.

ਬੱਤੀਵੀਂ ਤੇ ਤੇਤੀਵੀਂ ਪਉੜੀ ਦੀ ਗੁਰਬਾਣੀ ਅਨੁਸਾਰ ਵਿਆਖਿਆ

ਡਾ: ਦਲਵਿੰਦਰ ਸਿੰਘ ਗ੍ਰੇਵਾਲ

32ਵੀਂ ਪਉੜੀ ਵਿੱਚ ਅਹੰ-ਬ੍ਰਹਮ-ਸੁਆਮੀਆਂ ਦੀ ਕੂੜੀ ਧਾਰਨਾਂ ਬਾਰੇ ਦਸਦੇ ਹਨ ਤੇ ਕਹਿੰਦੇ ਹਨ ਕਿ ਈਸ਼ਵਰ ਮਿਲਾਪ ਦਾ ਠੀਕ ਰਸਤਾ ਹੈ ਨਾਮ ਸਿਮਰਣ। ਉਹ ਜੋ ਢੌਂਗ ਅਹੰ ਬ੍ਰਹਮ ਸਵਾਮੀ ਕਰਦੇ ਹਨ ਉਹ ਸਰਾਸਰ ਗਲਤ ਹਨ। ਜੀਵ ਤਾਂ ਈਸ਼ਵਰ ਨੂੰ ਮਿਲਣ ਦੀ ਲੋਚਾ ਕਰਕੇ ਨਾਮ-ਪ੍ਰੇਮ ਭਗਤੀ ਕਰਕੇ ਉਸਦੀ ਕ੍ਰਿਪਾ ਪ੍ਰਾਪਤ ਕਰ ਸਕਦਾ ਹੈ ਤੇ ਉਸ ਸੰਗ ਮਿਲਾਪ ਲੋਚਦਾ ਹੈ। ਅਪਣੇ ਆਪ ਕੋਈ ਬ੍ਰਹਮ ਨਹੀਂ ਹੋ ਜਾਂਦਾ। ਫਿਰ 33ਵੀਂ ਪਉੜੀ ਵਿੱਚ ਦਸਦੇ ਹਨ ‘ਈਸ਼ਵਰ ਪਰਾਇਣਤਾ’ ਤੋਂ ਬਿਨਾਂ ਜ਼ੋਰ’ ਸਹਿਜ ਪ੍ਰਾਪਤੀ ਵਿੱਚ ਕਿਸ ਤਰ੍ਹਾਂ ਸਫਲ ਨਹੀਂ ਹੁੰਦਾ। ਸਹਿਜ ਪ੍ਰਾਪਤੀ ਦਾ ਮਾਰਗ ਹੀ ਉਤਮ ਦਸਿਆ ਗਿਆ ਹੈ। ਇਸ ਪਉੜੀ ਵਿੱਚ ਗੁਰੂ ਜੀ ਫੁਰਮਾਉਂਦੇ ਹਨ ਕਿ ਜੀਵ ਤੇ ਬ੍ਰਹਮ ਇੱਕ ਹਨ, ਜਿਵੇਂ ਬੂੰਦ ਤੇ ਸਮੁੰਦਰ, ਪਰ ਬੂੰਦ ਬੂੰਦ ਹੈ, ਸਮੁੰਦਰ ਸਮੂੰਦਰ ਹੈ। ਬੂੰਦ ਸਮੁੰਦਰ ਵਿਚੋਂ ਹੀ ਪੈਦਾ ਹੋਈ ਹੈ ਤੇ ਸਮੁੰਦਰ ਵਿੱਚ ਹੀ ਮਿਲਣੀ ਹੈ। ਬੂੰਦ ਸਮੁੰਦਰ ਵਿੱਚ ਸਮਾ ਸਕਦੀ ਹੈ ਪਰ ਸਮੁੰਦਰ ਅਖਵਾ ਨਹੀਂ ਸਕਦੀ।

ਜੋਗੀਆਂ ਨੇ ਗੁਰੂ ਜੀ ਨੂੰ ਕਿਹਾ: ਜੋਗ ਤਾਂ ਚਾਰ ਪ੍ਰਕਾਰ ਦੇ ਹਨ: ਮੰਤ੍ਰ ਯੋਗ, ਹਠ ਯੋਗ, ਲਯ ਯੋਗ ਅਤੇ ਰਾਜ ਯੋਗ ਜਿਨ੍ਹਾਂ ਦੇ ਜਰੀਏ 6 ਚਕਰ ਭੇਦ ਕੇ ਅਸੀਂ ਪਰਮਾਤਮਾ ਤਕ ਪਹੁੰਚਣ ਦੀ ਕੋਸ਼ਿਸ਼ ਕਰਦੇ ਹਾਂ। ਅਸੀਂ ਇਹ ਤਾਂ ਜਾਣ ਗਏ ਹਾਂ ਕਿ ਆਪ ਜਗ ਤਾਰਨ ਲਈ ਆਏ ਹੋ ਪਰ ਇਹ ਦਸੋ ਤੁਹਾਡਾ ਮੱਤ ਕੀ ਹੈ? ਤਹਾਡੇ ਮਤ ਦੇ ਸਾਧਨ ਕੀ ਹਨ? ਰਸਤੇ ਕੀ ਹਨ? ਉਨ੍ਹਾਂ ਦਾ ਫਲ ਕੀ ਹੈ? ਇਹ ਸਭ ਵਰਨਣ ਕਰੋ।

ਪਉੜੀ 32

ਇਕ ਦੂ ਜੀਭੌ ਲਖ ਹੋਹਿ ਲਖ ਹੋਵਹਿ ਲਖ ਵੀਸ॥ ਲਖੁ ਲਖੁ ਗੇੜਾ ਆਖੀਅਹਿ ਏਕੁ ਨਾਮੁ ਜਗਦੀਸ॥ ਏਤੁ ਰਾਹਿ ਪਤਿ ਪਵੜੀਆ ਚੜੀਐ ਹੋਇ ਇਕੀਸ॥ ਸੁਣਿ ਗਲਾ ਆਕਾਸ ਕੀ ਕੀਟਾ ਆਈ ਰੀਸ॥ ਨਾਨਕ ਨਦਰੀ ਪਾਈਐ ਕੂੜੀ ਕੂੜੈ ਠੀਸ॥ 32 ॥

ਗੁਰੂ ਨਾਨਕ ਦੇਵ ਜੀ ਨੇ ਜੋਗੀਆਂ ਨੂੰ ਜਵਾਬ ਦਿਤਾ: "ਹੇ ਜੋਗੀਓ ਮੇਰਾ ਵਾਹਿਗੁਰੂ ਸਚਖੰਡ ਵਿੱਚ ਵਸਦਾ ਹੈ, ਉਸ ਤਕ ਪਹੁੰਚਣ ਦਾ ਸਾਡਾ ਮਾਰਗ ਨਾਮ ਮਾਰਗ ਹੈ। ਉਸ ਦੇ ਨਾਮ ਦਾ ਸਿਮਰਨ ਕਰੀ ਜਾਣਾ ਹੈ। ਸਿਮਰਨ ਕਰਦਿਆਂ ਕਰਦਿਆਂ ਨਾਮ ਅੰਦਰ ਵਸ ਜਾਵੇਗਾ। ਅਜਿਹੀ ਅਵਸਥਾ ਆ ਜਾਵੇਗੀ ਕਿ ਟਿਕੀ ਹੋਈ ਬਿਰਤੀ ਅੰਦਰ ਵਸੇ ਨਾਮ ਰਸ ਦੀ ਅਵਸਥਾ ਵਿੱਚ ਇੱਕ ਵਾਰੀ ਵੀ ਨਾਮ ਆਖੋਗੇ ਤਾਂ ਇੱਕ ਰਸਨਾ ਤੋਂ ਲਖਾਂ ਰਸਨਾ ਬਣ ਜਾਣਗੀਆਂ। ਭਾਵ ਰੋਮ ਰੋਮ ਵਿਚੋਂ ਨਾਮ ਦੀ ਅਵਾਜ਼ ਆਵੇਗੀ, ਲੱਖਾਂ ਜੀਭਾਂ ਬਣ ਜਾਣਗੀਆਂ। ਸਿਮਰਨ ਕਰਦਿਆਂ, ਅਭਿਆਸ ਕਰਦਿਆਂ ਲੱਖਾਂ ਵੀਹਾਂ ਵਾਲੀ ਅਵਸਥਾ ਆਵੇਗੀ, ‘ਗੁਰਮੁਖਿ ਰੋਮ ਰੋਮ ਹਰਿ ਧਿਆਵੈ॥ 27॥ (ਪੰਨਾ 941) ਵਾਲੀ ਅਵਸਥਾ ਲਗਾਤਾਰ ਸਿਮਰਨ, ਧਿਆਉਣ ਨਾਲ ਹੀ ਹੋ ਆਵੇਗੀ। ਇਸ ਲੱਖਾਂ ਵੀਹਾਂ ਵਾਲੀ ਅਵਸਥਾ ਭਾਵ ਰੋਮ ਰੋਮ ਜਪਣ ਵਾਲੀ ਅਵਸਥਾ ਵਿੱਚ ਨਾਮ ਰਟਣਾ ਆਪ ਮੁਹਾਰਾ ਹੁੰਦਾ ਰਹੇਗਾ, ਜੀਭ ਦੇ ਨਿਰੰਤਰ ਗੇੜੇ ਚਲਣਗੇ"।

ਇਕ ਦੂ ਜੀਭੌ ਲਖ ਹੋਹਿ ਲਖ ਹੋਵਹਿ ਲਖ ਵੀਸ॥

ਲਖੁ ਲਖੁ ਗੇੜਾ ਆਖੀਅਹਿ ਏਕੁ ਨਾਮੁ ਜਗਦੀਸ॥

ਇਕ ਦੂ ਜੀਭੌ ਲਖ ਹੋਹਿ- ਭਾਵ ਇੱਕ ਜੀਭ ਤੋਂ ਲੱਖ ਹੋ ਜਾਵੇ। ਲੱਖ ਹੋਵਹਿ-ਲੱਖਾਂ ਜੀਭਾਂ ਅੰਦਰ, ਅੰਤਰ ਆਤਮੇ ਵਿੱਚ ਵਸਣਾਂ ਤੇ ਅੰਦਰ ਦੇ ਹਰ ਹਿਸੇ ਵਿੱਚ ਸਿਮਰਨ ਹੋਣਾ, ਅੰਤਹਕਰਣ ਵਿੱਚ ਸਿਮਰਨਾ।

ਲਾਖ ਜਿਹਵਾ ਦੇਹੁ ਮੇਰੇ ਪਿਆਰੇ ਮੁਖੁ ਹਰਿ ਆਰਾਧੇ ਮੇਰਾ ਰਾਮ॥ (ਅੰਕ 780)

ਜਿਹਵਾ ਏਕ ਹੋਇ ਲਖ ਕੋਟੀ ਲਖ ਕੋਟੀ ਕੋਟਿ ਧਿਆਵੈਗੋ॥ (ਅੰਕ 1309)

ਰਸਨਾ ਜਪੀਐ ਏਕੁ ਨਾਮ॥ ਈਹਾ ਸੁਖੁ ਆਨੰਦ ਘਨਾ ਆਗੈ ਜੀਅ ਕੈ ਸੰਗਿ ਕਾਮ॥ 1॥ ਰਹਾਉ॥ (ਅੰਕ 211)

ਲੱਖਾਂ ਵੀਹਾਂ-ਪੁਰਾਣੇ ਜ਼ਮਾਨੇ ਵਿੱਚ ਪਸ਼ੂਆਂ ਦੇ ਵਪਾਰ ਸਮੇਂ ਪੇਂਡੂ ਲੋਕ ਜੋ ਗਿਣਤੀ ਸਿਰਫ ਵੀਹਾਂ ਤਕ ਹੀ ਜਾਣਦੇ ਸਨ ਹਰ ਵਸਤੂ ਦਾ ਭਾਅ ਵੀਹਾਂ ਦੀ ਗਿਣਤੀ ਨਾਲ ਜੋੜ ਕੇ ਲਾਉਂਦੇ ਸਨ ਭਾਵ ਦੋ ਵੀਹਾਂ ਭਾਵ ਚਾਲੀ, ਪੰਜ ਵੀਹਾਂ ਭਾਵ ਸੌ ਆਦਿ।

ਲਖ ਵੀਸ-ਗੁਰਮੁਖਿ ਰੋਮਿ ਰੋਮਿ ਹਰਿ ਧਿਆਵੈ॥ (ਪੰਨਾ 941)।

ਏਕੁ ਨਾਮੁ- ਸਿਮਰਨ ਕਰਦਿਆਂ ਕਰਦਿਆਂ ਇਸ ਤਰ੍ਹਾਂ ਦੀ ਅਵਸਥਾ ਆ ਜਾਂਦੀ ਹੈ ਕਿ ਹਰ ਵਸਤੂ ਸਿਮਰਨ ਕਰਦੀ ਨਜ਼ਰ ਆਉਂਦੀ ਹੈ। ਜਿਵੇਂ

ਹਰਹਟ ਭੀ ਤੂੰ ਤੂੰ ਕਰਹਿ ਬੋਲਹਿ ਭਲੀ ਬਾਣਿ॥ (ਸਲੋਕ ਮ: 3, ਪੰਨਾ 1420)

ਅਕ ਸਿਉ ਪ੍ਰੂਤਿ ਕਰ ਅਕ ਤਿਡਾ ਅਕ ਡਾਲੀ ਬਹਿ ਖਾਇ॥

ਖਸਮੈ ਭਾਵੈ ਓਹੋ ਚੰਗਾ ਜਿ ਕਰੇ ਖੁਦਾਇ ਖੁਦਾਇ॥ (ਵਾਰ ਮਲਾਰ ਕੀ, ਮ: 1, ਪੰਨਾ 1286)

ਸਿਮਰੈ ਧਰਤੀ ਅਰੁ ਆਕਾਸਾ॥ ਸਿਮਰਹਿ ਚੰਦ ਸੂਰਜ ਗੁਣਤਾਸਾ॥

ਪਉਣ ਪਾਣੀ ਬੈਸੰਤਰ ਸਿਮਰਹਿ ਸਿਮਰੈ ਸਗਲ ਉਪਾਰਜਨਾ॥ (ਮਾਰੂ ਸੋਲਹੇ, ਮ: 5, ਪੰਨਾ 1078-1079)

ਸਿਮਰਨ ਕਰਦਿਆਂ ਕਰਦਿਆਂ ਇਸ ਤਰ੍ਹਾਂ ਦੀ ਅਵਸਥਾ (ਪਉੜੀ) ਆਉਂਦੀ ਹੈ ਕਿ ਇੱਕ ਵਾਰੀ ਵਾਹਿਗੁਰੂ ਆਂਖਣ ਨਾਲ ਸਾਰਾ ਹੀ ਵਿਸ਼ਵ ਵਾਹਿਗੁਰੂ ਦਾ ਜਾਪ ਕਰਦਾ ਨਜ਼ਰ ਆਉਂਦਾ ਹੈ:

ਜਿਹ ਧਿਰ ਦੇਖਾ ਤਿਹ ਧਿਰਿ ਮਉਜੂਦੁ॥ (ਸਿਰੀ ਰਾਗ ਕੀ ਵਾਰ ਮ: 4, ਪੰਨਾ 84)

ਬ੍ਰਹਮ ਦੀਸੈ ਬ੍ਰਹਮ ਸੁਣੀਐ ਏਕੁ ਏਕੁ ਵਖਾਣੀਐ॥

ਆਤਮ ਪਸਾਰਾ ਕਰਣਹਾਰਾ ਪ੍ਰਭ ਬਿਨਾ ਨਹੀ ਜਾਣੀਐ॥ (ਬਿਲਾਵਲੁ ਮ: 5, ਪੰਨਾ 846)

ਜੇ ਕਦੀ ਇੱਕ ਜੀਭ ਤੋਂ ਸਾਡੀ ਲੱਖ ਜੀਭ ਵੀ ਹੋ ਜਾਵੇ, ਲੱਖ ਦੀ ਭੀ ਵੀਹ ਲੱਖ ਹੋ ਜਾਵੇ ਤਾਂ ਭੀ ਉਸ ਜਗਤ ਦੇ ਮਾਲਕ ਦਾ ਇੱਕ ਨਾਮ ਲੱਖ ਲੱਖ ਵਾਰ ਜਪਣ ਯੋਗ ਹੈ। ਇੱਕ ਨਾਮ ਸਿਮਰਨ ਵਾਲੇ ਦੇ ਹਿਰਦੇ ਵਿੱਚ ਜੋ ਸਾਰੇ ਜਗਤ ਦਾ ਮਾਲਕ ਹੈ ਉਸ ਦਾ ਪ੍ਰਕਾਸ਼ ਹੋ ਜਾਵੇਗਾ ਅਤੇ ਉਹ ਅੰਦਰ ਵੀ ਅਤੇ ਬਾਹਰ ਵੀ ਵਸਦਾ ਦਿਸੇਗਾ। ਉਸਨੂੰ ਇਕੋ ਇੱਕ ਹਸਤੀ ਪਰਮ ਪੁਰਖ ਪ੍ਰਮਾਤਮਾਂ ਹੀ ਹਰ ਪਾਸੇ ਹਰ ਇੱਕ ਵਿੱਚ ਨਜ਼ਰ ਆਵੇਗਾ:

ਅੰਤਰਿ ਬਸੇ ਬਾਹਰਿ ਭੀ ਓਹੀ॥ ਨਾਨਕ ਦਰਸਨੁ ਦੇਖਿ ਸਭ ਮੋਹੀ॥ (ਗਉੜੀ ਸੁਖਮਨੀ ਮ: 5, ਪੰਨਾ 294)

ਏਤੁ ਰਾਹਿ ਪੁਤ ਪਵੜੀਆ ਚੜੀਐ ਹੋਇ ਇਕੀਸ॥

ਰਾਹ ਵਿੱਚ ਸ਼ਰਧਾ ਦੀਆਂ ਪਉੜੀਆਂ ਹਨ ਜਿਨ੍ਹਾਂ ਦੁਆਰਾ ਚੜ੍ਹਕੇ ਈਸ਼ਵਰ ਨਾਲ ਇੱਕ ਹੋਈਦਾ ਹੈ। ਜੋ ਨਾਮ ਦੀਆਂ ਪਉੜੀਆਂ ਚੜ੍ਹਦਾ ਜਾਵੇਗਾ ਤਾਂ ਅਖੀਰ ਵਿੱਚ ਉਸ ਤਕ ਪਹੁੰਚ ਜਾਵੇਗਾ ਤੇ ਉਸ ਨਾਲ ‘ਇਕੀਸ’ ਭਾਵ ਇੱਕ ਹੋ ਜਾਵੇਗਾ। ਪਰ ਵੇਖੀਂ ਇਹ ਸੁਣ ਕੇ ਭੁਲਕੇ ਤੀਂਘੜ ਨਾ ਜਾਈਂ ਤੇ ਗੱਪਾਂ ਨਾ ਮਾਰਨ ਲੱਗ ਪਈਂ ਕਿ ਮੈਂ ਬ੍ਰਹਮ ਹੋ ਗਿਆ ਹਾਂ। ਪ੍ਰਮਾਤਮਾਂ ਦੇ ਦੇਸ਼ ਵਿੱਚ ਉਡਾਰੀਆਂ ਮਾਰਨ ਵਾਲੇ ਸੰਤਾਂ ਦੀਆਂ ਗੱਲਾਂ ਦਸਣ ਵਾਲੇ ਤੂੰ ਸਿਰਫ ਗੱਲਾਂ ਨਾਲ ਪ੍ਰਮਾਤਮਾਂ ਦਾ ਰੂਪ ਨਹੀਂ ਬਣ ਸਕਦਾ। ਕਮਾਈ ਕੀਤੇ ਬਿਨਾਂ ਐਂਵੇਂ ਰੱਬ ਬਾਰੇ ਪੜ੍ਹ ਸੁਣ ਕੇ ਕਹਿਣਾ ਕਿ ਜੀਵ ਤੇ ਬ੍ਰਹਮ ਇੱਕ ਹੀ ਹਨ ਜਾਂ ‘ਅਹੰ ਬ੍ਰਹਮ ਅਸਮੀ’ ‘ਮੈਂ ਹੀ ਬ੍ਰਹਮ ਹਾਂ’ ਸਭ ਫੋਕੀਆਂ ਤੇ ਕੂੜੇ ਬੰਦੇ ਦੀਆਂ ਕੂੜੀਆਂ ਹੀ ਗੱਪਾਂ ਹਨ। ਇਹ ਤਾਂ ਨਾਮ ਸਿਮਰਨ ਦੀ ਕਮਾਈ ਰਾਹੀਂ ਹੀ ਹੋ ਸਕਣਾ ਹੈ। ਜਦੋਂ ਜੀਵ ਸਿਮਰਨ ਦੀਆਂ ਪਉੜੀਆਂ ਚੜ੍ਹਦਾ ਨੇੜੇ ਪੁਜਦਾ ਹੈ ਤਾਂ ਉਹ ਅਨੰਤ ਆਪਣੀ ਮਿਹਰ ਸਦਕਾ ਉਸਨੂੰ ਆਪਣੀ ਗਲਵਕੜੀ ਵਿੱਚ ਲੈ ਕੇ ਆਪਣੇ ਨਾਲ ਇੱਕ ਮਿੱਕ ਕਰ ਲੈਂਦਾ ਹੈ। ਜੀਵ ਦਸ਼ਾ ਤੋਂ ਉੱਠ ਕੇ ਬ੍ਰਹਮ ਦਸ਼ਾ ਵਿੱਚ ਪੁੱਜਣ ਲਈ ਕਮਾਈ ਦੀ ਲੋੜ ਹੈ, ਉਹ ਹਨ ਸਿਮਰਨ ਦੀਆਂ ਪਉੜੀਆਂ। ਜੋ ਸਿਮਰਨ ਕਰਦਾ ਕਰਦਾ ਪਉੜੀਆਂ ਚੜ੍ਹ ਜਾਵੇਗਾ ਉਹ ਹੋ ਜਾਵੇਗਾ ਇਕੀਸ-ਇਕ ਈਸ਼ਵਰ ਰੂਪ। ਸਭ ਬ੍ਰਹਮ ਹੀ ਬ੍ਰਹਮ ਦਿਸਦਾ ਹੈ। ਇਹ ਆਖਰੀ ਪਰਮਪਦ ਦੀ ਅਵਸਥਾ ਹੈ, ਇਸ ਤੋਂ ਅੱਗੇ ਉਸ ਪ੍ਰਭੂ ਵਿੱਚ ਅਭੇਦਤਾ, ਲੀਨਤਾ ਜਾਂ ਇਕੀਸ ਹੋ ਜਾਣਾ ਹੈ। ਇਨ੍ਹਾਂ ਸਿਮਰਨ ਦੀਆਂ ਪਉੜੀਆਂ ਤੇ ਚੜ੍ਹੇ ਬਿਨੇ ਕੇਵਲ ਗਿਆਨ ਰਾਹੀਂ ਬ੍ਰਹਮ ਨੂੰ ਸਮਝ ਲੈਣ ਨਾਲ ਜਦ ਤੱਕ ਕਮਾਈ ਨਾ ਕਰੇ ਲੀਨਤਾ ਪ੍ਰਾਪਤ ਨਹੀਂ ਹੁੰਦੀ। ਕਮਾਈ ਤੋਂ ਬਿਨਾਂ ਕੇਵਲ ਬ੍ਰਹਮ ਬਾਰੇ ਪੜ੍ਹ ਸੁਣ ਲੈਣਾ ਤੇ ਆਪਣੇ ਆਪ ਨੂੰ ਅਹੰ ਬ੍ਰਹਮ ਅਸਮੀ (ਮੈਂ ਹੀ ਬ੍ਰਹਮ ਹਾਂ) ਕਹਿਣਾ ਯੋਗ ਨਹੀਂ।

ਨਾਮ ਬਿਨਾਂ ਕੋਈ ਵੀ ਸੁਖ ਚੈਨ ਨਹੀਂ ਮਿਲ ਸਕਦਾ। ਹੋਰ ਕੋਈ ਵਿਉਂਤ ਵੀ ਇਥੇ ਨਹੀਂ ਚੱਲ ਸਕਦੀ:

ਡਿਠਾ ਸਭ ਸੰਸਾਰ ਸੁਖੁ ਨ ਨਾਮ ਬਿਨ॥ (ਗਉੜੀ ਵਾਰ ਮ: 5, ਪੰਨਾ 322)

ਜੇ ਜੀਭ ਤੋਂ ਤਾਂ ਉਸ ਦਾ ਨਾਮ ਜਪੀਏ ਪਰ ਦਿਲ ਵਿੱਚ ਕਿਸੇ ਹੋਰ ਨੂੰ ਮੰਨੀਏਂ ਤੇ ਕਾਰਜ ਕੁੱਝ ਹੋਰ ਹੀ ਹੋ ਰਿਹਾ ਹੋਵੇ ਤਾਂ ਇਹ ਪ੍ਰਮਾਤਮਾ ਦੀ ਭਗਤੀ ਨਹੀਂ ਕਹੀ ਜਾ ਸਕਦੀ। ਬਾਬਿਆਂ ਦੇ ਡੇਰੇ ਜੋ ਹੋ ਰਿਹਾ ਹੈ ਇਹ ਉਸ ਵਲ ਇਸ਼ਾਰਾ ਹੈ। ਜਪੋ ਤਾਂ ਸਿਰਫ ਇਕੋ ਨੂੰ ਅੰਦਰੋਂ ਵੀ, ਬਾਹਰੋਂ ਵੂ ਤੇ ਚਲੋ ਉਵੇਂ ਜਿਵੇਂ ਉਸ ਦਾ ਹੁਕਮ ਹੈ ਤੇ ਜਿਵੇਂ ਗੁਰੂ ਸਮਝਾਉਂਦਾ ਹੈ ਮਨਮੱਤ ਨਹੀਂ। ਸਾਰੇ ਸੁਖਾਂ ਦਾ ਖਜ਼ਾਨਾ ਪਾਰਬ੍ਰਹਮ ਹੈ। ਹਰੀ ਦੇ ਅੰਮ੍ਰਿਤ ਨਾਮ ਦਾ ਗਿਆਨ ਹੀ ਅਸਲੀ ਤੱਤ ਹੈ। ਪ੍ਰਮਾਤਮਾ ਕ੍ਰਿਪਾ ਕਰਕੇ ਸੰਤ ਨੂੰ ਅਪਣੀ ਸੇਵਾ ਵਿੱਚ ਲਾਉਂਦਾ ਹੈ ਤੇ ਸਾਧੂ ਸੇਵਾ ਸਦਕਾ ਪ੍ਰਮਾਤਮਾ ਵਿੱਚ ਜਾ ਮਿਲਦਾ ਹੈ:

ਪਾਰਬ੍ਰਹਮ ਪ੍ਰਭ ਸੂਖ ਨਿਧਾਨ॥ ਤਤੁ ਗਿਆਨੁ ਹਰਿ ਅੰਮ੍ਰਿਤ ਨਾਮ॥ ਕਰਿ ਕਿਰਪਾ ਸੰਤ ਟਹਲੈ ਲਾਏ॥ ਨਾਨਕ ਸਾਧੂ ਸੰਗਿ ਸਮਾਏ॥ 4॥ 23॥ 36॥ (ਭੈਰਉ ਮਹਲਾ 5, ਪੰਨਾ 1146)

ਪ੍ਰਭੂ ਦੇਵਣਹਾਰ ਹੈ ਤੇ ਬਾਕੀ ਸਭ ਜਾਚਕ ਭਾਵ ਲੋੜਵੰਦ ਹਨ। ਪ੍ਰਮਾਤਮਾਂ ਦੇ ਗੁਣ ਅਨੰਤ ਹਨ, ਅਪਾਰ ਹਨ। ਜਿਸ ਉਪਰ ਪ੍ਰਮਾਤਮਾਂ ਦੀ ਨਦਰਿ-ਕਰਮ ਪੈਂਦੀ ਹੈ ਉਹ ਹਰੀ ਦਾ ਨਾਮ ਲਗਾਤਾਰ ਜਪੀ ਜਾਂਦੇ ਹਨ:

ਸਭਿ ਜਾਚਿਕ ਪ੍ਰਭ ਦੇਵਨਹਾਰ॥ ਗੁਣ ਨਿਧਾਨ ਬੇਅੰਤ ਅਪਾਰ॥ ਜਿਸ ਨੋ ਕਰਮੁ ਕਰੇ ਪ੍ਰਭੁ ਅਪਨਾ॥ ਹਰਿ ਹਰਿ ਨਾਮੁ ਤਿਨੈ ਜਨਿ ਜਪਨਾ॥ 3॥ (ਭੈਰਉ ਮਹਲਾ 5, ਪੰਨਾ 1147)

ਪ੍ਰਮਾਤਮਾਂ ਦਾ ਨਾਮ ਸਭ ਤੋਂ ਉਚਾ ਹੈ। ਸਦਾ ਸਦਾ ਉਸੇ ਦਾ ਹੀ ਗੁਣ ਗਾਉ। ਪ੍ਰਮਾਤਮਾਂ ਨੂੰ ਸਿਮਰਿਆਂ ਸਾਰੇ ਦੁੱਖ ਚਲੇ ਜਾਂਦੇ ਹਨ ਤੇ ਸਾਰੇ ਸੁੱਖ ਮਨ ਵਿੱਚ ਆ ਵਸਦੇ ਹਨ। ਹੇ ਮਨ! ਇੱਕ ਸੱਚੇ ਨੂੰ ਹੀ ਸਿਮਰ। ਏਥੇ ਉਥੇ ਤੁਹਾਡੀ ਗਤੀ ਹੋਵੇਗੀ:

ਸਭ ਤੇ ਊਚਾ ਜਾ ਕਾ ਨਾਉ॥ ਸਦਾ ਸਦਾ ਤਾ ਕੇ ਗੁਣ ਗਾਉ॥ ਜਿਸੁ ਸਿਮਰਤ ਸਗਲਾ ਦੁਖੁ ਜਾਇ॥ ਸਰਬ ਸੂਖ ਵਸਹਿ ਮਨਿ ਆਇ॥ 1 ॥ ਸਿਮਰਿ ਮਨਾ ਤੂ ਸਾਚਾ ਸੋਇ॥ ਹਲਤਿ ਪਲਤਿ ਤੁਮਰੀ ਗਤਿ ਹੋਇ॥ 1 ॥ (ਭੈਰਉ ਮਹਲਾ 5, ਪੰਨਾ 1148)

ਤਿੰਨਾਂ ਜਗਤਾਂ ਵਿੱਚ ਉਹ ਹੀ ਪੂਰਾ ਭਗਤ ਜਾਣਿਆਂ ਜਾਂਦਾ ਹੈ ਜਿਸ ਦੇ ਹਿਰਦੇ ਵਿੱਚ ਇਕੋ ਇੱਕ ਪ੍ਰਮਾਤਮਾਂ ਵਸਦਾ ਹੈ:

ਭਗਤੁ ਭਗਤੁ ਸੁਨੀਐ ਤਿਹੁ ਲੋਇ॥ ਜਾ ਕੈ ਹਿਰਦੈ ਏਕੋ ਹੋਇ॥ (ਸੁਖਮਨੀ ਮ: 5, ਪੰਨਾ 283)

ਪਰ ਇਹ ਹਰ ਕਿਸੇ ਦੇ ਵਸ ਦਾ ਨਹੀਂ। ਜਗ ਵਿੱਚ ਰਜੋ, ਤਮੋ, ਸਤੋ ਦਾ ਹੀ ਪ੍ਰਭਾਵ ਹੈ ਜਿਸ ਵਿਚੋਂ ਤੁਰੀਆ ਪਦ ਕਿਸੇ ਕਿਸੇ ਨੂੰ ਹੀ ਪ੍ਰਾਪਤ ਹੁੰਦਾ ਹੈ:

ਤੀਨਿ ਬਿਆਪਤਿ ਜਗਤ ਕਉ ਤੁਰੀਆ ਪਾਵੈ ਕੋਇ॥ (ਗਉੜੀ ਮ: 5, ਪੰਨਾ 297)

ਸੁਣਿ ਗਲਾ ਆਕਾਸ ਕੀ ਕੀਟਾ ਆਈ ਰੀਸ॥

ਜਿਵੇਂ ਹਵਾ ਵਿੱਚ ਉੱਡਣ ਵਾਲੇ ਪੰਛੀ ਨੂੰ ਵੇਖ ਕੇ ਕੀੜੀ ਕਹੇ ਕਿ ਮੈਂ ਵੀ ਉਡਦੀ ਹਾਂ, ਪਰ ਉੱਡ ਨਹੀਂ ਸਕਦੀ। ਭਾਵ ਘਾਲ ਤੋਂ ਬਿਨਾਂ ਪ੍ਰਮਾਤਮਾਂ ਨਹੀਂ ਪਾਇਆ ਜਾ ਸਕਦਾ। ਏਥੇ ਅਹੰ-ਬ੍ਰਹਮ-ਅਸਮੀ ਕਹਿਣ ਵਾਲਿਆਂ ਤੇ ਕਟਾਖ ਹੈ। ਅਕਾਸ਼ ਵਿੱਚ ਪੁੱਜਣ ਦੀਆਂ ਗੱਲਾਂ ਸੁਣਕੇ ਕੀੜੀਆਂ ਨੂੰ ਭੀ ਰਾਸ ਆਈ। ਜਿਨ੍ਹਾਂ ਕੀੜੇ ਮਕੌੜਿਆਂ ਨੂੰ ਖੰਭ ਲੱਗ ਜਾਂਦੇ ਹਨ ਉਨ੍ਹਾਂ ਵੀ ਖੰਭ ਖਿਲਾਰੇ ਬਈ ਚਲੋ ਆਕਾਸ਼ ਦੀ ਸੈਰ ਕਰ ਲਈਏ। ਥੋੜ੍ਹੀ ਹੀ ਦੂਰ ਉਡੇ ਸਨ ਕਿ ਜਾਂ ਤਾਂ ਖੰਭ ਟੁੱਟ ਗਏ ਜਾਂ ਪੰਛੀਆਂ ਨੇ ਫੜ ਕੇ ਖਾ ਲਏ। ਇਵੇਂ ਹੀ ਰੱਬ ਦੀਆਂ ਗੱਲਾਂ ਸੁਣ ਕੇ ਤੁੱਛ ਜੀਵ ਵੀ ਉਸ ਪ੍ਰਮਾਤਮਾਂ ਤਕ ਆਪਣੇ ਯਤਨਾਂ ਦੁਆਰਾ ਪ+ਜਣਾ ਲੋਚਦੇ ਹਨ, ਪਰ ਜੋ ਕਰਮ ਉਹ ਕਰਦੇ ਹਨ ਜਾਂ ਤਾਂ ਤੋੜ ਹੀ ਨਹੀਂ ਪਹੁੰਚਾਉਂਦੇ ਜੇ ਪਹੁੰਚਣ ਵੀ ਲੱਗਣ ਤਾਂ ਹੰਕਾਰ ਆ ਕੇ ਝੱਟ ਫੜ ਲੈਂਦਾ ਹੈ।

ਨਾਨਕ ਨਦਰੀ ਪਾਈਐ ਕੂੜੀ ਕੂੜੈ ਠੀਸ॥ 32 

ਗੁਰੂ ਜੀ ਫੁਰਮਾਉਂਦੇ ਹਨ ਕਿ ਹੇ ਭਾਈ! ਇਹ ਨਾਮ ਤਾਂ ਪ੍ਰਮਾਤਮਾਂ ਦੀ ਕ੍ਰਿਪਾ ਦ੍ਰਿਸ਼ਟੀ ਦੁਆਰਾ ਪ੍ਰਾਪਤ ਹੁੰਦਾ ਹੈ, ਜਿਹੜੇ ਕੂੜੇ ਦਮਗਜੇ ਮਾਰਦੇ ਹਨ, ਉਹ ਝੂਠੇ ਹਨ। ਉਸ ਵਾਹਿਗੁਰੂ ਦੀ ਪ੍ਰਾਪਤੀ ਜਾਂ ਉਸ ਵਿੱਚ ਲੀਨਤਾ, ਉਸ ਦੀ ਨਦਰ ਭਾਵ ਬਖਸ਼ਿਸ਼ ਨਾਲ ਹੀ ਪਰਾਪਤ ਹੁੰਦੀ ਹੈ। ਕਮਾਈ ਬਿਨਾ ਪੂਰਨ ਪੁਰਖਾਂ ਦੀਆਂ ਗੱਲਾਂ ਸੁਣ ਸੁਣ ਕੇ ਬ੍ਰਹਮ ਗਿਆਨੀਆਂ ਦੀ ਰੀਸ ਕਰਨੀ, ਕੂੜੇ ਬੰਦੇ ਦੀਆਂ ਕੂੜੀਆਂ ਗੱਪਾਂ ਹਨ। ਪ੍ਰਮਾਤਮਾਂ ਦੀ ਪ੍ਰਾਪਤੀ ਤਾਂ ਉਸ ਦੀ ਬਖਸ਼ਿਸ਼ ਦੁਆਰਾ ਹੀ ਹੁੰਦੀ ਹੈ। ਇਤਨੀ ਕਮਾਈ ਤੋਂ ਬਾਦ ਵੀ ਟੈਸਟ ਵਿਚੋਂ ਪਾਸ ਹੋ ਕੇ ਬਖਸ਼ਿਸ਼ ਪ੍ਰਾਪਤ ਕਰਨ ਦੀ ਲੋੜ ਹੈ। ਕੇਵਲ ਕਮਾਈ ਦਾ ਵੀ ਮਾਣ ਨ ਕਰੋ ਸਗੋਂ ਕਮਾਈ ਕਰਦੇ ਹੋਏ ਇਮਤਿਹਾਨ ਵਿਚੋਂ ਪਾਸ ਹੋ ਕੇ ਬਖਸ਼ਿਸ਼ ਦੇ ਪਾਤਰ ਵੀ ਬਣੋ। ਇਸ ਤਰ੍ਹਾਂ ਧਰਮ-ਕਰਮ ਕਮਾਉਂਦੇ, ਪ੍ਰਮਾਤਮਾਂ ਦਾ ਗਿਆਨ ਗੁਰੂ ਤੋਂ ਪਰਾਪਤ ਕਰ, ਸਿਮਰਨ ਦੀਆਂ ਪਉੜੀਆਂ ਚੜ੍ਹਣੀਆਂ ਹਨ, ਨਾਮ ਸਿਮਰਨ ਦੀ ਮਿਹਨਤ ਕਰਨੀ ਹੈ, ਰੋਮ-ਰੋਮ, ਸਾਸ-ਸਾਸ ਸਿਮਰਦੇ ਹੋਏ ਸਿਮਰਨ ਦਾ ਇਮਤਿਹਾਨ ਪਾਸ ਕਰਕੇ ਉਸ ਦੀ ਬਖਸ਼ਿਸ਼ ਪ੍ਰਾਪਤ ਕਰਨੀ ਹੈ ਤਾਂ ਹੀ ਜਾ ਕੇ ਲਿਵਲੀਨਤਾ ਜਾਂ ਉਸ ਵਿੱਚ ਇੱਕ ਮਿਕਤਾ ਪ੍ਰਾਪਤ ਹੋਣੀ ਹੈ:

ਪਉੜੀ 33

AwKix joru cupY nh joru ] joru n mMgix dyix n joru ] joru n jIvix mrix nh joru ] joru n rwij mwil min soru ] joru n surqI igAwin vIcwir ] joru n jugqI CutY sMswru ] ijsu hiQ joru kir vyKY soie ] nwnk auqmu nIcu n koie ] 33 ]

32ਵੀਂ ਪਉੜੀ ਵਿੱਚ ਗੁਰੂ ਜੀ ਨਾਮ ਸਿਮਰਨ ਦੀਆਂ ਵੱਖ ਵੱਖ ਪਉੜੀਆਂ ਨੂੰ ਸਮਝਾਉਂਦੇ ਹਨ ਤੇ ਭਗਤੀ ਨੂੰ ਕੁਦਰਤਨ, ਸਹਿਜ ਢੰਗ ਨਾਲ ਕਰਨਾ ਹੀ ਯੋਗ ਸਮਝਦੇ ਹਨ, ਧੱਕੇ ਨਾਲ ਜ਼ੋਰ ਨਾਲ ਭਗਤੀ ਨਹੀਂ ਕੀਤੀ ਜਾ ਸਕਦੀ। ਹੱਠ ਯੋਗ ਜਾਂ ਕਠਿਮ ਤਪ ਮਾਰਗ ਨਹੀਂ ਅਪਣਾਉਣਾ, ਸਹਿਜ ਮਾਰਗ ਹੀ ਅਪਣਾਉਣਾ ਹੈ। ਕਈ ਲੋਕ ਪ੍ਰਮਾਤਮਾਂ ਪ੍ਰਾਪਤਾਂੀ ਲਈ ਹੱਠ ਕਰਦੇ ਹਨ। ਭੁਖੇ ਰਹਿਣਾ, ਪੁੱ੍ਰਠੇ ਲਟਕਣਾ, ਉਨੀਂਦਰਾ ਕੱਟਣਾ, ਇੱਕ ਲੱਤ ਤੇ ਖੜੇ ਰਹਿਣਾ, ਧੂਣੀਆਂ ਤਪਾਉਣੀਆਂ ਅਤੇ ਸਰਦੀਆਂ ਵਿੱਚ ਠੰਡੇ ਪਾਣੀ ਵਿੱਚ ਖੜ੍ਹਾ ਹੋ ਕੇ ਤਪ ਕਰਨਾ ਆਦਿ ਸਭ ਹਠ ਮਾਰਗ ਹਨ।

ਇਸ ਪਉੜੀ ਵਿੱਚ ਗੁਰੂ ਜੀ ਸਮਝਾਉਂਦੇ ਹਨ ਕਿ ਅਸੀਂ ਜੋ ਮਨ ਵਿੱਚ ਮੰਨ ਬੈਠਦੇ ਹਾਂ ਕਿ ਸਭ ਕੁੱਝ ਬਲ ਪ੍ਰਯੋਗ ਨਾਲ ਪਾਇਆ ਜਾ ਸਕਦਾ ਹੈ, ਇਹ ਧਾਰਨਾ ਸਹੀ ਨਹੀਂ। ਸਾਡੇ ਵਿੱਚ ਤਾਂ ਇਤਨਾਂ ਤਾਣ ਵੀ ਨਹੀਂ ਕਿ ਬਿਨਾਂ ਹੁਕਮ ਦੇ ਗੱਲ ਵੀ ਕਰ ਸਕੀਏ। ਗੱਲ ਕਰਨੀ ਤਾਂ ਕਿਤੇ, ਚੁੱਪ ਰਹਿਣ ਦੀ ਵੀ ਤਾਕਤ ਨਹੀਂ, ਨਾ ਮੰਗਣ ਦਾ ਤਾਣ ਹੈ ਤੇ ਨਾ ਦੇਣ ਦਾ। ਅਸੀਂ ਨਾ ਆਪਣੇ ਤਾਣ ਨਾਲ ਜੀ ਸਕਦੇ ਤੇ ਨਾਂ ਹੀ ਮਰ ਸਕਦੇ ਹਾਂ।

ਜ਼ੋਰ ਲਾਉਣ ਨਾਲ ਇਹ ਰੱਬੀ ਗਿਆਨ ਨੇਪਰੇ ਨਹੀ ਚੜ੍ਹਦਾ, ਇਹ ਤਾਂ ਸਹਿਜ ਅਵਸਥਾ ਵਿੱਚ ਹੀ ਹੋਵੇਗਾ। ਜੇ ਤੁਸੀਂ ਇਹ ਕਹੋ ਕਿ ਚਾਰ ਸਤਿਸੰਗ ਸੁਣਨ ਨਾਲ, ਬ੍ਰਹਮ ਗਿਆਨੀਆਂ ਵਿੱਚ ਮਹੀਨਾ ਬੈਠਣ ਨਾਲ ਸਾਨੂੰ ਪਰਮਾਤਮਾ ਦਾ ਸਮੁਚਾ ਗਿਆਨ ਹੋ ਜਾਵੇਗਾ, ਦਸ ਦਿਨ ਲਗਾਤਾਰ ਉਚੀ ਉਚੀ ਇੱਕ ਸਾਹੇ ਵਾਹਿਗੁਰੂ, ਵਾੁਿਹਗੁਰੂ ਕਰਨ ਨਾਲ ਪ੍ਰਮਾਤਮਾਂ ਨਾਲ ਮੇਲ ਹੋ ਜਾਵੇਗਾ ਜਾਂ ਚੌਕੜੀ ਮਾਰ ਕੇ ਉਸ ਵਿੱਚ ਚਾਰ ਦਿਨ ਧਿਆਨ ਲਾਉਣ ਦੀ ਕੋਸ਼ਿਸ਼ ਨਾਲ ਉਸ ਵਿੱਚ ਬਿਰਤੀ ਟਿਕ ਜਾਵੇਗੀ, ਅੰਦਰ ਜੋਤ ਜਗ ਪਵੇਗੀ ਜਾਂ ਉਸ ਦੇ ਦਰਸ਼ਨ ਹੋ ਜਾਣਗੇ ਇਹ ਗੱਲਾਂ ਐਂਵੇ ਅਪਣਾ ਜ਼ੋਰ ਅਜਮਾਉਣ ਵਾਲੀਆਂ ਹਨ। ਜਿਵੇਂ ਦੁਪਹਿਰ ਦੇ ਸਮੇਂ ਕੋਈ ਆਖੇ ਕਿ ਹੁਣੇ ਹੁਣੇ ਇੱਕ ਮਿੰਟ ਵਿੱਚ ਰਾਤ ਪੈ ਜਾਵੇ ਤਾਂ ਨਹੀਂ ਪੈ ਸਕਦੀ; ਰਾਤ ਤਾਂ ਸਮਾਂ ਪਾ ਕੇ ਆਪਣੇ ਆਪ ਹੀ ਪੈ ਜਾਣੀ ਹੈ, ਬੰਦੇ ਦੇ ਜ਼ੋਰ ਲਾਉਣ ਨਾਲ ਨਹੀਂ ਆਉਣੀ, ਸੋ ਅਪਣੇ ਜ਼ੋਰ ਨਹੀਂ ਚੱਲਣਾ। ਇਸ ਤਰ੍ਹਾਂ ਜੋ ਸਮਾਂ ਆਉਣਾ ਹੈ, ਆਪ ਹੀ ਆ ਜਾਵੇਗਾ, ਜ਼ੋਰ ਲਾਉਣ ਨਾਲ ਨਹੀਂ ਆਵੇਗਾ। ਸਹਿਜ ਵਿੱਚ ਰਹੀਏ ਤਾਂ ਸਮਾਂ ਆ ਜਾਵੇਗਾ। ਆਪ ਹੀ ਮਨ ਟਿਕ ਜਾਵੇਗਾ, ਸੁਰਤੀ ਇਕਾਗਰ ਹੋ ਜਾਵੇਗੀ। ਸਹਿਜ ਵਿੱਚ ਰਹਿਣਾ ਸਹਿਜ ਮਾਰਗ ਹੈ। ਕੁਦਰਤ ਦਾ ਚੱਕਰ ਲਗਾਤਾਰ ਅਗੇ ਵਲ ਚੱਲ ਰਿਹਾ ਹੈ, ਸਹਿਜੇ ਸਹਿਜੇ ਸਮਾਂ ਆ ਜਾਂਦਾ ਹੈ। ਸਹਿਜ ਅਵਸਥਾ ਵਿੱਚ ਸਿਮਰਨ ਕਰੀ ਚੱਲੋ। ਸਿਮਰਨ ਕਰਦਿਆਂ ਕਰਦਿਆਂ ਆਪਣੇ ਆਪ ਹੀ ਉਹ ਅਵਸਥਾ ਆ ਜਾਵੇਗੀ, ਗਿਆਨ ਹੋ ਜਾਵੇਗਾ, ਬਿਰਤੀ ਵਿੱਚ ਟਿਕਾਉ ਆ ਜਾਵੇਗਾ ਅਤੇ ਆਤਮ ਜੋਤ ਦੀ ਪ੍ਰਾਪਤੀ ਹੋ ਜਾਵੇਗੀ ਪਰ ਸਹਿਜ ਨਾਲ, ਜ਼ੋਰ ਲਾਉਣ ਨਾਲ ਨਹੀਂ, ਹੱਠ ਕਰਨ ਨਾਲ ਨਹੀਂ। ਜੀਵ ਧਰਤੀ ਤੇਹ ਉਸ ਦੇ ਹੁਕਮ ਨਾਲ ਹੀ ਆਉਂਦਾ ਹੈ, ਹੁਕਮ ਅਨੁਸਾਰ ਹੀ ਸਭ ਕਰੀ ਜਾਂਦਾ ਹੈ। ਮਨੁਖ ਹੁਕਮ ਅਨੁਸਾਰ ਜੱਗ ਤੇ ਆਉਂਦਾ ਹੈ ਤੇ ਜਦ ਉਸ ਦਾ ਹੁਕਮ ਹੁੰਦਾ ਹੈ ਏਥੋਂ ਤੁਰਦਾ ਬਣਦਾ ਹੈ:

ਘਲੇ ਆਵਹਿ ਨਾਨਕਾ ਸਦੇ ਉਠੀ ਜਾਹਿ॥ (ਵਾਰ ਸਾਰੰਗ, ਸਲੋਕ ਮ: 2, ਪੰਨਾ 1269)

ਉਹ ਉਸਦੇ ਹੁਕਮੋਂ ਬਾਹਰ ਨਾਂ ਆ ਸਕੲਾ ਹੈ ਤੇ ਨਾਂ ਜਾ ਸਕਦਾ ਹੈ। ਜੀਵ ਦਾ ਜ਼ੋਰ ਤਾਂ ਕਿਤੇ ਵੀ ਨਹੀਂ ਚਲਦਾ, ਸਾਰਾ ਜ਼ੋਰ, ਸਾਰਾ ਤਾਣ ਪ੍ਰਮਾਤਮਾਂ ਦਾ ਹੀ ਹੈ ਜੋ ਜੀਵਾਂ ਨੂੰ ਉਹਆਪ ਬਖਸ਼ਦਾ ਹੈ:

ਜ਼ੋਰ ਚਾਰ ਪ੍ਰਕਾਰ ਦੇ ਹਨ: ਆਤਮਕ, ਸਰੀਰਕ, ਮਾਨਸਿਕ, ਆਰਥਿਕ। ਆਤਮਕ ਭਾਵ ਵਿਲ ਪਾਵਰ, ਜਿਸ ਨੇ ਮਨ ਬਣਾਇਆ ਸ਼ਕਤੀ ਉਸੇ ਦੀ।

ਸਰੀਰਕ ਬਲ

ਇਸ ਕਾ ਬਲੁ ਨਹੀਂ ਇਸੁ ਹਾਥ॥ ਕਰਨ ਕਰਾਵਨ ਸਰਬ ਕੋ ਨਾਥ॥ (ਸੁਖਮਨੀ ਪੰਨਾ 277)

ਨਾ ਹੀ ਸਾਡੇ ਪਾਸ ਤਾਣ ਹੈ ਕਿ ਰਾਜ ਕਰੀਏ ਜਾਂ ਮਾਲ ਇਕੱਠਾ ਕਰੀਏ; ਰਾਜ ਤੇ ਮਾਲ ਜਿਨ੍ਹਾਂ ਨੇ ਮਨ ਵਿੱਚ ਇਤਨਾ ਸ਼ੋਰ ਪਾਇਆ ਹੋਇਆ ਹੈ। ਸਾਡੀ ਸੂਰਤ ਵਿੱਚ ਇਤਨਾ ਤਾਣ ਨਹੀਂ ਕਿ ਅਸੀਂ ਇਸ ਨੂੰ ਜਾਣੀਏਂ ਜਾਂ ਠੀਕ ਵਿਚਾਰ ਕਰ ਸਕੀਏ, ਨਾ ਉਸ ਵਿਉਂਤ ਤੇ ਤੁਰਨ ਦਾ ਤਾਣ ਹੈ ਜਿਸ ਨਾਲ ਜਨਮ ਮਰਨ ਦੂਰ ਹੋ ਜਾਵੇ। ਜਿਸ ਦੇ ਪਾਸ ਤਾਣ ਹੈ ਕਰਕੇ ਵੇਖ ਲਵੇ। ਉਹਦੇ ਭਾਣੇ ਕੋਈ ਉਤਮ ਜਾਂ ਨੀਚ ਨਹੀਂ। ਜਿਸ ਨੂੰ ਭਾਵੇ ਉਹ ਹੀ ਉਤਮ ਜਾਂ ਨੀਚ ਹੈ, ਹੀਆ ਪੈਂਦਾ ਹੈ ਅਜ਼ਮਾ ਕੇ ਵੇਖ ਲਵੋ।

ਜ਼ੋਰ ਨਾਲ ਬਂਦਾ ਬੋਲ ਨਹੀਨ ਸਕਦਾ ਭਾਵ ਵਾਹਿਗੁਰੂ ਬਾਰੇ ਕੁੱਝ ਕਥਨ ਕਰਨਾਂ ਬੰਦੇ ਦੇ ਵਸ ਵਿੱਚ ਨਹੀਂ। ਾਿੱਕ ਅਵਸਥਾ ਆਉਂਦੀ ਹੈ ਕਿ ਬੰਦਾ ਕਿਸੇ ਰੰਗ ਵਿੱਚ ਆ ਕੇ ਬੋਲਣਾ ਸ਼ੁਰੂ ਹੋ ਜਾਂਦਾ। ਪਰ ਵਾਹਿਗੁਰੂ ਦੀ ਕਿਰਪਾ ਬਿਨਾਂ ਬੋਲਿਆ ਵੀ ਨਹੀਂ ਜਾ ਸਕਦਾ। ਇਸੇ ਤਰ੍ਹਾਂ ਜ਼ੋਰ ਨਾਲ ਚੁੱਪ ਵੀ ਨਹੀਂ ਹੋ ਸਕਦੀ।

ਚੁਪੈ ਚੁਪ ਨ ਹੋਵਈ ਜੇ ਲਾਇ ਰਹਾ ਲਿਵ ਤਾਰ॥ (ਜਪੁਜੀ ਪੰਨਾ 1)

ਚੁੱਪ ਕਰਨ ਦੀ ਇੱਕ ਅਵਸਥਾ ਆਉਂਦੀ ਹੈ ਜਦ ਬੰਦੇ ਦਾ ਬੋਲਣ ਨੂੰ ਦਿਲ ਨਹੀਂ ਕਰਦਾ। ਇਸ ਤਰ੍ਹਾਂ ਦੀ ਚੁੱਪ ਧਾਰਨ ਕਰਦਾ ਹੈ ਤੇ ਕਹਿੰਦਾ ਹੈ ਕਿ ‘ਮੈਨਂੂੰ ਨਾ ਬੁਲਾਉ’। ਪਰ ਇਸ ਦਾ ਮਤਲਬ ਨਹੀਂ ਕਿ ਜੇ ਮੂੰਹ ਚੁੱਪ ਕਰ ਗਿਆ ਤਾਂ ਮਨ ਵੀ ਚੁੱੋਪ ਕਰ ਜਾਵੇਗਾ, ਮਨ ਵਿੱਚ ਕਿਤਨੀਆਂ ਉਧੇੜ ਬੁਣਾਂ ਚਲ ਰਹੀਆਂ ਹੋਣਗੀਆਂ ਜਿਨ੍ਹਾਂ ਦੇ ਥੱਲੇ ਉਹ ਆਪੇ ਵਿੱਚ ਹੀ ਬੁੜਬੁੜਾਉਣ ਲੱਗ ਸਕਦਾ ਹੈ। ਨਾਲੇ ਮਨ ਵਿੱਚ ਤਾਂ ਵਾਸ਼ਨਾਵਾਂ ਬੋਲਦੀਆਂ ਹੀ ਰਹਿੰਦੀਆਂ ਹਨ।

ਆਖਣਿ ਜੋਰੁ ਚੁਪੈ ਨਹ ਜੋਰੁ॥

ਜ਼ੋਰ ਨਾਲ ਮੰਗਿਆ ਨਹੀਂ ਜਾ ਸਕਦਾ। ਮੰਗਣ ਦਾ ਵੀ ਕੋਈ ਸਮਾਂ ਹੁੰਦਾ ਹੈ, ਮੰਗਣ ਲਈ ਹਾਲਾਤ ਪੈਦਾ ਹੁੰਦੇ ਹਨ। ਮੰਗਤਾ ਮੰਗੀ ਜਾਦਾ ਹੇ, ਬੋਲੀ ਜਾਂਦਾ ਹੈ ਪਰ ਅਗਲਾ ਕੁੱਝ ਨਹੀਂ ਪਲੇ ਪਾਉਂਦਾ। ਮੰਗਣਾਂ ਤਾਂ ਆਦਤ ਵੀ ਬਣ ਜਾਦੀ ਹੈ, ਸੁਭਾ ਬਣ ਜਾਦਾ ਹੈ ਤੇ ਸੁਣਨ ਵਾਲੇ ਤੇ ਕੋਈ ਅਸਰ ਨਹੀੰ ਪੈਂਦਾ ਹੈ। ਪਰ ਇੱਕ ਪਰਮਾਤਮਾ ਹੈ ਜਿਸ ਤੋਂ ਲੋਕ ਲਗਾਤਾਰ ਮੰਗੀ ਜਾਂਦੇ ਹਨ ਤੇ ਉਹ ਲਗਾਤਾਰ ਦੇਈ ਜਾ ਰਿਹਾ ਹੈ। ਨਾ ਕਿਸੇ ਨੂੰ ਬੁਰਾ ਬੋਲਦ ਹੈ ਨਾਂ ਝਿੜਕਦਾ ਹੈ ਨਾ ਕਿਸੇ ਨੂੰ ਖਾਲੀ ਮੋੜਦਾ ਹੈ। ਜੀਵ ਨੇ ਜੇ ਮੰਗਣਾ ਹੈ ਤਾਂ ਹਮੇਸ਼ਾ ਉਸ ਦਾ ਜਸ ਗਾਉਣ ਦੀ ਸ਼ਕਤੀ ਮੰਗਣੀ ਚਾਹੀਦੀ ਹੈ:

ਮਾਂਗਨਾ ਮਾਂਗਨੁ ਨੀਕਾ ਹਰਿ ਜਸੁ ਗੁਰ ਤੇ ਮਾਗਨਾ। (ਮਾਰੂ ਮ: 5, ਪੰਨਾ 1018)

ਹਰੀ ਜਸ ਮੰਗਣ ਲਈ ਹਾਲਾਤ ਪੇਦਾ ਹੁੰਦੇ ਹਨ। ਮੰਗਤੇ ਦੀ ਬੇਲੋੜੀ ਆਵਾਜ਼ ਸੁਣ ਕੇ ਕੋਈ ਇੱਕ ਵੀ ਪੈਸਾ ਨਹੀਂ ਦੇਵੇਗਾ। ਪਰੰਤੂ ਜਿਥੇ ਪ੍ਰਮਾਤਮਾਂ ਦਾ ਜਸ ਗਾਇਆ ਜਾਂਦਾ ਹੋਵੇ ਉਸ ਥਾਂ ਲੋਕ ਪੈਸਿਆਂ ਦੇ ਢੇਰ ਲਾ ਦਿੰਦੇ ਹਨ। ਜੋ ਪ੍ਰਮਾਤਮਾਂ ਨਾਲ ਜੁੜਿਆ ਹੋਵੇ ਉਸ ਦੇ ਤਾਂ ਕਹਿਣੇ ਹੀ ਕੀ। ਲੋਕ ਅਪਣੀਆਂ ਸਾਰੀਆਂ ਜਾਇਦਾਦਾਂ ਵੀ ਉਸ ਦੇ ਨਾਮ ਤਕ ਲਾਉਣ ਜਾਂਦੇ ਹਨ ਤੇ ਮੰਗਦੇ ਹਨ ਬਸ ਇੱਕ ਨਾਮ ਦਾ ਬਖਸ਼ਿਸ਼। ਇਸੇ ਤਰ੍ਹਾਂ ਤਾਕਤ ਦੇ ਨਸ਼ੇ ਵਿੱਚ ਆਦਮੀ ਭਿਖਿਆ ਨਹੀਂ ਪਾਉਂਦਾ ਪਰ ਜਦ ਉਹ ਹੀ ਸਹਿਜ ਅਵਸਥਾ ਵਿੱਚ ਹੁੰਦਾ ਹੇ ਤਾ ਲੱਖਾ ਦਾਨ ਕਰ ਦਿੰਦਾ ਹੈ। ਸੋ ਸਮਾਂ ਤੇ ਸਥਿਤੀ ਹੁੰਦੀ ਹੈ ਦੇਣ ਦੀ ਤੇ ਮੰਗਣ ਦੀ। ਇਸ ਲਈ ਸਹਿਜ ਵਿੱਚ ਰਹਿ ਕੇ ਸਮੇਂ ਤੇ ਸਥਿਤੀ ਦਾ ਇੰਤਜ਼ਾਰ ਜ਼ਰੂਰ ਕਰਨਾ ਚਾਹੀਦਾ ਹੈ:

ਜੋਰੁ ਨ ਮੰਗਣਿ ਦੇਣਿ ਨ ਜੋਰੁ॥

ਜ਼ੋਰ ਨਾਲ ਕੋਈ ਮਰ ਨਹੀਂ ਸਕਦਾ, ਜ਼ੋਰ ਨਾਲ ਕੋਈ ਜਿਉਣਾ ਵੀ ਚਾਹੇ ਤਾਂ ਵੀ ਜੀ ਨਹੀਂ ਸਕਦਾ। ਸਮੇਂ ਅਨੁਸਾਰ ਹੀਸਭ ਨੇ ਜਿਉਣਾ ਤੇ ਮਰਨਾ ਹੈ।

ਜੋਰੁ ਨ ਜੀਵਣਿ ਮਰਣਿ ਨਹ ਜੋਰੁ॥

ਜਿਥੇ ਧਨ ਹੋਵੇਗਾ ਉਥੇ ਗਤੀ ਵਿਧੀ ਹੋਵੇਗੀ। ਜਿਥੇ ਗਤੀ ਵਿਧੀ ਹੋਵੇਗੀ ਉਤੇ ਸ਼ੋਰ ਹੋਵੇਗਾ। ਇਸ ਦੇ ਮੁਕਾਬਲੇ ਜਿਥੇ ਮਿਠੇ ਪਰਿਵਚਨ ਹੋ ਰਹੇ ਹੋਣ ਜਾਂ ਸ਼ਬਦ ਸੰਗੀਤ ਦੀ ਧਾਰਾ ਵਹਿ ਰਹੀ ਹੋਵੇ ਸਭ ਸ਼ਾਂਤ ਹੋ ਕੇ ਸੁਣਦੇ ਹਨ। ਚਾਰੇ ਪਾਸੇ ਸ਼ਾਂਤੀ ਦਾ ਵਾਤਾਵਰਣ ਫੈਲ ਜਾਂਦਾ ਹੈ। ਮਨ ਵਿੱਚ ਸ਼ੋਰ ਸ਼ਰਾਬਾ ਪੈਦਾ ਕਰਨ ਵਾਲਾ ਧਨ, ਮਾਲ ਤੇ ਰਾਜ ਜ਼ੋਰ ਨਾਲ ਨਹੀਂ ਮਿਲ ਸਕਦਾ। ਧਨ, ਮਾਲ ਤੇ ਰਾਜ ਦੀ ਪ੍ਰਾਪਤੀ ਵੀ ਸਮੇਂ ਨਾਲ ਹੁੰਦੀ ਹੈ ਜ਼ੋਰ ਲਾਉਣ ਨਾਲ ਨਹੀਂ। ਇਸੇ ਤਰ੍ਹਾਂ ਜਿਵੇਂ ਇਹ ਕਾਰਜ ਜ਼ੋਰ ਨਾਲ ਨਹੀਂ ਹੋ ਸਕਦੇ ਤਿਵੇਂ:

ਜੋਰੁ ਨ ਰਾਜਿ ਮਾਲਿ ਮਨਿ ਸੋਰੁ॥

ਜ਼ੋਰ ਲਾਉਣ ਨਾਲ ਸੁਰਤੀ ਵਿੱਚ ਗਿਆਨ ਦਾ ਵਿਚਾਰ ਨਹੀਂ ਆਵੇਗਾ ਅਥਵਾ ਸੁਰਤੀ ਵਿੱਚ ਰੱਬੀ ਗਿਆਨ ਜਾਂ ਰੱਬੀ ਵਿਚਾਰ ਨਹੀਂ ਆਵੇਗਾ। ਇਸ ਦਾ ਵੀ ਸਮਾਂ ਹੈ ਪਤਾ ਨਹੀਂ ਕਦੋਂ ਆ ਜਾਵੇ। ਸਹਿਜ ਅਵਸਥਾ ਵਿੱਚ ਵਿਚਰਿਆਂ, ਉਡੀਕ ਕੀਤਿਆਂ ਆਪਣੇ ਆਪ ਹੀ ਜਾਵੇਗਾ।

ਜੋਰੁ ਨ ਸੁਰਤੀ ਗਿਆਨਿ ਵੀਚਾਰਿ॥

ਉਹ ਜੁਗਤੀ ਜਿਸ ਰਾਹੀਂ ਸੰਸਾਰ ਦਾ ਜਾਲ ਛੁੱਟ ਸਕੇ, ਉਦ ਜੁਗਤੀ ਵਿੱਚ ਵੀ ਜ਼ੋਰ ਨਹੀਂ ਚਲ ਸਕਦਾ।

ਜੋਰੁ ਨ ਜੁਗਤੀ ਛੁਟੈ ਸੰਸਾਰੁ॥

ਗੁਰੂ ਨਾਨਕ ਦੇਵ ਜੀ ਚੁਨੌਤੀ ਦਿੰਦੇ ਹਨ ਕਿ ਭਾਈ ਜਿਸ ਦੇ ਹੱਥ ਵਿੱਚ ਕੋਈ ਜ਼ੋਰ ਹੈ, ਕਰਕੇ ਵੇਖ ਲਵੇ ਭਾਵ ਯਤਨ ਕਰਕੇ ਵੇਖ ਲਵੇ, ਉਹਦਾ ਜ਼ੋਰ ਨਹੀਂ ਚਲਣਾ। ਸਾਰਾ ਜ਼ੋਰ ਤਾਂ ਪ੍ਰਮਾਤਮਾਂ ਦਾ ਹੈ ਜੋ ਉਸੇ ਨੂੰ ਪ੍ਰਾਪਤ ਹੁੰਦਾ ਹੈ ਜਿਸ ਨੂੰ ਉਸ ਦੀ ਬਖਸ਼ ਪਰਾਪਤ ਹੋਵੇ।

ਜਿਸੁ ਹਥਿ ਜੋਰੁ ਕਰਿ ਵੇਖੈ ਸੋਇ॥

ਅੰਤ ਵਿੱਚ ਗੁਰੂ ਜੀ ਦਸਦੇ ਹਨ ਜ਼ੋਰ ਨਾਲ ਨਾ ਕੋਈ ਉੱਤਮ ਬਣ ਸਕਦਾ ਹੈ ਅਤੇ ਨਾ ਹੀ ਕੋਈ ਜ਼ੋਰ ਨਾਲ ਨੀਚ ਬਣ ਸਕਦਾ ਹੈ। ਜੇ ਕੋਈ ਨੀਚ ਹੋਵੇ ਤੇ ਜ਼ੋਰ ਨਾਲ ਉੱਤਮ ਬਣਨ ਦਾ ਯਤਨ ਕਰੇ ਤਾਂ ਅਖੀਰ ਵਿੱਚ ਉਸ ਦੀ ਨੀਚਤਾ ਪ੍ਰਗਟ ਹੋ ਜਾਵੇਗੀ। ਜੇ ਕੋਈ ਉੱਤਮ ਪੁਰਖ ਹੋਵੇ ਤੇ ਆਪਣੇ ਆਪ ਨੂੰ ਨੀਚ ਦੱਸੇ ਤਾਂ ਅੰਤ ਵਿੱਚ ਉਸ ਦੀ ਉਤਮਤਾ ਪ੍ਰਗਟ ਹੋ ਹੀ ਜਾਂਦੀ ਹੈ ਕਿ ਇਹ ਉੱਤਮ ਹੈ।

ਨਾਨਕ ਉਤਮੁ ਨੀਚੁ ਨ ਕੋਇ॥ 33

ਇਸ ਪਉੜੀ ਵਿੱਚ ਦਸਿਆ ਹੈ ਕਿ ਬੰਦਾ ਆਪਣਾ ਕੰਮ ਕਰੀ ਜਾਵੇ, ਪੁਰਸ਼ਾਰਥ ਕਰੀ ਜਾਵੇ, ਅੰਮ੍ਰਿਤ ਵੇਲੇ ਉੱਠਣਾ, ਨਾਮ ਜਪਣਾ, ਸਿਮਰਨ ਕਰਨਾ, ਸੇਵਾ ਕਰਨੀ ਆਦਿ ਕਰਮ ਕਰੀ ਜਾਵੇ, ਆਪਣੇ ਆਪ ਹੀ ਉਹ ਸਮਾਂ ਆ ਜਾਵੇਗਾ ਤੇ ਪਰਮਪਦ ਦੀ ਪ੍ਰਾਪਤੀ ਹੋ ਜਾਵੇਗੀ। ਇਸ ਕਾਰਜ ਲਈ ਕਾਹਲ ਨਾ ਕਰੇ, ਸਹਿਜ ਵਿੱਚ ਰਹੇ, ਉਡੀਕ ਕਰੇ, ਆਪਣੇ ਆਪ ਹੀ ਉਹ ਸਮਾਂ ਆ ਜਾਵੇਗਾ। ਜੋ ਸਮਾਂ ਆਉਣਾ ਹੈ ਆਪਣੇ ਆਪ ਹੀ ਆ ਜਾਵੇਗਾ। ਜ਼ੋਰ ਲਾਉਣ ਨਾਲ ਨਹੀਂ ਆਵੇਗਾ। ਕਾਹਲ ਨਾ ਕਰੋ, ਜ਼ੋਰ ਨਾਮ ਇਹ ਕੰਮ ਨਹੀਂ ਹੋਣਾ। ਸਹਿਜ ਵਿੱਚ ਰਹੀਏ ਸਮਾਂ ਆਪੇ ਹੀ ਮਨ ਟਿਕ ਜਾਵੇਗਾ, ਸੁਰਤੀ ਇਕਾਗਰ ਹੋ ਜਾਵੇਗੀ। ਸਹਿਜ ਵਿੱਚ ਰਹਿਣਾ ਸਹਿਜ ਮਾਰਗ ਹੈ। ਕੁਦਰਤ ਦਾ ਚੱਕਰ ਚੱਲ ਰਿਹਾ ਹੈ, ਸਹਿਜੇ ਸਹਿਜੇ ਸਮਾਂ ਆ ਜਾਂਦਾ ਹੈ। ਇਹ ਗੁਰੂ ਨਾਨਕ ਦੇਵ ਜੀ ਦਾ ਸਹਿਜ ਮਾਰਗ ਹੈ।
.