.

ਗੁਰੂ, ਸ਼ਬਦ ਜਾਂ ਦੇਹ
ਗੁਰਸ਼ਰਨ ਸਿੰਘ ਕਸੇਲ

ਸਿੱਖ ਧਰਮ ਅਨੁਸਾਰ ਸ਼ਬਦ ਨੂੰ ਗੁਰੂ ਮੰਨਿਆਂ ਹੈ। ਇਸ ਦਾ ਕਾਰਨ ਇਹ ਹੈ ਕਿ ਗਿਆਨ ਦਾ ਮੁੱਖ ਸੋਮਾ ਤਾਂ ਸ਼ਬਦ ਹੀ ਹੈ । ਇਹ ਅਧਿਆਤਮਕ ਅਤੇ ਦੁਨੀਆਵੀਂ ਗਿਆਨ ਸਾਡੀ ਜਿੰਦਗੀ ਦੇ ਹਰ ਪਲ ਸਾਡਾ ਸਾਥ ਦੇਂਦਾ ਹੈ। ਇਸੇ ਕਰਕੇ ਹੀ ਤਾਂ ਜਦ ਗੁਰੂ ਨਾਨਕ ਪਾਤਸ਼ਾਹ ਨੂੰ ਸਿਧਾਂ ਨੇ ਪੁੱਛਿਆ ਸੀ ਕਿ ਤੁਹਾਡਾ ਗੁਰੂ ਕੌਣ ਹੈ ਤਾਂ ਗੁਰੂ ਜੀ ਨੇ ਜਵਾਬ ਦਿੱਤਾ ਸੀ ਕਿ: ਸਬਦੁ ਗੁਰੂ, ਸੁਰਤਿ ਧੁਨਿ ਚੇਲਾ॥ (ਪੰਨਾ ੯੪੨) ਇਥੇ ਇਹ ਵੀ ਯਾਦ ਰੱਖਣ ਵਾਲੀ ਗੱਲ ਹੈ ਕਿ ਗੁਰੂ ਜੀ ਨੇ ਤਾਂ ਚੇਲਾ ਵੀ ਦੇਹ (ਸਰੀਰ) ਨੂੰ ਨਹੀਂ ਮੰਨਿਆਂ। ਉਨ੍ਹਾਂ ਤਾਂ ਚੇਲਾ ਵੀ ਸੁਰਤ (ਧਿਆਨ) ਨੂੰ ਮੰਨਿਆਂ ਹੈ। ਗੁਰੂ ਦੀ ਹਜ਼ੂਰੀ ਵਿੱਚ ਵੀ ਅਸੀਂ ਉਦੋਂ ਹੀ ਪ੍ਰਵਾਨ ਹੁੰਦੇ ਹਾਂ,ਜਦੋਂ ਸਾਡਾ ਧਿਆਨ ਗੁਰਬਾਣੀ ਵਿੱਚ ਹੁੰਦਾ ਹੈ; ਉਂਝ ਭਾਂਵੇ ਸਾਰਾ ਦਿਨ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੀੜ ਲਾਗੇ ਜਾਂ ਗੁਰਦੁਆਰੇ ਦੇ ਵਿੱਚ ਬੈਠੇ ਰਹੀਏ, ਪਰ ਗੁਰਮਤਿ ਦੀ ਕੋਈ ਵੀ ਮਤ ਨਹੀਂ ਲੈ ਸਕਦੇ । ਏਥੇ ਨਾਲ ਹੀ ਸਾਨੂੰ ਇਹ ਵੀ ਗੱਲ ਜਰੂਰੀ ਸਮਝਣ ਵਾਲੀ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਕੋਈ ਦੇਹ ਜਾਂ ਮੂਰਤੀ ਨਹੀਂ ਹੈ ਜਿਸ ਦੇ ਦਰਸ਼ਨ ਕਰਨੇ ਜਾਂ ਪੂਜਾ ਕਰਨੀ ਹੈ । ਲੋਕਾਈ ਦੇ ਇਸ ਭੁਲੇਖੇ ਨੂੰ ਦੂਰ ਕਰਨ ਲਈ ਗੁਰੂ ਜੀ ਨੇ ਸਮਝਾਇਆ ਹੈ:- ਸਤਿਗੁਰ ਨੋ ਸਭੁ ਕੋ ਵੇਖਦਾ ਜੇਤਾ ਜਗਤੁ ਸੰਸਾਰੁ ॥ ਡਿਠੈ ਮੁਕਤਿ ਨ ਹੋਵਈ ਜਿਚਰੁ ਸਬਦਿ ਨ ਕਰੇ ਵੀਚਾਰੁ ॥ ਹਉਮੈ ਮੈਲੁ ਨ ਚੁਕਈ ਨਾਮਿ ਨ ਲਗੈ ਪਿਆਰੁ ॥ (ਮ:3,ਪੰਨਾ 594)

‘ਸ਼ਬਦ ਗੁਰੂ’ ਹਰ ਵੇਲੇ ਸਾਡੀ ਯਾਦ ਵਿਚ ਹੋਣ ਕਰਕੇ ਉਸ ਤੋਂ ਸੋਝੀ ਮਿਲਦੀ ਰਹਿੰਦੀ ਹੈ। ਅਸੀਂ ਜਦ ਵੀ ਕੋਈ ਮਾੜਾ ਕਰਮ ਜਾਂ ਚੰਗਾ ਕਰਮ ਕਰਨ ਬਾਰੇ ਸੋਚਾਂਗੇ ਤਾਂ ਇਹ ਸਦੀਵੀ ਸੱਚ ਸਾਨੂੰ ਚੇਤੇ ਜਰੂਰ ਕਰਾਵੇਗਾ ਕਿ ਕੀ ਠੀਕ ਹੈ ਜਾਂ ਗਲਤ, ਅੱਗੇ ਉਸਨੂੰ ਮਨਣਾ ਜਾਂ ਨਾਂ ਮਨਣਾ ਸਾਡੇ ਤੇ ਨਿਰਭਰ ਕਰਦਾ ਹੈ । ਜਿਵੇਂ ਕਿਸੇ ਦਾ ਹੱਕ ਮਾਰਨ ਵੇਲੇ:
ਹਕੁ ਪਰਾਇਆ ਨਾਨਕਾ, ਉਸ ਸੂਅਰੁ ਉਸ ਗਾਇ॥ ਗੁਰੁ ਪੀਰੁ ਹਾਮਾ ਤਾ ਭਰੇ, ਜਾ ਮੁਰਦਾਰੁ ਨ ਖਾਇ॥ (ਮ: 1, ਪੰਨਾ ੧੪੧)
ਇਵੇਂ ਹੀ ਝੂਠ ਬੋਲਣ ਲੱਗਿਆਂ ਗੁਰਬਾਣੀ ਸਾਨੂੰ ਸੁਚੇਤ ਕਰਦੀ ਹੈ ਕਿ ਝੂਠ ਬੋਲਣਾ ਤੇ ਕਿਸੇ ਦਾ ਹੱਕ ਮਾਰਨਾ ਹੱਡੋਰੋੜੀ (ਜਿਥੇ ਮਰੇ ਪਸ਼ੂ ਦੀ ਖਲ ਲਾਹੀ ਜਾਂਦੀ ਹੈ) ਤੇ ਸੁੱਟੇ ਕਿਸੇ ਮਰੇ ਡੰਗਰ ਦੇ ਮਾਸ ਖਾਣ ਦੇ ਬਰਾਬਰ ਹੈ :
ਕੂੜੁ ਬੋਲਿ ਮੁਰਦਾਰੁ ਖਾਇ॥ ਅਵਰੀ ਨੋ ਸਮਝਾਵਣਿ ਜਾਇ॥ ਮੁਠਾ ਆਪਿ ਮੁਹਾਏ ਸਾਥੈ॥ ਨਾਨਕ ਐਸਾ ਆਗੂ ਜਾਪੈ॥ (ਮ: 1, ਪੰਨਾ ੧੪੦)

‘ਸ਼ਬਦ ਗੁਰੂ’ ਤੋਂ ਸਾਨੂੰ ਆਪਣੇ ਜੀਵਨ ਵਿੱਚ ਸੁਧਾਰ ਲਿਉਣ ਲਈ ਬਹੁਤ ਹੀ ਵਧੀਆ-ਵਧੀਆ ਉਪਦੇਸ਼ ਮਿਲਦੇ ਹਨ ਜਿਵੇਂ : ਮਿਠਤੁ ਨੀਵੀ ਨਾਨਕਾ ਗੁਣ ਚੰਗਿਆਈਆ ਤਤੁ ॥ ਸਭੁ ਕੋ ਨਿਵੈ ਆਪ ਕਉ ਪਰ ਕਉ ਨਿਵੈ ਨ ਕੋਇ ॥ ਧਰਿ ਤਾਰਾਜੂ ਤੋਲੀਐ ਨਿਵੈ ਸੁ ਗਉਰਾ ਹੋਇ ॥

ਜਿਥੇ ਗੁਰਬਾਣੀ ਮਿਠੇ ਸੁਭਾਅ ਤੇ ਹਲੀਮੀ ਨੂੰ ਬਹੁਤ ਚੰਗਾ ਆਖਦੀ ਹੈ; ਉਥੇ ਨਾਲ ਹੀ ਉਹਨਾਂ ਲੋਕਾਂ ਤੋਂ ਵੀ ਸੁਚੇਤ ਕਰਦੀ ਹੈ, ਜਿਹੜੇ ਸਿਰਫ ਗੱਲੀ-ਬਾਤੀ ਹੀ ਮੂੰਹੋ ਮਿੱਠੇ ਬਣਨ ਅਤੇ ਨਿਉਣ ਦਾ ਪਾਖੰਡ ਕਰਦੇ ਹਨ:- ਅਪਰਾਧੀ ਦੂਣਾ ਨਿਵੈ ਜੋ ਹੰਤਾ ਮਿਰਗਾਹਿ ॥ ਸੀਸਿ ਨਿਵਾਇਐ ਕਿਆ ਥੀਐ ਜਾ ਰਿਦੈ ਕੁਸੁਧੇ ਜਾਹਿ ॥ (ਮ:1,ਪੰਨਾ 470)

ਇਵੇਂ ਹੀ ਗੁਰਬਾਣੀ ਸਾਨੂੰ ਹਉਮੈ ਬਾਰੇ ਦੱਸਦੀ ਹੈ ਕਿ ਇਹ ਮਨੁੱਖ ਦੇ ਜੀਵਨ ਵਿਚ ਬਹੁਤ ਵੱਡਾ ਰੋਗ ਹੈ :- ਹਉਮੈ ਦੀਰਘ ਰੋਗੁ ਹੈ ਦਾਰੂ ਭੀ ਇਸੁ ਮਾਹਿ ॥ ਕਿਰਪਾ ਕਰੇ ਜੇ ਆਪਣੀ ਤਾ ਗੁਰ ਕਾ ਸਬਦੁ ਕਮਾਹਿ ॥ (ਮ:2,ਪੰਨਾ 466)
ਇੰਝ ਹੀ ਬਹੁਤ ਸਾਰੇ ਗੁਰਬਾਣੀ ਦੇ ਸ਼ਬਦ ਹਨ ਜੋ ਆਸਾਨੀ ਨਾਲ ਸਾਨੂੰ ਯਾਦ ਆ ਜਾਂਦੇ ਹਨ ਅਤੇ ਅਸੀਂ ਉਹਨਾਂ ਕਰਕੇ ਕਈ ਮੁਸੀਬਤਾਂ ਵਿੱਚ ਪੈਣ ਤੋਂ ਬੱਚ ਸਕਦੇ ਹਾਂ । ਜਿਵੇਂ ਕਿਸੇ ਠੱਗ ਬਾਬੇ ਦੇ ਕਹੇ ਲੱਗ ਕੇ ਮੜ੍ਹੀਆਂ ਜਾਂ ਸਮਾਧਾਂ ਨੂੰ ਪੂਜਣ ਦਾ ਮਨ ਬਣਾ ਲੈਣਾ ਪਰ ਗੁਰੂ ਦਾ ਇਹ ਸ਼ਬਦ ਯਾਦ ਆਉਣ ਤੇ ਅੰਧਵਿਸ਼ਵਾਸ, ਵਹਿਮਾਂ ਭਰਮਾਂ ਦੀ ਘੁੰਮਣਘੇਰੀ ਵਿੱਚ ਪੈਣ ਤੋਂ ਬੱਚ ਜਾਈਦਾ ਹੈ: ਦੁਬਿਧਾ ਨ ਪੜਉ ਹਰਿ ਬਿਨੁ ਹੋਰੁ ਨ ਪੂਜਉ ਮੜੈ ਮਸਾਣਿ ਨ ਜਾਈ॥ (ਮ: 1, ਪੰਨਾ 634) ਜਬ ਲਗੁ ਤੁਟੈ ਨਾਹੀ ਮਨ ਭਰਮਾ ਤਬ ਲਗੁ ਮੁਕਤੁ ਨ ਕੋਈ ॥ ਕਹੁ ਨਾਨਕ ਦਇਆਲ ਸੁਆਮੀ ਸੰਤੁ ਭਗਤੁ ਜਨੁ ਸੋਈ ॥(ਮ:5,ਪੰਨਾ 680)
ਜਿਵੇਂ ਗੁਰਬਾਣੀ ਦਾ ਇਹ ਸ਼ਬਦ ਸਾਨੂੰ ਆਪਣੇ ਆਪ ਬਾਰੇ ਸੁਚੇਤ ਕਰਦਾ ਹੈ:- ਫਰੀਦਾ ਜੇ ਤੂ ਅਕਲਿ ਲਤੀਫੁ, ਕਾਲੇ ਲਿਖੁ ਨ ਲੇਖ॥ ਆਪਨੜੇ ਗਿਰੀਵਾਨ ਮਹਿ, ਸਿਰੁ ਨੀਵਾਂ ਕਰਿ ਦੇਖੁ॥ (ਪੰਨਾ ੧੩੭੮)
ਸਾਡੇ ਬਹੁਤ ਸਾਰੇ ਪੇਸ਼ਾਵਰ ਪ੍ਰਚਾਰਕ ਅਤੇ ਅਖੌਤੀ ਬਾਬੇ ਗੁਰੂ ਸਾਹਿਬਾਨ ਬਾਰੇ ਕਈ ਅਜਿਹੀਆਂ ਕਹਾਣੀਆਂ ਸੁਣਾਉਂਦੇ ਹਨ ਜੋ ਗੁਰਮਤਿ ਅਤੇ ਗੁਰੂ ਸਾਹਿਬਾਨ ਦੇ ਜੀਵਨ ਕਾਲ ਨਾਲ ਬਿਲਕੁਲ ਮੇਲ ਨਹੀਂ ਖਾਂਦੀਆਂ। ਗੁਰੂ ਸਾਹਿਬਾਨ ਨੇ ਜੋ ਕੁੱਝ ਲੋਕਾਂ ਵਿੱਚ ਪ੍ਰਚਾਰਿਆ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਕੀਤਾ, ਉਨ੍ਹਾਂ ਉਹੀ ਕੁੱਝ ਆਪਣੇ ਜੀਵਨ ਕਾਲ ਵਿੱਚ ਵੀ ਕਮਾਇਆ । ਉਨ੍ਹਾਂ ਦੀ ਕਹਿਣੀ ਅਤੇ ਕਰਨੀ ਵਿੱਚ ਰਤਾ ਭਰ ਵੀ ਫਰਕ ਨਹੀਂ ਸੀ। ਗੁਰੂ ਨਾਨਕ ਪਾਤਸ਼ਾਹ ਦੀ ਇੱਕ ਸਾਖੀ ਆਪ ਨਾਲ ਸਾਂਝੀ ਕਰਦਾ ਹਾਂ ਜੋ ‘ਸ਼ਬਦ ਗੁਰੂ’ ਦੇ ਸਿਧਾਤ ਤੇ ਵੀ ਪੂਰੀ ਉਤਰਦੀ ਹੈ। ਆਪ ਸੱਭ ਨੇ ਵੀ ਕਈ ਵਾਰ ਇਹ ਸਾਖੀ ਸੁਣੀ ਹੋਵੇਗੀ। ਕਿਸੇ ਗੁਰਦੁਆਰੇ ਵਿੱਚ ਪ੍ਰਚਾਰਕ ਸੁਣਾ ਰਿਹਾ ਸੀ ਕਿ “ਇਕ ਵਾਰੀ ਗੁਰੂ ਨਾਨਕ ਪਾਤਸ਼ਾਹ ਜੰਗਲ ਵੱਲ ਚਲੇ ਗਏ। ਸਾਰੇ ਸਿੱਖ ਵੀ ਪਿੱਛੇ ਗਏ। ਫਿਰ ਗੁਰੂ ਜੀ ਸਿੱਖਾਂ ਨੂੰ ਢੇਮ੍ਹਾ-ਰੋਡ਼ੇ ਮਾਰਨ ਲੱਗ ਪਏ। ਇਹ ਵੇਖਕੇ ਭਾਈ ਲਹਿਣਾ ਜੀ (ਗੁਰੂ ਅੰਗਦ ਸਾਹਿਬ) ਤੋਂ ਬਿਨਾਂ ਸਾਰੇ ਸਿੱਖ ਮੁੱੜ ਆਏ ਅਤੇ ਸਮਝਣ ਲੱਗੇ ਗੁਰੂ ਜੀ ਦੇ ਦਿਮਾਗ ਨੂੰ ਕੁੱਝ ਹੋ ਗਿਆ ਹੈ। ਪਰ ਭਾਈ ਲਹਿਣਾ ਜੀ ਇਸ ਖੇਡ ਬਾਰੇ ਸੱਭ ਕੁੱਝ ਸਮਝਦੇ ਸਨ ਇਸ ਕਰਕੇ ਉਹ ਪਿੱਛੇ ਨਾਂ ਮੁੜੇ । ਕੁੱਝ ਚਿਰ ਪਿੱਛੋਂ ਗੁਰੂ ਨਾਨਕ ਜੀ ਵਾਪਸ ਆ ਗਏ ਅਤੇ ਸਿੱਖਾਂ ਨੂੰ ਪੁੱਛਿਆ ਕਿ ਤੁਸੀਂ ਕਿਊਂ ਮੁੜ ਆਏ ਸੀ ਤਾਂ ਸਿੱਖਾਂ ਨੇ ਜਵਾਬ ਦਿੱਤਾ ਕਿ ਅਸੀਂ ਸੋਚਿਆ ਸੀ ਕਿ ਤੁਹਾਡੇ ਦਿਮਾਗ ਨੂੰ ਕੁੱਝ ਹੋ ਗਿਆ ਹੈ; ਇਸ ਕਰਕੇ ਅਸੀਂ ਮੁੜ ਆਏ ਸੀ। ਫਿਰ ਗੁਰੂ ਜੀ ਨੇ ਸਿੱਖਾਂ ਨੂੰ ਸਮਝਾਇਆਂ ਕਿ ਵੇਖੋ, ਸਰੀਰ ਕਦੀ ਵੀ ‘ਗੁਰੂ’ ਨਹੀਂ ਹੈ ਅਤੇ ਸਰੀਰ ਹਮੇਸ਼ਾਂ ਹਰ ਜਗ੍ਹਾ ਹੋ ਵੀ ਨਹੀਂ ਸਕਦਾ। ਇਸ ਕਰਕੇ ਮੇਰੇ ਸਰੀਰ ਦੇ ਦਰਸ਼ਨ ਕਰਨ ਦੀ ਥਾਂ ‘ਸ਼ਬਦ ਗੁਰੂ’ ਨੂੰ ਆਪਣੇ ਮਨ ਵਿੱਚ ਵਸਾਓ। ਇਹ ਸਾਖੀ ‘ਸਬਦੁ ਗੁਰੂ’ ਦੇ ਸਿਧਾਂਤ ਤੇ ਪੂਰੀ ਉਤਰਦੀ ਹੈ ।

ਸਿੱਖਾਂ ਨੂੰ ਹੋਰਨਾ ਧਰਮਾ ਦੇ ਪੈਰੋਕਾਰਾਂ ਵਾਂਗਰ ਤੀਰਥਾਂ ਅਦਿ ਦੇ ਰਟਨ ਕਰਨ ਦੀ ਲੋੜ ਨਹੀਂ ਹੈ । ਹਾਂ, ਗੁਰੂ ਸਾਹਿਬਾਨ ਦੇ ਇਤਿਹਾਸ ਨੂੰ ਜਾਣਨ ਵਾਸਤੇ ਜਾਣਾ ਠੀਕ ਹੈ । ਉਂਝ ਸਿੱਖਾਂ ਲਈ ਸੱਭ ਤੋਂ ਵੱਡਾ ਤੀਰਥ ਗੁਰਬਾਣੀ ਦੀ ਸਿਖਿਆ ਹੀ ਹੈ; ਜਿਵੇਂ ਗੁਰਸ਼ਬਦ ਹੈ :-ਤੀਰਥਿ ਨਾਵਣ ਜਾਉ ਤੀਰਥੁ ਨਾਮੁ ਹੈ ॥ ਤੀਰਥੁ ਸਬਦ ਬੀਚਾਰੁ ਅੰਤਰਿ ਗਿਆਨੁ ਹੈ ॥ ਗੁਰ ਗਿਆਨੁ ਸਾਚਾ ਥਾਨੁ ਤੀਰਥੁ ਦਸ ਪੁਰਬ ਸਦਾ ਦਸਾਹਰਾ ॥(ਮ:1,ਪੰਨਾ687)

ਇਸ ‘ਸ਼ਬਦ ਗੁਰੂ’ ਦੀ ਕੋਈ ਵੀ ਬੇਅਦਬੀ ਨਹੀਂ ਕਰ ਸਕਦਾ । ਇਸ ਗੁਰੂ ਦੀ ਬੇਅਦਬੀ ਉਦੋਂ ਹੁੰਦੀ ਹੈ, ਜਦ ਕੋਈ ਧਾਰਮਿਕ ਲੀਡਰ ਜਾਂ ਪ੍ਰਚਾਰਕ ਆਪਣੇ ਕਿਸੇ ਵੀ ਲਾਲਚ ਕਾਰਨ ਝੂਠ ਬੋਲਕੇ ਸੱਚ ਦੇ ਉਲਟ ਫੈਸਲੇ ਕਰਦਾ ਹੈ । ਉਦੋਂ ਉਹ ਬੰਦਾ ਜਿਥੇ ‘ਸ਼ਬਦ ਗੁਰੂ’ ਦੀ ਬੇਅਦਬੀ ਕਰਦਾ ਹੈ, ਉਥੇ, ਉਹ ਸਿੱਖਾਂ ਦੇ ਪਹਿਰਾਵੇ ਦੀ ਵੀ ਬੇਅਦਬੀ ਕਰਦਾ ਹੈ: ਹਿਰਦੈ ਜਿਨ੍ਹ੍ਹ ਕੈ ਕਪਟੁ ਵਸੈ ਬਾਹਰਹੁ ਸੰਤ ਕਹਾਹਿ ॥ ਤ੍ਰਿਸਨਾ ਮੂਲਿ ਨ ਚੁਕਈ ਅੰਤਿ ਗਏ ਪਛੁਤਾਹਿ ॥੨॥ ਅਨੇਕ ਤੀਰਥ ਜੇ ਜਤਨ ਕਰੈ ਤਾ ਅੰਤਰ ਕੀ ਹਉਮੈ ਕਦੇ ਨ ਜਾਇ ॥ ਜਿਸੁ ਨਰ ਕੀ ਦੁਬਿਧਾ ਨ ਜਾਇ ਧਰਮ ਰਾਇ ਤਿਸੁ ਦੇਇ ਸਜਾਇ ॥(ਮ:3, ਪੰਨਾ 491)

ਜੇਕਰ ਗੁਰੂ ਦੇ ਸਿੱਖ ਅਖਵਾਉਣ ਵਾਲੇ ਆਪਣੇ ਜੀਵਨ ਵਿੱਚ ਅਤੇ ਸਿੱਖ ਕੌਮ ਦੀ ਚੜ੍ਹਦੀ ਕਲਾ ਵੇਖਣੀ ਚਾਹੁੰਦੇ ਹਨ ਤਾਂ ਸਾਨੂੰ ਗੁਰਬਾਣੀ ਦੇ ਸ਼ਬਦ ਰਾਹੀਂ ਦੱਸੇ ਮਾਰਗ ਅਨੁਸਾਰ ‘ਸ਼ਬਦ ਗੁਰੂ’ ਦੇ ਸਿਧਾਂਤ ਨੂੰ ਆਪਣੀ ਜੀਵਣ–ਜਾਚ ਵਿੱਚ ਸੱਚੀ ਸ਼ਰਧਾ ਨਾਲ ਅਪਨਾਉਣਾ ਪਵੇਗਾ ਨਾਂ ਕਿ ਅੰਨ੍ਹੀ ਸ਼ਰਧਾ ਵੱਸ ਹੋਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਲਈ ਗਰਮੀਆਂ ਵਿੱਚ ਪੱਖੇ ਜਾਂ ਹੋਰ ਕੋਈ ਵਾਯੂ ਅਨੁਕੂਲਨ ਲਾਉਣਾ
(Air-condition) ਤੇ ਸਿਆਲ ਵਿਚ ਹੀਟਰ ਜਾਂ ਕੰਬਲ ਪਾਉਣੇ ਤੇ ਪੰਨਿਆਂ ਨੂੰ ਅੰਗ ਆਖ ਕੇ ਸ਼ਰਧਾਵਾਨ ਸ਼ਰਧਾਲੂ ਬਣਨਾ । ਜੇ ਕਿਸੇ ਨੇ ਸਾਡੀ ਅਜਿਹੀ ਅਖੌਤੀ ਸ਼ਰਧਾ ਨੂੰ ਗੁਰਮਤਿ ਅਨੁਸਾਰ ਨੰਗਿਆਂ ਕਰਨ ਦੀ ਕੋਸ਼ਿਸ਼ ਕੀਤੀ ਤਾਂ ਸਾਡੀਆਂ ਅਖੌਤੀ ਧਾਰਮਿਕ ਭਾਵਨਾਵਾਂ ਨੂੰ ਠੇਸ ਪਾਹੁੰਚਾਉਣ ਦਾ ਰੋਲਾ ਪਾਉਣ ਤੋਂ ਪਹਿਲਾਂ ਇਹ ਜਰੂਰ ਸੋਚੀਏ ਕਿ ਇਹ ‘ਸ਼ਬਦ ਗੁਰੂ’ ਹੈ, ਜੇਕਰ ਆਪਾਂ ਕਿਸੇ ਹੋਰ ਧਰਮ ਵਾਲੇ ਨੂੰ ਇਸ ਬਾਰੇ ਪੁੱਛਾਂਗੇ ਤਾਂ ਉਹ ਇਹ ਹੀ ਕਹੇਗਾ ਜੋ ਉਸਨੂੰ ਦਿੱਸ ਰਿਹਾ ਹੈ । ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਅਸਲੀ ਸਤਿਕਾਰ ਤੇ ਸ਼ਰਧਾ ਗੁਰਬਾਣੀ ਅਨੁਸਾਰ ਆਪਣੇ ਜੀਵਨ ਨੂੰ ਸੁਧਾਰਨ ਦੀ ਕੋਸ਼ਿਸ਼ ਕਰਨ ਨਾਲ ਹੈ । ਮੂਰਤੀ ਜਾਂ ਦੇਹ ਦੇ ਰੂਪ ਵਿਚ ਤਾਂ ਪੂਜਾ ਹੀ ਹੋ ਸਕਦੀ ਹੈ ਅਤੇ ਇਸ ਨਾਲ ਸਿਰਫ ਮਨ ਨੂੰ ਝੂਠੀ ਤਸਲੀ ਹੀ ਹੋ ਸਕਦੀ ਹੈ, ਕੋਈ ਗਿਆਨ ਨਹੀਂ ਮਿਲਦਾ । ਗੁਰੂ ਨਾਨਕ ਪਾਤਸ਼ਾਹ ਨੇ ਸਿੱਖਾਂ ਨੂੰ ਅਧਿਆਤਮਕ ਗਿਆਨ ਦੇਣ ਲਈ ਧਰਮਸਾਲਾ ਬਣਾਉਣ ਲਈ ਆਖਿਆ ਸੀ ਤਾਂ ਕਿ ਲੋਕਾਂ ਦੀ ਜੀਵਨ ਜਾਚ ਚੰਗੀ ਹੋਵੇ ਨਾਂ ਕਿ ਪੂਜਾ ਦੇ ਅਸਥਾਨ ਬਣਾਉਣ ਲਈ ।

ਜਦ ਅਸੀਂ ‘ਸ਼ਬਦ ਗੁਰੂ’ ਨੂੰ ਗੁਰੂ ਮੰਨਣ ਵਾਲੇ ਇਹ ਮੰਨਦੇ ਹਾਂ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸਮੁਚੀ ਬਾਣੀ ਦੁਨੀਆਂ ਦੇ ਹਰੇਕ ਇਨਸਾਨ ਲਈ ਹੈ; ਤਾਂ ਇਸ ਵਿੱਚ ਆਏ ਸ਼ਬਦਾਂ ਦੇ ਰਾਹੀਂ ਉਸ ਸਮੇਂ ਦੇ ਮੁਲਾ, ਪੰਡਤ,ਕਾਜੀ, ਪਾਂਧੇ ਨੂੰ ਜੋ ਉਪਦੇਸ਼ ਦਿਤੇ ਹਨ, ਉਹ ਸਿਰਫ ਉਹਨਾ ਵਾਸਤੇ ਹੀ ਨਹੀਂ, ਸਗੋਂ ਅੱਜ ਦੇ ਸਾਡੇ ਪ੍ਰਚਾਰਕਾਂ ਤੇ ਜਥੇਦਾਰਾਂ ਤੇ ਵੀ ਲਾਗੂ ਹੁੰਦੇ ਹਨ, ਤਾਂ ਫਿਰ ਗੁਰਬਾਣੀ ਦਾ ਇਹ ਸ਼ਬਦ ਜੋ ਮੂਰਤੀ ਪੂਜਣ ਵਾਲਿਆ ਲਈ ਹੈ ਕੀ ਉਹ ਅੱਜ ਜਿਹੜੇ ਸਿੱਖ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੀੜ ਨੂੰ ਦੇਹ ਵਾਂਗੂ ਪੂਜਦੇ ਜਾਂ ਦੱਸਦੇ ਹਨ ਤੇ ਭੋਗ ਲਾਉਣ ਦੀ ਆਗਿਆਂ ਮੰਗਦੇ ਸਮੇਂ ਇਹ ਸ਼ਬਦ ਪੜ੍ਹਦੇ ਹਨ: ਕਰੀ ਪਾਕਸਾਲ ਸੋਚ ਪਵਿਤ੍ਰਾ ਹੁਣਿ ਲਾਵਹੁ ਭੋਗੁ ਹਰਿ ਰਾਏ ॥(ਮ:5,ਪੰਨਾ 1266) ਕੀ ਉਹਨਾਂ ਤੇ ਵੀ ਇਹ ਸ਼ਬਦ ਨਹੀਂ ਢੁੱਕਦਾ ?:- ਪਾਖਾਨ ਗਢਿ ਕੈ ਮੂਰਤਿ ਕੀਨ੍ਹ੍ਹੀ ਦੇ ਕੈ ਛਾਤੀ ਪਾਉ ॥ ਜੇ ਏਹ ਮੂਰਤਿ ਸਾਚੀ ਹੈ ਤਉ ਗੜ੍ਹਣਹਾਰੇ ਖਾਉ ॥(ਭਗਤ ਕਬੀਰ ਜੀ,ਪੰਨਾ 479)

ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੀੜ ਦਾ ਸਤਿਕਾਰ ਕਰਨਾ ਤੇ ਸਾਂਭ-ਸੰਭਾਲ ਕਰਨੀ ਜਰੂਰੀ ਹੈ । ਉਂਝ ਆਮ ਜੀਵਨ ਵਿੱਚ ਵੀ ਅਸੀਂ ਉਸ ਦੀ ਹੀ ਗੱਲ ਮੰਨਦੇ ਹਾਂ, ਜਿਸ ਦਾ ਸਾਡੇ ਦਿਲ ਵਿਚ ਸਤਿਕਾਰ ਹੁੰਦਾ ਹੈ । ‘ਸ਼ਬਦ ਗੁਰੂ’ ਹੀ ਹੈ ਜਿਸ ਦਾ ਕੋਈ ਵੀ ਨਿਰਾਦਰ ਨਹੀਂ ਕਰ ਸਕਦਾ ਅਤੇ ਇਹ ਰਹਿੰਦੀ ਦੁਨੀਆਂ ਤੱਕ ਸੁੱਚਜਾ ਜੀਵਨ ਜੀਣ ਦੀ ਅਗਵਾਹੀ ਕਰਦਾ ਹਰੇਗਾ :- ਗੁਰ ਕਾ ਬਚਨੁ ਬਸੈ ਜੀਅ ਨਾਲੇ॥ ਜਲਿ ਨਹੀ ਡੂਬੈ ਤਸਕਰੁ ਨਹੀ ਲੇਵੈ ਭਾਹਿ ਨ ਸਾਕੈ ਜਾਲੇ॥ ੧॥ ਰਹਾਉ॥ (ਮ: 5, ਪੰਨਾ 679)
ਇਹ ‘ਸ਼ਬਦ ਗੁਰੂ’ ਹੀ ਹੈ ਜੋ ਹਰ ਜਗ੍ਹਾ, ਹਰ ਸਮੇਂ ਸਾਡੇ ਨਾਲ ਹੋ ਸਕਦਾ ਹੈ ਨਾਂ ਕਿ ਕੋਈ ‘ਦੇਹ’ । ਕਾਂਸ਼ ! ਅਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ‘ਸ਼ਬਦ ਗੁਰੂ’ ਨੂੰ ਮੰਨਣ ਵਾਲੇ ਗੁਰਮਤਿ ਦੀ ਵਿਚਾਰਧਾਰਾ ਨੂੰ ਸਮਝ ਸਕੀਏ । ਇਸ ਨੂੰ ‘ਦੇਹ’ ਵਾਂਗੂ ਪੂਜਣ ਦੀ ਬਜਾਏ ਇਸ ਤੋਂ ਮਿਲੀ ਸਿਖਿਆ ‘ਤੇ ਅਮਲ ਕਰਨ ਦੀ ਕੋਸ਼ਿਸ਼ ਕਰੀਏ ।
.