.

ਖਾਲਸਾ ਪੰਥ ਬਨਾਮ ਡੇਰਾਵਾਦ

(ਭਾਗ ਉਨਤਾਲੀਵਾਂ)

ਮੌਜੂਦਾ ਦੌਰ ਦਾ ਸੰਤਵਾਦ

ਜਥਾ ਭਿੰਡਰਾਂ (ਅਖੌਤੀ ਦਮਦਮੀ ਟਕਸਾਲ) ਭਾਗ ੫

ਜਿਵੇਂ ਪਹਿਲਾਂ ਵੀ ਬੇਨਤੀ ਕੀਤੀ ਹੈ, ਇਸ ਲੇਖਕ ਦਾ ਮਕਸਦ ਕੋਈ ਇਨ੍ਹਾਂ ਦੀ ਇਸ ਕਿਤਾਬ ਦੀ ਸਮੀਖਿਆ ਕਰਨਾ ਨਹੀਂ, ਪਰ ਇੱਕ ਹੋਰ ਖਾਸ ਵਿਵਾਦ ਜੋ ਇਨ੍ਹਾਂ ਕੌਮ ਵਿੱਚ ਖੜਾ ਕੀਤਾ ਹੋਇਆ ਹੈ, ਨੂੰ ਦਾਸ ਇਨ੍ਹਾਂ ਦੀ ਇਸ ਕਿਤਾਬ ਦੇ ਅਧਾਰ `ਤੇ ਹੀ ਸੰਗਤਾਂ ਸਾਮ੍ਹਣੇ ਰਖਣਾ ਚਾਹੁੰਦਾ ਹੈ:

ਗੁਰੂ ਗ੍ਰੰਥ ਸਾਹਿਬ ਦੇ ਸ਼ੁਰੂ ਵਿੱਚ ਸਭ ਤੋਂ ਪਹਿਲਾਂ ਮੰਗਲਾ-ਚਰਨ ਹੈ ਜਿਸ ਨੂੰ ਅਸੀਂ ‘ਮੂਲ ਮੰਤ੍ਰ` ਆਖਦੇ ਹਾਂ ਜੋ ੴ ਤੋਂ ਸ਼ੁਰੂ ਹੋ ਕੇ ‘ਗੁਰਪ੍ਰਸਾਦਿ` `ਤੇ ਮੁੱਕ ਜਾਂਦਾ ਹੈ। ਇਸ ਦਾ ਪੂਰਨ ਰੂਪ ਹੈ:

"ੴ ਸਤਿ ਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ ਗੁਰਪ੍ਰਸਾਦਿ।। "

ਇਸ ਨੂੰ ਮੂਲ ਮੰਤ੍ਰ ਇਸ ਵਾਸਤੇ ਆਖਦੇ ਹਾਂ ਕਿਉਂਕਿ ਇਹ ਗੁਰਮਤਿ ਦਾ ਮੂਲ ਅਤੇ ਮੁੱਢਲਾ ਸਿਧਾਂਤ ਹੈ। ਇਹ ਸਾਰੀ ਗੁਰਬਾਣੀ ਦਾ ਆਧਾਰ ਹੈ। ਇਹ ਕੋਈ ਬ੍ਰਾਹਮਣੀ ਮਰਿਆਦਾ ਅਨੁਸਾਰ ਰਟਨ ਵਾਲਾ ਮੰਤ੍ਰ ਨਹੀਂ ਕਿ ਜਿਸਦੇ ਕੇਵਲ ਬਾਰ-ਬਾਰ ਰਟਨ ਨਾਲ ਕੋਈ ਸਿਧੀਆਂ ਪ੍ਰਪਤ ਹੋ ਜਾਣਗੀਆਂ, ਸਗੋਂ ਜਿਵੇਂ ਪਹਿਲਾਂ ਵੀ ਪ੍ਰਮਾਣਾਂ ਸਮੇਤ ਦੱਸਿਆ ਜਾ ਚੁੱਕਾ ਹੈ, ਗੁਰਬਾਣੀ ਵਿੱਚ ‘ਮੰਤ੍ਰ` ਸ਼ਬਦ ਗੁਰ ਉਪਦੇਸ਼ ਵਾਸਤੇ ਆਉਂਦਾ ਹੈ।

ਸੋ ਮੂਲ ਮੰਤ੍ਰ ਦਾ ਭਾਵ ਹੈ ਇਹ ਸਿੱਖ ਧਰਮ ਦਾ ਮੂਲ ਉਪਦੇਸ਼ ਭਾਵ ਮੂਲ ਸਿਧਾਂਤ ਹੈ, ਜਿਸ ਵਿੱਚ ਸਤਿਗੁਰੂ ਨੇ ਅਕਾਲ ਪੁਰਖ ਦੇ ਅਮੋਲਕ ਗੁਣਾਂ ਰਾਹੀਂ ਉਸ ਦੇ ਦਰਸ਼ਨ ਕਰਾਏ ਹਨ। ਇਸ ਦੇ ਭਾਵ ਨੂੰ ਚੰਗੀ ਤਰ੍ਹਾਂ ਸਮਝਣ ਨਾਲ ਅਸੀਂ ਅਕਾਲ ਪੁਰਖ ਦੇ ਸੱਚ ਨਾਲ ਜੁੜ ਕੇ ਸਚਿਆਰ ਜੀਵਨ ਦੇ ਪਾਂਧੀ ਬਣ ਜਾਵਾਂਗੇ।

ਇਨ੍ਹਾਂ ਸਮੇਤ ਸਾਰੇ ਡੇਰੇਦਾਰਾਂ ਨੇ ਕੌਮ ਵਿੱਚ ਮੂਲ ਮੰਤਰ ਬਾਰੇ ਇੱਕ ਵੱਡਾ ਵਿਵਾਦ ਖੜਾ ਕੀਤਾ ਹੋਇਆ ਹੈ ਕਿ ਮੂਲ ਮੰਤਰ ਦਾ ਪੂਰਨ ਸਰੂਪ,

"ੴ ਸਤਿਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ ਗੁਰਪ੍ਰਸਾਦਿ।।

।। ਜਪੁ।।

ਆਦਿ ਸਚੁ ਜੁਗਾਦਿ ਸਚੁ।। ਹੈ ਭੀ ਸਚੁ ਨਾਨਕ ਹੋਸੀ ਭੀ ਸਚੁ।। ੧।। " ਤਕ ਹੈ।

ਇਨ੍ਹਾਂ ਦੀ ਕਿਤਾਬ ‘ਗੁਰਬਾਣੀ ਪਾਠ ਦਰਪਨ` ਦੇ ਪੰਨਾ ੫੩ `ਤੇ ਗੁਰਬਚਨ ਸਿੰਘ ਜੀ ਲਿਖਦੇ ਹਨ:

"ਮੂਲ ਮੰਤ੍ਰ- ‘ੴ ‘ਤੋਂ ‘ਨਾਨਕ ਹੋਸੀ ਭੀ ਸਚੁ` ਤਕ ਪੜ੍ਹਨਾ ਹੈ। ਇੱਕ ਤਾਂ ਪੁਰਾਣੀ ਮ੍ਰਯਾਦਾ ਜੋ ਸਿੰਘਾਂ ਦੇ ਜਥੇ, ਦਲ ਹਨ ਉਹ ਸਾਰਾ ਪੜ੍ਹਾਉਂਦੇ ਹਨ। ਦੂਜਾ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਸਾਹਮਣੇ ਵੀ ਪੂਰਾ ਲਿਖਿਆ ਹੈ। ਤੀਜਾ ਬਾਬਾ ਦੀਪ ਸਿੰਘ ਜੀ ਦਾ ਛੋਟਾ ਚੱਕਰ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਹੈ ਜਿਸ ਤੇ ਇੱਕ ਪਾਸੇ ਸਾਰਾ ਮੂਲ ਮੰਤਰ ਤੇ ਦੂਜੇ ਪਾਸੇ ਦਸਾਂ ਪਾਤਿਸ਼ਾਹੀਆਂ ਦੇ ਨਾਮ ਹਨ। ਸੋ ਸਾਰਾ ਪੜ੍ਹਨਾ ਤੇ ਫਲ ਵੀ ਤਾਂ ਹੀ ਪ੍ਰਾਪਤ ਹੋਵੇਗਾ, ਜੇ ਸੰਪੂਰਨ ਪੜ੍ਹਿਆ ਜਾਵੇਗਾ।

ਇਹ ਪ੍ਰਤੱਖ ਹੈ ਕਿ ਜਿਵੇਂ ਕੋਈ ਸ਼ਬਦ ਜਾਂ ਮੰਤ੍ਰ ਦੇ ਕੁੱਝ ਅੱਖਰ ਛੱਡ ਕੇ ਸਿੱਧ ਕਰੀਏ ਤਾਂ ਸਿੱਧ ਨਹੀਂ ਹੋ ਸਕਦੇ। ਸੋ ਮੂਲ ਮੰਤ੍ਰ ਗੁਰ ਪ੍ਰਸਾਦਿ ਤਾਈਂ ਪੜ੍ਹਨ ਕਰਕੇ ਪੂਰਨ ਕਾਜ ਨਹੀਂ ਹੋਣੇ।

ਮੂਲ ਮੰਤ੍ਰ ਵਿੱਚ ਅਕਾਲ ਪੁਰਖ ਦਾ ਸਰੂਪ ਕਥਨ ਕੀਤਾ ਹੈ। ਮਨ ਨੂੰ ਵਸ ਕਰਨ ਵਾਲਾ ਹੈ। ਮੁਕਤਿ ਦਾ ਦਾਤਾ ਹੈ। ਬ੍ਰਹਮ ਗਿਆਨ ਦਾ ਦਾਤਾ ਹੈ। ਸੰਸਾਰ ਦੇ ਸਮੂਹ ਕਾਰਜਾਂ ਨੂੰ ਸਫਲਾ ਕਰਨ ਵਾਲਾ ਹੈ। ਤੇ ਜੀਵ ਦੇ ਸਮੂੰਹ ਪਾਪਾਂ, ਵਿਘਨਾਂ ਆਦਿ ਨੂੰ ਨਾਸ ਕਰਨ ਵਾਲਾ ਹੈ। ਰਖਿਆ ਕਰਨ ਵਾਲਾ ਹੈ।

ਜਿਵੇਂ ਕਲਕੱਤੇ ਇੱਕ ਸਾਧ ਕੱਚਾ ਤੰਦ, ਸਿੰਘ ਨੂੰ ਫੜਾ ਕੇ ਮੰਤ੍ਰ ਪੜ੍ਹ ਕੇ ਤਾਂਬੇ ਦੀ ਤਾਰ ਬਣਾ ਕੇ ਮਾਰਨ ਲੱਗਾ, ਸਿੰਘ ਮੂਲ ਮੰਤ੍ਰ ਪੜ੍ਹੀ ਗਿਆ ਤਾਂ ਉਲਟ ਕੇ ਉਸ ਸਾਧ ਨੂੰ ਹੀ ਮਾਰ ਦਿੱਤਾ ਉਸ ਲਾਟ ਨੇ। "

ਇਕ ਪਾਸੇ ਤਾਂ ਆਪ ਹੀ ਲਿਖਦੇ ਹਨ ਕਿ ਮੂਲ ਮੰਤ੍ਰ ਵਿੱਚ ਅਕਾਲ ਪੁਰਖ ਦਾ ਸਰੂਪ ਕਥਨ ਕੀਤਾ ਹੈ। ਦੂਜੇ ਪਾਸੇ ਆਪ ਹੀ ਉਸ ਨੂੰ ਰਟਨ ਕਰਨ ਵਾਲਾ ਬ੍ਰਾਹਮਣੀ ਮੰਤ੍ਰ ਬਣਾ ਦਿੱਤਾ। ਜੇ ਇਸ ਦੇ ਰਟਨ ਨਾਲ ਹੀ ਰਖਿਆ ਹੁੰਦੀ ਹੈ ਤਾਂ ਪਿਛਲੇ ਸੰਘਰਸ਼ ਵਿੱਚ ਹਜ਼ਾਰਾਂ ਸਿੰਘ ਸ਼ਹੀਦ ਹੋਏ ਹਨ, ਜਿਨ੍ਹਾਂ ਵਿੱਚੋਂ ਬਹੁਤ ਸਾਰੇ ਇਨ੍ਹਾਂ ਦੇ ਭਿੰਡਰਾਂ ਜਥੇ ਨਾਲ ਸਬੰਧਤ ਸਨ, ਉਨ੍ਹਾਂ ਨੂੰ ਤਾਂ ਪਤਾ ਹੀ ਹੋਵੇਗਾ ਕਿ ਮੂਲ ਮੰਤ੍ਰ ਰਟਨ ਨਾਲ ਰਖਿਆ ਹੁੰਦੀ ਹੈ, ਫਿਰ ਉਹ ਟਾਕਰੇ ਦੇ ਸਮੇਂ ਮੂਲ ਮੰਤ੍ਰ ਰਟੀ ਜਾਂਦੇ ਤਾਂ ਇੱਕ ਵੀ ਸਿੰਘ ਦੀ ਸ਼ਹਾਦਤ ਨਹੀਂ ਸੀ ਹੋਣੀ।

ਹੁਣ ਇਸੇ ਕਿਤਾਬ ‘ਗੁਰਬਾਣੀ ਪਾਠ ਦਰਪਨ` ਦੇ ਪੰਨਾ ੯੪ ਤੇ, ਗੁਰੂ ਨਾਨਕ ਸਾਹਿਬ ਦੇ ਵਿਆਹ ਨਾਲ ਸਬੰਧਤ ਪ੍ਰਸੰਗ ਵਿੱਚ ਲਿਖਦੇ ਹਨ ਕਿ ਗੁਰੂ ਨਾਨਕ ਸਾਹਿਬ ਨੇ ਕਿਹਾ ਕਿ ਅਸੀਂ ਅਗਨੀ ਦੇਵਤੇ ਦੇ ਪੁਜਾਰੀ ਨਹੀਂ ਹਾਂ। ਇਸ ਲਈ ਉਨ੍ਹਾਂ ਅਗਨੀ ਦੀ ਪਰਿਕਰਮਾ ਕਰ ਕੇ ਵਿਆਹ ਕਰਵਾਉਣ ਤੋਂ ਇਨਕਾਰ ਕਰ ਦਿੱਤਾ। ਇਸ ਤੋਂ ਅੱਗੋਂ ਲਿਖਦੇ ਹਨ:

"ਜਦੋਂ ਸਾਰੇ ਬ੍ਰਾਹਮਣ ਹਾਰ ਚੁੱਕੇ, ਜ਼ੋਰ ਨਾ ਚਲਿਆ। ਉਸ ਵਕਤ ਹਰਿਦਿਆਲ ਪਰੋਹਤ ਜਿਸ ਨੂੰ ਗਿਆਨ ਦਾ ਜਨੇਊ (ਦਇਆ ਕਪਾਹ ਸੰਤੋਖ ਸੂਤ) ਗੁਰੂ ਮਹਾਰਾਜ ਸਾਹਿਬ ਬਖਸ਼ਿਆ ਸੀ। ਉਸ ਨੇ ਕਿਹਾ ਸੱਚੇ ਪਾਤਿਸ਼ਾਹ ਜੀ! ਆਪ ਦਸੋ ਲਾਵਾਂ ਕਿਸ ਦੇ ਉਦਾਲੇ ਲੈਣੀਆਂ ਹਨ। ਜਿਵੇਂ ਜੰਞੂ ਦੀ ਮਰਯਾਦਾ ਦੱਸੀ ਹੈ, ਗਿਆਨ ਦਾ ਜੰਞੂ ਦੱਸਿਆ ਹੈ। ਇਹ ਮੈਨੂੰ ਸੋਹਣਾ ਸਮਾਂ ਮਿਲਿਆ ਹੈ। ਹੁਣ ਮੈਨੂੰ ਨਿਹਾਲ ਕਰੋ ਸੱਚੇ ਪਾਤਿਸ਼ਾਹ ਜੀ! ਕਰੋੜਾਂ ਬ੍ਰਹਿਮੰਡਾਂ ਦੇ ਮਾਲਕ ਤੁਸੀ ਮੇਰੇ ਜਜਮਾਨ ਹੋ, ਮੈਂ ਤੁਹਾਡਾ ਪੁਰੋਹਤ ਹਾਂ ਮੇਰੇ ਤੇ ਕਿਰਪਾ ਕਰੋ। ਤਾਂ ਸਤਿਗੁਰੂ ਸਾਹਿਬ ਜੀ ਨੇ ਸ਼ਬਦ ਉਚਾਰਿਆ-

ਗੁਰੂਦੁਆਰੈ ਹਮਰਾ ਵਿਆਹੁ ਜਿ ਹੋਆ ਜਾਂ ਸਹੁ ਮਿਲਿਆ ਤਾਂ ਜਾਨਿਆ।। (ਅੰਗ ੩੫੧)

ਇਹ ਆਸਾ ਰਾਗ ਵਿੱਚ ਸਤਿਗੁਰੂ ਜੀ ਨੇ ਸ਼ਬਦ ਉਚਾਰਨ ਕੀਤਾ ਹੈ। ਜਿਸ ਵਕਤ ਇਹ ਸ਼ਬਦ ਉਚਾਰਿਆ ਉਸ ਵਕਤ ਕਿਹਾ ਕਿ ਮਹਾਰਾਜ ਜੀ ਮਰਯਾਦਾ ਦੱਸੋ। ਮਹਾਰਾਜ ਜੀ ਨੇ ਕਿਹਾ- ਅਸੀਂ ਨਾਮ ਦੀ ਪਰਕਰਮਾਂ ਕਰਨੀ ਹੈ। ਭਾਈ ਮਨੀ ਸਿੰਘ ਜੀ ਨੇ ਲਿਖਿਆ ਹੈ, ਭਾਈ ਗੁਰਦਾਸ ਜੀ ਦੀ ਪਹਿਲੀ ਵਾਰ ਦੀ ਜਨਮ ਸਾਖੀ ਵਿੱਚ ਲਿਖਿਆ ਕਿ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਸੱਚ ਖੰਡ ਵਿਆਹ ਤੋਂ ਪਹਿਲਾਂ ਗਏ ਸਨ ਤੇ ਗੁਰੂ ਸਾਹਿਬ ਜੀ ‘ਮੂਲ ਮੰਤ੍ਰ` ਸੱਚ ਖੰਡ ਤੋਂ ਪਹਿਲਾਂ ਲੈ ਕੇ ਆਏ ਸਨ।

ਉਸ ਵਕਤ ਮਹਾਰਾਜ ਜੀ ਨੇ ਕਿਹਾ- ਇੱਕ ਕਾਗ਼ਜ਼ ਮੰਗਵਾ ਦਿਓ, ਇੱਕ ਕਲਮ, ਇੱਕ ਦਵਾਤ, ਰੁਮਾਲ ਤੇ ਚੌਕੀ ਮੰਗਵਾਓ ਫਿਰ ਦਸਾਂਗੇ ਤੁਹਾਨੂੰ। ਉਸ ਵੇਲੇ ਸਾਧ ਸੰਗਤ ਜੀ! ਚੌਂਕੀ, ਕਾਗ਼ਜ਼ ਅਤੇ ਕਲਮ ਦਵਾਤ ਤੇ ਰੁਮਾਲ ਮੰਗਵਾਇਆ ਗਿਆ। ਸਤਿਗੁਰੂ ਜੀ ਨੇ ਉਸ ਵਕਤ ਆਪਣੇ ਮੁਖਾਰਬਿੰਦ ਤੋਂ ਉਚਾਰਿਆ-

"ੴ ਸਤਿਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ ਗੁਰਪ੍ਰਸਾਦਿ।। "

ਇਹ ਮਹਾਂ ਮੰਤਰ ਲਿਖ ਕੇ ਜੋ ੩੩ ਵਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਹੈ, ਚੌਂਕੀ `ਤੇ ਰੁਮਾਲ ਵਿਛਾ ਕੇ ਉੱਤੇ ਇਸ ਬਾਣੀ ਨੂੰ ਰੱਖ ਦਿੱਤਾ ਤੇ ਜੋ ਸਾਡੇ ਮਾਤਾ ਜੀ ਸੁਲੱਖਣੀ ਜੀ ਸਨ, ਜੋ ਸਤਿਗੁਰੂ ਸਾਹਿਬ ਜੀ ਦੇ ਮਹਿਲ ਸਨ। ਉਨ੍ਹਾਂ ਨੂੰ ਨਾਲ ਲੈ ਕੇ ਮਹਾਰਾਜ ਜੀ ਨੇ ਬਾਣੀ ਦੀਆਂ ਪਰਕਰਮਾਂ ਕੀਤੀਆਂ। "

ਇਹ ਕਹਾਣੀ ਕਹਿ ਲਓ ਜਾਂ ਸਾਖੀ, ਇਸ ਦੀ ਸਾਰਥਕਤਾ `ਤੇ ਮੈ ਇਥੇ ਕੋਈ ਸੁਆਲ ਨਹੀਂ ਕਰਨਾ ਚਾਹੁੰਦਾ। ਹਾਲਾਂਕਿ ਇੱਕ ਗੱਲ ਕਹੇ ਬਗ਼ੈਰ ਵੀ ਨਹੀਂ ਰਹਿ ਸਕਦਾ ਕਿ ਜਿਸ ਬ੍ਰਾਹਮਣ ਅਤੇ ਉਸ ਦੇ ਕਰਮਕਾਂਡਾਂ ਨੂੰ ਗੁਰੂ ਨਾਨਕ ਸਹਿਬ ਨੇ ਨੌਂ ਸਾਲ ਦੀ ਉਮਰ ਵਿੱਚ ਰੱਦ ਕਰ ਦਿੱਤਾ ਸੀ, ਉਸ ਨੂੰ ਬੜੇ ਭਾਵੁਕ ਸ਼ਬਦਾਂ ਨਾਲ ਫਿਰ ਗੁਰੂ ਨਾਨਕ ਸਾਹਿਬ ਦਾ ਪੁਰੋਹਿਤ ਅਤੇ ਗੁਰੂ ਸਾਹਿਬ ਨੂੰ ਉਸ ਦਾ ਜਜਮਾਨ ਬਣਾ ਦਿੱਤਾ ਹੈ। ਇੱਕ ਪਾਸੇ ਤਾਂ ਬ੍ਰਾਹਮਣ ਕਹਿੰਦਾ ਹੈ, "ਜਿਵੇਂ ਜੰਞੂ ਦੀ ਮਰਯਾਦਾ ਦੱਸੀ ਹੈ, ਗਿਆਨ ਦਾ ਜੰਞੂ ਦੱਸਿਆ ਹੈ। ਇਹ ਮੈਨੂੰ ਸੋਹਣਾ ਸਮਾਂ ਮਿਲਿਆ ਹੈ। ਹੁਣ ਮੈਨੂੰ ਨਿਹਾਲ ਕਰੋ" ਅਤੇ ਨਾਲ ਹੀ ਕਹਿੰਦਾ ਹੈ."ਸੱਚੇ ਪਾਤਿਸ਼ਾਹ ਜੀ! ਕਰੋੜਾਂ ਬ੍ਰਹਿਮੰਡਾਂ ਦੇ ਮਾਲਕ ਤੁਸੀ ਮੇਰੇ ਜਜਮਾਨ ਹੋ, ਮੈਂ ਤੁਹਾਡਾ ਪੁਰੋਹਤ ਹਾਂ"। ਭਲਿਓ! ਜੇ ਗੁਰੂ ਨਾਨਕ ਸਾਹਿਬ ਉਸ ਬ੍ਰਾਹਮਣ ਨੂੰ ਆਪਣਾ ਪੁਰੋਹਤ ਮੰਨਦੇ ਹੁੰਦੇ ਤਾਂ ਉਸ ਦਾ ਦਿੱਤਾ ਧਾਗੇ ਦਾ ਜਨੇਊ ਨਾ ਪਾ ਲੈਂਦੇ? ਜਜਮਾਨ ਪੁਰੋਹਿਤ ਕੋਲੋਂ ਸਿੱਖਿਆ ਲੈਂਦਾ ਹੈ ਕਿ ਉਸ ਨੂੰ ਸਿੱਖਿਆ ਦੇਂਦਾ ਹੈ?

ਚਲੋ ਮੈਂ ਆਪਣੇ ਮੂਲ ਮੁੱਦੇ ਉਤੇ ਵਾਪਸ ਆਵਾਂ। ਜਦ ਇਸ ਸਾਖੀ ਵਿੱਚ (ਸ੍ਰੀਮਾਨ ਪੰਥ ਰਤਨ ਵਿੱਦਿਆ ਮਾਰਤੰਡ ਸੰਤ ਗਿਆਨੀ) ਗੁਰਬਚਨ ਸਿੰਘ ਜੀ ਖ਼ਾਲਸਾ ਭਿੰਡਰਾਂਵਾਲੇ ਆਪ ਮਨ ਰਹੇ ਹਨ ਕਿ ਗੁਰੂ ਨਾਨਕ ਸਾਹਿਬ, "ੴ ਸਤਿਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ ਗੁਰਪ੍ਰਸਾਦਿ।। " ਇਹ ਮੂਲ ਮੰਤਰ ਆਪ ਅਕਾਲ ਪੁਰਖ ਕੋਲੋਂ ਲੈ ਕੇ ਆਏ ਸਨ ਅਤੇ ਇਹੀ ਮੂਲ ਮੰਤਰ ਗੁਰੂ ਗ੍ਰੰਥ ਸਾਹਿਬ ਵਿੱਚ ੩੩ ਵਾਰੀ ਪੂਰਨ ਰੂਪ ਵਿੱਚ ਆਉਂਦਾ ਹੈ ਤਾਂ ਫਿਰ ਤੁਸੀਂ ਕੌਮ ਨੂੰ ਦੁਬਿਧਾ ਵਿੱਚ ਪਾਉਣ ਦੀ ਕੋਸ਼ਿਸ਼ ਕਿਉਂ ਕਰ ਰਹੇ ਹੋ? ਕੀ ਤੁਹਾਡਾ ਕੰਮ ਕੌਮ ਵਿੱਚ ਨਿਤ ਨਵੇਂ ਵਿਵਾਦ ਖੜੇ ਰਖਣਾ ਹੀ ਹੈ? ਉਂਝ ਵੀ ‘ਜਪੁ` ਸ਼ਬਦ ਦੇ ਪ ਨੂੰ ਲਗੀ ਔਂਕੜ (ੁ) ਅਤੇ ਇਸ ਤੋਂ ਪਹਿਲੇ ਅਤੇ ਪਿੱਛੇ ਲਗੀਆਂ ਪੂਰਨ ਵਿਸ਼ਰਾਮ ਦੀਆਂ ਦੋ ਦੋ ਡੰਡੀਆਂ (।।) ਸਪੱਸ਼ਟ ਕਰਦੀਆਂ ਹਨ ਕਿ ਇਹ ਬਾਣੀ ਦਾ ਨਾਮ ਹੈ ਅਤੇ ਇਸ ਤੋਂ ਬਾਅਦ ਜਪੁ ਬਾਣੀ ਸ਼ੁਰੂ ਹੁੰਦੀ ਹੈ।

"ਆਦਿ ਸਚੁ ਜੁਗਾਦਿ ਸਚੁ।। ਹੈ ਭੀ ਸਚੁ ਨਾਨਕ ਹੋਸੀ ਭੀ ਸਚੁ।। ੧।। "

ਇਹ ਜਪੁ ਬਾਣੀ ਦਾ ਪਹਿਲਾ ਸਲੋਕ ਹੈ। ਇਹ ਸਲੋਕ ‘ਭੀ` ਅਤੇ ‘ਭਿ` ਦੇ ਮਾਮੂਲੀ ਜਿਹੇ ਫਰਕ ਨਾਲ ਸੁਖਮਨੀ ਬਾਣੀ ਦੀ ਸਤ੍ਹਾਰਵੀ ਅਸ਼ਟਪਦੀ ਦੇ ਨਾਲ ਵੀ ਆਉਂਦਾ ਹੈ। ਇਸ ਤੋਂ ਇਲਾਵਾ ਮੰਗਲਾ-ਚਰਨ (ਮੂਲ ਮੰਤ੍ਰ) ਦੇ ਇਹ ਚਾਰ ਛੋਟੇ ਸਰੂਪ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹਨ, ਜਿਨ੍ਹਾਂ ਦੀ ਗਿਣਤੀ ਇੰਝ ਹੈ:

ੴ ਸਤਿ ਗੁਰਪ੍ਰਸਾਦਿ।। ੫੨੪ ਵਾਰ

ੴ ਸਤਿ ਨਾਮੁ ਗੁਰਪ੍ਰਸਾਦਿ।। ੨ ਵਾਰ

ੴ ਸਤਿ ਨਾਮੁ ਕਰਤਾ ਪੁਰਖੁ ਗੁਰਪ੍ਰਸਾਦਿ।। ੯ ਵਾਰ

ੴ ਸਤਿ ਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ ਗੁਰਪ੍ਰਸਾਦਿ।। ੩੩ ਵਾਰ

ਜੇ ਮੂਲ ਮੰਤ੍ਰ ‘ਨਾਨਕ ਹੋਸੀ ਭੀ ਸੱਚੁ` ਤੱਕ ਹੁੰਦਾ ਤਾਂ ਇਹ ਸੰਖੇਪ ਸਰੂਪ ‘ਗੁਰਪ੍ਰਸਾਦਿ ਨਹੀਂ` ‘ਨਾਨਕ ਹੋਸੀ ਭੀ ਸੱਚੁ` ਤੇ ਮੁਕਦੇ। ਲੇਕਿਨ ਇਹ ਸਭ ਦਲੀਲਾਂ ਕਿਸੇ ਸੂਝਵਾਨ ਨੂੰ ਹੀ ਪ੍ਰਭਾਵਤ ਕਰ ਸਕਦੀਆਂ ਹਨ। ਜਿਥੇ ਵੱਡੇ ਮਹਾਪੁਰਖਾਂ ਦੇ ਨਾਂ `ਤੇ ਕਟੜਪੰਥੀ ਹੋਵੇ, ਉਥੇ ਦਲੀਲਾਂ ਕੋਈ ਮਾਇਨੇ ਨਹੀਂ ਰਖਦੀਆਂ। ਸਗੋਂ ਜਦੋਂ ਕੋਈ ਬਾ-ਦਲੀਲ ਗੱਲ ਕਰੇ ਤਾਂ ਇਹ ਰੌਲਾ ਪਾਉਣਾ ਸ਼ੁਰੂ ਕਰ ਦੇਂਦੇ ਹਨ, ਦੇਖੋ ਜੀ ਇਹ ਗੁਰਬਾਣੀ ਨੂੰ ਛੋਟਾ ਕਰ ਰਹੇ ਹਨ, ਅਤੇ ਭੋਲੇ ਭਾਲੇ ਸਿੱਖ, ਜਿਨ੍ਹਾਂ ਦੀ ਸੋਚ ਇਥੋਂ ਤੱਕ ਸੀਮਿਤ ਹੈ ਕਿ ਵਧੇਰੇ ਹੀ ਚੰਗਾ ਹੁੰਦਾ ਹੈ, ਅਗਿਆਨਤਾ ਵਿੱਚ ਇਨ੍ਹਾਂ ਦੇ ਮਗਰ ਲੱਗ ਜਾਂਦੇ ਹਨ। ਇਨ੍ਹਾਂ ਦੀ ਸਭ ਤੋਂ ਵੱਡੀ ਦਲੀਲ ਇਹ ਹੁੰਦੀ ਹੈ ਕਿ ਕੀ ਇਤਨੇ ਵੱਡੇ ਮਹਾਪੁਰਖਾਂ ਨੂੰ ਸਮਝ ਨਹੀਂ ਸੀ? ਇਨ੍ਹਾਂ ਵਰਗੇ ਹੀ ਇਨ੍ਹਾਂ ਦੇ ਅਖੌਤੀ ਮਹਾਪੁਰਖ ਅਤੇ ਉਨ੍ਹਾਂ ਵਰਗੀ ਹੀ ਇਨ੍ਹਾਂ ਦੀ ਸਮਝ।

(ਚਲਦਾ ….)

(ਦਾਸ ਦੀ ਨਵੀਂ ਕਿਤਾਬ "ਖਾਲਸਾ ਪੰਥ ਬਨਾਮ ਡੇਰਾਵਾਦ" ਵਿਚੋਂ)

ਰਾਜਿੰਦਰ ਸਿੰਘ

(ਮੁੱਖ ਸੇਵਾਦਾਰ, ਸ਼੍ਰੋਮਣੀ ਖਾਲਸਾ ਪੰਚਾਇਤ)

email: [email protected]




.