.

ਸਿੱਖ ਧਰਮ ਦੀ ਸਚਾਈ

ਹਾਕਮ ਸਿੰਘ

ਧਰਮ ਭਾਰਤੀ ਸੰਸਕ੍ਰਿੱਤੀ ਦੀ ਉਪਜ ਹੈ। ਇਸ ਨੂੰ ਅਧਿਆਤਮਕ ਵਿਚਾਰਧਾਰਾ ਤੇ ਆਧਾਰਤ ਜੀਵਨ ਢੰਗ ਮੰਨਿਆ ਜਾਂਦਾ ਹੈ। ਸਿੱਖ ਧਰਮ ਨੂੰ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਤੇ ਆਧਾਰਤ ਸਮਝਿਆ ਜਾਂਦਾ ਹੈ। ਗੁਰਬਾਣੀ ਵਿੱਚ ਕੋਈ ਪਰਸਪਰ ਵਿਰੋਧੀ ਵਿਚਾਰ ਨਹੀਂ ਹੈ ਪਰ ਅਜੋਕਾ ਸਿੱਖ ਧਰਮ ਅਨੇਕ ਸੰਪਰਦਾਵਾਂ, ਟਕਸਾਲਾਂ, ਮੱਠਾਂ, ਰਹਿਤਾਂ, ਸੰਸਥਾਵਾਂ ਅਤੇ ਡੇਰਿਆਂ ਵਿੱਚ ਵੰਡਿਆਂ ਪਿਆ ਹੈ ਜਿਸ ਤੋਂ ਇਹ ਸ਼ੰਕਾ ਪੈਦਾ ਹੋਣਾ ਸੁਭਾਵਕ ਹੈ ਕਿ ਧਰਮ ਲੋਕਾਂ ਵਿੱਚ ਵੰਡੀਆਂ ਪਾ ਕੇ ਉਨ੍ਹਾਂ ਨੂੰ ਅਧੀਨ ਕਰਦਾ ਅਤੇ ਉਨ੍ਹਾਂ ਵਿੱਚ ਝਗੜੇ ਪਾਉਂਦਾ ਹੈ। ਇਸ ਲਈ ਇਹ ਜਾਨਣਾ ਜ਼ਰੂਰੀ ਹੈ ਕਿ ਸਿੱਖ ਧਰਮ ਵਿੱਚ ਪਈਆਂ ਵੰਡੀਆਂ ਦਾ ਗੁਰਬਾਣੀ ਵਿੱਚ ਬਿਆਨ ਕੀਤੇ ਧਰਮ ਨਾਲ ਕੀ ਸਬੰਧ ਹੈ?
ਗੁਰਬਾਣੀ ਧਰਮ ਨੂੰ ਨਿੱਜੀ ਅਧਿਆਤਮਕ ਕਿਰਿਆ ਮੰਨਦੀ ਹੈ। ਇਸ ਦਾ ਮਨੋਰਥ ਮਨੁੱਖ ਨੂੰ ਜਨਮ-ਮਰਨ ਦੇ ਚਕਰ ਤੋਂ ਨਿਜਾਤ ਦਿਵਾ ਕੇ ਪ੍ਰਭੂ ਨਾਲ ਮਿਲਾਪ ਕਰਨ ਦਾ ਅਵਸਰ ਪ੍ਰਦਾਨ ਕਰਨਾ ਹੈ। ਗੁਰੂ ਗ੍ਰੰਥ ਸਾਹਿਬ ਵਿੱਚ ਇਸ ਵਿਚਾਰਧਾਰਾ ਦਾ ਆਧਾਰ ਗੁਰੂ ਨਾਨਕ ਦੇਵ ਜੀ ਅਤੇ ਭਗਤਾਂ ਦੀ ਬਾਣੀ ਹੈ ਜਿਸ ਦੀ ਉਨ੍ਹਾਂ ਦੇ ਪੰਜ ਪੈਰੋਕਾਰਾਂ ਨੇ ਵਿਆਖਿਆ ਕੀਤੀ ਹੈ ਅਤੇ ਆਪਣੀਆਂ ਰਚਨਾਵਾਂ ਨੂੰ ਨਾਨਕ ਬਾਣੀ ਦਾ ਨਾਂ ਦਿੱਤਾ ਹੈ। ਦੱਸੇ ਗੁਰੂ ਸਾਹਿਬਾਨ ਨੇ ਨਾਨਕ ਬਾਣੀ ਦਾ ਹੀ ਪ੍ਰਸਾਰ ਕੀਤਾ ਹੈ। ਗੁਰੂ ਸਾਹਿਬਾਨ ਲਈ ਗੁਰਮਤਿ ਦਾ ਪ੍ਰਸਾਰ ਮੁੱਖ ਧਾਰਮਕ ਕਿਰਿਆ ਸੀ। ਉਹ ਧਰਮ ਨੂੰ ਕੋਈ ਸਮਾਜਕ ਪ੍ਰਣਾਲੀ ਜਾਂ ਗੱਦੀ ਨਹੀਂ ਸਮਝਦੇ ਸਨ, ਜਿਹਾ ਕਿ ਉਸ ਸਮੇਂ ਆਮ ਪ੍ਰਚਲਤ ਸੀ। ਉਨ੍ਹਾਂ ਲਈ ਧਰਮ ਅਧਿਆਤਮਕ ਜੀਵਨ ਦਾ ਢੰਗ ਸੀ।
ਗੁਰਬਾਣੀ ਅਨੁਸਾਰ ਪ੍ਰਭੂ ਨੇ ਧਰਤੀ ਦੀ ਸਥਾਪਨਾ ਧਾਰਮਕ ਕਾਰਜ ਖੇਤਰ ਵਜੋਂ ਕੀਤੀ ਹੈ ਅਤੇ ਧਰਮ ਉਤੱਪਤੀ ਅਤੇ ਵਿਨਾਸ਼ ਤੋਂ ਨਿਰਲੇਪ, ਸਦੀਵੀ ਹੈ: “ਧਰਤਿ ਉਪਾਇ ਧਰੀ ਧਰਮ ਸਾਲਾ॥ ਉਤਪਤਿ ਪਰਲਉ ਆਪਿ ਨਿਰਾਲਾ॥” (1033) ਅਤੇ “ਰਾਤੀ ਰੁਤੀ ਥਿਤੀ ਵਾਰ॥ ਪਵਣ ਪਾਣੀ ਅਗਨੀ ਪਾਤਾਲ॥ ਤਿਸੁ ਵਿੱਚ ਧਰਤੀ ਥਾਪਿ ਰਖੀ ਧਰਮਸਾਲ” (ਪੰ: 7)। ਗੁਰਬਾਣੀ ਧਰਮ ਨੂੰ, “ਧੌਲ ਧਰਮੁ ਦਇਆ ਕਾ ਪੂਤੁ ਸੰਤੋਖੁ ਥਾਪਿ ਰਖਿਆ ਜਿਨਿ ਸੂਤਿ॥” (5) ਆਖਦੀ ਹੈ। ਧਰਮ ਨੇ, ਜੋ ਦਯਾ ਦਾ ਪੁਤਰ ਹੈ, ਧਰਤੀ ਨੂੰ ਸੰਤੋਖ ਦੇ ਸੂਤਰ (ਪ੍ਰਬੰਧ) ਵਿੱਚ ਪਰੋ ਧੌਲ (ਬਲ੍ਹਦ) ਬਣ ਆਪਣੇ ਸਿੰਗਾਂ ਤੇ ਟਿਕਾ ਕੇ ਵਿਨਾਸ਼ ਤੋਂ ਬਚਾਇਆ ਹੋਇਆ ਹੈ। ਇਸ ਨੇ ਹੀ ਮਨੁੱਖੀ ਹਉਮੈ ਅਤੇ ਸੁਆਰਥ ਨੂੰ ਸੰਸਾਰ ਨੂੰ ਤਬਾਹ ਕਰਨ ਤੋਂ ਰੋਕੀ ਰਖਿਆ ਹੈ। ਇਹ ਦੁਨਿਆਵੀ ਜੀਵਨ ਵਿੱਚ ਖਚਿੱਤ ਅਤੇ ਦੁਨੀਅਵੀ ਮੋਹ ਤੋਂ ਅਣਭਿੱਜ ਮਨੁੱਖਾਂ ਦਾ ਰਾਹਬਰ ਬਣ ਕੇ ਉਨ੍ਹਾਂ ਦੀ ਅਗਵਾਈ ਕਰ ਰਿਹਾ ਹੈ: “ਪਰਵਿਰਤਿ ਨਿਰਵਿਰਤਿ ਹਾਠਾ ਦੋਵੈ ਵਿਚਿ ਧਰਮੁ ਫਿਰੈ ਰੈਬਾਰਿਆ॥” (ਪੰ: 1280)। ਧਰਮ ਲੋਕਾਂ ਨੂੰ ਪ੍ਰਭੂ ਦੀ ਸੂਝ ਬਖਸ਼ਦਾ ਅਤੇ ਪ੍ਰਭੂ ਦੇ ਉਪਾਸ਼ਕਾਂ ਨੂੰ ਮਾਇਆ ਦੇ ਭਰਮਜਾਲ ਤੋਂ ਆਗਾਹ ਕਰਦਾ ਹੈ। ਇਹ ਮਨੁੱਖ ਦੀਆਂ ਚੰਗਿਆਈਆਂ ਅਤੇ ਬੁਰਾਈਆਂ ਦਾ ਲੇਖਾ ਜੋਖਾ ਵੀ ਕਰਦਾ ਹੈ: “ਚੰਗਿਆਈਆ ਬੁਰਿਆਈਆ ਵਾਚੈ ਧਰਮੁ ਹਦੂਰਿ॥” (ਪੰ: 8)। ਅਸਲ ਵਿੱਚ ਧਰਮ ਅੱਛਾਈ ਅਤੇ ਬੁਰਾਈ ਦੇ ਮੁਕਾਬਲੇ ਦਾ ਜੱਜ ਬਣ ਕੇ ਸੰਸਾਰ ਨੂੰ ਵਿਨਾਸ਼ ਤੋਂ ਬਚਾਉਂਦਾ ਹੈ। ਧਰਮ ਐਸੇ ਨਿਸ਼ਕਾਮ ਕਰਮ ਦੇ ਪੇੜ ਦਾ ਫੁਲ ਹੈ ਜਿਸ ਨੂੰ ਹਰੀ ਨਾਮ ਦੇ ਪੱਤੇ ਅਤੇ ਅਧਿਆਤਮਕ ਗਿਆਨ ਦਾ ਫਲ ਲਗਦਾ ਹੈ: “ਕਰਮ ਪੇਡੁ ਸਾਖਾ ਹਰੀ ਧਰਮੁ ਫੁਲੁ ਫਲੁ ਗਿਆਨ॥” (1168)। ਇਹ ਪ੍ਰਭੂ ਗਿਆਨ ਪ੍ਰਾਪਤੀ ਦਾ ਮਾਰਗ ਹੈ। ਗੁਰਬਾਣੀ ਅਨੁਸਾਰ ਮਨੁੱਖ ਧਰਮ ਦੇ ਮਾਰਗ ਤੇ ਚੱਲ ਕੇ ਪ੍ਰਭੂ ਦਾ ਗਿਆਨ ਪ੍ਰਾਪਤ ਕਰ ਲੈਂਦਾ ਹੈ ਅਤੇ ਉਦੱਮ ਕਰਨ ਨਾਲ ਉਸ ਦੀ ਸੁਰਤ, ਮਤ, ਮਨ ਅਤੇ ਬੁੱਧ ਸਿੱਧਾਂ ਜੈਸੇ ਬਣ ਜਾਂਦੇ ਹਨ ਜਿਸ ਤੇ ਪ੍ਰਭੂ ਦੀ ਮਿਹਰ ਨਾਲ ਬਲ ਦੀ ਬਖਸ਼ਿਸ਼ ਹੋ ਜਾਂਦੀ ਹੈ ਅਤੇ ਉਹ ਪ੍ਰਭੂ ਦੇ ਨਿਵਾਸ ਸਥਾਨ, ਸੱਚ ਖੰਡ ਵਿੱਚ ਪ੍ਰਵੇਸ਼ ਕਰਨਯੋਗ ਬਣ ਜਾਂਦਾ ਹੈ।
ਧਰਮ ਦਾ ਸਤ ਸੰਗਤ ਨਾਲ ਡੂੰਘਾ ਸਬੰਧ ਹੈ। ਗੁਰਬਾਣੀ ਵਿੱਚ ਪ੍ਰਭੂ ਸਿਮਰਨ ਵਿੱਚ ਲੀਨ ਵਿਅਕਤੀਆਂ ਦੇ ਇਕੱਤ੍ਰਤਾ ਨੂੰ ਸਤ ਸੰਗਤ ਆਖਿਆ ਗਿਆ ਹੈ: “ਧਰਮ ਸਾਲ ਆਧਾਰ ਦੈਆਰ ਠਾਕੁਰ ਸਦਾ ਕੀਰਤਨ ਗਾਵਹੇ॥ ਜਹ ਸਾਧ ਸੰਤ ਇਕਤ੍ਰ ਹੋਵਿਹ ਤਾ ਤੁਝਹਿ ਧਿਆਵਹੇ॥” (ਪੰ: 248)। ਸਤਸੰਗਤ ਵਿੱਚ ਧਰਮ ਦੇ ਮਾਰਗ ਦੀ ਸੂਝ ਪ੍ਰਾਪਤ ਹੁੰਦੀ ਹੈ ਕਿਊਂਕੇ ਉਥੇ ਸਤਗੁਰੂ ਦਾ ਮਨ ਟਿਕਿਆ ਹੁੰਦਾ ਹੈ। “ਧਧੈ ਧਰਮੁ ਧਰੇ ਧਰਮਾ ਪੁਰਿ ਗੁਣਕਾਰੀ ਮਨੁ ਧੀਰਾ॥” (ਪੰ: 930)।
ਧਰਮ ਨੂੰ ਪ੍ਰਭੂ ਪ੍ਰਾਪਤੀ ਦਾ ਗੁਰਮਤਿ ਗਾਡੀ ਰਾਹ ਵੀ ਆਖਿਆ ਗਿਆ ਹੈ। ਇਸ ਰਾਹ ਦੇ ਪਾਂਧੀ ਬਨਣ ਲਈ ਗੁਰਬਾਣੀ ਮਨੁੱਖ ਨੂੰ ਹਉਮੈ ਅਤੇ ਸੰਸਾਰਕ ਇੱਛਾਵਾਂ ਦਾ ਤਿਆਗ ਕਰਨ ਦਾ ਉਪਦੇਸ਼ ਕਰਦੀ ਹੈ। ਗੁਰੁਫਰਮਾਨ ਹਨ: “ਇਹੁ ਸੰਸਾਰੁ ਤੇ ਤਬ ਹੀ ਛੂਟਉ ਜਉ ਮਾਇਆ ਨਹ ਲਪਟਾਵਉ॥ ਮਾਇਆ ਨਾਮੁ ਗਰਭ ਜੋਨਿ ਕਾ ਤਿਹ ਤਜਿ ਦਰਸਨੁ ਪਾਵਉ॥” (ਪੰ: 693) ਅਤੇ “ਹਉ ਹਉ ਕਰਤ ਨਹੀ ਸਚੁ ਪਾਈਐ ਹਉਮੈ ਜਾਇ ਪਰਮਪਦੁ ਪਾਈਐ॥” (ਪੰ: 226)। ਪ੍ਰਭੂ ਦਾ ਗਿਆਨ ਪ੍ਰਾਪਤ ਕਰਨ ਲਈ ਗੁਰਬਾਣੀ ਮਨੁੱਖ ਨੂੰ ਸਰੀਰ ਨਾਲੋਂ ਵੀ ਵੱਡੀ ਕੁਰਬਾਨੀ ਦੇਣ ਦਾ ਉਪਦੇਸ਼ ਕਰਦੀ ਹੈ: “ਤੈ ਸਾਹਿਬ ਕੀ ਬਾਤ ਜਿ ਆਖੈ ਕਹੁ ਨਾਨਕ ਕਿਆ ਦੀਜੈ॥ ਸੀਸੁ ਵਢੇ ਕਰਿ ਬੈਸਣੁ ਦੀਜੈ ਵਿਣੁ ਸਿਰ ਸੇਵ ਕਰੀਜੈ॥” (ਪੰ: 558)। ਜੇਕਰ ਸਿੱਖ ਧਰਮ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਤੇ ਆਧਾਰਤ ਹੈ ਤਾਂ ਉਸ ਦਾ ਵਿਹਾਰ ਗੁਰਬਾਣੀ ਵਿੱਚ ਉਪਰ ਬਿਆਨ ਕੀਤੇ ਧਰਮ ਦੇ ਅਨੁਕੂਲ ਹੋਣਾ ਚਾਹੀਦਾ ਹੈ।
ਗੁਰਬਾਣੀ ਮਨੁੱਖ ਨੂੰ ਹਉਮੈ ਤਿਆਗ ਕੇ ਬਿਨ ਸਿਰ ਤੋਂ ਮਾਨਵਤਾ ਦੀ ਸੇਵਾ ਕਰਨ ਦਾ ਉਪਦੇਸ਼ ਕਰਦੀ ਹੈ ਪਰ ਆਮ ਸਿੱਖ ਆਪਣੀਆਂ ਸੰਸਾਰਕ ਇੱਛਾਵਾਂ ਦੀ ਪੂਰਤੀ ਨੂੰ ਹਉਮੈ ਤਿਆਗਣ ਨਾਲੋਂ ਵਧੇਰੇ ਮਹਤੱਤਾ ਦਿੰਦਾ ਹੈ। ਦੁਨਿਆਵੀ ਸੋਚ ਵਾਲੇ ਸਿੱਖ ਇੱਛਾਵਾਂ ਦੇ ਤਿਆਗ ਨੂੰ ਪ੍ਰੈਕਟੀਕਲ ਨਹੀ ਸਮਝਦੇ ਅਤੇ ਆਪਣੀਆਂ ਲੋੜਾਂ ਅਤੇ ਇੱਛਾਵਾਂ ਦੀ ਪੂਰਤੀ ਨੂੰ ਜੀਵਨ ਦਾ ਮਨੋਰਥ ਮੰਨਦੇ ਹਨ। ਆਮ ਲੋਕਾਂ ਦੀ ਇਸ ਕੁਦਰਤੀ ਲੋੜ ਨੂੰ ਪੂਰਾ ਕਰਨ ਲਈ ਹੀ ਸੰਸਥਾਗਤ ਸਿੱਖ ਧਰਮ ਅਤੇ ਪੁਜਾਰੀ ਸ਼੍ਰੇਣੀ ਹੋਂਦ ਵਿੱਚ ਆਏ ਹਨ। ਵੇਖਣ ਵਿੱਚ ਆਇਆ ਹੈ ਕਿ ਸਿੱਖ ਧਰਮ ਦੇ ਉਪਾਸ਼ਕ ਪ੍ਰਭੂ ਪ੍ਰਤੀ ਸ਼ਰਧਾ ਦਾ ਪ੍ਰਗਟਾਵਾ ਤੇ ਕਰਦੇ ਹਨ ਪਰ ਉਸ ਨਾਲ ਮਿਲਾਪ ਕਰਨ ਦੇ ਇੱਛਕ ਨਹੀਂ ਹੁੰਦੇ। ਉਹ ਗੁਰੂ ਗ੍ਰੰਥ ਸਾਹਿਬ ਅੱਗੇ ਵਾਜਬ ਭੇਟਾਵਾਂ ਅਤੇ ਅਰਦਾਸਾਂ ਕਰਕੇ ਆਪਣੀਆਂ ਸੰਸਾਰਕ ਲੋੜਾਂ, ਇੱਛਾਵਾਂ, ਉਮੰਗਾਂ, ਵਡਿਆਈਆਂ ਅਤੇ ਰਾਜਸੀ ਆਕਾਂਖਿਆਵਾਂ ਦੀ ਪੂਰਤੀ ਦੀ ਮੰਗ ਕਰਦੇ ਹਨ ਅਤੇ ਉਸੇ ਨੂੰ ਧਾਰਮਕ ਕਿਰਿਆ ਮੰਨਦੇ ਹਨ। ਜ਼ਾਹਰ ਹੈ ਕਿ ਮਨੁੱਖੀ ਰੁੱਚੀ ਅਤੇ ਭਾਵਨਾਵਾਂ ਦੀ ਤ੍ਰਿਪਤੀ ਗੁਰਮਤਿ ਨਾਲੋਂ ਵਖਰੀ ਧਾਰਮਕ ਵਿਚਾਰਧਾਰਾ ਦੀ ਮੰਗ ਕਰਦੀ ਹੈ। ਇਸੇ ਲਈ ਸਿੱਖ ਧਰਮ ਦੇ ਸ਼ਰਧਾਲੂਆਂ ਦਾ ਦ੍ਰਿਸ਼ਟੀਕੋਣ ਅਤੇ ਜੀਵਨ ਢੰਗ ਗੁਰਮਤਿ ਦੇ ਧਾਰਨੀਆਂ ਨਾਲੋਂ ਵਖਰਾ ਹੁੰਦਾ ਹੈ। ਐਸੇ ਪਰੰਪਰਾਗਤ ਸਿੱਖ ਧਰਮ ਦੇ ਸ਼ਰਧਾਲੂ ਅਣਗਿਣਤ ਹਨ ਜਦੋਂ ਕਿ ਗੁਰਮਤਿ ਦੇ ਧਾਰਨੀਆਂ ਦੀ ਗਿਣਤੀ ਨਾਂਹ ਬਰਾਬਰ ਹੈ।
ਅਸਲ ਵਿੱਚ ਸਿੱਖ ਧਰਮ ਦਾ ਆਧਾਰ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨਹੀਂ ਹੈ। ਇਸ ਦਾ ਆਧਾਰ ਭਾਰਤੀ ਧਾਰਮਕ ਪਰੰਪਰਾ ਅਤੇ ਸਿੱਖ ਇਤਹਾਸ ਹੈ। ਗੁਰਬਾਣੀ ਨਾਲ ਸਿੱਖ ਧਰਮ ਦੀ ਕੇਵਲ ਇੱਹੋ ਸਾਂਝ ਹੈ ਕਿ ਇਹ ਗੁਰਬਾਣੀ ਵਿੱਚ ਬਿਆਨ ਕੀਤੇ ਪ੍ਰਭੂ ਵਿੱਚ ਵਿਸ਼ਵਾਸ ਰਖਦਾ ਹੈ। ਇਸ ਤੋਂ ਵੱਧ ਇਨ੍ਹਾਂ ਵਿੱਚ ਕੋਈ ਵਿਚਾਰਧਾਰਕ ਸਾਂਝ ਨਹੀਂ ਹੈ। ਗੁਰਮਤਿ ਅਦਿੱਖ ਪ੍ਰਭੂ ਦਾ ਗਿਆਨ ਹੈ ਅਤੇ ਸਿੱਖ ਧਰਮ ਪ੍ਰਭੂ ਵਿੱਚ ਵਿਸ਼ਵਾਸ ਰਖਣ ਵਾਲੇ ਵਿਅਕਤੀਆਂ ਦਾ ਵਿਸ਼ੇਸ਼ ਸੰਗਠਨ। ਸਮਾਜਕ ਸੰਗਠਨ ਦੀ ਬਣਤਰ ਅਤੇ ਸਿਧਾਂਤ ਸਮਾਜ ਸ਼ਾਸਤਰ ਦੇ ਵਿਸ਼ੇ ਹਨ ਇਨ੍ਹਾਂ ਦਾ ਗੁਰਮਤਿ ਦੀ ਅਧਿਆਤਮਕ ਵਿਚਾਰਧਾਰਾ ਨਾਲ ਕੋਈ ਸਬੰਧ ਨਹੀਂ ਹੈ। ਸਿਖਾਂ ਦੀ ਬੁਹਗਿਣਤੀ ਪਰੰਪਰਾਗਤ ਸਿੱਖ ਧਰਮ ਦੀ ਉਪਾਸ਼ਕ ਹੈ ਅਤੇ ਗੁਰਦੁਆਰੇ, ਸਿੱਖ ਵਿਦਵਾਨ, ਪ੍ਰਚਾਰਕ, ਸੰਸਥਾਵਾਂ ਅਤੇ ਡੇਰੇ ਉਸੇ ਸਿੱਖ ਧਰਮ ਦਾ ਹੀ ਪ੍ਰਸਾਰ ਕਰਦੇ ਹਨ। ਸਿੱਖ ਪੁਜਾਰੀ ਸਿੱਖ ਸ਼ਰਧਾਲੂਆਂ ਨੂੰ ਗੁਰਮਤਿ ਤੋਂ ਦੂਰ ਕਰਨ ਵਿੱਚ ਜੁਟੇ ਹੋਏ ਹਨ। ਪਰ ਜਿਵੇਂ ਗੁਰਬਾਣੀ ਦਾ ਫਰਮਾਨ ਹੈ ਕਿ “ਧਰਮੁ ਫਿਰੈ ਰੈਬਾਰਿਆ”, ਗੁਰਬਾਣੀ ਆਮ ਸਿੱਖਾਂ ਦੇ ਅੰਤਿਹਕਰਨ ਨੂੰ ਪ੍ਰਭਾਵਤ ਕਰਕੇ ਦਯਾ, ਸੰਤੋਖ, ਹਲੀਮੀ ਅਤੇ ਸੇਵਾ ਭਾਵਨਾ ਉਤੇਜਤ ਕਰਦੀ ਰਹਿੰਦੀ ਹੈ ਅਤੇ ਸਿੱਖ ਗੁਰਬਾਣੀ ਨਾਲ ਜੁੜੇ ਹੋਣ ਕਾਰਨ ਨਾਮਨਾ ਖਟਦੇ ਰਹਿੰਦੇ ਹਨ।
ਸਿੱਖ ਧਰਮ ਦੀ ਉਤੱਪਤੀ ਗੁਰੂ ਕਾਲ ਵਿੱਚ ਹੀ ਹੋ ਗਈ ਸੀ ਅਤੇ ਇਸ ਦੇ ਵਿਕਾਸ ਦਾ ਇਤਹਾਸ ਕਾਫੀ ਦਰਦਨਾਕ ਹੈ। ਗੁਰ ਪ੍ਰਵਾਰਾਂ ਦੇ ਕਈ ਸਦੱਸਯਾਂ ਦਾ ਗੁਰਮਤਿ ਨਾਲੋਂ ਗੁਰਗੱਦੀ ਅਤੇ ਭਾਰਤੀ ਧਾਰਮਕ ਪਰੰਪਰਾ ਵਿੱਚ ਵਧੇਰੇ ਵਿਸ਼ਵਾਸ ਸੀ। ਇਸ ਲਈ ਗੁਰੂ ਨਾਨਕ ਦੇਵ ਜੀ ਦੇ ਸਮੇਂ ਤੋਂ ਹੀ ਗੁਰ ਪ੍ਰਵਾਰਾਂ ਤੋਂ ਗੁਰਮਤਿ ਦੀ ਵਿਰੋਧਤਾ ਸ਼ੁਰੂ ਹੋ ਗਈ ਸੀ, ਜਿਸ ਦਾ ਜ਼ਿਕਰ ਸੱਤੇ ਅਤੇ ਬਲਵੰਡ ਨੇ ਰਾਮਕਲੀ ਦੀ ਵਾਰ ਵਿੱਚ ਕੀਤਾ ਹੈ: “ਪੁਤ੍ਰੀ ਕਉਲ ਨ ਪਾਲਿਓ ਕਰਿ ਪੀਰਹੁ ਕੰਨ ਮੁਰਟੀਐ॥ ਦਿਲਿ ਖੋਟੈ ਆਕੀ ਫਿਰਨਿ ਬੰਨਿ ਭਾਰੁ ਉਚਾਇਨਿ ਛਟੀਐ॥” (ਪੰ: 967)। ਗੁਰਗੱਦੀ ਅਤੇ ਗੁਰਮਤਿ ਦੀ ਤਿਆਗੀ ਵਚਾਰਧਾਰਾ ਦੇ ਵਿਰੋਧ ਨੂੰ ਲੈ ਕੇ ਗੁਰ ਪ੍ਰਵਾਰਾਂ ਦੇ ਸਦੱਸਯਾਂ ਵਲੋਂ ਗੁਰੂ ਸਾਹਿਬਾਨ ਨਾਲ ਨਾਮਿਲਵਤਨ ਸ਼ੁਰੂ ਹੋ ਗਿਆ ਸੀ ਜਿਸ ਤੋਂ ਕਿਨਾਰਾ ਕਰਨ ਲਈ ਗੁਰੂ ਸਾਹਿਬਾਨ ਆਪਣੇ ਪ੍ਰਚਾਰ ਟਿਕਾਣੇ ਬਦਲਦੇ ਰਹੇ ਸਨ। ਗੁਰਗੱਦੀ ਦੇ ਅਭਿਲਾਸ਼ੀ ਆਪਣਾ ਵਖਰਾ ਪਰੰਪਰਾਗਤ ਸਿੱਖ ਧਰਮ ਸਥਾਪਤ ਕਰਕੇ ਗੁਰੂ ਸਾਹਿਬਾਨ ਵਿਰੁਧ ਦੂਜੇ ਧਰਮਾਂ ਦੇ ਆਗੂਆਂ ਨੂੰ ਉਕਸਾਉਣ ਅਤੇ ਮੁਗਲ ਸਾਸ਼ਨ ਨੂੰ ਝੂਠੀਆਂ ਸ਼ਕਾਇਤਾਂ ਕਰਨ ਲੱਗ ਪਏ ਸਨ। ਗੁਰਮਤਿ ਅਤੇ ਪਰੰਪਰਾਗਤ ਸਿੱਖ ਧਰਮ ਵਿੱਚ ਫਰਕ ਅਤੇ ਵਿਰੋਧਤਾ ਵਧਦੇ ਹੀ ਚਲੇ ਗਏ ਅਤੇ ਭਿਆਨਕ ਰੂਪ ਧਾਰਨ ਕਰ ਗਏ। ਦਰ ਅਸਲ ਸੰਸਥਾਗਤ ਧਰਮ ਦੀ ਲੋਕਾਂ ਵਿੱਚ ਵੰਡੀਆਂ ਪਾ ਕੇ ਵਿਰੋਧੀਆਂ ਨੂੰ ਖਤਮ ਕਰਨ ਦੀ ਸੋਚੀ ਸਮਝੀ ਨੀਤੀ ਹੁੰਦੀ ਹੈ। ਸਿੱਖ ਧਰਮ ਵਿੱਚ ਵੀ ਗੁਰਮਤਿ ਦੇ ਧਾਰਨੀਆਂ ਵਿਰੁਧ ਐਸੀ ਹੀ ਨੀਤੀ ਅਖਤਿਆਰ ਕਰ ਲਈ ਗਈ ਸੀ॥ ਗੁਰੂ ਅੰਗਦ ਦੇਵ ਜੀ ਨੂੰ ਕਰਤਾਰ ਪੁਰ ਦੀ ਥਾਂ ਖਡੂਰ ਸਾਹਿਬ ਨਵਾਂ ਟਿਕਾਣਾ ਬਨਾਉਣਾ ਪਿਆ ਸੀ। ਗੁਰੂ ਅਮਰ ਦਾਸ ਜੀ ਨੂੰ ਖਡੂਰ ਸਾਹਿਬ ਛੱਡ ਕੇ ਗੋਇੰਦਵਾਲ ਸਾਹਿਬ ਜਾਣਾ ਪਿਆ। ਗੁਰੂ ਰਾਮਦਾਸ ਜੀ ਨੂੰ ਅੰਮ੍ਰਿਤਸਰ ਵਸਾਉਣਾ ਪਿਆ। ਗੁਰੂ ਅਰਜਨ ਦੇਵ ਜੀ ਨੇ ਅੰਮ੍ਰਿਤਸਰ ਟਿਕੇ ਰਹਿਣ ਦਾ ਰਿਣ ਸ਼ਹੀਦੀ ਦੇ ਕੇ ਉਤਾਰਿਆ। ਛੇਵੇਂ ਗੁਰੂ, ਹਰਿਗੋਬਿੰਦ ਸਾਹਿਬ ਜੀ ਅੰਮ੍ਰਿਤਸਰ ਨਾ ਰਹਿ ਸਕੇ ਅਤੇ ਉਨ੍ਹਾਂ ਨੂੰ ਪੁਆਧ ਵਿੱਚ ਕੀਰਤਪੁਰ ਸਾਹਿਬ ਆਪਣਾ ਨਵਾਂ ਟਿਕਾਣਾ ਬਨਾਉਣਾ ਪਿਆ। ਗੁਰਗੱਦੀ ਦੇ ਅਭਿਲਾਸ਼ੀਆਂ ਦਾ ਗੁਰੂ ਸਾਹਿਬਾਨ ਵਿਰੁਧ ਕਾਰਵਾਈਆਂ ਦਾ ਸਿਲਸਿਲਾ ਵਧਦਾ ਹੀ ਚਲਾ ਗਿਆ ਇਥੋਂ ਤਕ ਕਿ ਗੁਰੂ ਤੇਗ ਬਹਾਦਰ ਜੀ ਤੇ ਜਾਨ ਲੇਵਾ ਹਮਲਾ ਹੋਇਆ ਅਤੇ ਮੁਗਲ ਸਾਸ਼ਨ ਨੂੰ ਉਨ੍ਹਾਂ ਵਿਰੁਧ ਗੰਭੀਰ ਸ਼ਕਾਇਤਾਂ ਕੀਤੀਆਂ ਗਈਆਂ ਜਿਨ੍ਹਾਂ ਨੇ ਉਨ੍ਹਾਂ ਦੀ ਸ਼ਹੀਦੀ ਦਾ ਰਾਹ ਪਧਰਾ ਕਰ ਦਿੱਤਾ। ਗੁਰੂ ਗੋਬਿੰਦ ਰਾਏ ਜੀ ਦਾ ਪਹਾੜੀ ਰਾਜਿਆਂ, ਮੁਗਲ ਸਾਸ਼ਨ ਅਤੇ ਗੁਰ ਪ੍ਰਵਾਰਾਂ ਨਾਲ ਕੋਈ ਵੈਰ ਵਿਰੋਧ ਨਹੀਂ ਸੀ ਅਤੇ ਸਿੱਖ ਗੁਰੂ ਹੋਣ ਕਾਰਨ ਉਹ ਜੰਗ ਅਤੇ ਲੜਾਈ ਦੇ ਵਿਰੁਧ ਸਨ ਪਰ ਛੋਟੀ ਉਮਰ ਤੋਂ ਹੀ ਉਨ੍ਹਾਂ ਨੂੰ ਅਮੁੱਕ ਜੰਗਾਂ ਵਿੱਚ ਉਲਝਾ ਲਿਆ ਗਿਆ ਅਤੇ ਉਨ੍ਹਾਂ ਦੇ ਸਾਰੇ ਪਰਵਾਰ ਨੂੰ ਸ਼ਹੀਦ ਕਰ ਦਿੱਤਾ ਗਿਆ।
ਗੁਰੂ ਗੋਬਿੰਦ ਸਿੰਘ ਜੀ ਵਿਰੁਧ ਗੁਰ ਪ੍ਰਵਾਰਾਂ ਦੇ ਸੱਦਸਾਂ ਵਲੋਂ ਕੀਤੀਆਂ ਕਾਰਵਾਈਆਂ ਬਾਰੇ ਭਾਵੇਂ ਕੋਈ ਲਿਖਤੀ ਸਰੋਤ ਉਪਲਬਧ ਨਹੀਂ ਹੈ ਪਰ ਗੁਰੂ ਜੀ ਦੀ ਸਾਰੀ ਸੰਨਤਾਨ ਦੀ ਸ਼ਹੀਦੀ ਸੰਕੇਤ ਕਰਦੀ ਹੈ ਕਿ ਗੁਰੂ ਸਾਹਿਬ ਨਾਲ ਵਿਰੋਧਤਾ ਦਾ ਮੂਲ ਕਾਰਨ ਉਨ੍ਹਾਂ ਵਲੋਂ ਕੀਤੇ ਜਾਂਦੇ ਗੁਰਮਤਿ ਸੰਚਾਰ ਅਤੇ ਉਨ੍ਹਾਂ ਦੀ ਗੁਰੂ ਪਦਵੀ ਹੀ ਸਨ। ਗੁਰੂ ਸਾਹਿਬ ਤੇ ਹਮਲੇ ਪਹਾੜੀ ਰਾਜਿਆਂ ਅਤੇ ਮੁਗਲ ਸਾਸ਼ਨ ਨੂੰ ਉਕਸਾ ਕੇ ਕਰਵਾਏ ਗਏ ਸਨ। ਗੁਰ ਪ੍ਰਵਾਰਾਂ ਨਲ ਸਬੰਧਤ ਗੁਰੂ ਸਾਹਿਬਾਨ ਦੇ ਵਿਰੋਧੀਆਂ ਨੇ ਆਪਣੇ ਰਸੂਖ ਨਾਲ ਆਪਣੀਆਂ ਗੁਰੂ ਸਾਹਿਬਾਨ ਵਿਰੁਧ ਕਾਰਵਾਈਆਂ ਨੂੰ ਗੁਪਤ ਰਖਿਆ ਹੈ ਅਤੇ ਬਹੁਤੇ ਸਿੱਖ ਸ਼ਰਧਾਲੂਆਂ ਤੋਂ ਸਚਾਈ ਛੁਪਾਉਣ ਵਿੱਚ ਸਫਲ ਰਹੇ ਹਨ। ਸਚਾਈ ਛੁਪਾਉਣ ਲਈ ਉਨ੍ਹਾਂ ਦੇ ਸਬੰਧੀਆਂ ਨੇ ਗੁਰੂ ਸਾਹਿਬਾਨ ਦੀਆਂ ਜੀਵਨੀਆਂ ਦਾ ਮਨ ਲੁਭਾਊ ਮਿਥਹਾਸ ਰਚਿਆ ਹੈ ਤਾਂ ਜੋ ਆਮ ਸਿੱਖਾਂ ਵਿੱਚ ਗੁਰੂ ਸਾਹਿਬ ਦੀ ਮਾਨਤਾ ਅਤੇ ਸਤਕਾਰ ਦਾ ਝੂਠਾ ਦਿਖਾਵਾ ਕਰ ਸਕਣ ਅਤੇ ਗੁਰੂ ਸਾਹਿਬ ਦੇ ਉਪਾਸ਼ਕਾਂ ਨੂੰ ਆਪਣੇ ਨਾਲ ਜੋੜ ਸਕਣ। ਗੁਰੂ ਗੋਬਿੰਦ ਸਿੰਘ ਜੀ ਦੇ ਜੋਤੀ ਜੋਤ ਸਮਾਉਣ ਉਪਰੰਤ ਬੰਦਾ ਬਹਾਦਰ ਦੇ ਮੁਗਲ ਸਾਸ਼ਨ ਤੇ ਹਮਲੇ ਨੇ ਗੁਰਮਤਿ ਦੇ ਸਾਰੇ ਧਾਰਨੀਆਂ ਨੂੰ ਗੁਰੂ ਜੀ ਦੇ ਵਿਰੋਧੀਆਂ ਨੇ ਚੁਣ ਚੁਣ ਕੇ ਮਰਵਾ ਦਿੱਤਾ। ਗੁਰੂ ਨਾਨਕ ਦੇਵ ਜੀ ਵਲੋਂ ਸ਼ੁਰੂ ਕੀਤਾ ਗੁਰਮਤਿ ਸੰਚਾਰ ਬੰਦ ਹੋ ਗਿਆ। ਸਾਰੇ ਗੁਰ ਅਸਥਾਨਾਂ ਤੇ ਮੀਣਿਆਂ, ਧੀਰ ਮੱਲੀਆਂ, ਉਦਾਸੀ ਅਤੇ ਨਿਰਮਲੇ ਮਹੰਤਾਂ ਦੇ ਕਬਜ਼ੇ ਹੋ ਗਏ ਅਤੇ ਪਰੰਪਰਾਗਤ ਸਿੱਖ ਧਰਮ ਪੱਕੇ ਪੈਰੀਂ ਸਥਾਪਤ ਹੋ ਗਿਆ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੀ ਵਿਆਖਿਆ ਹਿੰਦੂ ਸਨਾਤਨੀ ਪਰੰਪਰਾ ਅਨੁਸਾਰ ਹੋਣ ਲੱਗ ਪਈ ਅਤੇ ਹਿੰਦੂ ਸਮਾਜ ਵਿੱਚ ਪ੍ਰਚਲਤ ਜਾਤ ਪਾਤ ਸਿੱਖ ਧਰਮ ਦੀ ਰਹਿਤ ਦਾ ਭਾਗ ਬਣ ਗਈ।
ਬਾਲੇ ਵਾਲੀ ਜਨਮ ਸਾਖੀ, ਗੁਰ ਬਿਲਾਸ ਪਾਤਸ਼ਾਹੀ ੬, ਗੁਰ ਬਿਲਾਸ ਪਾਤਸ਼ਾਹੀ ੧੦, ਗੁਰ ਪ੍ਰਤਾਪ ਸੂਰਜ ਗ੍ਰੰਥ, ਪੰਥ ਪ੍ਰਕਾਸ਼, ਅਦਿ ਗ੍ਰੰਥ ਗੁਰੂ ਸਾਹਿਬਾਨ ਦੇ ਵਿਰੋਧੀ ਉਦਾਸੀ, ਨਿਰਮਲੇ ਅਤੇ ਹੋਰ ਵਿਦਵਾਨਾਂ ਵਲੋਂ ਗੁਰੂ ਸਾਹਿਬਾਨ ਬਾਰੇ ਭੁਲੇਖੇ ਪਾਉਣ ਲਈ ਲਿਖੇ ਗਏ ਹਨ। ਬਹੁਤੇ ਇਤਹਾਸਕਾਰ ਇਨ੍ਹਾਂ ਲਿਖਤਾਂ ਨੂੰ ਗੁਰ ਇਤਹਾਸ ਦੇ ਭਰੋਸੇਯੋਗ ਸਰੋਤ ਮੰਨਦੇ ਹਨ, ਜੋ ਸਹੀ ਨਹੀਂ ਹੈ। ਇਨ੍ਹਾਂ ਲਿਖਤਾਂ ਨੂੰ ਭਰੋਸੇਯੋਗ ਸਰੋਤ ਨਾ ਮੰਨਣ ਦਾ ਇੱਕ ਹੋਰ ਕਾਰਨ ਵੀ ਹੈ। ਇਤਹਾਸ ਨਿਸ਼ਚਿਤ ਸਮੇਂ ਅਤੇ ਸਥਾਨ ਤੇ ਵਾਪਰੀਆਂ ਘਟਨਾਵਾਂ ਦੇ ਭਰੋਸੇਯੋਗ ਤੱਥਾਂ ਦੀ ਕਿਸੇ ਵਿਸ਼ੇਸ਼ ਦ੍ਰਿਸ਼ਟੀਕੋਣ ਤੋਂ ਵਿਆਖਿਆ ਹੁੰਦੀ ਹੈ। ਪਰ ਹਿੰਦੂ ਪੁਰਾਣ ਸਾਹਿਤ ਵਿੱਚ ਸਥਾਨ ਅਤੇ ਸਮੇਂ ਦੇ ਸੰਕਲਪਾਂ ਨੂੰ ਰਲਗੱਡ ਕਰਕੇ ਕਰਾਮਾਤੀ ਮਿਥਹਾਸ ਰਚਣ ਦੀ ਪਰਥਾ ਸੀ। ਉਦਾਸੀ ਅਤੇ ਨਿਰਮਲੇ ਇਤਹਾਸਕਾਰ ਉਸੇ ਪਰਥਾ ਦੀ ਉਪਜ ਸਨ ਅਤੇ ਕਰਾਮਾਤੀ ਮਿਥਹਾਸ ਰਚਣ ਨੂੰ ਵੱਡੀ ਪ੍ਰਾਪਤੀ ਸਮਝਦੇ ਸਨ। ਉਨ੍ਹਾਂ ਦੀਆਂ ਇਤਹਾਸਕ ਲਿਖਤਾਂ ਵਿੱਚ ਗੁਰੂ ਸਾਹਿਬਾਨ ਦੇ ਪ੍ਰਵਾਰਾਂ ਨਾਲ ਸਬੰਧਤ ਗੁਰਮਤਿ ਵਿਰੋਧੀਆਂ ਦੀਆਂ ਗੁਰੂ ਸਾਹਿਬਾਨ ਨੂੰ ਹਾਨੀ ਪੁਚਾਉਣ ਦੀਆਂ ਕਾਰਗੁਜ਼ਾਰੀਆਂ ਬਾਰੇ ਚੁੱਪ ਧਾਰਨ ਕੀਤੀ ਹੋਈ ਹੈ, ਅਤੇ ਬ੍ਰਾਹਮਣਾਂ ਅਤੇ ਮੁਗਲਾਂ ਨੂੰ ਕਸੂਰਵਾਰ ਠਹਿਰਾ ਕੇ ਕੋਸਿਆ ਗਿਆ ਹੈ। ਐਸੇ ਦ੍ਰਿਸ਼ਟੀਕੋਣ ਨੂੰ ਪ੍ਰਵਾਨ ਨਹੀਂ ਕੀਤਾ ਜਾ ਸਕਦਾ।
ਸਿੰਘ ਸਭਾਵਾਂ ਨੇ ਅੰਗ੍ਰੇਜ਼ਾਂ, ਅੰਗ੍ਰੇਜ਼ੀ ਸਿਖਿਆ, ਈਸਾਈ ਧਰਮ ਅਤੇ ਰਾਜਸੀ ਚੇਤਨਤਾ ਦੇ ਪ੍ਰਭਾਵ ਅਧੀਨ ਸਿੱਖ ਧਰਮ ਨੂੰ ਸਨਾਤਨੀ ਵਿਚਾਰਧਾਰਾ ਨਾਲੋਂ ਨਖੇੜਨ ਦਾ ਯਤਨ ਕੀਤਾ ਹੈ ਪਰ ਉਨ੍ਹਾਂ ਨੇ ਗੁਰਬਾਣੀ ਦੇ ਮੂਲ ਉਪਦੇਸ਼ ਅਤੇ ਗੁਰਮਤਿ ਨੂੰ ਬਣਦੀ ਮਹਤੱਤਾ ਨਹੀਂ ਦਿੱਤੀ। ਉਹ ਸਿੱਖ ਧਰਮ ਨੂੰ ਹਿੰਦੂ ਧਰਮ ਨਾਲੋਂ ਵਖਰਾ ਸਿੱਧ ਕਰਨ, ਵਿਦਿਅਕ ਸੰਸਥਾਵਾਂ ਵਿੱਚ ਸਿੱਖ ਧਰਮ ਨੂੰ ਸਲੇਬਸ ਦਾ ਭਾਗ ਬਨਾਉਣ ਅਤੇ ਉਪਾਸ਼ਕਾਂ ਦੀ ਗਿਣਤੀ ਵਧਾਉਣ ਨੂੰ ਹੀ ਵੱਡੀ ਪ੍ਰਾਪਤੀ ਸਮਝਦੇ ਰਹੇ। ਸਿੱਖ ਧਰਮ ਅੱਜ ਸਰਕਾਰੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਉਦਾਸੀ, ਨਿਰਮਲਾ, ਮਿਹਰਵਾਨੀ, ਗਿਆਨੀ, ਨਿਹੰਗ ਸਿੰਘ ਅਤੇ ਨਾਮਧਾਰੀ ਸੰਪ੍ਰਦਾਵਾਂ, ਦਮਦਮੀ ਟਕਸਾਲ, ਬੇਦੀ ਬਾਬੇ, ਗੁਰਸਾਗਰ ਮਸਤੂਆਣਾ, ਨਾਨਕਸਰ ਠਾਠ, ਆਦਿ ਵਿੱਚ ਵੰਡਿਆ ਪਿਆ ਹੈ। ਮਿਸ਼ਨਰੀ ਸੰਸਥਾਵਾਂ ਨੇ ਸਿੱਖ ਸ਼ਰਧਾਲੂਆਂ ਨੂੰ ਗੁਰਬਾਣੀ ਨਾਲ ਜੋੜਨ ਦਾ ਉਦੱਮ ਕੀਤਾ ਸੀ ਪਰ ਉਹ ‘ਸਿੱਖ ਰਹਿਤ ਮਰਯਾਦਾ’ ਵਿੱਚ ਉਲਝ ਕੇ ਰਹਿ ਗਈਆਂ। ਪ੍ਰਚਲਤ ਸਿੱਖ ਜਾਗਰਤੀ ਲਹਿਰ ਵਿੱਚ ਸਿਧਾਂਤਕ ਸਪਸ਼ਟਤਾ ਦੀ ਘਾਟ ਹੈ ਪਰ ਉਹ ਗੁਰਮਤਿ ਵਿਚਾਰਧਾਰਾ ਦੇ ਸੰਚਾਰ ਨੂੰ ਬੜ੍ਹਾਵਾ ਦੇ ਰਹੀ ਹੈ। ਅਜੋਕਾ ਸਿੱਖ ਧਰਮ ਗੁਰਮਤਿ ਨਾਲੋਂ ਟੁਟਿਆ ਹੋਇਆ ਹੈ। ਇਸ ਲਈ ਸਿੱਖ ਸ਼ਰਧਾਲੂਆਂ ਲਈ ਗੁਰਮਤਿ ਨੂੰ ਸਮਝਣਾ ਅਤੇ ਇਸ ਦੇ ਸਹੀ ਸੰਚਾਰ ਵਿੱਚ ਯੋਗਦਾਨ ਪਾਉਣਾ ਵੱਡੀ ਚਣੌਤੀ ਬਣ ਗਿਆ ਹੈ।
*********
.