.

ਆਦੇਸੁ ਤਿਸੈ ਆਦੇਸੁ- ਪਉੜੀ ੨੯ ਤੋਂ ੩੧ ਦੀ ਗੁਰਬਾਣੀ ਅਨੁਸਾਰ ਵਿਆਖਿਆ


ਪਉੜੀ ੨੯

ਭੁਗਤਿ ਗਿਆਨੁ ਦਇਆ ਭੰਡਾਰਣਿ ਘਟਿ ਘਟਿ ਵਾਜਹਿ ਨਾਦ ॥ ਆਪਿ ਨਾਥੁ ਨਾਥੀ ਸਭ ਜਾ ਕੀ ਰਿਧਿ ਸਿਧਿ ਅਵਰਾ ਸਾਦ ॥ ਸੰਜੋਗੁ ਵਿਜੋਗੁ ਦੁਇ ਕਾਰ ਚਲਾਵਹਿ ਲੇਖੇ ਆਵਹਿ ਭਾਗ ॥ ਆਦੇਸੁ ਤਿਸੈ ਆਦੇਸੁ ॥ ਆਦਿ ਅਨੀਲੁ ਅਨਾਦਿ ਅਨਾਹਤਿ ਜੁਗੁ ਜੁਗੁ ਏਕੋ ਵੇਸੁ ॥ ੨੯ ॥

ਭੁਗਤਿ ਗਿਆਨੁ ਦਇਆ ਭੰਡਾਰਣਿ ਘਟਿ ਘਟਿ ਵਾਜਹਿ ਨਾਦ ॥


੨੯ਵੀਂ ਪਉੜੀ ਵਿਚ ਜੋਗੀਆਂ ਦਾ ਭੰਡਾਰੇ ਦਾ ਪੱਖ ਹੈ। ਜੋਗੀ ਤਾਕਤਵਰ ਭੋਜਨ ਵਲ ਅਧਿਕ ਧਿਆਨ ਦਿੰਦੇ ਹਨ । ਚੂਰਮੇਂ ਦੇਸੀ ਘਿਉ ਵਿਚ ਕੁੱਟ ਕੇ ਛਕਦੇ ਹਨ ਘਿਉੁ ਦੀ ਵਰਤੋਂ ਖੁਲ੍ਹ ਕੇ ਕਰਦੇ ਹਨ ਅਤੇ ।ਗੁਰੂ ਨਾਨਕ ਦੇਵ ਜੀ ਕਹਿੰਦੇ ਹਨ ਕਿ ਮਨੁੱਖੀ ਜੀਵਨ ਦਾ ਅਸਲ ਭੋਜਨ ਗਿਆਨ ਹੈ। ਸਰੀਰ ਦੇ ਨਿਰਬਾਹ ਲਈ, ਲੋੜ ਅਨੁਸਾਰ ਭੋਜਨ ਲੈਣਾ ਉਚਿਤ ਹੈ। ਪ੍ਰਾਲਬਧ ਅਨੁਸਾਰ ਜੋ ਮਿਲ ਜਾਵੇ ਉਸੇ ਵਿਚ ਸਬਰ ਕਰੋ। ਉਚੇਚੇ ਤੌਰ ਤੇ ਮਨ ਨੂੰ ਖੁਸ਼ ਕਰਨ ਲਈ ਜੋ ਖਾਣੇ ਖਾਧੇ ਜਾਣ ਉਹ ਸਰੀਰ ਵਿਚ ਵਿਕਾਰ ਪੈਦਾ ਕਰਦੇ ਹਨ, ਪੀੜਾ ਦਿੰਦੇ ਹਨ।

ਬਾਬਾ ਹੋਰੁ ਖਾਣਾ ਖੁਸੀ ਖੁਆਰੁ।
ਜਿਤ ਖਾਧੇ ਤਨੁ ਪੀੜੀਐ ਮਨ ਮਹਿ ਚਲਹਿ ਵਿਕਾਰ॥(ਸਿਰੀ ਰਾਗੁ ਮ: ੧, ਪੰਨਾ ੧੬)

ਕੁਦਰਤੀ ਗੱਲ ਇਹ ਹੈ ਕਿ ਭੋਜਨ ਸਵਾਦੀ ਹੋਵੇਗਾ, ਤਾਂ ਉਹ ਲੋੜ ਤੋਂ ਵੱਧ ਹੀ ਖਾਧਾ ਜਾਵੇਗਾ। ਲੋੜੋਂ ਵਾਧੂ ਖਾਣਾ ਸਭ ਬਿਮਾਰੀਆਂ ਦਾ ਮੂਲ ਹੁੰਦਾ ਹੈ। ਬਹੁਤੀਆਂ ਬਿਮਾਰੀਆਂ ਲੋੜ ਤੋਂ ਵੱਧ ਖਾਣ ਤੇ ਪੇਟ ਖਰਾਬ ਹੋਣ ਤੇ ਲਗਦੀਆਂ ਹਨ। ਮਨੁਖੀ ਜੀਵਨ ਲਈ ਅਸਲੀ ਖੁਰਾਕ ਸੱਚਾ ਗਿਆਨ ਹੈ, ਜਿਸ ਨਾਲ ਤ੍ਰਿਪਤੀ ਹੁੰਦੀ ਹੈ।

ਤ੍ਰਿਪਤ ਭਈ ਸਚੁ ਭੋਜਨ ਖਾਇਆ॥ ਮਨਿ ਤਨਿ ਰਸਨਾ ਨਾਮ ਧਿਆਇਆ॥ (ਧਨਾਸਰੀ ਮ: ੫, ਪੰਨਾ ੬੮੪)

ਗੁਰੂ ਨਾਨਕ ਦੇਵ ਜੀ ਇਥੇ ਇਸੇ ਗਿਆਨ ਭੋਜਨ ਦਾ ਜ਼ਿਕਰ ਕਰਦੇ ਹਨ:

ਸਭਿ ਰਸ ਮਿਠੇ ਮੰਨਿਐ ਸੁਣਿਐ ਸਾਲੋਣੇ॥ ਖਟ ਤੁਰਸੀ ਮੁਖਿ ਬੋਲਣਾ ਮਾਰਣ ਨਾਦ ਕੀਏ।੧॥੭॥
ਛਤੀਹ ਅੰਮ੍ਰਿਤ ਭਾਉ ਏਕੁ॥ (ਸਿਰੀ ਰਾਗ ਮ: ੧, ਪੰਨਾ ੧੬)

ਵਾਹਿਗੁਰੂ ਦੀ ਹੋਂਦ ਨੂੰ ਮਹਿਸੂਸ ਕਰਦੇ ਰਹਿਣਾ, ਮਿੱਠਾ ਭੋਜਨ ਹੈ।ਹਰੀ ਰਸ ਸੁਣਨਾ ਲੂਣ ਵਾਲੇ ਭੋਜਨ ਹਨ। ਮੂੰਹ ਨਾਲ ਹਰੀ ਜਸ ਕਰਨਾ ਖੱਟੇ ਤੇ ਤੁਰਸ਼ ਭੋਜਨ ਹਨ। ਕੀਰਤਨ ਕਰਨਾ ਮਸਾਲਿਆਂ ਵਾਲੇ ਭੋਜਨ ਹਨ। ਇਕ ਕਰਤਾ ਪੁਰਖ ਨਾਲ ਪ੍ਰੇਮ ਕਰਨਾ ਛੱਤੀ ਪ੍ਰਕਾਰ ਦੇ ਭੋਜਨ ਹਨ।ਸ਼ਾਸ਼ਤਰਾਂ ਨੇ ਸਾਰੇ ਭੋਜਨਾਂ ਨੂੰ ਛੱਤੀ ਪਰਕਾਰ ਦੇ ਭੋਜਨਾਂ ਵਿਚ ਵਂਡਿਆ ਹੈ।ਪਰ ਪੂਰਨ ਤ੍ਰਿਪਤੀ ਕੇਵਲ ਗਿਆਨ ਭੋਜਨ ਨਾਲ ਹੀ ਹੁੰਦੀ ਹੈ।ਬਾਕੀ ਸਰੀਰ ਦੀ ਪ੍ਰਾਲਬਧ, ਦਾਣੇ ਦਾਣੇ ਤੇ ਮੋਹਰ ਹੈ।

ਸਿਰਿ ਸਿਰਿ ਰਿਜਕ ਸੰਬਾਹੇ ਠਾਕੁਰੁ। (ਗੂਜਰੀ ਮ: ੫, ਪੰਨਾ ੪੯੫)

ਸੋ ਉਸ ਨਾਲ ਜੁੜਣ ਲਈ ਗਿਆਨ ਹੀ ਯੋਗੀ ਦਾ ਭੋਜਨ ਹੋਣਾ ਚਾਹੀਦਾ ਹੈ ਜੋ ਪ੍ਰਮਾਤਮਾਂ ਦੇ ਪ੍ਰਮਾਤਮਾਂ ਦਇਆ ਰੂਪੀ ਭੰਡਾਰ ਵਿਚੋਂ ਮਿਲਣਾ ਹੈ।ਜਿਸ ਪ੍ਰਮਾਤਮਾਂ ਦੇ ਨਾਦ ਹਰ ਅੰਤਹਕਰਣ ਵਿਚ ਵਜ ਰਹੇ ਹਨ ਭਾਵ ਜੋ ਪਰਮਾਤਮਾਂ ਹਰ ਘਟ ਵਿਚ ਵਸਦਾ ਹੈ ਉਹੋ ਹੀ ਵੱਡਾ ਨਾਥ ਹੈ, ਹੋਰ ਨਾਥ ਕੋਈ ਨਹੀਂ ਜਿਸਦੀ ਤੂੰ ਸੇਵਾ ਕਰਨੀ ਹੈ। ਉਹ ਹੀ ਆਪ ਨਾਥ ਹੈ ਜਿਸ ਦੇ ਹੁਕਮ ਵਿਚ ਸਾਰੀ ਸ਼੍ਰਿਸ਼ਟੀ ਨੱਥੀ ਹੋਈ ਹੈ।

ਆਪਿ ਨਾਥੁ ਨਾਥੀ ਸਭ ਜਾ ਕੀ ਰਿਧਿ ਸਿਧਿ ਅਵਰਾ ਸਾਦ ॥

ਕੀ ਰਿਧੀਆਂ ਸਿਧੀਆਂ ਨਾਥਾਂ ਦੀ ਸੇਵਾ ਕਰਕੇ ਮਿਲਦੀਆਂ ਹਨ? ਇਸ ਸਵਾਲ ਦਾ ਉਤਰ ਦਿੰਦੇ ਹੋਏ ਗੁਰੂ ਜੀ ਲਿਖਦੇ ਹਨ ਕਿ ਰਿਧੀਆਂ ਸਿਧੀਆਂ ਦਾ ਤਾਂ ਹੋਰ ਪਾਸੇ ਦਾ ਸਵਾਦ ਹੈ, ਇਹ ਰੱਬ ਦਾ ਰਾਹ ਨਹੀਂ, ਮਾਇਆ ਦਾ ਜਾਲ ਹੈ, ਇਸ ਤੋਂ ਬਚੋ। ਬਸ ਉਸ ਵੱਡੇ ਨਾਥ ਪ੍ਰਮਾਤਮਾਂ ਨੂੰ ਹੀ ਜਪਦੇ ਹੋਏ ਉਸ ਵਿਚ ਵਿਸ਼ਵਾਸ਼ ਤੇ ਵਿਚਾਰ ਦ੍ਰਿੜ ਕਰੋ।

ਜੋਗੀ ਲੰਗਰ ਬਣਾਉਣ ਤੇ ਵਰਤਾਉਣ ਵਾਲੀ ਅੰਨਪੂਰਨਾ ਦੇਵੀ ਨੂੰ ਭੰਡਾਰਣ ਮੰਨਦੇ ਹਨ।ਗੁਰੂ ਨਾਨਕ ਦੇਵ ਜੀ ਨੇ ਗਿਆਂਨ ਦੇ ਲੰਗਰ ਵਰਤਾਉਣ ਵਾਲੀ ਭੰਡਾਰਣ, ਰੱਬ ਦੀ ਦਇਆ ਨੂੰ ਮੰਨਿਆ ਹੈ। ਰੱਬ ਦੀ ਦਇਆ ਜਿਸ ਤੇ ਹੋ ਜਾਵੇ, ਉਸ ਨੂੰ ਇਹ ਗਿਆਨ ਰੂਪੀ ਭੋਜਨ ਮਿਲਦਾ ਹੈ।ਲੰਗਰ ਦੇ ਸਮੇਂ ਨਗਾਰਾ ਵਜਦਾ ਹੈ ਪਰ ਜੋਗੀ ਤੂਤੀ ਵਜਾਉਂਦੇ ਹਨ। ਉਸ ਤੂਤੀ ਨੂੰ ਨਾਦ ਕਹਿੰਦੇ ਹਨ।

ਜੋਗੀਆਂ ਦੇ ਨਾਮ ਨਾਲ ਨਾਥ ਸ਼ਬਦ ਅੰਕਿਤ ਹੁੰਦਾ ਹੈ ਜਿਸ ਤਰ੍ਹਾਂ ਗੋਰਖ ਨਾਥ, ਗੋਪੀ ਨਾਥ, ਭੰਗਰ ਨਾਥ ਆਦਿ।ਪਰ ਨਾਥ ਸ਼ਬਦ ਨਾਲ ਗੁਰੂ ਜੀ ਅਕਾਲ ਪੁਰਖ ਨਾਲ ਜੋੜਦੇ ਹਨ ਤੇ ਕਹਿੰਦੇ ਹਨ ਕਿ ਪ੍ਰਮਾਤਮਾਂ ਸਭ ਤੋਂ ਵੱਡਾ ਨਾਥ ਹੈ ਜਿਸ ਨੇ ਸਾਰੀ ਸ਼੍ਰਿਸ਼ਟੀ ਨੂੰ ਨੱਥ ਪਾਈ ਹੋਈ ਹੈ।ਸਚ ਇਹੋ ਹੈ ਕਿ ਜਿਥੇ ਪ੍ਰਮਾਤਮਾਂ ਖਾਣਾ ਦੇਵੇ ਉਥੇ ਹੀ ਖਾਣਾ ਹੈ ਹੋਰ ਕਿਤੇ ਨਹੀਂ

ਨਕਿ ਨਥ ਖਸਮ ਕਿਰਤੁ ਧਕੇ ਦੇ। ਜਹਾ ਦਾਣੇ ਤਹਾਂ ਖਾਣੇ ਨਾਨਕਾ ਸਚੁ ਹੇ॥ (ਵਾਰ ਸੋਰਠਿ ਕੀ ਮ: ੨, ਪੰਨਾ ੬੫੩)

ਸਭ ਜੀਵਾਂ ਦੀ ਪ੍ਰਾਲਬੱਧ ਵਾਹਿਗੁਰੂ ਜੀ ਦੇ ਹੱਥ ਵਿਚ ਹੈ। ਇਸ ਲਈ ਉਹ ਹੀ ਨਾਥ ਹੈ ਜਿਸ ਨੇ ਸਾਰੀ ਸ਼੍ਰਿਸ਼ਟੀ ਨੂੰ ਪ੍ਰਾਲਬੱਧ ਦੀ ਨਕੇਲ ਪਾਈ ਹੋਈ ਹੈ।

ਰਿੱਧੀਆਂ ਸਿੱਧੀਆਂ ਤੇ ਕਰਾਮਾਤਾਂ ਦੀਆਂ ਸ਼ਕਤੀਆਂ ਦਿਖਾਉਣੀਆਂ, ਇਹ ਐਂਵੇਂ ਨਿਕੰਮੇ ਪ੍ਰਾਕ੍ਰਿਤਕ ਸਵਾਦ ਹਨ। ਇਨ੍ਹਾਂ ਦਾ ਪਰਮਾਰਥੀ ਜੀਵਨ ਵਿਚ ਕੋਈ ਲਾਭ ਨਹੀਂ ਇਹ ਤਾਂ ਸਗੋਂ ਰੁਕਾਵਟਾਂ ਹਨ। ਰਿਧਿ-ਥੋੜੀ ਚੀਜ਼ ਨੂੰ ਬਹੁਤ ਵਧਾ ਲੈਣਾ।ਸਿਧਿ-ਕਰਾਮਾਤ ਨਾਲ ਛੋਟੀ ਵੱਡੀ ਬਣਾ ਲੈਣੀ, ਜਿਵੇਂ ਪੰਛੀ ਬਣ ਜਾਣਾ, ਸ਼ੇਰ ਬਣ ਜਾਣਾ, ਮੱਖੀ, ਮੱਛਰ ਬਣ ਜਾਣਾ ਅਤੇ ਸਰੀਰ ਬਦਲ ਲੈਣਾ ਆਦਿ।

ਸੰਜੋਗੁ ਵਿਜੋਗੁ ਦੁਇ ਕਾਰ ਚਲਾਵਹਿ ਲੇਖੇ ਆਵਹਿ ਭਾਗ ॥

ਸਾਰਾ ਵਿਸ਼ਵ ਸੰਜੋਗ ਵਿਜੋਗ ਮਿਲ-ਵਿਛੜਣ ਦੀ ਪ੍ਰਕ੍ਰਿਆ ਵਿਚ ਹੈ ਕਿਉਂਕਿ ਵਿਸ਼ਵ ਵਿਚ ਕੁਝ ਵੀ ਸਥਿਰ ਨਹੀਂ ਸਭ ਜਗ ਚਲਣਹਾਰ ਹੈ । ਸਭ ਕੁਝ ਲਗਾਤਾਰ ਆਕਾਰ ਬਦਲ ਰਿਹਾ ਹੈ।ਵਿਜੋਗ ਦਾ ਅਰਥ ਹੈ ਵਿਛੋੜਾ, ਜੀਵ ਈਸ਼ਵਰ ਤੋਂ ਵਿਛੜਿਆ ਹੋਇਆ ਹੈ ਤੇ ਸੰਜੋਗੀ ਮਿਲਣਾ ਲੋਚਦਾ ਹੈ। ਵਿਛੋੜੇ ਤੋਂ ਯਾਤਰਾ ਦਾ ਅਰੰਭ ਹੈ, ਮੇਲ ਤੋੰ ਇਹ ਯਾਤਰਾ ਪੂਰੀ ਹੁੰਦੀ ਹੈ।ਦੋਹਾਂ ਦੇ ਵਿਚਕਾਰ ਸੰਸਾਰ ਦੀ ਹਸਤੀ ਹੈ ਤੇ ਜਿਸ ਉਪਰ ਵਾਹਿਗੁਰੂ ਦਾ ਪ੍ਰਬੰਧ ਚੱਲ ਰਿਹਾ ਹੈ। ਇਸ ਤਰ੍ਹਾਂ ਸੰਜੋਗ ਤੇ ਵਿਜੋਗ ਕਾਰ ਚਲਾ ਰਹੇ ਹਨ। ਜੇ ਵਿਛੋੜਾ ਨਾ ਹੁੰਦਾ ਤਾਂ ਸੰਸਾਰ ਦੀ ਹੋਂਦ ਅਸੰਭਵ ਸੀ, ਜੇ ਸੰਜੋਗ ਦੀ ਲਾਲਸਾ ਨਾ ਹੁੰਦੀ ਤਾਂ ਹੇਠੋਂ ੳਤਾਂਹਾਂ ਉੱਠਣ ਦਾ ਯਤਨ ਕੋਈ ਨਾ ਕਰਦਾ। ਰੰਗਾ-ਰੰਗ ਸ੍ਰਿਸ਼ਟੀ ਨਜ਼ਰ ਨਾ ਆਉਂਦੀ, ‘ਸਤਿਗੁਰ ਮੇਰਾ ਨਿਤ ਨਵਾਂ’ ਨਜ਼ਰ ਨਾਂ ਆਉੰਦਾ।ਸਭ ਇਕੋ ਹੀ ਜੂਨ ਵਿਚ ਫਸੇ ਰਹਿੰਦੇ। ਇਸ ਸੰਸਾਰ ਯਾਤਰਾ ਵਿਚ ਲੇਖੇ ਅਨੁਸਾਰ ਜੀਵਨ ਮਿਲਦੇ ਹਨ, ਮਨੁਖਾਂ ਦੀ ਕੋਈ ਵਾਹ ਨਹੀਂ ਚਲਦੀ, ਆਪਣੇ ਆਪਣੇ ਕਰਮਾਂ ਅਨੁਸਾਰ ਲੋਕ ਪ੍ਰਭੂ ਦੀ ਦਇਆ ਦੇ ਪਾਤਰ ਹੁੰਦੇ ਹਨ।

ਇਹ ਸੰਜੋਗ ਵਿਜੋਗ ਦਾ ਸਿਸਟਮ ਪ੍ਰਭੂ ਨੇ ਆਪ ਹੀ ਸ਼ੁਰੂ ਕੀਤਾ ਹੈ:

ਸੰਜੋਗੁ ਵਿਜੋਗੁ ਮੇਰੈ ਪ੍ਰਭਿ ਕੀਏ॥ (ਮਾਰੂ ਮ: ੧, ਪੰਨਾ ੧੦੩੨)

ਜੀਵ ਦੇ ਭਾਗੀਂ ਇਹ ਸੰਜੋਗ ਵਿਜੋਗ ਧੁਰੋਂ ਹੀ ਲਿਖਿਆ ਹੋਇਆ ਹੈ:

ਸੰਜੋਗੁ ਵਿਜੋਗੁ ਧੁਰਹੁ ਹੀ ਹੂਆ॥ (ਮਾਰੂ ਮ: ੫, ਪੰਨਾ ੧੦੦੭)

ਸੰਜੋਗ ਵਿਜੋਗ ਦਾ ਸਿਲਸਿਲਾ ਤਾਂ ਸ਼੍ਰਿਸ਼ਟੀ ਰਚਣ ਨਾਲ ਹੀ ਸ਼ੁਰੂ ਹੋ ਗਿਆ:

ਸੰਜੋਗ ਵਿਜੋਗੁ ੳੇਪਾਇਅਨੁ ਸ੍ਰਿਸਟੀ ਕਾ ਮੂਲੁ ਰਚਾਇਆ॥ (ਗੂਜਰੀ ਮ: ੩, ਵਾਰ, ਪੰਨਾ ੫੦੯)

ਇਹ ਸੰਜੋਗਾਂ ਦੀ ਗਲ ਹੀ ਹੈ ਜੋ ਕੁਝ ਉਸ ਪ੍ਰਭੂ ਨੂੰ ਪਾਉਂਦੇ ਸਮਾੳਂਦੇ ਤੇ ਇੱਕ ਹੋ ਜਾਂਦੇ ਹਨ ਤੇ ਬਹੁਤੇ ਵਿਛੜਣ ਦੇ ਚੱਕਰ ਵਿਚ ਪਏ ਆਉਣ ਜਾਣ ਵਿਚ ਪੈ ਜਾਂਦੇ ਹਨ:

ਸੰਜੋਗੀ ਮਿਲਿ ਏਕਸ ਵਿਜੋਗੀ ਉਠਿ ਜਾਇ॥ (ਸਿਰੀ ਮ: ੧, ਪੰਨਾ ੧੮)

ਭੋਜਨ ਦਾ ਜੋ ਹਿਸਾ ਮਿਲਣਾ ਹੈ ਉਹ ਪ੍ਰਾਲਬਧ ਅਨੁਸਾਰ ਹੈ ਜੋ ਭਾਗਾਂ ਵਿਚ ਲਿਖਿਆ ਹੈ ਅਵੱਸ਼ ਮਿਲ ਜਾਣਾ ਹੈ।ਇਹੀ ਸਾਡਾ ਹਿਸਾ ਹੈ।ਇਸੇ ਤਰ੍ਹਾਂ ਸਾਡੇ ਗਿਆਨ ਦੀ ਕਾਰ ਚਲਾਉਣ ਵਾਲੇ ਸੇਵਾਦਾਰ ਸੰਜੋਗ ਤੇ ਵਿਜੋਗ ਹਨ ਭਾਵ ਸੰਜੋਗਾਂ ਅਨੁਸਾਰ ਸਤਸੰਗੀਆਂ ਦਾ ਮੇਲ ਹੋ ਜਾਂਦਾ ਹੈ। ਵਿਜੋਗ ਅਨੁਸਾਰ ਮਨਮੁਖ ਨੂੰ ਈਸ਼ਵਰ ਤੋਂ ਵਿਛੋੜਾ ਹੋ ਜਾਂਦਾ ਹੈ। ਸਾਕਤਾਂ ਤੋਂ ਦੂਰ ਤੇ ਸਤਿਸੰਗ ਦੇ ਨੇੜੇ ਹੋਣ ਤੇ ਗਿਆਨ-ਭੋਜਨ ਦੀ ਪ੍ਰਾਪਤੀ ਹੁੰਦੀ ਹੈ

ਆਦੇਸੁ ਤਿਸੈ ਆਦੇਸੁ॥ ਆਦਿ ਅਨੀਲੁ ਅਨਾਦਿ ਅਨਾਹਤਿ ਜੁਗੁ ਜੁਗੁ ਏਕੋ ਵੇਸੁ॥ ੨੯ ॥

ਇਸ ਲਈ ਗੁਰੂ ਜੀ ਕਹਿੰਦੇ ਹਨ ਕਿ ਮੇਰੀ ਨਮਸਕਾਰ ਹੈ ਉਸ ਸਾਹਿਬ ਨੂੰ ਜੋ ਮੁਢ ਤੋਂ ਹੈ, ਪਵਿਤਰ, ਅਰੰਭ ਰਹਿਤ, ਅਵਿਨਾਸ਼ੀ, ਅਤੇ ਸਮੂਹ ਯੁਗਾਂ ਅੰਦਰ ਉਸ ਇਕੋ ਲਿਬਾਸ ਵਿਚ ਇਕੋ ਰਸ ਰਹਿਣ ਵਾਲਾ ਹੈ।

ਪਉੜੀ ੩੦

ਏਕਾ ਮਾਈ ਜੁਗਤਿ ਵਿਆਈ ਤਿਨਿ ਚੇਲੇ ਪਰਵਾਣੁ ॥ ਇਕੁ ਸੰਸਾਰੀ ਇਕੁ ਭੰਡਾਰੀ ਇਕੁ ਲਾਏ ਦੀਬਾਣੁ ॥ ਜਿਵ ਤਿਸੁ ਭਾਵੈ ਤਿਵੈ ਚਲਾਵੈ ਜਿਵ ਹੋਵੈ ਫੁਰਮਾਣੁ ॥ ਓਹੁ ਵੇਖੈ ਓਨਾ ਨਦਰਿ ਨ ਆਵੈ ਬਹੁਤਾ ਏਹੁ ਵਿਡਾਣੁ ॥ ਆਦੇਸੁ ਤਿਸੈ ਆਦੇਸੁ ॥ ਆਦਿ ਅਨੀਲੁ ਅਨਾਦਿ ਅਨਾਹਤਿ ਜੁਗੁ ਜੁਗੁ ਏਕੋ ਵੇਸੁ ॥ ੩੦ ॥

ਏਕਾ ਮਾਈ ਜੁਗਤਿ ਵਿਆਈ ਤਿਨਿ ਚੇਲੇ ਪਰਵਾਣੁ॥

੩੦ਵੀਂ ਪਉੜੀ ਵਿਚ ਜੋਗੀਆਂ ਦੇ ਇਸ਼ਟ ਨਾਥਾਂ ਤੋਂ ਬ੍ਰਹਮ ਨੁੰ ਸ਼੍ਰੇਸ਼ਟ ਦਰਸਾਇਆ ਹੈ ।ਇਸ ਪਉੜੀ ਵਿਚ ਬ੍ਰਹਮਾ, ਵਿਸ਼ਨੂੰ ਤੇ ਸ਼ਿਵ ਜੀ (ਮਹੇਸ਼) ਆਦਿ ਤਿੰਨ ਮੁਖੀ ਦੇਵਤਿਆਂ ਦਾ ਜ਼ਿਕਰ ਕਰਦੇ ਗੁਰੂ ਜੀ ਜੋਗੀਆਂ ਦੇ ਵਿਸ਼ਵਾਸ਼ ਅਨੁਸਾਰ ਮਾਇਆ ਤੋਂ ਇਨ੍ਹਾਂ ਤਿੰਨਾਂ ਦੀ ਉਤਪਤੀ ਅਤੇ ਉਨ੍ਹਾਂ ਦੇ ਕਾਰਜ ਕਰਮ ਦਾ ਵਰਣਨ ਕਰਕੇ ਆਪਣੀ ਟੀਕਾ ਟਿਪਣੀ ਕਰਕੇ ਸਾਧਕ ਨੂੰ ਅਸਲੀਅਤ ਦਸਦੇ ਹਨ।ਏਕਾ ਭਾਵ ਇਕ ਪ੍ਰਮਾਤਮਾਂ ਹੈ।

ਸਾਹਿਬੁ ਮੇਰਾ ਏਕੋ ਹੈ।ਏਕੋ ਹੈ ਭਾਈ ਏਕੋ ਹੈ॥ (ਆਸਾ ਮ: ੧, ਪੰਨਾ ੩੫੦)

ਜਿਸਨੇ ਆਪਣੀ ਸ਼ਕਤੀ ਨਾਲ ਮਾਈ=ਮਾਇਆ, ਰਚਨਾ, ਸ਼੍ਰਿਸ਼ਟੀ, ਕੁਦਰਤ ਪੈਦਾ ਕੀਤੀ।

ਮਾਇਆ ਬਿਆਪਤ ਬਹੁ ਪਰਕਾਰੀ॥ (ਗਉੜੀ ਮ: ੫, ਪੰਨਾ ੧੮੨)
ਮਾਇਆ ਜਾਲੁ ਪਸਾਰਿਆ ਭੀਤਰਿ ਚੋਗ ਬਣਾਇ॥ (ਸਿਰੀ ਮ: ੫, ਪੰਨਾ ੫੦)

ਇਹ ਰਚਨਾ ਵਾਹਿਗੁਰੂ ਦੇ ਹੁਕਮ ਵਿਚ ਜੁਗਤਿ= ਵਾਹਿਗੁਰੂ ਦੇ ਬਣਾਏ ਨਿਯਮ, ਜੁਗਤ, ਤਰੀਕੇ ਨਾਲ ਵਿਆਈ=ਪ੍ਰਸੂਤ ਹੋਈ ਤੇ ਵਿਕਾਸ ਵਿਚ ਆਈ ਹੈ ।

ਹੁਕਮੀ ਸਹਜੇ ਸ੍ਰਿਸਟਿ ਉਪਾਈ॥ (ਮਾਰੂ ੩, ਪੰਨਾ ੧੦੪੩)
ਮਾਇਆ ਮਾਈ ਤ੍ਰੈਗੁਣ ਪਰਸੂਤਿ ਜਮਾਇਆ॥ (ਮਾਰੂ ਮ: ੩, ਪੰਨਾ ੧੦੬੬)

ਇਕ ਬੋਲੋਂ ਪ੍ਰਮਾਤਮਾਂ ਨੇ ਹੀ ਸਾਰੀ ਸ਼੍ਰਿਸ਼ਟੀ ਸਾਜੀ ਹੈ ਜਿਸ ਤੋਂ ਅੱਗੇ ਸਾਰਾ ਬ੍ਰਹਿਮੰਡ ਫੈਲ ਗਿਆ ਹੈ:

ਕੀਤਾ ਪਸਾਉ ਏਕੋ ਕਵਾਉ॥ ਤਿਸ ਤੇ ਹੋਏ ਲਖ ਦਰੀਆਉ॥ (ਜਪੁਜੀ ਪੰਨਾ ੩)

ਰਚੀ ਗਈ ਰਚਨਾ ਵਿਚ ਉਸ ਤੋਂ ਤਿੰਨ ਪ੍ਰਮਾਣਿਕ ਹਸਤੀਆਂ ਉਪਜੀਆਂ ਜੋ ਪ੍ਰਵਾਨੀਕ ਪੁੱਤਰ ਬਣੇ, ਮੁਖੀ ਬਣੇ। ਉਸ ਦੇ ਪ੍ਰਭਾਵ ਹੇਠਾਂ ਹੋਣ ਕਰਕੇ ਉਸ ਦੇ ਮਾਨੋਂ ਚੇਲੇ ਹਨ।

ਇਕੁ ਸੰਸਾਰੀ ਇਕੁ ਭੰਡਾਰੀ ਇਕੁ ਲਾਏ ਦੀਬਾਣੁ॥

ਇਕ ਸੰਸਾਰੀ (ਬ੍ਰਹਮਾ, ਸੰਸਾਰ ਨੂੰ ਪੈਦਾ ਕਰਨ ਵਾਲਾ) ਹੈ, ਇਕ ਭੰਡਾਰੀ (ਵਿਸ਼ਨੂੰ ਪਾਲਣ ਪੋਸਣ ਵਾਲਾ) ਹੈ ਤੇ ਇਕ (ਸ਼ਿਵ ਜੀ ਜੋ ਨਿਆਂਇ ਕਰਨ ਲਈ) ਦੀਵਾਨ ਲਾਉਂਦਾ ਹੈ, ਅਰਥਾਤ ਜੀਵ ਦਾ ਨਾਸ ਕਰਦਾ ਹੈ।

ਜਿਵ ਤਿਸੁ ਭਾਵੈ ਤਿਵੈ ਚਲਾਵੈ ਜਿਵ ਹੋਵੈ ਫੁਰਮਾਣੁ॥

ਜਿਵੇਂ ਜਿਵੇਂ ਉਨ੍ਹਾਂ ਨੂੰ ਹੁਕਮ ਹੁੰਦਾ ਹੈ ਉੇਵੇਂ ਹੀ ਉਹ ਕਰਦੇ ਹਨ।ਪ੍ਰਮਾਤਮਾਂ ਦੇ ਹੁਕਮ ਬਿਨਾਂ ਉਹ ਕੁਝ ਨਹੀਂ ਕਰ ਸਕਦੇ।ਪ੍ਰਮਾਤਮਾਂ ਹੀ ਉਨ੍ਹਾਂ ਉਪਰ ਵੱਡੀ ਹਸਤੀ ਹੈ।

ਓਹੁ ਵੇਖੈ ਓਨਾ ਨਦਰਿ ਨ ਆਵੈ ਬਹੁਤਾ ਏਹੁ ਵਿਡਾਣੁ॥

ਪਰ ਇਸ ਸਿਧਾਂਤ ਵਿਚ ਵੱਡੇ ਅਸਚਰਜ ਦੀ ਗੱਲ ਇਹ ਹੈ ਕਿ ਪ੍ਰਮਾਤਮਾਂ ਤਾਂ ਸਭ ਕੁਝ ਵੇਖਦਾ ਹੈ ਪਰ ਉਨ੍ਹਾਂ ਤਿਨਾਂ ਨੂੰ ਉਹ ਨਜ਼ਰ ਨਹੀਂ ਆਉਂਦਾ ਕਿਉਂਕਿ ਉਹ ਤਾਂ ਮਾਇਆ ਦੀ ਧੁੰਦ ਵਿਚ ਲਿਪਟੇ ਹਨ।

ਮਾਇਆ ਤੋਂ ਅਲਿਪਿਤ ਤਾਂ ਸੱਚਾ ਕਰਤਾਰ ਹੀ ਹੈ ਜਿਸ ਵਿਚ ਆਪਣੀ ਪੈਦਾ ਕੀਤਾ ਰਚਨਾ ਨੂੰ ਪਾਲਣ ਤੇ ਮਾਰ ਦੇਣ ਵਾਲੀਆਂ ਸ਼ਕਤੀਆਂ ਸੰਜੁਗਤ ਰੂਪ ਵਿਚ ਹਨ। ਸਾਡੀ ੳੇਸੇ ਨੂੰ ਹੀ ਨਮਸਕਾਰ ਹੈ ਜੋ ਮੁੱਢ ਤੋੰ ਹੈ, ਗਿਣਤੀ ਰਹਿਤ ਹੈ ਉਸ ਸਾਹਿਬ ਨੂੰ ਜੋ ਮੁਢ ਤੋਂ ਹੈ, ਪਵਿਤਰ, ਅਰੰਭ ਰਹਿਤ, ਅਵਿਨਾਸ਼ੀ, ਅਤੇ ਸਮੂਹ ਯੁਗਾਂ ਅੰਦਰ ਉਸ ਇਕੋ ਲਿਬਾਸ ਵਿਚ ਇਕੋ ਰਸ ਰਹਿਣ ਵਾਲਾ ਹੈ।

ਆਦੇਸੁ ਤਿਸੈ ਆਦੇਸੁ॥ ਆਦਿ ਅਨੀਲੁ ਅਨਾਦਿ ਅਨਾਹਤਿ ਜੁਗੁ ਜੁਗੁ ਏਕੋ ਵੇਸੁ॥ ੩੦॥

ਪਉੜੀ ੩੧

ਆਸਣੁ ਲੋਇ ਲੋਇ ਭੰਡਾਰ ॥ ਜੋ ਕਿਛੁ ਪਾਇਆ ਸੁ ਏਕਾ ਵਾਰ ॥ ਕਰਿ ਕਰਿ ਵੇਖੈ ਸਿਰਜਣਹਾਰੁ॥ਨਾਨਕ ਸਚੇ ਕੀ ਸਾਚੀ ਕਾਰ ॥ ਆਦੇਸੁ ਤਿਸੈ ਆਦੇਸੁ ॥ ਆਦਿ ਅਨੀਲੁ ਅਨਾਦਿ ਅਨਾਹਤਿ ਜੁਗੁ ਜੁਗੁ ਏਕੋ ਵੇਸੁ ॥ ੩੧ ॥

ਆਸਣੁ ਲੋਇ ਲੋਇ ਭੰਡਾਰ॥

ਇਸ ਪਉੜੀ ਵਿਚ ਜੋਗੀਆਂ ਦੇ ਆਸਣ ਤੇ ਭੰਡਾਰੇ ਦਾ ਵਰਨਣ ਹੈ। ਆਸਣ ਤੋਂ ਭਾਵ ਡੇਰਾ ਲਗਾਉਣਾ, ਵਿਸ਼ਰਾਮ ਕਰਨ ਲਈ ਬੈਠਣਾ, ਆਰਾਮ ਕਰਨ ਲਈ ਕਿਸੇ ਖਾਸ ਥਾਂ ਦਾ ਪ੍ਰਬੰਧ ਕਰਨ ਨੂੰ ਆਸਣ ਲਗਾਉਣਾ ਕਹਿੰਦੇ ਹਨ। ਸਾਧੂ ਮੱਤ ਵਿਚ ਜਦੋਂ ਸਾਧੂ ਕਿਸੇ ਆਸ਼ਰਮ ਵਿਚ ਜਾਣਗੇ ਤਾਂ ਸਭ ਤੋਂ ਪਹਿਲਾਂ ਆਸਣ ਦਾ ਪ੍ਰਬੰਧ ਕਰਨਗੇ। ਰਹਿਣ ਲਈ ਕਮਰੇ, ਬਿਸਤਰੇ ਆਦਿ ਦਾ ਸਾਰਾ ਪ੍ਰਬੰਧ ਕਰਨਗੇ।ਇਸੇ ਸਬੰਧ ਵਿਚ ਸਿੱਧ ਬ੍ਰਹਮਾ, ਵਿਸ਼ਨੂੰ ਤੇ ਮਹੇਸ਼ ਦੇ ਆਸਣ ਦੀ ਗੱਲ ਕਰਦੇ ਹਨ।ਜੋਗੀ ਕਹਿਣ ਲੱਗੇ: ਜੋਗੀ ਬਣੋ, ਆਪ ਦਾ ਆਸਣ ਸ਼ਿਵ ਲੋਕ ਵਿਚ ਜਾ ਸਵਰਗ ਵਿਚ ਲਾ ਦਿੰਦੇ ਹਾਂ, ਆਪ ਦਾ ਪ੍ਰਤਾਪ ਵਧੇਗਾ, ਦੇਵਤੇ ਤੇ ਸ਼ਿਵ ਭੋਲਾ ਵੀ ਆਪ ਦਾ ਸਤਿਕਾਰ ਕਰਨਗੇ।

ਪਰ ਗੁਰੂ ਨਾਨਕ ਦੇਵ ਜੀ ਕਹਿੰਦੇ ਹਨ ਕਿ ਬ੍ਰਹਮ ਸਰਵ ਵਿਆਪੀ ਹੈ ਪਰ ਬ੍ਰਹਮਾ ਸਰਵ ਵਿਆਪੀ ਨਹੀਂ।ਬ੍ਰਹਮ ਦਾ ਆਸਣ ਸਥਾਨ ਤਾਂ ਹਰ ਹਿਰਦੇ ਵਿਚ ਹੈ ਜਿਥੇ ਉਹ ਜੋਤ ਸਰੂਪ ਵਿਚ ਵਿਚਰ ਰਿਹਾ ਹੈ।ਮੈਂ ਕੋਈ ਦੇਸੀ ਆਸਣ ਨਹੀਂ ਚਾਹੁੰਦਾ, ਮੈਂ ਉਸਦਾ ਆਸ਼ਕ ਹਾਂ ਜਿਸਦਾ ਆਸਣ ਸਰਬ ਲੋਕਾਂ ਵਿਚ ਹੈ, ਸੋ ਮੇਰਾ ਆਸਣ ਹਰ ਇਕ ਦੇਸ਼ ਦੇਸ਼ਾਂਤਰ ਵਿਚ ਹੈ। ਮੈਂ ਇਸ ਨੂੰ ਤਿਆਗ ਕੇ ਇਕ ਤੰਗ ਦਾਇਰੇ ਭਾਵ ਸਵਰਗ ਜਾਂ ਸ਼ਿਵ ਲੋਕ ਵਿਚ ਆਸਣ ਲਾ ਕੇ ਟਿਕਿਆ ਰਿਹਾਂ, ਇਹ ਹੋ ਨਹੀਂ ਸਕਦਾ। ਸੁਰਗ ਲੋਕ ਤੇ ਮਾਤ ਲੋਕ ਵਿਚ ਤਾਂ ਪੰਜ ਇੰਦਰੀਆਂ ਦੇ ਭੋਗ ਹਨ, ਹੋਰ ਸਵਰਗ ਵਿਚ ਕੀ ਹੈ? ਸਵਰਗ ਵਿਚ ਅੱਖੀਆਂ ਨਾਲ ਅਪਛਰਾਂ ਹੀ ਦੇਖਣੀਆਂ ਹਨ ਤੇ ਸ਼ਿਵ ਲੋਕ ਵਿਚ ਦੇਵੀਆਂ ਵਗੈਰਾ, ਇਹ ਸਭ ਇੰਦਰੀਆਂ ਦੇ ਭੋਗ ਹਨ।ਜੋਗੀ ਜਨੋਂ! ਇੰਦਰੀਆਂ ਦੇ ਭੋਗਾਂ ਨੂੰ ਜੋ ਭੋਗਦਾ ਹੈ, ਉਹ ਤਾਂ ਬੈਲ ਹੈ, ਚਾਰਾ ਖਾਧਾ ਤੇ ਕੰਮ ਕੀਤਾ, ਇਹ ਕੋਈ ਜ਼ਿੰਦਗੀ ਹੈ?ਸਾਰੇ ਲੋਕਾਂ ਵਿਚ ਇਕ ਵਾਹਿਗੁਰੂ ਦਾ ਆਸਣ ਹੈ:

ਦ੍ਰਿਸਟਮਾਨ ਹੈ ਸਗਲ ਮਿਥੇਨਾ॥ (ਮਾਰੂ ਮ; ੫, ਪੰਨਾ ੧੦੮੩)

ਲੋਕ ਲੋਕਾਂਤਰ ਵਿਚ ਜਿਸ ਦਾ ਆਸਣ ਹੈ ਉਸੇ ਦਾ ਹੀ ਇਹ ਆਸਣ ਹੈ, ਬਾਕੀ ਨਾਸ਼ਵੰਤ ਹੈ:

ਇੰਦ੍ਰਪੁਰੀ ਮਹਿ ਸਰਪਰ ਮਰਣਾ॥ਬ੍ਰਹਮਪੁਰੀ ਨਿਹਚਲੁ ਨਹੀ ਰਹਣਾ॥
ਸਿਵਪੁਰੀ ਕਾ ਹੋਇਗਾ ਕਾਲਾ॥ ਤ੍ਰੈਗੁਣ ਮਾਇਆ ਬਿਨਸਿ ਬਿਤਾਲਾ॥(ਗਉੜੀ ਮ: ੫, ਪੰਨਾ ੭੩੭)

ਗੋਰਖ ਨਾਥ, ਗੋਪੀ ਨਾਥ, ਭਰਥਰੀ ਨਾਥ, ਤੇ, ਸੂਰਜ, ਚੰਦ੍ਰਮਾਂ ਸਭ ਨਸ਼ਟ ਹੋਣ ਵਾਲੇ ਹਨ।

ਜੋਗੀਆਂ ਨੇ ਪੁਛਿਆ, “ਹੇ ਬਾਲੇ! ਆਪ ਨੇ ਕਿਥੇ ਆਸਣ ਲਾਇਆ ਹੈ?”

ਕਰ ਬੈਸਹੁ ਕਹ ਰਹੀਐ ਬਾਲੇ॥ (ਰਾਮਕਲੀ ਸਿਧ ਗੋਸਟਿ, ਪੰਨਾ ੯੩੮)

ਤਾਂ ਗੁਰੂ ਨਾਨਕ ਦੇਵ ਜੀ ਨੇ ਕਿਹਾ: “ਮੈਂ ਸਿਧਾ ਸਥਿਰ ਨਾਰਾਇਣ ਵਿਚ ਆਸਣ ਲਾ ਕੇ ਬੈਠਾ ਹਾਂ। ਮੇਰਾ ਆਸਣ ਪ੍ਰਕਾਸ਼ ਰੂਪ ਵਿਚ ਹੈ”

ਆਸਣਿ ਬੈਸਣਿ ਥਿਰੁ ਨਾਰਾਇਣ॥ ਆਸਾ ਮ: ੧, ਪੰਨਾ ੯੪੮)

ਉਸ ਦਾ ਭੰਡਾਰ ਵੀ ਸਾਰੇ ਵਿਸ਼ਵ ਵਿਚ ਥਾਂ ਥਾਂ ਹੈ।ਹਰ ਜੀਵ ਦੇ ਰਹਿਣ ਲਈ, ਆਰਾਮ ਲਈ, ਵਾਹਿਗੁਰੂ ਨੇ ਸਭ ਥਾਵਾਂ ਤੇ ਸਾਰੀਆਂ ਧਰਤੀਆਂ, ਪੁਰੀਆਂ, ਲੋਆਂ ਵਿਚ ਪ੍ਰਬੰਧ ਕੀਤਾ ਹੋਇਆ ਹੈ, ਸਾਨੂੰ ਆਸਣ ਦਾ ਫਿਕਰ ਨਹੀਂ ਕਰਨਾ ਚਾਹੀਦਾ ਹੈ।ਜਿਵੇਂ ਦਾਣਾ ਪਾਣੀ ਨਾਲ ਹੈ, ਇਸੇ ਤਰ੍ਹਾਂ ਸਰੀਰ ਦੇ ਨਿਰਬਾਹ ਲਈ ਰਹਿਣ, ਸੌਣ ਦਾ ਪ੍ਰਬੰਧ ਵੀ ਨਾਲ ਹੈ।

ਜਿਥੈ ਰਖਹਿ ਬੈਕੁੰਠ ਤਿਥਾਈ॥॥ (ਮਾਝ ਮ: ੫, ਪੰਨਾ ੧੦੬)
ਜਹ ਬੈਸਾਲਹਿ ਤਹ ਬੈਸਾ ਸੁਆਮੀ ਜਹ ਭੇਜਹਿ ਤਹ ਜਾਵਾ॥ (ਮਾਰੂ ਮ: ੧, ਪੰਨਾ ੯੯੩)

ਉਸ ਨੇ ਇਸ ਭੰਡਾਰ ਵਿਚ ਜੋ ਪਾਇਆ ਹੈ ਸੋ ਇਕੋ ਵਾਰ ਹੀ ਪਾ ਦਿਤਾ ਹੈ ਜਿਸ ਨੂੰ ਵਾਰ ਵਾਰ ਭਰਨ ਦੀ ਲੋੜ ਨਹੀਂ।ਉਹ ਇਕ ਵਾਰ ਪਾਇਆ ਹੀ ਮੁੱਕਣ ਵਾਲਾ ਨਹੀਂ, ਚੱਕਰ ਵਿਚ ਚਲਦਾ ਰਹਿੰਦਾ ਹੈ।

ਖਾਵਹਿ ਖਰਚਹਿ ਰਲਿ ਮਿਲਿ ਭਾਈ॥ਤੋਟਿ ਨ ਆਵੈ ਵਧਦੇ ਜਾਈ॥ (ਗਉੜੀ ਗੁਆਰੇਰੀ ਮ: ੫, ਪੰਨਾ ੧੮੬)
ਧਰਤੀ ਦੇਗ ਮਿਲੈ ਇਕ ਵੇਰਾ। (ਪੰਨਾ ੧੧੯੦)

ਇਸ ਧਰਤੀ ਤੇ ਵਾਹਿਗੁਰੂ ਨੇ ਇਕ ਸਦਾਵਰਤ ਲੰਗਰ ਲਾ ਦਿਤਾ ਹੈ।

ਜੋ ਕਿਛੁ ਪਾਇਆ ਸੁ ਏਕਾ ਵਾਰ॥

ਧਰਤੀ ਵਿਚ ਇਕ ਵਾਰ ਹੀ ਸਾਰਾ ਸਟਾਕ ਕਰ ਦਿਤਾ ਹੈ। ਕੱਢ ਕੱਢ ਕੇ ਜੀਵ ਖਾਈ ਜਾਂਦੇ ਹਨ, ਕਿਧਰੇ ਫਸਲਾਂ, ਕਿਧਰੇ ਸਬਜ਼ੀਆਂ, ਕਿਧਰੇ ਫਲ, ਕਿਧਰੇ ਫੁੱਲ ਕਿਧਰੇ ਤੇਲ, ਕਿਧਰੇ ਪਾਣੀ, ਕਿਧਰੇ ਹੀਰੇ ਜਵਾਹਰਾਤ, ਸੋਨਾ ਚਾਂਦੀ, ਸਭ ਧਾਤਾਂ ਧਰਤੀ ਵਿਚ ਹੀ ਹਨ।ਕਿਤਨਾ ਕੁਝ ਸਟਾਕ ਕਰ ਦਿਤਾ ਹੈ ਕੋਈ ਅੰਤ ਨਹੀਂ। ਸਮੁੰਦਰਾਂ ਵਿਚ ਕਿਤਨਾ ਸਟਾਕ ਹੈ, ਕੋਈ ਥਾਹ ਨਹੀਂ, ਕੋਈ ਹੱਦ ਬੰਨਾਂ ਨਹੀਂ ਇਨ੍ਹਾਂ ਭੰਡਾਰਾਂ ਦਾ।ਜਿਸ ਤਰ੍ਹਾਂ ਸੂਰਜੀ ਸ਼ਕਤੀ ਸਦਕਾ ਜਲ ਸਮੁੰਦਰ ਵਿਚੋਂ ਉਠਦਾ ਹੈ, ਬੱਦਲ ਬਣ ਜਾਂਦਾ ਹੈ, ਦੂਰ ਦੁਰਾਡੇ ਪਹਾੜਾਂ ਨਾਲ ਟਕਰਾਕੇ ਵਰ੍ਹ ਪੈਂਦਾ ਹੈ, ਸਭ ਜੀਵ ਜੰਤੂਆਂ ਨੂੰ ਹਰਾ ਭਰਾ ਰਖਦਾ ਹੈ ਤੇ ਜੋ ਵਾਧੂ ਹੈ ਨਦੀਆਂ ਨਾਲਿਆਂ ਰਾਹੀਂ ਦੁਬਾਰਾ ਸਾਗਰ ਵਿਚ ਆ ਮਿਲਦਾ ਹੈ।ਸਾਗਰ ਕਦੇ ਘੱਟ ਨਹੀਂ ਹੁੰਦੇ। ਇਸ ਤਰ੍ਹਾਂ ਕੋਈ ਪਦਾਰਥ ਨਾਸ ਨਹੀਂ ਹੁੰਦਾ ਸਿਰਫ ਆਕਾਰ ਬਦਲਦਾ ਹੈ।ਇਸ ਲਈ ਪਰਮਾਤਮਾਂ ਦਾ ਭੰਡਾਰ ਕਦੇ ਖਤਮ ਨਹੀਂ ਹੁੰਦਾ।।ਸਾਇੰਸ ਅਨੁਸਾਰ ਸ਼ਕਤੀ (ਐਨਰਜੀ) ਨਾ ਘਟਦੀ ਹੈ ਨਾ ਵਧਦੀ ਹੈ ਸਦਾ ਇਕੋ ਜਿਤਨੀ ਹੀ ਰਹਿੰਦੀ ਹੈ। ਉਹ ਤਾਂ ਸਿਰਫ ਆਕਾਰ ਬਦਲਦੀ ਹੈ। ਕੁੱਲ ਸ਼ਕਤੀ ਹਮੇਸ਼ਾ ਇਕੋ ਰਹਿੰਦੀ ਹੈ। ਇਹੋ ਸਿਧਾਂਤ ਗੁਰੂ ਜੀ ਨੇ ਏਥੇ ਸਮਝਾਇਆ ਹੈ।

ਕਰਿ ਕਰਿ ਵੇਖੈ ਸਿਰਜਣਹਾਰੁ॥

ਸਭ ਕੁਝ ਸਟਾਕ ਕਰਕੇ ਵਾਹਿਗੁਰੂ ਪਾਸੇ ਨਹੀਂ ਹੋ ਗਿਆ, ਸਗੋਂ ਆਪ ਵੀ ਵਿਚ ਬੈਠਾ ਹੈ। ਜਿਥੇ ਘਾਟ ਬਾਢ ਹੈ ਆਪਣੇ ਆਪ ਪੂਰੀ ਕਰਦਾ ਰਹਿੰਦਾ ਹੈ ਭਾਵ ਅਡਜਸਟ ਕਰਦਾ ਰਹਿੰਦਾ ਹੈ।ਰੱਬ ਨੇ ਸ਼੍ਰਿਸ਼ਟੀ ਸਾਜ ਕੇ ਕਿਸੇ ਦੇ ਵਸ ਨਹੀਂ ਛੱਡੀ ਹੋਈ। ਉਹ ਆਪ ਸਾਜਣ ਵਾਲਾ ਹੈ ਤੇ ਆਪ ਹੀ ਸੰਭਾਲ ਕਰਦਾ ਹੈ ।

ਨਾਨਕ ਸਚੇ ਕੀ ਸਾਚੀ ਕਾਰ॥

ਉਸਦੇ ਕੰਮ ਵੀ ਕੱਚੇ ਨਹੀਂ। ਉਹ ਆਪ ਵੀ ਸੱਚਾ ਹੈ ਤੇ ਸੱਚੀ ਹੈ ਉਸ ਦੀ ਰਚਨਾ। ਉਸਦੇ ਕੰਮ ਵੀ ਸਦਾ ਲਈ ਸਥਿਰ ਹਨ। ਜਦ ਕਿ ਵਿਸ਼ਨੂੰ ਤਾਂ ਇਕੋ ਸੑਥਾਨ ਤੇ ਸਥਿਤ ਹੈ ਤੇ ਉਸ ਦਾ ਭੰਡਾਰ ਵੀ ਸੀਮਿਤ ਹੈ:

ਆਦੇਸੁ ਤਿਸੈ ਆਦੇਸੁ॥ ਆਦਿ ਅਨੀਲੁ ਅਨਾਦਿ ਅਨਾਹਤਿ ਜੁਗੁ ਜੁਗੁ ਏਕੋ ਵੇਸੁ॥੩੧॥

ਸਾਡੀ ੳੇਸੇ ਨੂੰ ਹੀ ਨਮਸਕਾਰ ਹੈ ਜੋ ਮੁੱਢ ਤੋਂ ਹੈ, ਗਿਣਤੀ ਰਹਿਤ ਹੈ ਉਸ ਸਾਹਿਬ ਨੂੰ ਜੋ ਮੁਢ ਤੋਂ ਹੈ, ਪਵਿਤਰ, ਅਰੰਭ ਰਹਿਤ, ਅਵਿਨਾਸ਼ੀ, ਅਤੇ ਸਮੂਹ ਯੁਗਾਂ ਅੰਦਰ ਉਸ ਇਕੋ ਲਿਬਾਸ ਵਿਚ ਇਕੋ ਰਸ ਰਹਿਣ ਵਾਲਾ ਹੈ।
.