.

ਰੱਬੀ ਮਿਲਨ ਦੀ ਬਾਣੀ

ਸਲੋਕ ਮ: ੯

ਦੀ ਵਿਚਾਰ

ਭਾਗ - 11

ਵੀਰ ਭੁਪਿੰਦਰ ਸਿੰਘ

9. ਨੌਂਵਾਂ ਸਲੋਕ -

ਸਭ ਸੁਖ ਦਾਤਾ ਰਾਮੁ ਹੈ ਦੂਸਰ ਨਾਹਿਨ ਕੋਇ ॥

ਕਹੁ ਨਾਨਕ ਸੁਨਿ ਰੇ ਮਨਾ ਤਿਹ ਸਿਮਰਤ ਗਤਿ ਹੋਇ ॥9॥

ਸਾਰੇ ਸੁਖਾਂ ਦਾ ਮਾਲਕ ਰੱਬ ਹੀ ਹੈ। ਪਹਿਲੀ ਨਿਸ਼ਾਨੀ ਰੱਬ ਨੂੰ ਯਾਦ ਕਰਨ ਦੀ ਕਿ ਜਿਸਦੀ ਸਿਮਰਤੀ ਵਿਚ ਰੱਬ ਹੈ ਉਹ ਮਨੁੱਖ ਆਪਣੇ ਆਪ ਨੂੰ ਦਾਤਾ ਨਹੀਂ ਸਮਝੇਗਾ। ਆਪਣੇ ਪਰਿਵਾਰ ਵਾਲਿਆਂ ਨੂੰ ਇਹ ਨਹੀਂ ਕਹੇਗਾ ਕਿ ‘ਤੁਹਾਡੇ ਲਈ ਕਮਾਕੇ ਲਿਆਉਂਦੇ ਹਾਂ!’ ਆਮ ਤੋਰ ਤੇ ਪਤੀ ਪਤਨੀਆਂ ਨੂੰ ਕਹਿ ਰਹੇ ਹੁੰਦੇ ਹਨ ਜਾਂ ਬੱਚਿਆਂ ਨੂੰ ਕਹਿ ਰਹੇ ਹੁੰਦੇ ਹਨ ਕਿ ‘ਜੇ ਅਸੀਂ ਕਮਾਂ ਕੇ ਨਾ ਲਿਆਈਏ ਤਾਂ ਇਹ ਸਾਰੇ ਸੁੱਖ ਅਰਾਮ, ਏ.ਸੀ, ਕਾਰ, ਨੌਕਰ-ਚਾਕਰ, ਜਦੋਂ ਅਸੀਂ ਇਸ ਤਰ੍ਹਾਂ ਤਿਊੜੀ ਚੜ੍ਹਾਕੇ ਔਖੇ ਹੁੰਦੇ ਹਾਂ ਤਾਂ ਉਸ ਵੇਲੇ ਮੈਨੂੰ ਰੱਬ ਵਿਸਰ ਗਿਆ ਹੈ। ਸਭਨਾ ਜੀਆ ਕਾ ਇਕੁ ਦਾਤਾ ਸੋ ਮੈ ਵਿਸਰਿ ਨ ਜਾਈ ॥ (2)

ਮੈਨੂੰ ਯਾਦ ਰੱਖਣਾ ਹੈ, ਇਹੀ ਨਿਸ਼ਾਨੀ ਹੋ ਗਈ ਕਿ ਅਸੀਂ ਕਿਸੇ ਦੇ ਦਾਤੇ ਨਹੀਂ ਬਣਾਗੇ। ਆਪਣੇ ਨਾਲ ਅਤੇ ਆਪਣੇ ਤੋਂ ਥਲੇ ਕੰਮ ਕਰਨ ਵਾਲਿਆਂ ਦੀ ਵੀ ਸਾਡੀ ਦਾਤੇ ਬਣਨ ਦੀ ਵਾਦੀ ਖ਼ਤਮ ਹੋ ਜਾਏਗੀ। ਤਾਂ ਮਾਨੋ ਉਹ ਮਨੁੱਖ ਰੱਬ ਨੂੰ ਯਾਦ ਰੱਖਦਾ ਹੈ, ਆਪਣੇ ਹਿਰਦੇ ਵਿਚ ਵਸਾਕੇ ਰੱਖਦਾ ਹੈ।

ਇਸਨੂੰ ਜਿਸ ਮਰਜ਼ੀ ਜਗਾ ਢੁਕਾ ਲੈਣਾ, ਜਦੋਂ ਮਾਂ-ਪਿਉ ਬੁਢੇ ਹੋ ਜਾਣ ਤਾਂ ਬੱਚੇ ਉਨ੍ਹਾਂ ਨੂੰ ਕਹਿੰਦੇ ਹਨ ਅਸੀਂ ਕਮਾ ਕੇ ਲਿਆਉਂਦੇ ਹਾਂ ਤੇ ਮੈਨੂੰ ਇੱਕ ਗਲ ਯਾਦ ਹੈ, ਇੱਕ ਮਨੁੱਖ ਨੇ ਦੂਜੇ ਨੂੰ ਪੁਛਿਆ ਸੀ ਕਿ ਤੁਹਾਡੇ ਮਾਂ-ਪਿਉ ਬੁੱਢੇ ਹਨ ਤੇ ਉਸਨੇ ਕਿਹਾ ਮੇਰੇ ਪਿਤਾ ਜੀ ਮਰ ਗਏ ਹਨ। ਫਿਰ ਪੁਛਿਆ ਕਿ ਤੁਹਾਡੇ ਮਾਤਾ ਜੀ ਕਿੱਥੇ ਰਹਿੰਦੇ ਹਨ। ਕਹਿੰਦਾ ਹੈ ਸਾਡੇ ਕੋਲ ਹੀ ਰਹਿੰਦੇ ਹਨ। ਮੇਰੇ ਨਾਨੀ ਜੀ ਐਸੇ ਜਵਾਬ ਦੇ ਖਿਲਾਫ ਸਨ। ਸਾਨੂੰ ਹਮੇਸ਼ਾਂ ਸਮਝਾਉਂਦੇ ਹੁੰਦੇ ਸੀ ਤੇ ਕਹਿੰਦੇ ਸੀ ਕਿ ਇਹ ਕਹਿਣਾ ਚਾਹੀਦਾ ਹੈ ਅਸੀਂ ਆਪਣੇ ਮਾਤਾ ਜੀ ਕੋਲ ਰਹਿੰਦੇ ਹਾਂ। ਜਿਹੜਾ ਅੱਜ ਆਪਣੇ ਆਪ ਨੂੰ ਦਾਤਾ ਸਮਝ ਰਿਹਾ ਹੈ। ਨੂੰਹ ਕਹੇਗੀ ਮੇਰਾ ਪਤੀ ਕਮਾ ਕੇ ਲਿਆਉਂਦਾ ਹੈ ਤਾਂ ਤੁਸੀਂ ਖਾਉਂਦੇ ਹੋ। ਅਸੀਂ ਇਸ ਮਾੜੀ ਸੋਚਣੀ ਤੋਂ ਛੁੱਟ ਜਾਈਏ ਤਾਂ ਸਾਡੇ ਘਰ ਦੀ ਸਾਂਝੀਵਾਲਤਾ ਬਣ ਸਕਦੀ ਹੈ। ਗੁਰੂ ਪਾਤਸ਼ਾਹ ਇਸ ਲਈ ਸਾਨੂੰ ਸਮਝਾ ਰਹੇ ਹਨ ਕਿ ‘ਸਭ ਸੁਖ ਦਾਤਾ ਰਾਮੁ ਹੈ ਦੂਸਰ ਨਾਹਿਨ ਕੋਇ’ ਦਾਤਾ ਰੱਬ ਜੀ ਹਨ ਤੂੰ ਆਪਣੇ ਆਪਨੂੰ ਨਾ ਮੰਨ। ਆਪਣੇ ਆਪ ਨੂੰ ਦਾਤਾ ਨਾ ਸਮਝ। ਪਰ ਹਰ ਮਜ਼੍ਹਬ ਵਾਲੇ ਨੇ ਆਪਣਾ ਵਖਰਾ ਦਾਤਾ ਬਣਾਇਆ ਹੋਇਆ ਹੈ। ਜੇ ਤੁਸੀ ਗੁਰਦੁਆਰੇ ਜਾ ਕੇ ਮੰਗੋ ਤਾਂ ਤੁਹਾਨੂੰ ਮਿਲੇਗਾ। ਉਹ ਕਹਿੰਦੇ ਨੇ ਫਲਾਣੇ ਗਿਰਜੇਘਰ ਵਿਚ ਜਾ ਕੇ ਮੰਗੋ। ਉਹ ਕਹਿੰਦੇ ਹਨ ਕਿ ਫਲਾਣੀ ਦਰਗਾਹ ਵਿਚ ਜਾ ਕੇ ਮੰਗੋ। ਫਲਾਣੀ ਕਬਰ ਉੱਤੇ ਜਾ ਕੇ ਮੰਗੋ। ਹਰ ਕਿਸੇ ਨੇ ਇਹ ਹੀ ਸਮਝਿਆ ਹੋਇਆ ਹੈ।

ਗੁਰੂ ਪਾਤਸ਼ਾਹ ਕਹਿੰਦੇ ਹਨ ਕਿ ਸਭ ਪਾਸੇ ਰੱਬ ਜੀ ਦਾ ਪਸਾਰਾ ਹੈ। ਰੱਬ ਜੀ ਹੀ ਤਾਂ ਦੇਣ ਵਾਲੇ ਹਨ ‘ਦੂਸਰ ਨਾਹਿਨ ਕੋਇ’ ਹੋਰ ਦੂਜਾ ਕੋਈ ਨਹੀਂ ਹੈ। ਇਹ ਨਾ ਭੁਲੇਖਾ ਖਾਉ ਕਿ ਜਦੋਂ ਅਸੀਂ ਇਹ ਕਹਿੰਦੇ ਹਾਂ ਕਿ ਮੈਨੂੰ ਤਾਂ ਇਸ ਦਰ ਤੋਂ ਮਿਲਿਆ ਹੈ ਤਾਂ ਇਸ ਦਾ ਮਤਲਬ ਹੋਇਆ ਕਿ ਧਰਤੀ ਦੇ ਬਾਕੀ ਥਾਂਵਾਂ ਤੇ ਰੱਬ ਦਾ ਦਰ ਨਹੀਂ ਹੈ। ਅਸੀਂ ਕਿਸੇ ਨੂੰ ਕੁਝ ਕਹਿ ਨਹੀਂ ਸਕਦੇ ਹਾਂ ਪਰ ਜਿਸ ਦਰ ਤੋਂ ਸੁਮਤ ਪ੍ਰਾਪਤ ਹੋਵੇ ਉਸ ਦਰ ਤੇ ਸਾਨੂੰ ‘ਹਮ ਭੀਖਕ ਭੇਖਾਰੀ ਤੇਰੇ’ ਬਣ ਜਾਣਾ ਚਹੀਦਾ ਹੈ।

ਆਸਾ ਕੀ ਵਾਰ ਵਿਚ ਅਸੀਂ ਪੜ੍ਹਦੇ ਹਾਂ, ‘ਸਤਿਗੁਰ ਵਿਟਹੁ ਵਾਰਿਆ ਜਿਤੁ ਮਿਲਿਐ ਖਸਮੁ ਸਮਾਲਿਆ ॥’ (470) ਸਤਿਗੁਰ ਨੂੰ ਮੈਂ ਮਿਲਿਆ ਭਾਵ ਸਤਿਗੁਰ ਦੀ ਮਤ ਲਈ ਉਸ ਨਾਲ ਮੇਰਾ ਪ੍ਰੀਤਮ-ਪਰਮਾਤਮਾ ਦੀ ਸੰਭਾਲ (ਸਮਾਲਿਆ) ਦੀ ਜਾਚ ਆ ਗਈ।

‘ਜਿਨਿ ਕਰਿ ਉਪਦੇਸੁ ਗਿਆਨ ਅੰਜਨੁ ਦੀਆ ਇਨ੍ੀ ਨੇਤ੍ਰੀ ਜਗਤੁ ਨਿਹਾਲਿਆ ॥’ (470) ਗਿਆਨ ਦਾ ਅੰਜਨ ਦੇ ਕੇ ਮੈਨੂੰ ਐਸੀ ਸੂਝ ਦੇ ਦਿਤੀ ਹੈ ਮੇਰੀਆਂ ਅੱਖਾਂ ਉੱਤੇ ਇੱਕ ਐਸੀ ਐਨਕ ਲਗਾ ਦਿੱਤੀ ਹੈ ਮੈਨੂੰ ਇੱਕ ਐਸਾ ਨਜ਼ਰੀਆ ਬਖਸ਼ ਦਿੱਤਾ ਹੈ ਜਿਸ ਨਾਲ ਮੈਂ ਜਗਤ ਨੂੰ ਵੇਖ ਸਕਦਾ ਹਾਂ, ਨਿਹਾਰ ਸਕਦਾ ਹਾਂ। ਮੈਨੂੰ ਜਗਤ ਨੂੰ ਵੇਖਣ ਦੀ ਇੱਕ ਤਕਨੀਕ ਸਮਝ ਆ ਗਈ। ਜਦੋਂ ਤਕਨੀਕ ਸਮਝ ਨਹੀਂ ਆਈ ਸੀ ਤਾਂ ਮੈਂ ਸਮਝਦਾ ਸੀ ਕਿ ਇਹ ਹਿੰਦੂ ਹੈ, ਇਹ ਮੁਸਲਮਾਨ ਹੈ, ਇਹ ਨੀਂਵੀਂ ਜ਼ਾਤ ਦਾ ਹੈ, ਇਹ ਅਛੂਤ ਹੈ, ਮੈਂਨੂੰ ਇਹ ਵਖਰੇ-ਵਖਰੇ ਲਗਦੇ ਸਨ, ਅਮੀਰ, ਗਰੀਬ, ਗੋਰਾ ਕਾਲਾ ਆਦਿ ਸਭ ਵਖਰੇ-ਵਖਰੇ ਲਗਦੇ ਸਨ ਪਰ ਗੁਰੂ ਨੇ ਮੇਰੀ ਅੱਖਾਂ ਨੂੰ ਸੱਚ ਵੇਖਣ ਦੀ ਰੌਸ਼ਨੀ ਦੇ ਦਿੱਤੀ ਹੈ।

ਖਸਮੁ ਛੋਡਿ ਦੂਜੈ ਲਗੇ - ‘ਦੂਜੇ ਲਗੇ’ ਦਾ ਭਾਵ ਹੈ ਕਿ ਗੁਰੂ ਪਾਤਸ਼ਾਹ ਕਹਿੰਦੇ ਹਨ ਕਿ ਜੇ ਇੱਕ ਅਕਾਲ ਪੁਰਖ ਤੋਂ ਛੁੱਟ ਇਸ ਧਰਤੀ ਤੇ ਕਿਸੀ ਚੀਜ਼ ਨਾਲ ਵੀ ਤੂੰ ਜੁੜ ਜਾਂਦਾ ਹੈ ਤਾਂ ‘ਖਸਮੁ ਛੋਡਿ ਦੂਜੈ ਲਗੇ’ ਬਣ ਗਿਆ। ਜੇ ਕੋਈ ਕਹੇ ਕਿ ਮੈਨੂੰ ਇਹ ਫਲਾਣੇ ਸੰਤਾਂ ਦੇ ਚਰਨ ਪਰਸਨ ਦੇ ਨਾਲ, ਫਲਾਣੇ ਡੇਰੇ ਉੱਤੇ 40 ਦਿਨ ਜਾਂਣ ਦੇ ਨਾਲ ਪ੍ਰਾਪਤ ਹੋਇਆ ਆਦਿ। ‘ਖਸਮੁ ਛੋਡਿ ਦੂਜੈ ਲਗੇ’ ਖਸਮੁ ਹੈ ਰੱਬ ਅਤੇ ਸਤਿਗੁਰ ਹੈ ਸਚ ਦਾ ਸੁਨੇਹਾ, ਮਤ। ‘ਡੁਬੇ ਸੇ ਵਣਜਾਰਿਆ’ ਤੂੰ ਸਤਿਗੁਰ ਦੀ ਮੱਤ ਨਹੀਂ ਲੈਂਦਾ ਤਾਂ ਤੇਰਾ ਮਨ ਡਕੇ ਡੋਲੇ ਖਾਂਦਾ ਰਹੇਗਾ। ਤੂੰ ਮਨ ਦੇ ਚੈਨ ਅਤੇ ਸੁਖ ਦੀ ਅਵਸਥਾ ਨਹੀਂ ਮਾਣ ਸਕੇਂਗਾ। ਗੁਰਬਾਣੀ ਦਾ ਕਥਨ ਹੈ ‘ਸਤਿਗੁਰੂ ਹੈ ਬੋਹਿਥਾ ਵਿਰਲੈ ਕਿਨੈ ਵੀਚਾਰਿਆ ॥

ਕਰਿ ਕਿਰਪਾ ਪਾਰਿ ਉਤਾਰਿਆ ॥’ (470) ਇਹ ਪਾਰ ਉਤਾਰਾ ਹੋ ਗਿਆ ਕਿ ਮੈਂ ਅੰਦਰ ਜਾਣ ਦੀ ਖੇਡ ਸਮਝ ਗਿਆ। ਗੁਰੂ ਪਾਤਸ਼ਾਹ ਕਹਿੰਦੇ ਹਨ ਕਿ

ਸਭ ਸੁਖ ਦਾਤਾ ਰਾਮੁ ਹੈ ਦੂਸਰ ਨਾਹਿਨ ਕੋਇ ॥

ਕਹੁ ਨਾਨਕ ਸੁਨਿ ਰੇ ਮਨਾ ਤਿਹ ਸਿਮਰਤ ਗਤਿ ਹੋਇ ॥9॥

ਉਸਨੂੰ ਯਾਦ ਵਿਚ ਰੱਖਣ ਦੇ ਨਾਲ ਗਤਿ ਹੁੰਦੀ ਹੈ। ਹੁਣ ਸਾਨੂੰ ਗੁਰਬਾਣੀ ਅਨਸੁਾਰ ‘ਗਤਿ’ ਸਮਝਣਾ ਪਵੇਗਾ।

ਭਾਈ ਕਾਨ੍ਹ ਸਿੰਘ ਜੀ ਨਾਭਾ ਆਪਣੀ ਪੁਸਤਕ ਮਹਾਨਕੋਸ਼ ਵਿਚ ‘ਗਤਿ’ ਨੂੰ ਇਵੇਂ ਬਿਆਨ ਕਰਦੇ ਹਨ - ਮੁਕਤੀ ਪਾਉਣ ਦਾ ਇਲਮ, ਮੁਕਤ ਅਵਸਥਾ, ਜਿਊਂਦੇ ਜੀ ਮੁਕਤੀ ਪ੍ਰਾਪਤ ਕਰਨ ਦਾ ਗਿਆਨ। ਉਹ ਗਿਆਨ ਉਹ ਮਤ ਜਿਸ ਨਾਲ ਇਨਸਾਨ ਗਤਿ ਪ੍ਰਾਪਤ ਕਰਦਾ ਹੈ। ਮੁਕਤ ਅਵਸਥਾ ਪ੍ਰਾਪਤ ਕਰਦਾ ਹੈ।

ਜਦੋਂ ਤੈਨੂੰ ਆਪਣੀ ਗਤਿ ਬਾਰੇ ਇਲਮ ਸਮਝ ਨਹੀ ਆਇਆ ਤੇ ਤੂੰ ਮੁੰਧ ਜੋਬਨ ਬਾਲੀ ਹੈਂ। ਜਿਹੜਾ ਪਹਿਲੇ ਦਿਨ ਤੋਂ ਸਲੋਕ

‘ਉਤੰਗੀ ਪੈਓਹਰੀ ਗਹਿਰੀ ਗੰਭੀਰੀ’ ਵਾਲਾ ਚਲ ਰਿਹਾ ਹੈ। ਅਸੀਂ ਸਾਰੇ ਮੁੰਧ ਜੋਬਨ ਬਾਲੀ ਹਾਂ ਤੇ ਸਾਨੂੰ ਕੁਝ ਸਮਝ ਨਹੀਂ ਹੈ। ਇਸ ਕਰਕੇ ਰੱਬੀ ਗੁਣਾਂ ਦੀ ਗਲ ਸਮਝਾ ਰਹੇ ਹਨ। ਰੱਬੀ ਗੁਣ ਸਾਡੇ ਕੋਲ ਨਹੀਂ ਤਾਂ ਅਸੀਂ ਆਪਣੇ ਜੀਵਨ ਵਿਚ ਗਤਿ ਪ੍ਰਾਪਤ ਨਹੀਂ ਕਰ ਪਾ ਰਹੇ ਹਾਂ।

ਅਗਿਆਨਤਾ ਵਸ ਮਨੁੱਖ ਉਨ੍ਹਾਂ ਦੇ ਪਿੱਛੇ ਲਗ ਜਾਂਦਾ ਹੈ ਜੋ ਕਹਿ ਦੇਂਦੇ ਹਨ ਕਿ ਤੀਰਥ ਤੇ ਜਾਉ, ਐਸਾ ਕੁਝ ਚੜ੍ਹਾਵਾ ਦਿਉ ਜਿਸਦੇ ਸਦਕੇ ਮਰਨ ਮਗਰੋਂ ਗਤਿ ਪ੍ਰਾਪਤ ਹੋਵੇਗੀ। ਜਿਸ ਦਾ ਸਿੱਟਾ ਇਹ ਨਿਕਲਿਆ ਕਿ ਲੋਕੀ ਮਰਨ ਮਗਰੋਂ ਸਾਰੇ ਕਰਮ ਕਾਂਡ ਕਰਦੇ ਹਨ, ਭਾਂਡਾ, ਮੰਜਾ, ਕਪੜੇ, ਸਭ ਕੁਝ ਦਾਨ-ਪੁੰਨ ਇਹ ਸਮਝਕੇ ਕਰਦੇ ਹਨ ਕਿ ਮਰਨ ਮਗਰੋਂ ਮਿਲੇਗਾ। ਹਰ ਕੋਈ ਸੋਚਦਾ ਹੈ ਮੈਂ ਇਸ ਸੰਸਾਰ ਅੰਦਰ ਜਿਊਂਦਿਆਂ ਤਾਂ ਬੜੇ ਸਾਰੇ ਐਸੇ ਕਰਮ ਕੀਤੇ ਹਨ ਤਾਂ ਮੇਰੀ ਗਤਿ ਕਿਸ ਤਰ੍ਹਾਂ ਹੋਵੇਗੀ। ਉਹ ਆਪਣੇ ਬਚਿਆਂ ਨੂੰ ਰੋਲ ਮਾਡਲ ਬਣਕੇ ਵਿਖਾ ਜਾਂਦਾ ਹੈ ਕਿ ਜਿਸ ਤਰ੍ਹਾਂ ਮੈਂ ਆਪਣੇ ਬਜ਼ੁਰਗਾਂ ਦਾ ਕੀਤਾ ਹੈ ਇਸ ਤਰ੍ਹਾਂ ਤੁਸੀ ਵੀ ਕਰਨਾ। ਜਿਊਂਦੇ ਜੀ ਗਤੀ ਨਹੀਂ ਹੋਈ ਤਾਂ ਗੁਰੂ ਪਾਤਸ਼ਾਹ ਜਿਊਂਦੇ ਜੀ ਗਤੀ ਨਾ ਪ੍ਰਾਪਤੀ ਦੇ ਕਾਰਨ ਦੁਨੀਆ ਨੂੰ ਇਕ ਟਕੋਰ ਮਾਰ ਕੇ ਫੈਂਸਲਾ ਦੇਂਦੇ ਹਨ, ਮੂਏ ਹੂਏ ਜਉ ਮੁਕਤਿ ਦੇਹੁਗੇ ਮੁਕਤਿ ਨ ਜਾਨੈ ਕੋਇਲਾ ॥ (1292) ਮਰਨ ਮਗਰੋਂ ਮੁਕਤੀ ਕਿਸਨੇ ਜਾਣੀ, ਕੋਣ ਜਾਣਦਾ ਹੈ? ਕੋਈ ਨਹੀਂ ਜਾਣਦਾ ਕਿ ਮਰਨ ਮਗਰੋਂ ਕੋਈ ਮੁਕਤੀ ਹੁੰਦੀ ਹੈ ਜਾਂ ਨਹੀਂ। ਜੇ ਜਿਊਂਦੇ ਜੀ ਤੂੰ ਰੱਬ ਨੂੰ ਸਮਝੇਂ, ਉਸਦੇ ਗੁਣਾਂ ਨਾਲ ਜੀਵੇਂ ਤਾ ਤੇਰੀ ਗਤਿ ਹੋ ਸਕਦੀ ਹੈ।

ਜਿਸਨੂੰ ਯਾਦ ਵਿਚ ਨਿਰੰਤਰ ਰੱਖਣ ਦੇ ਨਾਲ, ਜਿਸ ਸੱਚ ਦੀ ਵਿਚਾਰ ਨੂੰ ਨਿਰੰਤਰ ਮਨ ਵਿਚ ਰੱਖਣ ਦੇ ਨਾਲ ਗਤਿ ਦੇ ਬਾਰੇ ਅਸੀਂ ਸਾਰੇ ਰੋਜ਼ ਜਪੁ ਜੀ ਸਾਹਿਬ ਵਿਚ ਵੀ ਪੜ੍ਹਦੇ ਹਾਂ -

ਤੀਰਥੁ ਤਪੁ ਦਇਆ ਦਤੁ ਦਾਨੁ ॥ ਜੇ ਕੋ ਪਾਵੈ ਤਿਲ ਕਾ ਮਾਨੁ ॥

ਸੁਣਿਆ ਮੰਨਿਆ ਮਨਿ ਕੀਤਾ ਭਾਉ ॥ ਅੰਤਰਗਤਿ ਤੀਰਥਿ ਮਲਿ ਨਾਉ ॥

ਹੁਣ ਅਸੀਂ ਛੇਤੀ ਨਾਲ ਪੜ੍ਹ ਜਾਂਦੇ ਹਾਂ ਕਿ ‘ਅੰਤਰਗਤਿ ਤੀਰਥਿ ਮਲਿ ਨਾਉ’ ਭਾਵ ਅਰਥ ਦੀ ਸਮਝ ਹੀ ਨਹੀਂ ਪੈਂਦੀ। ਗੁਰੂ ਪਾਤਸ਼ਾਹ ਸਾਡੇ ਅੰਦਰ ਦੀ ਗਤੀ ਬਾਰੇ ਸਮਝਾ ਰਹੇ ਹਨ। ‘ਅੰਤਰਗਤਿ’ ਮਗਰੋਂ ਵਿਸ਼ਰਾਮ ਦੇ ਕੇ ਪੜ੍ਹੀਏ ‘ਤੀਰਥਿ ਮਲਿ ਨਾਉ’ ਭਾਵ, ਜੇ ਤੈਨੂੰ ਅੰਦਰ ਦੀ ਗਤੀ ਕਰਨੀ ਹੈ ਤਾਂ ਸਤਿਗੁਰ ਦੀ ਮਤ ਦੇ ਤੀਰਥ ਵਿਚ ਨਿਤ ਮਲ ਨਾਉ। ਭਾਵ ਆਪਣੀ ਮੈਲ ਉਤਾਰ ਲਿਆ ਕਰ। ਅੰਦਰ ਦੀ ਗਤਿ ਬਾਰੇ ਸੋਚ, ਅਸੀਂ ਅੰਦਰ ਦੀ ਗਤਿ ਬਾਰੇ ਹੀ ਭੁੱਲੇ ਹੋਏ ਹਾਂ। ਅੰਦਰ ਦੀ ਗਤੀ ਲਈ ਆਪਣੇ ਮਨ ਅੰਦਰ ਝਾਤ ਮਾਰਨੀ ਪੈਂਦੀ ਹੈ। ਅੰਦਰ ਦੀ ਗਤਿ ਬਾਰੇ ਹੀ ਸਾਨੂੰ ‘ਆਪਨੜੇ ਗਿਰੀਵਾਨ ਮਹਿ ਸਿਰੁ ਨਂੀਵਾਂ ਕਰਿ ਦੇਖੁ’ ਸਮਝਾਇਆ ਹੈ। ਅੰਦਰ ਦੀ ਗਤੀ ਬਾਰੇ ਗੁਰੂ ਪਾਤਸ਼ਾਹ ਕਹਿੰਦੇ ਹਨ ‘ਗੁਰ ਕੈ ਦਰਸਨਿ ਮੁਕਤਿ ਗਤਿ ਹੋਇ ॥’। ‘ਗੁਰ ਕੈ ਦਰਸਨਿ’ ਦਾ ਅਰਥ ਇਨ੍ਹਾਂ ਬਾਹਰਲੀਆਂ ਅੱਖਾਂ ਨਾਲ ਵੇਖਣਾ ਨਹੀਂ ਹੁੰਦਾ। ‘ਗੁਰ ਕੈ ਦਰਸਨਿ’ ਦਾ ਅਰਥ ਹੈ ਕਿ ਸਤਿਗੁਰ ਦੀ ਮੱਤ, ਉਸਦਾ ਨਜ਼ਰੀਆ (ਫਿਲਾਸਫੀ) ਜੇ ਤੂੰ ਲੈ ਲਵੇਂ, ਉਸ ਅਨੁਸਾਰ ਜੇ ਤੂੰ ਜਿਊਣ ਲਗ ਪਵੇ ਤਾਂ ਤੇਰੀ ਮੁਕਤੀ ਭਾਵ ਗਤੀ ਹੋ ਸਕਦੀ ਹੈ।

ਵਿਕਾਰਾਂ ਕਾਰਨ ਅਸੀਂ ਗਲਤ ਕੰਮ ਕਰਦੇ ਹਾਂ, ਤੇ ਹਉਮੈ ਦੀਰਘ ਰੋਗ ਸਾਨੂੰ ਸਤਾਉਂਦਾ ਹੈ। ਗਲਤ ਕੰਮਾਂ ਨੂੰ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਪਾਪ ਕਹਿੰਦੇ ਹਨ। ਇਨ੍ਹਾਂ ਪਾਪਾਂ ਦੇ ਕਰਨ ਦੇ ਕਾਰਨ ਅਸੀਂ ਦੁਖੀ ਰਹਿੰਦੇ ਹਾਂ।

ਮਨੌਤ: ਜਦੋਂ ਅਸੀਂ ਦੁਖੀ ਰਹਿੰਦੇ ਹਾਂ ਤਾਂ ਅਸੀਂ ਕਹਿੰਦੇ ਹਾਂ ਕਿ ਇਹ ਦੁਨੀਆ ਦੁੱਖਾਂ ਦਾ ਘਰ ਹੈ। ਇਸ ਲਈ ਇਸ ਤੋਂ ਮੁਕਤੀ ਚਾਹੀਦੀ ਹੈ। ਅਸੀਂ ਸਾਰੇ ਇਹ ਕਹੀ ਜਾਂਦੇ ਹਾਂ ਤੇ ਸਾਰੇ ਧਰਮ ਵਾਲੇ ਵੀ ਇਹੀ ਕਹੀ ਜਾਂਦੇ ਹਨ। ਇਹ ਦੁਨੀਆ ਦੁੱਖਾਂ ਦਾ ਘਰ ਹੈ, ਇੱਥੇ ਮਾਂ ਦੇ ਗਰਭ ਵਿੱਚੋਂ ਨਿਕਲਨ ਵੇਲੇ ਬੜਾ ਦੁੱਖ ਸਹਾਰਨਾ ਪੈਂਦਾ ਹੈ, ਨੌ ਮਹੀਨੇ ਪੇਟ ਵਿਚ ਪੁੱਠਾ ਲਟਕਣਾ ਪੈਂਦਾ ਹੈ, ਫਿਰ ਉਸਤੋਂ ਮਗਰੋਂ ਸਾਰੀ ਉਮਰ ਦਾ ਦੁੱਖ, ਫਿਰ ਮਰਨ ਦਾ ਦੁੱਖ। ਇਹ ਦੁੱਖ ਨਾ ਲੱਗੇ, ਮੁੜਕੇ ਜਨਮ ਨਾ ਲੈਂਣਾ ਪਵੇ, ਰੱਬ ਜੀ ਮੁਕਤੀ ਦਿਉ, ਸਦੀਵੀ ਆਪਣੇ ਚਰਨਾਂ ਵਿਚ ਨਿਵਾਸ ਬਖ਼ਸ਼ੋ, ਆਵਾਗਵਣ ਤੋਂ ਬਚਾਓ, ਮੁੜ੍ਹਕੇ ਚੁਰਾਸੀ ਵਿਚ ਆਉਣਾ ਹੀ ਨਾ ਪਵੇ। ਕਿਉਂ? ਕਿਉਂਕਿ ਦੁੱਖ!

ਗੁਰੂ ਪਾਤਸ਼ਾਹ ਕਹਿੰਦੇ ਹਨ ਕਿ ਇਹ ਦੁੱਖ ਤੂੰ ਆਪਣਾ ਆਪ ਸਹੇੜਿਆ ਹੈ। ਤੇਰੇ ਆਪਣੇ ਅਉਗੁਣਾਂ ਕਾਰਨ ਦੁੱਖ ਹੈ। ਉਨ੍ਹਾਂ ਦਾ ਤੈਨੂੰ ਸਮਝ ਨਹੀਂ ਆ ਰਿਹਾ। ਆਪਣੇ ਅੰਦਰ ਸੁੱਖ ਪ੍ਰਾਪਤ ਕਰਨਾ ਚਾਹੁੰਦਾ ਹੈਂ ਉਸ ਸੁੱਖ ਲਈ -

ਸਭ ਸੁਖ ਦਾਤਾ ਰਾਮੁ ਹੈ ਦੂਸਰ ਨਾਹਿਨ ਕੋਇ ॥

ਕਹੁ ਨਾਨਕ ਸੁਨਿ ਰੇ ਮਨਾ ਤਿਹ ਸਿਮਰਤ ਗਤਿ ਹੋਇ ॥9॥

ਸੁਖ ਪ੍ਰਾਪਤ ਕਰਨ ਲਈ ਤੂੰ ਹਉਮੈ ਦੀਰਘ ਰੋਗ ਨੂੰ ਕਾਬੂ ਕਰ ਲੈ। ਅਉਗੁਣਾਂ ਰੂਪੀ ਪਾਪਾਂ ਤੋਂ ਦੁਖੀ ਹੋਕੇ ਤੂੰ ਨਿਵਰਤੀ ਮੰਗਦਾ ਹੈਂ, ਮੁਕਤੀ ਮੰਗਦਾ ਹੈਂ, ਤਾਂ ਮੁਕਤੀ ਮਰਨ ਮਗਰੋਂ ਲੈਣੀ ਹੈ ਜਾਂ ਅੱਜ ਹੁਣੇ?

ਬਸ ਇਹ ਨਿਤਾਰਾ ਜੇ ਸਾਡਾ ਮਨ ਕਰ ਲਵੇ, ਜੇ ਇਹ ਮੁਲ ਸਾਡਾ ਮਨ ਪਾ ਲਏ ਕਿ ਮੇਰੀ ਪ੍ਰਾਥਮਿਕਤਾ ਕੀ ਹੈ, ਮੁਕਤੀ ਅੱਜ ਜਾਂ ਮੁਕਤੀ ਮਰਨ ਮਗਰੋਂ ਤਾਂ ਸਾਡਾ ਜੀਵਨ ਬਦਲ ਜਾਂਦਾ ਹੈ, ਸਾਡੇ ਜੀਵਨ ਵਿਚ ਕ੍ਰਾਂਤੀ ਆ ਜਾਂਦੀ ਹੈ। ਮੁਕਤੀ ਮੈਨੂੰ ਹੁਣੇ ਚਾਹੀਦੀ ਹੈ ਮੈਂ ਹੁਣੇ ਦੁਖੀ ਹਾਂ, ਫਿਰ ਅਸੀਂ ਆਪਣੇ ਤੇ ਹੁਣੇ ਕੰਮ ਕਰਨਾ ਸ਼ੁਰੂ ਕਰ ਦਿਆਂਗੇ।

ਅੰਤਰਿ ਮੈਲੁ ਲੋਭ ਬਹੁ ਝੂਠੇ ਬਾਹਰਿ ਨਾਵਹੁ ਕਾਹੀ ਜੀਉ ॥

ਨਿਰਮਲ ਨਾਮੁ ਜਪਹੁ ਸਦ ਗੁਰਮੁਖਿ ਅੰਤਰ ਕੀ ਗਤਿ ਤਾਹੀ ਜੀਉ ॥ (598)

ਗੁਰੂ ਸਾਹਿਬ ਦਸਦੇ ਹਨ ਕਿ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਸਾਰੇ ਵਿਕਾਰ ਮੈਲੇ ਮਨ ਦੇ ਲਖਣ ਹਨ। ਹੁਣ ਲਭਣਾ ਪਵੇਗਾ ਕਿ ਮਨ ਕਿਵੇਂ ਮੈਲਾ ਹੋਇਆ। ਕਿਸੇ ਨੇ ਦਸਿਆ ਹੀ ਨਹੀਂ ਬਚਪਨ ਤੋਂ ਕਿ ਮਨ ਕਿਵੇਂ ਮੈਲਾ ਹੋ ਜਾਂਦਾ ਹੈ। ਜੇ ਇਹ ਸਮਝ ਆ ਜਾਏ ਤਾਂ ਉਹ ਮੈਲ ਉਤਾਰ ਸਕਾਂਗੇ। ਜੇ ਸਮਝ ਹੀ ਨਾ ਆਏ ਕਿ ਮੇਰਾ ਮਨ ਮੈਲਾ ਹੈ ਤਾਂ ਮੈਲ ਉਤਾਰਾਂਗੇ ਕਿਵੇਂ? ਇਸ ਲਈ ਅਸੀਂ ਇਹ ਪਰਵਾਨ ਕਰ ਲਿਆ ਕਿ ਬੜੇ ਜਨਮਾਂ ਦੀ ਮੈਲ ਲੱਗੀ ਹੋਈ ਹੈ ਅਤੇ ਬੜੇ ਜਨਮ ਲੱਗਣਗੇ। ਸਾਡੇ ਕੋਲੋਂ ਉਹ ਛੁੱਟ ਨਹੀਂ ਪਾ ਰਿਹਾ। ਗੁਰੂ ਸਾਹਿਬ ਕਹਿੰਦੇ ਹਨ ਕਿ ਅੰਤਰ ਦੀ ਗਤਿ ਕਰ ਲੈ ਤਾਂ ਆਪ ਸੁਖੀ ਹੋ ਸਕਦਾ ਹੈਂ ਅਤੇ ਆਪਣੇ ਆਸ-ਪਾਸ ਵਾਲਿਆਂ ਨੂੰ ਵੀ ਸੁਖੀ ਕਰ ਸਕਦਾ ਹੈਂ। ਨਿਰਮਲ ਨਾਮੁ ਜਪਹੁ ਸਦ ਗੁਰਮੁਖਿ ਅੰਤਰ ਕੀ ਗਤਿ ਤਾਹੀ ਜੀਉ ॥ (598) ਐਸਾ ਗਿਆਨ ਲੈ-ਲੈ ਜੋ ਤੈਨੂੰ ਅੰਦਰੋਂ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਕਾਬੂ ਕਰਨੇ ਆ ਜਾਣ ‘ਅੰਤਰ ਕੀ ਗਤਿ ਤਾਹੀ ਜੀਉ’। ਜਪੁ ਬਾਣੀ ਵਿਚ ਵੀ ਪੜ੍ਹਦੇ ਹਾਂ, ‘ਅੰਤਰਗਤਿ ਤੀਰਥਿ ਮਲਿ ਨਾਉ’ ਇਸ ਦਾ ਅਰਥ ਨਿਕਲਿਆ ਕਿ ਜੇ ਅੰਤਰ ਦੀ ਗਤੀ ਤੂੰ ਕਰ ਲਵੇਂ। ਇਸ ਦਾ ਉੱਚਾਰਨ ਕਰਾਂਗੇ ‘ਅੰਤਰਗਤਿ’ ਵਿਸ਼ਰਾਮ ਦੇਕੇ ‘ਤੀਰਥਿ ਮਲਿ ਨਾਉ’ ਭਾਵ ਅੰਦਰ ਦੀ ਗਤਿ ਕਰ ਲੈਣਾ ਹੀ ਤੀਰਥ ਹੈ। ਬਾਹਰਲੇ ਕਿਸੇ ਤੀਰਥ ਤੇ ਜਾਣ ਦੀ ਲੋੜ ਨਹੀਂ ਹੈ। ਸੱਚ ਤਾਂ ਇਹ ਹੈ ਕਿ ਮਨ ਦੇ ਅੰਦਰ ਦੀ ਮੈਲ ਉਤਾਰਨ ਲਈ ਕਿਧਰੇ ਜਾਣਾ ਹੀ ਨਹੀਂ ਪੈਂਦਾ।

ਭਾਈ ਕਾਨ੍ਹ ਸਿੰਘ ਨਾਭਾ ਆਪਣੀ ਪੁਸਤਕ ਮਹਾਨਕੋਸ਼ ਵਿਚ ਗਤਿ-ਅਵਗਤਿ ਦਾ ਅਰਥ ਦਸਦੇ ਹਨ, "ਉਪਰ-ਨੀਚੇ ਹੋਣ ਦੀ ਕ੍ਰਿਆ"। ਮੇਰੇ ਮਨ ਦੀ ਅਵਸਥਾ ਕਦੀ ਉੱਚੀ ਹੋ ਜਾਂਦੀ ਹੈ ਕਦੀ ਨੀਵੀਂ। ਗੁਰਬਾਣੀ ਦਾ ਕਥਨ ਹੈ, ਕਬਹੂ ਜੀਅੜਾ ਊਭਿ ਚੜਤੁ ਹੈ ਕਬਹੂ ਜਾਇ ਪਇਆਲੇ ॥

ਲੋਭੀ ਜੀਅੜਾ ਥਿਰੁ ਨ ਰਹਤੁ ਹੈ ਚਾਰੇ ਕੁੰਡਾ ਭਾਲੇ ॥ (876)

ਮਨੁੱਖ ਦੇ ਮਨ ਦੀ ਕਦੀ ਖੁਸ਼, ਕਦੀ ਉਦਾਸ ਅਵਸਥਾ ਹੁੰਦੀ ਹੈ। ਐਸੀ ਉਪਰ-ਨੀਚੇ ਦੀ ਅਵਸਥਾ ਨੂੰ ਗਤਿ ਅਵਗਤਿ ਕਹਿੰਦੇ ਹਨ। ਇਸ ਦਾ ਮਤਲਬ ਇਹ ਹੋਇਆ ਕਿ ਐਸੀ ਅਵਸਥਾ ਪ੍ਰਾਪਤ ਕਰ ਲੈਣੀ ਤਾਂ ਜੋ ਮਨ ਵਿਚ ਠਹਿਰਾਉ ਆ ਜਾਏ, ਮਨ ਥਿਰ ਹੋ ਜਾਏ, ਡੱਕੇ-ਡੋਲੇ ਨਾ ਖਾਏਂ। ਉਹ ਹੈ ਮੁਕਤ ਅਵਸਥਾ। ਸਾਨੂੰ ਦੁਨੀਆਵੀ ਪਦਾਰਥਕ ਸੁੱਖ ਮਿਲੇ ਤਾਂ ਵੀ ਅਸੀਂ ਦੁਖੀ ਹਾਂ, ਅਸੀਂ ਵਿਗਾਸ ਵਿਚ ਨਹੀਂ ਹਾਂ। ਤਾਂ ਹੀ ਤੇ ਸਾਨੂੰ ਕੋਈ ਵੀ ਕ੍ਰੋਧ ਕਰਵਾ ਸਕਦਾ ਹੈ, ਦੂਜਿਆਂ ਤੇ ਹਾਵੀ ਹੋ ਜਾਂਦੇ ਹਾਂ, ਦੂਜਿਆਂ ਨਾਲ ਨਫ਼ਰਤ ਕਰਦੇ ਹਾਂ, ਦੂਜਿਆਂ ਨੂੰ ਵੇਖਕੇ ਅਸੀਂ ਈਰਖਾ ਕਰੀਏ, ਕਿਸੇ ਦੀ ਨਿੰਦਾ ਕਰੀਏ, ਕਿਉਂਕਿ ਅੰਤਰ ਦੀ ਗਤਿ ਨਹੀਂ ਹੋਈ ਹੈ। ਹੁਣ ਗੁਰੂ ਸਾਹਿਬ ਸਾਰੀ ਗਲ ਸਮਝਾਕੇ ਕਹਿ ਰਹੇ ਹਨ ਕਿ ਇਸ ਮੁਕਤ ਅਵਸਥਾ ਨੂੰ ਪ੍ਰਾਪਤ ਕਰ ਲੈ।
.