧੁ ਜੇਵਡੁ ਅਵਰੁ ਨ ਕੋਈ ॥ ਤੁਧੁ ਜੇਵਡੁ ਹੋਰੁ ਸਰੀਕੁ ਹੋਵੈ ਤਾ ਆਖੀਐ ਤੁਧੁ ਜੇਵਡੁ ਤੂਹੈ ਹੋਈ ॥ 549 ਇਸ ਲਈ ਜੋ ਸੱਚ (ਗੁਰਬਾਣੀ) ਦੇ ਨਾਲ ਕਿਸੇ ਹੋਰ (ਦਸਮ) ਗ੍ਰੰਥ ਨੂੰ ਅਸਥਾਪਤ ਕਰਦਾ ਜਾਂ ਮੰਨਦਾ ਹੈ, ਝੂਠ ਨੂੰ ਸੱਚ ਦਾ ਸ਼ਰੀਕ ਬਨਾਉਣਾ ਚਹੁੰਦਾ ਹੈ, ਆਪਣੀ ਮਨੌਤ ਨੂੰ ਦੂਸਰਿਆਂ ਤੇ ਥੋਪਣੀ ਚਹੁੰਦਾ ਹੈ, ਤਾਂ ਉਸ ਨੂੰ ਫਿਰ ਕੀ ਆਖਿਆ ਜਾਵੇ? ਉਹ ਫੋਕਟ ਧਰਮ ਦਾ ਪਾਂਧੀ ਹੀ ਹੋ ਸਕਦਾ ਹੈ। ਇੱਕ ਪਾਸੇ ਇਹ ਸੰਸਥਾਵਾਂ "ਇਕ ਤੂੰ ਹੀ ਨਿਰੰਕਾਰ" ਦਾ ਰਾਗ ਅਲਾਪੀ ਜਾਂਦੀਆਂ ਹਨ ਤੇ ਦੂਜੇ ਪਾਸੇ ਉਸ ਦੇ ਸ਼ਰੀਕ ਭਗਉਤੀ ਕਾਲਕਾ ਨੂੰ ਵੀ ਨਿੱਤ ਧਿਆਈ ਜਾਂਦੀਆਂ ਹਨ। ਮਨੁੱਖੀ ਮਨ ਦੀ ਇਹ ਦੁਬਿਧਾ ਇਸ ਲਈ ਹੈ ਕਿਉਂਕਿ ਉਸ ਨੇ ਕਦੇ ਸੱਚ (ਗੁਰਬਾਣੀ) ਦੀ ਵੀਚਾਰ ਹੀ ਨਹੀ ਕੀਤੀ, ਅਗਰ ਕੀਤੀ ਹੈ ਤਾਂ ਹਜ਼ਮ ਨਹੀ ਹੋਈ ਤੇ ਜਾਂ ਫਿਰ ਝੂਠੀਆਂ ਮਨੌਤਾਂ ਨੂੰ ਹੰਕਾਰ ਛੱਡਣ ਨਹੀ ਦਿੰਦਾ। ਗੁਰਬਾਣੀ ਫੁਰਮਾਨ ਹੈ ਕਿ ਗੁਰੁ ਸਮਰਥੁ ਗੁਰੁ ਨਿਰੰਕਾਰੁ ਗੁਰੁ ਊਚਾ ਅਗਮ ਅਪਾਰੁ ॥ ਗੁਰ ਕੀ ਮਹਿਮਾ ਅਗਮ ਹੈ ਕਿਆ ਕਥੇ ਕਥਨਹਾਰੁ ॥ 52

ਅਗਰ ਗੁਰੂ (ਗੁਰਬਾਣੀ) ਨਿਰੰਕਾਰ ਹੈ, ਸਮਰੱਥ ਹੈ, ਅਗਮ ਹੈ, ਅਪਾਰ ਹੈ, ਅਕੱਥ ਹੈ ਤਾਂ ਐਸੇ ਗੁਰੂ ਨੂੰ ਛੱਡ ਕੇ ਕਿਸੇ ਹੋਰ ਅਸਮਰੱਥ ਸ਼ਰੀਕ ਦੀ ਮਹਿਮਾ ਗਾਈ ਜਾਣ ਵਾਲੇ ਨੂੰ ਅਗਿਆਨੀ ਨਹੀ ਤਾਂ ਕੀ ਕਿਹਾ ਜਾਵੇ? ਗੁਰਬਾਣੀ ਫੁਰਮਾਨ ਹੈ ਸਦਾ ਸਦਾ ਸਾਲਾਹੀਐ ਸਚੇ ਕਉ ਬਲਿ ਜਾਉ ॥ ਨਾਨਕ ਏਕੁ ਛੋਡਿ ਦੂਜੈ ਲਗੈ ਸਾ ਜਿਹਵਾ ਜਲਿ ਜਾਉ ॥ 516 ਸੱਚੇ ਦੀ ਸਿਫਤ ਸਾਲਾਹ ਨੂੰ ਛੱਡ ਕੇ ਕਿਸੇ ਹੋਰ (ਝੂਠ) ਦੀ ਮਹਿਮਾ ਗਾਉਣ ਵਾਲੀ ਜ਼ਬਾਨ ਸੜ ਜਾਵੇ। ਏਹ ਕਿਨੇਹੀ ਆਸਕੀ ਦੂਜੈ ਲਗੈ ਜਾਇ ॥ ਨਾਨਕ ਆਸਕੁ ਕਾਂਢੀਐ ਸਦ ਹੀ ਰਹੈ ਸਮਾਇ ॥ 474 ਸੱਚ ਨੂੰ ਛੱਡ ਕੇ ਝੂਠ ਦੇ ਗੁਣ ਗਉਣ ਵਾਲਾ ਸੱਚ ਦਾ ਆਸ਼ਿਕ ਨਹੀ ਹੋ ਸਕਦਾ ਇਸ ਲਈ ਜੋ ਸੰਸਥਾ, ਸੰਪ੍ਰਦਾ ਜਾਂ ਸੰਗਠਨਤਾ ਸੱਚ ਨਾਲ ਨਹੀ ਜੁੜੀ ਤੇ ਝੂਠ ਦੀ ਮਹਿਮਾ ਗਾ ਰਹੀ ਹੈ, ਉਹ ਸੱਚ ਦੇ ਮਾਰਗ (ਧਰਮ) ਤੋਂ ਥਿੜਕ ਗਈ ਹੈ। ਗੁਰਬਾਣੀ ਦੇ ਤਰਾਂ ਤਰਾਂ ਦੇ ਪਾਠ ਤੇ ਇਕੋਤਰੀਆਂ ਦੁਆਰਾ ਮਨੁਖਤਾ ਨੂੰ ਗੁਮਰਾਹ ਕਰਕੇ ਲੁਟਿਆ ਜਾ ਰਿਹਾ ਹੈ। ਕਾਸ਼! ਇਕੋਤ੍ਰੀਆਂ ਵੇਲੇ ਕਿਤੇ ਇਸ ਤੁਕ ਵਲ ਧਿਆਨ ਦਿੱਤਾ ਹੁੰਦਾ ਸਾਸਤ੍ਰ ਬੇਦ ਪੁਰਾਣ ਪੜ੍ਹ੍ਹੰਤਾ ॥ ਪੂਕਾਰੰਤਾ ਅਜਾਣੰਤਾ ॥ ਜਾਂ ਬੂਝੈ ਤਾਂ ਸੂਝੈ ਸੋਈ ॥ ਨਾਨਕੁ ਆਖੈ ਕੂਕ ਨ ਹੋਈ ॥੧॥ 1242 ਭਾਵ: ਧਰਮ ਗ੍ਰੰਥਾਂ ਦਾ ਨਿਰਾ ਪੜ੍ਹਨਾ, ਉਹਨਾਂ ਦਾ ਉਚੀ ਉਚੀ ਬੋਲ ਕੇ ਪਾਠ ਦੂਜਿਆਂ ਨੂੰ ਸੁਨਾਉਣਾ ਪਰ ਆਪ ਕੁੱਝ ਵੀ ਨਾ ਸਮਝਣਾ, ਪਰ ਜਦੋਂ ਕੋਈ ਧਰਮ ਗ੍ਰੰਥਾਂ ਦੀ ਸਿਖਿਆ ਨੂੰ ਜਾਣ ਬੁੱਝ ਲੈਂਦਾ ਹੈ ਤਾਂ (ਹਰ ਥਾਂ ਰਮੇ ਹੋਏ) ਪ੍ਰਭੂ ਬਾਰੇ ਸੂਝ ਹੋ ਜਾਂਦੀ ਤੇ ਉਸ ਦਾ ਉਚੀ ਉਚੀ ਬੋਲਣਾ ਬੰਦ ਹੋ ਜਾਂਦਾ ਹੈ। ਸਪਸ਼ਟ ਹੈ ਕਿ ਗੁਰਬਾਣੀ ਨੂੰ ਜਾਨਣ ਜਾਂ ਬੁੱਝਣ ਲਈ ਪੜ੍ਹਨਾ ਹੈ, ਇਸ ਨੂੰ ਨਿੱਤ ਨੇਮ ਬਣਾ ਕੇ ਰਟੀ ਨਹੀ ਜਾਣਾ। ਗੁਰਬਾਣੀ ਪੜ੍ਹੀ ਜਾਂ ਸੁਣੀ ਉਹੀ ਸਫਲ ਹੈ ਜਿਸ ਨੂੰ ਸਮਝ ਕੇ ਜੀਵਨ ਵਿੱਚ ਅਮਲਾਇਆ ਜਾਵੇ, ਸਮਝੇ ਬਿਨਾ ਨਿਰਾ ਪੜ੍ਹੀ ਜਾਣਾ ਇੱਕ ਫੋਕਟ ਕਰਮ ਹੀ ਰਹਿ ਜਾਂਦਾ ਹੈ। ਇਹੀ ਗਲ ਕਬੀਰ ਜੀ ਸਮਝਾ ਰਹੇ ਹਨ ਕਿ: ਕਬੀਰ ਮੁਲਾਂ ਮੁਨਾਰੇ ਕਿਆ ਚਢਹਿ ਸਾਂਈ ਨ ਬਹਰਾ ਹੋਇ ॥ ਜਾ ਕਾਰਨਿ ਤੂੰ ਬਾਂਗ ਦੇਹਿ ਦਿਲ ਹੀ ਭੀਤਰਿ ਜੋਇ ॥ 1374 ਕੋਈ ਗਾ ਕੇ, ਕੋਈ ਪੜ੍ਹ ਕੇ, ਕੋਈ ਮੁਨਾਰਿਆਂ ਤੋਂ ਬਾਂਗਾਂ ਦੇ ਕੇ, ਤੇ ਕੋਈ ਸਪੀਕਰਾਂ ਤੇ ਉਚੀ ਉਚੀ ਬੋਲ ਕੇ, ਦੂਜਿਆਂ ਨੂੰ ਪਰੇਰ ਰਹੇ ਹਨ ਪਰ ਆਪ ਉਹਨਾਂ ਅਜੇ ਅੰਦਰ ਬੈਠੇ ਗੁਰੂ (ਪ੍ਰਭੂ) ਨਾਲ ਸਾਂਝ ਨਹੀ ਪਾਈ ਹੁੰਦੀ। ਧਰਮ ਦੇ ਨਾਅ ਤੇ ਵਰਤੀਆਂ ਜਾ ਰਹੀਆਂ ਏਹੋ ਜਿਹੀਆਂ ਵਿਅਰਥ ਮਨੌਤਾਂ ਸੱਚ ਨਾਲ ਜੁੜਨ ਨਹੀ ਦਿੰਦੀਆਂ। ਇਹ ਨਿੱਜੀ ਵੀਚਾਰ ਨਹੀ, ਗੁਰਬਾਣੀ ਫੁਰਮਾਨ ਹੈ ਕਿ: ਊਚੇ ਕੂਕਹਿ ਵਾਦਾ ਗਾਵਹਿ ਜੋਧਾ ਕਾ ਵੀਚਾਰੁ ॥ ਮੂਰਖ ਪੰਡਿਤ ਹਿਕਮਤਿ ਹੁਜਤਿ ਸੰਜੈ ਕਰਹਿ ਪਿਆਰੁ ॥ 469 ਭਾਵ: ਜੋ ਅਖੌਤੀ ਗਿਆਨੀ (ਉਪਦੇਸ਼ਕ) ਉਚੀ ਉਚੀ ਬੋਲ ਕੇ, ਵਾਜਿਆਂ ਨਾਲ ਗਾ ਕੇ, ਯੁੱਧਾਂ ਜੰਗਾਂ ਦੇ ਪ੍ਰਸੰਗ ਸੁਣਾਂਦੇ ਤੇ ਵਿਆਖਿਆ ਕਰਦੇ ਹਨ ਉਹ ਨਿਰੀਆਂ ਚਲਾਕੀਆਂ ਨਾਲ ਮਾਇਆ ਇਕੱਠੀ ਕਰਨ ਵਿੱਚ ਹੀ ਜੁਟੇ ਹੁੰਦੇ ਹਨ ਕਿਉਂਕਿ ਇਹਨਾਂ ਦਾ ਮਨ ਨਾਲ ਕੋਈ ਸੰਬੰਧ ਨਹੀ। ਯੋਧਿਆਂ ਦੀਆਂ ਵਾਰਾਂ ਗਉਣੀਆਂ ਧਰਮ ਦਾ ਅੰਗ ਨਹੀ ਬਲਿਕੇ ਫੌਜੀਆਂ ਦੇ ਹੌਸਲੇ ਬੁਲੰਦ ਕਰਨ ਦੀ ਕਿਰਿਆ ਹੈ। ਧਰਮ ਦਾ ਸੰਬੰਧ ਕੇਵਲ ਨਿੱਜੀ ਮਨ ਨੂੰ ਪਾਕ ਜਾਂ ਸਾਬਤ ਕਰਨ ਦੀ ਸਾਧਨਾ ਨਾਲ ਹੈ ਜੋ ਸਮੁੱਚੀ ਮਨੁਖਤਾ ਲਈ ਸਾਂਝਾ ਹੈ ਇਸ ਲਈ ਇਸ ਦਾ ਇੱਕ ਸੰਪ੍ਰਦਾਇਕ ਰੂਪ ਹੋਣਾ ਸੰਭਵ ਨਹੀ।

ਅਜੋਕੇ ਸਮੇ ਦੇ ਅਖੌਤੀ ਧਰਮਾਂ ਦੀ ਦਾਸਤਾਂ ਹੀ ਇਸ ਗਲ ਦਾ ਪ੍ਰਤੱਖ ਪ੍ਰਮਾਣ ਹੈ ਕਿ ਹਰ ਅਖੌਤੀ ਧਰਮ, ਸੰਸਥਾਂ ਜਾਂ ਸੰਪ੍ਰਦਾ ਵਿੱਚ ਅਨੇਕ ਦ੍ਰਾੜਾਂ ਵੇਖੀਆਂ ਜਾ ਸਕਦੀਆਂ ਹਨ ਜਿਸ ਦਾ ਕਾਰਨ ਮਨੁੱਖੀ ਮਨ ਦੀਆਂ ਮਨੌਤਾਂ ਹੀ ਹਨ। ਹਰ ਕੋਈ ਆਪਣੀ ਮਨੌਤ ਨੂੰ ਸੱਚ ਸਮਝ ਕੇ ਦੂਜਿਆਂ ਤੇ ਮਲੋ ਮੱਲੀਂ ਮੜ੍ਹਨਾ ਚਹੁੰਦਾ ਹੈ। ਜੋਰ ਜੁਲਮ ਫੂਲਹਿ ਘਨੋ ਕਾਚੀ ਦੇਹ ਬਿਕਾਰ ॥ ਅਹੰਬੁਧਿ ਬੰਧਨ ਪਰੇ ਨਾਨਕ ਨਾਮ ਛੁਟਾਰ ॥ 255 ਜਿਹੜੇ ਮਨੁੱਖ ਦੂਜਿਆਂ ਤੇ ਧੱਕਾ ਜੋਰੀ ਕਰਕੇ ਬੜਾ ਮਾਣ ਕਰਦੇ ਹਨ, ਸਰੀਰ ਤਾਂ ਉਹਨਾਂ ਦਾ ਵੀ ਨਾਸਵੰਤ ਹੈ ਜੋ ਆਖਿਰ ਵਿਅਰਥ ਹੀ ਚਲਾ ਜਾਂਦਾ ਹੈ। ਉਹ ਆਪਣੇ ਆਪ ਨੂੰ ਵੱਡ੍ਹਾ ਕਰਨ ਵਾਲੀ ਮਤ ਦੇ ਬੰਧਨਾਂ ਵਿੱਚ ਜਕੜੇ ਰਹਿੰਦੇ ਹਨ। ਗੁਰਬਾਣੀ (ਨਾਮ) ਸੱਚ ਦੀ ਕਸਵੱਟੀ ਹੈ ਇਸ ਲਈ ਜੋ ਮਨੌਤ ਇਸ ਕਸਵੱਟੀ ਤੇ ਪੂਰੀ ਨਹੀ ਉਤਰਦੀ ਉਹ ਸੱਚ ਦਾ ਮਾਰਗ (ਧਰਮ) ਨਹੀ ਹੋ ਸਕਦੀ ਤੇ ਉਸ ਨੂੰ ਦੂਜਿਆਂ ਤੇ ਠੋਸਣਾ ਜ਼ੁਲਮ ਹੈ।

ਦਰਸ਼ਨ ਸਿੰਘ,

ਵੁਲਵਰਹੈਂਪਟਨ, ਯੂ. ਕੇ.
.